Saave Pattar : Professor Mohan Singh

ਸਾਵੇ ਪੱਤਰ : ਪ੍ਰੋਫੈਸਰ ਮੋਹਨ ਸਿੰਘ

1. ਸਾਵੇ ਪੱਤਰ

ਅਸੀਂ ਨਿਮਾਣੇ ਸਾਵੇ ਪੱਤਰ,
ਸਾਨੂੰ ਕੌਣ ਖ਼ਿਆਲੇ ।
ਦੋ ਦਿਨ ਛਾਂ ਫੁੱਲਾਂ ਦੀ ਸੁੱਤੇ,
ਜਾਗੇ ਸਾਡੇ ਤਾਲੇ ।
ਸੋਹਣੇ ਦੇ ਗੁਲਦਸਤੇ ਖ਼ਾਤਰ,
ਜਾਣ ਜਦੋਂ ਉਹ ਲੱਗੇ,
ਖਾ ਕੇ ਤਰਸ ਅਸਾਂ ਉਤੇ ਵੀ,
ਲੈ ਗਏ ਸਾਨੂੰ ਨਾਲੇ ।

2. ਰੱਬ

ਰੱਬ ਇੱਕ ਗੁੰਝਲਦਾਰ ਬੁਝਾਰਤ
ਰੱਬ ਇਕ ਗੋਰਖ-ਧੰਦਾ ।
ਖੋਲ੍ਹਣ ਲੱਗਿਆਂ ਪੇਚ ਏਸ ਦੇ
ਕਾਫ਼ਰ ਹੋ ਜਾਏ ਬੰਦਾ ।
ਕਾਫ਼ਰ ਹੋਣੋ ਡਰ ਕੇ ਜੀਵੇਂ
ਖੋਜੋਂ ਮੂਲ ਨਾ ਖੁੰਝੀ
ਲਾਈਲੱਗ ਮੋਮਨ ਦੇ ਕੋਲੋਂ
ਖੋਜੀ ਕਾਫ਼ਰ ਚੰਗਾ ।

ਤੇਰੀ ਖੋਜ ਵਿਚ ਅਕਲ ਦੇ ਖੰਭ ਝੜ ਗਏ
ਤੇਰੀ ਭਾਲ ਵਿਚ ਥੋਥਾ ਖ਼ਿਆਲ ਹੋਇਆ ।
ਲੱਖਾਂ ਉਂਗਲਾਂ ਗੁੰਝਲਾਂ ਖੋਲ੍ਹ ਥੱਕੀਆਂ,
ਤੇਰੀ ਜ਼ੁਲਫ਼ ਦਾ ਸਿੱਧਾ ਨਾ ਵਾਲ ਹੋਇਆ ।
ਘਿੱਗੀ ਬੱਝ ਗਈ ਸੰਖਾਂ ਦੀ ਰੋ-ਰੋ ਕੇ,
ਪਿੱਟ-ਪਿੱਟ ਕੇ ਚੂਰ ਘੜਿਆਲ ਹੋਇਆ ।
ਚੀਕ-ਚੀਕ ਕੇ ਕਲਮ ਦੀ ਜੀਭ ਪਾਟੀ,
ਅਜੇ ਹੱਲ ਨਾ ਤੇਰਾ ਸਵਾਲ ਹੋਇਆ ।
ਤੇਰੀ ਸਿਕ ਕੋਈ ਸੱਜਰੀ ਸਿਕ ਤਾਂ ਨਹੀਂ,
ਇਹ ਚਰੋਕਣੀ ਗਲੇ ਦਾ ਹਾਰ ਹੋਈ ।
ਇਹ ਉਦੋਕਣੀ ਜਦੋਂ ਦਾ ਬੁੱਤ ਬਣਿਆ,
ਨਾਲ ਦਿਲ ਦੀ ਮਿੱਟੀ ਤਿਆਰ ਹੋਈ ।1।

ਤੇਰੇ ਹਿਜਰ ਵਿਚ ਕਿਸੇ ਨੇ ਕੰਨ ਪਾੜੇ
ਅਤੇ ਕਿਸੇ ਨੇ ਜਟਾਂ ਵਧਾਈਆਂ ਨੇ ।
ਬੂਹੇ ਮਾਰ ਕੇ ਕਿਸੇ ਨੇ ਚਿਲੇ ਕੱਟੇ,
ਕਿਸੇ ਰੜੇ 'ਤੇ ਰਾਤਾਂ ਲੰਘਾਈਆਂ ਨੇ ।
ਕੋਈ ਲਮਕਿਆ ਖੂਹ ਦੇ ਵਿਚ ਪੁੱਠਾ,
ਅਤੇ ਕਿਸੇ ਨੇ ਧੂਣੀਆਂ ਤਾਈਆਂ ਨੇ ।
ਤੇਰੇ ਆਸ਼ਕਾਂ ਨੇ ਲੱਖਾਂ ਜਤਨ ਕੀਤੇ,
ਪਰ ਤੂੰ ਮੂੰਹ ਤੋਂ ਜ਼ੁਲਫ਼ਾਂ ਨਾ ਚਾਈਆਂ ਨੇ ।
ਤੇਰੀ ਸਿੱਕ ਦੇ ਕਈ ਤਿਹਾਏ ਮਰ ਗਏ,
ਅਜੇ ਤੀਕ ਨਾ ਵਸਲ ਦਾ ਜੁਗ ਲੱਭਾ ।
ਲੱਖਾਂ ਸੱਸੀਆਂ ਮਰ ਗਈਆਂ ਥਲਾਂ ਅੰਦਰ,
ਤੇਰੀ ਡਾਚੀ ਦਾ ਅਜੇ ਨਾ ਖੁਰਾ ਲੱਭਾ ।2।

ਕਿਸੇ ਫੁੱਲ-ਕੁਰਾਨ ਦਾ ਪਾਠ ਕੀਤਾ,
ਕਿਸੇ ਦਿਲ ਦਾ ਪੱਤਰਾ ਖੋਲ੍ਹਿਆ ਵੇ ।
ਕਿਸੇ ਨੈਣਾਂ ਦੇ ਸਾਗਰ ਹੰਗਾਲ ਮਾਰੇ,
ਕਿਸੇ ਹਿੱਕ ਦਾ ਖੂੰਜਾ ਫਰੋਲਿਆ ਵੇ ।
ਕਿਸੇ ਗੱਲ੍ਹਾਂ ਦੇ ਦੀਵੇ ਦੀ ਲੋਅ ਥੱਲੇ,
ਤੈਨੂੰ ਜ਼ੁਲਫ਼ਾਂ ਦੀ ਰਾਤ ਵਿਚ ਟੋਲਿਆ ਵੇ ।
ਰੋ ਰੋ ਕੇ ਦੁਨੀਆਂ ਨੇ ਰਾਹ ਪਾਏ,
ਪਰ ਤੂੰ ਹੱਸ ਕੇ ਅਜੇ ਨਾ ਬੋਲਿਆ ਵੇ ।
ਦੀਦੇ ਕੁਲੰਜ ਮਾਰੇ ਤੇਰੇ ਆਸ਼ਿਕਾਂ ਨੇ,
ਅਜੇ ਅੱਥਰੂ ਤੈਨੂੰ ਨਾ ਪੋਹੇ ਕੋਈ ।
ਤੇਰੀ ਸੌਂਹ, ਕੁਝ ਰੋਣ ਦਾ ਮਜ਼ਾ ਹੀ ਨਹੀਂ,
ਪੂੰਝਣ ਵਾਲਾ ਜੇ ਕੋਲ ਨਾ ਹੋਏ ਕੋਈ ।3।

ਤੇਰੀ ਮਾਂਗ ਦੀ ਸੜਕ ਤੇ ਪਿਆ ਜਿਹੜਾ,
ਉਸ ਨੂੰ ਹੀਲਿਆਂ ਨਾਲ ਪਰਤਾਇਆ ਤੂੰ ।
ਹਿਰਸਾਂ, ਦੌਲਤਾਂ, ਹੁਸਨਾਂ, ਹਕੂਮਤਾਂ ਦਾ,
ਉਹਦੇ ਰਾਹ ਵਿਚ ਚੋਗਾ ਖਿੰਡਾਇਆ ਤੂੰ ।
ਕਿਸੇ ਕੈਸ ਨੂੰ ਲੱਗਾ ਜੇ ਇਸ਼ਕ ਤੇਰਾ,
ਉਸ ਨੂੰ ਲੇਲੀ ਦਾ ਲੇਲਾ ਬਣਾਇਆ ਤੂੰ ।
ਕਿਸੇ ਰਾਂਝੇ ਨੂੰ ਚੜ੍ਹਿਆ ਜੇ ਚਾ ਤੇਰਾ,
ਉਸ ਨੂੰ ਹੀਰ ਦੀ ਸੇਜੇ ਸਵਾਇਆ ਤੂੰ ।
ਸਾਡੇ ਹੰਝੂਆਂ ਕੀਤਾ ਨਾ ਨਰਮ ਤੈਨੂੰ,
ਸਾਡੀ ਆਹ ਨੇ ਕੀਤਾ ਨਾ ਛੇਕ ਤੈਨੂੰ ।
ਅਸੀਂ ਸੜ ਗਏ ਵਿਛੋੜੇ ਦੀ ਅੱਗ ਅੰਦਰ,
ਲਾਗੇ ਵਸਦਿਆਂ ਆਇਆ ਨਾ ਸੇਕ ਤੈਨੂੰ ।4।

ਕਿਸੇ ਛੰਨਾ ਬਣਾਇਆ ਜੇ ਖੋਪਰੀ ਦਾ,
ਤੂੰ ਬੁੱਲ੍ਹੀਆਂ ਨਾਲ ਛੁਹਾਈਆਂ ਨਾ ।
ਕਿਸੇ ਦਿਲ ਦਾ ਰਾਂਗਲਾ ਪਲੰਘ ਡਾਹਿਆ,
ਤੇਰੇ ਨਾਜ਼ ਨੂੰ ਨੀਂਦਰਾਂ ਆਈਆਂ ਨਾ ।
ਕਿਸੇ ਜੁੱਤੀਆਂ ਸੀਤੀਆਂ ਚੰਮ ਦੀਆਂ,
ਤੇਰੀ ਬੇ-ਪਰਵਾਹੀ ਨੇ ਪਾਈਆਂ ਨਾ ।
ਰਗੜ-ਰਗੜ ਕੇ ਮੱਥੇ ਚਟਾਕ ਪੈ ਗਏ,
ਅਜੇ ਰਹਿਮਤਾਂ ਤੇਰੀਆਂ ਛਾਈਆਂ ਨਾ ।
ਮਾਰ ਸੁੱਟਿਆ ਤੇਰਿਆਂ ਰੋਸਿਆਂ ਨੇ,
ਫੂਕ ਸੁੱਟਿਆ ਬੇ-ਪਰਵਾਹੀ ਤੇਰੀ ।
ਲੈ ਕੇ ਜਾਨ ਤੂੰ ਅਜੇ ਨਾ ਘੁੰਡ ਚਾਇਆ,
ਖ਼ਬਰੇ ਹੋਰ ਕੀ ਏ ਮੂੰਹ ਵਿਖਾਈ ਤੇਰੀ ।5।

ਜੇ ਤੂੰ ਮੂੰਹ ਤੋਂ ਜ਼ੁਲਫ਼ਾਂ ਹਟਾ ਦੇਵੇਂ,
ਬਿਟ ਬਿਟ ਤੱਕਦਾ ਕੁਲ ਸੰਸਾਰ ਰਹਿ ਜਾਏ ।
ਰਹਿ ਜਾਏ ਭਾਈ ਦੇ ਹੱਥ ਵਿਚ ਸੰਖ ਫੜਿਆ,
ਬਾਂਗ ਮੁੱਲਾਂ ਦੇ ਸੰਘ ਵਿਚਕਾਰ ਰਹਿ ਜਾਏ ।
ਪੰਡਤ ਹੁਰਾਂ ਦਾ ਰਹਿ ਜਾਏ ਸੰਧੂਰ ਘੁਲਿਆ,
ਜਾਮ ਸੂਫ਼ੀ ਦਾ ਹੋਇਆ ਤਿਆਰ ਰਹਿ ਜਾਏ ।
ਕਲਮ ਢਹਿ ਪਏ ਹੱਥੋਂ ਫ਼ਿਲਾਸਫ਼ਰ ਦੀ,
ਮੁਨਕਿਰ ਤੱਕਦਾ ਤੇਰੀ ਨੁਹਾਰ ਰਹਿ ਜਾਏ ।
ਇਕ ਘੜੀ ਜੇ ਖੁਲ੍ਹਾ ਦੀਦਾਰ ਦੇ ਦਏਂ,
ਸਾਡਾ ਨਿੱਤ ਦਾ ਰੇੜਕਾ ਚੁੱਕ ਜਾਵੇ ।
ਤੇਰੀ ਜ਼ੁਲਫ਼ ਦਾ ਸਾਂਝਾ ਪਿਆਰ ਹੋਵੇ,
ਝਗੜਾ ਮੰਦਰ ਮਸੀਤ ਦਾ ਮੁੱਕ ਜਾਵੇ ।6।

3. ਗੁਲੇਲੀ

ਅੱਜ ਮੈਂ ਤੱਕਿਆ ਅੱਖਾਂ ਨਾਲ,
ਵਿਚ ਗੋਦੜੀ ਲੁਕਿਆ ਲਾਲ ।
ਸਿਰ ਦੇ ਉਤੇ ਫਟਾ ਪਰੋਲਾ,
ਠਿੱਬੀ ਜੁੱਤੀ ਗੰਢਿਆ ਝੋਲਾ ।
ਛਿੱਜੇ ਕਪੜੇ ਹੋਏ ਲੰਗਾਰੇ,
ਵਿਚੋਂ ਪਿੰਡਾ ਲਿਸ਼ਕਾਂ ਮਾਰੇ ।
ਹੁਸਨ ਨਾ ਜਾਵੇ ਰੱਖਿਆ ਤਾੜ,
ਨਿਕਲ ਆਉਂਦਾ ਕਪੜੇ ਪਾੜ !

ਨਹੀਂ ਇਹ ਅੰਗਰ, ਨਹੀਂ ਲੰਗਾਰੇ
ਇਹ ਤਾਂ ਫੱਟ ਨਸੀਬਾਂ ਮਾਰੇ ।
ਯਾ ਫਿਰ ਲੁੱਟਣ ਮਾਰਨ ਡਾਕੇ,
ਵੜੀ ਗ਼ਰੀਬੀ ਸੰਨ੍ਹਾਂ ਲਾ ਕੇ ।
ਹੁਸਨ ਓਸ ਦਾ ਮੈਂ ਕੀ ਆਖਾਂ,
ਤੱਕਣ ਨਾਲ ਪੈਂਦੀਆਂ ਲਾਸਾਂ ।
ਧੌਣ ਗੋਰੀ ਦੀ ਐਸੀ ਫੱਬੇ,
ਆਉਂਦਾ ਜਾਂਦਾ ਸਾਹ ਪਿਆ ਲੱਭੇ ।
ਗੋਰਾ ਗਲ, ਗੁਲੀਆਂ ਦੀ ਗਾਨੀ,
ਇਕ ਥਾਂ ਵਸਦੇ ਅੱਗ ਤੇ ਪਾਣੀ ।
ਨੈਣ ਗੋਰੀ ਦੇ ਬਾਤਾਂ ਪਾਵਣ,
ਮਸਤੀ ਦੇ ਸਾਗਰ ਛਲਕਾਵਣ,
ਯਾ ਇਹ ਬੰਦ ਓਸ ਨੇ ਕੀਤੇ,
ਕੁੱਜਿਆਂ ਵਿਚ ਦਰਿਆ ਹੁਸਨ ਦੇ ।
ਵਾਲ, ਦੁਪਹਿਰੇ ਰਾਤਾਂ ਪਈਆਂ,
ਤੱਕ ਤੱਕ ਕੁੱਤੇ ਲੈਂਦੇ ਝਈਆਂ ।
ਮੋਹਨ, ਖਿਝ ਨਾ ਇਹਨਾਂ ਉਤੇ,
ਸਦਾ ਰਾਤ ਨੂੰ ਭੌਂਕਣ ਕੁੱਤੇ ।

ਵਾਹ ਗ਼ਰੀਬੀ ਵਾਰੇ ਤੇਰੇ !
ਵਸਦੇ ਰਹਿਣ ਚੁਬਾਰੇ ਤੇਰੇ !

(ਗੁਲੇਲੀ ਯਾ ਗੁਲੇਲਿਆਣੀਆਂ ਉਹ ਹਨ ਜੋ ਸੂਈਆਂ, ਕੰਧੂਈਆਂ,
ਚਰਖੇ ਦੀਆਂ ਚਰਮਖਾਂ ਵੇਚਦੀਆਂ ਹਨ ।)

4. ਕਵਿਤਾ

ਅਪਣੀ ਜ਼ਾਤ ਵਿਖਾਲਣ ਬਦਲੇ
ਰੱਬ ਨੇ ਹੁਸਨ ਬਣਾਇਆ ।
ਵੇਖ ਹੁਸਨ ਦੇ ਤਿੱਖੇ ਜਲਵੇ,
ਜ਼ੋਰ ਇਸ਼ਕ ਨੇ ਪਾਇਆ ।
ਫੁਰਿਆ ਜਦੋਂ ਇਸ਼ਕ ਦਾ ਜਾਦੂ,
ਦਿਲ ਵਿਚ ਕੁੱਦੀ ਮਸਤੀ ।
ਇਹ ਮਸਤੀ ਜਦ ਬੋਲ ਉਠੀ,
ਤਾਂ ਹੜ੍ਹ ਕਵਿਤਾ ਦਾ ਆਇਆ ।

5. ਜੰਗਲ ਦਾ ਫੁੱਲ

ਜੂਨ ਬੰਦੇ ਦੀ ਚੰਗੀ ਹੋਸੀ,
ਐਪਰ ਮੈਂ ਪਛਤਾਂਦਾ ।
ਚੰਗਾ ਹੁੰਦਾ ਜੇ ਰੱਬ ਮੈਨੂੰ,
ਜੰਗਲੀ ਫੁੱਲ ਬਣਾਂਦਾ ।
ਦੂਰ ਦੁਰੇਡੇ ਪਾਪਾਂ ਕੋਲੋਂ
ਕਿਸੇ ਜੂਹ ਦੇ ਖੂੰਜੇ,
ਚੁਪ ਚੁਪੀਤਾ ਉਗਦਾ, ਫੁਲਦਾ,
ਹਸਦਾ ਤੇ ਮਰ ਜਾਂਦਾ ।

6. ਖੂਹ ਦੀ ਗਾਧੀ ਉੱਤੇ

ਇਹ ਗਾਧੀ ਬਣੀ ਨਵਾਰੀ,
ਅੱਗੇ ਵਗਦਾ ਬਲਦ ਹਜ਼ਾਰੀ
ਕਰ ਇਸ ਉੱਤੇ ਅਸਵਾਰੀ,
ਭੁੱਲ ਜਾਵਣ ਦੋਵੇਂ ਜੱਗ ਨੀ,
ਸਾਡੇ ਖੂਹ 'ਤੇ ਵੱਸਦਾ ਰੱਬ ਨੀ ।

ਇੱਥੇ ਘੱਮ ਘੱਮ ਵਗਣ ਹਵਾਵਾਂ,
ਅਤੇ ਘੁਮਰੀਆਂ ਘੁਮਰੀਆਂ ਛਾਵਾਂ,
ਨੀ ਮੈਂ ਅੱਗ ਸੁਰਗਾਂ ਨੂੰ ਲਾਵਾਂ,
ਜਦ ਪਏ ਇਥਾਈਂ ਲੱਭ ਨੀ ।
ਸਾਡੇ ਖੂਹ 'ਤੇ ਵੱਸਦਾ ਰੱਬ ਨੀ ।

ਮੈਂ ਥਾਂ ਥਾਂ ਟੁੱਭੀ ਲਾਈ,
ਨਾ ਮੈਲ ਕਿਸੇ ਵੀ ਲਾਹੀ,
ਸ਼ਾਬਾ ਅਉਲੂ ਦੇ ਆਈ,
ਜਿਸ ਮੈਲ ਵੰਜਾਈ ਸਭ ਨੀ,
ਸਾਡੇ ਖੂਹ 'ਤੇ ਵੱਸਦਾ ਰੱਬ ਨੀ ।

ਸੁਣ ਠਕ ਠਕ, ਰੀਂ, ਰੀਂ, ਵਾਂ ਵਾਂ,
ਮੈਂ ਉੱਡ ਉੱਡ ਉਥੇ ਜਾਵਾਂ,
ਜਿਥੇ ਅਪੜੇ ਟਾਵਾਂ ਟਾਵਾਂ,
ਤੇ ਬਿਰਤੀ ਜਾਵੇ ਲੱਗ ਨੀ,
ਸਾਡੇ ਖੂਹ 'ਤੇ ਵੱਸਦਾ ਰੱਬ ਨੀ ।

ਜਦ ਮੋੜੇ ਦਿਹੁੰ ਮੁਹਾਰਾਂ
ਕੁੜੀਆਂ ਚਿੜੀਆਂ, ਮੁਟਿਆਰਾਂ,
ਬੰਨ੍ਹ ਬੰਨ੍ਹ ਕੇ ਆਵਣ ਡਾਰਾਂ,
ਜਿਉਂ ਕਰ ਮੂਣਾਂ ਦੇ ਵਗ ਨੀ,
ਸਾਡੇ ਖੂਹ 'ਤੇ ਵੱਸਦਾ ਰੱਬ ਨੀ ।

ਉਹ ਟੋਕਾਂ ਕਰਦੀਆਂ ਆਵਣ,
ਕਦੀ ਗੁਟਕਣ ਤੇ ਕਦੀ ਗਾਵਣ,
ਪਏ ਨੱਕ ਵਿਚ ਲੌਂਗ ਸੁਹਾਵਣ,
ਤੇ ਝਿਲਮਿਲ ਕਰਦੇ ਨਗ ਨੀ,
ਸਾਡੇ ਖੂਹ 'ਤੇ ਵੱਸਦਾ ਰੱਬ ਨੀ ।

ਥੱਲੇ ਏਨੂੰ ਜੜੇ ਸਤਾਰੇ,
ਉੱਤੇ ਤਿੰਨ ਤਿੰਨ ਘੜੇ ਉਸਾਰੇ,
ਪਿਆ ਲੱਕ ਖਾਵੇ ਲਚਕਾਰੇ,
ਉਹ ਫਿਰ ਵੀ ਲਾਣ ਨਾ ਪੱਬ ਨੀ,
ਸਾਡੇ ਖੂਹ 'ਤੇ ਵੱਸਦਾ ਰੱਬ ਨੀ ।

ਦਿਹੁੰ-ਲੱਥੇ ਖੋਲ੍ਹਾਂ ਢੱਗੇ,
ਚੜ੍ਹ ਪੈਣ ਸਤਾਰੇ ਬੱਗੇ,
ਨਾ ਹਿੰਗ ਫ਼ਟਕੜੀ ਲੱਗੇ,
ਖ਼ੁਦ ਦੀਵੇ ਪੈਂਦੇ ਜਗ ਨੀ,
ਸਾਡੇ ਖੂਹ 'ਤੇ ਵੱਸਦਾ ਰੱਬ ਨੀ ।

ਮੈਂ ਪੱਧਰੇ ਮੰਜਾ ਡਾਹਵਾਂ,
ਕਰ ਨਿੱਸਲੀਆਂ ਪੈ ਜਾਵਾਂ,
ਝੁਲ ਪੈਣ ਪੁਰੇ ਦੀਆਂ 'ਵਾਵਾਂ,
ਤੇ ਅੱਖ ਜਾਏ ਫਿਰ ਲੱਗ ਨੀ,
ਸਾਡੇ ਖੂਹ 'ਤੇ ਵੱਸਦਾ ਰੱਬ ਨੀ ।

7. ਛੱਤੋ ਦੀ ਬੇਰੀ

ਉਹ ਕਿੱਧਰ ਗਏ ਦਿਹਾੜੇ ?
ਜਦ ਛੱਤੋ ਦੇ ਪਿਛਵਾੜੇ,
ਸਾਂ ਬੇਰ ਛੱਤੋ ਦੇ ਢਾਂਹਦੇ,
ਹੱਸ-ਹੱਸ ਕੇ ਗਾਲ੍ਹਾਂ ਖਾਂਦੇ ।

ਕਰ ਲਾਗੇ-ਲਾਗੇ ਸਿਰੀਆਂ,
ਉਹ ਬੇਰੀ ਥੱਲੇ ਬਹਿਣਾ ।
ਥੋੜ੍ਹੀ ਜਿਹੀ ਘੁਰ-ਘੁਰ ਮਗਰੋਂ,
ਫਿਰ ਜਾ ਛੱਤੋ ਨੂੰ ਕਹਿਣਾ :
'ਛੇਤੀ ਕਰ ਬੇਬੇ ਛੱਤੋ !
ਤੈਨੂੰ ਸੱਦਦੀ ਭੂਆ ਸੱਤੋ ।'
ਉਸ ਜਾਣਾ ਹੌਲੀ ਹੌਲੀ,
ਅਸਾਂ ਕਰ ਕੇ ਫੁਰਤੀ ਛੁਹਲੀ,
ਗਾਲ੍ਹੜ ਵਾਂਗੂੰ ਚੜ੍ਹ ਜਾਣਾ,
ਬੇਰਾਂ ਦਾ ਮੀਂਹ ਵਰ੍ਹਾਣਾ ।
ਆਪੀਂ ਤਾਂ ਚੁਣ-ਚੁਣ ਖਾਣੇ,
ਛੁਹਰਾਂ ਨੂੰ ਦੱਬਕੇ ਲਾਣੇ :
ਬੱਚੂ ਹਰਨਾਮਿਆਂ ਖਾ ਲੈ !
ਸੰਤੂ ਡੱਬਾਂ ਵਿਚ ਪਾ ਲੈ !
ਖਾ ਖੂ ਕੇ ਥੱਲੇ ਲਹਿਣਾ,
ਫਿਰ ਬਣ ਵਰਤਾਵੇ ਬਹਿਣਾ,
ਕੁਝ ਵੰਡ ਕਰਾਈ ਲੈਣੀ,
ਕੁਝ ਕੰਡੇ-ਚੁਭਾਈ ਲੈਣੀ ।
ਫਿਰ ਚੀਕ ਚਿਹਾੜਾ ਪਾਣਾ,
ਉੱਤੋਂ ਛੱਤੋ ਆ ਜਾਣਾ ।
ਉਸ ਝੂਠੀ ਮੂਠੀ ਕੁਟਣਾ,
ਅਸੀਂ ਝੂਠੀ ਮੂਠੀ ਰੋਣਾ ।
ਉਸ ਧੌਣ ਅਸਾਡੀ ਛੱਡਣੀ,
ਅਸਾਂ ਟੱਪ ਕੇ ਪਰ੍ਹੇ ਖਲੋਣਾ ।
ਉਸ ਗਾਲ੍ਹਾਂ ਦੇਣੀਆਂ ਖੱਲ੍ਹ ਕੇ,
ਅਸਾਂ ਗਾਉਣਾ ਅੱਗੋਂ ਰਲ ਕੇ :
ਛੱਤੋ ਮਾਈ ਦੀਆਂ ਗਾਲ੍ਹਾਂ,
ਹਨ ਦੁੱਧ ਤੇ ਘਿਓ ਦੀਆਂ ਨਾਲਾਂ ।

ਅੱਜ ਓਏ ਜੇ ਕੋਈ ਆਖੇ,
ਅਸੀਂ ਹੋਈਏ ਲੋਹੇ ਲਾਖੇ ।
ਅੱਜ ਸਾਨੂੰ ਕੋਈ ਜੇ ਘੂਰੇ,
ਅਸੀਂ ਚੁਕ ਚੁਕ ਪਈਏ ਹੂਰੇ ।
ਗਾਲ੍ਹਾਂ ਰਹੀਆਂ ਇਕ ਪਾਸੇ,
ਅਸੀਂ ਝਲ ਨਾ ਸਕੀਏ ਹਾਸੇ ।
ਗੱਲ ਗੱਲ 'ਤੇ ਭੱਜੀਏ ਥਾਣੇ,
ਅਸੀਂ ਭੁੱਲ ਬੈਠੇ 'ਉਹ ਜਾਣੇ ।'
ਉਹ ਕਿੱਧਰ ਗਏ ਦਿਹਾੜੇ ?
ਜਦ ਛੱਤੋ ਦੇ ਪਿਛਵਾੜੇ,
ਸਾਂ ਬੇਰ ਛੱਤੋ ਦੇ ਢਾਂਹਦੇ,
ਹੱਸ-ਹੱਸ ਕੇ ਗਾਲ੍ਹਾਂ ਖਾਂਦੇ ।

8. ਮਾਂ

ਮਾਂ ਵਰਗਾ ਘਣ ਛਾਵਾਂ ਬੂਟਾ,
ਮੈਨੂੰ ਨਜ਼ਰ ਨਾ ਆਏ ।
ਲੈ ਕੇ ਜਿਸ ਤੋਂ ਛਾਂ ਉਧਾਰੀ,
ਰੱਬ ਨੇ ਸੁਰਗ ਬਣਾਏ ।
ਬਾਕੀ ਕੁਲ ਦੁਨੀਆਂ ਦੇ ਬੂਟੇ,
ਜੜ੍ਹ ਸੁਕਿਆਂ ਮੁਰਝਾਂਦੇ,
ਐਪਰ ਫੁੱਲਾਂ ਦੇ ਮੁਰਝਾਇਆਂ,
ਇਹ ਬੂਟਾ ਸੁਕ ਜਾਏ ।

9. ਹੀਰ

ਮਾਂ ਸਮਝਾਵੇ ਮੁੜ ਜਾ ਹੀਰੇ,
ਕਲਾਂ ਜਗਾ ਨਾ ਸੁੱਤੀਆਂ ।
ਨਹੀਂ ਤਾਂ ਪੁੱਠੀ ਖੱਲ ਲੁਹਾ ਕੇ,
ਤੇਰਾ ਮਾਸ ਖਲਾਵਾਂ ਕੁੱਤੀਆਂ ।
ਨਾਲ ਖ਼ੁਸ਼ੀ ਦੇ ਹੱਸ ਕੇ ਅੱਗੋਂ,
ਹੀਰ ਕਿਹਾ ਸੁਣ ਮਾਏ-
ਖਲੜੀ ਲਾਹਸੇਂ ਤਾਂ ਕੀ ਹੋਸੀ ?
ਮੇਰਾ ਚਾਕ ਸਵਾਸੀ ਜੁੱਤੀਆਂ ।

10. ਮੈਂ ਨਹੀਂ ਰਹਿਣਾ ਤੇਰੇ ਗਿਰਾਂ

ਛੱਡ ਦੇ, ਚੂੜੇ ਵਾਲੀ ਕੁੜੀਏ !
ਛੱਡ ਦੇ, ਸੋਨੇ-ਲੱਦੀਏ ਪਰੀਏ !
ਛੱਡ ਦੇ, ਛੱਡ ਦੇ ਮੇਰੀ ਬਾਂਹ,
ਮੈਂ ਨਹੀਂ ਰਹਿਣਾ ਤੇਰੇ ਗਿਰਾਂ ।

ਦੇਖ ਲਿਆ ਨੀ ਤੇਰਾ ਗਿਰਾਂ,
ਪਰਖ ਲਿਆ ਨੀ ਤੇਰਾ ਗਿਰਾਂ,
ਜਿੱਥੇ ਵੀਰ ਵੀਰਾਂ ਨੂੰ ਖਾਂਦੇ,
ਸਿਰੋਂ ਮਾਰ ਧੁੱਪੇ ਸੁੱਟ ਜਾਂਦੇ,
ਜਿੱਥੇ ਲੱਖ ਮਣਿਆਂ ਦਾ ਲੋਹਿਆ,
ਜ਼ੰਜੀਰਾਂ ਹੱਥਕੜੀਆਂ ਹੋਇਆ,
ਜਿੱਥੇ ਕੈਦ-ਖਾਨਿਆਂ ਜੇਹਲਾਂ
ਮੀਲਾਂ ਤੀਕ ਵਲਗਣਾਂ ਵਲੀਆਂ,
ਜਿੱਥੇ ਮਜ਼ਹਬ ਦੇ ਨਾਂ ਥੱਲੇ,
ਦਰਿਆ ਕਈ ਖ਼ੂਨ ਦੇ ਚੱਲੇ,
ਜਿੱਥੇ ਵਤਨ-ਪਰਸਤੀ ਤਾਈਂ,
ਜੁਰਮ ਸਮਝਦੀ ਧੱਕੇ ਸ਼ਾਹੀ,
ਜਿੱਥੇ ਸ਼ਾਇਰ ਬੋਲ ਨਾ ਸਕਣ,
ਦਿਲ ਦੀਆਂ ਘੁੰਡੀਆਂ ਖੋਲ੍ਹ ਨਾ ਸਕਣ,
ਮੈਂ ਨਹੀਂ ਰਹਿਣਾ ਐਸੀ ਥਾਂ-
ਛੱਡ ਦੇ, ਚੂੜੇ ਵਾਲੀ ਕੁੜੀਏ !
ਛੱਡ ਦੇ, ਸੋਨੇ-ਲੱਦੀਏ ਪਰੀਏ !
ਛੱਡ ਦੇ, ਛੱਡ ਦੇ ਮੇਰੀ ਬਾਂਹ,
ਮੈਂ ਨਹੀਂ ਰਹਿਣਾ ਤੇਰੇ ਗਿਰਾਂ ।

ਕੀ ਨਾ ਡਿੱਠਾ ਤੇਰੇ ਗਿਰਾਂ ?
ਕੀ ਨਾ ਸੁਣਿਆ ਤੇਰੇ ਗਿਰਾਂ ?
ਸਭ ਕੁਝ ਡਿੱਠਾ ਤੇਰੇ ਗਿਰਾਂ,
ਸਭ ਕੁਝ ਸੁਣਿਆ ਤੇਰੇ ਗਿਰਾਂ-
ਡੰਗਰਾਂ ਵਾਂਗੂੰ ਬੰਦੇ ਰੱਬ ਦੇ,
ਬੱਘੀਆਂ ਅੱਗੇ ਦੇਖੇ ਵੱਗਦੇ ।
ਖੋਪਰੀਆਂ ਦੇ ਥੜ੍ਹੇ ਚਿਣੀਂਦੇ,
ਉਤੇ ਲੋਕ ਨਮਾਜ਼ ਪੜ੍ਹੀਂਦੇ,
ਲੱਖਾਂ ਨਫ਼ਰ ਜਾਗਦੇ ਜੀਂਦੇ,
ਬਾਦਸ਼ਾਹਾਂ ਦੇ ਸੰਗ ਦਫ਼ਨੀਂਦੇ,
'ਈਸਾ' ਵਰਗੇ ਸੂਲੀ ਚੜ੍ਹਦੇ,
'ਹਸਨ ਹੁਸੈਨ' ਪਿਆਸੇ ਮਰਦੇ,
'ਨਾਨਕ' ਵਰਗੇ ਚੱਕੀਆਂ ਪੀਂਹਦੇ
'ਰਾਮ' ਜਿਹੇ ਬਨਵਾਸੀ ਥੀਂਦੇ,
ਹੋਰ ਨਾ ਹੁਣ ਮੈਂ ਦੇਖ ਸਕਾਂ-
ਛੱਡ ਦੇ, ਚੂੜੇ ਵਾਲੀ ਕੁੜੀਏ !
ਛੱਡ ਦੇ, ਸੋਨੇ-ਲੱਦੀਏ ਪਰੀਏ !
ਛੱਡ ਦੇ, ਛੱਡ ਦੇ ਮੇਰੀ ਬਾਂਹ,
ਮੈਂ ਨਹੀਂ ਰਹਿਣਾ ਤੇਰੇ ਗਿਰਾਂ ।

ਬਹਿ ਨਾ ਐਵੇਂ ਬਣ ਬਣ ਵਹੁਟੀ,
ਤੂੰ ਤਾਂ ਕੁੜੀਏ ਨਹੁੰ ਨਹੁੰ ਖੋਟੀ ।
ਤੇਰੀਆਂ 'ਲੂਣਾਂ' ਵਰਗੀਆਂ ਅੱਖਾਂ,
'ਪੂਰਨ ਭਗਤ' ਦਿਲਾਂ ਦੇ ਲੱਖਾਂ,
ਠੋਡੀ ਦੇ ਖੂਹ ਅੰਦਰ ਪਾਏ,
ਨਾਲ ਤਸੀਹਿਆਂ ਦੇ ਤੜਫ਼ਾਏ ।
ਲਾ ਨਾ ਵਾਧੂ ਲੱਪੇ ਲਾਰੇ,
ਫੰਦ ਤੇਰੇ ਮੈਂ ਜਾਣਾ ਸਾਰੇ ।
ਲੈ ਫੜ ਆਪਣੀ ਸ਼ੁਹਰਤ ਫਾਨੀ,
ਦੇ ਮੈਨੂੰ ਮੇਰੀ ਗੁੰਮਨਾਮੀ ।
ਲੈ ਫੜ ਆਪਣੇ ਮਹਿਲ ਚੁਬਾਰੇ,
ਦੇ ਦੇ ਮੇਰੇ ਛੰਨਾਂ ਢਾਰੇ ।
ਲੈ ਲੈ ਆਪਣੀ ਨੜੀ ਨਵਾਬੀ,
ਦੇ ਦੇ ਮੈਨੂੰ ਮੇਰੀ ਆਜ਼ਾਦੀ ।
ਲੈ ਲੈ ਆਪਣੀ ਘਿਉ ਦੀ ਚੂਰੀ,
ਦੇ ਦੇ ਮੈਨੂੰ ਮਿਰੀ ਸਬੂਰੀ ।
ਲੈ ਲੈ ਆਪਣੀ ਕੁੜੇ ਅਮੀਰੀ,
ਦੇ ਦੇ ਮੈਨੂੰ ਮਿਰੀ ਫ਼ਕੀਰੀ ।
ਤੇਰੀ ਨਿੱਕੀ ਚੀਚੀ ਉਤੇ,
ਨਾਚ ਹਜ਼ਾਰਾਂ ਨੀ ਮੈਂ ਨੱਚੇ ।
ਹੋਰ ਨਾ ਹੁਣ ਮੈਂ ਨੱਚ ਸਕਾਂ-
ਛੱਡ ਦੇ, ਚੂੜੇ ਵਾਲੀ ਕੁੜੀਏ !
ਛੱਡ ਦੇ, ਸੋਨੇ-ਲੱਦੀਏ ਪਰੀਏ !
ਛੱਡ ਦੇ, ਛੱਡ ਦੇ ਮੇਰੀ ਬਾਂਹ,
ਮੈਂ ਨਹੀਂ ਰਹਿਣਾ ਤੇਰੇ ਗਿਰਾਂ ।

ਹੁਣ ਤੇ ਨੀ ਮੈਂ ਈਹੋ ਚਾਹਾਂ
ਇਸ ਸ਼ੁਹਰਤ ਦੀ ਦੰਦੀ ਉਤੋਂ
ਮਾਰ ਦਿਆਂ ਮੈਂ ਛਾਲ ਹਿਠਾਂ
ਗੁੰਮਨਾਮੀ ਦੀ ਵਾਦੀ ਅੰਦਰ,
ਥੱਲੇ ਹੀ ਥੱਲੇ ਰੁੜ੍ਹਦਾ ਜਾਂ
ਹੋਰ ਹਿਠਾਂ…ਹੋਰ ਅਗਾਂਹ…ਹੋਰ ਪਰ੍ਹਾਂ…
ਮੁੱਕ ਜਾਵਣ ਜਿੱਥੇ ਪਗ ਡੰਡੀਆਂ,
ਰਹਿਣ ਨਾ ਮੁਲਕਾਂ ਦੀਆਂ ਵੰਡੀਆਂ,
ਦਿਸਣ ਨਾ ਜਿੱਥੇ ਹੱਦਾਂ ਪਾੜੇ,
ਮੇਰ ਤੇਰ ਤੇ ਖਾਖੋਵਾੜੇ
ਪਹੁੰਚ ਨਾ ਸਕਣ ਜਿੱਥੇ ਚਾਂਘਾਂ,
ਬਾਂਗ ਟੱਲਾਂ ਤੇ ਸੰਖਾਂ ਦੀਆਂ
ਚਾਰੇ ਤਰਫ ਆਜ਼ਾਦੀ ਹੋਵੇ,
ਮੂਲ ਨਾ ਕੋਈ ਮੁਥਾਜੀ ਹੋਵੇ,
ਜੋ ਦਿਲ ਆਵੇ ਪੰਛੀ ਗਾਵਣ,
ਚੁੰਮਣ ਤਿਤਲੀਆਂ ਜੋ ਫੁਲ ਚਾਹਵਣ,
ਚਾਹਣ ਜਿਧਰ ਮੁਸਕਾਵਣ ਕਲੀਆਂ
ਚਾਹਣ ਜਿਧਰ ਮੁੜ ਜਾਵਣ ਨਦੀਆਂ,
ਚਾਹਣ ਜਿਧਰ ਉਗ ਆਵਣ ਚੀਲਾਂ
ਚਾਹਣ ਜਿਧਰ ਚੜ੍ਹ ਜਾਵਣ ਵੇਲਾਂ,
ਇਸ ਆਜ਼ਾਦ ਫਿਜ਼ਾ ਦੇ ਅੰਦਰ
ਮੈਂ ਇੱਕ ਦੁਨੀਆਂ ਨਵੀਂ ਵਸਾਂ-
ਛੱਡ ਦੇ, ਚੂੜੇ ਵਾਲੀ ਕੁੜੀਏ !
ਛੱਡ ਦੇ, ਸੋਨੇ-ਲੱਦੀਏ ਪਰੀਏ !
ਛੱਡ ਦੇ, ਛੱਡ ਦੇ ਮੇਰੀ ਬਾਂਹ,
ਮੈਂ ਨਹੀਂ ਰਹਿਣਾ ਤੇਰੇ ਗਿਰਾਂ ।

ਰਾਤ ਦੁਪਹਿਰੇ ਸੰਝ ਸਵੇਰੇ,
ਮਹਿਕਣ ਫੁੱਲ ਚੁਗਿਰਦੇ ਮੇਰੇ,
ਭੋਲੇ ਭੋਲੇ, ਪਿਆਰੇ ਪਿਆਰੇ,
ਨਿਆਣੇ ਨਿਆਣੇ, ਕੁਆਰੇ ਕੁਆਰੇ,
ਪਿਆਰ ਕਰਾਂ ਤੇ ਤਾਂ ਵੀ ਹੱਸਣ,
ਵੈਰ ਕਰਾਂ ਤੇ ਤਾਂ ਵੀ ਹੱਸਣ,
ਤੋੜ ਲਵਾਂ ਤੇ ਤਾਂ ਵੀ ਹੱਸਣ,
ਦੁਨੀਆਂ ਵਾਂਗ ਨਾ ਰੋਵਣ ਰੁੱਸਣ ।
ਬਿਨਾਂ ਖ਼ੌਫ਼ ਦੇ ਪੰਛੀ ਸਾਰੇ,
ਲੈਣ ਝਾਂਟੀਆਂ ਮੇਰੇ ਕੰਨ੍ਹਾੜੇ,
ਪਿੰਡੇ ਉੱਤੇ ਹੱਥ ਫਿਰਵਾ ਕੇ,
ਖੇਡਣ ਮੇਰੇ ਨਾਲ ਬਘੇਲੇ,
ਦੌੜ ਦੌੜ ਹਰਨੋਟੇ ਆਵਣ,
ਚੁੱਕ ਚੁੱਕ ਬੂਥੀ ਨੈਣ ਚੁੰਮਾਵਣ,
ਭੌਰ ਤਿਤਲੀਆਂ ਕੋਇਲਾਂ ਘੁੱਗੀਆਂ,
ਹਿੱਕ ਮੇਰੀ ਤੇ ਪਾਵਣ ਝੁੱਗੀਆਂ,
ਫੜ ਫੜ ਮੇਰੇ ਵਾਲ ਨਦਾਨ,
ਮਸਤ ਬੁਲਬੁਲਾਂ ਪੀਂਘਾਂ ਪਾਣ,
ਨਾਲੇ ਝੂਟਣ ਨਾਲੇ ਗਾਣ ।
ਯਾ ਮੈਂ ਹੋਵਾਂ ਯਾ ਇਹ ਹੋਵਣ,
ਯਾ ਫਿਰ ਹੋਵੇ ਰੱਬ ਦਾ ਨਾਂ-
ਛੱਡ ਦੇ, ਚੂੜੇ ਵਾਲੀ ਕੁੜੀਏ !
ਛੱਡ ਦੇ, ਸੋਨੇ-ਲੱਦੀਏ ਪਰੀਏ !
ਛੱਡ ਦੇ, ਛੱਡ ਦੇ ਮੇਰੀ ਬਾਂਹ,
ਮੈਂ ਨਹੀਂ ਰਹਿਣਾ ਤੇਰੇ ਗਿਰਾਂ ।

ਏਦਾਂ ਹੀ ਗੁੰਮਨਾਮੀ ਅੰਦਰ,
ਚੁੱਪ ਚਪੀਤਾ ਮੈਂ ਮਰ ਜਾਂ ।
ਨਾ ਕੋਈ ਮੈਨੂੰ ਲੰਬੂ ਲਾਵੇ,
ਨਾ ਕੋਈ ਮੇਰੀ ਕਬਰ ਬਣਾਵੇ,
ਨਾ ਕੋਈ ਉੱਤੇ ਫੁੱਲ ਚੜ੍ਹਾਵੇ,
ਨਾ ਕੋਈ ਉੱਤੇ ਦੀਆ ਜਗਾਵੇ,
ਨਾ ਕੋਈ ਹੋਵੇ ਰੋਵਣ ਵਾਲਾ,
ਵੈਣ ਗ਼ਮਾਂ ਦੇ ਛੋਹਣ ਵਾਲਾ,
ਨਾ ਹੀ ਮੇਰੀ ਫੂਹੜੀ ਉੱਤੇ,
ਜਾਣ ਦੁਹਰਾਏ ਮੇਰੇ ਕਿੱਸੇ,
ਨਾ ਹੀ ਮੇਰੀ ਜਾਇਦਾਦ 'ਤੇ,
ਲਿਸ਼ਕਣ ਛਵੀਆਂ, ਖੜਕਣ ਸੋਟੇ,
ਚੁੱਪ ਚੁਪੀਤਾ ਮੈਂ ਮਰ ਜਾਂ,
ਕੋਈ ਨਾ ਜਾਣੇ ਮੇਰਾ ਨਾਂ,
ਮੇਰਾ ਥਾਂ, ਮੇਰਾ ਨਿਸ਼ਾਂ-
ਛੱਡ ਦੇ, ਚੂੜੇ ਵਾਲੀ ਕੁੜੀਏ !
ਛੱਡ ਦੇ, ਸੋਨੇ-ਲੱਦੀਏ ਪਰੀਏ !
ਛੱਡ ਦੇ, ਛੱਡ ਦੇ ਮੇਰੀ ਬਾਂਹ,
ਮੈਂ ਨਹੀਂ ਰਹਿਣਾ ਤੇਰੇ ਗਿਰਾਂ ।

11. ਬਸੰਤ

ਵੇਖ ਬਸੰਤ ਖ਼ਾਬ ਅੰਦਰ ਮੈਂ
ਦੱਸੀ ਪੀੜ ਹਿਜਰ ਦੀ ।
ਹੰਝੂਆਂ ਦੇ ਦਰਿਆ ਫੁੱਟ ਨਿਕਲੇ
ਦੇਖ ਚਿਰੋਕਾ ਦਰਦੀ ।
ਪੂੰਝ ਅੱਥਰੂ ਮੇਰੇ ਬੋਲੀ-
"ਜੋ ਰੱਬ ਕਰਦਾ ਚੰਗੀ,
ਮੋਹਨ ! ਕਿੰਜ ਬਣਦਾ ਤੂੰ ਸ਼ਾਇਰ
ਜੇ ਕਰ ਮੈਂ ਨਾ ਮਰਦੀ ।

ਹੁਸਨ ਭਰੀ ਬਸੰਤ ਦੀ ਛੈਲ ਨੱਢੀ,
ਸੀਗੀ ਸਿਖ਼ਰ ਜੁਆਨੀ 'ਤੇ ਆਈ ਹੋਈ ।
ਕਿਤੇ ਹਿੱਕ ਸੀ ਧੜਕਦੀ ਬੁਲਬੁਲਾਂ ਦੀ,
ਕਿਤੇ ਭੌਰ ਦੀ ਅੱਖ ਸਧਰਾਈ ਹੋਈ ।
ਕਿਤੇ ਸਰ੍ਹੋਂ ਨੇ ਸੋਨਾ ਖਿਲਾਰਿਆ ਸੀ,
ਕਿਤੇ ਤ੍ਰੇਲ ਨੇ ਚਾਂਦੀ ਲੁਟਾਈ ਹੋਈ ।
ਸੀ ਬਸੰਤ ਰਾਣੀ ਯਾ ਇਹ ਹੀਰ ਜੱਟੀ,
ਨਵੀਂ ਝੰਗ ਸਿਆਲਾਂ ਤੋਂ ਆਈ ਹੋਈ ।
ਏਸ ਸੋਹਣੀ ਬਸੰਤ ਦੀ ਰੁੱਤ ਅੰਦਰ,
ਐਵੇਂ ਕਿਸੇ ਦੀ ਫ਼ੋਟੋ ਮੈਂ ਛੇੜ ਬੈਠਾ ।
ਬਹੇ ਗ਼ਮਾਂ ਤੋਂ ਪੱਲਾ ਛੁਡਾਣ ਲਗਿਆਂ
ਉਲਟਾ ਸੱਜਰੇ ਗ਼ਮ ਸਹੇੜ ਬੈਠਾ ।1।

ਫ਼ੋਟੋ ਛੇੜੀ ਤੇ ਛਿੜ ਪਿਆ ਦਿਲ ਨਾਲੇ,
ਚੜ੍ਹੀ ਗ਼ਮਾਂ ਦੀ ਪੀਂਘ ਹੁਲਾਰੇ ਉਤੇ ।
ਆ ਕੇ ਕਿਸੇ ਸਲੇਟੀ ਦੀ ਯਾਦ ਬਹਿ ਗਈ,
ਮੇਰੇ ਦਿਲ ਦੇ ਤਖ਼ਤ ਹਜ਼ਾਰੇ ਉਤੇ ।
ਅੱਖਾਂ ਮੇਰੀਆਂ ਵਿਚੋਂ ਝਨਾਂ ਫੁੱਟ ਪਈ,
ਕਿਸੇ 'ਸੋਹਣੀ' ਦੇ ਇਕੋ ਇਸ਼ਾਰੇ ਉਤੇ ।
ਏਸ ਅਕਲ ਦਾ ਕੱਚੜਾ ਘੜਾ ਲੈ ਕੇ,
ਔਖਾ ਲੱਗਣਾ ਅੱਜ ਕਿਨਾਰੇ ਉਤੇ ।
ਜੋਸ਼ਾਂ ਅਤੇ ਉਦਰੇਵਿਆਂ ਅੱਤ ਚਾਈ,
ਲੱਗੀ ਕਿਸੇ ਦੀ ਯਾਦ ਸਤਾਣ ਮੈਨੂੰ ।
ਖਲਿਆਂ ਖਲਿਆਂ ਫ਼ੋਟੋ ਦੇ ਮੂੰਹ ਅੱਗੇ,
ਸੁਫ਼ਨਾ ਜਿਹਾ ਇਕ ਲੱਗ ਪਿਆ ਆਣ ਮੈਨੂੰ ।2।

ਕੀ ਹਾਂ ਵੇਖਦਾ ! ਇਕ ਪਹਾੜ ਉੱਚਾ,
ਖੜ੍ਹਾ ਇਕ ਦਰਿਆ ਦੇ ਤੱਲ ਉਤੇ ।
ਕੁੱਛੜ ਓਸ ਪਹਾੜ ਦੇ ਇਕ ਝੁੱਗੀ,
ਬੈਠੀ ਹੂਰ ਇੱਕ ਸ਼ੇਰ ਦੀ ਖੱਲ ਉਤੇ ।
ਕਾਲੀ ਰਾਤ ਅੰਦਰ ਗੋਰਾ ਮੂੰਹ ਉਹਦਾ,
ਜਿਵੇਂ ਬੱਗ ਹੋਵੇ ਕੋਈ ਡੱਲ ਉਤੇ ।
ਯਾ ਇਹ ਰਾਧਾ-ਵਿਛੋੜੇ ਦੇ ਵਿਚ ਹੰਝੂ,
ਫੁੱਟ ਨਿਕਲਿਆ ਸ਼ਾਮ ਦੀ ਗੱਲ੍ਹ ਉਤੇ ।
ਹੱਥਾਂ ਉਹਦਿਆਂ ਅੰਦਰ ਸਤਾਰ ਪਕੜੀ,
ਮੱਠੀਆਂ ਮੱਠੀਆਂ ਤਾਰਾਂ ਹਿਲਾ ਰਹੀ ਏ ।
ਆਪਣੀ ਜ਼ੁਲਫ਼ ਜੇਡੀ ਲੰਮੀ ਹੇਕ ਅੰਦਰ
ਇਕ ਗੀਤ ਵਿਛੋੜੇ ਦਾ ਗਾ ਰਹੀ ਏ ।3।

"ਤੇਰੇ ਪਰਖ ਲਏ ਕੌਲ ਇਕਰਾਰ ਮਾਹੀਆ,
ਨਾਲੇ ਤੱਕਿਆ ਤੇਰਾ ਪਿਆਰ, ਚੰਨਾ !
ਬੁਲਬੁਲ ਵਾਂਗ ਉਡਾਰੀਆਂ ਮਾਰੀਆਂ ਨੀ,
ਮੇਰਾ ਉਜੜਿਆ ਦੇਖ ਗੁਲਜ਼ਾਰ, ਚੰਨਾ !
ਵੇ ਤੂੰ ਨਵੀਂ ਡੋਲੀ ਵੇਹੜੇ ਆਣ ਵਾੜੀ,
ਮੇਰੇ ਠੰਢੇ ਨਾ ਹੋਏ ਅੰਗਿਆਰ, ਚੰਨਾ !
ਮੇਰੇ ਰਾਹ ਵੀ ਅਜੇ ਨਾ ਹੋਏ ਮੈਲੇ,
ਤੈਨੂੰ ਕੁੱਦਿਆ ਸੱਜਰਾ ਪਿਆਰ, ਚੰਨਾ !
ਪਰ ਤੂੰ ਵੱਖਰੀ ਕੋਈ ਨਾ ਗੱਲ ਕੀਤੀ;
ਤੇਰੇ 'ਕੱਲੇ ਦਾ ਨਹੀਂਗਾ ਕਸੂਰ, ਮਾਹੀਆ !
ਫੁੱਲ ਫੁੱਲ ਤੇ ਭੌਰਿਆਂ ਵਾਂਗ ਫਿਰਨਾ,
ਇਹਨਾਂ ਮਰਦਾਂ ਦਾ ਰਿਹਾ ਦਸਤੂਰ, ਮਾਹੀਆ ।4।

"ਸ਼ਾਮ ਫੱਸ ਕੇ ਕੁਬਜਾਂ ਦੇ ਪ੍ਰੇਮ ਅੰਦਰ,
ਦਿੱਤਾ ਰਾਧਕਾਂ ਤਾਈਂ ਵਿਸਾਰ, ਚੰਨਾ !
ਜਹਾਂਗੀਰ ਨੂੰ ਭੁੱਲੀ ਅਨਾਰਕਲੀ,
ਜਦੋਂ 'ਮਿਹਰਾਂ' ਨੇ ਕੀਤਾ ਸ਼ਿਕਾਰ ਚੰਨਾ !
ਖ਼ੁਸਰੋ ਭੁੱਲ ਕੇ ਸ਼ੀਰੀਂ ਦੀ ਸ਼ਕਲ ਮਿੱਠੀ,
'ਸ਼ਕਰ ਲਬ' 'ਤੇ ਹੋਇਆ ਨਿਸਾਰ, ਚੰਨਾ !
ਸੱਸੀ ਸੁੱਤੜੀ ਨੂੰ ਧੋਖਾ ਦੇ ਪੁੱਨੂੰ,
ਗਿਆ ਹੋਤਾਂ ਦੇ ਨਾਲ ਸਿਧਾਰ, ਚੰਨਾ !
ਮੇਰਾ ਇਸ਼ਕ ਅਮਾਨ ਸੀ ਕੋਲ ਤੇਰੇ,
ਤੂੰ ਵੀ ਵੰਞ ਦਿੱਤਾ ਕਿਸੇ ਹੋਰ ਤਾਈਂ ।
ਰੱਬ ਸਾਰੇ ਗੁਨਾਹੀਆਂ ਨੂੰ ਬਖ਼ਸ਼ ਦੇਂਦਾ,
ਪਰ ਨਾ ਬਖ਼ਸ਼ਦਾ ਇਸ਼ਕ ਦੇ ਚੋਰ ਤਾਈਂ ।5।

"ਤੈਨੂੰ ਸੱਜਰੇ ਪਿਆਰ ਦੀ ਸੌਂਹ, ਮਾਹੀਆ !
ਕਦੇ ਆਇਆ ਈ ਮੇਰਾ ਖ਼ਿਆਲ ਕਿ ਨਹੀਂ ?
ਇਨ੍ਹਾਂ ਨੈਣਾਂ ਦੇ ਖਾਰੇ ਸਮੁੰਦਰਾਂ ਵਿਚ
ਕਦੀ ਉਠੇ ਨੀ ਡੂੰਘੇ ਉਬਾਲ ਕਿ ਨਹੀਂ ?
ਕਦੀ ਬੈਠ ਕੇ ਕਿਸੇ ਇਕੱਲ ਅੰਦਰ
ਹੌਲਾ ਹੋਇਆ ਏਂ ਹੰਝੂਆਂ ਨਾਲ ਕਿ ਨਹੀਂ ?
ਕਦੀ ਲਾਇਆ ਈ ਅੱਖਾਂ ਦੇ ਨਾਲ ਚਾ ਕੇ
ਮੇਰੇ ਹੱਥਾਂ ਦਾ ਉਣਿਆ ਰੁਮਾਲ ਕਿ ਨਹੀਂ ?
ਪਰ ਤੂੰ ਕਾਸਨੂੰ ਦੁਖਾਂ ਦੇ ਮੂੰਹ ਆਉਂਦਾ ?
ਕਿਉਂ ਤੂੰ ਸੱਪਾਂ ਦੇ ਮੂੰਹ 'ਤੇ ਪਿਆਰ ਦੇਂਦਾ ?
'ਸਾਰੇ ਮੂੰਹ ਮੁਲਾਹਜ਼ੇ ਨੇ ਜੀਂਦਿਆਂ ਦੇ,
ਮੋਇਆਂ ਹੋਇਆਂ ਨੂੰ ਹਰ ਕੋਈ ਵਿਸਾਰ ਦੇਂਦਾ' ।6।

"ਹਿੱਸੇ ਅਸਾਂ ਦੇ ਜੰਗਲਾਂ ਵਿਚ ਫਿਰਨਾ;
ਹਿੱਸੇ ਤੁਸਾਂ ਦੇ ਉੱਚੀ ਅਟਾਰੀ, ਚੰਨਾ !
ਸਾਡੇ ਹਿੱਸੇ ਪਹਾੜਾਂ ਦੇ ਤੇਜ਼ ਖਿੰਘਰ;
ਹਿੱਸੇ ਤੁਸਾਂ ਦੇ ਪਲੰਘ ਨਵਾਰੀ,ਚੰਨਾ !
ਹਿੱਸੇ ਅਸਾਂ ਦੇ ਪੋਟਲੀ ਕੰਡਿਆਂ ਦੀ,
ਹਿੱਸੇ ਤੁਸਾਂ ਦੇ ਫੁੱਲਾਂ ਦੀ ਖਾਰੀ, ਚੰਨਾ !
ਗਲ ਅਸਾਂ ਦੇ ਕੰਬਲੀ ਜੋਗਣਾਂ ਦੀ;
ਗਲ ਤੁਸਾਂ ਦੇ ਬਾਂਹ ਪਿਆਰੀ,ਚੰਨਾ !
ਹੁਣ ਤਾਂ ਅੱਖੀਆਂ ਦੇ ਉੱਤੋਂ ਖੋਲ੍ਹ ਪੱਟੀ,
ਘੱਤ ਲੂਣ ਨਾ ਅੱਲਿਆਂ ਫੱਟਾਂ ਉੱਤੇ ।
ਤੇਰਾ 'ਦਿਲ-ਮਿਰਜ਼ਾ' ਕਦੋਂ ਤੀਕ ਸੌਂਸੀ,
'ਭੁੱਲ-ਸਾਹਿਬਾਂ' ਦੇ ਸੁਹਲ ਪੱਟਾਂ ਉੱਤੇ ।7।

" ਉਹ ਵੀ ਸਮਾਂ ਸੀ ਪਲਕ ਨਾ ਝੱਲਦਾ ਸੈਂ
ਵੇ ਤੂੰ ਮੇਰੀਆਂ ਅੱਖਾਂ ਵਟਾਈਆਂ ਨੂੰ ।
ਹੱਸ-ਹੱਸ ਕੇ ਵੱਢੀਆਂ ਤਾਰਦਾ ਸੈਂ
ਮੇਰੇ ਨੈਣਾਂ ਦੇ ਸ਼ੋਖ ਸਿਪਾਹੀਆਂ ਨੂੰ ।
ਤੱਕ ਤੱਕ ਕੇ ਮੂਲ ਨਾ ਰੱਜਦਾ ਸੈਂ
ਵੇ ਤੂੰ ਮੇਰੀਆਂ ਕੋਮਲ ਕਲਾਈਆਂ ਨੂੰ ।
ਆ ਕੇ ਨਵਿਆਂ ਖ਼ੁਮਾਰਾਂ ਦੇ ਲੋਰ ਅੰਦਰ
ਅੱਜ ਭੁੱਲ ਬੈਠੈਂ ਅੱਖਾਂ ਲਾਈਆਂ ਨੂੰ ।
ਲੋਹਾ ਆਖਾਂ ਕਿ ਤੈਨੂੰ ਤਰਾੜ ਆਖਾਂ,
ਵੇ ਮੈਂ ਕੀ ਆਖਾਂ, ਮੇਰੇ ਕੰਤ, ਤੈਨੂੰ ?
ਹੁਣ ਤਾਂ ਛੇਵੀਂ ਬਸੰਤ ਵੀ ਲੰਘ ਗਈ ਏ,
ਚੇਤੇ ਆਈ ਨਾ ਆਪਣੀ 'ਬਸੰਤ' ਤੈਨੂੰ ?"।8।

ਉਸ ਦੇ ਮੂੰਹੋਂ ਬਸੰਤ ਦਾ ਨਾਂ ਸੁਣ ਕੇ,
ਝੜੀ ਝੱਲਿਆਂ ਨੈਣਾਂ ਨੇ ਲਾ ਦਿੱਤੀ ।
ਰੋਂਦਾ ਦੇਖ ਉਸ ਹੂਰ ਨੇ ਸੋਹਲ ਵੀਣੀ
ਮੇਰੀ ਧੌਣ ਦੇ ਗਿਰਦੇ ਵਲਾ ਦਿੱਤੀ ।
ਮੈਂ ਵੀ ਕੰਬਦੀ ਕੰਬਦੀ ਬਾਂਹ ਆਪਣੀ
ਓਸ ਸੋਹਣੀ ਦੇ ਗਲ ਵਿਚ ਪਾ ਦਿੱਤੀ ।
ਗਲੇ ਮਿਲਦਿਆਂ ਹੀ ਮੂਧਾ ਜਾ ਪਿਆ ਮੈਂ,
ਮੇਰੀ ਸੱਧਰਾਂ ਹੋਸ਼ ਭੁਲਾ ਦਿੱਤੀ ।
ਜਦੋਂ ਹੋਸ਼ ਆਈ ਕੀ ਹਾਂ ਵੇਖਦਾ ਮੈਂ,
ਨਵੀਂ ਨਾਰ ਸਿਰ੍ਹਾਣੇ 'ਤੇ ਖੜ੍ਹੀ ਹੋਈ ਏ ।
ਡਿੱਗਾ ਪਿਆ ਵਾਂ ਫ਼ਰਸ਼ ਤੇ ਮੂੰਹ ਪਰਨੇ,
ਹੱਥੀਂ ਫ਼ੋਟੋ ਬਸੰਤ ਦੀ ਫੜੀ ਹੋਈ ਏ ।9।

12. ਸਿੰਧਣ

(ਕਵੀ)

ਤਕ ਤਕ ਤੈਨੂੰ ਭੈਣ ਮੇਰੀਏ, ਨੈਣ ਹਰਾਨੇ ਮੇਰੇ ।
ਤੂੰ ਤਾਂ ਪਰੀ ਹੁਸਨ ਦੀ ਜਾਪੇਂ ਕਿੱਥੇ ਸ਼ਾਹ ਪਰ ਤੇਰੇ ?
ਕਿਉਂ ਤੂੰ ਲਾਹ ਸੰਗਚੂਰਾਂ ਤਾਈਂ, ਚੰਦਨ ਕੀਤਾ ਖ਼ਾਲੀ ?
ਇੱਕੋ ਵਾਰੀ ਸਾਰੀ ਸੁੰਬਲ ਪੁੱਟ ਨਾ ਸੁਟਦੇ ਮਾਲੀ ?
ਭੰਨ ਸੁੱਟਦਾ ਮੈਂ ਹੱਥ ਓਸ ਦੇ ਹੱਥ ਜੇ ਪੈਂਦਾ ਮੇਰਾ,
ਜਿਸ ਜ਼ਾਲਮ ਤੇ ਪਾਪੀ ਬੰਦੇ, ਸਰੂ ਛਾਂਗਿਆ ਤੇਰਾ ।
ਵੇਲਾਂ ਬਾਝ ਨਾ ਸੋਹਣ ਸੁਫੈਦੇ, ਜਾਲਾਂ ਬਾਝ ਸ਼ਿਕਾਰੀ,
ਸੱਪਾਂ ਬਾਝ ਨਾ ਸੋਹਣ ਖ਼ਜ਼ਾਨੇ, ਮੁਸ਼ਕਾਂ ਬਾਝ ਤਤਾਰੀ ।

(ਸਿੰਧਣ)

ਆ ਜੀਵੇਂ ! ਮੈਂ ਦੱਸਾਂ ਤੈਨੂੰ, ਕਿਉਂ ਮੈਂ ਵਾਲ ਮੁਨਾਏ ।
ਦਰਦ ਹਿਜਰ ਦਿਆਂ ਕੁਠਿਆਂ ਤਾਈਂ, ਲੰਮੀ ਰਾਤ ਨਾ ਭਾਏ ।
ਕੀ ਪੁੱਛਨਾ ਏਂ ? ਕਿਧਰ ਟੁਰ ਗਏ, ਵਾਲ ਕੁੰਡਲਾਂ ਵਾਲੇ;
ਦਿਲ ਮੇਰੇ ਦਾ ਡਾਕੂ ਨੱਸਿਆ, ਲੈ ਹਥਕੜੀਆਂ ਨਾਲੇ ।
ਵਾਲ ਉਡਣੇ, ਢਾਈ ਘੜੀਏ, ਵਾਲ ਕੌਡੀਆਂ ਵਾਲੇ,
ਓਸ ਸਪੇਰੇ ਮਾਹੀ ਬਾਝੋਂ, ਕੌਣ ਇਨ੍ਹਾਂ ਨੂੰ ਪਾਲੇ !
ਜੇ ਨਾ ਵਾਲ ਮੁਨਾਂਦੀ, ਨਿਤ ਨਿਤ ਡੁੱਲ੍ਹਦੇ ਨੈਣ ਵਿਚਾਰੇ,
ਹੋ ਨਹੀਂ ਸਕਦਾ, ਰਾਤਾਂ ਹੋਵਣ, ਨਾਲ ਨਾ ਡਲ੍ਹਕਣ ਤਾਰੇ ।
ਜਾ ਬੈਠਾ ਉਹ ਆਪ ਸਵਰਗੀਂ ਮੈਨੂੰ ਛੱਡ ਕੇ ਕੱਲੀ,
ਨਾ ਉਸ ਘੱਲਿਆ ਸੁਖ-ਸੁਨੇਹੜਾ, ਨਾ ਉਸ ਚਿੱਠੀ ਘੱਲੀ ।
ਤੂੰ ਸਮਝੇਂ ਮੈਂ ਕਮਲੀ-ਰਮਲੀ, ਸਿਰ ਦੇ ਵਾਲ ਮੁਨਾਵਾਂ
ਉਸ ਮਾਹੀ ਨੂੰ ਘੱਲਣ ਸੁਨੇਹੜਾ, ਮੈਂ ਪਰ ਕਾਗ ਉਡਾਵਾਂ ।
ਬਹਿ ਬਹਿ ਕਾਗ ਬਨੇਰੇ ਉਸ ਦੇ, ਚੋਖਾ ਚਿਰ ਕੁਰਲਾਵਣ
ਓੜਕ ਹੋ ਬੇ ਆਸ ਵਿਚਾਰੇ, ਫਿਰ ਪਿਛਾਂਹ ਮੁੜ ਆਵਣ,
ਫੇਰ ਉਡਾਵਾਂ, ਫਿਰ ਉਹ ਮੋੜੇ, ਫਿਰ ਘੱਲਾਂ, ਪਰਤਾਵੇ,
ਏਸੇ ਤਰ੍ਹਾਂ ਉਡਾਂਦੀ ਜਾਸਾਂ, ਬੰਨ੍ਹ ਕੇ ਲੰਮੇ ਦਾਹਵੇ ।
ਕਾਗਾਂ ਹੱਥ ਨਾ ਏਦਾਂ ਜੇ ਕਰ ਹੋਇਆ ਕੋਈ ਨਬੇੜਾ ।
ਫਿਰ ਘੱਲਸਾਂ ਮੈਂ 'ਨਲ' ਆਪਣੇ ਨੂੰ ਹੰਸਾਂ ਹੱਥ ਸੁਨੇਹੜਾ ।
ਹੰਸ ਮੇਰੇ ਵੀ ਕਾਗਾਂ ਵਾਂਗਰ, ਜੇ ਬਦਕਿਸਮਤ ਜਾਪੇ,
ਚੜ੍ਹ ਤਖ਼ਤੇ ਦੇ ਉਡਣ-ਖਟੋਲੇ ਫਿਰ ਮੈਂ ਮਿਲਸਾਂ ਆਪੇ ।

(ਇਹ ਖ਼ਿਆਲ ਇਕ ਸਿੰਧਣ ਕੁੜੀ ਨੂੰ ਦੇਖ ਕੇ ਫੁਰੇ ਜੋ
ਉਂਜ ਤਾਂ ਬੜੀ ਜਵਾਨ ਤੇ ਗੰਭੀਰ ਸੁੰਦਰਤਾ ਵਾਲੀ ਸੀ;
ਪਰ ਉਸ ਦੇ ਸਿਰ ਦੇ ਵਾਲ ਮੁੰਨੇ ਹੋਏ ਸਨ । ਸਿੰਧ ਵਿਚ
ਆਮ ਰਿਵਾਜ਼ ਹੈ ਕਿ ਪਤੀ ਦੀ ਮੌਤ 'ਤੇ ਪਤਨੀਆਂ ਸਿਰ
ਦੇ ਵਾਲ ਮੁੰਨਾ ਦੇਂਦੀਆਂ ਹਨ ।)

13. ਸੁਹਾਂ ਦੀ ਕੰਧੀ

ਬੈਠ ਸੁਹਾਂ ਦੀ ਉੱਚੀ ਕੰਧੀ,
ਰੋਸ਼ਨ ਰਹਿੰਦੀ ਦੁਨੀਆਂ ਸੰਦੀ,
ਜਿਉਂ ਜਿਉਂ ਰੁਮਕੇ ਹਵਾ ਪੁਰੇ ਦੀ,
ਤਿਉਂ ਤਿਉਂ ਆਵਣ ਪਿਆਰੀ
ਯਾਦਾਂ ਤੇਰੀਆਂ ।

ਤਕ ਸੁਹਾਂ ਦੇ ਵਿੰਗ ਵਲਾਵੇਂ,
ਵੇਖ ਵੇਖ ਢਲਦੇ ਪਰਛਾਵੇਂ,
ਗੇੜ ਸਮੇਂ ਦੇ ਆਵਣ ਸਾਹਵੇਂ,
ਨਿਕਲ ਜਾਣ ਫਿਰ ਆਪੇ
ਚੀਕਾਂ ਮੇਰੀਆਂ ।

ਤਕ ਪਾਣੀ ਦੀ ਤੇਜ਼ ਰਵਾਨੀ,
ਆਵੇ ਤੇਰੀ ਯਾਦ ਜਵਾਨੀ,
ਜਿਉਂ ਜਿਉਂ ਪੈਂਦੀ ਘੁੰਮਣ ਵਾਣੀ
ਤਿਉਂ ਤਿਉਂ ਆਵਣ ਚੇਤੇ
ਵੰਗਾਂ ਤੇਰੀਆਂ ।

ਵੇਖ ਵੇਖ ਸੂਰਜ ਦਾ ਘੇਰਾ,
ਚੇਤੇ ਆਵੇ ਖੇਹਨੂੰ ਤੇਰਾ,
ਜਿਉਂ ਜਿਉਂ ਪੈਂਦਾ ਜਾਏ ਹਨੇਰਾ,
ਤਿਉਂ ਤਿਉਂ ਨ੍ਹੇਰ ਮਚਾਵਣ
ਜ਼ੁਲਫ਼ਾਂ ਤੇਰੀਆਂ ।

ਦੁਖ ਤੇ ਦਰਦ ਵੰਡਾਉਣਾ ਤੇਰਾ,
ਮੇਰੇ ਐਬ ਛੁਪਾਉਣਾ ਤੇਰਾ
ਖਾ ਕੇ ਝਿੜਕ ਮਨਾਉਣਾ ਤੇਰਾ
ਕਰ ਕਰ ਚੇਤੇ ਜਿੰਦੜੀ
ਖਾਵੇ ਘੇਰੀਆਂ ।

ਜੇ ਮੈਂ ਹੋਇਆ ਠੰਡਾ ਕੋਸਾ,
ਤੂੰ ਨਹੀਂ ਕੀਤਾ ਉੱਕਾ ਰੋਸਾ,
ਮੰਨਿਆਂ ਮੈਨੂੰ ਸਗੋਂ ਬੇਦੋਸਾ,
ਕਿੱਦਾਂ ਭੁੱਲਣ ਪਿਆਰੀ
ਛੋਟਾਂ ਤੇਰੀਆਂ ।

ਡੁੱਬਾ ਸੂਰਜ ਪਿਆ ਹਨੇਰਾ,
ਕੱਲ੍ਹ ਇਸਨੇ ਮੁੜ ਪਾਉਣਾ ਫੇਰਾ,
ਐਸਾ ਡੁੱਬਿਆ ਸੂਰਜ ਮੇਰਾ,
ਫੇਰ ਨ ਜਿਸ ਨੇ ਪਾਈਆਂ,
ਮੁੜ ਕੇ ਫੇਰੀਆਂ ।

ਚਲੇ ਘਰਾਂ ਨੂੰ ਪੰਛੀ ਸਾਰੇ,
ਦਿਲ ਦਾ ਪੰਛੀ ਪਿਆ ਪੁਕਾਰੇ,
ਥਾਂ ਥਾਂ ਭਟਕੇ, ਟੱਕਰਾਂ ਮਾਰੇ,
ਹਾਏ ! ਕਿੱਥੇ ਕਟਸੀ
ਰਾਤਾਂ ਨ੍ਹੇਰੀਆਂ ।

ਆਣ ਟਟਹਿਣੇ ਜੋਤ ਜਗਾਈ,
ਕਿਉਂ ਚਮਕੇਂ ਤੂੰ ਐਵੇਂ ਭਾਈ ?
ਮੋਹਨ ਐਸੀ ਚੀਜ਼ ਗੰਵਾਈ,
ਲੱਭ ਨਾ ਸੱਕਣ ਜਿਸ ਨੂੰ
ਚਮਕਾਂ ਤੇਰੀਆਂ ।

(ਸੁਹਾਂ ਇਕ ਦਰਿਆ ਹੈ ਜਿਸ ਦੇ ਕੰਢੇ ਕਵੀ ਦੀ
ਸਵਰਗਵਾਸੀ ਪਤਨੀ 'ਬਸੰਤ' ਦੇ ਪੇਕੇ ਸਨ ।)

14. ਹੱਸਣਾ

ਬੇ ਖ਼ਬਰਾ ਬੇ ਹੋਸ਼ਾ ਫੁੱਲਾ,
ਹੱਸ ਨਾ ਚਾਈਂ ਚਾਈਂ ।
ਇਸ ਹਾਸੇ ਵਿਚ ਮੌਤ ਗਲੇਫੀ,
ਖਬਰ ਨਾ ਤੇਰੇ ਤਾਈਂ ।
ਪੈ ਜਾ ਅਪਣੇ ਰਾਹੇ ਰਾਹੀਆ
ਨਾ ਕਰ ਪੈਂਡਾ ਖੋਟਾ,
ਦੋ ਘੜੀਆਂ ਅਸੀਂ ਜੀਉਣਾ, ਸਾਨੂੰ
ਹਸਣੋ ਨਾ ਅਟਕਾਈਂ ।

15. ਪਿਆਰ-ਪੰਧ

ਚੰਨ ਪੁੰਨਿਆਂ ਤਕ ਹਸ ਹਸ ਵਧੇ,
ਫੇਰ ਘਟੇ ਤੇ ਰੋਵੇ ।
ਅਧ ਖਿੜਿਆ ਫੁਲ ਕੋਈ ਨਾ ਛੇੜੇ,
ਖਿੜੇ ਤਾਂ ਹਰ ਕੋਈ ਖੋਹਵੇ ।
ਪੂਰੀ ਸ਼ੈ ਨੂੰ ਡਰ ਘਾਟੇ ਦਾ,
ਡਰ ਨਾ ਅੱਧੀ ਤਾਈਂ,
ਰੱਬਾ ! ਪਿਆਰ ਮੇਰੇ ਦੀ ਮੰਜ਼ਲ
ਪੂਰੀ ਕਦੀ ਨਾ ਹੋਵੇ ।

16. ਉਦਾਰਤਾ

ਇਕ ਦਿਨ ਮੈਂ ਫੁਲਵਾੜੀ ਵਿਚੋਂ
ਲੰਘ ਰਿਹਾ ਸਾਂ ਕੱਲਾ,
ਕੰਡੇ ਇਕ ਗੁਲਾਬੀ ਫੁਲ ਦੇ
ਬਹਿ ਗਏ ਫੜ ਕੇ ਪੱਲਾ ।
ਨਾ ਕਰ ਐਡੀ ਕਾਹਲੀ ਰਾਹੀਆ,
ਪਲ ਦਾ ਪਲ ਖਲੋਵੀਂ,
ਖੁਸ਼ਬੂਆਂ ਦੇ ਢੋਏ ਬਾਝੋਂ,
ਅਸਾਂ ਜਾਣ ਨਹੀਂ ਦੇਣਾ ਮੱਲਾ ।

17. ਦਿਲ

ਲੱਕੜੀ ਟੁੱਟਿਆਂ ਕਿੜ ਕਿੜ ਹੋਵੇ
ਸ਼ੀਸ਼ਾ ਟੁੱਟਿਆਂ ਤੜ ਤੜ,
ਲੋਹਾ ਟੁੱਟਿਆਂ ਕੜ ਕੜ ਹੋਵੇ,
ਪੱਥਰ ਟੁੱਟਿਆਂ ਖੜ ਖੜ ।
ਲੱਖ ਸ਼ਾਬਾ ਆਸ਼ਕ ਦੇ ਦਿਲ ਨੂੰ,
ਸ਼ਾਲਾ ਰਹੇ ਸਲਾਮਤ ।
ਜਿਸ ਦੇ ਟੁੱਟਿਆਂ 'ਵਾਜ਼ ਨਾ ਨਿਕਲੇ,
ਨਾ ਕਿੜ ਕਿੜ, ਨਾ ਕੜ ਕੜ ।

18. ਦੇਸ਼ ਪਿਆਰ

ਰੁੱਖੇ ਪਰਬਤ ਖ਼ੈਬਰੀ, ਦਿੱਸੇ ਨਾ ਤੀਲਾ,
ਖੱਡਾਂ ਵਾਛਾਂ ਅੱਡੀਆਂ ਸੱਜੇ ਤੇ ਖੱਬੇ ।
ਸਿਰ-ਤਲਵਾਈਆਂ ਘਾਟੀਆਂ ਨਾ ਚਲੇ ਹੀਲਾ,
ਕਿੱਲੀ ਖ਼ਾਨ ਜ਼ਮਾਨ ਦੀ ਚੋਟੀ ਤੇ ਫ਼ੱਬੇ ।

ਪੈਰਾਂ ਵਿਚ ਪਹਾੜ ਦੇ ਚਾਰੇ ਹੀ ਪਾਸੇ,
ਹਰੀ ਸਿੰਘ ਸਰਦਾਰ ਨੇ ਸਨ ਡੇਰੇ ਲਾਏ ।
ਘੇਰਾ ਚਿੱਟੇ ਤੰਬੂਆਂ ਦਾ ਏਦਾਂ ਭਾਸੇ,
ਜਿਉਂ ਜੱਟੀ ਦੇ ਪੈਰ ਵਿਚ ਪੰਜੇਬ ਸੁਹਾਏ ।

ਰਾਹ ਕਿੱਲੀ ਦਾ ਲੁਕਵਾਂ ਸੀ ਐਸਾ ਕੋਈ,
ਭੇਤੀ ਬਾਝੋਂ ਕਠਨ ਸੀ ਉਸ ਤਾਈਂ ਪਾਣਾ ।
ਚੱਪਾ ਚੱਪਾ ਖੋਜੀਆਂ ਨੇ ਧਰਤੀ ਟੋਹੀ,
ਲੱਭਾ ਨਾ ਪਰ ਉਸ ਦਾ ਕੋਈ ਰਾਹ ਟਿਕਾਣਾ ।

ਇੱਕ ਦਿਹਾੜੇ ਖੋਜੀਆਂ ਡਿੱਠੇ ਸਭਿਆਰੇ,
ਨਾਲ ਪਹਾੜੀ ਛਹਿਟ ਕੇ ਦੋ ਬੰਦੇ ਲੱਗੇ ।
ਇਕ ਅਲੂਆਂ ਛੋਕਰਾ, ਇਕ ਬੁੱਢੇ ਵਾਰੇ,
ਪਕੜ ਲਿਆਏ ਦੋਹਾਂ ਨੂੰ ਨਲੂਏ ਦੇ ਅੱਗੇ ।

ਕਰ ਕੇ ਮੁੱਛਾਂ ਕੁੰਢੀਆਂ ਤੇ ਚੇਹਰਾ ਸੂਹਾ,
ਵੱਲ ਉਨ੍ਹਾਂ ਦੇ ਕਦਮ ਦੋ ਨਲੂਏ ਨੇ ਪੁੱਟੇ ।
"ਛੇਤੀ ਛੇਤੀ ਦੱਸ ਦਿਓ ਕਿੱਲੀ ਦਾ ਬੂਹਾ,
ਨਹੀਂ ਤਾਂ ਅੰਦਰ ਖੱਡ ਦੇ ਜਾਓਗੇ ਸੁੱਟੇ ।"

ਬਿਟ ਬਿਟ ਬੁੱਢੇ ਵੇਖਿਆ ਸੱਜੇ ਤੇ ਖੱਬੇ,
ਇਕ ਦਰ ਖੱਡਾਂ ਡੂੰਘੀਆਂ, ਇਕ ਦਰ ਤਲਵਾਰਾਂ ।
ਮਾਰ ਖੰਘੂਰਾ ਬੋਲਿਆ, "ਜੇ ਹੱਟਣ ਸੱਭੇ,
ਕੱਲਾ ਅੱਗੇ ਸ਼ੇਰ ਦੇ ਮੈਂ ਅਰਜ਼ ਗੁਜ਼ਾਰਾਂ ।"

ਕਰ ਕੇ ਅੱਖਾਂ ਨਿੱਕੀਆਂ ਤੇ ਵਾਜ ਛੁਟੇਰੀ,
ਹੌਲੀ ਹੌਲੀ ਆਖਿਆ ਫਿਰ ਬੁੱਢੇ ਬਾਵੇ ।
"ਰਾਹ ਕਿੱਲੀ ਦਾ ਦੱਸਨਾਂ ਮੈਂ ਲੱਖਾਂ ਵੇਰੀ,
ਖੌਫ਼ ਆਪਣੇ ਪੁੱਤਰ ਦਾ ਪਰ ਮੈਨੂੰ ਖਾਵੇ ।

ਬੀਬੀ ਦਾਹੜੀ ਰੱਖ ਕੇ ਮੈਂ ਕਿੱਦਾਂ ਵੇਚਾਂ,
ਪੁੱਤਰ ਸਾਹਵੇਂ ਇੱਜ਼ਤਾਂ ਸਿੰਘਾ ਸਰਦਾਰਾ ।
ਸੁੱਟ ਦਿਓ ਜੇ ਓਸ ਨੂੰ ਦੰਦੀ ਤੋਂ ਹੇਠਾਂ,
ਰਾਹ ਕਿੱਲੀ ਦਾ ਖੋਲ੍ਹ ਕੇ ਮੈਂ ਦੱਸਾਂ ਸਾਰਾ ।"

ਚਾਇਆ ਇਕ ਜਵਾਨ ਨੇ ਮੁੰਡੇ ਨੂੰ ਸੁੱਕਾ,
ਵਿਚ ਪਤਾਲੀ ਖੱਡ ਦੇ ਸਿਰ ਪਰਨੇ ਵਾਹਿਆ ।
ਹੋਇਆ ਨੱਢਾ ਢਹਿੰਦਿਆਂ ਹੀ ਤੁੱਕਾ ਤੁੱਕਾ,
ਵੱਟ ਕੇ ਮੁੱਛਾਂ ਬੁੱਢੜੇ ਲਲਕਾਰਾ ਲਾਇਆ ।

"ਨਹੀਂ ਸੀ ਤੈਨੂੰ ਦੱਸਿਆ ਪਹਿਲਾਂ ਸਰਦਾਰਾ,
ਆਪਣੇ ਨਿੱਕੇ ਪੁੱਤ ਦਾ ਡਰ ਮੈਨੂੰ ਖਾਵੇ ?
ਮਤਾਂ ਅਲੂਆਂ ਛੋਕਰਾ ਤੱਕ ਲਸ਼ਕਰ ਭਾਰਾ,
ਆਪਣੀ ਅਣਖੀ ਕੌਮ ਨੂੰ ਨਾ ਵੱਟਾ ਲਾਵੇ ।

ਨਾ ਹੁਣ ਖੱਡਾਂ ਪੋਂਹਦੀਆਂ ਨਾ ਧਮਕੀ ਕਾਈ,
ਨਾ ਤਲਵਾਰਾਂ ਨੰਗੀਆਂ, ਨਾ ਚੇਹਰਾ ਸੂਹਾ ।
ਹਿੱਕ ਬੁੱਢੇ ਦੀ ਚੀਰ ਕੇ ਤੇਰੀ ਸਰਵਾਹੀ,
ਲੱਭੇਗੀ ਹੁਣ ਸੋਹਣਿਆਂ ਕਿੱਲੀ ਦਾ ਬੂਹਾ ।"

19. ਆਏ ਨੈਣਾਂ ਦੇ ਵਣਜਾਰੇ

ਆਏ ਨੈਣਾਂ ਦੇ ਵਣਜਾਰੇ,
ਇੱਕ ਹੱਥ ਲੈਂਦੇ, ਇੱਕ ਹੱਥ ਦੇਂਦੇ,
ਡਾਢੇ ਬੇ-ਇਤਬਾਰੇ ।

ਜੇ ਤੂੰ ਨੈਣ ਨਸ਼ੀਲੇ ਲੈਣੇ,
ਦਿਲ ਯਾ ਮਜ਼ਹਬ ਧਰ ਜਾ ਗਹਿਣੇ,
ਲਾ ਨਾ ਐਵੇਂ ਲਾਰੇ ਲੱਪੇ,
ਨੈਣ ਨਾ ਮਿਲਣ ਹੁਧਾਰੇ ।

ਨੈਣਾਂ ਵਾਲਿਆਂ ਦਿੱਤਾ ਹੋਕਾ,
ਜਿਹੜਾ ਤਾਰੇ ਮੁੱਲ ਇਨ੍ਹਾਂ ਦਾ,
ਝੂੰਗੇ ਦੇ ਵਿਚ ਉਸ ਨੂੰ ਦਈਏ,
ਨਾਲੇ ਆਲਮ ਸਾਰੇ ।

ਦੱਸੀ ਮੈਨੂੰ ਮੁਰਸ਼ਦ ਜਾਨੀ,
ਖਰੇ ਨੈਣਾਂ ਦੀ ਇਕ ਨਿਸ਼ਾਨੀ,
ਜਿਤਨੇ ਭੋਲੇ ਉਤਨੇ ਸੋਹਣੇ,
ਜਿਤਨੇ ਨੀਵੇਂ ਉਤਨੇ ਪਿਆਰੇ ।

ਲੈਣੇ ਨੀ ਤਾਂ ਬੀਬਾ ਲੈ ਲੈ,
ਅੱਜੋ ਲੈ ਲੈ, ਹੁਣੇ ਹੀ ਲੈ ਲੈ,
ਨੈਣ ਤਾਂ ਮਿਲਦੇ ਪਹਿਲੇ ਹੱਲੇ,
ਸੋਚੀਂ ਪਏ ਤਾਂ ਹਾਰੇ ।

ਚੁੱਕ ਨੈਣਾਂ ਦੀ ਹੱਟੀਓਂ ਡੇਰਾ,
ਮੋਹਨ, ਭਾ ਨਹੀਂ ਬਣਦਾ ਤੇਰਾ,
ਦਿਲ ਤੇਰਾ ਅਜੇ ਹੌਲੇ ਮੁੱਲ ਦਾ,
ਇਹ ਭਾ ਕਰੇਂਦੇ ਨੀ ਭਾਰੇ ।

20. ਬੱਚਾ

ਤੀਰਥ ਤੀਰਥ ਖ਼ੈਰ ਮੰਗਾਵੇ,
ਗੁੱਗੇ ਤੇ ਮੜ੍ਹੀਆਂ ਪੁਜਵਾਵੇ,
ਸਿਵਿਆਂ ਉੱਤੇ ਮਾਸ ਰਿਨ੍ਹਾਵੇ,
ਅਣ-ਹੋਈਆਂ ਗੱਲਾਂ ਕਰਵਾਵੇ ।
ਬੱਚੇ ਜਹੀ ਨਾ ਵਸਤ ਪਿਆਰੀ,
ਜਿਸ ਦੀ ਭੁੱਖੀ ਦੁਨੀਆਂ ਸਾਰੀ ।1।

ਹੋਵਣ ਭਾਵੇਂ ਮਾਵਾਂ ਪਰੀਆਂ,
ਨਾਲ ਹੁਸਨ ਦੇ ਡਕ ਡਕ ਭਰੀਆਂ,
ਸ਼ਾਹਾਂ ਘਰੀਂ ਵਿਆਹੀਆਂ ਵਰੀਆਂ,
ਪਹਿਨਣ ਪੱਟ ਹੰਢਾਵਣ ਜ਼ਰੀਆਂ,
ਪੂਰਾ ਕਦੀ ਸ਼ਿੰਗਾਰ ਨਾ ਹੋਵੇ,
ਜੇ ਲਾਲਾਂ ਦਾ ਹਾਰ ਨਾ ਹੋਵੇ ।2।

ਮੀਆਂ ਬੀਵੀ ਪਏ ਰੁਸੇਵਾਂ,
ਇਹ ਵਿਚ ਪੈ ਕੇ ਕਰੇ ਮਨੇਵਾਂ,
ਝਮ ਸੁੱਟੇ ਜਦ ਕੰਮ ਵਲੇਵਾਂ,
ਮਿੱਠੀ ਇਸ ਦੀ ਲਾਹੇ ਥਕੇਵਾਂ,
ਬੱਚੇ ਜਿਹਾ ਨਾ ਮੇਵਾ ਡਿੱਠਾ,
ਜਿਤਨਾ ਕੱਚਾ ਉਤਨਾ ਮਿੱਠਾ ।3।

ਮਸਕੀਨਾਂ ਤੋਂ ਸ਼ਾਹਾਂ ਤੋੜੀ,
ਗੱਲ ਏਸ ਦੀ ਕਿਸੇ ਨਾ ਮੋੜੀ ।
ਖ਼ਾਤਰ ਹਸਨੈਨਾਂ ਦੀ ਜੋੜੀ,
ਬਣੇ ਰਸੂਲੇ ਅਰਬੀ ਘੋੜੀ ।
ਸ਼ਾਹਾਂ ਤੀਕ ਮਨਾਵੇ ਇਸ ਦੇ,
ਵਲੀਆਂ ਤੀਕ ਖਿਡਾਵੇ ਇਸਦੇ ।4।

ਨੈਣ ਬੱਚੇ ਦੇ ਪਿਆਰੇ ਪਿਆਰੇ,
ਜੀਵਨ-ਪੰਧ ਦੇ ਨੂਰ-ਮੁਨਾਰੇ ।
ਕੋਮਲ ਕੋਮਲ ਸੂਹੀਆਂ ਬੁਲ੍ਹੀਆਂ,
ਇਹ ਨੇ ਪਾਕ ਕਿਤਾਬਾਂ ਖੁੱਲ੍ਹੀਆਂ ।
ਜੋ ਨਹੀਂ ਪਾਠ ਇਨ੍ਹਾਂ ਦਾ ਕਰਦਾ,
ਉਹ ਕਦੀ ਨਹੀਂ ਸ਼ਾਇਰ ਬਣਦਾ ।5।

21. ਅਨਾਰ ਕਲੀ

ਵੇਖਣ ਵਿੱਚ ਮੁਲਾਇਮ
ਪਿੰਡਾ ਨਾਰ ਦਾ ।
ਜੀਕਣ ਹੋਵੇ ਕੂਲਾ
ਫੁੱਲ ਅਨਾਰ ਦਾ ।
ਲਾ ਬਹਿੰਦੀ ਜਿਸ ਵੇਲੇ
ਕਿਧਰੇ ਅੱਖੀਆਂ,
ਪੱਥਰ ਵਾਂਗੂੰ ਮੋੜੇ,
ਮੂੰਹ ਤਲਵਾਰ ਦਾ ।

ਨੀ ਤੂੰ ਪਾਕ ਅਨਾਰ ਦੀ ਕਲੀ ਹੈ ਸੈਂ,
ਤੇਰੇ ਪਿਆਰ ਦਾ ਹੱਕ ਸੀ ਭੌਰਿਆਂ ਨੂੰ ।
ਐਵੇਂ ਮਾਰ ਕੇ ਹੱਕ ਬੇਦੋਸ਼ਿਆਂ ਦਾ
ਦੇ ਦਿੱਤਾ ਈ ਬੰਦਿਆਂ ਕੋਰਿਆਂ ਨੂੰ ।
ਤੇਰਾ ਕੰਮ ਸੀ ਖਿੜਨਾ ਤੇ ਮਹਿਕ ਦੇਣੀ,
ਅਤੇ ਡੋਬਣਾ ਡੋਬਾਂ ਤੇ ਝੋਰਿਆਂ ਨੂੰ ।
ਐਵੇਂ ਬੰਦੇ ਬੇ-ਕਦਰੇ ਦੇ ਨਾਲ ਲਾ ਕੇ,
ਨੀ ਤੂੰ ਲਿਆ ਸਹੇੜ ਹਟਕੋਰਿਆਂ ਨੂੰ ।
ਮੋਹ ਖੱਟੇ ਸਲੀਮ ਦੇ ਨਾਲ ਪਾ ਕੇ
ਕਾਂਜੀ ਘੋਲੀ ਤੂੰ ਕਾਹਨੂੰ ਪਰੀਤ ਅੰਦਰ ?
ਏਸ ਮਰਦ ਸ਼ੈਤਾਨ ਦਾ ਕੰਮ ਕੀ ਸੀ
ਤੇਰੇ ਦਿਲ ਦੀ ਪਾਕ ਮਸੀਤ ਅੰਦਰ ?

ਤੇਰਾ ਕੰਮ ਸੀ ਬਨਾਂ ਦੇ ਵਿਚ ਵਸਣਾ,
ਕਾਹਨੂੰ ਸ਼ਾਹੀ ਮਹੱਲ ਤੇ ਭੁਲੀਏਂ ਨੀ ?
ਕੰਮ ਕਲੀ ਦਾ ਹੁੰਦਾ ਏ ਬੰਦ ਰਹਿਣਾ,
ਕਿਉਂ ਤੂੰ ਨਾਲ ਬੇਗਾਨੇ ਦੇ ਖੁੱਲ੍ਹੀਏਂ ਨੀ ?
ਤੇਰਾ ਥਾਂ ਸੀ ਅਰਸ਼ ਦੇ ਕਿੰਗਰੇ 'ਤੇ,
ਐਵੇਂ ਬੰਦੇ ਦੇ ਪੈਰ ਵਿਚ ਰੁਲੀਏਂ ਨੀ ।
- ਏਸ ਮਰਦ ਵਿਚ ਪਾਸਕੂ ਸਦਾ ਹੁੰਦਾ,
ਇਹਦੇ ਨਾਲ ਕਿਉਂ ਕੰਡੇ ਤੇ ਤੁਲੀਏਂ ਨੀ ।
ਇੱਕ ਮਰਦ, ਦੂਜਾ ਬਾਦਸ਼ਾਹ ਹੈਸੀ,
ਤੀਜਾ ਸੀ ਉਹ ਅਕਬਰ ਦਾ ਪੁੱਤ ਮੋਈਏ ।
ਐਸੇ ਫਿੱਟੇ ਹੋਏ ਭਾਰੇ ਹੈਂਕੜੀ ਨੂੰ,
ਕਿਦਾਂ ਜਕੜ ਸਕਦੀ ਤੇਰੀ ਗੁੱਤ ਮੋਈਏ ?

ਦੇਂਦੇ ਆਏ ਚਿਰੋਕਣੇ ਮਰਦ ਧੋਖਾ,
ਮਕਰ ਇਨ੍ਹਾਂ ਦੇ ਕੋਈ ਨਾ ਅੱਜ ਦੇ ਨੀ ।
ਕੰਮ ਇਨ੍ਹਾਂ ਦਾ ਭੌਰਾਂ ਦੇ ਵਾਂਗ ਫਿਰਨਾ,
ਇਕ ਫੁੱਲ ਦੇ ਨਾਲ ਨਾ ਬੱਝਦੇ ਨੀ ।
ਦੀਵਾ ਹੁਸਨ ਦਾ ਜਦੋਂ ਤਕ ਰਹੇ ਬਲਦਾ,
ਝੁੱਕ ਝੁੱਕ ਕਰਦੇ ਇਹ ਵੀ ਸਜਦੇ ਨੀ ।
ਬੁਝ ਜਾਏ, ਤਾਂ ਵਾਂਗ ਪਰਵਾਨਿਆਂ ਦੇ
ਵਲ ਦੂਸਰੇ ਦੀਵੇ ਦੇ ਭੱਜਦੇ ਨੀ ।
ਲੱਖ ਇਨ੍ਹਾਂ ਪਿੱਛੇ ਕੋਈ ਬਣੇ ਤੀਲਾ,
ਐਪਰ ਇਨ੍ਹਾਂ ਨੂੰ ਫ਼ਿਕਰ ਨਾ ਕੱਖ ਹੋਵੇ ।
ਹਿਜਰ ਨਾਲ ਤੀਵੀਂ ਭਾਵੇਂ ਬਣੇ ਸੁਰਮਾ,
ਤਾਂ ਵੀ ਸਾਫ਼ ਨਾ ਮਰਦ ਦੀ ਅੱਖ ਹੋਵੇ ।

ਅਸਾਂ ਡੁੱਬਦੇ ਬੜੇ ਤੈਰਾਕ ਤੱਕੇ,
ਛਲਾਂ ਪੈਂਦੀਆਂ ਜਦੋਂ ਦਰਿਆ ਅੰਦਰ ।
ਕਿਵੇਂ ਦਿਲ ਸਲੀਮ ਦਾ ਭਿੱਜਿਆ ਨਾ
ਤੇਰੇ ਇਸ਼ਕ ਦੀ ਡੂੰਘੀ ਝਨਾਂ ਅੰਦਰ ।
ਕਿਥੋਂ ਸੀ ਛਲੇਡਾ ਉਹ ਬਹਿਣ ਵਾਲਾ,
ਤੇਰੀਆਂ ਭੋਲੀਆਂ ਭਾਲੀਆਂ ਬਾਂਹਾਂ ਅੰਦਰ ।
ਹਾਏ ! ਪਲਕ ਤਾਂ ਭੈੜੇ ਦੀ ਅੱਖ ਲਗਦੀ
ਤੇਰੇ ਸਰੂ ਦੀ ਸੰਘਣੀ ਛਾਂ ਅੰਦਰ ।
ਕਿੱਦਾਂ ਉਹਨੂੰ 'ਜਹਾਨ' ਦਾ ਮੂੰਹ ਦਿੱਸਿਆ
ਤੇਰੀ ਜ਼ੁਲਫ਼ਾਂ ਦੀ ਕੱਜਲੀ ਰਾਤ ਦੇ ਵਿਚ ?
ਤੇਰੇ ਨੈਣਾਂ ਦੇ ਬਾਜ਼ ਜੇ ਊਂਘਦੇ ਨਾ,
ਬਹਿੰਦੀ ਕਾਹਨੂੰ ਕਬੂਤਰੀ ਘਾਤ ਦੇ ਵਿਚ ?

ਤੂੰ ਵੀ 'ਮਿਹਰਾਂ' ਦੇ ਵਾਂਗ ਜੇ ਹੱਥ ਕਰਦੀ,
ਅੱਜ ਕਾਸ ਨੂੰ ਰਗੜਦੀ ਅੱਡੀਆਂ ਨੀ ?
ਫੱਫੇ ਕੁੱਟਣਾਂ ਕਾਲੀਆਂ ਲਿਟਾਂ ਦੀਆਂ
ਕਿਉਂ ਨਾ ਓਸ ਦੇ ਪਿੱਛੇ ਤੂੰ ਛੱਡੀਆਂ ਨੀ ?
ਮੋਤੀ ਹੰਝੂਆਂ ਦੇ ਤੇਰੇ ਕੋਲ ਹੈਸਨ,
ਜੇ ਕਰ ਤਾਰ ਦੇਂਦੀ ਤੂੰ ਵੀ ਵੱਢੀਆਂ ਨੀ ।
ਫੇਰ ਹਸਰਤਾਂ ਤੇਰੀਆਂ ਜਾਂਦੀਆਂ ਕਿਉਂ
ਏਦਾਂ ਵਿਚ ਦੀਵਾਰ ਦੇ ਗੱਡੀਆਂ ਨੀ ?
ਐਸਾ ਠੋਕ ਕੇ ਚਿਣਿਆਂ ਜੇ ਪੱਥਰਾਂ ਨੂੰ,
ਐਸਾ ਬੀੜ ਕੇ ਜੜਿਆ ਨੇ ਵੱਟਿਆਂ ਨੂੰ ।
ਤੜਫਨ ਲਈ ਵੀ ਖੁੱਲ੍ਹੀ ਨਾ ਥਾਂ ਦਿੱਤੀ,
ਏਸ ਜੱਗ ਨੇ ਇਸ਼ਕ ਦੇ ਫੱਟਿਆਂ ਨੂੰ ।

ਜੇ ਤੂੰ ਗਲ ਵਿਚ ਫੁੱਲਾਂ ਦਾ ਹਾਰ ਪਾਇਆ,
ਤੇਰੇ ਲੱਕ ਨੂੰ ਪਏ ਕੜਵੱਲ, ਮੋਈਏ ।
ਜੇ ਤੂੰ ਹੱਥਾਂ ਤੇ ਪੈਰਾਂ ਨੂੰ ਲਾਈ ਮਹਿੰਦੀ,
ਭਾਰ ਨਾਲ ਤੂੰ ਸਕੀ ਨਾ ਹੱਲ, ਮੋਈਏ ।
ਹਾਰ, ਗਾਨੀਆਂ ਰਹਿ ਗਈਆਂ ਇਕ ਪਾਸੇ,
ਭਾਰੀ ਲੱਗਦੀ ਸੀ ਤੈਨੂੰ ਗੱਲ, ਮੋਈਏ ।
ਕਿੱਦਾਂ ਪੱਥਰਾਂ ਅਤੇ ਉਦਰੇਵਿਆਂ ਦੇ
ਦੂਹਰੇ ਭਾਰ ਅੱਜ ਲਏ ਨੀ ਝੱਲ, ਮੋਈਏ ।
ਦਾਬੂ ਭਾਰੀਆਂ ਸਿਲਾਂ ਦਾ ਰੱਖਿਆ ਨੇ
ਖ਼ਬਰੇ ਏਸ ਖ਼ਾਤਰ ਤੇਰੀ ਲਾਸ਼ ਉੱਤੇ,
ਮਤਾਂ ਹੁਸਨ ਤੇ ਇਸ਼ਕ ਦੇ ਖੰਭ ਲਾ ਕੇ
ਨੀ ਤੂੰ ਉਡ ਨਾ ਜਾਵੇਂ ਆਕਾਸ਼ ਉੱਤੇ ।

ਖਿੜੀ ਰਹੇ ਅਨਾਰ ਦੀ ਕਲੀ ਤੇਰੀ,
ਅਤੇ ਚਲਦਾ ਰਹੇ ਬਾਜ਼ਾਰ ਤੇਰਾ !
ਜਮ ਜਮ ਮੱਕੇ ਮਦੀਨੇ ਨੂੰ ਜਾਣ ਹਾਜੀ,
ਹੋਵੇ 'ਮੋਹਨ' ਦਾ ਮੱਕਾ ਮਜ਼ਾਰ ਤੇਰਾ !
ਤੇਰੇ ਦਿਲ ਨੂੰ ਵਲੀ ਨਾ ਪਰਖ ਸਕੇ,
ਮੁੱਲ ਪਾ ਨਾ ਸਕੇ ਅਵਤਾਰ ਤੇਰਾ !
ਜਹਾਂਗੀਰ ਵਿਚਾਰੇ ਦਾ ਦੋਸ਼ ਕੀ ਏ,
ਜੇ ਉਹ ਸਮਝ ਨਾ ਸਕਿਆ ਪਿਆਰ ਤੇਰਾ !
ਵਿਚੋਂ ਕਬਰ ਦੇ ਮੈਨੂੰ ਆਵਾਜ਼ ਆਈ :
ਮੰਨ ਸ਼ਾਇਰਾ ! ਰੱਬੇ-ਰਹੀਮ ਤਾਈਂ ।
ਮੇਰੀਆਂ ਅੱਖੀਆਂ ਸਾਹਮਣੇ ਖੜ੍ਹਾ ਹੋ ਕੇ
ਮੰਦਾ ਬੋਲ ਨਾ ਮੇਰੇ ਸਲੀਮ ਤਾਈਂ ।

22. ਸਿੱਖੀ ਦਾ ਬੂਟਾ

ਉਹ ਕਿਹੜਾ ਬੂਟਾ ਏ ?
ਹਰ ਥਾਂ ਜੋ ਪਲਦਾ ਏ-
ਆਰੇ ਦੇ ਦੰਦਿਆਂ ਤੇ,
ਰੰਬੀ ਦੀਆਂ ਧਾਰਾਂ ਤੇ,
ਖੈਬਰ ਦੇ ਦੱਰਿਆਂ ਵਿਚ,
ਸਰਸਾ ਦੀਆਂ ਲਹਿਰਾਂ ਤੇ,
ਸਤਲੁਜ ਦੇ ਕੰਢੇ ਤੇ,
ਲੱਖੀ ਦੇ ਜੰਗਲ ਵਿਚ,
ਰੋੜਾਂ ਵਿਚ, ਰਕੜਾਂ ਵਿਚ,
ਬੰਜਰਾਂ ਵਿਚ ਝੱਖੜਾਂ ਵਿਚ,
ਗੜਿਆਂ ਵਿਚ, ਮੀਹਾਂ ਵਿਚ,
ਸਰਹੰਦ ਦੀਆਂ ਨੀਹਾਂ ਵਿਚ,
ਜਿੱਥੇ ਵੀ ਲਾ ਦਈਏ,
ਓਥੇ ਹੀ ਪਲਦਾ ਏ,
ਜਿਤਨਾ ਇਹ ਛਾਂਗ ਦਈਏ,
ਉਤਨਾ ਇਹ ਫਲਦਾ ਏ ।

ਉਹ ਕਿਹੜਾ ਬੂਟਾ ਏ ?
ਭੁੱਖਿਆਂ ਤਰਿਹਾਇਆਂ ਨੂੰ,
ਜੋ ਫਲ ਖਵਾਂਦਾ ਏ,
ਥੱਕਿਆਂ ਤੇ ਟੁੱਟਿਆਂ ਨੂੰ,
ਛਾਂ ਵਿਚ ਸਵਾਂਦਾ ਏ ।
ਜਿਹੜਾ ਵੀ ਸ਼ਰਨ ਲਵੇ,
ਉਸ ਤਾਈਂ ਬਚਾਂਦਾ ਏ ।
ਜੇ ਝੱਖੜ ਆ ਜਾਵੇ,
ਜੇ 'ਨ੍ਹੇਰੀ ਆ ਜਾਵੇ,
ਅਬਦਾਲੀ ਆ ਜਾਵੇ,
ਕੋਈ ਨਾਦਰ ਆ ਜਾਵੇ,
ਮਾਸੂਮ ਗੁਟਾਰਾਂ ਨੂੰ,
ਬੇਦੋਸ਼ੀਆਂ ਚਿੜੀਆਂ ਨੂੰ,
ਬੇਲੋਸੀਆਂ ਘੁਗੀਆਂ ਨੂੰ,
ਕੂੰਜਾਂ ਦੀਆਂ ਡਾਰਾਂ ਨੂੰ,
ਇਹ ਤੁਰਤ ਛੁਪਾ ਲੈਂਦਾ,
ਇਹ ਆਹਲਣੇ ਪਾ ਲੈਂਦਾ
ਤੇ ਰਾਖਾ ਬਣ ਬਹਿੰਦਾ ।

ਪੈਰ ਇਸ ਦੇ ਧਰਤੀ 'ਤੇ,
ਪਰ ਆਪ ਉਚੇਰਾ ਏ ।
ਜੇਲ੍ਹਾਂ ਦੀਆਂ ਕੋਠੜੀਆਂ,
ਜ਼ੰਜੀਰਾਂ ਹੱਥਕੜੀਆਂ,
ਇਹ ਰੱਸੇ ਫਾਂਸੀ ਦੇ,
ਤੇ ਤੜੀਆਂ ਰਾਜ ਦੀਆਂ,
ਜਾਗੀਰਾਂ ਦੇ ਚਕਮੇ,
ਸਰਦਾਰੀ ਦੇ ਤਮਗ਼ੇ,
ਦੁਨੀਆਂ ਦੀਆਂ ਤੰਗ-ਦਿਲੀਆਂ,
ਤੇੜਾਂ ਤੇ ਪਾੜਾਂ,
ਗੁਮਰਾਹੀਆਂ ਰੰਗ-ਰਲੀਆਂ,
ਤੇ ਕੁੜੀਆਂ ਝੰਗ ਦੀਆਂ,
ਇਹਦੇ ਗੋਡਿਓਂ ਥੱਲੇ ਨੇ,
ਇਹਦੇ ਗਿੱਟਿਓਂ ਥੱਲੇ ਨੇ,
ਇਹਦੇ ਪੈਰੋਂ ਥੱਲੇ ਨੇ,
ਜਿਥੇ ਦਿਲ ਇਸ ਦਾ ਏ,
ਜਿਥੇ ਸਿਰ ਇਸ ਦਾ ਏ,
ਓਹ ਥਾਂ ਉਚੇਰੀ ਏ,
ਉਹ ਖੁਲ੍ਹੀ ਹਵਾ ਵਿਚ ਏ,
ਉਹ ਪਾਕ ਫਿਜ਼ਾ ਵਿਚ ਏ,
ਉਹ ਖਾਸ ਖ਼ੁਦਾ ਵਿਚ ਏ,
ਜਿਥੇ ਨਾ ਵੈਰ ਕੋਈ ।
ਜਿਥੇ ਨਾ ਗ਼ੈਰ ਕੋਈ ।

ਕੀ ਹੋਇਆ ਜੇ ?
ਅਜ ਸ਼ਾਖਾਂ ਏਸ ਦੀਆਂ,
ਅਜ ਲਗਰਾਂ ਏਸ ਦੀਆਂ,
ਆਪੋ ਵਿਚ ਪਾਟ ਗਈਆਂ,
ਆਪੋ ਵਿਚ ਤਿੜਕ ਗਈਆਂ,
ਕੋਈ ਪੂਰਬ ਚਲੀ ਗਈ,
ਕੋਈ ਪੱਛਮ ਚਲੀ ਗਈ,
ਕੋਈ ਪਿੰਡੀ ਮੱਲ ਬੈਠੀ,
ਕੋਈ ਭੈਣੀ ਜਾ ਬੈਠੀ,
ਪਰ ਮੁੱਢ ਤਾਂ ਇਕੋ ਏ,
ਪਰ ਖੂਨ ਤਾਂ ਸਾਂਝਾ ਏ ।

23. ਚੁੱਪ

ਫੁੱਲ ਦੇ ਕੋਲੋਂ ਬੁਲਬੁਲ ਪੁੱਛੇ-
"ਮੈਨੂੰ ਸਮਝ ਨਾ ਆਈ,
ਤੂੰ ਕਿੰਜ ਬਣਦਾ ਹਾਰ ਗਲੇ ਦਾ ?
ਮੈਂ ਕਿੰਜ ਫਸਾਂ ਫਾਹੀ ?"
ਫੁੱਲ ਬੋਲਿਆ, "ਜੀਭ ਇਕਲੜੀ,
ਤੈਥੋਂ ਰੁੱਕ ਨਾ ਸੱਕੇ ।
ਸੌ ਜੀਭਾਂ ਦੇ ਹੁੰਦਿਆਂ ਪਰ ਮੈਂ,
ਰਖਦਾ ਭੇਦ ਛੁਪਾਈ ।

24. ਵਫ਼ਾ

ਵਿਚ ਸੁਖਾਂ ਦੇ ਸਾਰੀ ਦੁਨੀਆਂ,
ਨੇੜੇ ਢੁਕ ਢੁਕ ਬਹਿੰਦੀ ।
ਪਰਖੇ ਜਾਣ ਸਜਨ ਉਸ ਵੇਲੇ,
ਜਦ ਬਾਜ਼ੀ ਪੁੱਠੀ ਪੈਂਦੀ ।
ਵਿਚ ਥਲਾਂ ਦੇ ਜਿਸ ਦਮ ਸੱਸੀ
ਬੈਠ ਖੁਰੇ ਤੇ ਰੋਂਦੀ,
ਨਸ ਗਿਆ ਕਜਲਾ ਰੁੜ੍ਹ ਪੁੜ੍ਹ ਜਾਣਾ,
ਹੱਥ ਨਾ ਛਡਿਆ ਮਹਿੰਦੀ ।

25. ਸੈਦਾ ਤੇ ਸਬਜ਼ਾਂ

ਮੱਲ ਬਨੇਰਾ ਸਬਜ਼ਾਂ ਬੈਠੀ,
ਰਾਹ ਸੈਦੇ ਦਾ ਵੇਖੇ ।
ਕੰਨ ਘੋੜੀ ਦੀਆਂ ਟਾਪਾਂ ਵੱਲੇ,
ਦਿਲ ਵਿਚ ਕਰਦੀ ਲੇਖੇ ।

ਛਮ ਛਮ ਕਰਦੀ ਬੱਕੀ ਆਈ,
ਮਹਿੰਦੀ ਨਾਲ ਸ਼ਿੰਗਾਰੀ ।
ਸਿਰ ਸੈਦੇ ਦੇ ਪੰਜ-ਰੰਗ ਚੀਰਾ,
ਪੈਰ ਜੁੱਤੀ ਪੁਠੁਹਾਰੀ ।

ਬੂਹੇ ਦੇ ਵਿਚ ਸਬਜ਼ਾਂ ਖੱਲੀ,
ਪਾ ਖੱਦਰ ਦਾ ਚੋਲਾ ।
ਪੈਰਾਂ ਦੇ ਵਿਚ ਠਿੱਬੀ ਜੁੱਤੀ,
ਸਿਰ ਤੇ ਫਟਾ ਪਰੋਲਾ ।

ਛਮ ਛਮ ਕਰਦੀ ਬੱਕੀ ਆਈ,
ਲੰਘ ਗਈ ਪੈਲਾਂ ਪਾਂਦੀ ।
ਤੱਕ ਸੈਦੇ ਦੀਆਂ ਬੇਪਰਵਾਹੀਆਂ,
ਸਬਜ਼ਾਂ ਪੈ ਗਈ ਮਾਂਦੀ ।

ਵਿਚ ਗਲੀ ਦੇ ਸਬਜ਼ਾਂ ਖੱਲੀ,
ਭਰ ਖੱਬਲ ਦੀ ਝੋਲੀ ।
ਛਮ ਛਮ ਕਰਦੀ ਬੱਕੀ ਆਈ,
ਖੜ੍ਹ ਗਈ ਹੌਲੀ ਹੌਲੀ ।

ਤਕ ਸਬਜ਼ਾਂ ਦੀ ਅਹਿਲ ਜਵਾਨੀ,
ਚੰਨਣ-ਵੰਨਾ ਮੱਥਾ ।
ਦਿਲ ਸੈਦੇ ਦਾ ਗਿਆ ਮਰੁੰਡਿਆ,
ਝੱਬ ਘੋੜੀ ਤੋਂ ਲੱਥਾ ।

ਅੱਗੇ ਸਬਜ਼ਾਂ, ਪਿੱਛੇ ਸੈਦਾ,
ਢਾਰੇ ਦੇ ਵਿਚ ਆਏ ।
ਛੈਲ ਸੈਦੇ ਦਾ ਉੱਚਾ ਸ਼ਮਲਾ,
ਛੱਤ ਘਰੂੰਦਾ ਜਾਏ ।

ਨੁੱਕਰ ਵਿਚ ਕੁਝ ਭਾਂਡੇ ਆਹੇ,
ਇਕ ਦੂਜੇ ਤੇ ਖੱਲੇ ।
ਇਕ ਇਕ ਕਰਕੇ ਸਾਰੇ ਭਾਂਡੇ,
ਸਬਜ਼ਾਂ ਲਾਹੇ ਥੱਲੇ ।

ਥਲਵੇਂ ਭਾਂਡੇ ਦੇ ਵਿਚ ਉਸ ਨੇ,
ਸੀ ਕੋਈ ਚੀਜ਼ ਲੁਕਾਈ ।
ਡਰਦੀ ਡਰਦੀ ਪਾ ਝੋਲੀ ਵਿਚ,
ਸੈਦੇ ਕੋਲ ਲਿਆਈ ।

ਕੰਬਦਾ ਕੰਬਦਾ ਹੱਥ ਓਸ ਨੇ,
ਝੋਲੀ ਵੱਲ ਵਧਾਇਆ ।
ਤੱਕ ਅੰਡਿਆਂ ਦੀ ਜੋੜੀ, ਸੈਦੇ
ਗਲ ਸਬਜ਼ਾਂ ਨੂੰ ਲਾਇਆ ।

26. ਇਕ ਥੇਹ

ਕੱਲ੍ਹ ਸਨ ਜਿੱਥੇ ਮੌਜ ਬਹਾਰਾਂ,
ਲੱਖਾਂ ਖ਼ੁਸ਼ੀਆਂ, ਸੁੱਖ ਹਜ਼ਾਰਾਂ,
ਅੱਜ ਉਹ ਹੱਸਦੀ ਵੱਸਦੀ ਨਗਰੀ
ਹੋ ਗਈ ਖੋਲੇ ਖੋਲੇ ।

ਕਿਤੇ ਕਾਢਿਆਂ ਭੌਣ ਬਣਾਏ,
ਕਿਧਰੇ ਬਿੱਜੂਆਂ ਘੁਰਨੇ ਪਾਏ,
ਕਿਧਰੇ ਗਿੱਦੜ ਪਿਆ ਹਵਾਂਕੇ,
ਕਿਧਰੇ ਉੱਲੂ ਬੋਲੇ ।

ਕਿਧਰੇ ਚੂਹੇ ਛਾਲਾਂ ਮਾਰਨ,
ਕਿਧਰੇ ਸਾਹਨੇ ਧੌਣ ਹੁਲਾਰਨ,
ਕਿਧਰੇ ਬੈਠ ਰੁੱਡ ਦੇ ਅੰਦਰ
ਸੱਪ ਪਿਆ ਵਿਸ ਘੋਲੇ ।

ਥਾਂ ਥਾਂ ਰੁਲਣ ਵੰਗਾਂ ਦੇ ਟੋਟੇ,
ਟੁੱਟੀਆਂ ਟਿੰਡਾਂ, ਬੋੜੇ ਲੋਟੇ,
ਤਿੜਕੇ ਬੀੜੇ, ਧੇਲੇ ਖੋਟੇ,
ਠਿੱਬ ਖੜਿੱਬੇ ਪੌਲੇ ।

ਕਿਧਰੇ ਰੁਲਦੇ ਨਾਅਲ ਪੁਰਾਣੇ,
ਕਿਧਰੇ ਖਿਲਰੇ ਘੋਗੇ ਕਾਣੇ,
ਕਿਧਰੇ ਮਲ੍ਹਿਆਂ ਦੇ ਵਿਚ ਫਸੇ,
ਪਾਟੇ ਹੋਏ ਪਰੋਲੇ ।

ਇਹ ਸਿੱਕੇ ਦਾ ਚਿੱਬਾ ਛੱਲਾ,
ਰੁਲ ਰਿਹਾ ਜੋ ਕੱਲ ਮਕੱਲਾ,
ਦਿੱਤੀ ਹੋਸੀ ਕਿਸੇ ਨਿਸ਼ਾਨੀ,
ਖੜ੍ਹ ਚੰਨੇ ਦੇ ਉਹਲੇ ।

ਇਸ ਭੌਰੀ ਦੀਆਂ ਨਿੱਕੀਆਂ ਅੱਖਾਂ,
ਤੱਕੇ ਹੋਸਣ ਤ੍ਰਿੰਞਣ ਲੱਖਾਂ,
ਇਸ ਤੌੜੀ ਵਿਚ ਚਾਹੜੇ ਹੋਸਨ,
ਕਿਸੇ ਸਵਾਣੀ ਜੌਲੇ ।

ਕਿੱਥੇ ਨੇ ਉਹ ਮਹਿਲ ਚੁਬਾਰੇ,
ਕਿੱਥੇ ਨੇ ਉਹ ਛੰਨਾਂ ਢਾਰੇ,
ਲਾਂਦੇ ਸੀਗੇ ਰੌਣਕਾਂ ਜਿੱਥੇ,
ਬਾਲਕ ਆਲੇ ਭੋਲੇ ।

ਕਿੱਥੇ ਨੇ ਉਹ ਮੌਜੀ ਬੰਦੇ,
ਜਿਹੜੇ ਛੱਡ ਦੁਨੀਆਂ ਦੇ ਧੰਦੇ,
ਬੈਠ ਚੰਦ ਦੀ ਟਿੱਕੀ ਥੱਲੇ,
ਸਨ ਗਾਂਵਦੇ ਢੋਲੇ ।

ਕਿੱਧਰ ਲੱਦ ਗਏ ਉਹ ਵੇਲੇ,
ਜਿਸ ਦਮ ਕੁੜੀਆਂ ਸੰਝ ਸਵੇਲੇ,
ਜਾਂਵਦੀਆਂ ਸਨ ਗੰਦਲਾਂ ਤੋੜਣ,
ਪੀਚ ਪੀਚ ਕੇ ਝੋਲੇ ।

ਕਿੱਥੇ ਨੇ ਉਹ ਸਾਲੂ ਸੂਹੇ
ਕਿੱਥੇ ਨੇ ਉਹ ਥਿੰਦੇ ਬੂਹੇ,
ਸ਼ਗਨਾਂ ਨਾਲ ਲੰਘੇ ਜਿੱਥੋਂ ਦੀ
ਵਹੁਟੜੀਆਂ ਦੇ ਡੋਲੇ ।

ਪੈ ਗਏ ਓਸ ਕੰਧ ਨੂੰ ਧਾੜੇ,
ਜਿਸ ਤੇ ਲਾ ਕੇ ਮਹਿੰਦੀ ਲਾੜੇ,
ਚੁੱਕ ਅੱਡੀਆਂ ਪੰਜਾ ਲਾਇਆ,
ਕੁੜੀਆਂ ਗਾਵੇਂ ਸੋਹਲੇ ।

ਕਿੱਥੇ ਨੇ ਉਹ ਹੱਦਾਂ ਬੰਨੇ,
ਜਿਨ੍ਹਾਂ ਸਿਰ ਜੱਟਾਂ ਦੇ ਭੰਨੇ,
ਕਿੱਧਰ ਨੇ ਉਹ ਸਾਂਝਾਂ ਬਖਰੇ,
ਜਿਨ੍ਹਾਂ ਘੱਗਰ ਖੋਲ੍ਹੇ ।

ਰਹੇ ਨਾ ਕੁੰਡੀਆਂ ਮੁੱਛਾਂ ਵਾਲੇ,
ਰਹੇ ਨਾ ਰਾਣੀ ਖਾਂ ਦੇ ਸਾਲੇ,
ਰਹੀ ਨਾ ਚੌੜੀ ਚਕਲੀ ਛਾਤੀ,
ਗੱਟਾਂ ਵਾਲੇ ਡੌਲੇ ।

ਰਹਿ ਗਈ ਇਕ ਉੱਚੀ ਜਹੀ ਢੇਰੀ,
ਨਾ ਉਹ ਤੇਰੀ ਨਾ ਉਹ ਮੇਰੀ,
ਜਿਸ ਤੇ ਆਉਂਦਾ ਜਾਂਦਾ ਰਾਹੀ,
ਇਕ ਦੋ ਹੰਝੂ ਡੋਲ੍ਹੇ ।

27. ਸਿਪਾਹੀ ਦਾ ਦਿਲ

ਵਾਗਾਂ ਛੱਡ ਦੇ ਹੰਝੂਆਂ ਵਾਲੀਏ ਨੀ,
ਪੈਰ ਧਰਨ ਦੇ ਮੈਨੂੰ ਰਕਾਬ ਉੱਤੇ ।
ਸਾਡੇ ਦੇਸ਼ 'ਤੇ ਬਣੀ ਹੈ ਭੀੜ ਭਾਰੀ,
ਟੁੱਟ ਪਏ ਨੇ ਵੈਰੀ ਪੰਜਾਬ ਉੱਤੇ ।
ਰੋ ਰੋ ਕੇ ਪਾਣੀ ਨਾ ਫੇਰ ਐਵੇਂ,
ਮੇਰੇ ਸੋਹਣੇ ਪੰਜਾਬ ਦੀ ਆਬ ਉੱਤੇ ।
ਸਰੂ ਵਰਗੀ ਜਵਾਨੀ ਮੈਂ ਫੂਕਣੀ ਏਂ,
ਬਹਿ ਗਏ ਭੂੰਡ ਜੇ ਆ ਕੇ ਗੁਲਾਬ ਉੱਤੇ ।
ਕਿਹੜੀ ਗੱਲੋਂ ਤੂੰ ਹਉਕੇ ਤੇ ਲਏਂ ਹਉਕਾ,
ਕਿਹੜੀ ਗੱਲੋਂ ਤੂੰ ਅੱਖਾਂ ਸੁਜਾਈਆਂ ਨੇ ?
ਲਾਂਘੇ ਪੰਜਾਂ ਦਰਿਆਵਾਂ ਦੇ ਸਨ ਥੋਹੜੇ
ਜੋ ਤੂੰ ਹੋਰ ਦੋ ਨਦੀਆਂ ਚੜ੍ਹਾਈਆਂ ਨੇ ।

ਫੂਹੀ ਫੁਹੀ ਨੂੰ ਸਹਿਕਦੇ ਵੀਰ ਮੇਰੇ,
ਕੀ ਕਰਾਂ ਮੈਂ ਦੁੱਧਾਂ ਛੁਹਾਰਿਆਂ ਨੂੰ ।
ਸਾਥੀ ਤੜਫਦੇ ਪਏ ਨੇ ਖ਼ਾਕ ਅੰਦਰ,
ਪੱਛੀ ਲਾਵਾਂ ਮੈਂ ਮਹਿਲਾਂ ਚੁਬਾਰਿਆਂ ਨੂੰ ।
ਫ਼ੌਜੀ ਬਾਜਿਆਂ ਆਣ ਘਨਘੋਰ ਪਾਈ,
ਲੱਗ ਰਿਹਾ ਏ ਡਗਾ ਨਗਾਰਿਆਂ ਨੂੰ ।
ਮੇਰੇ ਘੋੜੇ ਵੀ ਚੁੱਕ ਲਏ ਕੰਨ ਦੋਵੇਂ,
ਦੇਖ ਇਹਦਿਆਂ ਖੁਰਾਂ ਫੁੰਕਾਰਿਆਂ ਨੂੰ ।
ਡੌਲੇ ਫਰਕਦੇ ਪਏ ਨੇ ਅੱਜ ਮੇਰੇ,
ਜੋਸ਼ ਨਾਲ ਪਈ ਕੰਬਦੀ ਜਾਨ ਮੇਰੀ ।
ਜੀਭਾਂ ਕੱਢਦੇ ਪਏ ਨੇ ਤੀਰ ਗਿਠ ਗਿਠ,
ਪਈ ਆਕੜਾਂ ਭੰਨਦੀ ਕਮਾਨ ਮੇਰੀ ।

ਵਿਚ ਰੰਗ ਦੇ ਮਸਤ ਮਲੰਗ ਹੋ ਕੇ,
ਲਾਈਏ ਤਾਰੀਆਂ ਅਸੀਂ ਝਨਾਂ ਅੰਦਰ ।
ਵਿਚ ਜੰਗ ਦੇ ਤਲੀ 'ਤੇ ਜਾਨ ਧਰਕੇ,
ਲੜੀਏ ਅਸੀਂ ਤਲਵਾਰਾਂ ਦੀ ਛਾਂ ਅੰਦਰ ।
ਵਿਚ ਰੰਗ ਦੇ ਛਿੰਜਾਂ ਤੇ ਘੋਲ ਪਾਈਏ,
ਢੋਲੇ ਗਾਵੀਏ ਹਲਾਂ ਦੇ ਗਾਹ ਅੰਦਰ ।
ਵਿਚ ਜੰਗ ਦੇ ਖ਼ੂਨ ਦੀ ਲਾ ਮਹਿੰਦੀ,
ਪਾਈਏ ਬਾਂਹ ਤਲਵਾਰ ਦੀ ਬਾਂਹ ਅੰਦਰ ।
ਅਸੀਂ ਪੰਜਾਂ ਦਰਿਆਵਾਂ ਦੇ ਸ਼ੇਰ ਦੂਲੇ,
ਦੋਹਾਂ ਦੇਵੀਆਂ ਨੂੰ ਨਿਮਸ਼ਕਾਰ ਸਾਡੀ ।
ਵਿਚ ਰੰਗ ਦੇ ਦੇਵੀ ਹੈ ਨਾਰ ਸਾਡੀ,
ਵਿਚ ਜੰਗ ਦੇ ਦੇਵੀ ਕਟਾਰ ਸਾਡੀ ।

ਵਿਚ ਜੰਗ ਦੇ ਭਾਵੇਂ ਮੈਂ ਚੱਲਿਆ ਹਾਂ,
ਤਾਂ ਵੀ ਰਖਸਾਂ ਤੇਰਾ ਖ਼ਿਆਲ ਪਿਆਰੀ ।
ਬੁੰਦੇ ਸਮਝ ਕੇ ਤੇਰੇ ਮੈਂ ਛੱਰਿਆਂ ਨੂੰ,
ਲਾਸਾਂ ਘੁੱਟ ਕਲੇਜੇ ਦੇ ਨਾਲ ਪਿਆਰੀ ।
ਧੂੰਆਂ ਵੇਖ ਕੇ ਤੋਪਾਂ 'ਚੋਂ ਪੇਚ ਖਾਂਦਾ,
ਤੇਰੇ ਸਮਝਸਾਂ ਘੁੰਗਰੇ ਵਾਲ ਪਿਆਰੀ ।
ਤੇਰੇ ਪਲਕਾਂ ਦੀ ਯਾਦ ਵਿਚ ਤੀਰ ਖਾਸਾਂ,
ਹਾਥੀ ਵੇਖ ਚਿਤਾਰਸਾਂ ਚਾਲ ਪਿਆਰੀ ।
ਜੇ ਮੈਂ ਜੀਂਦਾ ਜਾਗਦਾ ਪਰਤ ਆਇਆ,
'ਰੱਖ ਸਾਈਂ ਦੀ' ਮੈਨੂੰ ਬੁਲਾ ਛੱਡੀਂ ।
ਨਹੀਂ ਤਾਂ ਪੁੱਤ ਜਦ ਮੇਰਾ ਜਵਾਨ ਹੋਇਆ,
ਤੇਗ਼ ਓਸ ਨੂੰ ਮੇਰੀ ਫੜਾ ਛੱਡੀਂ ।

28. ਉਡੀਕ

ਸਰਘੀ ਵੇਲੇ ਸੁਫ਼ਨਾ ਡਿੱਠਾ,
ਮੇਰੇ ਸੋਹਣੇ ਆਉਣਾ ਅੱਜ ਨੀ ।
ਪਈ ਚੜ੍ਹਾਂ ਮੈਂ ਮੁੜ ਮੁੜ ਕੋਠੇ,
ਕਰ ਕਰ ਲੱਖਾਂ ਪੱਜ ਨੀ ।

ਧੜਕੂੰ ਧੜਕੂੰ ਕੋਠੀ ਕਰਦੀ,
ਫੜਕੂੰ ਫੜਕੂੰ ਰਗ ਨੀ !
ਕਦਣ ਢੱਕੀਓਂ ਉਚੀ ਹੋਸੀ,
ਉਹ ਸ਼ਮਲੇ ਵਾਲੀ ਪੱਗ ਨੀ ।

29. ਤਿਆਗੀ ਨੂੰ

ਜੂਹਾਂ, ਜੰਗਲ, ਬਾਂਗਰ ਬੇਲੇ,
ਕੱਛ ਨਾ ਉਞੇ ਯਾਰਾ ।

ਦੁਨੀਆਂ ਵਿਚ ਸਗੋਂ ਤਿਰਖੇਰਾ,
ਲਭਦਾ ਏ ਉਹ ਪਿਆਰਾ ।

ਉਜੜੇ ਦਿਲ, ਵਸਦੀਆਂ ਅੱਖਾਂ,
ਵਿਚ ਨਾ ਜਿਸ ਨੂੰ ਦਿੱਸੇ,
ਜੰਗਲ ਦੇ ਕੰਡਿਆਂ ਵਿਚ ਉਸ ਨੂੰ,
ਦੇਵੇ ਕਿੰਜ ਨਜ਼ਾਰਾ ।

30. ਜੀਵਨ

ਕੱਲ੍ਹ ਸੁਫਨੇ ਦੇ ਵਿਚ ਮੈਨੂੰ,
ਦੋ ਨਜ਼ਰ ਫ਼ਰਿਸ਼ਤੇ ਆਏ ।
ਇਕ ਤਖ਼ਤ ਫੁੱਲਾਂ ਦਾ ਸੋਹਣਾ,
ਉਹ ਆਪਣੇ ਨਾਲ ਲਿਆਏ ।
ਉਹ ਉਤਰੇ ਹੌਲੇ ਹੌਲੇ,
ਫਿਰ ਆ ਕੇ ਮੇਰੇ ਕੋਲੇ,
ਰੱਖ ਤਖ਼ਤ ਫੁੱਲਾਂ ਦਾ ਬੋਲੇ,
ਉਠ ਤੈਨੂੰ ਰੱਬ ਬੁਲਾਏ ।1।

ਤੇਰੇ ਲਈ ਸੁਰਗਾਂ ਅੰਦਰ,
ਭੌਰਾਂ ਨੇ ਗੁੰਦੇ ਸਿਹਰੇ ।
ਜ਼ੁਲਫ਼ਾਂ ਦੇ ਲੱਛੇ ਲੈ ਕੇ,
ਹੂਰਾਂ ਨੇ ਬਹੁਕਰ ਫੇਰੇ ।
ਪੰਛੀ ਪਏ ਮੰਗਲ ਗਾਵਣ,
ਫੁੱਲਾਂ ਦੇ ਦਿਲ ਸਧਰਾਵਣ,
ਕਲੀਆਂ ਨੂੰ ਛਿੱਕਾਂ ਆਵਣ,
ਸਭ ਰਾਹ ਤਕਾਵਣ ਤੇਰੇ ।2।

ਹੱਥ ਬੰਨ੍ਹ ਖਲੋਵਣ ਉਥੇ,
ਹੂਰਾਂ ਪਰੀਆਂ ਮੁਟਿਆਰਾਂ ।
ਸ਼ਹਿਦਾਂ ਦੇ ਚਸ਼ਮੇ ਵਗਣ,
ਤੇ ਦੁੱਧਾਂ ਦੀਆਂ ਫ਼ੁਹਾਰਾਂ ।
ਨਾ ਉਥੇ ਹੌਕੇ ਹਾਵੇ,
ਨਾ ਭੁੱਖ ਤਰੇਹ ਸਤਾਵੇ,
ਨਾ ਰੁੱਤ ਖਿਜ਼ਾਂ ਦੀ ਆਵੇ,
ਤੇ ਹਰਦਮ ਰਹਿਣ ਬਹਾਰਾਂ ।3।

ਸੁਰਗਾਂ ਦੀਆਂ ਸਿਫ਼ਤਾਂ ਸੁਣ ਕੇ,
ਮੈਂ ਕਿਹਾ ਫ਼ਰਿਸ਼ਤੇ ਤਾਈਂ,
ਐਸਾ ਇੱਕ-ਸਾਰਾ ਜੀਵਨ,
ਮੈਂ ਮੂਲ ਪਸੰਦਾਂ ਨਾਹੀਂ !
ਜਿੱਥੇ ਨਾ ਮੇਲ ਜੁਦਾਈਆਂ,
ਜਿੱਥੇ ਨਾ ਸੁਲਹ ਲੜਾਈਆਂ,
ਨਾ ਧੀਦੋ ਤੇ ਭਰਜਾਈਆਂ,
ਮੈਂ ਜਾਣਾ ਨਹੀਂ ਉਥਾਈਂ ।4।

ਜਿੱਥੇ ਨਹੀਂ ਹੋਤ ਕਸਾਈ,
ਜਿੱਥੇ ਨਹੀਂ ਛਲ-ਛਲਾਵੇ ।
ਜਿੱਥੇ ਨਾ ਕੈਦੋਂ ਲੰਙਾ,
ਵਿਚ ਟੰਗ ਆਪਣੀ ਡਾਹਵੇ,
ਜਿੱਥੇ ਨਾ ਆਸ਼ਕ ਲੁੱਸਣ,
ਜਿੱਥੇ ਨਾ ਰੂਹਾਂ ਖੁੱਸਣ,
ਜਿੱਥੇ ਨਾ ਹੂਰਾਂ ਰੁੱਸਣ,
ਉਹ ਸੁਰਗ ਨਾ ਮੈਨੂੰ ਭਾਵੇ ।5।

ਹੈ ਜੀਵਨ ਅਦਲਾ ਬਦਲੀ ।
ਤੇ ਹੋਣਾ ਰੰਗ ਬਰੰਗਾ ।
ਸੌ ਮੁਰਦੇ ਭਗਤਾਂ ਕੋਲੋਂ,
ਇਕ ਜਿਊਂਦਾ ਜ਼ਾਲਮ ਚੰਗਾ ।
ਮੋਤੀ ਤੋਂ ਹੰਝੂ ਮਹਿੰਗੇ,
ਲਾਲਾਂ ਤੋਂ ਜੁਗਨੂੰ ਸੋਹਣੇ,
ਸੁਰਗਾਂ ਤੋਂ ਦੋਜ਼ਖ ਚੰਗੇ,
ਜਿੱਥੇ ਹੈ ਜੀਵਨ-ਦੰਗਾ ।6।

ਮੈਂ ਸ਼ਾਇਰ ਰੰਗ-ਰੰਗੀਲਾ,
ਮੈਂ ਪਲ ਪਲ ਰੰਗ ਵਟਾਵਾਂ ।
ਜੇ ਵਟਦਾ ਰਹਾਂ ਤਾਂ ਜੀਵਾਂ,
ਜੇ ਖੱਲਾਂ ਤੇ ਮਰ ਜਾਵਾਂ ।
ਝੀਲਾਂ ਤੋਂ ਚੰਗੇ ਨਾਲੇ,
ਜੋ ਪਏ ਰਹਿਣ ਨਿੱਤ ਚਾਲੇ,
ਤੱਕ ਰੋਕਾਂ ਖਾਣ ਉਛਾਲੇ,
ਤੇ ਵਧਦੇ ਜਾਣ ਅਗਾਹਾਂ ।7।

ਹੈ ਜੀਵਨ ਦੁੱਖ-ਵੰਡਾਣਾ,
ਤੇ ਅੱਗ ਬਗਾਨੀ ਸੜਨਾ ।
ਮਰਨੇ ਦੀ ਖ਼ਾਤਰ ਜੀਣਾ ।
ਜੀਣੇ ਦੀ ਖ਼ਾਤਰ ਮਰਨਾ ।
ਜੀਵਨ ਹੈ ਲੜਨਾ ਖਹਿਣਾ,
ਜੀਵਨ ਹੈ ਢਾਣਾ ਢਹਿਣਾ
ਜੀਵਨ ਹੈ ਤੁਰਦੇ ਰਹਿਣਾ,
ਤੇ ਕੋਈ ਪੜਾ ਨਾ ਕਰਨਾ ।8।

31. ਬਦਲੋਟੀ

ਡਿੱਠੀ ਮੈਂ ਅਸਮਾਨ 'ਤੇ, ਅੱਜ ਸਵੇਰੇ ਸਾਰ ।
ਭੂਰੀ ਕਿਸੇ ਫ਼ਕੀਰ ਦੀ, ਪਾਟੀ ਤਾਰੋ ਤਾਰ ।
ਵਾਂਗ ਪਹਾੜੀ ਬਾਜ਼ ਦੇ, ਖੁਲ੍ਹੇ ਖੰਭ ਖਿਲਾਰ ।
ਲਾਂਦੀ ਫਿਰੇ ਉਡਾਰੀਆਂ, ਅੰਬਰ ਦੇ ਵਿਚਕਾਰ ।

ਥਾਂ ਥਾਂ ਲੱਗੀਆਂ ਟਾਕੀਆਂ, ਰੰਗ ਬਰੰਗੇ ਚੀਰ ।
ਖੁੱਥੀ ਫਿੱਥੀ ਹੰਢਵੀਂ ਛੱਜ ਛੱਜ ਲਮਕੇ ਲੀਰ ।

ਲਾਹ ਕੇ ਆਪਣੇ ਜੁੱਸਿਓਂ ਸੁੱਟੀ ਕਿਸੇ ਫ਼ਕੀਰ ।
ਸਿਰ 'ਤੇ ਚੁੱਕ ਲਈ ਰੱਬ ਨੇ ਮਿੱਠੀ ਕਰ ਕੇ ਲੀਰ ।

ਨਾ ਕੁਝ ਉਸ ਦੀ ਜੜਤ ਸੀ ਨਾ ਕੁਝ ਉਸ ਦੀ ਛੱਬ ।
ਖ਼ਬਰੇ ਕਿਹੜੀ ਚੀਜ਼ 'ਤੇ ਭੁੱਲਿਆ ਭੁੱਖਾ ਰੱਬ !

32. ਥਾਲ

ਬੋਲ ਬੋਲ ਕਾਵਣੀ,
ਢੋਲ ਵੱਸੇ ਛਾਵਣੀ,
ਹੱਥੀਂ ਮੇਰੇ ਚੂੜੀਆਂ, ਮੱਥੇ ਮੇਰੇ ਦਾਵਣੀ,
ਬੀਤ ਗਈ ਹਾੜ੍ਹੀ ਸਾਰੀ,
ਲੰਘ ਗਈ ਸਾਵਣੀ ।
ਠਿਪ ਠਿਪ ਠਿਪ ਠਿਪ,
ਮੈਂ ਤੇ ਖਿੱਦੋ ਇੱਕ ਮਿੱਕ !

ਜਿਉਂ ਜਿਉਂ ਖਿੱਦੋ ਮੱਚਦਾ,
ਕਲੇਜਾ ਮੇਰਾ ਨੱਚਦਾ ।
ਪੱਲਾ ਮੇਰਾ ਤਿਲ੍ਹਕਦਾ,
ਪਰਾਂਦਾ ਮੇਰਾ ਢਿਲਕਦਾ,
ਚੂੜਾ ਮੇਰਾ ਛਣਕਦਾ,
ਹਮੇਲ ਮੇਰੀ ਡੋਲਦੀ,
ਇਕ ਤਾਂ ਹਿਲਾਵੇ ਖਿੱਦੋ
ਇੱਕ ਤਾਂਘ ਢੋਲ ਦੀ ।
ਠਿਪ ਠਿਪ ਠਿਪ ਠਿਪ,
ਮੈਂ ਤੇ ਖਿੱਦੋ ਇੱਕ ਮਿੱਕ !

ਇਹ ਕੀ ਖਿੱਦੋ ਛੋਹਲਿਆ ?
ਇਹ ਕੀ ਖਿੱਦੋ ਗੋਲਿਆ ?
ਹਿੱਕ ਵੱਲ ਆਵੇਂ,
ਮੇਰੇ ਬੁੱਲ੍ਹਾਂ ਵੱਲ ਜਾਵੇਂ,
ਮੇਰੀ ਗੱਲ੍ਹਾਂ ਵੱਲ ਧਾਵੇਂ,
ਹਿੱਕ ਢੋਲ ਦੀ ਅਮਾਨ,
ਬੁੱਲ੍ਹ ਢੋਲ ਦੀ ਅਮਾਨ,
ਵੇ ਤੂੰ ਹੋ ਗਿਆ ਸ਼ਤਾਨ,
ਵੇ ਤੂੰ ਡਾਢਾ ਬਈਮਾਨ,
ਦੱਸ ਇਹ ਕੀ ਏ ਮਖ਼ੌਲ ਵੇ ?
ਮਾਰ ਮਾਰ ਧੱਫੇ ਤੈਨੂੰ,
ਕਰ ਦਿਆਂਗੀ ਗੋਲ ਵੇ ।
ਠਿਪ ਠਿਪ ਠਿਪ ਠਿਪ,
ਮੈਂ ਤੇ ਖਿੱਦੋ ਇੱਕ ਮਿੱਕ !

33. ਅੰਬੀ ਦੇ ਬੂਟੇ ਥੱਲੇ

ਇਕ ਬੂਟਾ ਅੰਬੀ ਦਾ,
ਘਰ ਸਾਡੇ ਲੱਗਾ ਨੀ ।
ਜਿਸ ਥੱਲੇ ਬਹਿਣਾ ਨੀ,
ਸੁਰਗਾਂ ਵਿਚ ਰਹਿਣਾ ਨੀ,
ਕੀ ਉਸਦਾ ਕਹਿਣਾ ਨੀ,
ਵੇਹੜੇ ਦਾ ਗਹਿਣਾ ਨੀ,
ਪਰ ਮਾਹੀ ਬਾਝੋਂ ਨੀ,
ਪਰਦੇਸੀ ਬਾਝੋਂ ਨੀ,
ਇਹ ਮੈਨੂੰ ਵੱਢਦਾ ਏ,
ਤੇ ਖੱਟਾ ਲੱਗਦਾ ਏ ।

ਇਸ ਬੂਟੇ ਥੱਲੇ ਜੇ,
ਮੈਂ ਚਰਖੀ ਡਾਹਨੀ ਆਂ,
ਤੇ ਜੀ ਪਰਚਾਵਣ ਨੂੰ,
ਦੋ ਤੰਦਾਂ ਪਾਨੀ ਆਂ,
ਕੋਇਲ ਦੀਆਂ ਕੂਕਾਂ ਨੀ,
ਮਾਰਨ ਬੰਦੂਕਾਂ ਨੀ,
ਪੀਹੜੇ ਨੂੰ ਭੰਨਾਂ ਮੈਂ,
ਚਰਖ਼ੀ ਨੂੰ ਫੁਕਾਂ ਨੀ ।

ਫਿਰ ਡਰਦੀ ਭਾਬੋ ਤੋਂ,
ਲੈ ਬਹਾਂ ਕਸੀਦਾ ਜੇ-
ਯਾਦਾਂ ਵਿਚ ਡੁੱਬੀ ਦਾ,
ਦਿਲ ਕਿਧਰੇ ਜੁੜ ਜਾਵੇ,
ਤੇ ਸੂਈ ਕਸੀਦੇ ਦੀ,
ਪੋਟੇ ਵਿਚ ਪੁੜ ਜਾਵੇ ।
ਫਿਰ ਉਠ ਕੇ ਪੀਹੜੇ ਤੋਂ
ਮੈਂ ਭੁੰਜੇ ਬਹਿ ਜਾਵਾਂ,
ਚੀਚੀ ਧਰ ਠੋਡੀ 'ਤੇ
ਵਹਿਣਾਂ ਵਿਚ ਵਹਿ ਜਾਵਾਂ-
ਸੁੱਖਾਂ ਦੀਆਂ ਗੱਲਾਂ ਨੀ,
ਮੇਲਾਂ ਦੀਆਂ ਘੜੀਆਂ ਨੀ,
ਖੀਰਾਂ ਤੇ ਪੂੜੇ ਨੀ,
ਸਾਵਣ ਦੀਆਂ ਝੜੀਆਂ ਨੀ,
ਸੁਹਣੇ ਦੇ ਤਰਲੇ ਨੀ,
ਤੇ ਮੇਰੀਆਂ ਅੜੀਆਂ ਨੀ,
ਜਾਂ ਚੇਤੇ ਆ ਜਾਵਣ,
ਲੋਹੜਾ ਹੀ ਪਾ ਜਾਵਣ ।

ਉਹ ਕਿਹਾ ਦਿਹਾੜਾ ਸੀ ?
ਉਹ ਭਾਗਾਂ ਵਾਲਾ ਸੀ,
ਉਹ ਕਰਮਾਂ ਵਾਲਾ ਸੀ,
ਜਿਸ ਸ਼ੁੱਭ ਦਿਹਾੜੇ ਨੀ,
ਘਰ ਮੇਰਾ ਲਾੜਾ ਸੀ ।

ਮੈਂ ਨਾ੍ਹਤੀ ਧੋਤੀ ਨੀ,
ਮੈਂ ਵਾਲ ਵਧਾਏ ਨੀ,
ਮੈਂ ਕਜਲਾ ਪਾਇਆ ਨੀ,
ਮੈਂ ਗਹਿਣੇ ਲਾਏ ਨੀ,
ਮਲ ਮਲ ਕੇ ਖੋੜੀ ਮੈਂ,
ਹੀਰੇ ਲਿਸ਼ਕਾਏ ਨੀ,
ਲਾ ਲਾ ਕੇ ਬਿੰਦੀਆਂ ਮੈਂ,
ਕਈ ਫੰਧ ਬਣਾਏ ਨੀ ।
ਜਾਂ ਹਾਰ ਸ਼ਿੰਗਾਰਾਂ ਤੋਂ,
ਮੈਂ ਵਿਹਲੀ ਹੋਈ ਨੀ,
ਆ ਅੰਬੀ ਥੱਲੇ ਮੈਂ,
ਫਿਰ ਧੂਣੀ ਛੋਹੀ ਨੀ ।

ਉਹ ਚੰਦ ਪਿਆਰਾ ਵੀ,
ਆ ਬੈਠਾ ਸਾਹਵੇਂ ਨੀ,
ਅੰਬੀ ਦੀ ਛਾਵੇਂ ਨੀ ।
ਉਹ ਮੇਰੀਆਂ ਪ੍ਰੀਤਾਂ ਦਾ,
ਸੁਹਣਾ ਵਣਜਾਰਾ ਨੀ ।
ਕਿੱਸੇ ਪਰਦੇਸਾਂ ਦੇ,
ਲਾਮਾਂ ਦੀਆਂ ਗੱਲਾਂ ਨੀ,
ਘੁਮਕਾਰ ਜਹਾਜ਼ਾਂ ਦੀ,
ਸਾਗਰ ਦੀਆਂ ਛੱਲਾਂ ਨੀ,
ਵੈਰੀ ਦੇ ਹੱਲੇ ਨੀ,
ਸੋਹਣੇ ਦੀਆਂ ਠੱਲ੍ਹਾਂ ਨੀ,
ਉਹ ਦੱਸੀ ਜਾਵੇ ਤੇ,
ਮੈਂ ਭਰਾਂ ਹੁੰਗਾਰਾ ਨੀ ।

ਉਸ ਗੱਲਾਂ ਕਰਦੇ ਨੂੰ-
ਪੱਤਿਆਂ ਦੀ ਖੜ ਖੜ ਨੇ,
ਬਦਲਾਂ ਦੀ ਸ਼ੂਕਰ ਨੇ,
ਵੰਗਾਂ ਦੀ ਛਣ ਛਣ ਨੇ,
ਚਰਖ਼ੀ ਦੀ ਘੂਕਰ ਨੇ,
ਟੱਪਿਆਂ ਦੀ ਲੋਰੀ ਨੇ,
ਕੋਇਲ ਦੀ ਕੂਕਰ ਨੇ,
ਮੰਜੇ 'ਤੇ ਪਾ ਦਿੱਤਾ,
ਤੇ ਘੂਕ ਸੁਲਾ ਦਿੱਤਾ ।

ਤੱਕ ਸੁੱਤਾ ਮਾਹੀ ਨੀ,
ਚਰਖ਼ੀ ਦੀ ਚਰਮਖ ਤੋਂ,
ਮੈਂ ਕਾਲਖ਼ ਲਾਹੀ ਨੀ,
ਜਾ ਸੁੱਤੇ ਸੁਹਣੇ ਦੇ,
ਮੱਥੇ 'ਤੇ ਲਾਈ ਨੀ ।
ਮੈਂ ਖੁੱਲ੍ਹ ਕੇ ਹੱਸੀ ਨੀ,
ਮੈਂ ਤਾੜੀ ਲਾਈ ਨੀ ।
ਮੈਂ ਦੂਹਰੀ ਹੋ ਗਈ ਨੀ,
ਮੈਂ ਚੌਹਰੀ ਹੋ ਗਈ ਨੀ,
ਉਹ ਉਠ ਖਲੋਇਆ ਨੀ,
ਘਬਰਾਇਆ ਹੋਇਆ ਨੀ ।
ਉਹ ਬਿਟ ਬਿਟ ਤੱਕੇ ਨੀ,
ਮੈਂ ਖਿੜ ਖਿੜ ਹੱਸਾਂ ਨੀ,
ਉਹ ਮੁੜ ਮੁੜ ਪੁੱਛੇ ਨੀ,
ਮੈਂ ਗੱਲ ਨਾ ਦੱਸਾਂ ਨੀ ।

ਤੱਕ ਸ਼ੀਸ਼ਾ ਚਰਖ਼ੀ ਦਾ,
ਉਸ ਘੂਰੀ ਪਾਈ ਨੀ,
ਮੈਂ ਚੁੰਗੀ ਲਾਈ ਨੀ,
ਉਹ ਪਿੱਛੇ ਭੱਜਾ ਨੀ,
ਮੈਂ ਦਿਆਂ ਨਾ ਡਾਹੀ ਨੀ,
ਉਸ ਮਾਣ ਜਵਾਨੀ ਦਾ,
ਮੈਂ ਹੱਠ ਜ਼ਨਾਨੀ ਦਾ,
ਮੈਂ ਅੱਗੇ ਅੱਗੇ ਨੀ,
ਉਹ ਪਿੱਛੇ ਪਿੱਛੇ ਨੀ,
ਮੰਜੀ ਦੇ ਗਿਰਦੇ ਨੀ,
ਨੱਸਦੇ ਵੀ ਜਾਈਏ ਨੀ,
ਅੰਬੀ ਦੇ ਗਿਰਦੇ ਨੀ,
ਹੱਸਦੇ ਵੀ ਜਾਈਏ ਨੀ,
ਉਹਦੀ ਚਾਦਰ ਖੜਕੇ ਨੀ,
ਮੇਰੀ ਕੋਠੀ ਧੜਕੇ ਨੀ,
ਉਹਦੀ ਜੁੱਤੀ ਚੀਕੇ ਨੀ,
ਮੇਰੀ ਝਾਂਜਰ ਛਣਕੇ ਨੀ,
ਉਹਦੀ ਪਗੜੀ ਢਹਿ ਪਈ ਨੀ,
ਮੇਰੀ ਚੁੰਨੀ ਲਹਿ ਗਈ ਨੀ,
ਜਾਂ ਹਫ ਕੇ ਰਹਿ ਗਏ ਨੀ,
ਮੰਜੀ ਤੇ ਬਹਿ ਗਏ ਨੀ ।

ਉਹ ਕਿਹਾ ਦਿਹਾੜਾ ਸੀ ?
ਉਹ ਭਾਗਾਂ ਵਾਲਾ ਸੀ,
ਉਹ ਕਰਮਾਂ ਵਾਲਾ ਸੀ,
ਜਿਸ ਸ਼ੁੱਭ ਦਿਹਾੜੇ ਨੀ,
ਘਰ ਮੇਰਾ ਲਾੜਾ ਸੀ ।

ਅੱਜ ਖਾਣ ਹਵਾਵਾਂ ਨੀ,
ਅੱਜ ਸਾੜਨ ਛਾਵਾਂ ਨੀ,
ਤਰਖ਼ਾਣ ਸਦਾਵਾਂ ਨੀ,
ਅੰਬੀ ਕਟਵਾਵਾਂ ਨੀ,
ਤੋਬਾ ਮੈਂ ਭੁੱਲੀ ਨੀ,
ਹਾੜਾ ਮੈਂ ਭੁੱਲੀ ਨੀ ।
ਜੇ ਅੰਬੀ ਕੱਟਾਂਗੀ
ਚੜ੍ਹ ਕਿਸ ਦੇ ਉੱਤੇ,
ਰਾਹ ਢੋਲੇ ਦਾ ਤੱਕਾਂਗੀ ?

34. ਅੰਨ੍ਹੀ ਕੁੜੀ

ਰੱਬਾ ਤੈਨੂੰ ਤਰਸ ਨਾ ਆਇਆ,
ਇਹ ਕੀ ਏ ਤੂੰ ਨ੍ਹੇਰ ਮਚਾਇਆ ?
ਰਚ ਕੇ ਐਸਾ ਸੁਹਣਾ ਮੰਦਰ,
ਇਕ ਦੀਵਾ ਵੀ ਨਹੀਂ ਜਗਾਇਆ ?

ਵਾਹ ਤੂੰ ਬਾਗ਼ ਹੁਸਨ ਦਾ ਲਾਇਆ,
ਚੰਬਾ ਅਤੇ ਗੁਲਾਬ ਖਿੜਾਇਆ ।
ਸ਼ੱਬੂ ਤੇ ਲਾਲਾ ਸਹਿਰਾਈ,
ਕਿਹੜੀ ਸ਼ੈ ਜੋ ਤੂੰ ਨਹੀਂ ਲਾਈ ।
ਪਰ ਉਹ ਬਾਗ਼ ਨਾ ਉੱਕਾ ਸੋਹੇ,
ਜਿਸ ਦੇ ਵਿਚ ਨਾ ਨਰਗਸ ਹੋਏ ।

ਤੇਰੇ ਜਿਹਾ ਨਾ ਕਰੜਾ ਮਾਲੀ,
ਨਹੀਂ ਚੰਗੀ ਐੇਡੀ ਰਖਵਾਲੀ ।
ਖੋਲ੍ਹ ਦੋਵੇਂ ਹਰਨੋਟੇ ਛੇਤੀ,
ਨਹੀਂ ਉਜੜਦੀ ਤੇਰੀ ਖੇਤੀ ।
ਨੈਂ ਇਸ਼ਕ ਦੀ ਠਾਠਾਂ ਮਾਰੇ,
ਨਜ਼ਰਾਂ-ਲਹਿਰਾਂ ਲੈਣ ਹੁਲਾਰੇ,
ਹਿਰਸਾਂ ਬਦੀਆਂ ਨ੍ਹੇਰਾ ਪਾਇਆ,
ਮੱਛਾਂ, ਕੱਛਾਂ ਘੇਰਾ ਪਾਇਆ,
ਕਰ ਕੇ ਰੌਸ਼ਨ ਨੂਰ-ਮੁਨਾਰੇ,
ਲਾ ਸੋਹਣੀ ਨੂੰ ਕਿਸੇ ਕਿਨਾਰੇ ।

ਅੰਨ੍ਹੀ ਕੁੜੀ ਤੇ 'ਮੋਹਨ' ਦੋਵੇਂ,
ਇਹ ਤਸਵੀਰਾਂ ਸੋਹਨ ਦੋਵੇਂ ।
ਇੱਕ ਤਸਵੀਰ ਹੁਸਨ ਦੀ ਰਾਣੀ,
ਦੂਜੀ ਮੂਰਤ ਕਵਿਤਾ ਜਾਣੀ ।
ਚਿਰ ਹੋਇਆ ਤੂੰ ਦੋਵੇਂ ਛੋਹੀਆਂ,
ਐਪਰ ਅਜੇ ਨਾ ਪੂਰਨ ਹੋਈਆਂ ।
ਛੇਤੀ ਕੱਢ ਕੇ ਮੇਰੇ ਆਨੇ,
ਕਰ ਆਬਾਦ ਇਹਦੇ ਅਖਵਾਨੇ ।
ਬੇਸ਼ਕ ਮੇਰੀ ਰਹੇ ਅਧੂਰੀ,
ਇਕ ਤਸਵੀਰ ਤਾਂ ਹੋਵੇ ਪੂਰੀ ।

35. ਆਪਾ

ਪਿਆਰੇ ਪਿਆਰੇ,
ਨੰਨ੍ਹੇ ਤਾਰੇ,
ਸੂਰਜ ਦੇ ਪਿਘਲੇ ਸੋਨੇ ਵਿਚ,
ਖ਼ਬਰ ਨਹੀਂ ਕਿਉਂ ਢਲਦੇ,
ਆਪਾ ਛਲਦੇ ।

ਮੋਤੀਆਂ ਵਰਗੀ,
ਤ੍ਰੇਲ ਸਵਰਗੀ,
ਵਾਯੂ ਦੀ ਨਿੱਘੀ ਬੁੱਕਲ ਵਿਚ
ਖ਼ਬਰ ਨਹੀਂ ਕਿਉਂ ਲੁਕਦੀ
ਐਵੇਂ ਮੁਕਦੀ ।

ਲਹਿਰਾਂ ਵਾਲੀ
ਨਦੀ ਸੁਚਾਲੀ
ਖ਼ਬਰ ਨਹੀਂ ਖਾਰੇ ਸਾਗਰ ਵਿਚ
ਗ਼ਰਕ ਕਿਉਂ ਹੋ ਜਾਂਦੀ,
ਆਪ ਗਵਾਂਦੀ ।

ਮੈਨੂੰ ਤੇ ਜੇ,
ਰਬ ਵੀ ਆਖੇ :
'ਆ, ਮੇਰੇ ਚੌੜੇ ਪਨ ਦੇ ਵਿਚ ਰਲ ਜਾ'
ਕਦੀ ਨਾ ਰੱਲਾਂ,
ਵਖ ਹੀ ਖੱਲਾਂ ।

ਰਬ ਵਿਚ ਰਲ ਕੇ,
ਆਪਾ ਛਲ ਕੇ,
ਹਾਏ ! ਸਕਾਂਗਾ ਮਾਣ ਕਿਵੇਂ ਮੈਂ
ਦੁਨੀਆਂ ਦੇ ਨੱਜ਼ਾਰੇ,
ਰਸ ਰੰਗ ਸਾਰੇ ।

ਉਹ ਕੀ ਬੰਦਾ ?
ਚੰਗਾ ਯਾ ਮੰਦਾ,
ਰੱਖ ਨਾ ਸਕੇ ਜੋ ਸਭ ਦੁਨੀਆਂ ਤੋਂ
ਵਖਰਾ ਅਪਣਾ ਆਪਾ,
ਕੱਲ ਕਲਾਪਾ ।

36. ਹਵਾ ਦਾ ਜੀਵਨ

ਦੇਹ ਹਵਾ ਦਾ ਜੀਵਨ ਸਾਨੂੰ,
ਸਦਾ ਖੋਜ ਵਿਚ ਰਹੀਏ ।
ਹਰ ਦਮ ਤਲਬ ਸਜਨ ਦੀ ਕਰੀਏ,
ਠੰਢੇ ਕਦੀ ਨਾ ਪਈਏ ।
ਜੰਗਲ ਗਾਹੀਏ, ਰੇਤੜ ਵਾਹੀਏ,
ਨਾਲ ਪਹਾੜਾਂ ਖਹੀਏ ।
ਇਕੋ ਸਾਹੇ ਭਜਦੇ ਜਾਈਏ,
ਕਿਸੇ ਪੜਾ ਨਾ ਲਹੀਏ ।
ਵੇਖ ਮੁਲਾਇਮ ਸੇਜ ਫੁਲਾਂ ਦੀ
ਧਰਨਾ ਮਾਰ ਨਾ ਬਹੀਏ ।
ਸੌ ਰੰਗਾਂ ਦੇ ਵਿਚੋਂ ਲੰਘ ਕੇ,
ਫਿਰ ਵੀ ਬੇਰੰਗ ਰਹੀਏ ।
ਜੇ ਕੋਈ ਬੁਲਬੁਲ ਹਾਕਾਂ ਮਾਰੇ,
ਕੰਨ ਵਿਚ ਉਂਗਲਾਂ ਦਈਏ ।
ਜੇ ਕੋਈ ਕੰਡਾ ਪੱਲਾ ਪਕੜੇ,
ਛੰਡੀਏ ਤੇ ਨੱਸ ਪਈਏ ।
ਦੇਹ ਹਵਾ ਦਾ ਜੀਵਨ ਸਾਨੂੰ,
ਸਦਾ ਖੋਜ ਵਿਚ ਰਹੀਏ ।

37. ਹਾਲੀ ਦਾ ਗੀਤ

ਬੱਲੇ ਬੱਲੇ ਬੱਗਿਆ ਸ਼ੇਰਾ,
ਅਸ਼ਕੇ ਅਸ਼ਕੇ ਵਗਣਾ ਤੇਰਾ ।
ਤੂੰ ਚਲਦਾ ਤੇ ਦੁਨੀਆਂ ਚਲਦੀ,
ਤੂੰ ਖੱਲ੍ਹਦਾ ਤੇ ਦੁਨੀਆਂ ਖੱਲ੍ਹਦੀ, ।
ਤੇਰੇ ਵਰਗਾ ਕਿਹੜਾ ਬਲੀ,
ਜਿਸ ਦੇ ਸਿੰਙ 'ਤੇ ਦੁਨੀਆਂ ਖਲੀ ।
ਤਤਾ ਤਤਾ ਤਤਾ ਤਤਾ…

ਝੁੱਲ ਤੇਰੀ ਨੂੰ ਲੱਗੇ ਛੱਬੇ,
ਗਲ ਤੇਰੇ ਵਿਚ ਗਾਨੀ ਫੱਬੇ,
ਤੇਰੇ ਸੰਗ ਹਮੇਲਾਂ, ਟੱਲੀਆਂ,
ਮੈਂ ਗਾਵਾਂ ਇਹ ਮਾਰਨ ਤਲੀਆਂ ।
ਤਤਾ ਤਤਾ ਤਤਾ ਤਤਾ…

ਵਹੁਟੀ ਮੇਰੀ ਸੱਜ-ਵਿਆਹੀ,
ਕਿੰਨਾ ਸਾਰਾ ਦਾਜ ਲਿਆਈ ।
ਵਿਚ ਲਿਆਈ ਚੀਰਾ ਮੇਰਾ,
ਨਾਲੇ ਇਕ ਮਖੇਰਨਾ ਤੇਰਾ ।
ਤਤਾ ਤਤਾ ਤਤਾ ਤਤਾ…

ਇਹ ਮਖੇਰਨਾ ਭਾਗਾਂ ਭਰਿਆ,
ਮੇਰੀ ਸੱਜ-ਵਿਆਹੀ ਜੜਿਆ ।
ਫੁੰਮਣਾਂ ਅਤੇ ਜ਼ੰਜੀਰਾਂ ਨਾਲ,
ਘੋਗਿਆਂ ਤੇ ਤਸਵੀਰਾਂ ਨਾਲ ।
ਤਤਾ ਤਤਾ ਤਤਾ ਤਤਾ…

ਮੱਥੇ ਤੇਰੇ ਮਖੇਰਨਾ ਪਾ ਕੇ,
ਨਾਲ ਝਾਂਜਰਾਂ ਪੈਰ ਸਜਾ ਕੇ,
ਲੱਕ ਆਪਣੇ ਚਾਦਰ ਖੜਕਾ ਕੇ,
ਡੱਬਾਂ ਵਿਚ ਰੁਪਈਏ ਪਾ ਕੇ,
ਬਣ ਜਾਵਾਂਗੇ ਦੋਵੇਂ ਛੈਲੇ,
ਫੇਰ ਚਲਾਂਗੇ ਆਪਾਂ ਮੇਲੇ ।
ਤਤਾ ਤਤਾ ਤਤਾ ਤਤਾ…

38. ਜਵਾਨੀ

ਡਿੱਠੀ ਮੈਂ ਜਵਾਨੀ, ਇਕ ਜੱਟੀ ਮੁਟਿਆਰ ਤੇ,
ਵਿਛੀ ਹੋਈ ਇਕ ਸੂਬੇਦਾਰ ਦੇ ਪਿਆਰ ਤੇ ।

ਮੱਥਾ ਉਹਦਾ ਡਲ੍ਹਕਦਾ ਤੇ ਨੈਣਾਂ ਵਿਚ ਨੂਰ ਸੀ,
ਰੂਪ ਦਾ ਗੁਮਾਨ ਤੇ ਜਵਾਨੀ ਦਾ ਗ਼ਰੂਰ ਸੀ ।

ਆਕੜੀ ਨਰੋਈ, ਫ਼ੁੱਲ ਵਾਂਗ ਖਿੜ ਖਿੜ ਹੱਸਦੀ,
ਸਾਬਣ ਦੀ ਚਾਕੀ ਵਾਂਗ ਤਿਲਕ ਤਿਲਕ ਨੱਸਦੀ ।

ਸੇਮ ਵਾਂਗ ਸਿੰਮਦਾ ਸੁਹਾਗ ਦਾ ਸੰਧੂਰ ਸੀ,
ਬੋਤਲ ਦਾ ਨਸ਼ਾ ਉਹਦੇ ਨੈਣਾਂ 'ਚ ਸਰੂਰ ਸੀ ।

ਕੱਸੇ ਹੋਏ ਪਿੰਡੇ ਉੱਤੋਂ ਮੱਖੀ ਤਿਲਕ ਜਾਂਦੀ ਸੀ,
ਹੁਸਨ ਦੇ ਹੁਲਾਰੇ ਸ਼ਮਸ਼ਾਦ ਵਾਂਗ ਖਾਂਦੀ ਸੀ ।

ਚੀਕੂ ਵਾਂਗ ਮਿੱਠੀ ਤੇ ਖਰੋਟ ਵਾਂਗ ਪੱਕੀ ਸੀ,
ਪੀਆ ਦਾ ਪਿਆਰ ਨ ਸੰਭਾਲ ਹਾਲ ਸੱਕੀ ਸੀ ।

ਜੋਬਨ ਮਞੈਲਣਾਂ ਦਾ ਝਲਕਦਾ ਗੁਲਾਬ ਤੇ,
ਸ਼ਾਲਾ ਏਹੋ ਰੰਗ ਚੜ੍ਹੇ ਸਾਰੇ ਹੀ ਪੰਜਾਬ ਤੇ ।

39. ਮੌਤ ਨੂੰ

ਜਿਸ ਨੇ ਹੱਥਾਂ ਮੇਰਿਆਂ 'ਤੇ ਰੰਗ ਜਮਾਣਾ,
ਉਹ ਮਹਿੰਦੀ ਦਾ ਬੂਟੜਾ ਹੈ ਅਜੇ ਅੰਞਾਣਾ,
ਜਿਸ ਦੇ ਚਿੱਟੇ ਦੰਦ ਦਾ ਮੈਂ ਚੂੜਾ ਪਾਣਾ,
ਉਹ ਹਥਣੀ ਵਿਚ ਬੇਲਿਆਂ ਵੱਤੇ ਅਲਬੇਲੀ,
ਸਾਹ ਲੈ ਮੌਤੇ ਕਾਹਲੀਏ ਮੈਂ ਅਜੇ ਨਾ ਵਿਹਲੀ ।

ਅਜੇ ਨਾ ਆਪਣੇ ਵੀਰ ਦੀ ਮੈਂ ਘੋੜੀ ਗਾਈ,
ਜੌਂ-ਚਰਵਾਈ ਲਈ ਨਾ, ਨਾ ਵਾਗ ਫੜਾਈ,
ਅਜੇ ਨਾ ਭਾਬੀ ਆਪਣੀ ਨੂੰ ਝਾਤ ਬੁਲਾਈ,
ਨਾ ਮੈਂ ਪੀਂਘਾਂ ਝੂਟੀਆਂ ਨਾ ਸਾਵੇਂ ਖੇਲ੍ਹੀ,
ਸਾਹ ਲੈ ਮੌਤੇ ਕਾਹਲੀਏ ਮੈਂ ਅਜੇ ਨਾ ਵਿਹਲੀ ।

ਹੰਝੂ ਮੇਰੇ ਰਾਖਵੇਂ, ਅਣ-ਵੰਡੀਆਂ ਆਹੀਂ,
ਸਹਿਕਣ ਮੇਰੇ ਦੀਵਿਆਂ ਤਾਈਂ ਖ਼ਨਗਾਹੀਂ,
ਅੱਖਾਂ ਅਜੇ ਨਾ ਮੇਰੀਆਂ ਲੱਗੀਆਂ ਨੇ ਰਾਹੀਂ,
ਨਾ ਮੈਂ ਆਪਣੇ ਹਾਣ ਦਾ ਕੋਈ ਚੁਣਿਆ ਬੇਲੀ,
ਸਾਹ ਲੈ ਮੌਤੇ ਕਾਹਲੀਏ ਮੈਂ ਅਜੇ ਨਾ ਵਿਹਲੀ ।

40. ਨਾ ਵੰਞ ਢੋਲਾ

ਨਾ ਵੰਞ ਢੋਲਾ ਚੰਨਣਾ !
ਨਿੱਤ ਨਿੱਤ ਅਸਾਂ ਨਾ ਹਾੜੇ ਕੱਢਣੇ,
ਨਿੱਤ ਨਿੱਤ ਤੂੰ ਨਹੀਂ ਮੰਨਣਾ ।

ਜੇ ਜੀਵੇਂ ਤੇਰਾ ਰਹਿਣਾ ਕੂੜਾ,
ਲਾਹ ਵੰਞ ਹੱਥੀ ਮੇਰਾ ਚੂੜਾ,
ਖੋਲ੍ਹ ਜਾ ਨਾਲੇ ਕੰਙਣਾ ।

ਪਤਾ ਹੁੰਦਾ ਜੇ ਹੋਣਾ ਧੋਖਾ,
ਚੁੱਕ ਸੁੱਟਦੀ ਮੈਂ ਘੁੰਡ ਚਿਰੋਕਾ,
ਭੱਠ ਵਿਚ ਪਾਂਦੀ ਸੰਙਣਾ ।

ਖ਼ਬਰ ਹੁੰਦੀ ਜੇ ਪਊ ਵਿਛੋੜਾ,
ਮੋਹਨ ਚਾਅ ਕਰਦੀ ਮੈਂ ਥੋਹੜਾ,
ਪਿਆਰ ਨਾ ਪਾਂਦੀ ਸੰਘਣਾ ।

41. ਨੂਰ ਜਹਾਂ

ਰੋਜ਼ਾ ਤੇਰਾ, ਸੋਹਣੀਏ !
ਲੋਕਾਂ ਲਈ ਮਸਾਣ ।
ਪਰ ਸ਼ਾਇਰ ਦੀ ਨਜ਼ਰ ਵਿਚ,
ਇਹ ਇਕ ਪਾਕ ਕੁਰਾਨ ।
ਤੇੜਾਂ ਇਹਦੀਆਂ ਆਇਤਾਂ,
ਜੇ ਪੜ੍ਹੀਏ ਨਾਲ ਧਿਆਨ,
ਖ਼ੁਦੀ ਤਕੱਬਰ ਛੱਡ ਕੇ,
ਬਣ ਜਾਈਏ ਇਨਸਾਨ ।

1
ਫੁਟੀ ਪਹੁ ਮੂੰਹ-ਝਾਖਰਾ ਆਣ ਹੋਇਆ,
ਤਾਂਘ-ਨੈਣੀਆਂ ਅੱਖੀਆਂ ਮੱਲੀਆਂ ਨੇ ।
ਤ੍ਰੇਲ-ਮੋਤੀਆਂ ਦੀ ਮੂੰਹ-ਵਿਖਾਈ ਲੈ ਕੇ,
ਚਾਏ ਘੁੰਡ ਸ਼ਰਮਾਕਲਾਂ ਕੱਲੀਆਂ ਨੇ ।
ਬਾਹਰ ਕੱਢਿਆ ਗੁੱਜਰਾਂ ਚੌਣਿਆਂ ਨੂੰ;
ਦੁੱਧਾਂ ਵਿਚ ਮਧਾਣੀਆਂ ਹੱਲੀਆਂ ਨੇ ।
ਸੱਕ ਮਲਦੀਆਂ, ਰਾਵੀ ਦੇ ਪੱਤਣਾਂ ਨੂੰ
ਅੱਗ ਲਾਣ ਲਾਹੌਰਨਾ ਚੱਲੀਆਂ ਨੇ ।

ਏਹੋ ਜਿਹੇ ਦਿਲ-ਖਿੱਚਵੇਂ ਸਮੇਂ ਅੰਦਰ,
ਆਪਣੇ ਆਪ ਨੂੰ ਸ਼ਹਿਰ 'ਚੋਂ ਖਿੱਚ ਲਿਆ ਮੈਂ ।
ਹਵਾ ਫੱਕਦਾ ਰਾਵੀ ਦੇ ਕੰਢਿਆਂ ਦੀ,
ਸ਼ਾਹੀ ਰੋਜ਼ਿਆਂ ਉੱਤੇ ਜਾ ਨਿਕਲਿਆ ਮੈਂ ।

2
ਕੀ ਹਾਂ ਵਿੰਹਦਾ ! ਬਬੋਹਿਆਂ ਤੇ ਕਿਰਲਿਆਂ ਦੀ
ਲੱਥੀ ਹੋਈ ਏ ਹਰ ਥਾਂ ਬਰਾਤ ਅੰਦਰ ।
ਚੱਪੇ ਚੱਪੇ 'ਤੇ ਮਕੜੀਆਂ ਜਾਲ ਤਣਕੇ,
ਦੜੀਆਂ ਹੋਈਆਂ ਨੇ ਮੱਖੀ ਦੀ ਘਾਤ ਅੰਦਰ ।
ਛੱਤਾਂ ਨਾਲ ਚਮਗਾਦੜਾਂ ਲਮਕੀਆਂ ਨੇ;
ਛਾਈ ਹੋਈ ਏ ਮੱਸਿਆ ਦੀ ਰਾਤ ਅੰਦਰ ।
ਯਾ ਫਿਰ ਅਜੇ ਵੀ ਬੇਗ਼ਮ ਦੇ ਹੁਸਨ ਕੋਲੋਂ,
ਡਰਦਾ ਸੂਰਜ ਨਾ ਪਾਂਵਦਾ ਝਾਤ ਅੰਦਰ ।

ਵੇਖ ਮੋਤੀਆਂ ਵਾਲੀ ਦੇ ਮਕਬਰੇ ਨੂੰ,
ਕਿਹੜੀ ਅੱਖ ਬਹਿ ਕੇ ਛਮ ਛਮ ਰੋਂਵਦੀ ਨਹੀਂ ।
ਕਸਮ ਰੱਬ ਦੀ ਏਕਣਾ ਨਾਲ ਤਾਂ ਫਿਰ,
ਕਿਸੇ ਜੋਗਣ ਦੀ ਝੁੱਗੀ ਵੀ ਹੋਂਵਦੀ ਨਹੀਂ ।

3
ਡਾਟਾਂ ਖੱਖੜੀ ਵਾਂਗਰਾਂ ਪਾਟੀਆਂ ਨੇ,
ਥਾਂ ਥਾਂ ਪਈਆਂ ਤਰੇੜਾਂ ਦੀਵਾਰ ਅੰਦਰ ।
ਧੂੰਏਂ ਨਾਲ ਧਵਾਂਖੇ ਨੇ ਛੱਤ ਲੋਕਾਂ,
ਬਾਲ ਬਾਲ ਕੇ ਅੱਗਾਂ ਪਸਾਰ ਅੰਦਰ ।
ਸ਼ਮ੍ਹਾਦਾਨ ਕਾਫ਼ੂਰ ਦੇ ਜੱਗਦੇ ਸਨ,
ਕੱਲ੍ਹ ਜਿਸ ਦੇ ਸ਼ਾਹੀ ਦਰਬਾਰ ਅੰਦਰ ।
ਅੱਜ ਮਿੱਟੀ ਦਾ ਦੀਵਾ ਵੀ ਬਾਲਦਾ ਨਹੀਂ,
ਕੋਈ ਓਸ ਦੇ ਉਜੜੇ ਮਜ਼ਾਰ ਅੰਦਰ ।

ਇਹੋ ਜਿਹੀ ਸੋਹਣੀ ਸ਼ਕਲਵੰਦ ਸੂਰਤ,
ਰੱਬਾ ਮੇਰਿਆ ਯਾ ਤੇ ਬਣਾਇਆ ਨਾ ਕਰ ।
ਜੇ ਤੂੰ ਬਿਨਾਂ ਬਣਾਏ ਨਹੀਂ ਰਹਿ ਸਕਦਾ,
ਵਿਚ ਖ਼ਾਕ ਦੇ ਏਦਾਂ ਮਿਲਾਇਆ ਨਾ ਕਰ ।

4
ਜਿਸ ਦੇ ਡਲ੍ਹਕਣੇ ਹੁਸਨ ਦੀ ਸੋਟ ਵੇਲੇ,
ਸੂਰਜ ਚੰਦ ਵਰਗੇ ਨੂਰ ਝੁਠਦੇ ਸਨ ।
ਜਿਸ ਦੇ ਪਿਅਰਿਆਂ ਨੈਣਾਂ ਦੇ ਠੱਗ ਦੋਵੇਂ,
ਦਿਲ ਜਾਂਦਿਆਂ ਰਾਹੀਆਂ ਦੇ ਮੁੱਠਦੇ ਸਨ ।
ਸੂਹੇ ਫੁੱਲਾਂ ਦੀ ਅੱਗ ਨੂੰ ਹੱਥ ਲਾਇਆਂ,
ਜਿਸਦੇ ਪੋਟਿਆਂ 'ਤੇ ਛਾਲੇ ਉਠਦੇ ਸਨ ।
ਜਿਸ ਦੇ ਮਾਂਦਰੀ-ਹੁਸਨ ਦਾ ਦੀਦ ਕਰਕੇ,
ਮੁਰਦੇ ਉਠਦੇ ਤੇ ਜੀਂਦੇ ਕੁੱਠਦੇ ਸਨ ।

ਰੱਬਾ ! ਉਸ ਦੀ ਜਾਨ ਵੀ ਲੈਣ ਲਗਿਆਂ,
ਅਜ਼ਰਾਈਲ ਤੇਰਾ ਜ਼ਰਾ ਕੰਬਿਆ ਨਹੀਂ ?
ਜਿਵੇਂ ਲੇਟੀ ਸੀ ਓਵੇਂ ਹੀ ਦਿਸਦੀ ਏ,
ਹਾਏ ! ਸ਼ੋਹਦੀ ਦਾ ਪਾਸਾ ਵੀ ਅੰਬਿਆ ਨਹੀਂ ?

5
ਜਿਸ ਦੀ ਰਾਜਸੀ ਚਾਲਾਂ ਦੀ ਧਾਂਕ ਸੁਣ ਕੇ,
ਚੰਗੇ ਚੰਗਿਆਂ ਦੇ ਛੱਕੇ ਛੁੱਟਦੇ ਸਨ ;
ਜਿਸ ਦੀ ਸ਼ਾਇਰੀ ਦੇ ਰੋਅਬ ਦਾਬ ਅੱਗੇ,
'ਬੂਕਲੀਮ' ਵਰਗੇ ਧੋਣਾਂ ਸੁੱਟਦੇ ਸਨ ;
ਜਿਸ ਦੇ ਮੱਥੇ ਦੀ ਘੂਰ ਦੇ ਵੱਟ ਜਾ ਕੇ,
ਸ਼ਾਹੀ ਕਾਗ਼ਜ਼ਾਂ ਦੇ ਗਲੇ ਘੁੱਟਦੇ ਸਨ ;
ਜਿਸ ਦੀ ਉਡਣੀ ਅਕਲ ਦੇ ਤੀਰ ਖਾ ਕੇ,
ਨੀਲੇ ਅੰਬਰਾਂ 'ਚੋਂ ਤਾਰੇ ਟੁੱਟਦੇ ਸਨ ;

ਓਸ ਅਕਲ ਦੀ ਪੁਤਲੀ ਦੇ ਮਕਬਰੇ 'ਤੇ,
ਅੱਜ ਹਸਰਤਾਂ ਦੀ ਝੜੀ ਵੱਸਦੀ ਏ ;
ਨਾ ਹੀ ਕੋਈ ਭੰਬਟ ਆ ਕੇ ਰੋਂਵਦਾ ਏ ;
ਨਾ ਹੀ ਕੋਈ ਬੁਲਬੁਲ ਬੈਠੀ ਹੱਸਦੀ ਏ ।

6
ਆਓ ਬੁਲਬੁਲੋ ! ਬੇਗ਼ਮ ਦੇ ਮਕਬਰੇ 'ਤੇ,
ਜ਼ਰਾ ਰਲ ਮਿਲ ਕੇ ਚਹਿ ਚਹਾ ਲਈਏ ।
ਆਓ ਭੰਬਟੋ ! ਹੁਸਨ ਦੀ ਸ਼ਮ੍ਹਾਂ ਉਤੋਂ,
ਰਲ ਮਿਲ ਕੇ ਜਾਨਾਂ ਘੁਮਾ ਲਈਏ ।
ਆਓ ਬੱਦਲੋ ! ਮਲਕਾ ਦੀ ਯਾਦ ਅੰਦਰ,
ਬਿੱਦ ਬਿੱਦ ਕੇ ਹੰਝੂ ਵਸਾ ਲਈਏ ।
ਆਓ ਭੌਰਿਓ ! ਭੂੰ ਭੂੰ ਦਾ ਸ਼ੋਰ ਪਾ ਕੇ,
ਸੁੱਤੀ ਹੂਰ ਨੂੰ ਮੁੜ ਕੇ ਜਗਾ ਲਈਏ ।

ਉਸਦੀ ਬਾਤਨੀ ਖ਼ੂਬੀ ਨੂੰ ਕੋਈ ਰੋਵੇ,
ਅਤੇ ਕੋਈ ਰੋਵੇ ਉਸਦੀ ਜ਼ਾਹਰੀ ਨੂੰ ।
ਮੈਨੂੰ ਕਿਸੇ ਵੀ ਗੱਲ ਦਾ ਨਹੀਂ ਮੰਦਾ,
ਮੈਂ ਤੇ ਰੋਵਨਾ ਵਾਂ ਉਹਦੀ ਸ਼ਾਇਰੀ ਨੂੰ ।

7
ਉਹਦੀ ਸ਼ਾਇਰੀ ਦੀ ਜਦੋਂ ਯਾਦ ਆਈ,
ਢੇਰੀ ਹੌਸਲੇ ਮੇਰੇ ਦੀ ਢਹਿਣ ਲੱਗੀ ।
ਡੌਰ-ਭੌਰ ਹੋ ਕੇ ਪਿਛਾਂਹ ਜਾ ਪਿਆ ਮੈਂ,
ਨਦੀ ਹੰਝੂਆਂ ਦੀ ਅੱਖੋਂ ਵਹਿਣ ਲੱਗੀ ।
ਰੋਂਦੇ ਰੋਂਦਿਆਂ ਲੱਗ ਗਈ ਅੱਖ ਮੇਰੀ,
ਨੀਂਦ ਮਿੱਠੜੀ-ਮਿੱਠੜੀ ਪੈਣ ਲੱਗੀ ।
ਸੁੱਤਾ ਦੇਖ ਮੈਨੂੰ, ਨੂਰ ਜਹਾਂ ਬੇਗ਼ਮ
ਵਿਚ ਖ਼ਾਬ ਦੇ ਆ ਕੇ ਕਹਿਣ ਲੱਗੀ :

"ਮੇਰੀ ਸ਼ਾਇਰੀ ਦੀ ਜਿਵੇਂ ਕਦਰ ਕਰਕੇ,
ਮੇਰੀ ਕਬਰ 'ਤੇ ਕੇਰੇ ਨੀ ਚਾਰ ਹੰਝੂ ।
ਇਵੇਂ ਮੋਹਨਾ ਤੈਨੂੰ ਵੀ ਯਾਦ ਕਰਕੇ,
ਲੋਕੀਂ ਕੇਰਸਨਗੇ ਬੇ-ਸ਼ੁਮਾਰ ਹੰਝੂ ।"

42. ਝਨਾਂ

ਮੇਰੇ ਫੁੱਲ ਝਨਾਂ ਵਿਚ ਪਾਣੇ ।

ਮੈਂ ਸ਼ਾਇਰ ਮੇਰੇ ਫੁੱਲ ਸੁਹਾਵੇ,
ਕਦਰ ਇਹਨਾਂ ਦੀ ਕੋਈ ਆਸ਼ਕ ਪਾਵੇ,
ਗੰਗਾ ਬਾਹਮਣੀ ਕੀ ਜਾਣੇ,
ਮੇਰੇ ਫੁੱਲ ਝਨਾਂ ਵਿਚ ਪਾਣੇ ।

ਰੂਹਾਂ ਹੀਰ ਤੇ ਸੋਹਣੀ ਦੀਆਂ,
ਫਿਰਨ ਝਨਾਂ ਦੇ ਅੰਦਰ ਪਈਆਂ,
ਪੈਰ ਦੋਹਾਂ ਦੇ ਵਾਹਣੇ,
ਮੇਰੇ ਫੁੱਲ ਝਨਾਂ ਵਿਚ ਪਾਣੇ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰੋਫੈਸਰ ਮੋਹਨ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ