Punjabi Ghazlan Saadullah Shah
ਪੰਜਾਬੀ ਗ਼ਜ਼ਲਾਂ ਸਾਅਦੁੱਲਾ ਸ਼ਾਹ
੧. ਕਿੱਥੇ ਅੱਖੀਆਂ ਲਾ ਬੈਠਾ
ਕਿੱਥੇ ਅੱਖੀਆਂ ਲਾ ਬੈਠਾ ।
ਸੂਰਜ ਵਿਹੜੇ ਆ ਬੈਠਾ ।
ਆਖ਼ਰ ਉਹ ਦੀਵਾਨਾ ਵੀ,
ਲੋਕਾਂ ਦੇ ਵਿੱਚ ਜਾ ਬੈਠਾ ।
ਧੜ-ਧੜ ਧੜਕੇ ਹਰ ਗੱਲ 'ਤੇ,
ਮੈਂ ਦਿਲ ਨੂੰ ਸਮਝਾ ਬੈਠਾ ।
ਝੋਲੀ ਲਾਲੋ-ਲਾਲ ਹੋਈ,
ਅੱਖਾਂ ਕੀ ਛਲਕਾ ਬੈਠਾ ।
ਉਹ ਵੀ ਗੱਲਾਂ ਕਰਦਾ ਸੀ,
ਮੈਂ ਵੀ ਗੱਲ ਸੁਣਾ ਬੈਠਾ ।
ਲੱਗ ਕੇ ਪੱਥਰਾਂ ਪਿੱਛੇ ਮੈਂ,
ਕਈ ਅਲਮਾਸ ਗੰਵਾ ਬੈਠਾ ।
ਬੰਦਾ ਉਹੀਓ ਬਣਦਾ ਏ,
ਜਿਹੜਾ ਧੋਖਾ ਖਾ ਬੈਠਾ ।
'ਸ਼ਾਹ ਜੀ' ! ਮੈਂ ਬੱਸ ਉਹਦੇ ਲਈ,
ਹਰ-ਇੱਕ ਗੱਲ ਭੁਲਾ ਬੈਠਾ ।
੨. ਮੌਸਮ ਹੋਵੇ ਜਿਸ ਦਾ ਗਹਿਣਾ
ਮੌਸਮ ਹੋਵੇ ਜਿਸ ਦਾ ਗਹਿਣਾ ।
ਉਹੀਓ ਫੁੱਲ ਟਾਹਣੀ ਤੇ ਰਹਿਣਾ ।
ਦੋਵੇਂ ਕੰਮ ਈ ਸੌਖੇ ਹੁੰਦੇ,
ਜਿੱਤ ਕੇ ਲੜਨਾ, ਹਾਰ ਕੇ ਬਹਿਣਾ ।
ਤਾਂ ਫਿਰ ਦੋ-ਕੰਮ ਔਖੇ ਵੀ ਨੇ-
ਨਾ ਦੁਖ ਦੇਣਾ, ਨਾ ਦੁਖ ਸਹਿਣਾ ।
ਅੱਗਾਂ ਵੀ ਇਹ ਲਾ ਸਕਦਾ ਹੈ,
ਅੱਖਾਂ 'ਚੋਂ ਹੰਝੂਆਂ ਦਾ ਬਹਿਣਾ ।
ਹਰ ਇਕ ਟਹਿਣੀ ਖ਼ਤਰਾ ਹੁੰਦੀ,
ਜੇ ਕਰ ਟੁੱਟੇ ਪੂਰਾ ਟਹਿਣਾ ।
ਮੁਸ਼ਕਿਲ ਹੁੰਦਾ ਖ਼ੁਸ਼ਬੂ ਦੇ ਲਈ,
'ਵਾ ਚੱਲੇ ਤੇ ਫੁੱਲ ਵਿੱਚ ਰਹਿਣਾ ।
'ਸ਼ਾਹ ਜੀ' ਬਹੁਤੇ ਵਕਤਾਂ ਉੱਤੇ,
ਮੁਸ਼ਕਿਲ ਹੁੰਦਾ ਕੁਝ ਵੀ ਕਹਿਣਾ ।
੩. ਐਸੀ ਬੱਸ ਅਨਹੋਣੀ ਹੋਈ
ਐਸੀ ਬੱਸ ਅਨਹੋਣੀ ਹੋਈ ।
ਨਾ ਮੈਂ ਹਸਿਆ ਨਾ ਉਹ ਰੋਈ ।
ਜਿੱਥੇ ਕਿਸਮਤ ਪੁੱਠੀ ਹੋਵੇ,
ਉੱਥੇ ਯਾਰ ਕਰੇ ਕੀ ਕੋਈ ?
ਇੱਕ ਦੀ ਖ਼ਾਤਰ 'ਬਾਰਿਸ਼' ਚੰਗੀ,
ਇੱਕ ਦੀ ਸਾਰੀ ਝੁੱਗੀ ਚੋਈ ।
ਟੋਟੇ-ਟੋਟੇ ਤਾਰ ਨਜ਼ਰ ਦੀ,
ਜੀਹਨੇ ਮੇਰੀ ਜਿੰਦ ਪਰੋਈ ।
ਪੂੰਝੋ ਨਾ ਇਹ ਹੰਝੂ ਮੇਰੇ,
ਇਹ ਖੇਤੀ ਮੈਂ ਆਪੇ ਬੋਈ ।
ਚੁੱਪ ਸੀ ਉਹ ਪਰ ਚੁੱਪ ਦੇ ਵਿੱਚ ਵੀ,
ਅੱਖ ਤੋਂ ਡੂੰਘੀ ਗੱਲ ਸੀ ਕੋਈ ।
ਕੀ ਕਰੀਏ ਹੁਣ ਜੀਅ ਕੇ 'ਸ਼ਾਹ ਜੀ',
ਹਰ ਇੱਕ ਹਸਰਤ ਪੂਰੀ ਹੋਈ ।
੪. ਰੋਜ਼ ਇੱਕ ਰਸਮ ਵਧਾ ਜਾਂਦੇ ਨੇ
ਰੋਜ਼ ਇੱਕ ਰਸਮ ਵਧਾ ਜਾਂਦੇ ਨੇ ।
ਲੋਕੀਂ ਮੁਸ਼ਕਿਲ ਪਾ ਜਾਂਦੇ ਨੇ ।
ਕੁਝ ਨਹੀਂ ਆਖੀਦਾ ਉਨ੍ਹਾਂ ਨੂੰ,
ਗ਼ਮ ਨੇ, ਆਪੇ ਆ ਜਾਂਦੇ ਨੇ ।
ਫੁੱਲ ਤੋੜਨ ਨੂੰ ਜੀ ਵੀ ਕਰਦੈ,
ਤੋੜਾਂ, ਤਾਂ ਮੁਰਝਾ ਜਾਂਦੇ ਨੇ ।
ਹੋ ਜਾਂਦਾ ਏ, ਭੁੱਲਣ ਵਾਲੇ,
ਸਿੱਧੇ ਰਸਤੇ ਪਾ ਜਾਂਦੇ ਨੇ ।
'ਸ਼ਾਹ ਜੀ' ! ਗ਼ਮ ਤੇ ਉਹੀਓ ਚੰਗੇ,
ਜਿਹੜੇ ਰੱਤ ਰੁਲਾ ਜਾਂਦੇ ਨੇ ।
੫. ਪਹਿਲਾਂ ਜਿੰਦੜੀ ਰੁਲਦੀ ਦੇਖ
ਪਹਿਲਾਂ ਜਿੰਦੜੀ ਰੁਲਦੀ ਦੇਖ ।
ਫੇਰ ਹਕੀਕਤ ਖੁੱਲ੍ਹਦੀ ਦੇਖ ।
ਧੁੱਪ ਨੂੰ ਕੁਝ ਵੀ ਹੋਇਆ ਨਾ,
ਜਾ ਕੇ ਰੰਗਤ ਫੁੱਲ ਦੀ ਦੇਖ ।
ਗ਼ਮ ਨਾ ਕਰ, ਸੱਚਾਈ ਵੀ-
ਅਪਣੇ ਵਰਕੇ ਥੁੱਲਦੀ ਦੇਖ ।
ਉਹ ਵੀ ਖ਼ੁਆਬ ਖ਼ਰੀਦੇਗਾ,
ਤੂੰ ਵੀ ਦੁਨੀਆਂ ਮੁੱਲ ਦੀ ਦੇਖ ।
'ਸ਼ਾਹ' ਤੂੰ ਹਾਲਤ ਅਪਣੀ ਨਾਲ,
ਰੱਖ ਕੇ, ਹਾਲਤ ਕੁੱਲ ਦੀ ਦੇਖ ।