Rubaaiyaan : Babu Firoz Din Sharaf

ਰੁਬਾਈਆਂ : ਬਾਬੂ ਫ਼ੀਰੋਜ਼ਦੀਨ ਸ਼ਰਫ਼


ਰੁਝੇਵਾਂ

ਰੁਝੇਵੇਂ ਚ ਤੈਨੂੰ ਨਾ ਦਿਨ ਰਾਤ ਜਾਪੇ। ਚਮੋੜੇ ਤੂੰ ਦੁਨੀਆਂ ਦੇ ਕਿੰਨੇ ਨੇ ਛਾਪੇ । ‘ਸ਼ਰਫ਼’ ਤੂੰ ਤੇ ਮਗਰੋਂ ਕਦੀ ਨਹੀਂ ਇਹ ਲਾਹੁਣੇ, ਇਹ ਲਾਹੁਣਗੇ ਤੈਨੂੰ ਹੀ ਮਗਰੋਂ ਸਿਆਪੇ ।

ਤੇਰਾ ਮੁੱਲ

ਤੂੰ ਸੂਈ ਦੇ ਨੱਕੇ 'ਚੋਂ ਲੰਘ ਲੰਘ ਕੇ ਯਾਰਾ ! ਰਵ੍ਹੇਂਗਾ ਜੇ ਦੁਨੀਆਂ ਤੇ ਕਰਦਾ ਗੁਜ਼ਾਰਾ । ਇਹ ਕੀਮਤ ਪਵੇਗੀ ਤੇਰੀ ਮਰਨ ਪਿੱਛੋਂ, ਬੜਾ 'ਨੇਕ ਬੰਦਾ' ‘ਸ਼ਰਫ਼’ ਸੀ ਵਿਚਾਰਾ ।

ਸਾਬਤ-ਕਦਮੀ

ਮੁਸੀਬਤ 'ਚ ਦਿਲ ਨੂੰ ਨਤਾਣਾ ਨਾ ਕਰ ਤੂੰ । ਜੋ ਦੁਖ ਆਵੇ ਸਿਰ ਤੇ ਉਹ ਹਸ ਹਸ ਕੇ ਜਰ ਤੂੰ । ਖ਼ਿਜ਼ਾਂ ਨੇ ‘ਸ਼ਰਫ਼' ਆ ਕੇ ਬੂਟੇ ਨੂੰ ਕਹਿਆ, ਜੇ ਫੁੱਲਾਂ ਦੀ ਚਾਹ ਹੈ, ਨਾ ਸੂਲਾਂ ਤੋਂ ਡਰ ਤੂੰ ।

ਗੁੱਸਾ

ਕਰੋਧਾਂ ਨੂੰ ਦੇਵੀਂ ਨਾ ਬਹੁਤਾ ਉਛਾਲਾ ! ਜੇ ਆਵਣ ਤਾਂ ਪੀ ਜਾਈਂ ਭਰ ਕੇ ਪਿਆਲਾ। ਬੜਾ ਲਾਲ ਹੋਇਆ ਸੀ ਗੁੱਸੇ 'ਚ ਲੋਹਿਆ, ਵਦਾਨਾਂ ਨੇ ਕੀਤਾ ‘ਸ਼ਰਫ਼’ ਕੁੱਟ ਕੇ ਕਾਲਾ ।

ਫ਼ੈਜ਼

ਕਹਿਣ ਲੋਕੀ, ਦੀਵੇ ਦੇ ਥੱਲੇ ਹਨੇਰਾ । ਹੈ ਫ਼ਾਨੂਸ ਬਿਜਲੀ ਦਾ ਰੋਸ਼ਨ ਚੁਫੇਰਾ। ‘ਸ਼ਰਫ਼' ਛੋਟੇ ਬੰਦੇ ਦਾ ਉਪਕਾਰ ਛੋਟਾ, ਮਿਲੇ ਫ਼ੈਜ਼ ਵਡਿਆਂ ਦੇ ਕੋਲੋਂ ਵਡੇਰਾ ।

ਸਖ਼ਾਵਤ

ਅਖਾਣਾਂ ਦੇ ਅੰਦਰ ਇਹ ਕਹਿੰਦੀ ਏ ਦੁਨੀਆ । ਦੇਵੇ ਰੰਗ ਪਿਸ ਕੇ, ਇਹ ਮਹਿੰਦੀ ਏ ਦੁਨੀਆ। ਨਹੀਂ ਨਾਮ ਮਿਟਦਾ ‘ਸ਼ਰਫ਼' ਮਰਨ ਪਿੱਛੋਂ, ਸਖ਼ੀ ਦੀ ਸਦਾ ਜ਼ਿੰਦਾ ਰਹਿੰਦੀ ਏ ਦੁਨੀਆ।

ਜ਼ਾਤ ਪਾਤ

ਜੇ ਮੁੰਦਰੀ 'ਚ ਹੋਵੇ ਤੇ ਹੀਰਾ ਨਗੀਨਾ । ਜੇ ਚੱਟੇ ਜਿਗਰ ਪਾੜੇ ਨਾਲੇ ਇਹ ਸੀਨਾ । ‘ਸ਼ਰਫ਼’ ਜ਼ਾਤ ਅਸ਼ਰਫ਼ ਬਣੀ ਆਦਮੀ ਦੀ, ਬਣੇ ਨਾਲ ਫ਼ਿਹਲਾਂ ਦੇ ਬੰਦਾ ਕਮੀਨਾ।

ਦੌਲਤਮੰਦ

ਹੈ ਮੁੜ੍ਹਕਾ ਜਿਨ੍ਹਾਂ ਦਾ ਤੇਰੀ ਜੇਬ ਛਣਦਾ । ਤੇਰਾ ਸੀਨਾ ਉਹਨਾਂ ਦੇ ਉੱਤੇ ਕਿਉਂ ਤਣਦਾ? ‘ਸ਼ਰਫ਼’ ਸੋਚ ਮੂੰਹ ਪਾ ਕੇ ਗਲਮੀਣੇ ਅੰਦਰ, ਜੇ ਲੋਹਿਆ ਨਾ ਹੋਂਦਾ ਤਾਂ ਸੋਨਾ ਨਾ ਬਣਦਾ।

ਮਸ਼ਹੂਰੀ

ਕਮਾਈ ਬਿਨਾਂ ਖੰਡ ਚੂਰੀ ਨਹੀਂ ਮਿਲਦੀ। ਅਬਾਦਤ ਦੇ ਬਾਝੋਂ ਹਜ਼ੂਰੀ ਨਹੀਂ ਮਿਲਦੀ । ਸੜੇ ਖ਼ੂਨ ਦਿਲ ਦੇ, ਬਣੇ ‘ਸ਼ਰਫ਼’ ਨਾਫ਼ਾ, ਮੁਸ਼ੱਕਤ ਬਿਨਾ ਮਸ਼ਹੂਰੀ ਨਹੀਂ ਮਿਲਦੀ ।

ਅਣਜੋੜ

ਕਰੀਰਾਂ ਨੂੰ ਲੱਗਣ ਨਾ ਸੌਗੀ ਤੇ ਮੇਵੇ । ਕੁਹਾੜੀ, ਸੰਧੇਵੇ ਨੂੰ ਸੋਂਹਦੇ ਨਾ ਥੇਵੇ । ਸ਼ਰੀਫ਼ਾਂ ਤੇ ਸੁਘੜਾਂ ਧੀਆਂ ਦੇ ‘ਸਰਫ਼' ਜੀ, ਨਹੀਂ ਨਾਲ ਬੁਰਿਆਂ ਦੇ ਸਜਦੇ ਮੰਗੇਵੇ ।

ਕਨਾਇਤ

ਪਪੀਹੇ ਦਾ ਸੀਨਾ ਕਣੀ ਨਾਲ ਠਰਦਾ । ਸਮੁੰਦਰ ਦਾ ਪਿਆਲਾ ਨਾ ਮੀਂਹ ਨਾਲ ਭਰਦਾ । ਹੋਵੇ ਖ਼ੁਸ਼ ਗ਼ਰੀਬੀ ‘ਸ਼ਰਫ’ ਥੋੜ੍ਹੀ ਸ਼ੈ ਤੇ, ਅਮੀਰੀ ਦਾ ਦਿਲ ਹੈ ਤਮ੍ਹਾ ਬਹੁਤੀ ਕਰਦਾ ।

ਫ਼ੈਲਸੂਫ਼ੀ

ਤੇਰੀ ਫ਼ੈਲਸੂਫ਼ੀ ਹੈ ਦੁਨੀਆਂ 'ਚ ਗੂੰਜੀ । ਸੰਭਾਲੇਂ ਤੂੰ ਇਜ਼ਤ ਤੇ ਜਾਵੇ ਨਾ ਹੂੰਜੀ । ਖ਼ਿਜ਼ਾਂ ਪਿੱਛੋਂ ਹੋ ਗਏ ‘ਸ਼ਰਫ਼’ ਫੇਰ ਸਾਵੇ, ਜੜ੍ਹਾਂ ਦੀ ਦਰਖ਼ਤਾਂ ਬਚਾ ਲਈ ਸੀ ਪੂੰਜੀ ।

ਖ਼ੁਸ਼ਾਮਦੀ

ਖ਼ੁਸ਼ਾਮਦ ਦਾ ਜੀਹਨੂੰ ਤੂੰ ਚਿੱਠਾ ਸੁਣਾਇਆ। ਤੇਰਾ ਕੰਮ ਉਹਨੇ ਹੈ ਬੇਸ਼ਕ ਚਲਾਇਆ । ਅਣਖ ਆਪਣੀ ਤੇ ਸਮਝ ਓਸ ਦੀ ਨੂੰ, ‘ਸ਼ਰਫ’ ਜ਼ਹਿਰ ਮਿੱਠਾ ਤੂੰ ਡਾਢਾ ਪਿਲਾਇਆ ।

ਖ਼ੁਸ਼ਾਮਦ-ਪਰਸਤ

ਬੜੇ ਬੰਦੇ ਤੇਰੀ ਖ਼ੁਸ਼ਾਮਦ ਨੇ ਕਰਦੇ। ਤੇਰੇ ਦਿਲ ਦੇ ਅੰਦਰ ਉਹ ਮਿੱਟੀ ਨੇ ਭਰ ਦੇ । ‘ਸ਼ਰਫ਼’ ਉਹਦੇ ਵਿੱਚੋਂ ਨਹੀਂ ਦਿਸਦੀ ਸੂਰਤ, ਜਿਹੜੇ ਸ਼ੀਸ਼ੇ ਉੱਤੇ ਪਏ ਹੋਣ ਗਰਦੇ ।

ਸੁਖ਼ਨ

ਸਮੇਂ ਦੇ ਸੁਭਾ ਨੂੰ ਤੂੰ ਜਾਚੀਂ ਤੇ ਤੋਲੀਂ । ਤੇ ਤਦ ਫੇਰ ਕੋਈ ਸੁਖ਼ਨ, ਮੂੰਹੋਂ ਬੋਲੀਂ। 'ਸ਼ਰਫ਼' ਬੋਲ ਤੇਰੇ ਨੇ ਹੀਰੇ ਤੇ ਮੋਤੀ, ਬੇਕਦਰੀ ਦੇ ਚਿਕੜ ਦੇ ਅੰਦਰ ਨਾ ਰੋਲੀਂ।

ਬਾਦਸ਼ਾਹੀ

ਜੇ ਦੌਲਤ ਦੀ ਚਾਹ ਹੈ, ਸਦਾ ਦਾਨ ਕਰ ਤੂੰ । ਜੇ ਇੱਜ਼ਤ ਨੂੰ ਲੋੜੇਂ, ਤੇ ਅਹਿਸਾਨ ਕਰ ਤੂੰ । ਦਿੱਲਾਂ ਉੱਤੇ ਸ਼ਾਹੀ ‘ਸ਼ਰਫ਼’ ਜੇ ਤੂੰ ਕਰਨੀ, ਤਾਂ ਜ਼ਿੰਦ ਅਪਣੀ ਦੇਸ਼ ਉੱਤੋਂ ਕੁਰਬਾਨ ਕਰ ਤੂੰ।

ਸਭ ਰੰਗ

ਸਦਾ ਵਾਂਗ ਪਾਣੀ ਦੇ ਦੁਨੀਆਂ ਤੇ ਜੀਵੀਂ । ਮਿਲੇ ਰੰਗ ਜਿਹੜਾ ਉਹੋ ਰੰਗ ਥੀਵੀਂ। ‘ਸ਼ਰਫ਼' ਹੈ ਕਲਮ ਤੇਰਾ ਕੈਂਚੀ ਤੇ ਸੂਈ, ਤੂੰ ਹਰ ਸ਼ੈ ਦਾ ਮਜ਼ਮੂਨ ਕੱਟੀਂ ਤੇ ਸੀਵੀਂ ।

ਪਤਿਆਉਣਾ

ਹੈ ਤੈਨੂੰ ਜਿਹੜਾ ਐਬ ਆਪਣੇ ਸੁਣਾਉਂਦਾ । ਤੇਰੇ ਐਬ ਪੁੱਛਣਾ ਹੈ ਤੈਥੋਂ ਉਹ ਚਾਹੁੰਦਾ । ਸ਼ਿਕਾਰੀ ਬੰਨ੍ਹੇ ‘ਸ਼ਰਫ' ਬਕਰੇ ਨੂੰ ਪਹਿਲਾਂ, ਤੇ ਤਦ ਸ਼ੇਰ ਨੂੰ ਬੋਰ+ ਅੰਦਰ ਫਸਾਉਂਦਾ । + ਕੁੜਿੱਕੀ

ਖ਼ਜ਼ਾਨਾ

ਅਗਰ ਅੰਬ ਕੱਟੋ ਤੇ ਹੋਵੇ ਹਰਾ ਨਾ । ਵਧੇ ਫ਼ਾਲਸਾ ਜਿੰਨਾਂ ਛਾਂਗੇ ਜ਼ਮਾਨਾ । ਕਰੋ ਖ਼ਰਚ ਦੌਲਤ ਤੇ ਹੈ ‘ਸ਼ਰਫ਼' ਘਟਦੀ, ਵਧੇ ਵਰਤੋਂ ਵਿਚ ਇਲਮ ਦਾ ਪਰ ਖ਼ਜ਼ਾਨਾ ।

ਜ਼ਿੰਦਗੀ

ਤੇਰੀ ਜ਼ਿੰਦਗੀ ਇਕ ਸਮੁੰਦਰ ਹੈ ਭਾਰਾ । ਅਬਾਦਤ ਹੈ ਬੇੜੀ, ਮੁਹੱਬਤ ਕਿਨਾਰਾ । ਲਫ਼ਾਫ਼ੇ ਦੇ ਅੰਦਰ ‘ਸ਼ਰਫ’ ਬੰਦ ਚਿੱਠੀ, ਤੇ ਚਿੱਠੀ ਦੇ ਅੰਦਰ ਹੈ ਮਜ਼ਮੂਨ ਸਾਰਾ।

ਸਮਝ ਸੋਚ

ਹਵਾ ਤੇ ਹੈ ਇਕ, ਦੋ ਕਰਿਸ਼ਮੇ ਵਿਖਾਵੇ। ਖਿਲਾਂਦੀ ਹੈ ਕਲੀਆਂ ਤੇ ਅੱਗਾਂ, ਵੀ ਲਾਵੇ। ਕਰੀਂ ਐਸੀ ਗਲ ਤੂੰ ‘ਸ਼ਰਫ਼' ਅਕਲ ਵਾਲੀ, ਕਿਸੇ ਦੇ ਵੀ ਦਿਲ ਨੂੰ ਨਾ ਜਿਹੜੀ ਦੁਖਾਵੇ ।

ਹਲੀਮੀ

ਦਿਖਾਂਦਾ ਸੀ ਇਕ ਬੰਦਾ ਗੁੱਸੇ ਦੀ ਗਰਮੀ । ਹਲੀਮੀ 'ਚ ਦੂਜਾ ਰਿਹਾ ਬੰਦਾ ਧਰਮੀ । ‘ਸ਼ਰਫ਼’ ਧਾਰ ਖੰਜਰ ਦੀ ਸ਼ਰਮਿੰਦੀ ਹੋਈ, ਜਦੋਂ ਓਸ ਨੇ ਦੇਖੀ ਰੇਸ਼ਮ ਦੀ ਨਰਮੀ ।

ਗ੍ਰਹਸਤ

ਮੀਆਂ ਬੀਵੀ ਦੌਲਤ ਮੁਹੱਬਤ ਦੀ ਜੋੜੋ । ਖ਼ੁਸ਼ੀ ਨਾਲ ਵੱਸੋ, ਲੜਾਈਆਂ ਨੂੰ ਛੋੜੋ । ਜੇ ਜੀਵਨ-ਪੜਾਅ ਤੇ ‘ਸ਼ਰਫ਼' ਖ਼ੈਰੀਂ ਜਾਣਾ, ਗ੍ਰਹਸਤੀ ਦੀ ਗੱਡੀ ਦੇ ਪਹੀਏ ਨਾ ਤੋੜੋ ।

ਹਸਤੀ

ਕਲੀ ਤੇਰੀ ਹਸਤੀ ਦੀ ਹੈ ਨੂਰ ਧੋਤੀ। ਹਯਾਤੀ ਦੇ ਧਾਗੇ 'ਚ ਗਈ ਏ ਪਰੋਤੀ। ‘ਸ਼ਰਫ’ ਏਸ ਦੁਨੀਆ ਤੇ ਰਹੁ ਇਸ ਤਰ੍ਹਾਂ ਤੂੰ, ਜਿਵੇਂ ਪਾਣੀ ਅੰਦਰ ਰਹਿਣ ਸੁੱਚੇ ਮੋਤੀ ।

ਹਿੰਮਤ

ਬੇਕਾਰੀ ਦੇ ਅੰਦਰ ਨਾ ਤੂੰ ਡੋਲ ਜਾਵੀਂ । ਭਰੋਸਾ ਵੀ ਰੱਖੀਂ, ਤੇ ਉੱਦਮ ਦਿਖਾਵੀਂ । ‘ਸ਼ਰਫ਼' ਜੇ ਬੀਮਾਰੀ ਵੀ ਆ ਜਾਏ ਰੱਬੋਂ, ਦੁਆ ਵੀ ਕਰੀਂ ਤੇ ਦਵਾ ਵੀ ਤੂੰ ਖਾਵੀਂ।

ਹੰਕਾਰ

ਨਸੀਬਾਂ ਨੇ ਤੈਨੂੰ ਕੁਰਸੀ ਬਿਠਾਇਆ। ਦਿਲੋਂ ਤੂੰ ਗਰੀਬਾਂ ਨੂੰ ਕਾਹਨੂੰ ਭੁਲਾਇਆ ? ਦਰਖ਼ਤਾਂ ਦੇ ਸਿਰ ਤੇ ਜ਼ਿਮੀਂ ਨੂੰ ਸੀ ਭੁਲ ਗਈ, ਅਮਰ-ਵੇਲ ਨੇ ਫਲ ‘ਸ਼ਰਫ਼' ਕੁਝ ਨਹੀਂ ਪਾਇਆ ।

ਪੁਰਾਣੀ ਪੀੜ

ਜੋ ਕੀਤੇ ਨੇ ਤੂੰ ਕਾਲੇ ਵਾਲਾਂ 'ਚ ਕਾਰੇ । ਤੇਰੇ ਧੌਲੇ ਦੱਸਣਗੇ ਤੈਨੂੰ ਉਹ ਸਾਰੇ। ਹਨੇਰੇ ਦੇ ਅੰਦਰ ਜਿਹੜੀ ਸ਼ੈ ਗੁਆਚੀ, ਪਵੇ ਲੱਭ ਚਾਨਣ 'ਚ ਉਹ 'ਸ਼ਰਫ਼' ਪਿਆਰੇ !

ਖ਼ਿਦਮਤ

ਨਹੀਂ ਕੰਮ ਸੇਵਾ ਦਾ ਤੈਥੋਂ ਜੇ ਹੋਣਾ। ਜੇ ਔਖਾ ਹੈ ਤਸਬੀ ਦੀ ਚੱਕੀ ਨੂੰ ਝੋਣਾ । ਤਾਂ ਜੋੜੇ ਹੀ ਮੁਰਸ਼ਦ ਦੇ ਝਾੜੀਂ ‘ਸ਼ਰਫ਼' ਤੂੰ, ਕਿ ਜ਼ਰਗਰ ਦੇ ਕੂੜੇ 'ਚੋਂ ਵੀ ਮਿਲਦਾ ਸੋਨਾ ।

ਢੂੰਡ

ਭੁਲੇਖੇ 'ਚ ਹੈ ਤੇਰੀ ਮਾਦਾ-ਪ੍ਰਸਤੀ, ਮਿਲੇ ਸੋਨਾ ਮਹਿੰਗਾ ਤੇ ਮਿੱਟੀ ਹੈ ਸਸਤੀ । ਪਿਆ ਇੱਟਾਂ ਪੱਥਰਾਂ 'ਚ ਖਾਵੇਂ ਤੂੰ ਠੇਡੇ, ਅਗਾਂਹ ਹੋ ਕੇ ਢੂੰਡੀਂ ‘ਸ਼ਰਫ' ਉਹਦੀ ਹਸਤੀ।

ਹੰਝੂ

ਜਦੋਂ ਬੰਦੇ ਕੁਝ ਰਾਜ਼ ਅਰਸ਼ਾਂ ਦੇ ਟੋਲੇ । ਤਕੱਬਰ ਤੇ ਜਾ ਚੜ੍ਹਿਆ ਉੱਡਣ-ਖਟੋਲੇ । 'ਸ਼ਰਫ਼' ਅਮਨ ਦੇ ਹੌਕੇ ਤਦ ਗੈਸ ਬਣ ਗਏ, ਬਣੇ ਹੰਝੂ ਕੁਦਰਤ ਦੇ ਬੰਬਾਂ ਦੇ ਗੋਲੇ ।

ਤਮ੍ਹਾ

ਤਮ੍ਹਾ ਕਹਿਣ ਲੱਗੀ, ‘ਬਣਾਂ ਮੈਂ ਸਿਕੰਦਰ' । ਕਹਿਣ ਲੱਗੇ ਡਿਗ ਡਿਗ ਕੇ ਦੁਨੀਆ ਦੇ ਮੰਦਰ । ‘ਸ਼ਰਫ਼' ਬਹੁਤ ਲੋਭੀ ਸੀ ਰੇਸ਼ਮ ਦਾ ਕੀੜਾ, ਬਣੀ ਕਬਰ ਵੀ ਉਹਦੀ ਰੇਸ਼ਮ ਦੇ ਅੰਦਰ ।

ਬੁਢੇਪਾ

ਜਵਾਨੀ ਦੇ ਦਿਨ ਸੀ ਬੜੇ ਸੋਹਣੇ ਚੰਗੇ । ਬੁਢੇਪੇ ਨੇ ਕਰ ਦਿੱਤੇ ਫਿੱਕੇ, ਬੇਰੰਗੇ । ਹਯਾਤੀ ਦੇ ਬੂਟੇ ਨੂੰ ਫੁਲ ਪਏ ਰੰਗੀਲੇ, ‘ਸ਼ਰਫ਼' ਮੇਵੇ ਲੱਗੇ ਨੇ ਡਾਢੇ ਕੁੜੰਗੇ ।

ਅਣਖ

ਸਵੇਰੇ ਵਸਾਂਦਾ ਏ ਮੀਂਹ ਹੰਝੂਆਂ ਦਾ। ਤੇ ਸ਼ਾਮੀਂ ਵਿਖਾਵੇ ਫਲੂਹਿਆਂ ਦੀ ਮਾਲਾ । ‘ਸ਼ਰਫ਼' ਤਾਂ ਵੀ ਅੰਬਰ ਦੀ ਗ਼ੈਰਤ ਨੂੰ ਵੇਖੋ, ਕਿਸੇ ਅੱਗੇ ਕਰਦਾ ਨਹੀਂ ਸਿੱਧਾ ਪਿਆਲਾ।

ਕਦਰਦਾਨੀ

ਖ਼ੁਸ਼ਾਮਦ ਅਲੱਗ ਹੈ ਤੇ ਵਖ ਮਿਹਰਬਾਨੀ। ਮੁਹੱਬਤ ਦੀ ਜ਼ੰਜੀਰ ਹੈ ਕਦਰਦਾਨੀ । 'ਸ਼ਰਫ਼' ਦਿੱਤੇ ਬੂਟੇ ਨੇ ਫਲ ਵੀ ਤੇ ਛਾਂ ਵੀ, ਜਦੋਂ ਉਹਨੂੰ ਮਿਲਿਆਂ ਖ਼ਰਾ, ਖਾਦ-ਪਾਣੀ ।

ਕਾਮਯਾਬੀ

ਨਿੱਕੀ ਨਿੱਕੀ ਹਸਣੀ ਦਾ ਹੋਠਾਂ ਤੇ ਲਾਸਾ। ਹਮੇਸ਼ਾ ਭਰੇ ਕਾਮਯਾਬੀ ਦਾ ਕਾਸਾ। ‘ਸ਼ਰਫ਼’ ਬੁਲਬੁਲਾਂ ਮੱਖੀਆਂ ਭੌਰਿਆਂ ਨੂੰ, ਬਣਾ ਲੈਂਦਾ ਆਸ਼ਕ, ਹੈ ਕਲੀਆਂ ਦਾ ਹਾਸਾ।

ਨੁਕਤਾਚੀਨੀ

ਇਹ ਪਈ ਕਹਿੰਦੀ ਸੀ ਇਲਮ ਨੂੰ ਦੂਰਬੀਨੀ । ਗਿਣੇ ਐਬ ਦੂਜੇ ਦੇ ਵਾਦੀ ਕਮੀਨੀ । ਚੁਣੀਂ ਮੋਤੀ ਗੁਣ ਦੇ, ‘ਸ਼ਰਫ਼' ਛੱਡੀਂ ਗ਼ਲਤੀ, ‘ਬੜੀ ਮਿਠੀ ਹੁੰਦੀ ਏ ਇਹ ਨੁਕਤਾਚੀਨੀ ।'

ਹਾਸਦ

ਸਿਲੇ-ਹਾਰ ਸੜਦੇ ਤਰੱਕੀ ਦੇ ਰੁੱਤੇ । ਕਰੀਂ ਤੌਖਲਾ ਨਾ ਕਿਸੇ ਰੌਲੇ ਉੱਤੇ । ਨਹੀਂ ਰਿਜ਼ਕ ਦਰਵੇਸ਼ ਦਾ ‘ਸ਼ਰਫ਼' ਘਟਦਾ, ਸਦਾ ਭੌਂਕਦੇ ਰਹਿੰਦੇ ਗਲੀਆਂ ਦੇ ਕੁੱਤੇ ।

ਉਮੈਦਾਂ

ਨਵੇਂ ਸ਼ਹਿਰ ਆਸਾਂ ਦੇ ਲੱਖਾਂ ਬਣਾਏ। ਮੁਰਾਦਾਂ ਦੇ ਦੋ ਤਿੰਨ ਸੀ ਝੁੱਗੇ ਵਸਾਏ । ‘ਸ਼ਰਫ਼’ ਫੁੱਲ ਏਥੇ ਹਜ਼ਾਰਾਂ ਖਿੜੇ ਸਨ, ਤੇ ਫਲ ਕਿੰਨੇ ਥੋਹੜੇ ਨੇ ਬੂਟੇ ਨੂੰ ਆਏ ।

ਫਲ

ਬੁਰਾਈਆਂ ਦਾ ਬੂਟਾ ਬੜਾ ਹੈ ਪਿਆਰਾ । ਇਹਦੀ ਛਾਵੇਂ ਪਰੀਆਂ ਦਾ ਹੁੰਦਾ ਉਤਾਰਾ । ਸ਼ਰਾਬੀ ਕਟੋਰੇ 'ਸ਼ਰਫ' ਫੁੱਲ ਇਹਦੇ, ਪਵੇ ਫਲ ਮਗਰ ਇਹਨੂੰ ਕੌੜਾ ਤੇ ਖਾਰਾ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਾਬੂ ਫ਼ੀਰੋਜ਼ਦੀਨ ਸ਼ਰਫ਼
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ