Punjabi Poetry Riaz Ahmed Shaad

ਪੰਜਾਬੀ ਕਲਾਮ/ਗ਼ਜ਼ਲਾਂ ਰਿਆਜ਼ ਅਹਿਮਦ ਸ਼ਾਦ

1. ਸਾਰਾ ਕੁਝ ਇਕ ਸ਼ਾਹੂਕਾਰਾ ਲਗਦਾ ਏ

ਸਾਰਾ ਕੁਝ ਇਕ ਸ਼ਾਹੂਕਾਰਾ ਲਗਦਾ ਏ।
ਸਾਹ ਵੀ ਜਿਹੜਾ ਲਵਾਂ ਉਧਾਰਾ ਲਗਦਾ ਏ।

ਹੱਥ ਵਧਾਵਣ ਲੱਗਿਆਂ ਕਿਵੇਂ ਪਛਾਣਦਾ ਮੈਂ,
ਡੁਬਦੇ ਨੂੰ ਤੇ ਕੱਖ ਸਹਾਰਾ ਲਗਦਾ ਏ।

ਚੰਗਿਆਂ ਦਿਨਾਂ ਦੀ ਕਿਸਰਾਂ ਕੋਈ ਉਮੀਦ ਕਰੇ,
ਹਰ ਦਿਨ ਪਿਛਲੇ ਦਿਨ ਤੋਂ ਭਾਰਾ ਲਗਦਾ ਏ।

ਦੁੱਖਾਂ ਨੇ ਇਸ ਤਰ੍ਹਾਂ ਬੇਹੁਰਮਤ ਕਰ ਛੱਡਿਐ,
ਬੰਦਾ ਪਾਟਾ ਹੋਇਆ ਸਪਾਰਾ ਲਗਦਾ ਏ।

ਸੁੱਕੇ, ਸਹਿਮੇ ਡਰੇ ਖਲੋਤੇ, ਰੁੱਖਾਂ ਨੂੰ,
'ਸ਼ਾਦ' ਜ਼ਮਾਨਾ ਲੱਕੜਹਾਰਾ ਲਗਦਾ ਏ।

2. ਬੰਦਾ ਲਭਦੈ ਫਿਰਦਾ ਹੋਰ ਜਹਾਨ ਕੋਈ

ਬੰਦਾ ਲਭਦੈ ਫਿਰਦਾ ਹੋਰ ਜਹਾਨ ਕੋਈ।
ਰੱਬਾ ! ਤੈਥੋਂ ਖੁਸ ਜਾਣੈ ਅਸਮਾਨ ਕੋਈ।

ਸਰਘੀ ਵੇਲੇ ਆ ਕੇ ਰਾਤ ਖਲੋ ਗਈ ਏ,
ਐਵੇਂ ਕਾਹਨੂੰ ਦੇਂਦੈ ਪਿਆ ਅਜ਼ਾਨ ਕੋਈ।

ਅਪਣਾ ਆਲ ਦੁਆਲਾ ਰੌਸ਼ਨ ਕਰ ਰੱਖੋ,
ਹਾਲੇ ਰਾਤ ਢਲਣ ਦਾ ਨਾ ਇਮਕਾਨ ਕੋਈ।

ਸੱਧਰਾਂ, ਵੱਡਿਆਂ, ਸ਼ਹਿਰਾਂ ਦਾ ਵਸਨੀਕ ਜਿਵੇਂ,
ਮੈਂ ਕਸਬੇ ਦਾ ਖ਼ਸਤਾ ਮਕਾਨ ਕੋਈ।

ਜਿਹੜਾ ਅੱਖਾਂ ਫੇਰ ਕੇ ਇਧਰੋਂ ਲੰਘਿਆ ਏ,
ਨਈਂ ! ਨਈਂ ! ਮੇਰੀ ਤੇ ਨਈਂ ਜਾਣ ਪਛਾਣ ਕੋਈ।

ਉਹ ਸੀ ਟਪਰੀਵਾਸ, ਕਿਰਾਏਦਾਰ ਆਂ ਮੈਂ,
ਉਹਦਾ ਥਹੁ ਨਾ, ਮੇਰਾ ਇੱਕ ਮਕਾਨ ਕੋਈ।

3. ਗਿਰਝਾਂ ਉਡਦੀਆਂ ਨਜ਼ਰੀਂ ਆਈਆਂ

ਗਿਰਝਾਂ ਉਡਦੀਆਂ ਨਜ਼ਰੀਂ ਆਈਆਂ, ਜਿੱਥੋਂ ਤੀਕ ਨਜ਼ਰ ਗਈ ਏ।
ਬੰਦੇ ਨਈਂ ਤੇ ਬੰਦਿਆਂ ਅੰਦਰ ਕੋਈ ਸ਼ੈ ਤੇ ਮਰ ਗਈ ਏ।

ਸਾੜੇ ਨਾਲ ਸਵੇਰ ਦੀ ਸੱਧਰ ਕੀ ਦਾ ਕੀ ਕੁਝ ਕਰ ਗਈ ਏ,
ਜਿਉਂ ਜਿਉਂ ਸੂਰਜ ਸਿਰ 'ਤੇ ਆਇਆ, ਜਾਨ ਅਸਾਡੀ ਠਰ ਗਈ ਏ।

ਚੰਨ ਉਂਜ ਨਾਲ ਰਿਹਾ ਏ ਟੁਰਦਾ, ਪਰ ਮੇਰੇ ਘਰ ਅਪੜਨ 'ਤੇ,
ਬਾਹਰ ਖਲੋਤੀ ਰਹੀ ਚਾਨਣੀ, ਨਾਲ ਕਦੀ ਨਾ ਘਰ ਗਈ ਏ।

ਜਜ਼ਬਿਓਂ ਖ਼ਾਲੀ ਤੇਰੀ ਮਨਤਕ, ਮੈਂ ਮਨਤਕ ਤੋਂ ਖ਼ਾਲੀ ਹਾਂ,
ਤੇਰੇ ਭਾਣੇ ਡੁਬ ਗਈ ਸੁਹਣੀ, ਮੇਰੇ ਭਾਣੇ ਤਰ ਗਈ ਏ।

ਬੁਝਿਆ ਬੁਝਿਆ ਇੰਜ ਖਲੋਤਾਂ, ਰੌਣਕ ਭਰੀਆਂ ਸੜਕਾਂ 'ਤੇ,
ਮੈਂ ਜਿਉਂ ਕੱਲਾ ਰਹਿ ਗਿਆਂ ਜ਼ਿੰਦਾ, ਵਸਤੀ ਸਾਰੀ ਮਰ ਗਈ ਏ।

'ਸ਼ਾਦ' ਅਸਾਡੇ ਸਾਰੇ ਅੱਥਰੂ, ਅੰਦਰੋ ਅੰਦਰੀ ਡਿਗਦੇ ਰਏ,
ਹੌਲੀ ਹੌਲੀ ਦਿਲ ਦੀ ਝੱਜਰ ਅੱਖਾਂ ਤੀਕਰ ਭਰ ਗਈ ਏ।

4. ਜ੍ਹਿਦੀ ਬੇਬਸ ਦੁਹਾਈ ਦੇ ਰਿਹਾ ਏ

ਜ੍ਹਿਦੀ ਬੇਬਸ ਦੁਹਾਈ ਦੇ ਰਿਹਾ ਏ।
ਉਦ੍ਹੇ ਅੱਗੇ ਸਫ਼ਾਈ ਦੇ ਰਿਹਾ ਏ।

ਸਮੁੰਦਰ ਤਕ ਤੇ ਲੈ ਆਇਆ ਏ ਦਰਿਆ,
ਹੁਣ ਆ ਕੇ ਤੇ ਰਿਹਾਈ ਦੇ ਰਿਹਾ ਏ।

ਅਜੇ ਨਾ ਵੈਣ ਪਾਓ ਨੇਰ੍ਹਿਆਂ ਦੇ,
ਕੋਈ ਜੁਗਨੂੰ ਦਿਖਾਈ ਦੇ ਰਿਹਾ ਏ।

ਤੂੰ ਇਕ ਨਿੰਮ੍ਹਾ ਜਿਹਾ ਭਰਿਆ ਸੀ ਹੌਕਾ,
ਉਹ ਅਜ ਤੀਕਰ ਸੁਣਾਈ ਦੇ ਰਿਹਾ ਏ।

ਜ਼ਰਾ ਠਹਿਰੀਂ ਅਜੇ ਬੂਹਾ ਨਾ ਢੋਵੀਂ,
ਕੋਈ ਆਉਂਦਾ ਵਿਖਾਈ ਦੇ ਰਿਹਾ ਏ।

ਗੁਆਚਾ ਮੈਂ ਆਂ ਤੇ ਲਭਨਾਂ ਆਂ ਉਹਨੂੰ,
ਉਹ ਹੁਣ ਲਗਦੈ ਵਿਖਾਈ ਦੇ ਰਿਹਾ ਏ।

ਜਦੋਂ ਜਰਿਆ ਨਾ ਜਾਵੇ ਪਲ ਵਿਛੋੜਾ,
ਤਦੋਂ ਜਾਕੇ ਜੁਦਾਈ ਦੇ ਰਿਹਾ ਏ।

ਦੋ ਅੱਥਰੂ 'ਸ਼ਾਦ' ਦੇ ਐਵੇਂ ਨਾ ਸਮਝੀਂ,
ਹਿਯਾਤੀ ਦੀ ਕਮਾਈ ਦੇ ਰਿਹਾ ਏ।