Relu Ram Di Bus : Charan Puadhi
ਰੇਲੂ ਰਾਮ ਦੀ ਬੱਸ : ਚਰਨ ਪੁਆਧੀ
ਰੇਲੂ ਰਾਮ ਦੀ ਬੱਸ
ਰੇਲੂ ਰਾਮ ਨੇ ਪੀਤੀ ਰਸ।
ਰੱਜ ਪੁੱਜ ਕੇ ਕਹਿੰਦਾ ਬੱਸ।
ਚੜ੍ਹਜਾ ਰੇਲੂ ਗੱਡੇ ਤੇ।
ਬੱਸ ਮਿਲੂਗੀ ਅੱਡੇ ਤੇ।
ਅੱਡੇ ਤੇ ਬੜੀ ਗਰਮੀ ਆਂ।
ਪਾਣੀ ਦੇ ਨਾਲ ਨਰਮੀ ਆਂ।
ਹੱਥ ਟੂਟੀ ਨੂੰ ਲਾਇਆ ਸੀ।
ਸਾਰਾ ਅੱਡਾ ਤਿਹਾਇਆ ਸੀ।
ਹਰਿਆਲੀ
(ਰੁੱਖ ਲਗਾਓ
ਵਾਤਾਵਰਣ ਬਚਾਓ)
ਕਾਵਾਂ! ਕਾਵਾਂ! ਪੌਦੇ ਲਾ।
ਚਿੜੀਏ! ਚਿੜੀਏ!ਪਾਣੀ ਪਾ।
ਤੋਤਿਆ! ਬੈਠ ਛੰਗਾਈ ਕਰ।
ਧਰਤੀ ਹਰਿਆਲੀ ਨਾਲ ਭਰ।
ਜੇ ਹਰਿਆਲੀ ਹੋਊਗੀ।
ਤਾਂ ਖੁਸ਼ਹਾਲੀ ਹੋਊਗੀ।
ਹਰਿਆਲੀ ਨਾਲ ਪਾਣੀ ਆਂ।
ਪਾਣੀ ਨਾਲ ਜ਼ਿੰਦਗਾਨੀ ਆਂ।
ਕੀੜੀ ਤੇ ਚਿੜੀ
ਕੀੜੀ ਤੁਰਦੀ ਜਾਂਦੀ ਸੀ।
ਚਿੜੀਆ ਉਡਦੀ ਜਾਂਦੀ ਸੀ।
ਕੀੜੀ ਦੇਖਕੇ ਉੱਡ ਗਈ।
ਚਿੜੀ ਸ਼ਰਮ ਨਾਲ ਡੁੱਬ ਗਈ।
ਡੁੱਬੀ ਨੂੰ ਕੋਈ ਤਾਰੇ ਨਾ।
ਕੀੜੀ ਨੂੰ ਕੋਈ ਮਾਰੇ ਨਾ।
ਜੇਕਰ ਕੀੜੀ ਡਿੱਗੇਗੀ।
ਤਾਂ ਹੀ ਚਿੜੀਆ ਉੱਡੇਗੀ।
ਲੂੰਬੜੀਏ
ਲੂੰਬੜੀਏ! ਨੀ ਲੂੰਬੜੀਏ।
ਦੋਵੇਂ ਬੈਠ ਕੇ ਆ ਪੜ੍ਹੀਏ।
ਹੁਣ ਸਦੀ ਏ ਇੱਕੀਵੀਂ।
ਤੇਰੀ ਚਲਾਕੀ ਚੱਲਣੀ ਨੀ।
ਕਾਂ ਟਾਹਣੀ ਤੇ ਬਹਿੰਦੇ ਨੀ।
ਕੁੱਕੜ ਬਾਂਗਾਂ ਦਿੰਦੇ ਨੀ।
ਮੋਰ ਟਿਊਨ 'ਚ ਆਉਂਦੇ ਨੇ।
ਚੂਹੇ ਨੈੱਟ ਚਲਵਾਉਂਦੇ ਨੇ।
ਦਾਦੀ
ਦਾਦੀ! ਦਾਦੀ! ਬਾਤ ਸੁਣਾ।
ਰਾਤੋ ਵੱਡੀ ਬਾਤ ਬਣਾ।
ਨਹੀਂ ਸੁਣਾਈ ਖੜ੍ਹਨਾ ਨੀ।
ਤੇਰੀ ਗੋਦੀ ਵੜਨਾ ਨੀ।
ਜਾ ਕੇ ਟੀ.ਵੀ. ਦੇਖੂੰਗਾ।
ਬਾਤ ਲਈ ਨਾ ਆਖੂੰਗਾ।
ਲੈ ਤੂੰ ਆਪਣੇ ਕੋਲ ਬਿਠਾ।
ਭਰੂੰ ਹੁੰਘਾਰਾ ਬੋਲੀ ਜਾ।
ਕੁਕੜੂੰ-ਕੂੰ
ਕੁੱਕੜ ਕਰਕੇ ਕੁੱਕੜੰ ਕੂੰ।
ਰੋਜ਼ ਜਗਾਉਂਦਾ ਸਾਰਿਆਂ ਨੂੰ।
ਜੀ ਨਹੀਂ ਆਖੀ ਹਰਖ਼ ਗਿਆ।
ਚੁੱਪ ਬਾਂਗ ਤੋਂ ਵਰਤ ਗਿਆ।
ਚੁੱਪ-ਚੁਪੀਤਾ ਸ਼ਹਿਰ ਗਿਆ।
ਸ਼ੋਰ ਨੂੰ ਸੁਣ ਕੇ ਠਹਿਰ ਗਿਆ।
ਮੁੜਿਆ ਕਹਿਕੇ, ਸ਼ਹਿਰਾ ਉਏ।
ਮੈਂ ਨੀ ਹੋਣਾ ਬਹਿਰਾ ਉਏ।
ਤੋਤੇ ਤੇ ਡੱਡੂ
ਤੋਤੇ ਬੈਠੇ ਟਾਹਣੀ 'ਤੇ।
ਡੱਡੂ ਤੈਰਦੇ ਪਾਣੀ 'ਤੇ।
ਤੋਤੇ ਬਿੱਠਾਂ ਕਰਦੇ ਸੀ।
ਡੱਡੂ ਭੱਜ-ਭੱਜ ਫੜ੍ਹਦੇ ਸੀ।
ਫੜ ਫੜਾਉਂਦੇ ਉਡਗੇ ਸੀ।
ਤੋਤਿਆਂ ਦੇ ਦੰਦ ਜੁੜਗੇ ਸੀ।
ਜੁੜੇ-ਜੁੜਾਏ ਬਹਿਗੇ ਸੀ।
ਉਬਾਸੀ ਲੈਣੋ ਰਹਿਗੇ ਸੀ।
ਬਾਬਾ ਜੀ
ਬਾਬਾ ਜੀ! ਮੇਰੇ ਬਾਬਾ ਜੀ!
ਲਿਆਓ ਫਲ਼ਾਂ ਦਾ ਛਾਬਾ ਜੀ।
ਫ਼ਲ ਹੁੰਦੇ ਗੁਣਕਾਰੀ ਨੇ।
ਰੱਖਦੇ ਦੂਰ ਬਿਮਾਰੀ ਨੇ।
ਦੂਰ-ਦੁਰੇਡੇ ਜਾਨੇ ਆਂ।
ਤਾਜ਼ੇ ਹੀ ਫ਼ਲ ਖਾਨੇ ਆਂ।
ਲਾਲ ਸੇਬ ਜਿਓਂ ਰਹਿੰਨੇ ਆਂ।
ਸਾਫ ਹਵਾ ਵਿੱਚ ਬਹਿੰਨੇ ਆਂ।
ਘੁੱਗੀਏ!
ਘੁੱਗੀਏ! ਮਾਰ ਉਡਾਰੀ ਨੂੰ।
ਦੱਸਦੇ ਦੁਨੀਆਂ ਸਾਰੀ ਨੂੰ।
ਲੜਨਾ-ਭਿੜਨਾ ਮਾੜਾ ਏ।
ਕੁੜ੍ਹਨਾ ਸੜਨਾ ਮਾੜਾ ਏ।
ਨੱਚਣਾ ਕੁੱਦਣਾ ਚੰਗਾ ਏ।
ਹਸਣਾ ਗਾਉਣਾ ਚੰਗਾ ਏ।
ਲੋਕੋ ਹੱਦਾਂ ਪਾਵੋ ਨਾ।
ਧਰਤੀ ਦੀ ਛਿੱਲ ਲਾਹਵੋ ਨਾ।
ਭੌਂਕੀ ਨਾ
ਨਾ ਵੇ ਕੁੱਤਿਆ! ਭੌਂਕੀ ਨਾ।
ਸਾਡਾ ਡਰਜੂਗਾ ਮੁੰਨਾ।
ਰੋਟੀ ਤੈਨੂੰ ਪਾਉਣੀ ਨਹੀਂ।
ਚਾਹੇ ਪੂਛ ਹਿਲਾਉਂਦਾ ਰਹੀਂ।
ਚੋਰ ਪਏ ਤੇ ਚੌਂਕੇ ਨਾ।
ਲੋੜ ਪਈ ਤੇ ਭੌਂਕੇ ਨਾ।
ਸਾਰਾ ਦਿਨ ਕੁਰਲਾਵੇਂ ਤੂੰ।
ਲੰਡਰਪੁਣਾ ਦਿਖਾਵੇਂ ਤੂੰ।
ਬਿੱਲੀਏ!
ਬਿੱਲੀਏ! ਤੂੰ ਹੁਸ਼ਿਆਰ ਬੜੀ।
ਦਾਅ ਮਾਰਨ ਨੂੰ ਤਿਆਰ ਖੜ੍ਹੀ।
ਮੂੰਹ ਪਾਸੇ ਨਾ ਹੋਣ ਦੇਵੇਂ।
ਮੂੰਹ ਭਾਂਡੇ ਵਿੱਚ ਠੋਕ ਲਵੇਂ।
ਰੋਟੀ ਛਾਬਾ ਤੋੜਦੀ ਏਂ।
ਦਹੀਂ ਦਾ ਕੁੱਜਾ ਰੋੜ੍ਹਦੀ ਏਂ।
ਘੁੱਗੀ ਕਬੂਤਰ ਨੋਚ ਲਵੇਂ।
ਚੂਹੇ ਚਿੜੇ ਦਬੋਚ ਲਵੇਂ।
ਚਿੜੀਏ
ਚਿੜੀਏ! ਚਿੜੀਏ! ਕਰਦੇ ਚੂੰ।
ਬਿੱਲੂ ਦੇ ਬੋਦੇ ਵਿੱਚ ਜੂੰ।
ਚੂੰ ਕਰੇਂਗੀ ਦਹਿਲ ਜਾਏਗੀ।
ਬੋਦੇ ਵਿੱਚੋਂ ਨਿਕਲ ਜਾਏਗੀ।
ਕਾਨਪੁਰੇ ਦੀ ਬੱਸ ਚੜ੍ਹੇਗੀ।
ਥੇਲੀਪੁਰ ਦੇ ਵਿੱਚ ਖੜ੍ਹੇਗੀ।
ਚੂੰਢੀਪੁਰ ਤੇ ਚੱਕ ਹੋਵੇਗੀ।
ਨਾਖੂਪੁਰੇ ਪਟੱਕ ਹੋਵੇਗੀ।
ਹਾਥੀ
ਹਾਥੀ ਆ ਬਈ ਹਾਥੀ ਆ।
ਕਾਲੇ ਪਹਾੜ ਦਾ ਸਾਥੀ ਆ।
ਸੁੰਢ ਘੁੰਮਾਉਂਦਾ ਫਿਰਦਾ ਏ।
ਮਸਤ ਚਾਲ ਵਿੱਚ ਤੁਰਦਾ ਏ।
ਤੁਰਦਾ ਧਰਤ ਹਿਲਾਉਂਦਾ ਏ।
ਜੜ੍ਹ 'ਚੋਂ ਰੁੱਖ ਉਡਾਉਂਦਾ ਏ।
ਚਾਹੇ ਕੁੱਝ ਵੀ ਕਰਦਾ ਏ।
ਪਰ ਕੀੜੀ ਤੋਂ ਡਰਦਾ ਏ।
ਮੱਛੀ
ਮੱਛੀਏ! ਪਾਣੀ ਅੰਦਰ ਤੂੰ।
ਕੀਹਦਾ ਮੰਨਦੀ ਏਂ ਡਰ ਤੂੰ।
ਬਾਹਰ ਕਿਉਂ ਨੀ? ਉਡ ਜਾਂਦੀ।
ਬੁੱਲ੍ਹ ਕੁੱਢਕੇ ਮੁੜ ਜਾਂਦੀ।
ਕੀ ਗੱਲ ਬਾਹਰ ਪਸੰਦ ਨਹੀਂ।
ਜਾਂ ਤੇਰੇ ਮੂੰਹ ਦੰਦ ਨਹੀਂ।
ਦੰਦੀ ਤੇਰੀ ਮਸ਼ਹੂਰ ਨਹੀਂ।
ਕੰਡਾ ਤੈਥੋਂ ਦੂਰ ਨਹੀਂ।
ਉੱਲੂ
ਉੱਲੂਆ ਅਨਪੜ੍ਹ ਹੋਵੇਂਗਾ।
ਕਰਦਾ ਖੜ੍ਹ-ਖੜ੍ਹ ਹੋਵੇਂਗਾ।
ਤਾਹੀਉਂ ਰਾਤ ਨੂੰ ਮਰਦਾ ਏਂ।
ਚੌਂਕੀਦਾਰਾ ਕਰਦਾ ਏਂ।
ਸੂਰਜੋ ਮੁੱਖ ਲੁਕੋਨਾ ਏਂ।
ਨ੍ਹੇਰਾ ਈ ਬੱਸ ਢੋਨਾ ਏਂ।
ਜੇ ਦੋ ਅੱਖਰ ਪੜ੍ਹ ਲੈਂਦਾ।
ਸਾਡੇ ਬਰਾਬਰ ਖੜ੍ਹ ਲੈਂਦਾ।
ਘੁੱਗੀ
ਘੁੱਗੀਏ! ਆਜਾ ਪੁੱਗੀਏ ਨੀ।
ਖੇਡ ਲੀਏ ਡੁਗ ਡੁਗੀਏ ਨੀ।
ਖੇਡਦੇ ਰਹਿਣਾ ਸੋਵੀਂ ਨਾ।
ਦਾਈ ਜੇ ਆਗੀ ਰੋਵੀਂ ਨਾ।
ਤੈਨੂੰ ਅਸੀਂ ਸਤਾਉਂਦੇ ਨੀ।
ਰੋਂਢ ਜ਼ਰਾ ਵੀ ਪਾਉਂਦੇ ਨੀ।
ਤੂੰ ਤੂੰਹੀ ਤੂੰ ਰੋਕੀਂ ਨਾ।
ਅਸੀਂ ਕਰਾਂਗੇ ਟੋਕੀਂ ਨਾ।
ਭਾਲੂ
ਵੱਜ ਰਿਹਾ ਏ ਡਮ ਡਮ ਡਮਰੂ।
ਜੀਹਦੀ ਧੁਨ ਤੇ ਨੱਚੇ ਭਾਲੂ।
ਹੱਥ ਮਦਾਰੀ ਰੋਕ ਲਵੇਗਾ।
ਭਾਲੂ ਨੱਚਣਾ ਬੰਦ ਕਰੇਗਾ।
ਕਹੇ ਮਦਾਰੀ ਸੁਣ, ਓ ਭੋਲੂ!
ਆਪਾਂ ਦੇ ਵਿੱਚ ਗੁਣ, ਓ ਭੋਲੂ!
ਜੇਕਰ ਗੁਣ ਦਿਖਾਵਾਂਗੇ।
ਰੱਜ ਕੇ ਰੋਟੀ ਖਾਵਾਂਗੇ।
ਬੱਤਖ
ਪਾਣੀ ਦੇ ਵਿੱਚ ਬੱਤਖ ਦੇਖੋ।
ਤੈਰ ਰਹੀ ਏ ਇਕ ਟੱਕ ਦੇਖੋ।
ਕੁਆਂਕ-ਕੁਆਂਕ ਉਚਾਰੀ ਜਾਂਦੀ।
ਜੀਵ ਫਸੇ ਜੋ ਫੜ੍ਹ-ਫੜ੍ਹ ਖਾਂਦੀ।
ਖੰਭ ਆਪਣੇ ਫੜ ਫੜਾਂਦੀ।
ਉਡ ਨੀ ਸਕਦੀ ਉਡਣਾ ਚਾਹੁੰਦੀ।
ਉਡ ਨੀ ਸਕਦੀ ਭਾਰੀ ਐ।
ਡੁੱਬ ਨੀ ਸਕਦੀ ਹੌਲ਼ੀ ਐ।
ਤਿਤਲੀਓ
ਤਿਤਲੀਓ! ਨੀ ਤਿਤਲੀਓ!
ਰੰਗ-ਬਿਰੰਗੀਓ ਤਿਤਲੀਓ!
ਸਾਨੂੰ ਥੋਡੀ ਸਮਝ ਨਾ ਆਏ।
ਕਿਸ ‘ਪੇਂਟਰ’ ਤੋਂ ਖੰਭ ਰੰਗਾਏ।
ਖੰਭਾਂ ਦੇ ਰੰਗ ਸੋਹਣੇ ਨੇ।
ਬੜੇ ਹੀ ਮਨ ਨੂੰ ਮੋਹਣੇ ਨੇ।
ਬੜੀ ਇਨ੍ਹਾਂ ਦੀ ਸ਼ਾਈਨਿੰਗ ਹੈ।
ਸੋਹਣੀ ਬੜੀ ਡਿਜ਼ਾਈਨਿੰਗ ਹੈ।
ਗ਼ੁਬਾਰਾ
ਜਦੋਂ ਲਿਆ ਮੈਂ ਇੱਕ ਗ਼ੁਬਾਰਾ।
ਬਾਪੂ ਜੀ ਦਾ ਚੜ੍ਹ ਗਿਆ ਪਾਰਾ।
ਬਾਪੂ ਮੈਨੂੰ ਟੁੱਟ ਪਿਆ।
ਝੱਟ ਗ਼ੁਬਾਰਾ ਫੁੱਟ ਗਿਆ।
ਫੁੱਟ ਗਿਆ ਫਟਾ ਗਿਆ।
ਬਾਪੂ ਨੂੰ ਸਬਕ ਸਿਖਾ ਗਿਆ।
ਜੇ ਕਿਸੇ ਤੇ ਕਰਾਂਗੇ ਗੁੱਸਾ।
ਬੇਲੀ ਓਸਦਾ ਮੰਨਜੂ ਰੋਸਾ।
ਕਬੂਤਰ
ਬੋਲ ਕਬੂਤਰ ਤੇਰੀ ਮਰਜ਼ੀ।
ਮੈਂ ਸਕੂਲ ਨੂੰ ਭੇਜਣੀ ਅਰਜ਼ੀ।
ਬਿਮਾਰ ਪਿਆ ਹਾਂ ਕਰਦੇ ਹੂੰ।
ਆਖੀ ਨਾ ਜਾਹ ਗੁਟਰ-ਗੂੰ।
ਮੇਰੇ ਉੱਤੇ ਕਰਮ ਕਮਾਦੇ।
ਅਰਜੀ ਮੇਰੀ ਸਕੂਲ ਪੁਚਾਦੇ।
ਗੈਰ ਹਾਜ਼ਰੀ ਲੱਗ ਨਾ ਜਾਵੇ।
ਅੱਲਾ! ਤੇਰੀ ਉਮਰ ਵਧਾਵੇ।
ਖ਼ਰਗੋਸ਼
ਭੱਜੇ ਪੂਰੇ, ਜੋਸ਼ ਦੇ ਨਾਲ।
ਕੌਣ ਰਲ਼ੇ ਖ਼ਰਗੋਸ਼ ਦੇ ਨਾਲ।
ਐਥੇ ਹੀ ਕਿਉਂ ਗੇੜੇ ਖਾਂਦਾ।
ਮੈਰਾਥਨ ਵਿੱਚ ਕਿਉਂ ਨੀ ਜਾਂਦਾ।
ਤੂੰ ਤਾਂ ਵੀਰਾ ਸਕਦੈਂ ਜਿੱਤ,
ਜਾਹ ਕਿਸੇ ਨੂੰ ਕਰਦੇ ਚਿੱਤ।
ਤੇਰੇ ਗਲ਼ ਵਿੱਚ ਹਾਰ ਪਊਗਾ।
ਤੈਥੋਂ ਪਿਛਲਾ ਹਾਰ ਜਾਊਗਾ।
ਚਮਚਾ
ਚਮ-ਚਮ ਕਰਦਾ ਚਮਚਾ ਜੀ।
ਲੈ ਕੇ ਆਏ ਚਾਚਾ ਜੀ।
ਭਾਂਡੇ ਦੇ ਨਾਲ ਜਦ ਟਕਰਾਂਦਾ।
ਚਾਚਾ ਈ ਚਾਚਾ ਕਰਦਾ ਜਾਂਦਾ।
ਚੰਗਾ ਚਮਚੇ ਤੇਰੀ ਚਾਹ।
ਜਿੱਦਾਂ ਚਾਹੇ ਚੀਕੀ ਜਾਹ।
ਚਰਚੇ ਤੇਰੇ ਚੋਖੇ ਮੱਲ।
ਚੜ੍ਹ ਮਚਾਦੇ ਚੱਲੀ ਚੱਲ।
ਨਲਕਾ
ਗੇੜ ਰਹੀਏ ਏ ਦੀਦੀ ਅਲਕਾ।
ਦੇਖੋ! ਦੇਖੋ! ਸਾਡਾ ਨਲਕਾ।
ਲੋੜ ਮੁਤਾਬਕ ਪਾਣੀ ਲਈਏ।
ਭੋਰਾ ਡੁੱਲ੍ਹਣ ਵੀ ਨਾ ਦਈਏ।
ਪਾਣੀ ਦੀਆਂ ਕਦਰਾਂ ਕਰੀਏ।
ਮੁੱਕ ਜਾਏ ਨਾ ਵਾਹਵਾ ਡਰੀਏ।
ਵਰਤੀਏ ਭਾਂਡੇ ਦੇ ਵਿੱਚ ਲੈ ਕੇ।
ਕਰੀਏ ਜਮ੍ਹਾਂ ਪਿਆਸੇ ਰਹਿ ਕੇ।
ਅੰਗੂਰ
ਪੱਕੇ ਹੋਏ ਅੰਗੂਰ ਬੜੇ।
ਪੌੜੀ ਲਾ ਕੇ ਤੋੜ ਲਏ।
ਹੱਥਾਂ 'ਚ ਸਾਡੇ ਗੁੱਛੇ ਨੇ।
ਕਿਵੇਂ ਕਹਿਦੀਏ ਖੱਟੇ ਨੇ।
ਕੰਮ ਦਿਮਾਗ 'ਚੋਂ ਲੈਨੇ ਆਂ।
ਤਾਹੀ ਰੱਜ ਕੇ ਖਾਨੇ ਆਂ।
ਔਖੇ ਕੰਮ ਤੋਂ ਡਰਦੇ ਨੀ।
ਬੇਵਕੂਫੀਆਂ ਕਰਦੇ ਨੀ।
ਕਾਂ
ਕਾਂ ਕਾਂ ਨਾ ਕਾਲਿਆ ਕਾਵਾਂ।
ਤੂੰ ਚੁੱਪ ਕਰ ਮੈਂ ਗੀਤ ਸੁਣਾਵਾਂ।
ਕਾਗਾ ਰੌਲੀ ਪਾਉਂਦਾ ਨੀ।
ਗੀਤ ਮੈਨੂੰ ਕੋਈ ਆਉਂਦਾ ਨੀ।
ਗੁਣ-ਗੁਣਾਈ ਜਾਂਦਾ ਹਾਂ।
ਉੱਚਾ ਸੁਰ ਨਾ ਲਾਉਂਦਾ ਹਾਂ।
ਮੇਰਾ ਦਬਕਾ ਮੇਟ ਗਿਆ।
ਕਾਂ ਮੋਢੇ ਤੇ ਬੈਠ ਗਿਆ।
ਮੇਲੂ -ਗੇਲੂ
ਮੇਲੂ ਢੋਲ ਵਜਾਏਗਾ।
ਗੇਲੂ ਗਾਣਾ ਗਾਏਗਾ।
ਮੈਂ ਖੜਕਾਉਣੇ ਛੈਣੇ ਨੇ।
ਤੈਂ ਕੀ ਡੋਕੇ ਲੈਣੇ ਨੇ।
ਮੁੱਲ ਨੂੰ ਮਿਲਦੇ ਡੋਕੇ ਨੇ।
ਜੋ ਪਾਣੀ ਨਾਲ ਓ. ਕੇ. ਨੇ।
ਓਕੇ ਨੇ ਉਬਕਾਈਆਂ ਦੇ।
ਇਹ ਗਾਣੇ ਮਲਵਈਆਂ ਦੇ।
ਛੁੱਟੀ
ਕੱਲ੍ਹ ਅਸਾਨੂੰ ਛੁੱਟੀ ਸੀ।
ਮੈਡਮ ਨੇ ਪਾਲ਼ੀ ਕੁੱਤੀ ਸੀ।
ਕੁੱਤੀ ਦੀ ਲੱਤ ਟੁੱਟੀ ਆ।
ਕੱਲ੍ਹ ਦੀ ਵੀ ਸਾਨੂੰ ਛੁੱਟੀ ਆ।
ਮੈਡਮ ਦੇ ਕੋਲ ਜਾਵਾਂਗੇ।
ਬਹਿਕੇ ਸੋਗ ਮਨਾਵਾਂਗੇ।
ਰੋਣੇ ਮੂੰਹ ਬਣਾਲਾਂਗੇ।
ਅੱਖਾਂ ਨੂੰ ਥੁੱਕ ਲਾਲਾਂਗੇ।
ਅੱਖਰ
ਕਹਿੰਦੇ ਸਾਡੇ ਨੇ ਸਰ ਦੇਖੋ।
ਬਲੈਕ-ਬੋਰਡ ਤੇ ਅੱਖਰ ਦੇਖੋ।
ਜੇ ਨਾ ਦੇਖੀਏ ਰੁਕਦੇ ਨੇ।
ਭੰਬੂ ਤਾਰੇ ਦਿਖਦੇ ਨੇ।
ਤਾਰੇ ਚਮਕ ਦਿਖਾਉਂਦੇ ਨੇ।
ਸੁਰਤ ਟਿਕਾਣੇ ਲਿਆਉਂਦੇ ਨੇ।
ਪਿਆਰ ਇਨ੍ਹਾਂ ਨੂੰ ਕਰਦੇ ਹਾਂ।
ਨਾਲ ਖਿਆਲ ਦੇ ਪੜ੍ਹਦੇ ਹਾਂ।
ਓ. ਕੇ. ਟਾਟਾ
ਮੰਮੀ ਦੈਦੀ ਓ.ਕੇ. ਤਾਤਾ।
ਕੱਪਲੇ ਦਾ ਨੀ ਘਲ ਵਿੱਚ ਘਾਤਾ।
ਸੂਸੂ ਪੋਤੀ ਲਾਹ ਤੇ ਤਾ'ਲੂੰ
ਮੈ ਨੀ ਪਾਉਣਾ ਪਜਾਮਾ ਪਾਤਾ।
ਮੈਂ ਭੋਲਾ ਨਾ ਚਾਹਮਾਂ ਏਹਨੂੰ।
ਲਾਦੀ ਬੰਦ ਹੋ ਜਾਂਦੀ ਮੈਨੂੰ।
ਮੇਲਾ ਪਜਾਮਾ ਨਮਾ ਛਮਾਦੋ।
ਏਹਨੂੰ ਚਾਂਤੇ ਮਾਲ ਭਜਾਦੋ।
ਸਵਾਲ
ਸਵਾਲ ਕੋਈ ਨੀ ਕੱਢਣੇ ਔਖੇ।
ਪਹਿਲਾਂ ਕੱਢਲੋ ਸੌਖੇ-ਸੌਖੇ।
ਲੱਗੇ ਰਹੋ ਬਿਨ ਨਾਗੇ ਦੇ।
ਹੱਲ ਹੋਣਗੇ ਭਾਰੇ ਔਖੇ।
ਰੱਟਾ ਬਿਲਕੁਲ ਹੀ ਨਾ ਲਾਓ।
ਫਾਰਮੂਲਿਆਂ ਨੂੰ ਦੁਹਰਾਓ।
ਬਿਨਾਂ ਡਰ ਦੇ ਸਰ ਨੂੰ ਆਖੋ।
ਫੇਰ ਆਉਣਗੇ ਸਮਝ, ਜਵਾਖੋ !
ਸਵੇਰੇ
ਰੋਜ਼ ਸਵੇਰੇ ਉੱਠਿਆ ਕਰ।
ਪੜ੍ਹਨਾ ਲਿਖਣਾ ਸਿੱਖਿਆ ਕਰ।
ਆਲਸ ਦੂਰ ਭਜਾਇਆ ਕਰ।
ਚੁਸਤੀ ਹੀ ਅਪਣਾਇਆ ਕਰ।
ਵੇਲਾ ਸੁਨਹਿਰੀ ਖੋਵੀਂ ਨਾ।
ਬੀਤੇ ਤੇ ਫੇਰ ਰੋਵੀਂ ਨਾ।
ਦਿਨ ਚੜ੍ਹੇ ਤੱਕ ਜੇ ਸੋਵੇਂਗਾ।
ਪਾਸ ਗਧੀ ਦੀ ਪੂਛ ਹੋਵੇਂਗਾ।
ਆਦਤ
ਬੱਚਿਓ! ਥੋਡੀ ਆਦਤ ਮਾੜੀ।
ਫੇਰੋ ਨਾ ਤੁਸੀਂ ਸੂਹਣੀ ਬਹਾਰੀ।
ਨਾ ਚੀਜਾਂ ਤੋਂ ਗਰਦਾ ਝਾੜੋ।
ਨਾ ਹੱਥਾਂ ਦੀ ਮੈਲ ਉਤਾਰੋ।
ਕੂੜਾ ਥੋਡੇ ਆਲ਼ੇ-ਦੁਆਲ਼ੇ।
ਉੱਪਰ ਮੱਕੜੀਆਂ ਦੇ ਜਾਲ਼ੇ।
ਥੋਡੇ ਨਾਲੋਂ ਕੁੱਤੇ ਚੰਗੇ।
ਪੂਛ ਮਾਰਕੇ ਜਿਹੜੇ ਬਹਿੰਦੇ।
ਦੋਸਤ
ਬੜੇ ਚਿਰਾਂ ਬਾਦ ਦੋ ਤੇ ਸੱਤ।
ਮਸਾਂ ਮਿਲੇ ਸੀ ਉਹ ਦੋਸਤ।
ਮਿਲਣ ਲੱਗੇ ਸਾਹ ਚੜ੍ਹਾਗੇ।
ਹੱਥ ਮਿਲੇ ਨਾ ਢਿੱਡ ਟਕਰਾਗੇ।
ਵਿਚਾਲੇ ਆਈਦਾ ਨਹੀਂ ਢਿੱਡੋਂ।
ਇੰਜ ਸਤਾਈਦਾ ਨੀ ਢਿੱਡੋਂ।
ਜ਼ਿਆਦਾ ਵਧਾਓ ਨਾ ਖੇਤਰ।
ਪਤਲੇ ਰਹਿਣਾ ਹੀ ਬੇਹਤਰ।
ਸ਼ੱਕਰਪਾਰੇ
ਅਸੀਂ ਬਣਾਏ ਸ਼ੱਕਰਪਾਰੇ।
ਮਾਮਾ ਸਾਡਾ ਖਾ ਗਿਆ ਸਾਰੇ।
ਅਸੀਂ ਰਹਿਗੇ ਭੁੱਖਣ ਭਾਣੇ।
ਮਾਮਾ ਜੀ ਨੂੰ ਔੜਨ ਗਾਣੇ।
ਸਾਡੀ ਰੂਹ ਤਾਂ ਮਰ-ਮਰ ਜਾਵੇ।
ਐਪਰ ਮਾਮਾ ਭੰਗੜੇ ਪਾਵੇ।
ਆਖਿਰ ਦੇ ਵਿੱਚ ਬੋਲਿਆ ਮਾਮਾ।
ਆਓ ਉਤਾਰਾਂ ਤੁਹਾਡਾ ਉਲ੍ਹਾਮਾ।
ਲਿਆ ਸਾਈਕਲੋਂ ਝੋਲਾ ਉਤਾਰ।
ਲਾਤਾ ਚੀਜ਼ਾਂ ਦਾ ਬਾਜ਼ਾਰ।
ਸਾਡੀ ਆਈ ਜਾਨ 'ਚ ਜਾਨ।
ਵਾਹ-ਵਾਹ ਮਾਮਾ ਤੇਰੀ ਸ਼ਾਨ।
ਛੁੱਟੀਆਂ
ਛੁੱਟੀਆਂ ਨੇ ਬਈ ਛੁੱਟੀਆਂ ਨੇ।
ਇੱਕ ਮਹੀਨੇ ਦੀਆਂ ਛੁੱਟੀਆਂ ਨੇ।
ਹੁਣ ਨਾ ਪੜ੍ਹਨੇ ਜਾਇਆ ਕਰਾਂਗੇ।
ਹਫ਼ਤੇ ਬਾਦੋਂ ਨ੍ਹਾਇਆ ਕਰਾਂਗੇ।
ਬੜਾ ਨਜ਼ਾਰਾ ਲੁਟਿਆ ਕਰਨਾ।
ਦਿਨ ਚੜ੍ਹੇ ਤੋਂ ਉੱਠਿਆ ਕਰਨਾ।
ਕੋਈ ਨਾ ਸਾਨੂੰ ਟੋਕਣ ਵਾਲਾ।
ਧੌਣੋਂ ਫੜਕੇ ਠੋਕਣ ਵਾਲਾ।
ਮਰੀਆਂ ਛੁੱਟੀਆਂ ਹੋਰ ਮਾਰਾਂਗੇ।
ਸਾਰੇ ਸਾਲ ਦਾ ਹਰਖ ਤਾਰਾਂਗੇ।
ਮਾਂ ਕਹਿੰਦੀ
ਮਾਂ ਕਹਿੰਦੀ ਪੁੱਤ ਖੇਲ੍ਹੇ ਕ੍ਰਿਕਟ।
ਫਿਲਮਾਂ ਦੀ ਬੋਲੇ ਸਕ੍ਰਿਪਟ।
ਪੁੱਤ ਮੇਰਾ ਹੁਣ ਸਚਿਨ ਬਣੇਗਾ।
ਜਾਂ ਅਮਿਤਾਭ ਬਚਨ ਬਣੇਗਾ।
ਹਾਕੀ ਵਾਲਾ ਸਰਦਾਰ ਬਣੇਗਾ।
ਜਾਂ ਮਿਲਖਾ ਉੱਡਾਰ ਬਣੇਗਾ।
ਲੱਛਣ ਇਸਦੇ ਬੜੇ ਅਨੋਖੇ।
ਮਾਂ ਸੋਚੇ ਬਿਨ ਸਮਝੇ ਸੋਚੇ।
ਬਾਬਾ
ਨ੍ਹੇਰੂ ਬਾਬਾ ਚ੍ਹਾਮਲ-ਚ੍ਹਾਮਲ।
ਨੱਚੇ-ਕੁੱਦੇ ਸ਼ਿਆਮਲ-ਸ਼ਿਆਮਲ।
ਨਿਆਣੇ ਚਿੜਾਂ ਭਨਾਉਂਦੇ ਨੇ।
ਜੀਭਾਂ ਕੱਢ ਦਿਖਾਉਂਦੇ ਨੇ।
ਰੋੜ ਮੰਜੇ ਤੇ ਜੜਦੇ ਨੇ।
ਨਾਲੇ ਡੋ-ਡੋ ਕਰਦੇ ਨੇ।
ਬਾਬੇ ਨਾ ਚਮਲ੍ਹਾਇਆ ਕਰ।
ਬਾਂਦਰ ਲਵੇ ਨਾ ਲਾਇਆ ਕਰ।
ਬਿੱਲੀ
ਬਿੱਲੀ ਲਓ ਬਲੂੰਗੜਾ ਦੇ ਦੋ।
ਬੱਤੀ ਲੈ ਲੋ ਚੂੰਗੜਾ ਦੇ ਦੋ।
ਭਾਰੀ ਝੋਲਾ ਮੈਂ ਨੀ ਚੁੱਕਣਾ,
ਸੌਦਾ ਲੈ ਲੋ ਰੂੰਘੜਾ ਦੇ ਦੋ।
ਡੰਡਾ ਲੈ ਲੋ ਟੌਫੀ ਦੇ ਦੋ।
ਕੁਰਸੀ ਲੈ ਲੋ ਬਰਫੀ ਦੇ ਦੋ।
ਪੜ੍ਹਨਾ ਭਾਰੀ ਹੋਇਆ ਮੈਨੂੰ,
ਵੱਡੇ ਸਿਲੇਬਸ ਮਾਫੀ ਦੇ ਦੋ।
ਫਾਸਟ ਫੂਡ
ਮੈਂ ਨੀ ਖਾਂਦਾ ਫਾਸਟ ਫੂਡ।
ਕਰਦੇ ਮੇਰਾ ਖਰਾਬ ਨੇ ਮੂਡ।
ਘਰ ਵਿੱਚ ਸਾਡੇ ਰੋਟੀ ਪੱਕੇ,
ਨਾਲ ਨੂੰ ਸਬਜ਼ੀ ਚਟਣੀ ਗੁੜ।
ਸਾਗ ਸਰ੍ਹੋਂ ਦਾ ਮੱਕੀ ਰੋਟੀ।
ਉੱਪਰ ਮੱਖਣ ਖੱਟੀ ਲੱਸੀ।
ਕੜ੍ਹਿਆ ਦੁੱਧ ਪਨੀਰ ਦਹੀਂ ਫਿਰ,
ਮੈਂ ਕੀ ਪੀਜੇ ਲਾਉਣੇ ਪੱਛੀ।
ਦੇਸੀ ਖਾਣੇ ਦੇਸੀ ਬਾਣੇ।
ਦੇਸੀ ਖੇਡਾਂ ਸਾਜ ਤੇ ਗਾਣੇ।
ਦੇਸੀ ਬੋਲੀ ਚਾਲ ਕਲਾ ਨੂੰ।
ਲੈ ਮੰਨਾਂਗੇ ਰੱਬ ਦੇ ਭਾਣੇ।