Ratanpal Doodian
ਰਤਨਪਾਲ ਡੂਡੀਆਂ

ਪੰਜਾਬੀ ਕਵੀ ਰਤਨਪਾਲ ਡੂਡੀਆਂ ਦਾ ਜਨਮ ਸ:, ਪੂਰਨ ਸਿੰਘ ਦੇ ਘਰ ਮਾਤਾ ਸ੍ਰੀਮਤੀ ਕ੍ਰਿਸ਼ਨਾ ਦੇਵੀ ਦੀ ਕੁੱਖੋਂ ਜ਼ਿਲ੍ਹਾ ਪਟਿਆਲਾ ਦੇ ਨਿੱਕੇ ਜਿਹੇ ਪਿੰਡ ਸਧਾਰਨਪੁਰ ਵਿਖੇ ਹੋਇਆ। ਜਿੱਥੇ ਉਨ੍ਹਾਂ ਦਾ ਪਿਤਾਪੁਰਖੀ ਕਿੱਤਾ ਖੇਤੀਬਾੜੀ ਸੀ । ਜਦੋਂ ਰਤਨਪਾਲ ਦੀ ਉਮਰ ਪੰਜ ਸਾਲ ਦੀ ਹੋਈ ਤਾਂ ਉਸਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਡੂਡੀਆਂ ਵਿਖੇ ਭੂਆ ਜੀ ਨੇ ਗੋਦ ਲੈ ਲਿਆ। ਉਸ ਥਾਪਰ ਇੰਜੀਨੀਅਰਿੰਗ ਕਾਲਜ ਪਟਿਆਲਾ ਤੋਂ ਮਕੈਨੀਕਲ ਇੰਜਨੀਅਰਿੰਗ ਵਿੱਚ ਡਿਪਲੋਮਾ ਕੀਤਾ ਪਰ ਟੀਚਿੰਗ ਵਿੱਚ ਰੁਚੀ ਹੋਣ ਕਾਰਨ ਨਵੇਂ ਸਿਰਿਓਂ ਆਰਟਸ ਦੀ ਪੜ੍ਹਾਈ ਕੀਤੀ । ਹਾਈ ਸਕੂਲ ਵਿੱਚ ਪੰਜਾਬੀ ਅਧਿਆਪਕ ਦੀ ਨੌਕਰੀ ਮਿਲਣ ਕਾਰਨ ਸਾਰੀ ਸੇਵਾ ਦੌਰਾਨ ਆਪਣੇ ਵਿਦਿਆਰਥੀਆਂ ਪ੍ਰਤੀ ਸਮਰਪਿਤ ਰਹਿਣ ਦੀ ਹਰ ਸੰਭਵ ਕੋਸ਼ਿਸ਼ ਕੀਤੀ । ਐਮ .ਏ. ਪੰਜਾਬੀ, ਬੀ ਐੱਡ, ਕਰਨ ਉਪਰੰਤ ਉਸ ਨੈੱਟ ਦਾ ਇਮਤਿਹਾਨ ਵੀ ਪਾਸ ਕੀਤਾ। 1979 ਵਿੱਚ ਸ਼੍ਰੀਮਤੀ ਮੁਕੇਸ਼ ਰਤਨ ਨਾਲ਼ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਘਰ ਦੋ ਪੁੱਤਰ ਅਤੇ ਇੱਕ ਧੀ ਨੇ ਜਨਮ ਲਿਆ।

ਰਤਨਪਾਲ ਨੂੰ ਬਚਪਨ ਤੋਂ ਹੀ ਗੀਤ , ਕਵਿਤਾਵਾਂ ਪੜ੍ਹਨ ਤੇ ਲਿਖਣ ਦਾ ਸ਼ੌਕ ਸੀ। ਪੰਜਾਬੀ ਟ੍ਰਿਬਿਊਨ, ਜਨ ਸਾਹਿਤ, ਨਾਗਮਣੀ, ਆਰਸੀ ਅਤੇ ਅਜੀਤ ਆਦਿ ਅਖ਼ਬਾਰਾਂ, ਰਸਾਲਿਆਂ ਨੇ ਮੇਰੀਆਂ ਕਾਫ਼ੀ ਗਿਣਤੀ ਵਿੱਚ ਰਚਨਾਵਾਂ ਛਾਪੀਆਂ ।ਉਸ ਹੁਣ ਤੱਕ ਇੱਕ ਮੌਲਿਕ ਕਾਵਿ ਪੁਸਤਕ ਪੈਰਾਂ ਹੇਠ ਲਿਖੇ ਸਿਰਨਾਵੇਂ (ਕਾਵਿ ਸੰਗ੍ਰਹਿ)- 2011 ਤੇ ਸਿਆਣਾ ਹਾਥੀ ਬਾਲ ਪੁਸਤਕ ਦੀ ਸਿਰਜਣਾ ਕੀਤੀ ਹੈ। ਸੁਪਨਿਆਂ ਦੇ ਪਰਛਾਵੇਂ (ਗੀਤ ਸੰਗ੍ਰਹਿ: ਰਾਮਫਲ ਰਾਜਲਹੇੜੀ ਨਾਲ ਸਾਂਝਾ ) ਹੈ ਜੋ 2013 ਵਿੱਚ ਛਪਿਆ। ਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਕਸਬੇ ਵਿਖੇ ਸੇਵਾ ਮੁਕਤ ਸਕੂਲ ਅਧਿਆਪਕ ਵਜੋਂ ਜ਼ਿੰਦਗੀ ਗੁਜ਼ਾਰ ਰਿਹਾ ਹੈ ।