Rasta Dassan Wale Taare : Munir Niazi
ਰਸਤਾ ਦੱਸਣ ਵਾਲੇ ਤਾਰੇ : ਮੁਨੀਰ ਨਿਆਜ਼ੀ
ਪਹੁੰਚਣਾ ਚਾਹੁੰਦਾ ਹਾਂ ਮੰਜ਼ਿਲਾਂ ਤੇ
ਪਹੁੰਚਣਾ ਚਾਹੁੰਦਾ ਹਾਂ ਮੰਜ਼ਿਲਾਂ ਤੇ ਲਗਨ ਏ ਐਡੀ । ਕਦਮ ਵੀ ਮੈਥੋਂ ਨਾ ਪੁੱਟਿਆ ਜਾਵੇ ਥਕਨ ਏ ਐਡੀ । ਹਰੇ ਸ਼ਜਰ ਸਨ ਜਦੋਂ ਜਦੋਂ ਮੈਂ ਐਥੇ ਉਹ ਖ਼ਾਬ ਤੱਕਿਆ, ਚੰਨ ਇਹ ਜਿਸ ਦੇ ਉਜਾੜਣ ਦੀ ਚੁਭਣ ਏ ਐਡੀ । ਹਜ਼ਾਰਾਂ ਕੋਹਾਂ ਤੇ ਰਹਿ ਗਏ ਨੇ ਉਹ ਸ਼ਹਿਰ ਸਾਰੇ, ਜਿਨ੍ਹਾਂ ਦੀ ਯਾਰਾਂ ਦੇ ਦਿਲ ਦੇ ਅੰਦਰ ਜਲਣ ਏ ਐਡੀ । ਚਿਰਾਗ਼ ਸੂਰਜ ਤਰ੍ਹਾਂ ਦਾ ਲੱਗੇ ਹਨੇਰ ਐਡਾ, ਹਵਾ ਬਹਿਸ਼ਤਾਂ ਦੀ 'ਵਾ ਜਿਹੀ ਲੱਗੇ ਘੁਟਣ ਏ ਐਡੀ । 'ਮੁਨੀਰ' ਤੋਬਾ ਦੀ ਸ਼ਾਮ ਹੈ ਪਰ ਇਹ ਜੀ ਨਹੀਂ ਮੰਨਦਾ, ਘਟਾ ਦੀ ਰੰਗਤ ਫ਼ਲਕ ਤੇ ਤੋਬਾ ਸ਼ਿਕਣ ਏ ਐਡੀ ।
ਰਹਿੰਦਾ ਏ ਪਹਿਰਾ ਖ਼ੌਫ਼ ਦਾ
ਰਹਿੰਦਾ ਏ ਪਹਿਰਾ ਖ਼ੌਫ਼ ਦਾ ਕਦਮਾਂ ਦੇ ਨਾਲ ਨਾਲ । ਚਲਦਾ ਏ ਦਸ਼ਤ-ਦਸ਼ਤ ਨਵਰਦਾਂ ਦੇ ਨਾਲ ਨਾਲ । ਹੱਥਾਂ ਤੇ ਲੁਕਿਆਂ ਹਰਫ਼ਾਂ ਦਾ ਕਿੱਸਾ ਅਜੀਬ ਏ, ਹਿਲਦੇ ਨੇ ਹੱਥ, ਵੀ ਪਰਦੇ ਵੀ ਗੱਲਾਂ ਦੇ ਨਾਲ ਨਾਲ । ਜ਼ਾਹਰ ਹੋਇਆ ਏ ਚੰਦ ਮੁਹੱਬਤ ਦੀ ਰਾਤ ਵਿਚ, ਜੀਵੇਂ ਸਫ਼ੈਦ ਰੋਸ਼ਨੀ ਬੱਦਲਾਂ ਦੇ ਨਾਲ ਨਾਲ । ਰੌਲਾ ਪਿਆ ਏ ਗ਼ਮ ਦਾ ਨਗਰ ਦੇ ਅਖ਼ੀਰ ਤੇ, ਗਲੀਆਂ ਦੀ ਚੁੱਪ ਕਦੀਮ ਮਕਾਨਾਂ ਦੇ ਨਾਲ ਨਾਲ । ਆਇਆ ਹਾਂ ਮੈਂ ਮੁਨੀਰ ਕਿਸੇ ਕੰਮ ਦੇ ਵਾਸਤੇ, ਰਹਿੰਦਾ ਏ ਇਹ ਖ਼ਿਆਲ ਵੀ ਖ਼ਾਬਾਂ ਦੇ ਨਾਲ ਨਾਲ ।
ਕਿਸੇ ਨੂੰ ਆਪਣੇ ਅਮਲ ਦਾ ਹਿਸਾਬ
ਕਿਸੇ ਨੂੰ ਆਪਣੇ ਅਮਲ ਦਾ ਹਿਸਾਬ ਕੀ ਦਈਏ । ਸਵਾਲ ਸਾਰੇ ਗ਼ਲਤ ਨੇ ਜਵਾਬ ਕੀ ਦਈਏ । ਉਨੀਂਦਰੇ ਕਈ ਸਦੀਆਂ ਦੇ ਖ਼ਾਲੀ ਅੱਖਾਂ ਵਿਚ, ਇਨ੍ਹਾਂ ਬੇਅੰਤ ਖ਼ਲਾਵਾਂ 'ਚ ਖ਼ੁਆਬ ਕੀ ਦਈਏ । ਹਵਾਵਾਂ ਵਾਂਗ ਮੁਸਾਫ਼ਿਰ ਨੇ ਦਿਲਬਰਾਂ ਦੇ ਦਿਲ, ਇਨ੍ਹਾਂ ਨੂੰ ਇੱਕੋ ਜਗਾ ਦਾ ਅਜ਼ਾਬ ਕੀ ਦਈਏ । ਅਜੇ ਸਮਝ ਨਹੀਂ ਹਰਫ਼ਾਂ ਦੀ ਰਮਜ਼ ਦੀ ਉਹਨੂੰ, ਤੇ ਏਸ ਉਮਰੇ ਉਹਦੇ ਹੱਥ ਕਿਤਾਬ ਕੀ ਦਈਏ । ਸ਼ਰਾਬ ਮੰਗਦਾ ਏ ਜੀਅ ਅੱਜ ਸ਼ਰਾ ਦੇ ਪਹਿਰੇ ਵਿਚ, ਪਰ ਐਡੀ ਤੰਗੀ 'ਚ ਇਹਨੂੰ ਸ਼ਰਾਬ ਕੀ ਦਈਏ ।
ਬੱਦਲ ਉੱਡੇ ਤੇ ਗੁੰਮ ਅਸਮਾਨ ਦਿਸਿਆ
ਬੱਦਲ ਉੱਡੇ ਤੇ ਗੁੰਮ ਅਸਮਾਨ ਦਿਸਿਆ । ਪਾਣੀ ਉੱਤਰੇ ਤੇ ਆਪਣਾ ਮਕਾਨ ਦਿਸਿਆ । ਉੱਥੋਂ ਅੱਗੇ ਫ਼ਿਰਾਕ ਦੀਆਂ ਮੰਜ਼ਿਲਾਂ ਸਨ, ਜਿੱਥੇ ਪਹੁੰਚਕੇ ਉਹਦਾ ਮਕਾਨ ਦਿਸਿਆ । ਉਹਦੇ ਸਾਮ੍ਹਣੇ ਇਹ ਜੱਗ ਵੀਰਾਨ ਲੱਗਾ, ਉਹਨਾਂ ਅੱਖਾਂ 'ਚ ਐਸਾ ਜਹਾਨ ਦਿਸਿਆ । ਸਾਡੇ ਹਾਲ ਦੀ ਖ਼ਬਰ ਉਹ ਰੱਖਦਾ ਸੀ, ਸਾਰੀ ਉਮਰ ਜਿਹੜਾ ਅਨਜਾਣ ਦਿਸਿਆ । ਕੰਮ ਉਹੋ 'ਮੁਨੀਰ' ਸੀ ਮੁਸ਼ਕਿਲਾਂ ਦਾ, ਜਿਹੜਾ ਸ਼ੁਰੂ 'ਚ ਬਹੁਤਾ ਅਸਾਨ ਦਿਸਿਆ ।
ਹੈ ਸ਼ਕਲ ਤੇਰੀ ਗੁਲਾਬ ਵਰਗੀ
ਹੈ ਸ਼ਕਲ ਤੇਰੀ ਗੁਲਾਬ ਵਰਗੀ । ਨਜ਼ਰ ਏ ਤੇਰੀ ਸ਼ਰਾਬ ਵਰਗੀ । ਸਦਾ ਏ ਇੱਕ ਦੂਰੀਆਂ ਦੇ ਉਹਲੇ, ਮੇਰੀ ਸਦਾ ਏ ਜਵਾਬ ਵਰਗੀ । ਉਹ ਦਿਨ ਸੀ ਦੋਜ਼ਖ਼ ਦੀ ਅੱਗ ਵਰਗਾ, ਉਹ ਰਾਤ ਡੂੰਘੇ ਅਜ਼ਾਬ ਵਰਗੀ । ਇਹ ਸ਼ਹਿਰ ਲਗਦਾ ਏ ਦਸ਼ਤ ਵਰਗਾ, ਚਮਕ ਏ ਇਹਦੀ ਸਰਾਬ ਵਰਗੀ । 'ਮੁਨੀਰ' ਤੇਰੀ ਗ਼ਜ਼ਲ ਅਜੀਬ ਏ, ਕਿਸੇ ਸਫ਼ਰ ਦੀ ਕਿਤਾਬ ਵਰਗੀ ।