Punjabi Kavita
  

Rangeela Bhaiya Ishar Singh Ishar

ਰੰਗੀਲਾ ਭਾਈਆ ਈਸ਼ਰ ਸਿੰਘ ਈਸ਼ਰ

1. ਹਥ ਪੁਰਾਣੇ ਖੋਸੜੇ ਬਸੰਤੇ ਹੋਰੀਂ ਆਏ

ਨਾ ਮੈਂ ਕੀਤਾ ਵਣਜ ਮੈਂ ਨਾ ਪਾਈ ਹੱਟੀ ।
ਖੱਟੀ ਖਟਾਈ ਮਿਲ ਗਈ ਭਾਈਏ ਦੀ ਖੱਟੀ ।

ਵਿਹਲਾ ਬਹਿ ਕੇ ਖਾਣ ਦੀ ਮੈਂ ਪੜ੍ਹ ਲਈ ਪੱਟੀ ।
ਕੰਮ ਕੋਈ ਆਖੇ ਕਰਨ ਨੂੰ ਮੈਨੂੰ ਜਾਪੇ ਚੱਟੀ ।

ਵਹੁਟੀ ਆਖੇ ਆ ਗਿਆ ਇਹ ਕਿਥੋਂ ਮਖੱਟੂ ।
ਮਾਂ ਆਖੇ ਨਿਰਾ ਪੁਰਾ ਹੈ ਖਾਣੇ ਦਾ ਚੱਟੂ ।

ਗਲੀਆਂ ਦਾ ਹਰ ਕੱਖ ਵੀ ਮੈਨੂੰ ਮਿਹਣਾ ਮਾਰੇ ।
ਘਿਰਨਾਂ ਨਾਲ ਸੀ ਦੇਖਦੇ ਮੈਨੂੰ ਘਰ ਦੇ ਸਾਰੇ ।

ਵਹੁਟੀ ਹਥੋਂ ਕਲਪ ਕੇ ਘਰ ਛਡਨਾ ਕੀਤਾ ।
ਆਖ਼ਰ ਫ਼ਸਤਾ ਰੋਜ਼ ਦਾ ਇਉਂ ਵਢਨਾ ਕੀਤਾ ।

ਮੈਂ ਕਿਹਾ ਨਹੀਂ ਆਵਣਾ ਹੁਣ ਮੁੜ ਕੇ ਇਥੇ ।
ਟੱਬਰ ਨਾਲ ਨਹੀਂ ਮੈਂ ਬੈਠਣਾ ਮੈਂ ਜੁੜ ਕੇ ਇਥੇ ।

ਕਰਸਾਂ ਜਾ ਕੇ ਵਣਜ ਕੋਈ ਇਕ ਥਾਂ ਤੇ ਡਟ ਕੇ ।
ਜੇ ਆਇਆ ਤਾਂ ਆਵਸਾਂ ਕੋਈ ਖਟੀ ਖਟ ਕੇ ।

ਪੂੰਜੀ ਸਾਰੀ ਸਾਂਭ ਕੇ ਮੈਂ ਚਾਲੇ ਪਾਏ ।
ਕਲਕੱਤੇ ਦੇ ਸ਼ਹਿਰ ਵਿਚ ਜਾ ਡੇਰੇ ਲਾਏ ।

ਤਕ ਕੇ ਨਵੇਂ ਸ਼ਿਕਾਰ ਨੂੰ ਇਉਂ ਜੁੜੇ ਸ਼ਿਕਾਰੀ ।
ਚਿੜੀਆਂ ਉਤੇ ਪੈਣ ਬਾਜ਼ ਜਿਉਂ ਮਾਰ ਉਡਾਰੀ ।

ਜਿਵੇਂ ਹੱਡੀ ਨੂੰ ਵੇਖ ਕੇ ਆ ਜੁੜਦੇ ਕੁੱਤੇ ।
ਮਖੀਆਂ ਆ ਕੇ ਜੁੜਦੀਆਂ ਜਿਉਂ ਗੁੜ ਦੇ ਉੱਤੇ ।

ਅਡੇ ਲਗ ਕੇ ਉਨ੍ਹਾਂ ਦੇ ਫਸ ਦਏ ਵਿਚ ਫਾਹੀਆਂ ।
ਕਲਕਤੇ ਦੇ ਸ਼ਹਿਰ ਦੀਆਂ ਸਬ ਗਲੀਆਂ ਗਾਹੀਆਂ ।

ਰੰਗ ਬਰੰਗੀ ਨਾਚ ਵਿਚ ਕਈ ਖੇਡਾਂ ਖੇਡੇ ।
ਵੇਖੇ ਜਾ ਕੇ ਚੀਰ ਅਸਾਂ ਕਈ ਵਿੰਗੇ ਟਿਹਡੇ ।

ਇਉਂ ਯਾਰਾਂ ਨੇ ਲੁਟਿਆ ਮੇਰਾ ਸਾਰਾ ਝੁਗਾ ।
ਚੋਰ ਜਿਉਂ ਆ ਕੇ ਲੁਟਦੇ ਘਰ ਤਕ ਕੇ ਲੁਗਾ ।

ਬਾਹਰ ਨਾ ਕੋਈ ਵੇਖ ਕੇ ਅਸੀਂ ਅਤ ਘਬਰਾਏ ।
ਬੁਝਕੀ ਅਪਣੀ ਸਾਂਭ ਕੇ ਮੁੜ ਘਰ ਨੂੰ ਆਏ ।

ਦੂਰੋਂ ਵਹੁਟੀ ਵੇਖ ਕੇ ਇਹ ਸੋਹਲੇ ਗਾਏ ।
ਸ਼ੁਕਰ ਕਰੋ ਨੀ ਗੋਰੀਓ ਸ਼ਹੁ ਜੀਂਵਦੇ ਆਏ ।

ਕੋਲੂੰ ਕੁੜੀਆਂ ਵੇਖ ਕੇ ਇਹ ਗੀਤ ਸੁਣਾਏ ।
ਹਥ ਪੁਰਾਣੇ ਖੋਸੜੇ 'ਈਸ਼ਰ' ਹੋਰੀਂ ਆਏ ।

2. ਇਕ ਇਕ ਤੇ ਦੋ ਯਾਰਾਂ

ਇਕ ਖਤਰੀ ਬ੍ਰਹਿਮਣ ਨਾਈ ।
ਤਿੰਨਾਂ ਨੇ ਯਾਰੀ ਲਾਈ ।

ਖਤਰੀ ਸੀ ਕਦ ਵਿਚ ਗੀਂਹਡਾ ।
ਸੀ ਕੱਦੂ ਵਾਂਗਣ ਪੀਂਹਡਾ ।

ਬ੍ਰਹਿਮਣ ਦੀ ਹਰ ਥਾਂ ਪੁਛ ਸੀ ।
ਇਹਦੀ ਗਿਠ ਗਿਠ ਲੰਮੀ ਮੁਛ ਸੀ ।

ਨਾਈ ਸੀ ਇਕ ਗਭਰੋਟਾ ।
ਮੁਸ਼ਟੰਡਾ ਮੋਟਾ ਝੋਟਾ ।

ਤਿੰਨੇ ਹੀ ਸੈਰ ਤੇ ਚੜ੍ਹ ਪਏ ।
ਇਕ ਪੈਲੀ ਵੇਖ ਕੇ ਅੜ ਪਏ ।

ਵੇਖੇ ਨੇ ਸੋਹਣੇ ਗੱਨੇ ।
ਰਜ ਰਜ ਕੇ ਉਹਨਾਂ ਭੱਨੇ ।

ਕੁਝ ਚੂਪੇ ਕੁਝ ਉਜਾੜੇ ।
ਕੁਝ ਪੈਰਾਂ ਹੇਠ ਲਤਾੜੇ ।

ਦੂਰੋਂ ਹੀ ਜਟ ਨੇ ਤਕਿਆ ।
ਪਰ ਨੇੜੇ ਆ ਕੇ ਝਕਿਆ ।

ਵਿਚ ਫਸਿਆ ਔਖੇ ਫੰਦੇ ।
ਇਹ ਇਕ ਤੇ ਉਹ ਤਿੰਨ ਬੰਦੇ ।

ਕੁਝ ਡਰਿਆ ਕੁਝ ਘਬਰਾਇਆ ।
ਫਿਰ ਫੰਦ ਇਹ ਨਵਾਂ ਬਣਾਇਆ ।

ਝਟ ਆਇਆ ਨਠਾ ਨਠਾ ।
ਬ੍ਰਹਿਮਣ ਦੇ ਚਰਨੀਂ ਢਠਾ ।

ਮੈਂ ਜਟ ਮੂਰਖ ਅਨਜਾਣ ਹਾਂ ।
ਤੂੰ ਬ੍ਰਹਿਮਣ ਮੈਂ ਜਜਮਾਨ ਹਾਂ ।

ਜੇ ਚਾਉ ਮੈਨੂੰ ਬੰਨ੍ਹ ਲੌ ।
ਕੁਝ ਗੱਨੇ ਹੋਰ ਵੀ ਭੰਨ ਲੌ ।

ਕਿਉਂ ਦੇਵਾਂ ਗੱਨਾਂ ਸਖਣਾ ।
ਕੁਝ ਨਾਲ ਵੀ ਦੇਸਾਂ ਦਖਣਾ ।

ਤੂੰ ਦਸ ਉਹੋ ਭੈੜਿਆ ਨਾਈਆ ।
ਇਹ ਮਰਨ ਮਿਟੀ ਕਿਉਂ ਚਾਈ ਆ ।

ਇਹ ਬ੍ਰਹਿਮਣ ਇਹ ਸ਼ਾਹੂਕਾਰ ਹੈ ।
ਤੂੰ ਕਿਸ ਪਿੰਡ ਦਾ ਸਰਦਾਰ ਹੈ ।

ਕੋਹੜ ਕਿਰਲੀ ਲਮਕਨ ਲੀਰਾਂ ।
ਤੇ ਜਫੇ ਨਾਲ ਸ਼ਹਿਤੀਰਾਂ ।

ਤੂੰ ਹੈਂ ਇਕ ਸਾਡਾ ਕਾਮਾ ।
ਗੱਨਿਆਂ ਦਾ ਲਗਦਾ ਏਂ ਮਾਮਾ ।

ਚੁਕ ਭੁੰਏਂ ਸੁਟਿਆ ਉਸ ਨੂੰ ।
ਤੇ ਰਜ ਕੇ ਕੁਟਿਆ ਉਸ ਨੂੰ ।

ਇਹ ਵੇਖ ਕੇ ਜਟ ਦਾ ਚਾਲਾ ।
ਬ੍ਰਹਿਮਣ ਨੇ ਕਢ ਲਈ ਮਾਲਾ ।

ਹੇ ਭਗਵਨ ਮੇਰਿਆ ਸਚਿਆ ।
ਹੈ ਸ਼ੁਕਰ ਕਿ ਮੈਂ ਤਾਂ ਬਚਿਆ ।

ਤੂੰ ਬੰਧਨ ਕਟਿਆ ਮੇਰਾ ।
ਪਰਸ਼ਾਦ ਮੈਂ ਸੁਖਿਆ ਤੇਰਾ ।

ਜਟ ਕੀਤੀ ਖ਼ੂਬ ਹਜਾਮਤ ।
ਨਾਈਏ ਦੀ ਆ ਗਈ ਸ਼ਾਮਤ ।

ਖੋਹ ਲੀਤੇ ਉਸ ਤੋਂ ਗੰਨੇ ।
ਹਡ ਗੋਡੇ ਉਸ ਦੇ ਭੰਨੇ ।

ਗਿਚੀ ਫੜ ਉਸ ਦੀ ਲੀਤੀ ।
ਨਾਈਏ ਨੇ ਤੋਬਾ ਕੀਤੀ ।

ਫਿਰ ਖਤਰੀ ਦੇ ਵਲ ਆਇਆ ।
ਤੇ ਜੱਟ ਨੇ ਇਹ ਫ਼ਰਮਾਇਆ ।

ਬ੍ਰਹਿਮਣ ਤਾਂ ਕਢਦੇ ਪਤਰੀ ।
ਤੂੰ ਕੌਣ ਏਂ ਪਾਮਿਰ ਖਤਰੀ ।

ਅਹਿਸਾਨ ਤੂੰ ਕਿਹੜਾ ਕੀਤਾ ।
ਤੂੰ ਲਹੂ ਅਸਾਂ ਦਾ ਪੀਤਾ ।

ਜੇ ਲਿਆ ਰੁਪਿਆ ਉਧਾਰਾ ।
ਤੂੰ ਬੰਨ੍ਹ ਲਿਆ ਟੱਬਰ ਸਾਰਾ ।

ਗੋਗੜ ਤੇ ਡਾਂਗ ਇਕ ਮਾਰੀ ।
ਤਹਿ ਬਹਿ ਗਈ ਉਸ ਦੀ ਸਾਰੀ ।

ਛਤਰਾੜ ਉਹ ਜੱਟ ਨੇ ਕੀਤੀ ।
ਰਬ ਜਾਣੇ ਜੋ ਸਿਰ ਬੀਤੀ ।

ਸੰਘ ਉਸ ਦਾ ਫੜ ਕੇ ਘੁਟਿਆ ।
ਅਧਮੋਇਆ ਕਰ ਕੇ ਸੁਟਿਆ ।

ਇਹ ਵੇਖ ਕੇ ਪੁਠਾ ਚਾਲਾ ।
ਬ੍ਰਹਿਮਣ ਨੇ ਕਢ ਲਈ ਮਾਲਾ ।

ਫਿਰ ਦਿਲ ਵਿਚ ਆਖਣ ਲਗਾ ।
ਅਜ ਫਸ ਗਿਆ ਲੋਲ੍ਹਾ ਢਗਾ ।

ਮੈਂ ਧੋਖੇ ਦੇ ਵਿਚ ਫਸਿਆ ।
ਮੈਨੂੰ ਰਾਹ ਇਹਨਾਂ ਨੇ ਦਸਿਆ ।

ਅਜ ਖੈਰ ਨਹੀਂ ਦਿਸਦੀ ਮੇਰੀ ।
ਉਸ ਪੁਠੀ ਮਾਲਾ ਫੇਰੀ ।

ਹੇ ਭਗਵਨ ਮੇਰਿਆ ਸਚਿਆ ।
ਤਦ ਜਾਣਸਾਂ ਜੇ ਅਜ ਬਚਿਆ ।

ਜਟ ਦਿਸਦਾ ਅਜ ਸਿਰ ਲਥ ਹੈ ।
ਮੇਰੀ ਲਾਜ ਤੇਰੇ ਅਜ ਹਥ ਹੈ ।

ਦਿਹ ਜਟ ਨੂੰ ਇਕ ਹਲੂਣਾ ।
ਪਰਸ਼ਾਦ ਮੈਂ ਦੇਸਾਂ ਦੂਣਾ ।

ਇਹਨੂੰ ਸੁਸਰੀ ਵਾਂਗ ਸਵਾ ਦੇਹ ।
ਯਾ ਮਿਰਗੀ ਇਸ ਨੂੰ ਪਾ ਦੇਹ ।

ਜਟ ਦਿਲ ਵਿਚ ਡਾਹਡਾ ਕੁੜਿਆ ।
ਫਿਰ ਬ੍ਰਹਿਮਣ ਦੇ ਵਲ ਮੁੜਿਆ ।

ਇਹ ਬੇ ਖਸਮੇ ਨੇ ਗੰਨੇ ।
ਦਸ ਤੂੰ ਕਿਉਂ ਆ ਕੇ ਭੰਨੇ ।

ਕੀ ਅਸਾਂ ਖੁਸ਼ਾਮਦ ਤੇਰੀ ।
ਗਲ ਕਰਾਂ ਮੈਂ ਚਾਲੀ ਸੇਰੀ ।

ਜੇ ਪਤਰੀ ਕਢ ਸੁਣਾਵੇਂ ।
ਛਿਲ ਸਾਡੀ ਪਹਿਲੋਂ ਲਾਹਵੇਂ ।

ਜੇ ਖੀਰ ਅਸਾਂ ਖਵਾਈ ।
ਲੈ ਲੈਨਾ ਈਂ ਦੰਦ ਘਸਾਈ ।

ਜੇ ਲਾਵਾਂ ਕਿਤੇ ਪੜਾਵੇਂ ।
ਥਾਂ ਥਾਂ ਤੇ ਟਕੇ ਧਰਾਵੇਂ ।

ਦੋ ਤਤੀਆਂ ਤਤੀਆਂ ਲਾਈਆਂ ।
ਦੋ ਬੂਥਾਂ ਉਤੇ ਟਕਾਈਆਂ ।

ਬ੍ਰਹਿਮਣ ਨੂੰ ਆ ਗਏ ਗੋਤੇ ।
ਉਡ ਗਏ ਅਕਲ ਦੇ ਤੋਤੇ ।

ਜਟ ਗੁੱਸੇ ਦੇ ਵਿਚ ਖਿੰਜਿਆ ।
ਉਹਨੂੰ ਰੂੰ ਦੇ ਵਾਂਗਣ ਪਿੰਜਿਆ ।

ਤਿੰਨੇ ਪਏ ਬਿਟ ਬਿਟ ਤਕਣ ।
ਡਰ ਮਾਰੇ ਬੋਲ ਨਾ ਸਕਣ ।

ਮੈਂ ਪੈਲੀ ਦੇ ਵਿਚ ਗਿਆ ।
ਫਿਰ ਤਿੰਨਾਂ ਨੂੰ ਇਹ ਕਿਹਾ ।

ਇਤਫ਼ਾਕ ਤੁਸੀਂ ਜੇ ਕਰਦੇ ।
ਕਿਉਂ ਜਟ ਦੇ ਹਥੋਂ ਮਰਦੇ ।

ਫੁਟ ਦੀ ਹੋਂਦੀ ਖੈ ਏ ।
ਇਤਫ਼ਾਕੀ ਦੀ ਆਖ਼ਰ ਜੈ ਏ ।

ਮਿਲ ਮਿਲ ਕੇ ਬਣਦੀਆਂ ਡਾਰਾਂ ।
ਇਕ ਇਕ ਤੇ ਦੋ ਨੇ ਯਾਰਾਂ ।

3. ਮੂੰਹਾਂ ਨੂੰ ਮੁਲਾਹਜ਼ੇ ਅਤੇ ਸਿਰਾਂ ਨੂੰ ਸਲਾਮ ਏ

ਰਾਮ ਚੰਦ ਇਕ ਸਾਡੇ ਪਿੰਡ ਥਾਨੇਦਾਰ ਸੀ ।
ਵਢੀ ਖੋਰ ਜਾਬਿਰ ਅਤੇ ਚੰਗਾ ਧਾੜਮਾਰ ਸੀ ।

ਰੋਹਬ ਦਾਬ ਦੇਂਵਦਾ ਤੇ ਦੋਹਾਂ ਪਾਸੋਂ ਖਾਵੰਦਾ ।
ਜਿਹੜਾ ਉਹਦੇ ਕੋਲ ਜਾਵੇ ਚੰਗੀ ਛਿਲ ਲਾਹਵੰਦਾ ।

ਇਕ ਦਿਨ ਸੰਧਿਆ ਨੂੰ ਦਿਨ ਐਤਵਾਰ ਸੀ ।
ਮੋਈ ਉਹਦੀ ਮਾਂ ਜਿਹੜੀ ਚਿਰਾਂ ਤੋਂ ਬੀਮਾਰ ਸੀ ।

ਰੌਲਾ ਪਿਆ ਪਿੰਡ ਵਿਚ ਹੋਈ ਆਣ ਜਾਵਣੀ ।
ਨਿਕੇ ਵਡੇ ਸਾਰੇ ਆਏ ਕਰਨ ਪਰਚਾਵਣੀ ।

ਮਖੀਆਂ ਦੇ ਵਾਂਗ ਆ ਕੇ ਜੁੜੀਆਂ ਜਨਾਨੀਆਂ ।
ਕਰਨ ਉਥੇ ਲਗ ਪਈਆਂ ਲਕ ਬੰਨ੍ਹ ਲਾਹਣੀਆਂ ।

ਜੁੜੇ ਐਨੇ ਲੋਕ ਜਿਹਦਾ ਅੰਤ ਨਾ ਸ਼ੁਮਾਰ ਸੀ ।
ਤਖ਼ਤੇ ਨੂੰ ਮੋਂਹਡਾ ਦੇਣ ਵੇਲੇ ਮਾਰੋ ਮਾਰ ਸੀ ।

ਕੋਈ ਲਾ ਕੇ ਅਖੀਆਂ ਤੇ ਥੁਕ ਪਿਆ ਰੋਂਵਦਾ ।
ਇਕ ਕੋਲੋਂ ਲੰਘ ਦੂਜਾ ਅਗੇ ਅਗੇ ਹੋਂਵਦਾ ।

ਵਰਤ ਗਿਆ ਭਾਣਾ ਫੇਰ ਦੂਜੇ ਐਤਵਾਰ ਨੂੰ ।
ਮੌਤ ਦਾ ਸੁਨੇਹਾ ਆਇਆ ਆਪ ਥਾਨੇਦਾਰ ਨੂੰ ।

ਜਿਤੀ ਹੋਈ ਬਾਜ਼ੀ ਥਾਨੇਦਾਰ ਆਪੂ ਹਰ ਗਿਆ ।
ਕੜੀ ਜੇਡਾ ਜਣਾ ਪਲੋ ਪਲੀ ਵਿਚ ਮਰ ਗਿਆ ।

ਇਕ ਵੀ ਨਾ ਪਿੰਡ ਵਿਚ ਨੇੜੇ ਆ ਕੇ ਢੁਕਿਆ ।
ਮੁਰਦੇ ਨੂੰ ਕਿਸੇ ਨਹੀਂ ਮੂੰਹਡੇ ਉਤੇ ਚੁਕਿਆ ।

ਕੋਈ ਵੀ ਨਾ ਗਿਆ ਉਥੇ ਢਾਹ ਕਿਨੇ ਮਾਰਨੀ ।
ਰੋਂਦੀ ਹੋਸੀ ਬੈਠੀ ਹੋਈ ਇਕੋ ਥਾਨੇਦਾਰਨੀ ।

ਮੋਈ ਉਹਦੀ ਮਾਂ ਲੋਕੀ ਚਰਨ ਆਏ ਛੋਹਣ ਨੂੰ ।
ਮੋਇਆ ਥਾਨੇਦਾਰ ਆਇਆ ਇਕ ਵੀ ਨਾ ਰੋਣ ਨੂੰ ।

ਈਸ਼ਰ ਇਸ ਜ਼ਿੰਦਗੀ ਦਾ ਇਹੋ ਹੀ ਇੰਜਾਮ ਏ ।
ਮੂੰਹਾਂ ਨੂੰ ਮੁਲਾਹਜ਼ੇ ਅਤੇ ਸਿਰਾਂ ਨੂੰ ਸਲਾਮ ਏ ।

4. ਕਿਥੇ ਰਾਜਾ ਭੋਜ ਅਤੇ ਕਿਥੇ ਗੰਗਾ ਤੇਲੀ ਏ

ਕਿਥੇ ਇਕ ਸ਼ੇਰਨੀ ਜੋ ਜੰਗਲ ਦੀ ਰਾਣੀ ਹੋਂਦੀ,
ਕਿਥੇ ਇਕ ਡਰਨ ਵਾਲੀ ਕਾਲੀ ਜੇਹੀ ਲੇਲੀ ਏ ।

ਕਿਥੇ ਦਰਯੋਧਨ ਜਿਨ੍ਹੇ ਰਾਜ ਦੇ ਖੁਮਾਰ ਵਿਚ,
ਗਲ ਵਿਚ ਪਾਈ ਇਕ ਪਾਪਾਂ ਵਾਲੀ ਸੇਲੀ ਏ ।

ਕਿਥੇ ਕਾਲਾ ਸਾਂਵਲਾ ਉਹ ਮੁਰਲੀ ਮਨੋਹਰ ਪਿਆਰਾ,
ਪ੍ਰੇਮ ਵਾਲੀ ਹੋਲੀ ਜਿਨ੍ਹੇ ਆਨ ਕੇ ਤੇ ਖੇਲੀ ਏ ।

ਚੰਗੇ ਅਤੇ ਮੰਦੇ ਦਾ ਮੁਕਾਬਲਾ ਕੀ ਜਗ ਵਿਚ,
ਕਿਥੇ ਰਾਜਾ ਭੋਜ ਅਤੇ ਕਿਥੇ ਗੰਗਾ ਤੇਲੀ ਏ ।

5. ਇਕ ਨੂੰ ਕੀ ਰੋਨੀ ਏਂ ਊਤ ਗਿਆ ਹੈ ਆਵਾ

ਇਕ ਪੁੱਤਰ ਤੇਰਾ ਚਰਸ ਵਿਚ ਰਹਿੰਦਾ,
ਦੂਜਾ ਪੀ ਸ਼ਰਾਬਾਂ ਢਹਿੰਦਾ,
ਤੀਜਾ ਵਿਚ ਕੰਜਰਾਂ ਦੇ ਬਹਿੰਦਾ,
ਚੌਥਾ ਖਾਵੇ ਮਾਵਾ,
ਇਕ ਨੂੰ ਕੀ ਰੋਨੀ ਏਂ,
ਊਤ ਗਿਆ ਹੈ ਆਵਾ ।

ਲੇਫ਼ ਦਾ ਪੁੜ ਹੈ ਸਾਰਾ ਪੜਿਆ,
ਰੂੰ ਤਲਾਈ ਦਾ ਸਾਰਾ ਸੜਿਆ,
ਉਤੇ ਸਰਹਾਣੇ ਸਾੜ ਨਹੀਂ ਚੜਿਆ,
ਟੁਟਿਆ ਮੰਜੀ ਦਾ ਪਾਵਾ,
ਇਕ ਨੂੰ ਕੀ ਰੋਨੀ ਏਂ,
ਊਤ ਗਿਆ ਹੈ ਆਵਾ ।

ਨੂੰਹ ਤੇਰੀ ਹੈ ਬੀਬੀ ਰਾਣੀ,
ਥਥਲੀ ਹੈ ਪਰ ਹੈ ਸਿਆਣੀ,
ਕੰਨੋਂ ਬੋਲੀ ਅਖੀਉਂ ਕਾਣੀ,
ਲੈ ਆਈਂ ਏਂ ਮੁਕਲਾਵਾ,
ਇਕ ਨੂੰ ਕੀ ਰੋਨੀ ਏਂ,
ਊਤ ਗਿਆ ਹੈ ਆਵਾ ।

6. ਐਸਾ ਕਹਿਰ ਕਦੀ ਨਹੀਂ ਡਿਠਾ ਤੰਦੂ ਚਾਇਆ ਵੱਟਾ

ਕੁਦਰਤ ਮੇਰੇ ਰਬ ਦੀ ਤਕ ਤੂੰ ਕੁਦਰਤ ਮੇਰੇ ਰਬ ਦੀ ।
ਰੋਜ਼ੀ ਦੇਂਦਾ ਹਰ ਇਕ ਨੂੰ ਪ੍ਰਿਤਪਾਲ ਕਰੇ ਉਹ ਸਬ ਦੀ ।

ਤਕੋ ਜ਼ਰਾ ਅੰਗੂਰੀ ਗੁੱਛੇ ਇਉਂ ਵੇਲਾਂ ਵਿਚ ਗੁੰਦੇ ।
ਜਿਉਂ ਪਿਆਰੀ ਦੇ ਕੰਨਾਂ ਦੇ ਵਿਚ ਲਟਕਣ ਸੋਹਨੇ ਬੁੰਦੇ ।

ਬਾਗ਼ ਦੇ ਅੰਦਰ ਖ਼ਲਾ ਹੋਇਆ ਹੈ ਸਰੂ ਇਉਂ ਸਿਰ ਨੰਗਾ ।
ਜੋਗੀ ਕੋਈ ਤਪੱਸਿਆ ਕਰਦੈ ਹੋ ਕੇ ਜਿਵੇਂ ਇਕ ਟੰਗਾ ।

ਯਾ ਕੋਈ ਪੈਹਰੇਦਾਰ ਖਲੋ ਕੇ ਪੈਹਰੇਦਾਰੀ ਕਰਦੈ ।
ਯਾ ਕੋਈ ਲੰਮ ਸਲੱਮਾ ਗਭਰੂ ਵਿਚ ਉਡੀਕਾਂ ਮਰਦੈ ।

ਫੁਲ ਗੁਲਾਬੀ ਉਤੇ ਤੁਬਕੇ ਇਉਂ ਤਰੇਲ ਦੇ ਅਟਕਣ ।
ਜਿਉਂ ਸੁਹਣੀ ਦੇ ਬੁਲ੍ਹਾਂ ਉਤੇ ਚਿਟੇ ਮੋਤੀ ਚਮਕਣ ।

ਕੋਇਲ ਬਹਿ ਕੇ ਟੀਹਸੀ ਉਤੇ ਇਉਂ ਕੱਢਦੀ ਹੈ ਸਾੜੇ ।
ਜਿਵੇਂ ਵਿਯੋਗਨ ਪ੍ਰੇਮ ਪਤੀ ਵਿਚ ਕਰਦੀ ਹੋਵੇ ਹਾਹੜੇ ।

ਸਾੜ੍ਹੀ ਇਕ ਬਸੰਤੀ ਸੋਹਣੀ ਇਉਂ ਸਰਹੋਂ ਨੇ ਪਾਈ ।
ਨਵੀਂ ਨਿਵੇਲੀ ਵਹੁਟੀ ਕੋਈ ਬਨ ਠਣ ਕੇ ਜਿਵੇਂ ਆਈ ।

ਇਕ ਮਣ ਦਾ ਇਕ ਕਦੂ ਤਕ ਕੇ ਅਕਲ ਨੂੰ ਲਗ ਗਏ ਜੰਦਰੇ ।
ਵੇਲ ਨਿਕੀ ਜਹੀ ਨਾਲ ਚਮੁਟ ਕੇ ਵਧ ਗਿਆ ਅੰਦਰੋ ਅੰਦਰੇ ।

ਕੁਦਰਤ ਮੇਰੇ ਈਸ਼ਰ ਦੀ ਤੂੰ ਤਕ ਵੇ ਭਾਈਆ ਜੱਟਾ ।
ਐਸਾ ਕਹਿਰ ਕਦੀ ਨਹੀਂ ਡਿਠਾ ਤੰਦੂ ਚਾਇਆ ਵੱਟਾ ।

7. ਕੋਲੇ ਦੀ ਦਲਾਲੀ ਵਿਚ ਮੂੰਹ ਕਾਲਾ

ਸਾਰੀ ਪਿੰਡੀ ਸ਼ਹਿਰ ਵਿਚ ਇਕੋ ਮੇਰਾ ਯਾਰ ਸੀ ।
ਜਿਦ੍ਹੇ ਨਾਲ ਸਾਰਿਆਂ ਤੋਂ ਗੂਹੜਾ ਮੇਰਾ ਪਿਆਰ ਸੀ ।

ਹੁੰਦੀ ਏ ਪ੍ਰੀਤ ਜਿਵੇਂ ਬੱਦਲ ਅਤੇ ਮੋਰ ਦੀ ।
ਫੁੱਲ ਅਤੇ ਭੌਰ ਹੁੰਦੀ ਚੰਨ ਤੇ ਚਕੋਰ ਦੀ ।

ਮੱਛੀ ਅਤੇ ਜਲ ਹੁੰਦੀ ਗੁੱਡੀ ਅਤੇ ਡੋਰ ਦੀ ।
ਐਸੀ ਸੀ ਪ੍ਰੀਤ ਮੇਰੀ ਉਸ ਚਿਤ ਚੋਰ ਦੀ ।

ਕੁੰਡਾ ਨਾ ਸੀ ਸਿਰ ਉਤੇ ਮੁਢੋਂ ਹੀ ਆਜ਼ਾਦੀ ਸੀ ।
ਜੂਆ ਉਹਨੂੰ ਖੇਡਣੇ ਦੀ ਨਿਕੀ ਨਿਕੀ ਵਾਦੀ ਸੀ ।

ਵਿਸਕੀ ਦੀ ਬੋਤਲ ਇਕ ਸ਼ੀਕ ਨਾਲ ਪੀਂਦਾ ਸੀ ।
ਭੰਗ ਦੇ ਬਗੈਰ ਇਕ ਪਲ ਵੀ ਨਾ ਜੀਂਦਾ ਸੀ ।

ਚੰਗਿਆਂ ਦਾ ਵੈਰੀ ਅਤੇ ਲੁਚਿਆਂ ਦਾ ਯਾਰ ਸੀ ।
ਪਿੰਡ ਵਿਚ ਨਾਮੀ ਇਕ ਵਡਾ ਡਾਂਗ ਮਾਰ ਸੀ ।

ਕੰਜਰਾਂ ਦੇ ਘਰ ਗਾਣਾ ਸੁਣਨੇ ਨੂੰ ਜਾਂਦਾ ਸੀ ।
ਕਦੀ ਕਦੀ ਦਮ ਉਹ ਤਾਂ ਚਰਸ ਦੇ ਵੀ ਲਾਂਦਾ ਸੀ ।

ਵਾਰਿਸ ਸ਼ਾਹ ਦੀ ਹੀਰ ਉਹਨੂੰ ਚੋਖੀ ਸਾਰੀ ਯਾਦ ਸੀ ।
ਖੀਸਾ ਗੰਢ ਕੱਟਣੇ ਦਾ ਪੂਰਾ ਉਸਤਾਦ ਸੀ ।

ਭਾਈਆਂ ਰੋਜ਼ ਪਿਟੇ ਉਹਦੇ ਘਰ ਨਾ ਤੂੰ ਜਾਇਆ ਕਰ ।
ਹੱਟੀ ਉਤੇ ਬਹਿ ਕੇ ਦਿਲ ਕੰਮ ਵਿਚ ਲਾਇਆ ਕਰ ।

ਆਖਿਆ ਮੈਂ ਹੋਵੇ ਉਹਦਾ ਚੰਗਾ ਮੰਦਾ ਰਾਸਤਾ ।
ਮੈਨੂੰ ਮੇਰੇ ਯਾਰ ਦੀ ਹੈ ਯਾਰੀ ਨਾਲ ਵਾਸਤਾ ।

ਇਕ ਦਿਨ ਕੋਠੇ ਉਤੇ ਜੂਆ ਸੀ ਖਿਡਾਂਵਦਾ ।
ਮਜ਼ੇ ਸੀ ਉਡਾਂਦਾ ਨਾਲੇ ਪੀਂਵਦਾ ਪਿਲਾਂਵਦਾ ।

ਜੂਏ ਉਤੇ ਦਾਅ ਉਹ ਤਾਂ ਲਾਂਦਾ ਬੇ-ਤਹਾਸ਼ਾ ਸੀ ।
ਮੈਂ ਵੀ ਪਰ ਬੈਠਾ ਹੋਇਆ ਵੇਖਦਾ ਤਮਾਸ਼ਾ ਸੀ ।

ਪੁਲਸੀਆਂ ਨੇ ਕੋਠੇ ਉਤੇ ਘੇਰਾ ਆ ਕੇ ਘਤਿਆ ।
ਉਡ ਗਈ ਜਵਾਰੀਆਂ ਦੀ ਇਕੋ ਵੇਰ ਸਤਿਆ ।

ਝਟ ਪਟ ਉਹਨਾਂ ਨੇ ਤਰੱਡਾ ਫੂਹੜੀ ਚੁਕਿਆ ।
ਕਿਸੇ ਮਾਰੀ ਛਾਲ ਕੋਈ ਟੱਟੀ ਵਿਚ ਲੁਕਿਆ ।

ਮੌਕੇ ਉਤੇ ਪੁਲਸੀਆਂ ਨੇ ਪੰਜਾਂ ਤਾਈਂ ਪਕੜਿਆ ।
ਮੈਂ ਵੀ ਉਹਨਾਂ ਦੋਸ਼ੀਆਂ ਦੇ ਨਾਲ ਗਿਆ ਜਕੜਿਆ ।

ਅੱਖਾਂ ਵਿਚ ਮੇਰੀਆਂ ਦੇ ਲਗੀ ਇਕ ਝੜੀ ਸੀ ।
ਮੈਨੂੰ ਮੇਰੇ ਯਾਰ ਨਾਲ ਲਗੀ ਹਥਕੜੀ ਸੀ ।

ਸੁਣਦਾ ਸੀ ਜਿਹੜਾ ਉਹ ਯਕੀਨ ਨਾ ਸੀ ਕਰਦਾ ।
ਆਖੇ ਉਹ ਅਜਿਹੀ ਥਾਂ ਤੇ ਪੈਰ ਨਹੀਂ ਸੀ ਧਰਦਾ ।

ਭਾਈਏ ਮੈਨੂੰ ਪੁਛਿਆ ਤੂੰ ਕਿਵੇਂ ਜਾ ਕੇ ਫਸਿਆ ।
ਭੁੱਬਾਂ ਮਾਰ ਮਾਰ ਕੇ ਮੈਂ ਇਉਂ ਉਹਨੂੰ ਦਸਿਆ ।

ਜੂਆ ਨਾ ਮੈਂ ਖੇਡਿਆ ਨਾ ਖੇਡਣ ਦੀ ਆਸ਼ਾ ਸੀ ।
ਮੈਂ ਤਾਂ ਪਰੇ ਬੈਠਾ ਹੋਇਆ ਵੇਖਦਾ ਤਮਾਸ਼ਾ ਸੀ ।

ਭਾਈਏ ਕਿਆ ਗੰਦ ਵਿਚ ਗੰਦੀ ਪਵਨ ਝੁਲਦੀ ।
ਫੁੱਲਾਂ ਵਿਚ ਆਵੇ ਖ਼ੁਸ਼ਬੂ ਸੋਹਣੀ ਫੁੱਲ ਦੀ ।

ਕਰਨਾ ਕੁਸੰਗ ਬੱਚਾ ਮਾੜਿਆਂ ਦਾ ਚਾਲਾ ਏ ।
ਕੋਲੇ ਦੀ ਦਲਾਲੀ ਵਿਚ ਮੂੰਹ ਹੁੰਦਾ ਕਾਲਾ ਏ ।

8. ਅੰਨ੍ਹੀ ਪੀਹੈ ਤੇ ਕੁੱਤੀ ਚੱਟੈ ਆਟਾ ਘੱਟੈ ਕਿ ਨਾ ਘੱਟੈ

ਹੱਟੀ ਭਾਈਏ ਨੇ ਨਵੀਂ ਇਕ ਪਾਈ ।
ਅਸੀਂ ਦੋਵੇਂ ਬਣ ਗਏ ਹਲਵਾਈ ।

ਵੇਚਣ ਲਗੇ ਦੁਧ ਮਲਾਈ ।
ਪੂੜੀ ਪੂੜੇ ਤੇ ਮਠਿਆਈ ।

ਚਵ੍ਹਾਂ ਦਿਨਾਂ ਵਿਚ ਹੱਟੀ ਚਮਕੀ ।
ਭਾਈਏ ਜੀ ਦੀ ਗੋਗੜ ਲਮਕੀ ।

ਲੋਕੀ ਦੁਧ ਵਿਚ ਪਾਣੀ ਪਾਂਦੇ ।
ਅਸੀਂ ਪਾਣੀ ਵਿਚ ਦੁਧ ਮਿਲਾਂਦੇ ।

ਚੋਖੀ ਹੋਵਣ ਲਗ ਪਈ ਖੱਟੀ ।
ਚਮਕਣ ਲਗ ਪਈ ਸਾਡੀ ਹੱਟੀ ।

ਜਿਸ ਦਿਨ ਭਾਈਆ ਪੂੜੇ ਤਲਦਾ ।
ਗਾਹਕਾਂ ਤਾਈਂ ਪਿਛੋਂ ਵਲਦਾ ।

ਆਪੋਂ ਖਾਂਦਾ ਚੋਂਦਾ ਚਾਂਦਾ ।
ਬਾਰਾਂ ਪੂੜੇ ਢਿਡ ਵਿਚ ਪਾਂਦਾ ।

ਕੁਝ ਨਾ ਕੁਝ ਉਹ ਕਰਦਾ ਰਹਿੰਦਾ ।
ਜਦ ਵੇਖਾਂ ਉਹ ਚਰਦਾ ਰਹਿੰਦਾ ।

ਉਹ ਉੱਠੇ ਤਾਂ ਮੈਂ ਆ ਬਹਿੰਦਾ ।
ਚਟ ਕਰ ਜਾਵਾਂ ਰਹਿੰਦਾ ਖਹਿੰਦਾ ।

ਅੱਠ ਵਟਾਂ ਦੋ ਜੇਹਬੇ ਪਾਵਾਂ ।
ਚੋਰੀ ਛਿਪੀ ਸਿਨਮੇ ਜਾਵਾਂ ।

ਜਿਸ ਵੇਲੇ ਮੈਂ ਖੋਆ ਬਣਾਂਦਾ ।
ਨਾਲੋ ਨਾਲੀ ਖਾਈ ਜਾਂਦਾ ।

ਦਾਅ ਲਗੇ ਆ ਭਾਬੋ ਵੜਦੀ ।
ਹੌਲੀ ਹੌਲੀ ਹੱਟੀ ਚੜ੍ਹਦੀ ।
ਭਾਈਆ ਜੇਕਰ ਅੱਖ ਭਵਾਵੇ ।
ਭਾਬੋ ਹੱਥ ਗੱਲੇ ਵਿਚ ਪਾਵੇ ।

ਜੋ ਕੁਝ ਲਭੇ ਮੁਠ ਵਿਚ ਪਾਂਦੀ ।
ਮਲਕਣੇ ਹੀ ਪਿਠ ਵਿਖਾਂਦੀ ।

ਖਾਲੀ ਮੂਲੀ ਹੋ ਗਈ ਹੱਟੀ ।
ਜੋ ਪੱਟੀ ਸੋ ਸਵਾਦਾਂ ਪੱਟੀ ।

ਅੰਦਰ ਬਹਿ ਕੇ ਭਾਈਆ ਰੋਇਆ ।
ਮੈਂ ਪੁਛਿਆ ਕੀ ਭਾਈਆ ਹੋਇਆ ।

ਆਖਣ ਲਗਾ ਗਏ ਹਾਂ ਪੱਟੇ ।
ਖਾਲੀ ਰਹਿ ਗਏ ਥਾਲ ਤੇ ਵੱਟੇ ।

ਇਹ ਹੈਰਿਤ ਹੈ ਸਾਨੂੰ ਡਾਢੀ ।
ਪੂੰਜੀ ਉਡ ਗਈ ਕਿਥੇ ਸਾਡੀ ।

ਕਰ ਰਹੇ ਸਾਂ ਤਿੰਨੋਂ ਜ਼ਾਰੀ ।
ਕਿਸੇ ਨੇ ਕੰਨ ਵਿਚ ਫੂਕ ਆ ਮਾਰੀ ।

ਜੜ੍ਹ ਆਪਨੀ ਸੋ ਪੁਟਣ ਵਾਲੇ ।
ਇਕ ਹੱਟੀ ਤਿੰਨ ਲੁਟਣ ਵਾਲੇ ।

ਅੰਨ੍ਹੀ ਪੀਹੈ ਤੇ ਕੁੱਤੀ ਚੱਟੈ ।
ਆਟਾ ਘੱਟੈ ਕਿ ਨਾ ਘੱਟੈ ।

9. ਉਹ ਭਲਾ ਮਾਣਸ ਹੈ ਕੈਸਾ, ਜਿਦ੍ਹੇ ਪਾਸ ਨਹੀਂ ਹੈ ਪੈਸਾ

ਜੇ ਕੋਲ ਨਹੀਂ ਕੁਝ ਮਾਇਆ ।
ਨਾ ਚਾਚਾ ਹੈ ਨਾ ਤਾਇਆ ।

ਨਾ ਫੁਫੀ ਨਾ ਮਾਸੀ ਤਾਈ ।
ਨਾ ਸੱਸ ਨਾ ਬਣੇ ਜਵਾਈ ।

ਬਿਨ ਜ਼ਰ ਹੈ ਲੋਲ੍ਹਾ ਢੱਗਾ ।
ਨਾ ਪਿਛਾ ਤੇ ਨਾ ਅੱਗਾ ।

ਨਾ ਯਾਰ ਦੀ ਨਿਭਦੀ ਯਾਰੀ ।
ਨਾ ਵੀਰ ਨਾ ਭੈਣ ਪਿਆਰੀ ।

ਬਿਨ ਜ਼ਰ ਹੈ ਹੁਸਨ ਵੀ ਫੋਕਾ ।
ਬਿਨ ਜ਼ਰ ਹੈ ਪਾਣੀ ਸੋਕਾ ।

ਜੇ ਕੋਲ ਨਹੀਂ ਹੈ ਛਾਂਦਾ ।
ਉਹਨੂੰ ਭਾਂਡੇ ਕੋਈ ਨਹੀਂ ਪਾਂਦਾ ।

ਨਾ ਸਾਵਣ ਦੀਆਂ ਬਹਾਰਾਂ ।
ਨਾ ਪੀਂਘਾਂ ਝੂਟਣ ਨਾਰਾਂ ।

ਨਾ ਜੋਬਨ ਅਤੇ ਜਵਾਨੀ ।
ਨਾ ਗਲ ਵਿਚ ਫਬਦੀ ਗਾਨੀ ।

ਬਿਨ ਪੈਸੇ ਕੁਝ ਨਹੀਂ ਲੱਭਦਾ ।
ਨਾ ਵਸਲ ਹੀ ਹੁੰਦਾ ਰੱਬ ਦਾ ।

ਨਾ ਕੰਮ ਕੋਈ ਹੁੰਦਾ ਪੂਰਾ ।
ਬਿਨ ਜ਼ਰ ਹੈ ਇਸ਼ਕ ਅਧੂਰਾ ।

ਨਾ ਛਾਤੀ ਦੇ ਵਿਚ ਜ਼ੋਰ ਏ ।
ਨਾ ਪ੍ਰੇਮ ਦੀ ਲੰਮੀ ਡੋਰ ਏ ।

ਬਿਨ ਜ਼ਰ ਹੈ ਖਾਲੀ ਕਾਸਾ ।
ਨਾ ਮੂੰਹ ਤੇ ਆਵੇ ਹਾਸਾ ।

ਨਾ ਆਦਰ ਨਾ ਅਬਰੂ ਏ ।
ਨਾ ਫੁੱਲਾਂ ਵਿਚ ਖ਼ੁਸ਼ਬੂ ਏ ।

ਬਿਨ ਪੈਸੇ ਚੌੜ ਚੋਪੱਟ ਏ ।
ਨਾ ਮੁੱਛਾਂ ਦੇ ਵਿਚ ਵਟ ਏ ।

ਉਹ ਭਲਾ ਮਾਣਸ ਹੈ ਕੈਸਾ ।
ਜਿਦ੍ਹੇ ਪਾਸ ਨਹੀਂ ਹੈ ਪੈਸਾ ।

10. ਇੱਲਾਂ ਕਿਸ ਪਰਨਾਈਆਂ ਕਿਸ ਪਿੰਜਰੇ ਘੱਤੇ ਕਾਂ

ਗੱਲਾਂ ਇਹ ਅਨਹੋਣੀਆਂ ਹੋਣ ਨਾ ਵਿਚ ਜਹਾਂ ।
ਦੁਧ ਨਾ ਦੇਵੇ ਨਾਗਨੀ ਜ਼ਹਿਰ ਨਾ ਦੇਵੇ ਗਾਂ ।

ਬੁਰਾ ਜੋ ਮੰਗੇ ਪੁਤ ਦਾ ਕਿਹੜੀ ਹੈ ਉਹ ਮਾਂ ।
ਸਿੰਬਲ ਫਲ ਨਾ ਦੇਂਵਦਾ ਬਾਂਸ ਨਾ ਦੇਵੇ ਛਾਂ ।

ਉਹਨਾਂ ਨੂੰ ਆਦਰ ਨਾ ਮਿਲੇ ਜਿਨ੍ਹਾਂ ਦੀ ਨਾ ਕੋਈ ਥਾਂ ।
ਕੌੜਾ ਉਸ ਕੀ ਬੋਲਣਾ ਮਿੱਠੀ ਜਿਦ੍ਹੀ ਜ਼ਬਾਂ ।

ਨਾਲ ਉਹਦੇ ਕੌਣ ਛੋਂਹਦਾ ਪੈ ਗਈ ਜਿਸ ਨੂੰ ਪਾਂ ।
ਮੱਝਾਂ ਗਾਈਆਂ ਨਾ ਕਦੀ ਉੱਡਨ ਵਿਚ ਅਸਮਾਂ ।

ਮਨ ਵਿਚ ਪਾਪੀ ਦੇ ਕਦੀ ਵਗੇ ਨਾ ਪ੍ਰੇਮ ਝਨਾਂ ।
ਕਿਹੜਾ ਕਿਲੇ ਗੱਡ ਕੇ ਬੈਠਾ ਵਿਚ ਸਰਾਂ ।

ਬਾਂਗਾਂ ਕਿਸ ਨੇ ਦੇਣੀਆਂ ਉਜੜੇ ਵਿਚ ਗਰਾਂ ।
ਇੱਲਾਂ ਕਿਸ ਪਰਨਾਈਆਂ ਕਿਸ ਪਿੰਜਰੇ ਘੱਤੇ ਕਾਂ ।

11. ਦਸੋ ਕਦੀ ਮੁਰਦਿਆਂ ਨੇ ਖੀਰਾਂ ਹੈਨ ਖਾਧੀਆਂ

ਫਿਰਦੇ ਮਲੰਗ ਜਿਹੜੇ ਘਰ ਅਤੇ ਘਾਟ ਬਿਨ,
ਉਨ੍ਹਾਂ ਕਦੋਂ ਛੱਤਾਂ ਉਤੇ ਪਾਣੀਆਂ ਨੇ ਲਾਦੀਆਂ ।

ਲੱਤਾਂ ਨੂੰ ਪਸਾਰ ਜਿਹੜੇ ਸੁੱਤੇ ਤੀਜੀ ਕੋਠੀ ਵਿਚ,
ਉਨ੍ਹਾਂ ਕਦੋਂ ਮੁਲਕ ਦੀਆਂ ਲੈਣੀਆਂ ਆਜ਼ਾਦੀਆਂ ।

ਪੂਰੀਆਂ ਕੀ ਪਾਣੀਆਂ ਨੇ ਉਨ੍ਹਾਂ ਨਰਾਂ ਜਗ ਵਿਚ,
ਦਾੜ੍ਹੀ ਮੁਛਾਂ ਮੁੰਨ ਕੇ ਜੋ ਬਣ ਬੈਠੇ ਮਾਦੀਆਂ ।

ਚਮਨ ਦੇ ਅੰਗੂਰ ਕਦੋਂ ਹੋਣਗੇ ਨਸੀਬ ਉਨ੍ਹਾਂ,
ਜਿਨ੍ਹਾਂ ਇਥੇ ਗਾਜਰਾਂ ਤੇ ਮੂਲੀਆਂ ਨੇ ਰਾਧੀਆਂ ।

ਕਿਹੜੇ ਮਹਿਲ ਉਨ੍ਹਾਂ ਨੇ ਉਸਾਰਨੇ ਨੇ ਆਣ ਕੇ ਤੇ,
ਲਾਈਆਂ ਜਿਨ੍ਹਾਂ ਜਾ ਕੇ ਵਿਚ ਖੁੰਦਰਾਂ ਸਮਾਧੀਆਂ ।

ਮਲ ਕਿਹੜੀ ਮਾਰਨੀ ਹੈ ਉਨ੍ਹਾਂ ਨੇ ਮੈਦਾਨਾਂ ਵਿਚ,
ਪਾਈਆਂ ਹੋਈਆਂ ਚੂੜੀਆਂ ਨੇ ਜਿਨ੍ਹਾਂ ਹੂਰਾਂ ਜਾਦੀਆਂ ।

ਝਲਣਗੇ ਉਹ ਵਾਰ ਕਦੋਂ ਤੇਗਾਂ ਅਤੇ ਖੰਜਰਾਂ ਦੇ,
ਕੰਡੇ ਦੀਆਂ ਪੀੜਾਂ ਜਿਨ੍ਹਾਂ ਕਦੇ ਨਹੀਂ ਸਾਧੀਆਂ ।
ਉਠ ਆਪ ਸਕਦੇ ਨਾ ਫਿੱਟੇ ਮੂੰਹ ਗੋਡਿਆਂ ਦਾ,
ਦਸੋ ਕਦੀ ਮੁਰਦਿਆਂ ਨੇ ਖੀਰਾਂ ਹੈਨ ਖਾਧੀਆਂ ।

12. ਦੋਹਾਂ ਵਿਚ ਤੀਜਾ ਰਲਿਆ ਤਾਂ ਝੁੱਗਾ ਗਲਿਆ

ਰਾਮੋ ਸ਼ਾਮੋ ਧਰਮ ਦੀਆਂ ਦੋਏ ਭੈਣਾਂ ਬਣੀਆਂ ।
ਇਕ ਦੂਜੇ ਬਿਨ ਰਹਿੰਦੀਆਂ ਨਾ ਦੋਵੇਂ ਜਣੀਆਂ ।
ਡਾਢੇ ਪ੍ਰੇਮ ਪਿਆਰ ਦੀਆਂ ਇਨ੍ਹਾਂ ਤੰਦਾਂ ਤਣੀਆਂ ।
ਇਕ ਦੂਜੇ ਤੇ ਵਸਦੀਆਂ ਜਿਉਂ ਮੀਂਹ ਦੀਆਂ ਕਣੀਆਂ ।
ਚਮਕਣ ਦੋਵੇਂ ਇਸ ਤਰ੍ਹਾਂ ਜਿਉਂ ਸਪ ਦੀਆਂ ਮਣੀਆਂ ।

ਦੋਹਾਂ ਦੇ ਅੰਦਰ ਹੋਰ ਇਕ ਤਰਿਆਕਿਲ ਆਈ ।
ਉਸ ਪਲੀਤੇ ਨੂੰ ਨਿਕੀ ਜਹੀ ਤੀਲੀ ਲਾਈ ।
ਦੋਹਾਂ ਨੂੰ ਦਿਤਾ ਪਾੜ ਉਸ ਲਾੜੇ ਦੀ ਤਾਈ ।
ਇਸ ਨੂੰ ਗੱਲ ਕੋਈ ਹੋਰ ਉਸ ਨੂੰ ਹੋਰ ਸਨਾਈ ।
ਝਾਟੇ ਦੋਹਾਂ ਨੇ ਪੁਟ ਲਏ ਸਿਰ ਪਾਈ ਛਾਈ ।

ਘਰ ਆਈਆਂ ਤੇ ਦੋਹਾਂ ਦਾ ਜਦ ਗੁੱਸਾ ਢਲਿਆ ।
ਸਾਗਰ ਚੜ੍ਹਿਆ ਪ੍ਰੇਮ ਦਾ ਜੋ ਜਾਏ ਨਾ ਠਲਿਆ ।
ਦੋਹਾਂ ਨੇ ਦਿਲ ਵਿਚ ਸੋਚਿਆ ਇਸ ਭੈੜੀ ਛਲਿਆ ।
ਇਹ ਸਨੇਹੜਾ ਰਾਮੋ ਨੇ ਸ਼ਾਮੋ ਨੂੰ ਘਲਿਆ ।
ਦੋਹਾਂ ਵਿਚ ਤੀਜਾ ਰਲਿਆ ਤਾਂ ਝੁੱਗਾ ਗਲਿਆ ।

13. ਸਿਰ ਦਿਤਾ ਵਿਚ ਉਖਲੀ ਦੇ ਫਿਰ ਮੂਹਲੇ ਤੋਂ ਕੀ ਡਰਨਾ

ਫੁਲ ਵਰਗੀ ਜੇ ਜ਼ਿੰਦੜੀ ਚਾਹਵੇਂ ਪੈਰ ਕੰਢੇ ਤੇ ਧਰ ਨਾ ।
ਆਸ਼ਿਕ ਏਂ ਤਾਂ ਪ੍ਰੀਤਮ ਦੇ ਦਰ ਬਹਿ ਜਾ ਮਾਰ ਕੇ ਧਰਨਾ ।

ਜੇ ਮੋਤੀ ਦੀ ਲੋੜ ਨਹੀਂਓਂ ਟੁਭੀ ਮਾਰ ਕੇ ਮਰ ਨਾ ।
ਛਾਤੀ ਕਢ ਕੇ ਪਿੜ ਵਿਚ ਆ ਜਾ ਜੇ ਤੂੰ ਲੋੜੇਂ ਮਰਨਾ ।

ਪਹਿਲੋਂ ਖ਼ੌਫ਼ ਡੁਬਨ ਦਾ ਕਰ ਲੈ ਜੇ ਤੂੰ ਲੋੜੇਂ ਤਰਨਾ ।
ਜੇ ਡੁਬਨੇ ਦਾ ਖਤਰਾ ਸਮਝੀਂ ਦਰਿਆ ਦੇ ਵਿਚ ਤਰ ਨਾ ।

ਚੋਰ ਡਾਕੂ ਦਾ ਫ਼ਿਕਰ ਉਹਨੂੰ ਕੀ ਕੋਲ ਜਿਦ੍ਹੇ ਕੋਈ ਜ਼ਰ ਨਾ ।
ਜੇ ਜ਼ਰ ਹੈ ਤਾਂ ਜ਼ਰ ਦੇ ਕਾਰਨ ਦੁਖੜਾ ਪੈਸੀ ਜਰਨਾ ।

ਵਿਚ ਅਕਾਸ਼ਾਂ ਉਡਨਾ ਚਾਹਵੇਂ ਤੂਫ਼ਾਨਾਂ ਤੋਂ ਡਰ ਨਾ ।
ਸਿਰ ਦਿਤਾ ਵਿਚ ਉਖਲੀ ਦੇ ਫਿਰ ਮੂਹਲੇ ਤੋਂ ਕੀ ਡਰਨਾ ।