Afzal Ahsan Randhawa Nu Yaad Kardian
ਅਫ਼ਜ਼ਲ ਅਹਿਸਨ ਰੰਧਾਵਾ ਨੂੰ ਯਾਦ ਕਰਦਿਆਂ : ਡਾ. ਜਮੀਲ ਅਹਿਮਦ ਪਾਲ
ਲਹਿੰਦੇ ਪੰਜਾਬ ਅੰਦਰ ਪੰਜਾਬੀ ਨਾਵਲ ਤੇ ਕਹਾਣੀ ਦੀ ਗੱਲ ਕੀਤੀ ਜਾਵੇ ਪਰ ਅਫ਼ਜ਼ਲ ਅਹਿਸਨ ਰੰਧਾਵਾ ਦਾ ਨਾਂਅ ਨਾ ਆਵੇ, ਇਹ ਮੁਮਕਿਨ ਨਹੀਂ। ਲਹਿੰਦੇ ਪੰਜਾਬ ਤੋਂ ਵਧ ਕੇ ਚੜ੍ਹਦੇ ਪੰਜਾਬ ਅੰਦਰ ਉਨ੍ਹਾਂ ਦੀ ਮਾਨਤਾ ਰਹੀ ਹੈ। ਉਨ੍ਹਾਂ ਦੇ ਨਾਵਲ, ਕਹਾਣੀਆਂ ਤੇ ਹੋਰ ਲਿਖਤਾਂ ਚੜ੍ਹਦੇ ਪੰਜਾਬ ਅੰਦਰ ਹੱਥੋਂ ਹੱਥ ਲਏ ਜਾਂਦੇ ਰਹੇ। ਕਾਲਜਾਂ ਤੇ ਯੂਨੀਵਰਸਿਟੀਆਂ ਦੇ ਸਿਲੇਬਸ ਵਿਚ ਸ਼ਾਮਿਲ ਹੁੰਦੇ ਰਹੇ ਤੇ ਆਲੋਚਕ ਲਿਖਤਾਂ ਦਾ ਵਿਸ਼ਾ ਰਹੇ। ਇਧਰ ਲਹਿੰਦੇ ਪੰਜਾਬ ਵਿਚ ਅਸਾਂ ਉਨ੍ਹਾਂ ਨਾਲ ਉਹੀ ਸਲੂਕ ਕੀਤਾ ਜੋ ਪੰਜਾਬੀ ਜ਼ੁਬਾਨ ਨਾਲ ਕਰ ਰਹੇ ਆਂ।
ਮੈਂ 1977 ਵਿਚ ਪੰਜਾਬੀ ਸਾਹਿਤ ਦੇ ਖੇਤਰ ਵਿਚ ਆਇਆ ਤਾਂ ਜਿਹੜੇ ਦੋ ਚਾਰ ਲੋਕਾਂ ਦਾ ਨਾਂਅ ਸਭ ਤੋਂ ਪਹਿਲਾਂ ਸੁਣਿਆ, ਉਨ੍ਹਾਂ ਵਿਚ ਅਫ਼ਜ਼ਲ ਅਹਿਸਨ ਰੰਧਾਵਾ ਦਾ ਨਾਂਅ ਵੀ ਸੀ। ਮੁਲਾਕਾਤ ਤਾਂ ਕਈ ਸਾਲ ਬਾਅਦ ਹੋਈ ਪਰ ਉਨ੍ਹਾਂ ਦੀਆਂ ਲਿਖਤਾਂ ਨਾਲ ਮੁਲਾਕਾਤ ਪਹਿਲਾਂ ਹੋ ਗਈ ਸੀ। 'ਦੀਵਾ ਤੇ ਦਰਿਆ' ਤੋਂ ਵੱਖ ਉਨ੍ਹਾਂ ਦਾ ਪਹਿਲਾ ਕਹਾਣੀ ਪਰਾਗਾ 'ਰੰਨ, ਤਲਵਾਰ ਤੇ ਘੋੜਾ' ਪੜ੍ਹਿਆ। 1980 ਵਿਚ ਮਹੀਨਾਵਾਰ 'ਲਹਿਰਾਂ' ਨਾਲ ਮੇਰਾ ਸਬੰਧ ਜੁੜਿਆ ਤਾਂ ਇਕ ਦਿਨ ਐਡੀਟਰ ਹੋਰਾਂ ਦੱਸਿਆ ਕਿ ਅਫ਼ਜ਼ਲ ਅਹਿਸਨ ਰੰਧਾਵਾ ਸਾਡੇ ਮਾਸਕ ਪੱਤਰ ਵਾਸਤੇ ਕਿਸ਼ਤਵਾਰ ਨਾਵਲ ਦੇਣਾ ਮੰਨ ਗਏ ਹਨ। ਛੇਤੀ ਹੀ ਉਨ੍ਹਾਂ ਨੇ 'ਪੰਧ' ਦੀਆਂ ਕਿਸ਼ਤਾਂ ਘੱਲਣੀਆਂ ਸ਼ੁਰੂ ਕਰ ਦਿੱਤੀਆਂ ਜੋ ਛਪਣ ਲੱਗ ਪਈਆਂ।
ਕੁਝ ਚਿਰ ਬਾਅਦ ਉਨ੍ਹਾਂ ਦੀਆਂ ਦੋ ਕਿਤਾਬਾਂ ਦੀ ਮੁੱਖ ਵਖਾਲੀ ਲਾਹੌਰ ਵਿਚ ਹੋਈ ਤਾਂ ਉਹ ਆਪਣੇ ਸ਼ਹਿਰ ਲਾਇਲਪੁਰ (ਅਜੋਕਾ ਨਾਂਅ ਫ਼ੈਸਲਾਬਾਦ) ਤੋਂ ਲਾਹੌਰ ਆਏ। ਕੰਵਲ ਮੁਸ਼ਤਾਕ ਨੇ ਸਾਡਾ ਪਰੀਚੈ ਕਰਾਇਆ। ਉਨ੍ਹਾਂ ਨੇ ਕੁਰਸੀ ਵਿਚ ਬੈਠੇ ਬੈਠੇ ਮੇਰੇ ਨਾਲ ਜੱਫੀ ਪਾਈ ਤੇ ਖੱਬੇ ਹੱਥ ਨਾਲ ਹੱਥ ਮਿਲਾਇਆ। ਉਨ੍ਹਾਂ ਦੀ ਸੱਜੀ ਬਾਂਹ ਮਸਨੂਈ (ਬਣਾਵਟੀ) ਸੀ। ਇਹਦੇ ਬਾਰੇ ਨਾ ਮੈਂ ਕਈ ਪੁੱਛਿਆ, ਨਾ ਕਦੀ ਉਨ੍ਹਾਂ ਦੱਸਿਆ। ਮੁਹੰਮਦ ਆਸਿਫ਼ ਖਾਂ ਉਨ੍ਹਾਂ ਦੇ ਸਮਕਾਲੀ ਵੀ ਸਨ, ਮਿੱਤਰ ਵੀ, ਮੇਰੇ ਉਸਤਾਦ ਵੀ। ਇਕ ਦਿਨ ਮੈਂ ਉਨ੍ਹਾਂ ਕੋਲੋਂ ਪੁੱਛਿਆ ਤਾਂ ਉਨ੍ਹਾਂ ਵੀ ਇਹੋ ਜਵਾਬ ਦਿੱਤਾ।
ਮੇਰਾ ਤੇ ਉਨ੍ਹਾਂ ਦੀ ਉਮਰ ਦਾ ਪੂਰੀ ਇਕ ਨਸਲ ਜਿੰਨਾ ਫ਼ਰਕ ਸੀ। ਅਸੀਂ ਉਨ੍ਹਾਂ ਤੋਂ ਜੂਨੀਅਰ ਪੀੜ੍ਹੀ ਦੇ ਲਿਖਾਰੀ ਸਾਂ ਪਰ ਉਨ੍ਹਾਂ ਨੇ ਕਦੀ ਸੀਨੀਅਰ ਜੂਨੀਅਰ ਵਾਲਾ ਵਤਕਰਾ ਨਹੀਂ ਸੀ ਕੀਤਾ। ਉਨ੍ਹਾਂ ਭਾਣੇ ਸਾਰੇ ਲਿਖਾਰੀ ਇਕੋ ਜਿਹੇ ਸਨ। ਇਕ ਮੁਲਾਕਾਤ ਵਿਚ ਉਨ੍ਹਾਂ ਨੇ ਆਖਿਆ ਸੀ 'ਜਿਹੜਾ ਵੀ ਪੰਜਾਬੀ ਵਿਚ ਲਿਖਦਾ ਏ, ਮੇਰੇ ਲਈ ਉਹ ਮਹੁਤਰਮ ਏ।'
ਉਨ੍ਹੀਂ ਦਿਨੀਂ ਰੰਧਾਵਾ ਹੋਰੀਂ ਲਾਹੌਰ ਵਿਚ ਪੜ੍ਹਿਆ ਕਰਦੇ ਸਨ, ਕਿਸੇ ਹੋਸਟਲ ਵਿਚ ਰਹਿੰਦੇ ਸਨ। ਇਹ 1960 ਦੇ ਲਾਗੇ ਚਾਗੇ ਦੀ ਗੱਲ ਹੈ। ਮੁਹੰਮਦ ਆਸਿਫ਼ ਖਾਂ ਹੋਰਾਂ 'ਪੰਜਾਬੀ ਅਦਬ' ਦੇ ਨਾਂਅ ਨਾਲ ਇਕ ਬਹੁਤ ਵਧੀਆ ਮਾਸਕ ਸ਼ੁਰੂ ਕੀਤਾ। ਆਸਿਫ਼ ਖਾਂ ਦੱਸਦੇ ਹਨ ਕਿ ਮੈਂ ਉਨ੍ਹਾਂ ਕੋਲੋਂ ਪੁੱਛੇ ਬਗ਼ੈਰ 'ਪੰਜਾਬੀ ਅਦਬ' ਵਿਚ ਇਸ਼ਤਿਹਾਰ ਦੇ ਦਿੱਤਾ ਕਿ ਅਗਲੇ ਮਹੀਨੇ ਰੰਧਾਵਾ ਹੋਰਾਂ ਦਾ ਨਾਵਲ ਸਾਡੇ ਪਰਚੇ ਵਿਚ ਛਾਪਿਆ ਜਾਵੇਗਾ ਤਾਂ ਵਾਕਈ ਇੰਜ ਹੋਇਆ। ਰੰਧਾਵਾ ਹੋਰਾਂ ਵੇਲੇ ਸਿਰ ਨਾਵਲ 'ਦੀਵਾ ਤੇ ਦਰਿਆ' ਲਿਖ ਕੇ ਪੇਸ਼ ਕਰ ਦਿੱਤਾ। ਇਹੋ ਨਾਵਲ ਪਹਿਲਾਂ 'ਪੰਜਾਬੀ ਅਦਬ' ਦੇ ਇਕ ਅੰਕ ਵਿਚ ਛਪਿਆ ਤੇ ਬਾਅਦ ਵਿਚ ਕਿਤਾਬੀ ਰੂਪ ਵਿਚ। ਨਾਵਲ ਲਹਿੰਦੇ ਪੰਜਾਬ ਵਿਚ ਇਸ ਹਵਾਲੇ ਨਾਲ ਅਹਿਮ ਸੀ ਕਿ ਇਹਦੇ ਵਿਚ ਪਹਿਲੀ ਵਾਰ ਸਿੱਖ ਪਾਤਰ ਪੇਸ਼ ਕੀਤੇ ਗਏ ਸਨ। ਰੰਧਾਵਾ ਦੇ ਦੂਜੇ ਨਾਵਲ 'ਦੋਆਬਾ' ਵਿਚ ਵੀ ਸਿੱਖ ਪਾਤਰ ਹੀ ਸਨ। ਚੜ੍ਹਦੇ ਪੰਜਾਬ ਦੇ ਆਲੋਚਕ ਅਤਰ ਸਿੰਘ ਨੇ ਆਖਿਆ ਕਿ ਰੰਧਾਵਾ ਦੇ ਨਾਵਲ ਇਸ ਕਰਕੇ ਗੋਹ ਗੋਚਰੇ ਹਨ ਕਿ ਉਨ੍ਹਾਂ ਵਿਚ ਨਾਸਟਿਲਜੀਆ ਜਾਂ ਹੀਰੋ ਦੇ ਨਾਲ-ਨਾਲ 'ਉੱਜੜ ਕੇ ਆਏ' ਲੋਕਾਂ ਦੀ ਬਜਾਏ 'ਉੱਜੜ ਕੇ ਗਏ' ਲੋਕਾਂ ਦੀ ਗੱਲ ਕੀਤੀ ਗਈ ਹੈ।
ਰੰਧਾਵਾ ਹੋਰੀਂ ਮੇਰੇ ਨਾਲ ਸਦਾ ਮਿਹਰਬਾਨ ਰਹੇ। ਪੰਜਾਬੀ ਅਦਬੀ ਬੋਰਡ ਵਿਚ ਅਕਸਰ ਆਉਂਦੇ ਜਿਥੇ ਮੁਹੰਮਦ ਆਸਿਫ਼ ਖਾਂ ਸਕੱਤਰ ਸਨ ਤੇ ਮੈਂ ਉੱਥੇ ਪਾਰਟ ਟਾਈਮ ਨੌਕਰੀ ਕਰਦਾ ਸਾਂ। ਇਕ ਵਾਰੀ ਆਏ। 'ਸੂਰਜ ਗ੍ਰਹਿਣ' ਨਾਵਲ ਦੀ ਛਪਾਈ ਹੋਣੀ ਸੀ। ਨਾਵਲ ਦੀਆਂ ਕਾਪੀਆਂ ਆਸਿਫ਼ ਖ਼ਾਂ ਹੋਰਾਂ ਮੇਰੇ ਹਵਾਲੇ ਕੀਤੀਆਂ... ਇਹ ਜ਼ਰਾ ਵੇਖ ਲੈ... ਮੈਂ ਉੱਥੇ ਈ ਮੇਜ਼ ਉੱਤੇ ਕਾਪੀਆਂ ਵਛਾ ਲਈਆਂ। 'ਇਹ ਦੂਜੇ ਸਫ਼ੇ ਉੱਤੇ ਕਿਤਾਬ ਦਾ ਨਾਂਅ, ਪਹਿਲਾ ਸਫ਼ਾ ਖਾਲੀ...' ਖਾਂ ਸਾਹਿਬ, ਇਹ ਕੀ? ਕਿਤਾਬ ਦਾ ਨਾਂਅ ਤੇ ਪਹਿਲੇ ਸਫ਼ੇ ਉੱਤੇ ਹੁੰਦਾ ਹੈ। ਖ਼ਾਂ ਸਾਹਿਬ ਨੇ ਗੱਲ ਨੋਟ ਕੀਤੀ। 'ਇਹ ਸਰਮਪਣ ਵੀ ਛੇ ਨੰਬਰ ਸਫ਼ੇ ਉੱਤੇ, ਖ਼ਾਂ ਸਾਹਿਬ ਇਹ ਵੀ ਪੰਜਵੇਂ ਸਫ਼ੇ ਉੱਤੇ ਹੁੰਦਾ ਹੈ। ਸਾਰੇ ਟਾਕ (ਓਡ) ਸਫ਼ੇ ਜਿਸਤ (ਈਵਨ) ਲਾ ਦਿੱਤੇ ਨੇ।' ਮੈਂ ਨਾਲ-ਨਾਲ ਕਾਪੀ ਜੋੜਨ ਵਾਲੇ ਬਾਰੇ ਵੀ ਮੰਦਾ ਬੋਲਦਾ ਰਿਹਾ। ਰੰਧਾਵਾ ਹੋਰੀਂ ਚੁੱਪ ਚਪੀਤੇ ਸੁਣਦੇ ਰਹੇ। ਜਦੋਂ ਮੇਰੇ ਵੱਲੋਂ ਕੀੜੇ ਕੱਢਣ ਦਾ ਕੰਮ ਹੱਦੋਂ ਵਧ ਗਿਆ ਤਾਂ ਆਸਿਫ਼ ਖ਼ਾਂ ਹੋਰੀ ਨਾ ਰਹਿ ਸਕੇ। 'ਰੰਧਾਵਾ ਸਾਹਿਬ, ਇਹ ਕਾਪੀਆਂ ਕਿਹਨੇ ਜੋੜੀਆਂ ਨੇ?'
'ਜੋੜੀਆਂ ਤੇ ਕਾਪੀ ਪੇਸਟਰ ਨੇ ਈ ਨੇ ਪਰ ਮੈਂ ਜਿਵੇਂ ਹਦਾਇਤਾਂ ਦਿੰਦਾ ਗਿਆ, ਉਵੇਂ ਹੀ ਉਹ ਜੋੜਦਾ ਗਿਆ। ਤਦੇ ਈ ਤੇ ਚੁੱਪ ਕਰ ਕੇ ਸੁਣ ਰਿਹਾਂ।' ਰੰਧਾਵਾ ਹੋਰਾਂ ਹੱਸ ਕੇ ਆਖਿਆ।
1989 ਵਿਚ ਮੈਂ ਤੇ ਇਲਿਆਸ ਘੁੰਮਣ ਨੇ 'ਰਵੇਲ' ਪੰਦਰਵਾੜਾ ਜਾਰੀ ਕੀਤਾ ਤੇ ਅਸੀਂ ਦੋਵੇਂ ਰੰਧਾਵਾ ਹੋਰਾਂ ਦਾ ਇੰਟਰਵਿਊ ਲੈਣ ਫ਼ੈਸਲਾਬਾਦ ਤੁਰ ਗਏ। ਰੱਜ ਕੇ ਗੱਲਾਂ ਹੋਈਆਂ। ਸਾਡੀ ਇੰਟਰਵਿਊ ਵਿਚ ਇਕ ਸਵਾਲ ਸੀ 'ਕੁਝ ਲੋਕ ਪੰਜਾਬੀ ਲਿਖਾਰੀਆਂ ਉੱਤੇ ਇਲਜ਼ਾਮ ਲਾਉਂਦੇ ਨੇ ਕਿ ਇਹ ਗਰੇਟਰ ਪੰਜਾਬ ਲਈ ਕੰਮ ਕਰਦੇ ਨੇ। ਤੁਹਾਡਾ ਇਹਦੇ ਬਾਰੇ ਕੀ ਵਿਚਾਰ ਏ?' ਰੰਧਾਵਾ ਹੋਰਾਂ ਦਾ ਜਵਾਬ ਸੀ 'ਅਗਲਿਆਂ ਨੇ ਪੰਜਾਬ ਈ ਨਹੀਂ ਰਹਿਣ ਦੇਣਾ, ਤੁਸੀਂ ਗਰੇਟਰ ਪੰਜਾਬ ਦੀ ਗੱਲ ਕਰਦੇ ਹੋ।'
ਖ਼ੁੱਰਮ ਉਨ੍ਹਾਂ ਦਾ ਇਕੋ ਇਕ ਪੁੱਤਰ ਸੀ ਜਿਹਦੇ ਬਾਰੇ ਉਨ੍ਹਾਂ ਦਾ ਸ਼ਿਅਰ ਹੈ :
ਕੱਲਾ ਸਾਂ ਤੇ ਕਿਸੇ ਤੋਂ ਵੀ ਨਹੀਂ ਡਰਦਾ ਸਾਂ
ਹੁਣ ਡਰਾਵੇ 'ਖੁੱਰਮ' ਵਰਗਾ ਬਾਲ ਪਿਆ।
ਖ਼ੁੱਰਮ ਨੂੰ ਤਾਅਲੀਮ ਲਈ ਅਮਰੀਕਾ ਘੱਲ ਦਿੱਤਾ। ਮਗਰੋਂ ਰੋ ਰੋ ਕੇ ਮਾਂ ਨੇ ਅੱਖਾਂ ਸੁਜਾ ਲਈਆਂ। ਅਖ਼ੀਰ ਉਨ੍ਹਾਂ ਨੂੰ ਵਾਪਸ ਸੱਦ ਲਿਆ ਗਿਆ। ਰੰਧਾਵਾ ਸਾਹਿਬ ਦੇ ਕਹਿਣ ਮੁਤਾਬਿਕ 'ਮਾਂ ਨੂੰ ਠੰਢ ਪੈ ਗਈ'। ਖ਼ੁਰਮ ਦਾ ਵਿਆਹ ਹੋਇਆ, ਬਾਲ ਬੱਚੇ ਹੋਏ ਤੇ ਉਹ ਚਾਲੀ ਸਾਲ ਦੇ ਲਗਪਗ ਉਮਰ ਪਾ ਕੇ ਬਿਮਾਰੀ ਪਾਰੋਂ ਚਲਾਣਾ ਕਰ ਗਿਆ। ਮੈਂ ਰੰਧਾਵਾ ਹੋਰਾਂ ਨੂੰ ਅਫ਼ਸੋਸ ਦਾ ਫੋਨ ਕੀਤਾ। ਉਨ੍ਹਾਂ ਦੀ ਆਵਾਜ਼ ਵਿਚ ਅਫ਼ਸੋਸ ਤੇ ਹੈ ਸੀ ਪਰ ਉਹੀ ਖੜਕ ਵੀ ਸੀ ਜੋ ਉਨ੍ਹਾਂ ਦੀ ਪਛਾਣ ਸੀ। ਪਹਾੜ ਜਿੱਡੇ ਦੁੱਖ ਨੂੰ ਉਨ੍ਹਾਂ ਨੇ ਪਹਾੜ ਬਣ ਕੇ ਸਹਿਆ। ਫਿਰ ਜੀਵਨ ਸਾਥਣ ਆਇਸ਼ਾ ਰੰਧਾਵਾ ਵੀ ਸਾਥ ਛੱਡ ਗਈ। ਉਹ ਹੋਰ ਇਕੱਲੇ ਰਹਿ ਗਏ। ਸਿਵਾਏ ਫੇਸਬੁੱਕ ਦੇ ਉਨ੍ਹਾਂ ਦਾ ਕੋਈ ਹਾਣੀ ਨਹੀਂ ਸੀ ਰਿਹਾ। ਬਾਰ ਵਿਚ ਜਾਂਦੇ ਵਕੀਲ ਸਾਥੀਆਂ ਨਾਲ ਮਿਲਦੇ, ਚਾਹ ਪੀਂਦੇ ਤੇ ਪਰਤ ਆਉਂਦੇ। ਕਰਨ ਵਾਲੇ ਬਹੁਤੇ ਕੰਮ ਵੀ ਨਹੀਂ ਸੀ ਰਹਿ ਗਏ ਸਨ। ਸਮੁੰਦਰ ਖਾਲ ਬਣ ਗਿਆ ਸੀ। ਉਨ੍ਹਾਂ ਦਾ ਆਪਣਾ ਈ ਸ਼ਿਅਰ ਏ :
ਮੈਂ ਦਰਿਆਵਾਂ ਦਾ ਹਾਣੀ ਸਾਂ
ਤਰਨੇ ਪੈ ਗਏ ਖਾਲ ਨੀ ਮਾਏ
ਇਸ ਇਕਲਾਪੇ ਵਿਚ ਉਨ੍ਹਾਂ ਦਾ ਸਹਾਰਾ ਫੇਸਬੁੱਕ ਸੀ ਜਿਹਦੇ ਉੱਤੇ ਉਹ ਅਕਸਰ ਆਪਣਾ ਕੋਈ ਸ਼ਿਅਰ ਜਾਂ ਕਵਿਤਾ ਸ਼ੇਅਰ ਕਰਦੇ। ਕਦੀ ਤਾਜ਼ੀ ਫੋਟੋ ਵੀ ਲਾ ਦਿੰਦੇ। ਹੁਸੈਨ ਸ਼ਾਹਿਦ ਉਨ੍ਹਾਂ ਦੇ ਸਮਕਾਲੀ ਸਨ। ਉਹ ਚਲਾਣਾ ਕਰ ਗਏ ਤਾਂ ਮੈਂ ਉਨ੍ਹਾਂ ਦੀ ਫੋਟੋ ਸ਼ੇਅਰ ਕੀਤੀ। ਜਵਾਬ ਵਿਚ ਉਨ੍ਹਾਂ ਦੀ ਬੜੀ ਦੁੱਖ ਭਰੀ ਟਿਪਣੀ ਆਈ। ਮੈਂ ਹੁਸੈਨ ਸ਼ਾਹਿਦ ਨਾਲ ਮੁਲਾਕਾਤ ਕਰਨ ਵਾਲੇ ਆਖਰੀ ਲੋਕਾਂ ਵਿਚੋਂ ਸਾਂ। ਮੁਲਾਕਾਤ ਸਮੇਂ ਉਹ ਵੀ ਅਫ਼ਜ਼ਲ ਅਹਿਸਨ ਰੰਧਾਵਾ ਨੂੰ ਈ ਯਾਦ ਕਰਦੇ ਰਹੇ।
19 ਸਤੰਬਰ ਨੂੰ ਰੰਧਾਵਾ ਹੋਰਾਂ ਦੇ ਆਪਣੇ ਪੇਜ ਤੋਂ ਈ ਉਨ੍ਹਾਂ ਦੀ ਧੀ ਜਾਂ ਕਿਸੇ ਹੋਰ ਨੇ ਉਨ੍ਹਾਂ ਦੀ ਮੌਤ ਦੀ ਖ਼ਬਰ ਸ਼ੇਅਰ ਕੀਤੀ ਤਾਂ ਮੈਨੂੰ ਆਪਣਾ ਈ ਸ਼ਿਅਰ ਯਾਦ ਆ ਗਿਆ :
ਇਕ ਇਕ ਕਰ ਕੇ ਛੱਡੀ ਜਾਂਦੇ ਯਾਰ ਪੁਰਾਣੇ,
ਕੁਝ ਨੇ ਰੁੱਝੇ, ਕੁਝ ਨਾ ਕੋਲ ਨੇ ਹੋਰ ਬਹਾਨੇ।