Ramzan Shakir
ਰਮਜ਼ਾਨ 'ਸ਼ਾਕਿਰ'

ਨਾਂ-ਮੁਹੰਮਦ ਰਮਜ਼ਾਨ, ਕਲਮੀ ਨਾਂ-ਰਮਜ਼ਾਨ ਸ਼ਾਕਿਰ,
ਜਨਮ ਸਥਾਨ-ਲਾਹੌਰ,
ਵਿੱਦਿਆ-ਐਮ. ਏ. (ਉਰਦੂ, ਪੰਜਾਬੀ), ਕਿੱਤਾ-ਸਰਕਾਰੀ ਨੌਕਰੀ,
ਛਪੀਆਂ ਕਿਤਾਬਾਂ-ਕੰਡਿਆਲੇ ਪੈਂਡੇ (ਗ਼ਜ਼ਲਾਂ), ਕਾਲੇ ਬੱਦਲ ਗੂੜ੍ਹੀ ਛਾਂ (ਗ਼ਜ਼ਲਾਂ), ਮਿੱਟੀ ਦੀ ਖ਼ੁਸ਼ਬੂ (ਨਜ਼ਮਾਂ), ਦੇਸ਼ ਦਾ ਮਾਨ (ਨਜ਼ਮਾਂ),
ਪਤਾ-ਕੋਠੀ ਨੰ:1-ਪਰਾਚਾ ਕਾਲੋਨੀ ਰੋਡ, ਸ਼ਾਹਦਰਾ ਟਾਊਨ ਲਾਹੌਰ ।

ਪੰਜਾਬੀ ਗ਼ਜ਼ਲਾਂ (ਕਾਲੇ ਬੱਦਲ ਗੂੜ੍ਹੀ ਛਾਂ 2003 ਵਿੱਚੋਂ) : ਰਮਜ਼ਾਨ 'ਸ਼ਾਕਿਰ'

Punjabi Ghazlan (Kaale Badal Goorhi Chhaan 2003) : Ramzan Shakir



ਜ਼ਿੰਦਗੀ ਤੇ ਬੇਵਫ਼ਾ ਸੀ

ਜ਼ਿੰਦਗੀ ਤੇ ਬੇਵਫ਼ਾ ਸੀ, ਯਾਰ ਵੀ ਨੇ ਬੇਵਫ਼ਾ । ਗੱਲ ਫੁੱਲਾਂ ਦੀ ਕਰਾਂ ਕੀ, ਖ਼ਾਰ ਵੀ ਨੇ ਬੇਵਫ਼ਾ । ਕਿਉਂ ਕਰਾਂ ਮਿੰਨਤ ਮੱਲਾਹ ਦੀ, ਪਾਰ ਜਾਵਣ ਵਾਸਤੇ, ਆਰ ਵੀ ਨੇ ਬੇਵਫ਼ਾ ਤੇ ਪਾਰ ਵੀ ਨੇ ਬੇਵਫ਼ਾ । ਸਾਲ ਵਿਚ ਦੋ ਵਾਰੀ ਈ ਬਸ, ਓਸ ਨੂੰ ਮਿਲਣਾ ਵਾਂ ਮੈਂ, ਚੰਨ ਈਦਾਂ ਦੇ ਤੇ ਇਹ ਤਹਿਵਾਰ ਵੀ ਨੇ ਬੇਵਫ਼ਾ । ਤੰਦਰੁਸਤੀ ਤੇ ਹਮੇਸ਼ਾ ਸਾਥ ਨਹੀਂ ਰਹਿੰਦੀ ਕਦੇ, ਹੁਣ ਤੇ ਏਥੇ ਇਸ਼ਕ ਦੇ ਬੀਮਾਰ ਵੀ ਨੇ ਬੇਵਫ਼ਾ । ਗ਼ੈਰ ਤੇ ਫੇਰ ਗ਼ੈਰ ਨੇ ਤੂੰ ਤੇ ਮੇਰਾ ਆਪਣਾ ਈ ਸੀ, ਕੀ ਗਿਲਾ ਜੂਹਾਂ ਦਾ ਹੁਣ ਗੁਲਜ਼ਾਰ ਵੀ ਨੇ ਬੇਵਫ਼ਾ । ਜਾਨ ਦਾ 'ਸ਼ਾਕਿਰ' ਜੇ ਮੈਂ ਕਾਹਨੂੰ ਹਿਆਤੀ ਰੋਲਦਾ, ਆਪਣੇ ਵੀ ਨੇ ਬੇਵਫ਼ਾ, ਅਗ਼ਿਆਰ ਵੀ ਨੇ ਬੇਵਫ਼ਾ ।

ਉਹਦੇ ਕੋਲੋਂ ਪਹਿਲੀ ਵਾਰੀ

ਉਹਦੇ ਕੋਲੋਂ ਪਹਿਲੀ ਵਾਰੀ ਮੈਂ ਜਦ ਹੋਇਆ ਵੱਖਰਾ, ਉਹ ਵੱਖ ਰੋਇਆ, ਮੈਂ ਵੱਖ ਰੋਇਆ, ਬੱਦਲ ਰੋਇਆ ਵੱਖਰਾ । ਜ਼ਾਲਮ ਗੂੜੀਆਂ ਪਿਆਰ ਦੀਆਂ ਫ਼ਸਲਾਂ ਨੂੰ ਮਾਰ ਮੁਕਾਇਆ, ਮੇਰੇ ਸਿਰ ਦੇ ਉੱਤੇ ਗ਼ਮ ਦਾ ਛੱਪਰ ਚੋਇਆ ਵੱਖਰਾ । ਵੰਨ-ਸਵੰਨੇ ਫੁੱਲਾਂ ਦੇ ਗ਼ੁਲਦਸਤੇ ਲੋਕ ਲਿਆਏ, ਮੈਂ ਤੇਰੇ ਲਈ ਹੰਝੂਆਂ ਵਾਲਾ ਹਾਰ ਪਰੋਇਆ ਵੱਖਰਾ । ਪਿਆਰ ਦਾ ਹੜ੍ਹ ਆਇਆ ਤੇ ਰੁੜ੍ਹੀਆਂ ਹੁਸਨ ਦੀਆਂ ਸੌਗ਼ਾਤਾਂ ਮੇਰੇ ਦਿਲ ਦੀ ਪੈਲੀ ਦੇ ਵਿਚ ਪਾ ਗਿਆ ਟੋਇਆ ਵੱਖਰਾ । ਸ਼ਹਿਰ ਨੂੰ ਜਾਂਦੀ ਵਾਰੀ ਮੇਰੇ ਨਾਲ ਸੀ ਯਾਰ ਵਧੇਰੇ, ਵਾਰੋ-ਵਾਰੀ ਵਿਛੜ ਗਏ ਮੈਂ ਵਾਪਸ ਹੋਇਆ ਵੱਖਰਾ । ਗ਼ੈਰਾਂ ਵੱਲੇ ਜਾਂਦਾ ਹੋਇਆ ਉਹ ਜਦ ਮੈਨੂੰ ਮਿਲਿਆ, ਕੋਲ ਖਲੋਣਾ ਤੇ ਕੀ, ਉਹਨੇ ਮੁੱਖ ਲਕੋਇਆ ਵੱਖਰਾ । ਪਾਣੀ ਅੰਦਰ ਡੁੱਬ ਜਾਂਦਾ ਏ ਅੱਖ ਝਪਕਣ ਤੋਂ ਪਹਿਲਾਂ, ਲੱਕੜ ਨਾਲੋਂ ਕਰ ਦਈਏ ਜੇ 'ਸ਼ਾਕਿਰ' ਲੋਹਿਆ ਵੱਖਰਾ ।

ਹਾਲ ਮੈਂ ਤੇਰਾ ਪੁੱਛਦਾ ਰਹਿਣਾ

ਹਾਲ ਮੈਂ ਤੇਰਾ ਪੁੱਛਦਾ ਰਹਿਣਾ ਤੇਰਿਆਂ ਨਵਿਆਂ ਯਾਰਾਂ ਤੋਂ । ਫੁੱਲਾਂ ਦੀ ਖ਼ੁਸ਼ਬੂ ਆਉਂਦੀ ਏ ਸੱਜਰੇ ਸੱਜਰੇ ਖ਼ਾਰਾਂ ਤੋਂ । ਨਿੰਮੀ ਜਿਹੀ ਮੁਸਕਾਨ ਵੀ ਤੇਰੀ ਮੇਰੇ ਹਿੱਸੇ ਆਉਂਦੀ ਨਹੀਂ, ਕਲੀਆਂ ਦਾ ਖਿੱੜਣਾ ਕਿਸ ਕੰਮ ਏ ਕੀ ਮੈਂ ਲਵਾਂ ਬਹਾਰਾਂ ਤੋਂ । ਮੈਂ ਇਕ ਵਾਰੀ ਬੇਖ਼ਬਰੀ ਵਿਚ ਸੱਜਰੇ ਫੁੱਲ ਮਧੋਲੇ ਸਨ, ਸੁੱਕੀਆਂ ਪੱਤੀਆਂ ਚੁਗਦਾ ਫਿਰਨਾਂ ਹੁਣ ਤੀਕਰ ਦਰਬਾਰਾਂ ਤੋਂ । ਅਫ਼ਸਰ ਵੀ ਤੇ ਆਪਣੀ ਕੀਤੀ ਮਾਤਹਿਤਾ ਗਲ ਮੜ੍ਹਦੇ ਨੇ, ਕਾਮਿਆਂ ਨੂੰ ਭੁਗਤਾਉਣੀ ਪੈਂਦੀ ਭੁੱਲ ਹੋਈ ਸਰਦਾਰਾਂ ਤੋਂ । ਫੇਰ ਖਿਜ਼ਾ ਦਾ ਮੌਸਮ ਆਇਆ ਝੜ ਗਏ ਪੱਤਰ ਰੁੱਖਾਂ ਦੇ, ਅੱਥਰੇ ਸੂਰਜ ਨੇ ਖੋਹ ਲਏ ਨੇ ਪਰਛਾਵੇਂ ਦੀਵਾਰਾਂ ਤੋਂ । ਆਸੇ ਪਾਸੇ ਘੁੱਪ ਹਨੇਰਾ ਵੇਖ ਕਿਤੇ ਘਬਰਾਵੀਂ ਨਾ, ਪੈਦਲ ਮੰਜ਼ਿਲ ਪਾ ਲੈਂਦੇ ਨੇ ਰਹਿ ਜਾਂਦੀ ਅਸਵਾਰਾਂ ਤੋਂ । 'ਸ਼ਾਕਿਰ' ਤੇਰੇ ਲਈ ਜੇ ਕਿੱਧਰੇ ਸੁੱਖ ਵਿਕੇਂਦਾ ਦਿੱਸੇ ਤੇ, ਜ਼ਿੰਦੜੀ ਵੇਚ ਕੇ ਮੈਂ ਲੈ ਆਵਾਂ ਇਹ ਸੌਗ਼ਾਤ ਬਾਜ਼ਾਰਾਂ ਤੋਂ ।

ਤੂੰ ਮੈਥੋਂ ਵੱਖਰਾ ਹੋਇਆ ਤੇ ਕੀ

ਤੂੰ ਮੈਥੋਂ ਵੱਖਰਾ ਹੋਇਆ ਤੇ ਕੀ ਲੋਕੀ ਆਖਣਗੇ । ਜੇ ਗ਼ੈਰਾਂ ਕੋਲ ਖਲੋਇਆ ਤੇ ਕੀ ਲੋਕੀ ਆਖਣਗੇ । ਮੈਂ ਪਲਕਾਂ ਹੇਠ ਲੁਕਾਈ ਫਿਰਨਾਂ ਅੱਥਰੂ ਯਾਦਾਂ ਦੇ, ਜੇ ਹੋਰਾਂ ਅੱਗੇ ਰੋਇਆ ਤੇ ਕੀ ਲੋਕੀ ਆਖਣਗੇ । ਹੱਥ ਫੜ ਕੇ ਮੈਨੂੰ ਪਾਰ ਲੰਘਾਣ ਦਾ ਵਾਅਦਾ ਕੀਤਾ ਸੀ, ਹੁਣ ਅੱਧ ਵਿਚਕਾਰ ਡਬੋਇਆ ਤੇ ਕੀ ਲੋਕੀ ਆਖਣਗੇ । ਤੂੰ ਮੇਰਾ ਹਰ ਦੁੱਖੜਾ ਚੁੰਮ ਕੇ ਸੀਨੇ ਲਾਉਂਦਾ ਸੀ, ਮੈਂ ਤੈਥੋਂ ਦਰਦ ਲਕੋਇਆ ਤੇ ਕੀ ਲੋਕੀ ਆਖਣਗੇ । ਕਰ! ਚੇਤਾ ਕੱਠਿਆਂ ਜੀਣ ਮਰਨ ਦਾ ਵਾਅਦਾ ਕੀਤਾ ਸੀ, ਮੈਂ ਕੱਲਮ ਕੱਲਾ ਮੋਇਆ ਤੇ ਕੀ ਲੋਕੀ ਆਖਣਗੇ । ਇਹ'ਸ਼ਾਕਿਰ' ਰੁਲਿਆ ਖੁਲਿਆ ਮੋਤੀ ਤੇਰੀ ਤਸਬੀ ਦਾ, ਤੂੰ ਵੀ ਨਾ ਲੜੀ ਪਰੋਇਆ ਤੇ ਕੀ ਲੋਕੀ ਆਖਣਗੇ ।

ਸੁੱਖ ਮਿਲਣ ਤੇ ਹੋਰਾਂ ਨੂੰ ਵਰਤਾ ਲੈਨਾ ਵਾਂ

ਸੁੱਖ ਮਿਲਣ ਤੇ ਹੋਰਾਂ ਨੂੰ ਵਰਤਾ ਲੈਨਾ ਵਾਂ । ਦੁੱਖਾਂ ਨੂੰ ਮੈਂ ਆਪਣੇ ਸੀਨੇ ਲਾ ਲੈਨਾ ਵਾਂ । ਕੌਣ ਕਿਸੇ ਦੀ ਦਰਦ ਕਹਾਣੀ ਸੁਣਦਾ ਏਥੇ, ਆਪਣੇ ਦੁੱਖੜੇ ਦਿਲ ਨੂੰ ਆਪ ਸੁਣਾ ਲੈਨਾ ਵਾਂ । ਦੁੱਖਾਂ ਦੇ ਵਿਚ ਕਰਾਂ ਸ਼ਰੀਕ ਨਾ ਮੂਲ ਕਿਸੇ ਨੂੰ, ਇਕਲਾਪੇ ਦਾ ਗੀਤ ਮੈਂ ਕੱਲਾ ਗਾ ਲੈਨਾ ਵਾਂ । ਵਿਚ ਖ਼ਿਆਲਾਂ ਉਹਦਾ ਰੂਪ ਉਤਾਰ ਲਿਆ ਏ, ਹਿਜਰਾਂ ਵਿਚ ਵਸਲ ਦਾ ਇੰਜ ਮਜ਼ਾ ਲੈਨਾ ਵਾਂ । ਪਲਕਾਂ ਉੱਤੇ ਅਥਰੂਆਂ ਦੇ ਦੀਪ ਜਲਾਏ, ਇੰਜ ਵੀ ਬਰਬਾਦੀ ਦਾ ਜਸ਼ਨ ਮਨਾ ਲੈਨਾ ਵਾਂ । ਲਵਾਂ ਨਾ ਮੈਂ ਅਹਿਸਾਨ ਕਦੇ ਵੀ ਚੰਨ ਤਾਰੇ ਦਾ, ਵਿਚ ਹਨੇਰੇ ਦਿਲ ਦੇ ਦਾਗ਼ ਜਗਾ ਲੈਨਾ ਵਾਂ । ਮੰਗਵੀਂ ਅੱਗ ਨੂੰ ਕਦੇ ਕਬੂਲਾਂ ਨਾ 'ਸ਼ਾਕਿਰ', ਜਦ ਜੀ ਕਰਦੈ ਸੋਚ ਤੰਦੂਰੀ ਤਾ ਲੈਨਾ ਵਾਂ ।

ਵੇਲੇ ਦੇ ਤੂਫ਼ਾਨਾਂ ਤੋਂ ਜੋ ਡਰ ਜਾਂਦੇ ਨੇ

ਵੇਲੇ ਦੇ ਤੂਫ਼ਾਨਾਂ ਤੋਂ ਜੋ ਡਰ ਜਾਂਦੇ ਨੇ । ਉਹ ਲੋਕੀ ਤਾਂ ਜਿਉਂਦੀ ਜਾਨੇ ਮਰ ਜਾਂਦੇ ਨੇ । ਪਲ ਦੋ ਪਲ ਦੀਆਂ ਖ਼ੁਸ਼ੀਆਂ ਦੇਵਣ ਵਾਲੇ ਅਕਸਰ, ਉਮਰਾਂ ਤੀਕਰ ਦਿਲ ਨੂੰ ਰੋਗੀ ਕਰ ਜਾਂਦੇ ਨੇ । ਫ਼ਜ਼ਰੇ ਪੰਛੀ ਉੱਡਦੇ ਰੋਜ਼ੀ ਲੱਭਣ ਦੇ ਲਈ, ਸ਼ਾਮ ਪਵੇ ਤੇ ਉਹ ਵੀ ਆਪਣੇ ਘਰ ਜਾਂਦੇ ਨੇ । ਜਿਸ ਪੈਲੀ ਦਾ ਮਾਲਕ ਯਾਰੋ ਸੁੱਤਾ ਹੋਵੇ, ਉਹਦੀਆਂ ਸਾਰੀਆਂ ਫ਼ਸਲਾਂ ਈਜੜ ਚਰ ਜਾਂਦੇ ਨੇ । ਚੰਗਿਆਂ ਦੇ ਗਲ ਲੱਗਿਆਂ ਚੰਗਿਆਂ ਹੋ ਜਾਈ ਦਾ, ਲੋਹੇ ਲੱਕੜਾਂ ਨਾਲ ਜੇ ਲੱਗਣ ਤਰ ਜਾਂਦੇ ਨੇ । ਟੁਰ ਜਾਂਦੇ ਨੇ ਹਰ ਵਾਰੀ ਉਹ 'ਸ਼ਾਕਿਰ' ਰੁੱਸ ਕੇ, ਹਰ ਵਾਰੀ ਇਲਜ਼ਾਮ ਮੇਰੇ ਤੇ ਧਰ ਜਾਂਦੇ ਨੇ ।

ਨ੍ਹੇਰਿਆਂ ਕੋਲੋਂ ਉਹ ਤੇ ਮੂਲ ਨਾ ਡਰਦਾ ਏ

ਨ੍ਹੇਰਿਆਂ ਕੋਲੋਂ ਉਹ ਤੇ ਮੂਲ ਨਾ ਡਰਦਾ ਏ । ਸੂਰਜ ਵਾਂਗ ਜੋ ਖ਼ੁਦ ਨੂੰ ਰੋਸ਼ਨ ਕਰਦਾ ਏ । ਖ਼ੌਫ਼ ਮਰਨ ਦਾ ਜਿਉਂਦੀ ਜਾਨੇ ਮਾਰ ਦਵੇ, ਮਰਨੋਂ ਪਹਿਲਾਂ ਮਰੇ ਜੋ ਉਹ ਨਾ ਮਰਦਾ ਏ । ਮੰਦਿਆਂ ਨੂੰ ਚੰਗਿਆਵੇ ਸੰਗਤ ਚੰਗਿਆਂ ਦੀ, ਜੀਵੇਂ ਲੱਕੜ ਦੇ ਸੰਗ ਲੋਹਾ ਤਰਦਾ ਏ । ਮਾਰ ਗਈ ਭੰਬਰ ਨੂੰ ਗੱਲ ਟਟਿਹਣੇ ਦੀ, ਆਪਣੀ ਬਾਲ ਜੋ ਸੇਕੇ ਉਹ ਕਦ ਠਰਦਾ ਏ । ਵਸੇ ਦਿਲ ਦੇ ਅੰਦਰ ਹੁਸਨ ਜਮਾਲ ਉਹਦਾ, ਮੁੱਖ ਸਹੀਫ਼ਾ ਵਿਚ ਨਜ਼ਰ ਦਿਲਬਰ ਦਾ ਏ । ਅੱਜ ਉਹ ਸਾਂਹਵੇਂ ਬੈਠ ਗ਼ਜ਼ਲ ਲਿਖਵਾ ਰਹੇ ਨੇ, ਵਾਂਗ ਗ਼ਜ਼ਾਲ ਖ਼ਿਆਲ ਅੱਜ ਚੁੰਗੀਆਂ ਭਰਦਾ ਏ । 'ਸ਼ਾਕਿਰ' ਜੀਹਨੇ ਮੇਰੀ ਬਾਤ ਨਾ ਪੁੱਛੀ ਏ, ਉਹਦੇ ਬਾਝ ਨਾ ਮੇਰਾ ਬੁੱਤਾ ਸਰਦਾ ਏ ।

ਮੇਰੇ ਘਰ ਨੂੰ ਲੁੱਟਣ ਵਾਲਾ

ਮੇਰੇ ਘਰ ਨੂੰ ਲੁੱਟਣ ਵਾਲਾ ਚੋਰ ਨਹੀਂ । ਉਹ ਤੇ ਮੈਂ ਆਪੇ ਹਾਂ ਕੋਈ ਹੋਰ ਨਹੀਂ । ਮੇਰੀ ਗੱਲ ਕਿਉਂ ਤੇਰੇ ਕੰਨੀ ਪੈਂਦੀ ਨਹੀਂ, ਉਂਜ ਤੇ ਬੜਾ ਸਿਆਣੈਂ ਡੰਗਰ-ਢੋਰ ਨਹੀਂ । ਚੋਰਾਂ ਨੇ ਤਰਥੱਲੀ ਪਾਈ ਹੋਈ ਏ, ਸਾਧ ਵਿਚਾਰੇ ਚੁੱਪ ਨੇ ਪਾਂਦੇ ਸ਼ੋਰ ਨਹੀਂ । ਪਹਿਲੇ ਤੁਨਕੇ ਨਾਲ ਹੀ ਉਹਨੇ ਮਰ ਜਾਣਾ, ਸਾਹਵਾਂ ਦੀ ਕੋਈ ਏਡੀ ਪੱਕੀ ਡੋਰ ਨਹੀਂ । ਸ਼ਹਿਰ ਤਾਂ ਸਾਰਾ ਕਬਰਿਸਤਾਨਾਂ ਵਾਂਗਰ ਏ, ਉਂਝ ਦੇਖਣ ਨੂੰ 'ਸ਼ਾਕਿਰ' ਏਥੇ ਗੋਰ ਨਹੀਂ ।

ਗ਼ੈਰਾਂ ਨਾਲ ਤੇ ਗੱਲਾਂ ਕਰਨਾ ਚੰਗਾ ਨਹੀਂ

ਗ਼ੈਰਾਂ ਨਾਲ ਤੇ ਗੱਲਾਂ ਕਰਨਾ ਚੰਗਾ ਨਹੀਂ । ਕੱਚਿਆਂ ਨਾਲ ਝਨਾਂ ਵਿਚ ਤਰਨਾ ਚੰਗਾ ਨਹੀਂ । ਆਜਾ ਇਕ ਦੂਜੇ ਦੇ ਦੁੱਖੜੇ ਵੰਡ ਲਈਏ, ਕੱਲਿਆਂ ਬਹਿਕੇ ਹੌਕੇ ਭਰਨਾ ਚੰਗਾ ਨਹੀਂ । ਉੱਚਾ ਸ਼ਮਲਾ ਕਰਕੇ ਟੁਰਨਾ ਸਿੱਖ ਲਈਏ, ਪੱਗਾਂ ਬੰਨ੍ਹੀਏ ਮੋਢੇ ਪਰਨਾ ਚੰਗਾ ਨਹੀਂ । ਸੋਚ-ਸਮਝ ਕੇ ਉੱਖਲੀ ਅੰਦਰ ਸਿਰ ਦਈਏ, ਬਾਅਦ 'ਚ ਮੋਹਲੇ ਕੋਲੋਂ ਡਰਨਾ ਚੰਗਾ ਨਹੀਂ । ਛੱਡ ਦੇ ਸਾਰੀਆਂ ਅੜੀਆਂ 'ਸ਼ਾਕਿਰ' ਚੰਗਾ ਏ, ਮੇਰੀ ਮੰਨ ਲੈ, ਮੰਨ ਲੈ, ਵਰਨਾ ਚੰਗਾ ਨਹੀਂ ।

ਕੁਝ ਹੋਰ ਰਚਨਾਵਾਂ : ਰਮਜ਼ਾਨ 'ਸ਼ਾਕਿਰ'

ਹੁਸਨ ਤੇਰੇ ਦਾ ਬੁੱਲਾ ਏ ਸ਼ਾਹ ਜ਼ੋਰ ਜਿਹਾ

ਹੁਸਨ ਤੇਰੇ ਦਾ ਬੁੱਲਾ ਏ ਸ਼ਾਹ ਜ਼ੋਰ ਜਿਹਾ ।
ਬਚ ਨਈਂ ਸਕਦਾ ਦਿਲ ਹੁਣ ਕੱਚੀ ਡੋਰ ਜਿਹਾ ।

ਤੇਰਾ ਨਾਂ ਲੈ ਲੈ ਕੇ 'ਵਾਜ਼ਾਂ ਦਿੱਤੀਆਂ ਨੇ,
ਹਵਾ ਭੁਲੇਖਾ ਪਾ ਗਈ ਤੇਰੀ ਟੋਰ ਜਿਹਾ ।

ਮਿਲਦੇ ਆਂ ਪਰ ਅੱਖੀਆਂ ਮੇਲ ਨਾ ਸਕਦੇ ਆਂ,
"ਖ਼ਬਰੇ ਕੀ ਏ ਵਿੱਚ ਦਿਲਾਂ ਦੇ ਚੋਰ ਜਿਹਾ ।"

ਪੈਰਾਂ ਹੇਠ ਲਿਤਾੜੇ ਸੁੱਤਿਆਂ ਹੋਇਆਂ ਨੂੰ,
ਇਹ ਵੇਲੇ ਦਾ ਘੋੜਾ ਏ ਮੂੰਹ ਜ਼ੋਰ ਜਿਹਾ ।

ਰੌਲਾ ਵੀ ਸੁਨਸਾਨ ਜਿਹਾ ਹੁਣ ਲਗਦਾ ਏ,
ਚੁਪ ਦੇ ਅੰਦਰ ਲੁਕਿਆ ਜਾਪੇ ਸ਼ੋਰ ਜਿਹਾ ।

ਤੇਰੇ ਨਾਲ ਇਹ ਦਿਲ ਦਾ ਸ਼ਹਿਰ ਵੀ ਵਸਦਾ ਸੀ,
ਹੁਣ ਤੇ ਜਾਪੇ ਢੱਠੀ ਹੋਈ ਗੋਰ ਜਿਹਾ ।

ਇੰਜ ਲਗਦਾ ਏ ਵਸਲ ਮੁਕੱਦਰ ਸਾਡਾ ਨਈਂ,
ਤੇਰਾ ਮੇਰਾ ਪਿਆਰ ਏ ਚੰਨ ਚਕੋਰ ਜਿਹਾ ।

ਰੋ ਕੇ ਰਾਤ ਲੰਘਾਈ ਖਬਰੇ 'ਸ਼ਾਕਿਰ' ਨੇ,
ਅੱਖੀਆਂ ਦਾ ਹੁਲੀਆ ਜਾਪੇ ਕੁਝ ਹੋਰ ਜਿਹਾ ।

ਸਾਂਭ ਕੇ ਰੱਖੀਂ ਅੱਖੀਂਆਂ ਦੇ ਵਿਚ ਨੀਰ ਅਜੇ

ਸਾਂਭ ਕੇ ਰੱਖੀਂ ਅੱਖੀਂਆਂ ਦੇ ਵਿਚ ਨੀਰ ਅਜੇ ।
ਦਿਲ ਨੂੰ ਧੋਖੇ ਦੇਂਦੀ ਏ ਤਕਦੀਰ ਅਜੇ ।

ਆਜ਼ਾਦੀ ਦਾ ਸੂਰਜ ਜਸ਼ਨ ਮਨਾਉਂਦਾ ਏ,
ਜਿੰਦੜੀ ਦਰਦ ਗ਼ਮਾਂ ਦੇ ਵਿੱਚ ਅਸੀਰ ਅਜੇ ।

ਹਥਕੜੀਆਂ ਦੇ ਸਾਜ਼ 'ਤੇ ਨਚਣਾ ਪੈਣਾਂ ਏਂ,
ਪੈਰਾਂ ਦੇ ਵਿਚ ਪੈਣੀਂ ਏਂ ਜ਼ੰਜ਼ੀਰ ਅਜੇ ।

ਹਰ ਵੇਲੇ ਕਿਉਂ ਅੱਖ ਫੜਕਦੀ ਰਹਿੰਦੀ ਏ,
ਇੰਜ ਲਗਦੈ ਤੂੰ ! ਬਖ਼ਸ਼ੀ ਨਈਂ ਤਕਸੀਰ ਅਜੇ ।

ਵਖ ਹੋ ਕੇ ਵੀ ਮੈਥੋਂ ਵਖਰਾ ਹੋਇਆ ਨਈਂ,
ਅੱਖੀਆਂ ਦੇ ਵਿਚ ਰਹਿੰਦੀ ਏ ਤਸਵੀਰ ਅਜੇ ।

ਮੇਰੇ ਫ਼ਨ ਦੀ ਨੀਂਹ ਏ ਤੇਰਿਆਂ ਅਖਰਾਂ 'ਤੇ,
ਸਾਂਭ ਕੇ ਰੱਖੀ ਏ ਤੇਰੀ ਤਹਿਰੀਰ ਅਜੇ ।

'ਸ਼ਾਕਿਰ' ਐਵੇਂ ਪਿਆਰ ਦੀ ਬਾਜ਼ੀ ਲਾਵੀਂ ਨਾ,
ਪਿਆਰ ਦੀ ਨਈਂ ਕੋਈ ਹੱਥਾਂ ਵਿੱਚ ਲਕੀਰ ਅਜੇ ।