Ramak : Satbeer Singh Mander

ਰਮਕ : ਸਤਿਬੀਰ ਸਿੰਘ ਮੰਡੇਰ


ਸਮਰਪਣ

ਹਰ ਓਸ ਸ਼ਖ਼ਸ, ਓਸ ਸ਼ੈਅ, ਓਸ ਘੜੀ ਅਤੇ ਓਸ ਘਟਨਾ ਨੂੰ ,
ਜਿਸ ਨੇ ਮੈਨੂੰ ਸੋਚਣ ਅਤੇ ਲਿਖਣ ਲਈ ਪ੍ਰੇਰਿਆ ॥

ਤੇਰਾ ਨਾਮ ਲੈ ਕੇ ਯਾਰਾ, ਠਿੱਲ ਗਿਆ ਸਮੁੰਦਰਾਂ 'ਚ,
ਨਹੀਂ ਰਿਹਾ ਲਹਿਰਾਂ ਦਾ ਖਤਰਾ ਕੋਈ ।
ਪਾਰ ਲਾ, ਜਾਂ ਡੋਬ, ਬੱਸ ਐਨਾ ਕ ਤੂੰ ਯਾਦ ਰੱਖੀਂ,
ਹਾਂ ਤੇਰੇ ਤੋਂ ਜੁਦਾ, ਤੇਰਾ ਹੀ ਕਤਰਾ ਕੋਈ ॥

ਭੂਮਿਕਾ

ਕਵਿਤਾ ਨੂੰ ਪੜ੍ਹਣ ਤੋਂ ਪਹਿਲਾਂ ਇਹ ਸਮਝਣਾ ਵੀ ਬਹੁਤ ਜ਼ਰੂਰੀ ਹੈ ਕਿ ਕਵਿਤਾ ਕੀ ਹੁੰਦੀ ਹੈ । ਜਿਸ ਸਹਿਜ ਭਾਸ਼ਾ ਤੇ ਲਹਿਜੇ ਚ ਇਸ ਕਿਤਾਬ ਦਾ ਮੁੱਖ ਬੰਦ ਲੇਖਕ ਨੇ ਲਿਖਿਆ ਹੈ, ਮੈਂ ਇਸ ਤੋਂ ਵਧੀਆ ਕਵਿਤਾ ਦੀ ਪਰਿਭਾਸ਼ਾ ਜ਼ਿੰਦਗੀ ਵਿੱਚ, ਇਸ ਤੋਂ ਪਹਿਲਾਂ ਕਦੇ ਨਹੀਂ ਦੇਖੀ । ਸਤਿਬੀਰ ਸਿੰਘ ਮੰਡੇਰ ਦੇ ਜਜ਼ਬਾਤ ਸਮਝਣ ਲਈ ਮੁੱਖ ਬੰਦ ਦੇ ਪਹਿਲੇ ਦੋ ਵਰਕੇ ਉਹ ਮੁੱਢ ਬੰਨਦੇ ਨੇ ਕਿ ਪਾਠਕ ਮੱਲੋ ਮੱਲੀ ਪੂਰੀ ਕਿਤਾਬ ਪੜ੍ਹਣ ਨੂੰ ਮਜ਼ਬੂਰ ਹੋਣਗੇ, ਮੈਨੂੰ ਨਾ ਸਿਰਫ ਇਸ ਗੱਲ ਦੀ ਤਸੱਲੀ ਹੀ ਹੈ ਸਗੋਂ ਪੂਰਨ ਵਿਸ਼ਵਾਸ਼ ਵੀ ਹੈ । ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਸ ਕਿਤਾਬ ਚ ਮੰਡੇਰ ਨੇ ਆਪਣੇ ਜਜ਼ਬਾਤਾਂ ਨੂੰ ਜੋ ਕਾਵਿਕ ਰੂਪ ਦਿੱਤਾ ਹੈ ਉਹ ਕਿਸੇ ਕਰਾਮਾਤ ਤੋਂ ਘੱਟ ਨਹੀਂ ਹੈ ।

ਪੇਂਡੂ ਜੀਵਨ ਸ਼ੈਲੀ ਸਤਿਬੀਰ ਮੰਡੇਰ ਦੀ ਰਗ-ਰਗ ਵਿੱਚ ਵਸੀ ਹੋਈ ਹੈ, ਇਸ ਵਿੱਚ ਕੋਈ ਅਤਿਕਥਨੀ ਨਹੀਂ । ਅੱਜ ਦੇ ਸਮੇਂ ਵਿੱਚ ਜਦੋਂ ਮਨੁੱਖ ਦੀ ਹੋੜ ਉਸਨੂੰ ਉਸਦੇ ਵਜੂਦ ਤੋਂ ਦੂਰ ਲੈ ਕੇ ਜਾ ਰਹੀ ਹੈ, ਉਸ ਸਮੇਂ ਸਤਿਬੀਰ ਮੰਡੇਰ ਦੀ ਇਹ ਕਿਤਾਬ ਇੱਕ ਪਲ ਖਲੋ ਕੇ ਆਪਣੇ ਅਤੀਤ ਵੱਲ, ਆਪਣੇ ਵੱਡ ਵਡੇਰਿਆਂ ਵੱਲ, ਪੇਂਡੂ ਜੀਵਨ ਨਾਲ ਜੁੜਨ ਲਈ ਇੱਕ ਖਿੱਚ ਪੈਦਾ ਕਰਦੀ ਹੈ । ਇਹ ਸਤਿਬੀਰ ਦੀ ਖੁਸ਼ਕਿਸਮਤੀ ਹੈ ਕਿ ਪੇਸ਼ੇ ਤੋਂ ਇੱਕ ਇੰਜੀਨੀਅਰ ਹੋਣ ਦੇ ਬਾਵਜੂਦ ਉਸਨੂੰ ਸਾਹਿਤ ਨਾਲ ਏਨਾ ਲਗਾਅ ਹੈ, ਸਾਇੰਸ ਪੜ੍ਹਦੇ ਹੋਏ ਸਾਹਿਤ ਰੁਚੀਆਂ ਪਾਲਣ ਵਾਲੇ ਮਨੁੱਖ ਸੱਚਮੁਚ ਹੀ ਕੁਦਰਤ ਨੂੰ ਪਿਆਰ ਕਰਨ ਵਾਲੇ ਹੁੰਦੇ ਹਨ ।

ਸਤਿਬੀਰ ਦੀ ਸਾਹਿਤਿਕ ਅਤੇ ਧਾਰਮਿਕ ਬਿਰਤੀ ਇਸ ਕਿਤਾਬ ਦਾ ਧੁਰਾ ਹੈ । ਕਦੇ ਸਤਿਬੀਰ ਜ਼ਿੰਦਗੀ ਦੇ ਕੌੜੇ ਸੱਚ ਅਤੇ ਸਮਾਜਿਕ ਮੁੱਦਿਆਂ ਨੂੰ ਕਵਿਤਾ ਦੇ ਰੂਪ ਵਿੱਚ ਪੇਸ਼ ਕਰਦਾ ਹੋਇਆ ਬਿਰਧ ਉਮਰ ਦੀ ਲਾਚਾਰੀ ਬਾਰੇ ਲਿਖਦਾ ਹੈ ਤੇ ਕਦੇ ਮੁਹੱਬਤ ਦੇ ਮੁਜੱਸਮੇ ਦੀ ਬਾਤ ਪਾਉਂਦਾ ਹੈ । ਸਤਿਬੀਰ ਦੀ ਕਵਿਤਾ ਦੀ ਸਹਿਜਤਾ ਦਾ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਸਦਾ ਹਰ ਇੱਕ ਸ਼ਬਦ, ਹਰ ਕਵਿਤਾ, ਕੁਦਰਤ ਤੋਂ ਕੁਰਬਾਨ ਜਾਣ ਦੀ ਗੱਲ ਕਰਦੀ ਹੈ ।

ਸਤਿਬੀਰ ਨੂੰ ਆਪਣਾ ਹੋਣਾ ਇੱਕ ਅਚੰਭਾ ਜਾਪਦਾ ਹੈ ਤੇ ਉਹ ਇਸ ਭੇਦ ਨੂੰ ਫੋਲਣ ਦੀ ਨਿਰੰਤਰ ਕੋਸ਼ਿਸ਼ ਕਰਦਾ ਹੋਇਆ, ਉਸ ਕਰਤੇ ਦਾ, ਉਸਦੀ ਕੁਦਰਤ ਦਾ ਦੀਦਾਰ ਕਰਨਾ ਚਾਹੁੰਦਾ ਹੈ । ਉਸਦੀ ਇਹੀ ਤਾਂਘ ਵਾਰ ਵਾਰ ਕਾਵਿਕ ਰੂਪ ਲੈ ਕੇ ਪ੍ਰਗਟ ਹੋ ਰਹੀ ਹੈ ।

ਅੰਤਲੇ ਸ਼ਬਦਾਂ ਵਿੱਚ ਮੈਂ ਸਤਿਬੀਰ ਮੰਡੇਰ ਨੂੰ ਉਸਦੀ ਪਲੇਠੀ ਪੁਸਤਕ ਲਈ ਢੇਰ ਸਾਰੀਆਂ ਮੁਬਾਰਕਾਂ ਲਿਖਦਾ ਹੋਇਆ ਇਹ ਪੁਸਤਕ ਪਾਠਕਾਂ ਦੇ ਰੂਬਰੂ ਕਰਦਾ ਹਾਂ । ਇਸ ਪੁਸਤਕ ਨੂੰ ਪੜ੍ਹ ਕੇ ਮੈਂ ਆਪਣੇ ਪਿੰਡ ਦੇ ਕੱਚੇ ਰਸਤਿਆਂ, ਪਿੱਪਲਾਂ- ਬੋਹੜਾਂ, ਭੱਖੜਿਆਂ ਅਤੇ ਬਚਪਨ ਦੀਆਂ ਅਣਭੋਲ ਯਾਦਾਂ ਨੂੰ ਫੇਰ ਮਹਿਸੂਸ ਕੀਤਾ ਹੈ । ਸਤਿਬੀਰ ਦੇ ਖ਼ੂਬਸੂਰਤ ਅਹਿਸਾਸ ਤੁਹਾਨੂੰ ਅਤੇ ਤੁਹਾਡੇ ਚੇਤਨ/ ਅਵਚੇਤਨ ਮਨ ਨੂੰ ਛੋਹ ਕੇ ਨਵੇਂ ਰਾਹਾਂ ਤੇ ਚੱਲਣ ਲਈ ਪ੍ਰੇਰਿਤ ਕਰਨਗੇ, ਇਹ ਮੇਰਾ ਵਿਸ਼ਵਾਸ਼ ਹੈ ।

ਸਤਿਬੀਰ ਨੂੰ ਇਸ ਪਲੇਠੀ ਪੁਸਤਕ ਲਈ ਅਤੇ ਸਤਿਬੀਰ ਨੂੰ ਖ਼ੁਦ ਢੇਰ ਸਾਰਾ ਪਿਆਰ, ਸਤਿਕਾਰ ਤੇ ਦੁਆਵਾਂ ।

ਜੁਗ ਜੁਗ ਜੀਓ ।

ਅਮਨ ਭੰਗੂ

ਉੱਘ ਦੀਆਂ ਪਤਾਲ

ਸਤਿ ਸ਼੍ਰੀ ਅਕਾਲ। ਨਮੋ ਸਤੇ। ਸਲਾਮ।

ਜਿੰਦਗੀ ਇੱਕ ਕਵਿਤਾ ਹੀ ਹੈ ਜੋ ਖੁਸ਼ੀ-ਗ਼ਮੀ, ਜਿੱਤ-ਹਾਰ, ਚੰਗੇ-ਮਾੜੇ, ਉੱਚੇ ਨੀਵੇਂ ਅਹਿਸਾਸਾਂ ਵਿੱਚੋਂ ਉਪਜਦੀ ਹੈ ਅਤੇ ਇਹਨਾਂ ਨੂੰ ਹੰਢਾਉਦੇਂ ਹੋਏ ਇਹਨਾਂ ਵਿੱਚ ਹੀ ਸਮਾ ਜਾਂਦੀ ਹੈ।

ਜਿਵੇਂ ਆਤਮਾ ਦਾ ਕੋਈ ਧਰਮ, ਕੋਈ ਟਿਕਾਣਾ ਅਤੇ ਕੋਈ ਘੜਤਾ ਨਹੀਂ ਹੁੰਦਾ, ਠੀਕ ਓਸੇ ਤਰਾਂ ਕਵਿਤਾ ਵੀ ਕਿਸੇ ਦੀ ਨਹੀਂ ਹੁੰਦੀ ।
ਕਵਿਤਾ ਬੱਸ ਕੁਦਰਤੀ ਹੁੰਦੀ ਹੈ ਅਤੇ ਕੁਦਰਤ ਦੀ ਹੀ ਹੁੰਦੀ ਹੈ ।
ਆਦਿ ਕਾਲ ਤੋਂ ਹੀ ਕੁਦਰਤ ਦੀ ਗੱਲ ਹਮੇਸ਼ਾ ਕਾਵਿ ਰਪੂ ਵਿੱਚ ਹੀ ਬਖਿਆਨ ਹੋਈ ਹੈ ।
ਇਸੇ ਲਈ ਬਾਬਾ ਫਰੀਦ, ਭਗਤ ਕਬੀਰ, ਰਵਿਦਾਸ ਅਤੇ ਗੁਰੂ ਸਾਹਿਬਾਨਾਂ ਨੇ ਵੀ ਇਲਾਹੀ ਬਾਣੀ ਨੂੰ ਕਵਿਤਾ ਦੇ ਰੂਪ ਵਿੱਚ ਪਰਗਟ ਕੀਤਾ ।
ਸ਼੍ਰੀ ਮਦ ਭਾਗਵਤ ਗੀਤਾ ਵੀ ਭਗਵਾਨ ਦੇ ਗੀਤ ਦੇ ਰੂਪ ਵਿੱਚ ਪ੍ਰਸਤੁਤ ਹੋਈ।
ਇਹ ਸਾਰੀ ਕਾਇਨਾਤ ਗਾ ਰਹੀ ਹੈ, ਨਿਰੰਤਰ ਕਵਿਤਾ ਦਾ ਪਸਾਰ ਹੋ ਰਿਹਾ ਹੈ ਅਤੇ ਕੁਦਰਤ ਦੀ ਸਿਫਤ - ਸਾਲਾਹਿ ਹੋ ਰਹੀ ਹੈ ।
ਜਦੋਂ ਕੋਈ ਰੂਹ ਕਿਸੇ ਪਲ ਲਈ ਆਪਣੇ ਵਜੂਦ ਨਾਲ ਜੁੜਦੀ ਹੈ ਤਾਂ ਸ਼ਾਇਦ ਕਵਿਤਾ ਦਾ ਜਨਮ ਹੁੰਦਾ ਹੈ ।
ਬਾਕੀ ਕਿਸ ਰੂਪ 'ਚ ਪਰਗਟ ਹੁੰਦੀ ਹੈ, ਉਹ ਆਪਣਾ ਆਪਣਾ ਤਲ ਹੈ ।

ਮੈਂ ਖੁਸ਼ਕਿਸਮਤ ਹਾਂ ਕਿ ਮੈਂ ਓਸ ਵੇਲੇ ਅਤੇ ਓਸ ਘਰ ਵਿੱਚ ਜਨਮ ਲਿਆ ਜੋ ਕੁਦਰਤ ਦੇ ਬਹੁਤ ਨੇੜੇ ਵੱਸਦਾ ਸੀ। ਸਾਡੇ ਘਰ ਦੀ ਪਿਛਲੀ ਕੱਚੀ ਕੰਧ ਵਿੱਚ ਤੋਤਿਆਂ ਦਾ ਟੱਬਰ ਰਹਿੰਦਾ ਸੀ, ਦਰਵਾਜੇ ਦੇ ਗਾਡਰ ਦੇ ਖੂੰਜਿਆਂ ਵਿੱਚ ਚਿੜੀਆਂ ਦੇ ਆਹਲਣੇ, ਬੈਠਕ ਦੇ ਦਬਕੇ ਵਿੱਚ ਕਬੂਤਰਾਂ ਦੀ ਡਾਰ। ਇਹਨਾਂ ਦੇ ਨਾਲ ਮੈਂ ਤੁਰਨਾ ਅਤੇ ਬੋਲਣਾ ਸਿੱਖਿਆ।

ਮੇਰੇ ਪਿੰਡ ਦੀ ਹਵਾ ਨੇ, ਟੋਭਿਆਂ ਦੇ ਪਾਣੀਆਂ ਅਤੇ ਉਸਦੇ ਕੰਢੇ ਕਿੱਕਰਾਂ ਦੇ ਝੁੰਡ ਵਿੱਚ ਵਸਦੀ ਬਗਲਿਆਂ ਦੀ ਦੁਨੀਆਂ, ਕਿੱਕਰਾਂ ਦੇ ਤੁੱਕਿਆਂ, ਨਮੋਲੀਆਂ, ਬੇਰੀਆਂ, ਜਾਮਣਾਂ, ਡੇਰੇ ਵਿੱਚ ਵਣ ਦੀਆਂ ਖੋੜਾਂ ਵਿੱਚ ਬੋਲਦੀਆਂ ਕੋਚਰੀਆਂ, ਬਾਮਣੀਆਂ, ਸੱਪ-ਸ਼ੀਹਣਾਂ, ਜੇਠ-ਹਾੜ ਉੱਡਦੇ ਕੱਕੇ ਰੇਤਿਆਂ ਨੇ ਮੈਨੂੰ ਕੁਦਰਤ ਨਾਲ ਬੰਨੀ ਰੱਖਿਆ ।

ਹਾਲਾਂ ਕੇ ਇਹਨਾਂ ਵਿੱਚੋਂ ਕੁੱਝ ਵਖ਼ਤ ਕਰਕੇ, ਕੁੱਝ ਮੇਰੀ ਰਿਜਕ ਦੀ ਭਾਲ ਕਰਕੇ, ਕੁੱਝ ਮਨੁੱਖ ਦੀ ਤਰੱਕੀ ਦੀ ਲਾਲਸਾ ਕਰਕੇ ਮੇਰੇ ਤੋਂ ਖੁੱਸ ਗਏ। ਪਰ ਅੱਜ ਵੀ ਓਹੀ ਪਿੰਡੋਂ ਬਾਹਰ ਥੇਹ ਤੇ ਰਹਿੰਦੀਆਂ ਸੇਹਾਂ, ਮੀਨਾਕਾਰੀ ਕੀਤੀਆਂ ਹੋਈਆਂ ਠੀਕਰੀਆਂ, ਫੂਕੀਆਂ ਗੁੱਡੀਆਂ, ਨੰਗੇ ਪੈਰਾਂ ਚ ਖੁੱਭੇ ਹੋਏ ਭੱਖੜੇ, ਜਬਰਦਸਤੀ ਚਿੰਬੜੇ ਪੁੱਠ-ਕੰਡੇ, ਅੱਕਾਂ ਦੇ ਭੱਬੂਆਂ, ਦੀਵੇ, ਲਾਲਟੈਣ, ਪੱਖੀਆਂ ਦੀ ਚੂੰ ਚੂੰ, ਛਟੀਆਂ ਦੇ ਪਚਾਸਿਆਂ, ਰੂੜੀਆਂ, ਗੁਹਾਰਿਆਂ, ਕੁੱਪਾਂ, ਧਾਰਾਂ, ਹਾਰਿਆਂ, ਅਧ-ਰਿੜਕਿਆਂ,ਚਹੇੜੂਆਂ, ਖੱਡੀਆਂ, ... ਦਾ ਇੱਕ ਸੰਸਾਰ ਮੇਰੇ ਅੰਦਰ ਹਮੇਸ਼ਾ ਤਰੋ ਤਾਜ਼ਾ ਹੈ ।

ਮੈਨੂੰ ਲੱਗਦੈ ਮੈਂ ਯੁੱਗਾਂ ਤੋਂ ਏਸ ਧਰਤੀ ਤੇ, ਏਸ ਪਿੰਡ, ਏਸ ਸੱਭਿਆਚਾਰ ਚ ਹੀ ਪੈਦਾ ਹੁੰਦਾ ਰਿਹਾ ਹਾਂ।

ਮੇਰੇ ਦਾਦੇ ਪੜਦਾਦਿਆਂ ਦੇ ਜਮਾਨੇ, ਬੇਸ਼ੱਕ ਮੈਂ ਓਹਨਾ ਦੀ ਜਬਾਨੀ ਹੀ ਸੁਣੇ ਹਨ, ਪਰ ਅੰਦਰੋਂ ਅੰਦਰੀ ਮੈਂ ਓਹਨਾ ਕਹਾਣੀਆਂ ਨੂੰ ਜੀਵਿਆ ਹੈ। ਮੈਨੂੰ ਕਦੇ ਕਦੇ ਲੱਗਦੈ ਮੇਰੇ ਦਾਦੇ ਦਾ ਦਾਦਾ ਜਾਂ ਉਸਦਾ ਪਿਓ ਜਾਂ ਪਿੰਡ ਦੇ ਪੁਰਾਣੇ ਬੁੜ੍ਹੇ ਮੈਂ ਹੀ ਸੀ।

ਓਹ ਘੋੜਿਆਂ ਦੇ ਖ਼ਰਖਰੇ, ਊਠਾਂ ਦੀਆਂ ਨੱਥਾਂ, ਕਰੀਰ, ਜੰਡ ਮੇਰੇ ਅਜਲਾਂ ਤੋਂ ਹਾਣੀ ਜਾਪਦੇ ਨੇ।ਏਸ ਕੱਕੇ ਰੇਤੇ ਨੇ ਮੈਨੂੰ ਕਈ ਵਾਰ ਪੈਦਾ ਕੀਤਾ ਤੇ ਆਪਣੇ ਵਿੱਚ ਹੀ ਸਮੋ ਲਿਆ।

ਮੈਂ ਇਹਨਾਂ ਸਭ ਦਾ ਕਰਜ਼ਦਾਰ ਹਾਂ ਕੇ ਇਹਨਾਂ ਸਭ ਨੇ ਮੇਰੇ ਅੰਦਰ ਕਵਿਤਾ ਦਾ ਬੀਜ ਬੋਇਆ ਕੁਦਰਤ ਨੇ ਉਸਦੇ ਉੱਗਣ ਲਈ ਮਾਹੌਲ ਸਿਰਜਿਆ ।

ਮੇਰੇ ਤੋਂ ਕਵਿਤਾ ਕਦੇ ਮਿੱਥ ਕੇ ਨਹੀਂ ਲਿਖੀ ਗਈ, ਬੱਸ ਆ ਹੀ ਗਈ ।

ਮੈਨੂੰ ਲੱਗਦੈ ਮੇਰੀ ਕਵਿਤਾ ਦੇ ਵਿਸ਼ੇ ਦਾ ਕੋਈ ਟਿਕਾਣਾ ਨਹੀਂ ਹੈ। ਬੱਸ ਜੋ ਵੀ ਭਾਵਨਾ ਨੇ ਪ੍ਰਭਾਵਿਤ ਕੀਤਾ ਓਹੀ ਸ਼ਬਦ ਬਣ ਕੇ ਕਾਗਜ ਤੇ ਉਤਰਦੀ ਗਈ

ਏਸ ਕਿਤਾਬ ਰਾਹੀਂ ਮੈਂ ਆਪਣੀਆਂ ਕੋਝੀਆਂ, ਕਮਲੀਆਂ, ਹੋਛੀਆਂ, ਹਲਕੀਆਂ ਪਰ ਸੱਚੀਆਂ ਭਾਵਨਾਵਾਂ ਨੂੰ ਤੁਹਾਡੇ ਸਨਮੁਖ ਰੱਖ ਰਿਹਾ ਹਾਂ। ਆਸ ਹੈ ਤੁਸੀਂ ਸਵੀਕਾਰ ਕਰੋਗੇ।

ਵਖਤ ਨਾਲ, ਤਜਰਬੇ ਨਾਲ, ਸੋਚ ਬਦਲਦੀ ਹੈ ਤੇ ਬਦਲ ਰਹੀ ਹੈ ।

ਨਿੱਤ ਕੁੱਝ ਨਵਾਂ ਸਿੱਖ ਰਿਹਾ ਹਾਂ। ਏਹੀ ਜਿੰਦਗੀ ਹੈ । ਏਹੀ ਭਟਕਣ ਹੈ ।

ਇਹ ਭਟਕਣ ਯੁੱਗਾਂ ਤੋਂ ਚਲਦੀ ਆ ਰਹੀ ਹੈ । ਏਸ ਤੋਂ ਮੁਕਤ ਹੋਣਾ ਪਰਮ ਪਦ ਹੈ ਜੋ ਹਾਲੇ ਨਾ ਸਮਝ ਵਿੱਚ ਹੈ ਨਾ ਹੀ ਪਕੜ ਵਿੱਚ।

ਓਦੋਂ ਤੱਕ ਇਹ ਸਫਰ ਐਦਾਂ ਹੀ ਚਲਦਾ ਰਹੂਗਾ। ਏਸ ਭਟਕਣ ਦਾ ਕੋਈ ਅੰਤ ਨਹੀਂ, ਕੋਈ ਵਿਸ਼ਰਾਮ ਨਹੀਂ।

ਇਹਨਾਂ ਹੀ ਗੁੰਝਲਦਾਰ, ਬਿਖਰੀਆਂ ਹੋਈਆਂ ਭਾਵਨਾਵਾਂ ਅਤੇ ਮੇਰੀ ਮਾਨਸਿਕ ਸਥਿਤੀ ਨੂੰ ਦਰਸਾਉਂਦੀ ਇਹ ਪਹਿਲੀ ਕਿਤਾਬ
"ਰਮਕ"

ਰੱਬ ਕਰੇ, ਨਿੱਤ ਨਵੇਂ ਦੀ ਦੌੜ ਵਿੱਚੋਂ ਨਿੱਕਲ ਕੇ ਓਸ ਦਾ ਪਤਾ ਮਿਲ ਜਾਵੇ ਜੋ ਕਦੇ ਪੁਰਾਣਾ ਨੀ ਹੁੰਦਾ।

ਕੋਸ਼ਿਸ਼ ਜਾਰੀ ਹੈ, ਸਹਿਜ ਵਿੱਚ ਰਹਿਣ ਦੀ, ਕੁਦਰਤ ਨੂੰ ਮਹਾਨ ਮੰਨ ਕੇ, ਉਸਦਾ ਇੱਕ ਜ਼ੱਰਾ ਬਣਕੇ ਵਿਚਰਣ ਦੀ, ਕਾਮਯਾਬ ਹੋਣਾ ਪਰਮ ਪਦ ਹੈ ਜੋ ਉਸਦੀ ਰਹਿਮਤ ਤੋਂ ਬਿਨਾ ਸੋਚਿਆ ਵੀ ਨੀ ਜਾ ਸਕਦਾ।

ਰੱਬ ਰਾਖਾ

- ਸਤਿਬੀਰ ਸਿੰਘ ਮੰਡੇਰ


ਰਮਕ

ਇਹ ਨਾ ਸਮਝੀਂ ਬੁਝ ਗਿਆ, ਹੁਣ ਕਦੇ ਜਗਣਾ ਨਹੀਂ, ਤੇਲ ਮਿਲਦਾ ਰਹੇ, ਦੀਵੇ ਚੋਂ ਚਮਕ ਕਦੇ ਜਾਂਦੀ ਨਹੀਂ । ਕੋਈ ਸਾਜਿੰਦਾ ਹੋਵੇ ਜੋ, ਕਰੇ ਚੋਟ ਟਿਕਾਣੇ ਤੇ, ਪਾਟੇ ਹੋਏ ਦਿਲਾਂ ਚੋਂ ਵੀ, ਧਮਕ ਕਦੇ ਜਾਂਦੀ ਨਹੀਂ । ਸੀਸ ਨੂੰ ਉਤਾਰ ਸੁੱਟੋ, ਸੂਲੀ ਤੇ ਚੜ੍ਹਾ ਦੋ ਭਾਵੇਂ, ਰਾਗ-ਰੰਗੀਆਂ ਰੂਹਾਂ ਚੋਂ, ਗਮਕ ਕਦੇ ਜਾਂਦੀ ਨਹੀਂ । ਐਦਾਂ ਦਾ ਰਲੇਵਾਂ ਕਰ, ਵੱਖ ਨਾ ਕੋਈ ਦੇਖ ਸਕੇ, ਜਿਓਾ ਸਾਗਰ ਦੇ ਪਾਣੀ ਚੋਂ, ਨਮਕ ਕਦੇ ਜਾਂਦੀ ਨਹੀਂ । ਮੰਡੇਰ ਬੜਾ ਸੁੱਕਣੇ, ਪਾਇਆ ਮੈਂ ਆਪਣੇ ਸਾਹਾਂ ਨੂੰ, ਪਰ ਤੇਰੇ ਅਹਿਸਾਸ ਦੀ, ਹਮਕ ਕਦੇ ਜਾਂਦੀ ਨਹੀਂ । ਬੜੀ ਕੋਸ਼ਿਸ ਕੀਤੀ ਮੈਂ ਕੇ, ਮੈਂ, ਮੈਂ ਨਾ ਰਹਾਂ, ਕੀ ਕਰਾਂ ਮੇਰੇ ਚੋਂ, ਮੇਰੀ ਰਮਕ ਕਦੇ ਜਾਂਦੀ ਨਹੀਂ ।

ਮੈਂ

ਮੈਂ ਮੰਗਤਾ, ਮੇਰੀ ਫਿਤਰਤ ਮੰਗਣਾ, ਜਨਮ ਤੋਂ ਮੰਗਦਾ ਆਇਆ । ਮਾਂ, ਬਾਪ ਮੇਰੇ ਮੰਨਤਾ ਮੰਨ-ਮੰਨ, ਮੰਗਤਾ ਝੋਲੀ ਪਾਇਆ ॥ ਉਸ ਪਲ ਤੋਂ ਮੇਰਾ ਮੰਗਣਾ ਚਾਲੂ, ਰੋ ਰੋ ਸ਼ੋਰ ਮਚਾਇਆ । ਬਸ ਅੱਜ ਤੱਕ ਹਾਂ ਮੰਗੀ ਜਾਂਦਾ, ਕੀ ਛੁੱਟਿਆ ਕੀ ਪਾਇਆ ॥ ਇੱਕ ਮਣ ਮਿੱਟੀ, ਧੜੀ ਕੁ ਪਾਣੀ, ਇਹ ਮੇਰਾ ਸਰਮਾਇਆ । ਮਿੱਟੀ ਖਾਧੀ, ਮਿੱਟੀ ਪਹਿਨੀ, ਮਿੱਟੀ ਹੇਠ ਛੁਪਾਇਆ ॥ ਕੁੱਲੀ, ਗੁੱਲੀ, ਜੁੱਲੀ ਮੰਗਦੇ, ਪੂਰਾ ਜਨਮ ਲੰਘਾਇਆ । ਹਾਏ ਉਏ ਯਾਰਾ ਤੇਰੀ ਕੁਦਰਤ, ਅਜੇ ਸਬਰ ਨਾ ਆਇਆ॥ ਇਹ ਸਭ ਮੇਰੇ ਮਨ ਦੀ ਹਾਲਤ, ਜਿਸਨੇ ਮੰਗਣ ਲਾਇਆ । ਸੁੱਖ ਚੈਨ ਹਰ ਸ਼ੈਅ ਚੋਂ ਲੱਭਿਆ, ਪਰ ਨਾ ਕਿਤੋਂ ਥਿਆਇਆ ॥ ਹਰ ਉਹ ਚੀਜ਼ ਪਰਾਈ ਹੋ ਗਈ, ਰੱਜ ਕੇ ਜਿਸਨੂੰ ਚਾਹਿਆ ॥ ਮੈਂ ਨਹੀਂ ਕਹਿੰਦਾ ਝੋਲੀ ਭਰਦੇ, ਮੈਨੂੰ ਮਾਲਾਮਾਲ ਤੂੰ ਕਰਦੇ । ਬੱਸ ਮੇਰੀ ਨੀਤ ਤੂੰ ਭਰਦੇ, ਮੇਰਾ ਮੰਗਣਾ ਬੰਦ ਤੂੰ ਕਰਦੇ ਇੱਕ ਵਾਰੀ ਹੱਥ ਸਿਰ ਤੇ ਧਰਦੇ, ਇਸ਼ਕ ਮੇਰੇ ਦੀ ਇੱਜ਼ਤ ਕਰਦੇ ॥ ਫੇਰ ਦੇਖੀਂ ਕਿਵੇਂ ਧੁੱਪਾਂ ਜਰਦੇ, ਬਿਨ ਤੇਰੇ ਮੇਰੇ ਹੱਡ ਨੇ ਠਰਦੇ । ਤੂੰ ਰੱਖ ਲਏਾ ਤਾ ਫੇਰ ਨੀ ਮਰਦੇ, "ਮੰਡੇਰ" ਤੋਂ ਹੁਣ ਦੱਸ ਕਾਹਦੇ ਪਰਦੇ॥

ਤੂੰ

ਹਰ ਇੱਕ ਵਿੱਚ ਤੂੰ ਹੀ ਹੈਂ, ਇੱਥੇ ਤੂੰ ਹੀ, ਉੱਥੇ ਤੂੰ ਹੀ। ਹਰ ਰੰਗ ਵਿੱਚ ਤੂੰ ਵਸਦਾ, ਜੁਦਾ ਤੂੰ ਹੀ, ਕੱਠੇ ਤੂੰ ਹੀ॥ ਇਹ ਪਹੁ ਜੋ ਫੁੱਟਦੀ ਹੈ, ਇਹ ਰਾਤ ਹਨੇਰੀ ਜੋ । ਸਭ ਤੇਰੇ ਕਰਕੇ ਹੈ, ਚੜੇਂ ਤੂੰ ਹੀ, ਲਹੇਂ ਤੂੰ ਹੀ॥ ਇਹ ਜੀਵਨ ਚੱਕਰ ਵੀ, ਇੱਕ ਖੇਡ ਤੇਰੀ ਯਾਰਾ । ਸਭ ਉਪਜਿਆ ਤੇਰੇ ਤੋਂ, ਮਾਰੇਂ ਤੂੰ ਹੀ, ਰੱਖੇਂ ਤੂੰ ਹੀ॥ ਤੂੰ ਆਪ ਚੜਾ ਦੇਵੇਂ, ਤੇ ਆਪ ਉਤਾਰਦਾ ਹੈਂ । ਜਦ ਜ਼ੁਲਮ ਦੀ ਗੱਲ ਹੋਵੇ, ਉੱਠੇਂ ਤੂੰ ਹੀ, ਸਹੇਂ ਤੂੰ ਹੀ॥ ਤੂੰ ਸੁੰਨ ਸਮਾਧੀ ਹੈਂ, ਤੂੰ ਸ਼ੋਰ ਸ਼ਰਾਬਾ ਵੀ। ਮੌਨ ਧਾਰ ਬੈਠਦਾ ਹੈਂ, ਕੰਨ ਫਾੜ ਕਹੇਂ ਤੂੰ ਹੀ॥ ਤੂੰ ਤਾਨ ਰਬਾਬਾਂ ਦੀ, ਬਣ ਤੇਗ ਕਿਤੇ ਖੜਕੇਂ। ਬਿਰਹੋਂ ਦਾ ਰੁਦਨ ਵੀ ਤੂੰ, ਵਸਲਾਂ 'ਚ ਹੱਸੇਂ ਤੂੰ ਹੀ॥ ਔਕਾਤ ਨਹੀ ਅੱਖ ਦੀ, "ਮੰਡੇਰ" ਤੈਨੂੰ ਦੇਖ ਲਵੇ। ਮੁੱਦਤਾਂ ਤੋਂ ਯਾਰਾ ਵੇ, ਮੇਰੇ ਵਿੱਚ ਵਸੇਂ ਤੂੰ ਹੀ॥

ਆਜ਼ਾਦੀ

ਕਦ ਮੈਂ ਆਪਣੇ ਆਪ ਤੋਂ, ਆਜ਼ਾਦ ਹੋਵਾਂਗਾ। ਸ਼ਾਇਦ ਕਈ ਯੁੱਗਾਂ ਬਾਅਦ ਹੋਵਾਂਗਾ॥ ਉਜੜਾਂਗਾ ਅਜੇ ਪਤਾ ਨਹੀਂ ਕਿੰਨੀ ਵਾਰ। ਖ਼ਬਰੇ ਕਿੰਨੀ ਵਾਰ ਆਬਾਦ ਹੋਵਾਂਗਾ॥ ਮੰਜਿਲ ਤਾਂ ਨਿਸਚਿਤ ਹੈ, ਬੱਸ ਰਸਤਾ ਭਟਕ ਰਿਹਾਂ। ਕਦੋਂ ਮੈਂ ਹਾਲੇ ਵਰਤਮਾਨ ਤੋਂ, ਆਦਿ ਹੋਵਾਂਗਾ॥ ਮੇਰੀ ਰੂਹ ਦੇ ਗੁਲਾਬ ਤੇ, ਮਾਲੀ ਦੀ ਨਜ਼ਰ ਨਹੀਂ ਪਈ। ਪਤਾ ਨਹੀਂ ਕਿੰਨੀ ਕੁ ਵਾਰ, ਖਿੜ ਕੇ ਖਾਦ ਹੋਵਾਂਗਾ॥ ਕਾਲੀ ਹਨੇਰੀ ਰਾਤ ਦੇ, ਇਹ ਲੰਮੇ ਲੰਮੇ ਖਾਬਾਂ ਵਿੱਚ । ਹਕੀਕਤ ਤੋਂ ਦੂਰ, ਕਦ ਤੱਕ ਬਰਬਾਦ ਹੋਵਾਂਗਾ॥ ਕਿਸੇ ਮਾੜੇ ਸ਼ਾਇਰ ਦੀ, ਇਕਲੌਤੀ ਚੱਲੀ ਨਜ਼ਮ ਵਾਂਗ। ਕਦ ਤੱਕ ਹਰ ਮਹਿਫਲ ਵਿੱਚ, ਇਰਸ਼ਾਦ ਹੋਵਾਂਗਾ॥ "ਮੰਡੇਰ" ਨੂੰ ਤੂੰ ਯਾਰ ਕਦ, ਗਲ ਲਾਵੇਂਗਾ ਆਪ ਆ। ਕਦ ਮੈਂ ਤੇਰੀ ਬੁੱਕਲ ਵਿੱਚ ਸਵਾਦ ਸਵਾਦ ਹੋਵਾਂਗਾ॥

ਬੁਲਾਵਾ

ਤੂੰ ਦਰ ਤੇ ਤਾਂ ਬੁਲਾਇਆ, ਡਰਾ ਕੇ ਹੀ ਸਹੀ। ਚੱਲ ਚੁੱਪ ਤਾਂ ਕਰਾਇਆ, ਖੁਦ ਰੁਆ ਕੇ ਹੀ ਸਹੀ॥ ਜਰਾ ਜਿੰਨੀ ਕਾਮਯਾਬੀ, ਪੈਰ ਮੇਰੇ ਕੱਢ ਦਿੰਦੀ। ਮੈਨੂੰ ਧਰਤੀ ਤੇ ਲਿਆਇਆ, ਹਰਾ ਕੇ ਹੀ ਸਹੀ॥ ਹਰ ਪਲ ਚੇਤੇ ਰੱਖਾਂ, ਇੰਨੀ ਨਹੀਂ ਸਮਝ ਮੇਰੀ। ਤੂੰ ਯਾਦ ਮੇਰੇ ਆਇਆ, ਮਨ ਭਰਾ ਕੇ ਹੀ ਸਹੀ॥ ਇੱਛਾਵਾਂ, ਅਰਮਾਨ ਮੇਰੇ, ਧੂਹੀ ਮੈਨੂੰ ਫਿਰਦੇ ਨੇ। ਹੁਣ ਸੁੰਨ ਤੂੰ ਕਰਾਇਆ, ਸਭ ਗਵਾ ਕੇ ਹੀ ਸਹੀ॥ "ਮੰਡੇਰ" ਲਈ ਤਾਂ ਏਨਾ ਕਾਫੀ, ਬਚੀ ਖੁਚੀ ਜੀਵਣੇ ਲਈ। ਤੂੰ ਯਾਰ ਬਣ ਆਇਆ, ਸਮਾਂ ਪਾ ਕੇ ਹੀ ਸਹੀ॥

ਪਹੁੰਚ

ਲੈ, ਚੱਲ ਆਇਆ ਤੇਰੇ ਦਰ ਤੇ, ਤੋੜ ਕੇ ਸਾਰੇ ਜਾਲ। ਤੇਰੀ ਮਰਜੀ, ਠੁਕਰਾ ਦੇ ਜਾਂ, ਲਾ ਲੈ ਸੀਨੇ ਨਾਲ॥ ਚਿਰਾਂ ਤੋਂ ਫਸਿਆ, ਮੰਝਧਾਰੇ ਵਿੱਚ, ਰਿਹਾ ਕਿਨਾਰਾ ਭਾਲ। ਦੁੱਖ ਦੀਆਂ ਸ਼ਮਸ਼ੀਰਾਂ ਚਮਕਣ, ਆ ਜਾ ਬਣ ਕੇ ਢਾਲ॥ ਤੂੰ ਮੇਰਾ ਯਾਰ ਤੂੰ ਮੁਰਸ਼ਦ ਮੇਰਾ, ਮੈਂ ਹਾ ਤੇਰਾ ਬਾਲ। ਤੇਰੇ ਬਿਨਾ ਹਨੇਰਾ ਜਿੰਦਗੀ, "ਮੰਡੇਰ" ਦੇ ਮੰਦੜੇ ਹਾਲ॥ ਤੇਰੇ ਦਰ ਦੀ ਕੰਜਰੀ ਵੇ ਮੈਂ, ਨੱਚਾਂ ਤਾਲ, ਬੇਤਾਲ। ਇਸ਼ਕ ਤੇਰੇ ਦੇ ਰੰਗ ਵਿੱਚ ਰੰਗੀ, ਹੋ ਗਈ ਸੂਹੀ ਲਾਲ॥ ਤੂੰ ਮੇਰੇ ਕੋਲ ਵੀ, ਦੂਰ ਵੀ ਰਹਿਨੈ, ਸਮਝੀ ਤੇਰੀ ਚਾਲ। ਆ ਜਾ ਹੁਣ ਬੱਸ ਦਰਸ਼ਨ ਦੇ ਦੇ, ਲਿਆ ਬਥੇਰਾ ਭਾਲ॥

ਮੇਰਾ ਪਿੰਡ

ਕਲੀ ਵਾਂਗ ਮਹਿਕਦਾ, ਬੋਟ ਵਾਂਗ ਚਹਿਕਦਾ, ਚੰਨ ਚਾਨਣੀ ਵਾਂਗ ਨਿਰਮਲ, ਪਿਆਰ ਵਾਂਗ ਨਿਰਛਲ, ਇਹ ਮੇਰਾ ਪਿੰਡ ਸੀ। ਟੋਭੇ ਕੰਢੇ, ਪਿੱਪਲ ਥੱਲੇ, ਸਾਉਣ ਮਹੀਨੇ ਖੂਬ ਬਹਾਰਾਂ, ਕੱਠੀਆਂ ਹੋਵਣ, ਜੋਬਨ ਮੱਤੀਆਂ ਮੇਰੇ ਪਿੰਡ ਦੀਆਂ ਮੁਟਿਆਰਾਂ, ਨੱਚਦੀਆਂ, ਟੱਪਦੀਆਂ, ਏਧਰ ਓਧਰ ਭੱਜਦੀਆਂ, ਜਿਵੇਂ ਫੂਹੜੀਆਂ ਨੇ ਅੱਕ ਦੀਆਂ, ਬਾਹਰੋ ਬਾਹਰ ਫਿਰਨੀ ਤੇ ਬਾਬੇ ਤਾਸ਼ ਖੇਡਦੇ, ਇੱਕ ਹੱਥ ਨਾਲ ਬੈਠੇ ਅਟੇਰਨੇ ਨੂੰ ਗੇੜਦੇ। ਗੱਭਰੂਆਂ ਦੀ ਇੱਕ ਢਾਣੀ, ਮੋੜ ਤੇ ਗੇੜੇ ਮਾਰਦੀ, ਜੋਸ਼ ਹੈ ਜਵਾਨੀ ਦਾ, ਦਿਲ ਵਿੱਚ ਉਡੀਕ ਯਾਰ ਦੀ। ਇੱਕ ਪਾਸੇ ਬੇਬੇ ਬੈਠੀ, ਚੁੱਲ੍ਹਾ ਚੌਂਕਾ ਸਵਾਰਦੀ, ਅੰਬੋ ਰਾਤੀਂ ਪਾਵੇ ਬਾਤਾਂ, ਮੂਰਤ ਪਿਆਰ ਦੀ। ਕੀੜਾ ਅਮਲੀ ਲੱਗ ਖੂੰਜੇ, ਮੂੰਹ ਲਟਕਾਈ ਬੈਠਾ ਜਿਵੇਂ, ਧੀ ਉੱਧਲ ਗਈ ਹੋਵੇ, ਕਿਸੇ ਸ਼ਾਹੂਕਾਰ ਦੀ। ਮੇਰਾ ਇਹ ਛੋਟਾ ਜਿਹਾ ਪਿੰਡ, ਮਸਤ ਚਾਲ ਚੱਲ ਰਿਹਾ ਸੀ, ਖੁਸ਼ ਸੀ, ਜਿਹੋ ਜਿਹਾ ਸੀ... ਇੱਕ ਦਿਨ ਨਫ਼ਰਤ ਦਾ ਜ਼ਹਿਰ, ਖ਼ੌਰੇ ਕਿਸਨੇ ਫੈਲਾ ਦਿੱਤਾ, ਜਿਓਾ ਆਲ੍ਹਣੇ ਚ ਬੈਠੇ ਬੋਟ ਨੂੰ , ਕਿਸੇ ਭੱਖੜਾ ਖਵਾ ਦਿੱਤਾ। ਬੁੱਢਾ ਪਿੱਪਲ ਰੋ ਰਿਹੈ, ਜਿਵੇਂ ਕੋਈ ਉਸ ਕੋਲੋਂ, ਉਸ ਦੀਆਂ ਤੀਆਂ ਖੋ ਰਿਹੈ। ਨਸ਼ਿਆਂ ਦੀ ਹਨੇਰੀ ਰਾਤ ਚ, ਪਿੰਡ ਦੀ ਜਵਾਨੀ ਖੋ ਗਈ, ਤਾਸ਼ ਖੇਡਦੇ ਬਾਬਿਆਂ ਦੀ, ਬਾਜੀ ਪੂਰੀ ਹੋ ਗਈ। ਪਿੰਡ ਦੇ ਵਸਨੀਕਾਂ ਨੂੰ ਤਰੱਕੀ ਦਾ ਨਾਗ ਲੜ ਗਿਆ, ਹੱਕ, ਸੱਚ, ਈਮਾਨ ਦਾ ਨਾਂ, ਵਾਂਗ ਪਰਾਲੀ ਸੜ ਗਿਆ। ਆਇਓ ਵੇ ਕਲਮਾਂ ਵਾਲਿਓ, ਆਇਓ ਵੇ ਧਰਮਾਂ ਵਾਲਿਓ, ਆਇਓ ਵੇ ਅਕਲਾਂ ਵਾਲਿਓ, ਆਇਓ ਵੇ ਮਜ਼੍ਹਬਾਂ ਵਾਲਿਓ, ਕੋਈ ਛੇੜੋ ਤਰਾਨਾ ਪਿਆਰ ਦਾ, ਕੋਈ ਗੀਤ ਸੱਭਿਆਚਾਰ ਦਾ, ਆਓ ਕੋਈ ਦਰਵੇਸ਼ ਬਣ, ਇਹ ਪੁੰਨ ਕਮਾ ਲਓ, ਮੇਰੇ ਪਿੰਡ ਨੂੰ ਬਚਾ ਲਓ, ਮੇਰੇ ਦੇਸ਼ ਨੂੰ ਬਚਾ ਲਓ....

ਬੇਪਰਵਾਹ

ਕੁੱਝ ਨਾ ਸੋਚ, ਹੋ ਜਾ ਬੇਪਰਵਾਹ ਸੱਜਣਾ, ਮਜਾਲ ਕੀ ਜ਼ਮਾਨਾ ਰੋਕੇ ਤੇਰਾ ਰਾਹ ਸੱਜਣਾ। ਅੱਜ ਦਾ ਸੂਰਜ ਛਿਪਣ ਤੋਂ ਪਹਿਲਾਂ, ਬਣ ਪੁੰਨਿਆ ਦਾ ਚੰਨ ਆ ਸੱਜਣਾ। ਕੋਈ ਰਹਿਬਰ ਲੱਭਦੀ ਬੁਲਬੁਲ ਦਾ, ਬਣ ਜੁਗਨੂੰ ਰਾਹ ਰੁਸ਼ਨਾ ਸੱਜਣਾ। ਛਾਂ ਮਾਣ, ਦੁਆਵਾਂ ਸੌ, ਦੇਣ ਪਾਂਧੀ, ਕੋਈ ਐਸਾ ਬੂਟਾ ਲਾ ਸੱਜਣਾ। ਕੁੱਲ ਜਹਾਨ ਤੇ ਪਿਆਰ ਦਾ ਮੀਂਹ ਵਰਸੇ, ਕੋਈ ਐਸਾ ਬਾਣ ਚਲਾ ਸੱਜਣਾ। ਜੀਣਾ ਹੈ ਤਾਂ ਜੀਅ ਮਸ਼ਾਲ ਬਣ ਕੇ, ਪੱਛ ਹਨੇਰੇ ਦੇ ਸੀਨੇ ਤੇ ਲਾ ਸੱਜਣਾ।

ਸ਼ਹਿਰ

ਪੱਥਰਾਂ ਦੇ ਇਸ ਸ਼ਹਿਰ ਦੇ ਅੰਦਰ, ਪੱਥਰ ਦਿਲ ਇਨਸਾਨ ਵਿਚਰਦੇ, ਇਹਨਾਂ ਦੇ ਨਾਲ ਖਹਿੰਦੇ ਖਹਿੰਦੇ, ਜ਼ਮੀਰ, ਦਿਲੋ ਦਿਮਾਗ ਮੇਰਾ, ਸਿੱਲ ਪੱਥਰ ਹੋ ਗਿਆ ਹੈ.... ਕੀ ਹੋ ਗਿਆ ਇਹਨਾਂ ਲੋਕਾਂ ਨੂੰ , ਇੱਕ ਦੂਜੇ ਵੱਲ ਤੱਕੀ ਜਾਂਦੇ, ਡੌਰ ਭੌਰ ਜਿਹੇ, ਓਪਰਿਆਂ ਵਾਂਗੂ, ਜਾਪਦੈ ਜਿਵੇਂ ਇਸ ਸ਼ਹਿਰ ਵਿੱਚੋਂ, ਪਿਆਰ ਤਾਂ ਕਿਧਰੇ ਖੋ ਗਿਆ ਹੈ..... ਸੜਕ ਕਿਨਾਰੇ ਬੁੱਢੀ ਮਾਈ, ਸ਼ਾਇਦ ਉਸ ਪਾਰ ਜਾਣਾ ਚਾਹੁੰਦੀ, ਪਰ ਕੋਈ ਵੀ ਧਿਆਨ ਨੀ ਦੇਂਦਾ, ਲੇਕਿਨ ਇੱਕ ਕੰਜਰੀ ਦੇ ਦਰ ਤੇ, ਹਜੂਮ ਸਾਰਾ ਖਲੋ ਗਿਆ ਹੈ.... ਇਥੋਂ ਦੇ ਲੋਕ ਰੋਜ ਨਹਾਉਂਦੇ, ਲੱਖ ਕਰੀਮਾਂ, ਮਹਿਕਾਂ ਲਾਉਂਦੇ, ਪਰ ਹਰ ਇੱਕ ਦਾ ਮਨੀ ਰਾਮ ਤਾਂ, ਮਾਰਦਾ ਬਦਬੋ ਪਿਆ ਹੈ..... ਮੇਰੇ ਸ਼ਹਿਰ ਦੇ ਬਾਸ਼ਿੰਦੇ, ਬੜੇ ਗਏ ਸੀ ਪਿਆਰ ਨੂੰ ਢੂੰਢਣ, ਕੁੱਝ ਪਾਗਲ, ਕੁੱਝ ਪੱਥਰ ਹੋ ਗਏ, ਵਾਪਿਸ ਨਾ ਮੁੜਿਆ, ਜੋ ਗਿਆ ਹੈ... ਉੱਤੋਂ ਉੱਤੋਂ ਹੱਸਣ ਖੇਡਣ, ਲੱਗਦਾ ਜਿਵੇਂ ਇਹ ਬੜੇ ਹੀ ਖੁਸ਼ ਨੇ, ਮੂੰਹ ਬਣਾਉਣੇ ਸਿੱਖ ਲਏ ਸਭ ਨੇ, ਹਰ ਕੋਈ ਗਮ ਲੁਕੋ ਗਿਆ ਹੈ.... ਇੱਕ ਪਾਸੇ ਇੱਕ ਮੰਗਤਾ ਮੋਇਆ, ਮੰਗਤਾ ਹੀ ਮੋਇਐ, ਫੇਰ ਕੀ ਹੋਇਆ? ਹੋਈ ਮੌਤ ਜਦੋਂ ਇੱਕ ਕਾਂ ਦੀ, ਹਰ ਕਾਂ ਓਥੇ ਆ ਰੋ ਗਿਆ ਹੈ... ਲੱਖ ਘਟੀਆ ਇਹ ਸ਼ਹਿਰ ਵਿਚਾਰਾ, ਪਰ ਮੈਨੂੰ ਇਹ ਲੱਗਦਾ ਪਿਆਰਾ, ਮੇਰੇ ਅਲ੍ਹੜਪੁਣੇ ਦੇ ਦਿਨ ਇਹ, ਆਪਣੇ ਵਿੱਚ ਸਮੋ ਗਿਆ ਹੈ.....

ਮੰਜ਼ਿਲ

ਕਦੇ ਕਦੇ ਜਦ ਮੈਂ ਆਪਣੀ ਮੰਜਿਲ ਬਾਰੇ ਸੋਚਦਾਂ। ਤੇਰੇ ਦਰ ਤੇ ਆ ਕੇ ਮੈਂ, ਹੋ ਟੱਲੀ ਰਹਿਣਾ ਲੋਚਦਾਂ॥ ਦੁਨੀਆਂ ਦੀਆਂ ਇਹ ਰੀਤਾਂ, ਰਸਮ, ਰਿਵਾਜ ਬੜੇ ਕਠੋਰ ਨੇ। ਨਾਮ ਤੇਰੇ ਦੀ ਢਾਲ ਲੈ, ਉਹਨਾਂ ਨਾਲ ਖਹਿਣਾ ਲੋਚਦਾਂ॥ ਖਾਬਾਂ ਦੇ ਸਾਉਣ ਦੀਆਂ ਝੜੀਆਂ ਦੇ ਵਿੱਚ, ਅਕਲ ਮੇਰੀ ਸਲ੍ਹਾਬ ਗਈ। ਨੰਗੇ ਸਿਰ, ਹਕੀਕਤ ਦੀ ਹੁਣ, ਧੁੱਪ ਮੈਂ ਸਹਿਣਾ ਲੋਚਦਾਂ॥ ਕੁਫਰ ਤੋਲਦਿਆਂ ਜਿੰਦਗੀ ਬੀਤੀ, ਝੂਠ ਦੇ ਨਾਲ ਲਗਾ ਲਈ ਪ੍ਰੀਤੀ। ਹਿੰਮਤ ਬਖ਼ਸ਼, ਦੋ ਸ਼ਬਦ ਹੁਣ, ਮੈਂ ਸੱਚ ਦੇ ਕਹਿਣਾ ਲੋਚਦਾਂ॥ ਤੂੰ ਦਰਿਆ, ਮੈਂ ਕੰਢਾ ਤੇਰਾ, ਅੱਜ ਤੱਕ ਸੁੱਕਾ ਰਹਿਆ। ਭੇਜ ਕਦੇ ਕੋਈ ਛੱਲ ਪਿਆਰ ਦੀ, ਤੇਰੇ ਨਾਲ ਮੈਂ ਵਹਿਣਾ ਲੋਚਦਾਂ॥ "ਮੰਡੇਰ" ਰੇਤ ਦੀ ਕੰਧ ਜਿਹਾ ਹਾਂ, ਨਾ ਮੁੱਕਣ ਵਾਲੇ ਪੰਧ ਜਿਹਾ ਹਾਂ। ਖੁਰਾ ਖੋਜ ਹੀ ਮਿਟ ਜਾਵੇ, ਇਸ ਕਦਰ ਮੈਂ ਢਹਿਣਾ ਲੋਚਦਾਂ॥

ਖੇਡ

ਇਹ ਚਾਲ ਕੋਈ ਕਿਸਮਤ ਦੀ, ਜਾਂ ਲੇਖਾਂ ਦੇ ਦੇਣੇ ਨੇ। ਕਾਰਨ ਕੀ ਪੁੱਛਦੇ ਹੋ, ਹਰ ਇਕ ਨੇ ਸਹਿਣੇ ਨੇ॥ ਇਹ ਸਾਥੀ ਪਿਆਰੇ ਜੋ, ਇਹ ਯਾਰ ਜੋ ਜੁੰਡੀ ਦੇ। ਇੱਕ ਇੱਕ ਕਰ ਤੁਰ ਜਾਣੇ, ਇਥੇ ਸਦਾ ਨਾ ਰਹਿਣੇ ਨੇ॥ ਬੁੱਤਾਂ ਦੀਆ ਲੋੜਾਂ ਨੇ, ਕੀ ਸਾਂਝ ਹੈ ਰੂਹਾਂ ਦੀ। ਬੱਸ ਪੰਧ ਮੁਕਾਵਣ ਲਈ, ਇਹ ਲੈਣੇ ਦੇਣੇ ਨੇ॥ ਕੀ ਗੱਲ ਹੈ ਰੁਤਬੇ ਦੀ, ਇੱਜਤਾਂ ਦਾ ਰੋਣਾ ਕੀ। ਇਹ ਮਹਿਲ ਗਰੂਰਾਂ ਦੇ, ਇੱਕ ਪਲ ਵਿੱਚ ਢਹਿਣੇ ਨੇ॥ ਆ ਜਾ ਯਾਰ ਮਨਾ ਲਈਏ, ਥੋੜਾ ਸੁੱਖ ਦਾ ਸਾਹ ਲਈਏ। ਉਹਦੀ ਰਹਿਮਤ ਜੇ ਹੋ ਜੇ, ਤਾਂ ਫੇਰ ਕੀ ਕਹਿਣੇ ਨੇ॥ ਮੇਰਾ ਟੀਚਾ ਤੂੰ ਹੀ ਹੈਂ, ਮੈਂ ਤੈਨੂੰ ਮਿੱਥ ਬੈਠੀ। ਬਿਨ ਤੇਰੇ ਤੱਤੜੀ ਨੂੰ , ਉਮਰਾਂ ਦੇ ਮੇਹਣੇ ਨੇ॥ "ਮੰਡੇਰ" ਤਾਂ ਕੱਠਪੁਤਲੀ, ਹੱਥ ਡੋਰਾਂ ਮਾਲਕ ਦੇ। ਖਿੱਚਦਾ ਤਾਂ ਨੱਚਦਾ ਹੈ, ਛੱਡਦਾ ਤਾਂ ਰੋਂਦਾ ਹੈ। ਏਹ ਖੇਡ ਕਲੰਦਰ ਦੀ, ਬੱਸ ਓਨਾਂ ਚਿਰ ਯਾਰੋ। ਇਸ ਮਾਸ ਦੇ ਪਿੰਜਰ ਚ, ਸਾਹ ਜਦ ਤੱਕ ਰਹਿਣੇ ਨੇ॥

ਫਾਡੀ

ਪਿਆਰ ਤੇਰੇ ਵਿੱਚ ਸਭ ਕੁੱਝ, ਖੋਈ ਬੈਠਾ ਹਾਂ। ਜਿੰਦਗੀ ਦੀ ਹਰ ਮਿੱਤ ਵਿੱਚ ਮਿੱਤੀ ਰਹਿੰਦਾ ਸੀ, ਤੇਰੇ ਕਰਕੇ ਫਾਡੀ ਹੋਇਆ ਬੈਠਾ ਹਾਂ । ਤੇਰੇ ਜੋ ਕੁੱਝ ਵਾਅਦੇ, ਮੇਰੇ ਸੁਪਨੇ ਸੀ। ਉਹਨਾਂ ਨੂੰ ਹੁਣ ਕਦ ਦਾ ਰੋਈ ਬੈਠਾ ਹਾਂ॥ ਪਿਆਰ ਤੇਰੇ ਦਾ ਨਿੱਘ ਸੀ, ਜੋ ਹੁਣ ਠਰ ਚੁੱਕਿਆ । ਲੈ ਯਾਦਾਂ ਦੀ ਕਾਲੀ ਲੋਈ ਬੈਠਾ ਹਾਂ॥ ਛੋਹ ਤਾਂ ਗਈ, ਅਹਿਸਾਸ ਨਾ ਤੇਰਾ ਤੁਰ ਜਾਵੇ। ਪਲਕਾਂ ਦੇ ਦੋ ਬੂਹੇ ਢੋਈ ਬੈਠਾ ਹਾਂ॥ ਇਸ਼ਕ ਤੇਰੇ ਦੀ ਛੋਟੀ ਜਿਹੀ ਚਿਣਗ ਸਦਕੇ। ਆਪਣੇ ਦਿਲ ਨੂੰ ਅੱਗ ਵਿੱਚ ਝੋਈ ਬੈਠਾ ਹਾਂ॥ "ਮੰਡੇਰ" ਹਮੇਸ਼ਾ ਤੇਰਾ ਹੀ ਰਾਹ ਤੱਕਦਾ ਹਾਂ। ਕਦਮ ਕਦਮ ਤੇ ਤੇਲ ਮੈਂ ਚੋਈ ਬੈਠਾ ਹਾਂ॥

ਟੀਸੀ ਦਾ ਬੇਰ

ਲੋਕ, ਤੇ ਮੈਂ ਵੀ, ਕਹਿੰਦੇ ਹਾਂ ਤੈਨੂੰ, ਟੀਸੀ ਦਾ ਬੇਰ । ਸ਼ਾਇਦ ਤੈਨੂੰ ਗੁਮਾਨ ਹੈ, ਸਭ ਤੋਂ ਉੱਪਰ ਹੋਣ ਦਾ। ਪਰ ਤੂੰ ਕੀ ਜਾਣੇ, ਕਿਸੇ ਦੀ ਝੋਲੀ ਵਿੱਚ ਪਿਆ, ਜਿਆਦਾ ਨਿੱਘ ਮਾਣ ਰਿਹਾ ਹੁੰਦੈ। ਉਪਰ ਟੀਸੀ ਤੇ, ਕੰਢਿਆ ਨਾਲ ਖਹਿ ਰਹੇ ਨਾਲੋਂ ॥ ਡਰਦਾ ਹਾਂ ਮੈਂ, ਤੇਰੇ ਇਸ਼ਕ ਦੀ ਗਰਮੀ ਤੋਂ । ਕਿਉਕਿ, ਮੇਰੀ ਕਮਜੋਰ ਜਿਹੀ ਜਿੰਦ ਦੀ ਕੀ ਮਜਾਲ, ਕਿ ਤੇਰੇ, ਗੁਮਾਨ ਦੀ ਅੱਗ ਨਾਲ ਖੇਡ ਸਕੇ। ਡਰਦਾ ਹਾਂ, ਕਿਤੇ ਇਹ ਅੱਗ, ਤੇਰੇ ਨਾਜੁਕ ਜਿਹੇ ਦਿਲ ਨੂੰ ਝੁਲਸ ਨਾ ਦੇਵੇ, ਝੁਲਸੇ ਹੋਏ ਦਿਲ ਨੂੰ , ਲੋਕ ਕਹਿੰਦੇ ਨੇ ਕਾਲਾ, ਤੇ ਤੇਰੀ ਜੁਦਾਈ ਤੋਂ ਵੀ ਭਿਆਨਕ ਦਰਦ ਹੋਵੇਗਾ ਮੈਨੂੰ, ਜਦੋਂ ਲੋਕ ਆਖਣਗੇ ਤੈਨੂੰ, ਬੇਕਦਰ॥ ਏਨਾ ਗਰੂਰ ਵੀ ਨਾ ਕਰ, ਇਸ ਥੋੜ ਚਿਰੀ ਜਵਾਨੀ ਤੇ। ਕਿਉਂ ਜੋ, ਗਿਣਤੀ ਦੇ ਬਚੇ ਸਾਥੀਆ ਦੇ ਨਾਂ, ਵਾਰ ਵਾਰ ਯਾਦ ਕਰਨ ਦੀ ਉਮਰ, ਬਾਕੀ ਹੈ ਅਜੇ ॥ ਸੋਚਦਾ ਹਾਂ, ਤੂੰ ਕਿੰਨਾ ਵਿੱਚ ਗਿਣੇਗਾ ਮੈਨੂੰ? ਚੰਗਾ ਹੋਵੇ, ਜੇ ਤੂੰ ਮੇਰੀ ਗਿਣਤੀ ਮਰ ਗਿਆਂ ਵਿੱਚ ਹੀ ਕਰ ਲਵੇਂ , ਕਿਉਂਕਿ, ਪੌਦੇ ਦੇ ਸੁੱਕ ਜਾਣ ਤੋਂ ਬਾਅਦ ਬਾਰਿਸ਼ ਦਾ ਕੋਈ ਲਾਭ ਨਹੀਂ ਹੁੰਦਾ ॥ ਤੇਰੇ ਨੈਣ, ਮੇਰੇ ਨਾਲ ਖੇਡਦੇ ਰਹੇ, ਮ੍ਰਿਗ ਤਿ੍ਛਨਾ ਵਾਲਾ ਖੇਡ। ਮੇਰੇ ਅਰਮਾਨਾ ਦੇ ਮ੍ਰਿਗ, ਹਮੇਸ਼ਾ ਪਿੱਛਾ ਕਰਦੇ ਸੀ, ਤੇਰੇ ਨੈਣ ਸਾਗਰ ਦਾ, ਪਰ ਤੇਰੇ ਛਲਾਵੇ ਦੇ ਮਾਰੂਥਲ ਵਿੱਚ, ਤੜਪ ਤੜਪ ਕੇ ਜਾਣ ਦੇਣ ਦੇ ਸਿਵਾ , ਕੁੱਝ ਨਾ ਕਰ ਸਕੇ ॥ ਮੈਂ ਨਹੀ ਚਾਹੁੰਦਾ, ਕਿ ਮੇਰੀ ਕਿਆਮਤ ਦੇ ਦਿਨ, ਤੇਰੇ ਸਿਤਮਾਂ ਦੀ ਗੱਲ ਹੋਵੇ, ਤੇ ਲੋਕ ਬਾਖੂਬੀ ਸਮਝ ਲੈਣ, ਕਿ ਜੁਲਮ ਕਰਨਾ ਤੇਰੀ ਫਿਤਰਤ ਸੀ ॥

ਜ਼ਿੰਦਗੀ

ਜ਼ਿੰਦਗੀ ਦੇ ਵਿੱਚ, ਪੱਤਝੜ ਕਦੇ ਬਹਾਰਾਂ ਨੇ। ਹਰ ਮੌਸਮ, ਹੱਸ ਕੇ ਹੰਢਾਉਣਾ ਪੈਣਾ ਏ॥ ਨਾ ਕਰ ਆਸ, ਹਰ ਰਾਹ ਤੇ, ਫੁੱਲਾਂ ਕਲੀਆਂ ਦੀ। ਕੰਡਿਆਂ ਨੂੰ ਵੀ ਹਮਸਫਰ ਬਣਾਉਣਾ ਪੈਣਾ ਏ॥ ਏਨਾ ਮੋਹ ਵੀ ਕੀ, ਕਿ ਪਾਗਲ ਹੋ ਜਾਵੇਂ। ਆਖਰ ਕੱਲੇ ਬਹਿ ਬਹਿ ਰੋਣਾ ਪੈਣਾ ਏ॥ ਕੀ ਪਤਾ ਹਯਾਤੀ ਦੇ ਇਸ ਜਨਾਜੇ ਵਿੱਚ। ਕਿਸ ਕਿਸ ਦੇ ਗੱਲ ਲੱਗ ਰੋਣਾ ਪੈਣਾ ਏ॥ ਨਾ ਕਰ ਇੰਨਾ ਮਾਣ "ਮੰਡੇਰ" ਜਵਾਨੀ ਤੇ। ਤੈਨੂੰ ਵੀ ਕਦੇ ਬੁੱਢਾ ਹੋਣਾ ਪੈਣਾ ਏ॥

ਲਹੂ

ਮਾਣ ਹੁੰਦਾ ਸੀ ਕਦੇ, ਲਹੂ ਦੇ ਰੰਗ ੳੱਤੇ। ਖੂਨ ਨੂੰ ਰੰਗ ਵਟਾੳਾੁਦੇ, ਲੋਕੋ ਦੇਖਿਐ॥ ਜਿੰਨਾ ਦੇ ਗਲ ਲੱਗ ਕੇ ਰੋਂਦਾ ਹੁੰਦਾ ਸੀ। ਉਹਨਾਂ ਨੂੰ ਗਲੋਂ ਲਾਹੁੰਦਾ, ਲੋਕੋ ਦੇਖਿਐ॥ ਖੂੰਜੇ ਦੇ ਵਿੱਚ ਪਿਆ, ਕੋਈ ਬਿਰਧ ਲਾਚਾਰ ਜਿਹਾ। ਘੁੱਟ ਪਾਣੀ ਲਈ ਤਰਲੇ ਪਾਉਂਦਾ, ਲੋਕੋ ਦੇਖਿਐ॥ ਜਿੰਨਾ ਸਦਕਾ ਕਮਾਉਂਣ ਜੋਗਾ ਕਦੇ ਹੋਇਆ ਸੀ। ਉਹਨਾਂ ਨਾਲ ਦਗਾ ਕਮਾਉਂਦਾ, ਲੋਕੋ ਦੇਖਿਐ॥ ਲਾਲਚ ਚੰਦਰਾ ਲੱਖ ਤੋਂ ਕੱਖ ਬਣਾ ਦਿੰਦਾ। ਮਾਂ ਜਾਇਆ ਮਰਵਾਉਂਦਾ, ਲੋਕੋ ਦੇਖਿਐ॥ ਕਾਫਰ ਜਮਾਨਾ, ਲਾ ਮੁਖੌਟਾ ਦਰਵੇਸ਼ ਦਾ। ਪਿੱਠ ਪਿੱਛੇ ਮੁਸਕਰਾਉਦਾ, ਲੋਕੋ ਦੇਖਿਐ॥ ਯਾਰ ਜਿਹਦੇ ਬਿਨ ਮਹਿਫਲ ਨਹੀਂ ਸੀ ਸ਼ੋਭਦੀ। ਹੱਥੀਂ ਜ਼ਹਿਰ ਪਿਆਉਂਦਾ, ਲੋਕੋ ਦੇਖਿਐ॥ "ਮੰਡੇਰ" ਚਿਰਾਂ ਤੋਂ ਵਿੱਛੜੇ ਸੱਜਣਾ, ਯਾਰਾਂ ਦਾ। ਰਹਿ ਰਹਿ ਕੇ ਮੋਹ ਜਿਹਾ ਆਉਂਦਾ, ਲੋਕੋ ਦੇਖਿਐ, ਮੈਂ ਦੇਖਿਐ॥

ਸਫ਼ਰ

ਜਿੰਦਗੀ ਵੀ ਹੁਣ ਪੱਕੇ ਪੈਰੀਂ ਹੋ ਗਈ, ਪੈਰ ਗਮਾਂ ਦੇ ਅੰਗਾਰਾਂ ਉੱਤੇ ਧਰਦਿਆਂ। ਸ਼ਰਮਸਾਰ ਹੋ ਗਈਆਂ ਹਨੇਰੀਆਂ, ਕਿੱਕਰ ਦੇ ਇੱਕ ਸੁੱਕੇ ਰੁੱਖ ਤੋਂ ਹਰਦਿਆਂ॥ ਦੀਪਕ ਨੇ ਆਖਰ ਸਵੇਰਾ ਪਾ ਲਿਆ, ਜੰਗ ਹਨੇਰਿਆਂ ਨਾਲ ਕਰਦੇ ਕਰਦਿਆਂ। ਸਿਰਾਂ ਤੇ ਮੰਡਰਾ ਰਹੇ ਨੇ ਬਾਜ਼ ਕਈ, ਐਪਰ ਅਸੀਂ ਚਿੜੀਆ ਦਾ ਦਮ ਭਰਦੇ ਆਂ॥ ਅੱਜ ਫੇਰ ਇੱਕ ਗੁਲਾਬ ਨੇ, ਇੱਕ ਭੌਰ ਨੂੰ , ਦੇ ਦਿੱਤੀ ਪਨਾਹ, ਡਰਦੇ ਡਰਦਿਆਂ॥ ਐਣ ਮੌਕੇ ਤੇ ਜੇ ਤੂੰ ਨਾ ਵਰਸਦਾ, ਸੁੱਕ ਚੱਲੇ ਸੀ ਸਿਰ ਤੇ ਧੁੱਪਾਂ ਜਰਦਿਆਂ॥ ਮੌਤ ਵੀ ਤਰਸ ਖਾ ਕੇ ਮੁੜ ਗਈ, ਕੁੱਝ ਹਾਲਤ ਐਸੀ ਹੋਈ, ਮਰਦੇ ਮਰਦਿਆਂ॥ ਨਾ ਡੁੱਬੇ ਨਾ ਪਾਰ ਹੀ ਜਾਇਆ ਗਿਆ, ਮੁੱਦਤਾਂ ਤੋਂ ਇਸ਼ਕ ਝਨਾਂ ਵਿੱਚ ਤਰਦਿਆਂ॥ "ਮੰਡੇਰ" ਤੈਨੂੰ ਇੱਕ ਅਰਸਾ ਬੀਤ ਗਿਆ, ਮੈਂ ਤੋਂ ਤੂੰ ਤੱਕ ਸਫਰ ਕਰਦਿਆਂ॥

ਗ਼ਜਲ਼

ਪਤਾ ਨਹੀਂ ਕੀ ਵਾਪਰ ਗਿਆ ਅਜ਼ੀਬ ਜਿਹਾ, ਕਿ ਅੱਜ ਸ਼ਾਮ ਤੋਂ ਹੋ ਗਿਆ ਮੈਂ ਗਰੀਬ ਜਿਹਾ। ਚਾਰੇ ਪਾਸੇ ਮੱਚੀ ਹਾਹਾਕਾਰ ਜਿਹੀ, ਬਿਸਤਰ ਵੀ ਪਿਆ ਜਾਪੇ ਕਿਸੇ ਸਲੀਬ ਜਿਹਾ। ਹਿੱਕ ਠੋਕ ਕੇ ਯਾਰ ਜਿਹਨੂੰ ਕਦੇ ਕਹਿੰਦੇ ਸੀ, ਅੱਜ ਅੱਖ ਬਚਾ ਕੇ ਲੰਘ ਗਿਆ ਉਹ ਰਕੀਬ ਜਿਹਾ। ਚਮਕ ਪੈਂਦੇ ਨੇ ਮੇਰੇ ਨੈਣ ਬਿਮਾਰ ਜਿਹੇ, ਝਉਲਾ ਜੇ ਕਿਤੇ ਪੈ ਜਾਏ ਮੇਰੇ ਤਬੀਬ ਜਿਹਾ। ਜਿੰਦਗੀ ਦੀ ਕਿਸ਼ਤੀ ਨਾ ਡੁੱਬਦੀ, ਤਰਦੀ ਹੈ, ਪੱਥਰ ਬਣ ਬਹਿ ਗਿਆ, ਵਿੱਚ ਨਸੀਬ ਜਿਹਾ॥

ਕਰਮਾਂ ਦੇ ਕਰਜ਼

ਸਿਰ ਤੇ ਚੁੱਕ ਕਰਮਾਂ ਦਾ ਭਾਰ, ਬੱਸ ਦਿਨ ਰਹੇ ਹਾਂ ਗੁਜ਼ਾਰ। ਭੋਲੇ ਭਾਲੇ ਬਚਪਨ ਵਾਲੇ, ਦਿਨ ਅਸੀਂ ਵਰਤ ਲਏ, ਖ਼ਰਚ ਲਿਆ ਮੈਂ, ਆਪਣੇ ਹਿੱਸੇ ਦਾ ਪਿਆਰ । ਕੁਮਲਾਇਆ ਹੀ ਰਿਹਾ, ਮੇਰੀ ਸੋਚ ਦਾ ਪੌਦਾ, ਭਾਵੇਂ ਕਈ ਵਾਰ ਆਈ, ਇਸ ਬਗੀਚੇ ਚ ਬਹਾਰ। ਤੂੰ ਤਾਂ ਮੈਨੂੰ ਆਪਣੇ, ਹਮਦਰਦ ਜਿਹਾ ਜਾਪਦੈਂ, ਐ ਜ਼ਾਲਿਮ ਤੂੰ ਵੀ ਅੱਜ ਮੇਹਣੇ ਰਿਹੈਂ ਮਾਰ! ਨਾ ਕੋਈ ਖੁਸ਼ੀ ਜਿੱਤ ਦੀ, ਨਾ ਕੋਈ ਗਮ ਕਿ ਜਾਣਾ ਹਾਰ। ਛੱਡ ਕੇ ਸਾਰੇ ਦੋਸਤ ਯਾਰ, ਕਰਮਾਂ ਦੇ ਇਹ ਕਰਜ਼ ਉਤਾਰ, ਦੂਰ ਕਿਤੇ ਓਸ ਚੰਨ ਤੋ ਪਾਰ, "ਮੰਡੇਰ" ਨੇ ਜਾਣਾ ਉਡਾਰੀ ਮਾਰ ॥

ਬਿਰਹਾ

ਇਹ ਬਿਰਹਾ ਮੇਰਾ ਜਨਮ ਤੋਂ ਹਾਣੀ, ਜਿਸ ਦਿਨ ਤੋਂ ਦੁਨੀਆ ਪਹਿਚਾਣੀ, ਸਾਰੇ ਜੱਗ ਦੀ ਇਹੋ ਕਹਾਣੀ, ਜੋ ਬੁੱਝ ਗਿਆ, ਉਹੋ ਮਹਾਨ ਨੀ ਮੈਂ ਕਿਉਂ ਰੋਵਾਂ , ਬਿਰਹਾ ਕੁੱਲ ਜਹਾਨ ਨੀ ... ਇਹ ਬਿਰਹਾ ਅਸੀਂ ਲੇਖ ਲਿਖਾਇਆ, ਜਨਮ ਤੋਂ ਮੇਰੇ ਨਾਲ ਹੀ ਆਇਆ, ਇਹ ਬਿਰਹਾ ਮੇਰੀ ਮਾਂ ਦਾ ਜਾਇਆ, ਮੇਰੇ ਅੰਗ ਸੰਗ ਰਹੇ ਹਮੇਸ਼ ਨੀ, ਮੈਨੂੰ ਨਿਰਮਲ ਰਖਦਾ, ਇਹ ਬਿਰਹਾ ਦਰਵੇਸ਼ ਨੀ ... ਜਦ ਮੈਂ ਬਾਲ ਵਰੇਸੀ ਹੋਈ, ਹਰ ਰੁੱਤੇ ਮੇਰੀ ਗੁੱਡੀ ਮੋਈ, ਸਭ ਨੂੰ ਫੂਕ ਫੂਕ ਕੇ ਰੋਈ, ਮੈਨੂੰ ਬਿਰਹੋਂ ਦਿੱਤਾ ਪਿਆਰ ਨੀ, ਇਹ ਬਿਰਹਾ ਮੇਰਾ, ਹੈ ਬਚਪਨ ਦਾ ਯਾਰ ਨੀ ... ਬਿਰਹਾ ਜਦੋਂ ਜਵਾਨ ਜਾ ਹੋਇਆ, ਨਿੱਤ ਦਿਨ ਮੇਰੇ ਗਲ ਲੱਗ ਰੋਇਆ, ਪੋਹ ਮਾਘ ਮੇਰੇ ਨਾਲ ਹੀ ਸੋਇਆ, ਲੈ ਹਿਜਰਾਂ ਦੀ ਲੋਈ ਨੀ, ਨੀ ਮੈਂ ਬਿਰਹਾ ਹੋਈ, ਫਰਕ ਰਿਹਾ ਨਾ ਕੋਈ ਨੀ ... ਜਦ ਮੈਂ ਤਾਂਘ ਸੱਜਣ ਦੀ ਲਾਈ, ਮੈਂ, ਮੇਰੀ ਸੌਕਣ ਬਣ ਆਈ, ਅੱਜ ਤੱਕ ਚਲਦੀ ਪਈ ਲੜਾਈ, ਹੋਊ ਜਿੱਤ ਪਤਾ ਨਹੀ ਹਾਰ ਨੀ, ਹੁਣ ਰੱਬ ਬਣ ਚੱਲਿਆ, ਬਿਰਹਾ ਮੇਰਾ ਪਿਆਰ ਨੀ .... "ਮੰਡੇਰ" ਇਹ ਬਿਰਹਾ ਰੱਬ ਦਾ ਨਾਂ ਹੈ, ਸੋਚਾਂ ਦੀ ਇੱਕ ਸੰਘਣੀ ਛਾਂ ਹੈ, ਪਾਵਨ ਜਿਉ ਪੀਰਾਂ ਦੀ ਥਾਂ ਹੈ, ਜੇਕਰ ਨਜ਼ਰ ਮਿਹਰ ਦੀ ਹੋ ਜਾਏ, ਮੈਂ ਹੋ ਜਾਵਾ ਫ਼ੱਕਰ ਨੀ, ਮੈਂ ਵਾਰੀ ਜਾਵਾਂ, ਬਿਰਹਾ ਜੀਵਨ ਚੱਕਰ ਨੀ, ਮੈਂ ਵਾਰੀ ਜਾਵਾਂ, ਬਿਰਹਾ ਜੀਵਨ ਚੱਕਰ ਨੀ ...

ਰੱਬ ਨੂੰ

ਬਹੁਤ ਅਜਮਾਇਆ, ਸਬਰ ਤੂੰ ਮੇਰਾ, ਹੁਣ ਮੈਨੂੰ ਵੀ ਤਾਂ ਪਰਖਣ ਦੇ। ਤੋੜਣ ਦੇ ਨਿਯਮ ਜ਼ਮਾਨੇ ਦੇ, ਕੁੱਝ ਲੋਕਾਂ ਨੂੰ ਵੀ ਹਰਖਣ ਦੇ॥ ਮੇਰੀਆਂ ਰੀਝਾਂ ਦੇ ਪੈਰੀਂ, ਤੇਰੀਆਂ ਰੀਤਾਂ ਬੇੜੀਆਂ ਪਾਈਆਂ ਨੇ, ਹੁਣ ਹੱਲਾ ਸ਼ੇਰੀ ਦੇ ਇਹਨਾਂ ਨੂੰ , ਹੌਲੀ ਹੌਲੀ ਸਰਕਣ ਦੇ। ਕੈਦ ਕੀਤੇ ਮੈਂ ਤੇਰੇ ਕਾਰਨ, ਹੁਣ ਆਜ਼ਾਦੀ ਲੋਚਦੇ, ਕਰ ਕਿਰਪਾ, ਅਰਮਾਨਾਂ ਦੇ ਫਰ, ਵਿੱਚ ਅਸਮਾਨੀ ਫਰਕਣ ਦੇ। ਰੋਜੀ ਰੋਟੀ, ਇੱਜਤ, ਯਾਰੀ, ਫਰਜਾਂ ਨੇ ਦਮ ਕੱਢ ਸੁੱਟਿਆ, ਹੁਣ ਭਾਰ ਵੰਡਾ ਕੇ ਦੇਖ ਸਹੀ, ਕੁੱਝ ਤੇਰੇ ਮੋਢੇ ਜਰਕਣ ਦੇ। ਏਨਾ ਸੌਖਾ ਨਹੀਂ ਹੁੰਦਾ, ਸਭ ਭਾਣਾ ਕਰਕੇ ਮੰਨ ਲੈਣਾ, ਬੰਦਾ ਬਣ ਕੇ ਜੀਅ, ਤੇ ਦਿਲ ਵਿੱਚ ਯਾਦ ਕਿਸੇ ਦੀ ਧੜਕਣ ਦੇ। ਕਿੰਨਾ ਚਿਰ ਤੂੰ ਖੇਡੇਂਗਾ, ਲੋਕਾਈ ਅੱਗ ਵਿੱਚ ਸੜਦੀ ਰਹੂ, ਮਿਟਾ ਦੇ ਸਾਰੇ ਭੇਦ ਭਾਵ, ਕੋਈ ਪਿਆਰ ਦੀ ਬੱਦਲੀ ਵਰਸਣ ਦੇ। ਕਦ ਤੱਕ ਲਾਰੇ ਲਾਵੇਂਗਾ, ਨਾ ਓਹਲੇ ਰਹਿ ਕੇ ਗੱਲ ਬਨਣੀ, ਬੜੇ ਸਵਾਲ "ਮੰਡੇਰ" ਨੇ ਕਰਨੇ ਨੇ, ਆ ਸਾਹਮਣੇ ਕਿਧਰੇ ਦਰਸ਼ਨ ਦੇ ॥

ਜ਼ਿੰਦਗੀ

ਇਹ ਜ਼ਿੰਦਗੀ ਇੱਕ ਕਹਾਣੀ ਹੈ, ਟਿੱਬਿਆਂ ਵਿੱਚ ਡੁਲਿਆ ਪਾਣੀ ਹੈ। ਕਦੋਂ ਮੁੱਕ ਜਾਣਾ, ਕਦੋਂ ਸੁੱਕ ਜਾਣਾ, ਕੋਈ ਪਤਾ ਨਹੀਂ॥ ਕਿਸ ਲਈ ਇਹ ਸਾਰੀ ਭਗਦੜ ਹੈ, ਕਿਹੜੀ ਮੰਜ਼ਿਲ ਹੈ ਜੋ ਪਾਉਣੀ ਹੈ। ਅਜੇ ਕੱਲ ਦੀ ਗੱਲ ਤਾਂ ਦੂਰ ਬੜੀ, ਮੈਨੂੰ ਇੱਕ ਪਲ ਦਾ ਪਤਾ ਨਹੀਂ॥ ਜ਼ਿੰਦਗੀ ਦੀ ਇਹ ਰੇਲ ਗੱਡੀ, ਸਟੇਸ਼ਨ ਤੇ ਦੋ ਪਲ ਰੁਕੀ ਹੋਈ। ਗਾਰਡ ਨੇ ਝੰਡੀ ਦੇ ਦੇਣੀ, ਕਦੋਂ ਤੁਰ ਜਾਣਾ ਕੁੱਝ ਪਤਾ ਨਹੀਂ॥ ਲੈ ਨਦੀ ਕਿਨਾਰੇ ਬੈਠੇ ਹਾਂ, ਇਹ ਮਿੱਟੀ ਦਾ ਜੋ ਘਰ ਯਾਰਾ। ਕੋਈ ਛੱਲ ਸ਼ੂਕਦੀ ਆਊਗੀ, ਕਦੋਂ ਖੁਰ ਜਾਣਾ ਕੁੱਝ ਪਤਾ ਨਹੀਂ॥ "ਮੰਡੇਰ" ਤੂੰ ਦੋ ਪਲ ਹੱਸਣਾ ਸੀ, ਆਪਣਿਆ ਦੇ ਦਿਲ ਵਿੱਚ ਵੱਸਣਾ ਸੀ, ਇਹ ਕੰਮ ਵੀ ਤੈਥੋਂ ਹੋਏ ਨਾ, ਤੈਨੂੰ ਹੋਰ ਕਿਸੇ ਕੰਮ ਦਾ ਪਤਾ ਨਹੀਂ, ਇਹ ਬਿਨਾ ਟਿਕਟ ਦੀ ਡਾਕ ਜਿਹਾ, ਆਵੇ ਨਾ ਆਵੇ, ਦਮ ਦਾ ਪਤਾ ਨਹੀਂ॥

ਮੌਤ

ਮੇਰੀ ਮੌਤ ਦੀ ਓ ਯਾਰੋ, ਕੋਈ ਦਾਸਤਾਂ ਨਾ ਪੁੱਛੋ, ਬੱਸ ਕਤਲ ਹੁੰਦੇ ਚਲੇ ਗਏ, ਕਾਤਿਲ ਏਨਾ ਹੁਸੀਨ ਸੀ। ਬੜਾ ਚਿਰ ਹੋਇਆ, ਹਾਲੇ ਤੱਕ ਮਦਹੋਸ਼ ਹਾਂ, ਐਸਾ ਤੇਰੇ ਦੋ ਨੈਣਾ ਚੋਂ, ਦੋ ਘੁੱਟਾਂ ਦਾ ਪੀਣ ਸੀ। ਆਪਣੀ ਤਪਸ਼ ਉੱਤੇ ਤੈਨੂੰ ਬੜਾ ਮਾਣ ਸੀ, ਪਰ ਅੱਗ ਨਾਲ ਖੇਡਣ ਦੇ, ਅਸੀਂ ਵੀ ਸ਼ੌਕੀਨ ਸੀ। ਕੱਚੇ ਪੱਕਿਆਂ ਤੇ ਤਰਦੇ, ਆਖਿਰ ਕਿਨਾਰੇ ਲੱਗ ਗਏ, ਉਹਤੇ ਜੋਬਨ ਦਾ ਹੜ੍ਹ, ਸਾਨੂੰ ਰੱਬ ਤੇ ਯਕੀਨ ਸੀ। ਖੁਸ਼ ਹਾਂ ਹਮੇਸ਼ਾ ਆਪਾਂ, ਭੱਖੜੇ ਤੇ ਥੋਹਰਾਂ ਨਾਲ, ਉਹ ਕਮਲ ਦੇ ਫੁੱਲ, ਅਸੀਂ ਰੇਤਲੀ ਜਮੀਨ ਸੀ। ਆਸ਼ਕ ਦਾ ਜਨਾਜ਼ਾ ਵੀ, ਬਰਾਤ ਵਾਂਗ ਨਿੱਕਲਿਆ, ਦੁਸ਼ਮਣਾਂ ਦੇ ਘਰ ਦਾ, ਮਾਹੌਲ ਗਮਗੀਨ ਸੀ। "ਮੰਡੇਰ" ਦੀ ਕਮਾਈ ਬੱਸ, ਇਹੀ ਮੇਰੇ ਦੋਸਤੋ, ਕੁੱਝ ਮਿੱਠੇ ਜਿਹੇ ਹਾਸੇ, ਕੁੱਝ ਹੰਝੂ ਨਮਕੀਨ ਸੀ।

ਸ਼ਾਮ

ਅੱਜ ਦੀ ਇਹ ਸ਼ਾਮ ਫਿਰ, ਦੋਸਤਾਂ ਦੇ ਨਾਮ ਹੋ ਗਈ, ਅੱਜ ਫੇਰ ਸੋਚ ਮੇਰੀ, ਬਦਨਾਮ ਹੋ ਗਈ। ਅੱਜ ਫੇਰ ਲੋਕਾਂ ਦੀ ਭੀੜ ਚੋਂ, ਆਪਣੇ ਆਪ ਨੂੰ ਲੱਭਦਾ ਰਿਹਾ, ਅੱਜ ਫੇਰ ਮੰਜਿਲ ਮੇਰੀ, ਬੇ-ਪਛਾਣ ਹੋ ਗਈ। ਨੰਗੇ ਪੈਂਰੀ ਤੁਰਦਿਆਂ, ਏਨੀਆਂ ਕੁ ਠੋਕਰਾਂ ਖਾਧੀਆਂ, ਕਿ ਕੱਲੇ ਕੱਲੇ ਪੱਥਰ ਨੂੰ , ਮੇਰੀ ਪਹਿਚਾਣ ਹੋ ਗਈ। ਬੱਸ ਇੱਕ ਮੇਰੀ ਕਵਿਤਾ, ਜੋ ਮੇਰੇ ਨਾਲ ਹੀ ਚਲਦੀ ਰਹੀ, ਮੇਰੀ ਮਿਹਰਬਾਨ, ਮੇਰੀ ਜਿੰਦ ਜਾਨ ਹੋ ਗਈ। ਅੱਜ ਫੇਰ ਜਾ ਬੈਠਾ ਮੈਂ, ਅਤੀਤ ਦੇ ਮਹਿਖਾਨੇ ਚ, ਯਾਦਾਂ ਬਣੀਆਂ ਸ਼ਰਾਬ, ਤੇ ਤਨਹਾਈ ਜਾਮ ਹੋ ਗਈ। "ਮੰਡੇਰ" ਨੂੰ ਤਾਂ ਨਸ਼ਾ, ਥੋਡੀ ਦੋਸਤੀ ਦਾ ਦੋਸਤੋ, ਲੋਕ ਆਖਦੇ ਮੁੰਬਈ ਚ ਸ਼ਰਾਬ ਆਮ ਹੋ ਗਈ॥

ਮਹਿਕਸ਼ੀ

ਬੜਾ ਚਿਰ ਹੋਇਆ ਮਹਿਖਾਨਿਆਂ ਚੋਂ ਪੀਂਦਿਆਂ ਨੂੰ , ਕਦੇ ਨੈਣਾਂ ਚੋਂ ਪਿਲਾਵੇ, ਤੈਨੂੰ ਤਾਂ ਮੰਨੀਏ। ਤੈਥੋਂ ਦੂਰ ਹੋ ਕੇ, ਬੱਸ ਸੀਤੇ ਜਿਹੇ ਜਾਣ ਜਿਹੜੇ, ਆਪ ਬੁੱਲ੍ਹਾਂ ਨੂੰ ਛੁਹਾਵੇਂ, ਤੈਨੂੰ ਤਾਂ ਮੰਨੀਏ। ਤੱਕ ਤੱਕ ਥੱਕ ਗਈਆਂ, ਅੱਖੀਆਂ ਵੀ ਰਾਹ ਜੀਹਦਾ, ਕਦੇ ਉਹੀ ਬਣ ਆਵੇਂ, ਤੈਨੂੰ ਤਾਂ ਮੰਨੀਏ। ਬਹੁਤ ਅੱਗੇ ਲੰਘ ਗਿਆ, ਅਕਲਾਂ ਦੇ ਆਸਰੇ ਤੇ, ਕਦੇ ਪਿੰਡ ਮੁੜ ਜਾਵੇਂ, ਤੈਨੂੰ ਤਾਂ ਮੰਨੀਏ। "ਮੰਡੇਰ" ਨੂੰ ਨਾ ਪਤਾ ਲੱਗੇ, ਯਾਰ ਕਿਹੜਾ?, ਰੱਬ ਕਿਹੜਾ? ਕਦੇ ਬੈਠ ਸਮਝਾਵੇਂ ਤੈਨੂੰ ਤਾਂ ਮੰਨੀਏ॥

ਜਨਮ ਦਿਨ

ਲਓ ਅੱਜ ਫੇਰ ਮੈਂ ਆਪਣਾ, ਜਨਮ ਦਿਨ ਮਨਾ ਲਿਆ, ਇੱਕ ਹੋਰ ਵਰਾ ਜਿੰਦਗੀ ਦਾ, ਦਿਨ ਦਿਨ ਕਰਕੇ ਖਾ ਲਿਆ। ਏਨਾ ਕੁ ਅੱਗੇ ਵਧ ਗਿਆ, ਕਿ ਜੜਾਂ ਨਾਲ ਨਾ ਪਿਆਰ ਰਿਹਾ, ਨਾ ਹੀ ਇਹ ਹੋਇਆ, ਕਿ ਮੈਂ ਆਸਮਾਨ ਪਾ ਲਿਆ। ਚੱਲ ਰਿਹਾਂ ਬੱਸ, ਕੋਹਲੂ ਦੇ ਬਲਦ ਜਿਹਾ, ਇਸ ਭਰਮ ਵਿੱਚ, ਖੌਰੇ ਕਿੰਨਾ ਰਾਸਤਾ ਮੁਕਾ ਲਿਆ। ਫੁੱਲ ਤੋਂ ਖੁੰਢ ਬਣ ਰਿਹਾ ਹੈ, ਇਹ ਦਿਲ ਮੇਰਾ, ਬਚਪਨ, ਅੱਲੜ੍ਹਪੁਣਾ, ਜਦੋ ਦਾ ਗਵਾ ਲਿਆ। ਢੀਠ ਜਿਹਾ ਮਨ ਮੇਰਾ, ਹਾਲੇ ਵੀ ਰੱਜੇ ਨਾ, ਪਿਆਰ, ਨਫਰਤ, ਗੁੱਸਾ, ਗਿਲਾ, ਹਰ ਰੰਗ ਨਿਭਾ ਲਿਆ। ਕਿੰਨੇ ਹਾਸੇ ਵੰਡੇ, ਕਿੰਨੇ ਦਿਲ ਕੀਤੇ ਹੌਲੇ ਮੈਂ, ਕਿੰਨਾ ਭਾਰ ਪਾਪਾਂ ਦਾ, ਮੈਂ ਸਿਰ ਤੇ ਉਠਾ ਲਿਆ। ਇੰਨੇ ਸਮੇਂ ਵਿੱਚ ਕਈ, ਜਾਨ ਤੋਂ ਪਿਆਰੇ ਬਣੇ, ਕਈ ਜਾਨੋਂ ਪਿਆਰਿਆ ਨੂੰ , ਸਦਾ ਲਈ ਗਵਾ ਲਿਆ। ਧੁੱਪਾਂ ਛਾਂਵਾ, ਝੱਖੜ, ਬਹਾਰਾਂ ਕਈ ਵੇਖੀਆਂ, ਹਰ ਮੌਸਮ ਚੰਗਾ ਬੁਰਾ, ਹੱਸ ਕੇ ਹੰਢਾ ਲਿਆ। ਜਨਮ ਦਿਨ, ਮਰਨ ਦਿਨ, ਜਨਮ ਦਿਨ ਫੇਰ ਹੁੰਦੇ ਰਹਿਣਗੇ, ਜਦੋਂ ਤੱਕ ਤੂੰ "ਮੰਡੇਰ" ਨੂੰ ਨਾ, ਗਲ ਨਾਲ ਲਾ ਲਿਆ॥

ਮਾਂ

ਇਹਦੇ ਵਰਗੀ ਹਸਤੀ, ਤੇ ਨਿੱਘ ਬੁੱਕਲ ਦੀ , ਦੁਨੀਆਂ ਦੀ ਕੋਈ ਸ਼ੈਅ, ਇਸਦੇ ਤੁੱਲ ਨਹੀਂ ਹੋਣੀ। ਜਿਸਦੇ ਕਰਕੇ ਜੱਗ ਨੂੰ , ਰੱਬ ਨੂੰ , ਦੇਖਿਆ ਅਤੇ ਸਮਝਿਆ ਤੂੰ, ਰੱਬ ਦਾ ਰੁਤਬਾ ਬਾਅਦ ਚ, ਪਹਿਲਾਂ ਮਾਂ ਖਲੋਣੀ। ਦੁਨੀਆਂ ਦੀ ਏਸ ਚਕਾਚੌਂਧ ਤੇ ਡੁੱਲੀਂ ਨਾ, ਇਸ ਮਮਤਾ ਦੀ ਮੂਰਤ ਨੂੰ ਕਦੇ ਭੁੱਲੀਂ ਨਾ, ਇੱਕ ਵਾਰੀ ਜੇ ਖੋ ਗਈ, ਮੁੜਕੇ ਨਹੀਂ ਥਿਆਉਂਣੀ। ਤੂੰ ਪਹਿਲਾ ਅਮ੍ਰਿਤ, ਮਾਂ ਦੇ ਦੁੱਧ ਦਾ ਚੱਖਿਆ ਸੀ, ਉਹਨੇ ਗਿੱਲੇ ਵਿੱਚ ਖ਼ੁਦ ਪੈ, ਤੂੰ ਸੁੱਕਾ ਰੱਖਿਆ ਸੀ, ਲੱਖ ਮਾੜੀ ਸੰਤਾਨ ਦਾ ਵੀ, ਸਦਾ ਸੁੱਖ ਹੀ ਚਾਹੁੰਣੀ। ਜਿੰਨਾ ਚਿਰ ਮਾਂ ਦੀ ਲੋਰੀ ਦੀ, ਤੂੰ ਕਦਰ ਨੀ ਪਾਉਣੀ, "ਮੰਡੇਰ" ਦਾਵੇ ਨਾਲ ਕਹਿ ਸਕਦੈ, ਤੈਨੂੰ ਨੀਂਦ ਨੀ ਆਉਣੀ॥

ਸਫ਼ਰ

ਜਿੰਦਗੀ ਦੇ ਇਸ ਸਫ਼ਰ ਵਿੱਚ ਮੈਂ , ਕਿੰਨੇ ਮੋੜ ਮੁੜਿਆ। ਕਿੰਨੇ ਵਾਅਦੇ ਰੱਖੇ, ਤੇ ਕਿੰਨਿਆਂ ਨੂੰ ਤੋੜ ਮੁੜਿਆ। ਪਹਿਲਾ ਰਾਹ ਮੇਰੇ ਪਿੰਡ ਤੋਂ ਚੱਲ ਕੇ, ਸ਼ਹਿਰ ਦੇ ਵੱਲ ਨੂੰ ਆੳਾਦਾ ਸੀ। ਓਸ ਰਾਹ ਤੋਂ ਉੱਡ ਜਾਂ ਕਿਧਰੇ, ਡਾਹਢਾ ਦਿਲ ਲਲਚਾਉਂਦਾ ਸੀ। ਜਦ ਫੇਰ ਮੈਨੂੰ ਮੌਕਾ ਮਿਲਿਆ, ਦੌੜ ਦੌੜ ਮੁੱੜਿਆ .... ਜਿੰਦਗੀ ਦੇ ਇਸ ਸਫ਼ਰ ਵਿੱਚ ਮੈਂ, ਕਿੰਨੇ ਮੋੜ ਮੁੜਿਆ .... ਅਲ੍ਹੜਪੁਣੇ ਦੀ ਆਈ ਹਨੇਰੀ, ਖਬਰੇ ਕਿਉਂ ਮੱਤ ਮਰ ਗਈ ਮੇਰੀ, ਨਾ ਸੁੱਧ ਤੇਰੀ, ਨਾ ਸੁੱਧ ਮੇਰੀ, ਫੇਰ ਹਰ ਰਾਹ, ਹਰ ਪੰਗਡੰਡੀ ਨੂੰ , ਕਰਦਾ ਚੌੜ ਮੁੜਿਆ ...... ਉਹ ਜੋ ਜਿੰਦਗੀ ਜਿਉਣ ਦੇ ਪਲ ਸੀ, ਉਹ ਵੀ ਹੋ ਗਏ ਕੱਲ ਦੀ ਗੱਲ ਸੀ, ਜਾਨ ਤੋਂ ਪਿਆਰੇ ਯਾਰ ਤੇ ਯਾਰੀ, ਕਾਲਜ ਛੋੜ ਮੁੜਿਆ ...... ਫੇਰ ਮੈਂ ਵਿੱਚ ਭੀੜ ਦੇ ਵੜਿਆ, ਆਪਣੀ ਹੋਂਦ ਬਚਾਉਂਣ ਲਈ ਲੜਿਆ, ਜਿੰਦ ਨੂੰ ਫਾਹੇ ਟੰਗਣ ਦੇ ਲਈ, ਲਾ ਕੇ ਹੋੜ ਮੁੜਿਆ ...... ਪਿੰਡ ਫੇਰ ਮੁੜਕੇ ਜਾ ਨਾ ਸਕਿਆ, ਪਿਉ ਦਾ ਭਾਰ ਵੰਡਾ ਨਾ ਸਕਿਆ, ਇੱਕ ਮਾਸੂਮ ਜਿਹੇ ਦਿਲ ਦੀਆਂ ਸੱਧਰਾਂ, ਪੈਂਰੀ ਰੋੜ੍ਹ ਮੁੜਿਆ ..... ਖਬਰੈ ਇੱਥੇ ਕਿਉਂ ਮੈਂ ਆਇਆ! ਇੰਝ ਲੱਗਦੈ ਕੋਈ ਧੂਹ ਕੇ ਲਿਆਇਆ, ਇਹ ਸਭ ਨਹੀਂ ਹੈ, ਜੋ ਮੈਂ ਚਾਹਿਆ, ਜਾਲਮ ਜ਼ਮਾਨਾ ਸੋਚ ਮੇਰੀ ਦੀ, ਰੱਤ ਨਿਚੋੜ ਮੁੜਿਆ......... ਮੱਕੜਜਾਲ ਜਿਹੇ ਇਹ ਰਸਤੇ, ਕਿਸਨੇ ਮੇਰੀ ਜਿੰਦ ਤੇ ਕਸਤੇ! ਮੈਂ ਗੁੰਮਰਾਹ, ਤੂੰ ਰਸਤੇ ਪਾ ਦੇ, ਇਸ ਦਲਦਲ ਚੋਂ ਪਾਰ ਲੰਘਾ ਦੇ, "ਮੰਡੇਰ" ਇਹ ਮੰਗਦਾ, ਦਰ ਤੇਰੇ ਤੋਂ, ਹੱਥ ਜੋੜ ਮੁੜਿਆ ......

ਖੋਜ

ਚੱਲ ਮਨਾ ਚੱਲ ਸ਼ਬਦਾਂ ਦੇ ਨਾਲ, ਅੱਜ ਫੇਰ ਮੱਥਾ ਲਾਈਏ। ਦਿਲ ਦਾ ਨਕਸ਼ਾ, ਕਾਗਜ ੳੱਤੇ, ਪੁੱਠਾ ਸਿੱਧਾ ਵਾਹੀਏ। ਸੋਚਾਂ ਦੇ ਸਮੁੰਦਰ ਦੇ ਵਿੱਚ, ਡੂੰਘਾ ਗੋਤਾ ਲਾਈਏ। ਖਬਰੈ ਕੋਈ ਨਜ਼ਮ ਦਾ ਮੋਤੀ, ਅਸੀਂ ਵੀ ਲੱਭ ਲਿਆਈਏ। ਲੋਭੀ ਹੋਈ ਅਕਲ ਮੇਰੀ ਨੂੰ , ਬਹਿ ਕੇ ਅੱਜ ਸਮਝਾਈਏ। ਮੁੜ ਮੰਡੀ ਨਾ ਜਾਣਾ ਪੈ ਜਾਏ, ਐਸਾ ਵਣਜ ਕਮਾਈਏ। ਸੁਪਨੇ ਤੱਕ ਤੱਕ, ਅੱਖੀਆਂ ਥੱਕੀਆਂ, ਬਾਹੋਂ ਫੜ ਜਗਾਈਏ। ਹਕੀਕਤ ਦਾ ਕਿਤੇ ਦਰਸ਼ਨ ਹੋ ਜਾਏ, ਐਸੀ ਬਣਤ ਬਣਾਈਏ। ਜੇ ਕਿਰਪਾ ਮਾਲਕ ਦੀ ਹੋ ਜਾਏ, ਬੁੱਲੇ ਵਾਂਗੂੰ ਗਾਈਏ। ਯਾਰ ਦੇ ਨਾ ਦੀ ਝਾਂਜਰ ਪਾ ਕੇ, ਕੰਜਰੀ ਤੱਕ ਬਣ ਜਾਈਏ। ਮੈਂ ਸੱਜਣ ਦੀ, ਸੱਜਣ ਮੇਰਾ, ਖੁੱਲਾ ਪਿਆਰ, ਜਤਾਈਏ। ਇੱਜਤ ਉਸਦੀ, ਸ਼ੌਹਰਤ ਉਸਦੀ, ਉਸਤੋਂ ਹੀ ਲੁਟਾਈਏ। ਮੰਡੇਰਾ ਇੰਝ ਕੁੱਝ ਹੱਥ ਨੀ ਆਉਣਾ, ਆਪਾ ਚੱਲ ਮਿਟਾਈਏ। ਰਹਿਮਤ ਦੀ ਕੋਈ ਬੱਦਲੀ ਵਰ੍ਹ ਜਾਏ, ਨੰਗੇ ਹੋ ਨਹਾਈਏ॥

ਯਾਰ

ਨਾ ਬੋਲੇ ਚਾਹੇ, ਯਾਰ ਇਸ਼ਾਰਾ ਕਰ ਦੇਵੇ, ਮੇਰਾ ਤਾਂ ਬੱਸ ਏਨੇ ਨਾਲ ਹੀ ਸਰ ਜਾਂਦਾ। ਉਹ ਰਾਤ, ਉਹ ਬਾਤ ਮੇਰੀ ਅਮਰ ਹੋਜੇ, ਜਿਸ ਦੇ ਉੱਤੇ ਯਾਰ ਹੁੰਗਾਰਾ ਭਰ ਜਾਂਦਾ। ਮੈਂ ਬੇਸੁਰ, ਬੇਤਾਲ ਚ ਹਾਕਾਂ ਮਾਰ ਰਹੀ, ਨਹੀਂ ਤਾਂ ਕਦੇ ਨਾ ਕਦੇ ਉਹ ਕੰਨ ਧਰ ਜਾਂਦਾ। ਦੂਰ ਜਾਏ ਤਾਂ ਹਰ ਸ਼ੈਅ ਕੱਲਰ ਜਾਪਦੀ, ਨੇੜੇ ਆਉਂਦਾ ਤਾਂ ਵੀ ਇਹ ਦਿਲ ਡਰ ਜਾਂਦਾ। ਯਾਰ ਮੇਰੇ ਦੀ ਰਹਿਮਤ ਤੋਂ ਮੈਂ ਵਾਰੀ ਵੇ, ਨਖ਼ਰੇ, ਨਾਜ਼, ਗੁਸਤਾਖੀ ਹੱਸ ਕੇ ਜਰ ਜਾਂਦਾ। ਮੇਰੀ ਸੋਚ ਵੀ ਸ਼ਾਇਦ ਇੰਝ ਨਾ ਭਟਕਦੀ, ਮੇਰਾ ਮਨ ਜੇ ਕਿਧਰੇ ਮੈਥੋਂ ਹਰ ਜਾਂਦਾ। ਇਹ ਨਰਕ ਵਿਛੋੜੇ ਦਾ ਨਾ ਭੋਗਦੀ, ਮੇਰੇ ਵਿੱਚੋ "ਮੰਡੇਰ" ਜੇ ਪਹਿਲਾਂ ਮਰ ਜਾਂਦਾ॥

ਮੇਰਾ ਨਾਮ

ਮਾਪਿਆਂ ਤੇਰੀ ਕਿਰਪਾ ਦੇ ਨਾਲ, ਨਾਂ ਰਖਿਆ ਸਤਿਬੀਰ ਮੇਰਾ। ਅੱਖਰੀ ਅਰਥ, ਸੱਚਾਈ ਦੇ ਲਈ, ਲੜਨ ਵਾਲਾ ਸੂਰਬੀਰ ਮੇਰਾ॥ ਸੱਚ ਦੇ ਲਈ ਤਾਂ ਲੜ ਜਾਵਾਂ, ਸੱਚ ਤੂੰ ਹੀ ਹੈਂ ਹੋਰ ਕੁਝ ਵੀ ਨਹੀਂ। ਕਿੰਝ ਤੇਰੇ ਲਈ ਤੇਰੇ ਨਾਲ ਲੜਾਂ ਸਭ ਤੂੰ ਹੀ ਹੈਂ ਹੋਰ ਕੁਝ ਵੀ ਨਹੀਂ ॥ ਲੇਕਿਨ ਮੈਂ ਲੜਨਾ ਚਾਹੁੰਦਾ ਹਾਂ, ਮੇਰੀ ਹਸਤੀ ਨਾਲ, ਮੇਰੀ ਮੈਂ ਦੇ ਨਾਲ। ਇਸਨੂੰ ਮਿਟਾਇਆਂ ਸਾਂਝ ਬਣੂ, ਤੇਰੀ ਮਸਤੀ ਨਾਲ ,ਤੇਰੀ ਤੈਂ ਦੇ ਨਾਲ॥ ਬੱਸ ਹੌਂਸਲਾ ਦੇ ਜ਼ਜ਼ਬਾਤਾਂ ਨੂੰ , ਉੱਚਾ ਬੋਲਾਂ ਨਾਂ, ਕਦੇ ਡੋਲਾਂ ਨਾਂ। ਏਸ ਆਪਣੇ ਦਿਲ ਦੀ ਵੇਦਨ ਨੂੰ , ਤੇਰੇ ਬਿਨਾਂ ਕਿਤੇ ਫੋਲਾਂ ਨਾਂ॥ ਹਾਲੇ ਤਾਂ ਘੁੱਪ ਹਨੇਰਿਆਂ ਵਿੱਚ, ਮੈਂ ਵਾਰੀ ਵਾਰੀ ਘਿਰਦਾ ਹਾਂ। ਥਾਂ ਥਾਂ ਤੇ ਠੋਕਰਾਂ ਖਾ-ਖਾ ਕੇ, ਆ ਤੇਰੇ ਦਰ ਤੇ ਗਿਰਦਾ ਹਾਂ॥ ਸਦਾ ਭਟਕਦਾ ਰਿਹਾ ਹਾਂ ਮੈਂ, ਤੈਨੂੰ ਵੇਖਣ ਲਈ, ਤੈਨੰ ਪਾਉਣ ਲਈ। ਤੇਰੀ ਕਿਰਪਾ ਅਤਿ ਜਰੂਰੀ ਹੈ, ਤੈਨੰ ਸਮਝਣ ਅਤੇ ਸਮਝਾਉਣ ਲਈ॥ ਮੇਰੀ ਸੋਚ ਹਮੇਸ਼ਾ ਉਲਝੀ ਰਹੀ, ਆਪਣੇ ਬੇਗਾਨੇ ਧਰਮਾਂ ਵਿੱਚ। ਰੁੱਝਿਆ ਰਿਹਾ ਹਾਂ ਅੱਜ ਤੀਕਰ, ਫੋਕੇ ਕਾਂਡਾ ਵਿੱਚ, ਫੋਕੇ ਕਰਮਾਂ ਵਿੱਚ, ਕਦੇ ਡਰ ਕੇ ਤੈਨੂੰ ਪੂਜ ਲਿਆ, ਕਦੇ ਲੋਕ ਲਾਜ ਤੇ ਸ਼ਰਮਾ ਵਿੱਚ। ਸੱਚੇ ਪ੍ਰੇਮ ਦਾ ਵੱਲ ਹੀ ਨਹੀਂ ਸਿੱਖਿਆ, ਕਈ ਜਨਮ ਲੰਘਾਏ ਹਰਮਾਂ ਵਿੱਚ॥ ਮੈਂ ਨਹੀਂ ਪੈਣਾ ਇਹਨਾਂ ਚੱਕਰਾਂ ਵਿੱਚ, ਜਗਾ ਦੇ ਦੇ ਮੈਨੂੰ ਫੱਕਰਾਂ ਵਿੱਚ। ਤੂੰ ਗੁਰੂ ਗੋਬਿੰਦ ਆਪੇ ਬਣ ਆ ਜਾ, ਕਿਉਂ ਬਦੀਨ ਕਰੇ ਮੈਨੂੰ ਟੱਕਰਾਂ ਵਿੱਚ॥ ਆ ਮਿਲ ਜਾ ਕਦੇ ਅਚਿੰਤਾ ਹੀ, "ਮੰਡੇਰ" ਨੂੰ ਉਂਝ ਹੀ ਕੱਕਰਾਂ ਵਿੱਚ, ਜਿਵੇ ਮਿਲਿਆ ਸਧਨੇ, ਧੰਨੇ ਨੂੰ , ਕਦੇ ਸੁਰਤਾਂ ਵਿੱਚ, ਕਦੇ ਅੱਖਰਾਂ ਵਿੱਚ ॥

ਖਿਡਾਰੀ

ਮੈਂ ਖਿਡਾਰੀ, ਜਿੰਦਗੀ ਮੇਰੀ ਖੇਡ ਜਿਹੀ, ਕੀ ਰੋਵਾਂ, ਕੀ ਹੱਸਾਂ, ਹਾਰਾਂ ਫਤਿਹਾਂ ਤੋਂ। ਜਦ ਤੱਕ ਮਨ ਵਿੱਚ ਇੱਛਾ ਸੂਤ ਸਵਾਰਣ ਦੀ, ਬਚ ਨੀ ਹੋਣਾ ਦੁੱਖ ਦਾ ਚਰਖਾ ਕੱਤਿਆਂ ਤੋਂ। ਤੇਰੇ ਦਰ ਤੇ ਬਹਿ ਕਿ ਵੀ ਜੇ ਬੈਠਾ ਨਾ, ਕੁੱਝ ਨਹੀਂ ਹੋਣਾ ਰਗੜੇ ਲੱਖਾਂ ਮੱਥਿਆ ਤੋਂ। ਕਿਸ ਨੂੰ ਜਿੱਤਣਗੇ, ਉਹ ਐਂਵੇ ਭਰਮ ਚ ਨੇ, ਮਨ ਹੀ ਨਹੀਂ ਜਿੱਤ ਹੋਏ ਜਿਹੜੇ ਜੱਥਿਆਂ ਤੋਂ। ਬੇਸੁੱਧ ਮਿਲਿਆ, ਜੋ ਵੀ ਮਿਲਿਆ ਯਾਰ ਤੇਰਾ, ਕੀ ਦੱਸ ਪੁੱਛਾਂ ਤੇਰੇ ਰੰਗ ਵਿੱਚ ਰੱਤਿਆਂ ਤੋਂ। ਜਿਸ ਦੇ ਸਿਰ ਤੇ ਨਸ਼ਾ ਹੋਵੇ ਤੇਰੀ ਯਾਰੀ ਦਾ, ਕਿਉਂ ਭੈ ਖਾਵਣ ਫੇਰ ਉਹ ਤਵਿਆਂ ਤੱਤਿਆਂ ਤੋਂ। ਹੁਣ ਸੱਚ ਲੱਗਦੈ ਅੰਦਰ ਹੀ ਕਿਤੇ ਹੋਵੇਂਗਾ, ਦੁਕਾਨਾਂ ਹੀ ਬੱਸ ਮਿਲੀਆਂ ,ਤੇਰਿਆਂ ਪਤਿਆਂ ਤੋਂ। ਕਦ ਸੱਦੇਂਗਾ ਆਪਣੇ ਕੋਲ ਬਿਠਾਵਣ ਲਈ , ਤੂੰ ਹਾਲ ਨੀ ਪੁੱਛਿਆ ਮੁੜਕੇ, ਕੇਰਾਂ ਘੱਤਿਆਂ ਤੋਂ। "ਮੰਡੇਰ" ਮੁੱਦਤਾਂ ਤੋਂ ਤੈਨੰ ਢੂੰਡ ਰਿਹਾਂ, ਸਤਿ ਸ੍ਰੀ ਅਕਾਲਾਂ, ਸਲਾਮਾਂ, ਨਮੋ ਸਤਿਆਂ ਚੋਂ॥

ਜਜ਼ਬਾਤ

ਇਸ ਕਦਰ ਮੈਨੂੰ ਯਾਰਾ, ਜਜ਼ਬਾਤੀ ਨਾ ਕਰ, ਇਹ ਅਜੀਬ ਜਿਹਾ ਦਰਦ, ਮੈਥੋਂ ਹੋਣਾ ਨੀ ਜਰ। ਜਾਂ ਤਾਂ ਪੱਥਰ ਹੀ ਕਰ ਦੇ, ਕਿਸੇ ਨੁੱਕਰ ਚ ਧਰ ਦੇ, ਨਾ ਦੁਨੀਆਂ ਨੂੰ ਤੱਕਾਂ, ਨਾ ਖੁੱਦ ਤੋਂ ਮੈਂ ਅੱਕਾਂ, ਨਾ ਕਿਸੇ ਖੁਸ਼ੀ, ਗਮ ਦਾ ਹੀ, ਹੋਵੇ ਅਸਰ। ਥੋੜ੍ਹਾ ਕਮੀਨਾ ਹੀ ਕਰ ਦੇ, ਨਾਲ ਲਾਲਚ ਦੇ ਭਰ ਦੇ, ਜੇ ਅੰਦਰੋਂ ਤੇ ਬਾਹਰੋਂ, ਮੈਂ ਵੱਖੋ ਵੱਖ ਹੋ ਜਾਂ, ਦਿਲ ਵਿੱਚ ਹੱਸਦੇ ਵੀ, ਅੱਖੀਆਂ ਚ ਰੋ ਜਾਂ, ਸ਼ਾਇਦ ਇਸ ਜਮਾਨੇ ਚ, ਜਿਉਣ ਜੋਗਾ ਹੋ ਜਾਂ। ਕੋਹਲੂ ਦਾ ਬਲਦ ਜਿਉਂ, ਮੈਂ ਕੰਮਾਂ ਚ ਫਸ ਜਾਂ, ਝੂਠਾ ਮੂਠਾ ਰੋ ਜਾਂ, ਤੇ ਉੱਤੋਂ ਜੇ ਹੱਸ ਜਾਂ, ਗਫਲਤ ਚ ਜੀ, ਇਸ ਦੁਨੀਆਂ ਤੋ ਨੱਸ ਜਾਂ। ਬੱਸ ਪੈਸੇ, ਤੇ ਚੌਧਰ ਲਈ, ਜਮੀਰੀ ਨੂੰ ਭੁੱਲ ਜਾਂ, ਕਦਰਾਂ ਨੂੰ ਫੂਕਾਂ ਤੇ, ਅਮੀਰੀ ਤੇ ਡੁੱਲ ਜਾਂ, ਮੁੱਛਾਂ ਚੜ੍ਹਾਵਾਂ ਤੇ ਹੰਕਾਰਾ ਚ ਫੁੱਲ ਜਾਂ, ਆਪਣੇ ਤੋਂ ਦੂਰ ਹੋ ਕੇ, ਭੀੜ ਚ ਰੁੱਲ ਜਾਂ। ਜੇ ਨਹੀਂ ਕਰ ਸਕਦਾ, ਤਾਂ ਕਦਮਾਂ ਚ ਥਾਂ ਦੇ, ਮੇਰੀ ਹਸਤੀ ਮਿਟਾ ਕੇ, ਤੂੰ ਆਪਣਾ ਹੀ ਨਾਂ ਦੇ। ਮੇਰੀ ਸਹਿਮੀ ਡਰਦੀ, ਸੋਚ ਨੂੰ ਰਵਾਂ ਦੇ, ਚਾਰ ਸਾਂਹ ਸੌਖੇ ਲੈ ਲਾਂ, ਐਨਾਂ ਤਾਂ ਸਮਾਂ ਦੇ। ਬਹੁਤੀ ਦੇਰ ਇੰਝ ਜੀਣਾ, ਮੈਨੂੰ ਨਾ ਸਵੀਕਾਰ ਹੋਉ, ਸਬ ਖਤਮ ਵਸੀਲੇ, ਤੇਰਾ ਇੰਤਜਾਰ ਹੋਊ। ਜੇ ਉਸ ਦਿਨ "ਮੰਡੇਰ" ਤੇਰਾ ਪਾਗਲ ਕਰਾਰ ਹੋਉ, ਇਹ ਸਾਰੀ ਅਣਹੋਣੀ ਦਾ, ਤੇਰੇ ਸਿਰ ਭਾਰ ਹੋਊ॥

ਜੀਵਨ ਚੱਕਰ

ਮੈਂ ਇੱਕ ਪੱਥਰ, ਅੰਸ਼ ਖੁਦਾ ਦਾ, ਧਰਤੀ ਜੇਡ ਪੁਰਾਣਾ, ਨਿੱਤ ਨਵੀਂ ਮੈਨੂੰ ਸ਼ਕਲ ਦੇ ਦੇਦਾਂ, ਨਦੀ ਦਾ ਇਹ ਮੁਹਾਣਾ। ਬਹੁਤਾ ਚੱਲਿਆ, ਠੇਡੇ ਖਾਧੇ, ਪਲ ਪਲ ਰਿਹਾ ਮੈਂ ਖੁਰਦਾ, ਕਦੇ ਸੀ ਚਾਹਤ, ਕਦੇ ਸੀ ਧੱਕਾ, ਐਪਰ ਰਿਹਾ ਮੈਂ ਤੁਰਦਾ। ਬਦਨ ਮੇਰੇ ਦੀ ਮਿੱਟੀ ਬਣ ਗਈ, ਵਹਿ ਗਿਆ ਵਿੱਚ ਮੈਦਾਨੀ। ਇੱਕ ਬੀਜ ਮੇਰੀ ਕੁੱਖ ਵਿੱਚ ਡਿੱਗਾ, ਅੱਗੇ ਵਧੀ ਕਹਾਣੀ। ਓਸ ਬੀਜ ਤੋਂ ਰੁੱਖ ਮੈਂ ਬਣਿਆ, ਖਾ ਲਿਆ ਕਿਸੇ ਪ੍ਰਾਣੀ, ਕਦੇ ਮਾਸ, ਕਦੇ ਖੂਨ ਦੇ ਨਾਂ ਤੇ, ਦੌੜਿਆ ਰਗ ਰਗ ਥਾਣੀ। ਇੱਕ ਦਿਨ ਫੇਰ ਆਦਮ ਮੈਂ ਬਣਿਆ, ਸਭ ਤੋਂ ਅਕਲ ਸਿਆਣੀ। ਅਗਨੀ ਲੱਭੀ, ਪਾਣੀ ਲੱਭਿਆ, ਬਹੁਤੀ ਖਾਕ ਮੈਂ ਛਾਣੀ। ਬੜੀ ਤਰੱਕੀ ਬਿਜਲੀ ਲੱਭ ਲਈ, ਕੁਦਰਤ ਕੁੱਲ ਪਛਾਣੀ। ਫੇਰ ਨਹੀਂ ਮੈਂ ਪਿੱਛੇ ਤੱਕਿਆ, ਪੱਕੀ ਦਿਲ ਵਿੱਚ ਠਾਣੀ। ਪਦਾਰਥਾਂ ਦਾ ਮੈਂ ਰਾਜਾ ਬਣਿਆ, ਇੱਛਾ ਮੇਰੀ ਰਾਣੀ। ਇਹ ਲਾਲਸਾ ਵੱਧਦੀ ਜਾਵੇ, ਪਾਣੀ ਵਿੱਚ ਮਧਾਣੀ। ਹੁਣ ਮੈਂ ਸੋਚਾਂ ਕਿੱਥੇ ਆ ਗਿਆ, ਉਲਝ ਗਈ ਜਦ ਤਾਣੀ। ਕੱਲਾ ਆਇਆ, ਕੱਲੇ ਜਾਣਾ, ਕੋਈ ਨਾ ਮੇਰਾ ਹਾਣੀ। ਇੱਕ ਦਿਨ ਸਭ ਖਾਕ ਜਾ ਹੋਇਆ, ਬਦਲੀ ਸਭ ਕਹਾਣੀ। ਧੜਕਣ ਦਿਲ ਦੀ ਰੁੱਕ ਗਈ ਉਸ ਦਿਨ, ਥਮ ਗਿਆ ਸੂਹਾ ਪਾਣੀ। ਫੇਰ ਮੁੜਕੇ ਪੱਥਰ ਮੈਂ ਹੋਇਆ, ਫੇਰ ਫੇਰ ਉਹੀ ਕਹਾਣੀ। "ਮੰਡੇਰ" ਨੂੰ ਹੁਣ ਤੂੰ ਰੱਖ ਲੈ ਆਪੇ, ਫਸ ਗਈ ਜਿੰਦ ਨਿਮਾਣੀ ॥

ਦਾਜ

ਕੁੱਝ ਹੋਸ਼ ਤੂੰ ਕਰ ਲੈ ਇਆਣੀਏ, ਕਿੰਨਾ ਚਿਰ ਬਾਪੂ ਸਿਰ ਮੌਜਾਂ ਮਾਣੀਏ, ਇਸ ਦੁਨੀਆਂ ਦੀ ਰੀਤ ਨੂੰ ਪਛਾਣੀਏ, ਨੀ ਇੱਕ ਦਿਨ ਲੈ ਜਾਣਾ .... ਕੁੱਝ ਖੱਟ ਲੈ ਤੂੰ ਦਾਜ ਲਈ ਮਾਹੀ ਦੇ, ਹੋ ਗਾਫ਼ਿਲ ਨਹੀਂ ਦਿਨ ਗਵਾਈਦੇ, ਵੇਲਾ ਵਸਲਾਂ ਦਾ ਹੁਣ ਬਹੁਤਾ ਦੂਰ ਨੀ, ਨੀ ਮਾਹੀਏ ਆ ਕੇ ਬਹਿ ਜਾਣਾ .... ਛੱਡ ਮਾਣ ਤੇ ਜਵਾਨੀ ਵਾਲੀ ਲੋਰ ਨੀ, ਸਦਾ ਚੱਲਣਾ ਨੀ ਏਾਦਾ ਤੇਰਾ ਜੋਰ ਨੀ, ਖੌਰੇ ਕਿੰਨਾ ਚਿਰ ਉੱਡੂ ਫੇਰ ਭੌਰ ਨੀ, ਕਿਲਾ ਇਹ ਢਹਿ ਜਾਣਾ ..... ਕੁਝ ਧਿਆਨ ਤੂੰ ਕਰ ਉਸ ਯਾਰ ਦਾ, ਕੋਈ ਸਿੱਖ ਲੈ ਨੀ ਵੱਲ ਤੂੰ ਪਿਆਰ ਦਾ, ਥੋੜਾ ਤਿਆਗ ਲੈ ਨੀ ਮੋਹ ਸੰਸਾਰ ਦਾ, ਜੋ ਛੇਤੀ ਪਿੱਛੇ ਰਹਿ ਜਾਣਾ .... ਉੱਠ ਕੱਤ ਲੈ ਤੂੰ ਚਰਖਾ ਨੀ ਸਾਹਾਂ ਦਾ, ਪੈਂਡਾ ਬੜਾ ਔਖਾ ਇਸ਼ਕੇ ਦੇ ਰਾਹਾਂ ਦਾ, ਜੇ ਯਾਰ ਹੱਥ ਫੜ ਚੱਲੂ ਤਾਂ, "ਮੰਡੇਰ" ਨੇ ਕਰ ਇਹ ਫਤਿਹ ਜਾਣਾ ....

ਵਿਛੋੜਾ

ਇੱਕ ਦਿਨ ਆਪਾਂ ਦੋਵੇ ਇੱਕ ਸੀ, ਨਾਂ ਤੂੰ ਹੋਰ ਤੇ ਨਾ ਮੈਂ ਹੋਰ। ਇੱਕ ਦਿਨ ਮੇਰੇ ਉੱਤੇ ਦੱਸ ਕਿਉਂ, ਡਾਹਢਿਆ ਤੂੰ ਅਜਮਾਇਆ ਜ਼ੋਰ? ਆਪਣੇ ਨਾਲੋ ਅੱਡ ਕਰ ਦਿੱਤਾ, ਵਿੱਚ ਜਹਾਨ ਦੇ ਦਿੱਤਾ ਤੋਰ। ਇੱਥੇ ਤੇਰੇ ਨਾਂ ਤੇ ਰੱਬਾ, ਥਾਂ ਥਾਂ ਮੱਚਿਆ ਬੜਾ ਹੀ ਸ਼ੋਰ। ਕੋਈ ਤੈਨੂੰ ਫਿਰੇ ਵੇਚਦਾ, ਕੋਈ ਤੇਰੇ ਦਰ ਦਾ ਚੋਰ। ਜੱਥੇਦਾਰ ਹੱਥ ਡਾਂਗਾਂ ਫੜ ਕੇ, ਦਿਖਾ ਰਹੇ ਰੁਤਬੇ ਦਾ ਜੋਰ। ਸੇਵਾ ਦੀ ਇਹ ਭੁੱਖ ਨਹੀ ਦਿਸਦੀ, ਇਹ ਜਾਪੇ ਸੱਤਾ ਦੀ ਲੋਰ। ਧਰਮ ਦੇ ਨਾਂ ਦਾ ਟੀਕਾ ਲਾ ਕੇ, ਰਾਮ ਨਾਮ ਦੀ ਕਰਨ ਟਕੋਰ। ਦਰਸ਼ਨ ਤੇਰੇ ਮੁੱਲ ਵਿਕਦੇ ਨੇ, ਕੇਹਾ ਇਹ ਕਲਯੁਗ ਘਨਘੋਰ!

ਸਲਾਮ

ਜੋ ਯਾਰ ਦੀ ਯਾਦ ਚ ਗੁਜਰੀਆਂ, ਉਹਨਾਂ ਰਾਤਾਂ ਨੂੰ , ਸਮਝ ਨਾ ਆਈਆਂ ਜੋ, ਸਤਿਗੁਰ ਦੀਆਂ ਬਾਤਾਂ ਨੂੰ , ਦਿਲ ਟੁੰਬ ਗਏ ਜੋ, ਚੰਗੇ ਮਾੜੇ ਹਾਲਾਤਾਂ ਨੂੰ , ਦੱਬੇ ਗਏ, ਜਾਂ ਪਰਗਟ ਹੋਏ ਜਜਬਾਤਾਂ ਨੂੰ , ਮੇਰੀ ਕਵਿਤਾ ਦਾ ਸਲਾਮ ਹੈ । ਤਰਸ ਗਿਆ ਜਿੰਨ੍ਹਾ ਬਚਪਨ ਵਾਲੀਆਂ ਰਾਹਤਾਂ ਨੂੰ , ਇੱਕ ਪਲ ਟਿਕਣ ਨਾ ਦਿੰਦੀਆਂ ਮੇਰੀਆਂ ਚਾਹਤਾਂ ਨੂੰ , ਵੱਟੇ ਹੋਏ ਪਾਸੇ, ਤੇ ਮੁਲਾਕਾਤਾਂ ਨੂੰ , ਯਾਰਾਂ ਤੋਂ ਨਾ ਲੁਕੀਆਂ, ਮੇਰੀਆਂ ਔਕਾਤਾਂ ਨੂੰ , ਮੇਰੀ ਕਵਿਤਾ ਦਾ ਸਲਾਮ ਹੈ । ਸ਼ੋਸ਼ਣ ਕਰ ਰਹੇ ਮਨੂੰ ਵਾਦੀ ਸਿਧਾਂਤਾ ਨੂੰ , ਅਮਲਾਂ ਬਿਨ ਕਿਸੇ ਪੁੱਛਣੀਆਂ ਨਹੀਂ, ਜੋ ਜਾਤਾਂ ਨੂੰ , ਤੂੰ ਦਿੱਤੀਆਂ ਜੋ ਸੁੱਖ ਦੁੱਖ ਦੀਆਂ ਸੌਗਾਂਤਾ ਨੂੰ , ਸੁਕਰਾਤ ਜਿਹੇ ਉਹ ਜਿੰਦਾਬਾਦ ਖਿਆਲਾਤਾਂ ਨੂੰ , ਮੇਰੀ ਕਵਿਤਾ ਦਾ ਸਲਾਮ ਹੈ । ਅੰਮ੍ਰਿਤ ਵੇਲੇ ਉੱਠਿਆ, ਜਿੰਨਾਂ ਪ੍ਰਭਾਤਾਂ ਨੂੰ , ਲਿਖਣਾ ਸਿੱਖਿਆ ਜਿੰਨਾ ਕਲਮ ਦਵਾਤਾਂ ਨੂੰ , ਆਖਰ ਉੱਪਰ ਆਉਣਾਂ ਜਿਹੜੀਆਂ ਖਾਕਾਂ ਨੂੰ , ਕੱਚੇ ਨੇ ਜੋ "ਮੰਡੇਰ" ਜਿਹੇ ਮੁਸ਼ਤਾਕਾਂ ਨੂੰ , ਮੇਰੀ ਕਲਮ ਦਾ ਸਲਾਮ ਹੈ ॥

ਮੰਗ

ਤੇਰੇ ਤੋਂ ਹੋਰ ਦੱਸ ਕੀ ਮੰਗਾਂ? ਮੈਨੂੰ ਮੇਰੇ ਪਾਪਾਂ ਦੀ ਸਜ਼ਾ ਮਿਲਦੀ ਰਹੇ, ਝੜਦਾ ਰਹੇ ਇਹ ਜਿਸਮ, ਹੋ ਦਾਣਾ ਦਾਣਾ, ਵਖ਼ਤ ਦੀ ਛਾਣਨੀ ਇੰਝ ਹਿਲਦੀ ਰਹੇ। ਮਘਦੀ ਰਹੇ ਮੇਰੀਆਂ ਇੱਛਾਵਾਂ ਦੀ ਅੰਗੀਠੀ, ਵਿਕਾਰਾਂ ਦੀ ਭੁੱਬਲ, ਪਲ ਪਲ ਕਿਰਦੀ ਰਹੇ, ਜਦ ਤੱਕ ਨਾ ਹੋਵੇ ਦੀਦਾਰ ਯਾਰ ਦਾ, ਮੇਰੀ ਰੂਹ ਬੀਆਬਾਨ ਚ ਫਿਰਦੀ ਰਹੇ। ਮੁੱਕਦੀ ਰਹੇ ਇਹ ਸਾਹਾਂ ਦੀ ਪੂੰਜੀ, ਬਿਨ ਤੇਰੇ, ਦੁੱਖਾਂ ਵਿੱਚ ਘਿਰਦੀ ਰਹੇ, ਸੁੱਖ ਮੇਰੇ ਆਉਣ ਬਣ ਬਣ ਰੋਗ ਜਦ, ਹਉਮੇ ਮੇਰੀ, ਤੇਰੇ ਦਰ ਤੇ ਗਿਰਦੀ ਰਹੇ। ਪਰਖਦੀ ਰਹੇ ਮੇਰੇ ਜਜ਼ਬੇ ਦੀ ਆਜ਼ਾਦੀ, ਕਿਸਮਤ ਨਿੱਤ ਨਵੇਂ ਜਾਲ ਸਿਲਦੀ ਰਹੇ, ਪਰਵਾਹ ਨਹੀਂ ਪੋਹ ਦੀਆਂ ਠੰਡੀਆਂ ਰਾਤਾਂ ਦੀ, ਫੱਗਣ ਜਿਹੀ ਰਹਿਮਤ ਦੀ ਧੁੱਪ ਖਿਲਦੀ ਰਹੇ। ਜੇ ਫੇਰ ਵੀ ਸੁਨਣਾ ਚਾਹਵੇਂ, ਜੇ ਕਦੇ ਮੌਜ਼ ਵਿੱਚ ਆਵੇਂ, ਜਿੰਦਾ ਤੈਨੂੰ ਮਿਲਣ ਦੀ ਤਾਂਘ, ਸਲਾਮਤ ਪੱਗ ਸਿਰ ਦੀ ਰਹੇ। ਦਿਨੋ ਦਿਨ ਨਸ਼ੀਲੀ ਹੋ ਰਹੀ, "ਮੰਡੇਰ" ਰੱਖ ਤੂੰ ਹੌਂਸਲਾ, ਚੰਗੀ ਹੈ ਦਾਰੂ ਵਸਲ ਦੀ, ਦੱਬੀ ਦਿਲ ਵਿੱਚ ਜਿੰਨੇ ਚਿਰ ਦੀ ਰਹੇ॥

ਬਰਸਾਤ

ਬਰਸਾਤ ਦਾ ਮੌਸਮ ਆਇਆ, ਮੈਂ ਹੈਰਾਨ ਰਿਹਾ, ਪ੍ਰਕਿ੍ਤੀ ਦੇ ਏਸ ਵਰਤਾਵੇ ਤੋਂ, ਅਣਜਾਣ ਰਿਹਾ। ਬਰਸਾਤ ਫੇਰ ਹੋਈ, ਰੱਜ ਰੱਜ ਨਹਾ ਲਿਆ, ਲੱਗਿਆ ਜਿਵੇਂ ਰੱਬ ਹੀ ਮੈਂ ਪਾ ਲਿਆ। ਲੋਕਾਂ ਨੇ ਸਮਝਾਇਆ, ਕੁੱਝ ਦਿਮਾਗ ਲਾ, ਇੰਝ ਵੀ ਕੋਈ ਭਿੱਜਦੈ, ਭਲਾਂ ਪਾਗਲਾ! ਬਰਸਾਤ ਦੇ ਦਿਨ ਆਏ, ਮੈਂ ਸੋਇਆ ਰਿਹਾ, ਮੇਰੇ ਅੰਦਰੋਂ ਮੈਂ ਜਿਵੇਂ ਮੋਇਆ ਰਿਹਾ। ਫੇਰ ਬਿਜਲੀ ਕਈ ਬਾਰ ਚਮਕੀ, ਮੈਂ ਪੱਕ ਚੁੱਕਾ ਸੀ, ਕੋਈ ਅਸਰ ਨਾ ਹੋਵੇ, ਐਨਾ ਥੱਕ ਚੁੱਕਾ ਸੀ। ਸਾਵਣ ਕਈ ਆਏ, ਮੈਂ ਲੁਕਿਆ ਰਿਹਾ, ਕਬੀਲਦਾਰੀ ਦੇ ਬੋਝ ਨਾਲ, ਝੁਕਿਆ ਰਿਹਾ। ਝੜੀ ਗਿਆਨ ਦੀ ਲੱਗੀ, ਮੈਂ ਸੁੱਕਾ ਰਿਹਾ, ਖੁੱਲ ਕੇ ਭਿੱਜਣ ਦਾ ਹੌਸਲਾ, ਮੁੱਕਾ ਰਿਹਾ। ਮੌਲ ਜਾਦੀਂ ਸੀ ਧਰਤੀ, ਅੰਬਰ ਮੌਲਦਾ, ਦਿਲ ਮੇਰਾ ਪੱਥਰ ਜਿਹਾ, ਕੁੱਝ ਨਾ ਗੌਲਦਾ। ਕੀ ਸੱਚ, ਕੀ ਝੂਠ, ਇਹ ਸੱਭ ਜਾਣ ਕੇ, "ਮੰਡੇਰ" ਸਾਰੀ ਉਮਰ ਖੜਾ ਰਿਹਾ ਛੱਤਰੀ ਤਾਣ ਕੇ, ਜਿਸ ਦਿਨ ਮੇਰੀ ਮੈਂ ਹੋਈ ਢੇਰੀ ਰਾਖ ਦੀ, ਵੇ ਭਿੱਜਣਾ ਹੀ ਜਿੰਦਗੀ ਸੀ ਬਾਰਿਸ਼ ਆਖਦੀ॥

ਵੇਦਣ

ਹੌਲੀ ਹੌਲੀ ਇਹ ਗੱਲ ਹੁਣ ਮੈਂ ਸਮਝ ਰਿਹਾ, ਮੇਰੀ ਸੰਵੇਦਨਾ ਹੀ ਕਾਰਣ, ਮੇਰੀ ਵੇਦਣ ਦਾ। ਹੁਣ ਤਾਂ ਤੂੰ ਹੀ ਖੇਡ ਰਿਹਾ ਹੈਂ ਮੇਰੇ ਨਾਲ, ਮੈਂ ਵਖਤ ਗਵਾ ਲਿਆ, ਜੋ ਸੀ ਮੇਰੇ ਖੇਡਣ ਦਾ। ਬੜੀ ਦੇਰ ਤੋਂ ਲੋਚਾਂ ਮੈਂ ਦੀਦਾਰ ਤੇਰਾ, ਤੂੰ ਜੁਲਮ ਤੇ ਤੁਲਿਆ, ਦੇਖ ਕੇ ਬੂਹਾ ਭੇੜਨ ਦਾ। ਤੂੰ ਆਪਣਾ ਮੈਨੂੰ ਸਮਝੇਂ, ਭਾਵੇਂ ਨਾ ਸਮਝੇਂ, ਮੈਂ ਟੀਚਾ ਮਿੱਥ ਲਿਆ, ਹਰ ਗੱਲ ਤੇ ਤੈਨੂੰ ਛੇੜਣ ਦਾ। ਇੱਕ ਪਲ ਵੀ ਨਾ ਜੁੜਿਆ, ਜੁੜ ਕੇ ਬੈਠਣ ਨੂੰ , ਬੜਾ ਸਮਾਨ ਇਕੱਠਾ ਕਰ ਲਿਆ, ਰੂਹ ਨੂੰ ਛੇਦਣ ਦਾ। "ਮੰਡੇਰ" ਹੈ ਮਾਇਆ ਜਾਲ ਚ ਨਿੱਤ ਦਿਨ ਭਟਕ ਰਿਹਾ, ਪਾਰ ਹੋ ਜਾਣਾ, ਜਦ ਵੱਲ ਆ ਗਿਆ ਇਸਨੂੰ ਭੇਦਣ ਦਾ॥

ਮਲਾਲ

ਉਹ ਵਖਤ ਕੁਵੱਲਾ ਸੀ, ਜਾਂ ਸਮੇਂ ਦੀ ਚਾਲ ਸੀ, ਬੱਸ ਬੋਲ ਹੀ ਨਾ ਸਕਿਆ, ਉਂਝ ਤਾਂ ਉਹ ਮੇਰੇ ਨਾਲ ਸੀ। ਇਹ ਵੀ ਤਾਂ ਹੋ ਸਕਦੈ, ਇਹ ਵੀ ਤਾਂ ਮੁਮਕਿਨ ਹੈ, ਕਿ ਜੌਹਰੀ ਹੀ ਕੱਚਾ ਸੀ, ਉਹ ਹੀਰਾ ਤਾਂ ਕਮਾਲ਼ ਸੀ। ਉੱਪਰੋਂ ਤਾਂ ਮੇਰੇ ਹੌਂਸਲੇ, ਚੁੰਬਦੇ ਸੀ ਅਸਮਾਨਾਂ ਨੂੰ , ਅੰਦਰੋਂ ਦਿਲ ਦੀ ਝੌਂਪੜੀ, ਬੜੀ ਹੀ ਖਸਤਾ ਹਾਲ ਸੀ। ਮੋਹਲੇਧਾਰ ਮੀਂਹ ਸਿਰ ਤੇ, ਜਜਬਾਤਾਂ ਦਾ ਵਰਦਾ ਰਿਹਾ, ਕੱਲਰ ਚ ਮੈਂ ਬੈਠਾ ਰਿਹਾ, ਖੌਰੇ ਕਿਸ ਦੀ ਢਾਲ ਸੀ। ਓਦੇਂ ਦਿਨ ਨੂੰ ਹਨੇਰਾ, ਅਤੇ ਆਥਣ ਸੀ ਸੂਹਾ ਸੂਹਾ, ਅੱਖ ਵਿੱਚੋਂ ਲਹੂ ਚੋਇਆ ਜਾਂ ਫੇਰ ਸੂਰਜ ਹੀ ਲਾਲ ਸੀ। ਮਾਰਦਾ ਜਾਂ ਰੱਖ ਲੈਂਦਾ, ਇੱਕ ਪਾਸਾ ਹੋ ਜਾਣਾ ਸੀ, ਤੂੰ ਸਦੀਆਂ ਤੱਕ ਲਟਕਾ ਦਿੱਤਾ, ਇੱਕ ਪਲ ਦਾ ਸਵਾਲ ਸੀ। ਕਦੋਂ ਮਿਲੂ, ਕਿਵੇਂ ਮਿਲੂ, ਰੱਬ ਸੱਚਾ ਜਾਣਦਾ ਹੈ, "ਮੰਡੇਰ" ਨੂੰ ਤਾਂ ਐਂਵੇ ਬੱਸ, ਝੂਠਾ ਜਿਹਾ ਮਲਾਲ ਸੀ॥

ਕੱਲਾ

ਖੜਾ ਹਾਂ ਕੱਲਾ ਹੀ, ਬੱਸ ਤੇਰੀਆਂ ਰੱਖਾਂ ਨੇ, ਕਈ ਮੌਸਮ ਸਿਰ ਤੋਂ ਗੁਜ਼ਰੇ, ਪੱਤਝੜਾਂ ਬਹਾਰਾਂ ਦੇ। ਇਹ ਜੋ ਮੇਰੇ ਚਹੁੰ ਪਾਸੀਂ, ਹਨ ਭਾਂਤ ਭਾਂਤ ਦੇ ਫੁੱਲ ਖਿੜੇ, ਮੁੰਹ ਚਿੜਾਈ ਜਾਂਦੇ, ਮੈਨੂੰ ਵਾਂਗ ਗਵਾਰਾਂ ਦੇ। ਹੌਲੀ ਹੌਲੀ ਟੁੱਟਦਾ ਜਾਂਦਾ,ਦਿਲ ਦਾ ਨਾਤਾ ਇਹਨਾ ਤੋਂ, ਹੁਣ ਨਹੀ ਆਉਣੇ ਦਿਨ ਉਹੋ, ਬੀਤੇ ਨਾਲ ਜੋ ਯਾਰਾਂ ਦੇ। ਹਰ ਕੋਈ ਮੈਨੂੰ ਕਹਿੰਦਾ ਹੈ, ਤੂੰ ਘਿਰਿਆ ਵਿੱਚ ਗੁਲਾਬਾਂ ਦੇ, ਕੌਣ ਜਾਣਦਾ ਦਿਲ ਵਿੱਚ ਕੰਡੇ, ਖੁੱਭਦੇ ਪਏ ਹਜ਼ਾਰਾਂ ਨੇ। ਜਦ ਤੱਕ ਨਾਲ ਹੈ ਮਾਲੀ ਮੇਰਾ, ਤਦ ਤੱਕ ਧੁੱਪਾਂ ਜਰਲਾਂਗੇ, ਮੌਸਮ ਚਾਹੇ ਲੱਖ ਬਦਲੇ,ਅਸੀਂ ਜੀਣ ਦਾ ਹੀਲਾ ਕਰਲਾਂਗੇ। "ਮੰਡੇਰ" ਪੈਸੇ ਤੇ ਜੱਗ ਮਰਦਾ, ਅਸੀਂ ਯਾਰੀ ਉੱਤੇ ਮਰਲਾਂਗੇ, ਜਦ ਆਇਆ ਉਹ ਦਿਨ ਹਸ਼ਰ ਦਾ, ਤੇਰੇ ਪੈਰਾਂ ਵਿੱਚ ਸਿਰ ਧਰਲਾਂਗੇ॥

ਅੰਦਰ ਦੀ ਜੰਗ

ਕੱਲਰਾਂ ਦੇ ਵਿੱਚ ਬਿਖਰੇ ਪਏ ਨੇ, ਟੁੱਕੜੇ ਮੇਰੇ ਵਿਚਾਰਾਂ ਦੇ। ਕੱਠੇ ਕਰਦਾ, ਭੱਜਿਆ ਫਿਰਦਾ, ਕੱਲਾ ਵਾਂਗ, ਲਾਚਾਰਾਂ ਦੇ। ਕੁੱਝ ਪੱਤਝੜ ਦੇ ਸਾਥੀ ਹੋ ਗਏ, ਕੁੱਝ ਹੋ ਗਏ ਬਹਾਰਾਂ ਦੇ। ਰੂਹ ਮੇਰੀ ਦਾ ਕੋਈ ਨਾ ਹੋਇਆ, ਨਿੱਘਰੀ ਵਾਂਗ ਬਿਮਾਰਾਂ ਦੇ। ਵਖਤ ਨਿਰੰਤਰ ਬੁਣਦਾ ਜਾਂਦਾ, ਜਾਲ ਕੰਡਿਆਲੀਆਂ ਤਾਰਾਂ ਦੇ। ਜਿੰਦ ਨਿਮਾਣੀ ਕਦ ਤੱਕ ਸਹਿੰਦੀ, ਦਰਦ ਹਿਜਰ ਦੀਆਂ ਮਾਰਾਂ ਦੇ। ਮੈਂ ਤੱਤੜੀ ਦੀ ਡੋਲੀ ਲੈ ਕੇ, ਕੰਤ ਨੂੰ ਲੱਭਦੇ ਫਿਰਦੇ ਜੋ, ਵੱਜੋ-ਵੱਤੇ, ਜੋਤੋਂ ਹੀਣੇ, ਸਦਕੇ ਉਹਨਾ ਕੁਹਾਰਾਂ ਦੇ। ਅੰਦਰ ਮੇਰੇ ਜੰਗ ਨੀ ਠੱਲ੍ਹਦੀ, ਮੂੰਹ ਮੁੜ ਗਏ ਤਲਵਾਰਾਂ ਦੇ । ਤੇਰੇ ਬਾਝੋਂ ਕਿਸ ਨੇ ਕਰਨੇ, ਨਿਰਣੇ ਜਿੱਤਾਂ ਹਾਰਾਂ ਦੇ । ਤੇਰੇ ਤੋਂ ਨਾ ਸਰੇ ਹੁੰਗਾਰੇ, ਮੇਰੀਆਂ ਕਈ ਪੁਕਾਰਾਂ ਦੇ । "ਮੰਡੇਰ" ਵੀ ਤੈਨੂੰ ਬੁਲਾ ਕੇ ਛੱਡੂ, ਪੱਕੇ ਨਿਸਚੇ ਯਾਰਾਂ ਦੇ॥

ਗੁਰੂ ਨਾਨਕ ਦੇਵ ਜੀ

ਹੋ ਜੀ ਕੱਤੇ ਦੀ ਪੁੰਨਿਆ ਨੂੰ , ਆ ਲਿਆ ਅਵਤਾਰ, ਜਿਓਾ ਕਰ ਸੂਰਜ ਨਿਕਲਿਆ, ਦੂਰ ਹੋਇਆ ਅੰਧਕਾਰ, ਕਲਯੁਗ ਰੱਥ ਅਗਨ ਦਾ, ਕਰਦਾ ਮਾਰੋ ਮਾਰ, ਬਾਬਾ ਤੇਰੇ ਨੂਰ ਨੇ, ਕਰਤਾ ਠੰਡਾ ਠਾਰ........... ਹੱਥੀਂ ਕਰ ਕੇ ਮਿਹਨਤਾਂ ਖੱਟ ਲਓ, ਨਾਮ ਨੂੰ ਜਪ ਲਓ, ਤੇ ਵੰਡ ਕੇ ਛਕ ਲਓ, ਛੱਡ ਦੋ ਹੋਰ ਭਕਾਈ ਨੂੰ ... ਬਾਬਾ ਤੇ ਮਰਦਾਨਾ ਚੱਲ ਪਏ ਸੋਧਣ ਧਰਤ ਲੋਕਾਈ ਨੂੰ ..... ਪਾਂਧੇ ਇਹ ਜੋ ਤੇਰਾ ਕੈਦਾ, ਏਹਨੇ ਕਰਨਾ ਨੀ ਕੋਈ ਫੈਦਾ, ਜੇ ਨੀ ਦਿਲ ਵਿੱਚ ਅੱਲ੍ਹਾਹ ਹੈਗਾ, ਸਮਝੋ ਇਸ ਪੜ੍ਹਾਈ ਨੂੰ ... ਬਾਬਾ ਤੇ ਮਰਦਾਨਾ ਚੱਲ ਪਏ ਸੋਧਣ ਧਰਤ ਲੋਕਾਈ ਨੂੰ .... ਮੋਦੀਖਾਨੇ ਵਾਹਿਗੁਰੂ ਬੋਲੇ, ਨਾਲੇ ਤੇਰਾ ਤੇਰਾ ਤੋਲੇ, ਲੋਕੋ ਕੀ ਮੱਕੀ ਕੀ ਛੋਲੇ, ਵੰਡਤੇ ਮਾਈ ਭਾਈ ਨੂੰ .... ਬਾਬਾ ਤੇ ਮਰਦਾਨਾ ਚੱਲ ਪਏ ਸੋਧਣ ਧਰਤ ਲੋਕਾਈ ਨੂੰ ..... ਬਾਬੇ ਮਾਰ ਬਾਣੀ ਦੀ ਮਾਰ, ਆਖਿਆ ਬਾਬਰ ਨੂੰ ਲਲਕਾਰ, ਰਾਜਿਆ ਛੱਡ ਦੇ ਅੱਤਿਆਚਾਰ, ਸਮਝ ਲੈ ਹੁਕਮ ਖੁਦਾਈ ਨੂੰ ... ਬਾਬਾ ਤੇ ਮਰਦਾਨਾ ਚੱਲ ਪਏ ਸੋਧਣ ਧਰਤ ਲੋਕਾਈ ਨੂੰ ...... ਕੌਡੇ ਰਾਖਸ਼, ਵਲੀ ਕੰਧਾਰੀ, ਰੋਟੀ ਲਾਲੋ ਦੀ ਸਰਕਾਰੀ, ਬਾਬੇ ਗੱਲ ਸਮਝਾਤੀ ਸਾਰੀ, ਮਿਹਨਤ ਕਰਕੇ ਲਾਹੀ ਨੂੰ .... ਬਾਬਾ ਤੇ ਮਰਦਾਨਾ ਚੱਲ ਪਏ ਸੋਧਣ ਧਰਤ ਲੋਕਾਈ ਨੂੰ .... ਫੇਰ ਜਾ ਸਿੱਧਾਂ ਨੂੰ ਸਮਝਾਇਆ, ਏਨੀ ਗੱਲੀਂ ਸਾਹੁ ਨਾ ਪਾਇਆ, ਰਾਗ ਰਾਮਕਲੀ ਦਾ ਲਾਇਆ, ਕੱਟ ਤਾ ਜਮ ਦੀ ਫਾਹੀ ਨੂੰ .... ਬਾਬਾ ਤੇ ਮਰਦਾਨਾ ਚੱਲ ਪਏ ਸੋਧਣ ਧਰਤ ਲੋਕਾਈ ਨੂੰ ........ ਵਿੱਚ ਕਰਤਾਰਪੁਰੇ ਦੇ ਆ ਕੇ, ਦੱਸਿਆ ਲੋਕਾਂ ਨੂੰ ਸਮਝਾਕੇ, ਆਪਣੇ ਖੇਤਾਂ ਵਿੱਚ ਹਲ਼ ਵਾਹ ਕੇ, ਦੱਸਿਆ ਜੁਗਤ ਕਮਾਈ ਨੂੰ ...... ਬਾਬਾ ਤੇ ਮਰਦਾਨਾ ਚੱਲ ਪਏ ਸੋਧਣ ਧਰਤ ਲੋਕਾਈ ਨੂੰ ........

ਨਦੀ

ਮੈਂ ਨਦੀ ਮੌਸਮੀ, ਸਾਗਰ ਤੂੰ, ਮੇਰੀ ਮੰਜਿਲ ਤੈਨੂੰ ਪਾਉਣਾ ਹੈ। ਕਦੇ ਸੁੱਕ ਜਾਣਾ, ਕਦੇ ਵਗ ਪੈਣਾ, ਤੇਰੇ ਹੱਥ ਮੇਰਾ ਹੋਣਾ ਹੈ। ਕਦੇ ਪੱਥਰ ਹਾਂ, ਕਦੇ ਪਾਣੀ ਮੈਂ, ਮੇਰਾ ਰੂਪ ਜਿਉਂ ਤੇਰਾ ਖਿਡੌਣਾ ਹੈ। ਮੈ ਹੋ ਕੇ ਵੀ, ਤੇਰੀ ਹੋਈ ਨਾ, ਬਸ ਏਸੇ ਗੱਲ ਦਾ ਰੋਣਾ ਹੈ। ਜਦ ਲੂ ਦੁੱਖਾਂ ਦੀ ਅੱਗ ਵਰਗੀ, ਮੇਰੀ ਜਿੰਦ ਵਲੰੂਧਰ ਧਰ ਜਾਵੇ। ਤੂੰ ਬੱਦਲ ਬਣ ਆ ਵਰਦਾ ਹੈਂ, ਮੇਰੇ ਤਨ ਦੀ ਝੋਲੀ ਭਰ ਜਾਵੇਂ। ਜਿਸ ਦਿਨ ਤੂੰ ਖੁੱਲ ਕੇ ਬਰਸ ਗਿਆ, ਹੈ ਹੜ੍ਹ ਇਸ਼ਕੇ ਦਾ ਆ ਜਾਣਾ। "ਮੰਡੇਰ" ਤੋੜ ਕੇ ਨੱਕੇ, ਬੰਨ੍ਹਾ ਨੂੰ , ਬੱਸ ਤੇਰੇ ਵਿੱਚ ਸਮਾ ਜਾਣਾ॥

ਸ਼ਹਿਰ

ਮੇਰੀ ਹੱਥ ਘੜੀ ਦੀਆਂ ਸੂਈਆਂ ਵਰਗਾ, ਇਹ ਅਜਨਬੀ ਸ਼ਹਿਰ ਹੈ। ਬਿਨਾ ਰੁਕੇ, ਬਿਨਾ ਥੱਕੇ, ਚੱਲਦਾ ਚੱਤੋ ਪਹਿਰ ਹੈ। ਦੂਰੋਂ ਦੂਰੋਂ ਇਹ ਜੋ ਨਜਾਰੇ, ਅੰਮ੍ਰਿਤ ਵਰਗੇ ਜਾਪਦੇ। ਮੈਂ ਪੀ ਕੇ ਜਦ ਵੇਖਿਆ, ਬੱਸ ਇਹ ਤਾਂ ਮਿੱਠਾ ਜ਼ਹਿਰ ਹੈ। ਪੱਥਰਾਂ ਦਾ ਜੰਗਲ ਹੈ, ਜਾਂ ਕੋਈ ਸੱਭਿਅਕ ਸਮਾਜ ਹੈ। ਮੈਂ ਹਾਲੇ ਇਸ ਸਮਝ ਨਾ ਸਕਿਆ, ਕੀ ਕੁਦਰਤ ਦਾ ਕਹਿਰ ਹੈ! ਘਰੋਂ ਬਾਹਰ ਜਦ ਨਿੱਕਲਿਆ, ਮੈਂ ਭੀੜ ਵਿੱਚ ਹੀ ਡੁੱਬ ਗਿਆ। ਐ ਖੁਦਾ ਇਹ ਲੋਕ ਨੇ, ਜਾਂ ਕੋਈ ਵਗਦੀ ਨਹਿਰ ਹੈ! ਆਪਣਾ ਨੰਗ ਛੁਪਾਉਣ ਲਈ, ਦੂਜਿਆਂ ਦੇ ਕੱਪੜੇ ਪਾੜਣੇ। ਪੰਥਾਂ, ਧਰਮਾਂ ਵਾਲਿਆਂ ਨੇ, ਛੇੜੀ ਨਵੀਂ ਲਹਿਰ ਹੈ। ਨਰਕਾਂ ਦੀ ਇਹ ਦੌੜ ਵਿੱਚ, ਭੱਜ ਭੱਜ ਕੇ ਜਦ ਹੰਭਿਆ। ਉਸੇ ਦਿਨ ਇਸ ਦਿਲ ਨੇ ਸਮਝਣਾ, "ਮੰਡੇਰ" ਜਾਣਾ ਠਹਿਰ ਹੈ॥

ਮੈਰਾਥਨ ਜਿਹੀ ਜ਼ਿੰਦਗੀ

ਜ਼ਿੰਦਗੀ ਲੰਬੀ ਮੈਰਾਥਨ ਹੈ, ਲਗਦਾ ਸਭ ਕੁੱਝ ਰੁੱਤਬਾ, ਧਨ ਹੈ। ਜਾਂ ਫਿਰ ਇੱਕ ਬੇਕਾਬੂ ਮਨ ਹੈ, ਸ਼ਾਇਦ ਕੋਈ ਪਾਗਲਪਣ ਹੈ। ਹਰ ਇੱਕ ਇੱਥੇ ਦੌੜ ਰਿਹਾ ਹੈ, ਵਖ਼ਤ ਦੇ ਵਰਕੇ ਮੋੜ ਰਿਹਾ ਹੈ। ਅਣਲੋੜਾ ਵੀ ਲੋੜ ਰਿਹਾ ਹੈ, ਖੌਰੇ ਕਿਉਂ ਸਿਰ ਫੋੜ ਰਿਹਾ ਹੈ। ਇਕ ਦੂਜੇ ਤੋਂ ਅੱਗੇ ਜਾਣਾ, ਭੱਜੀ ਫਿਰੇ ਲੋਕਾਈ। ਕਦੇ ਕਦੇ ਮੈਨੂੰ ਜ਼ਿੰਦਗੀ ਜਾਪੇ, ਇੱਕ ਡੂੰਗੀ ਜਿਹੀ ਖਾਈ। ਇਸ ਖਾਈ ਚੋਂ ਨਿਕਲਣ ਖਾਤਰ, ਰੋਜ ਨੇ ਕਿੰਨੇ ਮਰਦੇ। ਆਸ਼ਕ, ਫੱਕਰ ਸਾਬਤ ਰਹਿੰਦੇ, ਬਾਕੀ ਭਾਰ ਨਾ ਜਰਦੇ। ਕਦੇ ਇਹ ਜ਼ਿੰਦਗੀ, ਸੁਪਨਾ ਲੱਗਦਾ, ਸਭ ਕੁੱਝ ਆਪਣਾ ਆਪਣਾ ਲੱਗਦਾ, ਸੁਪਨਾ ਦੇਖ ਨਾ ਲੋਕੀ ਥੱਕਣੇ, ਸੁਪਨੇ ਦਿਲ ਨਹੀਂ ਭਰਦਾ। ਭਲਕੇ ਉੱਠ ਕੇ ਬੋਧ ਇਹ ਹੋਣਾ, ਜ਼ਿੰਦਗੀ ਹੈ ਇੱਕ ਪਰਦਾ। "ਮੰਡੇਰ" ਇਹ ਜ਼ਿੰਦਗੀ ਸੁੱਚੀ ਥਾਂ ਹੈ, ਮੇਰੀ ਜ਼ਿੰਦਗੀ ਮੇਰੀ ਮਾਂ ਹੈ। ਜਿਉਂ ਤੂਤਾਂ ਦੀ ਠੰਡੀ ਛਾਂ ਹੈ, ਉਸਤੋਂ ਬਾਅਦ ਬੱਸ ਰੱਬ ਦਾ ਨਾਂ ਹੈ॥

ਗੀਤ

ਪੈਂਡੇ ਬਿਖੜੇ, ਕੁਵੇਲਾ ਵੀ ਹੋ ਚੱਲਿਆ, ਕੀਕੂਾ ਉੱਪੜੇਂ ਟਿਕਾਣੇ ੳੱਤੇ ਬੱਲਿਆ । ਬੜੇ ਚੰਗੇ ਦਿਨ ਸੀਗੇ, ਪਿੰਡ ਜਦੋਂ ਰਹਿੰਦੇ ਸੀ, ਯਾਰਾ ਨਾਲ ਖੇਡਦੇ ਤੇ, ਛੱਤ ਉੱਤੇ ਪੈਂਦੇ ਸੀ। ਕਾਹਦੀ ਕਰਲੀ ਪੜਾਈ, ਬੱਸ ਫੋਕੀ ਹੈ ਚੜਾਈ, ਪਾ 99 ਦੇ ਗੇੜ ਵਿੱਚ ਦਵੱਲਿਆ .... ਥਾਂ ਥਾਂ ਤੇ ਦਾਣਾ ਪਾਣੀ, ਦਾਤੇ ਨੇ ਖਿੰਡਾ ਦਿੱਤਾ, ਉਹਤੋਂ ਮਾੜੀ ਹੋਈ, ਇੰਜੀਨਿਅਰ ਜੋ ਬਣਾ ਦਿੱਤਾ। ਲੋਕਾਂ ਭਾਣੇ ਲੁੱਟੇ ਬੁੱਲੇ, ਸਾਡੇ ਤੱਪੜ ਨੇ ਰੁਲੇ, ਇਹ ਨਰਕ ਨੀ ਹੋਣਾ ਹੋਰਾਂ ਝੱਲਿਆ........ ਅੱਖਾਂ ਡਿੰਮ ਹੋਈਆਂ ਤੇ ਝੁਕਾ ਲਿਆ ਏ ਧੌਣ ਨੂੰ , ਘਰ ਬੱਸ ਆਈਦਾ ਹੈ, ਰੋਟੀ ਖਾ ਕੇ ਸੌਣ ਨੂੰ । ਇਹਨਾਂ ਅੱਤ ਬੜੀ ਚੱਕੀ, ਕਹਿੰਦੇ ਕਰਨੀ ਤੱਰਕੀ, ਇਥੇ ਹਰ ਕੋਈ ਫਿਰਦਾ ਹੈ ਹੱਲਿਆ ....... ਰੱਬ ਦਾ ਹੈ ਵਾਸਤਾ ਕੋਈ ਸਮੇ ਨੂੰ ਵਧਾ ਦਿਓ, ਚੈਨ ਨਾਲ 8 ਘੰਟੇ ਸਾਨੂੰ ਵੀ ਸੁਆ ਦਿਓ। "ਮੰਡੇਰ" ਬਚਣਾ ਨੀ ਧੇਲਾ, ਜਦੋਂ ਖੁੰਝ ਜਾਣਾ ਵੇਲਾ, ਇਸ ਦੌੜ ਨੂੰ ਜੇ ਨਾ ਗਿਆ ਠੱਲਿਆ ......

ਅੰਦਰ ਝਾਤ

ਵਿਰਲਾ ਹੀ ਕੋਈ ਆਪਣੇ ਅੰਦਰ ਝਾਕਦੈ, ਚੰਨ ਤਾਰਿਆਂ ਨੂੰ ਦੇਖਿਆ ਅੱਜ ਤੱਕ ਲੱਖਾਂ ਨੇ । ਨੀਵੇਂ ਰਹਿਣਾ, ਜੁੜੇ ਰਹਿਣਾ ਹਕੀਕਤ ਨਾਲ, ਝੱਖੜਾਂ ਨੂੰ ਹਰਾਇਆ ਸਦਾ ਇੰਝ ਕੱਖਾਂ ਨੇ । ਬੇਸ਼ੱਕ ਅਹਿਮ ਭੁਲੇਖਾ ਮੇਰੀਆਂ ਅੱਖਾਂ ਨੇ, ਫੇਰ ਵੀ ਤੁਰਿਆ ਫਿਰਦਾਂ ਰੱਬ ਦੀਆਂ ਰੱਖਾਂ ਨੇ। ਦੁਨੀਆਂ ਦਾ ਨਾ ਹੋਇਆ ਨਾ ਹੀ ਦਿਲਬਰ ਦਾ , ਵਿਚਕਾਰ ਫਸਾ ਕੇ ਰੱਖਿਆ ਦੋਵਾਂ ਪੱਖਾਂ ਨੇ। "ਮੰਡੇਰ" ਦੀ ਅਜਾਦੀ ਦਾ ਸੱਚ ਬੱਸ ਏਨਾ ਹੀ ਘੇਰ ਰੱਖਿਆ ਸਦਾ ਮੈਨੂੰ ਪੰਜ ਮੱਖਾਂ ਨੇ॥

ਸਾਥੀ

ਅੱਜ ਦੇਖੇ ਕੁੱਝ ਚੇਹਰੇ, ਜੋ ਸਾਥੀ ਸੀ ਮੇਰੇ। ਕਦੇ ਸ਼ਾਮ ਸਵੇਰੇ, ਸੀ ਦਿਖਦੇ ਚੁਫੇਰੇ । ਓਹ ਜੋ ਕੋਰੇ ਸੀ ਵਰਕੇ, ਸਮੇਂ ਨਾਲ ਐਸੇ ਸਰਕੇ । ਹੁਣ ਕਿਤਾਬਾਂ ਨੇ ਹੋ ਗਏ, ਕਿੰਨੇ ਕਿੱਸੇ ਲੁਕੋ ਗਏ। ਕਿੰਨੀ ਚੁੱਪ ਤੇ ਰੌਲੇ, ਨੇ ਹਰ ਚੇਹਰੇ ਓਹਲੇ ਦੋ ਵਰਕੇ ਮੈਂ ਫੋਲੇ, ਨਾ ਰਾਜ ਓਹਨਾ ਖੋਲ੍ਹੇ ਜੀ ਕਰਦਾ ਸੀ ਪੁੱਛ ਲਾਂ, ਪਰ ਹੋਏ ਨੀ ਜੇਰੇ ਅੱਜ ਦੇਖੇ ਕੁੱਝ ਚੇਹਰੇ, ਜੋ ਸਾਥੀ ਸੀ ਮੇਰੇ..... ਮੈਂ ਸਿਰਲੇਖਾਂ ਨੂੰ ਪੜ੍ਹ ਕੇ ਅੰਦਾਜੇ ਪਿਆ ਲਾਵਾਂ ਸਾਨੂੰ ਸਭਨਾ ਨੂੰ ਲੁੱਟਿਆ, ਖ਼ੌਰੇ ਕਿਹੜੀਆਂ ਬਲਾਂਵਾਂ ਕੁੱਛ ਐਸੇ ਤਜਰਬੇ ਜੋ ਅੰਦਰੇ ਹੀ ਮਰ ਗਏ ਕੁੱਛ ਜਮਾਨੇ ਨੇ ਦੱਬੇ, ਕੁੱਛ ਹਾਲਾਤਾਂ ਤੋਂ ਹਰ ਗਏ ਭਲੇ ਵੇਲਿਆਂ ਦੀ ਗੱਲ, ਇਹ ਸੀ ਅਣਖੀ ਬਥੇਰੇ... ਓਹਨਾ ਪਾ ਲਏ ਸੀ ਪਰਦੇ, ਗ਼ਮ ਅੰਦਰੇ ਹੀ ਜਰਦੇ ਫੱਟ ਦਿਲ ਤੇ ਜੋ ਲੱਗੇ, ਨੈਣ ਦੱਸ ਗਏ ਕੱਚ ਵਰਗੇ ਓਹਨਾ ਬੁੱਝ ਲਈ ਕਹਾਣੀ ਜੋ ਸੀ ਰੂਹਾਂ ਦੇ ਹਾਣੀ ਜਿੰਦਗੀ ਵਗਦਾ ਪਾਣੀ, ਮੰਡੇਰ ਵੱਸ ਚ ਨੀ ਤੇਰੇ....

ਭਟਕਣ

ਹਵਾਵਾਂ ਦੀ ਰੁਮਕਣ, ਵਰੋਲੇ ਤੇ ਠੱਕੇ, ਦਾਣਿਆਂ ਦੀ ਮੁੱਠ, ਬੁੱਕ, ਓਕਾਂ ਤੇ ਲੱਪੇ ਓਹ ਚਿੜੀਏ ਦਾ ਗੋਲਾ, ਤੇ ਹੁਕਮਾਂ ਦੇ ਯੱਕੇ ਵਖਤਾਂ ਦੇ ਗੇੜ ਚ ਗਏ ਸਭ ਡੱਕੇ ॥ ਓਹ ਚੰਨ ਦੀਆਂ ਰਾਤਾਂ ਤੇ ਪਹਿਰਾਂ ਦੇ ਤੜਕੇ ਓਹ ਹੁੰਘਾਰੇ, ਓਹ ਬਾਤਾਂ, ਸੁਣ ਦਿਲ ਸੀ ਜੋ ਧੜਕੇ ਓਹ ਘੁੱਗੀਆਂ ਦੀ ਘੂੰ ਘੂੰ, ਓਹ ਚੁੱਪਾਂ ਦੇ ਖੜਕੇ ਓਹ ਜੰਦਰੇ, ਓਹ ਫ਼ੌੜੇ, ਓਹ ਕੂਚੀਆਂ, ਓਹ ਰੜਕੇ ਤਰੱਕੀ ਦੇ ਸਿਪਾਹੀ ਲੈ ਗਏ ਸਭ ਨੂੰ ਫੜਕੇ॥ ਹੁਣ ਕਿਸ ਨੂੰ ਭਾਉਂਦੀ ਹੈ ਫ਼ਸਲਾਂ ਦੀ ਮਟਕਣ ਓਹ ਮੱਕੀ ਦੀ ਖੁਸ਼ਬੂ ਓਹ ਟਾਟਾਂ ਦੀ ਖਟਕਣ ਓਹ ਸੱਗੀਆਂ ਪਰਾਂਦੇ, ਤੇ ਮੱਥੇ ਦੀ ਲਟਕਣ ਨਾ ਖੁੱਲੇ ਹੁਣ ਵੇਹੜੇ, ਜਨੌਰਾਂ ਦੀ ਫਟਕਣ॥ ਓਹ ਸ਼ਰਮਾ, ਓਹ ਅਣਖਾਂ, ਸੰਜਮ ਤੇ ਸ਼ਰਧਾ ਦਿਨੋ ਦਿਨ ਜਮਾਨਾ ਸਭ ਜਾਂਦਾ ਹੈ ਹਰਦਾ 'ਮੰਡੇਰ' ਇਹ ਤਰੱਕੀ ਹੈ ਜਾਂ ਮੱਤਾਂ ਦੀ ਸਟਕਣ ! ਇਹ ਅਸਲਾਂ ਤੋਂ ਦੂਰ ਹੋਈਆਂ ਨਸਲਾਂ ਦੀ ਭਟਕਣ॥

ਆਜ਼ਾਦੀ

ਆਜ਼ਾਦੀ ਪ੍ਰਵਾਹ ਵਿਚਾਰਾਂ ਦਾ, ਕੋਈ ਮੇਹਣਾ ਨਹੀਂ ਹਾਲਾਤਾਂ ਨੂੰ । ਪਿੰਜਰੇ ਵਿੱਚ ਦੇਹ ਹੀ ਕੈਦ ਹੋਵੇ, ਕੋਈ ਜੇਲ੍ਹ ਨਹੀਂ ਜਜਬਾਤਾਂ ਨੂੰ । ਜਦੋਂ ਅਸੂਲ ਜੰਜਾਲ ਬਣ ਜਾਵਣ, ਕਾਨੂੰਨ ਹੋ ਜਾਵੇ ਅੰਧਾ ਜੀ । ਫੇਰ ਬੰਦੀ ਤਬੀਅਤਾਂ ਚੋਂ ਹੀ, ਉੱਠਦਾ ਹੈ ਕੋਈ ਬੰਦਾ ਜੀ । ਫੇਰ ਚਿੜੀਆਂ ਹੱਥੋਂ ਹਾਰ ਬਾਜ਼ ਵੀ, ਸਮਝ ਜਾਂਦੇ ਔਕਾਤਾਂ ਨੂੰ ਹਨੇਰਾ ਨਾ ਪ੍ਰਤੀਕ ਗੁਲਾਮੀ, ਰੋਸ਼ਨੀਆਂ ਬੜੇ ਡਕਾਰ ਲਏ ਗੁਰਬਤ ਨਾ ਜ਼ਮੀਰ ਨੂੰ ਮਾਰੇ, ਪੈਸੇ ਨੇ ਜਿੰਨੇ ਮਾਰ ਲਏ ਸੱਚ ਦੇ ਆਸ਼ਕ ਸੱਚ ਨੂੰ ਲੱਭਦੇ, ਕਾਲੀਆਂ ਬੋਲੀਆਂ ਰਾਤਾਂ ਨੂੰ ਯੁੱਗ ਬਦਲਦੇ ਸੱਤਾ ਬਦਲੇ, ਤੈਨੂੰ ਕੀ ਹੈ ਭਾਅ ਯਾਰਾ ਤੂੰ ਅਜ਼ਾਦੀ ਲਈ ਮਨ ਆਪਣੇ ਨਾਲ, ਨਿੱਤ ਖੰਡਾ ਖੜਕਾ ਯਾਰਾ ਮੰਡੇਰ ਏਸ ਰੌਲੇ ਤੋਂ ਕੰਡ ਕਰਕੇ, ਸੁਣ ਕੁਦਰਤ ਦੀਆਂ ਬਾਤਾਂ ਨੂੰ ।

ਤੈਨੂੰ ਪਾਉਣ ਦੇ ਤਰੀਕੇ

ਤੈਨੂੰ ਪਾਉਣ ਦੇ ਤਰੀਕੇ, ਸਭ ਫੇਲ ਨੇ ਸਲੀਕੇ। ਇਹ ਜੋ ਧਰਮਾਂ ਦਾ ਰੌਲਾ, ਇਹ ਨਾ ਤੇਰਾ ਰਾਹ ਓ ਮੌਲਾ । ਇਹ ਤਾਂ ਧੱਕੇ ਤੇ ਟੱਕਰਾਂ ਨੇ, ਤੈਨੂੰ ਜਾਣਿਆ ਐ ਫੱਕਰਾਂ ਨੇ ॥ ਇਹ ਤਾਂ ਅੰਨ੍ਹੇ ਹੋਏ ਲੋਕੀਂ, ਏਹੇ ਪੂਜਾ ਤੇਰੀ ਫੋਕੀ। ਬੱਸ ਧੰਦ ਪਿੱਟੀ ਜਾਂਦੇ, ਕੂੜ ਬੋਲ ਕੂੜ ਖਾਂਦੇ ॥ ਤੈਨੂੰ ਸਮਝੇ ਜੋ ਬੰਦੇ, ਓਹਨਾ ਛੱਡੇ ਸਭ ਧੰਦੇ । ਲਾਹ ਕੇ ਮਜ਼੍ਹਬਾਂ ਦੇ ਫੰਧੇ, ਓਹਨਾ ਚੱਖੇ ਮਕਰੰਦੇ ॥ ਨਾ ਤੂੰ ਮੰਦਰਾਂ ਚੋਂ ਥਿਆਇਆ, ਨਾ ਧਿਆਨ ਵਿੱਚ ਆਇਆ। "ਮੰਡੇਰ" ਰਹਿਮਤਾਂ ਹੁਣ ਕਰਦੇ, ਸਹਿਜ ਨਾਲ ਝੋਲੀ ਭਰਦੇ॥

ਜੀਵਨ

ਇਹ ਜੀਵਨ ਬਿਖੜਾ ਪੈਂਡਾ, ਸੱਜਣਾ ਚਲਦਾ ਰਹੁ। ਰੁਸ਼ਨਾ ਦੇ ਰਾਹ, ਬਣ ਦੀਵਾ, ਤੂੰ ਬਲਦਾ ਰਹੁ । ਇਸ ਰਸਤੇ ਨੇ ਤੇਰੇ ਨਾਲ ਹੀ, ਇਕ ਦਿਨ ਮੁੱਕਣਾ ਹੈ। ਇਸ ਦੁਨੀਆਂ ਦੀ ਭਟਕਣ ਨੇ, ਤਦ ਰੁਕਣਾ ਹੈ॥ ਉਸ ਦਿਨ ਤੱਕ ਚਲਦੇ ਰਹਿਣਾ, ਹੀ ਹੈ ਕਰਮ ਤੇਰਾ । ਸੱਚ ਸੁਣਨਾ, ਸੱਚ ਕਹਿਣਾ, ਹੀ ਹੈ ਧਰਮ ਤੇਰਾ। ਝਰਨਾ ਬਣ ਪਿਆਸਿਆਂ ਦੇ ਅੱਗੇ ਫੁਟਦਾ ਰਹੁ। ਖੁਦ ਲੁਟਾ ਕੇ ਐਦਾਂ ਈ ਬੁੱਲੇ ਲੁੱਟਦਾ ਰਹੁ॥ ਇਹ ਚਿੰਤਾ, ਇਹ ਦੁੱਖ ਜੋ ਚਲਦੇ ਨਾਲ ਤੇਰੇ। ਤਰਸਯੋਗ ਜੋ ਕਰ ਜਾਂਦੇ ਨੇ ਹਾਲ ਤੇਰੇ। ਇਹ ਸਭ ਤੈਨੂੰ ਤਰਾਸ਼ਣ ਦੇ ਲਈ ਰੰਦੇ ਨੇ। ਕੀ ਕੀਤਾ, ਜੇ ਨਾ ਦੁੱਖ ਹੰਢਾਇਆ ਬੰਦੇ ਨੇ॥ ਜਦ ਤੱਕ ਮੈਂ ਵਿੱਚ ਮੈਂ ਦੀ ਤੂਤੀ ਵੱਜਦੀ ਰਹੂ। ਇਹ ਜਿੰਦ ਇੰਝ ਹੀ, ਭਟਕਣ ਦੇ ਵਿੱਚ ਭੱਜਦੀ ਰਹੂ। ਸੁਖ ਦੁੱਖ, ਸੁਖ ਦੁੱਖ, ਸੁਖ ਦੁੱਖ ਚਲਦੇ ਰਹਿਣੇ ਨੇ। ਜੋ ਬੀਜੇ ਓਹੀ ਫ਼ਲ ਵੱਢਣੇ ਪੈਣੇ ਨੇ॥ ਇੰਝ ਹੀ ਚਲਦੇ ਰਹਿਣਾ, ਹੈ ਇਸ ਚੱਕਰ ਨੇ। ਸਾਬਤ ਕੇਵਲ ਰਹਿੰਦੇ, ਆਸ਼ਕ, ਫੱਕਰ ਨੇ। ਜਿਨ੍ਹਾਂ ਅੰਦਰ ਪ੍ਰੇਮ ਦੇ ਭਾਂਬੜ ਮੱਚ ਉੱਠੇ। ਓਹੀ ਯਾਰ ਦੀ ਵੰਝਲੀ ਉੱਤੇ, ਨੱਚ ਉੱਠੇ॥ "ਮੰਡੇਰ" ਵੀ ਫਸਦਾ ਨਿੱਤ ਕਿਸਮਤ ਦਿਆਂ ਜਾਲਾਂ ਵਿੱਚ । ਬੌਂਦਲਿਆ ਜਿਹਾ ਪਿਆ ਸਮੇਂ ਦੀਆਂ ਚਾਲਾਂ ਵਿੱਚ । ਜਿੰਦ ਰੇਤਲੀ ਮਿੱਟੀ ਪਲ ਪਲ ਕਿਰਦੀ ਹੈ। ਬੱਸ ਯਾਰ ਨੂੰ ਪਾਉਣ ਦੀ ਤਾਂਘ, ਜੋ ਖਿੱਚੀ ਫਿਰਦੀ ਹੈ॥

ਪੰਜਾਬ

ਮੈਂ ਸੱਥਰ ਹੋਈ ਅੱਜ ਵੇ, ਜੋ ਸੀ ਧਰਤ ਸੁਨਹਿਰੀ। ਮੇਰੀ ਕੁੱਖ ਵਿੱਚ ਸ਼ਰਬਤ ਵਗਦੇ ਸੀ, ਅੱਜ ਹੋਏ ਜ਼ਹਿਰੀ। ਮੇਰੇ ਪੁੱਤਾਂ ਨੂੰ ਫੇਰ ਲੁੱਟਿਆ, ਕਿਸੇ ਦਿਨੇ ਦੁਪਹਿਰੀ। ਇਹ ਘੁੱਗ ਵਸਦਿਆਂ ਟੱਬਰਾਂ ਦੀ ਕਿਓਾ ਜਿੰਦਗੀ ਠਹਿਰੀ। ਕਈ 'ਚਿੱਟੇ- ਮੱਛਰ' ਮਾਰ ਲਏ, ਕਈ ਮਾਰੇ 'ਚਿੱਟੇ' । ਨਿੱਤ ਨਿੱਤ ਖ਼ਬਰਾਂ ਆਉਂਦੀਆਂ, ਕੋਈ ਮਾਂ ਧੀ ਪਿੱਟੇ। ਮਾਂ ਹੀ ਧੀ ਨੂੰ ਮਾਰਦੀ, ਆਪਣੀ ਕੁੱਖ ਵਿੱਚੇ। ਕੀ ਹੋਇਆ ਰੰਗ ਲਹੂ ਦੇ ਕਿਉਂ ਪੈ ਗਏ ਫਿੱਕੇ। ਕਿਹੜੀ ਤਰੱਕੀ ਲੱਭਦੇ, ਕਿਹੜੇ ਖਾਬ ਤੂੰ ਡਿੱਠੇ। ਕੈਂਸਰ ਦਾ ਕਾਰਨ ਬਣ ਰਹੇ, ਜੋ ਸੀ ਪਾਣੀ ਮਿੱਠੇ। ਦੁੱਧ ਗੰਧਲਾ ਤੇ ਯੂਰੀਆ, ਰੰਗ ਫਲਾਂ ਦੇ ਫਿੱਟੇ। ਕੁਦਰਤ ਨਾਲ ਖਿਲਵਾੜ ਦੇ, ਏਹੀ ਨੇ ਸਿੱਟੇ। ਮੈਂ ਜੰਮੇ ਜਿਉਣੇ ਮੌੜ ਤੇ, ਕਈ ਸੁੱਚੇ ਵਰਗੇ। ਅਣਖੀ ਊਧਮ ਸ਼ੇਰ ਜੋ, ਦੁਸ਼ਮਣ ਤੇ ਵਰ੍ਹ ਗਏ। ਇਸ ਧਰਤ ਨੂੰ ਸਿੰਜਿਆ ਖੂਨ ਨਾਲ, ਬਹਾਦਰਾਂ ਬੰਦੇ। ਹੁਣ ਧਰਮ ਦੇ ਨਾ ਤੇ ਖੋਲ ਲਏ, ਜਥੇਦਾਰਾਂ ਧੰਦੇ । ਕੁਛ ਹੋਸ਼ ਕਰੋ ਮੇਰੇ ਵਾਰਸੋ, ਕਿਓਾ ਗਾਫਲ ਹੋਏ। ਖੁਦ ਆਪਣੀਆਂ ਕਬਰਾਂ ਪੁੱਟ ਕੇ, ਤੁਸੀਂ ਜਾਵੋਂ ਮੋਏ । ਕਿਸੇ ਦੇ ਪਿੱਛੇ ਲੱਗ ਕੇ, ਨਾ ਅਕਲ ਨੂੰ ਫੇਰੋ। ਪੌਣ ਪਾਣੀ ਤੇ ਧਰਤ ਨੂੰ , ਸਾਂਭੋ ਮੇਰੇ ਸ਼ੇਰੋ ।

ਚੈਨ

ਕਿਸ ਕੋਨੇ ਵਿੱਚ ਵੱਸਦੈਂ, ਵੇ ਮੇਰੇ ਦਿਲ ਦਿਆ ਚੈਨਾ? ਕਿਸ ਦੀਆਂ ਤਲੀਆਂ ਝੱਸਦੈਂ, ਵੇ ਮੇਰੇ ਦਿਲ ਦਿਆ ਚੈਨਾ ? ਅੱਜ ਕੱਲ ਛੇਤੀ ਕਿਤੇ ਨੀ ਮਿਲਦਾ, ਮੰਦੜਾ ਹਾਲ ਹੋਇਆ ਮੇਰੇ ਦਿਲ ਦਾ। ਕਿਹੜੀ ਗੱਲੋਂ ਜਖਮ ਤੂੰ ਛਿਲਦਾ, ਝਾਤੀ ਮਾਰ ਕਿਓਾ ਨੱਸਦੈਂ ਵੇ ਮੇਰੇ ਦਿਲ ਦਿਆ ਚੈਨਾ। ਕਿਸ ਕੋਨੇ ਵਿੱਚ ਵੱਸਦੈਂ ਵੇ ਮੇਰੇ ਦਿਲ ਦਿਆ ਚੈਨਾ.............. ਮੈਂ ਰਿਹਾ ਜਿਓਣ ਦਾ ਹੀਲਾ ਕਰਦਾ, ਨਿੱਤ ਇਕ ਗੇੜਾ ਦਫਤਰੋਂ ਘਰ ਦਾ। ਤੇਰੇ ਤੋਂ ਦੱਸ ਕਾਹਦਾ ਪਰਦਾ, ਸੱਚੀ ਗੱਲ ਤੈਨੂੰ ਦੱਸਦੈਂ ਵੇ ਮੇਰੇ ਦਿਲ ਦਿਆ ਚੈਨਾ। ਕਿਸ ਕੋਨੇ ਵਿੱਚ ਵੱਸਦੈਂ ਵੇ ਮੇਰੇ ਦਿਲ ਦਿਆ ਚੈਨਾ.............. ਐਸੇ ਪਏ ਇਸ ਜਿੰਦ ਨੂੰ ਪੰਗੇ, ਕਾਲੇ ਹੋ ਗਏ ਚਾਂਦੀ ਰੰਗੇ। ਰੂਹ ਮੇਰੀ ਤੇਰਾ ਸਾਥ ਪਈ ਮੰਗੇ, ਤੂੰ ਮੇਰੇ ਤੇ ਹੱਸਦੈਂ! ਵੇ ਮੇਰੇ ਦਿਲ ਦਿਆ ਚੈਨਾ। ਕਿਸ ਕੋਨੇ ਵਿੱਚ ਵੱਸਦੈਂ ਵੇ ਮੇਰੇ ਦਿਲ ਦਿਆ ਚੈਨਾ.............. ਦੌੜ ਚ ਪੈ ਮੈਥੋਂ ਹੋਈ ਕੁਰੀਤੀ, ਭੁੱਲ ਹੋਈ ਮੈਂ ਤੇਰੀ ਕਦਰ ਨੀ ਕੀਤੀ। ਅੱਜ ਤੈਨੂੰ ਬੁਲਾਉਣ ਲਈ ਪੀਤੀ, ਤੂੰ ਵੀ ਆਸ਼ਕ ਏਸੇ ਰਸ ਦੈਂ ਵੇ ਮੇਰੇ ਦਿਲ ਦਿਆ ਚੈਨਾ। ਕਿਸ ਕੋਨੇ ਵਿੱਚ ਵੱਸਦੈਂ ਵੇ ਮੇਰੇ ਦਿਲ ਦਿਆ ਚੈਨਾ.............. ਬਿਨ ਤੇਰੇ ਬੱਸ ਜੀਵਨ ਬਲਣਾ, ਬਹੁਤੀ ਦੇਰ ਨੀ ਐਦਾਂ ਚੱਲਣਾ। ਪਤਾ ਨੀ ਕਦ ਪਰਛਾਵਾਂ ਢਲਣਾ, "ਮੰਡੇਰ" ਕਿਓਾ ਤਨਜਾਂ ਕੱਸਦੈਂ ਵੇ ਮੇਰੇ ਦਿਲ ਦਿਆ ਚੈਨਾ। ਕਿਸ ਕੋਨੇ ਵਿੱਚ ਵੱਸਦੈਂ ਵੇ ਮੇਰੇ ਦਿਲ ਦਿਆ ਚੈਨਾ? ਕਿਸ ਦੀਆਂ ਤਲੀਆਂ ਝੱਸਦੈਂ ਵੇ ਮੇਰੇ ਦਿਲ ਦਿਆ ਚੈਨਾ ?

ਆਸ਼ਕ

ਜਦ ਗੱਲ ਹੋਵੇ ਮੇਰੇ ਦਰਦਾਂ ਦੀ, ਕੰਨ ਤਾਂ ਬਥੇਰੇ ਧਰਦੇ ਨੇ। ਪਰ ਫੱਟ ਖਾਧੇ ਹੋਏ ਦਿਲ ਹੀ, ਹੁੰਘਾਰਾ ਸੱਚਾ ਭਰਦੇ ਨੇ। ਆਸ਼ਕ ਉੱਚੇ ਸਭ ਤੋਂ ਜੱਗ ਤੇ, ਅਕਲਾਂ ਤੋਂ ਨਾ ਹਰਦੇ ਨੇ। ਸੂਲੀ ਚੜ੍ਹ ਜਾਂ ਆਰੇ ਹੇਠ, ਗੱਲ ਯਾਰ ਦੇ ਵੱਲ ਦੀ ਕਰਦੇ ਨੇ। ਸਾਧਾਂ, ਚੋਰਾਂ ਇੱਕੋ ਚੋਲਾ, ਇੱਕੋ ਜਿਹੇ ਹੀ ਸਰਦੇ ਨੇ। ਕੁਦਰਤ ਦੇ ਰੰਗ ਵੇਖੋ ਲੋਕੋ, ਕੈਸੇ ਪਾਏ ਪਰਦੇ ਨੇ। ਓਹਨਾ ਲਈ ਇਹ ਪਾਗਲਪਣ, ਜੋ ਜਾਨ ਜਾਣ ਤੋਂ ਡਰਦੇ ਨੇ। ਰੌਸ਼ਨ ਉਹ ਪਰਵਾਨੇ ਹੀ, ਖੁਦ ਸ਼ਮਾ ਤੇ ਜਾ ਜੋ ਮਰਦੇ ਨੇ। "ਮੰਡੇਰ" ਜਿਹੇ ਕੱਚੇ ਜਜਬੇ ਦੇ, ਨਾ ਡੁਬਦੇ, ਨਾ ਤਰਦੇ ਨੇ। ਨਾਂ ਯਾਰ ਦਾ ਲੈ ਜੋ ਠਿੱਲ ਜਾਂਦੇ, ਓਹੀ ਇਸ਼ਕ ਝਨਾਂ ਸਰ ਕਰਦੇ ਨੇ॥

ਮੇਰੀਏ ਨੀ ਮਾਏ

ਮੇਰੀਏ ਨੀ ਮਾਏ, ਮੇਰੇ ਦੁੱਖਾਂ ਦੀਏ ਮਹਿਰਮੇ ਨੀ, ਬੰਨ੍ਹ ਕੋਈ ਕਾਲਾ ਧਾਗਾ ਗੁੱਟ ਤੇ। ਖੌਰੇ ਕਿਹੜੀ ਓਪਰੀ ਬਲਾ ਕੋਈ ਆਣ ਚੜ੍ਹੀ, ਚਾਵਾਂ ਨਾਲ ਪਾਲੇ ਤੇਰੇ ਪੁੱਤ ਤੇ। ਟੁੱਟ ਚੱਲੀ ਚਾਵਾਂ ਦੀ ਤੜਾਗੀ ਮਾਏ ਮੇਰੀਏ ਨੀ, ਕੱਲੇ ਕੱਲੇ ਘੁੰਗਰੂ ਵੀ ਖਿੰਡ ਗਏ। ਮੁੜ ਕੇ ਨੀ ਆਏ ਓਹੋ, ਮੋਤੀਆਂ ਜਿਹੇ ਦਿਨ ਸੁੱਚੇ, ਬਿਨਾ ਦੱਸੇ ਖੌਰੇ ਕਿਹੜੇ ਪਿੰਡ ਗਏ। ਜਿੰਦ ਮੇਰੀ ਖੋ ਗਈ ਇਸ ਦੁਨੀਆਂ ਦੇ ਮੇਲੇ ਵਿੱਚ । ਭਾਵੇਂ ਫੜਿਆ ਸੀ ਹੱਥ ਤੇਰਾ ਘੁੱਟ ਕੇ.... ਚੈਨ ਮੇਰਾ ਲੈ ਗਈ, ਉਡਾ ਕੇ ਨੇਰ੍ਹੀ ਸੱਧਰਾਂ ਦੀ, ਨੈਣ ਚੁੰਧਿਆਏ ਫਿੱਕੇ ਚਾਨਣਾ। ਪਾ ਦੇ ਸਲਾਈ ਨੈਣੀਂ, ਕਾਲਸ ਦਾ ਲਾ ਦੇ ਟਿੱਕਾ, ਰੂਹ ਦੇ ਹਨੇਰੇ ਤਾਈਾ ਜਾਨਣਾ। ਹੱਸਦੇ ਨੂੰ ਦੇਖ ਲੋਕੀਂ ਜਲਦੇ ਨੇ ਜਿਹੜੇ ਓਹੋ, ਰੋਣ ਵੀ ਨੀ ਦਿੰਦੇ ਫੁੱਟ ਫੁੱਟ ਕੇ..... ਸੁੱਖ ਕੋਈ ਸੁੱਖ ਮਾਏ, ਮਿਰਚਾਂ ਤੂੰ ਵਾਰ ਦੇਖ, ਲੱਭ ਕੋਈ ਉੱਚ ਵਾਲਾ ਪੀਰ ਨੀ। ਦੇ ਦੇ ਕੋਈ ਮੰਤਰ ਭਟਕਦੇ "ਮੰਡੇਰ" ਤਾਈਾ, ਦਿਲ ਨੂੰ ਜੇ ਆਜੇ ਭੋਰਾ ਧੀਰ ਨੀ। ਸੱਦ ਕੋਈ ਯੋਗੀ ਜਿਹੜਾ ਰੱਬ ਤੀਕ ਪਹੁੰਚਿਆ ਨੀ, ਪਵਾ ਦੇ ਕੋਈ ਹਥੌਲਾ ਅੱਕ ਪੁੱਟ ਕੇ......

ਵੰਡ

ਤੇਰੇ ਨਾਵਾਂ ਦੀ ਵੰਡ ਚ, ਭਾਸ਼ਾਵਾਂ ਦੀ ਵੰਡ 'ਚ। ਤੇਰੇ ਦਰ ਨੂੰ ਜੋ ਜਾਂਦੇ, ਉਹ ਰਾਹਵਾਂ ਦੀ ਵੰਡ 'ਚ। ਤੈਨੂੰ ਆਪਣੀ ਜਾਗੀਰ ਜੋ, ਮੰਨੀ ਨੇ ਬੈਠੇ, ਓਹਨਾ ਮਜ਼੍ਹਬਾਂ ਵਾਲਿਆਂ, ਕਾਵਾਂ ਦੀ ਵੰਡ 'ਚ। ਇਹ ਪਸ਼ੂਆਂ ਦੀ ਵੰਡ ਚ, ਦਿਸ਼ਾਵਾਂ ਦੀ ਵੰਡ 'ਚ, ਕਦੇ ਸੂਰਾਂ ਦੀ ਵੰਡ, ਕਦੇ ਗਾਵਾਂ ਦੀ ਵੰਡ 'ਚ। ਕੁਝ ਚੰਗੇ ਤੇ ਮਾੜੇ, ਉਹ ਥਾਵਾਂ ਦੀ ਵੰਡ 'ਚ। ਇਹ ਕੇਸਾਂ, ਇਹ ਗੰਜਾਂ, ਜਟਾਵਾਂ ਦੀ ਵੰਡ 'ਚ। ਖੁਸ਼ੀਆਂ, ਗ਼ਮੀਆਂ, ਤੇ ਚਾਵਾਂ ਦੀ ਵੰਡ 'ਚ। ਹਾਸੇ, ਹਉਂਕੇ ਤੇ ਹਾਵਾਂ ਦੀ ਵੰਡ 'ਚ। ਇਹ ਸੋਚਾਂ ਦੀ ਵੰਡ ਚ, ਇਹ ਫੋਕਾਂ ਦੀ ਵੰਡ 'ਚ। ਕੁਝ ਮੁਨਕਰ ਹੋਏ, ਨਿੱਤ ਧਿਆਵਾਂ ਦੀ ਵੰਡ 'ਚ। ਪ੍ਰਸਾਦਾਂ ਦੀ ਵੰਡ ਹੈ, ਖਾਣੇ ਦੀ ਵੰਡ 'ਚ, ਇਹ ਦੇਗਾਂ, ਹਲਾਲਾਂ, ਬਦਾਣੇ ਦੀ ਵੰਡ 'ਚ। ਤੇਰੇ ਨਾਂ ਤੇ ਹੁੰਦੇ, ਮਨੁੱਖਤਾ ਤੇ ਹਮਲੇ, ਇਹ ਧਰਮੀ ਤਾਂ ਹੈ ਨੀ, ਹੋਣੇ ਕੋਈ ਕਮਲੇ। ਬੜੇ ਲਾਏ ਆਸਣ, ਵਿਛਾਇਆ ਮੁਸੱਲਾ। ਨਾ ਰਾਮ ਪਧਾਰੇ, ਨਾ ਹੀ ਬਹੁੜਿਆ ਅੱਲਾ॥ ਕਦੇ ਭਾਗਾਂ ਨਾਲ ਮਿਲਿਆ, ਜੋ ਵੇਲਾ ਸੁਵੱਲ੍ਹਾ, ਤੇਰੀ ਯਾਦ ਚ ਜੁੜ, ਜਦ ਬੈਠਾ ਮੈਂ 'ਕੱਲਾ ਸਵਾਦ ਜੋ ਉਹ ਆਇਆ, ਉਹ ਹੈ ਸੀ ਅਵੱਲਾ "ਮੰਡੇਰ" ਫੇਰ ਤੂੰ ਹੀ ਤੂੰ ਸੀ, ਨਾ ਰਾਮ ਨਾ ਅੱਲਾ॥

ਲਫ਼ਜ

ਦੌਲਤਾਂ ਤੇ ਸ਼ੌਹਰਤਾਂ ਲਈ, ਦਿਨ ਰਾਤ ਗਵਾ ਲਏ, ਆਪਣੇ ਲਈ ਵੀ ਦੋ ਕੁ ਪਲ, ਤਾਂ ਬਚੇ ਰਹਿਣ ਦੇ । ਕਲਯੁਗੀ ਜ਼ਮਾਨੇ ਨੇ ਹੈ, ਹਰ ਚੀਜ਼ ਝੁਠਲਾ ਦਿੱਤੀ, ਪਰ ਪਿਆਰ ਦੇ ਕੁੱਝ ਹਰਫ਼, ਤਾਂ ਸੱਚੇ ਰਹਿਣ ਦੇ। ਮੰਨਦਾ ਹਾਂ ਕਿ ਤੂੰ ਨਹੀਂ ਮੰਨਦਾ, ਕਿਸੇ ਮੜ੍ਹੀ ਮਸਾਣ ਨੂੰ , ਰੋਸ਼ਨੀ ਦੇ ਲਈ ਫੇਰ ਵੀ ਚਿਰਾਗ ਮੱਚੇ ਰਹਿਣ ਦੇ। ਖ਼ੌਰੇ ਕਿੰਨੇ ਭੌਰਿਆਂ ਨੂੰ ਸ਼ਾਂਤ ਅਜੇ ਇਹ ਕਰਨਗੇ, ਦੋਸਤਾ ਇਹ ਫੁੱਲ ਡਾਲੀ ਤੇ ਜੱਚੇ ਰਹਿਣ ਦੇ। ਲੱਖ ਜ਼ਮਾਨਾ ਬਦਲਦਾ, ਬਦਲਦੀ ਹਰ ਰੀਤ ਹੈ, ਪਰ ਵਿਰਸੇ ਦੇ ਅੰਸ਼ ਖੂਨ ਵਿੱਚ ਰਚੇ ਰਹਿਣ ਦੇ। "ਮੰਡੇਰ" ਕੁੱਝ ਲਫ਼ਜ ਬੱਸ ਅਣਕਹੇ ਹੀ ਚੰਗੇ ਹੁੰਦੇ ਨੇ, ਹੋਠਾਂ ਤੇ ਨਾ ਆਉਣ, ਦਿਲ ਵਿੱਚ ਪਚੇ ਰਹਿਣ ਦੇ॥

ਧੰਨਵਾਦ

ਧੰਨਵਾਦ ਤੇਰਾ ਐਦਾਂ ਈ ਰਹਿ ਸ਼ਸ਼ਕੀਰਦਾ, ਪੈਂਡਾ ਸੌਖਾ ਹੋ ਜਾਂਦਾ ਹੈ ਕੱਲੇ ਰਾਹਗੀਰ ਦਾ। ਮੇਰੇ ਰਾਹ ਦੀਆਂ ਔਕੜਾਂ, ਬੇਚੈਨ ਮੈਨੂੰ ਕਰਦੀਆਂ, ਝੱਟ ਪਤਾ ਲੱਗ ਜਾਏ, ਦਿਲ ਇਹ ਬੇਧੀਰ ਦਾ। ਰੋਸ਼ਨੀਆਂ ਦੇ ਸ਼ਹਿਰ ਵਿੱਚ, ਪ੍ਰੇਤਾਂ ਦਾ ਵਾਸ ਹੈ, ਘੱਲ ਕੋਈ ਪਤਾ ਕਿਸੇ ਕਰਨੀ ਵਾਲੇ ਪੀਰ ਦਾ। ਰਾਂਝੇ ਦੀ ਵੰਝਲੀ, ਤੇ ਕੈਦੋਂ ਦਾ ਫਰੇਬ ਤੂੰ, ਚੂਰੀ ਵੀ ਖਵਾਈ ਆਪ, ਰੂਪ ਧਾਰ ਹੀਰ ਦਾ। ਯਾਰ ਬਣ ਜਾਂ ਦੁਸ਼ਮਣ ਬਣ, ਕੋਈ ਪਰਵਾਹ ਨਹੀਂ, ਆਪਣਾ ਬਣਿਆ ਰਹਿ, ਬੱਸ "ਮੰਡੇਰ ਸਤਿਬੀਰ" ਦਾ॥

ਫੰਡਰ ਰੂਹਾਂ

ਇਸ਼ਕ ਦੀ ਕਾਲਸ ਲੱਗੀ ਜਿੰਨ੍ਹਾਂ, ਉੱਜਲ ਓਹੀ ਚੇਹਰੇ ਨੀ। ਸਜਣ-ਸਜਾਉਣ ਦੇ ਉਂਝ ਦੁਨੀਆ ਤੇ, ਆਲ-ਜੰਜਾਲ ਬਥੇਰੇ ਨੀ। ਆਪ ਸਜਾ ਕੇ, ਆਪ ਵਿਆਹ ਕੇ, ਲਾਂਬੂ ਲਾ ਕੇ ਨੱਚੋਂ ਨੀ, ਗੁੱਡੀਆਂ ਫੂਕਣ ਵਾਲੀਓ ਕੁੜੀਓ, ਕਿੱਡੇ ਥੋਡੇ ਜੇਰੇ ਨੀ! ਜਿਹੜੀ ਰੂਹ ਖਸਮ ਤੋਂ ਟੁੱਟੇ, ਸਾਰੀ ਉਮਰ ਹਨੇਰੇ ਨੀ, ਚੰਦ ਚਾਹੇ ਸੌ ਚੜ੍ਹਨ ਅੰਬਰੀਂ, ਕਰ ਨਾ ਸਕਣ ਸਵੇਰੇ ਨੀ। ਮੇਰੇ ਗੀਤ ਜੋ ਅੰਦਰੇ ਮਰ ਗਏ, ਪਿੱਛਾ ਅੱਜ ਵੀ ਕਰਦੇ ਨੇ, ਖੌਰੂ ਪਾਉਂਦੇ, ਚੀਕਾਂ ਮਾਰਨ, ਮੇਰੇ ਚਾਰ ਚੁਫੇਰੇ ਨੀ। ਡਰਦੀ ਨਾ ਮੈਂ ਕੰਘੀ ਵਾਹਵਾਂ, ਕਿਧਰੇ ਵਿੱਛੜ ਜਾਵਣ ਨਾ, ਮੇਰੇ ਕੇਸਾਂ ਵਿੱਚ ਜੋ ਰਹਿੰਦੇ, ਬਿਰਹੋਂ ਵਾਲੇ ਢੇਰੇ ਨੀ। "ਮੰਡੇਰ" ਜੈਸੀਆਂ ਫੰਡਰ ਰੂਹਾਂ, ਕਿਸੇ ਨਾ ਲੈਣੇ ਫੇਰੇ ਨੀ। ਆਹੀ ਬੱਸ ਕਹਾਣੀ ਸਭ ਦੀ, ਜੋ ਨਾ ਹੋਏ ਤੇਰੇ ਨੀ।

ਮੁਰੀਦ

ਤੇਰਾ ਇਸ਼ਕ ਜੇ ਮੇਰਾ ਅਕੀਦ ਬਣ ਜੇ , ਕੋਈ ਨਸ਼ਾ ਮੇਰੀ ਰੱਤ ਨੂੰ ਕਸ਼ੀਦ ਬਣ ਜੇ। ਜਦੋਂ ਕਿਸੇ ਮੁੱਖ ਵਿੱਚੋਂ ਤੇਰੀ ਦੀਦ ਬਣ ਜੇ, ਕਿਤੇ ਮਿਲੇਂਗਾ ਜ਼ਰੂਰ ਇਹ ਉਮੀਦ ਬਣ ਜੇ। ਜਦੋਂ ਬਿਰਹਾ ਦੀ ਪੀੜਾ ਵੀ ਸ਼ਦੀਦ ਬਣ ਜੇ, ਓਦੋਂ ਸ਼ਾਹਾਂ ਦਾ ਮੁੰਡਾ ਵੀ 'ਫ਼ਰੀਦ' ਬਣ ਜੇ। ਜਿਹੜੀ ਮੌਤ, ਬੱਸ 'ਮੌਤ' ਤੋਂ 'ਸ਼ਹੀਦ' ਬਣ ਜੇ, ਰੂਹਾਂ ਫੰਡਰਾਂ ਦੀ ਚੰਗੀ ਜੀ ਖਰੀਦ ਬਣ ਜੇ। "ਮੰਡੇਰ" ਤੋਂ ਜੇ ਕਦੇ ਇਹ 'ਮੁਰੀਦ' ਬਣ ਜੇ। ਸੱਚ ਜਾਣੀ ਓਹੀ ਦਿਨ ਮੇਰੀ ਈਦ ਬਣ ਜੇ॥

ਸ਼ੇਅਰ

ਕਸ਼ਮਕਸ਼ ਏ ਜਿੰਦਗੀ ਕਿੰਨੀ ਅਜੀਬ ਹੈ, ਪਹਿਚਾਣ ਨਹੀਂ ਪਾਇਆ ਮੈਂ, ਉਹ ਰਕੀਬ ਹੈ ਜਾਂ ਤਬੀਬ ਹੈ। "ਮੰਡੇਰ" ਉਸਨੂੰ ਲੱਭਣ ਚ ਜਿੰਦਗੀ ਨਿਕਲ ਗਈ, ਜਿਸਨੂੰ ਲੋਕੀ ਕਹਿੰਦੇ ਨੇ ਕਿ ਸਾਹਾਂ ਦੇ ਕਰੀਬ ਹੈ । *** ਸਾਡੇ ਰੋਜ਼ ਨਰਾਤੇ, ਰੋਜ਼ੇ, ਫੇਰ ਨਾ ਰੱਬ ਪਤੀਜੇ, ਖਾਲੀ ਗੀਝੇ । ਨੌਕਰੀਆਂ ਨੂੰ ਕੋਟੇ ਖਾ ਗਏ, ਸਿਆਸਤ ਭਾਈ ਭਤੀਜੇ, ਦੱਸ ਕੀ ਕੀਜੇ? *** ਇੱਕ ਚਿੱਟੇ ਨੇ ਖਾਈ ਜਵਾਨੀ, ਦੂਜੇ ਨੇ ਕਿਰਸਾਨੀ, ਬਹੁਤੀ ਹਾਨੀ । ਦੁੱਧਾਂ ਦੇ ਵਿੱਚ ਯੂਰੀਆ ਵੜ ਗਈ, ਕੈਂਸਰ ਵਾਲੇ ਪਾਣੀ, ਚੀਜ਼ ਕੀ ਖਾਣੀ? *** ਧਰਮਾਂ ਦੇ ਨਾਂ ਤੇ ਖੁੱਲ ਗਏ ਧੰਦੇ, ਜੀਕਣ ਵਿੱਚ ਬਜ਼ਾਰਾਂ, ਹੋਗੀਆਂ ਹਾਰਾਂ । ਪੰਥ ਦੇ ਨਾਂ ਤੇ ਨਿੱਜੀ ਫ਼ਤਵੇ, ਦੇ ਦਿੱਤੇ ਜੱਕੇਦਾਰਾਂ, ਵਿੱਚ ਹੰਕਾਰਾਂ ॥ *** ਸੱਸਾ ਸੁਪਨੇ ਵਰਗੀ ਹਸਤੀ ਸੱਸੇ ਤੋਂ ਸੰਸਾਰ । ਸੱਸਾ ਸਬਰ ਨਾ ਹਾਲੇ ਸਿੱਖਿਆ, ਸੱਚ ਨਾਮ ਕਰਤਾਰ । *** ਤਮੰਨਾਵਾਂ ਦਾ ਲੈ ਕੇ ਤੱਤਾ, ਤਪਦਾ ਬਾਰੰਮਬਾਰ । ਤੁਕਬੰਦੀ, ਇਹ ਬੋਲ ਤੋਤਲੇ, ਤੂੰ ਹੀ ਦੇ ਆਧਾਰ । *** ਬੱਬਾ ਬਿਰਹਾ ਨਾਮ 'ਚ ਬੈਠਾ, ਜਨਮ ਤੋ ਕੁੰਡਲੀ ਮਾਰ । ਬਹੁਤ ਲੰਮੇਰੇ, ਬਿਖੜੇ, ਬੇਲੇ, ਬਲ ਬਲ ਰਿਹਾ ਗੁਜ਼ਾਰ । *** ਰਾਰਾ ਰੱਬ ਹੁਣ ਰਜ਼ਾ ਸਿਖਾਵੇ, ਨਾਲ ਰਬਾਬਾਂ ਰਾਗ । 'ਸਤਿਬੀਰ' ਤੋਂ ਕੱਲੇ ਪਹੁੰਚ ਨੀ ਹੋਣਾ, ਆਪੇ ਲਈ ਉਧਾਰ । । *** ਲੇਖਕਾਂ ਲਈ

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਸਤਿਬੀਰ ਸਿੰਘ ਮੰਡੇਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ