Raja Rasalu
ਰਾਜਾ ਰਸਾਲੂ

ਨਾਂ-ਮੁਹੰਮਦ ਸਾਦਿਕ, ਕਲਮੀ ਨਾਂ-ਰਾਜਾ ਰਸਾਲੂ, (ਸਾਦਿਕ ਅਲੀ ਆਜਿਜ਼),
ਪਿਤਾ ਦਾ ਨਾਂ-ਮੀਆਂ ਸੁਲਤਾਨ ਮੁਹੰਮਦ,
ਜਨਮ ਤਾਰੀਖ਼-11 ਜੁਲਾਈ 1928,
ਜਨਮ ਸਥਾਨ, ਚੱਕ ਨੰ 590, ਅਹਾਤਾ ਖ਼ੁਸ਼ੀ ਰਾਮ, ਡਾਕਖ਼ਾਨਾ ਵਾਰਬਰਟਨ, ਜ਼ਿਲਾ ਨਨਕਾਣਾ ਸਾਹਿਬ,
ਵਿੱਦਿਆ-ਐਫ਼. ਏ., ਕਿੱਤਾ-ਸਰਕਾਰੀ ਨੌਕਰੀ (ਸੇਵਾ ਮੁਕਤ),
ਪਤਾ-ਲ਼ਾਹੌਰ,
ਛਪੀਆਂ ਕਿਤਾਬਾਂ-ਪੰਜਾਬ ਦੇ ਲੋਕ ਗੀਤ, ਆਵਾਜਾਈ, ਲੋਰੀਆਂ, ਡਾ. ਨਜ਼ੀਰ ਅਹਿਮਦ ਫ਼ਨ ਤੇ ਸ਼ਖ਼ਸੀਅਤ, ਦੋ ਆਰ ਦੀਆਂ ਦੋ ਪਾਰ, ਮੈਂ ਤਨ ਦਰਦ ਅਵੱਲੇ (ਪੰਜਾਬੀ ਗ਼ਜ਼ਲ) ।

ਪੰਜਾਬੀ ਗ਼ਜ਼ਲਾਂ (ਮੈਂ ਤਨ ਦਰਦ ਅਵੱਲੇ 2006 ਵਿੱਚੋਂ) : ਰਾਜਾ ਰਸਾਲੂ

Punjabi Ghazlan (Main Tan Dard Avalle 2006) : Raja Rasalu



ਨਵੀਂ ਸਵੇਰ ਦਾ ਸੂਰਜ ਚੜ੍ਹਿਆ

ਨਵੀਂ ਸਵੇਰ ਦਾ ਸੂਰਜ ਚੜ੍ਹਿਆ ਲੈ ਕੇ ਨਵਾਂ ਪਿਆਮ । ਫੁੱਲਾਂ ਮੂੰਹਾਂ ਨਾਲ ਲਗਾਏ ਖ਼ੁਸ਼ਬੂਆਂ ਦੇ ਜਾਮ । ਆਸ ਦੀ ਰਾਧਾ ਬਾਲ ਕੇ ਬੈਠੀ ਬੰਨਿਆਂ ਉੱਤੇ ਦੀਵੇ, ਇੱਕ ਇੱਕ ਕਰਕੇ ਬੁੱਝ ਗਏ ਸਾਰੇ ਅਜੇ ਨਾ ਆਈ ਸ਼ਾਮ । ਵੈਰੀਆਂ ਦੇ ਘਰ ਅੱਜ ਝੁੱਲ ਪਈ ਏ ਗ਼ਮ ਦੀ ਲਾਲ ਹਨੇਰੀ, ਕੋਈ ਨਾ ਖ਼ਬਰ ਉਨ੍ਹਾਂ ਦੀ ਪੁੱਛੇ ਬਾਝੋਂ ਚਾਚਾ ਸ਼ਾਮ । ਆਪਣੀ ਆਨ ਜ਼ੁਬਾਨ ਦੀ ਰਾਖੀ ਕਰਦੇ ਅਣਖੀ ਲੋਕ, ਤੁਸੀਂ ਵੀ ਆਓ ਉੱਚਾ ਕਰੀਏ ਮਾਂ ਬੋਲੀ ਦਾ ਨਾਮ । ਲੱਜ਼ਤ ਮਾਂ ਦੇ ਦੁੱਧ ਦੀ ਆਵੇ ਆਪਣੀ ਬੋਲੀ ਵਿੱਚੋਂ, ਆਪਣੀ ਮਾਂ ਦੀ ਬੋਲੀ ਦਾ ਮੈਂ ਸਦਾ ਈ ਰਹਵਾਂ ਗ਼ੁਲਾਮ । ਮਾਂ ਬੋਲੀ ਦੇ ਮੁਨਕਰ 'ਰਾਜਾ' ਕਦੇ ਨਾ ਬਖਸ਼ੇ ਜਾਵਣ, ਐਸੇ ਲੋਕਾਂ ਤਾਈਂ ਕਰੀਏ ਦੂਰੋਂ ਸੱਤ ਸਲਾਮ ।

ਸੱਜਣਾਂ ਦੇ ਦੁੱਖ ਦੇਖ-ਦੇਖ ਕੇ ਆਪਣਾ

ਸੱਜਣਾਂ ਦੇ ਦੁੱਖ ਦੇਖ-ਦੇਖ ਕੇ ਆਪਣਾ ਦੁੱਖ ਵੀ ਭੁੱਲਦਾ ਜਾਵਾਂ । ਬੇ ਕਦਰਾਂ ਦੀ ਬਸਤੀ ਦੇ ਵਿਚ ਅੰਦਰੋ- ਅੰਦਰੀ ਘੁਲਦਾ ਜਾਵਾਂ । ਮੰਜ਼ਿਲ ਉੱਤੇ ਕਦ ਅੱਪੜਾਂਗਾ, ਕਦ ਇਹ ਪੈਂਡੇ ਦੱਸ ਮੁੱਕਣਗੇ, ਨਵੀਂ ਸਵੇਰ ਨੂੰ ਦੇਖਣ ਖ਼ਾਤਰ, ਉਠਦਾ ਬਹਿੰਦਾ ਜੁਲਦਾ ਜਾਵਾਂ । ਉਹਦੇ ਹੁਸਨ ਜਮਾਲ ਦੇ ਅੱਗੇ ਹਿੰਮਤ ਕੂਣ ਵੀ ਹੁੰਦੀ ਨਹੀਂ ਸੀ, ਮਿੱਠੀਆਂ-ਮਿੱਠੀਆਂ ਉਹਦੀਆਂ ਸੁਣ ਕੇ, ਹੌਲੀ ਹੌਲੀ ਖੁਲਦਾ ਜਾਵਾਂ । ਮੈਂ ਮਾੜਾ ਮੈਂ ਅਸਲੋਂ ਹੀਣਾ ਕੁੱਝ ਵੀ ਮੇਰੇ ਪੱਲੇ ਨਾਹੀਂ 'ਬਾਹੂ' ਪੀਰ ਦੇ ਨਾਂ ਦੇ ਸਦਕੇ ਸੋਨੇ ਦੇ ਮੁੱਲ ਤੁਲਦਾ ਜਾਵਾਂ । ਮੈਂ ਸਾਦਿਕ ਆਂ ਮੈਂ ਆਂ 'ਰਾਜਾ' ਪਰੀਤ ਨਗਰ ਵਿਚ ਮੇਰਾ ਡੇਰਾ, ਰੁੱਖਾਂ ਵਾਂਗੂੰ ਨੀਵਾਂ ਹੋ-ਹੋ ਦਿਲ ਦੇ ਵਰਕੇ ਥੁਲਦਾ ਜਾਵਾਂ ।

ਸ਼ਾਲਾ ਵਸਦੇ ਰਹਿਣ ਹਮੇਸ਼ਾ

ਸ਼ਾਲਾ ਵਸਦੇ ਰਹਿਣ ਹਮੇਸ਼ਾ ਪਾੜੇ ਪਾਵਣ ਵਾਲੇ ਲੋਕ । ਜਿੱਥੇ ਵੱਸਣ ਖ਼ੁਸ਼ ਈ ਵੱਸਣ ਛੱਡ ਕੇ ਜਾਵਣ ਵਾਲੇ ਲੋਕ । ਦਿਲ ਦਿਲਾਂ ਦੇ ਸੌਦੇ ਯਾਰੋ ਗਿਲਾ ਨਹੀਂ ਕੁਝ ਉਨ੍ਹਾਂ 'ਤੇ, ਸਾਡੇ ਲਈ ਨੇ ਠੰਢੀਆਂ ਛਾਵਾਂ ਸਾਨੂੰ ਸਾੜਣ ਵਾਲੇ ਲੋਕ । ਸਿਦਕ ਯਕੀਨ ਦਾ ਪੱਲਾ ਫੜ ਕੇ ਸੋਹਣੀ ਕੀਤਾ ਪਾਰ ਝਨਾਂ, ਡੁਬਦੇ ਵਿਚ ਦਰਿਆਈਂ ਡਿੱਠੇ ਲਾਫ਼ਾਂ ਮਾਰਣ ਵਾਲੇ ਲੋਕ । ਜਿਨ੍ਹਾਂ ਤਕਵਾ ਰੱਬ ਸੱਚੇ ਦਾ ਮੰਜ਼ਿਲ ਉਨ੍ਹਾਂ ਤੋਂ ਖੰਭ ਖਾਂਦੀ, ਦੁਨੀਆਂ ਨੂੰ ਨਹੀਂ ਭੁੱਲੇ ਅੱਜ ਤੱਕ ਕਿਸ਼ਤੀਆਂ ਸਾੜਣ ਵਾਲੇ ਲੋਕ । ਹੇਠਲੀ ਉੱਤੇ ਹੋਣੀ ਇਕ ਦਿਨ ਵੇਲਾ ਆਪੇ ਦੱਸੇਗਾ, ਸਾਥੋਂ ਬਚ ਕੇ ਜਾ ਨਹੀਂ ਸਕਦੇ ਸਾਨੂੰ ਮਾਰਣ ਵਾਲੇ ਲੋਕ ।

ਵਸਦੇ ਘਰ ਵਿਚ ਆਉਣ ਪਰਾਹੁਣੇ ਚੰਗਾ ਏ

ਵਸਦੇ ਘਰ ਵਿਚ ਆਉਣ ਪਰਾਹੁਣੇ ਚੰਗਾ ਏ । ਆ ਕੇ ਰੌਣਕ ਲਾਉਣ ਪਰਾਹੁਣੇ ਚੰਗਾ ਏ । ਦੇਸ਼ ਮੇਰੇ ਵਿਚ ਅਮਨ ਸਲੂਕ ਦੀ ਵਾਅ ਚੱਲੇ, ਆਪਣੀ ਨੀਂਦਰ ਸੌਣ ਪਰਾਹੁਣੇ ਚੰਗਾ ਏ । ਅਖ਼ਬਾਰਾਂ ਤੇ ਦੁਨੀਆਂ ਦੀ ਮੱਤ ਮਾਰੀ ਏ, ਚੰਗੀ ਖ਼ਬਰ ਲਿਆਉਣ ਪਰਾਹੁਣੇ ਚੰਗਾ ਏ । ਆਉਣ ਵਾਲਿਆਂ ਇਕ ਦਿਨ ਆ ਵੀ ਜਾਣਾ ਏ, ਸੇਜਾਂ ਨਿੱਤ ਸਜਾਉਣ ਪਰਾਹੁਣੇ ਚੰਗਾ ਏ । ਖੋ੍ਹਲਿਆ ਆਪਣੇ ਘਰ ਦਾ ਬੂਹਾ 'ਰਾਜੇ' ਨੇ, ਦੁੱਲੇ ਮਿਰਜ਼ੇ ਆਉਣ ਪਰਾਹੁਣੇ ਚੰਗਾ ਏ ।

ਵੇਲੇ ਦੇ ਫ਼ਿਰਓਨੋਂ ਸੱਚੀ ਕਹਿਣ ਦਿਓ

ਵੇਲੇ ਦੇ ਫ਼ਿਰਓਨੋਂ ਸੱਚੀ ਕਹਿਣ ਦਿਓ । ਸਾਹ ਕੋਈ ਸੁਖ ਦਾ ਸਾਨੂੰ ਵੀ ਤੇ ਲੈਣ ਦਿਓ । ਮਹਿਲਾਂ ਉੱਤੇ ਮਹਿਲ ਬਣਾਈ ਜਾਂਦੇ ਓ, ਝੁੱਗੀਆਂ ਦੇ ਵਿਚ ਸਾਨੂੰ ਵੀ ਤੇ ਰਹਿਣ ਦਿਓ । ਸ਼ਾਮਲਾਟ ਤੇ ਡੇਰੇ ਸਾਰੇ ਸਾਂਭ ਲਏ, ਪਿੰਡ ਵਿਚ ਕਿਧਰੇ ਸਾਨੂੰ ਵੀ ਤੇ ਬਹਿਣ ਦਿਓ । ਬੋਹਲ ਤੇ ਸਾਰਾ ਤੁਸੀਂ ਈ ਢੋਈ ਜਾਂਦੇ ਓ, ਵਿੱਚ ਭੜੋਲੇ ਸਾਡੇ ਵੀ ਕੁੱਝ ਪੈਣ ਦਿਓ । ਉਹ ਤੇ ਅੱਜ-ਕੱਲ ਗੂੰਗਾ ਬੋਲਾ ਹੋਇਆ ਏ, ਵਿਚ ਮਹਫ਼ਿਲ ਦੇ 'ਰਾਜੇ' ਨੂੰ ਵੀ ਬਹਿਣ ਦਿਓ ।

ਉੱਚੇ ਬੁਰਜ ਲਾਹੌਰ ਦੇ ਸਾਡਾ ਦੀਨ ਈਮਾਨ

ਉੱਚੇ ਬੁਰਜ ਲਾਹੌਰ ਦੇ ਸਾਡਾ ਦੀਨ ਈਮਾਨ । ਬੇਕਦਰਾਂ ਨੂੰ ਸਾਰ ਨਾ ਜਾਂਦੇ ਵਲ ਅਸਮਾਨ । ਕੂਚੇ ਵਿਚ ਮਹਿਬੂਬ ਦੇ ਦਫ਼ਾ ਚੁਤਾਲੀ ਲੱਗੀ, ਰੱਖੀਂ ਪੈਰ ਸੰਭਾਲ ਕੇ ਹੋ ਜਾਏ ਮਤਾ ਚਲਾਣ । ਉੱਤੇ ਕਬਰਾਂ ਚਿੱਟੀਆਂ ਲੋਕੀ ਪਾਵਣ ਫੁੱਲ, ਅੱਜ ਮੁਕਾਮ ਇਨਸਾਨ ਦਾ ਭੁੱਲ ਗਿਆ ਇਨਸਾਨ । ਰਿੰਦਾਂ ਪਾਈਆਂ ਨੀਵੀਆਂ ਹੱਥੋਂ ਡਿੱਗੇ ਜਾਮ, ਸੁੱਧ ਬੁੱਧ ਰਹੀ ਨਾ ਸਾਕੀਆ ਹੋ ਖ਼ਲੇ ਹੈਰਾਨ । ਸੱਤੀਂ ਵੀਹੀਂ ਡਾਢਿਆ ਕੀਤਾ ਪੂਰਾ ਸੋ, ਰੁੜ੍ਹਦਾ ਪਾਣੀ 'ਰਾਜਿਆ' ਜਾਂਦਾ ਵਲ ਪਤਵਾਨ ।

ਘਰ ਦਾ ਨਕਸ਼ਾ ਲਗਿਆ ਏ ਕੋਈ ਹੋਰ ਜਿਹਾ

ਘਰ ਦਾ ਨਕਸ਼ਾ ਲਗਿਆ ਏ ਕੋਈ ਹੋਰ ਜਿਹਾ । ਵਿਹੜੇ ਦੇ ਵਿਚ ਨਚਿਆ ਏ ਕੋਈ ਮੋਰ ਜਿਹਾ । ਉਹਦੀਆਂ ਪੁੱਠੀਆਂ ਸਿੱਧੀਆਂ ਚਾਲਾਂ ਦੱਸਦੀਆਂ ਨੇ ਮਨ ਵਿਚ ਉਹਦੇ ਵਸਿਆ ਏ ਕੋਈ ਚੋਰ ਜਿਹਾ । ਦੁਨੀਆਂ ਕਮਲੀ ਹੋਈ ਜਿਸ ਦੇ ਵੇਖਣ ਨੂੰ, ਸਾਨੂੰ ਤੇ ਉਹ ਲੱਗਿਆ ਏ ਕੋਈ ਬੋਰ ਜਿਹਾ । ਚੱਪਾ ਚੱਪਾ ਧਰਤੀ ਗਾਹ ਕੇ ਵੇਖ ਲਈ, ਰੱਬ ਦੀ ਸੌਂਹ ਨਹੀਂ ਲੱਭਿਆ ਕੋਈ ਲਾਹੌਰ ਜਿਹਾ । ਜਿਸ ਦੇ ਪਿੱਛੇ ਜ਼ੁਰਮ ਗਵਾਇਆ 'ਰਾਜੇ' ਨੇ, ਉਹਨੂੰ ਤੇ ਉਹ ਲੱਗਿਆ ਏ ਕੋਈ ਹੋਰ ਜਿਹਾ ।

ਦੁਨੀਆਂ ਉੱਤੇ ਪਿਆਰ ਰਿਹਾ ਨਾ ਵੀਰਾਂ ਵਿਚ

ਦੁਨੀਆਂ ਉੱਤੇ ਪਿਆਰ ਰਿਹਾ ਨਾ ਵੀਰਾਂ ਵਿਚ । ਕਿਹੜਾ ਆ ਕੇ ਰੰਗ ਭਰੇ ਤਸਵੀਰਾਂ ਵਿਚ । ਚਿੱਟੇ ਵਰਕੇ ਕਾਲੇ ਹੁੰਦੇ ਜਾਂਦੇ ਨੇ, ਖ਼ਵਰੇ ਕਿਉਂ ਨਹੀਂ ਅਸਰ ਰਿਹਾ ਤਹਿਰੀਰਾਂ ਵਿਚ । ਮਿੰਬਰਾਂ ਉੱਤੋਂ ਰੋਜ਼ ਈ ਰੌਲਾ ਪੈਂਦਾ ਏ, ਕੋਈ ਸਵਾਦ ਰਿਹਾ ਨਾ ਹੁਣ ਤਕਰੀਰਾਂ ਵਿਚ । ਹੁੰਦੇ ਜਾਂਦੇ ਦੂਰ ਨੇ ਬੰਦੇ ਬੰਦਿਆਂ ਤੋਂ, ਮਿਹਰ ਵਫ਼ਾ ਦਾ ਘਾਟਾ ਏ ਤਦਬੀਰਾਂ ਵਿਚ । ਛੱਡ ਦਿੱਤੇ ਨੇ ਸੁਫ਼ਨੇ ਤੱਕਣੇ 'ਰਾਜੇ' ਨੇ, ਕੋਈ ਵੀ ਗੱਲ ਨਹੀਂ ਲੱਭਦੀ ਹੁਣ ਤਾਬੀਰਾਂ ਵਿਚ ।

ਖ਼ਬਰੇ ਕੀਹਦੀ ਜ਼ੁਲਫ਼ ਨੇ ਉਹਨੂੰ ਡੰਗਿਆ ਏ

ਖ਼ਬਰੇ ਕੀਹਦੀ ਜ਼ੁਲਫ਼ ਨੇ ਉਹਨੂੰ ਡੰਗਿਆ ਏ । ਓਸ ਹਮਾਤੜ ਪਾਣੀ ਵੀ ਨਾ ਮੰਗਿਆ ਏ । ਪਿੰਡ ਦੇ ਸਾਰੇ ਕੰਧਾਂ-ਕੋਠੇ ਟਹਿਕ ਪਏ, ਗਲੀਆਂ ਵਿੱਚੋਂ ਖ਼ਬਰੇ ਕਿਹੜਾ ਲੰਘਿਆ ਏ । ਅਸਮਾਨਾਂ 'ਤੇ ਲਾਲ ਹਨੇਰੀ ਝੁੱਲ਼ੀ ਏ, ਮੇਰੇ ਲਹੂ ਥੀਂ ਕੀਹਨੇ ਚੋਲਾ ਰੰਗਿਆ ਏ । ਵਿੱਚ ਮੈਦਾਨਾਂ ਉਚਾ ਰੱਖਿਆ ਝੰਡੇ ਨੂੰ, ਦੋਖੀਆਂ ਮੈਨੂੰ ਕਿੰਨੀ ਵਾਰੀ ਅੰਗਿਆ ਏ । ਸੱਚੀਆਂ ਗੱਲਾਂ ਕਰਕੇ 'ਰਾਜੇ' ਕੀ ਖੱਟਿਆ, ਲੋਕਾਂ ਉਹਨੂੰ ਸੂਲੀ ਉੱਤੇ ਟੰਗਿਆ ਏ ।