Baranmah-Dardmandan & Muhammadi Rahim Yar

ਬਾਰਾਂਮਾਹ-ਦਰਦਮੰਦਾਂ ਅਤੇ ਮੁਹੰਮਦੀ ਰਹੀਮ ਯਾਰ

1. ਬਾਰਾਂਮਾਹ-ਦਰਦਮੰਦਾਂ

ਚੇਤਰ ਚਾਉ ਸਜਨ ਗਏ ਵਾਗਾਂ, ਸਾਥੋਂ ਦਿਲ ਦੀਆਂ ਚਾ ਕੇ ਜੀ
ਨਵੀਂ ਵਿਆਹੀ ਦਰਦਾਂ ਫਾਹੀ, ਕੀ ਖੱਟਿਆ ਨੇਹੁੰ ਲਾ ਕੇ ਜੀ
ਵਾਂਙ ਜ਼ੁਲੈਖ਼ਾਂ ਕਮਲੀ ਕੀਤਾ, ਯੂਸਫ਼ ਸੁਫ਼ਨੇ ਆ ਕੇ ਜੀ
ਆਪ 'ਰਹੀਮ' ਕਿਨਾਰੇ ਬੈਠਾ, ਸਾਨੂੰ ਨਦੀ ਰੁੜ੍ਹਾ ਕੇ ਜੀ ।੧।

ਵਿਸਾਖ ਵਿਸਾਖੀ ਸਹੀਆਂ ਨ੍ਹਾਵਣ, ਨਾਲ ਹੰਝੂ ਮੁਖ ਧੋਵਾਂ ਮੈਂ
ਸਈਆਂ ਹਾਰ ਸ਼ਿੰਗਾਰ ਲਗਾਵਨ, ਮੋਤੀ ਅਸ਼ਕ ਪਰੋਵਾਂ ਮੈਂ
ਖ਼ਲਕ ਪੀਆਂ ਦੇ ਗਾਣੇ ਗਾਵੇ, ਵੈਣ ਦੁਖਾਂ ਦੇ ਛੋਹਵਾਂ ਮੈਂ
ਵੇਖ 'ਰਹੀਮ' ਪਿਆਰੇ ਬਾਝੋਂ, ਉਠਦੀ ਬਹਿੰਦੀ ਰੋਵਾਂ ਮੈਂ ।੨।

ਜੇਠ ਮਹੀਨਾ ਹੇਠ ਗ਼ਮਾਂ ਦੇ, ਸੱਥਰ ਵਾਂਙ ਵਿਛਾਈਆਂ ਮੈਂ
ਬਿਰਹੋਂ ਜਟ ਲਗਾ ਲੜ ਮੇਰੇ, ਵਾਂਗ ਕਣਕ ਦੇ ਗਾਹੀਆਂ ਮੈਂ
ਜੋਗ ਗ਼ਮਾਂ ਦੀ ਦਿਲ ਤੇ ਫਿਰਦੀ, ਜੁਦਾ ਜੁਦਾ ਕਰ ਚਾਈਆਂ ਮੈਂ
ਵੇਖ 'ਰਹੀਮ' ਇਸ ਇਸ਼ਕ ਤੇਰੇ ਨੇ, ਛੱਜੀਂ ਪਾ ਉੜਾਈਆਂ ਮੈਂ ।੩।

ਹਾੜ ਕਾੜ ਗ਼ਮਾਂ ਦੀਆਂ ਧੁਪਾਂ, ਜਾਨ ਕੀਤੀ ਚਾ ਮਾਂਦੀ ਵੇ
ਆਤਸ਼ ਇਸ਼ਕ ਸੀਨੇ ਵਿਚ ਫੂਕੀ, ਨ ਪੀਂਦੀ ਨ ਖਾਂਦੀ ਵੇ
ਹਿਜਰ ਕੁਠਾਲੀ ਦੇ ਵਿਚ ਪੈ ਕੇ, ਹੁਣ ਮੈਂ ਗਲਦੀ ਜਾਂਦੀ ਵੇ
ਕੱਖ 'ਰਹੀਮ' ਵਸਲ ਦਾ ਪਾਵੀਂ, ਹੋ ਜਾਵਾਂ ਫਿਰ ਚਾਂਦੀ ਵੇ ।੪।

ਸਾਵਨ ਸਰਕ ਗਿਆ ਉਸ ਕੋਲੋਂ, ਜਿਸਦਾ ਦਿਲਬਰ ਯਾਰ ਨਹੀਂ
ਜਿਸ ਤਨ ਲਗੇ ਸੋ ਤਨ ਜਾਣੇ, ਦੂਜੇ ਨੂੰ ਇਤਬਾਰ ਨਹੀਂ
ਏਸ ਵਿਛੋੜੇ ਕੋਲੋਂ ਮੈਨੂੰ, ਮੁਸ਼ਕਲ ਚੜ੍ਹਨਾ ਦਾਰ ਨਹੀਂ
ਆਖ 'ਰਹੀਮ' ਪਿਆਰੇ ਬਾਝੋਂ, ਜੀਵਨ ਕੁਝ ਦਰਕਾਰ ਨਹੀਂ ।੫।

ਭਾਦੋਂ ਭਾਹ ਅਸਾਡੇ ਵਰਤੀ, ਡਾਢੇ ਦੀ ਤਕਦੀਰ ਸਹੀਓ
ਛੁਟਿਆ ਤੀਰ ਜੁਦਾਰੀ ਵਾਲਾ, ਗਿਆ ਕਲੇਜਾ ਚੀਰ ਸਹੀਓ
ਉਸਦੀ ਚਲੀ ਕਿਸੇ ਨ ਵੱਲੀ, ਆਖਣ ਪੀਰ ਫ਼ਕੀਰ ਸਹੀਓ
ਸੋਈਓ ਮਰ੍ਹਮ 'ਰਹੀਮ' ਲਗਾਵੇ, ਜਿਸਨੇ ਲਾਇਆ ਤੀਰ ਸਹੀਓ ।੬।

ਅਸੂਜ ਅਸਾਂ ਕੀ ਕੀਤਾ ਅੜਿਆ, ਇਸ ਦੁਨੀਆਂ ਤੇ ਆ ਕੇ ਵੇ
ਤੁਹਮਤ ਤੇ ਬਦਨਾਮੀ ਖੱਟੀ, ਨਾਲ ਤੇਰੇ ਨੇਹੁੰ ਲਾ ਕੇ ਵੇ
ਤੇਰੇ ਉਤੇ ਦੋਸ਼ ਕੀ ਪਿਆਰੇ, ਆਈਆਂ ਲੇਖ ਲਿਖਾ ਕੇ ਵੇ
ਵੱਸ 'ਰਹੀਮ' ਹੋਵੇ ਜੇ ਮੇਰੇ, ਮਰ ਜਾਵਾਂ ਕੁਝ ਖਾ ਕੇ ਵੇ ।੭।

ਕਤਕ ਕੌਂਤ ਗਿਆ ਹੈ ਜਦ ਦਾ, ਹਾਰ ਸ਼ਿੰਗਾਰ ਨ ਭਾਵੇ ਨੀ
ਗਹਿਣਾ ਸੁੰਜਾ ਰਹਣਾ ਮੈਨੂੰ, ਡੱਬੇ ਵਿਚ ਡਰਾਵੇ ਨੀ
ਖਾਣਾ ਮਾਸ ਹੱਡਾਂ ਦਾ ਖਾਂਦਾ, ਪੀਵਣ ਰੱਤ ਸੁਕਾਵੇ ਨੀ
ਆਖ 'ਰਹੀਮ' ਪਿਆਰੇ ਬਾਝੋਂ, ਲਗੀ ਕੌਣ ਬੁਝਾਵੇ ਨੀ ।੮।

ਮੱਘਰ ਮਾਰ ਗ਼ਮਾਂ ਨੇ ਮੈਨੂੰ, ਕੀਤਾ ਚਕਨਾਚੂਰ ਸਹੀਓ
ਹਿਜਰ ਭੱਠੀ ਵਿਚ ਜਿੰਦੜੀ ਪੈ ਕੇ, ਹੋ ਗਈ ਵਾਂਗ ਮਨੂਰ ਸਹੀਓ
ਆਸ਼ਕ ਸੜਦੇ ਭੁਜ ਭੁਜ ਵੜਦੇ, ਜ਼ਾਲਮ ਇਸ਼ਕ ਤੰਦੂਰ ਸਹੀਓ
ਵੇਖ 'ਰਹੀਮ' ਪਿਆਰੇ ਬਾਝੋਂ, ਸੀਨੇ ਵਿਚ ਨਸੂਰ ਸਹੀਓ ।੯।

ਪੋਹ ਮਹੀਨੇ ਪਹੁ ਨ ਫੁਟੀ, ਰਾਤ ਅਜ਼ਾਬਾਂ ਵਾਲੀ ਵੇ
ਤੇਰੇ ਪਾਲੇ ਪੈ ਗਏ ਛਾਲੇ, ਅੱਗ ਹਿਜਰ ਨੇ ਬਾਲੀ ਵੇ
ਸੁਫ਼ਨੇ ਦੇ ਵਿਚ ਆਵੇਂ ਜਾਵੇਂ, ਸੇਜ ਵੇਖਾਂ ਤੇ ਖਾਲੀ ਵੇ
ਜੇ ਕਰ ਗਲੇ 'ਰਹੀਮ' ਲਗਾਵੇਂ, ਹੋ ਜਾਵਾਂ ਖੁਸ਼ਹਾਲੀ ਵੇ ।੧੦।

ਮਾਘ ਮਹੀਨੇ ਮਾਹੀ ਬਾਝੋਂ, ਮੱਝ ਅਕੇਲਾ ਕੀਤਾ ਮੈਂ
ਸਬਰੋਂ ਅਜਰ ਮਿਲੇਂਦਾ ਸੁਣਿਆ, ਸਬਰ ਪਿਆਲਾ ਪੀਤਾ ਮੈਂ
'ਸੁਮਨ ਬੁਕਰਮ' ਸੂਈ ਲੈ ਕੇ, ਫੱਟ ਜਿਗਰ ਦਾ ਸੀਤਾ ਮੈਂ
ਥੋੜੀ ਦਿਨੀਂ 'ਰਹੀਮ' ਸਜਨ ਨੂੰ, ਵਿਚ ਕਲਾਵੇ ਲੀਤਾ ਮੈਂ ।੧੧।

ਫੱਗਣ ਫਾਹੀ ਦੇ ਵਿਚ ਫਾਥੀ, ਆਕਾ ! ਤੇਰੀ ਗੋਲੀ ਮੈਂ
ਜਲਦੀ ਆਵੀਂ ਦੇਰ ਨ ਲਾਵੀਂ, ਜਾਨ ਅਜ਼ਾਬਾਂ ਡੋਲੀ ਮੈਂ
ਆ ਵੜ ਵੇਹੜੇ ਸੰਝ ਸਵੇਰੇ, ਸੁਖ ਦੀ ਖੇਡਾਂ ਹੋਲੀ ਮੈਂ
ਮੰਗਾਂ ਖ਼ੈਰ 'ਰਹੀਮ' ਸੱਜਣ ਦੀ, ਲੰਮੀ ਕਰ ਕਰ ਝੋਲੀ ਮੈਂ ।੧੨।

ਮੈਂ ਸੁੱਤੀ ਤੇ ਕਿਸਮਤ ਜਾਗੀ, ਕੌਂਤ ਕਹਿਆ, ਲੈ ਆਇਆ ਮੈਂ
'ਮੁਤੂਆ ਕਬਲ ਅਨਤਮੂਤੂ', ਮਰ ਕੇ ਦਰਸ਼ਨ ਪਾਇਆ ਮੈਂ
ਵਾਂਙ ਜ਼ੁਲੈਖ਼ਾਂ ਚੜ੍ਹੀ ਜੁਆਨੀ, ਯੂਸਫ਼ ਨੂੰ ਗਲ ਲਾਇਆ ਮੈਂ
ਦਰਦਮੰਦਾਂ ਦੀ ਖ਼ਾਤਰ ਸਹੀਓ, ਬਾਰਾਂਮਾਹ ਬਣਾਇਆ ਮੈਂ ।੧੩।

2. ਬਾਰਾਂਮਾਹ-ਮੁਹੰਮਦੀ

ਚੇਤਰ ਚਿਤ ਹਮੇਸ਼ਾਂ ਕਰਦਾ, ਵਿਚ ਮਦੀਨੇ ਜਾਵਾਂ ਮੈਂ
ਰੋਜ਼ੇ ਪਾਕ ਨਬੀ ਦੇ ਉਤੋਂ, ਅਪਣੀ ਜਾਨ ਘੁਮਾਵਾਂ ਮੈਂ
ਜੇਕਰ ਹੋਵੇ ਹਜ਼ੂਰੀ ਪੂਰੀ, ਸਾਰੇ ਮਤਲਬ ਪਾਵਾਂ ਮੈਂ
ਰਬ ਰਹੀਮ ਕਰੀਮ ਕਾਦਰ ਤੋਂ, ਏਹੋ ਹਰਦਮ ਚਾਹਵਾਂ ਮੈਂ ।੧।

ਬੈਸਾਖ ਬਸਾਖੀ ਲੋਕੀ ਜਾਵਣ, ਮੈਂ ਤੜਪਾਂ ਮਦੀਨੇ ਨੂੰ
ਜਿਸਦੀ ਦੌਲਤ ਦੀਨ ਦੁਨੀ ਸਭ, ਵੇਖਾਂ ਉਸ ਖ਼ਜ਼ੀਨੇ ਨੂੰ
ਕਿਤ ਤਿਆਰੀ ਕਰਾਂ ਵਿਚਾਰੀ, ਮੈਂ ਸੁਬਹਾਨ ਮਹੀਨੇ ਨੂੰ
ਵੇਖਣ ਬਾਝ ਮੁਹੰਮਦ ਤੇਰੇ, ਭੱਠ ਘੱਤਾਂ ਇਸ ਜੀਨੇ ਨੂੰ ।੨।

ਜੇਠ ਹੇਠ ਰੋਜ਼ੇ ਦੇ ਜਾ ਕੇ, ਆਖਾਂ ਅਪਣੇ ਵਾਲੀ ਨੂੰ
ਐ ਮਹਿਬੂਬ ਹਬੀਬ ਖ਼ੁਦਾ ਦੇ, ਪਾਵੋ ਖੈਰ ਸਵਾਲੀ ਨੂੰ
ਤੂੰ ਸਖੀਆਂ ਦਾ ਸਖੀ ਮੁਹੰਮਦ, ਸੀਰ ਕਰੋ ਚਾ ਖਾਲੀ ਨੂੰ
ਬਾਝ ਦੀਦਾਰ ਕਦੇ ਨਾ ਛੋਡਾਂ, ਮੈਂ ਰੋਜ਼ੇ ਦੀ ਜਾਲੀ ਨੂੰ ।੩।

ਹਾੜ੍ਹ ਮਹੀਨੇ ਹਾੜ੍ਹੇ ਦਿਲ ਵਿਚ, ਹਜ਼ਰਤ ਕਰਾਂ ਬਥੇਰੇ ਮੈਂ
ਜੇਕਰ ਰੱਬ ਸਬੱਬ ਬਣਾਵੇ, ਰੋਜ਼ੇ ਪਹੁੰਚਾਂ ਤੇਰੇ ਮੈਂ
ਏਹੋ ਸਿਕ ਦਿਲੇ ਵਿਚ ਰਹਿੰਦੀ, ਲਵਾਂ ਚੁਤਰਫੀ ਫੇਰੇ ਮੈਂ
ਇਕ ਇਸ਼ਾਰਾ ਕਾਫੀ ਹਜ਼ਰਤ, ਪਹੁੰਚਾਂ ਸੰਝ ਸਵੇਰੇ ਮੈਂ ।੪।

ਸਾਵਣ ਸੌਂ ਜਾਵਣ ਸਭ ਸਖੀਆਂ, ਨੀਂਦ ਕਦੋਂ ਦੁਖਿਆਰੀ ਨੂੰ
ਪਿਛਲੀ ਰਾਤੀਂ ਕਿਤ ਉਡੀਕਾਂ, ਹਜ਼ਰਤ ਮੈਂ ਅਸਵਾਰੀ ਨੂੰ
ਸ਼ਰਬਤ ਸੰਦਲ ਪਿਲਾਵੋ ਹਜ਼ਰਤ, ਦੂਰ ਕਰੋ ਬੀਮਾਰੀ ਨੂੰ
ਕਦੀ ਮਦੀਨੇ ਸੱਦ ਮੁਹੰਮਦ, ਆਜਜ਼ ਔਗਣਹਾਰੀ ਨੂੰ ।੫।

ਭਾਦੋਂ ਭਾਗ ਉਨ੍ਹਾਂ ਦੇ ਚੰਗੇ, ਕੀਤੇ ਜਿਨ੍ਹਾਂ ਨਜ਼ਾਰੇ ਜੀ
ਵੇਖਣ ਵਾਲੇ ਜਿਸਨੇ ਵੇਖੇ, ਦੋਹੀਂ ਜਹਾਨੀਂ ਤਾਰੇ ਜੀ
ਹਿੰਦ ਸਿੰਧ ਵਿਚ ਰੁਲਣ ਹਮੇਸ਼ਾਂ, ਮੈਂ ਜਿਹੇ ਕਰਮਾਂ ਮਾਰੇ ਜੀ
ਪੜ੍ਹਨੇ ਸੁਣਨੇ ਲਿਖਣੇ ਵਾਲੇ, ਸੱਦ ਮਦੀਨੇ ਸਾਰੇ ਜੀ ।੬।

ਅਸੂਜ ਆਸ ਹੋਵੇ ਤਾਂ ਪੂਰੀ, ਜਾਂ ਕਿਸਮਤ ਬੇਦਾਰ ਹੋਵੇ
ਬਖ਼ਤ ਕਮਬਖ਼ਤ ਜੇ ਯਾਵਰ ਹੋਵਣ, ਕਿਉਂ ਨਾ ਫੇਰ ਦੀਦਾਰ ਹੋਵੇ
ਸ਼ਰਬਤ ਸੰਦਲ ਮਿਲੇ ਜੇ ਮੈਨੂੰ, ਗ਼ਮ ਦਾ ਦੂਰ ਅਜ਼ਾਰ ਹੋਵੇ
ਕਲਮਾ ਆਖ ਮੁਹੰਮਦ ਵਾਲਾ, ਬੇੜਾ ਸ਼ਹੁ ਥੀਂ ਪਾਰ ਹੋਵੇ ।੭।

ਕੱਤਕ ਕੌਂਤ ਮਦੀਨੇ ਅੰਦਰ, ਵਿਚ ਪੰਜਾਬ ਖਰਾਬ ਬੰਦੀ
ਆਤਸ਼ ਇਸ਼ਕ ਤੁਸਾਡੀ ਹਜ਼ਰਤ, ਕੀਤੀ ਭੁੰਨ ਕਬਾਬ ਬੰਦੀ
ਰੱਬ ਰਹੀਮ ਕੋਲੋਂ ਨਿਤ ਮੰਗੇ, ਤੇਰਾ ਵਸਲ ਸ਼ਰਾਬ ਬੰਦੀ
ਤੇਰੇ ਹਿਜਰੋਂ ਪਾਕ ਮੁਹੰਮਦ, ਸਿਰ ਪਰ ਲੱਖ ਅਜ਼ਾਬ ਬੰਦੀ ।੮।

ਮੱਘਰ ਮਾਰ ਵਿਛੋੜੇ ਤੇਰੇ, ਕੀਤੀ ਚਾ ਮਸਤਾਨੀ ਜੀ
ਮਾਂ ਪਿਉ ਖੇਸ਼ ਕਬੀਲਾ ਮੈਨੂੰ, ਆਖਣ ਸਭ ਦੀਵਾਨੀ ਜੀ
ਦੀਨ ਦੁਨੀ ਵਿਚ ਜ਼ਾਹਰ ਬਾਤਨ, ਤੂੰ ਹੀ ਦਿਲ ਦਾ ਜਾਨੀ ਜੀ
ਇਕ ਨਜ਼ਾਰਾ ਬਖ਼ਸ਼ੋ ਮੈਨੂੰ, ਐ ਮਹਿਬੂਬ ਸੁਜਾਨੀ ਜੀ ।੯।

ਪੋਹ ਮਹੀਨੇ ਪਹੁ ਫੁਟਣ ਦੇ, ਵੇਲੇ ਮੈਂ ਉਠ ਬਹਿਨੀ ਆਂ
ਮਿੰਨਤਾਂ ਕਰਕੇ ਨਿਤ ਸਬਾ ਨੂੰ, ਇਹ ਸੁਨੇਹੇ ਕਹਿਨੀ ਆਂ
ਪੁਛ ਸਬਾ ਤੂੰ ਰੋਜ਼ੇ ਜਾ ਕੇ, ਕਦੋਂ ਮਦੀਨੇ ਵਹਿਨੀ ਆਂ
ਬਾਝ ਖ਼ੁਦਾਵੰਦ ਕੋਈ ਨਾ ਜਾਣੇ, ਜੋ ਸਦਮੇ ਸਿਰ ਸਹਿਨੀ ਆਂ ।੧੦।

ਮਾਘ ਮਹੀਨੇ ਮਾਹੀ ਬਾਝੋਂ, ਮਾਹੀ ਮਾਹੀ ਕਰਦੀ ਹਾਂ
ਲੈ ਲੈ ਨਾਮ ਤੁਸਾਡਾ ਹਜ਼ਰਤ, ਬਹਿਰ ਗ਼ਮਾਂ ਵਿਚ ਤਰਦੀ ਹਾਂ
ਇਸ਼ਕ ਤੁਸਾਡੇ ਅੰਦਰ ਹਜ਼ਰਤ, ਦੁਖ ਹਜ਼ਾਰਾਂ ਜਰਦੀ ਹਾਂ
ਯਾ ਮੁਹੰਮਦ ਯਾ ਮੁਹੰਮਦ, ਉਠਦੀ ਬਹਿੰਦੀ ਪੜ੍ਹਦੀ ਹਾਂ ।੧੧।

ਫਗਣ ਫਾਹੀ ਵਿਚੋਂ ਹਰਨੀ, ਹਜ਼ਰਤ ਤੁਸਾਂ ਛੁਡਾਈ ਏ
ਮੇਰੀ ਜਾਨ ਵਿਛੋੜੇ ਤੇਰੇ, ਫਾਹੀ ਦੇ ਵਿਚ ਫਾਹੀ ਏ
ਗੁਲਸ਼ਨ ਦੇ ਵਿਚ ਮੁੜ ਕੇ ਹਜ਼ਰਤ, ਰੁਤ ਗੁਲਾਂ ਦੀ ਆਈ ਏ
ਖ਼ਾਤਰ ਪਾਕ ਮੁਹੰਮਦ ਤੇਰੀ, ਸੋਹਣੀ ਸੇਜ ਸਜਾਈ ਏ ।੧੨।

ਆਮਦ ਆਮਦ ਅਹਿਮਦ ਕੀਤੀ, ਸਭ ਜਗ ਨੂਰੋ ਨੂਰ ਹੋਇਆ
ਡਿਗੇ ਲਾਤਉਜ਼ੀ ਬੁਤ ਦੋਵੇਂ, ਐਸਾ ਨੂਰ ਜ਼ਹੂਰ ਹੋਇਆ
ਘਰ ਅੰਧੇਰ ਦੇ ਕੰਬਣ ਲਗੇ, ਕੁਫ਼ਰ ਸ਼ਿਰਕ ਸਭ ਦੂਰ ਹੋਇਆ
ਕਲਮਾ ਆਖ ਰਹੀਮ ਨਬੀ ਦਾ, ਬਾਰਾਂਮਾਹ ਮਨਜ਼ੂਰ ਹੋਇਆ ।੧੩।