Punjabi Poetry Qamar-uz-Zaman
ਪੰਜਾਬੀ ਕਲਾਮ/ਗ਼ਜ਼ਲਾਂ ਕਮਰ-ਉਜ਼-ਜ਼ਮਾਂ
1. ਫੁੱਲਾਂ ਨੂੰ ਖੁਸ਼ਬੋ ਨਾਲ ਲੜਦਾ ਵੇਖ ਰਹਿਆਂ
ਫੁੱਲਾਂ ਨੂੰ ਖੁਸ਼ਬੋ ਨਾਲ ਲੜਦਾ ਵੇਖ ਰਹਿਆਂ,
ਬਾਗ਼ ਨੂੰ ਏਸੇ ਅੱਗ ਵਿਚ ਸੜਦਾ ਵੇਖ ਰਹਿਆਂ ।
ਨੁੱਕਰ ਭੁਰਨ ਦਾ ਝੋਰਾ ਐਵੇਂ ਝੁਰਦੇ ਰਹੇ,
ਹੌਲੀ ਹੌਲੀ ਚਾਕ ਵੀ ਝੜਦਾ ਵੇਖ ਰਹਿਆਂ ।
ਖੌਰੇ ਕਿਹੜਾ ਖ਼ੌਫ਼ ਏ ਜਿਹੜਾ ਦਿਸਦਾ ਨਹੀਂ,
ਅੱਜ ਕੱਲ ਆਪਣੀ ਜੀਭ ਨੂੰ ਅੜਦਾ ਵੇਖ ਰਹਿਆਂ ।
ਰੱਬਾ ਬਸਤਾ ਲੈਣ ਦੀਆਂ ਤੌਫ਼ੀਕਾਂ ਦੇ,
ਆਪਣੇ ਬਾਲ ਨੂੰ ਕਾਨਾ ਘੜਦਾ ਵੇਖ ਰਹਿਆਂ ।
ਸੱਪ ਬੰਦੇ ਦਾ ਬੰਦਾ ਸੱਪ ਦਾ ਵੈਰੀ ਏ,
ਮੈਂ ਬੰਦੇ ਨੂੰ ਬੰਦਾ ਲੜਦਾ ਵੇਖ ਰਹਿਆਂ ।
2. ਝੜ ਨਾ ਜਾਵਣ ਸਾਵੇ ਪੱਤਰ ਰੁੱਖਾਂ ਦੇ
ਝੜ ਨਾ ਜਾਵਣ ਸਾਵੇ ਪੱਤਰ ਰੁੱਖਾਂ ਦੇ
ਰੋਕ ਲਵੋ ਹੁਣ ਵਰ੍ਹਦੇ ਬੱਦਲ ਦੁੱਖਾਂ ਦੇ
ਵੇੜ੍ਹਿਆਂ ਵਿਚ ਬਹਾਰਾਂ ਆਉਂਦੀਆਂ ਧੀਆਂ ਨਾਲ਼
ਪੁੱਤਰਾਂ ਖ਼ਾਤਿਰ ਬੀਅ ਨਾ ਮਾਰੋ ਕੁੱਖਾਂ ਦੇ
ਹਿਜਰ ਦਾ ਮਾਰਾ ਚੇਤਰ ਫੇਰਾ ਪਾਂਦਾ ਨਹੀਂ
ਵੇਖ ਕੇ ਸਾਡੇ ਦਿਨ ਤੇ ਰਾਤ ਨੇ ਭੁੱਖਾਂ ਦੇ
ਲਹੂ ਤੇ ਸਾਰਾ ਚੂਸ ਲਿਆ ਏ ਸੱਧਰਾਂ ਨੇ
ਡਰ ਦੇ ਮਾਰੇ ਰੰਗ ਨੇ ਪੀਲੇ ਮੁੱਖਾਂ ਦੇ
ਆਪਣੇ ਹੱਥੀਂ ਪਾਲ਼ ਕੇ ਬੂਟੇ ਪੁੱਟੀਏ ਨਾ
ਖ਼ੌਰੇ ਮੁੜ ਕੇ ਆਵਣ ਮੌਸਮ ਸੁੱਖਾਂ ਦੇ
3. ਕਾਲ਼ਾਂ ਵਿੱਚ ਅਕਾਲ ਦੇ ਹੱਥ
ਕਾਲ਼ਾਂ ਵਿੱਚ ਅਕਾਲ ਦੇ ਹੱਥ
ਜਾਂਦੇ ਉਮਰਾਂ ਗਾਲ਼ਦੇ ਹੱਥ
ਇਹ ਤੇ ਹੱਥ ਈ ਦੱਸਣਗੇ
ਟੱਬਰ ਕਿਸ ਤਰ੍ਹਾਂ ਪਾਲ਼ਦੇ ਹੱਥ
ਬਹਿ ਗਏ ਆਣ ਬਨੇਰੇ ਕਾਂ
ਵੇਖ ਕੇ ਭੋਰਾ ਬਾਲ ਦੇ ਹੱਥ
ਕੁਝ ਆਂਦਾ ਕੁਝ ਜਾਂਦਾ ਏ
ਆਂਦੇ ਜਾਂਦੇ ਸਾਲ ਦੇ ਹੱਥ
ਮਜ਼ਦੂਰੀ ਵੀ ਮਾਂ ਵਰਗੀ ਏ
ਚੁੰਮ ਲੈਂਦੀ ਏ ਬਾਲ ਦੇ ਹੱਥ
'ਕਮਰ' ਜ਼ਮਾਨੇ ਕੀ ਪਛਤਾਣਾ
ਵੇਖ ਕੇ ਤੀਲੀ ਬਾਲ ਦੇ ਹੱਥ
4. ਉਸ ਬੇਭਰਮੀ ਕੀ ਕਰਨੀ
ਉਸ ਬੇਭਰਮੀ ਕੀ ਕਰਨੀ
ਸ਼ਰਮੋਂ ਸ਼ਰਮੀ ਕੀ ਕਰਨੀ
ਜਿਹੜੇ ਡਰਦੇ ਪਾਲੇ ਤੋਂ
ਉਨ੍ਹਾਂ ਗਰਮੀ ਕੀ ਕਰਨੀ
ਮਨ ਵਿੱਚ ਛੇਕ ਬਥੇਰੇ ਨੇ
ਧਰਮੀ ਵਰਮੀ ਕੀ ਕਰਨੀ
ਜੰਮਦੀਆਂ ਦੇ ਮੂੰਹ ਤਿੱਖੇ ਸਨ
ਸੂਲ ਠਰਮ੍ਹੀ ਕੀ ਕਰਨੀ
ਭੁੱਖਾਂ ਅੱਗੇ ਮਾੜੇ ਨੇ
ਖਾ ਕੇ ਗਰਮੀ ਕੀ ਕਰਨੀ
ਉਹ ਹੀ ਅੱਗੋਂ ਸ਼ੀਸ਼ਾ ਏ
ਪੱਥਰ ਨਰਮੀ ਕੀ ਕਰਨੀ
5. ਚਾਨਣ ਦੀ ਥਾਂ ਨ੍ਹੇਰ ਲਿਆ ਸੂ
ਚਾਨਣ ਦੀ ਥਾਂ ਨ੍ਹੇਰ ਲਿਆ ਸੂ
ਜੀਵਣ ਤੋਂ ਮੂੰਹ ਫੇਰ ਲਿਆ ਸੂ
ਇਕ ਤੇ ਸਾਨੂੰ ਮੌਤ ਸੂ ਵੇਚੀ
ਦੂਜਾ ਮੁੱਲ ਵੀ ਢੇਰ ਲਿਆ ਸੂ
ਅੱਥਰੂ ਨਹੀਂ ਜੇ ਉਹਦੀ ਪਲਕੇ
ਫਿਰ ਕੋਈ ਤਾਰਾ ਟੇਰ ਲਿਆ ਸੂ
ਮੇਰਾ ਵਿਹੜਾ ਵੱਟਿਓ ਵੱਟੇ
ਲੱਭਿਆ ਕੀ ਸੂ ਬੇਰ ਲਿਆ ਸੂ
ਮੌਤ ਸਰ੍ਹਾਣੇ ਆ ਬੈਠੀ ਏ
ਮੁੱਖ ਕੀ ਮੈਥੋਂ ਫੇਰ ਲਿਆ ਸੂ
6. ਬੋਲੀਆਂ
ਮੈਨੂੰ ਯਾਦ ਸੱਜਣ ਦੀ ਆਵੇ, ਹੌਲੀ ਹੌਲੀ ਮੀਂਹ ਵਰ੍ਹਦਾ
ਵੇ ਮੈਂ ਭੁਇੰ ਤੇ ਡੁਲ੍ਹੀ ਮਿਸਰੀ, ਲੈ ਜਾ ਮੇਰਾ ਰੁੱਗ ਭਰਕੇ
ਸੱਚੇ ਰੱਬ ਨੂੰ ਭੁਲਾਈ ਫਿਰਦਾਂ, ਧਰਤੀ ਤੇ ਯਾਰ ਵਸਦਾ
ਪੈਰ ਡੱਕ ਲਏ ਬਲੌਰੀ ਬਰਫ਼ਾਂ, ਫੇਰ ਮੇਰੀ ਅੱਖ ਟੁਰ ਪਈ
ਆ ਕੱਠਿਆਂ ਹਿਜਰ ਹੰਢਾਈਏ, ਰੁੱਖ ਨਹੀਂਉਂ ਭੁੱਖ ਕਟਦੇ
ਧੀਆਂ ਨੇ ਤੇਰੀ ਲੱਜ ਰੱਖਣੀ, ਪੱਤ ਰੋਲਣੀ ਪੁੱਤਾਂ ਨੇ ਤੇਰੀ
ਮੇਰੇ ਹੱਥ ਵਿੱਚ ਮੋਹ ਦੀ ਤੱਕੜੀ, ਯਾਰਾਂ ਨੂੰ ਮੈਂ ਕਿਵੇਂ ਤੋਲਦਾਂ
ਤਵਾ ਮਾਰਿਆ ਮਾਂ ਨੇ ਮੂਧਾ, ਰਹਿ ਗਏ ਅਸੀਂ ਤਾਰੇ ਗਿਣਦੇ
ਖ਼ੌਰੇ ਉਹਦੀ ਭੁੱਖ ਮਰ ਜਾਏ, ਤੂੰ ਰੋਟੀ ਨਾਲ ਪ੍ਰੇਮ ਕਰ ਲੈ
ਗੋਰੀ ਖਿੱਚ ਕੇ ਪਰਾਂਦੇ ਵਿੱਚੋਂ ਧਾਗਾ, ਰਾਤ ਨਾਲ ਵੈਰ ਪਾ ਲਿਆ
ਸਾਡੀ ਹੋਂਦ ਨੂੰ ਚੱਟਦੀ ਜਾਵੇ, ਜ਼ਰ ਦੀ ਜ਼ੁਬਾਨ ਔਤਰੀ
ਅਸਾਂ ਲੱਕੜੀ ਦੇ ਊਠ ਬਣਾਏ, ਭਾਰ ਸਾਰੇ ਆਪ ਚੁੱਕ ਲਏ
ਪਾਣੀ ਵੱਢ ਲਿਆ ਡਾਢੇ ਮੇਰਾ, ਟੇਲਾਂ ਤੱਕ ਆਸ ਅੱਪੜੀ
ਕਹਾਣੀ ਮੁੱਕ ਗਈ ਬੰਦਿਆ ਤੇਰੀ, ਜੰਮਦੇ ਨੇ ਸਾਹ ਲੈ ਲਿਆ
ਬਾਲਾਂ ਫੂਕਣੀ ਵਗਾਹ ਕੇ ਮਾਰੀ, ਬਾਪੂ ਦੇ ਜਦੋਂ ਸਾਹ ਮੁੱਕ ਗਏ
ਯਾਦਾਂ ਸੱਧਰਾਂ ਦੇ ਲਹੂ ਵਿੱਚ ਰਿੜਕਾਂ, ਫੇਰ ਇੱਕ ਸ਼ੇਅਰ ਬਣਦਾ