Punjabi Tappe : Karamjit Singh Gathwala

ਪੰਜਾਬੀ ਟੱਪੇ : ਕਰਮਜੀਤ ਸਿੰਘ ਗਠਵਾਲਾ

1
ਤਿੱਖੜੇ ਮੂੰਹ ਰੋੜਾਂ ਦੇ,
ਕੀਹਦੀ-ਕੀਹਦੀ ਗੱਲ ਕਰੀਏ, ਮਾਂ-ਪਿਉ ਵੀ ਲੋੜਾਂ ਦੇ ।
2
ਪਿੱਛੇ ਪੈਰ ਹਟਾਇਓ ਨਾ,
ਸਿਰ ਤੇ ਜੇ ਆ ਹੀ ਪਈ, ਪਿੱਠ ਦੇ ਕੇ ਜਾਇਓ ਨਾ ।
3
ਸਾਡੀ ਗ਼ਲਤੀ ਮਾਫ਼ ਕਰੋ,
ਸੱਚ ਪਰ ਤਾਂ ਦਿੱਸਣਾ, ਸ਼ੀਸ਼ਾ ਦਿਲ ਦਾ ਸਾਫ਼ ਕਰੋ ।
4
ਰੋਂਦੇ ਕੌਣ ਵਰਾਉਂਦਾ ਏ?
ਜੀਹਦੇ ਦਿਲੋਂ ਰੁੱਗ ਭਰਦਾ, ਓਹੀ ਛਾਤੀ ਨਾਲ ਲਾਉਂਦਾ ਏ ।
5
ਚੰਨ ਬੂਹੇ ਚੜ੍ਹ ਆਇਆ,
ਅੱਖਾਂ ਦੇ ਵੀ ਬੰਨ੍ਹ ਟੁੱਟ ਗਏ, ਐਸਾ ਦਿਲ ਵਿੱਚ ਹੜ੍ਹ ਆਇਆ ।
6
ਬੁਲਬੁਲ ਫੁੱਲਾਂ ਕੋਲ ਆਉਂਦੀ ਏ,
ਉਨ੍ਹਾਂ ਕੋਲੋਂ ਮਹਿਕ ਲਏ ਗੀਤ ਉਨ੍ਹਾਂ ਨੂੰ ਸੁਣਾਉਂਦੀ ਏ ।
7
ਵਾਅ ਪੱਤਰੇ ਝਾੜ ਗਈ,
ਤੇਰੀ ਵੇ ਜੁਦਾਈ ਚੰਦਰੀ ਜਿਉਂਦੇ ਜੀਅ ਸਾੜ ਗਈ ।
8
ਮਾਲੀ ਹੌਕੇ ਭਰਦਾ ਏ,
ਫੁੱਲਾਂ ਨੂੰ ਗੜੇ ਝਾੜ ਗਏ ਰੱਬ ਕੀ ਕੀ ਕਰਦਾ ਏ ।
9
ਬਾਗ਼ ਚੰਨਣ ਦਾ ਲਾ ਬੈਠੇ,
ਪਤਾ ਸਾਨੂੰ ਪਿਛੋਂ ਲੱਗਿਆ ਸਾਥੀ ਨਾਗ ਬਣਾ ਬੈਠੇ ।
10
ਪੰਛੀ ਗੀਤ ਸੁਣਾਉਂਦੇ ਨੇ,
ਬਿਰਹੁੰ ਵਿੱਚ ਸੜਿਆਂ ਨੂੰ ਲੱਗੇ ਕੀਰਨੇ ਪਾਉਂਦੇ ਨੇ ।
11
ਫੁੱਲ ਖਿੜੇ ਗੁਲਮੋਹਰਾਂ ਨੂੰ,
ਕਹਿੰਦੇ ਇਹੋ ਰੁੱਤ ਭਾਂਵਦੀ ਸਭ ਦਿਲ ਦਿਆਂ ਚੋਰਾਂ ਨੂੰ ।
12
ਇਹਨਾਂ ਨੈਣਾਂ ਦੇ ਰੰਗ ਵੇਖੋ,
ਸੱਜਣ ਜਦੋਂ ਦੂਰ ਹੁੰਦੇ ਰੋਂਦੇ ਬਦਲੀਆਂ ਸੰਗ ਵੇਖੋ ।
13
ਪੱਤ ਪੀਲੇ ਹੋ ਗਏ ਨੇ,
ਯਾਦ ਤੇਰੀ ਡੰਗ ਮਾਰਿਆ ਬੁਲ੍ਹ ਨੀਲੇ ਹੋ ਗਏ ਨੇ ।
14
ਵੇਖੋ ਕਲੀਆਂ ਖਿਲੀਆਂ ਨੇ,
ਦਿਲ ਬਾਗੋ-ਬਾਗ ਹੋ ਗਿਆ ਸੂਹਾਂ ਤੇਰੀਆਂ ਮਿਲੀਆਂ ਨੇ ।
15
ਕਾਲਾ ਤਿੱਤਰ ਹੈ ਬੋਲ ਰਿਹਾ,
ਲੋਕੀਂ ਕਹਿੰਦੇ ਰੱਬ ਆਖਦਾ, ਸਾਥੀ ਆਪਣਾ ਟੋਲ੍ਹ ਰਿਹਾ ।
16
ਕਾਵਾਂ ਰੌਲੀ ਛੱਡ ਕਾਵਾਂ,
ਯਾਰ ਜੇ ਨਹੀਂ ਮੇਲ ਸਕਦਾ ਬੱਸ ਲਿਆਦੇ ਸਿਰਨਾਵਾਂ ।
17
ਮੋਰ ਸਾਉਣ 'ਚ ਕੂਕਦੇ ਨੇ,
ਸਭਨਾਂ ਨੂੰ ਖ਼ੁਸ਼ ਕਰਦੇ, ਦਿਲ ਆਪਣਾ ਫੂਕਦੇ ਨੇ ।
18
ਨ੍ਹੇਰੀ ਥਲ ਵੱਲੋਂ ਆਈ ਏ,
ਅੱਖਾਂ ਭਾਵੇਂ ਬੰਦ ਹੋ ਗਈਆਂ, ਯਾਦ ਸੱਸੀ ਦੀ ਲਿਆਈ ਏ ।
19
ਸੋਹਣੇ ਮਾਲਾ ਪ੍ਰੋਤੀ ਏ,
ਸਿੱਪੀ ਆਪਾ ਵਾਰ ਗਈ, ਤਾਹੀਂ ਬਣਿਆਂ ਮੋਤੀ ਏ ।
20
ਚੰਨ ਬੱਦਲਾਂ ਨੇ ਘੇਰ ਲਿਆ,
ਦੂਰੋਂ ਵੇਖ ਹੱਸਦਾ ਸੀ, ਨੇੜੇ ਆਏ ਮੂੰਹ ਫੇਰ ਲਿਆ ।
21
ਸੰਤਰੇ ਦੀ ਫਾੜੀ ਏ,
ਧੁੱਪੇ ਧੁੱਪ ਨਹੀਂ ਲਗਦੀ, ਛਾਂ ਪਿਆਰ ਦੀ ਗਾੜ੍ਹੀ ਏ ।
22
ਹਾਰ ਗੁੰਦ ਲਏ ਮਾਲਣ ਨੇ,
ਕੋਸਾ ਕੀਤਾ ਹੰਝੂਆਂ ਨੂੰ, ਹੱਡੀਆਂ ਦੇ ਬਾਲਣ ਨੇ।
23
ਗੀਤਾਂ ਨੇ ਉਡਾਣ ਭਰੀ,
ਦੂਰੀ ਸੈ ਕੋਹਾਂ ਦੀ, ਅਸਾਂ ਪਲ ਵਿੱਚ ਪਾਰ ਕਰੀ।
24
ਡੁੱਬ ਗਏ ਸਭ ਤਾਰੇ ਨੇ,
ਸੱਜਣ ਪਰਦੇਸ ਗਏ, ਯਾਦਾਂ ਦੇ ਸਹਾਰੇ ਨੇ।

  • ਮੁੱਖ ਪੰਨਾ : ਸੰਪੂਰਣ ਕਾਵਿ ਰਚਨਾਵਾਂ, ਕਰਮਜੀਤ ਸਿੰਘ ਗਠਵਾਲਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ