Punjabi Poetry : Zubair Ahmad

ਪੰਜਾਬੀ ਕਵਿਤਾਵਾਂ : ਜ਼ੁਬੈਰ ਅਹਿਮਦ

1. ਸੱਦ

ਇੱਕੋ ਥਾਈਂ ਬਹਿਣਾਂ
ਇੱਕੋ ਖਿਆਲੀਂ ਰਹਿਣਾਂ

ਬਨੇਰਿਆਂ ਊੱਪਰੋਂ ਧੁੱਪ ਛਾਂ ਦੀ ਗਿਣਤੀ ਕਰਨੀ
ਰੁੱਖਾਂ ਹੇਠਾਂ ਬਹਿ ਬਹਿ ਬੁੱਧੀ ਲੱਭਣੀ

ਇੱਕੋ ਦੁਆਲ ਦੇ ਓਲ੍ਹੇ ਨਿੱਤ ਲੰਘਦੀ ਉਮਰ ਵਿਹਾਣੀ
ਇੱਕੋ ਉਡੀਕ 'ਚ ਬੈਠੇ ਤੱਕਿਆ ਸੱਤ ਰੰਗਾਂ ਦਾ ਪਾਣੀ

ਰੁੱਤਾਂ ਅੰਦਰ ਮਨ ਰੁੱਤਾਂ ਨੂੰ ਚਿਤਾਰਦੇ ਰਹਿਣਾ
ਬੁੱਝੇ ਦਿਹੁੰ ਜ਼ਿਕਰ ਤੇਰੇ ਦਾ ਦੀਵਾ ਬਾਲ ਕੇ ਬਹਿਣਾ

ਸੌੜਾਂ ਅੰਦਰ ਸੌੜ ਦਿਲੇ ਦੀ ਚਿੱਥ ਚਿੱਥ ਰੱਖਣੀ
ਇੱਕੋ ਰੂਪ ਸਮਾਵਣ ਲਈ ਨਿੱਤ ਸਖਣੀ ਰਖਣੀ ਤੱਕਣੀ

ਪੜ੍ਹਨੇ ਸ਼ਹਿਰ ਤੇਰੇ ਦੇ ਚੰਦ ਤੇ ਸੂਰਜ
ਸ਼ਾਮਾਂ ਅੰਦਰੀਂ ਰੂਹ ਆਪਣੀ ਦੀ ਰਾਤ 'ਚ ਲਹਿਣਾ

ਵੱਗਦੀ ਵਾਅ 'ਚ ਯਾਦ ਹਵਾ ਨੂੰ ਜਪਣਾ
ਆਪਣੀ ਨਿੱਕੀ ਤਾਕੀ ਤੋਂ ਕੁਲ ਜਹਾਨ ਨੂੰ ਤੱਕਣਾਂ

ਗਿਆਂ ਦੀ ਆਸ ਰੱਖਣੀ
ਯਾਰ ਉਡੀਕਦੇ ਰਹਿਣਾ

2. ਤੂੰ ਆਪਣੀ ਰੁੱਤ ਸੁਹਾਗਣ ਆਪੇ ਲੱਭ ਲੈ

ਤੂੰ ਆਪਣੀ ਰੁੱਤ ਸੁਹਾਗਣ ਆਪੇ ਲੱਭ ਲੈ

ਅਸੀਂ ਵਰ ਕੀਤੇ, ਪਰਨਾਏ ਨਹੀਂ
ਅਸੀਂ ਜੰਮੇ ਜੋ, ਓਹ ਜਾਏ ਨਹੀਂ
ਸਾਡੀ ਜੰਮਣ ਪੀੜ ਕਹਾਣੀ ਕੂੜ ਕਹਾਣੀ ਏ
ਅੱਖ ਵਿਛੋੜਾ ਅਣਜੰਮਿਆਂ ਦਾ ਝੋਰਾ ਏ
ਦਿਨ ਪੁਰਾਣਾ ਬੰਦ ਦਿਲੇ ਦਾ ਲਾਂਘਾ ਏ

ਏਸ ਜਾਂਦੀ ਖ਼ਾਲੀ ਸ਼ਾਮ ਨੂੰ, ਆਪਣੀ ਕਿਰਨੀਂ ਭਰ ਲੈ
ਏਸ ਨੰਗੀ ਰਾਤ ਨੂੰ ਜੁਗਾਂ ਪੁਰਾਣੀ ਚੁੰਨੀ ਕੱਜ ਲੈ

3. ਰਫ਼ੀਕ (ਦੋਸਤ) ਲਈ

ਕਿੰਜ ਤੇਰੀ ਕਹਾਣੀ ਕਰੀਏ ਅੜੀਏ
ਰੁੱਤ ਪੁਰਾਣੀ ਕਰ ਬੈਠੇ ਆਂ
ਪੂਣੀ ਪੂਣੀ ਕਰ ਜੋ ਕੱਤਿਆ
ਉਹਦਾ ਤਾਣ ਨਾ ਤਣਿਆ
'ਚੱਲਦਿਆਂ ਵਿਦਾ ਨਾ ਕੀਤਾ'
'ਕੱਖ ਬਾਲ ਨਾ ਬਨੇਰੇ ਧਰੇ'
ਕਿੰਜ ਲਿਖੀਏ ਰਾਮ ਕਹਾਣੀ
ਸਭ ਸੁਖ਼ਨ ਜ਼ਬਾਨੀ ਕਰ ਬੈਠੇ ਆਂ
ਰੁੱਤ ਪੁਰਾਣੀ ਕਰ ਬੈਠੇ ਆਂ

ਅਜਬ ਸ਼ਾਮ ਨਗਰ ਵਿੱਚ ਆਈ
ਬੂਹਾ ਪਿਛਲਾ ਜੋ ਲੰਘ ਆਈ
ਉਸ ਢੋਈ ਡਰ ਦੀ ਤਾਕੀ
ਸੁਪਨ ਰਾਤ ਅੱਖੀਂ ਵਿੱਚ ਪਾਈ

ਏਹ ਰਾਤ ਅੱਖੀਂ ਰੱਖ ਲੈਂਦੇ
ਅੱਖ ਦਰਦਾਂ ਪਾਣੀ ਕਰ ਬੈਠੇ ਆਂ
ਰੁੱਤ ਪੁਰਾਣੀ ਕਰ ਬੈਠੇ ਆਂ

('ਚੱਲਦਿਆਂ ਵਿਦਾ ਨਾ ਕੀਤਾ'=
ਇਹ ਸਤਰ ਸ਼ਾਹ ਹੁਸੈਨ ਦੀ ਕਾਫ਼ੀ ਤੋਂ ਏ;
'ਕੱਖ ਬਾਲ ਨਾ ਬਨੇਰੇ ਧਰੇ'= 'ਇਹ ਸਤਰ ਨਜਮ ਹੁਸੈਨ ਸਯੱਦ ਦੀ ਨਜ਼ਮ
ਕੱਖ ਬਾਲ ਕੇ ਬਨੇਰਿਆਂ 'ਤੇ ਧਰੀਏ ਜੀ'' ਤੋਂ ਏ)

4. ਤੇਰੇ ਅੱਜ ਦੇ ਨਾਂ

ਜਿਵੇਂ ਟੁੱਟਾ ਪਿਆਲਾ ਜੁੜੇ ਤੇ ਅਮ੍ਰਿਤ ਭਰ ਜਾਏ
ਜਿਵੇਂ ਉਜੜੀ ਝੋਕ ਵੱਸੇ ਮੁੜ ਮੇਲਾ ਲੱਗ ਜਾਏ
ਅੱਖ ਲੱਭ ਲੱਭ ਸੀਵੇ ਉਧੜਣ ਅੰਦਰਾਂ ਦੇ
ਯਾਰ ਪੁਰਾਣੇ ਮੁੜ ਮੁੜ ਕਰਨ ਕਹਾਣੀ ਸਫ਼ਰਾਂ ਦੀ
ਅੱਜ ਰੁਖਾਂ ਦੀ ਗੱਲ ਨਾ ਕਰੀਏ, ਕੱਚੀਆਂ ਲਗਰਾਂ ਦੀ

5. ਏਸ ਹਵਾ ਨੇ ਤੇਰੀ ਅੱਖ ਦਾ ਨਕਸ਼ ਨਹੀਂ ਲਿਖਣਾ

ਏਸ ਹਵਾ ਨੇ ਤੇਰੀ ਅੱਖ ਦਾ ਨਕਸ਼ ਨਹੀਂ ਲਿਖਣਾ
ਏਹ ਝੁਲਣੀ ਏ ਪਿਛਲੇ ਪਹਿਰੀਂ
ਗੁਝ ਝੀਥਾਂ ਥਾਈਂ ਲੰਘ ਜਾਣੀ ਏਂ
ਚੁੱਪ ਪੈਰਾਂ ਹੇਠੋਂ ਵਗ ਜਾਣੀ ਏਂ
ਤੈਨੂੰ ਖ਼ਬਰ ਨਹੀਂ ਹੋਣੀ
ਕਦ ਤੀਕ ਸਾਹ ਬੇਗਾਨਾ ਕਰ ਕਰ ਲੋੜ ਦੀ ਸੂਲੀ ਟੰਗਸੈਂ

ਜਿਸ ਹੋਣੀ ਨੂੰ ਤੂੰ ਲੋਚ ਰਹੀ ਏਂ
ਉਸ ਵਿਚ ਤੇਰਾ ਹਥ ਨਹੀਂ ਹੋਣਾ
ਮਣਕਾ ਕਰ ਲੈ ਯਾਦ ਸਜਣ ਦੀ
ਰੰਗ ਨਿਸ਼ਾਨੀ ਕਰ ਲੈ
ਕਦ ਤੱਕ ਉਡਸੈਂ ਬਾਜ਼ਾਂ ਪਿੱਛੇ
ਰੁਖ ਬਸੇਰਾ ਕਰ ਲੈ

6. ਢੋਲ

ਮਿਲਣਾ ਈ ਤਾਂ ਮਿਲ
ਏਸ ਜਹਾਨੇ
ਜਿਉਂਦੀ ਜਾਨੇ
ਹਾਲ ਘੜੀ ਵਚ
ਏਸੇ ਸਾਹੀਂ
ਅਜ ਦੀ ਰਾਤੀਂ
ਏਸੇ ਪਲ
ਮਿਲ
ਮਿਲਣਾ ਈ ਤਾਂ ਮਿਲ

ਰੂਹ ਦੀ ਬਾਹੀਂ
ਅਖ ਦੀ ਸਾਹੀਂ
ਯਾਦ ਗਲੀ ਵਚ
ਓਸੇ ਨੁਕੜੇ
ਜਿੱਥੇ ਛੱਡ ਆਏ ਸਾਂ
ਦਿਲ
ਮਿਲਣਾ ਈ ਤਾਂ ਮਿਲ

ਧਰਤੀ ਘੁੰਮਦੀ
ਬਦਲ ਨਚਦੇ
ਪੈਰ ਹਵਾਈਂ
ਉਡੇ ਉਡੇ
ਅਸਮਾਨੇਂ ਗਏ
ਮਿਲ
ਮਿਲਣਾ ਈ ਤਾਂ ਮਿਲ

7. ਕਾਈ ਲੋ ਏ ਉਹ ਸੱਤ ਅਸਮਾਨੀਂ

ਕਾਈ ਲੋ ਏ ਉਹ ਸੱਤ ਅਸਮਾਨੀਂ
ਆਦਿ ਜੁਗਾਦੀਂ, ਅਚੇਤ ਪਾਤਾਲੀਂ
ਅਣਆਖੀ, ਅਣ ਬੀਤੀ ਕੋਈ

ਸ਼ਹਿਰ ਦੀ ਨੰਗੀ ਹਨੇਰੀ ਪਿੱਛੇ
ਚੁੱਪ ਵਾਅ ਦਾ ਬੁੱਲਾ ਏ ਖਵਰੇ

ਨਿੱਤ ਜੰਮਣ ਦੀ ਖੇਡ ਦੇ ਵਿੱਚ
ਸੱਤ ਰੰਗਾਂ ਮਤੇ ਬਾਲ ਛੁਪਣ ਏ

ਅੱਸੂ ਕੱਤੀਂ ਬੀਜੀ ਗੁਲਾਬੀ ਵਾ ਦੀ
ਰੁੱਤ ਬਸੰਤੀ ਹੈ ਖਵਰੇ

ਨਾ ਮਿਲਿਆ ਨਾ ਵਿਛੜਿਆ
ਅਮਿਲਣੀ ਦੇ ਅਲੋਪ ਕੰਢੇ ਉੱਤੇ
ਨਿੱਤ ਮਿਲਣ ਦਾ ਤਰਲਾ ਏ ਜੀਵੇਂ
ਜਾਂ ਮੀਂਹ ਏ ਅਜ਼ਗੈਬੀ ਕਾਈ
ਤਾਂਘ ਰਹੀ ਜੀਹਦੀ ਬਦਲਾਂ ਨੂੰ
ਵੱਸੇ ਵਚ ਅਣਵਸਾ ਹੈ ਜੋ

ਅਣਹੋਏ ਦੇ ਤਿੱਖੇ ਨੱਕੇ 'ਤੇ
ਹੋਵਣ ਦੀ ਅਣਹੋਣੀ ਏ

8. ਲੜ ਲੱਗ

ਲੜ ਲੱਗ
ਰਹਿੰਦਾ ਰਾਹ ਅੱਗਮ ਦਾ

ਰਾਹ ਬਣ
ਮੁੱਕੇ ਉਝੜ ਮਨ ਦਾ

ਮਨ ਸੂਤ
ਹੋਵੇ ਮੇਲ ਸੱਜਣ ਦਾ

ਮੇਲ ਕਰ
ਲਾਹ ਵਜੋਗਾ ਜੱਗ ਦਾ

ਪਿਆਰੇ ਲਾਲ
ਕਰ ਭਰਵਾਸਾ ਦਮ ਦਾ

(ਮਾਧੋ ਲਾਲ ਹੁਸੈਨ ਦੀ ਕਾਫ਼ੀ
"ਪਿਆਰੇ ਲਾਲ ਕੀਹ ਭਰਵਾਸਾ ਦਮ ਦਾ" ਨਾਲ ਛੇੜ)

9. ਸਾਨੂੰ ਧੁੜਕੂ ਰਹਿੰਦਾ ਏ

ਸਾਨੂੰ ਧੁੜਕੂ ਰਹਿੰਦਾ ਏ
ਚੁੱਪ ਪਾਣੀ ਤੇ ਵਾਅ ਦੀ ਬੇੜੀ ਆਂ
ਚਿੱਟੀ ਖ਼ਿਜ਼ਾਈਂ ਨਿਲੱਜੇ ਬੇ ਪੱਤਰ ਆਂ
ਮੈਲੇ ਥੱਕੇ ਹੱਥ ਖ਼ਾਲੀ ਨੇ

ਅਸਾਂ ਹਾਰਿਆਂ ਸਾਹਵਾਂ ਨਾਲ ਤੇਰੀ ਸਾਵੀ ਆਸ ਚੁਣੀ ਏ
ਸਾਡੇ ਅਧੋਰਾਣੇ ਦਿਨਾਂ ਦੀ ਪੂਰੀ ਰਾਤ ਬਣੀ ਏ

ਅਣਛੋਹੇ, ਵਿਛੁੰਨਿਆਂ ਨੂੰ ਗਿਆਨੀ ਅਖ ਦੀ ਛੋਹ ਦਵੀਂ
ਈਵੇਂ ਸਾਰੀ ਉਮਰ ਵੰਜਾਈ ਆ
ਸਾਡੇ ਲੇਖਾਂ ਦੇ ਭਾਗ ਭਰੀਂ

10. ਬੰਦਾ ਆਪਣੇ ਧਿਆਨੇ ਲੰਘਦਾ

ਬੰਦਾ ਆਪਣੇ ਧਿਆਨੇ ਲੰਘਦਾ
ਆਲ ਦੁਆਲ ਨਹੀਂ ਤੱਕਦਾ
ਪਰ ਵਰ੍ਹਿਆਂ ਬੱਧੀ
ਹਰ ਸ਼ੈ ਚੇਤੇ ਆਂਦੀ ਏ
ਰੋਜ਼ ਦਿਹਾੜੇ ਤੱਕੀਆਂ ਸ਼ਕਲਾਂ
ਕਦੀ ਜਾਣਨ ਦਾ ਆਹਰ ਨਾ ਕੀਤਾ
ਦਿਲ ਮਿਲਣ ਨੂੰ ਕਰਦਾ ਏ
ਬੰਦਾ ਅੰਤ ਅਨ੍ਹੇਰੇ ਬਹਿ ਕੇ
ਮੋਇਆਂ ਨੂੰ ਚੇਤੇ ਕਰਦਾ ਏ

11. ਰੁੱਤ ਬਦਲੇ ਤਾਂ ਚੇਤੇ ਪੌਣ

ਰੁੱਤ ਬਦਲੇ ਤਾਂ ਚੇਤੇ ਪੌਣ
ਸ਼ਾਮਾਂ ਵਰਗੇ ਲੋਕ, ਬਦਲਾਂ ਜਿਹੇ ਦਿਨ
ਮਠੀ ਟੋਰ ਹਯਾਤੀ ਨੂੰ ਅਣਹੋਣੀ ਦਾ ਸਾਹ ਤਾਨਣ ਨੂੰ ਕਰਦਾ ਏ
ਧੁਰ ਅੰਦਰ ਬੇ ਮਲੂਮੀ ਜਿਹੀ ਯਾਦ ਦੀ ਸਿਕ ਏ
ਵੇਹੜੇ ਦੀ ਪਿਛਲੀ ਪੁਰਾਣੀ ਕੰਧ ਉੱਤੇ
ਅਣਵਜੂਦੇ ਰੁੱਖਾਂ ਦੇ ਝੌਲੇ ਪੈਂਦੇ ਨੇਂ
ਬੰਦ ਚੇਤੇ ਦੀ ਕੁੰਡੀ ਉਤੇ ਅਣਡਿਠੇ ਹਥ ਦੀ ਛੋਹ ਏ

ਯਾਰ ਗਵਾਚਿਆ !
ਰੱਬ ਸਬੱਬੀਂ, ਜੇ ਵਾ ਬਹੁਤੀ ਤੇਜ਼ ਈ ਵੱਗ ਪਈ
ਏਸ ਉਬਲਦੇ ਸ਼ਹਿਰ ਦੇ ਅੰਦਰ
ਸਾਡੇ ਦਿਲ ਬਹੁਤੇ ਈ ਖ਼ਾਲੀ ਰਹਿ ਜਾਣੇ ਨੇਂ
ਅਸੀਂ ਬੇਕਦਰੇ ਨਖ਼ਸਮੇ ਆਂ
ਬੇਪਰਵਾਹੀ ਵਿਚ ਡੋਲ੍ਹ ਬਹਿਨੇ ਆਂ
ਪਿਛਲੀ ਰੁਤ ਦੇ ਭਰੇ ਥਾਲ

12. ਏਸ ਸ਼ਹਿਰ ਰੋਜ਼ ਸਹਿਮ ਜਮਦਾ ਏ

ਏਸ ਸ਼ਹਿਰ ਰੋਜ਼ ਸਹਿਮ ਜਮਦਾ ਏ
ਬਾਲਾਂ ਲਈ
ਪਿਓ ਉਸਤਾਦ ਦੀ ਅਖ ਸੌੜੀ ਗਲੀ ਹਾਰ ਖੁਲਦੀ ਏ
ਨਰੋਲ ਹਵਾ ਤਲੀ ਦਾ ਮੁੜ੍ਹਕਾ ਬਣ ਜਾਂਦੀ ਏ

ਵੇਲੇ ਦੇ ਫੁੱਟਪਾਥ 'ਤੇ ਚਿਰਕੇ ਖਲੋਤੀਆਂ
ਅਣਲਿਖੇ ਲੇਖਾਂ ਦੀ ਗੱਡੀ ਊਡਕਦੀਆਂ
ਪੜ੍ਹਿਆਰ ਕੁੜੀਆਂ ਲਈ ਕੀਹ ਜਮਦਾ, ਮਰਦਾ ਏ

ਬੁਝੇ ਕਲਰਕਾਂ ਦੀਆਂ ਧੂੜ ਫਾਇਲਾਂ ਅੰਦਰ
ਕੋਈ ਆਸ ਬਸੰਤੀ ਖਿੜਦੀ ਨਹੀਂ

ਮੇਰੇ ਭਾਣੇ ਤਾਂ ਦਿਨ ਅੰਤ
ਖ਼ਾਲੀ ਭੁਕਾਨੇ ਹਾਰ ਫਟਦਾ ਏ
ਇਕ ਅਨਿਆਈ ਸ਼ਾਮ ਦੇ ਮਗਰੋਂ
ਇਸ ਰਾਤ ਦੇ ਨਿਮ੍ਹੇ ਚਾਨਣ ਅੰਦਰੀਂ
ਸ਼ਹਿਰ ਮੁੜ ਜੀਵਣ ਨੂੰ ਕਰਦਾ ਏ

ਅੱਧ ਰਾਤੀਂ ਸ਼ਹਿਰ ਫ਼ਸੀਲ ਦੀ ਕਾਲਖ਼ 'ਤੇ
ਤੇਰੀ ਯਾਦ ਦਾ ਚਿੱਟਾ ਫੁੱਲ ਖਿੜਦਾ ਏ

13. ਚੁੱਪ ਏ

ਚੁੱਪ ਏ
ਤੇਰੀ ਅੱਖ ਦਰਿਆ ਦੀ, ਤੇਰੇ ਸੋਕੇ ਦੀ
ਵਗਦੀ ਰਮਜ਼ਾਂ ਕਥਦੀ, ਅੱਜਬ ਹਵਾ ਏ
ਰੱਜੇ ਦਿੰਹ ਹਨੇਰਦੀ ਕਾਲ ਅਜ਼ਲ ਦੀ ਲੌ ਏ
ਜਿੱਥੇ ਲਗਰ ਏ ਮਾੜੀ ਉਥੇ ਰੁਖ ਦਾ ਜ਼ੋਰ ਏ
ਸੂਹਾ ਅਕਲਾਪਾ ਟੋਂਹਦੀ, ਬਸੰਤੀ ਅਖ ਦੀ ਟੋਹ ਏ
ਬੰਦ ਚੇਤੇ ਨੂੰ ਲੁਕ ਛੁਪ ਖੋਲੇ, ਕੇਹੀ ਅਜੇਹੀ ਖ਼ੁਸ਼ਬੋ ਏ

14. ਜੇ ਤੂੰ ਹੋਵੇਂ ਰਾਤ ਰਮਜ਼ ਏ

ਜੇ ਤੂੰ ਹੋਵੇਂ ਰਾਤ ਰਮਜ਼ ਏ
ਦਿੰਹ ਹੈ ਤੇਰੀ ਯਾਦ ਦਾ ਪੈਂਡਾ
ਸ਼ਾਮ ਸਲੇਟੀ ਤਾਕੀ ਅੰਦਰ
ਅਣਹੋਣੀ ਦਾ ਬੂਹਾ ਤੈਂਡੀ ਛੋਹ ਹਵਾ ਹੈ
ਅੱਖ ਹੈ ਪਾਣੀ
ਤੇਰਾ ਨਾ ਹੋਵਣ ਸਾਡੀ ਹਾਜ਼ਰੀ ਹੈ
ਤੇਰੀ ਅਮਿਲਣੀ ਸਾਡੀ ਮਿਲਣੀ ਹੈ

15. ਸ਼ਹਿਰ ਵਟਾਲੇ ਦੀ ਫੇਰੀ

ਉੱਚਾ ਟਿੱਬਾ
ਭਾਈ ਦਾ ਵੇੜ੍ਹਾ
ਬਾਊ ਖ਼ੁਦਾਦ ਦਾ ਘਰ
ਨੁਕੜੇ ਸੀ ਬਿੱਲਾ ਦੁੱਧ ਆਲਾ
ਕਦੇ ਆਇਆ ਤਾਂ ਨਹੀਂ ਐਥੇ
ਪਰ ਰਹਿਆ ਸਦਾ ਆਂ
ਗਲੀਆਂ ਕ੍ਰਿਸ਼ਨ ਨਗਰ ਜਿਹੀਆਂ
ਪਰੇਮ ਨਗਰ ਜੇਹੇ ਘਰ
ਚੁਬਾਰੇ ਸ਼ਾਮ ਨਗਰ ਜੇਹੇ
ਓਪਰੇ ਬੰਦੇ ਜਾਣੂੰ ਜਹੇ ਲਗਦੇ ਨੇਂ
ਅਣਜਾਣ ਹਟੀਆਂ ਤੋਂ ਜਿਵੇਂ ਸੌਦਾ ਲੈਂਦੇ ਰਹੇ ਆਂ
ਬੰਦ ਬੂਹਿਆਂ ਚੋਂ ਆਂਦੇ ਜਾਂਦੇ ਰਹੇ ਆਂ
ਗਲੀਆਂ ਘਰ ਤਾਂ ਉਹੋ ਨੇਂ
ਉਹੋ ਥੜ੍ਹੇ ਤੇ ਉਹੋ ਨੁਕਰਾਂ
ਜੀ ਪਰਛਾਵੇਂ ਹੋ ਗਏ ਨੇਂ
ਹਰਾ ਮਜ਼ਾਰ ਤਾਂ ਜੀਊਂਦਾ ਏ
ਕਬਰਸਤਾਨ ਮੁਕ ਗਏ ਨੇਂ

ਚੁਪ ਗਲੀਆਂ ਚੋਂ ਸਾਹ ਜੇਹਾ ਲੈਂਦਾ ਕੋਈ
ਕੰਡ ਪਿਛੇ ਹਥ ਰਖ ਬਾਬਾ
ਨਾਲ ਮੇਰੇ ਸਭ ਵੇਂਹਦਾ
ਮਾਈ ਦੀ ਕੰਨੀਂ ਗਲ ਕੋਈ ਕਹਿੰਦਾ

16. ਚੰਡੀਗੜ੍ਹ ਦੀ ਸਵੇਰ

ਅਚਰਜ ਸੀ ਯਾਦ ਉਹਦੀ
ਕਿਨੇ ਈ ਦਿਨ ਨਾ ਆਈ
ਸੋਚਿਆ ਚਲੋ ਜਾਨ ਛੁਟੀ
ਭਾਰ ਦਿਲੇ ਦਾ ਹੌਲਾ ਹੋਇਆ
ਧਿਆਨ ਨੂੰ ਲਾਂਭੇ ਕਰ
ਕਿਸੇ ਹੋਰ ਖ਼ਿਆਲੇ ਵਗੀਏ
ਚੰਡੀਗੜ੍ਹ ਵਿੱਚ ਰਾਤ ਸੀ ਪਹਿਲੀ
ਮਗਰੀਂ ਮਗਰੀਂ ਮੀਂਹ ਵੀ ਆਇਆ
ਹਵਾਈਂ ਤਰਦੀ ਆਈ ਅਖ ਸ਼ਤਾਬੀ
ਸੁਫ਼ਨਿਆਂ ਅੰਦਰ ਪਾਣੀ ਦਾ ਆਵਾਜ਼ਾ ਆਇਆ
ਐਵੇਂ ਵਿਚ ਮੇਰੇ ਤੋਂ ਉਠ
ਜਾ ਮੀਂਹ ਨਾਲ ਉਸ ਹਥ ਮਿਲਾਇਆ

(ਇਸ ਰਚਨਾ 'ਤੇ ਕੰਮ ਜਾਰੀ ਹੈ)

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ