Punjabi Poetry : Waheed Raza

ਪੰਜਾਬੀ ਕਲਾਮ/ਕਵਿਤਾ : ਵਹੀਦ ਰਜ਼ਾ

1. ਮੈਲ ਮਨ ਦੀ ਉਤਾਰ ਦਿੰਦਾ ਏ

ਮੈਲ ਮਨ ਦੀ ਉਤਾਰ ਦਿੰਦਾ ਏ।
ਇਸ਼ਕ ਹਸਤੀ ਨਿਖਾਰ ਦਿੰਦਾ ਏ।

ਕੋਈ ਵਾਅਦੇ ਦੀ ਮੌਤ ਮਰ ਜਾਂਦਾ,
ਕੋਈ ਵਾਅਦਾ ਵਿਸਾਰ ਦਿੰਦਾ ਏ।

ਹਿਜਰ ਦੀ ਇਕ ਬੜੀ ਸਹੂਲਤ ਏ,
ਇਹ ਜਵਾਨੀ 'ਚ ਮਾਰ ਦਿੰਦਾ ਏ।

ਏਸ ਗੱਲ ਦੇ ਨਸ਼ੇ ਚ ਰਹਿਨਾ ਵਾਂ,
ਵਕਤ ਸਭ ਕੁਝ ਨਿਤਾਰ ਦਿੰਦਾ ਏ।

ਜਾਨ ਕੁੰਜਦੀ ਨਿਢਾਲ ਹੋ ਜਾਂਦੀ,
ਦਿਲ ਖਿਲਾਰੇ ਖਿਲ੍ਹਾਰ ਦਿੰਦਾ ਏ।

2. ਜਿਸ ਵੇਲੇ ਸੈਰ ਤੇ ਮੇਰੀ ਸੋਚ ਦੇ ਜੁਗਨੂੰ ਨਿਕਲੇ

ਜਿਸ ਵੇਲੇ ਸੈਰ ਤੇ ਮੇਰੀ ਸੋਚ ਦੇ ਜੁਗਨੂੰ ਨਿਕਲੇ।
ਫ਼ਿਰ ਨ੍ਹੇਰੇ 'ਚੋਂ ਚਾਨਣ ਦੇ ਕੁੱਝ ਪਹਿਲੂ ਨਿਕਲੇ।

ਅੱਧੇ ਨਾਲੋਂ ਬਹੁਤਾ ਪੱਥਰ ਹੋ ਚਲਿਆ ਸਾਂ,
ਸ਼ੁਕਰ ਖ਼ੁਦਾਇਆ ਅੱਖਾਂ ਵਿਚੋਂ ਅੱਥਰੂ ਨਿਕਲੇ।

ਓਨਾ ਚਿਰ ਇਹ ਜੀਵਨ ਮੌਤ ਦਾ ਦੂਜਾ ਨਾਂ ਏ,
ਜਿੰਨਾ ਚਿਰ ਨਾ ਦਿਲ 'ਚੋਂ ਮੌਤ ਦਾ ਧੁੜਕੂ ਨਿਕਲੇ।

ਮੇਰਾ ਮੋਜ਼ੂਅ ਸੀ ਮਜ਼ਦੂਰ ਦੇ ਘਰ ਦਾ ਚੁੱਲ੍ਹਾ,
ਮੇਰੇ ਕਲਮ 'ਚੋਂ ਅੱਖਰਾਂ ਦੀ ਥਾਂ ਲੰਬੂ ਨਿਕਲੇ।

'ਰਜ਼ਾ' ਮੇਰੇ ਦਿਲਦਾਰ ਦੇ ਰੂਪ ਦਾ ਚਰਚਾ ਸੁਣ ਕੇ,
ਜੰਗਲਾਂ ਵਿਚੋਂ ਸ਼ਹਿਰ ਮੇਰੇ ਵੱਲ ਸਾਧੂ ਨਿਕਲੇ।

3. ਇਕ ਜ਼ਮਾਨਾ ਹੰਢਾ ਕੇ ਮਿਲਦਾ ਏ

ਇਕ ਜ਼ਮਾਨਾ ਹੰਢਾ ਕੇ ਮਿਲਦਾ ਏ।
ਗੁਣ ਬੜਾ ਕੁੱਝ ਗੁਆ ਕੇ ਮਿਲਦਾ ਏ।

ਤਜ਼ਕਰਾ ਉਸ ਦਾ ਵੀ ਕਰੋ ਹਜ਼ਰਤ।
ਅਜਰ ਜੋ ਰੱਖ ਉਗਾ ਕੇ ਮਿਲਦਾ ਏ।

ਕੋਈ ਨਜ਼ਰਾਂ ਚੋਂ ਡਿੱਗ ਪਿਆ ਏ ਜੀ।
ਤਾਂ ਤੇ ਨਜ਼ਰਾਂ ਚੁਰਾ ਕੇ ਮਿਲਦਾ ਏ।

ਦੁੱਖ ਦੀਆਂ ਬੇਸ਼ੁਮਾਰ ਸ਼ਕਲਾਂ ਨੇਂ।
ਰੋਜ਼ ਚਿਹਰਾ ਵੱਟਾ ਕੇ ਮਿਲਦਾ ਏ।

ਫ਼ਿਰ ਕਤਰਾ ਵੀ ਕਤਰਾ ਨਹੀਂ ਰਹਿੰਦਾ।
ਜਦ ਸਮੁੰਦਰ ਚ ਜਾ ਕੇ ਮਿਲਦਾ ਏ।

4. ਸ਼ਾਇਰੀ ਦਾ ਸ਼ੁਕਰੀਆ! ਨੁਕਸਾਨ ਕੋਲੋਂ ਬਚ ਗਿਆਂ

ਸ਼ਾਇਰੀ ਦਾ ਸ਼ੁਕਰੀਆ! ਨੁਕਸਾਨ ਕੋਲੋਂ ਬਚ ਗਿਆਂ
ਸ਼ਿਅਰ ਕਹਿ ਕੇ ਸੋਚ ਦੇ ਸਰਤਾਨ ਕੋਲੋਂ ਬਚ ਗਿਆਂ

ਬਚ ਨਾ ਸਕਿਆ ਓਹਦੀਆਂ ਅੱਖਾਂ ਦੇ ਤਿੱਖੇ ਵਾਰ ਤੋਂ
ਤੀਰ ਕੋਲੋਂ ਬਚ ਗਿਆਂ, ਕਰਪਾਨ ਕੋਲੋਂ ਬਚ ਗਿਆਂ

ਪੈਂਦੀ ਸੱਟੇ ਪੁੱਛ ਲਈ ਮੈਂ ਮਰਜ਼ੀ ਆਪਣੇ ਯਾਰ ਦੀ
ਦਿਨ, ਮਹੀਨੇ, ਸਾਲ ਦੀ ਲਮਕਾਨ ਕੋਲੋਂ ਬਚ ਗਿਆਂ

ਬਖਸ਼ ਦਿੱਤੀ ਇਸ਼ਕ ਨੇ ਐਨੀ ਮਲਾਮਤ ਦੋਸਤੋ
ਮਰ ਕੇ ਮਿੱਟੀ ਹੋਣ ਦੇ ਇਮਕਾਨ ਕੋਲੋਂ ਬਚ ਗਿਆਂ

ਮੈਨੂੰ ਬਹੁਤੀ ਨੇਕ ਨਾਮੀ ਦੀ ਜ਼ਰਾ ਵੀ ਲੋੜ ਨਹੀ
ਐਨਾ ਵਾਧੂ ਏ ਬੁਰੀ ਪਹਿਚਾਨ ਕੋਲੋਂ ਬਚ ਗਿਆਂ

5. ਮੇਰੀ ਹੋਂਦ ਨੂੰ ਇੰਜ ਅਜ਼ਮਾਇਆ ਜਾਵੇਗਾ

ਮੇਰੀ ਹੋਂਦ ਨੂੰ ਇੰਜ ਅਜ਼ਮਾਇਆ ਜਾਵੇਗਾ।
ਮੈਨੂੰ ਮਕਤਲ ਵਿਚ ਬੁਲਵਾਇਆ ਜਾਵੇਗਾ।

ਹਿਜਰ ਤਿਰਾ ਏ, ਖ਼ੂਬ ਮਨਾਇਆ ਜਾਵੇਗਾ।
ਇਕ ਦੀਵਾ ਦਿਨ ਰਾਤ ਜਗਾਇਆ ਜਾਵੇਗਾ।

ਦੁਨੀਆ ਨਾਲੋਂ ਕਬਰ ਕੁਸ਼ਾਦਾ ਜਾਪੇਗੀ।
ਮੈਨੂੰ ਇਥੋਂ ਤੀਕ ਪੁਚਾਇਆ ਜਾਵੇਗਾ।

ਦੇਵੋ, ਜਿੰਨਾ ਪਿਆਰ ਅਸਾਨੂੰ ਦੇਵੋਗੇ।
ਦੂਣਾ ਕਰ ਕੇ ਪਿਛਾਂ ਹਟਾਇਆ ਜਾਵੇਗਾ।

ਅਦਲ ਪਸੰਦਾਂ ਉੱਤੇ ਕਦੀ ਜੇ ਦਿਨ ਆਏ।
ਹਰ ਪੰਛੀ ਆਜ਼ਾਦ ਕਰਾਇਆ ਜਾਵੇਗਾ।

6. ਕੋਈ ਹੈ ਏ ਓਹ ਮੈਨੂੰ ਜੋ ਮਰੇ ਨੂੰ ਵੀ ਪੁਕਾਰੇਗਾ

ਕੋਈ ਹੈ ਏ ਓਹ ਮੈਨੂੰ ਜੋ ਮਰੇ ਨੂੰ ਵੀ ਪੁਕਾਰੇਗਾ
ਮੇਰੇ ਅੰਦਰ ਹਿਆਤੀ ਦਾ ਸਮੁੰਦਰ ਜੋਸ਼ ਮਾਰੇਗਾ

ਮੈਂ ਉਸ ਵੇਲੇ ਦੀ ਤਾਂਘ ਅੰਦਰ ਲਬਾਂ ਨੂੰ ਸੀ ਕੇ ਬੈਠਾਂ ਵਾਂ
ਜਦੋਂ ਇਹ ਸਬਰ ਮੇਰਾ ਓਸ ਪੱਥਰ ਨੂੰ ਪੰਘਾਰੇਗਾ

ਮੇਰੇ ਜਿੰਨੀ ਮੋਹੱਬਤ ਹੁਣ ਕਰੇਗਾ ਕੌਣ ਤੇਰੇ ਨਾਲ
ਜਫ਼ਾ ਦੇ ਸਹਿਰਾ ਵਿਚ ਕਿਹੜਾ ਵਫ਼ਾ ਦੇ ਬੀ ਖਿਲਾਰੇਗਾ

ਮੈਂ ਫੰਡਿਆ ਇਹਨਾਂ ਰੁੱਤਾਂ ਦਾ ਦੋਬਾਰਾ ਜੀ ਪਵਾਂਗਾ ਫਿਰ
ਜਦੋਂ ਧਰਤੀ ਤੇ ਮੇਰਾ ਰੱਬ ਨਵੇਂ ਮੌਸਮ ਉਤਾਰੇਗਾ

ਮੈਂ ਦਾਵੇਦਾਰ ਜੁ ਹੋਇਆ ਸਮੇਂ ਦੇ ਨਾਲ ਤੁਰਨੇ ਦਾ
ਸਮਾਂ ਹਰ ਪੈਰ ਤੇ ਮੈਨੂੰ ਕੜੇ ਵਿਚੋਂ ਗੁਜ਼ਾਰੇਗਾ

7. ਓੜਕ ਮੇਰੇ ਯਾਰ ਦੇ ਬੁਲ੍ਹੀਂ ਹਾਸੇ ਪੁੰਗਰ ਪੇ

ਓੜਕ ਮੇਰੇ ਯਾਰ ਦੇ ਬੁਲ੍ਹੀਂ ਹਾਸੇ ਪੁੰਗਰ ਪੇ
ਸਮਝੋ ਪੱਥਰ ਦੇ ਇਕ ਰੁੱਖ ਤੇ ਪੱਤੇ ਪੁੰਗਰ ਪੇ

ਉਹਦੀ ਇਕ ਨਜ਼ਰ ਨੇ ਕੀਤਾ ਜਾਦੂ ਵਰਗਾ ਕੰਮ
ਮੇਰੀਆਂ ਬੰਜਰ ਅੱਖਾਂ ਦੇ ਵਿਚ ਸੁਫ਼ਨੇ ਪੁੰਗਰ ਪੇ

ਮੈਨੂੰ ਵੱਜਣ ਵਾਲੇ ਪੱਥਰ ਡਿੱਗੇ ਸੀ ਜਿਸ ਥਾਂ
ਕੁੱਝ ਦਿਨ ਗੁਜ਼ਰਨ ਮਗਰੋਂ ਓਥੇ ਸ਼ੀਸ਼ੇ ਪੁੰਗਰ ਪੇ

ਰਾਹ ਦੇ ਇਕ ਸਿਰੇ ਤੇ ਮੰਜ਼ਿਲ , ਦੂਜੇ ਤੇ ਸਾਂ ਮੈਂ
ਪੁੱਟਿਆ ਪੈਰ ਤੇ ਆਖ਼ਿਰ ਤਿੱਕਰ ਕੰਡੇ ਪੁੰਗਰ ਪੇ

ਤਕਦੀਰੇ ,ਜੇ ਹੈਗੀ ਐਂ ਤੇ ਐਸਾ ਵਤਰ ਦੇ
ਲੋਕੀ ਕਹਿਣ 'ਵਹੀਦ ਰਜ਼ਾ' ਦੇ ਭੁੱਜੇ ਪੁੰਗਰ ਪੇ

8. ਮਨੇ ਦੀ ਮੌਜ ਨੂੰ ਜਦ ਤੱਕ ਮਨੇ ਨੇ ਮਾਣਿਆ ਨਹੀਂ ਸੀ

ਮਨੇ ਦੀ ਮੌਜ ਨੂੰ ਜਦ ਤੱਕ ਮਨੇ ਨੇ ਮਾਣਿਆ ਨਹੀਂ ਸੀ
ਖ਼ੁਸ਼ੀ ਦੇ ਫ਼ਲਸਫ਼ੇ ਬਾਰੇ ਜ਼ਰਾ ਵੀ ਜਾਣਿਆ ਨਹੀਂ ਸੀ

ਕਸ਼ੀਦੀ ਗਈ ਕੁੜੱਤਣ ਨੇ ਨਤਾਰੀ ਇੰਜ ਮੇਰੀ ਹਸਤੀ
ਮੈਂ ਆਪਣੀ ਜ਼ਾਤ ਨੂੰ ਪਹਿਲੇ ਜਿਵੇਂ ਪਛਾਣਿਆ ਨਹੀਂ ਸੀ

ਕੋਈ ਵੀ ਸ਼ੈ ਮੇਰੇ ਵਸੋਂ ਬੱਸ ਉਦੋਂ ਤੀਕ ਬਾਹਰ ਸੀ
ਮੈਂ ਉਸ ਤੇ ਦਸਤਰਸ ਬਾਰੇ ਜਦੋਂ ਤੱਕ ਠਾਣਿਆ ਨਹੀਂ ਸੀ

ਸਹੇਲੀ ਆਣ ਕੇ ਦੱਸਿਆ ਨਰੋਇਆ ਚੇਤ ਖਿੜਿਆ ਏ
ਤੇ ਗੁਜ਼ਰੇ ਚੇਤ ਵਾਲਾ ਫੁੱਟ ਅਜੇ ਕੁਰਮਾਣਿਆ ਨਹੀਂ ਸੀ

'ਰਜ਼ਾ' ਨੂੰ ਦੀਨ ਦਾ ਮੁਨਕਰ ਬਣਾ ਕੇ ਚਾੜ੍ਹ ਨਾ ਸੂਲ਼ੀ
ਇਹ ਤੇਰੇ ਦੀਨ ਦਾ ਮਾਨੀ ਕਦੀ ਮੁਲਵਾਣਿਆ ਨਹੀਂ ਸੀ

9. ਕੋਈ ਅਮਰ ਕਿਰਦਾਰ ਬਣਾ ਕੇ ਛੱਡੇਗਾ

ਕੋਈ ਅਮਰ ਕਿਰਦਾਰ ਬਣਾ ਕੇ ਛੱਡੇਗਾ।
ਦੁੱਖ ਮੈਨੂੰ ਫ਼ਨਕਾਰ ਬਣਾ ਕੇ ਛੱਡੇਗਾ।

ਵੇਲ਼ਾ ਪਹਿਲੋਂ ਰੱਜ ਕੇ ਮੈਨੂੰ ਰੋਲੇਗਾ।
ਫ਼ਿਰ ਆਪਣੀ ਦਸਤਾਰ ਬਣਾ ਕੇ ਛੱਡੇਗਾ।

ਡਰ ਅੰਦਰ ਦਾ ਯਾ ਤੇ ਮਾਰ ਮੁਕਾਵੇਗਾ।
ਯਾ ਇਕ ਦਿਨ ਜੀਦਾਰ ਬਣਾ ਕੇ ਛੱਡੇਗਾ।

ਉਹਦੀ ਫ਼ਿਤਰਤ ਉਹਨੂੰ ਕੱਲਿਆਂ ਕਰਦੇਗੀ।
ਉਹ ਕਿੰਨੇ ਕੁ ਯਾਰ ਬਣਾ ਕੇ ਛੱਡੇਗਾ।

ਜਾਗ ਪਿਆ ਏ ਜਜ਼ਬਾ ਕੰਢੇ ਲੱਗਣ ਦਾ।
ਬਾਹਵਾਂ ਨੂੰ ਪਤਵਾਰ ਬਣਾ ਕੇ ਛੱਡੇਗਾ।

10. ਦੋ ਗੱਲਾਂ ਸੀ! ਜਾਂ ਮੈਂ ਪਾਗਲ ਹੋ ਜਾਂਦਾ

ਦੋ ਗੱਲਾਂ ਸੀ! ਜਾਂ ਮੈਂ ਪਾਗਲ ਹੋ ਜਾਂਦਾ
ਜਾਂ ਫਿਰ ਚਾਰ ਚੁਫ਼ੇਰ ਤੋਂ ਗ਼ਾਫ਼ਲ ਹੋ ਜਾਂਦਾ

ਮੇਰੇ ਅੱਖਰ ਜੇ ਦਰਬਾਰੇ ਜਾ ਵੜਦੇ
ਮੇਰੀ ਸੋਚਦਾ ਸੋਨਾ ਪਿੱਤਲ਼ ਹੋ ਜਾਂਦਾ

ਲੰਘਦੇ ਚਾਰ ਦਿਹਾੜੇ ਉਹਦੀ ਸੋਹਬਤ ਵਿਚ
ਜੀਵਣ ਦਾ ਇਕ ਬਾਬ ਮੁਕੰਮਲ ਹੋ ਜਾਂਦਾ

ਗ਼ੁਰਬਤ ਦੀ ਜੇ ਆਪਣੀ ਠਾਠ ਨਾ ਹੁੰਦੀ ਤੇ
ਮੈਂ ਪੈਸੇ ਦੀ ਦੌੜ 'ਚ ਸ਼ਾਮਿਲ ਹੋ ਜਾਂਦਾ

ਜਦ ਅਸਗ਼ਰ ਮਾਸੂਮ ਸੀ ਆਏ ਮਕਤਲ ਵਿਚ
ਕਾਸ਼ ਅੰਬਰ ਤੇ ਗੂੜ੍ਹਾ ਬੱਦਲ਼ ਹੋ ਜਾਂਦਾ

ਇਕ ਮੰਜ਼ਰ ਦੀ ਉਦੋਂ ਤੀਕਰ ਚੱਸ ਲੈਨਾਂ
ਜਿਨਾਂ ਚਿਰ ਨਹੀਂ ਅੱਖ ਤੋ ਓਝਲ ਹੋ ਜਾਂਦਾ

11. ਧਰਤੀ ਤੇ ਰੁੱਖ ਅੰਬਰੀਂ ਤਾਰੇ ਖਿਲਰੇ ਨੇਂ

ਧਰਤੀ ਤੇ ਰੁੱਖ ਅੰਬਰੀਂ ਤਾਰੇ ਖਿਲਰੇ ਨੇਂ
ਮੇਰੀ ਜ਼ਾਤ ਦੇ ਇੰਝ ਖਿਲਾਰੇ ਖਿਲਰੇ ਨੇਂ

ਕਰਬਲ ਦੇ ਵਿਚ ਖਿਲਰੇ ਲਾਸ਼ੇ ਤੱਸਿਆਂ ਦੇ
ਇੰਜ ਨੇ ਜਿਸਰਾਂ ਨੂਰ ਮੁਨਾਰੇ ਖਿਲਰੇ ਨੇਂ

ਆਖਣ ਨੂੰ ਨੇਂ ਸਕੇ ਰਿਸ਼ਤੇਦਾਰ ਮੇਰੇ
ਆਲ ਦਿਵਾਲ ਜੋ ਗ਼ਰਜ਼ਾਂ ਮਾਰੇ ਖਿਲਰੇ ਨੇਂ

ਇਸ਼ਕ ਹਜ਼ੂਰੋਂ ਹੁਕਮ ਏ ਨੰਗੇ ਪੈਰੀਂ ਆ
ਤੇ ਰਾਹ ਵਿਚ ਭਖ਼ਦੇ ਅੰਗਾਰੇ ਖਿਲਰੇ ਨੇਂ

ਅੱਖਾਂ ਨਾ ਹੋਵਣ ਤੇ ਦੁਨੀਆ ਨ੍ਹੇਰ ਨਗਰ
ਹੋਵਣ ਤੇ ਅਣ-ਗਿਣਤ ਨਜ਼ਾਰੇ ਖਿਲਰੇ ਨੇਂ

12. ਸੋਚਿਆ ਤੇ ਬੱਸ ਤੇਰੀ ਮੁਸਕਾਨ ਬਾਰੇ ਸੋਚਿਆ ਏ

ਸੋਚਿਆ ਤੇ ਬੱਸ ਤੇਰੀ ਮੁਸਕਾਨ ਬਾਰੇ ਸੋਚਿਆ ਏ
ਕਿਸ ਕਾਫ਼ਰ ਨੇਂ ਨਫ਼ੇ ਨੁਕਸਾਨ ਬਾਰੇ ਸੋਚਿਆ ਏ

ਚੀਕ ਉੱਠੀ ਰਾਤ ਕੱਲਿਆਂ ਜਾਗਣੇ ਦੇ ਖ਼ੌਫ਼ ਹੱਥੋਂ
ਨੀਂਦ ਨੇ ਕੀ ਮੇਰੀ ਅੱਖ ਵਿਚ ਆਣ ਬਾਰੇ ਸੋਚਿਆ ਏ

ਲੋਕ ਮਜ਼ਹਬਾਂ ਫ਼ਿਰਕਿਆਂ ਤੇ ਜ਼ਾਤਾਂ ਬਾਰੇ ਸੋਚਦੇ ਨੇਂ
ਮੈਂ ਜਦੋਂ ਵੀ ਸੋਚਿਆ ਇਨਸਾਨ ਬਾਰੇ ਸੋਚਿਆ ਏ

ਕੋਈ ਉਂਗਲ ਵੀ ਕਰੇ ਤੇ ਮੈਨੂੰ ਗੋਲੀ ਜਾਪਦੀ ਏ
ਤਾਂ ਮੈਂ ਆਪਣੇ ਆਪ ਦੀ ਪੁਣ-ਛਾਣ ਬਾਰੇ ਸੋਚਿਆ ਏ

ਹੌਲੀ ਹੌਲੀ ਦੁੱਖ ਪੁਰਾਣੇ ਸੁੱਖਾਂ ਵਰਗੇ ਹੋ ਗਏ ਨੇਂ
ਕੁੱਝ ਨਵੇਂ ਦੁੱਖ ਹੋਰ ਸੀਨੇ ਲਾਣ ਬਾਰੇ ਸੋਚਿਆ ਏ

ਪਰ ਕਦੋਂ ਲਗਦੇ ਨੇਂ ਮੇਰੀ ਸੋਚ ਨੂੰ ਇਹ ਵੇਖਨੇ ਆਂ
ਕਰਬਲਾ ਦੀ ਖ਼ਾਕ ਸਿਰ ਵਿਚ ਪਾਣ ਬਾਰੇ ਸੋਚਿਆ ਏ

13. ਮਾਂ ਬੋਲੀ ਲਈ ਕੁੱਝ ਬੋਲੀਆਂ

ਤੇਰੇ ਨਾਂ ਤੋਂ ਮੈਂ ਸਦਕੇ ਜਾਵਾਂ
ਨੀ ਮਾਂ ਜਹੀਏ ਮਾਂ ਬੋਲੀਏ
ਮਾਂ ਬੋਲੀ ਵਿਚ ਬਾਲ ਪੜ੍ਹਾਈਏ
ਤੇ ਬਾਲਾਂ ਉੱਤੇ ਨੇਕੀ ਕਰੀਏ
ਬੜਾ ਕਰਮ ਪੰਜਾਬੀਏ ਤੇਰਾ
ਜੋ ਮੈਨੂੰ ਕੁੱਝ ਲੋਕ ਜਾਣਦੇ
ਕਾਹਦਾ ਵੈਰ ਪੰਜਾਬੀ ਨਾਲ਼ ਏ
ਇਹ ਆਗੂ ਸਾਨੂੰ ਕਿਉਂ ਨਹੀਂ ਦੱਸਦੇ
ਕਦੇ ਵੱਸ ਜੇ ਅਸਾਡਾ ਚਲਿਆ
ਪੰਜਾਬੀ 'ਚ ਅਜ਼ਾਨਾਂ ਹੋਣੀਆਂ।

(ਕੰਙਣ ਪੁਰ, ਪੰਜਾਬ, ਪਾਕਿਸਤਾਨ)

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ