Punjabi Poetry : Surjit Sakhi

ਪੰਜਾਬੀ ਗ਼ਜ਼ਲਾਂ ਤੇ ਕਵਿਤਾਵਾਂ : ਸੁਰਜੀਤ ਸਖੀ1. ਗ਼ਜ਼ਲ-ਪੈਣ ਭੁਲੇਖੇ ਸਰਘੀ ਦੇ ਪਰ ਦੂਰ ਅਜੇ ਪ੍ਰਭਾਤ ਕਿਤੇ

ਪੈਣ ਭੁਲੇਖੇ ਸਰਘੀ ਦੇ ਪਰ ਦੂਰ ਅਜੇ ਪ੍ਰਭਾਤ ਕਿਤੇ। ਚਲੋ ਦੀਵਿਉ ਰਲ਼ ਕੇ ਬਲ਼ੀਏ, ਬੜੀ ਹਨ੍ਹੇਰੀ ਰਾਤ ਅਜੇ। ਖ਼ਬਰਾਂ ਦੀ ਇੱਕ ਸੁਰਖ਼ੀ ਪੜ੍ਹ ਕੇ, ਕਿਉਂ ਏਨਾ ਘਬਰਾਉਂਦੇ ਹੋ, ਜ਼ਹਿਰ ਬਥੇਰਾ, ਸ਼ਹਿਰ ਮਿਰੇ ਵਿੱਚ, ਘਰ ਘਰ ਨੇ ਸੁਕਰਾਤ ਅਜੇ। ਡਰ ਡਰ ਕੇ ਕੀ ਜੀਣਾ ਹੋਇਆ,ਐਨੀ ਵੀ ਤੇ ਦੂਰੀ ਨਹੀਂ, ਹੋਠਾਂ ਉੱਤੇ ਕਿਉਂ ਨਹੀਂ ਔਂਦੀ,ਅੱਖਾਂ ਵਿਚਲੀ ਬਾਤ ਅਜੇ। ਰੁੱਤਾਂ ਸੰਗ ਯਾਰਾਨਾ ਹੈ ਤਾਂ, ਕਮਰੇ ਦੀ ਪਾਬੰਦੀ ਕਿਉਂ, ਕੀ ਹੋਇਆ ਜੇ ਨਹੀਂ ਸੁਖਾਵੇਂ , ਬਾਹਰ ਦੇ ਹਾਲਾਤ ਅਜੇ। ਹੰਝੂਆਂ ਦੀ ਇਹ ਬੂੰਦਾ ਬਾਂਦੀ,ਤੁਪਕਾ ਤੁਪਕਾ ਮੁੜ੍ਹਕੇ ਦਾ, ਇਸ ਨਗਰੀ ਦੀ ਕਿਸਮਤ ਵਿੱਚ ਹੈ,ਐਸੀ ਹੀ ਬਰਸਾਤ ਅਜੇ।

2. ਗ਼ਜ਼ਲ-ਇਹ ਪੱਤਝੜ ਦੀ ਤੇਜ਼ ਹਵਾ, ਇਹ ਮੌਸਮ ਬੇਇਤਬਾਰੀ ਦਾ

ਇਹ ਪੱਤਝੜ ਦੀ ਤੇਜ਼ ਹਵਾ, ਇਹ ਮੌਸਮ ਬੇਇਤਬਾਰੀ ਦਾ। ਬਿਨ ਦਸਤਕ ਟੱਪ ਔਣ ਵਰੋਲੇ, ਬੂਹਾ ਚਾਰਦੀਵਾਰੀ ਦਾ। ਮੈਂ ਤਾਂ ਆਪਣਾ ਖ਼ੂਨ ਵਹਾ ਕੇ, ਧੋਵਾਂ ਚਿਹਰੇ ਫੁੱਲਾਂ ਦੇ, ਮੈਂ ਕੀ ਜਾਣਾਂ, ਬਾਗੀਂ ਲੱਗੀਆਂ,ਨਜ਼ਰਾਂ ਕਿਵੇਂ ਉਤਾਰੀ ਦਾ। ਸਿਮ੍ਰਤੀਆਂ ਵਿੱਚ ਜੰਗਲ ਵੱਸਦਾ, ਲੋਕੀਂ ਬਣੇ ਮਸ਼ੀਨਾਂ ਵਾਂਗ, ਜਿਓਂ ਪਿੰਜਰੇ ਦਾ ਪੰਛੀ ਕੋਈ, ਸੁਪਨਾ ਲਵੇ ਉਡਾਰੀ ਦਾ। ਮੀਂਹ ,ਗਰਦਿਸ਼ ,ਤੂਫ਼ਾਨ ,ਹਨ੍ਹੇਰੀ ਤੇਰੇ ਸਿਰ ਤੋਂ ਲੰਘੇ ਨੇ, ਮਿੱਤਰਾ , ਫਿਰ ਵੀ ਝੰਮ ਝੰਮ ਕਰਦਾ, ਰੰਗ ਤੇਰੀ ਫੁਲਕਾਰੀ ਦਾ। ਉਹ ਤੇ ਉਸ ਦੇ ਜੰਗਲ ਪਰਬਤ,ਦਿਲ ਦੇ ਅੰਦਰ ਰਹਿੰਦੇ ਨੇ, ਫ਼ੁਰਸਤ ਦਾ ਹਰ ਪਲ ਪਲ ਅੱਜ ਕੱਲ੍ਹ, ਉਸ ਦੇ ਨਾਲ ਗੁਜ਼ਾਰੀ ਦਾ।

3. ਗ਼ਜ਼ਲ-ਸੱਯਾਦ ਜਦ ਵੀ ਗੁਜ਼ਰੇ, ਉੱਜੜੇ ਮਕਾਨ ਕੋਲੋਂ

ਸੱਯਾਦ ਜਦ ਵੀ ਗੁਜ਼ਰੇ, ਉੱਜੜੇ ਮਕਾਨ ਕੋਲੋਂ। ਡਰ ਜਾਣ ਸਭ ਪਰਿੰਦੇ, ਖ਼ਾਲੀ ਕਮਾਨ ਕੋਲੋਂ। ਕੋਈ ਵੀ ਜਦ ਮੁਖ਼ਾਤਿਬ, ਤਾਂ ਸੌਂ ਗਈ ਸੀ ਦੁਨੀਆ, ਕੀ ਦਾਸਤਾਂ ਸੁਣੋਗੇ, ਹੁਣ ਬੇਜ਼ਬਾਨ ਕੋਲੋਂ। ਅਪਣੇ ਉਦਾਸ ਘਰ ‘ਚੋਂ ,ਮੈਂ ਢੂੰਡਿਆ ਨਾ ਤੈਨੂੰ, ਪੁੱਛਿਆ ਤੇਰਾ ਪਤਾ ਮੈਂ, ਨਿੱਤ ਆਸਮਾਨ ਕੋਲੋਂ। ਚੌਰਾਹਿਆਂ ‘ਚ ਇਸ ਨੇ, ਕੀ ਬਾਲਣਾ ਏ ਸੂਰਜ, ਦੀਵਾ ਤਾਂ ਬਲ਼ ਨਾ ਸਕਿਆ, ਇਸ ਹੁਕਮਰਾਨ ਕੋਲੋਂ। ਕੰਧਾਂ ਦੇ ਨਾਲ ਲੱਗ ਕੇ, ਰੋਣਾ ਪਿਆ ਹੈ ਮੈਨੂੰ, ਕੀ ਹਾਲ ਪੁੱਛ ਲਿਆ ਮੈ, ਉੱਜੜੇ ਮਕਾਨ ਕੋਲੋਂ।

4. ਗ਼ਜ਼ਲ-ਬੱਸ, ਬਹੁਤ ਹੋ ਗਿਆ ਹੈ, ਹੁਣ ਤਾਂ ਨਿਜ਼ਾਮ ਬਦਲੇ

ਬੱਸ, ਬਹੁਤ ਹੋ ਗਿਆ ਹੈ, ਹੁਣ ਤਾਂ ਨਿਜ਼ਾਮ ਬਦਲੇ। ਇਹ ਰਾਜਕਾਜ ਸਾਰਾ, ਇਹ ਇੰਤਜ਼ਾਮ ਬਦਲੇ। ਇੱਕ ਦੂਸਰੇ ਨੂੰ ਕੱਲ੍ਹ ਸੀ, ਨੰਗਿਆਂ ਕਰਨ ਦਾ ਦਾਅਵਾ, ਅੱਜ ਰਾਤ ਰਹਿਬਰਾਂ ਨੇ, ਮਹਿਫ਼ਲ ਚ ਜਾਮ ਬਦਲੇ। ਅੱਜ ਕੱਲ੍ਹ ਤਾਂ ਫ਼ਲਸਫੇ ਤੇ, ਕਬਜ਼ਾ ਹੈ ਹਾਕਮਾਂ ਦਾ, ਜ਼ਿਹਨੀ ਗੁਲਾਮ ਰੱਖਦੇ, ਜਿਨਸੀ ਗੁਲਾਮ ਬਦਲੇ। ਇਕਸਾਰ ਕੀ ਰਹੇਗੀ, ਤਾਸੀਰ ਪਾਣੀਆਂ ਦੀ, ਜੀਵਨ ਦੀ ਇਸ ਨਦੀ ਨੇ, ਰਸਤੇ ਤਮਾਮ ਬਦਲੇ। ਫਿਰਦੀ ਹੈ ਬਣ ਸੰਵਰ ਕੇ, ਅੱਜ ਕਾਇਨਾਤ ਸਾਰੀ, ਸ਼ਾਇਦ ਕੋਈ ਸਿਤਾਰਾ, ਆਪਣਾ ਮੁਕਾਮ ਬਦਲੇ।

5. ਗ਼ਜ਼ਲ-ਦਿਨ ਰਾਤ ਜਿੰਨ੍ਹਾਂ ਦੇ ਸਿਜਦੇ ਵਿਚ,ਇਹ ਕੱਚੀਆਂ ਕੰਧਾਂ ਖੜ੍ਹੀਆਂ ਨੇ

ਦਿਨ ਰਾਤ ਜਿੰਨ੍ਹਾਂ ਦੇ ਸਿਜਦੇ ਵਿਚ,ਇਹ ਕੱਚੀਆਂ ਕੰਧਾਂ ਖੜ੍ਹੀਆਂ ਨੇ। ਉਹ ਰਿਸ਼ਮਾਂ ਪਹਿਲੇ ਪਹਿਰ ਦੀਆਂ, ਕਿਸ ਨੂਰ ਮਹਿਲ ਤੇ ਅੜੀਆਂ ਨੇ। ਨਿੱਤ ਆਲ੍ਹਣਿਆਂ ਵਿੱਚ ਖ਼ੁਸ਼ ਰਹਿਣਾ, ਹੁਣ ਚਿੜੀਆਂ ਦੀ ਤਕਦੀਰ ਨਹੀਂ, ਜੇ ਬਿਜਲੀ ਕੋਲੋਂ ਬਚੀਆਂ ਤਾਂ, ਸ਼ਿਕਰੇ ਦੀ ਨਜ਼ਰੇ ਚੜ੍ਹੀਆਂ ਨੇ। ਇਹ ਰਸਤਾ ਬੀਆਬਾਨ ਜਿਹਾ, ਫਿਰ ਲੁੱਕਣਮੀਟੀ ਮੰਜ਼ਲ ਦੀ, ਕੁਝ ਹੋਈਆਂ ਸਾਡੇ ਰਹਿਬਰ ਤੋਂ, ਅੱਜ ਬੇਪਰਵਾਹੀਆਂ ਬੜੀਆਂ ਨੇ। ਦਿਨ ਰਾਤ ਅਨਾਹਦ ਨਾਦ ਵਜੇ, ਹਰ ਪਲ ਤੱਯਾਰੀ ਮਹਿਫ਼ਲ ਦੀ, ਅੰਬਰ ਦਾ ਸਾਏਬਾਨ ਫੜੀ, ਹਰ ਵਕਤ ਦਿਸ਼ਾਵਾਂ ਖੜ੍ਹੀਆਂ ਨੇ। ਪਾਬੰਦ ਫ਼ਿਜ਼ਾ ਵਿੱਚ ਸਾਡੇ ਤੋਂ, ਪਾਬੰਦ ਇਬਾਦਤ ਨਾ ਹੋਈ, ਬਿਨ ਈਦ ਨਿਭਾਏ ਨੇ ਰੋਜ਼ੇ, ਬੇਵਕਤ ਨਮਾਜ਼ਾਂ ਪੜ੍ਹੀਆਂ ਨੇ।

6. ਗ਼ਜ਼ਲ-ਉਸਾਰੀ ਤਾਜ ਦੀ ਕਿਧਰੇ, ਕਿਤੇ ਕਿੱਸਾ ਤਬਾਹੀ ਦਾ

ਉਸਾਰੀ ਤਾਜ ਦੀ ਕਿਧਰੇ, ਕਿਤੇ ਕਿੱਸਾ ਤਬਾਹੀ ਦਾ। ਨਜ਼ਰ ਕਿਸ ਕਿਸ ਤਰ੍ਹਾਂ ਆਏ, ਨਸ਼ਾ ਜੋ ਬਾਦਸ਼ਾਹੀ ਦਾ। ਚਮਨ ਵਿੱਚ ਹਰ ਕਿਸੇ ਦੇ ਹੱਥ ਵਿੱਚ , ਕਲੀਆਂ ਦੇ ਗਜਰੇ ਨੇ, ਬੜਾ ਚਰਚਾ ਸੀ ਏਥੇ, ਫੁੱਲ ਤੋੜਨ ਦੀ ਮਨਾਹੀ ਦਾ। ਕਲਮ ਜੇ ਵੇਚ ਕੇ ਯਾਰੋ,ਅਸਾਂ ਹਥਿਆਰ ਲੈ ਆਂਦੇ, ਕਿਵੇਂ ਇਤਿਹਾਸ ਲਿੱਖਾਂਗੇ,ਫਿਰ ਅਪਣੀ ਬੇ ਗੁਨਾਹੀ ਦਾ। ਇਦ੍ਹੇ ਹੋਠਾਂ ਤੇ ਲੱਗੇ ਖੌਫ਼ ਦੇ ਤਾਲੇ ਜ਼ਰਾ ਵੇਖੋ, ਪੜ੍ਹੋ ਖਾਂ ਮੁਨਸਿਫ਼ੋ,ਕੀ ਆਖਦੈ ਚਿਹਰਾ ਗਵਾਹੀ ਦਾ। ਗ਼ਜ਼ਲ ਜਦ ਸੱਚ ਕਹਿੰਦੀ ਹੈ,ਤਾਂ ਰੱਬ ਦਾ ਰੂਪ ਲੱਗਦੀ ਹੈ, ਇਬਾਦਤ ਵਾਂਗਰਾਂ ਲੱਗਦਾ ਹੈ,ਫਿਰ ਚਰਚਾ ਸੁਰਾਹੀ ਦਾ।

7. ਗ਼ਜ਼ਲ-ਹਸਰਤ ਹੈ ਘਟਾ ਬਣ ਕੇ, ਧਰਤੀ ਦਾ ਬਦਨ ਧੋਆਂ

ਹਸਰਤ ਹੈ ਘਟਾ ਬਣ ਕੇ, ਧਰਤੀ ਦਾ ਬਦਨ ਧੋਆਂ। ਸੂਰਜ ਦੀ ਤਰ੍ਹਾਂ ਡੁਬ ਕੇ, ਮੈਂ ਫਿਰ ਤੇਂ ਉਦੈ ਹੋਆਂ। ਕੁਕਨੂਸ ਨਹੀਂ ਹਾਂ ਮੈਂ, ਹੁਣ ਰਾਖ਼ ‘ਚੋਂ ਕਿੰਜ ਉਪਜਾਂ, ਫਿਰ ਜਿਸਮ ਘੜਾਂ ਆਪਣਾ, ਇਸ ਖ਼ਾਕ ਨੂੰ ਫਿਰ ਗੋਆਂ। ਆਕਾਸ਼ ਤੋਂ ਧਰਤੀ ਤੱਕ, ਚੇਤਨ ਤੋਂ ਅਚੇਤਨ ਤੱਕ, ਇੱਕ ਨੂਰ ਦੀਆਂ ਬੰਦਾ, ਲੈਂਦਾ ਫਿਰੇ ਕਨਸੋਆਂ। ਖਿੜ ਪੈਣਗੇ ਰੁੱਤਾਂ ਵਿੱਚ, ਹਰ ਹਾਲ ‘ਚ ਮਹਿਕਣਗੇ, ਮਿੱਟੀ ‘ਚ ਲੁਕੇ ਬੈਠੇ, ਇਹ ਰੰਗ ਇਹ ਖ਼ੁਸ਼ਬੋਆਂ। ਚੰਨ ਵੀ ਹੈ, ਸਿਤਾਰੇ ਵੀ,ਦੀਵਾ ਵੀ ਤੇ ਜੁਗਨੂੰ ਵੀ, ਪਰ, ਸ਼ਾਮ ਵੀ ਡੂੰਘੀ ਹੈ,ਮੱਧਮ ਨੇ ਬਹੁਤ ਲੋਆਂ।

8. ਗ਼ਜ਼ਲ-ਸਮੁੰਦਰ ਕੀ ਪਤਾ ਕਦ ਆਸ ਦਾ ਸੂਰਜ ਨਿਗਲ ਜਾਵੇ

ਸਮੁੰਦਰ ਕੀ ਪਤਾ ਕਦ ਆਸ ਦਾ ਸੂਰਜ ਨਿਗਲ ਜਾਵੇ। ਅਚਾਨਕ ਸੋਚ ਦਾ ਦਰਿਆ, ਕਦੋਂ ਰਸਤਾ ਬਦਲ ਜਾਵੇ। ਇਹ ਸੱਚ ਹੈ, ਬਰਫ਼ ਦੇ ਬੁੱਤਾਂ ‘ਚੋਂ ਅੱਜ ਕੱਲ੍ਹ ਸੇਕ ਆਉਂਦਾ ਹੈ, ਜੇ ਪਰਬਤ ਸੁਲਗਿਆ ਤਾਂ ਕੀ ਪਤਾ ਅੰਬਰ ਪਿਘਲ ਜਾਵੇ। ਤਿਰੀ ਇਹ ਚੰਨ ਨੂੰ ਫੜ ਕੇ, ਤਣਾਵਾਂ ਪਾਉੰਣ ਦੀ ਜ਼ਿਦ ਵਿੱਚ, ਤਿਰੇ ਪੈਰਾਂ ਦੇ ਹੇਠੋਂ ਨਾ ਤਿਰੀ ਧਰਤੀ ਨਿਕਲ ਜਾਵੇ। ਇਹ ਜੀਵਨ, ਜਿਸਮ ਤੇ ਧਰਤੀ ਦੇ ਵਿੱਚ ਇੱਕ ਅਹਿਦਨਾਮਾ ਹੈ, ਉਹੀ ਬੰਦਾ ਹੈ ਜੋ ਇਸ ਅਹਿਦ ਦੇ ਖ਼ਾਕੇ ‘ਚ ਢਲ਼ ਜਾਵੇ। ਫਿਰ ਉਸਦੇ ਪਾਰਦਰਸ਼ੀ ਹੋਣ ਦਾ ਕੀ ਅਰਥ ਰਹਿ ਜਾਂਦੈ, ਜੇ ਸ਼ੀਸ਼ਾ ਪਰਦਿਆਂ ਵਿੱਚ ਹੋ ਰਹੀ ਸਾਜ਼ਿਸ਼ ‘ਚ ਰਲ਼ ਜਾਵੇ।

9. ਗ਼ਜ਼ਲ-ਭਿਆਨਕ ਰਾਤ ਬੇਸ਼ਕ ਸ਼ੂਕਦੀ ਕਾਲੀ ਨਜ਼ਰ ਆਏ

ਭਿਆਨਕ ਰਾਤ ਬੇਸ਼ਕ ਸ਼ੂਕਦੀ ਕਾਲੀ ਨਜ਼ਰ ਆਏ, ਪਰ ਇਸ ਦੇ ਨਾਲ ਹੀ, ਸਰਘੀ ਦੀ ਵੀ ਲਾਲੀ ਨਜ਼ਰ ਆਏ। ਇਹ ਨਵੀਆਂ ਬਸਤੀਆਂ, ਇੱਟਾਂ, ਇਹ ਪੱਥਰ, ਦੂਰ ਤੱਕ ਰੇਤਾ, ਭਲਾ ਏਥੇ ਕਿਵੇਂ, ਸਾਵਣ 'ਚ ਹਰਿਆਲੀ ਨਜ਼ਰ ਆਏ। ਇਮਾਰਤ ਖੋਖਲੀ ਹੈ, ਚਮਕਦੇ ਰੰਗਾਂ ਦਾ ਧੋਖਾ ਹੈ, ਬੜੀ ਵਕਤੀ ਜਿਹੀ ਹੈ, ਇਹ ਹੋ ਖੁਸ਼ਹਾਲੀ ਨਜ਼ਰ ਆਏ। ਮੇਰੇ ਸਾਕੀ, ਮੁਹੱਬਤ ਹੈ, ਤਿਰੀ ਰਹਿਮਤ ਦਾ ਪੈਮਾਨਾ, ਸਦਾ ਭਰਿਆ ਰਹੇ ਪਰ ਦੁਨੀਆਂ ਨੂੰ ਖਾਲੀ ਨਜ਼ਰ ਆਏ।

10. ਗ਼ਜ਼ਲ-ਸਿਤਾਰੇ ਬਣ ਕੇ ਚਮਕਾਂਗੇ, ਘਟਾਵਾਂ ਬਣ ਕੇ ਛਾਵਾਂਗੇ

ਸਿਤਾਰੇ ਬਣ ਕੇ ਚਮਕਾਂਗੇ, ਘਟਾਵਾਂ ਬਣ ਕੇ ਛਾਵਾਂਗੇ, ਅਸੀਂ ਆਕਾਸ਼ ਤੇਰੇ 'ਤੇ, ਕਈ ਰੰਗਾਂ 'ਚ ਆਵਾਂਗੇ। ਸਰੀਰਕ ਸ਼ਾਂਤੀ ਖਾਤਰ, ਅਸੀਂ ਪੱਛਮ 'ਚ ਆਏ ਹਾਂ, ਤੇ ਮੁੜ ਕੇ ਆਤਮਕ ਤ੍ਰਿਪਤੀ ਲਈ, ਪੂਰਬ 'ਚ ਜਾਵਾਂਗੇ। ਇਹ ਚਾਦਰ ਪਾਰਦਰਸੀ ਹੈ, ਤੇ ਮੈਲੀ ਗੰਢੜੀ ਸਾਡੀ, ਸ਼ਰੀਕਾਂ ਦੇ ਮੁਹੱਲੇ ਵਿਚ, ਇਹਨੂੰ ਕਿੱਥੇ ਲੁਕਾਵਾਂਗੇ। ਕਰੀਬੀ ਸਾਕ ਨੇ ਸਾਡੇ, ਇਹ ਕੰਡੇ, ਜ਼ਹਿਰ ਤੇ ਸੂਲੀ, ਜੇ ਕਿਧਰੇ ਆ ਬਣੀ, ਤਾਂ ਬੇਧੜਕ ਰਿਸ਼ਤਾ ਨਿਭਾਵਾਂਗੇ। ਸਨਾਤਨ ਰੂਪ ਚੇਤਨ ਦਾ, ਸਦੀਵੀ ਨੂਰ ਦੇ ਵੰਸ਼ਜ, ਅਸੀਂ ਜਿਥੇ ਵੀ ਹੋਵਾਂਗੇ, ਹਮੇਸ਼ਾ ਜਗਮਗਾਵਾਂਗੇ।

11. ਗ਼ਜ਼ਲ-ਪਹਿਲੀ ਕਿਰਨ ਦਾ ਨੂਰ ਤਾਂ, ਸੋਨਾ ਜਿਵੇਂ ਬਿਖਰਾ ਗਿਆ

ਪਹਿਲੀ ਕਿਰਨ ਦਾ ਨੂਰ ਤਾਂ, ਸੋਨਾ ਜਿਵੇਂ ਬਿਖਰਾ ਗਿਆ, ਜਾਗੋ ਵੇ ਬਸਤੀ ਵਾਲਿਉ, ਸੂਰਜ ਸਿਰਾਂ ਤੇ ਆ ਗਿਆ ॥ ਸੁੱਤੇ ਰਹੋ ਦੁਪਹਿਰ ਤੱਕ, ਤਾਂ ਕੀ ਬਣੇਗਾ ਜੇ ਕਦੇ, ਸੋਹਣਾ ਜਿਹਾ ਸੁਪਨਾ ਕੋਈ, ਅਖਾਂ 'ਚ ਹੀ ਪਥਰਾ ਗਿਆ॥ ਗਰਮੀ 'ਚ ਧੁੱਪੇ ਬੈਠ ਕੇ, ਭਾਸ਼ਣ ਉਨ੍ਹਾਂ ਦਾ ਸੁਣਦਿਆਂ, ਕਈਆਂ ਦਾ ਸਿਰ ਚਕਰਾ ਗਿਆ, ਕਈਆਂ ਦਾ ਦਿਲ ਘਬਰਾ ਗਿਆ ॥ ਫੁਲਾਂ ਦੇ ਪਾ ਕੇ ਹਾਰ ਗਲ, ਆਏ ਨੇ ਰਾਖੇ ਬਾਗ਼ ਦੇ, ਲਗਰਾਂ ਨੇ ਨੀਵੀਂ ਪਾ ਲਈ, ਕਲੀਆਂ 'ਚ ਮਾਤਮ ਛਾ ਗਿਆ॥ ਹਰ ਬੂੰਦ ਵਿਚ ਨੇ ਬਿਜਲੀਆਂ, ਹਰ ਲਹਿਰ ਵਿਚ ਤੂਫ਼ਾਨ ਹੈ, ਚੜ੍ਹਦੀ ਨਦੀ ਨੇ ਖੋਰਨੈ, ਪਰਬਤ ਵੀ ਜੇ ਟਕਰਾ ਗਿਆ ॥

12. ਗ਼ਜ਼ਲ-ਨਹੀਂ ਜਾਰੀ ਸਫ਼ਰ ਦੀਵੇ ਦਾ ਇਸ ਵਕਤੀ ਉਜਾਲੇ ਤੱਕ

ਨਹੀਂ ਜਾਰੀ ਸਫ਼ਰ ਦੀਵੇ ਦਾ ਇਸ ਵਕਤੀ ਉਜਾਲੇ ਤੱਕ, ਇਨ੍ਹੇ ਬਲਦੇ ਹੀ ਰਹਿਣਾ ਹੈ, ਨਿਰੰਤਰ ਪਹੁ ਫੁਟਾਲੇ ਤੱਕ।। ਕੁਰਾਹੇ ਰਹਿਬਰਾਂ ਪਾਇਆ ਯਾ ਮੰਜ਼ਿਲ ਹੀ ਛਲਾਵਾ ਹੈ ਜ਼ਮਾਨੇ ਤੁਰਦਿਆਂ ਹੋਏ, ਅਧੂਰੀ ਵਾਟ ਹਾਲੇ ਤਕ ॥ ਅਜੋਕੇ ਹਾਦਸੇ ਐਸੇ ਨੇ, ਹਰ ਇਕ ਹਾਦਸੇ ਮਗਰੋਂ, ਕਈ ਦਿਨ ਡਰ ਜਿਹਾ ਛਾਇਆ ਰਹੇ ਆਲੇ ਦੁਆਲੇ ਤਕ ॥ ਕਈ ਜ਼ਹਿਰੀਲੀਆਂ ਗੈਸਾਂ ਦੇ ਧੂੰਏਂ, ਸੇਕ ਭੱਠੀਆਂ ਦੇ, ਉਡਾ ਕੇ ਰੰਗ ਧਰਤੀ ਦਾ ਤੇ ਜਾ ਪਹੁੰਚੇ ਹਿਮਾਲੈ ਤਕ ॥ ਕਿਸੇ ਦਿਨ ਹਾਰ ਕੇ ਸਿੱਧੇ ਅਸਿੱਧੇ ਹੱਥ ਪਹੁੰਚਣਗੇ, ਅਸਾਨੂੰ ਰੋਜ਼ ਨਵੀਆਂ ਉਲਝਣਾਂ ਵਿਚ ਪਾਉਣ ਵਾਲੇ ਤੱਕ ॥

13. ਗ਼ਜ਼ਲ-ਚੰਚਲ ਨਦੀ ਹੈ ਸ਼ਾਂਤ ਹੁਣ, ਵੇਲਾ ਇਕਾਗਰ ਹੋਣ ਦਾ

ਚੰਚਲ ਨਦੀ ਹੈ ਸ਼ਾਂਤ ਹੁਣ, ਵੇਲਾ ਇਕਾਗਰ ਹੋਣ ਦਾ, ਹਰ ਬੂੰਦ ਅੰਦਰ ਮਚਲਦਾ, ਸੁਪਨਾ ਸਮੁੰਦਰ ਹੋਣ ਦਾ ॥ ਸਮਝੇ ਬਿਨਾਂ, ਇਕ ਦੂਸਰੇ ਤੋਂ, ਤੇਜ਼ ਦੌੜਨ ਦੀ ਜਗ੍ਹਾ, ਚੰਗਾ ਸੀ ਕੋਈ ਸ਼ੌਂਕ ਇਕ-ਦੂਜੇ ਤੋਂ ਬਿਹਤਰ ਹੋਣ ਦਾ । ਉਸਦੀ ਵਪਾਰਕ ਸੋਚ ਨੇ, ਬੰਦੇ ਤੋਂ ਬੰਦਾ ਤੋੜਿਐ ਫਿਰ ਕਿਉਂ ਉਦ੍ਹਾ ਦਾਅਵਾ ਵੀ ਹੈ, ਸਭਦੇ ਬਰਾਬਰ ਹੋਣ ਦਾ ॥ ਹਰ ਬੂੰਦ ਪਾਣੀ ਸਾਂਭ ਕੇ, ਮਾਰੂਥਲਾਂ ਵੱਲ ਮੋੜ ਦੇ, ਧਰਤੀ ਨੂੰ ਕਿਧਰੇ ਨਾ ਰਹੇ, ਅਫਸੋਸ ਬੰਜਰ ਹੋਣ ਦਾ॥ ਲਗਦੈ ਤਿਰੀ, ਦਰਿਆ ਦਿਲੀ, ਕੁਝ ਦੇਰ ਦੀ ਮਹਿਮਾਨ ਹੈ, ਬਣਦਾ ਹੈ ਹੱਕ, ਲੋਕਾਂ ਦਾ ਹੁਣ, ਤੇਰੇ ਤੋਂ ਮੁਨਕਰ ਹੋਣ ਦਾ।

14. ਗਰਦਿਸ਼

ਉਹ ਜੋ ਉਸ ਦਿਨ ਲਾਲ ਹਨ੍ਹੇਰੀ ਝੁੱਲ੍ਹੀ ਸੀ, ਅੰਦਰੋ ਅੰਦਰੀ ਚੰਨ ਸੂਰਜ ਟਕਰਾਏ ਸਨ। ਬਾਹਰੋਂ ਤਾਂ ਸੀ ਲੱਗਾ ਦੋਸ਼ ਬਹਾਰਾਂ ਤੇ। ਬੇਦੋਸ਼ੇ ਰੁੱਖਾਂ ਨੂੰ ਲੰਮੀ ਕੈਦ ਮਿਲੀ, ਪੱਤੇ ਦਰਦ ਲਿਖਾ ਕੇ ਆਪਣੇ ਸੀਨੇ ਤੇ, ਕਾਸਦ ਬਣ ਬਣ ਗਲ਼ੀਆਂ ਦੇ ਵਿੱਚ ਰੁਲ਼ਦੇ ਰਹੇ। ਖੁੱਲ੍ਹੇ ਸਬਜ਼ ਮੈਦਾਨਾਂ ਉੱਤੇ ਗਰਮ ਲਹੂ, ਰਾਤ ਜਿਵੇਂ ਕੋਈ ਸਾਜ਼ਿਸ਼ ਕਰਕੇ ਛਿੜਕ ਗਈ। ਜੰਗਲ ਵਿੱਚ ਤਾਂ ਸ਼ਾਸਨ ਸੀ ਅਫ਼ਵਾਹਾਂ ਦਾ, ਵਿਹਲ ਕਿਨ੍ਹੂੰ ਸੀ ਵਿਹਲੇ ਦਰਦ ਫ਼ਰੋਲਣ ਦੀ। ਕੰਡਾ ਕੰਡਾ ਸੂਲੀ ਉੱਤੇ ਟੰਗਿਆ ਸੀ ਏਸ ਫ਼ਿਜ਼ਾ ਵਿੱਚ ਫੁੱਲਾਂ ਨੇ ਕੀ ਖਿੜਨਾ ਸੀ। ਹਰ ਦਸਤਕ ਤੇ ਕੰਬਦੀਆਂ ਸੀ ਕੰਧਾਂ ਵੀ, ਮੌਤ ਬੋਲਦੀ ਕਾਵਾਂ ਵਾਂਗ ਬਨੇਰੇ ‘ਤੇ, ਕਾਂਗ ਲਹੂ ਦੀ ਰੋੜ੍ਹ ਲੈ ਗਈ ਕਈਆਂ ਨੂੰ, ਜੀਊਂਦੇ ਸੀ ਜੋ, ਖੌਰ੍ਹੇ ਕਿੰਨੀ ਵਾਰ ਮਰੇ। ਤੇਜ਼ ਕਦੀ, ਮੱਠੀ ਇਹ ਹੁੰਦੀ ਖੇਡ ਰਹੀ, ਚੰਨ ਵੀ ਹੁਣ ਆਪਣੀ ਥਾਵੇਂ ਮੁਸਕਾਉਂਦਾ ਏ, ਸੂਰਜ ਵੀ ਬਿਲਕੁਲ ਪਹਿਲਾਂ ਦੇ ਵਾਂਗਰ ਹੀ, ਨਿੱਤ ਸਰਘੀ ਦਾ ਬੂਹਾ ਆ ਖੜਕਾਉਂਦਾ ਏ। ਇਸ ਗਰਦਿਸ਼ ਵਿੱਚ ਪਰ ਜੋ ਤਾਰੇ ਟੁੱਟ ਗਏ, ਕੌਣ ਉਨ੍ਹਾਂ ਦੀ ਥਾਂਵੇਂ ਆ ਕੇ ਚਮਕੇਗਾ।

15. ਆਪਣੇ ਸੂਰਜ ਦੀ ਤਲਾਸ਼

ਮੈਂ ਤਾਂ ਵੇਖੀ ਹੈ ਸਦਾ ਹੋਸ਼ ਸੰਭਾਲਣ ਮਗਰੋਂ ਰਾਤ ਬੈਠੀ ਹੋਈ ਚੁੱਪਚਾਪ ਜਿਹੀ ਕੰਧਾਂ ਤੇ। ਅੱਜ ਦੀ ਹਿੱਕ ਤੇ ਜੋ ਤੋਰ ਸਮਾਂ ਤੁਰਿਆ ਹੈ ਆ, ਕਿ ਚੱਲ, ਵੇਖੀਏ ਕਿਸ ਘਰ ਤੇ ਰੁਕੇਗਾ ਜਾ ਕੇ। ਆ ਕਿ ਚੱਲ ਵੇਖੀਏ, ਗੁੰਮਨਾਮ ਜਿਹੀ ਬਸਤੀ ਵਿੱਚ ਲੋਕ ਮਸ਼ਹੂਰ ਤੇਰੇ ਸ਼ਹਿਰ ਦੇ ਆਉਂਦੇ ਕਿਸ ਥਾਂ। ਰੂਪ ਦੀ ਲੋਅ ਵਿੱਚ ਢਲਦੀ ਹੈ ਕਿਵੇਂ ਹਰ ਸ਼ਾਮ। ਕਿਵੇਂ ਬਿਖ਼ਰੇ ਪਏ ਵੰਗਾਂ ਦੇ ਸੁਨਹਿਰੀ ਟੋਟੇ ਧੂੜ ਬੈਠੀ ਹੈ ਨਮੀ ਸਾਂਭ ਕੇ ਹੰਝੂਆਂ ਦੀ ਅਜੇ। ਬੁੱਢਾ ਪਿੱਪਲ ਘੂਰਦੈ ਦੂਰ ਕਿਸੇ ਸੋਚ ‘ਚ ਗੁੰਮ ਬੈਠੀ ਪੱਤਿਆਂ ਤੇ ਪਰੇਸ਼ਾਨ ਅਜੇ ਤੀਕ ਸ਼ਬਨਮ। ਚੰਨ ਸਦੀਆਂ ਤੋਂ ਹੈ ਆਕਾਸ਼ ਦੀ ਤਾਕੀ ‘ਚ ਖੜ੍ਹਾ ਫੱਕ ਬੇਰੰਗ ਜਿਹਾ ਮੂੰਹ ਲਈ ਕੁਝ ਆਖ ਰਿਹਾ। ਏਸ ਬਸਤੀ ਦੇ ਨਕਸ਼ ਨੇ ਸਦਾ ਕੋਹਰੇ ‘ਚ ਰਹੇ ਬਰਫ਼ ਐਸੀ ਕਿ ਸਦੀਆਂ ਤੋਂ ਪਿਘਲਦੀ ਹੀ ਨਹੀਂ। ਰੁੱਤ ਆਉਂਦੀ ਹੈ ਚਲੀ ਜਾਂਦੀ ਹੈ ਉਹ ਹੱਦ ਤੋਂ ਪਰ੍ਹਾਂ ਧੁੱਪ ਆਉਂਦੀ ਹੀ ਤਿਲਕਦੀ ਹੈ ਠਹਿਰਦੀ ਹੀ ਨਹੀਂ। ਚਾਨਣੀ ਛੁਹ ਕੇ ਚਲੀ ਜਾਂਦੀ ਹੈ ਮਮਟੀ ਦਾ ਸਿਰਾ ਨੀਝ ਹਰ ਰਾਤ ਨਵੀਂ ਹੋ ਕੇ ਤੱਕਦੀ ਰਸਤਾ। ਜਿੰਨਘਾਂ ਹੱਡੀਆਂ ਨੂੰ ਰਹੀ ਚੀਰਦੀ ਨਿੱਤ ਸਰਦ ਹਵਾ ਜਿੰਨ੍ਹਾਂ ਨਾੜਾਂ ‘ਚ ਲਹੂ ਉਮਰ ਤੋਂ ਜੰਮਿਆ ਹੋਇਆ। ਜਿੰਨ੍ਹਾਂ ਕੰਨਾਂ ਨੇ ਸਦਾ ਬਰਫ਼ ਜਹੇ ਗੀਤ ਸੁਣੇ। ਸੋਚ ਕੱਕਰ ਹੈ ਜਿੰਨ੍ਹਾਂ ਦੀ ਰਹੇ ਜਜ਼ਬਾਤ ਠਰੇ। ਕਈ ਭੜਕਣਗੇ ਜਿਵੇਂ ਖ਼ੂਨ ਨੂੰ ਪਿਘਲਾਉਣ ਲਈ। ਕੋਈ ਸੂਰਜ ਬਲ਼ੂ ਯਖ਼ ਸੋਚ ਨੂੰ ਗਰਮਾਉਣ ਲਈ। ਆ ਕਿ ਚੱਲ ਵੇਖੀਏ ਉਹ ਦੂਰ ਢਲਾਣਾਂ ਤੋਂ ਪਰ੍ਹਾਂ, ਕਿਹੜੇ ਪਰਬਤ ਦੀ ਹਰੀ ਕੁੱਖ ‘ਚੋਂ ਸੂਰਜ ਜੰਮਦਾ। ਆਖੀਏ, ਸਿਰਜ ਦੇਵੇ ਸਾਨੂੰ ਵੀ ਸੂਰਜ ਆਪਣਾ। ਮੁੱਲ ਦਾ ਕੀ ਹੈ ਕਿ ਮਰ ਕੇ ਵੀ ਚੁਕਾ ਸਕਦੇ ਹਾਂ। ਜੇ ਅਸੀਂ ਨਾ ਵੀ ਰਹੇ, ਫੇਰ ਵੀ ਇਹ ਆਸ ਰਹੇ, ਪੁੱਤ ਸੂਰਜ ਦੇ ਤਾਂ ਜੰਮਣਗੇ ਮਸ਼ਾਲਾਂ ਵਰਗੇ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ