Punjabi Poetry : Siri Ram Arsh

ਪੰਜਾਬੀ ਕਵਿਤਾ/ਕਲਾਮ : ਸਿਰੀ ਰਾਮ ਅਰਸ਼

1. ਉਨ੍ਹਾਂ ਨੇ ਸੋਚਕੇ ਦਰਿਆ ਦੇ ਪਹਿਲਾਂ ਪੁਲ ਬਣਾ ਦਿੱਤਾ

ਉਨ੍ਹਾਂ ਨੇ ਸੋਚਕੇ ਦਰਿਆ ਦੇ ਪਹਿਲਾਂ ਪੁਲ ਬਣਾ ਦਿੱਤਾ।
ਤੇ ਫਿਰ ਪੁਲ ‘ਤੇ ਚਿਰਾਗ਼ੀ ਵਾਸਤੇ ਲੁੱਡਣ ਬਠਾ ਦਿੱਤਾ।

ਜਦੋਂ ਦੇਖੇ ਮੈਂ ਝੱਖੜ ਵਧ ਰਹੇ ਮੇਰੇ ਨਗਰ ਵੱਲ ਨੂੰ,
ਤਦੋਂ ਘਰ ਦੇ ਬਨੇਰੇ ‘ਤੇ ਮੈਂ ਇੱਕ ਦੀਵਾ ਜਗਾ ਦਿੱਤਾ।

ਇਹ ਕੈਸੀ ਦੂਰ-ਅੰਦੇਸ਼ੀ ਹੈ ਮੇਰੇ ਰਾਹਬਰੋ! ਦੱਸੋ?
ਤੁਸੀਂ ਹੱਸਕੇ ਮਜ਼ਾਰਾਂ ਹੇਠਲਾ ਰਕਬਾ ਵਧਾ ਦਿੱਤਾ।

ਖ਼ਿਲਾਫ਼ ਉਨ੍ਹਾਂ ਦੇ ਜਿਨ੍ਹਾਂ ਨੇ ਜੋਸ਼ ਵਿੱਚ ਨਾਅਰੇ ਲਗਾਏ ਸਨ,
ਉਸੇ ਨੇ ਨਾਬਰਾਂ ਦੇ ਜੋਸ਼ ਨੂੰ ਗੂੰਗਾ ਬਣਾ ਦਿੱਤਾ।

ਜਿਹੜੇ ਦਰਬਾਰ ਵਿੱਚ ਜਾ ਕੇ ਸਿਰਾਂ ਦੇ ਮੁੱਲ ਪੈਂਦੇ ਹਨ,
ਵਤਨ ਦੇ ਸੂਰਬੀਰਾਂ ਨੇ ਉਸੇ ਦਰ ਦਾ ਪਤਾ ਦਿੱਤਾ।

ਕਿਵੇਂ ਮੁਫ਼ਲਿਸ ਵਿਚਾਰਾ ਏਸ ਥਾਂ ਕੱਟੇਗਾ ਦਿਨ ਆਪਣੇ,
ਤੁਸੀਂ ਲੋੜੀਂਦੀਆਂ ਵਸਤਾਂ ‘ਤੇ ਡਾਢਾ ਕਰ ਲਗਾ ਦਿੱਤਾ।

ਤੁਹਾਡਾ ਸ਼ੁਕਰੀਆ ਰੱਬਾ! ਜੋ ਕਹਿੰਦੇ ਹੋ, ਉਹ ਕਰਦੇ ਹੋ,
ਮੇਰੇ ਵਿੱਛੜੇ ਹੋਏ ਦਿਲਦਾਰ ਦਾ ਚਿਹਰਾ ਮੁੜ ਵਿਖਾ ਦਿੱਤਾ।

2. ਉਨ੍ਹਾਂ ਨੇ ਭੁੱਖਮਰੀ ਮੇਟਣ ਲਈ ਸ਼ਕਤੀ ਜੁਟਾ ਦਿੱਤੀ

ਉਨ੍ਹਾਂ ਨੇ ਭੁੱਖਮਰੀ ਮੇਟਣ ਲਈ ਸ਼ਕਤੀ ਜੁਟਾ ਦਿੱਤੀ।
ਜੀਹਨੇ ਛੰਨਾਂ ਦੇ ਚੁੱਲ੍ਹਿਆਂ ਵਿੱਚ ਬਚੀ ਅਗਨੀ ਬੁਝਾ ਦਿੱਤੀ।

ਰਿਹਾ ਖਾਮੋਸ਼ ਤਾਂ ਉਨ੍ਹਾਂ ਨੇ ਮੈਨੂੰ ਬਖਸਿ਼ਆ ਅਹੁਦਾ,
ਜਾਂ ਜ਼ਾਲਿਮ ਨੂੰ ਕਿਹਾ ਜ਼ਾਲਿਮ ਤਾਂ ਫਾਂਸੀ ਦੀ ਸਜ਼ਾ ਦਿੱਤੀ।

ਤੁਸੀਂ ਸੂਰਜ ਤੁਸੀਂ ਪ੍ਰਕਾਸ਼ ਦੇ ਸੋਮੇ ਹੋ ਮੈਂ ਮੰਨਦਾਂ,
ਮਗਰ ਤੌਫੀਕ ਮੂਜਬ ਮੈਂ ਵੀ ਇਕ ਜੋਤੀ ਜਗਾ ਦਿੱਤੀ।

ਜਦੋਂ ਹਰਫਾਂ ਦੀ ਆਭਾ ਨੂੰ ਖੜੱਪੇ ਨਾਗ ਨੇ ਡੰਗਿਆ,
ਤਦੋਂ ਮਣੀਆਂ ਜੜੀ ਕੁਰਸੀ ਦੀ ਪ੍ਰਭੂਤਾ ਮੁਸਕਰਾ ਦਿੱਤੀ।

ਘਰੋਂ ਤੁਰਿਆ ਤਾਂ ਸੋਚੇ ਕਿਉਂ ਨਹੀਂ ਇਸ ਵਾਰ ਮਾਂ ਰੋਈ,
ਤੇ ਨਾ ਹੱਥ ਫੇਰ ਕੇ ਸਿਰ ‘ਤੇ ਉਹਨੂੰ ਕੋਈ ਦੁਆ ਦਿੱਤੀ।

ਜਿਹੜੀ ਪਰਬਤ ਦੀ ਚੋਟੀ ‘ਤੇ ਮਨੁੱਖਾਂ ਲਾ ਲਏ ਡੇਰੇ,
ਘਟਾਵਾਂ ਨੂੰ ਉਸੇ ਚੋਟੀ ਨੇ ਲੰਘਣ ਦੀ ਜਗ੍ਹਾ ਦਿੱਤੀ।

ਜਦੋਂ ਲੋਕਾਂ ਨੇ ਉਸ ਕੋਲੋਂ ਪਿਛੋਕੜ ਉਸ ਦਾ ਪੁੱਛਿਆ ਤਦ
ਉਹਨੇ ਚੌਪਾਲ ਵਿੱਚ ਪਿੱਪਲ ਦੀ ਇਕ ਟਹਿਣੀ ਲਗਾ ਦਿੱਤੀ।

ਤੁਸੀਂ ਰੱਬਾ! ਜਾਂ ਉਸ ਨੂੰ ਦੋਸ਼ੀਆਂ ਦੀ ਪਾਲ ਵਿੱਚ ਗਿਣਿਆ
ਤਾਂ ਨਾਂ ਲੈ ਕੇ ਤੁਹਾਡਾ ‘ਅਰਸ਼’ ਨੇ ਗਰਦਨ ਝੁਕਾ ਦਿੱਤੀ।

3. ਸਿਰਜੀਆਂ ਪਹਿਲਾਂ ਗਰੀਬਾਂ ਵਾਸਤੇ ਦੁਸ਼ਵਾਰੀਆਂ

ਸਿਰਜੀਆਂ ਪਹਿਲਾਂ ਗਰੀਬਾਂ ਵਾਸਤੇ ਦੁਸ਼ਵਾਰੀਆਂ।
ਫਿਰ ਉਨ੍ਹਾਂ ਵਿੱਚ ਵੰਡ ਛੰਡੀਆਂ ਹਨ ਤੁਸੀਂ ਬੇਕਾਰੀਆਂ।

ਸੁਣ ਸੁਤੰਤਰਤਾ! ਉਨ੍ਹਾਂ ਦਾ ਜ਼ਿਕਰ ਕਰਨਾ ਧਰਮ ਹੈ,
ਤੇਰਿਆਂ ਰਾਹਾਂ ਦੇ ਵਿੱਚ, ਜਾਨਾਂ ਜਿਨ੍ਹਾਂ ਨੇ ਵਾਰੀਆਂ।

ਅੱਜ ਉਸੇ ਘਰ ਨੂੰ ਨਵੀਂ ਖਿੜਕੀ ਲਗਾਉਣੀ ਪੈ ਗਈ
ਛੇਕ ਦਿੱਤੇ ਸਨ ਤੁਸੀਂ ਕੱਲ੍ਹ ਜਿਸ ਦੇ ਬੂਹੇ ਬਾਰੀਆਂ।

ਕੌਣ ਤਾਜ਼ੀ ਵਾ’ ਨੂੰ ਸ਼ਹਿਰਾਂ ‘ਚੋਂ ਚੁਰਾ ਕੇ ਲੈ ਗਿਆ?
ਨਾਲ ਬੰਨ੍ਹ ਕੇ ਲੈ ਗਿਆ ਬਾਲਾਂ ਦੀਆਂ ਕਿਲਕਾਰੀਆਂ।

ਦੇਖ ਲੈ! ਅਨਿਆਂ ਨੂੰ ਰੋਕਣ ਤੁਰ ਪਏ ਮਜ਼ਲੂਮ ਲੋਕ,
ਪੁੱਟ ਸੁੱਟਣਗੇ ਜੜ੍ਹਾਂ ਤੋਂ ਜੋ ਮੁਲਹਾਜ਼ੇਦਾਰੀਆਂ।

ਘੂਰਿਆ ਪਹਿਲਾਂ ਉਨ੍ਹਾਂ ਨੇ, ਫੇਰ ਦੇ ਦਿੱਤਾ ਸਰਾਪ,
ਖਤਮ ਨਾ ਪਰ ਕਰ ਸਕੇ ਹਰਫਾਂ ਦੀਆਂ ਮੁਖਤਾਰੀਆਂ।

ਉਹ ਮੁਕੱਦਸ ਕਹਿਣ ਹਰ ਇਕ ਰੰਗ ਦੀ ਦਸਤਾਰ ਨੂੰ,
ਲਕਸ਼ ਹੈ ਜਿਨ੍ਹਾਂ ਦਾ ਕਾਇਮ ਰੱਖਣੀਆਂ ਸਰਦਾਰੀਆਂ।

4. ਲੋਕਾਂ ਨੇ ਖ਼ੁਦ ਥਾਪੀ ਉਸ ਨੂੰ, ਲੋਕਾਂ ਦੀ ਸਰਕਾਰ ਕਹਾਂ

ਲੋਕਾਂ ਨੇ ਖ਼ੁਦ ਥਾਪੀ ਉਸ ਨੂੰ, ਲੋਕਾਂ ਦੀ ਸਰਕਾਰ ਕਹਾਂ!
ਮਹਿੰਗਾਈ ਦੀ ਜੜ੍ਹ ਨੂੰ ਕੀਕਣ, ਜਨਤਾ ਦੀ ਗ਼ਮਖ਼ਾਰ ਕਹਾਂ?

ਪੜ੍ਹ-ਲਿਖ ਕੇ ਕਿਉਂ ਥਾਂ-ਥਾਂ ਭਟਕਣ, ਕਿੱਥੇ ਨੌਕਰੀਆਂ ਗਈਆਂ?
ਵਿਹਲੇ ਫਿਰਦੇ ਯੁਵਕਾਂ ਨੂੰ ਮੈਂ, ਵਿਹਲੜ ਜਾਂ ਬੇਕਾਰ ਕਹਾਂ!

ਉੱਚੇ ਭਵਨਾਂ ਦਾ ਪੱਖ ਪੂਰੇ, ਹਾਮੀ ਵਿਸ਼ਵ ਤਿਜਾਰਤ ਦਾ,
ਨਿਰਧਨ ਨੂੰ ਨਾ ਗੌਲੇ ਉਸ ਨੂੰ, ਕੀਕਣ ਖਿਦਮਤਗਾਰ ਕਹਾਂ?

ਮੁਆਫ਼ ਤੁਸੀਂ ਕਰ ਦੇਣਾ ਯਾਰੋ! ਗਰਜ਼ਾਂ ਨੇ ਸੰਘੀ ਨੱਪੀ,
ਹਰਫ਼ਾਂ ਦੇ ਦੁਸ਼ਮਣ ਨੂੰ ਜੇਕਰ, ਅੱਜ ਦਾ ਕਾਦਰਯਾਰ ਕਹਾਂ।

ਅੱਜ ਮਾਝੀ ਸਾਡੀ ਕਿਸ਼ਤੀ ਨੂੰ, ਕਿਸ ਪੱਤਣ ’ਤੇ ਲੈ ਆਇਆ,
ਸੌ ਬੀਮਾਰ ਅਨਾਰ ਹੈ ਇੱਕੋ, ਕਿਸ ਕਿਸ ਨੂੰ ਹੱਕਦਾਰ ਕਹਾਂ?

ਰੰਗ-ਬਰੰਗੀਆਂ ਪੱਗਾਂ ਡਿੱਠੀਆਂ, ਗੁਣ ਸਨ ਅੱਡ-ਅੱਡ ਹਰ ਇੱਕ ਵਿੱਚ,
ਦੇਸ਼ ਲਈ ਕੁਰਬਾਨ ਜੋ ਹੋਈ, ਮੈਂ ਉਸ ਨੂੰ ਦਸਤਾਰ ਕਹਾਂ।

ਖੇਤਾਂ ਵਿੱਚ ਫ਼ਸਲਾਂ ਦੇ ਬਦਲੇ, ਹੁਣ ਕਰਜ਼ੇ ਹੀ ਉੱਗਦੇ ਹਨ,
ਅਰਸ਼ ਬਸੰਤੀ ਰੁੱਤ ਦੇ ਹੁੰਦੇ, ਰਿਣ ਨੂੰ ਕੀਕਣ ਦਾਰ ਕਹਾਂ?

5. ਤੁਹਾਡੇ ਸ਼ਹਿਰ ਵਿੱਚ ਕਿਸ ਨੂੰ ਮੁਨਾਸਬ ਨੌਕਰੀ ਲੱਭੀ

ਤੁਹਾਡੇ ਸ਼ਹਿਰ ਵਿੱਚ ਕਿਸ ਨੂੰ ਮੁਨਾਸਬ ਨੌਕਰੀ ਲੱਭੀ।
ਜਦੋਂ ਲੱਭੀ ਹੁਨਰਮੰਦੀ ਨੂੰ ਕੇਵਲ ਭੁਖਮਰੀ ਲੱਭੀ।

ਮੈਂ ਜਗਦੇ ਜੁਗਨੂੰਆਂ ਦੇ ਨਾਲ ਸਾਰੀ ਰਾਤ ਕੱਟ ਆਇਆਂ,
ਨਾ ਮੈਨੂੰ ਸੇਕ ਹੀ ਮਿਲਿਆ ਨਾ ਅਦਭੁੱਤ ਰੌਸ਼ਨੀ ਲੱਭੀ।

ਜਿਨ੍ਹਾਂ ਨੇ ਤੱਜ ਕੇ ਭੀੜਾਂ ਪਰਬਤਾਂ ’ਤੇ ਆਲ੍ਹਣੇ ਪਾਏ,
ਉਨ੍ਹਾਂ ਢੋਕਾਂ ਦੇ ਵਿੱਚ ਸਾਹਾਂ ਨੂੰ ਜਾ ਕੇ ਜ਼ਿੰਦਗੀ ਲੱਭੀ।

ਮੈਂ ਬੁੱਕਲ ਮਾਰ ਕੇ ਜਦ ਇਸ਼ਕ ਦੀ ਢੂੰਡਣ ਉਹਨੂੰ ਤੁਰਿਆ,
ਮਿਲੇ ਥਲ, ਪਰ ਨਾ ਕਿਧਰੇ ਪਿਆਰ ਦੀ ਵਗਦੀ ਨਦੀ ਲੱਭੀ।

ਹਵਾ ਮੈਨੂੰ ਉਡਾ ਕੇ ਖ਼ੁਸ਼ਕ ਪੱਤੇ ਵਾਂਗ ਲੈ ਪੁੱਜੀ,
ਜਿਹੜੇ ਦਰ ਤੋਂ ਅਚਾਨਕ ਗੁੰਮ ਹੋਈ ਮੇਰੀ ਖ਼ੁਸ਼ੀ ਲੱਭੀ।

ਵਜਾ ਕੇ ਘੰਟੀਆਂ ਲਫ਼ਜ਼ਾਂ ਦੀਆਂ ਧਾਮਾਂ ਦੇ ਵਿੱਚ, ਜਿੰਦੇ!
ਤੇਰਾ ਹੀ ਰੂਪ ਦਿਸਦਾ ਜਿਸ ’ਚ ਮੈਨੂੰ ਆਰਸੀ ਲੱਭੀ।

ਤੇਰੇ ਵਿਸਮਾਦ ਪੂਰਨ ਅੱਖਰਾਂ ਦੀ ਲੋਅ ਦੇ ਵਿੱਚ ਮੈਨੂੰ,
ਉਦ੍ਹੇ ਸੰਸਾਰ ’ਚੋਂ ਹਰਫ਼ਾਂ ਨੂੰ ਜੋੜਨ ਦੀ ਵਿਧੀ ਲੱਭੀ।

6. ਵਿਸ਼ਵੀਕਰਨ ਦੀ ਜਿਹੜੇ ਚੌਸਰ ਵਿਛਾ ਰਹੇ ਨੇ

ਵਿਸ਼ਵੀਕਰਨ ਦੀ ਜਿਹੜੇ ਚੌਸਰ ਵਿਛਾ ਰਹੇ ਨੇ ।
ਸਾਡੀ ਤਬਾਹੀਆਂ ਤੇ, ਉਹੀ ਮੁਸਕਰਾ ਰਹੇ ਨੇ ।

ਉਹਨਾਂ ਨੇ ਭੋਗਣਾ ਹੈ, ਨ੍ਹੇਰੇ ਦਾ ਕਹਿਰ ਇੱਕ ਦਿਨ,
ਖ਼ੁਦਗ਼ਰਜ਼ – ਲੋਕ ਜਿਹੜੇ, ਦੀਵੇ ਬੁਝਾ ਰਹੇ ਨੇ ।

ਰਹਿਬਰ ਨੇ ਕਿਸ ਤਰ੍ਹਾਂ ਦੇ, ਭਟਕੇ ਮੁਸਾਫਿਰਾਂ ਨੂੰ,
ਰਸਤਾ ਵਿਖਾਉਣ ਦੀ ਥਾਂ, ਖ਼ੁਦ ਵਰਗਲਾ ਰਹੇ ਨੇ ।

ਤੈਨੂੰ ਉਨ੍ਹਾਂ ਦਾ ਸਜਦਾ, ਕਰਨਾ ਕਬੂਲ ਪੈਣਾ,
ਖੁਸ਼ੀਆਂ ਦੀ ਆਸ ਲੈ ਕੇ, ਦਰ ਤੇ ਜੋ ਆ ਰਹੇ ਨੇ ।

ਅੰਧਕਾਰ ਦੇ ਪੁਜਾਰੀ, ਸੌੜੇ ਉਦੇਸ਼ ਖਾਤਰ,
ਪ੍ਰੀਤਾਂ ਦੇ ਆਲ੍ਹਣੇ ਨੂੰ , ਲਾਂਬੂ ਲਗਾ ਰਹੇ ਨੇ ।

ਪੁੱਜੇ ਨੇ ਲੋਕ ਜਿਹੜੇ, ਵਿਕਸਤ ਧਰਾਤਲਾਂ ਤੋਂ,
ਸਾਡੇ ਵਤਨ ‘ਚ ਆਪਣਾ, ਸਿੱਕਾ ਚਲਾ ਰਹੇ ਨੇ ।

ਓਹਨਾ ਨਿਤਾਣਿਆ ਦੀ, ਕਦ ‘ਅਰਸ਼’ ਸਾਰ ਲੈਂਦਾ,
ਉਮਰਾਂ ਨੂੰ ਗਹਿਣੇ ਪਾ ਕੇ, ਰਿਣ ਜੋ ਚੁਕਾ ਰਹੇ ਨੇ ।

7. ਡੁੱਬ ਗਿਆ ਸਰਘੀ ਦਾ ਤਾਰਾ, ਆ ਵੀ ਜਾ

ਡੁੱਬ ਗਿਆ ਸਰਘੀ ਦਾ ਤਾਰਾ, ਆ ਵੀ ਜਾ।
ਚੜ੍ਹ ਪਿਆ ਸੂਰਜ ਦੁਬਾਰਾ, ਆ ਵੀ ਜਾ।

ਮੂਰਤੀ ਦੇ ਨਕਸ਼ ਘੜਨੋਂ ਰਹਿ ਗਏ,
ਝੂਰਦਾ ਸ਼ਿਲਪੀ ਵਿਚਾਰਾ, ਆ ਵੀ ਜਾ।

ਦੇਖ ਕੇ ਖਾਲੀ ਪਿਆ ਘਰ, ਹਿਜਰ ਨੇ,
ਕਰ ਲਿਆ ਉਸ ਵਿੱਚ ਉਤਾਰਾ, ਆ ਵੀ ਜਾ।

ਬਿਨ ਤੇਰੇ ਮੇਰਾ ਨਹੀਂ ਕੋਈ ਵਜੂਦ,
ਹੁਣ ਨਹੀਂ ਹੁੰਦਾ ਗੁਜ਼ਾਰਾ, ਆ ਵੀ ਜਾ।

ਦਿਲ ਜਿਹੜੇ ਪੱਤਣ ‘ਤੇ ਕਰਦਾ ਹੈ ਉਡੀਕ,
ਖੁਰ ਰਿਹਾ ਉਸ ਦਾ ਕਿਨਾਰਾ, ਆ ਵੀ ਜਾ।

ਰਾਖ ਕਰ ਛੱਡਿਆ ਬਾਰੂਦੀ ਢੇਰਾਂ ਨੇ,
ਪਿਆਰ ਦਾ ਘਰ ਬਾਰ ਸਾਰਾ, ਆ ਵੀ ਜਾ।

ਘੋਰ ਇਕਲਾਪੇ ਵਿੱਚ ਵੱਸਦੀ ਮੌਤ ਹੈ,
ਉਮਰ ਚਾਹੁੰਦੀ ਹੈ ਸਹਾਰਾ, ਆ ਵੀ ਜਾ।

8. ਮਿਹਨਤੀ ਹੱਥਾਂ ‘ਤੇ ਬੇਕਾਰੀ ਦਾ ਮੁਹਰਾ ਨਾ ਧਰੋ

ਮਿਹਨਤੀ ਹੱਥਾਂ ‘ਤੇ ਬੇਕਾਰੀ ਦਾ ਮੁਹਰਾ ਨਾ ਧਰੋ।
ਇਸ ਲਈ ਜੇ ਕਰ ਸਕਦੇ ਚਾਰਾਗਰੋ! ਚਾਰਾ ਕਰੋ।

ਤੁਰ ਪਏ ਵਸਨੀਕ ਪਰਦੇਸਾਂ ਨੂੰ ਰੋਜ਼ੀ ਵਾਸਤੇ,
ਹੁਣ ਖਾਮੋਸ਼ੀ ਨਾਲ ਇਕਲਾਪਾ ਜਰੋ, ਵਸਦੇ ਘਰੋ।

ਤੁੰਦ ਤੂਫਾਨਾਂ ਨੂੰ ਪਾਉਣੀ ਨੱਥ ਸਾਡਾ ਲਕਸ਼ ਹੈ,
ਨ੍ਹੇਰੀਆਂ ਦਾ ਜ਼ੋਰ ਪਲ-ਦੋ-ਪਲ ਜਰੋ, ਹੰਭੇ ਪਰੋ।

ਸੋਚ ਲੈਣਾ ਫਿਰ ਤੁਹਾਡੇ ਬਾਲ ਕਿੱਥੇ ਰਹਿਣਗੇ,
ਵਗਦੀਆਂ ਪੌਣਾਂ ਦੀਆਂ ਮਹਿਕਾਂ ‘ਚ ਜ਼ਹਿਰਾਂ ਨਾ ਭਰੋ।

ਖੁਦਕੁਸ਼ੀ ਕੀਤੀ ਤਾਂ ਉਸ ਦੇ ਖੇਤ ਬੋਲੀ ਚੜ੍ਹ ਗਏ,
ਕਾਰਖਾਨੇ ਐਨ ਹੁਣ ਉਪਜਾਉਣਗੇ, ਸੌਦਾਗਰੋ!

ਚਾਨਣੀ ਜਿਹੜੀ ਟਿਕੇ ਜਲ ਵਿੱਚ ਤਰੰਗਾਂ ਭਰ ਗਈ,
ਉਸ ਨੇ ਕਦ ਚਿਹਰਾ ਵਿਖਾਇਆ ਹੈ ਤੁਹਾਨੂੰ ਸਾਗਰੋ!

ਖੋਰ ਸਕਦੀ ਹੈ ਤੁਹਾਡੇ ਰਾਜ ਦੀ ਬੁਨਿਆਦ ਨੂੰ,
ਹਾਕਮੋ! ਨਿਰਦੋਸ਼ ਦੇ ਹੰਝਾਂ ਦੀ ਵਾਛੜ ਤੋਂ ਡਰੋ।

9. ਉਨ੍ਹਾਂ ਦਾ ਅਜ਼ਮ ਗਰੀਬੀ ਦਾ ਖਾਤਮਾ ਕਰਨਾ

ਉਨ੍ਹਾਂ ਦਾ ਅਜ਼ਮ ਗਰੀਬੀ ਦਾ ਖਾਤਮਾ ਕਰਨਾ।
ਇਹ ਕਰਨਾ ਕਿੰਝ ਅਜੇ ਉਸ ਦਾ ਫੈਸਲਾ ਕਰਨਾ।

ਤੁਸੀਂ ਹੋ ਦੇਵਤੇ ਲੇਕਿਨ ਅਜੇ ਨਹੀਂ ਸਿੱਖਿਆ,
ਕਿਸੇ ਮੁਥਾਜ ਦੀ ਮਿਹਨਤ ਦਾ ਫਲ ਅਦਾ ਕਰਨਾ।

ਹਕੂਮਤਾਂ ਦਾ ਰਿਹਾ ਧਰਮ ਹੈ ਇਹੋ ਹੁਣ ਤੱਕ,
ਬਹਾਨੇ ਘੜ ਕੇ ਸਮਾਜਾਂ ਨੂੰ ਬਸ ਜੁਦਾ ਕਰਨਾ।

ਚੜ੍ਹਾਏ ਸੀਸ ਜਿਹਦੇ ਵਾਸਤੇ ਲੋਕਾਈ ਨੇ,
ਉਹ ਇਨਕਲਾਬ ਗਿਆ ਕਿਸ ਤਰਫ ਪਤਾ ਕਰਨਾ।

ਝੁਕਾ ਕੇ ਧੌਣ ਜਿਹੜਾ ਦਰ ‘ਤੇ ਆ ਗਿਆ ਤੇਰੇ,
ਕਸੂਰ ਓਸ ਦੇ ਬਖਸ਼ਣ ਦਾ ਹੌਸਲਾ ਕਰਨਾ।

ਉਡੀਕ ਮੌਤ ਦੀ ਕਰਦਾ ਨਹੀਂ ਕੋਈ ਐਥੇ!
ਜੇ ਆ ਗਈ ਹੈ, ਇਕੱਲੀ ਨੂੰ ਨਾ ਵਿਦਾ ਕਰਨਾ।

ਗਮਾਂ ‘ਚ ਗ੍ਰਸੇ ਹੋਏ ‘ਅਰਸ਼’ ਦੀ ਖੁਸ਼ੀ ਖਾਤਰ,
ਜੇ ਹੋ ਸਕੇ ਤਾਂ ਘੜੀ ਦੋ ਘੜੀ ਦੁਆ ਕਰਨਾ।

10. ਰੀਤ

ਤੁਰੀ ਜੋ ਪੁਰਖਿਆਂ ਤੋਂ ਆ ਰਹੀ ਹੈ ਰੀਤ ਬਦਲੇ ਦੀ
ਪਲੋ ਪਲ ਸਿਤਮ ਉਹਦੇ ਦਾ ਤਦੇ ਹਿਸਾਬ ਰੱਖਦਾ ਹਾਂ।

ਪਤਾ ਕੀ ਮੋੜ ਕਿਸ ‘ਤੇ ਜ਼ਿੰਦਗੀ ਕੋਈ ਇਮਤਿਹਾਂ ਲੈ ਲਏ
ਮੈਂ ਹੱਥੀਂ ਕਲਮ ਤੇ ਬੋਝੇ ਤਦੇ ਕਿਤਾਬ ਰੱਖਦਾ ਹਾਂ।

ਖ਼ੁਸ਼ਬੂ ਭਾਲਦੇ ਮੈਂ ਕੰਡਿਆਂ ਸੰਗ ਵਿੰਨ੍ਹ ਲਏ ਪੋਟੇ
ਤਦੇ ਹੱਥਾਂ ‘ਚ ਸੂਹੇ ਮਹਿਕਦੇ ਗੁਲਾਬ ਰੱਖਦਾ ਹਾਂ।

ਪਤਾ ਹੈ ਬੇਸੁਰਾ ਹਾਂ ਖ਼ਬਰੇ ਕੋਈ ਰਾਗ ਆ ਜਾਵੇ
ਕਰਕੇ ਸੁਰ ‘ਚ ਏਸੇ ਲਈ ਤਦੇ ਰਬਾਬ ਰੱਖਦਾ ਹਾਂ।

ਹਕੀਕਤ ਤਲਖ਼ ਸਦੀਆਂ ਤੋਂ ਸਦੀਵੀ ਤਲਖ਼ ਹੀ ਰਹਿਣਾ
ਮੈਂ ਨਾਜ਼ੁਕ ਫੁੱਲ ਕਲੀਆਂ ਦੇ ਤਦੇ ਖ਼ਵਾਬ ਰੱਖਦਾ ਹਾਂ।

ਸਮਾਂ ਰਿਸ਼ਤੇ ਭੁਲਾਵੇ ਤੂੰ ਰਿਖੀ ਨੂੰ ਭੁੱਲਣਾ ਹੀ ਸੀ
ਤਿਰਾ ਪਰ ਦਿਲ ‘ਚ ਤਾਜ਼ਾ ਨਾਂ ਸਦਾ ਜਨਾਬ ਰੱਖਦਾ ਹਾਂ।

11. ਅੰਮ੍ਰਿਤ

ਮੇਰੇ ਯਾਰੋ! ਇਹ ਕਲਿਜੁਗ ਹੈ, ਮੇਰਾ ਵਿਸ਼ਵਾਸ ਹੈ ਇਸ ਵਿੱਚ,
ਸਮੁੰਦਰ ਰਿੜਕਿਆਂ ਸਾਨੂੰ ਕਦੇ ਅੰਮ੍ਰਿਤ ਨਹੀਂ ਮਿਲਣਾ।

ਚਲੋ ਮਿਥਿਹਾਸ ਨੇ ਤਾਂ ਅੰਤ ਨੂੰ ਮਿਥਿਹਾਸ ਰਹਿਣਾ ਹੈ,
ਪਰ ਇਹ ਭਾਰਤ ਦੇ ਅਦਭੁੱਤ ਗਿਆਂ ਦਾ ਸਿਰਮੌਰ ਗਹਿਣਾ ਹੈ।

ਤੁਸੀਂ ਪੁਨਰ ਚਿੰਤਨ ਦੀ ਮਧਾਣੀ ਜਦ ਬਣਾਓਗੇ।
ਉਹਨੂੰ ਫਿਰ ਗਿਆਨ ਗੰਗਾ ਨੇਤਰਾ ਪਾ ਕੇ ਘੁਮਾਉਗੇ।

ਵਿਚਾਰਾਂ ਦਾ ਜਦੋਂ ਮੰਥਨ ਕਰੋਗੇ ਦਿਲ ਸਮੁੰਦਰ ਵਿੱਚ,
ਉਦੋਂ ਨਿਰਮਲ ਮਨਾਂ ਵਿੱਚ ਲੁਪਤ ਅੰਮ੍ਰਿਤ ਨੂੰ ਜਗਾਉਗੇ।

ਅਜੋਕੇ ਜੁਗ ਦਾ ਅੰਮ੍ਰਿਤ ਆਪਣਿਆਂ ਜੁੱਸਿਆਂ ‘ਚੋਂ ਲੱਭ ਲਈਏ,
ਤੇ ਇਉਂ ਇਤਿਹਾਸ ਨੂੰ ਮਿਥਿਹਾਸ ਦੇ ਮੱਥੇ ‘ਤੇ ਜੜ ਦਈਏ।

ਉਹ ਅੰਮ੍ਰਿਤ ਹੋਏਗਾ ਇਨਸਾਫ, ਸਮਤਾ, ਭਾਈਚਾਰੇ ਦਾ,
ਜਿਹਨੂੰ ਪੀ ਕੇ ਮਨੁੱਖਾਂ ਵਿੱਚ ਕੋਈ ਅੰਤਰ ਨਹੀਂ ਰਹਿਣਾ।

ਜੁਦਾ ਜਿਹੜਾ ਕਰੇ ਇਨਸਾਨ ਨੂੰ ਇਨਸਾਨ ਦੇ ਕੋਲੋਂ,
ਜ਼ਮਾਨੇ ਵਿੱਚ ਫਿਰ ਉਸ ਤੋਂ ਬਾਅਦ ਉਹ ਮੰਤਰ ਨਹੀਂ ਰਹਿਣਾ।

12. ਸਾਵਣ

ਤ੍ਰਿੰਞਣ ‘ਚ ਚਰਖੇ ਕੱਤਦੀਆਂ, ਕੁਝ ਕੱਢਦੀਆਂ ਫੁਲਕਾਰੀਆਂ।
ਬਿੱਦ ਬਿੱਦ ਕੇ ਤੰਦਾਂ ਪਾਉਂਦੀਆਂ, ਕੰਤਾਂ ਦੇ ਨਾਂ ‘ਤੇ ਨਾਰੀਆਂ।

ਇਹ ਪੂਣੀਆਂ ‘ਤੇ ਮੋਹ ਦੀਆਂ, ਕਣੀਆਂ ਵਰ੍ਹਾਵਣ ਆ ਗਿਆ।
ਆ ਜਾ ਸਜਣ ਪਰਦੇਸੀਆ, ਆ ਜਾ ਕਿ ਸਾਵਣ ਆ ਗਿਆ।

ਬਿਰਹਾ ਦੀ ਪੂਣੀ ਕੱਤਦਿਆਂ, ਚਰਖਾ ਹੈ ਮੇਰਾ ਕੂਕਦਾ।
ਦੀਪਕ ਦੀ ਸਰਗਮ ਛੇੜ ਕੇ, ਤਨ-ਮਨ ਹੈ ਮੇਰਾ ਫੂਕਦਾ।

ਪਾਈਆਂ ਮੈਂ ਜਿੰਨੀਆਂ ਔਸੀਆਂ, ਇਹ ਮੀਂਹ ਮਿਟਾਵਣ ਆ ਗਿਆ।
ਆ ਜਾ ਸਜਣ ਪਰਦੇਸੀਆ, ਆ ਜਾ ਕਿ ਸਾਵਣ ਆ ਗਿਆ।

ਵਾਅਦਾ ਤੇਰਾ ਸੀ ਸਾਉਣ ਦੇ, ਪਹਿਲੇ ਛਰਾਟੇ ਆਉਣ ਦਾ।
ਬਿਰਹੋਂ ਸਰਾਪੀ ਜਿੰਦ ਨੂੰ, ਘੁੱਟ ਕੇ ਕਲੇਜੇ ਲਾਉਣ ਦਾ।

ਆਸਾਂ ਦਾ ਨਿੰਮ੍ਹਾ ਜਗ ਰਿਹਾ, ਦੀਵਾ ਬੁਝਾਵਣ ਆ ਗਿਆ।
ਆ ਜਾ ਸਜਣ ਪਰਦੇਸੀਆ, ਆ ਜਾ ਕਿ ਸਾਵਣ ਆ ਗਿਆ।
ਵਸਲਾਂ ਦੀ ਖ਼ੁਸ਼ਬੂ ਧੂੜ ਕੇ, ਵਿਛੜੇ ਮਿਲਾਵਣ ਆ ਗਿਆ।

13. ਸੰਞ ਨੂੰ ਪੰਧ ਮੁਕਾ ਕੇ ਜਾਂ ਉਹ ਘਰ ਜਾਵੇਗਾ

ਸੰਞ ਨੂੰ ਪੰਧ ਮੁਕਾ ਕੇ ਜਾਂ ਉਹ ਘਰ ਜਾਵੇਗਾ।
ਦੇਖ ਕੇ ਵਿਗੜੀ ਹੋਈ ਸ਼ਕਲ ਨੂੰ, ਡਰ ਜਾਵੇਗਾ।

ਤੂੰ ਉਹਨੂੰ ਕੈਦ ਜਿਹੜੇ ਸ਼ਹਿਰ ’ਚ ਮਰਜ਼ੀ ਕਰ ਲੈ,
ਹਰ ਜਗ੍ਹਾ ਨਾਲ ਉਹਦੇ ਉਸ ਦਾ ਹੁਨਰ ਜਾਵੇਗਾ।

ਲੋਕਤੰਤਰ ਦਾ ਵਚਨ ਲੋਕ-ਭਲਾਈ ਹੁੰਦਾ,
ਲੋਕ ਸਮਝਣਗੇ ਜਦੋਂ, ਵਕਤ ਗੁਜ਼ਰ ਜਾਵੇਗਾ।

ਚੌਥ ਦਾ ਚੰਦ ਖ਼ੁਸ਼ੀ ਦੇ ਕੇ ਸੁਹਾਗਣ ਤਾਈਂ,
ਆਪ ਬਿਰਹਾ ਦੇ ਸਮੁੰਦਰ ’ਚ ਉਤਰ ਜਾਵੇਗਾ।

ਜਿਸ ਅਭਾਗੇ ਨੂੰ ਨਜ਼ਰ ਭਰ ਕੇ ਤੁਸੀਂ ਦੇਖ ਲਵੋ,
ੳੁਸ ਦੇ ਜੀਵਨ ’ਚ ਨਵਾਂ ਰੰਗ ਬਿਖਰ ਜਾਵੇਗਾ।

ਅੌੜ ਦੇ ਨਾਲ ਘਿਰੇ ਖੇਤ ’ਚ ਵਰ੍ਹਿਆ ਜੇ ਨਾ ਮੀਂਹ,
ਤਾਂ ਮੇਰੇ ਨਾਲ ਮੇਰਾ ਖੇਤ ਵੀ ਮਰ ਜਾਵੇਗਾ।

ਜੇ ਨਹੀਂ ਹੋਣਗੇ ਵਣ, ਅਰਸ਼, ਤਾਂ ਬਣਵਾਸ ਕਿਹਾ,
ਤਖ਼ਤ ਜਾਂ ਤਖ਼ਤੇ ਹੀ ਪਰਖੇਗਾ ਜਿਧਰ ਜਾਵੇਗਾ।

14. ਕੀ ਹੋਇਆ ਮੈਨੂੰ ਜੇ ਦਿੱਤਾ ਉਸ ਨੇ ਕੋਈ ਵਰ ਨਹੀਂ

ਕੀ ਹੋਇਆ ਮੈਨੂੰ ਜੇ ਦਿੱਤਾ ਉਸ ਨੇ ਕੋਈ ਵਰ ਨਹੀਂ।
ਪਿਆਰ ਦੇ ਅੰਮ੍ਰਿਤ ਤੋਂ ਵਿਰਵਾ ਦਿਲ ਦਾ ਪਰ ਸਾਗਰ ਨਹੀਂ।

ਦੇਖ ਲੈ ਕਰਦਾ ਹਾਂ ਮੈਂ ਫਿਰ ਵੀ ਤੇਰੇ ’ਤੇ ਇਤਬਾਰ,
ਜਦਕਿ ਮੈਂ ਇਹ ਜਾਣਦਾ ਹਾਂ, ਤੂੰ ਮੇਰਾ ਰਹਿਬਰ ਨਹੀਂ।

ਸੋਚਦਾ ਹਾਂ, ਦੁਨੀਆਂ ਦੇ ਅੰਦਰ ਹੈ ਕੋਈ ਐਸਾ ਨਗਰ,
ਜਿਸ ਦੇ ਵਸਨੀਕਾਂ ’ਚ ਕੋਈ ਤੌਖ਼ਲਾ ਜਾਂ ਡਰ ਨਹੀਂ।

ਲੋਕ ਇਸ ਵਿੱਚ ਦਫ਼ਨ ਹਨ, ਤਹਿਜ਼ੀਬ ਤੇ ਭਾਸ਼ਾ ਸਮੇਤ,
ਇਸ ਕਾਰਨ ਇਹ ਸਾਧਾਰਨ ਕਿਸਮ ਦਾ ਖੰਡਰ ਨਹੀਂ।

ਪਿੰਜਰਾ ਖ਼ੁਦ ਟੁੱਟ ਰਿਹੈ, ਪੰਛੀ ਉੱਡਣ ਉਸ ’ਚੋਂ ਕਿਵੇਂ?
ਕੈਦ ਨੇ ਛੱਡੇ ਜਿਨ੍ਹਾਂ ਦੇ ਖੰਭ ਤਾਕਤਵਰ ਨਹੀਂ।

ਹੁਕਮਰਾਨਾਂ ਤੋਂ ਆਜ਼ਾਦੀ ਪੁੱਛ ਰਹੀ ਹੈ ਇਹ ਸਵਾਲ!
ਨਿਰਧਨਾਂ, ਦੁਖੀਆਂ ਦੀ ਹਾਲਤ ਹੋਈ ਕਿਉਂ ਬਿਹਤਰ ਨਹੀਂ?

ਪਿਆਰ ਦੀ ਤੌੜੀ ਨੂੰ ਯਾਰਾ ਤੂੰ ਢਕੀ ਰਿੱਝਣ ਵੀ ਦੇ,
ਗ਼ਮ ਨਾ ਕਰ ਜੇ ਖ਼ਤ ’ਚ ਤੇਰੇ ਨਾਮ ਦੇ ਅੱਖਰ ਨਹੀਂ।

ਦੀਵਿਆਂ ਦੀ ਦੋਸਤੀ ਨਿਭਣੀ ਨਹੀਂ ਝੱਖੜ ਦੇ ਨਾਲ,
ਜਗਦਿਆਂ ਹਰਫ਼ਾਂ ਦਾ ਕਰਦਾ, ਜੋ ਦਿਲੋਂ ਆਦਰ ਨਹੀਂ।

ਜਾਪਦਾ, ਘਰ ਨਾਲ ਉਸ ਦਾ ਖ਼ਤਮ ਹੋ ਚੁੱਕਾ ਹੈ ਮੋਹ,
ਦਿਨ ਦੇ ਵੇਲੇ ਜਦ ਵੀ ਜਾਓ, ਅਰਸ਼ ਮਿਲਦਾ ਘਰ ਨਹੀਂ।

15. ਪੁਰਖਿਆਂ ਦੀ ਦੀਨਤਾ ਉਸ ਤੋਂ ਲੁਕਾਈ ਨਾ ਗਈ

ਪੁਰਖਿਆਂ ਦੀ ਦੀਨਤਾ ਉਸ ਤੋਂ ਲੁਕਾਈ ਨਾ ਗਈ।
ਮਰਤਬਾ ਹੁੰਦੇ ਹੋਏ ਵੀ ਜੱਗ-ਹਸਾਈ ਨਾ ਗਈ।

ਆਲ੍ਹਣਾ ਸੜ ਕੇ ਸੁਆਹ ਹੁੰਦਾ ਰਿਹਾ, ਪਰ ਭੀੜ ਤੋਂ,
ਜ਼ਿੰਦਗਾਨੀ ਚਾਰ ਬੋਟਾਂ ਦੀ ਬਚਾਈ ਨਾ ਗਈ।

ਹੋਰ ਦੁਨੀਆਂ ਭਰ ਦੀਆਂ ਰਸਮਾਂ ਨਿਭਾਈਆਂ ਓਸ ਨੇ,
ਪਿਆਰ ਦੀ ਇੱਕ ਰੀਤ ਪਰ ਉਸ ਤੋਂ ਨਿਭਾਈ ਨਾ ਗਈ।

ਨਿੱਤ ਜਿਸ ਨੂੰ ਵੇਖਦਾ ਖੇਤਾਂ ’ਚ ਕੰਮ ਕਰਦੇ ਹੋਏ,
ਉਸ ਤੋਂ ਘਰ ਵਿੱਚ ਜੋਤ ਖ਼ੁਸ਼ੀਆਂ ਦੀ ਜਗਾਈ ਨਾ ਗਈ।

ਝੁੱਗੀਆਂ ਨੂੰ ਤੋੜਨੇ ਦੀ ਕਰ ਰਿਹਾ ਜੋ ਨੌਕਰੀ,
ਉਸ ਤੋਂ ਟੱਬਰ ਵਾਸਤੇ ਇੱਕ ਛੱਤ ਪਾਈ ਨਾ ਗਈ।

ਜਾਗੀਆਂ ਗ਼ਰਜ਼ਾਂ ਤਾਂ ਕਾਤਲ ਨੂੰ ਮਸੀਹਾ ਕਹਿ ਗਿਆਂ,
ਸ਼ਾਇਰੀ ਦੀ ਆਤਮਾ ਮੈਥੋਂ ਬਚਾਈ ਨਾ ਗਈ।

ਜਾਣਦਾ ਸੀ ਇਹ ਹਕੀਕਤ, ਜਿਸਮ ਹਨ ਸਭ ਨਾਸ਼ਵਾਨ,
ਫਿਰ ਵੀ ਉਸ ਤੋਂ ਜਿਸਮ ਦੀ ਦੇਖੀ ਵਿਦਾਈ ਨਾ ਗਈ।

16. ਆਖਰਾਂ ਦੇ ਕਰਜ਼ਿਆਂ ਨੂੰ ਇੰਜ ਭੁਗਤਾਉਣਾ ਪਿਆ

ਆਖਰਾਂ ਦੇ ਕਰਜ਼ਿਆਂ ਨੂੰ ਇੰਜ ਭੁਗਤਾਉਣਾ ਪਿਆ।
ਨਾਲ ਫ਼ਸਲਾਂ ਦੇ ਕਿਸਾਨਾਂ ਨੂੰ ਵੀ ਮੁਰਝਾਉਣਾ ਪਿਆ।

ਸ਼ਹਿਰ ਤੇਰੇ ਨਾਲ ਬੱਝਾ ਜਾਪਦਾ ਮੇਰਾ ਵਜੂਦ,
ਘੁੰਮ-ਘੁਮਾ ਕੇ ਦੇਖ ਤੇਰੇ ਸ਼ਹਿਰ ਵਿੱਚ ਆਉਣਾ ਪਿਆ।

ਐਵੇਂ ਉਸ ਪਰਬਤ ਦੀ ਉੱਚੀ ਸ਼ੋਖ਼ ਟੀਸੀ ਵੱਲ ਨਾ ਝਾਕ,
ਖੰਭ ਤੇਰੇ ਕੋਲ ਕਿੱਥੇ? ਦਿਲ ਨੂੰ ਸਮਝਾਉਣਾ ਪਿਆ!

ਜਿਸ ਨੇ ਮੇਰੇ ਪੁਰਖਿਆਂ ਦੇ ਭਾਗ ਛੇਕੇ ਸਨ ਕਦੇ,
ਉਸ ਦੇ ਵੰਸ਼ਜ ਨੂੰ, ਸਮੇਂ ਤੋਂ ਪਾਪ ਬਖ਼ਸ਼ਾਉਣਾ ਪਿਆ।

ਖੁਸ਼ਕਸਾਲੀ, ਕਹਿਤ ਦਾ ਇੰਜ ਹੋ ਗਿਆ ਸਹਿਜੇ ਇਲਾਜ,
ਬੇਨਤੀ ਸੁਣ ਔੜ ਦੀ ਮੀਂਹ ਉਸ ਨੂੰ ਬਰਸਾਉਣਾ ਪਿਆ।

ਇਸ ਲਈ ਮਮਤਾ ਮੇਰੀ ਦਾ ਰੁੱਗ ਭਰਿਆ ਜਾਏ ਨਾ,
ਖਾ ਕੇ ਡੂੰਘੇ ਜ਼ਖ਼ਮ ਮੈਨੂੰ ਘਰ ’ਚ ਮੁਸਕਾਉਣਾ ਪਿਆ।

ਤੰਗ ਇਕਲਾਪੇ ਤੋਂ ਆ ਕੇ, ਵਸ ਗਿਆ ਜੋ ਸ਼ਹਿਰ ਵਿੱਚ,
ਫਿਰ ਇਕਲਾਪਾ ਉਹਨੂੰ ਕਿਉਂ ਅਰਸ਼ ਅਪਣਾਉਣਾ ਪਿਆ?

17. ਮੈਂ ਮੁਕੰਮਲ ਆਸਥਾ ਰੱਖੀ ਜਿਹੜੇ ਅਵਤਾਰ ਵਿੱਚ

ਮੈਂ ਮੁਕੰਮਲ ਆਸਥਾ ਰੱਖੀ ਜਿਹੜੇ ਅਵਤਾਰ ਵਿੱਚ।
ਭੈੜੀਆਂ ਰਸਮਾਂ ਨੂੰ ਉਸ ਨੇ ਛੇਕਿਆ ਸੰਸਾਰ ਵਿੱਚ।

ਹੁਕਮ ਇਹ ਕਿਹੋ ਜਿਹਾ ਦਿੱਤਾ ਹੈ ਲੋਕਾਂ ਨੂੰ ਤੁਸੀਂ,
ਲੈ ਕੇ ਸਾਬਤ ਸਿਰ ਨਾ ਆਵੇ ਕੋਈ ਵੀ ਦਰਬਾਰ ਵਿੱਚ!

ਫਿਰ ਉਹ ਕਿਸ ਦੇ ਵਾਸਤੇ ਹੰਝਾਂ ਨੂੰ ਸਾਂਭੀ ਜਾ ਰਿਹਾ,
ਜਦ ਨਹੀਂ ਬਚਿਆ ਕੋਈ ਉਸ ਦਾ ਭਰੇ ਘਰ-ਬਾਰ ਵਿੱਚ।

ਆ ਗਈ ਹੈ ਰੁੱਤ ਕਿਹੀ ਫੁਲਕਾਰੀਆਂ ਕੱਢਦੀ ਹੋਈ,
ਕਿਰਤ ਦੀ ਥਾਂ ਵਿਕ ਰਿਹਾ ਕਿਰਤੀ ਹੈ ਅੱਜ ਬਾਜ਼ਾਰ ਵਿੱਚ।

ਜੋ ਨਿਆਂ ਢੂੰਡਣ ਲਈ ਤੁਰਿਆ ਸੀ ਫੜ ਜਗਦੀ ਮਸ਼ਾਲ,
ਕਿਉਂ ਉਹਨੂੰ ਜੀਵਨ ਬਿਤਾਉਣਾ ਪੈ ਰਿਹਾ ਅੰਧਕਾਰ ਵਿੱਚ?

ਤੁਰ ਪਵੇਗਾ ਢਾਰਿਆਂ ਵਿਚਲੀ ਵਸੋਂ ਨੂੰ ਲੈ ਕੇ ਨਾਲ,
ਵੇਖ ਲੈਣਾ ਇਨਕਲਾਬ ਆਵੇਗਾ ਤਦ ਸੰਸਾਰ ਵਿੱਚ।

18. ਮੂੰਹ-ਜ਼ੋਰ ਮੀਂਹ ਦਾ ਪਾਣੀ ਸ਼ਕਤੀ ਜਤਾਉਣ ਤੁਰਿਆ

ਮੂੰਹ-ਜ਼ੋਰ ਮੀਂਹ ਦਾ ਪਾਣੀ ਸ਼ਕਤੀ ਜਤਾਉਣ ਤੁਰਿਆ।
ਸਿਰਮੌਰ ਪਰਬਤਾਂ ਦੀ ਗਰਦਨ ਝੁਕਾਉਣ ਤੁਰਿਆ।

ਜੋਗੀ ਦੀ ਪੈੜ ਤੇ ਦਿਲ, ਜੋਤਾਂ ਜਗਾਉਣ ਤੁਰਿਆ।
ਰੁੱਸੇ ਹੋਏ ਪਲਾਂ ਨੂੰ ਦਿਲਬਰ ਮਨਾਉਣ ਤੁਰਿਆ।

ਪੰਛੀ ਦੇ ਆਲ੍ਹਣੇ ਨੂੰ ਬਿਜਲੀ ਨੇ ਫੂਕ ਸੁੱਟਿਆ,
ਖੰਭੀਂ ਸੁਲਗਦੀ ਅੱਗ ਨੂੰ ਬੱਦਲ ਬੁਝਾਉਣ ਤੁਰਿਆ।

ਵੰਡੀ ਸੀ ਜਿਸ ਨੇ ਘਰ-ਘਰ ਨਵ-ਇਨਕਲਾਬ ਦੀ ਲੋਅ,
ਕਿਉਂ ਨ੍ਹੇਰਿਆਂ ਦੇ ਵਿੱਚ ਉਹ ਢਾਰਾ ਬਣਾਉਣ ਤੁਰਿਆ?

ਵਗਦੀ ਨਦੀ ਦੇ ਜਲ ਵਿੱਚ ਖੁਰਦੇ ਪਏ ਨੇ ਰਿਸ਼ਤੇ,
ਅੱਜ ਵਕਤ ਰਿਸ਼ਤਿਆਂ ਦਾ ਗੌਰਵ ਬਚਾਉਣ ਤੁਰਿਆ।

ਆਪਣੀ ਪਛਾਣ ਤਿਆਗੀ ਕੱਲ੍ਹ ਜਿਸ ਦੇ ਪੁਰਖਿਆਂ ਨੇ,
ਅੱਜ ਉਹ ਪਛਾਣ ਆਪਣੀ ਲੱਭਣ ਲਭਾਉਣ ਤੁਰਿਆ।

ਖ਼ੁਦ ਨੂੰ ਜੋਆਖਦੇਹਨ, ਇਨਸਾਨੀਅਤ ਦੇ ਰਹਿਬਰ,
ਉਨ੍ਹਾਂ ਦਾ ਰੂਪ ਅਸਲੀ ਸ਼ੀਸ਼ਾ ਵਿਖਾਉਣ ਤੁਰਿਆ।

ਤੁਰਿਆ ਜਾਂ ਅਰਸ਼ ਮੰਗਣ ਹਰ ਇੱਕ ਲਈ ਨਿਆਂ ਤਦ,
ਸਾਰਾ ਜਹਾਨ ਉਸ ਨੂੰ ਫਾਹੇ ਲਗਾਉਣ ਤੁਰਿਆ।

19. ਢੂੰਡਦੀ ਫਿਰਦੀ ਹੈ ਖ਼ਲਕਤ ਓਸ ਸਿਰਜਣਹਾਰ ਨੂੰ

ਢੂੰਡਦੀ ਫਿਰਦੀ ਹੈ ਖ਼ਲਕਤ ਓਸ ਸਿਰਜਣਹਾਰ ਨੂੰ।
ਤੁਹਮਤਾਂ ਕੋਲੋਂ ਬਚਾਵੇਗਾ ਜਿਹੜਾ ਦਸਤਾਰ ਨੂੰ।

ਲੋਕ-ਮਾਰੂ ਨੀਤੀਆਂ ਘੜਨੇ ਦੇ ਵਿੱਚ ਰੁੱਝੀ ਰਹੀ,
ਲੋਕ-ਸ਼ਕਤੀ ਨੇ ਦਿਲੋਂ ਚੁਣਿਆ ਜਿਹੜੀ ਸਰਕਾਰ ਨੂੰ।

ਘਰ ਦੀ ਰਾਖੀ ਸ਼ਖ਼ਸ ਜਿਹੜਾ ਰਾਤ ਭਰ ਕਰਦਾ ਰਿਹਾ,
ਆਫ਼ਤਾਂ ਨੇ ਪਿੰਜ ਸੁੱਟਿਆ ਓਸ ਪਹਿਰੇਦਾਰ ਨੂੰ।

ਵਧ ਗਿਆ ਨ੍ਹੇਰਾ ਚੁਪਾਸੇ ਧਾਰ ਕੇ ਬੇਅੰਤ ਰੂਪ,
ਹੁਣ ਕਿਹੜੇ ਅੱਖਰ ਦੀ ਲੋਅ ਮੇਟੇਗੀ ਉਸ ਅੰਧਕਾਰ ਨੂੰ।

ਕਰਮ ਫ਼ਰਮਾਉਂਦੀ ਹੋਈ ਕੁਦਰਤ ਜੇ ਹੋ ਜਾਵੇ ਨਾਰਾਜ਼,
ਫਿਰ ਨਾ ਕੋਈ ਰੋਕ ਸਕਦਾ ਉਸ ਦੇ ਗ਼ੈਬੀ ਵਾਰ ਨੂੰ।

ਕੀਮਤਾਂ ਵਸਤਾਂ ਦੀਆਂ ਹੁਣ ਘਟਣੀਆਂ ਹਰਗਿਜ਼ ਨਹੀਂ,
ਕਿਉਂ ਜੋ ਮੰਡੀ ਫੇਰ ਲੈ ਆਈ ਇਜਾਰੇਦਾਰ ਨੂੰ।

ਹਰ ਘੜੀ ਹਰ ਪਲ ਬਦਲਦਾ ਹੈ ਜਿਹੜਾ ਆਪਣਾ ਸਰੂਪ,
ਘੋਖਣਾ ਪੈਣਾ ਹੈ ਅੱਖਾਂ ਖੋਲ੍ਹ ਕੇ ਸੰਸਾਰ ਨੂੰ।

ਦਿਲ ’ਚ ਹੈ ਜਿਸ ਦੀ ਤਮੰਨਾ ਆਏਗਾ ਉਹ ਇਨਕਲਾਬ,
ਇਸ ਤਰ੍ਹਾਂ ਦਾ ਹੈ ਭਰੋਸਾ ਅਰਸ਼ ਖ਼ਿਦਮਤਗਾਰ ਨੂੰ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ