Punjabi Poetry : Shareef Kunjahi
ਪੰਜਾਬੀ ਕਵਿਤਾਵਾਂ : ਸ਼ਰੀਫ਼ ਕੁੰਜਾਹੀ
1. ਸਾਹਵਾਂ ਦੀ ਵਟਕ
ਜੇ ਮਾਂ ਮੇਰੀ ਮੁਲਹਿਦ ਹੋਂਦੀ
ਉਮਰ ਦਾ ਡੀਗਰ
ਸ਼ਾਮਾਂ ਤਾਈਂ ਕੀਕਣ ਕੱਟਦੀ
ਨਾ ਲੋਈ ਜੇ ਅੱਖਰਾਂ ਦੇ ਫੁੱਲ ਬੂਟੇ ਵੇਖੇ
ਨਾ ਕੰਨ ਈ ਜੀ ਆਇਆਂ ਆਖਣ ਸੰਗੀਤਾਂ ਨੂੰ
ਆਪਣੇ ਨਾਲ ਦੀਆਂ ਦੇ ਵਾਂਗੂੰ
ਮਾਂ ਮੇਰੀ ਵੀ
ਸਿਰ ਦਿਲ ਪੱਟਣ ਤੋਂ ਘਬਰਾਵੇ
ਨਾ ਕਿਧਰੇ ਆਵੇ ਨਾ ਜਾਵੇ
ਹਾਣੀਆਂ ਦੇ ਨਾਲ ਗੋਹੇ ਚੁਣਦੀ ਇਸ ਦੁਨੀਆਂ ਵਿਚ
ਆਪਣੀ ਉਮਰ ਦੀਆਂ ਦੇ ਵਾਂਗੂੰ
ਮਾਂ ਮੇਰੀ ਵੀ ਪਈ ਉਡੀਕੇ
ਕਦ ਸੁਨੇਹਾ ਆ ਜਾਵੇ ਤੇ ਇਸ ਬੇੜੇ ਨੂੰ ਬੰਨੇ ਲਾਵੇ
ਘਰ ਵਿਚ ਬੈਠੀ ਤਸਬੀ ਰੋਲੇ
ਜਾਂ ਦਰਦਾਂ ਦੇ ਖੀਸੇ ਫੋਲੇ
ਕਿਧਰੋਂ ਉਹ ਚਾਬੀ ਲੱਭ ਜਾਵੇ
ਜਿਸ ਨੂੰ ਰੂਹ ਦੇ ਪੱਲੇ ਬੰਨ੍ਹ ਕੇ
ਕਬਰ ਸੁਰੰਗ ਦੇ ਵਿਚਦੀ ਹੋਂਦੀ
ਓਸ ਹਯਾਤੀ ਦਾ ਦਰ ਖੋਲ੍ਹੇ
ਜਿਸਦੇ ਵਿਚ (ਯਕੀਨ ਏ ਇਸ ਨੂੰ)
ਇੰਜ ਖ਼ੁਸ਼ੀਆਂ ਦਾ ਕਾਲ ਨਾ ਹੋਸੀ
ਏਥੇ ਵਰਗਾ ਹਾਲ ਨਾ ਹੋਸੀ
ਹਰ ਚੰਗੇ ਦੇ ਭਾ ਐਸ਼ ਹੋਸੀ
ਹਰ ਸੱਧਰ ਦਾ ਚੈੱਕ ਕੈਸ਼ ਹੋਸੀ
ਜੇ ਮਾਂ ਮੇਰੀ ਮੁਲਹਿਦ ਹੋਂਦੀ
ਕੋਠੇ ਲੱਗੇ ਹੋਏ ਵਾਂਗੂੰ
ਇਹ ਇਕਲਾਪਾ ਕੀਕਣ ਕੱਟਦੀ
ਆਪਣੇ ਸਾਹਵਾਂ ਦਾ ਕੀ ਵੱਟਦੀ
2. ਮਿਸ਼ਰ ਬ੍ਰਹਮਣ ਵੈਦ ਨਾ ਜਾਨਣ
ਮਿਸ਼ਰ ਬ੍ਰਹਮਣ ਵੈਦ ਨਾ ਜਾਨਣ ਰੋਗ ਅਸਾਡੇ ਗੁੱਝੇ
ਗੁੱਝੀਆਂ ਲੱਗੀਆਂ ਹੋਈਆਂ ਨੂੰ ਕੋਈ ਲੱਗੀਆਂ ਵਾਲਾ ਬੁੱਝੇ
ਜਿਸ ਬੇਤਰਸ ਨੇ ਅੱਗੇ ਸਾਨੂੰ ਇਥੋਂ ਤੀਕ ਪੁਚਾਇਆ
ਪੁੱਠੀ ਮੱਤ ਵਾਲਾ ਦਿਲ ਵੇਖੋ ਫਿਰ ਉਸੇ ਵੱਲ ਭੱਜੇ
ਚੰਨ ਚੜ੍ਹੇ ਨਹੀਂ ਗੁੱਝੇ ਰਹਿੰਦੇ , ਕਦੀ ਲੁਕਦੀ ਡਿੱਠੀ ਨਾ ਯਾਰੀ
ਬੁੱਲੇ ਚਾਰ ਚੁਫ਼ੇਰੇ ਟੁਰ ਪਏ , ਜਦ ਖਿੜ ਪਈ ਫੁੱਲ ਕਿਆਰੀ
ਸਹਿਤੀ ਕੋਲੋਂ ਕਮਲੀਏ ਹੀਰੇ ਨਾ ਕਰ ਏਡੇ ਪਰਦੇ
ਰਾਂਝੇ ਨਾਲ ਯਰਾਨਾ ਜਾਣੇ ਖ਼ਲਕਤ ਸਾਰੀ
ਗ਼ਜ਼ਲਾਂ
1. ਮੂੰਹੋਂ ਭਾਵੇਂ ਗੱਲ ਨਾ ਨਿਕਲੇ
ਮੂੰਹੋਂ ਭਾਵੇਂ ਗੱਲ ਨਾ ਨਿਕਲੇ, ਹੋਂਠ ਫੜਕ ਕੇ ਰਹਿ ਜਾਂਦੇ ਨੇ।
ਇੰਜ ਵੀ ਅਪਣੇ ਦਿਲ ਦੀਆਂ ਗੱਲਾਂ ਕਹਿਣੇ ਵਾਲੇ ਕਹਿ ਜਾਂਦੇ ਨੇ ।
ਰੱਤ ਤਿਹਾਏ ਰਾਹਵਾਂ ਉੱਤੇ ਉਹੋ ਮੁਸਾਫ਼ਿਰ ਸਾਥੀ ਮੇਰੇ,
ਕੰਡੇ ਦੀ ਇਕ ਚੋਭ 'ਤੇ ਜਿਹੜੇ ਛਾਲੇ ਵਾਂਗੂੰ ਬਹਿ ਜਾਂਦੇ ਨੇ ।
ਨਾ ਤੂੰ ਪਿਆਰ ਦਾ ਤਕੀਆ ਤੱਕਿਆ, ਨਾ ਤੂੰ ਘੋਟੀ, ਨਾ ਤੂੰ ਪੀਤੀ,
ਜਿੰਨ੍ਹਾਂ ਦੇ ਮੂੰਹ ਸਾਵੀ ਲਗਦੀ, ਉਸਦੇ ਹੋ ਕੇ ਰਹਿ ਜਾਂਦੇ ਨੇ ।
ਭੁੱਲਦੇ-ਭੁੱਲਦੇ ਭੁੱਲ ਜਾਂਦੇ ਨੇ, ਫ਼ਰਿਆਦਾਂ ਦੀ ਆਦਤ ਪੰਛੀ,
ਸਹਿੰਦੇ-ਸਹਿੰਦੇ ਓੜਕ ਲੋਕੀਂ, ਹਰ ਸਖ਼ਤੀ ਨੂੰ ਸਹਿ ਜਾਂਦੇ ਨੇ ।
ਤੂੰ ਛੋਪਾਂ ਦੇ ਦਸਤੇ ਜਾਚੇਂ, ਮੈਂ ਟਾਹਣੇ ਦੀ ਖ਼ੈਰ ਮਨਾਵਾਂ,
ਥੱਕੇ ਲੋਕ 'ਸ਼ਰੀਫ਼' ਜਿਨ੍ਹਾਂ ਦੇ, ਥੱਲੇ ਆ ਕੇ ਬਹਿ ਜਾਂਦੇ ਨੇ ।
(ਛੋਪਾਂ=ਲੱਕੜ ਵੱਢਣ ਵਾਲੇ ਸੰਦ)
2. ਏਸ ਭੁਲੇਖੇ ਵਿਚ ਆ ਕੇ ਮੈਂ
ਏਸ ਭੁਲੇਖੇ ਵਿਚ ਆ ਕੇ ਮੈਂ ਅੰਦਰੋਂ ਕੁੰਡੀ ਮਾਰੀ ।
ਸਾਰੀ ਉਮਰ ਕਿਸੇ ਨਾ ਟੋਹਣੀ ਮੇਰੇ ਦਿਲ ਦੀ ਬਾਰੀ ।
ਨਾ ਰਸਤੇ ਵਿਚ ਰੁੱਖ ਸੀ ਕੋਈ, ਨਾ ਛੱਤਰੀ ਹੱਥ ਮੇਰੇ,
ਮੈਂ ਸੱਧਰਾਂ ਦੀ ਧੁੱਪ ਵਿਚ ਸੜ ਕੇ, ਸਿਖ਼ਰ ਦੁਪਹਿਰ ਗੁਜ਼ਾਰੀ ।
ਕੱਚੀਆਂ-ਪਿੱਲੀਆਂ ਇੱਟਾਂ ਭੁਰੀਆਂ ਤੇ ਖੋਲ਼ਾ ਕਰ ਗਈਆਂ,
ਸੁੱਖ-ਸੁਪਨੇ ਦੀ ਜਦੋਂ ਹਵੇਲੀ, ਕਿਧਰੇ ਅਸੀਂ ਉਸਾਰੀ ।
ਦਿਲ ਸੌਦਾਈ ਹਰ ਇੱਕ ਉੱਤੇ, ਦਾਅਵਾ ਬੰਨ੍ਹ ਖਲੋਂਦਾ,
ਰੁੱਖਾਂ ਦੇ ਨਾਲ ਪੱਕੀ ਪਾਈ ਕਿਸ ਪੰਛੀ ਨੇ ਯਾਰੀ ।
'ਮਿਸਰ-ਕਚਹਿਰੀ' ਗੱਲ ਸ਼ਰੀਫ਼, 'ਜ਼ੁਲੈਖ਼ਾਂ' ਦੀ ਸੀ ਸੱਚੀ,
ਘਰ ਬਹਿ ਕੇ ਝੁਠਿਆਵੇ ਭਾਵੇਂ, ਉਸ ਨੂੰ ਖ਼ਲਕਤ ਸਾਰੀ ।
3. ਸਹਿਮੇ ਹੋਏ ਦੱਸ ਨਹੀਂ ਸਕਦੇ
ਸਹਿਮੇ ਹੋਏ ਦੱਸ ਨਹੀਂ ਸਕਦੇ, ਜੋ ਕੁਝ ਸਿਰ 'ਤੇ ਬੀਤੀ ।
ਸਹਿਮੀ ਹੋਈ ਦੱਸ ਨਹੀਂ ਸਕਦੀ, ਸਰਹੋਂ ਸਿਰ 'ਤੇ ਬੀਤੀ ।
ਅੱਖੀਆਂ ਵਾਲਿਆਂ ਤੋਂ ਨਹੀਂ ਉਹਲੇ, ਜੋ ਕੁਝ ਪੋਹ ਨੇ ਕੀਤੀ ।
ਦੁੱਖ ਸੱਧਰਾਂ ਤੋਂ ਪੈਦਾ ਹੁੰਦੇ, ਪਰ ਸੱਧਰਾਂ ਤੋਂ ਖ਼ਾਲੀ,
ਜਿੰਨੀ ਜਿਸ ਦੇ ਨਾਲ ਹੈ ਬੀਤੀ, ਉੱਨੀ ਉਸ ਨੇ ਕੀਤੀ ।
ਹਰ ਦਰਜ਼ੀ ਨੇ ਇਸ ਚੋਲੇ 'ਤੇ ਕੈਂਚੀ ਨੂੰ ਅਜ਼ਮਾਇਆ,
ਕਿਸੇ ਨਾ ਕਰਮਾਂ ਵਾਲੇ ਸੂਈ ਨੱਪ ਕੇ ਉਧੜੀ ਸੀਤੀ ।
ਦੁਖੀਆਂ ਦਾ ਸੰਗ ਛੱਡ ਦੇਣਾ ਵੀ ਨਹੀਂ ਦੁੱਖਾਂ ਦਾ ਦਾਰੂ,
ਫੇਰ ਪੁਰਾਣੇ ਸੰਗੀਆਂ ਦੇ ਸੰਗ, ਰਲ ਕੇ ਦੋ ਘੁੱਟ ਪੀਤੀ ।
ਸੁੱਤੇ ਹੋਏ ਲੋਕਾਂ ਤਾਈਂ ਕੌਣ 'ਸ਼ਰੀਫ਼' ਜਗਾਏ ?
ਮੰਦਰ ਦੇ ਟੱਲ ਗੁੰਗੇ-ਗੁੰਗੇ, ਥੱਥੀ ਬਾਂਗ-ਮਸੀਤੀ ।
4. ਇਹ ਕੰਡਿਆਲਾ ਰਸਤਾ ਹੱਥੋਂ
ਇਹ ਕੰਡਿਆਲਾ ਰਸਤਾ ਹੱਥੋਂ, ਹੋਰ ਵਧਾਏ ਲੀਰਾਂ ।
ਕੀਕਣ ਕੋਈ ਕਿਸ ਕਿਸ ਕੋਲੋਂ, ਪਿਆ ਲੁਕਾਏ ਲੀਰਾਂ ।
ਮੈਂ ਵਸਦਾਂ ਜਿਸ ਨਗਰੀ, ਉਸ ਦੇ ਵਿੱਚ ਨਾ ਕੋਈ ਦਰਜ਼ੀ,
ਹੌਲੀ-ਹੌਲੀ ਚੋਲਾ ਸਾਰਾ, ਹੁੰਦਾ ਜਾਏ ਲੀਰਾਂ ।
ਇੰਜ ਖ਼ਿਆਲ ਸਮੇਟੇ ਪੜ੍ਹ-ਪੜ੍ਹ ਅਸੀਂ ਕਿਤਾਬਾਂ ਵਿੱਚੋਂ,
ਰਾਹਵਾਂ ਵਿੱਚੋਂ ਜਿਉਂ ਕੋਈ ਝੱਲਾ, ਚੁਣਦਾ ਜਾਏ ਲੀਰਾਂ ।
ਬੜੀਆਂ ਰੀਝਾਂ ਨਾਲ ਸੀ ਕੁੜੀਆਂ, ਉਸ ਖੇਹਨੂੰ ਨੂੰ ਬੁਣਿਆਂ,
ਦੋ-ਥਾਲਾਂ ਦੇ ਵਿੱਚ ਈ ਜਿਹੜਾ, ਹੋ ਵੰਞਿਆ ਏ ਲੀਰਾਂ ।
ਨਵੇਂ 'ਸ਼ਰੀਫ਼' ਹੰਢਾਉਂਦੇ ਉਹੋ, ਜੋ ਮਿਹਨਤ ਨੇ ਕਰਦੇ,
ਮੰਗਤਿਆਂ ਦੇ ਵਾਂਗੂੰ ਬਾਕੀ, ਹਰ ਕੋਈ ਪਾਏ ਲੀਰਾਂ ।
5. ਉਂਜ ਤੇ ਮੈਂ ਵੀ ਸੋਚਾਂ
ਉਂਜ ਤੇ ਮੈਂ ਵੀ ਸੋਚਾਂ, ਜੋ ਸੋਚੇ ਹਰ ਕੋਈ ।
ਫ਼ਰਕ ਐਨਾਂ ਏਂ, ਮੈਂ ਨਹੀਂ ਅਪਣੇ ਦਿਲ ਦੀ ਕਦੇ ਲਕੋਈ ।
ਵੇਲਾ ਜਦੋਂ ਕਦੇ ਵੀ ਤੇਰੇ ਹੱਥ ਫੜਾਏ ਡੋਈ,
ਸੋਚ ਕਿ ਉਸਨੇ ਕਿਉਂ ਪਹਿਲੇ-ਵਰਤਾਵੇ ਹੱਥੋਂ ਖੋਹੀ ।
ਖਿੜਨਾ ਓਸੇ ਫੁੱਲ ਦਾ, ਜਿਸਨੇ ਵੰਡੀ ਮਹਿਕ ਦੁਆਲੇ,
ਝੜਨਾ ਓਸੇ ਫੁੱਲ ਦਾ, ਜਿਸ 'ਤੇ ਅੱਖ ਸਮੇਂ ਦੀ ਰੋਈ ।
ਤੇਰੇ 'ਇੰਟਰ-ਕਾਂਟੀਨੈਂਟਲ' ਤੋਂ ਕੀ ਗੁੰਨ੍ਹ ਪਕਾਇਆ,
ਨਾ ਤੂੰ ਵੰਡ ਚੁਣੇ, ਨਾ ਤੜਕੇ ਉੱਠ ਕੇ ਚੱਕੀ ਝੋਈ ।
ਲਿੱਬੜੇ ਹੱਥ 'ਸ਼ਰੀਫ਼' ਉਹ ਮਹਿੰਦੀ-ਰੰਗਿਆਂ ਨਾਲੋਂ ਚੰਗੇ,
ਚੋਂਦੀ ਛਤ ਲਿੱਪਣ ਨੂੰ ਜਿਹੜੇ, ਹੱਥਾਂ ਮਿੱਟੀ ਗੋਈ ।
6. ਯਾਦ ਤੇਰੀ ਅਜ ਕਰ ਗਈ ਨੇਕੀ ਇਹ ਇਕ ਨਾਲ ਅਸਾਡੇ
ਯਾਦ ਤੇਰੀ ਅਜ ਕਰ ਗਈ ਨੇਕੀ ਇਹ ਇਕ ਨਾਲ ਅਸਾਡੇ ।
ਭਰ ਵੱਗੇ ਅੱਖੀਆਂ ਦੇ ਸੁੱਕੇ ਹੋਏ ਖਾਲ ਅਸਾਡੇ ।
ਗ਼ਮ ਦੀ ਸੌਣੀ ਵਾਹ ਵਾਹ ਢੁੱਕੀ, ਮੁੱਕੇ ਕਾਲ ਅਸਾਡੇ ।
ਆ ਸਜਣਾਂ ! ਹੁਣ ਹੰਝੂਆਂ ਦੇ ਇਹ ਬੋਹਲ ਸੰਭਾਲ ਅਸਾਡੇ ।
ਅਜੇ ਸ਼ਰਾਬ ਗ਼ਮਾਂ ਦੀ ਸਾਕੀ ਮਟਕੇ ਵਿਚ ਬਥ੍ਹੇਰੀ,
ਅਜੇ ਨਾ ਠੂਠੇ ਪੀਵਣ ਵਾਲੇ ਤੂੰ ਹੰਗਾਲ ਅਸਾਡੇ ।
ਕਦੇ ਜਿਨ੍ਹਾਂ ਦੇ ਪੈਰੋਂ ਉੱਚਾ ਨਾਮ ਝਨਾਂ ਦਾ ਹੋਇਆ,
ਬੇਲੇ ਸੋਚਣ ਕਿਧਰ ਟੁਰ ਗਏ ਉਹ ਚਰਵਾਲ ਅਸਾਡੇ ?
ਦੂਰੋਂ ਦਰਦ ਕਿਸੇ ਜੇ ਸਾਡਾ ਪੁਛਿਆ ਤੇ ਕੀ ਪੁੱਛਿਆ,
ਚਿੱਠੀਆਂ ਵਿੱਚ 'ਸ਼ਰੀਫ਼' ਨਾ ਲਿਖੇ ਜਾਣ ਅਹਿਵਾਲ ਅਸਾਡੇ ।