Punjabi Poetry : Sawarnjit Savi
ਪੰਜਾਬੀ ਕਵਿਤਾਵਾਂ : ਸਵਰਨਜੀਤ ਸਵੀ
ਪਰਬਤ ਮਾਤਾ
ਮਾਂ ਤੇਰੀਆਂ ਬਰਫੀਲੀਆਂ ਚੋਟੀਆਂ ‘ਚੋਂ
ਵਗੇ ਗੰਗਾ ਮਾਈ
ਵਗਣ ਅਨੇਕਾਂ ਨਦੀਆਂ
ਪਲਣ ਅਨੰਤ ਜੰਗਲ ਬੇਲੇ
ਜੀਵ ਜੰਤੂ
ਤੇਰੀਆ ਚੋਟੀਆਂ ਤੋਂ ਚੱਲੇ
ਸਭ ਲਈ ਅੰਮ੍ਰਿਤ ਧਾਰਾ
ਵਗਣ ਹਵਾਵਾਂ
ਨਸ਼ਿਆਉਂਦੀਆਂ
ਅਸੀਂ ਤੇਰੇ ਅਸੱਭਿਅਕ ਤੇ ਹੰਕਾਰੀ ਬੱਚੇ
ਰਤਾ ਨਹੀਂ ਝਿਜਕਦੇ
ਤੇਰੀ ਦੇਹ ਤੇ ਕਰਨੋਂ ਅਨਰਥ
ਖਾ-ਪੀ ਕੇ ਸੁੱਟਦੇ ਪਲਾਸਟਿਕ
ਤੇ ਹਰ ਤਰਾਂ ਦਾ ਗੰਦ ਮੰਦ
ਕਰਦੇ ਅਨੰਤ ਹੀਲੇ
ਪਿਘਲਾਉਣ ਲਈ ਤੇਰੀਆਂ
ਚੋਟੀਆਂ ਦੁੱਧ ਚਿੱਟੀਆਂ
ਪਾਣੀਆਂ ਵਿੱਚ ਘਾਣੀਆਂ
ਕੱਟ ਕੱਟ ਰੁੱਖਾਂ ਨੂੰ
ਤੇਰੇ ਜਿਸਮ ਤੋਂ ਰੰਗ ਬਰੰਗੇ ਕੱਪੜੇ ਲਾਹੇ
ਬਾਲੀ ਅੱਗ ਪਰਦੂਸ਼ਣ ਵਾਲੀ
ਫੈਲਾਇਆ ਧੂੰਆਂ ਧੁੰਦੂਕਾਰ
ਰੁੱਖ ਜੀਵ ਤੇ ਮਾਨਸ ਸਾਰੇ
ਕਰਦੇ ਹਾਹਾਕਾਰ…
ਅਸੀਂ ਤੇਰੇ ਬੱਚੇ
ਅਕ੍ਰਿਤਘਣ ਤੇ ਬਦਕਾਰ… …
ਕਵਿਤਾ ਤਾਂ ਮੰਗੇ
ਕਵਿਤਾ ਨਾ ਮੰਗੇ
ਫ਼ੀਤਾ ਮਿਣਨ ਲਈ
ਕੈਂਚੀ ਕੱਟਣ ਲਈ
ਸਾਹਲ- ਗੁਣੀਆਂ ਕੋਨੇ ਸਿੱਧੇ ਕਰਨ ਲਈ
ਤੇਸਾ ਘੜਨ ਲਈ
ਕਰੰਡੀ ਚਿਣਨ ਲਈ…
ਕਵਿਤਾ ਨਾ ਮੰਗੇ
ਸਕਰੀਨ ਤੇ ਹਾਜ਼ਰ ਡਿਕਸ਼ਨਰੀਆਂ ਦੀ ਖ਼ੁਰਦਬੀਨੀ ਪੜਤਾਲ
ਇਨ੍ਹਾਂ ਸੰਗ ਤੁਰਦੀ ਕਵਿਤਾ ਸੰਗਦੀ ਸੁੰਗੜਦੀ
ਕਹੇ ਬੀਤੇ ਦੀ ਉਤਰਨ ਤੋਂ ਤ੍ਰਹਿੰਦੀ
ਉਹ ਤਾਂ ਮੰਗਦੀ
ਚੱਕ ਤੇ ਘੁੰਮਦੀ ਗਿੱਲੀ ਮਿੱਟੀ 'ਚ ਉਂਗਲਾਂ ਦੀ ਜ਼ੁੰਬਿਸ਼
ਸਿਰਜਣਹਾਰਾ ਸਪਰਸ਼
ਜੋ ਬਣਾਉਂਦਾ ਵੀ ਤੇ ਬਣਦਾ ਵੀ
ਹਰ ਪਲ ਨਾਲ ਨਾਲ…
ਅਲਵਿਦਾ ਮਾਂ !
ਮਾਂ ਤੈਨੂੰ ਵਿਦਾ ਕਰਨ ਲਈ
ਲਿਜਾਂਦਿਆਂ ਤੇਰੀ ਚਾਰ ਤੱਤਾਂ ਦੀ ਦੇਹ
ਨਾਲ ਨਾਲ ਤੁਰ ਰਿਹਾ ਸੀ
ਤਾਉਮਰ ਤੇਰੇ ਦਿੱਤੇ ਪਿਆਰ ਦਾ
ਪਲ ਪਲ ਕਦਮ ਦਰ ਕਦਮ
ਤੇ ਯਕੀਨ ਕਰਨ ਲਈ
ਕਿ ਤੂੰ ਜਾ ਰਲਣਾ ਹੈ ਪੰਜ ਤੱਤਾਂ ‘ਚ
ਪਾਣੀ ਦਾ ਘੜਾ ਲੈ ਕਰਦਾ ਹਾਂ ਤੇਰੀ ਪਰਕਰਮਾ
ਟੁੱਟਦੇ ਘੜੇ ਦੀ ਆਵਾਜ਼
ਤੇ ਡੁੱਲਦੇ ਪਾਣੀ ਨਾਲ
ਯਾਦ ਆਇਆ ਵਿਆਹ ਵੇਲੇ
ਖੁਸ਼ੀ ‘ਚ ਖੀਵੀ ਹੋ ਹੋ
ਮੇਰੇ ਸਿਰੋਂ ਵਾਰ ਕੇ ਪੀਣਾ ਪਾਣੀ
ਤੂੰ ਜਿਸ ਨਿੱਘੀ ਛਾਤੀ ਨਾਲ ਲਾ ਲਾ ਰੱਖਦੀ ਸੀ ਮੈਨੂੰ
ਉਸ ਨਰਮ ਦੇਹ ਤੇ ਰੱਖ ਰਿਹਾ ਹਾਂ
ਲੱਕੜ ਦੇ ਮੱਣ ਮੱਣ ਭਾਰੇ ਮੁੱਢ
ਤੇਰੀ ਚਿਤਾ ਨੂੰ ਦੇਣ ਲੱਗਿਆਂ ਅਗਨ
ਮੈਂ ਕੰਬਦੇ ਹੱਥਾਂ ਨੂੰ ਸਮਝਾਉਂਦਾ ਰਿਹਾ
ਕਿ ਤੂੰ ਵੱਡਾ ਪੁੱਤ ਹੈਂ ਮਾਂ ਦਾ
ਹੁਣ ਵੱਡਾ ਹੋ ਜਾ
ਤੇਜ਼ ਲੱਪਟਾਂ ਕੋਲੋਂ ਸੱਭ ਚਲੇ ਗਏ ਦੂਰ
ਤੇ ਮੈਨੂੰ ਲੱਪਟਾਂ ਦੇ ਸੇਕ ‘ਚੋਂ ਵੀ
ਤੇਰੀ ਗੋਦ ਦਾ ਨਿੱਘ ਮਿਲਦਾ ਰਿਹਾ
ਬੁੱਕਲ ਦੀ ਛਾਂ ਮਿਲਦੀ ਰਹੀ
ਤੇ ਸਵੇਰੇ
ਚੁਗ ਰਿਹਾ ਸਾਂ ਅਸਤੀਆਂ
ਪਾ ਰਿਹਾ ਸਾਂ ਦੁੱਧ ਵਾਲੇ ਬੱਠਲ ਵਿਚ
ਫਿਰ ਧੋ ਕੇ ਕੱਢ ਰਿਹਾ ਸਾਂ
ਤਾਂ ਮਨ ‘ਚ ਤੁਰੀ ਫਿਰਦੀ ਸੀ ਤੂੰ
ਗਲੀ ‘ਚੋਂ ਚੁੱਕ ਭਰਤ ਦਾ ਟੋਕਰਾ
ਸਿੱਟ ਰਹੀ ਸੀ ਡੂੰਘੇ ਪਲਾਟ ਵਿਚ
ਅੱਖਾਂ ‘ਚ ਘਰ ਦੇ ਸੁਪਨੇ ਵਸਾਈ
ਤੇਰੇ ਉਹ ਸਖਤ ਜਾਨ ਹੱਡ
ਤੇ ਤੇਰਾ ਹੱਠ
ਸਭ ਕੁੱਝ ਠੀਕ ਕਰ ਲੈਣ ਦਾ
ਹੱਥਾਂ ‘ਚ ਤੇਰੇ ਸਿਰ ਦਾ ਇੱਕ ਹਿੱਸਾ ਆਇਆ ਹੈ
ਮਾਸੀਆਂ ਮਾਮੀਆਂ ਭੈਣਾਂ ਕਹਿੰਦੀਆਂ
ਆਹ ਦੇਖ ਬਿੱਧ ਮਾਤਾ ਦੇ ਲੇਖ
ਜਿਵੇਂ ਹਸਪਤਾਲ ‘ਚ
ਆਕਸੀਜਨ ਦਿੰਦਿਆਂ
ਮੌਨੀਟਰ ਤੇ ਹਰੀ ਲਾਈਟ
ਉੱਪਰ ਹੇਠਾਂ ਗ੍ਰਾਫ ਬਣਾਉਂਦੀ
ਉਵੇਂ ਹੀ ਕੁੱਝ ਲਿਖਿਆ ਸੀ
ਬਿੱਧ ਮਾਤਾ ਨੇ ਸ਼ਾਇਦ
ਤਾਂ ਹੀ ਸਾਰੀ ਉਮਰ ਤੂੰ
ਜੇ ਦੋ ਦਿਨ ਖੁਸ਼ੀ ‘ਚ ਉਡੂੰ ਉਡੂੰ ਕਰਦੀ
ਫਿਰ ਕਈ ਦਿਨ ਖਾਮੋਸ਼ ਅੱਖਾਂ ‘ਚ
ਉਦਾਸੀ ਜਹੀ ਤੈਰਦੀ ਰਹਿੰਦੀ ਤੇਰੇ
ਕਿੰਨੀ ਕੰਜੂਸੀ ਨਾਲ
ਖੁਸ਼ੀ ਲਿਖੀ ਸੀ
ਬਿੱਧ ਮਾਤਾ ਨੇ ਤੇਰੇ ਲਈ
ਇੱਕ ਪਲ ਖੁਸ਼ੀ ਦਾ ਕੀ ਦਿੰਦੀ
ਲੱਖਾਂ ਪਲ ਬੰਨ੍ਹ ਦਿੰਦੀ ਕਸ਼ਟ ਦੇ
ਦੂੱਖਾਂ ਦੇ ਪਹਾੜ ਬੁਣਦੀ ਰਹਿੰਦੀ
ਤੇਰੇ ਲਈ ਬਿੱਧ ਮਾਤਾ!
ਹੁਣ ਬੈਠਾ ਹਾਂ
ਗੰਗਾ ਦੇ ਤੇਜ ਪਾਣੀ ਅੱਗੇ
ਲੈ ਕੇ
ਪੂਰੀ ਜ਼ਿੰਦਗੀ ‘ਚੋਂ ਬਚੇ
ਦੋ ਕਿੱਲੋ ਹੱਡੀਆਂ ਦੇ ਚਾਰ ਕੁ ਬੁੱਕ
ਲਿਖਵਾ ਕੇ ਅਇਆ ਹਾਂ
ਪੁਰੋਹਿੱਤ ਦੀ ਵੱਹੀ ਤੇ
ਤੇਰਾ ਨਾਮ
ਆਪਣੀਆਂ ਸਾਰੀਆਂ ਪੀੜੀਆਂ ਦੇ ਨਾਲ
ਪੁਰੋਹਿੱਤ ਨੇ ਦੱਸਿਆ ਹੈ
ਕਿ ਕਿਵੇਂ ਤੇ ਕਦ
ਪਿਛਲੀਆਂ ਪੀੜੀਆਂ ਆਈਆਂ ਏਥੇ
ਤੇ ਪਹੁੰਚੀਆਂ ਹਰ ਕੀ ਪੌੜੀ
ਮੈਂ ਬੁੱਕ ਬੁੱਕ ਕਰਕੇ
ਵਹਾ ਰਿਹਾ ਹਾਂ ਅਸਤੀਆਂ
ਹਰ ਕੀ ਪੌੜੀ ਦੇ ਤੇਜ਼ ਪਾਣੀ ‘ਚ
ਪੁਰੋਹਿਤ ਕਹਿੰਦਾ
ਇੱਥੇ ਅਸਤੀਆਂ ਅੱਠਤਾਲੀ ਘੰਟਿਆਂ ‘ਚ
ਰੇਤ ਬਣ ਜਾਂਦੀਆਂ
ਵਹਿ ਜਾਂਦੀਆਂ ਨੇ ਗੰਗਾ ਮਾਈ ਦੇ
ਵਰਦਾਨ ਭਰੇ ਪਾਣੀ ‘ਚ
ਸੋਚ ਰਿਹਾਂ ਮਾਂ
ਕਿ ਤੂੰ ਕੁਝ ਪਲ ਹੈਂ ਮੇਰੇ ਹੱਥਾਂ ‘ਚ
ਫਿਰ ਪਤਾ ਨਹੀਂ ਕਿੱਥੇ ਹੋਵੇਂਗੀ
ਤੂੰ ਵੀ ਜਾ ਰਲੇਂਗੀ
ਸਦੀਆਂ ਤੋਂ ਚੱਲੀ ਆ ਰਹੀ
ਟਿਮਟਿਮਾਉਂਦੇ ਤਾਰਿਆਂ ਦੀ ਲੰਬੀ ਕਤਾਰ ਵਿੱਚ
ਤੂੰ ਨਹੀਂ
ਤੇਰੀ ਨਿੱਘੀ ਬੁੱਕਲ ਦਾ
ਅਹਿਸਾਸ ਰਹਿ ਜਾਵੇਗਾ
ਇਨ੍ਹਾਂ ਹੱਥੋਂ ਨਿਕਲਦੀਆਂ
ਅਸਤੀਆਂ ਤੋਂ ਬਾਦ
ਮੇਰੇ ਹੱਥਾਂ ‘ਚ…
ਨਾਨਕਾ
ਨਾਨਕੇ ਪਿੰਡ ਦੀ
ਪਗਡੰਡੀ ਟੱਪਦਿਆਂ ਹੀ
ਬੱਚੇ ਬੱਢੇ ਜਵਾਨ ਹਮਉਮਰ ਸੱਭ
ਮਾਮੇ ਮਾਮੀਆਂ ਮਾਸੀਆਂ ਨਾਨੇ ਨਾਨੀਆਂ
ਵਿੱਚ ਤਬਦੀਲ ਹੋ ਜਾਂਦੇ
ਮਨ ‘ਚ ਸੱਭ ਤੋਂ ਪਹਿਲਾਂ
ਨਾਨੀ ੳਭਰਦੀ ਹੈ
ਮੇਰੀ ਨਾਨੀ-ਘੜਾਨੀ
ਖੁਸ਼ੀਆਂ ਦਾ ਦਰੁਲੱਭ ਖਜ਼ਾਨਾ !
ਹੱਸਦੀ ਖੇਡਦੀ
ਡੰਡੇ ਲੈ ਕੇ ਮਗਰ ਭੱਜਦੀ
ਲਾਡ ਲਡਾਉਂਦੀ
ਘਿਉ ਸ਼ੱਕਰ ਖੁਆਉਂਦੀ
ਫਿਰ ਨਾਨਾ ਤੇ ਮਾਮਾ ਆਤਮਾ
ਜਦੋਂ ਵੀ ਦੇਖੋ ਭੱਠੀ ‘ਚੋਂ ਗਰਮਾ-ਗਰਮ ਲੋਹਾ ਕੱਢ
ਨਾਨਾ ਸੰਨ੍ਹੀ ‘ਚ ਫੱੜਕੇ ਆਰ੍ਹਨ ਤੇ ਰੱਖਦਾ
ਮਾਮਾ ਘੱਣ ਲੈ
ਉਹਨੂੰ ਕੁੱਟਦਾ ਤੋੜਦਾ ਮਰੋੜਦਾ
ਪਤਾ ਨਹੀਂ
ਕਿਹੜੇ ਜਨਮਾਂ ਦੀ ਦੁਸ਼ਮਣੀ ਕੱਢਦੇ
ਫਿਰ ਤੋੜ ਮਰੋੜ ਕੇ
ਕਦੇ ਫਾਲ੍ਹਾ
ਕਦੇ ਦਾਤੀ
ਕਦੇ ਤਵੀ
ਕਦੇ ਛੈਣੀ
ਹੋਰ ਪਤਾ ਨਹੀਂ ਕੀ ਕੀ ਬਣਾਉਂਦੇ ਰਹਿੰਦੇ
ਨਾਨਾ ਤਾਂ ਡਾਕਟਰੀ ਵੀ ਕਰਦਾ
ਕਿਸੇ ਦਾ ਦੰਦ ਹੁੰਦਾ ਕੱਢਣ ਵਾਲਾ ਦੁਖਦਾ
ਆ ਬੈਠਦਾ
ਨਾਨਾ ਜਬ੍ਹਾੜੇ ‘ਚ ਪਾ ਜਮੂਰ
ਦੰਦ ਦਾੜ ਜੋ ਵੀ ਦੁਖਦਾ
ਕੱਢ ਅਗਲੇ ਦੇ ਹੱਥ ਫੜਾਉਂਦਾ
ਨਾ ਕੋਈ ਆ..ਹ ਨਾ ਊ..ਹ
ਬੱਸ ਹੱਥ ‘ਤੇ ਪਏ
ਅੱਧ ਗਲੇ ਦੰਦ ਨੂੰ ਦੇਖਦਾ
ਤੇ ਉੱਠਕੇ ਤੁਰ ਜਾਂਦਾ
ਤੇ ਇੰਜ ਹੀ ਇੱਕ ਦਿਨ ਨਾਨਾ ਤੁਰ ਗਿਆ
ਫਿਰ ਲਾਲ ਰੰਗ ਦੀਆਂ ਲਾਟਾਂ ਮੂਹਰੇ
ਭੱਖਦੇ ਚਿਹਰੇ ਵਾਲਾ ਮੇਰਾ ਮਾਮਾ
ਕੁੱਟਦਾ ਤੋੜਦਾ ਮਰੋੜਦਾ ਰਿਹਾ ਲੋਹੇ ਨੂੰ
ਮਾਮਾ ਕੰਮ ਕਰਦਾ ਤਾਂ ਲੋਕ ਕਹਿੰਦੇ
ਗਰਮ ਲੋਹਾ ਤਾਂ ਅਤਮੇ ਮੂਹਰੇ ਰੋਂਦੈ…
ਜਿਉਂ ਕਸਾਈ ਮੂਹਰੇ ਬੱਕਰਾ
ਤੇ ਮਾਮਾ ਕਹਿੰਦਾ
ਆਤਮੇ ਦੀ ਕੀਤੀ ਵੈਲਡਿੰਗ ਕੂਲ਼ੀ ਗੱਲ੍ਹ ਅਰਗੀ
ਭਾਵੇਂ ਕੋਈ ਜੀਭ ਫੇਰ ਲਵੇ ਸਾਰੀ ਟਰਾਲੀ ਤੇ
ਜ੍ਹਾ ਖਾਂ ਜੀਭ ਨੂੰ ਰੱੜਕ ਜਾਵੇ
ਤੇ ਇਉਂ ਹੀ
ਭਾਣਜੀ ਦੇ ਭੋਗ ਤੇ ਭੁੱਬੀਂ ਰੋਂਦਾ ਮਾਮਾ
ਅਗਲੇ ਦਿਨ ਪਿੰਡ ਜਾਂਦਾ ਹੀ ਚਲੇ ਗਿਆ
ਬਿਨਾਂ ਰੱੜਕੇ ਜੀਭ ਤੇ
ਛੱਡ ਗਿਆ ਪਿੱਛੇ ਇਕੋ ਹੀ ਗੱਲ
ਬਈ ਆਤਮੇ ਮੂਹਰੇ ਤਾਂ ਲੋਹਾ ਰੋਂਦਾ ਸੀ ਰੋਂਦਾ
ਕੰਮ ਤਾਂ ਉਹਦੇ ਮੂਹਰੇ ਭੱਜਿਆ ਫਿਰਦਾ ਸੀ
ਉਦਾਸੀ ਦਾ ਚਿੱਤਰ
ਸਾਜ਼ ਜਦੋਂ ਉਦਾਸ ਹੁੰਦਾ ਹੈ
ਤਾਂ ਸਰੋਤਿਆਂ ਦੀਆਂ ਅੱਖਾਂ ‘ਚ
ਪਨਾਹ ਮੰਗਦਾ ਹੈ
ਜ਼ਖ਼ਮ ਜਦੋਂ ਉੱਚੜਦਾ ਹੈ
ਤਾਂ ਅਤੀਤ ਦੇ ਪਰਛਾਵਿਆਂ ਓਹਲੇ
ਖੁਸ਼ਗਵਾਰ ਪਲਾਂ ਦੀ ਸਾਂਝ ਲਈ
ਬਿਹਬਲ ਜਹੇ ਗੀਤ ਵਾਂਗ
ਮੱਥੇ ਦੀਆਂ ਨਾੜਾਂ ‘ਚ
ਚੀਕ ਬਣ ਲਰਜ਼ਦਾ ਹੈ
ਮਨ ਜਦੋਂ ਸ਼ਾਂਤ ਹੁੰਦਾ ਹੈ
ਤਾਂ ਗਹਿਰਾ – ਧੁਰ ਅੰਦਰ ਕਿਤੇ
ਗਰਮ ਲਾਵਾ ਖੌਲ ਰਿਹਾ ਹੁੰਦਾ ਹੈ
ਤਨ ਜਦ ਸਿਥਲ ਹੁੰਦਾ ਹੈ
ਤਾਂ ਅੰਦਰੋਂ ਕਿਸੇ ਕੋਨੇ ‘ਚੋਂ
ਪਾਰਾ ਬਾਹਰ ਡੁੱਲਣ ਲਈ ਬਿਹਬਲ ਹੁੰਦਾ ਹੈ
ਯਾਦ ਜਦ ਸਫ਼ਰ ਹੁੰਦੀ ਹੈ
ਤਾਂ ਜਿਸਮ
ਹਜ਼ਾਰਾਂ ਕੋਹਾਂ ਦੀ ਦੂਰੀ
ਕੈਨਵਸ ਵਰਗੇ ਅੰਤਰਮਨ ਤੇ
ਗਤੀਸ਼ੀਲ ਲਕੀਰਾਂ ਬਣ ਤੈਅ ਕਰਦਾ ਹੈ
ਤੇ ਉਦਾਸੀ ਦਾ ਚਿੱਤਰ ਉਲੀਕਦਾ ਹੈ
ਮਾਂ……..
ਹੁਣ ਜਦ ਮਾਂ
ਹਰਦੁਆਰ ਵਾਲੀ ਵਹੀ ‘ਚ ਜਾ ਬੈਠੀ
ਸਹੁਰਿਆਂ ਦੇ ਪੁਸ਼ਤੀ ਖਾਤਿਆਂ ‘ਚ
ਤਾਂ ਪਿਤਾ ਧਾਹੀਂ ਰੋਂਦਾ ਹੈ
ਮਾਂ ਨਾਲ ਕੀਤੀਆਂ ਵਧੀਕੀਆਂ ਲਈ
ਬਾਰ ਬਾਰ ਮੁਆਫੀਆਂ ਮੰਗਦਾ ਹੈ
ਜਾਂ ਆਪਣੀ ਸਲਤਨਤ ਦੇ
ਖੁੱਸ ਜਾਣ ਦਾ ਵਿਰਲਾਪ ਕਰਦਾ ਹੈ
ਮਾਂ ਧਰਤੀ-
ਜਿੱਥੇ ਪਿਤਾ ਨੇ ਨਾ ਪਿਆਰ-ਨਾ ਸਾਥ
ਬੱਸ ਹੁਕਮ ਬੀਜਿਆ
ਮਾਂ ਜਿਸਨੇ-
ਹਰ ਤੰਗੀ ਤੁਰਸ਼ੀ ‘ਚ
ਪਿਤਾ ਦੇ ਮੋਢੇ ਨਾਲ ਮੋਢਾ ਲਾ
ਘਰ ਦਾ ਤੀਲਾ ਤੀਲਾ ਜੋੜਿਆ
ਖੂਹ ਜਿੰਨੇ ਡੂੰਘੇ ਪਲਾਟ ਵਿਚ
ਹੱਥੀਂ ਟੋਕਰੀਆਂ ਨਾਲ ਭਰਤ ਪਾਇਆ
ਤੇ ਘਰ ਸਜਾਇਆ
ਮਾਂ- ਧਰਤੀ ਮਾਂ-
ਜਿਸਨੇ ਕਦੇ ਸੀ ਨਾ ਕੀਤੀ
ਨਾ ਬੱਚੇ ਜੰਮਣ ਵੇਲੇ
ਨਾ ਪਾਲਣ ਵੇਲੇ
ਬੱਸ ਹਰ ਵਕਤ ਕੁਝ ਨ ਕੁਝ ਕਰਦੀ ਰਹੀ
ਸੰਵਾਰਦੀ ਰਹੀ
ਮਾਂ ਨੇ ਦਿੳਰ ਨੂੰ ਵੀ ਮਾਂ ਵਾਂਗ ਪਾਲਿਆ
ਤੇ ਜੇਠ ਦੇ ਘਰ ਕੁੱਖ ਖਾਲੀ ਦੇਖ ਕੇ
ਆਪਣੇ ਦੋ ਬੱਚੇ ਉਹਦੀ ਝੋਲੀ ਪਾਏ
ਸੁੰਨੇ ਵਿਹੜੇ ‘ਚ ਰੌਣਕਾਂ ਭਰੀਆਂ
ਮਾਂ –
ਜਿਸਨੇ ਪਿਤਾ ਦੇ ਹਰ ਵਾਰ
ਭੈਣਾਂ ਭਰਾਂਵਾਂ ਵੱਲ ਝੁਕਦੇ
ਮਨ ਦੇ ਪੱਲੜੇ ਨੂੰ ਝੱਲਿਆ
ਉਨਾਂ ਲਈ ਕੰਮ ਕੀਤੇ
ਤੇ ਬਦਲੇ ‘ਚ ਪਿਤਾ ਦੀਆਂ ਝਿੜਕਾਂ ਝੱਲੀਆਂ
ਮਾਂ-
ਕਦੇ ਪਿਉ ਦੀਆਂ ਮਨਮੱਤੀਆਂ ਝੱਲਦੀ
ਕਦੇ ਔਲਾਦ ਦੀਆਂ ਸੁਣਦੀ
ਪਰ ਸਦਾ ਸਬਰ ਦੇ ਬੂਹੇ ਬੰਦ ਹੀ ਰੱਖਦੀ
ਕਿਸੇ ਨੂੰ ਉੱਚਾ ਨਾ ਬੋਲਦੀ
ਉਸਦੇ ਬੋਲ ਨਹੀਂ
ਸਿਸਕੀਆਂ ਹੀ ਸੁਣੀਆਂ ਨੇ ਕੰਧਾਂ ਨੇ
ਕੰਧਾਂ – ਜਿਨਾਂ ਨਾਲ ਉਹ ਕੱਲੀ ਗੱਲਾਂ ਕਰਦੀ
ਕੰਮ ਪਤੀ ਨੇ ਵਾਹਵਾ ਕੀਤਾ
ਦਿਨ ਰਾਤ ਕਦੇ ਨਹੀਂ ਦੇਖਿਆ
ਮੰਨਦੀ ਹਾਂ
ਤੇ ਅੱਗੋਂ ਦੁੱਗਣਾ ਵੀ ਕਰਦੀ ਹਾਂ
ਪੁੱਛਦੀ- ਮੈਂ ਕੀ ਗਲਤੀ ਕੀਤੀ
ਕਿ ਮੇਰਾ ਕੀਤਾ ਸੱਭ ਕੁੱਝ
ਪਤੀ ਦੇ ਕੀਤੇ ਅੱਗੇ ਤੁੱਛ ਹੋ ਜਾਂਦਾ
ਪਿਤਾ ਜੋ ਹੁਣ ਭੁੱਬੀਂ ਰੋਂਦਾ
ਇਕੱਲਾ ਹੋ ਗਿਆ
ਸਾਰੀ ਉਮਰ ਹੁਕਮ ਚੜਾਇਆ ਤੇ ਮਨਵਾਇਆ
ਅੱਜ ਹੁਕਮਰਾਨ ਦਾ ਹੁਕਮ ਇੱਕਲਾ
ਬਿਲਖ ਰਿਹਾ ਹੈ…. … …
ਸਿਰਜਣਹਾਰੀ ਬੂੰਦ
ਸਿਰਜਣਹਾਰੀ ਬੂੰਦ ਤਾਂ
ਬਾਹਰ ਹੀ ਸੀ ਅਜੇ
ਕਿ ਅਣਚਾਹੀ ਸਿਰਜਣਾਂ ਦੇ ਡਰੋਂ
ਭੁੱਬੀਂ ਵਹਿ ਤੁਰੀ
ਡਰ ਦੇ ਭਵਿੱਖੀ ਦਰਿਆ ਦੀਆਂ ਲਹਿਰਾਂ ਸੰਗ
ਤੇਰੇ ਰੋਮ ਰੋਮ ਨੂੰ
ਵਿਸ਼ਵਾਸ਼ ਨਾ ਅਵੇਗਾ ਜਦ ਤੱਕ
ਮੈਂ ਨਹੀਂ ਆਂਵਾਂਗਾ
ਸਿਰਜਣਹਾਰੀ ਬੂੰਦ ਸੰਗ
ਤੇਰੇ ਦਰ ਤੇ…
ਸਾਈਬਰ ਦਰਿਆ
ਚਿਤ ਚੇਤੇ ਵੀ ਨਾ ਸੀ
ਕਿ ਸਾਈਬਰ ਝਨਾਂ ਤੈਰ ਕੇ ਆਵੇਗਾ
ਹੁਸਨ ਦਾ ਮੁਜੱਸਮਾ
ਕੀ ਬੋਰਡ ਤੇ ਰੱਖਕੇ ਦਿਲ
ਵਜਾ ਕੇ ਮਨ ਦੀਆਂ ਮੁਹੱਬਤੀ ਸੁਰਾਂ
ਤੈਰਦਾ ਮਿਲੇਗਾ ਹਸਰਤਾਂ ਸੰਗ
ਪੂਰੇ ਕਲਾਕੌਸ਼ਲ ਤੇ ਜਲੌਅ ਨਾਲ
ਧੰਨ ਹੋ ਜਾਵੇਗਾ ਮੇਰਾ ਹੋਣ ਥੀਣ
ਤੇਰੇ ਹੌਂਸਲੇ ਨੂੰ ਸਲਾਮ
ਜੋ ਸਾਈਬਰ ਲਹਿਰਾਂ ਚੀਰ ਕੇ ਮਿਲਿਆ
ਮਹਿਬੂਬ ਬਣਕੇ…
ਸਦ-ਜਵਾਨ
ਉਹ ਉਮਰੋਂ ਅੱਧਖੜ ਮਾਂ ਹੈ
ਜਿਸਮ ਤੋਂ ਲੱਗਭਗ ਸੱਜ ਵਿਆਹੀ
ਮਨੋਂ ਤਾਂ ਉਹ ਚੱੜ੍ਹਦੀ ਉਮਰ ਦੀਆਂ ਕੁੜੀਆਂ ਚਿੜੀਆਂ ਵਰਗੀ
ਜਦ ਰੀਝੇ ਤਾਂ
ਨਿਰੀ ਗਲਵੱਕੜੀ
ਲਰਜ਼ਦੀ ਲਹਿਰ
ਨਿਰੀ ਧਰਤੀ ਜਹੀ
ਪਰਤਾਂ ਖ੍ਹੋਲੇ ਪਹਿਲੀ ਰਾਤ ਤੋਂ ਬੀਤ ਰਹੇ ਪਲਾਂ ਤੱਕ
ਤਕਦੀਰਾਂ ਲਕੀਰਾਂ ‘ਚ ਉਲਝਦੀ
ਅੱਖਾਂ ‘ਚ ਮਾਦਕ ਮਸਤੀ
ਰਸਰੱਤੀ ਖੁਸ਼ਬੋਆਂ ਬਿਖੇਰਦੀ
ਪਹਾੜੋਂ ਉੱਤਰੀ
ਅੱਥਰੀ ਨਦੀ
ਪੱਥਰਾਂ ਬਨਿਆਂ ਨਾਲ ਖਹਿੰਦੀ
ਸਭ ਕੁਝ ਰੋੜ੍ਹਦੀ- ਅੱਥਰੇ ਵੇਗ 'ਚ….
ਜਦ ਮੈਂ ਸੋਚਾਂ
ਉਹਦੇ ਰਾਗ ‘ਚ ਭਿੱਜਿਆ
ਤਾਂ ਉਹ
ਸਦ-ਜਵਾਨ ਦਾ ਵਰ ਲੈ ਉੱਤਰੀ ਪਰੀ ਲੱਗਦੀ
ਤੇ ਮਨ ‘ਚ ਉੱਭਰਦੀ
ਬਰਤਨ ਤੇ ਉੱਕਰੀ ਤਸਵੀਰ
ਦੋ ਪ੍ਰੇਮੀਆਂ ਦੇ ਬੁੱਲ੍ਹ
ਬੱਸ ਮਿਲਣ ਹੀ ਵਾਲੇ ਨੇ
ਸਦਾ-ਜਵਾਨ
ਜਿਨ੍ਹਾਂ ਕਦੇ ਨਹੀਂ ਮਿਲਣਾ
ਪਰ ਤਾਂਘ ‘ਚ ਰਹਿਣਾ ਸਦਾ ਸਦਾ…
ਫਖ਼ਰ
ਉਹ ਫਖ਼ਰ ਨਾਲ ਆਖਦੀ ਹੈ
ਮੇਰੇ ਦੇਸ਼ ‘ਚ
ਸੱਭ ਕੋਲ ਛੱਤ ਹੈ-ਘਰ ਹੈ
ਸਕੂਟਰ- ਕਾਰ ਹੈ
ਜੇਬ ‘ਚ ਪੈਸੇ ਬੇਸ਼ਕ ਘੱਟ ਹੋਣ
ਪਰ ਹਰ ਕੋਈ ਆਨੰਦ ‘ਚ ਹੈ
ਪਰ ਤੇਰੇ ਦੇਸ਼ ‘ਚ
ਲੋਕ ਸੜਕਾਂ ਤੇ ਮੰਗਦੇ ਨੇ
ਸੜਕਾਂ ਤੇ ਸੌਂਦੇ
ਠੰਡ ‘ਚ ਮਰਦੇ ਨੇ ਹਜ਼ਾਰਾਂ ਲੋਕ
ਘਰਾਂ ਤੋਂ ਬਾਹਰ- ਛੱਤਾਂ ਤੋਂ ਬਿਨਾਂ
ਨਿੰਮੋਝੂਣਾ ਉਦਾਸ ਜਿਹਾ ਬੋਲਿਆ ਮੈਂ
ਇਹ ਠੀਕ ਹੈ
ਤੇ ਪੁੱਛਿਆ ਤੂੰ ਆਜ਼ਾਦ ਹੈ ਆਪਣੇ ਮੁਲਕ ‘ਚ
ਵਿਚਾਰਾਂ ਲਈ
ਕਹਿ ਸਕਦੀ ਹੈਂ ਸਭ ਖੁੱਲ੍ਹ ਕੇ
ਔਰਤ ਦੀ ਘੁਟਨ ਬਾਰੇ
ਦੇਸ਼ ਦੇ ਸ਼ਾਸਕਾਂ ਬਾਰੇ
ਉਦਾਸ ਹੋ ਗਈ
ਖ਼ਾਮੋਸ਼ੀ ਉਸਦੀ
ਪਿੰਜਰਿਆਂ ‘ਚ ਕੈਦ
ਹਜ਼ਾਰਾਂ ਪੰਛੀਆਂ ਦੇ ਛਟਪਟਾਉਂਦੇ ਪਰਾਂ
ਤੇ ਤੜਫ਼ਦੀਆਂ ਅੱਖਾਂ ਵਾਂਗ ਹੈ
ਡਰੀ ਸਹਿੰਮੀ ਮੈਨਾ ਦੀ ਲਾਚਾਰੀ ਵਰਗੀ
ਮੈ ਹੋਰ ਉਦਾਸ ਹੋ ਗਿਆ
ਅੱਥਰੀ ਹਵਾ
ਬਹੁਤ ਸਾਰੇ
ਪੱਤਝੜ ਬਹਾਰਾਂ
ਨਦੀਆਂ ਰੁੱਤਾਂ
ਰੁੱਖ ਪਹਾੜ ਤੇ ਸਰਹੱਦਾਂ
ਲੰਘ ਕੇ ਆਈ ਹੈ
ਇਹ ਅੱਥਰੀ ਹਵਾ
ਧੂੜਦੀ ਟੂਣੇਹਾਰੀ
ਜੰਗਲੀ ਬੂਟੀ
ਆਪਣੀਆਂ ਕਵਿਤਾਵਾਂ ਦੀ
ਅਦਾਵਾਂ ਦੀ
ਚਾਸ਼ਣੀ ਮਿੱਠੀ ਜ਼ੁਬਾਨ ਦੀ…
ਇੱਕ ਇੱਕ ਕਰਕੇ
ਲਾਹ ਸੁੱਟੇ ਉਸਨੇ
ਮੇਰੇ ਉੱਪਰੋਂ ਕੁੱਲ ਮਖੌਟੇ
ਮੇਰੀ ਕਾਇਰਤਾ ਦੇ…
ਤੇ ਰਚ ਗਈ ਮੇਰੇ ਅੰਦਰ
ਇਹ ਅੱਥਰੀ ਹਵਾ……
ਪਿਤਾ
ਸ਼ੂਕਦੇ ਠੱਕੇ ਦੇ ਤੇਜ਼ ਬੁੱਲਿਆਂ ਅੱਗੇ
ਨੰਗੇ ਧੱੜ ਹੀ ਲੱੜ ਰਿਹਾ ਹੈ
ਨਿਹੱਥਾ ਬ੍ਰਿਧ ਬ੍ਰਿਖ …
ਉਹ ਆਪਣੀ
ਗੁੱਲੀ ਡੰਡਾ ਖੇਡਣ ਦੀ ਉਮਰ ਬਾਰੇ ਕੁੱਝ ਨਹੀਂ ਜਾਣਦਾ
ਜਾਣਦਾ ਹੈ ਤਾਂ ਬੱਸ ਏਨਾ
ਕਿ ਟਾਹਲੀ ਦੀ ਲੱਕੜ ਤੇ ਰੰਦਾ ਚਲਾਉਂਦਿਆਂ
ਉਹਦੇ ਦਿਮਾਗ ਵਿੱਚ
ਸ਼ਾਮ ਤੱਕ ਚਾਰ ਕਲੱਬ ਕੁਰਸੀਆਂ
ਤੇ ਗੇਂਦ-ਬੱਲੇ ਵਾਲਾ ਪਲੰਘ ਬਣਾਉਣ ਦਾ ਫਿਕਰ ਹੁੰਦਾ
ਤੇ ਉਦੋਂ ਰੰਦਾ ਏਨਾ ਤੇਜ਼ ਚਲਦਾ
ਕਿ ਸਿਰਫ ਕੱਛੇ ਬਨੈਣ ਵਿਚ ਵੀ
ਪੋਹ ਦੇ ਠੱਕੇ ‘ਚ ਪਸੀਨਾ ਆਉਂਦਾ
ਉਹਨੂੰ ਪੱੜ੍ਹਨ ਦੀ ਉਮਰ ਦਾ ਉੱਕਾ ਈ ਚੇਤਾ ਨਹੀਂ
ਚੇਤੇ ਹੈ ਤਾਂ ਬੱਸ ਏਨਾ
ਕਿ ਅੱਠਵੀਂ ‘ਚ ਪੜ੍ਹਦੇ ਵੱਡੇ ਭਰਾ ਦੇ
ਅੱਧੋਰਾਣੇ ਲੀੜੇ ਪਾ ਕੇ
ਕਦੇ ਕਦਾਈਂ ਸ਼ੁਕੀਨੀ ਕਰਕੇ
ਫਿਲਮ ਦੇਖਦਾ
ਜਾਂ ਰੌਸ਼ਨੀ ਦੇ ਮੇਲੇ ਜਾਂਦਾ
ਤੇ ਅੱਧੀ ਅੱਧੀ ਰਾਤ ਤੱਕ
ਮੱੜ੍ਹੀਆਂ ਵਾਲੇ ਬੋਹੜ ਹੇਠਾਂ ਬੈਠਾ ਸੋਚਦਾ
“ ਕਿਤੇ ਉਹ ਏਸ ਟੱਬਰ ‘ਚ
ਹੱਲਿਆਂ ਵੇਲੇ ਤਾਂ ਨੀ ਆ ਰਲ਼ਿਆ ?
ਲੱਕ ਤੋੜਵੀਂ ਮਿਹਨਤ ਦੇ ਬਾਦ ਵੀ
ਇਨ੍ਹਾ ਦੇ ਟੁਕੜਿਆਂ ਤੇ ਤਾਂ ਨਹੀਂ ਪਲਿਆ ?”
ਇੰਜ ਸੋਚਦਾ ਉਹ ਭੁੱਬੀਂ ਰੋਂਦਾ
ਤੇ ‘ਸੱਚੇ ਪਾਸ਼ਾ’ ਨੂੰ ਬੁਰਾ ਭਲਾ ਆਖਦਾ
ਤੇ ਆਪਣੇ ਗੁਅਚੇ ਮਾਂ-ਬਾਪ ਦੇ
ਫ਼ਰਜ਼ੀ ਨੈਣ-ਨਕਸ਼ ਕਿਆਸਦਾ
ਜਿਉਂ ਜਿਉਂ ਉਹ ਨਕਸ਼
ਮਨ ‘ਚ ਉੱਘੜਦੇ ਮਿਟਦੇ
ਤਿਉਂ ਤਿਉਂ ਉਹਦਾ ਰੰਦਾ ਜ਼ੋਰ ਦੀ ਚਲਦਾ
ਰੰਦਾ ਉਦੋਂ ਟਾਹਲੀ ਤੇ ਨਹੀਂ
ਉਹਦੇ ਜਿਸਮ ਤੇ ਚਲਦਾ
ਤੇ ਅਤੀਤ ਦਾ ਬੂਰਾ
ਪਰਤ ਦਰ ਪਰਤ ਛਿਲਦਾ
ਕਦੇ ਕਦਾਈਂ
ਬਾਪੂ ਮੈਨੂੰ ਦੱਸਦੈ
‘ਮੋਹਣ ਸਿਹੁੰ ਵੀ ਕਦੇ ਜੁਆਨ ਹੁੰਦਾ ਸੀ ਤੇਰੇ ਆਂਗੂੰ’
ਪਰ ਪਿਤਾ ਦੀਆਂ ਕਿਰਨ ਵਿਹੂਣੀਆਂ ਅੱਖਾਂ ‘ਚ
ਮੈਂ ਅਕਸਰ ਪੜ੍ਹਦਾ ਹਾਂ
ਚੀਨ ਦੀ ਲੜਾਈ ਵੇਲੇ ਦੀਆਂ
ਦੁਹੱਟੀ ਦੁਕਾਨ ‘ਚ ਕੁਰਸੀਆਂ ਵਾਂਗ ਚਿਣੀਆਂ
ਇਸ਼ਕ ਮੁਹੱਬਤ ਦੀਆਂ ਅਧੂਰੀਆਂ ਬਾਤਾਂ
ਜਿਸਦੀ ਗੁਲਾਬੀ ਹਵਾ ਨੂੰ ਖਾ ਗਈ
ਫ਼ਰਨੀਚਰ ਤੇ ਹੁੰਦੇ ਸਪਿਰਟ ਪਾਲਿਸ਼ ਦੀ ਦੁਰਗੰਧ
ਜਦੋਂ ਦਾ ਉਹ ਕਬੀਲਦਾਰੀ ‘ਚ ਪਿਆ
ਸ਼ੁਕੀਨੀ ਵਰਗਾ ਕੁਝ ਵੀ ਯਾਦ ਨਹੀਂ
ਯਾਦ ਹੈ ਤਾਂ
ਰਾਤ ਰਾਤ ਭਰ ਸਾਈਕਲ ਤੇ
ਕੰਮ ਲਈ ਊਰੀ ਵਾਂਗ ਘੁੰਮਣਾ
ਬਿਨਾ ਕਿਨਾਰਿਆਂ ਦੇ ਪਾਣੀ ਵਾਂਗ ਵਗਣਾ
ਤੇ ਰੇਤ ਵਿਚ ਖੁਰਨਾ
ਹੁਣ ਜਦ ਵੀ ਉਹ ਅੰਤਾਂ ਦਾ ਉਦਾਸ ਹੁੰਦੈ
ਤਾਂ ਫ਼ਰਕਦੇ ਬੁੱਲਾਂ ਤੇ
ਉਹੀ ਪੁਰਾਣਾ ਗੀਤ ਲਰਜ਼ਦਾ ਹੈ
“ਐ ਦਿਲ ਤੁਝੇ ਕਸਮ ਹੈ
ਤੂ ਹਿਮੰਤ ਨਾ ਹਾਰਨਾ
ਦਿਨ ਜ਼ਿੰਦਗੀ ਕੇ ਜੈਸੇ ਭੀ ਗੁਜ਼ਰੇਂ ਗੁਜ਼ਾਰਨਾ”
ਚਿੱਟੀ ਦਾਹੜੀ ‘ਚ ਹੱਥ ਫੇਰਦਿਆਂ
ਦੂਰ ਕਿਤੇ ਗੁਆਚੀਆਂ ਅੱਖਾਂ 'ਚ
ਅੰਤਾਂ ਦੀ ਥਕਾਵਟ ਹੁੰਦੀ ਹੈ
ਤੇ ਪੁੜਪੁੜੀਆਂ ਦੀਆਂ ਕਸੀਆਂ ਨਾੜਾਂ ‘ਚ ਹੁੰਦੀ ਹੈ
ਆੳਂਦੇ ਵਰ੍ਹਿਆਂ ਦੀ ਅਸੁਰੱਖਿਅਤ ਭਿਆਨਕਤਾ
ਤੇ ਬੀਤੀ ਲੜਾਈ ਦੇ
ਖਾਮੋਸ਼ ਖੰਡਰਾਂ ‘ਚ ਹੁੰਦੀ
ਹਵਾ ਦੀ ਵੀਰਾਨ ਸ਼ਾਂ ਸ਼ਾਂ…
ਠੱਕਾ ਅੱਜ ਵੀ ਉਵੇਂ ਚਲਦਾ ਹੈ
ਤੇ ਉਵੇਂ ਹੀ ਨੰਗੇ ਧੱੜ
ਤੇਜ਼ ਹਵਾ ਦੇ ਬੁੱਲਿਆਂ ਵਿਰੁੱਧ ਲੜਦਾ ਹੈ
ਉਹ…
ਨਿਹੱਥਾ ਬ੍ਰਿਧ ਬ੍ਰਿਖ !
ਮੰਤਰ
ਜਿਸਮ ਤੇ ਪੈਂਦੇ ਚਿਮਟਿਆਂ ਨਾਲ
ਲੂਸਿਆ ਗਿਆ
ਜਿਸਮ ਕੂਲਾ ਕੂਲਾ
ਵਿਲਕਦੀਆਂ ਅੱਖਾਂ ਦੇਖ
ਰੂਹ ਕੰਬ ਗਈ
ਤੇ ਉਹ ਬਾਬਾ
ਕਿਸੇ ਰੂਹ ਤੋਂ ਮੁਕਤ ਕਰਵਾਉਣ ਲਈ
ਬੇਰਹਿਮੀ ਨਾਲ ਮਾਰਦਾ
ਪਤਾ ਨਹੀਂ
ਕਿਹੜੇ ਮੰਤਰ ਪੜੀ ਜਾਂਦਾ !!!
ਕੀ ਹੈ ?
ਕਿੱਥੇ ਹਾਂ ਮੈਂ ?
ਤਾਂ ਬਹੁਤ ਕੁਝ ਇਕ ਦਮ ਦੂਰ ਜਾ ਖਲੋਤਾ ਹੈ
ਮਸਲਨ
ਤੂੰ, ਧਰਤੀ, ਲੋਕ, ਗ੍ਰਹਿ, ਹ੍ਹਨੇਰ-ਚੁਪ
ਸਭ ਕੁਝ
ਕੀ ਹਾਂ ਮੈਂ?
ਇਕ ਦੂਰੀ ਤੇ ਹੋ ਜਾਂਦਾ ਹਾਂ ਮੈਂ
ਆਪਣੀ ਦੇਹ ਤੋਂ
ਇਹ ਮਨ ਕੀ ਹੈ ?
ਤਾਂ ਮੇਰੇ ਵਿਚੋਂ ਇਹ ਵੀ ਦੂਰ ਜਾ ਖਲੋਂਦਾ ਹੈ
ਚੇਤਨਾ ਕੀ ਹੈ
ਇਹ ਕੌਣਦੇਖ ਰਿਹਾ ਹੈ
ਕੀ ਇਹ ਮੈਂ ਹਾਂ?
ਤਾਂ ਇਕ ਪਾਰਦਰਸ਼ੀ ਜਿਹਾ ਕੁਝ
ਹਰ ਤਰਫ ਦੇਖ ਰਿਹਾ ਹੈ
ਹਵਾ, ਚੇਤਨਾ, ਸ਼ਬਦ, ਕਾਲ, ਮੈਂ
ਨਹੀਂ-
ਕੁਝ ਹੋਰ ਹੈ
ਜੋ ਮੇਰੇ ਵਿਚੋਂ ਦੇਖ ਰਿਹਾ ਹੈ-ਸਭ ਕੁਝ-ਮੇਰੇ ਰਾਹੀਂ
ਕੀ ਹੈ ???
ਤੂੰ
ਤੂੰ
ਨਾ ਗਿਆਨ
ਨਾ ਅਗਿਆਨ ਕਾਰਨ ਹੈਂ
ਤੂੰ ਤਾਂ ਬੱਸ
ਮੇਰੇ ਜਿਸਮ ਦੀ ਕਿਤਾਬ ਨੂੰ
ਘੁੱਣ ਵਾਂਗ ਚੱਟ ਰਹੀ ਹੈਂ ਹਰ ਪੱਲ
ਤੇ ਉਹ ਗਰਦ
ਜੋ ਧੀਮੇ ਧੀਮੇ ਕਿਰਦਾ ਹੈ ਮੇਰੇ ਚੋਂ
ਇਸ ਗਰਦ ਦੀ ਦਹਿਸ਼ਤ
ਕਿ ਮੈਂ ਹੁਣੇ ਹਾਂ
ਤੇ ਹੁਣੇ ਨਹੀਂ
ਸੁਣ ਰਾਜਾ ਜਨਮੇਜਾ
(ਮੋਹਨਜੀਤ ਦੇ ਨਾਂ )
ਲਿਖਤੁਮ ਸਵਰਨਜੀਤ ਸਵੀ
ਪੜਤੁਮ ਰਾਜਾ ਜਨਮੇਜਾ
ਵੀਂਹਵੀਂ ਸਦੀ ਦਾ ਇਕ ਹੋਰ ਮਹਾਂਭਾਰਤ
ਆਰੀਆ ਤੇ ਦਰਾਵੜੀ ਕੰਧਾਂ ਦੀਆਂ
ਪਿੱਲੀਆਂ ਤੇ ਖੁਰਦੀਆਂ ਇੱਟਾਂ
ਕਾਲਿਆਂ ਖੂਹਾਂ ਦਾ ਜ਼ਹਿਰੀਲਾ ਜਨੂੰਨੀ ਪਾਣੀ
ਦਿਲਾਂ ਤੇ ਸਰਦਲਾਂ ਵਿਚ ਪਈਆਂ ਲਕੀਰਾਂ ਦੀ ਕਹਾਣੀ
ਦਰਖ਼ਤਾਂ ‘ਤੇ ਟੰਗੇ, ਸੜਕਾਂ ‘ਤੇ ਧੁਖਦੇ
ਸੈਆਂ ਵਰਵਰੀਕਾਂ ਦੀ ਜ਼ੁਬਾਨੀ…
ਸੁਣ ਕਿ ਹੁਣ
ਧਰਮ-ਸਿਆਸਤ, ਅਧਰਮ-ਦੰਗੇ
ਤੇ ਮਾਸੂਮ ਜਿੰਦਾਂ ‘ਚ ਖੁੱਭੇ ਖੰਜਰਾਂ ਦੀ ਭਾਸ਼ਾ
ਇਕੋ ਜਿਹੀ ਹੀ ਹੋ ਗਈ ਹੈ
ਪਾਂਡਵ ਤੇ ਕੌਰਵ ਸਭ ਪਾਗ਼ਲ ਦਰਿੰਦੇ ਨੇ
ਹਰ ਘਰ, ਗਲੀ, ਸ਼ਹਿਰ ਤੇ ਸਰਦਲ ਦਾ ਦਿਲ
ਹੁਣ ਕੁਰਕਸ਼ੇਤਰ ਦਾ ਮੈਦਾਨ ਹੈ
ਜਿੱਥੇ ਤਿੰਨਾਂ ਦੀ ਬੱਚੀ ਤੋਂ ਲੈ ਕੇ
ਨੱਬਿਆਂ ਦੇ ਲਾਚਾਰ ਬੁੱਢੇ ਤੱਕ
ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਂਦਾ
ਕਿਉਂਕਿ ਹੁਣ ਉਹ ਸਭ
ਇਨਸਾਨ ਨਹੀਂ – ਧਿਰਾਂ ਦੇ ਨਿਸ਼ਾਨ ਹੋ ਗਏ ਨੇ
ਹੁਣ ਬੱਸ ‘ਚ ਬੈਠਣਾ
ਜਾਂ ਤੜਕਸਾਰ ਡਬਲਰੋਟੀ ਵੇਚਣ ਜਾਣਾ
ਮੌਤ ਦੇ ਮੂੰਹ ਵੱਲ ਜਾਣ ਦਾ ਅਮਲ ਹੋ ਗਿਆ ਹੈ
ਹੁਣ ਕੁੱਕੜ ਦੀ ਬਾਂਗ ਤੋਂ ਬਾਅਦ
ਹਰ ਸੂਰਜ ਦੀ ਪਹਿਲੀ ਕਿਰਨ
ਦਿਲ ‘ਚ ਡਰ…
ਸਿਰ ‘ਤੇ ਮੌਤ…
ਤੇ ਜਿਸਮ ਲਈ ਧੁਣਖਵਾ ਲੈ ਕੇ ਉੱਗਦੀ ਹੈ
ਗਲੀਆਂ ਬਾਜ਼ਾਰਾਂ ‘ਚ ਫਿਰਦੇ ਲੋਕ
ਸੁੰਨਸਾਨ ਖੰਡਰ ਨੇ
ਰੀਝ-ਵਿਹੂਣੇ, ਖੁਸ਼ੀਓਂ ਸੱਖਣੇ
ਮਹਿਜ਼ ਤੁਰਦੇ ਮਾਤਮੀ ਬੁੱਤ!
ਹੁਣ ਕਿਧਰੇ ਨਹੀਂ ਜੁੜਦੇ ਬਉਰੇ ਮੇਲੇ
ਕਿਧਰੇ ਨਹੀਂ ਪੈਂਦਾ
ਗਿੱਧਾ, ਭੰਗੜਾ ਜਾਂ ਧਮਾਲ
ਲਟਕਦਾ ਹੈ ਤਾਂ ਹਰ ਪਾਸੇ ਬੱਸ ਮੌਤ ਵਰਗਾ ਖ਼ਿਆਲ
ਖ਼ਿਆਲ – ਜੋ ਡਿੱਗ ਸਕਦਾ ਹੈ
ਕਿਸੇ ਵੀ ਪਲ ਬਣਕੇ ਅਗਨੀ ਬਾਣ
ਜਾਂ ਸਾਹਮਣੇ ਅੜ ਸਕਦਾ ਹੈ
ਬਣਕੇ ਜਨੂੰਨੀ ਸਾਨ!
ਤੀਰਾਂ ਤੇ ਹੁਣ ਭੀਸ਼ਮ ਪਿਤਾਮਾ ਹੀ ਨਹੀਂ
ਸਗੋਂ ਟੰਗਿਆ ਪਿਆ ਹੈ ਹਰ ਇਨਸਾਨ
ਸਭ ਨੂੰ ਮਿਲ ਗਿਆ ਹੈ ਧੁਖਦੇ ਰਹਿਣ ਦਾ ਸਰਾਪ
ਖ਼ੁਸ਼ੀਆਂ ਨੂੰ ਕਰ ਗਿਆ ਹੈ ਕੋਈ ਅਨਾਥ
ਸੁਣ ਰਾਜਾ
ਸੁਣ ਕਿ ਹੁਣ
ਹਰ ਸੰਘ ਵਿਚ ਸੁੱਕ ਗਏ ਨੇ ਗੁਟਕਦੇ ਬੋਲ
ਮੁੱਠੀਆਂ ‘ਚ ਪੀਚੇ ਗਏ ਬਚਪਨ ਵਰਗੇ ਕਲੋਲ
ਦਿਨ ਗੁਜ਼ਰਦੇ ਨੇ ਹੁਣ
ਫ਼ੈਲਦੀਆਂ ਅਫ਼ਵਾਹਾਂ ਦੇ ਕਾਲੇ ਬੱਦਲਾਂ ਹੇਠ
ਜਾਂ ਸੁਰਖ਼ੀਆਂ ‘ਚੋਂ ਵਰਦੇ ਖ਼ੂਨੀ ਮੀਂਹ ਹੇਠ
ਸੁਰਖ਼ੀਆਂ – ਜੋ ਸ਼ਹਿਰ ਦੀ ਨੀਂਦ ਹਰਾਮ ਕਰਦੀਆਂ ਨੇ
ਸੁਰਖ਼ੀਆਂ – ਜੋ ‘ਉਨਾ’ ਲਈ ਦੁਕਾਨਦਾਰੀ ਦਾ ਸਮਾਨ ਨੇ
ਸੁਰਖ਼ੀਆਂ – ਜੋ ‘ਇਨਾ’ ਲਈ ਅਸਥੀਆਂ ਦਾ ਸਥਾਨ ਨੇ
ਸੁਣ ਰਾਜਾ ਸੁਣ ਕਿ ਹੁਣ
ਕਿੰਨੀ ਡਰਾਉਣੀ ਹੈ ਅੱਖਾਂ ਵਿਚਲੀ ਵੀਰਾਨੀ
ਵੀਰਾਨੀ – ਜੋ ਕਦੇ ਹਲਕੀ ਜਿਹੀ ਦਹਿਸ਼ਤੀ ਖ਼ਬਰ ਨਾਲ ਫੈਲਦੀ ਸੀ
ਵੀਰਾਨੀ – ਜੋ ਹੁਣ ਸੈਆਂ ਮੌਤਾਂ ਤੋਂ ਬਾਅਦ ਫੈਲਦੀ ਹੈ
ਵੀਰਾਨੀ – ਜੋ ਉਨਾ ਅੱਖਾਂ ਦੀ ਸਹਿਜ ਅਵਸਥਾ ਹੋ ਗਈ ਹੈ
ਕਿੰਨਾ ਭਿਆਨਕ ਹੈ
ਧਰਮ ਅਤੇ ਫ਼ਲਸਫ਼ੇ ਦਾ ਅਰਥਹੀਣ ਹੋ ਜਾਣਾ
ਤੇ ਮਾਸੂਮ ਦਿਲਾਂ ਦਾ
ਟੀਸ ਬਣਕੇ ਸ਼ੀਸ਼ੇ ਵਾਂਗ ਕੀਚਰਾਂ ਹੋ ਜਾਣਾ
ਕਿੰਨਾ ਭਿਆਨਕ ਹੈ
ਮਹਾਂਭਾਰਤ ਦਾ ਰੋਜ਼ ਰੋਜ਼ ਹੋਣਾ
ਤੇ ਕੁਰਕਸ਼ੇਤਰ ਦਾ ਕਥਾ ਤੇ ਭਿਆਨਕਤਾ ਦਾ
ਆਮ ਜਿਹੀ ਗੱਲ ਹੋ ਜਾਣਾ
ਸਭ ਕਿੰਨਾਂ ਭਿਆਨਕ ਹੈ…
ਕਰਫਿਊ
1.
ਬੱਚਾ ਦੁੱਧ ਮੰਗਦਾ ਹੈ
ਮਾਂ ਬੇਬਸ ਹੈ
ਬਾਪ ਬਾਹਰ ਝਾਕਦਾ ਹੈ
ਗੋਲੀ ਸ਼ੂਕਦੀ ਛਾਤੀ ਵੱਲ ਆਉਂਦੀ ਹੈ
2.
ਬੂਟਾਂ ਦੀ ਠੱਕ ਠੱਕ ਸੁਣ ਕੇ
ਬੱਚਾ ਕਿਲਕਾਰੀ ਮਾਰਦਾ ਹੈ
ਮਾਂ ਚਪੇੜ ਮਾਰਦੀ ਹੈ
3.
ਭੰਬਲਭੂਸੇ ‘ਚ ਫਸਿਆ ਵਕਤ
ਦਰਵਾਜ਼ਿਆਂ ਅੰਦਰ ਤੁਰ ਹੀ ਨਹੀਂ ਰਿਹਾ
ਪਰ ਦਰਾਂ ਤੋਂ ਬਾਹਰ
ਸੜਕਾਂ ‘ਤੇ ਦਨਦਨਾਉਂਦਾ ਦੌੜਦਾ ਹੈ।
ਰਸਤਾ ਰੋਕੋ ਅੰਦੋਲਨ
ਬਾਪ
ਕਾਲਾ ਰਿਬਨ ਬੰਨਕੇ ਗ੍ਰਿਫ਼ਤਾਰ ਹੋਣ ਜਾ ਰਿਹੈ
ਬਾਪ
ਦੁਕਾਨ ਬੰਦ ਕਰਕੇ ਸਹਿਮਿਆ ਘਰ ਨੂੰ ਜਾ ਰਿਹੈ
ਬੱਚੇ
ਸੜਕਾਂ ‘ਤੇ ਵਿਕਟਾਂ ਗੱਡ ਰਹੇ ਨੇ
ਯੂਲੀਅਸਿਸ ਨੂੰ
ਇਸ ਤੋਂ ਪਹਿਲਾਂ ਕਿ
ਤੂੰ ਬੇੜੇ ਨੂੰ ਬੰਦਰਗਾਹ ਤੋਂ ਤੋਰ ਲਵੇਂ
ਅਤੀਤ ਵੱਲ ਵੇਖ ਤੇ ਦੱਸ
ਕਿ ਯੁੱਧ ਖ਼ਤਮ ਹੀ ਕਦ ਹੋਇਆ ਸੀ
ਉਸ ਸਫ਼ਰ ਬਾਰੇ ਸੋਚ
ਜੋ ਸੂਰਜ ਦੀ ਪਹਿਲੀ ਕਿਰਨ ਤੋਂ ਲੈ ਕੇ
ਘੁਸਮੁਸੀ ਸਿਆਹੀ ਦੇ ਫੈਲਣ ਤੱਕ
ਹੈਲਨ ਦੇ ਗੋਲ ਚਿਹਰੇ ਵਰਗੀ ਰੋਟੀ ਦੇ ਲਈ ਹੁੰਦਾ ਹੈ
ਤੇ ਬਲਦੀਆਂ ਆਂਦਰਾਂ ਦੀ ਉਡੀਕ ਕੁੱਬੀ ਹੋ ਹੋ ਮਰਦੀ ਹੈ
ਫੁੱਟਪਾਥ ‘ਤੇ ਬੈਠੀਆਂ ਫਟੀਆਂ ਬਿਆਈਆਂ ਨੂੰ ਪੁੱਛ
ਕਿ ‘ਟਰਾਏ ਦਾ ਯੁੱਧ’
ਇਕ ਮੁਸਲਸਲ ਸਰਾਪ ਕਿਉਂ ਹੈ?
ਤੇ ਹੋਣੀ ਦੀ ਲਕੀਰਾਂ
ਪੱਥਰਾਂ ‘ਤੇ ਹੀ ਕਿਉਂ ਨੇ?
ਆ ਕਿ ਐਵੇਂ
ਟਾਪੂਆਂ ‘ਤੇ ਸੁਸਤਾਉਣ ਨਾਲੋਂ
ਯੁੱਧ ਲਈ ਦੁਬਾਰਾ ਕਕਮਰ ਕਸੀਏ
ਤੇ ਵਿਹਲੇ ਹੋਣ ਦੇ ਭਰਮ ਨੂੰ ਭੁੱਲ ਜਾਈਏ।
ਟਰਾਏ ਦਾ ਯੁੱਧ
ਇਹ ਬੱਚਾ ਮਨੁੱਖੀ ਜ਼ੀਅਸ ਦੀਆਂ
ਬੇਬਸ ਜਵਾਨੀ ਤੇ ਝੱਪਟਾਂ ਦੀ ਪੈਦਾਵਾਰ
ਇਹ ਜ਼ਰਦ ਚਿਹਰਾ
ਜੋ ਗੰਦੀਆਂ ਬਸਤੀਆਂ ਤੇ ਫੁੱਟਪਾਥ ਉੱਪਰ
ਕਮਜ਼ੋਰ ਲੱਤਾਂ ਤੇ ਬੇਜਾਨ ਹੱਥਾਂ ਨਾਲ
ਦੋ ਜੂਨ ਦੀ ਰੋਟੀ ਲਈ
ਟਰਾਏ ਦਾ ਯੁੱਧ ਲੜ ਰਿਹਾ ਹੈ।
ਬ੍ਰਿਖ ਤੇ ਘੁਣ
ਵਿਛੜਦੇ
ਜ਼ਰਦ ਪੱਤਿਆਂ ਦੀਆਂ ਅੱਖਾਂ ‘ਚ ਬੈਠਾ ਡਰ
ਕ੍ਰਿਸ਼ਨ ਦੇ ਆਉਣ ਤੋਂ ਪਹਿਲਾਂ
ਦਰੋਪਤੀ ਦੇ ਡਰ ਤੋਂ ਭਿੰਨ ਹੈ
ਪੱਤੇ ਕੀ ਉਡੀਕ ਰਹੇ ਨੇ
ਇਹ ਟਾਹਣੀਆਂ ਤਾਂ ਹਾਰੇ ਪਾਂਡਵ ਨੇ
ਤੇ ਤਣਾ ਕੋਈ ਕ੍ਰਿਸ਼ਨ ਨਹੀਂ ਹੈ
ਦੁਰਯੋਧਨ ਦਾ ਹਾਸਾ ਕਿਸਦੇ ਬੁੱਲਾ ‘ਤੇ ਹੈ ?
ਘੁਣ ਨੂੰ ਮਾਣ ਹੈ
ਤੇ ਇਕ ਜਵਾਲਾਮੁਖੀ ਸੁਲਘਦਾ ਹੈ
ਲੋਹੇ ਦੇ ਚਿਹਰੇ ਤੇ ਜਮੂਰਾਂ ਜਿਹੇ ਹੱਥ
ਸੱਭਿਅਤਾ ਨੂੰ
ਕਿਸ ਸ਼ਮਸ਼ਾਨ-ਘਾਟ ਲਿਜਾ ਰਹੇ ਨੇ?
ਇਹ ਜੋਨ ਦੀ ਬਲਦੀ ਲਾਸ਼ ਦੁਆਲੇ
ਕਿਹੜੀ ਜਿੱਤ ਦਾ ਬਿਗਲ ਗੂੰਜਦਾ ਹੈ
ਇਨਾ ਲਪਟਾਂ ਦੀਆਂ ਜੀਭਾਂ ਨੂੰ
ਕਿਹੜੀ ਪ੍ਰੀਖਿਆ ਦੀ ਕਾਹਲੀ ਹੈ?
(ਜੋਨ=ਜੋਨ ਆਫ਼ ਆਰਕ)
ਅਵੱਗਿਆ
ਅਵੱਗਿਆ ਕਦੇ ਰਾਮ ਪੈਦਾ ਨਹੀਂ ਕਰਦੀ
ਤੇ ਫਿਰ ਤੇਰੀ
ਨਗਨਤਾ ਸਹਿਜ ਹੈ ਜਾਂ ਅਸਹਿਜ
ਤੇਰੀ ਉਦਾਸੀ ਇਲਹਾਮ ਹੈ ਜਾਂ ਤਰਕ
ਇਸ ਸਭ ਦੇ ਕੀ ਅਰਥ?
ਯੁੱਧ ‘ਚ ਕੋਈ ਵੀ ਨਾਇਕ ਨਹੀਂ ਹੁੰਦਾ
ਤੇ ਨਾ ਹੀ ਅਨਾਇਕ
ਇਸ ਅੰਨੀ ਗਲੀ ‘ਚ ਲੜੇ ਜਾ ਰਹੇ ਯੁੱਧ ‘ਚੋਂ
ਇਨਾਂ ਤਾਰਿਆਂ ਦੀਆਂ ਭਟਕਦੀਆਂ ਪੈੜਾਂ ‘ਚੋਂ
ਕੁਝ ਨਹੀਂ ਮਿਲਣਾ
ਤੂੰ ਵਾਪਸ ਪਰਤ ਆ ਸਵਰਨਜੀਤ!
ਤੇਰੇ ਅਤੀਤ ਦੇ ਬਜ਼ੁਰਗ ਪਰਛਾਵੇਂ
ਤੈਨੂੰ ਅਜੇ ਵੀ ਹਸਰਤ ਭਰੀ ਨਜ਼ਰ ਨਾਲ ਦੇਖਦੇ ਨੇ…
ਸੜਕਾਂ…
ਨਦੀਆਂ…
ਖੰਡਰ…
ਮਾਰੂਥਲ…ਦੁਨੀਆਂ
ਉਸ ਤੋਂ ਪਾਰ ਹਨੇਰੇ ਦਾ ਗੂੜਾ ਦੁਮੇਲ
ਤੇ ਪਿੱਛੇ ਸਰਾਪੀ ਅਹੱਲਿਆ ਦਾ ਬੁੱਛ…
ਆਖ਼ਿਰ ਤੂੰ
ਕਿਸ ਮੋਕਸ਼ ਦੀ ਤਲਾਸ਼ ‘ਚ ਹੈ?
ਪਰਤ ਜਾਹ! ਤੂੰ ਵਾਪਸ ਵਰਤ ਜਾਹ ਮੇਰੇ ਰਾਮ!
ਰਾਵਣ ਸਿਰਫ਼ ਤੇਰੇ ਅੱਗੇ ਹੀ ਨਹੀਂ ਹਨ
ਪਿੱਛੇ ਵੀ ਨੇ
ਉਨਾਂ ਪ੍ਰਛਾਵਿਆਂ ਨਾਲ ਚਿੰਬੜੇ
ਉਨਾਂ ਦੀਆਂ ਹਸਰਤਾਂ ਨੂੰ ਬਲਾਤਕਾਰਦੇ…
ਤੇਰੇ ਹੱਡਾਂ ‘ਚ ਬੇਸ਼ਕ ਅਜੇ ਗਰਮੀ ਹੈ
ਪਰ ਇੱਥੇ ਕੋਈ ਵੀ ਲੜਾਈ
ਕਦੇ ਫ਼ੈਸਲਾ-ਕੁਨ ਨਹੀਂ ਹੋਈ
ਹਰ ਰੋਜ਼ ਵੱਜਦਾ ਹੈ ਦਾਨਵੀ-ਨਾਦ
ਤੇ ਦਨਦਨਾਉਂਦਾ ਹੈ ਪ੍ਰਹਿਲਾਦੀ-ਬਾਪ
ਭਟਕਣ ਤੇ ਬੇਵਿਸਾਹੀ ਦਾ ਇਹ ਆਲਮ ਹੈ
ਕਿ ਅੱਗ ਲੱਗੇ ਸਮਿਆਂ ‘ਚ ਤੁਰਦੀ
ਕੀੜੀ ਨਜ਼ਰ ਹੀ ਨਹੀਂ ਆਉਂਦੀ
ਤੂੰ ਨਹੀਂ ਜਾਣਦਾ
ਉੱਥੇ ਬੂੰਦ ਬਣਕੇ ਡਿੱਗਣ ਦੇ ਅਰਥ
ਜਿੱਥੇ ਡਿੱਗਣ ਤੋਂ ਪਹਿਲਾਂ ਹੀ ਬੂੰਦ
ਗੁਆ ਬਹਿੰਦੀ ਹੈ ਆਪਣਾ ਵਜੂਦ
ਤੇ ਭੁੱਲ ਜਾਂਦੀ ਹੈ ਆਪਣੇ ਅਰਥ
ਤੇਰੇ ਵੀ ਅਰਥ ਗੁਆਚ ਗਏ ਨੇ
ਇਨਾਂ ਨੰਗੀਆਂ…ਕਾਲੀਆਂ ਤੇ ਬੇਵਜਹ ਲੰਬੀਆਂ ਸੜਕਾਂ ‘ਤੇ
ਚਲਦਿਆਂ
ਜਿਨਾਂ ‘ਤੇ ਚੱਲਣਾ
ਛਾਤੀ ਤੇ ਨੰਬਰ ਚਿਪਕਾਉਣ ਵਰਗਾ ਹੈ
ਜਿਨਾਂ ‘ਤੇ ਚੱਲਣਾ
ਔਸਤਨਤਾ ਤੋਂ ਵੱਧ ਅਰਥ ਨਹੀਂ ਰੱਖਦਾ
ਜਿਨਾਂ ‘ਤੇ ਚੱਲਣਾ
ਮਹਿਜ਼ ਗੁਆਚਣਾ ਹੈ
ਜਿਨਾਂ ‘ਤੇ ਚੱਲਣਾ
ਆਪਣੇ ਜਿਸਮ ਦੇ ਟੁਕੜੇ ਇਨਾਂ ਨੂੰ ਵੰਡਣਾ ਹੈ
ਪਰਤ ਆ…
ਤੂੰ ਵਾਪਸ ਪਰਤ ਆ ਮੇਰੇ ਸਿਧਾਰਥ!
ਕਿਨਾਰਿਆਂ ਲਈ ਭਟਕਣਾ ਵੀ ਕੋਈ ਜ਼ਿੰਦਗੀ ਹੈ
ਉਰਲੇ ਜਾਂ ਪਰਲੇ ਪਾਰ ਕੁਝ ਨਹੀਂ
ਇਨਾਂ ਲਹਿਰਾਂ ਵਿਚ ਰਹਿ
ਇਨਾਂ ਲਹਿਰਾਂ ਦਾ ਹੋ ਜਾਹ
ਇਨਾਂ ਲਹਿਰਾਂ ਵਿਚ ਖੋ ਜਾਹ
ਇਹੀ ਵਿਲੀਨਤਾ ਹੀ
ਮੋਕਸ਼ ਜਾਂ ਨਿਰਵਾਣ ਹੁੰਦਾ ਹੈ
ਤੂੰ ਕਿਹੜੀ ਸੁਰ ਦਾ ਗੀਤ
ਜਿੰਦੇ ਨੀ! ਤੂੰ ਕਿਹੜੀ ਸੁਰ ਦਾ ਗੀਤ
ਤਨ ਝੜੀਆਂ ਮਨ ਗਹਿਰ ਸਮੁੰਦਰ
ਪਲ ਪਲ ਜਾਣਾ ਬੀਤ
ਜਿੰਦੇ ਨੀ! ਤੂੰ ਕਿਹੜੀ ਸੁਰ ਦਾ ਗੀਤ
ਕਾਲੀ ਅੱਗ ‘ਚ ਘੁੱਗੀ ਉੱਡਦੀ
ਕਰਦਾ ਬੋਟ ਉਡੀਕ
ਜਿੰਦੇ ਨੀ! ਤੂੰ ਕਿਹੜੀ ਸੁਰ ਦਾ ਗੀਤ
ਦਿਲ ਵਿਚ ਹਉਕਾ ਪੈਰੀਂ ਛਾਲੇ
ਇਕ ਮਘਦਾ ਇਕ ਸੀਤ
ਜਿੰਦੇ ਨੀ! ਤੂੰ ਕਿਹੜੀ ਸੁਰ ਦਾ ਗੀਤ
ਰੋਵਣ ਬੂਹੇ ਭਾਰੇ ਜਿੰਦੇ
ਬਾਰੀਆਂ ਚੁੱਪ ਚੁਪੀਤ
ਜਿੰਦੇ ਨੀ! ਤੂੰ ਕਿਹੜੀ ਸੁਰ ਦਾ ਗੀਤ
ਸਹਿਮੇ ਬੱਚੇ ਚੁੱਪ ਪਰਿੰਦੇ
ਬ੍ਰਿਖਾਂ ਬਾਂਝ ਸੰਗੀਤ
ਜਿੰਦੇ ਨੀ! ਤੂੰ ਕਿਹੜੀ ਸੁਰ ਦਾ ਗੀਤ
ਚੱਲ ਬੁੱਲਿਆ ਕੀ ਏਥੇ ਤੇਰਾ
ਕੰਬਲੀ ਤੇਰੀ ਮੀਤ
ਜਿੰਦੇ ਨੀ! ਤੂੰ ਕਿਹੜੀ ਸੁਰ ਦਾ ਗੀਤ
ਮਿੱਟੀਏ ਅਣਸਿੰਜੀਏ
ਇਕ ਅੱਖ ਸੁੱਕੇ ਦੂਜੀ ਆਵੇ
ਵਗਦੀ ਨਦੀ ਕੀ ਬਾਤ ਸੁਣਾਵੇ
ਦੁੱਧ ਨਦੀ ਦਾ ਸੁਪਨਾ ਸੁੱਕਿਆ
ਕੂੰਜ ਹੰਝ ਨੇ ਜਰਨਾ -ਮਿੱਟੀਏ ਅਣਸਿੰਜੀਏ!
ਕਾਲੀਆਂ ਰਾਤਾਂ ਚੰਨ ਨਾ ਤਾਰੇ
ਮਨ ਦੇ ਹੌਲ ਮੌਤ ਦੇ ਲਾਰੇ
ਤਨ ਦੇ ਰਿਸਦੇ ਫੋੜੇ ਉਪਰ
ਪੌਣ-ਫਿਹਾ ਕਿਸ ਧਰਨਾ -ਮਿੱਟੀਏ ਅਣਸਿੰਜੀਏ!
ਤੇਰੇ ਹਿੱਸੇ ਚੁੱਪ ਉਦਾਸੀ
ਤਾਨੇ ਮਿਹਣੇ ਦੁੱਖ ਚੁਰਾਸੀ
ਚੋਭਾਂ ਆਰਾਂ ਕੰਡਿਆਂ ਨੇ ਹੀ
ਚੁੰਨੀ ਦਾ ਲੜ ਫੜਨਾ- ਮਿੱਟੀਏ ਅਣਸਿੰਜੀਏ!
ਸੂਰਜ ਤੇਰਾ ਵੇਸ ਨੀ ਬਣਨਾ
ਕਿਰਨਾਂ ਤੇਰਾ ਦੇਸ ਨੀ ਬਣਨਾ
ਕੱਲਮੁਕੱਲੀ ਤੂੰ ਜੰਮੀਂ ਸੀ
ਕੱਲਮੁਕੱਲੀ ਮਰਨਾ – ਮਿੱਟੀਏ ਅਣਸਿੰਜੀਏ!
ਤੇਰਾ ਨਾਮ ਲੈਂਦਿਆਂ
ਤੇਰਾ ਨਾਮ ਲੈਂਦਿਆਂ
ਰਿਸ਼ਤਿਆਂ ਦਾ ਅਨੰਤ ਪਾਸਾਰ ਫੈਲ ਜਾਂਦਾ
ਉੱਸਰ ਜਾਂਦੀ ਹੈਂ ਤੂੰ
360 ਡਿਗਰੀ ਦੀ ਇਕ ਸ਼ਕਤੀ ਭਰੀ
ਸਪੇਸ
ਤੇ ਨਿਖੜ ਆਉਂਦੀ
ਜਿਵੇਂ
ਡੂੰਘੇ ਹਨੇਰੇ ਦੀ ਵਿਰਾਟ ਕੈਨਵਸ ਤੇ
ਲੱਗ ਜਾਵੇ ਬੁਰਸ਼ ਨਾਲ
ਰੰਗਾਂ ਦੀ ਛੂਹ ਦਾ ਨਿਸ਼ਾਨ
ਕਿ ਤੂੰ
ਜੋ ਹਰ ਮਾਧਿਅਮ
ਤਰਕ ਸਿਧਾਂਤ ਤੇ ਭਾਵੁਕਤਾ ਨੂੰ
ਓਵਰਫਲੋਅ ਕਰ ਜਾਂਦੀ ਹੈਂ ਹਮੇਸ਼
ਮੈਂ
ਤੈਨੂੰ ਪੂਰੀ ਦੀ ਪੂਰੀ ਸਮਝਣਾ ਚਾਹੁੰਦਾ ਹਾਂ
ਕਿ ਮੇਰੀ ਕੈਨਵਸ
ਮੇਰੀ ਅੱਖ – ਮੇਰੀ ਦ੍ਰਿਸ਼ਟੀ
ਬੱਝੇ ਬਝਾਏ ਸਿਧਾਂਤਾਂ ਦੀਆਂ ਡੋਰਾਂ ‘ਤੇ
ਨ੍ਰਿਤ ਕਰ ਲੱਗ ਪੈਂਦੀ ਹੈ
ਮੈਂ
ਕਿਸੇ ਹੋਰ ਮਾਧਿਅਮ ਦੀ ਤਲਾਸ਼ ‘ਚ ਹਾਂ
ਕੀ ਪਤਾ ਤੂੰ ਕਦੀ ਵਿਅਕਤ ਹੋਵੇਂ ਕਿ ਨਾ
ਐਸਾ ਮਾਧਿਅਮ ਬਣੇ ਕਿ ਨਾ
ਮੇਰੀ ਕੈਨਵਸ
ਅੱਖ ਰਾਹੀਂ ਬਣਾਏ ਮਨ ਦੇ ਫਰੇਮ ਤੇ
ਤੈਨੂੰ ਸਿਰਜ ਤਾਂ ਲੈਂਦੀ ਹੈ
ਪਰ ਉਹ ਤੂੰ ਨਹੀ ਹੁੰਦੀ
ਤੇਰੇ ਬਹੁ ਪਰਤੀ ਉਸਾਰ ਦੀ
ਇਕ-ਦੋ ਪਰਤਾਂ ‘ਚ ਸੁੰਗੜਿਆ
ਬਿੰਦ ਹੁੰਦਾ ਹੈ ਬੱਸ
ਤੂੰ ਇਤਿਹਾਸ ਰਾਹੀਂ ਸਿਰਜੇ
ਭਾਸ਼ਾ ਦੇ ਤਾਣੇ ਬਾਣੇ ਤੋਂ
– ਰਤਾ ਕੁ ਬਾਹਰ ਏਂ ਹਮੇਸ਼
ਮੈਂ ਨੱਚਦਾ ਹਾਂ
ਮੈਂ ਨੱਚਦਾ ਹਾਂ
ਪਾਣੀ ਅਗਨ ਹਵਾ
ਮੇਰੇ ਸੁਰ ਤਾਲ ਨੇ
ਤੇਰੇ ਜਿਸਮ ਦਾ ਜਲੌਅ
ਭੜਕਾਉਂਦਾ ਹੈ ਮੇਰੇ ਮਨ ਦੀ ਅਗਨ
ਅਗਨ – ਜੋ ਮੱਚਦੀ ਹੈ ਮੇਰੀ ਤਲੀ ‘ਤੇ
ਮੈਂ – ਤੇਰੇ ਮੋਹ ਦੇ ਨਾਗਾਂ ਦਾ ਵਲਿਆ
ਤੈਨੂੰ ਲੱਭਣ ਲਈ ਪੀਂਦਾ ਹਾਂ ਹਲਾਹਲ
ਮੈਂ ਨੱਚਦਾ ਹਾਂ – ਅਥੱਕ
ਮਿੱਧਦਾ ਹਾਂ ਬਾਰ ਬਾਰ ਆਪੇ ਨੂੰ
ਪੈਰ ਕਦੇ ਦੱਬ ਲੈਂਦੇ – ਤੇ ਕਦੇ ਕਰਦੇ ਨੇ ਮੁਕਤ
ਤਨ ‘ਚੋਂ ਵਗਦੇ
ਗਰਮ ਲਾਵੇ ਦੇ ਸੇਕ ‘ਚ ਮੱਚਦੀ ਕਾਇਆ ਨੂੰ
ਤੂੰ ਮੇਰੇ ਸਾਹਾਂ ਦੀ ਧੂਣੀ
ਮਘਦੀ ਹੈਂ ਮੱਚਦੀ ਹੈਂ
ਮੇਰੇ ਅੰਦਰ ਬਾਹਰ ਚਾਰ ਦੁਆਰ
ਮੇਰੇ ਸਾਹਾਂ ਅੰਗਾਂ ‘ਚ ਸੁਗੰਧਾਂ ਵਾਂਗ ਰਚੀ ਉਮਾ
ਆ –
ਮੇਰੀ ਗਤੀ ‘ਚ ਗਤੀ ਬਣਕੇ ਰਲ ਜਾ
ਮੇਰੇ ਡਮਰੂ ਦੀਆਂ ਤਣੀਆਂ ਵਾਂਗ
ਮੈਨੂੰ ਲਗਾਤਾਰ ਮਿਲ
ਕਿ ਮੈਂ ਹੁਣ ਰੁਕ ਨਹੀਂ ਸਕਦਾ
ਇਹ ਤਾਂਡਵ ਹੋਣੀ ਹੈ ਮੇਰੀ
ਕਿ ਮੈਂ ਜੋ ਸਿਰਜਣਾ ਹੈ
ਤੇਰੇ ਨਾਲ ਸਿਰਜਾਂਗਾ
ਤੈਥੋਂ ਬਿਨਾਂ
ਮੈਂ ਕੁਝ ਨਹੀਂ
ਮੈਂ ਨੱਚਦਾ ਹਾਂ ਤੇਰੇ ਲਈ
ਮੈਂ ਤੇਰੇ ਵਿਚ ਇਉਂ ਵਸਣਾ ਚਾਹੁੰਦਾ ਹਾਂ
ਮੈਂ ਤੇਰੇ ਵਿਚ ਇਉਂ ਵਸਣਾ ਚਾਹੁੰਦਾ ਹਾਂ
ਜਿਵੇਂ ਪੱਥਰਾਂ ‘ਚ ਚੁੱਪ ਹੁੰਦੀ ਹੈ
ਜਿਵੇਂ ਫੁੱਲ ਪੱਤੀਆਂ ‘ਚ
ਹਵਾ ਦੀ ਸਰਸਰਾਹਟ ਹੁੰਦੀ ਹੈ
ਜਿਵੇਂ ਸੁਰ ਕੀਤੀ ਸਾਰੰਗੀ ‘ਚੋਂ ਲੰਘਦਿਆਂ
ਗਾਉਣ ਲਗਦੀ ਹੈ ਹਵਾ
ਜਿਵੇਂ ਥੇਹ ਵਿਚ
ਸਮਾਏ ਹੁੰਦੇ ਨੇ ਘਰ-ਘੜੇ-ਸਿੱਕੇ
ਜਿਵੇਂ ਅੰਬ ਬਾਰੇ ਸੁਣਦਿਆਂ ਹੀ
ਮਿਠਾਸ ਨਾਲ ਭਰ ਜਾਂਦੀ ਹੈ ਜੀਭ
ਜਿਵੇਂ ਖੰਡਰ ਦੀਆਂ ਪਿੱਲੀਆਂ ਇੱਟਾਂ ‘ਚ
ਸਹਿਕਦੀ ਰਹਿੰਦੀ ਹੈ ਇਕ ਚੀਖ਼
ਜਿਵੇਂ ਭਰੀ ਹੁੰਦੀ ਹੈ
ਨਫ਼ਰਤ, ਮੁਹੱਬਤ ਤੇ ਉਦਾਸੀ ਨਾਲ
ਰੇਕ ਵਿਚ ਪਈ ਕਿਤਾਬ
ਜਿਵੇਂ ਵਸੀ ਹੁੰਦੀ ਹੈ
ਤੇਰੇ ਸਪਰਸ਼ ਤੋਂ ਪਹਿਲਾਂ ਹੀ
ਸਿਹਰਨ ਭਰੀ ਸਰਗੋਸ਼ੀ
ਕਿ ਜਿਵੇਂ
ਸ਼ਬਦਾਂ ‘ਚ ਛੁੱਪ ਕੇ ਬੈਠਦਾ ਹੈ
ਵਿਸਫੋਟ
ਕਿ ਜਿਵੇਂ ਬੱਦਲਾਂ ਤੇ ਪੱਥਰਾਂ ‘ਚ
ਛੁਪੇ ਰਹਿੰਦੇ ਨੇ ਅਨੇਕਾਂ ਆਕਾਰ
ਮੈਂ ਤੇਰੇ ਵਿਚ ਇੰਜ ਵਸਣਾ ਚਾਹੁੰਦਾ ਹਾਂ
ਜਿਵੇਂ ਖ਼ਲਾਅ ‘ਚ ਵਸਿਆ ਹੁੰਦਾ ਹੈ
ਸ਼ਬਦ
ਬ੍ਰਹਿਮੰਡ
ਤੇ ਧੁਨੀਆਂ ਦਾ ਸੰਸਾਰ
ਤੇਰਾ ਸਪਰਸ਼
ਤੇਰਾ ਸਪਰਸ਼
ਮੇਰੇ ਨਾਲ ਉਹ ਕਰਦਾ ਹੈ
ਜੋ ਫੁੱਲਾਂ ਨਾਲ ਕਰਦੀ ਹੈ ਰੁਮਕਦੀ ਹਵਾ
ਸੂਰਜਮੁਖੀ ਨਾਲ
ਕਰਦੀਆਂ ਜੋ ਸੂਰਜ ਦੀਆਂ ਕਿਰਨਾਂ
ਸਾਰੰਗੀ ਨਾਲ
ਜੋ ਕਰਦਾ ਹੈ ਗਜ਼
ਤਬਲੇ ਨਾਲ
ਜੋ ਕਰਦੀ ਹੈ ਉਂਗਲਾਂ ਦੀ ਸਰਗਮ
ਜਿਵੇਂ ਜਲਤਰੰਗ ਨਾਲ
ਖੇਡਦੀਆਂ ਜਿਉਂ ਕਲਾਕਾਰ ਦੀਆਂ ਡੰਡੀਆਂ
ਕੈਨਵਸ ਨਾਲ
ਜੋ ਕਰਦੀ ਹੈ ਰੰਗਾਂ ਲੱਦੇ ਬੁਰਸ਼ ਦੀ ਛੂਹ
ਸਵੇਰ ਦੀ ਕੋਸੀ ਧੁੱਪ
ਜੋ ਕਰਦੀ ਹੈ ਅੱਧ ਖਿੜੀਆਂ ਡੋਡੀਆਂ ਨਾਲ
ਜੋ ਓ…..ਅੰ….ਮ…..ਦੀ ਆਵਾਜ਼
ਕਰੇ ਯੋਗੀ ਦੀ ਸਮਾਧੀ ਨਾਲ
ਤੂੰ ਸ਼ਕਤੀ
ਤੂੰ ਸ਼ਕਤੀ
ਬ੍ਰਹਿਮੰਡੀ ਗਤੀ
ਮਹਾਂ-ਮਾਇਆ
ਧਰਤ-ਆਕਾਸ਼-ਹਰਿਆਵਲ
ਤੂੰ ਮਹਾਂ-ਸੱਚ
ਵਿਰਾਟਤਾ
ਅਨੰਤਤਾ
ਮੈਂ ਜੀਵਾਤਮਾ ਦੇ ਵਾਂਗ
ਮਹਾਂ ਅਨੰਦ ਦੀ ਸੁਰੰਗ ਰਾਹੀਂ
ਤੇਰੀ ਅਨੰਤਤਾ ਦਾ ਸਫ਼ਰ ਕਰਨਾ ਹੈ
….
ਸ਼ਿਵ ਰਤੀ ਪਾਰਬਤੀ
ਬ੍ਰਹਮ
ਤੇ ਮੈਂ
ਕਾਮਨਾ ਦੀ ਗਤੀਸ਼ੀਲਤਾ ਹਾਂ
ਕਾਮਨਾ
ਜੋ ਤਾਂਡਵ ਵੀ ਹੈ
ਸ਼ਿਵ ਦੀ ਸਥਾਪਨਾ ‘ਚ ਖੜਾ
ਸ਼ਿਵਲਿੰਗ ਵੀ
ਤੇ ਮੈਂ
ਤੇਰੀ ਮੇਰੀ ਕਾਮਨਾ ਦੀ
ਤ੍ਰਿਪਤੀ-ਅਤ੍ਰਿਪਤੀ ਵਿਚਕਾਰ
ਭਾਵਨਾਵਾਂ ਦੇ ਲਿੰਗਮ ਤੋਂ
ਵਾਈਵਰੇਟਰ ਤੱਕ ਦਾ ਸਫ਼ਰ ਕਰਨਾ ਲੋਚਦਾ
ਕਿ ਮੈਂ
ਆਪਣੀ ਕਾਮਨਾ ਤੋਂ ਪਾਰ
ਤੇਰੀ ਤ੍ਰਿਪਤੀ ਦਾ ਅੰਕ
ਤੇਰੇ ਮਨ ਦੀਆਂ
ਵਾਈਬਰੇਸ਼ਨਜ਼ ਨੂੰ ਸਮਝਣ
ਫੜਨ
ਤੇ ਤ੍ਰਿਪਤ ਕਰਨ ਦਾ ਸਾਧਨ ਮਾਤਰ
ਲੈ ਮੈਂ ਵਿਛਦਾ ਹਾਂ
ਮਖ਼ਮਲੀ ਗਲੀਚੇ ਜਹੀਆਂ ਭਾਵਨਾਵਾਂ ਲੈ ਕੇ
ਤੇਰੇ ਸੂਖ਼ਮ ਪੱਬਾਂ ਦੀ ਛੂਹ
ਜਗਾਉਂਦੀ ਹੈ ਮੇਰੇ ਅੰਦਰ
ਹੋਂਦ ਦੇ ਜਸ਼ਨ ਦੇ
ਅਹਿਸਾਸ ਮੰਦ ਝਰਨੇ
ਤੇਰੇ ਰੋਮ ਰੋਮ ਦੀ ਛੂਹ ਤੋਂ ਤਰੰਗਿਤ
ਮੇਰਾ ਅੰਗ ਅੰਗ
ਬਿਜਲਈ ਨਾਚ ਕਰਦਾ ਹੈ
… … …
… … …
ਤੂੰ ਨਗਨ
ਸੁੰਦਰ
ਵਿਸ਼ਾਲ ਕਾਇਆ
ਬ੍ਰਹਿਮੰਡ ਦੇ ਗ੍ਰਹਿ
ਤੇਰੇ ਹਨੇਰੇ ਦਿਨ ‘ਚ
ਜਗਣ ਦੀਵਿਆਂ ਵਾਂਗ
ਇਹ ਪਾਸਾਰ
ਘਾਹ – ਹਰਿਆਵਲ ਇਹ ਪੌਣ-ਪਾਣੀ
ਸੇਜ ਤੇਰੀ
ਤੇ ਇਸਦੀ ਵਿਸ਼ਾਲ ਸੱਜ ਧੱਜ
ਮੈਂ ਹਨੇਰੇ ਦਿਨ ‘ਚ
ਤੈਨੂੰ ਭੋਗਦਾ
ਤੇਰੀ ਕਾਇਆ ‘ਚ
ਭੋਗਿਆ ਜਾਦਾ ਹਾਂ
… …. …. ….
… … … …
… … … …
ਮੁਕਤੀ-ਨਿਰਵਾਣ
ਫਿਜ਼ੂਲ ਹੈ ਸਭ
ਭਰਪੂਰ ਪਲ ਦੀ
ਤ੍ਰਿਪਤੀ ਤੋਂ ਬਾਅਦ
ਬਖ਼ਸ਼ ਮੈਨੂੰ
ਪਿਆਸ
ਤਲਾਸ਼
ਭਟਕਣ
ਅਤ੍ਰਿਪਤੀ-ਪਰਵਾਜ਼
ਕਿ ਕੋਈ ਹੋਰ ਮਹਾਨ ਪਲ ਆਵੇ
ਉਸ ਭਰਪੂਰ ਪਲ ਦੀ
ਤ੍ਰਿਪਤੀ ਤੋਂ ਬਾਅਦ
ਫਿਜ਼ੂਲ ਹੈ ਸਭ
ਮੁਕਤੀ-ਨਿਰਵਾਣ
0
ਤੂੰ ਹੈਂ
ਤਾਂ ਮਨ ਦੇ ਬ੍ਰਹਿਮੰਡ ‘ਚ
ਗਤੀ ਆਉਂਦੀ ਹੈ
ਤੇਰੇ ਦੁਆਲੇ ਘੁੰਮਦਾ ਹੈ
ਮੇਰੀ ਹੋਣੀ ਦਾ ਹਰ ਇਕ ਗ੍ਰਹਿ
ਤੇ ਉਗਮਦੇ ਨੇ
ਸਾਡੇ ਜਿਸਮਾਂ ‘ਚੋਂ
ਅਨੇਕਾਂ ਸੂਰਜ ਚੰਨ ਤਾਰੇ
ਗੂੰਜਦੀਆਂ ਨੇ ਬ੍ਰਹਿਮੰਡੀ ਘੰਟੀਆਂ
ਮੈਂ ਤੇਰੀ ਮੁਹੱਬਤ ‘ਚ ਬਾਉਰਾ
ਤੇਰੀ ਹਨੇਰ ਚੁੱਪ ਦੇ
ਆਲੌਕਿਕ ਵਸਤਰਾਂ ਸੰਗ
ਤੇਰੇ ਅਕਾਲਕੀ ਮਹਾਂ ਨਾਚ ਦੀ ਤਾਲ ਤੇ
ਕਰਦਾ ਹਾਂ ਤੇਰੀ ਆਰਤੀ
੦
ਤੂੰ ਨਦੀ
ਅੰਮ੍ਰਿਤ ਸਮੁੰਦਰ
ਸੁਰ ਅਸੁਰ ਨੇ ਮੇਰੇ ਅੰਦਰ
ਕਰਦਾ ਮੰਥਨ
ਰੋਜ਼ ਰੋਜ਼
ਸੁਰ ਅਸੁਰ ਤਾਂ ਰਹਿਣੇ ਦੋਵੇਂ
ਬਦਲ ਲੈਣਗੇ ਨਾਂ ਤੇ ਥਾਂ
ਪੀ ਕੇ ਅੰਮ੍ਰਿਤ
ਕਾਮੇਸ਼ਵਰੀ
1.
ਤੇਰੀ ਕਾਮਨਾ ‘ਚ ਖਿੰਡ ਜਾਵਾਂਗਾ
ਤ੍ਰਿਪਤੀ ਦੇ ਜਸ਼ਨ ‘ਚ
ਲੰਘ ਜਾਵਾਂਗਾ ਤ੍ਰਿਪਤੀਆਂ ਦੇ
ਕੋਟ ਪਹਾੜਾਂ ਦੀਆਂ ਚੋਟੀਆਂ
ਕਿ ਅੰਗ ਅੰਗ ਟੁੱਟ ਜਾਵੇ
ਨਸ਼ੇ ਦੀ ਚਰਮ ਸੀਮਾ ਤੋਂ
ਬਾਅਦ ਦੀਆਂ
ਖੱਡਾਂ ‘ਚ ਡਿੱਗਣ ਵਾਂਗ
ਆਪਣੀ ਛੂਹ ਦੀ ਚਾਬੀ ਲਾ ਕੇ
ਖੋਲ੍ਹ ਦੇ
ਦਸਮ ਦੁਆਰ ਦਾ ਤਾਲਾ
ਕਿ ਮੈਂ
ਤੇਰੀਆਂ ਬਾਹਾਂ ‘ਚ ਦਮ ਤੋੜਨਾ ਹੈ
ਤੇਰੇ ਬੁੱਲਾਂ ‘ਚੋਂ
ਅੰਮ੍ਰਿਤ ਪੀਣਾ
ਵਹਿ ਜਾਣਾ
ਤੇਰੇ ਸਪਰਸ਼ ਦੇ ਵੇਗ ‘ਚ
²
ਤੂੰ ਗਿਆਨ ਦੀ ਬਲੈਕ ਹੋਲ
ਜਿੱਥੇ ਆ ਕੇ
ਮੈਂ ਮੁਕਤ ਹੁੰਦਾ ਹਾਂ
ਆਪਣੀ ਹਉਂ ਦੇ
ਪ੍ਰਦੂਸ਼ਣ ਭਰੇ ਮਾਦੇ ਤੋਂ
ਤੇ ਸਮਾਉਂਦਾ ਹਾਂ ਤੇਰੇ ਵਿਚ
…. … … …
ਤੁੰ ਗਿਆਨ ਦਾ ਲਿੰਗਮ
ਮੈਂ ਸੱਕ ਕਰਾਂ
ਤੇ ਗਿਆਨ ਨਾਲ ਮੈਂ ਨਿੱਤ ਭਰਾਂ
… … … …
ਮੈਂ ਤੇਰੀ ਲੀਲਾ ਦਾ ਫੋਟੋਨ ਹਾਂ
ਮੇਰੀ ਕੁਅੰਟਮੀ ਸਪਿਨ ਨੂੰ
ਤੂੰ ਜਿਵੇਂ ਵੀ ਦੇਖੇਂ
ਮੈਂ ਉਵੇਂ ਦਿਖਾਂ
ਕਣ ਵੀ …ਲਹਿਰ ਵੀ
… … …
ਮੈਂ ਤੇਰੇ ਪਾਸਾਰ ਦਾ ਹਿੱਸਾ
ਤੂੰ ਮੇਰੇ ਪਾਸਾਰ ਦਾ ਹਿੱਸਾ
ਤੂੰ ਤੇ ਮੈਂ
ਮਿਲਦੇ ਉਥੇ
ਜਿੱਥੇ ਮੇਰੇ ਤੇਰੇ
ਕਾਇਆਵੀ ਕਣ ਇੱਕੋ ਜਹੇ ਨੇ
ਅਸੀਂ ਇਕ ਦੂਜੇ ਦੇ ਪੂਰਕ
ਤੂੰ ਮੇਰੇ ਪਾਸਾਰ ਦਾ ਹਿੱਸਾ
ਮੈਂ ਤੇਰੇ ਪਾਸਾਰ ਦਾ ਹਿੱਸਾ
ਗਰਦ
ਇਹ ਗਰਦ ਦੀ ਮਹੀਨ ਪਰਤ
ਜਿਸ ਥਾਂ ‘ਤੇ ਵੀ ਜੰਮਦੀ
ਸਰੂਪ ਧੁੰਦਲਾ ਕਰਦੀ
ਹੌਲੀ ਹੌਲੀ
ਬਦਲ ਦਿੰਦੀ ਹੈ ਸਭ ਕੁਝ
ਚਾਹੇ ਗ਼ਰਦ ਝਾੜੋ ਤਹਿ ਤੋਂ
ਫਿਰ ਵੀ ਹੇਠੋਂ
ਉਹ ਕੁਝ ਨਾ ਦਿਸਦਾ
ਹੁੰਦਾ ਹੇਠਾਂ ਜੋ ਲਿਸ਼ਕਦਾ/ਚਮਕਦਾ
ਗ਼ਰਦ ਦੀ ਪਰਤ ਜੰਮਣ ਤੋਂ ਪਹਿਲਾਂ
ਸ਼ੌਪਿੰਗ
ਸਰ ਕੀ ਚਾਹੀਦੈ
ਬੱਸ ਇਕ ਬੱਚਾ –
ਅਰਸਤੂ ਆਈਨਸਟਾਈਨ
ਪੈਨਰੋਜ਼ ਦੇ ਦਿਮਾਗ
ਇਰੋਸ ਹੈਲਨ ਦੀ ਖ਼ੂਬਸੂਰਤੀ
ਭਰ ਦਿਓ ਉਸ ਅੰਦਰ
ਹੁਣ ਤੱਕ ਦੇ ਸ਼ਕਤੀਵਰ ਜਿਸਮ
ਤੇਜ਼ਤਰ ਦਿਮਾਗ਼
ਅਨੰਤ ਸੁੰਦਰਤਾ
ਸਭ ਅਮੀਰਾਂ ਦੀ ਸ਼ਾਤਰਤਾ ਦੇ ਸੈਂਪਲ
ਬੱਚਾ ਹੋਵੇ ਤਾਂ ਉਹੀ ਹੋਵੇ
ਸਰ ਹੋ ਜਾਵੇਗਾ
ਪਰ ਕੀ ਕਰੋਗੇ?
ਇਹ ਸਭ ਤਾਂ ਪਹਿਲਾਂ ਵੀ ਸਨ
ਹਾਂ ਇਹ ਸਾਮੂਹਿਕ ਕਲੋਨ
ਹੋਵੇਗਾ ਤੇ ਕਲੋਨ ਹੀ!!
ਕਿਤਾਬ ਜਾਗਦੀ ਹੈ
ਖਰੀਦੋ- ਰੱਖੋ
ਪੜ੍ਹੋ ਨਾ ਪੜ੍ਹੋ
ਘਰ ਦੇ ਰੈਕ ‘ਚ ਰੱਖੋ
ਰੱਖੋ ਤੇ ਭੁੱਲ ਜਾਓ
ਜੇ ਤੁਸੀਂ ਪੜ ਨਹੀਂ ਸਕਦੇ
ਯਾਦ ਨਹੀਂ ਰੱਖ ਸਕਦੇ
ਸੌਣ ਦਿਓ ਕਿਤਾਬ ਨੂੰ
ਮਹੀਨੇ ਸਾਲ ਪੀੜ੍ਹੀ ਦਰ ਪੀੜ੍ਹੀ
ਉਡੀਕ ਕਰੋ
ਜਾਗੇਗੀ ਕਿਤਾਬ
ਕਿਸੇ ਦਿਨ ਕਿਸੇ ਪਲ
ਪੜ੍ਹੇਗਾ ਕੋਈ
ਜਿਸਨੇ ਨਹੀ ਖਰੀਦਣੀ ਸੀ
ਇਹ ਕਿਤਾਬ
ਨਰਸ ਮਾਂ
ਬੈੱਡ ਉੱਚਾ ਕਰੋ
ਨੀਵਾਂ ਕਰੋ
ਬਿਠਾ ਦਿਓ – ਸੁਆ ਦਿਓ
ਮੈਨੂੰ ਯੁਰਿਨ ਆਇਆ
ਸਟੂਲ ਪਾਸ ਕਰਾਓ
ਮੇਰਾ ਗਲ਼ ਸੁੱਕ ਰਿਹਾ – ਪਾਣੀ ਦਿਓ
ਚਾਹ ਠੰਡੀ ਹੈ – ਮੈਂ ਨਹੀਂ ਪੀਣੀ
ਆਹ ਕਰੋ – ਔਹ ਕਰੋ
ਮੈਨੂੰ ਘਰ ਜਾਣ ਦਿਓ
… … …
ਕਿੰਨੇ ਸੁਆਲ ਬੱਚਿਆਂ ਵਾਂਗ ਕਰਦੇ ਹਾਂ ਅਸੀਂ
ਹਸਪਤਾਲ ਦੇ ਵਾਰਡ ‘ਚ
ਗੱਲ ਗੱਲ ਤੇ ਚੀਕਦੇ – ਕ੍ਰਾਹੁੰਦੇ
ਆਪਣੀ ਜ਼ਿੰਦਗੀ ਦੇ ਬੀਤੇ ਨੂੰ
ਉਜਾਗਰ ਕਰਦੇ
ਆਪਣੀ ਹਉਂ ਨੂੰ ਪੱਠੇ ਪਾਉਂਦੇ…
ਤੇ ਨਰਸ ਕਿੰਨੇ ਸਹਿਜ ਨਾਲ
ਹੱਲ ਕਰਦੀ ਹੈ ਸਭ
ਨਾ ਚਿਹਰੇ ਤੇ ਕੋਈ ਸ਼ਿਕਨ
ਨਾ ਹੱਥਾਂ ‘ਚ ਕੋਈ ਝਿਜਕ
ਨਾ ਦੇਰੀ ਕਿਸੇ ਕੰਮ ‘ਚ
ਤੇ ਇਸ ਤੋਂ ਇਲਾਵਾ
ਉਹ ਵੀ ਹੱਲ ਕਰਦੀ
ਜੋ ਨਾ ਜਾਣਦੇ ਅਸੀਂ
ਕਦੇ ਬੀ.ਪੀ. ਚੈਕਅੱਪ
ਕਦੇ ਈ.ਸੀ.ਜੀ.
ਕਦੇ ਦਵਾਈ
ਕਦੇ ਟੀਕੇ
ਜਗਾਉਣਾ ਧੁਆਉਣਾ
ਖਾਣਾ ਖਿਲਾਉਣਾ
ਚਮਚੇ ਮੂੰਹੀਂ ਪਾਉਣਾ
ਸਾਡੇ ਤਨ ਮਨ ਦੀ ਹਰ ਹਰਕਤ ਮੁਤਾਬਕ
ਢੁੱਕਦਾ ਇੰਤਜ਼ਾਮ ਕਰਨਾ
… … …
ਏਨਾ ਕੁਝ ਤਾਂ
ਮਾਂ ਵੀ ਨਹੀਂ ਕਰਦੀ ਹਰ ਵੇਲੇ…
ਇਹ ਮਾਵਾਂ ਧੰਨ ਨੇ
ਅੱਧਖੜ ਬੁੱਢਿਆਂ ਦੇ
ਬੱਚਿਆਂ ਵਾਂਗ ਕੀਤੇ
ਸਭ ਸੁਆਲਾਂ-ਜ਼ਿਦਾਂ ਦੇ
ਹੱਲ ਕੱਢਦੀਆਂ ਨੇ
ਬਿਨਾਂ ਲੋਰੀ ਦਿੱਤਿਆਂ ਹੀ…
ਇਹ ਨਰਸਾਂ ਮਾਵਾਂ
ਰਿਸ਼ਤਿਆਂ, ਜਾਤਾਂ, ਪਰਿਵਾਰਾਂ
ਦੇਸ਼ਾਂ-ਕੌਮਾਂ ਤੋਂ ਪਾਰ
ਸਭ ਸਾਂਭਦੀਆਂ
ਇਹ ਗਲੋਬਲ ਮਾਵਾਂ…
ਸਿੰਧ
ਸਿੰਧ ਮਹਿਜ਼ ਦਰਿਆ ਨਹੀਂ
ਕੁਦਰਤ ਨੇ ਕੈਸੀ ਸੜਕ ਬਣਾਈ
ਵਗਦੀ !
ਸੱਭਿਅਤਾਵਾਂ ਸਿਰਜਦੀ
ਜੋੜਦੀ ਕਈ ਭਾਸ਼ਾਵਾਂ
ਕੌਮਾਂ ਕਬੀਲਿਆਂ ਨੂੰ…
ਰੁਦੇ ਸਿੰਧ, ਅਬਾਸਿਨ
ਅਲ ਸਿੰਧ, ਸੇਂਗੇ ਚੂ
ਯਿਦੂ ਹੇ, ਸੇਂਗੇ ਜਾਂਗਬੋ
ਨਦੀ ਸਿੰਧੂ, ਨਿਲਾਬ
ਦਰਿਆ-ਏ-ਸਿੰਧ, ਇੰਡਸ !
ਇਹ ਹੈ ਉਨ੍ਹਾਂ ਸੱਭ ਦੀ ਮੁਹੱਬਤ
ਜੋ ਆਏ ਇਕੱਲੇ
ਵੱਸੇ, ਤੁਰੇ, ਉੱਜੜੇ
ਸਿੰਧ ਦੇ ਸਿਰਜੇ
ਕਈ ਸਿਲਕ ਰੂਟਾਂ ਤੇ…
ਸਿੰਧ ਇਕੱਲੇ ਹੋਣ ਦਾ ਨਾਮ ਨਹੀਂ
ਸੰਗਮ ਹੈ ਬਗਲਗੀਰੀਆਂ ਦਾ
… … …
ਇੱਕ ਪਾਸਿਓਂ ਆਉਂਦਾ ਹੈ
ਸ਼ਿਓਕ ਦਰਿਆ
ਵਗਦਾ ਰੀਮੋ ਗਲੇਸ਼ੀਅਰ ਦੀ ਗੋਦ ਵਿੱਚੋਂ
ਲਿਆਉਂਦਾ ਨਾਲ ਜੋ
ਨਦੀ ਹੁਲਦੀ ਤੇ ਦਰਿਆ ਹੁੰਜਾ ਨੂੰ
ਦਾਰਿਲ ਰਲ਼ਦੀ ਤੇ ਫੇਰ ਤਾਂਗੀਰ ਮਿਲਦੀ
ਫੇਰ ਕਾਂਦੀਆ ਦੇ ਪਾਣੀ ਵੀ ਨਾਲ ਤੁਰਦੇ
ਸੱਭ ਮਿਲਦੇ ਸਿੰਧ ਦੇ ਪਾਣੀਆਂ ਵਿੱਚ
ਘੋਲਦੇ ਰੰਗ ਤੇ ਖੁਸ਼ਬੋ ਆਪਣੀ ਉਹ…
ਵਿਚਾਲਿਓਂ ਆਉਂਦਾ ਜਿਹਲਮ ਮਿਲਦਾ ਝਨਾਂ ਨੂੰ
ਦੋਵੇਂ ਰਲ਼ਕੇ ਨੇ ਰਾਵੀ ਕੋਲ਼ ਜਾਂਦੇ
ਸਿੰਧ ਵਿੱਚ ਰਲ਼ਦੇ ਬਿਹਬਲ ਪਾਣੀਆਂ ਸੰਗ
ਸਿੰਧ ਇਸ਼ਕ ਦਾ ਸੇਕ ਮਹਿਸੂਸ ਕਰਦਾ…
… … …
ਬ੍ਰਹਮਾ ਚਿਤਵਿਆ ਸੀ ਜਦ ਮਨ ਅੰਦਰ
ਕੈਲਾਸ਼ ਪਰਬਤ ਪਿਘਲਿਆ
ਤੇ ਬਣੀ ਝੀਲ- ਮਾਨਸਰੋਵਰ
ਪਵਿੱਤਰ ਨਿਰਮਲ ਜਲ ਕੋਸ਼
ਜਿਸਨੂੰ ਛੂਹਣ ਪੀਣ ਤੇ ਹੀ
ਟੁੱਟਦੇ ਕਸ਼ਟ ਤੇ ਧੋਤੇ ਪਾਪ ਜਾਂਦੇ
ਇਸੇ ਝੀਲ ਅਨੋਨਿਤ ਕੋਲ਼ ਰਹਿੰਦੀ
ਰਾਣੀ ਮਾਇਆ ਦੀ ਕਾਇਆ 'ਚ ਬੁੱਧ ਆਇਆ...
ਇਨ੍ਹਾਂ ਪਾਣੀਆਂ ਕੋਲ਼ੋਂ ਪਿਆਰ ਲੈਕੇ
ਠਾਠਾਂ ਮਾਰਦਾ ਸਤਲੁਜ ਤੁਰ ਪੈਂਦਾ
ਮਿਲਦਾ ਬਿਆਸ ਨੂੰ ਪਾਕੇ ਗਲ਼ਵੱਕੜੀ
ਲੈ ਝਨਾਬ ਨੂੰ ਰਲ਼ੇ ਵਿੱਚ ਸਿੰਧੂ
ਤੇ ਗੂੰਜਦਾ ਹੈ ਪੰਜ ਨਾਦ ਇਸ ਵਿੱਚ
ਇਹੀ ਸਿੰਧੂ ਆਧਾਰ ਹੈ ਹਿੰਦ ਦਾ
ਤੇ ਇਹੀ ਪੰਜ ਆਬ ਪੰਜਾਬ ਵਾਲਾ
ਮਿਲ਼ੇ ਕੁਬਾ, ਅਰਜਿਕਿਆ ਤੇ ਸਰਸਵਤੀ
ਸੱਭ ਮਿਲੇ ਤਾਂ ਸਪਤਸਿੰਧ ਬਣਿਆਂ
ਸਤਰੰਗੀ ਵਿਵੱਧਤਾ ਆਣ ਜੁੜੀ ਏਥੇ…
ਇਹ ਸੱਭ ਨਦੀਆਂ ਤੇ ਦਰਿਆ
ਜੋ ਮਿਲਦੇ ਵਿੱਚ ਤੇਰੇ
ਤੇਰੀ ਦੇਹ ਦਾ ਹਿੱਸਾ, ਬਾਹਾਂ ਤੇਰੀਆਂ
ਜਿੱਥੇ ਵੀ ਮਿਲਦੀਆਂ ਸਿਰਜਣ ਦੋਆਬਾ-
ਬਿਸਤ, ਬਾਰੀ, ਰਚਨਾ,ਮਾਝ੍ਹਾ,
ਮਾਲਵਾ, ਪੋਠੋਹਾਰ/ਚੱਜ ਦੋਆਬਾ
ਸਿਰਜੇ ਤੇਰੀਆਂ ਬਾਹਾਂ
ਕੁਦਰਤ ਲੱਦੀਆਂ
ਰਹਿਣ ਦੀਆਂ ਇਹ ਸੁੰਦਰ ਥਾਵਾਂ
ਏਥੇ ਸਿੱਖਿਆ
ਸੱਭ ਨੇ ਰਲ਼ ਮਿਲ਼ ਬਹਿਣਾ,
ਪਿਆਰਨਾ ਤੇ ਦੁੱਖ ਸੁੱਖ ਸਹਿਣਾ
ਤੇਰੀ ਮਿਠਾਸ ਵਿੱਚ ਰਸੀਆਂ
ਰਚਨਾਵੀ, ਝਨਾਵੀ,ਪੋਠੋਹਾਰੀ
ਪਹਾੜੀ, ਧਾਨੀ, ਸ਼ਾਹਪੁਰੀ
ਮਾਝੀ, ਡੋਗਰੀ, ਗੋਜਰੀ ਤੇ ਕਾਂਗੜੀ ਵੀ
ਆਜੜੀ, ਛਾਂਛੀ, ਮਾਲਵੀ ਤੇ ਮੁਲਤਾਨੀ
ਸਰਾਇਕੀ, ਹਿੰਦਕੋ, ਲੁਬਾਣੀ ਤੇ ਰਿਆਸਤੀ ਵੀ…
ਦਰਿਆਦਿਲੀ ਹੈ ਦਰਿਆ ਸਿੰਧ ਤੇਰੀ
ਤੂੰ ਮੇਲ਼ਿਆ ਵੱਖ ਵੱਖ ਰਹਿੰਦੇ
ਭਾਈਚਾਰਿਆਂ -ਕੌਮਾਂ ਕਬੀਲਿਆਂ ਨੂੰ
ਜੀਵ ਜੰਤੂਆਂ ਜੰਗਲ਼ ਬੇਲਿਆਂ ਨੂੰ
ਅਨੇਕਤਾ ਪਰੋ ਦਿੱਤੀ ਵਿੱਚ ਪਾਣੀਆਂ ਤੂੰ
ਸੱਭਿਅਤਾਵਾਂ ਦੀ ਲੜੀ ਵੀ ਤੋਰ ਦਿੱਤੀ
ਮੇਹਰਗੜ੍ਹ, ਹੜੱਪਾ ਤੇ ਮਹਿੰਜੋਦਾੜੋ
ਮਨੁੱਖ ਦੀ ਪਿਆਸ ਨੂੰ ਅਰਥਾਂ ਦੀ ਲਹਿਰ ਦਿੱਤੀ
ਛੈਣੀ 'ਥੌੜੇ ਨੇ ਘੱੜੀ ਗੰਧਾਰ ਸ਼ੈਲੀ
ਗਿਆਨ ਲਈ ਤਕਸ਼ਿਲਾ ਵੀ ਬਣੀ ਏਥੇ
ਰਿੱਗਵੇਦ, ਉਪਨਿਸ਼ਦ ਵੀ ਸਿਰਜ ਹੋਏ
ਫੈਲੀ ਰੌਸ਼ਨੀ ਫਲਸਫ਼ੇ ਦੀ ਜੱਗ ਸਾਰੇ
ਰਮਾਇਣ ਮਹਾਭਾਰਤ ਦੀ ਇਹ ਕਰਮਭੂਮੀ
ਮਹਾਂਕਾਵਿ ਸੰਸਾਰ ਨੂੰ ਮਿਲੇ ਏਥੋਂ
ਬੁੱਧ ਧਰਮ ਦੀ ਵੀ ਏਥੇ ਪੈਠ ਕਾਫੀ
ਬਾਮਿਆਨ ਵਰਗੇ ਸ਼ਾਹਕਾਰ ਤੇਰੇ
ਸੂਫੀ ਸੰਤਾਂ ਫ਼ਕੀਰਾਂ ਨੇ ਬਾਲ਼ ਧੂਣੀ
ਨੱਚ ਨੱਚ ਕੇ ਹਿਰਦਿਆਂ ਠਾਰ ਪਾਈ
ਬਾਬੇ ਨਾਨਕ ਦੀ ਕੀਤੀ ਆਰਤੀ ਨੇ
ਮਨੁੱਖਤਾ ਦੀ ਜੋਤ ਜਗਾ ਦਿੱਤੀ
ਬੁੱਲੇ ਸ਼ਾਹ ਬਾਹੂ ਤੇ ਵਾਰਿਸ ਨੇ
ਗੁੱੜਤੀ ਇਸ਼ਕੇ ਦੀ ਪਾਣੀਆਂ ਲਾ ਦਿੱਤੀ
ਹੀਰਾਂ ਰਾਂਝਿਆਂ, ਮਿਰਜ਼ਿਆਂ ਸੋਹਣੀਆਂ ਨੇ
ਧਰਤੀ ਮੁਹੱਬਤਾਂ ਨਾਲ ਰਜਾ ਦਿੱਤੀ…
ਦੂਰੋਂ ਉੱਡ ਕੇ ਆਉਣ ਡਾਰਾਂ ਦੁੱਧ ਚਿੱਟੀਆਂ
ਰਾਹ ਕਦੇ ਨਾ ਭੁੱਲਦੀਆਂ, ਆਉਂਦੀਆਂ ਹਰ ਸਾਲ
ਤੇਰੇ ਪਾਣੀਆਂ ਦੀ ਕਰਨ ਜ਼ਿਆਰਤ…
ਤੇਰੇ ਪਾਣੀਆਂ 'ਚੋਂ ਕੱਢ ਕੇ ਨਹਿਰਾਂ
ਖੇਤਾਂ ਫ਼ਸਲਾਂ ਦੀ ਪਿਆਸ ਬੁਝਾ ਦਿੱਤੀ
ਦੁੱਧ ਅੰਨ ਦੀ ਤੇਰੇ ਪਾਣੀਆਂ ਨੇ
ਸਾਰੇ ਹਿੰਦ ਲਈ ਛਹਿਬਰ ਲਾ ਦਿੱਤੀ…
ਵੱਧੀ ਹਵਸ ਜਦ 'ਹੋਰ ਹੋਰ' ਕਰਦੀ
ਪਾ ਕੇ ਖਾਦਾਂ ਦੇ ਨਾਮ ਤੇ ਜ਼ਹਿਰ ਖੇਤੀਂ
ਪੈਦਾਵਾਰ ਕਈ ਗੁਣਾਂ ਵਧਾ ਦਿੱਤੀ
ਪੈਦਾਵਾਰ ਵੱਧੀ ਨਾਲ ਵੱਧੀ ਖੱਟੀ…
… ਕਥਾ ਚੱਲਦੀ ਚੱਲਦੀ ਕਿੱਧਰ ਚੱਲੀ?
ਹੌਲ਼ੀ ਹੌਲ਼ੀ ਚਾਟ ਤੇ ਲੱਗੇ ਜ਼ਹਿਰਾਂ ਦੀ
ਧਰਤੀ, ਜੀਆ ਜੰਤ ਤੇ ਮਨੁੱਖ ਸਾਰੇ
ਜ਼ਹਿਰੀਲੇ ਹੋ ਗਏ ਅੰਨ ਪਾਣੀ
ਤੇ ਦੁੱਧ ਦੇ ਵਗਦੇ ਦਰਿਆ
ਕਾਰਖਾਨੇ, ਮਸ਼ੀਨਾਂ
ਜੋ ਹਰ ਪਲ ਉੱਗਲ਼ਦੀਆਂ
ਤੇਜ਼ਾਬੀ ਧੂੰਏਂ ਤੇ ਗਾਰ ਜ਼ਹਿਰੀਲੀ
ਤੇਰੇ ਅੰੰਮ੍ਰਿਤ ਵਰਗੇ ਜਲ ਹੁਣ
ਵਰਜਿਤ ਹੋ ਗਏ ਛੂਹਣੇ-ਪੀਣੇ
ਕਰਜ਼ੇ-ਕੈਂਸਰ ਘੇਰ ਲਿਆ ਹੁਣ ਅੰਨਦਾਤਾ
ਜੂਝਣਾ ਸੀ ਜਿਸਦਾ ਕਿਰਦਾਰ ਪਹਿਲਾਂ
ਖੁਦਕਸ਼ੀਆਂ ਦੇ ਰਾਹ ਅੱਜ ਤੁਰ ਚੱਲਿਆ
ਦਰਸ਼ਨੀ ਜੁੱਸਿਆਂ ਦਾ ਜੋ ਸੀ ਮਾਲਕ
ਡਰੱਗਾਂ ਦੀ ਹੈਵੀ ਡੋਜ਼ ਵਿਚ ਡੁੱਬ ਚੱਲਿਆ
ਨਸ਼ਿਆਂ ਦਾ ਸੱਤਵਾਂ ਦਰਿਆ
ਹੋਣੀ ਬਣ ਗਿਆ ਤੇਰੀ ਸਿੰਧ ਮੀਆਂ…
ਜਿੰਨ੍ਹਾਂ ਫ਼ਖਰ ਨਾਲ
ਪੰਜਾਬ ਕਿਹਾ ਤੇਰੀ ਬੁੱਕਲ ਨੂੰ
ਉਨ੍ਹਾਂ ਹੀ ਵੰਡਿਆ, ਤੇ ਵੱਢ ਟੁੱਕ ਕੀਤੀ
ਧਰਮ, ਰਿਸ਼ਤੇ ਸੱਭ ਤਾਰ ਤਾਰ ਕੀਤੇ
ਜਿਹੜੇ ਸਾਂਝ ਦੀ ਸਹੁੰ ਦਿਨ ਰਾਤ ਖਾਂਦੇ
ਜਿੱਤ ਹਾਰ ਦੀ ਹਉਮੈਂ ਨੇ ਕੀਲ ਖਾਧਾ
ਦੁਸ਼ਮਣ ਬਣ ਗਏ ਉਹ ਖੂੰਖਾਰ ਮੀਆਂ…
ਪਾਣੀ ਵੰਡੇ ਤੇ ਵੰਡੀ ਧਰਤ ਏਨ੍ਹਾਂ
ਲੋਕ ਮਨ ਦੀ ਵੰਡੀ ਨਾ ਪਾ ਸਕੇ
ਸਹਿਕ ਰਹੇ ਨੇ ਪਿਆਰ ਦੀ ਮਹਿਕ ਲੈਕੇ
ਤੇਰੇ ਪਾਣੀਆਂ ਦੇ ਦੋਵੇਂ ਪਾਰ ਮੀਆਂ…
ਗਰਭਪਾਤ ਹੋਈ ਚੀਕ
ਮੈਂ
ਉਸ ਦੌਰ ‘ਚੋਂ ਜਨਮੀ
ਇਕ ਲਿਜ਼ਲਿਜ਼ੀ ਚੀਕ ਹਾਂ
ਜਦੋਂ
ਗੋਲੀਆਂ ਨੇਜ਼ੇ ਤੇ ਤਲਵਾਰਾਂ ਨੇ
‘ਇਨਸਾਨ’ ਸ਼ਬਦ ਦਾ ਗਰਭਪਾਤ ਕੀਤਾ ਸੀ
ਤੇ ਗਰਭ ਦੇ ਹਨੇਰੇ ਤੋਂ ਬਾਹਰ
ਚਮਕਦੀ ਰੌਸ਼ਨੀ ਵਿਚ
ਉਹ
ਕੌਮਾਂ ਕਬੀਲਿਆਂ ਤੇ ਦੇਸ਼ਾਂ ‘ਚ ਵੰਡੇ ਗਏ
ਉਨਾ ਦਾ ਫ਼ਰਕ ਮਿਟਾਉਣ ਲਈ
ਅੱਜ ਹਰ ਹਥਿਆਰ
ਸਿਰਤੋੜ ਕੋਸ਼ਿਸ਼ ਕਰ ਰਿਹਾ ਹੈ
ਕਿ ਉਨਾ ਦੀ ਕੀਤੀ ਚੀਰ-ਪਾੜ ‘ਚੋਂ
‘ਇਨਸਾਨ’ ਸ਼ਬਦ ਕਿਤੇ ਮਿਲ ਜਾਵੇ
ਪਰ ਮੈਂ ਉੱਥੇ ਕਿਤੇ ਵੀ ਨਹੀਂ ਹਾਂ
ਕਿਉਂਕਿ
ਮੈਂ ਤਾਂ ਇਕ ਚੀਕ ਹਾਂ
ਗਰਭਪਾਤ ਹੋਈ ਚੀਕ!