Punjabi Poetry : Santokh Singh Dhir

ਚੋਣਵੀਂ ਪੰਜਾਬੀ ਕਵਿਤਾ : ਸੰਤੋਖ ਸਿੰਘ ਧੀਰ



1. ਏਥੇ ਬੋਲਣ ਦੀ ਨਹੀਂ ਜਾ ਮੀਆਂ

ਕੀ ਬੋਲਾਂ ਤੇ ਕੀ ਨਾ ਬੋਲਾਂ ਮੈਂ ਕਿੰਜ ਭੇਤ ਦਿਲੇ ਦਾ ਖੋਲ੍ਹਾਂ ਮੈਂ ਕਿਸ ਅੱਗੇ ਦੁਖੜਾ ਫੋਲਾਂ ਮੈਂ ਲੈ ਆਂਦਾ ਨੱਕ ਵਿਚ ਸਾਹ ਮੀਆਂ- ਏਥੇ ਬੋਲਣ ਦੀ ਨਹੀਂ ਜਾ ਮੀਆਂ । ਅਸੀਂ ਘਿਰ ਗਏ ਕਾਲੀਆਂ ਲਹਿਰਾਂ ਵਿਚ ਝੱਖੜਾਂ ਵਿਚ, ਕਾਲੀਆਂ ਕਹਿਰਾਂ ਵਿਚ ਨਾ ਆਰ ਕਿਤੇ, ਨਾ ਪਾਰ ਕਿਤੇ ਸਾਨੂੰ ਦਿਸਦਾ ਨਾ ਕੋਈ ਰਾਹ ਮੀਆਂ- ਏਥੇ ਬੋਲਣ ਦੀ ਨਹੀਂ ਜਾ ਮੀਆਂ । ਏਥੇ ਪੰਛੀ ਚਹਿਕ ਨਾ ਸਕਦੇ ਨੇ ਫੁੱਲ-ਬੂਟੇ ਟਹਿਕ ਨਾ ਸਕਦੇ ਨੇ ਏਥੇ ਪਹਿਰਾ ਚੰਦਰੀ ਪੱਤਝੜ ਦਾ ਏਥੇ ਬੁਲਬੁਲ ਸਕੇ ਨਾ ਗਾ ਮੀਆਂ- ਏਥੇ ਬੋਲਣ ਦੀ ਨਹੀਂ ਜਾ ਮੀਆਂ । ਇਹ ਨਗਰੀ ਜਮ-ਜੰਦਾਰਾਂ ਦੀ ਮਾਸੂਮ, ਬੇਦੋਸ਼ੇ-ਮਾਰਾਂ ਦੀ ਏਥੇ ਰਾਤ ਨੂੰ ਰਾਤ ਨਾ ਕਹਿ ਸਕੀਏ ਨਾ ਕਰ ਸਕੀਏ ਅਸੀਂ 'ਹਾਹ' ਮੀਆਂ- ਏਥੇ ਬੋਲਣ ਦੀ ਨਹੀਂ ਜਾ ਮੀਆਂ । ਏਥੇ ਆਖਣ, ਦੀਨ ਕਬੂਲ ਕਰੋ ਨਹੀਂ ਛੁਰੀਆਂ ਹੇਠਾਂ ਸੀਸ ਧਰੋ ਨਿਤ ਹੁਕਮ ਚੁਗੱਤੇ ਚਾੜ੍ਹ ਰਹੇ ਅਸੀਂ ਕਰ ਨਹੀਂ ਸਕਦੇ ਨਾਂਹ ਮੀਆਂ- ਏਥੇ ਬੋਲਣ ਦੀ ਨਹੀਂ ਜਾ ਮੀਆਂ । ਮੇਰੇ ਦਿਲ ਵਿਚ ਉਠਦੀ ਹੂਕ ਜਿਹੀ ਇਕ ਚੀਕ ਜਿਹੀ, ਇਕ ਕੂਕ ਜਿਹੀ ਕਦੇ ਉੱਠ ਪੈਂਦੀ, ਕਦੇ ਦਬ ਜਾਂਦੀ ਪਰ ਕੱਢ ਨਾ ਸਕਦੀ ਸਾਹ ਮੀਆਂ- ਏਥੇ ਬੋਲਣ ਦੀ ਨਹੀਂ ਜਾ ਮੀਆਂ । (੨੪ ਦਿਸੰਬਰ ੧੯੯੦)

2. ਮੈਂ ਮੁਖ਼ਬਰ ਨਹੀਂ ਸਾਂ

ਮੈਂ ਮੁਖ਼ਬਰ ਨਹੀਂ ਸਾਂ ਮੈਂ ਤਾਂ ਤਿੰਨ ਵਰ੍ਹੇ ਦੀ ਬੱਚੀ ਸਾਂ ਸਾਢੇ ਤਿੰਨ ਦੀ ਹੋਵਾਂਗੀ ਬੜੀ ਹੱਦ ਚਾਰ ਦੀ ਏ. ਬੀ. ਸੀ. ਪੜ੍ਹ ਰਹੀ ਸਾਂ ੳ. ਅ. ੲ. ਸ. ਤਿੰਨ ਕਿ ਚਾਰ ਅੰਕਲ ਆਏ ਪਹਿਲਾਂ ਮੇਰੇ ਦਾਦੇ ਨੂੰ ਮਾਰਿਆ ਫੇਰ ਮੇਰੀ ਦਾਦੀ ਨੂੰ ਫੇਰ ਮੇਰੇ ਡੈਡੀ ਨੂੰ ਮਾਰਿਆ ਫੇਰ ਮੇਰੀ ਮੰਮੀ ਨੂੰ ਫੇਰ ਮੇਰੇ ਵੱਡੇ ਵੀਰੇ ਨੂੰ ਮਾਰਿਆ ਫੇਰ ਛੋਟੇ ਨੂੰ ਤੇ ਫੇਰ ਉਹ ਮੈਨੂੰ ਮਾਰਨ ਲੱਗੇ । ਮੈਂ ਆਖਿਆ, ਅੰਕਲ ! ਮੈਨੂੰ ਕਿਉਂ ਮਾਰਦੇ ਹੋ ? ਆਖਣ ਲੱਗੇ, ਤੂੰ ਮੁਖ਼ਬਰ ਹੈਂ ! ਮੈਂ ਆਖਿਆ, ਅੰਕਲ ! ਮੁਖ਼ਬਰ ਕਿਸਨੂੰ ਕਹਿੰਦੇ ਹਨ ? ਉੱਤਰ ਵਿਚ ਉਹਨਾਂ ਮੇਰੇ ਚੌਦਾਂ ਗੋਲੀਆਂ ਮਾਰੀਆਂ ਪਰ ਮੈਨੂੰ ਅਜੇ ਵੀ ਪਤਾ ਨਹੀਂ ਮੁਖ਼ਬਰ ਕਿਸਨੂੰ ਕਹਿੰਦੇ ਹਨ । (੩੦ ਜਨਵਰੀ ੧੯੮੮)

3. ਨਦੀ ਦਾ ਗੀਤ

ਚੰਗੀ ਨਦੀਏ ਨੀ- ਹੌਲੀ ਹੌਲੀ ਆਈਂ ਕੱਸੀਆਂ ਵਿਚੋਂ ਖਾਲਾਂ ਵਿਚੋਂ ਲਿਸ਼ ਲਿਸ਼ ਕਰਦੀ ਆਈਂ ਕਿਰਨਾਂ ਭਰਦੀਏ ਨੀ ਲਿਸ਼ ਲਿਸ਼ ਕਰਦੀ ਜਾਈਂ ਸੁੰਨੀਆਂ ਸੁਨੀਆਂ ਰੋਹੀਆਂ ਦੇ ਵਿਚ ਸਾਵੇ ਖੇਤ ਉਗਾਈਂ ਲੰਮੀਏਂ ਲੰਝੀਏ ਨੀ ਸਾਵੇ ਖੇਤ ਉਗਾਈਂ ਸੰਖ, ਕੌਡੀਆਂ, ਪੱਥਰ, ਕੰਕਰ ਸਭੋ ਰੋੜ ਲਿਆਈਂ ਝੱਲ ਮੁਟਿਆਰੇ ਨੀ ਸਭੋ ਰੋੜ ਲਿਆਈਂ ਸ਼ੂਕਣ ਤੇਰੀਆਂ ਝੱਲੀਆਂ ਲਹਿਰਾਂ ਨੱਚਦੀ ਨੱਚਦੀ ਆਈਂ ਬਾਂਕੀਏ ਨਾਰੇ ਨੀ ਨੱਚਦੀ ਨੱਚਦੀ ਜਾਈਂ ਕੰਢਿਆਂ ਉੱਤੇ ਲੋਕੀ ਵੱਸਦੇ ਛਲਕ ਨਾ ਕਿਧਰੇ ਜਾਈਂ ਜੋਬਨ ਮੱਤੀਏ ਨੀ ਛਲਕ ਨਾ ਕਿਧਰੇ ਜਾਈਂ ਚੰਗੀਏ ਨਦੀਏ ਨੀ ਹੌਲੀ ਹੌਲੀ ਜਾਈਂ

4. ਬਹੁਤ ਗਲਤ

ਬਹੁਤ ਗਲਤ ਕੀਤਾ ਅਸੀਂ ਜਿਹੜਾ ਜ਼ਾਰ ਨੂੰ ਮਾਰਿਆ ਕਿਉਂਕਿ ਫੇਰ ਆਪ ਸਾਨੂੰ ਜ਼ਾਰ ਬਣਨਾ ਪੈ ਗਿਆ। ਜ਼ਾਰ ਚਾਹੁੰਦੇ ਸਨ ਸੂਰਜ ਜੇ ਚੜ੍ਹਨ ਸਾਨੂੰ ਪੁੱਛ ਪੁੱਛ ਚੜ੍ਹਨ, ਫੇਰ ਅਸੀਂ ਆਏ ਸੂਰਜਾਂ ਨੂੰ ਆਖਿਆ ਪੁੱਛ ਪੁੱਛ ਚੜ੍ਹੋ ਕਿੰਨਾ ਕੁ ਚਮਕਣਾ ਹੈ ਪੁੱਛ ਪੁੱਛ ਚਮਕੋ। ਜ਼ਾਰ ਦੀ ਤਲਵਾਰ ਕਤਲਗਾਹਾਂ ਦਾ ਸ਼ਿੰਗਾਰ ਖੂੰਟੀ ਉਤੇ ਨੰਗੀ ਅਸੀਂ ਖੂੰਟੀ ਉਤੋਂ ਲਾਹੀ ਤੇ ਭਾਰਤ ਦੀ ਦੁਲਹਨ ਵਾਂਗ ਲਾਲ ਸੂਹੇ ਰੰਗਾਂ ਨਾਲ ਕਤਲਗਾਹ ਸ਼ਿੰਗਾਰੀ। ਬਹੁਤ ਗਲਤ ਕੀਤਾ ਅਸੀਂ ਜਿਹੜਾਂ ਜ਼ਾਰ ਨੂੰ ਮਾਰਿਆ ਕਿਉਂਕਿ ਫੇਰ ਆਪ ਸਾਨੂੰ ਜ਼ਾਰ ਬਣਨਾ ਪੈ ਗਿਆ। ਜ਼ਾਰ ਚਲੇ ਗਏ ਤਾਜਾਂ ਵਿਚ ਜੜੇ ਹੀਰੇ ਉਦਾਸ ਹੋ ਗਏ ਸਾਨੂੰ ਉਹਨਾ ਹੀਰਿਆਂ ਦਾ ਦਿਲ ਧਰਾਉਣਾ ਪੈ ਗਿਆ ਤਾਜ ਤਾਂ ਹੁਣ ਸਨ ਨਹੀਂ ਅਸੀਂ ਉਹਨਾ ਹੀਰਿਆਂ ਨੂੰ ਜੁੱਤੀਆਂ 'ਤੇ ਜੜ ਲਿਆ। ਹਉਮੈਂ-ਹੰਕਾਰ ਨਹੀਂ, ਪੰਜੇ ਹੀ ਵਿਕਾਰ ਸੋਗਵਾਰ ਬੈਠੇ ਸਨ ਚਲੇ ਗਏ ਜ਼ਾਰ, ਅਸੀਂ ਇਹਨਾ ਪੰਜਾਂ ਦੇ ਹੀ ਹੰਝੂਆਂ ਨੂੰ ਪੂੰਝਿਆ ਗਲੇ ਨਾਲ ਲਾਇਆ ਤੇ ਫੇਰ ਆਪਣੇ ਖ਼ੂਨ ਦੀਆਂ ਨਾੜਾਂ ਵਿਚ ਪਾ ਲਿਆ। ਬਹੁਤ ਗਲਤ ਕੀਤਾ ਅਸੀਂ ਜਿਹੜਾ ਜ਼ਾਰ ਨੂੰ ਮਾਰਿਆ ਕਿਉਂਕਿ ਫੇਰ ਆਪ ਸਾਨੂੰ ਜ਼ਾਰ ਬਣਨਾ ਪੈ ਗਿਆ

5. ਬਾਬੀਹਾ

ਬਾਬੀਹਾ ਅੰਮ੍ਰਿਤ ਵੇਲੇ ਬੋਲਿਆ। ਇਸ ਸੰਸਾਰ ਦੇ ਕੀ ਹਨ ਕਾਰੇ ਘਿਰਣਾ, ਦ੍ਵੈਤਾਂ, ਕੀਨੇ, ਸਾੜੇ, ਮੇਰਾ ਨਰਮ ਕਾਲਜਾ ਡੋਲਿਆ; ਬਾਬੀਹਾ ਅੰਮ੍ਰਿਤ ਵੇਲੇ ਬੋਲਿਆ। ਲੱਖ ਸੰਗਲ ਤੇਰੇ ਚਾਰ ਚੁਫੇਰੇ ਪੂੰਜੀਵਾਦ ਨੇ ਲਾ ਲਏ ਡੇਰੇ ਇਹ ਸੱਚ ਜਾਣ ਲੈ ਭੋਲਿਆ; ਬਾਬੀਹਾ ਅੰਮ੍ਰਿਤ ਵੇਲੇ ਬੋਲਿਆ। ਸਾਮਰਾਜ ਦਾ ਦੈਂਤ ਚਿੰਘਾੜੇ ਮੁਲਕ-ਮੁਲਕ ਵਿਚ ਪੈਰ ਪਸਾਰੇ ਜਬ੍ਹਾੜਾ ਮਗਰਮੱਛ ਨੇ ਖੋਲ੍ਹਿਆ; ਬਾਬੀਹਾ ਅੰਮ੍ਰਿਤ ਵੇਲੇ ਬੋਲਿਆ। ਕੂੜ ਹੈ ਰਾਜਾ ਕੂੜ ਸਲਾਹੀਏ ਕੂੜ ਹੀ ਕੂੜ ਹੈ ਚਾਰੇ ਪਾਸੇ ਅਣਮਿਣਵਾਂ, ਅਣਤੋਲਿਆ; ਬਾਬੀਹਾ ਅੰਮ੍ਰਿਤ ਵੇਲੇ ਬੋਲਿਆ। ਇਸ ਦੁਨੀਆਂ ਦੇ ਕਿਰਤੀ ਸਾਰੇ ''ਇਕ ਹੋ ਜਾਵਣ'' ਆਖ ਰਿਸ਼ੀ ਨੇ ਦਰ ਅਕਲਾਂ ਦਾ ਖੋਲ੍ਹਿਆ; ਬਾਬੀਹਾ ਅੰਮ੍ਰਿਤ ਵੇਲੇ ਬੋਲਿਆ। (੨੮ ਮਾਰਚ ੨੦੦੮-ਕੋਧਰੇ ਦਾ ਮਹਾਂ ਗੀਤ)

6. ਜਾਗ੍ਰਤ

ਧੂੜ ਦਾ ਕਿਣਕਾ ਕਹੇ ਸੂਰਜ ਹਾਂ ਮੈਂ ਮਹਾਂ ਸਾਗਰ ਵਾਂਗ ਕਤਰਾ ਖੌਲਦਾ ਪਰਤਦੀ ਪਾਸਾ ਹੈ ਧਰਤੀ ਜਨਮ ਲੈਂਦੇ ਨੇ ਤੂਫ਼ਾਨ ਧੌਣ ਉੱਚੀ ਕਰਕੇ ਤੁਰਦਾ ਹੈ ਮਨੁੱਖ ਸਮੇਂ ਨੂੰ ਆਉਂਦੀ ਤ੍ਰੇਲੀ ਹਿੱਲ ਜਾਂਦਾ ਹੈ ਜਹਾਨ। ਗਲਾਂ ਵਿਚੋਂ ਲਾਹ ਕੇ ਸੁੱਟਣ ਤੌਕ-ਕੌਮਾਂ ਅੱਗ ਦੇ ਛੁਹੰਦੇ ਭੰਬੂਕੇ ਆਸਮਾਨ ਰੋਂਦੀਆਂ ਅੱਖਾਂ 'ਚ ਸੂਰਜ ਚਮਕਦੇ ਅੰਨ੍ਹੀਂ ਰਈਅਤ ਲੱਭਦੀ ਫਿਰਦੀ ਗਿਆਨ ਆਮ ਬੰਦੇ ਨੂੰ ਮਿਲੇ ਪੈਗ਼ੰਬਰੀ ਗਿਆਨਵਾਨਾਂ ਦੇ ਨੇ ਟੁੱਟ ਜਾਂਦੇ ਗੁਮਾਨ। ਹੜਬੜਾ ਕੇ ਉੱਠਦੇ ਹਨ ਸ਼ਹਿਨਸ਼ਾਹ ਨੀਂਦ ਲੋਟੂ ਵਰਗ ਦੀ ਹੁੰਦੀ ਹਰਾਮ ਕੰਬ ਜਾਂਦੇ ਨੇ ਮਹੱਲਾਂ ਦੇ ਸਤੂਨ ਕੰਬ ਜਾਂਦੇ ਨੇ ਚੰਗੇਜ਼ਾਂ ਦੇ ਨਿਜ਼ਾਮ ਧੂੜ-ਕਿਣਕੇ ਉੱਠਦੇ ਬਣਕੇ ਹਨੇਰੀ ਆਪਣੇ ਹੱਥੀਂ ਸਮੇਂ ਦੀ ਫੜਦੇ ਲਗਾਮ। (੪ ਜੂਨ ੨੦੦੭-ਕੋਧਰੇ ਦਾ ਮਹਾਂਗੀਤ)

7. ਅੱਧੀ ਅੱਧੀ ਰਾਤੀਂ ਦੀਵਾ ਜਗਦਾ

ਅੱਧੀ ਅੱਧੀ ਰਾਤੀਂ ਦੀਵਾ ਜਗਦਾ ਦੀਵਾ ਜਗਦਾ ਹੋ; ਸੂਰਜ ਮਗਰੋਂ ਚਾਨਣ ਕਰਦਾ ਸਮਾਂ ਨਾ ਸਕੇ ਖਲੋ। ਅੱਧੀ ਅੱਧੀ ਰਾਤੀਂ ਸੁਣਦੀਆਂ ਵਿੜਕਾਂ ਸੁਣਦੀਆਂ ਵਿੜਕਾਂ ਹੋ; ਸਜਣਾਂ ਦੇ ਰਾਹ ਵਿਚ ਜਿੰਦੜੀ ਛਿੜਕਾ ਕਣੀਆਂ ਕਣੀਆਂ ਹੋ। ਅੱਧੀ ਅੱਧੀ ਰਾਤੀਂ ਭੌਂਕਣ ਕੁੱਤੇ ਭੌਂਕਣ ਕੁੱਤੇ ਹੋ; ''ਆਣ ਜਗਾਇਣ ਰਾਤੀਂ ਸੁੱਤੇ'' ਨੀਂਦਾਂ ਦੇਵਣ ਖੋ। ਅੱਧੀਂ ਅੱਧੀਂ ਰਾਤੀਂ ਆਉਂਦੀਆਂ ਵਾਜਾਂ ਆਉਂਦੀਆਂ ਵਾਜਾਂ ਹੋ; ਸੱਚ ਦੇ ਬੋਲ ਸੁਣਾਉਂਦੀਆਂ ਵਾਜਾਂ ''ਜਾਗਦੇ ਰਹਿਣਾ ਵੋ!'' ਅੱਧੀ ਅੱਧੀ ਰਾਤੀਂ ਵਗਦੇ ਪਾਣੀ ਵਗਦੇ ਪਾਣੀ ਹੋ; ਜਿਨ੍ਹਾਂ ਨੇ ਲੱਗੀ ਤੋੜ ਨਿਭਾਣੀ ਤੁਰਦੇ ਰਹਿੰਦੇ ਉਹ। ('ਪੱਤਝੜੇ ਪੁਰਾਣੇ)

8. ਤੇਰਾ ਲੁੱਟਿਆ ਸ਼ਹਿਰ ਭੰਬੋਰ

ਤੇਰਾ ਲੁੱਟਿਆ ਸ਼ਹਿਰ ਭੰਬੋਰ ਸੱਸੀਏ ਬੇਖ਼ਬਰੇ। ਇਹ ਨਹੀਂ ਹੋਤ, ਕਚਾਵਿਆਂ ਵਾਲੇ, ਇਹ ਡਾਕੂ ਨੇ ਹੋਰ, ਸੱਸੀਏ ਬੇਖ਼ਬਰੇ। ਘਰ ਚਿੱਟੜੇ ਵਿੱਚ ਕਾਲ਼ੀਆਂ ਖੇਡਾਂ ਖੇਡ ਰਹੇ ਨੇ ਚੋਰ ਸੱਸੀਏ ਬੇਖ਼ਬਰੇ। ਜਾਗ ਨੀ ਸੱਸੀਏ ਨੀਂਦਾਂ ਮੱਤੀਏ ਸਿਰ 'ਤੇ ਆ ਗਈ ਭੋਰ ਸੱਸੀਏ ਬੇਖ਼ਬਰੇ। ਇਹ ਨਾਦਰ-ਅਬਦਾਲੀ ਅੱਜ ਦੇ ਸ਼ਕਲਾਂ ਭਾਵੇਂ ਹੋਰ, ਸੱਸੀਏ ਬੇਖ਼ਬਰੇ। ਸਮਾਂ ਹੈ ਜਾਂਦਾ ਧੂੜਾਂ ਪੁੱਟਦਾ ਨਾਲ ਮਿਲਾ ਲੈ ਤੋਰ, ਸੱਸੀਏ ਬੇਖ਼ਬਰੇ। ਤੇਰਾ ਲੁੱਟਿਆ ਸ਼ਹਿਰ ਭੰਬੋਰ ਸੱਸੀਏ ਬੇਖ਼ਬਰੇ। (੧੧ ਅਗਸਤ ੨੦੦੮-ਕੋਧਰੇ ਦਾ ਮਹਾਂਗੀਤ)

9. ਪੈਲੀਆਂ

ਸਿਲ੍ਹੀਆਂ ਸਿਲ੍ਹੀਆਂ ਧਰਤੀਆਂ, ਪਿੰਡੋਂ ਬਾਹਰਵਾਰ। ਹਾਲੀਆਂ ਨੇ ਹਲ ਜੋੜ ਲਏ, ਲੀਕਣ ਲਗੇ ਸਿਆੜ। ਦਾਣਾ ਦਾਣਾ ਕੇਰਿਆ, ਲੈ ਕੇ ਰੱਬ ਦਾ ਨਾਂ। ਫੁੱਟਣ ਤੂਈਆਂ ਮੋਤੀਆ, ਨਜ਼ਰੀਂ ਪੈਣ ਮਸਾਂ। ਤੂਈਆਂ ਵਧ ਕੇ ਹੋ ਗਈਆਂ ਉਂਗਲ ਦੋ ਦੋ ਚਾਰ। ਹਰੀਆਂ ਝਲਕਾਂ ਪੈਂਦੀਆਂ ਫਿਰ ਗਈ ਜਿਵੇਂ ਬਹਾਰ। ਕਣੀਆਂ ਵਰ੍ਹੀਆਂ ਅੰਬਰੋਂ, ਸੂਰਜ ਡੋਲ੍ਹੀ ਧੁੱਪ। ਸੰਝਾਂ ਵਾਰਨ ਲਾਲੀਆਂ, ਰਾਤਾਂ ਨ੍ਹੇਰੇ ਘੁੱਪ। ਚੰਨੇ ਦਿੱਤੀ ਚਾਨਣੀ ਤਾਰਿਆਂ ਦਿੱਤੀ ਲੋਅ। ਮੋਤੀ ਦਿੱਤੇ ਤ੍ਰੇਲ ਨੇ, ਲੂੰ ਲੂੰ ਵਿਚ ਪਰੋ। ਪਹੁ-ਫੁਟਾਲੇ ਦੁਧੀਆ ਧੋਵਣ ਆਕੇ ਮੁੱਖ। ਸੋਨ-ਸਵੇਰਾਂ ਸੁੱਚੀਆਂ ਪੁੱਛਣ ਆ ਕੇ ਦੁੱਖ। ਸੀਤ ਫਰਾਟੇ ਪੌਣ ਦੇ ਝੱਲਾਂ ਦੇਂਦੇ ਆਣ। ਗੋਡੇ ਗੋਡੇ ਪੈਲੀਆਂ ਝੂਮ ਹਿਲੋਰੇ ਖਾਣ। ਗੋਡੇ ਗੋਡੇ ਪੈਲੀਆਂ, ਹੋਰ ਨਿਸਾਰੇ ਲੈਣ। ਲੱਕਾਂ ਨੂੰ ਜਦ ਛੁੰਹਦੀਆਂ ਬੂਰ ਤਦੋਂ ਆ ਪੈਣ। ਪੱਕਣ ਦੀ ਰੁਤ ਆ ਗਈ, ਲੈਂਦੀ ਨਿੱਘੇ ਸਾਹ। ਰੰਗ ਵਟਾਇਆ ਪੈਲੀਆਂ, ਪੀਲੀ ਪੀਲੀ ਭਾਹ। ਤੁਰੀਆਂ ਦੇ ਵਿਚ ਭਰ ਗਏ ਦਾਣੇ ਮੋਤੀਆਂ ਵਾਂਗ। ਦਿਲਾਂ ਦਿਲਾਂ 'ਚੋਂ ਲੰਘ ਗਈ ਖੁਸ਼ੀਆਂ ਦੀ ਇੱਕ ਕਾਂਗ। ਖੜਕਣ ਸਿੱਟੇ ਝੂਲਦੇ ਪੌਣ-ਹਿਲੋਰਾਂ ਨਾਲ। ਟਸਰੀ ਟਸਰੀ ਪੈਲੀਆਂ ਪਕ ਪਕ ਹੋਈਆਂ ਲਾਲ। ਭਰੀਆਂ ਭਰੀਆਂ ਪੈਲੀਆਂ ਲੱਕੋਂ ਮੁਚ ਮੁਚ ਪੈਣ। ਸਾਗਰ ਠਾਠਾਂ ਮਾਰਦੇ ਹੋ ਹੋ ਕੇ ਬੇ-ਚੈਨ। ਸੁਣ ਕੁੱਕੜ ਦੀ ਬਾਂਗ ਨੂੰ ਜਾਗ ਪਏ ਕਿਰਸਾਨ। ਹੱਥੀ ਦੰਦਲ-ਦਾਤੀਆਂ, ਖੇਤਾਂ ਦੇ ਵਲ ਜਾਣ। ਚਿੜੀ ਚੂਕਦੀ ਟਾਹਣੀਏਂ, ਨੈਣਾਂ ਵਿਚ ਖ਼ਮਾਰ। ਸਾਂ ਸਾਂ ਕਰਦੀ ਸਿਰਾਂ ਤੋਂ ਉਡ ਜਾਂਦੀ ਕੋਈ ਡਾਰ। ਰਾਹਾਂ ਦੇ ਵਿਚ ਫੁੱਟਿਆ ਸੁੱਚਾ ਸੁੱਚਾ ਨੂਰ। ਪੈਰਾਂ ਦੇ ਵਿਚ ਉਡਦੀ ਨਿੱਕੀ ਨਿੱਕੀ ਧੂੜ। ਖੇਤੀਂ ਪਈਆਂ ਦਾਤੀਆਂ ਪਹੁ-ਫੁੱਟਣ ਦੇ ਨਾਲ। ਵੱਢਾਂ ਦੇ ਵਿਚ ਵਿਛ ਗਈ ਸੱਥਰੀਆਂ ਦੀ ਪਾਲ। ਸੋਨ-ਸੁਨਹਿਰੀ ਕਰਚਿਆਂ ਦੇ ਵੱਢਾਂ ਵਿਚਕਾਰ। ਫਲ੍ਹਿਆਂ ਥੱਲੇ ਟੁੱਟਦੇ ਨਵੀਂ ਫਸਲ ਦੇ ਭਾਰ। ਉੱਲਰ ਪਈਆਂ ਤ੍ਰਾਂਗਲਾਂ, ਨ੍ਹਿਮੀ ਪੂਰੇ ਦੀ ਵਾ। ਪੱਛਮ ਦੇ ਵਲ ਰੁਮਕਿਆ ਖਲਵਾੜੇ ਦਾ ਸਾਹ। ਪੰਗ ਸੁਨਹਿਰੀ ਉੱਡਦੇ ਝੱਲੇ ਹੋ ਹੋ ਜਾਣ। ਚਮਕਣ ਤੂੜੀ-ਤੀਲੀਆਂ, ਕਿਰਨਾਂ ਦਾ ਪਰਮਾਣ। ਛੱਜਾਂ ਉੱਤੋਂ ਝਾਰ ਕੇ ਧੜਾਂ ਉਡਾਈਆਂ ਜਾਣ। ਮੀਂਹ ਸੋਨੇ ਦਾ ਵੱਸਦਾ, ਜੀਵੇ ਕੁੱਲ ਜਹਾਨ। ਲੱਗੇ ਬੋਹਲ ਅੰਨ ਦੇ, ਪਿੜ ਨੂੰ ਲੱਗੇ ਭਾਗ। ਦਿਨ ਖਲਵਾੜੇ ਚੜ੍ਹ ਗਿਆ, ਆਸਾਂ ਪਈਆਂ ਜਾਗ। ਬੋਹਲ ਦੇ ਵਿਚ ਤੱਕੜੀ, ਹੋ ਗਏ ਪੂਰੇ ਤੋਲ। ਦਿਲ ਕਿਰਤਾਂ ਦਾ ਫੱਟਿਆ, ਬੋਲ ਨੀ ਧਰਤੀ ਬੋਲ! ਬੋਲ ਨੀ ਧਰਤੀ: ਪੈਲੀਆਂ ਪਏ ਉਗਾਉਂਦੇ ਹੋਰ। ਬਣੀ ਬਣਾਈ ਸਾਂਭ ਕੇ ਵੰਡੀਆਂ ਪਾਉਂਦੇ ਹੋਰ! ਬੋਲ ਨੀ ਧਰਤੀ ਸੱਚੀਏ: ਲੁਕੇ ਘਰਾਂ ਵਿਚ ਚੋਰ! ਘਰ ਦੇ ਮਾਲਕ ਜਾਗ ਪਏ- ਜਾਗ ਪਏ ਅਜ ਖੋਰ! ਬੋਲ ਨੀ ਅਣਖਾਂ ਵਾਲੀਏ: ਹੁਣ ਨਹੀਂ ਚੱਲਣੇ ਜ਼ੋਰ! ਹੁਣ ਨਹੀਂ ਚੱਲਣੇ ਜ਼ੋਰ ਵੇ- ਦੇਖ ਸਮੇਂ ਦੀ ਤੋਰ! ('ਪੱਤਝੜੇ ਪੁਰਾਣੇ)

10. ਰਾਜਿਆ ਰਾਜ ਕਰੇਂਦਿਆ

ਰਾਜਿਆ ਰਾਜ ਕਰੇਂਦਿਆ! ਤੇਰੇ ਮਹਿਲਾਂ 'ਤੇ ਪੈ ਗਈ ਰਾਤ। ਨਵਾਂ ਨੂਰ ਹੈ ਸੁੱਟਦਾ ਝੁੱਗੀਆਂ ਅੰਦਰ ਝਾਤ। ਰਾਜਿਆ ਰਾਜ ਕਰੇਂਦਿਆ! ਤੇਰੇ ਚਾਰੇ ਪਾਸੇ ਨ੍ਹੇਰ। ਤੇਰੇ ਦੱਖਣ ਫਾਹੀਆਂ ਗੱਡੀਆਂ, ਤੇਰੇ ਉੱਤਰ ਜੇਲ੍ਹਾਂ ਢੇਰ। ਤੇਰੇ ਪੱਛਮ ਕੰਡੇ ਖਿੱਲਰੇ, ਤੇਰਾ ਪੂਰਬ ਬਿਨਾਂ ਸਵੇਰ। ਰਾਜਿਆ ਰਾਜ ਕਰੇਂਦਿਆ! ਤੇਰੇ ਜ਼ੁਲਮਾਂ ਦਾ ਇਹ ਹਾਲ: ਗਿਆਰਾਂ ਵਰ੍ਹੇ ਦੇ ਬਾਲ ਨੂੰ ਕੈਦ ਛਿਆਲੀ ਸਾਲ। ਰਾਜਿਆ ਰਾਜ ਕਰੇਂਦਿਆ! ਤੇਰਾ ਤਖ਼ਤ ਰਿਹਾ ਹੈ ਡੋਲ। ਜਦ ਜ਼ੁਲਮਾਂ ਨੇ ਪੀੜੀ ਲੋਕਤਾ ਅਤੇ ਸ਼ਾਇਰ ਸਕੇ ਨਾ ਬੋਲ। ਰਾਜਿਆ ਰਾਜ ਕਰੇਂਦਿਆ! ਤੇਰੀ ਨਗਰੀ 'ਚ ਵਸਦੇ ਚੋਰ। ਜਿਥੇ ਭੁੱਖਾਂ ਖਾਣ ਕਿਸਾਨ ਨੂੰ, ਅਤੇ ਕਣਕਾਂ ਨੂੰ ਖਾਂਦੇ ਢੋਰ। ਰਾਜਿਆ ਰਾਜ ਕਰੇਂਦਿਆ! ਤੇਰੀ ਦੇਖ ਲਈ ਜਮਹੂਰ; ਜਿਥੇ ਅੱਜ ਵੀ ਹੱਕ ਦੇ ਵਾਸਤੇ ਸੂਲੀ ਚੜ੍ਹਨ ਮਨਸੂਰ। ਰਾਜਿਆ ਰਾਜ ਕਰੇਂਦਿਆ! ਤੇਰਾ ਤਕ ਲਿਆ ਨਵਾਂ ਕਨੂੰਨ। ਜਿਹੜਾ ਧਨੀਆਂ ਨੂੰ ਆਖੇ ਪੀਣ ਲਈ ਮਜ਼ਦੂਰਾਂ ਦਾ ਖ਼ੂਨ। ਜਿਹੜਾ ਮਲਕੀਅਤ ਨੂੰ ਆਖਦਾ: ਤੈਨੂੰ ਕੋਈ ਨਾ ਸਕਦਾ ਮਾਰ। ਅਤੇ ਹਲ ਨੂੰ ਆਖੇ ਘੂਰ ਕੇ: ਤੇਰੇ ਕੁਝ ਨਹੀਂ ਲਗਦੇ ਸਿਆੜ। ਜੋ ਮਨੁੱਖਤਾ ਦੀ 'ਕਲ੍ਹ' ਨੂੰ ਰਿਹਾ ਧਨੀਆਂ ਹਥ ਫੜਾ। ਜੋ ਦਿਨ ਧੌਲੇ ਵਿਚ ਕਿਰਤ ਨੂੰ ਰਿਹਾ ਚੋਰਾਂ ਹੱਥ ਲੁਟਾ। ਰਾਜਿਆ ਰਾਜ ਕਰੇਂਦਿਆ! ਤੈਨੂੰ ਲੱਖ ਮਿਰਕਣ ਦਾ ਮਾਣ। ਤੈਨੂੰ ਲੱਖ ਗਰਬ ਅੰਗਰੇਜ਼ ਦਾ, ਤੇਰੇ ਪੱਖ ਵਿਚ ਲੱਖ ਧਨਵਾਨ; ਪਰ ਹੁਣ ਜਾਗੇ ਹੋਏ ਲੋਕ ਤੋਂ ਤੇਰੀ ਲੁਕ ਨਹੀਂ ਸਕਦੀ ਜਾਨ। ਰਾਜਿਆ ਰਾਜ ਕਰੇਂਦਿਆ! ਤੈਨੂੰ ਕਿਸੇ ਨਾ ਦੇਣੀ ਓਟ। ਤੂੰ ਜਿਹਨਾਂ ਨੂੰ ਪਰਬਤ ਜਾਣਿਆ, ਇਹ ਹਨ ਰੇਤੇ ਦੇ ਕੋਟ। ਰਾਜਿਆ ਰਾਜ ਕਰੇਂਦਿਆ! ਅਜ ਧਨ ਦਾ ਖ਼ਤਮ ਨਜ਼ਾਮ। ਅਜ ਉਡਣ ਫਰੇਰੇ ਰੱਤੜੇ ਵਿਚ ਚੀਨ ਅਤੇ ਵਿਤਨਾਮ। ਅਜ ਤੁਰੀ ਮਸ਼ਾਲਾਂ ਬਾਲ ਕੇ ਕਿਤੇ ਮੱਸ-ਫੁਟਿਆਂ ਦੀ ਲਾਮ। ਕਿਤੇ ਰੇਲ-ਮਜ਼ੂਰਾਂ ਦੀ ਭੁੱਖ ਨੇ, ਕੀਤਾ ਰੇਲ ਦਾ ਪਹੀਆ ਜਾਮ। ਅੱਜ ਪੜ੍ਹਾਕੂ ਸਿਰਾਂ 'ਚੋਂ ਕੋਈ ਇਲਮ ਪਿਆ ਹੈ ਜਾਗ। ਅਜ ਉੱਡ ਪਏ ਵਾਰਸ 'ਕਲ੍ਹ' ਦੇ, ਹਥ ਫੜ ਕੇ ਸਮੇਂ ਦੀ ਵਾਗ। ਅਜ ਹਰੀਆਂ ਫਸਲਾਂ ਗਾਉਂਦੀਆਂ ਤਿਲੰਗਾਨਾ ਦੇ ਗੀਤ। ਅਜ ਮੁੜ ਮੁੜ ਜੀਊਂਦੇ ਹੋ ਰਹੇ, ਕਿਸ਼ਨ-ਗੜ੍ਹੀ ਗਭਰੀਟ। ਰਾਜਿਆ ਰਾਜ ਕਰੇਂਦਿਆ! ਤੈਨੂੰ ਕਵੀ ਕਹੇ ਲਲਕਾਰ: ਤੈਨੂੰ ਭਰਮ ਹੈ ਤਪ ਤੇ ਤੇਜ ਦਾ, ਤੇਰੀ ਨਗਰੀ 'ਚ ਮਾਰੋ ਮਾਰ। ਰਾਜਿਆ ਰਾਜ ਕਰੇਂਦਿਆ! ਤੈਨੂੰ ਕਵੀ ਕਹੇ ਲਲਕਾਰ: ਤੇਰੇ ਧੌਲਰ ਤ੍ਰੇੜਾਂ ਖਾ ਰਹੇ ਸੁਣ ਲੋਕਾਂ ਦੀ ਵੰਗਾਰ। ('ਪੱਤਝੜੇ ਪੁਰਾਣੇ)

11. ਤੇਰੀ ਨਗਰੀ ਵਿਚ ਹਨੇਰਾ ਘੋਰ ਹੈ

ਕਹਿਣ, ''ਦੀਵੇ ਜਗਣ ਨਾ ਸੱਪਾਂ ਦੇ ਕੋਲ'' ਪਰ, ਲੁਕੇ ਸੱਪਾਂ ਨੂੰ ਦੀਵੇ ਲੈਣ ਟੋਲ, ਕੰਮ ਸੱਪਾਂ ਦਾ ਸਦਾ ਹੈ ਡੰਗਣਾ, ਕੰਮ ਡੰਡੇ ਦਾ ਹੈ ਸਿਰੀਆਂ ਭੰਨਣਾ, ਦੇਖ ਲਈ ਤੇਰੀ ਵਲਾਵੀਂ ਤੋਰ ਹੈ- ਤੇਰੀ ਨਗਰੀ ਵਿਚ ਹਨੇਰਾ ਘੋਰ ਹੈ। ਦੇਖ ਲਈ ਤੇਰੀ ਅਜ਼ਾਦੀ ''ਕਹਿਣ'' ਦੀ ਵਲਗਣਾਂ ਦੇ ਵਿਚ ਵਲ ਕੇ ਰਹਿਣ ਦੀ, ਲਹੂ ਡੁੱਲ੍ਹੇ ਬਿਨ ਲਿਆਂਦੀ ਦੇਖ ਲਈ, ਦੇਖ ਲਈ ਅਰਥੀ ਨਿਆਂ ਦੀ, ਦੇਖ ਲਈ, ਖੰਭ ਲਾ ਕੇ ਕਾਂ ਨਾ ਬਣਦਾ ਮੋਰ ਹੈ- ਤੇਰੀ ਨਗਰੀ ਵਿਚ ਹਨੇਰਾ ਘੋਰ ਹੈ। ਕੋਟ ਰੇਤੇ ਦੇ ਉਸਾਰਨ ਵਾਲਿਆ ਹਵਾ ਵਿਚ ਤਲਵਾਰਾਂ ਮਾਰਨ ਵਾਲਿਆ ਸੂਰਜਾਂ ਨੂੰ ਦਾਗ਼ ਲਾਵਣ ਵਾਲਿਆ ਗਲ਼ ਸਮੇਂ ਦੇ ਫਾਹੀਆਂ ਪਾਵਣ ਵਾਲਿਆ ਤੇਰੀ ਆਪਣੀ ਉਮਰ ਕੱਚੀ ਡੋਰ ਹੈ ਤੇਰੀ ਨਗਰੀ ਵਿਚ ਹਨੇਰਾ ਘੋਰ ਹੈ। ਹੁਣ ਤੇਰੀ ਚਤੁਰਾਈ ਪੁਗ ਸਕਣੀ ਨਹੀਂ, ਹੱਥਾਂ ਉੱਤੇ ਸਰ੍ਹੋਂ ਉਗ ਸਕਣੀ ਨਹੀਂ, ਧੁੰਦ ਮਾਇਆ ਦੀ ਨੇ ਹੁਣ ਰਹਿਣਾ ਨਹੀਂ, ਲੋਕਤਾ ਨੇ ਜਬਰ ਹੁਣ ਸਹਿਣਾ ਨਹੀਂ, ਧਰਤ ਤੋਂ ਆਕਾਸ਼ ਤੀਕਰ ਸ਼ੋਰ ਹੈ- ਤੇਰੀ ਨਗਰੀ ਵਿਚ ਹਨੇਰਾ ਘੋਰ ਹੈ। ਸਾਡੀ ਨਗਰੀ ਜਿੰਦਾਂ ਗੁਟਕਣ ਨਿੱਕੀਆਂ, ਤੇਰੀ ਨਗਰੀ ਹੋਣ ਛੁਰੀਆਂ ਤਿੱਖੀਆਂ, ਸਾਡੀ ਮੰਜ਼ਲ ਹੈ ਭਵਿੱਖਾਂ ਤੋਂ ਪਰੇ, ਤੇਰੀ ਮੰਜ਼ਲ ਜੁੱਗੜੇ ਬੀਤੇ ਹੋਏ, ਰਾਹ ਸਾਡਾ ਹੋਰ, ਤੇਰਾ ਹੋਰ ਹੈ- ਤੇਰੀ ਨਗਰੀ ਵਿਚ ਹਨੇਰਾ ਘੋਰ ਹੈ। (ਕੁਝ ਅੰਸ਼-ਪੱਤਝੜੇ ਪੁਰਾਣੇ)

12. ਓ ਸਮੇਂ ਦੇ ਹਾਕਮਾਂ

ਓ ਸਮੇਂ ਦੇ ਹਾਕਮਾਂ! ਹੋ ਰਹੀਆਂ ਅਜ ਹੋਣੀਆਂ. ਅਨ-ਹੋਣੀਆਂ, ਦੇਖ ਕੁਦਰਤ ਦਾ ਨਜ਼ਾਮ- ਚੜ੍ਹ ਰਹੀ ਹੈ ਇਕ ਸਵੇਰ, ਢਲ ਰਹੀ ਹੈ ਇੱਕ ਸ਼ਾਮ। ਜਾਗ ਪਈਆਂ ਕੁੱਲੀਆਂ ਦੀਆਂ ਅੱਖੀਆਂ, ਸੌਣ ਲੱਗੀਆਂ ਧੌਲਰਾਂ ਦੀਆਂ ਕਿਸਮਤਾਂ, ਪੁੱਟਦਾ ਹੈ ਕਬਰ ਅਪਣੀ ਆਪ ਹੀ, ਬੁੱਢਾ ਨਜ਼ਾਮ। ਦੇਖ, ਸੂਹੇ ਚਾਨਣਾਂ ਵਿਚ ਆ ਰਿਹਾ: ਜਿਸ ਦੇ ਪੈਰਾਂ ਵਿਚ ਬਿਆਈਆਂ ਪਾਟੀਆਂ, ਧੂੜ ਜਿਸ ਦੇ ਗੋਡਿਆਂ ਤਕ ਚੜ੍ਹ ਰਹੀ, ਜਿਸ ਦੇ ਗਲ ਵਿਚ ਮਹਿਕਦੇ ਸੂਹੇ ਗੁਲਾਬ- ਸੱਜਰੇ ਜ਼ਖ਼ਮਾਂ ਦੇ ਹਾਰ। ਜਿਸ ਦੇ ਹੱਥਾਂ ਵਿਚ ਅੱਟਣ ਕਿਰਤ ਦੇ, ਜਿਸ ਦੇ ਪੈਰਾਂ ਹੇਠ ਧਰਤੀ ਲਿਫ ਕੇ ਪੱਧਰ ਹੋ ਰਹੀ, ਜਿਸ ਨੇ ਸਿਰ 'ਤੇ ਪਹਿਨਿਆ ਕੰਡਿਆਂ ਦਾ ਤਾਜ, ਦੇਖ, ਸੂਹੇ ਚਾਨਣਾਂ ਵਿਚ ਆ ਰਿਹਾ: ਔਣ ਵਾਲੀ ਕਲ੍ਹ ਦਾ ਕੋਈ ਤਾਜਦਾਰ। ਓ ਸਮੇਂ ਦੇ ਹਾਕਮਾ! ਅੱਖੀਆਂ ਤੇ ਚਾ। ਦੇਖ, ਡੂੰਘੇ ਨ੍ਹੇਰਿਆਂ ਵਿਚ ਜਾ ਰਿਹਾ: ਜਿਸ ਦੇ ਪੈਰੀਂ ਜੁੱਤੀਆਂ ਮਖ਼ਮਲ ਦੀਆਂ, ਗੋਡਿਆਂ ਤਕ ਜਿਸ ਨੂੰ ਧਰਤੀ ਫੜ ਰਹੀ, ਜਿਸ ਦੇ ਗਲ ਵਿਚ ਦਮਕਦੇ ਲਾਲਾਂ ਦੇ ਹਾਰ, ਜਿਸ ਨੂੰ ਧੋਖਾ ਦੇ ਗਈਆਂ, ਹਥ-ਰੇਖਾਂ ਰਾਜ ਦੀਆਂ, ਧਨ ਦੀਆਂ, ਜਿਸਦੇ ਪੈਰਾਂ ਹੇਠ ਧਰਤੀ ਥੱਕਦੀ ਤੇ ਡੋਲਦੀ, ਜਿਸਦੇ ਸਿਰ ਤੋਂ ਡਿਗ ਰਿਹਾ ਹੈ ਹੀਰਿਆਂ, ਲਾਲਾਂ ਦਾ ਤਾਜ, ਦੇਖ, ਡੂੰਘੇ ਨ੍ਹੇਰਿਆਂ ਵਿਚ ਜਾ ਰਿਹਾ: ਬੀਤ ਚੁੱਕੀ ਕਲ੍ਹ ਦਾ ਕੋਈ ਤਾਜਦਾਰ। ਓ ਸਮੇਂ ਦੇ ਹਾਕਮਾ! ਹੋ ਰਹੀਆਂ ਅੱਜ ਹੋਣੀਆਂ, ਅਨ-ਹੋਣੀਆਂ, ਦੇਖ ਕੁਦਰਤ ਦਾ ਨਜ਼ਾਮ- ਚੜ੍ਹ ਰਹੀ ਹੈ ਇਕ ਸਵੇਰ, ਢਲ ਰਹੀ ਹੈ ਇੱਕ ਸ਼ਾਮ। (ਪੱਤਝੜੇ ਪੁਰਾਣੇ)

13. ਸਦਾ ਨਾ ਰਹਿੰਦੀ ਰਾਤ

ਟੀਸੀ ਉੱਤੇ ਪੁੱਜਿਆ ਅਜ ਪਾਪਾਂ ਦਾ ਰਾਜ। ਦਿਨ ਧੌਲੇ ਹੈ ਲੁੱਟਦੀ ਗਊ ਗ਼ਰੀਬ ਦੀ ਲਾਜ। ਉਹਲੇ ਬਹਿ ਕੇ ਧਰਮ ਦੇ ਪਲਦਾ ਹੈ ਵਿਭਚਾਰ। ਖੱਲ ਭੇਡਾਂ ਦੀ ਚਿੱਟੜੀ ਪਾ ਬੈਠੇ ਬਘਿਆੜ। ਪੰਛੀ ਉਡਿਆ ਧਰਮ ਦਾ, ਹਾਕਮ ਬਣੇ ਜੱਲਾਦ। ਹੱਥੀਂ ਫੜੀਆਂ ਕਾਤੀਆਂ, ਕੌਣ ਸੁਣੇ ਫ਼ਰਿਆਦ? ਟੋਟੇ ਟੋਟੇ ਧਰਤੀਆਂ, ਟੁਕੜੇ ਟੁਕੜੇ ਦੇਸ। ਖਿੰਡੀਆਂ ਪੁੰਡੀਆਂ ਬੋਲੀਆਂ, ਲੀਰਾਂ ਲੀਰਾਂ ਵੇਸ। ਰਾਤ ਹਨੇਰੀ, ਸੰਘਣੀ, ਹੱਥ ਨਾ ਲਭੇ ਹੱਥ। ਕੱਠੇ ਹੋ ਕੇ ਤਾਰਿਆਂ ਜੋੜ ਲਈ ਪਰ ਸੱਥ। ਸਦਾ ਨਾ ਰਹਿੰਦੇ ਪਾਪ ਨੇ, ਸਦਾ ਨਾ ਰਹਿੰਦੀ ਰਾਤ। ਹੋਣ ਘਟਾਂ ਲੱਖ ਕਾਲੀਆਂ, ਲੁਕਦੀ ਨਾ ਪਰਭਾਤ। ਪਹੁ-ਫੁਟਾਲੇ ਦੁਧੀਆ ਪਲ ਪਲ ਹੁੰਦੇ ਲਾਲ। ਪਲ ਪਲ ਜਾਗਣ ਧਰਤੀਆਂ ਚੰਗੇ ਸ਼ਗਨਾਂ ਨਾਲ। ਕੌਣ ਸਮੇਂ ਦੀ ਤੋਰ ਨੂੰ ਹੈ ਰੋਕਣ ਦੇ ਤੁੱਲ? ਹਿਕ ਪੱਥਰ ਦੀ ਚੀਰ ਕੇ ਉੱਗਣ ਸੂਹੇ ਫੁੱਲ। ਕੌਣ ਹਵਾ ਦੇ ਵੇਗ ਨੂੰ ਸਕਦਾ ਏ ਖਲ੍ਹਿਆਰ? ਕੌਣ, ਜੋ ਮੋੜੇ ਵਹਿਣ ਤੋਂ ਸ਼ਹੁ-ਦਰਿਆ ਦੀ ਧਾਰ? ਹੋਣੀ ਵਾਜਾਂ ਮਾਰਦੀ: ''ਲੋਕਾ, ਪੱਗ ਸੰਭਾਲ! ਚਿੜੀਆਂ ਦਾ ਹੈ ਟਾਕਰਾ ਅਜ ਬਾਜ਼ਾਂ ਦੇ ਨਾਲ।'' ਸੂਤੀ ਨਵੇਂ ਮਨੁੱਖ ਨੇ ਏਕੇ ਦੀ ਤਲਵਾਰ। ਰਾਤ ਹਨੇਰੀ ਵਿਚ ਜਿਉਂ ਬਿਜਲੀ ਦਾ ਚਮਕਾਰ। ਰਾਤ ਹਨੇਰੀ ਮੁੱਕਣੀ, ਮੁੱਕਣ ਲੱਗੀ ਤਾਂਘ। ਹੋਣੀ ਅਜ ਮਨੁੱਖ ਦੀ ਚੜ੍ਹਦੇ ਸੂਰਜ ਵਾਂਗ। (ਪੱਤਝੜੇ ਪੁਰਾਣੇ)

14. ਹੱਕ ਦੀ ਆਵਾਜ਼

ਚੰਨ ਦਾ ਵੀ ਪੰਧ ਨ ਕੋਈ ਦੂਰ ਹੈ, ਪਹੁੰਚਣਾ ਮੰਜ਼ਲ 'ਤੇ ਜਦ ਮਨਜ਼ੂਰ ਹੈ। ਇਹ ਹੈ ਮੇਰੇ ਇਸ਼ਕ ਦੀ ਇਕੋ ਚਿਣਗ, ਇਹ ਜੁ ਲੱਖਾਂ ਸੂਰਜਾਂ ਦਾ ਨੂਰ ਹੈ। ਇਸ਼ਕ ਨੂੰ ਫ਼ਤਵਾ ਕੁਰਾਹੀਏ ਹੋਣ ਦਾ, ਖ਼ੂਬ ਤੇਰੇ ਸ਼ਹਿਰ ਦਾ ਦਸਤੂਰ ਹੈ। ਗੂੰਜ ਉੱਠੀ ਹੱਕ ਦੀ ਆਵਾਜ਼ ਫਿਰ, ਸ਼ੋਰ ਜਿਸ ਦਾ ਵਲਗਣਾਂ ਤੋਂ ਦੂਰ ਹੈ। ਕੰਬ ਉੱਠੀ ਹੈ ਤਿਰੀ ਸੂਲੀ ਦੀ ਦੇਹ, ਆ ਰਿਹਾ ਕੋਈ ਝੂਲਦਾ ਮਨਸੂਰ ਹੈ। ਥੱਕ ਗਏ ਜੱਲਾਦ? ਮੁੜ ਗਏ ਘੁੰਡ? ਬੱਸ? ਇਹ ਤਾਂ ਸਿਰ-ਲੱਥਾਂ ਦਾ ਪਹਿਲਾ ਪੂਰ ਹੈ। ਅੰਤ ਉਸ ਮਜਨੂੰ ਦੀ ਲੈਲਾ ਹੋਇਗੀ, ਰੱਤ ਦਾ ਕਾਸਾ ਜਿਦ੍ਹਾ ਭਰਪੂਰ ਹੈ। (੧੨ ਮਾਰਚ ੧੯੫੯-ਬਿਰਹੜੇ)

15. ਸਾਡੇ ਤਾਂ ਰਾਹ ਰੌਸ਼ਨ

ਝੂਟਾ ਜਿਹਾ ਹੈ ਖਾਧਾ, ਮਹਿਲਾਂ-ਮੁਨਾਰਿਆਂ ਨੇ, ਅੱਜ ਬਦਲਿਆ ਹੈ ਪਾਸਾ, ਛੰਨਾਂ ਤੇ ਢਾਰਿਆਂ ਨੇ। ਛਣਦੀ ਹੀ ਜਾ ਰਹੀ ਹੈ, ਮੱਸਿਆ ਦੀ ਰਾਤ ਕਾਲੀ, ਸਿੰਨ੍ਹੇ ਨੇ ਤੀਰ ਲੱਖਾਂ, ਰਲ ਕੇ ਸਿਤਾਰਿਆਂ ਨੇ। ਲਾਹਿਆ ਹੈ ਘੁੰਡ ਮੁੱਖੋਂ, ਪੂਰਬ ਦੀ ਵਹੁਟੜੀ ਨੇ, ਸਮਿਆਂ ਦੇ ਦਿਓਰ ਟੁੰਬੇ, ਰੰਗਲੇ ਨਜ਼ਾਰਿਆਂ ਨੇ। ਭੰਵਰਾਂ ਦੇ ਪਾਣੀਆਂ ਵਿਚ, ਠੇਲ੍ਹੀ ਅਸੀਂ ਹੈ ਬੇੜੀ, ਫੜ-ਫੜ ਬਥੇਰਾ ਰੱਖਿਆ, ਭਾਵੇਂ ਕਿਨਾਰਿਆਂ ਨੇ। ਟਹਿਕੇ ਗੁਲਾਬ ਵਾਂਗੂੰ ਖਿੜ-ਖਿੜ ਕੇ ਸੂਹੇ ਹੋਣਾ, ਸਾਨੂੰ ਸਿਖਾਇਆ, ਸਾਥੀ, ਭਖਦੇ ਅੰਗਾਰਿਆਂ ਨੇ। ਸਾਡੇ ਤਾਂ ਰਾਹ ਰੌਸ਼ਨ, ਸਾਡੇ ਤਾਂ ਲੰਮੇ ਜੇਰੇ, ਸਾਨੂੰ ਹੈ ਕੀ ਸਤਾਉਣਾ, ਹੁਸਨਾਂ ਦੇ ਲਾਰਿਆਂ ਨੇ। ਹੇ ਇਸ਼ਕ! ਤੇਰੀ ਖ਼ਾਤਰ, ਬਣ ਗਏ ਅਸੀਂ ਕਹਾਣੀ, ਰਾਤਾਂ ਨੂੰ ਜਿਸ ਨੂੰ ਸੁਣਿਆ, ਹਿਸ-ਹਿਸ ਕੇ ਤਾਰਿਆਂ ਨੇ। ਹੇ ਇਸ਼ਕ! ਤੇਰੀ ਖ਼ਾਤਰ, ਬਣ ਗਏ ਅਸੀਂ ਕਹਾਣੀ, ਮੁੱਕਣ ਨਾ ਜਿਸ ਨੂੰ ਦਿੱਤਾ, ਜੱਗ ਦੇ ਹੁੰਗਾਰਿਆਂ ਨੇ। (ਫਰਵਰੀ ੧੯੫੭-ਬਿਰਹੜੇ)

16. ਨਿੱਕੀ ਸਲੇਟੀ ਸੜਕ ਦਾ ਟੋਟਾ

ਨਿੱਕੀ ਸਲੇਟੀ ਸੜਕ ਕਿਨਾਰੇ ਪਿੰਡ ਵਸਦਾ, ਜਿਥੇ ਵਸਣ ਪਿਆਰੇ । ਨਿੱਕੀ ਸਲੇਟੀ ਸੜਕ ਦਾ ਟੋਟਾ ਓਨਾ ਪਿਆਰਾ, ਜਿੰਨਾ ਛੋਟਾ ਕੰਨੀਆਂ ਉਤੇ ਬਿਰਛ ਖਲੋਤੇ ਲੰਮੇ, ਮਧਰੇ, ਛਿਦਰੇ, ਸੰਘਣੇ ਸੀਹੋਂ, ਕਿੱਕਰ, ਧਰੇਕ, ਫੁਲਾਹੀਆਂ ਨਾਲ ਅੰਬਾਂ ਸਿਰ ਜੋੜੇ ਖੜੀਆਂ ਕਿਤੇ ਕਿਤੇ ਹਿੱਲਣ ਮਧ-ਮੱਤੇ ਸਾਗਵਾਨ ਦੇ ਚੌੜੇ ਪੱਤੇ । ਘਣੀਆਂ ਘਣੀਆਂ ਗੂੜ੍ਹੀਆਂ ਛਾਵਾਂ ਵਿਛੀਆਂ ਨੇ ਚਿਤਕਬਰੀਆਂ ਜਿਹੀਆਂ ਲਗਰਾਂ ਵਿਚ ਜਦ ਬੁੱਲ੍ਹੇ ਖਹਿੰਦੇ ਬੂਰ ਵਣਾਂ ਦੇ ਝੜ ਝੜ ਪੈਂਦੇ ਖੇੜੇ ਦੀ ਅਲਸਾਈ ਰੁੱਤੇ ਨਿੱਕੀ ਸਲੇਟੀ ਸੜਕ ਦੇ ਉਤੇ । ਨਿੱਕੀ ਸਲੇਟੀ ਸੜਕ ਕਿਨਾਰੇ ਪਿੰਡ ਵਸਦਾ, ਜਿਥੇ ਵਸਣ ਪਿਆਰੇ । ਪਹਿਲੀ ਵਾਰ, ਚੇਤਰ ਦੀ ਰੁੱਤੇ ਅਸੀਂ ਤੁਰੇ ਇਸ ਟੋਟੇ ਉਤੇ ਠੁਮਕ ਠੁਮਕ ਤੁਰੀਆਂ ਤਰਕਾਲਾਂ ਉੱਡਣ ਛੱਤੇ ਨਾਜ਼ ਵਿਗੁੱਤੇ ਨੀਲੀ ਚੁੰਨੀ ਦੇ ਲੜ ਢਿਲਕੇ ਬੁੱਕਲ ਵਿਚੋਂ ਝੜੇ ਸਿਤਾਰੇ ਸਜਣਾਂ ਦੇ ਝੁਰਮਟ ਵਿਚ ਕੀਲੇ ਲੋਰ ਲੋਰ ਵਿਚ ਸੁੱਤ-ਅਣੀਂਦੇ ਵਾਂਗ ਸ਼ਰਾਬੀ ਖਿੰਡ ਖਿੰਡ ਜਾਂਦੇ ਹੱਥਾਂ ਦੇ ਨਾਲ ਹੱਥ ਛੁਹਾਂਦੇ ਨਿੱਕੀ ਸਲੇਟੀ ਸੜਕ ਦਾ ਟੋਟਾ ਜਿਸ ਦੇ ਉਤੇ ਗੂੜ੍ਹੀਆਂ ਛਾਵਾਂ ਜਿਸ ਦੇ ਉਤੋਂ ਲੰਘਦੇ ਪ੍ਰੇਮੀ ਜਿਸ ਦੇ ਦੁਆਲੇ ਗੁਟਕਣ ਪੰਛੀ ਜਿਥੇ ਆਸ਼ਿਕ ਕੌਲ ਕਰੇਂਦੇ ਜਿੱਥੇ ਪੁੱਗਣ ਅੱਖੀਆਂ ਲਾਈਆਂ ਨਿੱਕੀ ਸਲੇਟੀ ਸੜਕ ਕਿਨਾਰੇ ਪਿੰਡ ਵਸਦਾ, ਜਿਥੇ ਵਸਣ ਪਿਆਰੇ । ਕਦੇ ਕਦੇ ਇਸ ਟੋਟੇ ਉਤੋਂ ਉਡੇ ਕਾਂ ਕੋਈ ਕੁਰਲਾਂਦਾ ਕਦੇ ਕਦੇ ਕੋਈ ਇਲ੍ਹ ਮੰਡਲਾਂਦੀ ਮਾਰ ਮਾਰ ਲੰਮੀ ਕਲਕਾਰੀ ਕਦੇ ਕਦੇ ਚਮਗਾਦੜ ਫੜ੍ਹਕੇ ਕਦੇ ਕਦੇ ਕੋਈ ਵਿਸੀਅਰ ਲੰਘੇ ਕਦੇ ਕਦੇ ਕੋਈ ਬਿਜਲੀ ਕੜਕੇ ਕਦੇ ਕਦੇ ਕੋਈ ਬੱਦਲ ਘੋਰੇ । ਇਸ ਟੋਟੇ ਨੂੰ ਕਿਥੇ ਸਾਂਭਾਂ ? ਇਸ ਟੋਟੇ ਨੰ ਕਿਥੇ ਲੁਕਾਵਾਂ ? ਇਸ ਟੋਟੇ ਨੂੰ ਹਿੱਕ ਵਿਚ ਸਾਂਭਾਂ ਇਸ ਟੋਟੇ ਨੂੰ ਦਿਲ ਵਿਚ ਪਾ ਲਾਂ । ਕਰੋ ਮਿਅਨਾਂ ਵਿਚ ਤਲਵਾਰਾਂ ਠਾਕ ਦਿਉ ਰਫਲਾਂ ਦੇ ਕੁੰਦੇ ਇਸ ਦੁਨੀਆਂ 'ਚੋਂ ਬੰਬ ਹਟਾਓ ਇਸ ਦੁਨੀਆਂ 'ਚੋਂ ਜ਼ਹਿਰਾਂ ਚੂਸੋ । ਇਹ ਦੁਨੀਆਂ ਤਾਂ ਬੜੀ ਪਿਆਰੀ ਇਹ ਦੁਨੀਆਂ ਫੁੱਲਾਂ ਦੀ ਖਾਰੀ ਇਸ ਦੁਨੀਆਂ ਵਿਚ ਦੇਸ ਸਜਣ ਦਾ ਦੇਸ ਕਿ ਜਿਸਦੀ ਧੂੜ ਗੁਲਾਬੀ ਦੇਸ ਕਿ ਜਿਥੇ ਝੁੰਡ ਅੰਬੀਆਂ ਦੇ ਨਿੱਕੀ ਸਲੇਟੀ ਸੜਕ ਦਾ ਟੋਟਾ । ਪਾ ਪਾ ਪੱਜ, ਬਹਾਨੇ, ਹੀਲੇ ਨਿੱਕੀ ਸਲੇਟੀ ਸੜਕ ਦੇ ਉਤੇ ਅਸੀਂ ਤੁਰੇ ਚੇਤਰ ਦੀ ਰੁੱਤੇ । ਨਿੱਕੀ ਸਲੇਟੀ ਸੜਕ ਕਿਨਾਰੇ ਪਿੰਡ ਵਸਦਾ, ਜਿਥੇ ਵੱਸਣ ਪਿਆਰੇ । ਨਿੱਕੀ ਸਲੇਟੀ ਸੜਕ ਦੇ ਉਤੇ ਫੇਰ ਤੁਰੇ ਭਾਦੋਂ ਦੀ ਰੁੱਤੇ ਪਹੁ ਨਣਦੀ ਨੇ ਛੇੜ ਛੇੜ ਕੇ ਸੀ ਭਾਬੋ-ਪਰਭਾਤ ਜਗਾਈ ਸਿਰ 'ਤੇ ਲੈ ਅੰਬਰਸੀਆ ਲੀੜਾ ਉੱਠੀ ਸਰਘੀ ਲੈ ਅੰਗੜਾਈ ਸਿਰ 'ਤੇ ਰਖ ਚਾਨਣ ਦਾ ਭੱਤਾ ਬੰਨੇ ਬੰਨੇ ਤੁਰੀ ਸਲੇਟੀ । ਅਸੀਂ ਤੁਰੇ ਭਾਦੋਂ ਦੀ ਰੁੱਤੇ ਨਿੱਕੀ ਸਲੇਟੀ ਸੜਕ ਦੇ ਉਤੇ ਇਕ ਸਜਣ ਸਾਡੇ ਸੱਜੇ ਪਾਸੇ ਇਕ ਸਜਣ ਸਾਡੇ ਖੱਬੇ ਪਾਸੇ ਇਕ ਮੁਖੜਾ ਜਿਹੜਾ ਹਸ ਹਸ ਪੈਂਦਾ ਇਕ ਮੁਖੜਾ ਜਿਦ੍ਹੇ ਨਾਲ ਪ੍ਰੀਤਾਂ ਤੁਰਦੇ ਤੋਰ ਲਟੋਰਾਂ ਵਾਲੀ ਝੱਲ ਵਲੱਲੀਆਂ ਕਰਦੇ ਗੱਲਾਂ ਪੱਛੋਂ ਦੇ ਸਾਹ ਨਿੱਕੇ ਨਿੱਕੇ ਬਣ ਜਾਂਦੇ ਲਟਬੌਰੇ ਬੁੱਲ੍ਹੇ ਹੰਸਾਂ ਵਾਗੂੰ ਫੜਕਣ ਲੀੜੇ ਨਿੱਕੀ ਸਲੇਟੀ ਸੜਕ ਦੇ ਉਤੇ । ਨਿੱਕੀ ਸਲੇਟੀ ਸੜਕ ਦਾ ਟੋਟਾ ਓਨਾਂ ਪਿਆਰਾ, ਜਿੰਨਾ ਛੋਟਾ ਨਿੱਕੀ ਸਲੇਟੀ ਸੜਕ ਕਿਨਾਰੇ ਪਿੰਡ ਵਸਦਾ, ਜਿਥੇ ਵਸਣ ਪਿਆਰੇ । ਉਸ ਦੁਨੀਆਂ ਵਿਚ ਰੱਤ ਵਹੇਗੀ ਜਿਸ ਦੁਨੀਆਂ ਵਿਚ ਦੇਸ ਸਜਨ ਦਾ ? ਲਹੂਆਂ ਦੇ ਵਿਚ ਡੁੱਬ ਜਾਏਗਾ ਨਿੱਕੀ ਸਲੇਟੀ ਸੜਕ ਦਾ ਟੋਟਾ ? ਜਦ ਤਕ ਸਾਡਾ ਸੀਸ ਤਲੀ 'ਤੇ ਇਹ ਅਨਹੋਣੀ ਹੋ ਨਹੀਂ ਸਕਦੀ ਜਦ ਤਕ ਦਿਲ ਆਸ਼ਿਕ ਦਾ ਧੜਕੇ ਪਿਆਰ ਦੀ ਸੁੱਚੀ ਧਰਤੀ ਉਤੇ ਬੂੰਦ ਲਹੂ ਦੀ ਚੋ ਨਹੀਂ ਸਕਦੀ । ਨਿੱਕੀ ਸਲੇਟੀ ਸੜਕ ਦਾ ਟੋਟਾ ਓਨਾ ਪਿਆਰਾ, ਜਿੰਨਾ ਛੋਟਾ । ਨਿੱਕੀ ਸਲੇਟੀ ਸੜਕ ਕਿਨਾਰੇ ਪਿੰਡ ਵਸਦਾ, ਜਿਥੇ ਵਸਣ ਪਿਆਰੇ । ੨੯ ਅਗਸਤ ੧੯੫੬ 'ਬਿਰਹੜੇ' ਵਿਚੋਂ (ਇਸ ਰਚਨਾ ਤੇ ਕੰਮ ਜਾਰੀ ਹੈ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਸੰਤੋਖ ਸਿੰਘ ਧੀਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ