Majhan : Sant Rein

ਮਾਝਾਂ : ਸੰਤਰੇਣ

1

ਦੇਹੁ ਦੀਦਾਰ ਸਿਕ ਲਾਹ ਅਸਾਡੀ, ਅਸੀਂ ਦਰਸ ਤੇਰੇ ਦੇ ਪਿਆਸੇ ।
ਈਹੋ ਮੰਗਾਂ ਜੇ ਕੁਝ ਨ ਮੰਗਾਂ, ਇਹਾ ਖੈਰ ਪਵੇ ਵਿਚ ਕਾਸੇ ।
ਢੂੰਢਾਂ ਤੈਨੂੰ ਅਤੇ ਲੱਭਾਂ ਮੈਨੂੰ, ਅਸੀਂ ਅਜਬ ਹੈਰਾਨ ਥੀਆਸੇ ।
ਸੰਤਰੇਣ ਸੋਈ ਪਿਆਰਾ ਮਿਲਿਆ, ਜੇੜ੍ਹਾ ਅਗੇ ਮਿਲਿਆ ਹੋਇਆਸੇ ।

2

ਮਿਲਿਆ ਪਿਆਰਾ ਗ਼ਮ ਰਿਹਾ ਨਾ ਕੋਈ, ਮੇਰੇ ਮਨ ਵਿਚ ਭਈ ਖੁਸ਼ਹਾਲੀ ।
ਜਿਤ ਵਲ ਵੇਖਾਂ ਤਿਤੇ ਵਲ ਦਿਸੇ, ਉਸ ਬਾਝਹੁੰ ਜਾਇ ਨ ਖਾਲੀ ।
ਆਪੇ ਖਾਵੰਦ ਆਪੇ ਬਰਦਾ, ਉਹ ਆਪਿ ਸਭਸ ਦਾ ਵਾਲੀ ।
ਸੰਤਰੇਣ ਉਹ ਮਿਲਿਆ ਅਸਾਂ ਨੂੰ, ਜੈਂਦੀ ਵਿਛੜਨ ਦੀ ਨਹੀਂ ਚਾਲੀ ।

3

ਸ਼ਾਦੀ ਗਮੀ ਦੁਹਾਂ ਥੀਂ ਗੁਜ਼ਰੇ, ਜਦੋਂ ਪਿਆਰਾ ਸਾਨੂੰ ਮਿਲਿਆ ।
ਸੱਦ ਸੱਦ ਥਕੇ ਅਤੇ ਆਵੈ ਨਾਹੀਂ, ਹੁਣ ਆਪ ਅਸਾਂ ਵਲ ਹਿਲਿਆ ।
ਮਿਲਣ ਵਿਛੋੜਾ ਮੈਂ ਕੈਨੂੰ ਆਖਾਂ, ਉਹ ਸਭਸੈ ਨਾਲ ਰਲਿ ਮਿਲਿਆ ।
ਸੰਤਰੇਣ ਪਰ ਮਿਲਸੀ ਓਹੋ, ਜੈਂਦਾ ਕਦਮ ਅਗਾਹਾਂ ਢੁਲਿਆ ।

4

ਸੁਖਾਂ ਦੀ ਹੁਣ ਆਮਦਨ ਹੋਈ, ਅਤੇ ਦੁਖ ਵਿਦਾ ਕਰ ਚੱਲੇ ।
ਕੇਹੜੇ ਦੁਖ ਜੋ ਆਪ ਵਿਹਾਝੇ, ਅਸਾਂ ਨੂੰ ਨਾ ਹਨ ਕਿਸੇ ਘੱਲੇ ।
ਦੁਖਾਂ ਨੂੰ ਅਸਾਂ ਸੁਖ ਕਰ ਜਾਤਾ, ਜੋ ਗਿਣ ਗਿਣ ਬੱਧੇ ਪੱਲੇ ।
ਸੰਤਰੇਣ ਹੁਣ ਉਹ ਸੁਖ ਲੱਧਾ, ਜੋ ਹੋਵੈ ਸਭਸੈ ਗੱਲੇ ।

5

ਤੁਧੋਂ ਭੁਲਿਆਂ ਨੂੰ ਦੁਖ ਘਨੇਰੇ, ਤੁਧ ਡਿਠਿਆਂ ਦੁਖ ਨ ਕੋਈ ।
ਜੇ ਦੁਖ ਹੋਂਦਾ ਤਾਂ ਮਨਸੂਰ ਨ ਰੋਂਦਾ, ਜਿਹਨੂੰ ਸੇਜਾ ਸੂਲੀ ਹੋਈ ।
ਸ਼ੱਮਸ ਖੱਲ ਅਪੁੱਠੀ ਲੱਥੀ, ਉਹਨੂੰ ਦਰ ਦਰ ਮਿਲੇ ਨ ਢੋਈ ।
ਸੰਤਰੇਣ ਸੁਖ ਉਹੋ ਜਾਨਣ, ਹੋਰ ਜਾਣੈ ਬਿਆ ਨ ਕੋਈ ।

6

ਇਨ੍ਹਾਂ ਸੁਖਾਂ ਵਿਚ ਦੁਖ ਘਨੇਰੇ , ਪਰ ਜਾਣ ਨ ਕੋਈ ਸਕੈ ।
ਬੰਨ ਬੰਨ ਲੋਕ ਤਿਆਰੀ ਕਰਦੇ, ਕੋਈ ਪਹੁੰਚਨ ਵਿਰਲੇ ਪੱਕੈ ।
ਪਹੁੰਚਨ ਸੋਈ ਜਿਸ ਕਦਮ ਨ ਪਿਛੈ, ਅਤੇ ਬਿਆ ਤਰਫ ਨਹੀਂ ਤੱਕੈ ।
ਸੰਤਰੇਣ ਭਜ ਮਿਲ ਸਚਿਆਰਾਂ, ਕੀ ਬੈਠੋ ਏਂ ਜਕੋ ਤਕੈ ।

7

ਦੁਨੀਆਂ ਝੂਠੀ ਤੇ ਸਾਈਂ ਸੱਚਾ, ਪਰ ਦੁਨੀਆਂ ਪਿਆਰੀ ਲਗੈ ।
ਸਚ ਛਡੇ ਤੇ ਝਿਠ ਵਿਹਾਝੇ, ਇਹ ਨਿਆਉਂ ਪਿਆ ਤੇਰੇ ਅਗੈ ।
ਘਰ ਜੈਂਦੇ ਵਿਚ ਦੁਸ਼ਮਨ ਹੋਵੈ, ਉਹ ਕਿਚਰਕੁ ਤਾਈਂ ਤਗੈ ।
ਸੰਤਰੇਣ ਉਹ ਕਦੇ ਨ ਮਿਲਦੇ, ਜੋ ਦੁਨੀਆਂ ਦੇ ਠਗੈ ।

8

ਇਕੋ ਸਾਈਂ ਤੂੰ ਸਭਨੀ ਜਾਈਂ, ਤੈਨੂੰ ਸਭ ਖਸਮਾਨੇ ।
ਤੈਨੂੰ ਜਾਣੈ ਸੋ ਤੇਰੇ ਜਿਹਾ, ਨਹੀਂ ਜਾਣੇ ਬਿਨਾਂ ਪਛਾਣੇ ।
ਛਡੇ ਖੁਦੀ ਤਾਂ ਖੁਦ ਨੂੰ ਪਾਇ, ਹੋਰ ਝੂਠੇ ਲਖ ਬਹਾਨੇ ।
ਸੰਤਰੇਣ ਕਾਇਰ ਬਹੁਤੇਰੇ, ਕੇਈ ਵਿਰਲੇ ਬੰਨ੍ਹਣ ਗਾਨੇ ।

9

ਸਿਰ ਦਾ ਸਰਫਾ ਮੂਲ ਨ ਕਰਦੇ, ਸੋ ਸੂਰੇ ਸਨਮੁਖ ਜਾਂਦੇ ।
ਪਿਛੇ ਪੈਰ ਨ ਹਰਗਿਜ਼ ਫੇਰਨ, ਉਹ ਚੋਟ ਮੁਹੋਂ ਮੁਹ ਖਾਂਦੇ ।
ਕਾਇਰ ਸੁਣ ਸੁਣ ਘਰ ਵਿਚ ਡਰਦੇ, ਬਿਨ ਘਾਇਲ ਕੁਰਲਾਂਦੇ ।
ਸੰਤਰੇਣ ਜੋ ਸਿਰ ਤੋਂ ਗੁਜ਼ਰੇ, ਹੱਥ ਲਗੀ ਫਤ੍ਹੇ ਤਿਨ੍ਹਾਂ ਦੇ ।

10

ਹਿੰਮਤ ਅਗੇ ਫਤਹ ਸੁਖਾਲੀ, ਜੋ ਕੋਈ ਸੂਰਾ ਹੋਵੈ ।
ਕਾਇਰ ਬਹੁਤਾ ਮੁਹੋਂ ਬਫਾਵੇ, ਅੰਦਰ ਵੜ ਕੈ ਰੋਵੈ ।
ਸੂਰਾ ਸੋਈ ਜੋ ਮਨ ਨੂੰ ਜਿਤੇ, ਮਨ ਜਿਤ ਜੈ ਹੋਵੈ ।
ਸੰਤਰੇਣ ਰੱਬ ਮਿਲੇ ਤਿਨਾਂ ਨੂੰ, ਜੋ ਕਰ ਸਾਫੀ ਦਿਲ ਧੋਵੈ ।

11

ਝੂਠੀ ਦੁਨੀਆਂ ਅਤੇ ਲੋਕ ਵੀ ਝੂਠੇ, ਅਤੇ ਝੂਠੇ ਦਾਵੇ ਕਰਦੇ ।
ਓਹਾ ਦੁਨੀਆਂ ਜੇੜ੍ਹੀ ਨਾਲ ਨ ਜਾਵੈ, ਤਿਸ ਪਿਛੇ ਲੜ ਲੜ ਮਰਦੇ ।
ਖਾਸ ਖਜ਼ਾਨਾ ਅੰਦਰ ਤੇਰੇ, ਤੂੰ ਢੂੰਢੇਂ ਦਰਿ ਹਰ ਹਰ ਦੇ ।
ਸੰਤਰੇਣ ਜਾਂ ਮਹਿਰਮ ਮਿਲਿਆ, ਤਾਂ ਵਾਰਸ ਹੋਏ ਘਰ ਦੇ ।

12

ਜਿਨ੍ਹਾਂ ਨੂੰ ਲਗੇ ਸ਼ਉਕ ਮੌਲੇ ਦਾ, ਉਹ ਸਭ ਕੁਝ ਸਿਰ ਤੇ ਝਲਦੇ ।
ਝਖੜ ਝਾਂਝੇ ਅਤੇ ਲਖ ਅਨ੍ਹੇਰੀਆਂ, ਉਹ ਵਾਂਗ ਸੁਮੇਰ ਨ ਹਲਦੇ ।
ਭੁਖ ਵਿਚ ਰੱਜਣ ਅਤੇ ਨੰਗ ਵਿਚ ਕੱਜਣ, ਉਹ ਭੁਖੇ ਨੀ ਇਕ ਗੱਲ ਦੇ ।
ਸੰਤਰੇਣ ਜਿਨ੍ਹੀ ਅਖੀਂ ਡਿਠਾ, ਕੀ ਆਖਣ ਸੁਖ ਇਕ ਪਲ ਦੇ ।

13

ਲਗਾ ਪ੍ਰੇਮ ਤੇ ਨੇਮ ਗਏ ਭਜ, ਜਿਉਂ ਸੂਰਜ ਚੜ੍ਹੇ ਅਨ੍ਹੇਰਾ ।
ਮਿਲਿਆ ਪਿਆਰਾ ਸਾਡੀ ਹੋਈ ਤਸੱਲਾ, ਸਾਨੂੰ ਕੌਣ ਤੇਰਾ ਕੌਣ ਮੇਰਾ ।
ਮਿਲਿਆ ਮੁੜ ਕੇ ਵਿਛੜਨ ਨਾਹੀਂ, ਤੋੜੇ ਮਿਲ ਵੇਖੇ ਇਕ ਵੇਰਾ ।
ਸੰਤਰੇਣ ਇਹ ਵੱਡਾ ਤਮਾਸ਼ਾ, ਪਰ ਵੇਖੇ ਹੋਇ ਕੇ ਤੇਰਾ ।

14

ਚੰਦ ਚੜ੍ਹਿਆ ਜਗ ਹੋਈ ਸ਼ਾਦੀ, ਅਤੇ ਚੰਦ ਮੁਮਾਰਖ ਮੈਨੂੰ ।
ਅਜ ਮਿਲਿਆ ਯਾਰ ਪਿਆਰਾ ਸਾਨੂੰ, ਇਹ ਚੰਨ ਮੇਰੇ ਜਿਹਾ ਕੈਨੂੰ ।
ਅਜਿਹਾ ਮਿਲਿਆ ਜੇਹਾ ਮਿਲਦਾ ਆਇਆ, ਜਾਂ ਦੂਰ ਕੀਤਾ ਵਿਚੋਂ ਮੈਨੂੰ ।
ਸੰਤਰੇਣ ਇਹ ਚੰਨ ਮੁਮਾਰਖ, ਅਸਾਂ ਨੂਰ ਡਿਠਾ ਹਰ ਸ਼ੈ ਨੂੰ ।

15

ਅਤੇ ਜੇ ਸਾਈਂ ਨੂੰ ਮਿਲਿਆ ਲੋੜੇਂ, ਤਾਂ ਪੱਲਾ ਪਕੜ ਫ਼ਕੀਰਾਂ ।
ਛਡੇ ਖਾਹਿਸ਼ ਤਾਂ ਲਹੇਂ ਅਸਾਇਸ਼, ਚੁਕ ਪਵਨੀ ਤਦਬੀਰਾਂ ।
ਜਿ ਦਿਲ ਖਾਲੀ ਤਾਂ ਹੋਵੀ ਖੁਸ਼ਹਾਲੀ, ਤੇਰੀਆਂ ਮਾਫ ਹੋਵਨ ਤਕਸੀਰਾਂ ।
ਸੰਤਰੇਣ ਜਿਨ੍ਹਾਂ ਖੁਸ਼ੀ ਰੱਬਾਣੀ, ਉਨ੍ਹਾਂ ਪਾਈਆਂ ਖਾਸ ਜਗੀਰਾਂ ।

16

ਜ਼ਾਹਰ ਕੂਕ ਸੁਣਾਈ ਤੈਨੂੰ, ਮੇਰਾ ਦਿਲਬਰ ਦਿਲ ਵਿਚ ਵਸੇ ।
ਦਿਲ ਵਿਚ ਵਸੇ ਭੇਦ ਨ ਦਸੇ, ਉਹ ਦਿਲ ਵਿਚ ਦਿਲ ਨੂੰ ਖਸੇ ।
ਜਾਂ ਜਾਤਾ ਤਾਂ ਆਪ ਪਛਾਤਾ, ਬਿਨ ਜਾਤੇ ਉਹ ਨਸੇ ।
ਸੰਤਰੇਣ ਇਹ ਰਮਜ਼ ਅਜਾਇਬ, ਕੋਈ ਆਰਫ ਕਾਮਲ ਦਸੇ ।

17

ਕੀ ਆਇਓਂ ਜਾਂ ਨੀਅਤ ਖੋਟੀ, ਤੇਰਾ ਆਵਣ ਕਿਤੇ ਨ ਲੇਖੈ ।
ਅਤੇ ਛਪ ਛਪ ਐਬ ਕਰੇਂ ਬੁਰਿਆਂਈਆਂ, ਉਹ ਜ਼ਾਹਰ ਸਭ ਕੁਝ ਵੇਖੈ ।
ਆਵਣ ਤਿਸ ਦਾ ਜਿਸ ਸਚ ਪਛਾਤਾ, ਓਹ ਹਰਿ ਵੇਖੈ ਹਰ ਭੇਖੈ ।
ਏਥੇ ਸੰਤਰੇਣ ਕੋਈ ਇਕ ਅੱਧ ਵਿਰਲਾ, ਜੋ ਹਰਿ ਨੂੰ ਹਰ ਵਿਚ ਵੇਖੈ ।

18

ਜੇਹੀ ਲਾਵਨ ਤੇਹੀ ਤੋੜ ਨਿਭਾਵਨ, ਤੇ ਮੁਲ ਤਿਨ੍ਹਾਂ ਦਾ ਪਉਂਦਾ ।
ਜੇ ਲਗੀ ਅਧ ਵਿਚੋਂ ਟੁਟੈ, ਤਾਂ ਫਿਰੈ ਚਉਰਾਸੀ ਭਉਂਦਾ ।
ਇਕ ਨਿਭਾਹਨ ਇਕ ਤੋੜਨ ਵਾਲੇ, ਇਹ ਸਉਦਾ ਅਪਨੀ ਗਉਂ ਦਾ ।
ਸੰਤਰੇਣ ਕੰਮ ਜ਼ੋਰ ਦਾ ਨਾਹੀਂ, ਕੰਮ ਇਥੇ ਇਕ ਰਉਂ ਦਾ ।

19

ਜੋ ਸੁਤੇ ਸੋ ਸਭੇ ਮੁਠੇ, ਜੋ ਜਾਗੇ ਸੋ ਭਾਗੇ ।
ਸਚ ਨੂੰ ਲਗਾ ਸੋ ਸਚਾ ਹੋਇਆ, ਅਤੇ ਝੂਠਾ ਦੋਜ਼ਕ ਜਾਗੇ (ਝਾਗੇ) ।
ਜੇ ਆਪ ਪਛਾਣੇ ਤਾਂ ਆਪੈ ਹੋਵੈ, ਛੁਟ ਪਉਨੀ ਲਾਗੇ ਦਾਗੇ ।
ਸੰਤਰੇਣ ਜਿਨ੍ਹਾਂ ਸਾਈਂ ਪਾਇਆ, ਤੇ ਅਸਲੀ ਓਹਾ ਜਾਗੇ ।

20

ਕੀਤੇ ਕੰਮ ਸਾਈਂ ਦੇ ਹੋਵਨ, ਕਿਉਂ ਬੰਨ੍ਹਦਾ ਝੂਠੇ ਦਾਵੇ ।
ਜਾਂ ਉਹ ਦੇਂਦਾ ਤਾਂ ਸਭ ਕੋਈ ਲੈਂਦਾ, ਬਿਨ ਦਿਤੇ ਕੀ ਕੋਈ ਖਾਵੇ ।
ਅਤੇ ਤੇਰਾ ਕੀਤਾ ਕੁਝ ਨ ਹੋਂਦਾ, ਕਿਉਂ ਮਰਨੈ ਲੈ ਲੈ ਹਾਵੇ ।
ਸੰਤਰੇਣ ਹੁਣ ਸੌਂਪ ਸਾਈਂ ਨੂੰ, ਉਸ ਭਾਵੈ ਜੋ ਕੁਝ ਭਾਵੇ ।

21

ਅਤੇ ਹੁੰਡਰੀ ਰੱਬ ਨ ਮਿਲੇ ਕਦਾਂਹੀ, ਜੇ ਲਖ ਜਤਨ ਕਰੀਵਨ ।
ਮੁਰਸ਼ਦ ਬਿਨ ਕਾਮਲ ਦੇ ਬਾਝੋਂ, ਅਸਮਾਨ ਪਾਟੇ ਕਿਉਂ ਸੀਵਨ ।
ਸਿਰ ਦੇਵਨ ਤੇ ਮਨ ਨੂੰ ਸੌਂਪਣ, ਉਹ ਆਬਹਯਾਤੀ ਪੀਵਨ ।
ਸੰਤਰੇਣ ਉਹ ਮਿਲਨ ਅਸਾਨੂੰ, ਸਾਡੀਆਂ ਅੱਖੀਆਂ ਠੰਢੀਆਂ ਥੀਵਨ ।

22

ਗੱਲ ਸਾਈਂ ਦੀ ਜੈ ਨੂੰ ਪਿਆਰੀ, ਸੋ ਸਾਈਂ ਦਾ ਹੋਵੈ ।
ਸੁਣ ਸੁਣ ਸੁਖ਼ਨ ਫਕੀਰਾਂ ਵਾਲੇ, ਉਹ ਦਿਲ ਵਿਚ ਪਇਆ ਰੋਵੈ ।
ਖਿਜਮਤ ਥੀਂ ਉਸ ਅਜ਼ਮਤ ਪਾਈ, ਜੋ ਦਿਲ ਦੀ ਸਾਫੀ ਹੋਵੈ ।
ਸੰਤਰੇਣ ਜਿਸ ਆਪ ਪਛਾਤਾ, ਉਹ ਸੁਖ ਦੀ ਨੀਂਦਰ ਸੋਵੈ ।

23

ਸੁਖ ਦੀ ਨੀਂਦਰ ਓਹੋ ਸੌਂਦਾ, ਜੈਨੂੰ ਹੋਰ ਦਲੀਲ ਨ ਆਹੀ ।
ਤੋੜੇ ਟੁਕੜੇ ਮੰਗ ਕਰ ਖਾਂਦਾ, ਉਸ ਦੇ ਦਿਲ ਵਿਚ ਬੇਪਰਵਾਹੀ ।
ਦੋਵੇਂ ਜਹਾਨ ਉਸ ਦੇ ਬਰਦੇ, ਜੈਨੂੰ ਖਿਜਮਤ ਖਾਸ ਇਲਾਹੀ ।
ਸੰਤਰੇਣ ਜੋ ਖੁਦੀ ਤੇ ਗੁਜ਼ਰੇ, ਉਸ ਨੂੰ ਵਿਚ ਦਿਲ ਦੇ ਬਾਦਸ਼ਾਹੀ ।

24

ਸੁਖ ਦੁਖ ਦੀ ਜਿਨ੍ਹਾਂ ਕਾਰ ਨ ਕਾਈ, ਉਹ ਖਾਸ ਸਾਈਂ ਦੇ ਹੋਏ ।
ਐਨਲਹਕ ਇਹ ਵਿਰਦ, ਉਨ੍ਹਾਂ ਦਾ, ਉਹ ਸਨਮੁਖ ਸੂਲੀ ਢੋਏ ।
ਸੂਲੀ ਨੂੰ ਚਾ ਮਿੱਮਰ ਕੀਤਾ, ਚੜ੍ਹਕੇ ਵਾਇਜ਼ ਗੋਏ ।
ਸੰਤਰੇਣ ਜਿਨ੍ਹਾਂ ਮਨਸਬ ਪਾਇਆ, ਵਿਚ ਪਾਕ ਕਤਾਰ ਪਰੋਏ ।

25

ਸਭ ਕੁਝ ਬਣਿਆ ਤੇ ਕੁਛ ਨ ਬਣਿਆ, ਅਸੀਂ ਲਧੀ ਢੂੰਢ ਨਿਸ਼ਾਨੀ ।
ਸਭ ਕੁਛ ਕਰਦੇ ਤੇ ਕੁਝ ਨ ਕਰਦੇ, ਇਥੈ ਚਾਲ ਇਹਾ ਇਨਸਾਨੀ ।
ਅਤੇ ਜੋ ਬਣਿਆ ਸੋ ਆਪੇ ਬਣਿਆਂ, ਨਹੀਂ ਦੂਜਾ ਜ਼ਿਕਰ ਜ਼ਬਾਨੀ ।
ਸੰਤਰੇਣ ਅਸਾਂ ਕੀ ਲੈ ਵਾਰਿਆ, ਜੋ ਜੀਉ ਕੀਤਾ ਕੁਰਬਾਨੀ ।

26

ਸ਼ਾਦੀ ਗਮੀ ਉਨ੍ਹਾਂ ਇਕੋ ਜੇਹੀ, ਜੇੜ੍ਹੇ ਆਪ ਖੁਦੀ ਤੋਂ ਗੁਜ਼ਰੇ ।
ਅਤੇ ਜੋ ਕੁਝ ਹੋਵੈ ਸੋ ਸਿਰ ਤੇ ਮੰਨਣ, ਉਹ ਹਰਯਕ ਤੇ ਬੇਉਜ਼ਰੇ ।
ਜੋ ਦਮ ਕਢਣ ਸੋ ਯਾਦ ਸਾਈਂ ਦੀ, ਦਮ ਪਵਨ ਤਿਨ੍ਹਾਂ ਦੇ ਮੁਜਰੇ ।
ਸੰਤਰੇਣ ਉਨ੍ਹਾਂ ਡਿਠਾ ਤਮਾਸ਼ਾ, ਬੈਠ ਸਾਈਂ ਦੇ ਹੁਜਰੇ ।

27

ਦਮ ਕਦਮ ਜਿਨ੍ਹਾਂ ਦੇ ਦੋਵੇਂ ਬਰਾਬਰ, ਸੋ ਸਾਈਂ ਵਲ ਆਵਨ ।
ਅਤੇ ਦਮ ਪਿੱਛੇ ਤੇ ਕਦਮ ਅਗੇਰੇ, ਉਹ ਖਾਸ ਫਕੀਰ ਸਦਾਵਨ ।
ਕਦਮ ਪਿਛੇ ਦਮ ਅਗੇ ਮਾਰਨ, ਉਹ ਹਰਗਿਜ਼ ਸਾਈਂ ਨ ਭਾਵਨ ।
ਸੰਤਰੇਣ ਰਬ ਮਿਲੈ ਤਿਨ੍ਹਾਂ ਨੂੰ, ਜੇਹੜੇ ਗ਼ੈਰ ਦਲੀਲ ਨ ਆਵਨ ।

28

ਆਪੇ ਘਰ ਆਪੇ ਘਰ ਵਾਲਾ, ਕੋਈ ਵਿਰਲੇ ਕਾਮਲ ਜਾਨਣ ।
ਅਤੇ 'ਐਨਲਹਕ' ਤਹਕੀਕ ਕੀਤਾ, ਓਨਾ ਹੋਰ ਨ ਹਰਫ ਪਛਾਣਨ ।
ਕੋਈ ਝਿੜਕੇ ਤੇ ਕੋਈ ਮੰਨੇ, ਉਹ ਦਿਲ ਵਿਚ ਗ਼ੈਰ ਨ ਆਣਨ ।
ਸੰਤਰੇਣ ਜਿਨ੍ਹਾਂ ਖ਼ਾਹਸ਼ ਨ ਕਾਈ, ਉਹ ਲੰਮੈ ਤਾਣ ਕਿਉਂ ਤਾਣਨ ।

29

ਜੋ ਸੁਖ ਇਕ ਪਲ ਯਾਰ ਵੇਖਦੇ, ਵਿਚ ਸੋ ਜਹਾਨ ਦੁਈਂ ਨ ਦਿਸੇ ।
ਅਤੇ ਜਿਸ ਦੇ ਉਤੇ ਮਿਹਰ ਫਿਕਰ (ਫਕਰ) ਦੀ, ਸੁਖ ਆਵੈ ਤਿਸ ਦੇ ਹਿਸੇ ।
ਖੁਦੀ ਬੁਰੀ ਅਤੇ ਖੁਦੀ ਨੂੰ ਛੱਡੇ, ਤਾਂ ਯਾਰ ਤੇਰੇ ਤੇ ਵਿਸੇ ।
ਸੰਤਰੇਣ ਢੂੰਢਣ ਬਹੁਤੇਰੇ, ਪਰ ਯਾਰ ਲੱਧਾ ਕਿਸੇ ਕਿਸੇ ।

30

ਤੇ ਅਠੇ ਪਹਿਰ ਉਹ ਖੁਸ਼ੀ ਹਮੇਸ਼ਾਂ, ਜਿਨ੍ਹਾਂ ਰਮਜ਼ ਕਾਮਲ ਦੀ ਪਾਈ ।
ਖਾਸ ਸਾਈਂ ਦੇ ਉਹ ਨਜ਼ੀਕੀ, ਜੋ ਪਲ ਨਹੀਂ ਸਹਿਣ ਜੁਦਾਈ ।
ਮਿਲਨ ਸੁਖ ਤੇ ਦੁਖ ਵਿਛੋੜਾ, ਹੋਰ ਸ਼ਾਦੀ ਗ਼ਮੀ ਨ ਕਾਈ ।
ਸੰਤਰੇਣ ਉਹ ਦੌਲਤ ਲਧੀ, ਜਿਹੜੀ ਨਹੀਂ ਸੀ ਕਦੇ ਗਵਾਈ ।

31

ਦੁਖ ਛੁਡਾਇ ਤੇ ਸੁਖ ਨੂੰ ਲਾਇ, ਜਾਂ ਕਰਮ ਆਪ ਸਾਈਂ ਕਰਦਾ ।
ਤੇ ਦੁਖਾਂ ਨੂੰ ਇਹ ਭਜ ਭਜ ਪਉਂਦਾ, ਤੇ ਸਾਈਂ ਦੇ ਸੁਖ ਤੋਂ ਡਰਦਾ ।
ਮੇਹਰ ਕਰਨ ਜੋ ਸਾਈਂ ਵਾਲੇ, ਤਾਂ ਪੈਰ ਸਾਈਂ ਵਲ ਧਰਦਾ ।
ਸੰਤਰੇਣ ਅਸਾਂ ਅਖੀਂ ਡਿਠਾ, ਜਾਂ ਦੂਰ ਹੋਇਆ ਵਿਚੋਂ ਪੜਦਾ ।

32

ਜਿਨ੍ਹਾਂ ਆਪਣੀ ਖੁਦੀ ਗਵਾਈ, ਤੇ ਸਭ ਅਜ਼ਾਬੋਂ ਛੁਟੇ ।
ਉਨ੍ਹਾਂ ਜਗਾਤ ਕੇਹੀ ਫਿਰ ਲਗੇ, ਜਿਨ੍ਹਾਂ ਪੰਡ ਸਿਰੋਂ ਚਾ ਸੁੱਟੇ ।
ਖੁਦੀ ਗਵਾਇ ਤਾਂ ਸਭ ਕਿਛ ਪਾਇ, ਇਸ ਖੁਦੀ ਬਹੁਤ ਘਰ ਪੁਟੇ ।
ਸੰਤਰੇਣ ਰੱਬ ਮਿਲੇ ਤਿਨ੍ਹਾਂ ਨੂੰ, ਜਿਹੜੇ ਦੁਨੀਆਂ ਕੋਲੋਂ ਤੁਟੇ ।

33

ਤਿਨ੍ਹਾਂ ਖਾਹਸ਼ ਰਹੀ ਨ ਕਾਈ, ਜਿਨ੍ਹਾਂ ਜਗ ਨੂੰ ਜਾਤਾ ਫਾਨੀ ।
ਬਿਨ ਸਾਈਂ ਉਹ ਹੋਰ ਨ ਵੇਖਣ, ਸੁਣ ਸਮਝਨ ਸੁਖ਼ਨ ਹਕਾਨੀ ।
ਬੁਰਾ ਭਲਾ ਉਹ ਕਿਸੇ ਨ ਆਖਣ, ਜਿਨ੍ਹਾਂ ਗ਼ੈਰ ਨ ਜ਼ਿਕਰ ਜ਼ਬਾਨੀ ।
ਸੰਤਰੇਣ ਜੋ ਸਿਰ ਤੇ ਗੁਜ਼ਰੇ, ਸੋ ਮਹਿਰਮ ਹੋਏ ਨਾਲ ਜਾਨੀ ।

34

ਸਾਈਂ ਸਾਨੂੰ ਮੇਲ ਉਨ੍ਹਾਂ ਨੂੰ, ਜੋ ਤੇਰੇ ਰਹਿਨ ਹਜ਼ੂਰੀ ।
ਰਹਿਨ ਹਜ਼ੂਰੀ ਤੇ ਬੇਮਗ਼ਰੂਰੀ, ਸੇ ਖਾਸ ਬੰਦੇ ਉਹ ਨੂਰੀ ।
ਕਰਨ ਕਨਾਇਤ ਤੇ ਪਕੜਨ ਗੋਸ਼ਾ, ਉਥੇ ਕਾਰ ਇਹਾ ਮਨਜ਼ੂਰੀ ।
ਸੰਤਰੇਣ ਉਹ ਕਾਮਲ ਹੋਏ, ਜਿਨ੍ਹਾਂ ਜ਼ਿਕਰ ਕੀਤਾ ਮਨਸੂਰੀ ।

35

ਜਿਨ੍ਹਾਂ ਜਗਾਤ ਸਾਈਂ ਦੀ ਕੱਢੀ, ਉਹ ਹੋਰ ਜਗਾਤ ਨ ਕਢਦੇ ।
ਇਕ ਪਲ ਜੁਦਾ ਨ ਹੋਵਨ ਹਰਗਿਜ਼, ਉਹ ਹਰਫ਼ ਬਿ ਨੁਕਤਾ ਪੜ੍ਹਦੇ ।
ਖੋਟੇ ਖਰੇ ਤਦਾਹੀਂ ਜਾਪਣ, ਜਾਂ ਨਜ਼ਰ ਸਰਾਫਾਂ ਚੜ੍ਹਦੇ ।
ਸੰਤਰੇਣ ਜਿਨ੍ਹਾਂ ਸਾਈਂ ਪਛਾਤਾ, ਉਹ ਨਾਲ ਸਾਈਂ ਦੇ ਹੰਢਦੇ ।

36

ਟੇਢੀਆਂ ਪੱਗਾਂ ਤੇ ਬਾਂਕੀਆਂ ਚਾਲਾਂ, ਤੂੰ ਇਹ ਨ ਛਡੇਂ ਕਦਾਹੀਂ ।
ਜੇ ਆਪ ਛਡੇ ਤਾਂ ਸਭ ਕਿਛ ਪਾਈ, ਤੇ ਇਨ੍ਹਾਂ ਰਹਿਣਾ ਨਾਹੀਂ ।
ਅਤੇ ਪਿਛੋਂਦੇ ਤੇ ਪਛੋਤਾਸੇਂ, ਜਦ ਤ੍ਰਾਣ ਨ ਰਹਿਸੀਆ ਬਾਹੀਂ ।
ਸੰਤਰੇਣ ਹੁਣ ਸਮਝ ਸਵੇਲੇ, ਨਹੀਂ ਰੋਸੇਂ ਦੇ ਦੇ ਢਾਹੀਂ ।

37

ਇਹ ਜੁਆਨੀ ਤੇਰੀ ਮਸਤ ਦਿਵਾਨੀ, ਕੁਛੁ ਅਗੇ ਦਾ ਕਰ ਤੋਸਾ ।
ਅਤੇ ਕਈ ਜੁਆਨੀਆਂ ਤੁਧ ਅਗੇ ਛਡੀਆਂ, ਹੁਣ ਇਸ ਦਾ ਕੌਣ ਭਰੋਸਾ ।
ਮਿਲ ਮੁਰਸ਼ਦ ਕੰਮ ਕਰ ਲੈ ਅਪਣਾ, ਅਤੇ ਪਕੜ ਬਹੋ ਕੋਈ ਗੋਸ਼ਾ ।
ਸੰਤਰੇਣ ਢਿਲ ਤੇਰੀ ਵਲੋਂ, ਉਸ ਤੇਰੇ ਨਾਲ ਨਹੀਂ ਰੋਸਾ ।

38

ਜੇਹਾ ਜ਼ਾਹਰ ਤੇ ਅਵੇਹਾ ਛਪਿਆ, ਉਸ ਨੂੰ ਕੀਕਣ ਕੋਈ ਜਾਣੇ ।
ਸਟੇ ਖ਼ੁਦੀ ਤੇ ਖੁਦ ਨੂੰ ਪਾਏ, ਖੁਦ ਹੋਇ ਕੇ ਖੁਸ਼ੀਆਂ ਮਾਣੇ ।
ਉਹੋ ਅੱਵਲ ਤੇ ਓਹੋ ਆਖਰ, ਕਹੈ ਵਿਚ ਵਿਚ ਹੋਰ ਧਿੰਗਾਣੇ ।
ਸੰਤਰੇਣ ਇਹ ਰਮਜ਼ ਕਾਮਲ ਦੀ, ਬਿਨ ਕਾਮਲ ਕੀ ਕੋਈ ਜਾਣੇ ।

39

ਜਿਥੇ ਮੈਂ ਉਥੇ ਉਹ ਨ ਲਭੇ, ਜਿਥੇ ਉਹ ਤਿਥੇ ਮੈਂ ਨਾਹੀਂ ।
ਧੁਪ ਛਾਂ ਇਹ ਦੋਵੇਂ ਇਕੱਠੇ, ਇਹ ਡਿਠੇ ਕਿਸੇ ਕਦਾਹੀਂ ?
ਜੇ ਭੈਂਗਾ ਇਕ ਨੂੰ ਦੋਇ ਵੇਖੇ, ਕੀ ਡਿਠਿਆਂ ਦੋਇ ਹੋਇ ਜਾਈ ?
ਸੰਤਰੇਣ ਉਹ ਇਕ ਦਾ ਏਕੋ, ਖ਼ਤ ਸਚਾ ਨਾਲ ਗੁਆਹੀ ।

40

ਇਹਾ ਗਵਾਹੀ ਮਨਸੂਰ ਵੀ ਦਿਤੀ, ਅਤੇ ਸ਼ਮਸ ਵਿਚ ਮੁਲਤਾਨੀ ।
ਬਿਲਾ ਮੀਮ ਪੈਕੰਬਰ ਆਖਿਆ, ਬੁਸਤਾਨੀਆ ਜਸਮਾਨੀ ।
ਸਭਨਾ ਇਕੋ ਹਰਫ ਪਛਾਤਾ, ਢੂੰਢ ਡਿਠਾ ਵੇਦ ਕੁਰਾਨੀ ।
ਸੰਤਰੇਣ ਤਹਿਕੀਕ ਇਹਾ ਗੱਲ, ਸਭ ਆਖਣ ਨਾਲ ਜ਼ਬਾਨੀ ।

41

ਜਿਨ੍ਹਾਂ ਅਪਣਾ ਆਪ ਪਛਾਤਾ, ਉਹ ਸਭ ਦੀ ਖਾਤਰ ਕਰਦੇ ।
ਹਰ ਹਰ ਦੇ ਵਿਚ ਹਰਿ ਨੂੰ ਦੇਖਣ, ਤੇ ਹਰ ਯਕ ਦੇ ਉਹ ਬਰਦੇ ।
ਨਾ ਉਹ ਕਰਨ ਬਹਿਸ਼ਤ ਦੀ ਖਾਹਸ਼, ਨਾ ਦੋਜ਼ਕ ਤੋਂ ਡਰਦੇ ।
ਸੰਤਰੇਣ ਜਿਨ੍ਹਾਂ ਖੁਦੀ ਗਵਾਈ, ਤੇ ਖਾਸ ਸਾਈਂ ਦੇ ਘਰ ਦੇ ।

42

ਕਰ ਕਨਾਇਤ ਜਿਨ੍ਹਾਂ ਗੋਸ਼ਾ ਪਕੜਿਆ, ਉਹ ਸਭ ਅਜ਼ਾਬੋਂ ਛੁਟੇ ।
ਦੁਨੀਆਂ ਵਿਚ ਉਹ ਰਹਿਣ ਅਵੇਹੇ, ਜੋ ਨ ਗੰਢੇ ਨ ਤੁਟੇ ।
ਦੌਲਤ ਦੀ ਉਨ੍ਹਾਂ ਕਮੀ ਨ ਕਾਈ, ਉਹਨਾਂ ਖਾਸ ਖਜ਼ਾਨੇ ਲੁਟੇ ।
ਸੰਤਰੇਣ ਜਿਨ੍ਹਾਂ ਸਾਈਂ ਦੀ ਦੌਲਤ, ਉਹ ਮੂਲ ਨ ਕਦੇ ਨਿਖੁਟੇ ।

43

ਇਕ ਝੂਠੇ ਉਹ ਝੂਠ ਨੂੰ ਲੱਗੇ, ਅਤੇ ਸਚੇ ਸਚ ਵਲ ਲਗਦੇ ।
ਇਕ ਅੰਦਰੋਂ ਝੂਠੇ ਤੇ ਉਤੋਂ ਸੁਚੇ, ਉਹ ਲੋਕਾਂ ਨੂੰ ਲੈ ਠਗਦੇ ।
ਦਿਲ ਥੀਂ ਸਚੇ ਉਹਨਾਂ ਸਚ ਪਛਾਤਾ, ਉਹ ਵਾਕਫ ਹੋਇ ਰਗ ਰਗ ਦੇ ।
ਸੰਤਰੇਣ ਜਿਥੇ ਕੰਮ ਸਚਿਆਰਾਂ, ਉਥੇ ਝੂਠੇ ਮੂਲ ਨ ਤਗਦੇ ।

44

ਇਕ ਆਖਣ ਅਸੀਂ ਸਭ ਤੈ ਉਚੇ, ਇਹ ਗੱਲ ਪਕੜੀ ਕਈਆਂ ।
ਜਿਉਂ ਚਾਮ-ਚਿਠੀਆਂ ਉਡੀਆਂ ਸੂਰਜ ਨੋ, ਉਹ ਫਿਰ ਕੇ ਟੋਇ ਪਈਆਂ ।
ਉਹ ਆਖਣ ਸੂਰਜ ਰਿਹਾ ਦੁਰਾਡਾ, ਅਸੀਂ ਸੂਰਜ ਨੂੰ ਲੰਘ ਗਈਆਂ ।
ਸੰਤਰੇਣ ਪੜ੍ਹ ਅਮਲ ਨ ਕਰਦੇ, ਜਿਨ੍ਹਾਂ ਉਲਟ ਕਲਾਮਾਂ ਪਈਆਂ ।

45

ਇਕ ਜਾਵਨ ਮੱਕੇ ਤੇ ਹਾਜੀ ਹੁੰਦੇ, ਇਕ ਤੀਰਥ ਕਰ ਕਰ ਮਰਦੇ ।
ਵਿਚੇ ਮਕਾ ਤੇ ਵਿਚੇ ਕਾਂਸੀ, ਉਹ ਦਿਲ ਦਾ ਹੱਜ ਨ ਕਰਦੇ ।
ਤੇ ਕਾਠ ਦੀ ਬੇੜੀ ਚੜ੍ਹ ਨਹੀਂ ਲੰਘਦੇ, ਉਹ ਪੱਥਰ ਤੇ ਚੜ੍ਹ ਤਰਦੇ ।
ਸੰਤਰੇਣ ਬਿਨ ਸਾਈਂ ਲੋਕਾਂ, ਹੋਰ ਪੈਰ ਡਿੰਗੇ ਸਭ ਧਰਦੇ ।

46

ਜੇ ਸਾਈਂ ਜਾਤਾ ਤਾਂ ਸਭ ਨੂੰ ਜਾਤਾ, ਬਿਨ ਜਾਤੇ ਕੁਝ ਨ ਜਾਤਾ ।
ਜੇ ਸਾਈਂ ਡਿਠਾ ਤਾਂ ਸਭ ਕੁਝ ਡਿਠਾ, ਬਿਨ ਡਿਠੇ ਅੰਧਰਾਤਾ ।
ਸਾਈਂ ਮਿਲਿਆ ਤਾਂ ਸਭ ਹੈ ਮਿਲਿਆ, ਬਿਨ ਮਿਲਿਆਂ ਝੂਠਾ ਨਾਤਾ ।
ਸੰਤਰੇਣ ਜਿਨ੍ਹਾਂ ਇਕ ਸਿਞਾਤਾ, ਓਹਨਾਂ ਸਭ ਕੁਝ ਜਾਤਾ ਪਾਤਾ ।

47

ਵੈਹਦਤ ਪਈ ਜਿਨ੍ਹਾਂ ਵਾਹਦਤ ਸਾਈਂ ਦੀ, ਉਹ ਵਾਹਦਤ ਨੂੰ ਹੀ ਭਾਲਣ ।
ਵਾਹਦਤ ਨਾਲ ਉਹ ਵਾਹਦਤ ਵੇਖਣ, ਅਤੇ ਨਾਲ ਵਾਹਦਤ ਦੇ ਜਾਲਣ ।
ਬਿਨ ਵਾਹਦਤ ਕਛੁ ਹੋਰ ਜੋ ਦਿਸੇ, ਉਹ ਨਾਲ ਵਾਹਦਤ ਦੇ ਟਾਲਣ ।
ਸੰਤਰੇਣ ਜਿਨ੍ਹਾਂ ਵਾਹਦਤ ਸਮਝੀ, ਉਹ ਵਾਹਦਤ ਨੂੰ ਹੀ ਪਾਲਣ ।

48

ਜੈਨੂੰ ਮਿਲੇ ਯਾਰ ਪਿਆਰਾ, ਉਸ ਖਾਹਸ਼ ਕੈਂ ਦੀ ਹੋਵੇ ।
ਤਿਸ ਦੇ ਨਾਲ ਬਰਾਬਰ ਕਾਈ, ਜੈਂਦੇ ਲਗ ਜਾਨੀ ਗਲ ਸੋਵੇ ।
ਜੇ ਮਿਲਿਆ ਤਿਸ ਖੁਸ਼ੀ ਨ ਮਾਵੇ, ਬਿਨ ਮਿਲਿਆ ਬਹਿ ਬਹਿ ਰੋਵੇ ।
ਸੰਤਰੇਣ ਲੱਕ ਬੰਨ੍ਹ ਉਤੈ ਵਲ, ਜੋ ਹੋਵੇ ਸੋ ਹੋਵੇ ।

49

ਜੈਨੂੰ ਲਗੇ ਸਾਈਂ ਪਿਆਰਾ, ਤੇ ਜਗ ਵਿਚ ਸੁਖੀਆ ਸੋਈ ।
ਅਤੇ ਇਹ ਦੁਨੀਆਂ ਜਿਸ ਮਿਠੀ ਡਿਠੀ, ਉਸ ਦੁਨੀਆਂ ਦੁਸ਼ਮਨ ਹੋਈ ।
ਇਕਨਾ ਨੂੰ ਲੈ ਦੋਜ਼ਕ ਘਤੇ, ਇਕ ਦਰ ਦਰ ਲੈਨ ਨ ਢੋਈ ।
ਸੰਤਰੇਣ ਜਿਹੜੇ ਛਡ ਖੜੋਤੇ, ਤਿਨ ਅਗੇ ਮਜਲ ਨ ਕੋਈ ।

50

ਦਿਲ ਤੇ ਹੋਰ ਦਲੀਲ ਨ ਸਟੇ, ਅਤੇ ਦਰ ਕਾਮਲ ਦੇ ਜਾਵੈ ।
ਬਰਦਾ ਹੋਵੇ ਉਨ੍ਹਾਂ ਦੇ ਦਰ ਦਾ, ਅਤੇ ਬਿਨ ਮੁਲ ਆਪ ਵਿਕਾਵੈ ।
ਜੋ ਆਖਣ ਸੋ ਸਿਰ ਤੇ ਮੰਨੇ, ਅਤੇ ਮੁਹੋਂ ਨ ਬਿਆ ਅਲਾਵੈ ।
ਸੰਤਰੇਣ ਜੋ ਹੋਵੈ ਉਨ੍ਹਾਂ ਦੇ, ਖ਼ੈਰ ਫਕਰ ਦਾ ਪਾਵੈ ।

51

ਖ਼ੈਰ ਫਕਰ ਦਾ ਉਨ੍ਹਾਂ ਨੂੰ ਮਿਲਯਾ, ਜਿਨ੍ਹਾਂ ਅਪਣੀ ਖੁਦੀ ਗਵਾਈ ।
ਤੇ ਹਰ ਯਕ ਦੇ ਵਿਚ ਹਰਿ ਨੂੰ ਵੇਖਣ, ਹੋਰ ਖਾਹਿਸ਼ ਉਨ੍ਹਾਂ ਨ ਪਾਈ ।
ਹਰ ਯਕ ਕਦਮ ਅਗੇਰੇ ਕਰਦੇ, ਜਿਨ੍ਹਾਂ ਪਾਕ ਮੁਹਬਤ ਪਾਈ ।
ਸੰਤਰੇਣ ਉਹ ਫਿਰਨ ਖੁਸ਼ਹਾਲੀ, ਜਿਨ੍ਹਾਂ ਮਸਤੀ ਅਸਲੀ ਪਾਈ ।

52

ਜਿਨ੍ਹਾਂ ਜਾਤਾ ਅਸਾਂ ਕੰਮ ਸਾਈਂ ਨਾਲ, ਉਨ੍ਹਾਂ ਛਡੇ ਹੋਰ ਵਿਖਾਲੇ ।
ਅਤੇ ਜੇਹੀ ਆਵੈ ਉਹ ਸਿਰ ਤੇ ਜਾਲਨ, ਕੰਮ ਕਰਨ ਫ਼ਕੀਰਾਂ ਵਾਲੇ ।
ਦਮ ਦਮ ਨਾਲ ਸਮਾਲਨ ਦੋਸਤ, ਅਤੇ ਖੁਸ਼ੀ ਰੈਹਨ ਹਰ ਹਾਲੇ ।
ਸੰਤਰੇਣ ਉਹ ਉਸ ਜਾ ਪਹੁੰਚੇ, ਜਿਥੇ ਪਹੁੰਚੇ ਸਾਈਂ ਵਾਲੇ ।

53

ਆਪੇ ਜ਼ਾਹਰ ਤੇ ਆਪੇ ਬਾਤਨ, ਹੋਰ ਗ਼ੈਰ ਨਹੀਂ ਬਣ ਆਇਆ ।
ਜਾਂ ਐਨਲਹਕ ਤਹਕੀਕ ਕਿਤੋ ਨੇ, ਤਾਂ ਇਹ ਸੁਖਨ ਅਲਾਇਆ ।
ਸਟੇ ਖੁਦੀ ਤਾਂ ਖੁਦ ਨੂੰ ਪਾਏ, ਵਿਚ ਖੁਦੀ ਭੁਲਾਵਾ ਪਾਇਆ ।
ਸੰਤਰੇਣ ਇਹ ਨੁਕਤਾ ਇਸ ਦਾ, ਇਹ ਕਾਮਲ ਥੀਂ ਹਥ ਆਇਆ ।

54

ਲਾ ਮਕਾਨ ਵਿਚ ਸੈਰ ਅਸਾਡਾ, ਉਥੇ ਗ਼ੈਰ ਨ ਦਿਸੈ ਕੋਈ ।
ਓਹੋ ਗ਼ੈਰ ਜੋ ਗ਼ੈਰ ਨੂੰ ਵੇਖੈ, ਓਥੇ ਗ਼ੈਰ ਨ ਲੈਂਦਾ ਢੋਈ ।
ਜਿਸ ਸਾਈਂ ਮਿਠਾ ਤਿਸ ਗ਼ੈਰ ਨ ਕੋਈ ਡਿਠਾ, ਤਿਸ ਦੀ ਸਾਫੀ ਹੋਈ ।
ਸੰਤਰੇਣ ਇਹ ਰਾਹ ਫਕਰ ਦਾ, ਮਰ ਪਹੁੰਚੇ ਵਿਰਲਾ ਕੋਈ ।

55

ਰਾਹ ਫਕਰ ਦਾ ਜਿਨ੍ਹਾਂ ਲਗਾ ਪਿਆਰਾ, ਓਨ੍ਹਾਂ ਕਰਨਾ ਸੀ ਸੋਈ ਕੀਤਾ ।
ਨਾਲ ਮੁਰਸ਼ਦ ਦੇ ਜਿਨ੍ਹਾਂ ਪਾਕ ਮੁਹੱਬਤ, ਤਿਨ੍ਹਾਂ ਖਾਸ ਪਿਆਲਾ ਪੀਤਾ ।
ਇਕ ਪਲ ਜੁਦਾ ਨ ਹੋਵਨ ਮੂਲੇ, ਓਨ੍ਹਾਂ ਦਿਲ ਸਾਈਂ ਨਾਲ ਸੀਤਾ ।
ਸੰਤਰੇਣ ਜੋ ਹਰਿ ਵਲ ਲਗੇ, ਤਿਨ੍ਹਾਂ ਜਨਮ ਅਮੋਲਕ ਜੀਤਾ ।

56

ਸਾਈਂ ਨਾਲ ਮੁਹਬਤ ਜਿਸਦੀ, ਉਹ ਸਰਫਾ ਕੋਈ ਨ ਕਰਦਾ ।
ਜੋ ਕੁਝ ਹੋਵੇ ਸੋ ਸਿਰ ਤੇ ਮੰਨੇ, ਓਹ ਮਰਨ ਥੀਂ ਅਗੇ ਮਰਦਾ ।
ਜੇੜ੍ਹਾ ਸੰਗ ਲਗਾ ਸਚਿਆਰਾਂ, ਓਸ ਰਹਿਆ ਨ ਕੋਈ ਪਰਦਾ ।
ਸੰਤਰੇਣ ਜਿਸ ਆਪਾ ਛਡਿਆ, ਸੋ ਵਾਰਸ ਹੋਇਆ ਘਰ ਦਾ ।

57

ਬਿਨ ਸਾਈਂ ਹੋਰ ਜ਼ਿਕਰ ਨ ਕਰਦੇ, ਸੇ ਖਾਸ ਸਾਈਂ ਦੇ ਹੋਵਨ ।
ਬਿਨ ਸਾਈਂ ਕੁਝ ਹੋਰ ਜੋ ਦਿਸੈ, ਤਾਂ ਢਾਹੀਂ ਦੇ ਦੇ ਰੋਵਨ ।
ਸੁਣ ਸੁਣ ਸੁਖਨ ਫਕੀਰਾਂ ਵਾਲੇ, ਗ਼ੈਰ ਦਲੀਲਾਂ ਧੋਵਨ ।
ਸੰਤਰੇਣ ਜਾਂ ਸ਼ੱਕ ਨ ਰਿਹਾ, ਤਾਂ ਸੁਖ ਦੀ ਨੀਂਦਰ ਸੋਵਨ ।

58

ਜਿਸ ਨੂੰ ਲਗੇ ਸਾਈਂ ਪਿਆਰਾ, ਉਹ ਰਾਹ ਫਕਰ ਦੇ ਚਲਦਾ ।
ਮੰਨੇ ਹੁਕਮ ਰਜਾਇ ਸਾਈਂ ਦੀ, ਸਭ ਕੁਝ ਸਿਰ ਤੇ ਝਲਦਾ ।
ਕਾਮਲ ਮੁਰਸ਼ਦ ਜੈਨੂੰ ਮਿਲਿਆ, ਸੋ ਮਹਰਮ ਹੋਇਆ ਦਿਲ ਦਾ ।
ਸੰਤਰੇਣ ਇਹ ਵਖਤ ਜ਼ਰੂਰੀ, ਕੰਮ ਨਹੀਂ ਇਹ ਕੱਲ ਦਾ ।

59

ਫਕਰ ਉਹ ਜਿਨ੍ਹਾਂ ਫਿਕਰ ਨ ਕੋਈ, ਜੇੜ੍ਹੇ ਰਬ ਦੇ ਰਾਹ ਵਿਕਾਣੇ ।
ਦਿਲ ਵਿਚ ਖਾਹਿਸ਼ ਨ ਰਹੀ ਕਾਈ, ਜਗ ਵਿਚ ਰਹਿਣ ਨਿਮਾਣੇ ।
ਬਾਤਨ ਜ਼ਿਕਰ ਹਮੇਸ਼ਾਂ ਕਰਦੇ, ਜ਼ਾਹਰ ਕੋਈ ਨ ਜਾਣੇ ।
ਸੰਤਰੇਣ ਉਹ ਸਭ ਤੇ ਡਾਢੇ, ਪਰ ਹੁੰਦੇ ਤਾਣ ਨਿਤਾਣੇ ।

60

ਅਗੈ ਗ਼ੈਰ ਨ ਰਿਹਾ ਦਿਸੇ ਕੋਈ, ਤੁਧ ਆਪੇ ਗ਼ੈਰ ਬਣਾਇਆ ।
ਅਵਲ ਆਖਰ ਹੋਰ ਨ ਕੋਈ, ਵਿਚ ਖੁਦੀ ਭੁਲਾਵਾਂ ਪਾਇਆ ।
ਸਭਨਾ ਰਲ ਕੇ ਇਕੋ ਆਖਿਆ, ਮਨਸੂਰ ਭੀ ਇਹੋ ਅਲਾਇਆ ।
ਸੰਤਰੇਣ ਤਹਿਕੀਕ ਇਹਾ ਗੱਲ, ਜੋ ਸਭਨਾਂ ਆਖ ਸੁਣਾਇਆ ।

61

ਲਾ ਮਕਾਨ ਵਿਚ ਸੈਰ ਅਸਾਡਾ, ਉਥੇ ਹੋਰ ਨ ਪਹੁੰਚੇ ਕੋਈ ।
ਲਖ ਸਿਆਣੇ ਅਤੇ ਇਲਮਾਂ ਵਾਲੇ, ਉਹ ਹਰਗਿਜ਼ ਲਹਿਨ ਨ ਢੋਈ ।
ਪਹੁੰਚੇ ਸੋਈ ਜੋ ਖੁਦੀ ਤੋਂ ਗੁਜ਼ਰੇ, ਜਿਨ੍ਹਾਂ ਦਿਲ ਦੀ ਸਾਫੀ ਹੋਈ ।
ਸੰਤਰੇਣ ਕੀ ਸਰਫਾ ਸਿਰ ਦਾ, ਉਥੇ ਬਿਨ ਸਿਰ ਲਖ ਖਲੋਈ ।

62

ਜੈਨੂੰ ਸਾਈਂ ਅਪਣੇ ਵਲ ਸਦਦਾ, ਉਹ ਨਾਲ ਫਕਰ ਦੇ ਬੈਂਹਦਾ ।
ਬਿਨਾ ਮੇਹਰ ਸਾਈਂ ਦੇ ਲੋਕਾ, ਵਿਚੋਂ ਨੁਕਤਾ ਮੂਲ ਨ ਢੈਂਹਦਾ ।
ਛਡੇ ਖੁਦੀ ਤਾਂ ਖੁਦ ਹੋ ਬੈਠੇ, ਜੋ ਆਰਫ ਸੋ ਕਹਿੰਦਾ ।
ਸੰਤਰੇਣ ਤੂੰ ਆਪਾ ਛਡ, ਬਾਕੀ ਜੋ ਰਹਿੰਦਾ ਸੋ ਰੈਂਹਦਾ ।

63

ਫਕਰ ਸੋਈ ਜੈ ਨੂੰ ਫਿਕਰ ਨ ਕੋਈ, ਬਿ ਫਿਕਰਾ ਫਕਰ ਕਹਾਵੈ ।
ਦਿਲ ਥੀਂ ਗ਼ੈਰ ਦਲੀਲ ਨ ਆਣੈ, ਤੇ ਮੂੰਹੋਂ ਨ ਗ਼ੈਰ ਅਲਾਵੈ ।
ਦਮ ਕਦਮ ਦੋਵੇਂ ਕਰੇ ਬਰਾਬਰ, ਸੋ ਖਾਸ ਫਕੀਰੀ ਪਾਵੈ ।
ਸੰਤਰੇਣ ਇਹ ਰਾਹ ਫਕਰ ਦਾ, ਬਿਨ ਕਾਮਲ ਹਥ ਨ ਆਵੈ ।

64

ਜੈ ਨੂੰ ਜਾਗੈ ਚਿਣਗ ਇਸ਼ਕ ਦੀ, ਉਸ ਹੋਰ ਨਹੀਂ ਕੁਛ ਭਾਵੈ ।
ਸਸੀ ਪੁਨੂੰ ਤੇ ਲੈਲਾ ਮਜਨੂੰ, ਹੀਰ ਰਾਂਝਾ ਸਭ ਕੋਈ ਗਾਵੈ ।
ਬਾਤਨ ਵਾਲੇ ਮਨਸੂਰ ਜੇਹੇ, ਲੈ ਸਿਰ ਤੋਂ ਪਰੇ ਖਿਡਾਵੈ ।
ਸੰਤਰੇਣ ਇਹ ਕਰਮ ਸਾਈਂ ਦਾ, ਕੋਈ ਇਸ਼ਕ ਨ ਮੁਲ ਵਿਕਾਵੈ ।

65

ਜ਼ਾਹਰ ਇਸ਼ਕ ਜਿਨ੍ਹਾਂ ਨੂੰ ਲਗਾ, ਉਨ੍ਹਾਂ ਸਿਰ ਤੋਂ ਕਦਮ ਅਗੇਰੇ ।
ਤੇ ਸਚੀ ਸੌਂਕ ਸਾਈਂ ਦੀ ਵਾਲੇ, ਸੋ ਕਿਉਂ ਰਹਨ ਪਿਛੇਰੇ ।
ਵੇਖਨ ਖਾਕ ਤੇ ਨਹੀਂ ਮੂੰਹ ਮੋੜਨ, ਕੋਈ ਨੂਰ ਵਾਲਾ ਮੂੰਹ ਫੇਰੇ ।
ਸੰਤਰੇਣ ਕੀ ਆਖ ਸੁਣਾਵਾਂ, ਇਹ ਰਾਂਝਨ ਪਰੇ ਪਰੇਰੇ ।

66

ਕੀ ਆਖਾਂ ਇਕ ਪਲ ਸੁਖ ਦੀ ਗੱਲ, ਮੂੰਹੋਂ ਨ ਆਖੀ ਜਾਵੈ ।
ਤੇ ਜਿਸ ਨੂੰ ਵਿਥ ਨ ਪਉਂਦੀ ਪਲ ਦੀ, ਉਹ ਕੀ ਆਖ ਸੁਣਾਵੈ ।
ਜੇ ਲਖ ਬਹਿਸ਼ਤ ਤਿਸ ਅਗੇ ਧਰੀਅਨ, ਬਿਨ ਦਿਲਬਰ ਹੋਰ ਨਾ ਭਾਵੈ ।
ਸੰਤਰੇਣ ਸੁਖ ਦਾਤ ਖਸਮ ਦੀ, ਸੋ ਜਾਣੇ ਜਿਸ ਨੂੰ ਆਵੈ ।

67

ਤੇ ਤੁਧ ਸਾਈਂ ਵਿਚ ਫ਼ਰਕ ਨ ਕੋਈ, ਜੇ ਟੁਕ ਦੁਈ ਗਵਾਏਂ ।
ਅਤੇ ਬਾਹਰ ਢੂੰਡਣ ਥੀਂ ਤੂੰ ਛੁਟੈਂ, ਦਿਲ ਵਿਚ ਦਿਲਬਰ ਪਾਏਂ ।
ਛਡੇ ਸ਼ੱਕ ਤੇ ਹੱਕ ਪਛਾਣੈਂ, ਜੇ ਨਾਲ ਮੁਰਸ਼ਦ ਦਿਲ ਲਾਏਂ ।
ਸੰਤਰੇਣ ਸੁਖ ਤਦ ਹਥ ਆਵੀ, ਜੇ ਨ ਵੇਖੇਂ ਦਾਇੰ ਬਾਏਂ ।

68

ਇਹ ਨੁਕਤਾ ਜਿਸ ਦੇ ਹੱਥ ਆਇਆ, ਤਿਸ ਹੋਰ ਨ ਰਹਿਆ ਕਰਨਾ ।
ਆਖਣ ਵਿਚ ਇਹ ਬਹੁਤ ਸੁਖਾਲਾ, ਪਰ ਮਰਨ ਥੀਂ ਅਗੇ ਮਰਨਾ ।
ਨਾ ਕੋਈ ਖ਼ਾਹਿਸ਼ ਬਹਿਸ਼ਤ ਦੀ ਰਖੇ, ਅਤੇ ਨਾ ਦੋਜ਼ਕ ਤੇ ਡਰਨਾ ।
ਸੰਤਰੇਣ ਇਥੇ ਇਹ ਸਿਆਣਪ, ਲੜ ਲਗ ਕਾਮਲ ਦੇ ਤਰਨਾ ।

69

ਬਿਨ ਮੁਰਸ਼ਦ ਕਾਮਲ ਦੇ ਬਾਝੋਂ, ਹੋਰ ਰਾਹ ਸਭੋ ਕੋਈ ਭੁਲਦਾ ।
ਜੈਨੂੰ ਮੁਰਸ਼ਿਦ ਨਾਲ ਮੁਹਬਤ, ਤਿਨ ਸਿਰ ਛਤ੍ਰ ਫਤਹ ਦਾ ਝੁਲਦਾ ।
ਖੈਰ ਫਕਰ ਦਾ ਤਿਸ ਹਥ ਆਵੈ, ਜੋ ਦਰ ਕਾਮਲ ਦੇ ਰੁਲਦਾ ।
ਸੰਤਰੇਣ ਚਲ ਮਿਲ ਸਚਿਆਰਾਂ, ਇਹ ਰਾਹ ਵਡਾ ਈ ਪੁਲ ਦਾ ।

70

ਸੁਖ ਸਾਈਂ ਦਾ ਤਿਸ ਦੇ ਹਿਸੇ, ਜੈ ਨੂੰ ਕੰਮ ਨ ਦੁਨੀਆਂਦਾਰਾਂ ।
ਲੈਣ ਦੇਣ ਜਿਸ ਨਾਲ ਫ਼ਕੀਰਾਂ, ਉਹ ਕਰਦਾ ਸਦਾ ਬਹਾਰਾਂ ।
ਕਰੇ ਕਿਨਾਇਤ ਤੇ ਪਕੜੇ ਗੋਸ਼ਾ, ਵਿਚ ਬੈਠਾ ਗੁਲ ਗੁਲਜ਼ਾਰਾਂ ।
ਸੰਤਰੇਣ ਉਸ ਖੁਸ਼ੀ ਹਮੇਸ਼ਾਂ, ਜਿਸ ਮੁਹਬਤ ਪਾਈ ਯਾਰਾਂ ।

71

ਅੰਦਰੋਂ ਦੁਨੀਆਂ ਨਾਲ ਮੁਹਬਤ, ਉਤੇ ਜ਼ਿਕਰ ਸਾਈਂ ਦਾ ਕਰਦਾ ।
ਗੱਲੀਂ ਸੈਰ ਕਰੇ ਅਸਮਾਨੀਂ, ਤੇ ਕੌਡੀ ਤੋਂ ਲੜ ਮਰਦਾ ।
ਪੈਰੀਂ ਸੰਗਲ ਤੇ ਹਥ ਹਥੌੜੀ, ਓ ਡਿਠੋਈ ਕੋਈ ਤਰਦਾ ।
ਸੰਤਰੇਣ ਉਹ ਠੱਗ ਸਾਈਂ ਦਾ, ਉਸ ਥੋਂ ਦੋਜ਼ਕ ਭੀ ਪਿਆ ਡਰਦਾ ।

72

ਦਿਲ ਵਿਚ ਜਿਸ ਨੂੰ ਸਾਈਂ ਪਿਆਰਾ, ਉਹ ਭੀ ਸਭ ਕੁਝ ਕਰਦਾ ।
ਲੋਕਾਂ ਵਿਚ ਉਹ ਲੋਕਾਂ ਜਿਹਾ, ਅਗੇ ਕਦਮ ਫਕਰਾਂ ਵਿਚ ਧਰਦਾ ।
ਦਿਲ ਵਿਚ ਹਰਗਿਜ਼ ਗ਼ੈਰ ਨ ਜਾਣੇ, ਜ਼ਾਹਰ ਲੜਦਾ ਮਰਦਾ ।
ਸੰਤਰੇਣ ਉਹ ਦੋਵੇਂ ਬਰਾਬਰ, ਵਿਚ ਜ਼ਰਾ ਕੁ ਜਿਹਾ ਪੜਦਾ ।

73

ਜਿਸ ਨੂੰ ਮਿਲਿਆ ਯਾਰ ਪਿਆਰਾ, ਉਸ ਸੁਖ ਨਾਲ ਉਮਰ ਵਿਹਾਣੀ ।
ਬਿਨ ਦਿਲਬਰ ਹੋਰ ਤਿਸ ਹੋਰ ਨ ਦਿਸੈ, ਮਿਲਣ ਦੀ ਇਹ ਨਿਸਾਣੀ ।
ਮਿਲਿਆਂ ਜੁਦਾ ਨ ਹੋਵੇ ਹਰਗਿਜ਼, ਜਿਉਂ ਬਰਫ ਮਿਲੀ ਨਾਲ ਪਾਣੀ ।
ਸੰਤਰੇਣ ਪਰ ਮਿਲਦਾ ਉਹੋ, ਜਿਸ ਕੀਤੀ ਤਬਾ ਨਿਮਾਣੀ ।

74

ਜਿਸ ਨੂੰ ਮੁਰਸ਼ਦ ਨਾਲ ਮੁਹੱਬਤ, ਸੁਖ ਆਵੈ ਤਿਸੇ ਦੇ ਹਿਸੇ ।
ਜ਼ਾਹਰ ਨੇਕ ਅਮਲ ਜੋ ਕਰਦਾ, ਉਸ ਬਾਤਨ ਗ਼ੈਰ ਨ ਦਿਸੇ ।
ਸਚੀ ਸਿਕ ਤੇ ਮੰਗ ਸਚਿਆਰਾਂ, ਏ ਹਥ ਚੜ੍ਹੀ ਦਉਲਤ ਕਿਸੇ ।
ਸੰਤਰੇਣ ਉਹ ਸਭ ਥੀਂ ਡਾਢੇ, ਪਰ ਦਿਲ ਥੀਂ ਸਭ ਥੀਂ ਲਿਸੇ ।

75

ਜਿਸ ਨੂੰ ਕੰਮ ਸਾਈਂ ਨਾਲ ਹੋਇਆ, ਉਹ ਲੋਕਾਂ ਵੱਲ ਕੀ ਵੇਖੇ ।
ਕੋਈ ਨਿੰਦੇ, ਕੋਈ ਬੰਦੇ, ਉਸ ਨੂੰ, ਦੋਵੇਂ ਇਕਤੇ ਲੇਖੇ ।
ਦਿਲ ਥੀਂ ਹਰਗਿਜ਼ ਗ਼ੈਰ ਨਾ ਜਾਣੈ, ਉਹ ਹਰਿ ਵੇਖੈ ਹਰ ਭੇਖੇ ।
ਸੰਤਰੇਣ ਜੋ ਖੁਦੀ ਤੋਂ ਗੁਜ਼ਰੇ, ਸੋ ਅਜ਼ਬ ਤਮਾਸ਼ਾ ਵੇਖੇ ।

76

ਜਿਨ੍ਹਾਂ ਕੰਮਾਂ ਨੂੰ ਭਜ ਭਜਿ ਪਉਂਦੇ, ਸੇ ਕੰਮ ਨ ਕਿਤੇ ਆਵਨ ।
ਜੇੜ੍ਹਾ ਕੰਮ ਜ਼ਰੂਰੀ ਸਭ ਨੂੰ, ਉਸ ਤੋਂ ਭਜ ਭਜ ਜਾਵਨ ।
ਛਡਨ ਸੱਚ ਤੇ ਕੱਚ ਵਿਹਾਝਨ, ਸੋ ਆਖਰ ਪਛੋਤਾਵਨ ।
ਸੰਤਰੇਣ ਜੇੜ੍ਹੇ ਛਡ ਖਲੋਤੇ, ਸੇ ਹਰਗਿਜ਼ ਖ਼ਤਾ ਨ ਖਾਵਨ ।

77

ਕੰਮ ਜ਼ਰੂਰੀ ਪਏ ਬੇ ਮਕਦੂਰੀ, ਇਹ ਆਖਰ ਕੰਮ ਨ ਕੰਮ ਦੇ ।
ਹੀਲੇ ਲਖ ਦੁਨੀਆਂ ਦੇ ਕਰਦੇ, ਸਾਰੀ ਉਮਰ ਗਈ ਵਿਚ ਗ਼ਮ ਦੇ ।
ਹੁਕਮ ਹਕੂਮਤ ਚਾਰ ਦਿਹਾੜੇ, ਇਹ ਦਾਮ ਚਲਾਵਣ ਚੰਮ ਦੇ ।
ਸੰਤਰੇਣ ਤਿਨ੍ਹਾਂ ਹੋਈ ਖਲਾਸੀ, ਜੇੜ੍ਹੇ ਵਾਕਫ ਹੋਏ ਦਮ ਦੇ ।

78

ਜੇੜ੍ਹੇ ਦਮ ਦੇ ਵਾਕਫ ਹੋਏ, ਸੇ ਗ਼ੈਰ ਦਲੀਲ ਨ ਕਰਦੇ ।
ਜੋ ਦਮ ਕੱਢਣ ਸੋ ਯਾਦ ਸਾਈਂ ਦੀ, ਇਕ ਕਦਮ ਨ ਡਿੰਗਾ ਧਰਦੇ ।
ਇਕ ਪਲ ਜੁਦਾ ਨ ਹੋਵਨ ਹਰਗਿਜ਼, ਜਿਥੋਂ ਤਾਈਂ ਸਰਦੇ ।
ਸੰਤਰੇਣ ਜੇੜ੍ਹੇ ਵਾਕਫ ਦਮ ਦੇ, ਸੇ ਖਾਸ ਸਾਈਂ ਦੇ ਬਰਦੇ ।

79

ਜੀਮ ਜ਼ਰੂਰ ਕੰਮਾਂ ਦੀ ਕੇਹੀ, ਜਾਂ ਇਥੇ ਮੂਲ ਨ ਰੈਹਣਾ ।
ਜਿਸ ਨੂੰ ਰਾਤ ਸਰਾਂ ਵਿਚ ਆਵੇ, ਤਿਸ ਦਾਵਾ ਕੀ ਬੰਨ੍ਹ ਬੈਹਣਾ ।
ਦਿਨ ਚੜ੍ਹਿਆ ਉਠ ਰਾਹੀ ਹੋਇਆ, ਉਸ ਭਲਾ ਬੁਰਾ ਕੀ ਕੈਹਣਾ ।
ਸੰਤਰੇਣ ਜੇ ਮਿਲੇ ਫਕੀਰਾਂ, ਤਾਂ ਸਭ ਵਲ ਤੇਰਾ ਲੈਹਣਾ ।

80

ਕੰਮ ਜ਼ਰੂਰੀ ਤੇਰੇ ਇਥੇ ਰਹਿਸਨ, ਪਉਸੀ ਕੰਮ ਅਗੇਰੇ ।
ਇਕ ਕਦਮ ਤੇਰੇ ਨਾਲ ਨਾ ਜਾਸਨ, ਜੇੜ੍ਹੇ ਮੰਨ ਬੈਠੋਂ ਤੂੰ ਮੇਰੇ ।
ਜਿਨ੍ਹਾਂ ਨਾਲ ਮੁਹਬਤ ਤੇਰੀ, ਸੋ ਦੁਸ਼ਮਨ ਹੋਸਨ ਤੇਰੇ ।
ਸੰਤਰੇਣ ਏਥੇ ਰਹਿਣ ਨ ਹੋਂਦਾ, ਕੁਝ ਕਰ ਲੈ ਕੰਮ ਸਵੇਰੇ ।

81

ਦਾਲ ਦੀਨ ਨ ਹੋਵੇ ਕਿਸੇ ਦੇ ਅਗੇ, ਜੇ ਲਿਖਯਾ ਸਭ ਦੇ ਨਾਲੇ ।
ਚਉਰਾਸੀ ਲਖ ਜੋਨ ਉਪਾਈ, ਉਹ ਸਭ ਨੂੰ ਆਪ ਸਮਾਲੇ ।
ਪਲ ਪਲ ਖਬਰ ਲਏ ਉਹ ਸਭ ਦੀ, ਮਾਤ ਪਿਤਾ ਜਿਉਂ ਪਾਲੇ ।
ਸੰਤਰੇਣ ਹੁਣ ਚਿੰਤਾ ਕੇਹੀ, ਜਾਂ ਰਾਜ਼ਕ ਡਿਠਾ ਨਾਲੇ ।

82

ਕੀ ਆਖਾਂ ਇਕ ਪਲ ਸੁਖ ਦੀ ਗਲ, ਮੁਹੋਂ ਨ ਆਖੀ ਜਾਵੇ ।
ਜਿਸ ਨੂੰ ਵਿਥ ਨ ਪਉਂਦੀ ਪਲ ਦੀ, ਓਹ ਕੀ ਆਖ ਸੁਣਾਵੇ ।
ਜਿ ਲਖ ਬਹਿਸ਼ਤ ਅਗੇ ਧਰੀਏ, ਬਿਨ ਸਾਈਂ ਬਿਆ ਨ ਭਾਵੇ ।
ਸੰਤਰੇਣ ਸੁਖ ਦਾਤ ਖਸਮ ਦੀ, ਸੋ ਜਾਣੇ ਜਿਸ ਨੂੰ ਆਵੇ ।

83

ਜੇਹਾ ਸਾਈਂ ਸੰਤਾਂ ਪਿਆਰਾ, ਹੋਰ ਨਾ ਹੋਂਦਾ ਕਿਸੇ ।
ਅਤੇ ਜੇਹੜਾ ਕਦਰ ਸਾਈਂ ਦੀ ਜਾਣੈ, ਸੁਖ ਆਵੇ ਤਿਸ ਦੇ ਹਿਸੇ ।
ਜਿਸ ਦੀ ਲਗਨ ਹੋਵੇ ਦਿਲ ਅੰਦਰ, ਉਸ ਹਰ ਵਲ ਉਹੋ ਦਿਸੇ ।
ਸੰਤਰੇਣ ਸਾਈਂ ਦਾ ਹੋਵੈਂ, ਤਾਂ ਸਾਈਂ ਤੈਂਥੈ ਵਿਸੇ ।

84

ਮਹਵ ਜਾਨੀ ਨਾਲ ਓਹੋ ਹੋਇ, ਜਿਨ੍ਹਾਂ ਲੜ ਕਾਮਲ ਦਾ ਫੜਿਆ ।
ਤੇ ਜਿਸ ਤੇ ਨਜ਼ਰ ਮਿਹਰ ਦੀ ਕਰਦੇ, ਉਹ ਘਰ ਆਪਣੇ ਜਾਇ ਵੜਿਆ ।
ਬਿਨ ਮੁਰਸ਼ਦ ਕੰਮ ਕੁਝ ਨਾ ਹੋਂਦਾ, ਇਹ ਘਾਟ (ਘਾੜ) ਅਵੇਹਾ ਘੜਿਆ ।
ਸੰਤਰੇਣੁ ਘਰ ਰਬੁ ਦਾ ਉਚਾ, ਬਿਨ ਪਉੜੀ ਕੋਈ ਨ ਚੜ੍ਹਿਆ ।

85

ਤੇ ਜੇੜ੍ਹਾ ਉਚੀ ਜਾਹਾਂ ਤੇ ਬਹਿੰਦਾ, ਉਸ ਨੂੰ ਸਭ ਕਿਛ ਦਿਸਦਾ ।
ਜਿਸ ਵਲ ਵੇਖੇ ਸਾਈਂ ਹੀ ਵੇਖੇ, ਹਥ ਫੜੇ ਮੁਰਸ਼ਦ ਲੈ ਜਿਸ ਦਾ ।
ਨਜ਼ਰ ਕਾਮਲ ਦੀ ਬਹੁਤੇ ਤਾਰੇ, ਨਾਉਂ ਲਈ ਕਿਸ ਕਿਸ ਦਾ ।
ਸੰਤਰੇਣ ਜੇ ਕਰਮ ਕਰੇ ਰਬ, ਮੈਂ ਭੀ ਹੋਵਾਂ ਤਿਸ ਦਾ ।

86

ਹਿੰਦੂ ਤੁਰਕ ਦੁਹੀਂ ਥੀਂ ਨਿਆਰੇ, ਜਾਤ ਫਕਰ ਸਾਈਂ ਹੋਇਆ ਆਪੇ ।
ਤੇ ਅੱਖੀਂ ਵਾਲਿਆਂ ਨੂੰ ਸਭ ਕਿਛ ਮਾਲੂਮ, ਤੇ ਅੰਨ੍ਹੇ ਨੂੰ ਕੀਕੁਰ ਜਾਪੇ ।
ਜੇਹੇ ਅਸੀਂ ਤੇਹੇ ਜੇਹੇ ਏ ਭੀ, ਸਭ ਨੂੰ ਜਾਣਦੇ ਮਾਪੇ ।
ਸੰਤਰੇਣ ਉਹ ਹੋਰ ਅੱਖੀਂ ਨੀ, ਜਿਨ੍ਹੀ ਅੱਖੀਂ ਫਕਰ ਸਿਞਾਪੇ ।

87

ਕਾਫ ਕਨਾਇਤ ਕਰੇ ਜੇ ਕੋਈ, ਉਸ ਖਾਤਰ ਕੁਝ ਨ ਰੈਂਹਦੀ ।
ਰਾਜਾ ਰੰਕ ਉਸੇ ਨੂੰ ਦਿਸਦਾ, ਜਿਸ ਨੂੰ ਖਾਹਿਸ਼ ਦਿਲ ਵਿਚ ਬੈਂਹਦੀ ।
ਕਰਮ ਕਰੇ ਤਾਂ ਖਾਹਿਸ਼ ਛੁਟਦੀ, ਨਹੀਂ ਜਾਂਦੀ ਦੁਨੀਆਂ ਵੈਂਹਦੀ ।
ਸੰਤਰੇਣ ਕੋਈ ਦਿਲ ਥੀਂ ਛਡਦਾ, ਅਤੇ ਮੂੰਹੋਂ ਸਭਾ ਪਈ ਕੈਂਹਦੀ ।

88

ਸੇ ਸਾਬਤ ਇਸ਼ਕ ਉਸੇ ਦਾ ਹੋਇਆ, ਜਿਸ ਪਿਛੇ ਕਦਮ ਨ ਧਰਿਆ ।
ਹਰ ਦਮ ਕਦਮ ਸਵਾਇਆ ਅਗੇ, ਜਿਥੋਂ ਤਾਈਂ ਸਰਿਆ ।
ਹਿਰਸ ਹਵਾਇ ਦੁਨੀਆਂ ਦੀ ਛਡੀ, ਲੜ ਲਗ ਕਾਮਲ ਦੇ ਤਰਿਆ ।
ਸੰਤਰੇਣ ਨੁਕਤਾ ਹਥ ਆਇਆ, ਜਾਂ ਇਲਮ ਬੇਨੁਕਤਾ ਪੜ੍ਹਿਆ ।

89

ਜ਼ੇ ਜ਼ਿਕਰ ਕੀਤਾ ਮਨਸੂਰ ਖੁਦਾਈ, ਉਸ ਐਨਲਹਕ ਸੁਣਾਇਆ ।
ਤਹਕੀਕ ਕੀਤਾ ਦਿਲ ਨਾਲ ਗੁਆਹੀਆਂ, ਤਾਂ ਇਹ ਸੁਖ਼ਨ ਅਲਾਇਆ ।
ਲੋਕਾਂ ਫੜ ਕੇ ਸੂਲੀ ਚਾੜ੍ਹਿਆ, ਉਸ ਕਾਮਲ ਦਰਜਾ ਪਾਇਆ ।
ਸੰਤਰੇਣ ਮਨਸੂਰ ਨ ਰਿਹਾ ਤਾਂ, ਇਹ ਨੁਕਤਾ ਹਥ ਆਇਆ ।

90

ਏਨਾ ਵਿਖਯਾਂ ਦੇ ਸਵਾਦ ਸਾਰਾ ਜਗ ਠਗਿਆ, ਤੂੰ ਏਹ ਨ ਛਡੇਂ ਕਦਾਹੀਂ ।
ਤਪੇ ਤਪੀਸਰ ਸਭ ਨੂੰ ਠਗਦੇ, ਜੇੜ੍ਹੇ ਰਹਿੰਦੇ ਉਠ ਸਬਾਹੀਂ ।
ਸਿਰ ਦੇ ਕੇਸ ਚਿਟੇ ਸਭ ਹੋਇ ਤੇਰੇ, ਤੂੰ ਅਜੇ ਭਿ ਸਮਝੇ ਨਾਹੀਂ ।
ਸੰਤਰੇਣ ਜੇ ਛਡੇ ਇਨ੍ਹਾਂ ਨੂੰ, ਤਾਂ ਹੋਵੀ ਸੁਖ ਤਦਾਈਂ ।

91

ਵਿਖਯਾਂ ਦਾ ਸੁਆਦ ਤਾਂਹੀਂ ਏਹ ਛੁਟਤਾ, ਜੇ ਸਾਈਂ ਦਾ ਰਸ ਆਵੈ ।
ਗੱਲ ਨਾਲ ਫੜਨ ਬਹੁਤੇਰੇ, ਕਰ ਕਰ ਝੂਠੇ ਦਾਵੈ ।
ਹੋਰ ਕਿਵੇਂ ਸੁਆਦ ਨ ਛੁਟੇ ਇਨ੍ਹਾਂ ਦਾ, ਤੋੜੇ ਅਠਸਠ ਤੀਰਥ ਨ੍ਹਾਵੈ ।
ਸੰਤਰੇਣ ਜਿਸ ਅੰਮ੍ਰਿਤ ਪੀਤਾ, ਤਿਸ ਹੋਰ ਸੁਆਦ ਨ ਭਾਵੈ ।

92

ਬਿਨਾ ਦਰਦ ਕੋਈ ਫਕਰ ਨ ਹੋਸੀ, ਅਗੇ ਨ ਕੋਈ ਹੋਇਆ ਨ ਹੋਂਦਾ ।
ਦਰਦ ਰਫੀਕ ਹਮੇਸ਼ਾ ਫਕਰ ਦਾ, ਉਹ ਨਾਲ ਦਰਦ ਦੇ ਹਸਦਾ ਰੋਂਦਾ ।
ਜਿਸ ਨੂੰ ਦਰਦ ਸੁ ਹਾਸਲ ਹੋਇਆ, ਬਿਨ ਦਰਦ ਸੁ ਦੂਰ ਖਲੋਂਦਾ ।
ਸੰਤਰੇਣ ਸੋ ਕਾਮਲ ਹੋਂਦਾ, ਜੋ ਹਥ ਦੁਨੀਆਂ ਤੋਂ ਧੋਂਦਾ ।

93

ਜੇਹੜੇ ਸਭ ਵਿਚ ਸਾਈਂ ਵੇਖਨ, ਤਿਨ੍ਹਾ ਦਰ ਹਥ ਆਵੇ ।
ਬਿਨਾ ਦਰਦ ਕੋਈ ਫਕਰ ਨ ਹੋਂਦਾ, ਤੋੜੇ ਬੰਨ੍ਹੇ ਵਡੇ ਦਾਵੇ ।
ਜਿਸ ਨੂੰ ਸ਼ੌਕ ਫਕਰ ਦਾ ਹੋਵੇ, ਸੋ ਦਰਦਵੰਦਾਂ ਕੋਲ ਜਾਵੇ ।
ਸੰਤਰੇਣ ਇਹ ਦਰਦ ਫਕਰ ਦਾ, ਲੈ ਸਿਰ ਤੋਂ ਪਰੈ ਖਿਡਾਵੇ ।

94

ਮਨਸੂਰ ਲੈ ਲੋਕਾਂ ਸੂਲੀ ਚਾੜ੍ਹਿਆ, ਉਸ ਜ਼ਰਾ ਨ ਗੁੱਸਾ ਆਂਦਾ ।
ਵਿਚ ਦਰੀਆਉ ਦੇ ਜੋ ਬਾਹ ਘਤੋ, ਮਤ ਲੋਕ ਕੋਈ ਕੋਈ ਰੁੜ੍ਹ ਜਾਂਦਾ ।
ਸਿਰ ਤੋਂ ਪਰੇ ਦਰਦ ਉਸ ਕੀਤਾ, ਮੂੰਹੋਂ ਐਨਲਹਕ ਅਲਾਂਦਾ ।
ਸੰਤਰੇਣ ਇਹ ਦਰਦ ਅਵੇਹਾ, ਖੁਦ ਹੋਇ ਕੇ ਖੁਦੀ ਨੂੰ ਖਾਂਦਾ ।

95

ਜਮਾਤ ਬਣਾਇਆਂ ਸਾਧ ਨ ਹੋਂਦਾ, ਨਾਲ ਹੋਵਨ ਊਠ ਨਗਾਰੇ ।
ਬਿਭੂਤ ਚੜਾਇਆਂ ਸਾਧ ਨ ਹੋਂਦਾ, ਨਹੀਂ ਹੋਂਦਾ ਜਟਾਂ ਸਵਾਰੇ ।
ਕਠਨ ਵਿਦਿਆ ਪੜ੍ਹ ਸਾਧ ਨ ਹੋਂਦਾ, ਭਾਵੇਂ ਵੇਦ ਪੜ੍ਹੇ ਮੁਖ ਚਾਰੇ ।
ਸੰਤਰੇਣ ਸਾਧਾਂ ਦੇ ਲੱਖਣ, ਸਾਧ ਹੋਂਦਾ ਮਨ ਦੇ ਮਾਰੇ ।

96

ਸਾਧ ਨਾਉਂ ਸੂਧੇ ਹੋਵਨ ਦਾ, ਜੋ ਛਲਵਲ ਸਭੇ ਛਡੇ ।
ਦਿਲ ਥੀਂ ਹੋਰ ਖਿਆਲ ਭੁਲਾਇ, ਮਨ ਇਕਤੇ ਵਲ ਗਡੇ ।
ਕਰ ਸੰਤੋਖ ਬਹਿ ਰਹੇ ਕਿਨਾਰੇ, ਨ ਹੱਥ ਕਿਸੇ ਅਗੇ ਅਡੇ ।
ਸੰਤਰੇਣ ਸਾਧ ਵਿਰਲੇ ਹੋਂਦੇ, ਭਾਗ ਜਿਨ੍ਹਾਂ ਦੇ ਵਡੇ ।

97

ਜਿਨ੍ਹਾਂ ਰਾਜ਼ਕ ਸਾਈਂ ਜਾਤਾ, ਸੇ ਨਾਲ ਤਵੱਕੋ ਬੈਂਹਦੇ ।
ਮੰਨਨ ਹੁਕਮ ਰਜਾਇ ਸਾਈਂ ਦੀ, ਅਤੇ ਸਭ ਕਿਛ ਸਿਰ ਤੇ ਸੈਂਹਦੇ ।
ਜੇਹੀ ਆਵੇ ਤੇਹੀ ਜਾਲਨ, ਸੁਆਲ ਨ ਕਿਸੇ ਕੈਂਹਦੇ ।
ਸੰਤਰੇਣ ਜਿਨ੍ਹਾਂ ਰਾਜ਼ਕ ਜਾਤਾ, ਸੋ ਸਭ ਤਰ੍ਹਾਂ ਰਾਜ਼ੀ ਰੈਂਹਦੇ ।

98

ਜਿਨ੍ਹਾਂ ਜਾਤਾ ਇਥੋਂ ਸਰਪਰ ਜਾਣਾ, ਅਸੀਂ ਅਗੋਂ ਦਾ ਕੁਝ ਕਰੀਏ ।
ਜੋ ਦਿਸਦਾ ਸੋ ਨਾਲ ਨ ਨਿਭਦਾ, ਤਿਸ ਪਿਛੇ ਕਿਉਂ ਕਰ ਮਰੀਏ ।
ਹਰਗਿਜ਼ ਢਿਲ ਨ ਕਰੀਏ ਕੰਮ ਵਿਚ, ਜਿਥੋਂ ਤਾਈਂ ਸਰੀਏ ।
ਸੰਤਰੇਣ ਸੰਗ ਕਰੀਏ ਤਿਨ੍ਹਾਂ ਦਾ, ਲੜ ਲਗ ਜਿਨ੍ਹਾਂ ਦੇ ਤਰੀਏ ।

99

ਪੜ੍ਹਿ ਪੜ੍ਹਿ ਵਿਦਿਆ ਲੋਕ ਰਿਝਾਵਣ, ਕਿਈ ਪੰਡਤ ਕਿਈ ਸਿਆਣੇ ।
ਕਰਨ ਤਪੱਸਿਆ ਕਰਨ ਵਿਖਾਲਾ, ਜਾ ਬਹਿੰਦੇ ਮੜ੍ਹੀ ਮਸਾਣੇ ।
ਸਾਈਂ ਨਾਲ ਨ ਕੰਮ ਉਨ੍ਹਾਂ ਦਾ, ਉਹ ਮਾਇਆ ਹੱਥ ਵਿਕਾਣੇ ।
ਸੰਤਰੇਣ ਸਾਰਾ ਜਗ ਮੂਰਖ, ਇਕ ਸਾਹਿਬ ਲੋਕ ਸਿਆਣੇ ।

100

ਅਜ ਦਾ ਕੰਮ ਨਾ ਘੱਤੀਂ ਕੱਲ ਤੇ, ਕੀ ਜਾਣਾ ਕੱਲ ਕੇਹਾ ।
ਸੰਤਾਂ ਨਾਲ ਗੁਜ਼ਰਾਨ ਕਰੀਵੇ, ਖਾਇ ਕੇ ਬਿਹਾ ਤ੍ਰੇਹਾ ।
ਹੁਣ ਦਿਆਂ ਭੁਲਿਆਂ ਠੌਰ ਨ ਕਾਈ, ਨ ਕੋਈ ਸੁਖ ਸਨੇਹਾ ।
ਸੰਤਰੇਣ ਹੁਣ ਢਿਲ ਨ ਕਰੀਏ, ਲੱਖਾਂ ਦੀ ਗੱਲ ਏਹਾ ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ