Punjabi Poetry : Sant Ram Udasi

ਪੰਜਾਬੀ ਕਵਿਤਾਵਾਂ : ਸੰਤ ਰਾਮ ਉਦਾਸੀ

1. ਵਸੀਅਤ

ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ ।
ਮੇਰੇ ਲਹੂ ਦਾ ਕੇਸਰ ਰੇਤੇ 'ਚ ਨਾ ਰਲਾਇਓ ।

ਮੇਰੀ ਵੀ ਜਿੰਦਗੀ ਕੀ ? ਬਸ ਬੂਰ ਸਰਕੜੇ ਦਾ,
ਆਹਾਂ ਦਾ ਸੇਕ ਕਾਫ਼ੀ, ਤੀਲੀ ਬੇਸ਼ੱਕ ਨਾ ਲਾਇਓ ।

ਹੋਣਾ ਨਹੀਂ ਮੈ ਚਾਹੁੰਦਾ, ਸੜ ਕੇ ਸੁਆਹ ਇਕੇਰਾਂ,
ਜਦ ਜਦ ਢਲੇਗਾ ਸੂਰਜ, ਕਣ ਕਣ ਮੇਰਾ ਜਲਾਇਓ ।

ਵਲਗਣ 'ਚ ਕੈਦ ਹੋਣਾ, ਮੇਰੇ ਨਹੀਂ ਮੁਆਫ਼ਕ,
ਯਾਰਾਂ ਦੇ ਵਾਂਗ ਅਰਥੀ ਸੜਕਾਂ 'ਤੇ ਹੀ ਜਲਾਇਓ ।

ਜੀਵਨ ਤੋਂ ਮੌਤ ਤਾਈਂ, ਆਉਂਦੇ ਬੜੇ ਚੁਰਾਹੇ,
ਜਿਸ ਦਾ ਹੈ ਪੰਧ ਬਿਖੜਾ, ਓਸੇ ਹੀ ਰਾਹ ਲਿਜਾਇਓ ।

ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ ।
ਮੇਰੇ ਲਹੂ ਦਾ ਕੇਸਰ ਰੇਤੇ 'ਚ ਨਾ ਰਲਾਇਓ ।

2. ਗ਼ਜ਼ਲ-ਤੁਸੀਂ ਓਨਾ ਚਿਰ ਰਹੇ ਜਰਵਾਣਿਆਂ ਦੇ ਵਾਂਗ

ਤੁਸੀਂ ਓਨਾ ਚਿਰ ਰਹੇ ਜਰਵਾਣਿਆਂ ਦੇ ਵਾਂਗ ।
ਰਹੇ ਜਿੰਨਾ ਚਿਰ ਅਸੀਂ ਹੀ ਨਿਤਾਣਿਆਂ ਦੇ ਵਾਂਗ ।

ਭੋਰਾ ਦਿਲ ਜਦੋਂ ਖਿੜੇ, ਤੂੰ ਤਾਂ ਝੱਟ ਤੋੜ ਦੇਵੇਂ,
ਤੇਰੀ ਓਹੀ ਗੱਲ ਏ ਨਿਆਣਿਆਂ ਦੇ ਵਾਂਗ ।

ਸਾਡੀ ਭੁੱਖ ਵਾਲੀ ਭੱਠੀ ਜੇ ਤੂੰ ਨਹੀਂ ਸੀ ਬੁਝਾਉਣੀ,
ਕਾਹਨੂੰ ਵਿਚੋ ਵਿਚ ਭੁੰਨੀ ਗਏ ਦਾਣਿਆਂ ਦੇ ਵਾਂਗ ।

ਗੱਲਾਂ ਤੇਰੀਆਂ 'ਚ ਆਉਂਦਾ ਕਿਤੇ ਸਾaਡ ਵੀ ਜ਼ਿਕਰ,
ਮਿੱਠੇ ਅਸੀਂ ਵੀ ਹੋ ਜਾਣਾ ਸੀ ਮਖਾਣਿਆਂ ਦੇ ਵਾਂਗ ।

ਵਾਰ ਵਾਰ ਦਾ ਕਰਾਰ ਵਾਰ ਵਾਰ ਇਨਕਾਰ,
ਅਸੀਂ ਮੰਨੀ ਗਏ ਰੱਬ ਦਿਆਂ ਭਾਣਿਆਂ ਦੇ ਵਾਂਗ ।

3. ਗ਼ਜ਼ਲ-ਨਹੀਂ ਚਿਹਰੇ ਉਦਾਸ ਵੇਖਾਂਗੇ

ਨਹੀਂ ਚਿਹਰੇ ਉਦਾਸ ਵੇਖਾਂਗੇ ।
ਤੇਰੀ ਜ਼ਿੰਦਗੀ ਹੁਲਾਸ ਵੇਖਾਂਗੇ ।

ਸਾਡੇ ਮਰਨੇ ਦੀ ਖ਼ਬਰ ਦਾ ਕੀ ਬਣਿਆਂ,
ਤੇਰੇ ਪਿੰਡ ਦਾ ਜਲਾਸ ਵੇਖਾਂਗੇ ।

ਹਾਂ ! ਜੜੋ ਕਲੀ ਦੇ ਸਿਰ ਕਸੀਰ ਜੜੋ,
ਕਾਲੇ ਡੇਂਭੂ ਨਰਾਸ਼ ਵੇਖਾਂਗੇ ।

ਤੇਰੀ ਚਿੰਤਾ ਦੀ ਜ਼ਹਿਰ ਨੂੰ ਪੀ ਕੇ ਵੀ,
ਤੇਰੇ ਮਨ ਦਾ ਮਿਠਾਸ ਵੇਖਾਂਗੇ ।

ਪਹਿਲਾਂ ਧਰਤੀ ਦੇ ਸਾਰੇ ਚਿੱਬ ਕੱਢ ਕੇ,
ਤੇਰੀ ਝਾਂਜਰ ਦੀ ਰਾਸ ਵੇਖਾਂਗੇ ।

ਅਸੀਂ ਆਪਣੇ ਲਹੂ ਦੀ ਚਰ੍ਹਗਲ 'ਤੇ,
ਤੇਰੇ ਦਿਲ ਦਾ ਭੜਾਸ ਵੇਖਾਂਗੇ ।

4. ਗ਼ਜ਼ਲ-ਜ਼ਾਲਿਮ ਹੈ ਜਦ ਮਜ਼ਲੂਮ ਨੂੰ ਨੇਜ਼ੇ ਤੇ ਟੰਗਦਾ

ਜ਼ਾਲਿਮ ਹੈ ਜਦ ਮਜ਼ਲੂਮ ਨੂੰ ਨੇਜ਼ੇ ਤੇ ਟੰਗਦਾ ।
ਬਰਛਾ ਲਹੂ 'ਚੋਂ ਉਗਿਆ, ਜ਼ਾਲਮ ਨੂੰ ਡੰਗਦਾ ।

ਹੋ ਕੇ ਪਰ੍ਹਾਂ ਤੂੰ ਜੰਗੀਆ, ਅਮਨਾਂ ਦੀ ਗੱਲ ਛੇੜ,
ਲੋਕੀਂ ਕਰਨਗੇ ਫ਼ੈਸਲਾ, ਤੇਰੇ ਪਖੰਡ ਦਾ ।

ਮਿਲਦੀ ਕਲਮ ਦੇ ਨਾਲ ਜਾ, ਲੋਹੇ ਦੀ ਵਾਜ਼ ਆ,
ਚੜ੍ਹਦਾ ਨਸ਼ਾ ਗੋਬਿੰਦ ਦੀ ਚੰਡੀ ਦੇ ਚੰਡ ਦਾ ।

ਮੇਰੇ ਤਾਂ ਕੋਲ ਫੇਰ ਵੀ, ਗੀਤਾਂ ਦਾ ਸੇਕ ਹੈ,
ਆਓ ਇਲਾਜ ਸੋਚੀਏ, ਲੋਕਾਂ ਦੀ ਠੰਡ ਦਾ ।

ਹੱਕਾਂ ਲਈ ਹਾਂ ਵਰ ਰਹੇ, ਹੋਣੀ ਦੀ ਨਾਰ ਨੂੰ,
ਔਖਾ ਬੜਾ ਲੰਘਣਾ, ਜੀਵਨ ਦੇ ਰੰਡ ਦਾ ।

5. ਅਮਾਨਤ

ਅਸੀਂ ਜ਼ਰਾ ਵੀ ਝਾਕ ਨਾ ਰੱਖਦੇ ਹੂਰਾਂ ਦੀ ।
ਕਰੀ ਖ਼ੁਸ਼ਾਮਦ ਜਾਂਦੀ ਨਾ ਮਗ਼ਰੂਰਾਂ ਦੀ ।

ਜੀਵਨ ਨੂੰ ਮੈਂ ਸਾਂਭ ਸਾਂਭ ਕੇ ਰੱਖਦਾ ਹਾਂ,
ਮੇਰੇ ਕੋਲ ਅਮਾਨਤ ਇਹ ਮਜ਼ਦੂਰਾਂ ਦੀ ।

6. ਚੂੜੀਆਂ ਦਾ ਹੋਕਾ

ਸਾਡੀ ਬੀਹੀ ਵਿਚ ਚੂੜੀਆਂ ਦਾ ਹੋਕਾ,
ਦੇਈਂ ਨਾ ਵੀਰਾ ਵਣਜਾਰਿਆ ।
ਸਾਡੇ ਪਿੰਡਾਂ 'ਚ ਤਾਂ ਸਾਉਣ 'ਚ ਵੀ ਸੋਕਾ,
ਸੋਕਾ-ਵੇ ਵੀਰਾ ਵਣਜਾਰਿਆ ।

ਦਿਹਲੀਆਂ 'ਚ ਬੈਠੀ ਮੇਰੇ ਵੀਰ ਦੀ ਮਕਾਣ ਵੇ ।
ਆਈਆਂ ਕੁੜਮੱਤਾਂ ਮੇਰੀ ਭਾਬੀ ਨੂੰ ਵਰਾਣ ਵੇ ।
ਜੀਹਦੇ ਚਾਵਾਂ ਦਾ ਵੇ ਹੋ ਗਿਆ ਈ ਟੋਕਾ ।
ਟੋਕਾ-ਵੇ ਵੀਰਾ ਵਣਜਾਰਿਆ...........

ਤੀਆਂ ਦਾ ਤਿਹਾਰ ਭਾਈਆਂ ਸਿਰ 'ਤੇ ਮਨਾਈਦਾ ।
ਐਵੇਂ ਸਾਥੋਂ ਵੰਗਾਂ ਕੋਲੋ ਗੁੱਟ ਨੀ ਭਨਾਈਦਾ ।
ਤੂੰ ਕੀ ਜਾਣਦਾ ਏਂ ਭਲਿਆ ਵੇ ਲੋਕਾ ।
ਲੋਕਾ-ਵੇ ਵੀਰਾ ਵਣਜਾਰਿਆ...........

ਰਾਠਾਂ ਦੀ ਨੂੰਹ ਰੋਜ਼ ਰੱਤਾ ਚੂੜਾ ਛਣਕਾ ਕੇ ਵੇ ।
ਜਾਣ ਜਾਣ ਲੰਘੇ ਸਾਡੀ ਬੀਹੀ ਨੂੰ ਚਿੜਾ ਕੇ ਵੇ ।
ਲੱਥੇ ਉਹਦਾ ਵੀ ਸੁਹਾਗ ਦਾ ਵੇ ਕੋਕਾ ।
ਕੋਕਾ-ਵੇ ਵੀਰਾ ਵਣਜਾਰਿਆ............

ਫੇਰ ਸਾਡੇ ਪਿੰਡਾਂ 'ਚੋ ਨਿਰਾਸ਼ਾ ਨਾ ਤੂੰ ਜਾਏਂਗਾ ।
ਚੂੜੀਆਂ ਦੇ ਨਾਲ ਜਦੋਂ ਚਾਕੂ ਵੀ ਲਿਆਏਂਗਾ ।
ਅਸੀਂ ਪਾੜਨਾ ਕਾਨੂੰਨ ਦਾ ਵੇ ਖੋਖਾ ।
ਖੋਖਾ-ਵੇ ਵੀਰਾ ਵਣਜਾਰਿਆ ।

7. ਚਮਕੌਰ ਦੀ ਗੜ੍ਹੀ ਵਿਚ ਸਿੰਘਾਂ ਦਾ ਜੇਰਾ

ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ,
ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ ।
ਟੁੱਭੀ ਮਾਰ ਕੇ 'ਸਰਸਾ' ਦੇ ਰੋੜ੍ਹ ਅੰਦਰ,
ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ ।

ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ,
ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ ।
ਝੋਰਾ ਕਰੀਂ ਨਾ ਕਿਲ੍ਹੇ ਅਨੰਦਪੁਰ ਦਾ,
ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ ।

ਮਾਛੀਵਾੜੇ ਦੇ ਸੱਥਰ ਦੇ ਗੀਤ ਵਿੱਚੋਂ,
ਅਸੀ ਉਠਾਂਗੇ ਚੰਡੀ ਦੀ ਵਾਰ ਬਣ ਕੇ ।
ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ,
ਛਾਂਗ ਦਿਆਗੇ ਖੰਡੇ ਦੀ ਧਾਰ ਬਣ ਕੇ ।

ਬਾਪੂ ! ਸੱਚੇ ਇਕ ਕੌਮੀ ਸਰਦਾਰ ਤਾਈਂ,
ਪੀਰ ਉੱਚ ਦਾ ਵੀ ਬਣਨਾ ਪੈ ਸਕਦੈ ।
ਖ਼ੂਨ ਜਿਗਰ ਦੇ ਨਾਲ ਤਾਂ ਜ਼ਫਰਨਾਮਾ,
ਤੇਰੀ ਕਲਮ ਨੂੰ ਵੀ ਘੜਨਾ ਪੈ ਸਕਦੈ ।

(ਪਰ) ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਏਂ,
ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ ।
ਗੂਠਾ ਲਾਇਆ ਨਹੀ ਜਿਨ੍ਹਾਂ ਬੇਦਾਵਿਆਂ 'ਤੇ,
ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ ।

ਆਪਣੇ ਛੋਟਿਆਂ ਪੁੱਤਾਂ ਦੀ ਵੇਲ ਤਾਈਂ,
ਜੇਕਰ ਅੱਗ 'ਤੇ ਚੜ੍ਹੇ ਤਾਂ ਚੜ੍ਹਨ ਦੇਵੀ ।
ਸਾਡੀ ਮੜ੍ਹੀ 'ਤੇ ਉੱਗੇ ਹੋਏ ਘਾਹ ਅੰਦਰ,
ਠਾਹਰ ਸਿੰਘਾਂ ਦੀ ਬਣੇ ਤਾਂ ਬਣਨ ਦੇਵੀਂ ।

ਐਪਰ ਜਬਰ ਅੱਗੇ ਕਿੱਦਾਂ ਸਬਰ ਕਰੀਏ,
ਅਸੀ ਇਹੋ ਜੀ ਜ਼ਹਿਰ ਨਾ ਪੀ ਸਕਦੇ ।
ਨੱਕ ਮਾਰ ਕੇ ਡੰਗਰ ਵੀ ਜਿਉਣ ਜਿਸਨੂੰ,
ਅਸੀ ਜੂਨ ਅਜਿਹੀ ਨਾ ਜੀ ਸਕਦੇ ।

8. ਗੁਰੂ ਗੋਬਿੰਦ ਸਿੰਘ ਜੀ ਦੇ ਨਾਂ

ਜ਼ਿੰਦਗੀ ਦੇ ਰਾਹਾਂ ਵਿਚ ਹੱਕਾਂ ਦੀਆਂ ਮੰਜ਼ਲਾਂ ਨੂੰ
ਤੇਰਾ ਸਿੰਘ ਹੱਸ ਕੇ ਵਰੇ ।
ਓਨਿਆਂ ਸਿਰਾਂ ਦੀ ਫੇਰ ਮੁੜ ਕੇ ਹੈ ਲੋੜ ਸਾਨੂੰ
ਪਹਿਲਾਂ ਜਿੰਨੇ ਪੁੰਨ ਤੂੰ ਕਰੇ ।

ਸੱਚੇ ਸੁੱਚੇ ਸਿੰਘ ਦਾ ਤਾਂ ਇਹੋ ਈ ਕਮਾਲ ਏ ।
ਜ਼ਾਲਮਾਂ ਦੀ ਮੌਤ 'ਤੇ ਗਰੀਬਾਂ ਦੀ ਉਹ ਢਾਲ ਏ ।
ਤੇਰਾ ਸਿੰਘ ਸਦਾ ਹੱਕ ਸੱਚ ਲਈ ਲੜਦਾ ਏ,
ਭਾਵੇਂ ਵੀਅਤਨਾਮ 'ਚ ਲੜੇ ।
ਜ਼ਿੰਦਗੀ ਦੇ ਰਾਹਾਂ ਵਿਚ............

ਲੋਕਾਂ ਨੂੰ ਸਿਖਾਇਆ ਤੇਰੀ ਕਵਿਤਾ ਦੀ ਹੇਕ ਨੇ ।
'ਚਿੜੀ' ਕਿਵੇ 'ਬਾਜਾਂ' ਦੇ ਕਲੇਜੇ ਕੀਤੇ ਛੇਕ ਨੇ ।
ਚੰਡੀ ਦੀਆਂ ਵਾਰਾਂ ਦਾ ਨਿਸ਼ਾਨਾ ਰੱਖ ਦਿਲ ਵਿੱਚ,
'ਇਕੋ' ਸਵਾ ਲੱਖ ਨਾ' ਲੜੇ ।
ਜਿੰਦਗੀ ਦੇ ਰਾਹਾਂ ਵਿਚ..........

ਵਾਏ ਕੰਡਿਆਂ 'ਤੇ ਸੁੱਤਾ ਸ਼ੇਰ ਤੂੰ ਜਗਾਵਣਾ ।
ਅਜੇ ਤਾਂ ਬੇਦਾਵਿਆਂ ਨੂੰ ਮੁਕਤ ਕਰਾਵਣਾ ।
ਇਹਦੇ ਨਾਂ ਬੇਦਾਵਾ ਦੇਖ 'ਭਾਗੋ' ਦੀਆਂ ਚੂੜੀਆਂ ਵੀ,
ਬਣ ਜਾਣ ਲੋਹੇ ਦੇ ਕੜੇ ।
ਜ਼ਿੰਦਗੀ ਦੇ ਰਾਹਾਂ ਵਿਚ............

ਅੱਜ ਫੇਰ ਸਾਂਭਿਆ ਔਰੰਗੇ ਨੇ ਹੀ ਰਾਜ ਹੈ ।
ਪਿੰਡ ਪਿੰਡ ਪਹੁੰਚੀ ਚਮਕੌਰ ਦੀ ਆਵਾਜ਼ ਹੈ ।
ਵਿਹਲਾ ਜੇ ਗੋਬਿੰਦ ਵੀਅਤਨਾਮ ਤੇ ਕੰਪੂਚੀਆ 'ਚੋ,
ਆ ਕੇ ਹਿੰਦ ਵਿਚ ਵੀ ਲੜੇ ।
ਜ਼ਿੰਦਗੀ ਦੇ ਰਾਹਾਂ ਵਿਚ...........

ਸਰਸਾ ਦੇ ਰੋੜ੍ਹ ਵਾਗੂੰ ਭੂਤਰੀ ਮਹਿੰਗਾਈ ਏ ।
ਜ਼ੁਲਮਾਂ ਦੀ ਕੰਧ ਸਾਡੇ ਗਲਾਂ ਤੀਕ ਆਈ ਏ ।
ਵਿਹਲੜਾਂ ਦੇ ਮੂੰਹਾਂ ਉਤੇ ਲਾਲੀ ਰੋਜ਼ ਚੜ੍ਹਦੀ ਏ,
ਲਹੂ ਜਦੋਂ ਕਾਮੇ ਦਾ ਸੜੇ ।
ਜ਼ਿੰਦਗੀ ਦੇ ਰਾਹਾਂ ਵਿਚ ਹੱਕਾਂ ਦੀਆਂ ਮੰਜ਼ਲਾਂ ਨੂੰ,
ਤੇਰਾ ਸਿੰਘ ਹੱਸ ਕੇ ਵਰੇ ।

9. ਸੀਰੀ ਤੇ ਜੱਟ ਦੀ ਸਾਂਝੀ ਵਿਥਿਆ ਦੇ ਨਾਂ

ਗਲ ਲੱਗ ਕੇ ਸੀਰੀ ਦੇ ਜੱਟ ਰੋਵੇ,
ਬੋਹਲ੍ਹਾਂ ਵਿਚੋਂ ਨੀਰ ਵਗਿਆ ।
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ,
ਤੂੜੀ ਵਿਚੋਂ ਪੁੱਤ 'ਜੱਗਿਆ' ।

ਸਾਡੇ ਪਿੜ ਵਿਚ ਤੇਰੇ ਗਲ਼ ਚੀਥੜੇ ਨੀ,
ਮੇਰੀਏ ਜੁਆਨ ਕਣਕੇ ।
ਕੱਲ੍ਹ ਸ਼ਾਹਾਂ ਦੇ ਗੋਦਾਮਾਂ ਵਿਚੋਂ ਨਿਕਲ਼ੇਂ,
ਤੂੰ ਸੋਨੇ ਦਾ ਪਟੋਲਾ ਬਣ ਕੇ ।
ਤੂੰ ਵੀ ਬਣ ਗਿਆ ਗ਼ਮਾਂ ਦਾ ਗੁਮੰਤਰੀ,
ਓ ! ਮੇਰੇ ਬੇਜ਼ੁਬਾਨ ਢੱਗਿਆ ।
ਗਲ ਲੱਗ ਕੇ ਸੀਰੀ ਦੇ...

ਸਾਡਾ ਘੁੱਟੀਂ ਘੁੱਟੀਂ ਖ਼ੂਨ ਤੇਲ ਪੀ ਗਿਆ,
ਤੇ ਖ਼ਾਦ ਖਾ ਗਈ ਹੱਡ ਖਾਰ ਕੇ ।
ਬੋਲੇ ਬੈਂਕ ਦੀ ਤਕਾਵੀ ਵਹੀ ਅੰਦਰੋਂ,
ਬੋਹਲ ਨੂੰ ਖੰਗੂਰਾ ਮਾਰ ਕੇ ।
ਸਾਨੂੰ ਬਿਜਲੀ ਝੰਜੋੜਾ ਏਨਾ ਮਾਰਿਆ,
ਕਿ ਸੱਧਰਾਂ ਨੂੰ ਲਾਂਬੂ ਲੱਗਿਆ ।
ਗਲ ਲੱਗ ਕੇ ਸੀਰੀ ਦੇ...

ਧੀਏ ਕਿਹੜੇ ਨੀ ਭੜੋਲੇ ਵਿਚ ਡੱਕ ਲਾਂ,
ਮੈਂ ਤੇਰੀਆਂ ਜੁਆਨ ਸੱਧਰਾਂ ।
ਵੱਢ ਖਾਣੀਆਂ ਸੱਸਾਂ ਦਾ ਰੂਪ ਧਾਰਿਆ,
ਹੈ ਸਾਡੀਆਂ ਸਮਾਜੀ ਕਦਰਾਂ ।
ਧੀਏ ਕਿਹੜੇ ਮੈਂ ਨਜੂਮੀਆਂ ਨੂੰ ਪੁੱਛ ਲਾਂ,
ਕਿਉਂ ਚੰਨ ਨੂੰ ਸਰਾਪ ਲੱਗਿਆ ?
ਗਲ ਲੱਗ ਕੇ ਸੀਰੀ ਦੇ...

ਸੁੱਕੇ ਜਾਣ ਨਾ ਬੋਹਲ੍ਹਾਂ ਦਾ ਮਾਰ ਮਗਰਾ,
ਜੋ ਮਾਰਦੇ ਨੇ ਜਾਂਦੇ ਚਾਂਗਰਾਂ ।
ਅੱਕ ਝੱਖੜਾਂ ਨੇ ਤੂੜੀ ਨੂੰ ਬਖੇਰਿਆ,
ਹੈ ਖੇਤਾਂ 'ਚ ਬਰੂਦ ਵਾਂਗਰਾਂ ।
ਹੁਣ ਸਾਡਿਆਂ ਹੀ ਹੱਥਾਂ ਨੇ ਹੀ ਚੋਵਣਾਂ,
ਜੋ ਮਿਹਨਤਾਂ ਨੂੰ ਮਾਖੋਂ ਲੱਗਿਆ ।
ਗਲ ਲੱਗ ਕੇ ਸੀਰੀ ਦੇ...

10. ਅਧੂਰੀ ਸਵੈ ਗਾਥਾ

ਵਿਧ ਮਾਤਾ ਛੱਡੇ ਜਾਂ ਕੰਨ ਮੇਰੇ,
ਧਰਤੀ ਵੱਲ ਮੈਂ ਤੁਰਤ ਪਧਾਰਿਆ ਸੀ ।
ਪਿੰਡ ਪੰਜਾਬ ਦੇ ਵਿਹੜੇ ਚੂਹੜਿਆਂ ਦੇ,
ਆ ਕੇ ਅਸੀਂ ਅਵਤਾਰ ਆ ਧਾਰਿਆ ਸੀ ।

ਆਖੇ ਪਿੰਡ ਦਾ ਚੌਧਰੀ ਪਤਨੀ ਨੂੰ,
ਆਪਾਂ ਹੁਣੇ ਛੰਗਵਾ ਲਈਏ ਸੋਟੀਆਂ ਜੀ ।
'ਪਾਲੀ' ਆਪਣੇ ਨੇ ਜਨਮ ਲੈ ਲਿਆ,
ਆਪਾਂ ਲੈ ਲੀਏ ਹੋਰ ਦੋ ਝੋਟੀਆਂ ਜੀ ।

'ਲਾਲੀ' ਆਪਣੇ ਦੀ ਘਸੀ ਪੈਂਟ ਦੇ ਕੇ,
ਸਾਨੂੰ ਇਹਦੀ ਦੀਵਾਲੀ ਬਣਾਉਣੀਂ ਪੈਣੀ ।
ਦੇਸੀ ਟੱਟੂ ਦੁੱਲਤੜੇ ਖ਼ੁਰਾਸਾਨੀ,
ਇਹ ਵੀ ਜੱਗ ਨੂੰ ਝਾਕੀ ਦਿਖਾਉਣੀ ਪੈਣੀ ।

ਮੈਨੂੰ ਸੁਰਤ ਦਾ ਜ਼ਰਾ ਸੀ ਸੇਕ ਲੱਗਾ,
ਸੇਠ ਮੇਰੇ ਤੇ ਅੱਖ ਟਿਕਾਉਣ ਲੱਗਾ ।
ਭਾਵੇਂ ਛੋਟਾ ਪਰ ਬੜਾ ਹੀ ਚੁਰਚੁਰਾ ਹੈ,
ਮੱਝਾਂ ਕਿਤੇ ਨੀ ਇਹ ਗੰਵਾਉਣ ਲੱਗਾ ।

ਮੇਰੇ ਦੁਖੀਏ ਬਾਪ ਦੀ ਸੋਚ ਬੁੱਢੀ,
ਝੇਪ ਵਿੱਚ ਆ ਕੇ ਹਾਂਅ ਕਰ ਦਿੱਤੀ
ਆਪਣੇ ਕਰਜ਼ੇ ਦਾ ਸਮਝ ਕੇ ਸੂਦ ਮੈਨੂੰ,
ਵੱਲ ਸੇਠ ਦੇ ਮੇਰੀ ਬਾਂਹ ਕਰ ਦਿੱਤੀ ।

11. ਇੱਕ ਸ਼ਰਧਾਂਜਲੀ-ਇੱਕ ਲਲਕਾਰ

ਚੜ੍ਹਨ ਵਾਲਿਓ ਹੱਕਾਂ ਦੀ ਭੇਟ ਉੱਤੇ,
ਥੋਨੂੰ ਸ਼ਰਧਾ ਦੇ ਫੁੱਲ ਚੜ੍ਹਾਉਣ ਲੱਗਿਆਂ ।
ਥੋਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ,
ਇੱਕ ਦੋ ਪਿਆਰ ਦੇ ਹੰਝੂ ਵਹਾਉਣ ਲੱਗਿਆਂ ।

ਥੋਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ,
ਮੁੱਢ ਬੰਨ੍ਹਿਐਂ ਤੁਸੀਂ ਕਹਾਣੀਆਂ ਦਾ ।
ਸੌਂਹ ਖਾਂਦੇ ਹਾਂ ਅਸੀਂ ਜੁਆਨੀਆਂ ਦੀ,
ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ।

ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋਂ,
ਬਲਦੀ ਚਿਖਾ ਹੁਣ ਠੰਡੀ ਨੀ ਹੋਣ ਦੇਣੀ ।
ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ,
ਲਹਿਰ ਹੱਕਾਂ ਦੀ ਰੰਡੀ ਨੀ ਹੋਣ ਦੇਣੀ ।

ਖੇਡਣ ਜਾਣਦੇ ਹੜ੍ਹਾਂ ਦੀ ਹਿੱਕ ਅੰਦਰ,
ਸਿਰੀਂ ਜ਼ੁਲਮ ਦੀ ਝੰਡੀ ਨੀ ਹੋਣ ਦੇਣੀ ।
ਸਾਮਰਾਜ ਦੀ ਮੰਡੀ ਜੇ ਹਿੰਦ ਹੋਇਆ,
ਹੁਣ ਇਹ ਲੋਥਾਂ ਦੀ ਮੰਡੀ ਨੀ ਹੋਣ ਦੇਣੀ ।

12. ਕਲੀ-ਪੂਰਨ ਦਾ ਜੋਗੀ ਬਣਕੇ ਬਾਗ਼ ਵਿੱਚ ਆਉਣਾ

ਭੱਜੀਆਂ ਭੱਜੀਆਂ ਆਈਆਂ, ਖੇਡਦੀਆਂ ਦੋ ਬਾਲੜੀਆਂ,
ਮਿਲੀਆਂ ਇੱਛਰਾਂ ਨੂੰ ਜਾ, ਇੱਕ ਦੂਜੀ ਤੋਂ ਮੂਹਰੇ ।
ਕਲੀਆਂ ਕੱਢ ਆਇਆ ਹੈ ਬਾਗ਼ ਚਿਰਾਂ ਦਾ ਉਜੜਿਆ,
ਨਾਲੇ ਸੁਕਦੇ ਜਾਂਦੇ ਉਸ 'ਚੋਂ ਅੱਕ ਤੇ ਧਤੂਰੇ ।
ਸਾਨੂੰ ਲੱਗਦੀ ਬੂਟੀ ਉੱਗ ਪਈ ਤੇਰੀਆਂ ਅੱਖਾਂ ਦੀ,
ਸਾਨੂੰ ਲੱਗਦੈ ਤੇਰੇ ਮੁਕਣੇ ਕੁਲ ਬਸੂਰੇ ।
ਕੱਠੇ ਫਿਰਨ ਚਹਿਕਦੇ ਬਾਜ਼ ਤੇ ਚਿੜੀਆਂ ਡਾਹਣਾਂ 'ਤੇ,
ਲੱਗਦੈ ਹੁਣ ਨਾ ਚੰਦਰਾ ਕਾਂ ਚਿੜੀਆਂ ਨੂੰ ਘੂਰੇ ।
ਜਦ ਤੋਂ ਜੋਗੀ ਦੇ ਤਾਂ ਦਰਸ਼ਨ ਕਰ ਲੇ ਮਾਲੀ ਨੇ,
ਉਹ ਵੀ ਬਾਲਾਂ ਨੂੰ ਨਾ ਹੁਣ ਕਸਦਾ ਪਿਆ ਹੂਰੇ ।
ਉਹ ਤਾਂ ਲੱਗਦੈ ਕੋਈ ਆਸ਼ਕ ਜਿਵੇਂ ਬਹਾਰਾਂ ਦਾ,
ਦੁਖੜਾ ਮਮਤਾ ਦਾ ਤੂੰ ਦੱਸਦੀਂ ਓਹਦੇ ਮੂਹਰੇ ।
ਓਹ ਤਾਂ ਆਇਆ ਕੋਈ ਚੱਲਕੇ ਵੱਡਾ ਔਲੀਆ,
ਜਾਂ ਕੋਈ ਸਾਧ ਹੋਣੇ ਨੇ, ਓਹ ਬਚਨਾਂ ਦੇ ਪੂਰੇ

13. ਕਲੀ-ਇੱਕ ਵੋਟਰ ਦੀ ਲਲਕਾਰ

ਮੈਂ ਇੱਕ ਵੋਟਰ ਬੋਲ ਰਿਹਾਂ, ਬਨਾਮ ਤੇਰੇ ਸਰਕਾਰੇ ਨੀ
ਕਾਗਜ਼ ਦੀ ਕਿਸ਼ਤੀ ਵਿੱਚ ਸਾਨੂੰ ਬੇਤਰਨੀਂ ਗਏ ਤਾਰੇ ਨੀ
ਵੋਟਾਂ ਵੇਲੇ ਸਿਰ 'ਤੇ ਚੁੱਕਦੀ, ਅਸੀਂ ਪੱਥਰ ਜਿਉਂ ਭਾਰੇ ਨੀ
ਜਿੱਤ ਕੇ ਤੈਨੂੰ ਖ਼ਬਰ ਨਾ ਰਹਿੰਦੀ, ਜੋ ਵਰਤਣ ਵਰਤਾਰੇ ਨੀ
ਜਾਤ ਪਾਤ ਤਾਂ ਕੀ ਤੋੜੇਂ, ਤੂੰ ਤਾਂ ਤੋੜੇਂ ਭਾਈਚਾਰੇ ਨੀ
ਜੋ ਖੜਦੇ ਸੀ ਦੁੱਖ ਦੇ ਸੁੱਖ ਦੇ, ਦੁਸ਼ਮਣ ਜਿਉਂ ਖਲਿਹਾਰੇ ਨੀ
ਜੱਟ ਤੇ ਸੀਰੀ ਦੁੱਧ ਤੇ ਪਾਣੀ, ਤੂੰ ਕਾਂਜੀ ਪਾ ਪਾੜੇ ਨੀ
ਤੇਰੇ ਅਜੇ ਪਾਲਸੀ ਚੱਲਦੀ, ਬਣੀ ਬੁਝਾਰਤ ਹੈ ਵਲ ਛਲ ਦੀ
ਨੀ ਉਲਝੀ ਤਾਣੀਏਂ............

ਸਿੰਘਾਂ ਨੂੰ ਮਰਵਾਉਣ ਲਈ, ਤੂੰ ਟੇਢੇ ਪੰਥ ਚਲਾਉਨੀ ਏਂ
ਨਿੱਤ ਨਵੇਂ ਅਵਤਾਰ ਸਾਜ ਕੇ, ਲੋਕਾਂ ਨੂੰ ਭਰਮਾਉਨੀ ਏਂ
ਅਮਨ, ਸ਼ਾਂਤੀ ਨਾਹਰੇ ਹੇਠਾਂ, ਨਿੱਤ ਤੂੰ ਖ਼ੂਨ ਕਰਾਉਨੀ ਏਂ
ਤੇਰੇ ਸੱਜੇ ਖੱਬੇ ਰਾਖੇ ਤਾਹੀਓਂ ਨਾ ਘਬਰਾਉਨੀ ਏਂ
ਫੇਰ ਵੀ ਹੁੱਤ ਕਰੇ ਜੇ ਕੋਈ, ਪੈਸੇ ਦੇ ਪਸਮਾਉਂਨੀ ਏਂ
ਸ਼ੁਗਲ ਤੇਰਾ ਹੈ ਪਾਰਟੀਆਂ ਨੂੰ, ਵਿਚ ਕੁੱਕੜਾਂ ਵਾਂਗ ਲੜਾਉਨੀ ਏਂ
ਦਿਨੇ ਲੜਾਵੇਂ ਕੱਠੇ ਰਾਤ ਨੂੰ, ਵਿਚ ਕਲੱਬਾਂ ਬਹਾਉਨੀ ਏਂ
ਪਹਿਰੇ ਤੇਰੇ ਪੁਲਸ ਕਾਨੂੰਨ, ਫ਼ੌਜਾਂ ਤੇ ਫਿਰਕੂ ਜਨੂੰਨ
ਨੀਂ ਸੌ ਜਾ ਰਾਣੀਏਂ.................

ਜਦ ਕਾਮਿਆਂ ਦੀ ਗੰਦੀ ਬੀਹੀ, ਵਿਚ ਤੂੰ ਚਰਖਾ ਡਾਉਨੀ ਆਂ
ਚਿੱਟਾ ਆਪਣੀ ਪੂਣੀ ਵਰਗਾ, ਖ਼ੂਨ ਅਸਾਡਾ ਚਾਹੁੰਨੀ ਆਂ
ਤੇਰਾ ਤੱਕਲਾ ਸੇਹ ਦਾ ਤੱਕਲਾ, ਬੀਹੀ ਵਿਚ ਗਡਵਾਉਨੀ ਆਂ
ਜੋਸ਼ ਲਹੂ ਦਾ ਟੇਰਨ ਲਈ ਤੂੰ,ਉਰੀ ਖੂਬ ਘੁਮਾਉਨੀ ਆਂ
ਸਾਡਾ ਘੂਰ ਗਲੋਟੇ ਵਾਂਗੂੰ, ਮਹਿੰਗ ਹੱਥੋਂ ਕਢਵਾਉਨੀ ਆਂ
ਆਪਣੇ ਚਮਚੇ ਵਾਂਗ ਵੜੇਵੇਂ, ਬੇਲਣ ਤੋਂ ਬਚਵਾਉਨੀ ਆਂ
ਆਪਣੇ ਰੂਪ ਦਾ ਲਾਰਾ ਲਾਇਆ, ਨੀ ਤੂੰ ਭਾਈਆਂ ਨੂੰ ਵਢਵਾਇਆ
ਨੀਂ ਖ਼ੂਨ ਕਰਵਾਉਣੀਏਂ............

ਬੜੀ ਰਕਾਨ ਤੂੰ ਸਿਫ਼ਤਾਂ ਕਰਦੀ, ਕੁੱਲੀਆਂ ਵਿਚ ਲੁਕਾਈ ਨੀ
ਤੇਰੇ ਖੱਦਰ ਦੀ ਚਾਦਰ ਨੇ, ਹੈ ਬਗਲੀ ਸਿਲਵਾਈ ਨੀ
ਤੇਰੇ ਲੀਡਰ ਕ੍ਰਿਸ਼ਨਾ ਵਾਂਗੂੰ, ਹੈ ਗੋਲਕ ਬਣਵਾਈ ਨੀ
ਦਿੱਲੀ ਭੁੱਲੀ ਚੌਕ ਚਾਂਦਨੀ, ਘੂਕ ਜਾ ਚਰਖੇ ਪਾਈ ਨੀ
ਘੁੱਗ ਵਸਦੀ ਬੀਹੀ ਵਿਚ ਬਹਿ ਕੇ, ਤੂੰ ਕੇਹੀ ਅੱਗ ਲਾਈ ਨੀ
ਅੱਵਲੀ ਤਾਂ ਤੂੰ ਸੁਣ ਲੈ, ਚਰਖਾ ਬੀਹੀ ਵਿਚ ਨਾ ਡਾਹੀਂ ਨੀ
ਜੇ ਤੂੰ ਡਾਹੁਣੋ ਹੀ ਨੀ ਹਟਣਾ, ਤਾਂ ਕੁਝ ਬਣ ਕੇ ਡਾਹੀਂ ਨੀ
ਨੀ ਜੀਣਾ ਜਾਣੀਏਂ............

ਜਿਸ 'ਲਾਕੇ ਦੀਆਂ ਸੜਕਾਂ ਪਾਉਂਦੀਆਂ, ਸੁਰਖ਼ ਲਹੂ ਦਾ ਬਾਣਾ ਹੈ
ਜਿੱਥੇ ਜ਼ਖ਼ਮੀ ਸੱਚ ਵਰਗਾ, ਬਿਜਲੀ ਨੇ ਤਣਿਆ ਤਾਣਾ ਹੈ
ਚੱਲਣਾ ਤੀਰੋਂ ਕਾਂ ਵਾਂਗੂੰ, ਜਿੱਥੇ ਹੱਸਣਾ ਤੇ ਰੱਜ ਖਾਣਾ ਹੈ
ਜਿੱਥੇ ਇੱਕ-ਇੱਕ ਛਿੱਟੜੇ ਦੇ ਸਿਰ, ਸੌ ਸੌ ਵਗਣਾ ਭਾਣਾ ਹੈ
ਜਿਸ 'ਲਾਕੇ ਦਾ ਚਿੱਟਿਆਂ ਬੱਦਲਾਂ, ਪੀ ਮੁੜ੍ਹਕਾ ਰੱਜ ਜਾਣਾ ਹੈ
ਜਿੱਥੇ ਕਾਲਿਆਂ ਬੱਦਲਾਂ ਨੇ ਵੀ, ਬਿਨ ਵਰ੍ਹਿਆਂ ਤੁਰ ਜਾਣਾ ਹੈ
ਉਹ 'ਲਾਕਾ ਹੈ ਮਿੱਤਰਾਂ ਦਾ, ਜਿੱਥੇ ਪਿੰਡ-ਪਿੰਡ ਲੱਗਦਾ ਠਾਣਾ ਹੈ
ਗੂਠੇ ਲਾ ਕੇ ਹੱਥ ਵਢਵਾਏ, ਲੋਟੂ ਹੋ ਗਏ ਦੂਣ ਸਵਾਏ
ਨੀ ਖ਼ਲਕਤ ਨਿਆਣੀਏਂ............

ਦਿੱਲੀਏ ਨੀ ਤੇਰਾ ਦਿਲ ਟੁੱਟ ਜਾਵੇ, ਜਿਉਂ ਪੱਥਰ ਤੋਂ ਸ਼ੀਸ਼ਾ ਨੀ
ਚਿੜੀ ਜਨੌਰ ਪਿੰਡਾਂ ਨੂੰ ਸਮਝੇਂ, ਆਪ ਬਣੇ ਮੋਨਾਲੀਜ਼ਾ ਨੀ
ਦਿੱਖ ਹੈ ਤੇਰੀ ਲੱਖ-ਲੱਖ ਦੀ, ਪਰ ਲੋਕ ਨੇ ਬੀਸਾ-ਤੀਸਾ ਨੀ
ਜਿੰਨੀਆਂ ਰੋਲੀਆਂ ਸਾਡੀਆਂ ਜੇਬਾਂ, ਤੇਰਾ ਭਾਰੀ ਖੀਸਾ ਨੀ
ਤੈਨੂੰ ਸਕਿਆਂ ਪੁੱਤਰਾਂ ਵਰਗੇ, ਸੱਤ ਇਕਵੰਜਾ ਮੀਸਾ ਨੀ
ਅਸੀਂ ਲੱਖਾਂ ਪੰਧ ਮੁਕਾਏ, ਖ਼ੂਨ ਵਹਾਏ, ਪਰ ਤੂੰ ਨਾ ਮੁੱਕੀ
ਨੀ ਹਾਏ ਵੰਡ ਕਾਣੀਏਂ............

ਕਿੱਕਰਾਂ ਨੂੰ ਫੁੱਲ ਲੱਗੇ ਕੇਸਰੀ ,ਕਿਰਤਾਂ ਨੂੰ ਫਲ ਨਾ ਲੱਗਿਆ
ਸੱਸੀ ਦਾ ਅਸੀਂ ਸੇਕ ਸੀ ਭਾਵੇਂ, ਪਰ ਹੋਤਾਂ ਨੂੰ ਨਾ ਲੱਗਿਆ
ਉਸ ਪੁੰਨਿਆਂ ਦਾ ਚੰਨ ਨਹੀਂ ਸੀ, ਜੋ ਮੱਸਿਆ ਨੇ ਨਾ ਕੱਜਿਆ
ਆਪਾਂ ਲੋਕ ਖਾ ਗੇ ਟਪਲਾ, ਕਰ ਗੀ ਦਿੱਲੀ ਘਪਲਾ
ਸਮੇਂ ਦੀਏ ਰਾਣੀਏਂ............

14. ਵਰ ਕਿ ਸਰਾਪ

ਮੇਰੇ ਰੱਬਾ ਜੇ ਮੇਰੇ ਤੇ ਮਿਹਰ ਕਰਦਾ,
ਘਰੇ ਕਿਰਤੀ ਦੇ ਦਿੰਦਾ ਨਾ ਜਨਮ ਮੈਨੂੰ ।
ਇਹ ਵੀ ਗਲਤੀ ਜੇ ਭੁੱਲਕੇ ਹੋ ਗਈ ਸੀ,
ਕਾਹਨੂੰ ਦਿੱਤੀ ਸੀ ਕਵਿਤਾ ਤੇ ਕਲਮ ਮੈਨੂੰ ।

ਕੱਲੀ ਕਲਮ ਜੇ ਹੁੰਦੀ ਤਾਂ ਸਾਰ ਲੈਂਦਾ,
(ਪਰ) ਮੱਲੋ ਮੱਲੀ ਤੂੰ ਅਣਖ ਤੇ ਲਾਜ ਦਿੱਤੀ ।
ਤੈਨੂੰ ਕਾਵਾਂ ਨੇ ਕਿਹਾ ਜ਼ਰੂਰ ਹੋਣੈ,
ਖ਼ਬਰੇ ਕੋਇਲ ਦੀ ਤਾਹੀਓਂ ਆਵਾਜ਼ ਦਿੱਤੀ ।

ਸੱਚ, ਨਿਮਰਤਾ, ਭੁੱਖ ਤੇ ਦੁੱਖ ਦਿੱਤਾ,
ਦਾਤਾਂ ਵਿੱਚ ਜੋ ਤੂੰ ਦਾਤਾਰ ਦਿੱਤਾ ।
ਤੇਰੀ ਉਦੋਂ ਸ਼ੈਤਾਨੀ ਦਾ ਪਤਾ ਲੱਗੈ,
ਜਦੋਂ ਵਿੱਚੇ ਤੂੰ ਲੋਕਾਂ ਦਾ ਪਿਆਰ ਦਿੱਤਾ ।

ਲੋਕ ਪਿਆਰ ਦੀ ਗੁੱਥਲੀ ਜੇ ਖੋਲ੍ਹਦਾ ਨਾ,
ਕਵਿਤਾ ਕਰਦੀ ਨਾ ਕਦੇ ਖੁਆਰ ਮੈਨੂੰ ।
ਨਾਲੇ ਪਿੰਡ ਦੇ ਚੌਧਰੀ ਖ਼ੁਸ਼ ਰਹਿੰਦੇ,
ਕੀ ਕਹਿਣਾ ਸੀ ਨਾਲੇ ਸਰਕਾਰ ਮੈਨੂੰ ।

ਤਿੰਨ ਬਾਂਦਰਾਂ 'ਤੇ ਮਹਾਂਕਾਵਿ ਲਿਖਕੇ,
ਹੁਣ ਨੂੰ ਕੋਈ ਕਿਤਾਬ ਛਪਾਈ ਹੁੰਦੀ ।
ਜਿਹੜੀ ਆਪ ਵਿਕਦੀ ਆਪੇ ਵੇਚ ਲੈਂਦੇ,
ਰਹਿੰਦੀ ਵਿੱਚ ਸਕੂਲਾਂ ਲਗਵਾਈ ਹੁੰਦੀ ।

ਪੱਠੇ ਬਲਦਾਂ ਨੂੰ ਜਦ ਕੋਈ ਕੁੜੀ ਪਾਉਂਦੀ,
ਤਵਾ ਸਾਡਾ ਸਪੀਕਰ 'ਤੇ ਲੱਗ ਜਾਂਦਾ ।
ਟੈਲੀਵਿਜ਼ਨ 'ਤੇ ਕਿਸੇ ਮੁਟਿਆਰ ਦੇ ਸੰਗ,
ਸਾਡੇ ਗਾਉਣ ਦਾ ਸਮਾਂ ਵੀ ਬੱਝ ਜਾਂਦਾ ।

ਲੰਡਨ ਵਿੱਚ ਵਿਸਾਖੀ ਦੀ ਸਾਈ ਹੁੰਦੀ,
ਪੈਰ ਧੋਣੇ ਸੀ ਸਾਡੇ ਧਨਵੰਤੀਆਂ ਨੇ ।
ਗੱਫਾ ਦੇਗ ਦਾ ਪੰਜਾ ਪਿਆਰਿਆਂ 'ਚੋਂ,
ਸਾਨੂੰ ਪਹਿਲਾਂ ਸੀ ਦੇਣਾ ਗ੍ਰੰਥੀਆਂ ਨੇ ।

ਸਾਡੀ ਲੰਡਨ ਦੀ ਟਿਕਟ ਦੇ ਨਾਲ ਨੱਥੀ,
ਸਾਡੀ ਪਤਨੀ ਦਾ ਟਿਕਟ ਵੀ 'ਬਾਈਂਡ' ਹੁੰਦਾ ।
ਕੱਚੇ ਕੋਠੇ ਵਿੱਚ ਬਾਕੀ ਤਾਂ ਜੰਮ ਲਏ ਸੀ,
ਇੱਕ ਬੱਚਾ ਤਾਂ 'ਮੇਡ ਇਨ ਇੰਗਲੈਂਡ' ਹੁੰਦਾ ।

ਮੇਰੇ ਜਿੰਨੀ ਸੀ ਵਿਹੜੇ ਨੂੰ ਅਕਲ ਕਿੱਥੇ ?
ਗੱਲ ਗੱਲ 'ਤੇ ਸਾਡੀ ਅਗਵਾਈ ਹੁੰਦੀ ।
ਤੜਕੇ ਕੀਹਦੇ ਹੈ ਘਰੇ ਹਨੇਰ ਪਾਉਣਾ,
ਨਾਲ ਪੁਲਸ ਦੇ ਸੀਟੀ ਮਿਲਾਈ ਹੁੰਦੀ ।

ਘਰੇ ਆਪਣੀ ਨਹੀਂ ਤਾਂ ਕਿਸੇ ਦੀ ਹੀ,
ਕਾਰ ਕਦੇ ਕਦਾਈਂ ਤਾਂ ਖੜੀ ਰਹਿੰਦੀ ।
ਨਾਲੇ ਵਿਹੜੇ ਦੀਆਂ ਭੰਗਣਾਂ ਸੀਰਨਾਂ ਵਿੱਚ,
ਸਾਡੀ ਤੀਵੀਂ ਦੀ ਗੁੱਡੀ ਵੀ ਚੜ੍ਹੀ ਰਹਿੰਦੀ ।

ਲੋਕ ਪਿਆਰ ਦਾ ਕੇਹਾ ਤੈਂ ਵਰ ਦਿੱਤੈ,
ਕਿ ਸਾਡੇ ਲੱਗੀ ਸਰਾਪਾਂ ਦੀ ਝੜੀ ਰਹਿੰਦੀ ।
ਲੈ ਕੇ ਕੱਫ਼ਣ ਸਰ੍ਹਾਣੇਂ ਹਾਂ ਨਿੱਤ ਸੌਂਦੇ,
ਚੱਤੋ ਪਹਿਰ ਦਿਮਾਗ਼ ਵਿੱਚ ਮੜ੍ਹੀ ਰਹਿੰਦੀ ।

15. ਕੰਮੀਆਂ ਦਾ ਵਿਹੜਾ

ਮਾਂ ਧਰਤੀਏ ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ
ਤੂੰ ਮਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵੇਹੜੇ

ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ
ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ
ਜਿੱਥੇ ਵਾਲ ਤਰਸਦੇ ਕੰਘੀਆਂ ਨੂੰ
ਨੱਕ ਵਗਦੇ, ਅੱਖਾਂ ਚੁੰਨ੍ਹੀਆਂ ਤੇ ਦੰਦ ਕਰੇੜੇ
ਤੂੰ ਮਘਦਾ ਰਈਂ ਵੇ ਸੂਰਜਾ……

ਜਿੱਥੇ ਰੂਹ ਬਣਗੀ ਇੱਕ ਹਾਵਾ ਹੈ
ਜਿੱਥੇ ਜ਼ਿੰਦਗੀ ਇੱਕ ਪਛਤਾਵਾ ਹੈ
ਜਿੱਥੇ ਕੈਦ ਅਣਖ ਦਾ ਲਾਵਾ ਹੈ
ਜਿੱਥੇ ਅਕਲ ਮਸੋਸੀ ਮੁੜ ਪਈ ਖਾ ਰੋਜ਼ ਥਪੇੜੇ
ਤੂੰ ਮਘਦਾ ਰਈਂ ਵੇ ਸੂਰਜਾ……

ਜਿੱਥੇ ਲੋਕ ਬੜੇ ਮਜਬੂਰ ਜਿਹੇ
ਦਿੱਲੀ ਦੇ ਦਿਲ ਤੋਂ ਦੂਰ ਜਿਹੇ
ਤੇ ਭੁੱਖਾਂ ਵਿਚ ਮਸ਼ਹੂਰ ਜਿਹੇ
ਜਿੱਥੇ ਮਰ ਕੇ ਚਾਂਭਲ ਜਾਂਵਦੇ ਹਨ ਭੂਤ ਜਠੇਰੇ
ਤੂੰ ਮਘਦਾ ਰਈਂ ਵੇ ਸੂਰਜਾ……

ਜਿੱਥੇ ਬੰਦਾ ਜੰਮਦਾ ਸੀਰੀ ਹੈ
ਟਕਿਆਂ ਦੀ ਮੀਰੀ ਪੀਰੀ ਹੈ
ਜਿੱਥੇ ਕਰਜ਼ੇ ਹੇਠ ਪੰਜੀਰੀ ਹੈ
ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਜੇਹੜੇ
ਤੂੰ ਮਘਦਾ ਰਈਂ ਵੇ ਸੂਰਜਾ……

ਜੇ ਸੋਕਾ ਇਹ ਹੀ ਸੜਦੇ ਨੇ
ਜੇ ਡੋਬਾ ਇਹ ਹੀ ਮਰਦੇ ਨੇ
ਸਭ ਕਹਿਰ ਇਨ੍ਹਾਂ ਸਿਰ ਵਰ੍ਹਦੇ ਨੇ
ਜਿੱਥੇ ਫ਼ਸਲਾਂ ਨੇ ਛੱਡ ਜਾਂਦੀਆਂ ਅਰਮਾਨ ਤ੍ਰੇੜੇ
ਤੂੰ ਮੱਘਦਾ ਰਈਂ ਵੇ ਸੂਰਜਾ……

ਜਿੱਥੇ ਹਾਰ ਮੰਨ ਲਈ ਚਾਵਾਂ ਨੇ
ਜਿੱਥੇ ਕੂੰਜ ਘੇਰ ਲਈ ਕਾਵਾਂ ਨੇ
ਜਿੱਥੇ ਅਣਵਿਆਹੀਆਂ ਹੀ ਮਾਵਾਂ ਨੇ
ਜਿੱਥੇ ਧੀਆਂ ਹੌਕੇ ਲੈਂਦੀਆਂ ਅਸਮਾਨ ਜਡੇਰੇ
ਤੂੰ ਮੱਘਦਾ ਰਈਂ ਵੇ ਸੂਰਜਾ……

ਜਿੱਥੇ ਰੋਟੀ ਵਿੱਚ ਮਨ ਘੁੱਟਿਆ ਹੈ
ਜਿੱਥੇ ਨ੍ਹੇਰਾ ਦੱਬ ਕੇ ਜੁੱਟਿਆ ਹੈ
ਜਿੱਥੇ ਗ਼ੈਰਤ ਦਾ ਤਗ ਟੁੱਟਿਆ ਹੈ
ਜਿੱਥੇ ਆ ਕੇ ਵੋਟਾਂ ਵਾਲਿਆਂ ਟਟਵੈਰ ਸਹੇੜੇ
ਤੂੰ ਮੱਘਦਾ ਰਈਂ ਵੇ ਸੂਰਜਾ……

ਤੂੰ ਆਪਣਾ ਆਪ ਮਚਾਂਦਾ ਹੈਂ
ਪਰ ਆਪਾ ਹੀ ਰੁਸ਼ਨਾਂਦਾ ਹੈਂ
ਕਿਉਂ ਕੰਮੀਆਂ ਤੋਂ ਸ਼ਰਮਾਂਦਾ ਹੈਂ
ਇਹ ਸਦਾ ਸਦਾ ਨਾ ਰਹਿਣਗੇ ਮੰਦਹਾਲ ਮਰੇੜੇ
ਤੂੰ ਮੱਘਦਾ ਰਈਂ ਵੇ ਸੂਰਜਾ……

16. ਮਾਂ ਧਰਤੀਏ

ਮਾਂ ਧਰਤੀਏ ਸਦਾ ਸੁਹਾਗਣੇ ਨੀ,
ਮੇਰੇ ਯਾਰਾਂ ਨੂੰ ਜਨਮ ਨਾ ਦੇਈਂ ਉੱਥੇ ।

ਜੀਹਦੇ ਨਰਮੇ ਕਪਾਹਾਂ ਦੇ ਵਿਚ ਮੇਰੀ,
ਮਾਂ ਮਰਗੀ ਕਿਰਤਾਂ ਦੀ ਕੂਕ ਬਣ ਕੇ ।
ਜੀਹਦੇ ਟਿੱਬਿਆ ਅੰਦਰ ਹੈ ਬਾਪ ਮੇਰਾ,
ਰੁਲਿਆ ਪਿਆ ਏ ਰੇਤੇ ਦੀ ਹੂਕ ਬਣ ਕੇ ।
ਮਾਂ ਧਰਤੀਏ ਸਦਾ ਸੁਹਾਗਣੇ ਨੀ,
ਮੇਰੇ ਯਾਰਾਂ ਨੂੰ ਜਨਮ ਨਾ ਦੇਈਂ ਉੱਥੇ ।

ਜਿੱਥੇ ਮਾਂ ਦੀ ਲਾਵਾਰਸ ਲਾਸ਼ ਉੱਤੇ,
ਬੈਠਾ ਬਾਲ ਕੋਈ ਨਹਿਰ ਵਿਚ ਜਾਏ ਤਰਦਾ ।
ਸਾਡੇ ਬੋਹਲਾਂ ਦੀ ਕਣਕ ਦਾ ਰੰਗ ਜਿੱਥੇ,
ਕਾਲੀ ਕੁਰਸੀ ਦੇ ਰੰਗ ਵਿਚ ਜਾਏ ਰਲਦਾ ।
ਮਾਂ ਧਰਤੀਏ ਸਦਾ ਸੁਹਾਗਣੇ ਨੀ,
ਮੇਰੇ ਯਾਰਾਂ ਨੂੰ ਜਨਮ ਨਾ ਦੇਈਂ ਉੱਥੇ ।

ਜੀਹਦੇ ਸੋਹਣਿਆਂ ਸ਼ਹਿਰਾਂ ਦੀ ਸ਼ਾਨ ਮੂਹਰੇ,
ਝੁਕੇ ਪਏ ਨੇ ਪਿੰਡ ਕਮਾਨ ਵਾਂਗੂੰ ।
ਅਰਥਚਾਰਾ ਹੈ ਵੇਸਵਾ ਵਾਂਗ ਜਿਸ ਦਾ,
ਝੋਲੀ ਜੀਹਦੀ ਬੇਅਣਖੇ ਇਨਸਾਨ ਵਾਗੂੰ ।
ਮਾਂ ਧਰਤੀਏ ਸਦਾ ਸੁਹਾਗਣੇ ਨੀ,
ਮੇਰੇ ਯਾਰਾਂ ਨੂੰ ਜਨਮ ਨਾ ਦੇਈਂ ਉੱਥੇ ।

ਜਿੱਥੇ ਖੂਨ ਹੈ ਮੇਰਿਆਂ ਵੀਰਿਆਂ ਦਾ,
ਵਿਛਿਆ ਸੜਕਾਂ 'ਤੇ ਹੱਕਾਂ ਦੀ ਲੁੱਕ ਬਣ ਕੇ ।
ਬੁੱਚੜਖਾਨਿਆਂ 'ਚੋ ਜਿੱਥੇ ਲੋਕ ਮੇਰੇ,
ਨਿੱਤਰ ਰਹੇ ਇਤਿਹਾਸ ਦੀ ਠੁੱਕ ਬਣ ਕੇ ।
ਮਾਂ ਧਰਤੀਏ ਸਦਾ ਸੁਹਾਗਣੇ ਨੀ,
ਮੇਰੇ ਯਾਰਾਂ ਨੂੰ ਜਨਮ ਤੂੰ ਦੇਈਂ ਉੱਥੇ ।

ਜੀਹਦੇ ਲੋਕਾਂ ਨੇ ਗੁਰੂ ਗੋਬਿੰਦ ਵਰਗਾ,
ਲੋਕ-ਝਿੜੀ ਦੇ ਵਿੱਚ ਲੁਕੋ ਲਿਆ ਹੈ ।
ਜੀਹਦੀ ਗੋਦ ਪੁੱਤਰਾਂ ਨਕਸਲਬਾੜੀਆਂ ਦਾ,
ਸੇਕ ਸਾਰਾ ਹੀ ਸੀਨੇ ਸਮੋ ਲਿਆ ਹੈ ।
ਮਾਂ ਧਰਤੀਏ ਸਦਾ ਸੁਹਾਗਣੇ ਨੀ,
ਮੇਰੇ ਯਾਰਾਂ ਨੂੰ ਜਨਮ ਤੂੰ ਦੇਈਂ ਉੱਥੇ ।

17. ਚਿੱਠੀਆ ਵੰਡਣ ਵਾਲਿਆ ਵੇ

ਚਿੱਠੀਆ ਵੰਡਣ ਵਾਲਿਆ ਵੇ, ਚਿੱਠੀਆ ਵੰਡਣ ਵਾਲਿਆ ।
ਸੱਤ ਸਮੁੰਦਰੋਂ ਪਾਰ ਗਿਆ ਉਹ ।
ਕਰ ਕੇ ਕੌਲ ਕਰਾਰ ਗਿਆ ਉਹ ।
ਦਿਲ ਵੀ ਤੱਕ-ਤੱਕ ਹਾਰ ਗਿਆ ਉਹ ।
ਮਾਹੀ ਮੇਰੇ ਦੀ ਕਾਲੀ ਕੰਬਲੀ, ਝੋਲੇ ਦੇ ਵਿਚ ਪਾ ਲਿਆ ਵੇ ।
ਚਿੱਠੀਆ ਵੰਡਣ ਵਾਲਿਆ.........

ਸਾਉਣ ਦੀ ਬਦਲੀ ਵਰ੍ਹ-ਵਰ੍ਹ ਜਾਵੇ ।
ਯਾਦ ਪ੍ਰੀਤਮ ਦੀ ਦਿਲ ਤੜਪਾਵੇ ।
ਖ਼ਤ ਪ੍ਰੀਤਮ ਦਾ ਕੋਈ ਨਾ ਆਵੇ ।
ਜੇ ਖ਼ਤ ਉਸਦਾ ਲਿਆ ਨਹੀਂ ਸਕਦਾ, ਸਿਰਨਾਵਾਂ ਹੀ ਲਿਆ ਦੇ ਵੇ ।
ਚਿੱਠੀਆ ਵੰਡਣ ਵਾਲਿਆ.........

ਤੁੰ ਪਰੀਤਮ ਦਾ ਲਿਆਵੇਂ ਸੁਨੇਹੜਾ ।
ਤੇਰੇ ਵਰਗਾ ਦਰਦੀ ਕਿਹੜਾ ।
ਪਰ ਜੇ ਮੇਰਾ ਸੱਖਣਾ ਵਿਹੜਾ ।
ਸਖਤੇ ਦੇ ਨਾਲ ਪਿਆਰ ਵੰਡਾ ਕੇ, ਰੋਗ ਹੱਡਾਂ ਨੂੰ ਲਾ ਲਿਆ ਵੇ ।
ਚਿੱਠੀਆ ਵੰਡਣ ਵਾਲਿਆ.........

18. ਮਾਵਾਂ ਠੰਡੀਆਂ ਛਾਵਾਂ

ਜੁੱਗ ਜੁੱਗ ਜੀਵੇ ਬਾਬਲ, ਪੇਕੇ ਮਾਵਾਂ ਨਾਲ ।
ਮਾਵਾਂ ਠੰਡੀਆਂ ਛਾਵਾਂ, ਮੌਜ ਭਰਾਵਾਂ ਨਾਲ ।
ਅਸੀਂ ਰੱਜ ਰੱਜ ਖੇਡੇ, ਛਾਵੇਂ ਵਿਹੜੇ ਬਾਬਲ ਦੇ,
ਰੱਬਾ ਵੇ ਯੁੱਗ-ਯੁੱਗ ਵਸਣ ਖੇੜੇ ਬਾਬਲ ਦੇ ।
ਬਾਬਲ ਤੇਰੇ ਖੇਤ, ਬਹਾਰਾਂ ਆਵਣ ਵੇ,
ਕੁੜੀਆਂ ਚਿੜੀਆਂ ਡਾਰਾਂ, ਉੱਡ, ਉੱਡ ਜਾਵਣ ਵੇ ।
ਟਿੱਬਿਆਂ ਵਿਚੋਂ ਪਿਆ ਭੁੱਲੇਖਾ ਚੀਰੇ ਦਾ,
ਅੜੀਓ ਝੱਟ ਪਛਾਤਾ ਘੋੜਾ ਵੀਰੇ ਦਾ ।
ਜਿਉਂ ਪੁੰਨਿਆਂ ਦਾ ਚੰਨ ਕਾਲੀਆਂ ਰੈਣਾਂ ਨੂੰ,
ਮਸਾਂ ਥਿਆਵਣ ਵੀਰੇ ਸਿਸਕਦੀਆਂ ਭੈਣਾਂ ਨੂੰ ।
ਖ਼ਬਰੈ ਅੱਜ ਕਿ ਕੱਲ੍ਹ, ਤੈਂ ਅਸੀਂ ਵਿਆਹੁਣੀਆਂ,
ਝਿੜਕੀਂ ਨਾ ਵੇ ਵੀਰਾ ਅਸੀਂ ਪ੍ਰਾਹੁਣੀਆਂ ।
ਯਾਦ ਤੇਰੀ ਵਿਚ ਵੀਰਾ, ਕਾਗ ਉਡਾਵਾਂ ਵੇ,
ਤੂੰ ਲੈ ਛੁੱਟੀਆਂ ਘਰ ਆ, ਮੈਂ ਸ਼ਗਨ ਮਨਾਵਾਂ ਵੇ ।

19. ਕੂ ਕੂ ਕਰਦੀਏ ਕੋਇਲੇ

ਕੂ, ਕੂ ਕਰਦੀਏ ਕੋਇਲੇ ਨੀ ਤੂੰ ਐਂਵੇਂ ਨਾ ਤੜਫਾ ।
ਦੂਰ ਗਏ ਮਾਹੀ ਦਾ ਅੜੀਏ, ਜਾ ਕੇ ਪਤਾ ਲਿਆ ।

ਆਪ ਗੱਡੀ 'ਤੇ ਬਹਿ ਕੇ ਪ੍ਰੀਤਮ ਧਿਰ ਪ੍ਰਦੇਸ਼ ਸਿਧਾਇਆ ।
ਛੱਡ ਗਿਆ ਮੈਨੂੰ ਕੁਰਲਾਉਂਦੀ, ਬਹੁਤਾ ਹੀ ਤੜਫਾਇਆ ।
ਫੁੱਲਾਂ ਦੀ ਅੱਜ ਟਾਹਣੀ ਟੁੱਟੀ, ਕਲੀ ਗਈ ਕੁਮਲਾ ।

ਕੂ, ਕੂ ਕਰਦੀਏ ਕੋਇਲੇ ਨੀ ਤੂੰ ਐਂਵੇਂ ਨਾ ਤੜਫਾ ।
ਦੂਰ ਗਏ ਮਾਹੀ ਦਾ ਅੜੀਏ, ਜਾ ਕੇ ਪਤਾ ਲਿਆ ।

20. ਹਨੇਰੀਆਂ ਦੇ ਨਾਂ

ਆਓ ਨੀ ਹਨੇਰੀਓ ! ਜਾਓ ਨੀਂ ਹਨੇਰੀਓ,
ਲੈ ਜਾਓ ਉਡਾ ਕੇ ਮੇਰਾ ਪਿਆਰ ।
ਏਸ ਨੂੰ ਲਜਾ ਕੇ ਝੋਲ੍ਹੀ ਪਾਉਣਾ ਓਸ ਅਬਲਾ ਦੀ,
ਜੀਹਦੀ ਲੁੱਟੀ ਗਈ ਏ ਬਹਾਰ ।

ਸਮਿਆਂ ਦੇ ਗਲ ਜਿੱਥੇ, ਫੜੇ ਨੇ ਗਲੇਡੂਆਂ ਨੇ,
ਉੱਚੀ ਕੋਈ ਸਾਹ ਨਾ ਭਰੇ ।
ਅੱਗ ਨੀ ਮਚਾ ਕੇ ਜਿੱਥੇ ਸੱਸੀ ਦਿਆਂ ਪੈਰਾਂ ਹੇਠਾਂ,
ਜੱਗ ਭੈੜਾ ਸੇਕਿਆ ਕਰੇ ।
ਜਿੱਥੇ ਬਲੀਦਾਨ ਹੁੰਦਾ, ਕੋਇਲ ਨੀ, ਬਚਾਰੜੀ ਦਾ,
ਕਾਲਿਆਂ ਕਾਵਾਂ ਦੇ ਵਿਚਕਾਰ ।
ਲੈ ਜਾਓ ਉਡਾ ਕੇ ਮੇਰਾ ਪਿਆਰ ।

ਅੰਬਰਾਂ 'ਚ ਜਿੱਥੇ ਮਗ਼ਰੂਰ ਕੋਈ ਬੱਦਲੀ ਨੀ,
ਇੱਕੋ ਘੁੱਟ ਚੰਨ ਦੀ ਕਰੇ ।
ਕਿਰਤਾਂ ਦੀ ਆਕੇ ਨੀ ਅੰਗੂਰੀ ਜਿੱਥੇ ਵਿਹਲੜਾਂ ਦਾ,
ਚੋਰੀ ਚੋਰੀ ਵੱਗ ਨੀ ਚਰੇ ।
ਜ਼ਿੰਦਗੀ ਦੀ ਬਾਜ਼ੀ ਜਿੱਥੇ ਪੈਸਿਆਂ ਦੇ ਦੌਰ ਵਿੱਚ,
ਜਿੱਤ ਕੇ ਵੀ ਜਾਂਦਾ ਕੋਈ ਹਾਰ ।
ਲੈ ਜਾਓ ਉਡਾ ਕੇ ਮੇਰਾ ਪਿਆਰ ।

21. ਅਜੇ

ਅਜੇ ਨਾ ਆਈ ਮੰਜ਼ਲ ਤੇਰੀ, ਅਜੇ ਵਡੇਰਾ ਪਾੜਾ ਏ ।
ਹਿੰਮਤ ਕਰ ਅਲਬੇਲੇ ਰਾਹੀ, ਅਜੇ ਹਨੇਰਾ ਗਾੜ੍ਹਾ ਏ ।

ਅਜੇ ਮੁਸੱਵਰ ਛਾਪ ਨਾ ਸਕਿਆ, ਦਰਦ ਦੀਆਂ ਤਸਵੀਰਾਂ ਨੂੰ ।
ਅਜੇ ਮਿਸਤਰੀ ਤੋੜ ਨਾ ਸਕਿਆ, ਇਹ ਮਜ਼੍ਹਬੀ ਜ਼ੰਜੀਰਾਂ ਨੂੰ ।
ਅਜੇ ਇਸ਼ਕ ਦਾ ਕਾਸਾ ਖਾਲੀ, ਖ਼ੈਰ ਹੁਸਨ ਨੇ ਪਾਇਆ ਨਾ ।
ਮਾਨਵਤਾ ਦੇ ਬੂਹੇ 'ਤੇ ਕੋਈ, ਰਾਂਝਾ ਮੰਗਣ ਆਇਆ ਨਾ ।

ਹਰ ਦਿਲ ਦੇ ਵਿਚ ਸ਼ਿਕਵੇ, ਝੋਰੇ, ਹਰ ਦਿਲ ਦੇ ਵਿਚ ਸਾੜਾ ਏ ।
ਅਜੇ ਬਹਾਰਾਂ ਨਹੀਂ ਚਹਿਕੀਆਂ, ਅਜੇ ਹਨੇਰਾ ਗਾੜ੍ਹਾ ਏ ।

ਅਜੇ ਕਿਰਤ ਦੀ ਚੁੰਝ ਹੈ ਖਾਲੀ, ਵਿਹਲੜ ਰੱਜ ਕੇ ਖਾਂਦੇ ਨੇ ।
ਮੁੱਲਾਂ, ਪੰਡਤ, ਭਾਈ, ਧਰਮ ਦੇ ਠੇਕੇਦਾਰ ਕਹਾਂਦੇ ਨੇ ।
ਅਜੇ ਮਨੁੱਖ ਦੀ ਕਾਇਆ ਉੱਤੇ, ਸਾਇਆ ਹੈ ਜਾਗੀਰਾਂ ਦਾ ।
ਅਜੇ ਮਨੁੱਖ ਨਾ ਮਾਲਿਕ ਬਣਿਆਂ, ਆਪਣੀਆਂ ਤਕਦੀਰਾਂ ਦਾ ।

ਅਜੇ ਕਿਸੇ ਬੇਵੱਸ ਜਿਸਮ ਦਾ, ਮਿਲਦਾ ਏਥੇ ਭਾੜਾ ਏ ।
ਅਜੇ ਨਾ ਸੁੱਤੀ ਜਨਤਾ ਜਾਗੀ, ਅਜੇ ਹਨੇਰਾ ਗਾੜ੍ਹਾ ਏ ।

ਅਜੇ ਤਾਂ ਏਥੇ ਲੋਕਾਂ ਦੇ, ਅਰਮਾਨ ਵੀ ਵੇਚੇ ਜਾਂਦੇ ਨੇ ।
ਅਜੇ ਤਾਂ ਪੈਸੇ ਪੈਸੇ ਤੋਂ, ਈਮਾਨ ਵੀ ਵੇਚੇ ਜਾਂਦੇ ਨੇ ।

ਅਜੇ ਹੈ ਪਰਬਤ ਓਡਾ ਕੋਡਾ, ਅਜੇ ਨਾ ਤੇਜ਼ ਕੁਹਾੜਾ ਏ ।
ਅਜੇ ਨਾ ਸ਼ੀਰੀਂ, ਹੱਥ ਵਟਾਇਆ, ਅਜੇ ਹਨੇਰਾ ਗਾੜ੍ਹਾ ਏ ।

ਅਜੇ ਤਾਂ ਹਿੰਸਾ ਖੁੱਲੀ ਚਰਦੀ, ਅਮਨ ਅਮਨ ਦੇ ਨਾਅਰੇ ਥੱਲੇ ।
ਅਜੇ ਹੈ ਦੁਨੀਆ ਨਰਕ ਭੋਗਦੀ, ਜੱਨਤ ਦੇ ਇਕ ਲਾਰੇ ਥੱਲੇ ।

ਅਜੇ ਨਾ ਕਾਲੇ ਬੱਦਲਾਂ ਵਿਚੋਂ, ਚਮਕੀ ਕੋਈ ਕਿਰਨ ਸੁਨਹਿਰੀ ।
ਭਾਵੇਂ ਮੰਤਰ ਯਾਦ ਅਸਾਡੇ, ਅਜੇ ਕੀਲਣੀ ਸੱਪਣੀ ਜ਼ਹਿਰੀ ।

ਅਜੇ ਅਸੀਂ ਹੈ ਰੱਬ ਨੂੰ ਦੱਸਣਾ, ਉਹ ਜਨਤਾ ਤੋਂ ਮਾੜਾ ਏ ।
ਅਜੇ ਨਾ 'ਹੂਟਰ' ਵੱਜਿਆ, ਸਾਥਿਓ, ਅਜੇ ਹਨੇਰਾ ਗਾੜ੍ਹਾ ਏ ।

22. ਚਿੱਤ ਨਾ ਡੁਲਾਈਂ ਬਾਬਲਾ

ਪੁੱਤ ਬਣ ਕੇ ਕਮਾਊਂ ਘਰ ਤੇਰੇ
ਚਿੱਤ ਨਾ ਡੁਲਾਈਂ ਬਾਬਲਾ
ਮੇਰੇ ਬੰਦਿਆਂ ਤੋਂ ਵੱਧ ਵੇਖੀਂ ਜੇਰੇ
ਚਿੱਤ ਨਾ ਡੁਲਾਈਂ ਬਾਬਲਾ......

ਲੋਕੀਂ ਕਹਿੰਦੇ ਪੁੱਤਾਂ ਬਿਨਾਂ ਜੱਗ 'ਚ ਮਿਲਾਪ ਨੀ
ਮੈਂ ਤਾਂ ਕਹਾਂ ਜੀਹਦੇ ਧੀ ਨਾ, ਉਹ ਤਾਂ ਸਹੀ ਬਾਪ ਨੀ
ਪੁੱਤ ਹੁੰਦੇ ਨੇ ਕੁਲੱਛਣੇ ਵਥੇਰੇ
ਚਿੱਤ ਨਾ ਡੁਲਾਈਂ ਬਾਬਲਾ......

ਅੱਗੇ ਸਾਕ ਲੈਂਦੇ ਨੀਂ ਸੀ, ਜੀਹਦੇ ਕੋਈ ਵੀਰ ਨਾ
ਹੁਣ ਸਾਕ ਲੈਂਦੇ ਉਹੀ, ਜੀਹਦੇ ਕੋਈ ਵੀਰ ਨਾ
ਪੁੱਤਾਂ ਵਾਲੇ ਧੱਕੇ ਖਾਂਦੇ ਦੇਖੇ ਡੇਰੇ
ਚਿੱਤ ਨਾ ਡੁਲਾਈਂ ਬਾਬਲਾ......

ਏਥੇ ਕੋਈ ਮੋਹ ਨੀ ਹੈਗਾ ਪੁੱਤ ਜਾਂ ਜਵਾਈ ਦਾ
ਏਥੇ ਸਾਰਾ ਮੋਹ ਤਾਂ ਬਸ ਖੱਟੀ ਤੇ ਕਮਾਈ ਦਾ
ਤਾਹੀਉਂ ਮੁੰਡਿਆਂ ਦੀ ਮੜਕ ਵਧੇਰੇ
ਚਿੱਤ ਨਾ ਡੁਲਾਈਂ ਬਾਬਲਾ......

ਤੇਰਾ ਦਾਹੜਾ ਚਿੱਟਾ ਤੇ ਬੇਦਾਗ ਰਹਿਣਾ ਚਾਹੀਦੈ
ਜਾਣਦੀ ਹਾਂ ਮੈਨੂੰ ਵੀ ਬੇਲਾਗ ਰਹਿਣਾ ਚਾਹੀਦੈ
ਕੋਈ ਖੰਘ ਨਾ ਲੰਘੂਗਾ ਬਾਰ ਤੇਰੇ
ਚਿੱਤ ਨਾ ਡੁਲਾਈਂ ਬਾਬਲਾ......

ਪੁੱਤ ਬਣ ਕੇ ਕਮਾਊਂ ਘਰ ਤੇਰੇ
ਚਿੱਤ ਨਾ ਡੁਲਾਈਂ ਬਾਬਲਾ
ਮੇਰੇ ਬੰਦਿਆਂ ਤੋਂ ਵੱਧ ਵੇਖੀਂ ਜੇਰੇ
ਚਿੱਤ ਨਾ ਡੁਲਾਈਂ ਬਾਬਲਾ......

23. ਕਾਲਿਆ ਕਾਵਾਂ ਵੇ

ਉੱਡ ਜਾ ਕਾਵਾਂ ਕਾਲਿਆ ਵੇ,
ਉੱਡ ਜਾ ਕਾਵਾਂ ਕਾਲਿਆ ।
ਪੈਰੀਂ ਤੇਰੇ ਘੁੰਗਰੂ ਪਾਵਾਂ ।
ਆ ਸੋਨੇ ਦੀ ਚੁੰਝ ਮੜ੍ਹਾਵਾਂ ।
ਕੁੱਟ-ਕੁੱਟ ਤੈਨੂੰ ਚੂਰੀਆਂ ਪਾਵਾਂ ।
ਮਾਹੀ ਮੇਰੇ ਦਾ ਤੂੰ ਸਿਰਨਾਵਾਂ,
ਖੰਭਾਂ ਉਪਰ ਲਿਖਾ ਲਿਆ ਵੇ ।
ਉੱਡ ਜਾ ਕਾਵਾਂ ਕਾਲਿਆ ਵੇ ।

ਰੋਜ਼ ਬਨੇਰੇ ਬੋਲ ਕੇ ਜਾਵੇਂ ।
ਝੂਠੀਆ ਵੇ ਤੂੰ ਝੂਠ ਘੁੰਮਾਵੇਂ ।
ਕਿਉਂ ਤੱਤੜੀ ਨੂੰ ਹੋਰ ਤੜਪਾਵੇਂ ।
ਕਹਿੰਦਾ ਸੀ ਉਹ ਮੈਂ ਆਵਾਂਗਾ ਛੇਤੀ,
ਝੂਠਾ ਲਾਰਾ ਲਾ ਗਿਆ ਵੇ ।
ਉੱਡ ਜਾ ਕਾਵਾਂ ਕਾਲਿਆ ਵੇ ।

ਦਰਦਾਂ ਵਾਲੇ ਦਰਦ ਵੰਡਾਵਣ ।
ਸ਼ੌਕਾਂ ਵਾਲੇ ਸ਼ੌਕ ਪਛਾਨਣ ।
ਬੇਪਰਵਾਹ ਕੀ ਪਿਆਰ ਨੂੰ ਜਾਨਣ ।
ਪਾ ਕੇ ਗੂੜ੍ਹਾ ਪਿਆਰ 'ਉਦਾਸੀ',
ਐਵੇਂ ਝੋਰਾ ਲਾ ਲਿਆ ਵੇ ।
ਉੱਡ ਜਾ ਕਾਵਾਂ ਕਾਲਿਆ ਵੇ ।

24. ਕੈਦੀ ਦੀ ਪਤਨੀ ਦਾ ਗੀਤ

ਮਾਏ ! ਮੇਰੇ ਚੰਨ ਦੀਏ ਮਾਏ ਨੀ ।
ਭਰੇ ਨੀ ਚੰਗੇਰ ਸਾਡੀ ਨਾਲ ਸੂਹੇ ਕੇਸਰਾਂ ਦੇ,
ਉਹਦੇ ਵੱਲੋਂ ਪੌਣ ਜਦ ਆਏ ਨੀ ।

ਹਵਾਲਾਤ ਵਿਚ ਆਈਆਂ, ਰੋਟੀਆਂ ਦੇ ਨਾਲ ਜਦੋਂ,
ਮਘਦਾ ਅੰਗਾਰ ਕੋਈ ਆਏ ਨੀ ।
ਨਾਲ ਅੰਗਿਆਰੇ ਉਹ ਤਾਂ 'ਕਾਲੀਆਂ ਕੰਧਾਂ' ਦੇ ਉੱਤੇ,
'ਸੂਰਜਾਂ' ਦੀ ਅੱਗ ਨੂੰ ਜਗਾਏ ਨੀ ।
ਮਾਏ ! ਮੇਰੇ ਚੰਨ ਦੀਏ ਮਾਏ ਨੀ ।

ਲਹੂ 'ਚ ਗੜੁੱਚ ਹੋ ਕੇ, ਪਿੰਡ ਦਿਆਂ ਰਾਜਿਆਂ ਤੋਂ,
ਜਿਹੜੇ ਅਸੀਂ ਟੁੱਕੜ ਬਚਾਏ ਨੀ ।
ਲੱਗ ਜੇ ਮੁਆਤਾ ਇਹਨਾਂ ਕੁੱਤਿਆਂ ਮੁਕੱਦਮਾਂ ਨੂੰ,
ਓਹ ਵੀ ਅੱਜ ਹੋਏ ਨੇ ਪਰਾਏ ਨੀ ।
ਮਾਏ ! ਮੇਰੇ ਚੰਨ ਦੀਏ ਮਾਏ ਨੀ ।

ਅੱਖੀਆਂ ਨੂੰ ਲੱਗਦਾ ਏ ਨੀਂਦ ਦਾ ਵਿਯੋਗ,
ਭੁੱਖਾ ਬਾਲ ਜਦੋਂ ਢਿੱਡ ਖੜਕਾਏ ਨੀ ।
ਜ਼ਿੰਦਗੀ ਦੇ ਗੀਤ ਤਾਈਂ ਸਮਝ ਕੇ ਬਾਗ਼ੀ,
ਕੋਈ ਪੈਸਿਆਂ ਦਾ ਪੁੱਤ ਹੱਸੀ ਜਾਏ ਨੀ ।
ਮਾਏ ! ਮੇਰੇ ਚੰਨ ਦੀਏ ਮਾਏ ਨੀ ।

ਹੋਇਆ ਕੀ ਜੇ ਕਿਸੇ ਬੇੜੀ ਕੱਚ ਦੀ 'ਚ ਬੈਠ,
ਸਾਡੇ ਲਹੂ ਨਾਲ ਛੱਪੜ ਭਰਾਏ ਨੀ ।
ਅਸੀਂ ਵੀ ਕਿਨਾਰੇ, ਜ਼ੇਰਾ ਸਾਡਾ ਵੀ ਚੱਟਾਨ,
ਸਾਡੇ ਕੋਲੋਂ ਕੱਚ ਕਿਵੇਂ ਬਚ ਜਾਏ ਨੀ ।
ਮਾਏ ! ਮੇਰੇ ਚੰਨ ਦੀਏ ਮਾਏ ਨੀ ।

25. ਅੰਮੜੀ ਨੂੰ ਤਰਲਾ

ਜੰਮੀ ਨਾ ਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿਥੇ ਸੱਧਰਾਂ 'ਤੇ ਸੰਗਲ ਰਵੇ ।
ਜਿਥੇ ਮੇਰੇ ਵੀਰ ਦੀਆਂ ਤੱਤੀਆਂ ਤਰੇਲੀਆਂ ਦਾ ਚੱਪਾ ਟੁਕ ਮੁੱਲ ਨਾ ਪਵੇ ।

ਜਿਹੜੇ ਪਿੰਡ ਲਾਵਾਂ ਦੀਆਂ ਅੱਖੀਆਂ 'ਚ ਅੱਥਰੂ,
ਤੇ ਸਿਹਰਿਆਂ ਦੇ ਅੱਖਾਂ ਵਿਚ ਅੱਗ ਨੀ ।
ਜੰਮਦੀਆਂ ਕੁੜੀਆਂ ਨੂੰ ਰੋਗ ਜਿਥੇ ਦਾਜ ਦਾ ਹੈ,
ਜਾਂਦਾ ਅਠਰਾਹੇ ਵਾਂਗੂ ਲੱਗ ਨੀ ।
ਜਿਹੜੇ ਪਿੰਡ ਸੋਨੇ ਦਿਆਂ ਬੁੰਦਿਆਂ ਦੀ ਥਾਵੇਂ,
ਕੰਨੀਂ ਭੁੱਖਿਆਂ ਦਾ ਹੌਕਾ ਹੀ ਪਵੇ ।
ਜੰਮੀ ਨਾ ਨੀ ਮਾਏ.........................

ਹੱਕਾਂ ਦਿਆਂ ਪੈਰਾਂ ਨਾਲ ਚੰਬੜੇ ਪਹਾੜ ਜਿੱਥੇ,
ਅਕਲਾਂ ਨੂੰ ਪੈ ਗਿਆ ਏ ਜੰਗ ਨੀ ।
ਲਹੂ ਦੇ ਨਿਸ਼ਾਨਾਂ ਵਾਲੇ ਹੱਥਾਂ ਵਿਚ ਟੁੱਟੀ ਜਾਪੇ,
ਔਹ ਜਿਹੜੀ ਰੁਲਦੀ ਐ ਵੰਗ ਨੀ ।
ਪਿੰਡਾ ਕਿਸੇ 'ਚੋਗੀ' ਦਾ ਨੀ ਨਰਮੇ ਦੇ ਫੁਟ ਜਿਹਾ,
ਖਿੜ ਕੇ ਵੀ ਰੋਂਦਿਆ ਰਵੇ ।
ਜੰਮੀ ਨਾ ਨੀ ਮਾਏ.........................

ਲਾਲ ਫੀਤੇ ਵਾਲੀ ਕਿਸੇ ਮੋਟੀ ਸਾਰੀ ਬਹੀ ਵਿਚ,
ਕੈਦ ਸਾਡੇ ਹੱਕਾਂ ਦੀ ਏ ਅੱਗ ਨੀ ।
ਰਾਠਾਂ ਦਿਆਂ ਕਿੱਲਾਂ ਵਾਲੇ ਬੂਟਾਂ ਦੇ ਨੀ ਠੁੱਡੇ ਖਾ ਕੇ,
ਪਾਟੀ ਮੇਰੇ ਬਾਪੂ ਦੀ ਏ ਪੱਗ ਨੀ ।
ਰੋਜ਼ੀ ਤੋਂ ਨਿਰਾਸ਼ ਕਿਸੇ ਅਬਲਾ ਦਾ ਹੌਕਾ ਆਖੇ,
"ਕੋਈ ਸਾਡੀ ਚਾਨਣੀ ਲਵੇ" ।
ਜੰਮੀ ਨਾ ਨੀ ਮਾਏ.........................

ਰੋਟੀ ਲੈਣ ਗਿਆ ਵੀਰ ਪੂੰਝਦਾ ਹੈ ਆਉਂਦਾ ਮਾਏ,
ਮੱਥੇ ਉਤੋਂ ਡਾਂਗਾਂ ਦਾ ਲਹੂ ।
ਰਾਠਾਂ ਦੀ ਹਵੇਲੀ ਵਿਚੋਂ ਖੁਸਿਆ ਸਰੀਰ ਲੈ ਕੇ,
ਮੁੜੀ ਮੇਰੇ ਵੀਰ ਦੀ ਬਹੂ ।
ਪੱਥਰਾਂ ਨੂੰ ਤੋੜੇ ਬਿਨਾ ਅੱਗ ਨਾ ਈਜਾਦ ਹੋਣੀ,
ਕਿਹੜਾ ਭੋਲੇ ਬਾਪੂ ਨੂੰ ਕਵੇ ।
ਜੰਮੀ ਨਾ ਨੀ ਮਾਏ.........................

26. ਹੁਣ ਤੁਹਾਡੀ ਯਾਦ ਵਿੱਚ

ਹੁਣ ਤੁਹਾਡੀ ਯਾਦ ਵਿੱਚ ਨਾ ਸਾਥੀਓ ਰੋਵਾਂਗਾ ਮੈਂ ।
ਬਚਦਿਆਂ ਹੰਝੂਆਂ 'ਚ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ ।

ਮੈਂ ਨਹੀਂ ਨਿਰਖਾਂਗਾ ਸ਼ੁਹਦੀ ਸੱਜ ਵਿਆਹੀ ਦਾ ਮਜਾਜ ।
ਪੈਰ ਦੀ ਝਾਂਜਰ 'ਚ ਜਿਸ ਦੇ ਵੀਰ ਦੇ ਸਿਰ ਦਾ ਵਿਆਜ ।
ਸੱਗੀਆਂ ਦੀ ਠੂਠੀ 'ਚ ਕੋਠੀ ਸੇਠ ਦੀ ਖੋਹਾਂਗਾ ਮੈਂ ।
ਹੁਣ ਤੁਹਾਡੀ ਯਾਦ ਵਿੱਚ..........................

ਟਿੱਬਿਆਂ 'ਤੇ ਪਹਿਲਾਂ ਬੜੀ ਹੀ ਅੱਥਰੂਆਂ ਦੀ ਹੈ ਸਲ੍ਹਾਬ ।
ਹੁਣ ਤਾਂ ਊਣੇ ਵੀ ਰਹੇ ਨਾ ਮੇਰੇ ਸਤਲੁਜ ਤੇ ਚਨਾਬ ।
ਢਲ ਰਹੇ ਪ੍ਰਛਾਵਿਆਂ ਤੋਂ ਆਪਣੀ ਲੋਅ ਖੋਹਾਂਗਾ ਮੈਂ ।
ਹੁਣ ਤੁਹਾਡੀ ਯਾਦ ਵਿੱਚ..........................

ਮੈਂ ਜਿਨ੍ਹਾਂ ਦੀ ਅੱਖ ਅੰਦਰ ਰੜਕਦਾ ਇੱਕ ਰੋੜ ਹਾਂ ।
ਮੈਂ ਜਿਨ੍ਹਾਂ ਦੀ ਐਸ਼ ਦੀ ਤਾਂ ਇੱਕ ਜ਼ਰੂਰੀ ਲੋੜ ਹਾਂ ।
ਉਨ੍ਹਾਂ ਦੇ ਮੂੰਹਾਂ ਦੀ ਲਾਲੀ ਕੰਮੀਆਂ 'ਤੇ ਚੋਆਂਗਾ ਮੈਂ ।
ਹੁਣ ਤੁਹਾਡੀ ਯਾਦ ਵਿੱਚ ਨਾ ਸਾਥੀਓ ਰੋਵਾਂਗਾ ਮੈਂ ।
ਬਚਦਿਆਂ ਹੰਝੂਆਂ 'ਚ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ ।

27. ਦਿੱਲੀਏ ਦਿਆਲਾ ਵੇਖ

ਦਿੱਲੀਏ ਦਿਆਲਾ ਵੇਖ ਦੇਗ਼ 'ਚ ਉਬਲਦਾ ਨੀ,
ਅਜੇ ਤੇਰਾ ਦਿਲ ਨਾ ਠਰੇ ।
ਮਤੀਦਾਸ ਤਾਈਂ ਚੀਰ ਆਰੇ ਵਾਂਗ ਜੀਭ ਤੇਰੀ,
ਅਜੇ ਤਾਈਂ ਮਨ ਮੱਤੀਆਂ ਕਰੇ ।

ਲੋਕਾਂ ਦੀਆਂ ਭੁੱਖਾਂ ਉੱਤੇ ਫ਼ਤਹਿ ਸਾਡੀ ਦੇਗ਼ ਦੀ ।
ਲੋਕਾਂ ਦਿਆਂ ਦੁੱਖਾਂ ਉੱਤੇ ਫ਼ਤਹਿ ਸਾਡੀ ਤੇਗ਼ ਦੀ ।
ਅਸੀਂ ਤਾਂ ਆ ਮੌਤ ਦੇ ਚਬੂਤਰੇ 'ਤੇ ਆਣ ਖੜ੍ਹੇ ।
ਇਹ ਤਾਂ ਭਾਵੇਂ ਖੜ੍ਹੇ ਨਾ ਖੜ੍ਹੇ ।

ਤੇਰੇ ਤਾਂ ਪਿਆਦੇ ਨਿਰੇ ਖੇਤਾਂ ਦੇ ਪ੍ਰੇਤ ਨੀ ।
ਤਿਲਾਂ ਦੀ ਪੂਲੀ ਵਾਂਗੂੰ ਝਾੜ ਲੈਂਦੇ ਖੇਤ ਨੀ ।
ਵੇਖ ਕਿਵੇਂ ਨਰਮੇ ਦੇ ਢੇਰਾਂ ਦੇ ਵਿਚਾਲੇ ਲੋਕੀਂ,
ਸੌਂਦੇ ਨੇ ਘਰੋੜੇ ਤੇ ਰੜੇ ।

ਲਾਲ ਕਿਲੇ ਵਿਚ ਲਹੂ ਲੋਕਾਂ ਦਾ ਜੋ ਕੈਦ ਹੈ ।
ਬੜੀ ਛੇਤੀ ਇਹਦੇ ਬਰੀ ਹੋਣ ਦੀ ਉਮੈਦ ਹੈ ।
ਪਿੰਡਾਂ ਵਿਚੋਂ ਤੁਰੇ ਹੋਏ ਪੁੱਤ ਨੀ ਬਹਾਦਰਾਂ ਦੇ,
ਤੇਰੇ ਮਹਿਲੀਂ ਵੜੇ ਕਿ ਵੜੇ ।

ਸਿਰਾਂ ਵਾਲੇ ਲੋਕੀਂ ਬੀਜ ਚੱਲੇ ਆਂ ਬੇਓੜ ਨੀ ।
ਇੱਕ ਦਾ ਤੂੰ ਮੁੱਲ ਭਾਵੇਂ ਰੱਖ ਦੀਂ ਕਰੋੜ ਨੀ ।
ਲੋਕ ਐਨੇ ਸੰਘਣੇ ਨੇ ਲੱਖੀ ਦੇ ਜੰਗਲ ਵਾਂਗੂੰ,
ਸਿੰਘ ਤੈਥੋਂ ਜਾਣੇ ਨਾ ਫੜੇ ।

ਸੱਚ ਮੂਹਰੇ ਸਾਹ ਤੇਰੇ ਜਾਣਗੇ ਉਤਾਹਾਂ ਨੂੰ ।
ਗੱਲ ਨਹੀਂ ਆਉਣੀ ਤੇਰੇ ਝੂਠਿਆਂ ਗਵਾਹਾਂ ਨੂੰ ।
ਸੰਗਤਾਂ ਦੀ ਸੱਥ ਵਿਚ ਜਦੋਂ ਤੈਨੂੰ ਖ਼ੂਨਣੇ ਨੀ,
ਲੈ ਕੇ ਫ਼ੌਜੀ ਖ਼ਾਲਸੇ ਖੜ੍ਹੇ ।

ਦਿੱਲੀਏ ਦਿਆਲਾ ਵੇਖ ਦੇਗ਼ 'ਚ ਉਬਲਦਾ ਨੀ,
ਅਜੇ ਤੇਰਾ ਦਿਲ ਨਾ ਠਰੇ ।
ਮਤੀਦਾਸ ਤਾਈਂ ਚੀਰ ਆਰੇ ਵਾਂਗ ਜੀਭ ਤੇਰੀ,
ਅਜੇ ਤਾਈਂ ਮਨ ਮੱਤੀਆਂ ਕਰੇ ।

28. ਪੱਕਾ ਘਰ ਟੋਲੀਂ ਬਾਬਲਾ

ਪੱਕਾ ਘਰ ਟੋਲੀਂ ਬਾਬਲਾ, ਕਿਤੇ ਲਿੱਪਣੇ ਨਾ ਪੈਣ ਵੇ ਬਨੇਰੇ ।
ਊ ਤਾਂ ਵੱਸ ਵੀ ਨਹੀਂ ਵੇ ਕੁਝ ਤੇਰੇ ।
ਪੱਕਾ ਘਰ ਟੋਲੀਂ ਬਾਬਲਾ............

ਘਾਣ ਕਰੇ ਸਾਡਾ ਕੱਚੇ ਕੋਠਿਆਂ ਦਾ ਘਾਣ ਵੇ,
ਤਾਲੂਏ ਨਾ ਲੱਗ ਜਾਂਦੀ ਸੁੱਕ ਕੇ ਜ਼ੁਬਾਨ ਵੇ ।
ਚਿੱਕ ਚੰਦਰੀ ਮਿਲੇ ਵੇ ਕਿਹੜਾ ਨੇੜੇ,
ਪੱਕਾ ਘਰ ਟੋਲੀਂ ਬਾਬਲਾ............

ਸਾਰਾ ਕੁਝ ਜਾਣਦੀ ਹਾਂ, ਮੈਂ ਨੀ ਬਾਪੂ ਭੋਲੀ ਵੇ,
ਸਾਥੋਂ ਵੀ ਤਾਂ ਇਕ ਪੱਕੀ ਹੋਈ ਨਾ ਕੰਧੋਲੀ ਵੇ ।
ਕਿੰਨੇ ਵਰ੍ਹਿਆਂ ਤੋਂ ਭੱਠੇ 'ਤੇ ਪਥੇਰੇ,
ਪੱਕਾ ਘਰ ਟੋਲੀਂ ਬਾਬਲਾ............

ਸੱਚੀ ਗੱਲ ਵਿਚ ਪਿਓ ਤੇ ਧੀ 'ਚ ਕਾਹਦੀ ਜੱਕ ਵੇ,
ਤੇਰੀ ਕੱਚੀ ਕੋਠੜੀ 'ਤੇ ਕੋਠੀਆਂ ਦੀ ਅੱਖ ਵੇ ।
ਤੇਰੀ ਪੱਗ ਵਾਂਗ ਰੱਖਾਂ ਸੁੱਚੇ ਵਿਹੜੇ,
ਪੱਕਾ ਘਰ ਟੋਲੀਂ ਬਾਬਲਾ............

ਪੱਕਾ ਉਹ ਜੋ ਹੋਣ ਦੇਵੇ ਕੱਚਿਆਂ ਦੀ ਹਾਨੀ ਨਾ,
ਕੱਚਿਆਂ 'ਚ ਪਲ ਰਹੀ ਜੂਨ ਵੀ ਬਿਗਾਨੀ ਨਾ ।
ਪੁੱਛੇ ਦੱਸੇ ਮਿਲ ਜਾਣਗੇ ਬਥੇਰੇ,
ਪੱਕਾ ਘਰ ਟੋਲੀਂ ਬਾਬਲਾ............

29. ਖੂਹ ਹੱਕਣ ਵਾਲੇ ਨੂੰ ਅਸੀਸ

ਜਦ ਤਕ ਪੰਜ ਦਰਿਆ ਨਾ ਥੰਮਣ,
ਵਗਦਾ ਰਹੇ ਤੇਰਾ ਖੂਹ ਮਿੱਤਰਾ ।
ਵਧੇ ਫੁੱਲੇ ਤੇ ਜੁਆਨੀ ਮਾਣੇ,
ਖੁਸ਼ ਹੀ ਰਹੇ ਤੇਰੀ ਰੂਹ ਮਿੱਤਰਾ ।

ਜੀਵੇ ਤੇਰੀ ਭਾਰਤ ਮਾਤਾ,
ਜਿਸਦਾ ਤੂੰ ਰਖਵਾਲਾ ਏਂ ।
ਜੀਵੇ ਤੇਰੀ ਅੱਲੜ੍ਹ ਜੱਟੀ,
ਜਿਸਦਾ ਤੂੰ ਮਤਵਾਲਾ ਏਂ ।
ਜੀਵਣ ਤੇਰੇ ਲੋਕ ਗੀਤ,
ਜੋ ਪਾਉਣ ਕਲੇਜੇ ਧੂਹ ਮਿੱਤਰਾ ।
ਜਦ ਤਕ ਪੰਜ ਦਰਿਆ ਨਾ ਥੰਮਣ...

ਜੱਗ ਦੀ ਜ਼ੁਲਫ਼ ਸੰਵਾਰਨ ਵਾਲੇ,
ਉਲਝੇ ਨਾ ਤਕਦੀਰ ਤੇਰੀ ।
ਬੇਲੇ ਦੇ ਵਿਚ ਚੁੰਗੀਆਂ ਭਰਦੀ,
ਮਿਲ ਜੇ ਜੱਟੀ ਹੀਰ ਤੇਰੀ ।
ਖਿੜੀ ਰਹੇ ਤੇਰੀ ਕੇਸਰ ਕਿਆਰੀ,
ਮਹਿਕਦੀ ਰਹੇ ਤੇਰੀ ਰੂਹ ਮਿੱਤਰਾ,
ਜਦ ਤਕ ਪੰਜ ਦਰਿਆ ਨਾ ਥੰਮਣ...

ਹੀਰੇ ਭਗਤ ਸਿੰਘ, ਸਰਾਭੇ ਵਾਂਗੂੰ,
ਦੇਸ਼ ਦੀ ਸੇਵਾ ਕਰਦਾ ਰਹੇਂ ।
ਅਣਖ ਆਬਰੂ ਇੱਜ਼ਤ ਖ਼ਾਤਰ,
ਜਾਨ ਤਲੀ ਤੇ ਧਰਦਾ ਰਹੇਂ ।
ਤੇਰੇ ਬਾਗ਼ਾਂ ਵਿਚ ਆਜ਼ਾਦੀ
ਕਰਦੀ ਰਹੇ ਕੂ ਕੂ ਮਿੱਤਰਾ,
ਜਦ ਤਕ ਪੰਜ ਦਰਿਆ ਨਾ ਥੰਮਣ...

ਓ ਦੁਨੀਆਂ ਦੇ ਅੰਨ ਦਾਤੇ,
ਜੇ ਆਪਣਾ ਆਪ ਪਛਾਣੇਂ ਤੂੰ ।
ਇਹ ਜੀਵਨ ਦੀਆਂ ਉੱਚੀਆਂ ਸੁੱਚੀਆਂ,
...............................
ਜਦ ਤਕ ਪੰਜ ਦਰਿਆ ਨਾ ਥੰਮਣ...

ਖੂਹ ਦੀਆਂ ਟਿੰਡਾਂ ਵਿਚੋਂ ਪਾਣੀ,
ਅੰਮ੍ਰਿਤ ਬਣ ਕੇ ਡੁੱਲ੍ਹੇਗਾ ।
ਇਕ ਹੰਭਲਾ ਹੋਰ ਜੇ ਮਾਰੇਂ,
ਸੰਨ ਸੰਤਾਲੀ ਭੁੱਲੇਂਗਾ ।
ਫੇਰ ਉਦਾਸੀ ਲਿਖ ਦੇਵੇ,
ਤੂੰ ਲਵੇਂ ਸਵਰਗ ਨੂੰ ਛੂਹ ਮਿੱਤਰਾ,
ਜਦ ਤਕ ਪੰਜ ਦਰਿਆ ਨਾ ਥੰਮਣ,
ਵਗਦਾ ਰਹੇ ਤੇਰਾ ਖੂਹ ਮਿੱਤਰਾ ।
(ਚੌਥਾ ਬੰਦ ਅਧੂਰਾ ਹੀ ਮਿਲਿਆ ਹੈ)

30. ਪੱਤਰ ਹਰੇ ਹਰੇ

ਮੌਲਣ ਏਹਦੀਆਂ ਟਾਹਣੀਆਂ, ਪੱਤਰ ਹਰੇ ਹਰੇ ।
ਕੇਹੜਾ ਏ ਜੋ ਚਮਨ ਮੇਰੇ ਵਿਚ ਪੈਰ ਧਰੇ ।

ਇਸ ਬਾੜੀ ਨੂੰ ਅਸੀਂ ਖਿੜਾਇਆ, ਆਪਣੇ ਪਾ, ਪਾ ਹਾਸੇ ।
ਇਸ ਬਾੜੀ ਨੂੰ ਭਰ, ਭਰ ਪਾਏ, ਜਿਗਰ ਖ਼ੂਨ ਦੇ ਕਾਸੇ ।
ਵਾਰ ਦੇਣਾ ਇਸ ਤੋਂ, ਜੋ ਕੁਝ ਬਣੇ ਸਰੇ,
ਕੇਹੜਾ ਏ ਜੋ ਚਮਨ ਮੇਰੇ ਵਿਚ.........

ਇਸ ਦੇ ਪਿੱਪਲ ਬੋਹੜ ਜਾਮਣ, ਜਦ ਗੋਹਲਾਂ ਨਾਲ ਲੱਦੇ ।
ਕੋਇਲਾਂ ਦੇ ਬੋਲਾਂ ਨੂੰ ਜਾਪਣ, ਦੇ ਦੇ ਆਵਣ ਸੱਦੇ ।
ਇਹ ਫਲ ਕਾਟੋ ਕਾਵਾਂ ਨੂੰ ਨਾ ਵੇਖ ਜਰੇ,
ਮੌਲਣ ਏਹਦੀਆਂ ਟਾਹਣੀਆਂ, ਪੱਤਰ ਹਰੇ ਹਰੇ ।
ਕੇਹੜਾ ਏ ਜੋ ਚਮਨ ਮੇਰੇ ਵਿਚ ਪੈਰ ਧਰੇ ।

31. ਖ਼ੈਰ-ਸੁੱਖ

ਮਾਰੇ ਗਏ ਮਿੱਤਰਾਂ ਦੇ ਪਿੰਡ ਦੀਏ ਵਾਏ,
ਖ਼ੈਰ-ਸੁੱਖ ਦਾ ਸੁਨੇਹੜਾ ਲਿਆ।
ਉਸ ਮਾਂ ਦਾ ਬਣਿਆਂ ਕੀ,
'ਆਂਦਰਾਂ ਦੀ ਅੱਗ' ਜਿਹਦੀ ਗਈ ਕਸਤੂਰੀਆਂ ਖਿੰਡਾ ?

ਭਾਰ ਉਹਦੇ ਬਾਪੂ ਦਾ ਨੀ ਕੁੱਬੀ ਹੋਈ ਕੰਡ ਉਤੋਂ
ਕਿਸੇ ਨੇ ਵੰਡਾਇਆ ਸੀ ਕਿ ਨਾ ?
ਸੁਣੀਂਦਾ ਸੀ ਭੈਣ ਉਹਦੀ ਸਾਂਭ ਕੇ ਸੁਗੰਧੀਆਂ ਨੂੰ
ਜਾਣਾ ਹੈ ਸੀ ਓਪਰੇ ਗਰਾਂ
ਜੀਹਦਾ ਵੀਰ ਅੱਜ ਖੱਟੀ ਚੁੰਨੀ ਨਾ ਲਿਆਇਆ,
ਉਹਨੂੰ ਕਿੰਨਾ ਕੁ ਏ ਤੀਆਂ ਦਾ ਨੀ ਚਾਅ ?
ਮਾਰੇ ਗਏ ਮਿੱਤਰਾਂ ਦੇ......................

ਰਾਠਾਂ(ਸ਼ਾਹਾਂ) ਦੀ ਹਵੇਲੀ ਮੂਹਰੋਂ ਲੰਘਣਾ ਖੰਘੂਰਾ ਮਾਰ,
(ਕਿਤੇ) ਭੁੱਲੇ ਤਾਂ ਨੀ ਓਸਦੇ ਭਰਾ ?
ਗੀਤਾਂ ਦੇ ਕਸਾਈ ਕਿਤੇ ਉਸ ਦੀ ਮਾਸ਼ੂਕ ਕੋਲੋਂ,
ਗਾਣੇ ਤਾਂ ਨੀ ਰਹੇ ਸੀ ਗਵਾ ?
ਉਸ ਦੇ ਮੁਹਾਂਦਰੇ ਦਾ ਪਿੰਡ ਦੀ ਜੁਆਨੀ ਉਤੇ,
ਚੜ੍ਹਿਐ ਜਾਂ ਨਹੀਂ ਕੋਈ ਪਾਹ ?
ਮਾਰੇ ਗਏ ਮਿੱਤਰਾਂ ਦੇ......................

ਪਿੰਡ ਦੇ ਕਸਾਈਖਾਨੇ ਕੋਲੋਂੋਂ ਜਦੋਂ ਲੰਘੀ ਸੀ ਤੂੰ,
ਕਿੰਨਾ ਕੁ ਸੀ ਜ਼ੁਲਮਾਂ ਦਾ ਤਾਅ ?
ਦੱਸ ਮੇਰੇ ਵੀਰਨੇ ਤੋਂ ਕਿਹੜੀ ਗੱਲ ਪੁੱਛਦੇ ਸੀ,
ਸੱਥ ਵਿਚ ਪੁੱਠਾ ਲਟਕਾ ?
ਜ਼ੁਲਮਾਂ ਦੇ ਹੌਸਲੇ 'ਚ ਪਿੰਡ ਦਿਆਂ ਚੌਧਰੀਆਂ,
ਖਾਧਾ ਹੋਣੈ ਰੱਜ ਕੇ ਕੜਾਹ ।
ਮਾਰੇ ਗਏ ਮਿੱਤਰਾਂ ਦੇ......................

ਸੁਣੀਂਦਾ ਏ 'ਕਾਗਜ਼ਾਂ ਦੇ ਸ਼ੇਰ' ਉਹ ਨੇ ਕਹਿੰਦੇ ਸਾਨੂੰ,
'ਕਿਰਨਾਂ ਦਾ ਕਾਫ਼ਲਾ' ਫੜਾ ।
ਉਹਦੇ ਬੋਲਾਂ ਵਿਚੋਂ ਜੋ ਸੁਗੰਧੀਆਂ ਤੂੰ ਚੂਸੀਆਂ ਨੇ,
ਹਾੜੇ ਮੇਰੇ ਬੋਲਾਂ ਨੂੰ ਛੁਹਾ ।
ਨੂੜੇ ਹੋਏ ਅੰਗਾਂ ਨੇ ਨੀ,
ਤਿੱਖੀਆਂ ਸੰਗੀਨਾਂ ਮੂਹਰੇ,
ਕੀਤਾ ਸੀ ਮੁਕਾਬਲਾ ਕਿ ਨਾ ?
ਮਾਰੇ ਗਏ ਮਿੱਤਰਾਂ ਦੇ ਪਿੰਡ ਦੀਏ ਵਾਏ,
ਖ਼ੈਰ-ਸੁੱਖ ਦਾ ਸੁਨੇਹੜਾ ਲਿਆ ।

32. ਕਿਸ ਨੂੰ ਵਤਨ ਕਹਾਂ

ਹਰ ਥਾਂ ਖ਼ੂਨੋ ਖ਼ੂਨ ਹੈ ਧਰਤੀ
ਹਰ ਥਾਂ ਕਬਰਾਂ ਦੀ ਚੁੱਪ ਵਰਤੀ
ਅਮਨ ਕਿੱਥੇ ਮੈਂ ਦਫ਼ਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

ਭੰਨ ਸੁੱਟੀਆਂ ਨਾਨਕ ਦੀਆਂ ਬਾਹਵਾਂ
ਪੁੱਟ ਸੁੱਟੀਆਂ ਸ਼ਿਵ ਦੀਆਂ ਜਟਾਵਾਂ
ਕਿਸ ਨੂੰ ਕਿਸ ਦਾ ਦਮਨ ਕਹੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

ਆਹ ਜਿਸਮ ਤਾਂ ਮੇਰੀ ਧੀ ਵਰਗਾ ਹੈ
ਆਹ ਕੋਈ ਮੇਰੀ ਭੈਣ ਜਿਹਾ ਹੈ
ਕਿਸ ਕਿਸ ਦਾ ਮੈਂ ਨਗਨ ਕੱਜੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

ਕੌਣ ਸਿਆਣ ਕਰੇ ਮਾਂ ਪਿਓ ਦੀ
ਹਰ ਇੱਕ ਦੀ ਹੈ ਲਾਸ਼ ਇਕੋ ਜੀ
ਕਿਸ ਕਿਸ ਲਈ ਮੈਂ ਕਫ਼ਨ ਲਊਂਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

ਰੋ ਪਈਆਂ ਚਾਨਣੀਆਂ ਰਾਤਾਂ
ਮੁੱਕੀਆਂ ਦਾਦੀ ਮਾਂ ਦੀਆਂ ਬਾਤਾਂ
ਕਿੰਝ ਬੀਤੇ ਦਾ ਹਵਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

ਜਜ਼ਬੇ ਸਾਂਭ ਮੇਰੇ ਸਰਕਾਰੇ
ਮੋੜ ਦੇ ਮੇਰੇ ਗੀਤ ਪਿਆਰੇ
ਕਿੰਝ ਚਾਵਾਂ ਦਾ ਦਮਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

33. ਮੈ ਹਾਂ ਪੰਜਾਬ ਬੋਲਦਾ

ਮੈ ਹਾਂ ਪੰਜਾਬ ਬੋਲਦਾ, ਸੁੱਚੀਆਂ ਦਾੜ੍ਹੀਆਂ ਦੇ ਨਾਂ 'ਤੇ
ਪੀਡੀਆਂ ਗੁੱਤਾਂ ਦੇ ਨਾਂ, ਮੈ ਹਾਂ ਪੰਜਾਬ ਬੋਲਦਾ ।
ਆਪਣੇ ਧੀ ਪੁੱਤਾਂ ਦੇ ਨਾਂ, ਮੈ ਹਾਂ ਪੰਜਾਬ ਬੋਲਦਾ ।

ਮਾਂ ਦੀਆਂ ਦੋ ਵਗਦੀਆਂ, ਮੇਰੇ ਪੰਜ-ਧਾਰਾ ਵਗੇ
ਏਨੇ ਦੁੱਧਾਂ ਦੇ ਹੁੰਦਿਆਂ, ਕਿਉ ਵਿਲਕਦੀ ਮਮਤਾ ਲੱਗੇ ?
ਕਾਂਜੀ ਦੇ ਬੱਦਲਾ ਦੇ ਨਾਂ 'ਤੇ ਬਦਲੀਆਂ ਰੁੱਤਾਂ ਦੇ ਨਾਂ
ਮੈ ਹਾਂ ਪੰਜਾਬ ਬੋਲਦਾ...................

ਵਾਰਿਸ, ਮੋਹਨ, ਕਾਦਰ, ਧਨੀ, ਸਤਿਲੁਜ ਝਨਾਂ ਨੂੰ ਮੇਲਦੇ
ਖੇਡਦੇ ਗੀਟੇ ਰਹੇ, ਕਿਉ ਨਾਲ ਸਿਰੀਆਂ ਖੇਲਦੇ ?
ਗੁੰਦਵਿਆਂ ਜਿਸਮਾਂ ਦੇ ਨਾਂ 'ਤੇ ਫੁੱਟਦੀਆਂ ਮੁੱਛਾਂ ਦੇ ਨਾਂ
ਮੈ ਹਾਂ ਪੰਜਾਬ ਬੋਲਦਾ....................

ਮੇਰੇ ਕਪੁੱਤਰੋ ਸੌਂ ਜਿਓ, ਹੁਣ ਨਾਲ ਮੌਜ ਦੇ
ਪਹਿਰੇ ਖੜੂੰਗਾ ਮੈ ਭਾਵੇਂ ਹਵਾਲੇ ਹਾਂ ਫ਼ੌਜ ਦੇ
ਹੰਭੀਆਂ ਅਦਾਲਤਾਂ ਦੇ ਨਾਂ, ਨਾਰਦ ਦੀਆਂ ਘੜਿੱਤਾਂ ਦੇ ਨਾਂ
ਮੈ ਹਾਂ ਪੰਜਾਬ ਬੋਲਦਾ.......................

ਬਹਿ ਕੇ ਪਰ੍ਹਾ ਵਿਚ ਸੁਣ ਲਵੋ ਵੱਡਿਓ ਨਵਾਬੀਓ
ਤਲੀਆਂ 'ਤੇ ਸਿਰ ਕਿੱਦਾਂ ਟਿਕੇ, ਦੱਸਿਓ ਪੰਜਾਬੀਓ
ਹੀਰ ਦੀ ਚੂਰੀ ਦੇ ਨਾਂ, ਕੈਦੋ ਦੀ ਲੂਤੀ ਦੇ ਨਾਂ
ਮੈ ਹਾਂ ਪੰਜਾਬ ਬੋਲਦਾ....................

34. ਧਰਤੀ ਮਾਂ

ਕਿਹੜਿਆਂ ਸਿਪਾਹੀਆਂ ਤੇਰੀ ਹਿੱਕ ਹੈ ਲਤਾੜੀ ?
ਕਰੀ ਕਿਹੜਿਆਂ ਥਕੇਵਿਆਂ ਨਿਢਾਲ ?
ਕਿਹੜਿਆਂ ਪੁੱਤਾਂ ਨੇ ਤੇਰੀ ਲੁੱਟੀ ਹੋਈ ਪੱਤ ਜਰੀ ?
ਕੀ ਤੂੰ ਸੱਚੀ ਮੁੱਚੀ ਏਂ ਕੰਗਾਲ ?

ਤਲੀਆਂ 'ਤੇ ਸੀਸ ਰੱਖ ਲੜਦੇ ਸੀ ਜਿਹੜੇ
ਕਿਉਂ ਉਹ ਬੁੱਕਲੀਂ ਲੁਕਾਈ ਬੈਠੇ ਮੂੰਹ
ਕੀ ਤਾਂ ਹੁਣ ਕਿਸੇ ਧੀ ਦੀ ਲੁੱਟੀਂਦੀ ਨਾ ਪੱਤ
ਕੀ ਨਾ ਕਿਸੇ ਦੀ ਉਧਾਲੀ ਜਾਂਦੀ ਨੂੰਹ ?
ਮੇਰੇ ਪਿੰਡ ਪਏ ਜਿੰਨੇ ਪੀਲਕਾਂ ਦੇ ਮਾਰੇ,
ਓਨੇ ਸ਼ਹਿਰ ਹੋਏ ਪੀਂਝੂੰ ਵਾਂਗੂ ਲਾਲ
ਕਿਹੜਿਆਂ ਸਿਪਾਹੀਆਂ................

ਚਾੜ੍ਹ ਕੇ ਪੁਲੀਸ ਪੈਸੇ ਵਾਲਿਆਂ ਘੱਲੀ ਹੈ ਪਿੰਡ
ਕੰਮੀਆਂ ਦਿਹਾੜੀਆਂ ਦੇ ਨਾਂ
ਉਸੇ ਬੱਚੇ ਦੇ ਨਾਂ ਸਾਡੀ ਸਿਰਾਂ ਦੀ ਵਸੀਅਤ
ਜੀਹਦੀ ਕੰਜਕ ਕੁਆਰੀ ਬਣੀ ਮਾਂ
ਉਸ ਸੂਹੇ ਸੂਰਜ ਨੂੰ ਸਿਰਾਂ ਦੀ ਸਲਾਮ
ਜੀਹਦੀ ਸਾਰੀ ਰਾਤੀਂ ਰਾਤ ਕਰੇ ਭਾਲ
ਕਿਹੜਿਆਂ ਸਿਪਾਹੀਆ....................

ਰੋਂਦੇ ਨੇ ਦਿਹਾੜੀਏ ਮਸ਼ੀਨਰੀ ਦੇ ਨਾਂ 'ਤੇ
ਮਿਲੇ ਜਿਨ੍ਹਾਂ ਨੂੰ ਨਾ ਵਾਜਬੀ ਦਿਹਾੜ
ਕਿਰਤੀ-ਕਿਸਾਨ ਤਾਈਂ ਹੁੰਦੇ ਵੇਖ ਜੱਫੋ ਜੱਫੀ
ਮਾਰਦੇ ਦੁੜੰਗੇ ਨੇ ਕਰਾੜ
ਸਾਰੇ ਜਾਲ ਤੋੜ ਕੇ ਉੱਡਣ ਵਾਲੇ ਅਸੀਂ
ਪੂੰਜੀਪਤੀ ਪਾਏ ਫਿਰਕੂ ਜੰਜਾਲ
ਕਿਹੜਿਆਂ ਸਿਪਾਹੀਆਂ.............

ਤੇਰੇ ਪਿੰਡੇ ਉੱਤੇ ਜਦੋ ਜ਼ਰਾ ਵੀ ਝਰੀਟ ਆਏ
ਕਿਹੜਾ ਪੁੱਤ ਜਿਹੜਾ ਇਹ ਜਰੇ
ਤੇਰਿਆਂ ਚਰਾਗਾਂ ਤਾਈਂ ਲੱਟੋ ਲੱਟ ਰੱਖਣਾ ਏ
ਤਨ ਸਾਡਾ ਰਹੇ ਨਾ ਰਹੇ
ਤੇਰੇ ਸੱਭਿਆਚਾਰ ਤਾਈਂ ਭੂਤ ਤੋਂ ਭਵਿੱਖ ਵਿਚ
ਲੈਣਾ ਏ ਅਜੋਕਿਆਂ ਨੇ ਢਾਲ
ਕਿਹੜਿਆਂ ਸਿਪਾਹੀਆਂ ਤੇਰੀ ਹਿੱਕ ਹੈ ਲਤਾੜੀ ?
ਕਰੀ ਕਿਹੜਿਆਂ ਥਕੇਵਿਆਂ ਨਿਢਾਲ ?
ਕਿਹੜਿਆਂ ਪੁੱਤਾਂ ਨੇ ਤੇਰੀ ਲੁੱਟੀ ਹੋਈ ਪੱਤ ਜਰੀ ?
ਕੀ ਤੂੰ ਸੱਚੀ ਮੁੱਚੀ ਏਂ ਕੰਗਾਲ ?

35. ਮੇਰਾ ਵਤਨ

ਮੈਨੂੰ ਨਿੰਦ ਲਓ ਨਿੰਦਿਓ ਨਾ ਵਤਨ ਮੇਰਾ,
ਸੋਨ ਚਿੜੀ ਸੀ ਇਹ ! ਸੋਨ ਚਿੜੀ ਹੈ ਇਹ ।
ਸਾਮਰਾਜ ਦੀ ਖੋਤੀ ਸੀ ਜੋ ਸਦੀਆਂ,
ਸਾਮਰਾਜੀਆਂ ਦੀ ਤਾਹੀਓਂ ਸਿੜ੍ਹੀ ਹੈ ਇਹ ।

ਸੂਰਜ ਚੜ੍ਹੇ ਤੋਂ ਸੌਣ ਦੀ ਸੇਜ ਛੱਡ ਕੇ,
ਇਹਦਾ ਕਿਰਤੀਆਂ ਆਂਗਣ ਸਵਾਰ ਦੇਣੈ ।
ਇਹਦਾ ਕੀ ਕਸੂਰ ਹੈ ਜੇ ਇਹਨੇ,
ਸਿਰ ਦੇ ਵਾਲਾਂ ਤੋਂ ਬਹੁਤਾ ਉਧਾਰ ਦੇਣੈ ।

ਪੂੰਜੀਵਾਦ ਜੇ ਪੈਂਦਾ ਨਾ ਬਾਦ ਇਹਦੇ,
ਬਾਦਵਾਨਾਂ ਨੂੰ ਲੈਣ ਨਾ ਸਾਹ ਦੇਂਦੀ ।
ਮਿਰਜ਼ਾ ਕਾਠੀ 'ਤੇ ਨੀਂਦਰਾ ਲਾਹ ਲੈਂਦਾ,
ਬੱਕੀ ਚੰਦੜਾਂ ਨੂੰ ਨਾ ਸੀ ਡਾਹ ਦੇਂਦੀ ।

ਜੋਬਨ ਫ਼ਸਲਾਂ ਦਾ ਲਾਲਾਂ ਦੀ ਪਾਏ ਭਿੱਛਿਆ,
ਅਸੀਂ ਜੋਗੀੜੇ ਰਮਜ਼ ਪਛਾਣਦੇ ਨਹੀਂ ।
ਪਿੰਡੇ ਪਾਲਦੇ ਪਹਿਆਂ ਦੀ ਪੀਕ ਖਾ ਕੇ,
ਅਸੀਂ ਘੱਟਾ ਵਲੈਤਾਂ ਦਾ ਛਾਣਦੇ ਨਹੀਂ ।

ਮੇਰੀ ਧਰਤੀ ਦੇ ਲਾਲਾਂ ਦੇ ਸ਼ੇਸ਼ਨਾਗੋ,
ਰੱਜ ਕੇ ਲੀਡਰਾਂ ਨੂੰ ਨਾ ਨੋਟ-ਵੋਟ ਪਾਓ ।
ਮੇਰੀ ਯਾਰੀ ਦੀ ਲੱਜ ਹੈ ਤਾਂ ਰਹਿੰਦੀ,
ਰੱਜ ਕੇ ਕਾਮਿਓ ਇਨ੍ਹਾਂ ਨੂੰ ਤੋਟ ਪਾਓ ।

ਰੋਜ਼ ਜਿੰਨਿਆਂ ਕਾਮਿਆਂ ਨੂੰ ਰੱਖ ਨ੍ਹੇਰੇ,
ਪੂੰਜੀਵਾਦ ਦੀ ਡੈਣ ਡਕਾਰ ਜਾਂਦੀ ।
ਲਾਲ ਲੋਅ ਲਈ ਲੋਕ ਜੇ ਲੜਨ ਇੰਨੇ,
ਜਿੱਤ ਹੋਵੇ ਯਕੀਨੀਂ ਨਾ ਹਾਰ ਆਉਂਦੀ ।

36. ਲਲਕਾਰ-ਮਜ਼ਦੂਰ ਦੇ ਨਾਂ !

ਲੋਕੋ ਬਾਜ਼ ਆ ਜਾਓ ! ਝੂਠੇ ਲੀਡਰਾਂ ਤੋਂ,
ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣੈਂ ।
ਇਹਨਾਂ ਦੇਸ਼ ਦਾ ਕੁਝ ਵੀ ਛੱਡਿਆ ਨੀ,
ਇਹਨਾਂ ਥੋਨੂੰ ਵੀ ਵੇਚ ਕੇ ਖਾ ਛੱਡਣੈਂ ।

ਕਾਰਖ਼ਾਨਿਆਂ ਦੀਆਂ ਕਾਲ਼ੀਆਂ ਚਿਮਨੀਆਂ 'ਚੋਂ,
ਸਾਡੇ ਵਲਵਲੇ ਨਿਕਲਦੇ ਧੂੰ ਬਣ ਕੇ ।
ਅਫ਼ਸਰਸ਼ਾਹੀ ਦੀ ਕਾਰ ਦੇ ਵੇਗ ਮੂਹਰੇ,
ਸਾਡੇ ਉਡਦੇ ਅਰਮਾਨ ਨੇ ਰੂੰ ਬਣ ਕੇ ।

ਅਸੀਂ ਆਪਣਾ ਸਮਝ ਕੇ ਵੋਟ ਪਾਈ,
ਇਹਨਾਂ ਵੋਟ ਦਾ ਸਿਲਾ ਵੀ ਤਾਰਿਆ ਨਾ ।
ਸਾਨੂੰ ਮਹਿੰਗ ਉਬਾਲਿਆ ਦੁੱਧ ਵਾਗੂੰ,
ਇਹਨਾਂ ਪਾਣੀ ਦਾ ਛੱਟਾ ਵੀ ਮਾਰਿਆ ਨਾ ।

ਇਹ ਦੇਸ਼ ਦੀ ਪੂੰਜੀ ਨੂੰ ਨਾਗ ਬਣ ਕੇ,
ਆਪੂੰ ਸਾਂਭ ਲੈਂਦੇ ਆਪੂੰ ਖੱਟ ਜਾਂਦੇ ।
ਵਾਅਦੇ ਕਰਦੇ ਨੇ ਕੱਚੇ ਮਹਿਬੂਬ ਵਾਂਗੂ,
ਆਪੇ ਥੁੱਕ ਕੇ ਤੇ ਆਪੇ ਚੱਟ ਜਾਂਦੇ ।

ਸੀਨਾ-ਜ਼ੋਰੀਆਂ ਨੇ ਹਿਰਦੇ ਸਾੜ ਸੁੱਟੇ,
ਸੜਿਆਂ ਹੋਇਆਂ ਦੀ ਆਓ ਸੰਭਾਲ ਕਰੀਏ ।
ਜਿਹਨੂੰ ਰਾਠ ਉਧਾਲ ਕੇ ਲੈ ਗਏ ਨੇ,
ਆਪਣੀ ਕਿਸਮਤ ਦੀ ਮੁੱਢੋਂ ਪੜਤਾਲ ਕਰੀਏ ।

ਕੁੱਤੇ ਜਿਹੀ ਇਨਸਾਨ ਦੀ ਕਦਰ ਹੈ ਨਾ,
ਅੱਗੋਂ ਮੰਗਦੇ ਨੇ ਸਾਥੋਂ ਵਫ਼ਾਦਾਰੀ ।
ਜਾਂ ਤਾਂ ਅਸੀਂ ਹੀ ਰਹਾਂਗੇ ਦੇਸ਼ ਅੰਦਰ,
ਜਾਂ ਫਿਰ ਰਹੇਗੀ ਇੱਥੇ ਸਰਮਾਏਦਾਰੀ ।

ਅਸੀਂ ਆਪਣਿਆਂ ਢਿੱਡਾਂ ਦੀ ਮੰਗ ਲੈ ਕੇ,
ਨਿੱਤਰ ਆਏ ਹਾਂ ਏਕੇ ਦੀ ਲਾਮ ਉੱਤੇ ।
ਲਾਰੇ ਵੇਖ ਕੇ ਇਹਨਾਂ ਮੁਸਾਹਿਬਾਂ ਦੇ,
ਨੀਝ ਲੱਗੀ ਏ ਹੁਣ ਤਾਂ ਸੰਗਰਾਮ ਉੱਤੇ ।

ਜੇਕਰ ਅੱਜ ਨਾ ਹੱਕਾਂ ਦੀ ਗੱਲ ਕੀਤੀ,
ਸਾਰੇ ਬੱਚਿਆਂ ਦੇ ਵਿਹਨੈਂ ਚੋਹਲ ਜਲਦੇ ।
ਖੇਤਾਂ ਵਿੱਚ ਕਿਸਾਨ ਦੇ ਬੋਹਲ ਜਲਦੇ,
ਮੇਰੇ ਗੀਤ ਜਲਦੇ, ਮੇਰੇ ਘੋਲ ਜਲਦੇ ।

37. ਗੁਰੂ ਅਰਜਨ ਦੇਵ ਜੀ ਦੀ ਉਦਾਰਤਾ

ਅੱਜ ਕਿਹੀ ਦਿਹਾੜੀ ਆਈ ਏ ।
ਜ਼ੁਲਮਾਂ ਨੇ ਜਾਨ ਕੰਬਾਈ ਏ ।
ਆਹ ਵਰ੍ਹਦੇ ਨੇ ਅੰਗਿਆਰ ਪਏ ।
ਹਰ ਪਾਸਿਓਂ ਹਾਹਾਕਾਰ ਪਏ ।
ਘੁੱਗੀਆਂ ਨੇ ਜੀਭਾਂ ਕੱਢੀਆਂ ਨੇ,
ਸੂਰਜ ਨੇ ਲਾਟਾਂ ਛੱਡੀਆਂ ਨੇ ।
ਜ਼ਾਲਮ ਨੇ ਤਵੀ ਤਪਾਈ ਏ ।
ਅੱਜ ਕਿਹੀ ਦਿਹਾੜੀ ਆਈ ਏ ।

ਆਹ ਦੇਗ ਉਬਾਲੇ ਖਾਂਦੀ ਏ ।
ਪ੍ਰੀਤਮ ਨੂੰ ਕਾੜ੍ਹੀ ਜਾਂਦੀ ਏ ।
ਚੰਦੂ ਦਾ ਸੀਨਾ ਠਾਰ ਰਹੀ,
ਅਰਜਨ ਨੂੰ ਅਣਖ ਵੰਗਾਰ ਰਹੀ ।
ਜਦ ਛਾਲਿਆਂ ਛਹਿਬਰ ਲਾਈ ਏ ।
ਅੱਜ ਕਿਹੀ ਦਿਹਾੜੀ ਆਈ ਏ ।

ਤੱਕ ਮੀਆਂ ਮੀਰ ਨੇ ਅਰਜ਼ ਕਰੀ ।
ਮੈਨੂੰ ਹੁਕਮ ਪਾਤਸ਼ਾਹ ਦਿਓ ਜਰੀ ।
ਦਿੱਲੀ ਦਾ ਤਖ਼ਤ ਹਿਲਾ ਦੇਵਾਂ,
ਇੱਟ-ਇੱਟ ਕਰਕੇ ਦਿਖਲਾ ਦੇਵਾਂ ।
ਕਰ ਦੇਵਾਂ ਹੁਣੇ ਚੜ੍ਹਾਈ ਏ ।
ਅੱਜ ਕਿਹੀ ਦਿਹਾੜੀ ਆਈ ਏ ।

ਉਹ ਆਉਂਦੀ ਇਕ ਮੁਟਿਆਰ ਪਈ ।
ਤੇ ਰੋਂਦੀ ਜ਼ਾਰੋ ਜ਼ਾਰ ਪਈ ।
ਕਹਿੰਦੀ ਕੀ ਵਰਤਿਆ ਭਾਣਾ ਏ,
ਮੈਂ ਨਾਲੇ ਹੀ ਸੜ ਜਾਣਾ ਏ ।
ਚੂਰੀ ਦਾ ਕੌਲ ਲਿਆਈ ਏ ।
ਅੱਜ ਕਿਹੀ ਦਿਹਾੜੀ ਆਈ ਏ ।

ਕਿਉਂ ਫੜੀ ਉਦਾਸੀ ਬੱਚੀਏ ਨੀ ।
ਜੇ ਦੇਸ਼ ਕੌਮ ਤੋਂ ਮੱਚੀਏ ਨੀ ।
ਮੈਂ ਅਮਰ ਸ਼ਹੀਦ ਕਹਾਵਾਂਗਾ,
ਬੰਧਨ ਸਭ ਤੋੜ ਵਖਾਵਾਂਗਾ ।
ਇਹ ਪ੍ਰੀਤਮ ਆਖ ਸੁਣਾਈ ਏ ।
ਅੱਜ ਕਿਹੀ ਦਿਹਾੜੀ ਆਈ ਏ ।
ਜ਼ੁਲਮਾਂ ਨੇ ਜਾਨ ਕੰਬਾਈ ਏ ।

38. ਪ੍ਰੀਤਮ ਪਿਆਰਾ

(ਸ੍ਰੀ ਗੁਰੂ ਗੋਬਿੰਦ ਸਿੰਘ ਜੀ)

ਮੇਰੀ ਸਖੀ ਸਹੇਲੜੀਓ, ਇਕ ਹਾਲ ਸੁਣਾਵਾਂ ਨੀ,
ਦੁੱਖ ਸੁਣਕੇ ਬੱਚਿਆਂ ਦਾ, ਮਰ ਜਾਵਣ ਮਾਵਾਂ ਨੀ ।
ਜਦ ਧਰਮ ਨੂੰ ਖ਼ਤਰਾ ਸੀ, ਸਰਮਾਏਦਾਰੀ ਤੋਂ,
ਵਹਿਮਾਂ ਤੇ ਰਸਮਾਂ ਤੋਂ ਤੇ ਫਿਰਕਾਦਾਰੀ ਤੋਂ।
ਰਾਜੇ ਜਰਵਾਣੇ ਨੀ, ਕਰ ਜ਼ੋਰ ਧਿੰਙਾਣੇ ਨੀ,
ਪਤ ਖੋਹਕੇ ਲੋਕਾਂ ਦੀ ਕਰਦੇ ਮਨ ਭਾਣੇ ਨੀ।
ਲੋਕਾਂ ਦੀਆਂ ਲਹਿਰਾਂ ਨੂੰ ਜਨਤਾ ਦੀਆਂ ਮੰਗਾਂ ਨੂੰ,
ਲੋਕਾਂ ਦੀ ਸ਼ਾਨ ਦੀਆਂ, ਉਹਨਾਂ ਸਿਖਰ ਦੁਪਹਿਰਾਂ ਨੂੰ,
ਜ਼ਾਲਮ ਨਾ ਜਰਦੇ ਸੀ ।
ਜੰਜੂ ਤੇ ਤਿਲਕਾਂ ਦੇ, ਉਹ ਲਾ ਬਹਾਨੇ ਨੀ,
ਤੰਗ ਡਾਹਢਾ ਕਰਦੇ ਸੀ ।

ਦੁਖੀਆਂ ਦੀਆਂ ਚੀਕਾਂ ਨੇ, ਧਰਮਾਂ ਦੀਆਂ ਹੂਕਾਂ ਨੇ,
ਲੋਕਾਂ ਦੇ ਜਜ਼ਬੇ ਨੇ ਤੇ ਅਣਖ ਰੰਗੀਲੀ ਨੇ,
ਇੱਕ ਸ਼ੇਰ ਜਗਾ ਦਿੱਤਾ, ਤੇ ਲੜਣ ਸਿਖਾ ਦਿੱਤਾ ।
ਉਸ ਮਰਦੇ ਮੁਜਾਹਦ ਨੇ,
ਚੁੱਕੀਆਂ ਤਲਵਾਰਾਂ ਹੋ, ਦੇ ਕੇ ਲਲਕਾਰਾ ਹੋ,
ਆਓ ਸਿਰ ਦੇਵਣ ਦਾ, ਹੁਣ ਕਰੋ ਤਿਆਰਾ ਹੋ ।

ਧਰਤੀ ਦੀ ਹਿੱਕੜੀ ਨੂੰ,
ਸਮਿਆਂ ਦੀ ਸ਼ਕਤੀ ਨੂੰ, ਦੁਖੀਆਂ ਦੇ ਜੀਵਨ ਨੂੰ,
ਧਰਮਾਂ ਦੀ ਹਸਤੀ ਨੂੰ,
ਲੋੜ ਖ਼ੂਨੀ ਰੰਗਤ ਦੀ, ਸਿਰ ਵਾਰੂ ਸੰਗਤ ਦੀ ।
ਕੋਨੇ ਕੋਨੇ ਧਰਤੀ ਦੇ, ਛਿੜੀਆਂ ਝਰਨਾਟਾਂ ਸੀ,
ਬਲ ਉਠੀਆਂ ਲਾਟਾਂ ਸੀ,
ਸੀਨੇ ਫਿਰ ਜ਼ਾਲਮ ਦੇ, ਪਈਆਂ ਨਿਕਲ ਥਰਾਟਾਂ ਸੀ ।

ਜ਼ਾਲਮ ਜਰਵਾਣੇ ਨੇ,
ਉਸ ਮਰਦ ਅਮੰਗੜੇ ਦੇ, ਬੱਚਿਆਂ ਨੂੰ ਕੋਹ ਦਿੱਤਾ ।
ਬਾਬਲ ਤੇ ਮਾਤਾ ਨੂੰ, ਜ਼ੁਲਮਾਂ ਵਿਚ ਢੋਹ ਦਿੱਤਾ ।
ਸਰਸਾ ਦੀਆਂ ਲਹਿਰਾਂ ਨੇ, ਜ਼ਾਲਮ ਦੇ ਕਹਿਰਾਂ ਨੇ,
ਸਿੰਘਾਂ ਦੇ ਵਿਛੋੜੇ ਨੇ, ਘਰ ਮਾਲ ਦੇ ਰੋੜ੍ਹੇ ਨੇ,
ਉਹਨੂੰ ਥਿੜਕਾਇਆ ਨਾ, ਤੇ ਉਹ ਘਬਰਾਇਆ ਨਾ ।
ਲੋਕਾਂ ਦੀ ਸੇਵਾ ਨੇ, ਬਲੀਦਾਨ ਦੇ ਨਸ਼ਿਆਂ ਨੇ,
ਵਫ਼ਾਦਾਰੀ ਸਿੰਘਾਂ ਦੀ, ਤੇ ਬੇਪ੍ਰਵਾਹੀ ਨੇ,
ਜੰਗਲਾਂ ਵਿਚ ਸੱਥਰਾਂ 'ਤੇ ਉਹਨੂੰ ਲੰਮਿਆਂ ਪਾ ਦਿੱਤਾ,
ਤੇ ਘੂਕ ਸਵਾ ਦਿੱਤਾ ।
ਇਸ ਸੁੱਤੇ ਮਾਹੀ ਨੂੰ, ਆ ਨੇੜਿਓਂ ਤੱਕੀਏ ਨੀ,
ਜ਼ਰਾ ਹੌਲੀ ਤੁਰਿਆ ਜੇ, ਨੀਂਦਰ ਨਾ ਖੁਲ੍ਹ ਜਾਵੇ,
ਜ਼ਰਾ ਤੱਕੋ ਅੜੀਓ ਨੀ, ਇਨੇ ਦੁੱਖੜੇ ਝੱਲ ਕੇ ਵੀ,
ਕਿੰਨਾ ਮੁੱਖ ਸੋਂਹਦਾ ਏ, ਤੇ ਮਨ ਨੂੰ ਮੋਂਹਦਾ ਏ ।
ਤਾਜਾਂ ਦਾ ਰਾਖਾ ਨੀ, ਰਾਜਾਂ ਦਾ ਮਾਲਕ ਨੀ,
ਨਾ ਲੋਭ ਜਗੀਰਾਂ ਦਾ, ਬਸ ਪਿਆਰ ਏ ਤੀਰਾਂ ਦਾ,
ਸਤਿਗੁਰ ਇਕ ਫਿਰਕੇ ਦਾ, ਏਹਨੂੰ ਆਖੋ ਅੜੀਓ ਨਾ,
ਲੋਕਾਂ ਦਾ ਵਾਰਸ ਇਹ, ਦੁਨੀਆਂ ਦਾ ਢਾਰਸ ਇਹ,
ਵਹਿਮਾਂ ਤੇ ਰਸਮਾਂ ਦਾ, ਇਹ ਖੰਡਨ ਹਾਰਾ ਏ,
ਤਾਹੀਓਂ ਤਾਂ ਹਰ ਦਿਲ ਦਾ, ਇਹ ਪ੍ਰੀਤਮ ਪਿਆਰਾ ਏ ।

39. ਛੱਲੀਆਂ

ਛੱਲੀਆਂ ਨੀ ਛੱਲੀਆਂ,
ਹਰੇ ਹਰੇ ਬੁਰਕੇ 'ਚ ਲਾਲ-ਲਾਲ ਕਲੀਆਂ

ਰੋਟੀ ਲੈ ਕੇ ਵੱਡੇ ਵੀਰ ਦੀ ਮੈਂ ਜਦੋਂ ਜਾਵਾਂਗਾ
ਰੱਬ ਦੀ ਸਹੁੰ ਪੰਡ ਭਾਬੀ ਛੱਲੀਆਂ ਲਿਆਵਾਂਗਾ ।
ਛੱਲੀਆਂ ਨੀ ਛੱਲੀਆਂ

ਸੂਹਾ ਚੀਰਾ ਬੰਨ੍ਹ ਜਦ ਭੈਣ ਕੋਲ ਜਾਵਾਂਗਾ
ਭਾਵੇਂ ਭਾਰ ਲੱਗੇ ਪੰਡ ਛੱਲੀਆਂ ਲਿਜਾਵਾਂਗਾ ।
ਛੱਲੀਆਂ ਨੀ ਛੱਲੀਆਂ,
ਹਰੇ ਹਰੇ ਬੁਰਕੇ 'ਚ ਲਾਲ-ਲਾਲ ਕਲੀਆਂ ।

40. ਮਾਤ-ਭਾਸ਼ਾ

ਤੂੰ ਲੋਰੀ ਦੀ ਉਂਗਲੀ ਲਾਇਆ, ਬਣ ਕੇ ਮੇਰੀ ਗੋਲੀ ।
ਵਿਚ ਜੁਆਨੀ ਪਿਆਰ ਸਿਖਾਇਆ, ਬਣ ਮੇਰੀ ਹਮਜੋਲੀ ।

ਅੱਜ ਮੈਂ ਤੇਰੇ ਗਲ ਦੇ ਵਿਚੋਂ ਮਸਾਂ ਲੁਹਾਈਆਂ ਲੀਰਾਂ ।
ਪਹਿਨ ਮੇਰੇ ਗੀਤਾਂ ਦਾ ਰੇਸ਼ਮ, ਤੂੰ ਮੇਰੀ ਮਾਂ-ਬੋਲੀ ।

41. ਵੰਗਾਂ

ਚਾਵਾਂ ਨਾਲ ਚੜ੍ਹਾਈਆਂ ਲੈ ਕੇ, ਦਿਲ ਵਿਚ ਕਈ ਉਮੰਗਾਂ ।
ਨਾ ਛਣਕਾਈਆਂ, ਨਾ ਚਾਅ ਲੱਥੇ, ਨਾ ਹੀ ਲੱਥੀਆਂ ਸੰਗਾਂ ।
ਸਿਖਰ ਦੁਪਹਿਰੇ ਸੜਕ ਕਿਨਾਰੇ ਤਿੜ ਤਿੜ ਕਰਕੇ ਟੁੱਟੀਆਂ,
ਰੋੜੀ ਕੁੱਟਦੀ ਹੋਈ ਕਿਸੇ ਮਜ਼ਦੂਰ ਕੁੜੀ ਦੀਆਂ ਵੰਗਾਂ ।

42. ਨਵੇਂ ਅਹਿਦ ਨਾਮੇ

ਮੈਂ ਚਾਨਣ ਦਾ ਆਸ਼ਕ, ਜੱਗ ਤੋਂ ਨੇਰ੍ਹ ਮਿਟਾਉਂਦਾ ਹਾਂ ।
ਹੋਣੀਆਂ ਅੰਦਰੋਂ ਹਾਨਣ ਲਭ ਕੇ, ਮੈਂ ਪ੍ਰਨਾਉਂਦਾ ਹਾਂ ।

ਜਦ ਹੱਕਾਂ ਦੀ ਲਹਿਰ ਮੇਰੇ ਢਾਰੇ ਤੱਕ ਆਉਂਦੀ ਏ,
ਉਸ ਦੇ ਲਿਸ਼ਕਾਰੇ ਵਿਚ ਚੰਨ ਦੀ, ਚਮਕ ਰਲਾਉਂਦਾ ਹਾਂ ।

ਜਦ ਮਜ਼ਦੂਰ ਨੂੰ ਲੂੰਹਦੀ ਹੈ ਧੁੱਪ ਖਲਵਾੜੇ ਦੀ,
ਮੈਂ ਤਲਵਾਰਾਂ ਦੀ ਛਤਰੀ ਦਾ ਚਵਰ ਝੁਲਾਉਂਦਾ ਹਾਂ ।

ਜਦ ਰੋਟੀ ਤੋਂ ਸਖਣੀ ਸੌਂਦੀ ਮਮਤਾ 'ਪਿਆਰ' ਦੀ,
ਉਸ ਦੀ ਨੀਂਦਰ 'ਤੇ ਸੂਰਜ ਦਾ ਪਹਿਰਾ ਲਾਉਂਦਾ ਹਾਂ ।

ਸੀਂਢਲ ਜੇਈ ਬਚੀ ਦੇ ਢਿਡ ਵਿਚ ਜਦ ਸੰਗੀਨ ਚੁਭੇ,
ਮੈਂ ਢੱਕੀਆਂ ਦੀ ਓਟ 'ਚ ਬਹਿ ਕੇ ਤੀਰ ਚਲਾਉਂਦਾ ਹਾਂ ।

ਜਦ 'ਸ਼ਾਹਾਂ' ਦੀ ਨੀਤ ਦਾ ਕੋਰਾ, ਫ਼ਸਲਾਂ ਤੇ ਪੈਂਦਾ,
ਬੱਲੀਆਂ ਨੂੰ ਘੁੱਟ ਕੇ ਮੈਂ ਹਿੱਕ ਦੀ ਧੁੱਪ ਸੁਕਾਉਂਦਾ ਹਾਂ ।

ਜਿਸ ਦਿਨ ਮੈਂ ਸੂਰਜ ਦੇ ਸੰਗ ਪੱਗ ਵਟਾਈ ਏ,
ਧਰਤੀ ਦੇ ਮਥੜੇ 'ਤੇ ਜਿੱਤ ਦਾ ਤਿਲਕ ਲਗਾਉਂਦਾ ਹਾਂ ।

ਜਦ ਮੇਰੇ ਚਾਨਣ 'ਤੇ ਹੋਵੇ ਤੇਜ਼ ਘਟਾਵਾਂ ਦਾ,
ਮੈਂ ਜੁਗਨੂੰ ਚਾਨਣ ਤੋਂ ਖੰਭ ਦਾ ਘੁੰਡ ਉਠਾਉਂਦਾ ਹਾਂ ।

43. ਇੱਕ ਤਾਅਨਾ

(ਆਜ਼ਾਦੀ ਦੇ ਨਾਂ)

ਝੁਰੜੇ ਚਿਹਰਿਆਂ 'ਤੇ ਨਿੱਤ ਕਲੀ ਕਰਕੇ
ਭੁੱਖ ਢਿੱਡਾਂ ਦੀ ਨਹੀ ਲੁਕਾ ਸਕਦੇ ।
ਜੇਕਰ ਹੱਕਾਂ ਦੀਆਂ ਲੱਤਾਂ ਕੰਬਦੀਆਂ ਨੇ
ਭਾਰ ਫ਼ਰਜ਼ਾਂ ਦਾ ਕਿਵੇਂ ਢੁਆ ਸਕਦੇ ।

ਬਿਨਾਂ ਬਾਲਣੋ ਢਿੱਡਾਂ ਦੀ ਭੱਠ ਅੰਦਰ
ਨਹੀਂ ਗਾਡਰ ਅਨੁਸ਼ਾਸਨ ਦੀ ਢਲ ਸਕਦੀ ।
ਗੱਡੀ ਦਿੱਲੀ ਦੀ ਪਿੰਡਾਂ ਦੇ ਪਹੇ ਅੰਦਰ,
ਬਿਨਾਂ ਰੋਟੀ ਦੇ ਪਹੀਏ ਨਾ ਚੱਲ ਸਕਦੀ ।

ਛੋਟੇ ਕਿਰਤੀ, ਮੁਲਾਜ਼ਮ, ਕਿਸਾਨ ਤਾਈਂ,
ਹੱਥ ਪਾੜਦੇ ਨੇ ਬੰਦੇ ਕੱਬਿਆਂ ਦੇ ।
ਜਿਵੇਂ ਬਿਨਾਂ ਸਿਫ਼ਾਰਸ਼ੋਂ ਕੋਈ ਅਰਜ਼ੀ
ਰੱਦੀ ਕਾਗਜ਼ ਜਿਉਂ ਵੋਟਾਂ ਦੇ ਡੱਬਿਆਂ ਦੇ ।

ਹਾਏ ਨੀ ! ਹੀਰ ਅਜ਼ਾਦੀਏ ਬਹਿਲ, ਰੰਨੇ,
ਸਾਨੂੰ ਖੰਧੇ ਚਰਾਇਆਂ ਦਾ ਕੀ ਫਾਇਦਾ ।
ਜੇ ਤੂੰ ਖੇੜੇ ਸਰਦਾਰ ਦੀ ਸੇਜ ਸੌਣਾ
ਸਾਨੂੰ ਕੰਨ ਪੜਵਾਇਆਂ ਦਾ ਕੀ ਫਾਇਦਾ ।

44. ਭਾਵ

ਸੂਰਜ ਦੀ ਲਾਲੀ 'ਚੋਂ ਮੇਰੇ,
ਭਾਵ ਉਗਮ ਕੇ ਆਏ ।
ਕੌਣ ਇਹਨਾਂ ਦੀ ਧੁੱਪ ਨੂੰ ਰੋਕੇ,
ਕੌਣ ਹਨੇਰੇ ਪਾਏ ?

ਡਾਂਗਾਂ ਅਤੇ ਗੋਲੀਆਂ ਖਾ ਕੇ,
ਇਹ ਅਥਰੂ ਨਾ ਸਮਝੋ,
ਅਖੀਆਂ ਦੇ ਵਿਚ ਸੁਪਨੇ ਇਹ ਤਾਂ,
ਹੋਰ ਨਿਖਰ ਕੇ ਆਏ ।

ਹੁਣ ਹੱਕਾਂ ਦੇ ਗੀਤ ਗਾਈਏ,
ਤਾਂ ਜੁ ਜੀਵਨ ਮੌਲੇ,
ਪਹਿਲਾਂ ਜਿਤਨੇ ਅਸੀਂ ਨੇ ਗਾਏ,
ਸਭੋ ਗੀਤ ਪਰਾਏ ।

ਜਿੰਦ ਅਸਾਡੀ ਦੂਣੀ ਹੋ ਕੇ,
ਨਾਂ ਉਸ ਦੇ ਲੱਗਦੀ,
ਜੁ ਜੀਵਨ ਦੀ ਪੂੰਜੀ ਤਾਈਂ,
ਨਾਂ ਲੋਕਾਂ ਦੇ ਲਾਏ ।

ਜਦ ਸਾਡੀ ਵਿਥਿਆ ਨੂੰ ਮਿਲਿਆ,
ਭਰਵਾਂ ਲੋਕ-ਹੁੰਗਾਰਾ,
ਫਿਰ ਸਮਝਾਂਗੇ ਲੋਕ-ਰਾਜ ਦੇ,
ਕਾਗ ਬਨੇਰੇ ਆਏ ।

ਧਰਮ ਅਤੇ ਸਰਮਾਏ ਤਾਈਂ,
ਪੈਣ ਲੱਗਣ ਕੜਵੱਲਾਂ ।
ਜਦ ਮਿਹਨਤ ਦਾ ਸੱਖਣਾ ਪੰਜਾ,
ਤਾਜਾਂ ਨੂੰ ਹੱਥ ਪਾਏ ।

45. ਭਗਤ ਰਵਿਦਾਸ ਨੂੰ ਸ਼ਰਧਾਂਜਲੀ

ਚੋਜਾਂ ਵਾਲਿਆ ਗੁਰੂ ਰਵਿਦਾਸ ਜੀਓ,
ਤੈਨੂੰ ਸ਼ਰਧਾ ਦੇ ਫੁੱਲ ਚੜ੍ਹਾਉਣ ਲੱਗਾਂ ।
ਤੇਰੀ ਯਾਦ ਵਿਚ ਬੈਠਕੇ ਦੋ ਘੜੀਆਂ,
ਇੱਕ ਦੋ ਪਿਆਰ ਦੇ ਹੰਝੂ ਵਹਾਉਣ ਲੱਗਾਂ ।
ਤੇਰੀ ਸੋਹਣੀ ਤਸਵੀਰ 'ਤੇ ਨੀਝ ਲਾ ਕੇ,
ਦਰਸ਼ਨ ਰੱਜ ਕੇ ਪਾਉਣ ਨੂੰ ਜੀਅ ਕਰਦਾ ।
ਤੇਰੀ ਦਰੇ-ਦਹਿਲੀਜ਼ 'ਤੇ ਰਗੜ ਮੱਥਾ,
ਮੁੜਕੇ ਕਿਸਮਤ ਬਣਾਉਣ ਨੂੰ ਜੀਅ ਕਰਦਾ ।
ਤੇਰੀ ਰੰਬੀ ਨੇ ਜ਼ੁਲਮ ਦੀ ਖੱਲ ਲਾਹੀ,
ਤੇਰੀ ਸੂਈ ਨੇ ਦੁੱਖਾਂ ਦੇ ਫੱਟ ਸੀਤੇ ।
ਤੇਰੇ ਟਾਂਕਣੇ ਨੇ ਲਾਇਆ ਅਜਬ ਟਾਂਕਾ,
ਸਾਕਤ ਮੋਮ ਦੇ ਵਾਂਗਰਾ ਲੱਟ ਕੀਤੇ ।
ਜਿਹੜੀ ਗੰਗਾ ਦੇ ਦਰਸ਼ਨ ਨੂੰ ਜਾਣ ਲੋਕੀਂ,
ਤੇਰੇ ਕੋਲੋਂ ਉਹ ਕੌਡੀਆਂ ਮੰਗਦੀ ਸੀ ।
ਜਿਥੇ ਲੋਕ ਮਸਾਂ ਮਰ ਮਰ ਕੇ ਅੱਪੜਦੇ ਨੇ,
ਤੇਰੇ ਪੱਥਰ ਦੇ ਹੇਠਾਂ ਦੀ ਲੰਘਦੀ ਸੀ ।
ਮੈਨੂੰ ਜਾਪਦਾ ਏ ਤੇਰੀ ਜੋਤ ਸਦਕਾ,
ਅਛੂਤ ਜਾਤੀਆਂ ਦੀ ਜੋਤ ਜਗਦੀ ਏ ।
ਤੇਰੀ ਜੋਤ 'ਚੋਂ ਨਿਕਲਕੇ ਲਾਟ ਤੱਤੀ,
ਸਿਧੀ ਜ਼ੁਲਮ ਦੇ ਸੀਨੇ ਨੂੰ ਲੱਗਦੀ ਏ ।
ਮੈਨੂੰ ਜਾਪਦਾ ਏ ਜ਼ੁਲਮ ਦੀ ਅੱਗ ਅੰਦਰ,
ਅੰਮ੍ਰਿਤ ਸੀ ਤਾਂ ਤੇਰੀ ਤਾਸੀਰ ਦਾ ਸੀ ।
ਝਗੜਾ ਨਹੀਂ ਸੀ ਛੂਤ-ਅਛੂਤ ਵਾਲਾ,
ਸਾਰਾ ਝਗੜਾ ਗਰੀਬ ਅਮੀਰ ਦਾ ਸੀ ।
ਮੇਰੇ ਦਾਤਿਆ ਤੇਰੇ ਹੀ ਦੇਸ ਅੰਦਰ,
ਤੇਰੇ ਬੰਦਿਆਂ ਦਾ ਕੌਡੀ ਮੁੱਲ ਨਹੀਓਂ ।
ਪੈਸੇ ਵਾਲੜੇ ਦੇ ਹੱਥੀਂ ਰੱਬ ਵਿਕਿਆ,
ਜੀਵਨ ਬੰਦੇ ਦਾ ਪੈਸੇ ਦੇ ਤੁੱਲ ਨਹੀਓਂ ।
ਸੀਨਾ ਜੋਰੀ ਤੇ ਚੋਰ ਬਲੈਕੀਆਂ ਦਾ,
ਲੋਹਾ ਚੱਲਦਾ ਏਸ ਜਹਾਨ ਅੰਦਰ ।
ਦਸਾਂ ਨਹੁੰਆਂ ਦੀ ਕਿਰਤ ਦੇ ਕਾਮਿਆਂ ਦਾ,
ਕੌਡੀ ਮੁੱਲ ਨਹੀਂ ਹਿੰਦੁਸਤਾਨ ਅੰਦਰ ।
ਏਥੇ ਧਰਮਾਂ ਤੇ ਮਜ਼ਬਾਂ ਨੇ ਪਾਏ ਪਾੜੇ,
ਇਹਨਾਂ ਬੰਦੇ ਨੂੰ ਬੰਦੇ ਤੋਂ ਵੰਡਿਆ ਏ ।
ਜੇ ਤੂੰ ਨੀਚਾਂ ਤੇ ਊਚਾਂ ਦਾ ਮੇਲ ਕੀਤਾ,
ਇਹਨਾਂ ਧਰਮਾਂ ਨੇ ਏਸ ਨੂੰ ਖੰਡਿਆ ਏ ।
ਤੈਨੂੰ ਤਰਸ ਮਜ਼ਦੂਰ ਮਜ਼ਲੂਮ ਦਾ ਸੀ,
ਨਾਲ ਨੀਵਿਆਂ ਤੇਰੀਆਂ ਯਾਰੀਆਂ ਸੀ ।
ਗੋਹੜੇ ਰੂੰ ਦੇ ਡੁੱਬਦੇ ਪੰਡਤਾਂ ਦੇ,
ਤੇਰੀ ਪਥਰੀ ਵੀ ਲਾਉਂਦੀ ਤਾਰੀਆਂ ਸੀ ।
ਅੱਜ ਫੇਰ ਤੂੰ ਆਪਣੀ ਰੂਹ ਘੱਲਦੇ,
ਨਸ਼ਾ ਪੈਸੇ ਦੀ ਤਾਕਤ ਦਾ ਮੁੱਕ ਜਾਵੇ ।
ਊਚ ਨੀਚ ਦਾ ਰੇੜਕਾ ਮੁੱਕ ਜਾਵੇ,
ਪਾਣੀ ਦੁੱਖਾਂ ਤੇ ਜ਼ੁਲਮਾਂ ਦਾ ਸੁੱਕ ਜਾਵੇ ।

46. ਸਾਥੀ ਜਗਮੋਹਣ ਜੋਸ਼ੀ 'ਲਾਲ ਸਲਾਮ'

ਚੰਨ ਧੁੱਪ ਦੇ ਵਿਚ ਸੌਂ ਗਿਆ, ਹੈ ਨੀ; ਸਿਖਰ ਦੁਪਹਿਰੇ ।
ਕਿਰਨਾਂ ਹੋਈਆਂ ਸੌਲੀਆਂ, ਅੱਜ ਸਿਖਰ ਦੁਪਹਿਰੇ ।

ਚੰਨ ਵੇ; ਤੱਕ ਲੈ ਆਖਰੀ ਤੂੰ ਨਜ਼ਰਾਂ ਭਰ ਕੇ ।
ਤਾਰੇ ਰੋਂਦੇ ਟਿਮਟਿਮਾ, ਪਰ ਜ਼ਰਾ ਨਾ ਜਰਕੇ ।

ਜੋ ਸੈਆਂ ਦੀ ਹਾਜਰੀ ਵਿਚ ਤੁਰਦੈ ਬੰਦਾ ।
ਉਹਦੇ ਵਰਗੀ ਮੌਤ ਨੂੰ ਹਰ ਝੁਰਦੈ ਬੰਦਾ ।

ਸੈਆਂ ਸਾਥੀ ਤੁਰ ਗਏ ਤੇਰੇ ਹੀ ਪਾਸੇ ।
ਬੂੰਦ ਖੁਣੋਂ ਵੀ ਤਲਕਦਾ, ਬੰਦਾ ਇੱਕ ਪਾਸੇ ।

ਸੂਰਜ, ਚੰਨ ਤੇ ਤਾਰਿਆਂ ਲਈ ਤਰਕਾਲ ਲਿਆਂਦੀ ।
ਬਣ ਜਾਇਓ ਚੰਨ ਤਾਰਿਓ, ਤੜਕੇ ਦੇ ਪਾਂਧੀ ।

ਖ਼ਬਰਾਂ ਲਈਆਂ ਵਾਚ ਨੇ ਅੱਜ ਚਾਰ ਡਕੈਤਾਂ ।
ਜਾਮੇ ਵਿਚ ਨਾ ਮਿਉਂਦੀਆਂ, ਨਖ਼ਰੈਲ ਵਲੈਤਾਂ ।

ਪੱਕੀ ਪਿੱਤ ਦੀ ਪੀੜ ਹੈ, ਪਿੰਡਾਂ ਦੇ ਪਿੰਡੇ ।
ਜਦ ਤੱਕ ਲਾਲ ਫੁਹਾਰ ਨਾ, ਲੋਆਂ ਵਿਚ ਖਿੰਡੇ ।

ਦਿਲ ਤੇਰੇ ਦਾ ਜੋਸ਼ ਵੇ, ਸਾਡੇ ਵਿਚ ਧੜਕੇ ।
ਤਾਰੇ ਰੋਂਦੇ ਟਿਮ ਟਿਮਾ ਪਰ ਜ਼ਰਾ ਨਾ ਅਟਕੇ ।

ਕਿਸ ਚੰਦਰੇ ਤੋਂ ਹੋ ਗਈ, ਤੇਰੀ ਬਦਖੋਈ ।
ਸੈ ਹੱਥਾਂ ਦੇ ਵਿਚ ਵੀ, ਜਿੰਦ ਕਿਰਗੀ ਕੋਈ ।

ਪਲ ਦੀ ਪਲ ਤੁਸੀਂ ਤਾਰਿਓ, ਸਿਰ ਨੀਵੇਂ ਕਰਲੋ ।
ਸਿਜਦਾ ਕਰਕੇ, ਤੋਰ ਨੂੰ ਹੋਰ ਤਿੱਖੀ ਕਰਲੋ ।

47. ਹਾਲੀਆਂ ਪਾਲੀਆਂ ਦਾ ਗੀਤ

ਦਬਾ ਦਬ ਚੱਲ ਮੇਰੇ ਬੈਲਾਂ ਦੀਏ ਜੋੜੀਏ ਨੀ,
ਬੀਜਣੇ ਨੇ ਅਸੀਂ ਹਥਿਆਰ ।
ਮੁੜ੍ਹਕੇ ਦਾ ਵੱਤਰ ਮੈਂ ਮਸਾਂ ਹੈ ਸੰਭਾਲਿਆ ਨੀ,
ਪਵੇ ਨਾ ਚੌਮਾਸਿਆਂ ਦੀ ਮਾਰ।

ਦੱਬੇ ਪੈਰੀਂ ਲੰਘ ਚੱਲ ਢਾਰਿਆਂ ਦਾ ਮੋੜ,
ਖੜਕਾਈਂ ਨਾ ਤੂੰ ਟੱਲੀਆਂ ਦੇ ਰੌੰਣ ਨੀ ।
ਰੋਟੀ ਦੀ ਰਿਹਾੜ ਕਰ ਸੁੱਤੀ ਏ 'ਪਿਆਰੋ ',
ਜੀਹਦੇ ਹੌਕੇ 'ਜੰਗੂ' ਪਾਲੀ ਨੂੰ ਜਗੌਣ ਨੀ ।
ਹਨੇਰਿਆਂ ਦੀ ਓਟ ਵਿਚ ਰੱਜੇ ਹੋਏ ਸਾਨ੍ਹ ਵੇਖ,
ਕਿੱਦਾਂ ਰਹੇ ਮੱਕੀਆਂ ਉਜਾੜ ।
ਨੀ ਜੋੜੀਏ ਬੀਜਣੇ ਨੇ ਅਸੀਂ ਹਥਿਆਰ ।

ਸਿੰਗਾਂ ਦੀਆਂ ਤਿੱਖੀਆਂ ਸੰਗੀਨਾਂ ਕਰ ਲਵੀਂ ਤੂੰ ਵੀ,
ਥੰਮ੍ਹ ਜਾਣ ਨ੍ਹੇਰੀਆਂ ਦੇ ਵੇਗ ਨੀ ।
ਸੀਰੀਆਂ ਦੇ ਹੌਸਲੇ ਨੂੰ ਉਜੜਿਆਂ ਟਾਂਡਿਆਂ ਦਾ
ਪੁੱਤਾਂ ਜਿੰਨਾ ਹੁੰਦਾ ਏ ਦਰੇਗ ਨੀ ।
ਹੱਥਾਂ ਦੀਆਂ ਰੇਖਾਂ ਵਾਂਗੂੰ ਯੁੱਗ-ਪਲਟਾਊ ਹੁੰਦੇ,
ਜੱਟਾਂ ਲਈ ਖੇਤਾਂ ਦੇ ਸਿਆੜ ।
ਨੀ ਜੋੜੀਏ ਬੀਜਣੇ ਨੇ ਅਸੀਂ ਹਥਿਆਰ ।

'ਸੂਰਜ' ਤੇ 'ਧਰਤੀ' ਦੀ ਜੱਫੀ ਵਿਚ ਅੱਗ,
ਜਿਨ੍ਹਾਂ ਸੁਣਿਆਂ ਏ ਭੁਖਿਆਂ ਦਾ ਹਾੜ ਨੀ ।
'ਪਸ਼ੂ' ਅਤੇ 'ਕਿਰਤੀ ' ਦਾ ਇੱਕੋ ਇਤਿਹਾਸ,
ਜੀਹਨੂੰ ਲਿਖਦਾ ਤਾਂ ਆਇਆ ਏ 'ਕਰਾੜ' ਨੀ ।
ਜੀਹਦੇ ਕੋਲ ਵੇਚ ਕੇ ਮੈਂ ਭੈਣਾਂ ਤੇਰੀ ਜੋੜੀਏ ਨੇ
ਸਕਿਆ ਵਿਆਜ ਵੀ ਨਾ ਤਾਰ ।
ਨੀ ਜੋੜੀਏ ਬੀਜਣੇ ਨੇ ਅਸੀਂ ਹਥਿਆਰ ।

ਸਾਡੇ ਮੱਥਿਆਂ 'ਤੇ ਸਾਡੇ ਵੱਡਿਆਂ ਵਡੇਰਿਆਂ ਨੇ,
ਦਿੱਤੀ ਏ ਗ਼ਰੀਬੀ ਜਿਹੜੀ ਪੋਚ ਨੀ ।
ਫ਼ਸਲਾਂ ਦੇ ਮੱਥੇ ਉੱਤੋਂ ਸਾੜਸਤੀ ਕੱਲਰਾਂ ਦੀ,
ਦੇਣੀ ਹੈ 'ਕਰਾਹਾਂ' ਨੇ ਖਰੋਚ ਨੀ ।
ਤਾਹੀਓਂ ਅਸੀਂ ਘੁੱਟ ਕੇ ਮੰਡਾਸਾ ਸਿਰ ਬਨ੍ਹਿਆਂ ਏ,
ਚੁੱਕਣਾ ਮਨੁੱਖਤਾ ਦਾ ਭਾਰ ।
ਨੀ ਜੋੜੀਏ ਬੀਜਣੇ ਨੇ ਅਸੀਂ ਹਥਿਆਰ ।

48. ਭਾਰਤ ਦੀ ਆਜ਼ਾਦੀ

ਸੁਣੋ ਸੁਣਾਵਾਂ ਹਾਲ ਤੁਹਾਨੂੰ ਭਾਰਤ ਦੀ ਬਰਬਾਦੀ ਦਾ ।
ਘੁੰਡ ਉੱਠਾ ਕੇ ਕਿਵੇਂ ਵੇਖਿਆ ਮੁਖੜਾ ਅਸੀਂ ਆਜ਼ਾਦੀ ਦਾ ।
ਜਦੋਂ ਜ਼ੁਲਮ ਦੀ ਹਵਾ ਸ਼ੂਕਦੀ, ਸਾਡੀ ਲੁੱਟ ਬਹਾਰ ਗਈ ।
ਲੱਖਾਂ ਹੀ ਮਨਸੂਰਾਂ ਦੀ ਉਹ ਅਣਖ ਤਾਈੰ ਵੰਗਾਰ ਗਈ ।
ਸੰਗਰਾਮਾਂ ਦਾ ਸੂਰਜ ਚੜ੍ਹਿਆ ਦੇਸ਼ ਅਜਾਦ ਕਰਾਵਣ ਨੂੰ ।
ਕਿਰਤੀ ਅਤੇ ਕਿਸਾਨ ਜਾਗਿਆ ਮੋੜ ਬਹਾਰਾਂ ਲਿਆਵਣ ਨੂੰ ।
ਦੇਸ਼ ਬਦੇਸ਼ਾਂ ਅੰਦਰ ਜਾਗੇ ਭਾਰਤ ਮਾਂ ਦੇ ਜਾਏ ਸੀ ।
ਵਿਚ ਬਜ-ਬਜ ਦੇ ਘਾਟ ਜਾਗ ਕੇ ਗ਼ਦਰੀ ਵੀਰ ਜਗਾਏ ਸੀ ।
ਕਣ-ਕਣ ਅੰਦਰ ਆਜ਼ਾਦੀ ਦਾ ਗੂੰਜ ਪਿਆ ਇੱਕ ਨਾਅਰਾ ਸੀ ।
ਇੱਕ ਤੱਕ ਗੋਰਾ ਭੜਕ ਉਠਿਆ ਜੋ ਡਾਢਾ ਹਥਿਆਰਾ ਸੀ ।
ਫੇਰ ਬੇਝਿਜਕੀ ਨਾਲ ਸੀ, ਖੋਲ੍ਹੇ ਮੂੰਹ ਉਹਨੇ ਬੰਦੂਕਾਂ ਦੇ ।
ਹਰ ਪਾਸੇ ਤੋਂ ਸੱਦੇ ਆਵਣ ਦਿਲ ਦਹਲਾਉ ਕੂਕਾਂ ਦੇ ।
ਪਰ ਭਾਰਤੀਆਂ ਸੁੱਖ ਲਿਆ ਸੀ ਕਰੀਏ ਬੰਦ ਖੁਲਾਸਾ ਹੋ ।
ਲੋਥਾਂ ਦੇ ਅੰਬਾਰ ਉਬਾਰੇ ਤੇ ਪਿੰਡਿਆਂ 'ਤੇ ਲਾਸ਼ਾਂ ਹੋ ।
ਵਾ ਵੱਗੀ ਫਿਰ ਹਰ ਕੋਨੇ ਤੋਂ ਡੂੰਘੇ ਵਤਨ ਪਿਆਰਾਂ ਦੀ ।
ਫਿਰ ਪ੍ਰਵਾਹ ਨਾ ਕਰੀ ਕਿਸੇ ਨੇ ਦਾਰਾਂ ਦੀ ਨਾ ਮਾਰਾਂ ਦੀ ।
ਜਦ ਜ਼ੁਲਮ ਦੀ ਅੱਤ ਹੋ ਗਈ, ਜ਼ਾਲਮ ਜ਼ੁਲਮੋਂ ਅੱਕ ਗਿਆ ।
ਫਿਰਕੇਦਾਰੀ ਦਾਬੀ ਪਾ ਕੇ, ਜਾਲਮ ਇਥੋਂ ਨੱਸ ਗਿਆ ।
ਭਾਰਤ ਮਾਂ ਦੇ ਦਿਲ ਦੇ ਟੋਟੇ ਭਾਰਤ, ਪਾਕਿਸਤਾਨ ਬਣੇ ।
ਅਕਲ ਵਾਲਿਓ ਕਿਵੇਂ ਦੋਹਾਂ ਦਾ ਸਾਂਝਾ ਹਿੰਦੁਸਤਾਨ ਬਣੇ ।
ਲਈ ਆਜ਼ਾਦੀ ਨਾਲ ਸਿਰਾਂ ਦੇ, ਐਵੇਂ ਨਾ ਹੱਥ ਆਈ ਹੋ ।
ਇਹਦੇ ਨਾਂ ਦੀ ਰਖੜੀ ਬਣੀਏ, ਇਹ ਸਾਡੀ ਵਡਿਆਈ ਹੋ ।

49. ਹੇ ਜਨਤਾ

ਤੇਰੇ ਅਰਦਾਸ ਕਰਦਾ ਹਾਂ,
ਨਸ਼ਾ ਉੱਠਦਾ ਜੁਆਨੀ ਦਾ ।
ਕਿ ਸੂਹਾ ਰੰਗ ਹੋ ਜਾਏ,
ਤੇਰੀ ਸਰਘੀ ਦੀ ਰਾਣੀ ਦਾ ।

ਉਰੇ ਆ ! ਹਾਰ ਗੀਤਾਂ ਦਾ,
ਮੈਂ ਤੇਰੇ ਗਲ 'ਚ ਪਹਿਨਾਵਾਂ,
ਕਿ ਮੁਢ ਤੁਰ ਪਏ ਨਵੇਂ ਸਿਰਿਓਂ,
ਮੇਰੀ ਮੁੱਕਦੀ ਕਹਾਣੀ ਦਾ ।

ਹੈ ਤੇਰੇ ਵਿਚ ਵੀ ਮੁੜ੍ਹਕਾ,
ਖ਼ੂਨ, ਖ਼ੰਜਰ, ਬਗਾਵਤ ਵੀ,
ਪੈਗ਼ੰਬਰ ਤੂੰ ਬਣਾ ਦੇਵੇਂ,
ਹੋਵੇ ਬੰਦਾ ਦੁਆਨੀ ਦਾ ।

ਭਾਵੇਂ ਜੀਵਨ ਦੀ ਸਾਰੀ ਸਲਤਨਤ,
ਕੁਰਬਾਨ ਹੋ ਜਾਏ,
ਅਸਾਨੂੰ ਤਾਂ ਨਸ਼ਾ ਕਾਫੀ,
ਤੇਰੇ ਗੀਤਾਂ ਦੀ ਨਿਸ਼ਾਨੀ ਦਾ ।

ਸੁਨੇਹਾ ਹੱਕ-ਬੁੱਢੜੇ ਦਾ,
ਧਰਤ ਨੂੰ ਦੇਣ ਆਇਆ ਹਾਂ,
ਹੁੰਗਾਰਾ ਜੇ ਮਿਲੇ ਤੈਥੋਂ,
ਮੇਰੀ ਵਿਥਿਆ ਪੁਰਾਣੀ ਦਾ ।

ਤੇਰੇ ਅਰਦਾਸ ਕਰਦਾਂ ਹਾਂ,
ਨਸ਼ਾ ਉੱਠਦਾ ਜੁਆਨੀ ਦਾ ।
ਕਿ ਸੂਹਾ ਰੰਗ ਹੋ ਜਾਏ,
ਤੇਰੀ ਸਰਘੀ ਦੀ ਰਾਣੀ ਦਾ ।

50. ਮਿੱਟੀ ਦਾ ਰੰਗ

ਇਸ ਮਿੱਟੀ ਨੇ ਇੱਕ ਮੁਰਦੇ ਦੀ, ਭੁੱਖ ਦਾ ਕੱਜਿਆ ਨੰਗ ਹੋ ।
ਲਹੂ ਅਸਾਡੇ ਨਾਲ ਹੈ ਮਿਲਦਾ,ਇਸ ਮਿੱਟੀ ਦਾ ਰੰਗ ਹੋ ।

ਇਹ ਮਿੱਟੀ ਇੱਕ ਝੀਲ 'ਚੋਂ ਆਈ, ਚੀਰ ਕੇ ਹਿੱਕ ਕੁਹਸਾਰਾਂ ਦੀ ।
ਬਿਫਰ ਬਰਾਨੇ ਬਣ ਗਈ ਹੈ ਜੁ, ਬੋਲੀ ਲੱਖ ਹਜ਼ਾਰਾਂ ਦੀ ।
ਇਹ ਮਿੱਟੀ ਬੁੱਢੜੇ ਕਿਰਤੀ ਦੀ, ਕਰਦੀ ਹਰਾ ਕਰੰਗ ਹੋ ।
ਲਹੂ ਅਸਾਡੇ ਨਾਲ ਹੈ ਮਿਲਦਾ, ਇਸ ਮਿੱਟੀ ਦਾ ਰੰਗ ਹੋ ।

ਲਾ ਕੇ ਕੰਨ ਸੁਣੋ ! ਧਰਤੀ 'ਚੋਂ, ਬੋਲਣ ਵੱਡ ਵਡੇਰੇ ।
ਭਾਰੇ ਬੂਟ ਲਤੜ ਕੇ ਲੰਘੇ, ਹੱਕ ਤੇਰੇ ਤੇ ਮੇਰੇ ।
ਇਸ ਮਿੱਟੀ ਵਿਚ ਪੁੰਗਿਆ ਬਰਛਾ, ਲਿਖਦਾ ਇੱਕ ਪ੍ਰਸੰਗ ਹੋ ।
ਲਹੂ ਅਸਾਡੇ ਨਾਲ ਹੈ ਮਿਲਦਾ,ਇਸ ਮਿੱਟੀ ਦਾ ਰੰਗ ਹੋ ।

ਇਸ ਮਿੱਟੀ ਵਿਚ ਜਦ ਚਰ੍ਹੀਆਂ ਤੇ ਮੱਕੀਆਂ ਨੂੰ ਗੁੱਲ ਲੱਗੇ ।
ਧਾੜਵੀਆਂ ਨੂੰ ਜਾਪਣ ਇਹ ਤਾਂ, ਖੇਤਾਂ ਨੂੰ ਬੁੱਲ੍ਹ ਲੱਗੇ ।
ਦੱਭ, ਸਰਕੜੇ, ਕਾਹੀ ਅੰਦਰ, ਬੁਕਿਆ ਇੱਕ 'ਮਰਗਿੰਦ' ਹੋ ।
ਲਹੂ ਅਸਾਡੇ ਨਾਲ ਹੈ ਮਿਲਦਾ, ਇਸ ਮਿੱਟੀ ਦਾ ਰੰਗ ਹੋ ।

51. ਬੁਰਜੁਆ ਤਾਣੇ ਬਾਣੇ

ਇੱਕ ਤੂੰ ਕਸਾਈ ਮੇਰੇ ਪਿੰਡ ਦਿਆ ਰਾਜਿਆ ਉਏ,
ਦੂਜੇ ਤੇਰਾ ਸ਼ਾਹਾਂ ਦਾ ਜੋੜ।
ਤੇਰੀ ਨੀਂਦ ਉੱਤੇ ਪਹਿਰਾ ਤੇਰਿਆਂ ਮੁਕੱਦਮਾਂ ਦਾ,
ਕੁੱਤੇ ਰੱਖਣ ਦੀ ਨਹੀਂ ਲੋੜ।

ਤੇਰੇ ਬੂਹੇ 'ਤੇ 'ਸਮਾਜਵਾਦ' ਦਿਆ ਚੂਰਨਾਂ ਦੇ,
ਲੱਗੇ ਹੋਏ ਸੁਣੀਂਦੇ ਅੰਬਾਰ।
ਜੀਹਦਾ ਗਾਹਕ ਲੋਹੇ, ਇੱਟਾਂ, ਖੰਡ ਤੇ ਸੀਮਿੰਟ ਤਾਈਂ,
ਹੱਕ ਵਾਂਗੂੰ ਜਾਂਦਾ ਏ ਡਕਾਰ।
ਜਿੰਦਗੀ ਦੀ ਬਲੀ ਬਾਝੋਂ, ਤੇਰਿਆਂ ਪੈਗ਼ੰਬਰਾਂ ਦਾ,
ਸਕੇ ਨਾ ਉਧਾਰ ਕੋਈ ਮੋੜ ।
ਤੇਰੀ ਨੀਂਦ ਉੱਤੇ ਪਹਿਰਾ...................

ਤੈਨੂੰ ਰੱਖਾਂ ਰੱਬ ਦੀਆਂ ਜਦੋਂ ਤੀਕ ਵੀਰ ਮੇਰਾ,
ਸਕਦਾ ਨਾ ਤੈਨੂੰ ਵੇ ਪਛਾਣ ।
ਉਸੇ ਹੀ ਸਿਪਾਹੀ ਦੇ ਨਾਂ ਸਿਰਾਂ ਦੀ ਵਸੀਅਤ ਸਾਡੀ,
ਜੀਹਦੀ ਰੰਡੀ ਹੀਰ ਵੇ ਜੁਆਨ ।
ਤੇਰੀਆਂ ਬੰਦੂਕਾਂ ਪਿੱਛੋਂ ਹੱਥ ਮੇਰੇ ਵੀਰਨੇ ਦੇ,
ਆਪੇ ਵੀਰ ਲੈਣ ਗੇ ਤਰੋੜ ।
ਤੇਰੀ ਨੀਂਦ ਉੱਤੇ ਪਹਿਰਾ...................

ਵਰ੍ਹਿਆ ਏ ਸਾਉਣ ਉਹਨਾਂ ਬੱਚਿਆਂ ਦੇ ਨਾਂ ਤੇ,
ਜਿਨ੍ਹਾਂ ਖੀਰ ਦਾ ਨਾ ਚੱਖਿਆ ਸੁਆਦ।
ਕੰਮੀਆਂ ਦੀ 'ਜੀਤੋ' ਦੇ ਨਾ ਲੱਗੀਆਂ ਨੇ ਤੀਆਂ,
ਜਿਹੜਾ ਰਸ ਪੀ ਗੇ ਸੰਘਣੇ ਕਮਾਦ ।
ਕਰੇਂ ਛੇੜਖਾਨੀਆਂ ਤੂੰ ਰੂਪ ਨਾਲ, ਤੇਰੇ ਉੱਤੇ
ਦੰਦ ਪੀਹੇ ਤੀਆਂ ਵਾਲਾ ਬੋਹੜ ।
ਤੇਰੀ ਨੀਂਦ ਉੱਤੇ ਪਹਿਰਾ...................

ਕੱਲ੍ਹ 'ਜੈਲੂ' ਚੌਕੀਦਾਰ ਦਿੰਦਾ ਫਿਰੇ ਹੋਕਾ,
ਆਖੇ 'ਖੇਤਾਂ ਵਿਚ ਬੀਜੋ ਹਥਿਆਰ' ।
ਕੱਠੇ ਹੋ 'ਵਲਾਇਤੀ ਸੰਗਲਾਂ' ਦੀ ਵਾੜ ਤੋੜਨੀ ਜੁ
ਬੂਥ ਰਹੀ ਦੋਧਿਆਂ ਨੂੰ ਮਾਰ ।
ਤੁਸੀਂ ਰਾਜੇ ਸ਼ੀਸ਼ੇ ਦੀ ਪੁਸ਼ਾਕ ਪਾ ਕੇ ਰੱਖੋ,
ਦੇਣੀ ਉੱਘਰੇ ਹਥੌੜਿਆਂ ਨੇ ਤੋੜ ।
ਇੱਕ ਤੂੰ ਕਸਾਈ ਮੇਰੇ ਪਿੰਡ ਦਿਆ ਰਾਜਿਆ ਓਏ,
ਦੂਜੇ ਤੇਰਾ ਸ਼ਾਹਾਂ ਦਾ ਜੋੜ ।
ਤੇਰੀ ਨੀੰਦ ਉੱਤੇ ਪਹਿਰਾ ਤੇਰਿਆਂ ਮੁਕੱਦਮਾਂ ਦਾ,
ਕੁੱਤੇ ਰੱਖਣ ਦੀ ਨਹੀਂ ਲੋੜ।

52. ਤੇਰੀ ਮੌਤ ਸੁਣਾਉਣੀ

(ਸ਼ਹੀਦ ਬਾਬਾ ਬੂਝਾ ਸਿੰਘ ਨੂੰ ਸਮਰਪਤ)

ਅੱਜ ਵਰਗਾ ਦਿਨ ਕਿਤੇ ਨਾ ਚੜ੍ਹਨਾ,
ਅੱਜ ਜਈ ਰਾਤ ਨਾ ਆਉਣੀ ।
ਤੇਰੀ ਥਾਂ ਜਦ ਮਿਲ ਗਈ ਸਾਨੂੰ,
ਤੇਰੀ ਮੌਤ ਸੁਣਾਉਣੀ ।
ਹੁਣੇ ਹੁਣੇ ਮੈਂ ਚੰਨ ਨੂੰ ਤੱਕਿਆ,
ਅੰਬਰਾਂ ਵਿੱਚ ਰੁਸ਼ਨਾਉਂਦੇ ।
ਆਹ ਚਾਤ੍ਰਿਕ! ਜੁ ਪਿਆ ਹੈ ਮਰਿਆ,
ਹੁਣ ਤੱਕਿਆ ਮੈਂ ਗਾਉਂਦੇ ।
ਲੋਕੋ ਥੋਡੀ ਸੰਵਰ ਨਾ ਸਕਣੀ,
ਬਘਿਆੜਾਂ ਤੋਂ ਹੋਣੀ ।
ਅੱਜ ਵਰਗਾ ਦਿਨ ਕਿਤੇ ਨਾ ਚੜ੍ਹਨਾ,
ਅੱਜ ਜਈ ਰਾਤ ਨਾ ਆਉਣੀ ।

ਹੁਣੇ ਹੁਣੇ ਮੈਂ ਸੂਰਜ ਤੱਕਿਆ,
ਧੁੰਦਾਂ ਪਾੜੀ ਜਾਵੇ ।
ਪੌਣਾਂ ਵਿਚ ਜ਼ਹਿਰੀਲਾ ਕੀੜਾ,
ਜੁ ਆਵੇ ਸੁ ਖਾਵੇ ।
ਚਾਨਣ ਦਾ ਦੇ ਰਹੀ ਸੁਨੇਹਾ,
ਅੱਜ ਖਿੱਤੀਆਂ ਦੀ ਭਾਉਣੀ ।
ਅੱਜ ਵਰਗਾ ਦਿਨ ਕਿਤੇ ਨਾ ਚੜ੍ਹਨਾ,
ਅੱਜ ਜਈ ਰਾਤ ਨਾ ਆਉਣੀ ।

ਰੋਣ ਵਾਲਿਓ ! ਲੋਥ ਮੇਰੀ 'ਤੇ
ਬੰਨ੍ਹੋ ਕੁਝ ਤਲਵਾਰਾਂ ।
ਜਿਸ ਦੇ ਵਰ ਤੋਂ ਰਾਜੇ ਜੰਮਦੇ,
ਉਸ ਰੱਬ ਨੂੰ ਲਲਕਾਰਾਂ ।
ਅੱਜ ਹੋਣੀ ਦੀ ਹਾਨਣ ਕਰ ਕੇ,
ਜ਼ਿੰਦਗੀ ਪਈ ਹੰਢਾਉਣੀ ।
ਅੱਜ ਵਰਗਾ ਦਿਨ ਕਿਤੇ ਨਾ ਚੜ੍ਹਨਾ,
ਅੱਜ ਜਈ ਰਾਤ ਨਾ ਆਉਣੀ ।
ਤੇਰੀ ਥਾਂ ਜਦ ਮਿਲ ਗਈ ਸਾਨੂੰ,
ਤੇਰੀ ਮੌਤ ਸੁਣਾਉਣੀ ।

53. ਰੁਬਾਈ

ਹੋਇਆ ਕੀ, ਜੇ ਭਾਵ ਨਾ ਮੇਰੇ ਮੌਲਦੇ ।
ਇਹ ਸਾਰੇ ਹੀ ਕਾਰਨ ਮੇਰੀ ਘੌਲ ਦੇ ।
ਮਰਨ ਤੋਂ ਪਹਿਲਾਂ ਹੀ ਮਰ ਜਾਵਾਂਗਾ ਮੈਂ,
ਕਰ ਲਾਂ ਜੇ ਸਮਝੌਤਾ ਨਾਲ ਮਹੌਲ ਦੇ ।

54. ਲਲਕਾਰ

ਐ ਕਿਸਾਨੋ ! ਕਿਰਤੀਓ !! ਕਿਰਤਾਂ ਲੁਟਾਵਣ ਵਾਲਿਓ ।
ਅਣਦਿਸਦੇ, ਡੁੱਲਦੇ ਲਹੂ ਨੂੰ, ਠੱਲ੍ਹਾਂ ਲਗਾਵਣ ਵਾਲਿਓ ।

ਵਤਨ ਨੂੰ ਹੁਣ ਫੇਰ ਖ਼ੂਨੀ, ਰੰਗਤਾਂ ਦੀ ਲੋੜ ਹੈ ।
ਦਸਮੇਸ਼ ਦੀ ਤਲਵਾਰ ਨੂੰ, ਹੁਣ ਸੰਗਤਾਂ ਦੀ ਲੋੜ ਹੈ ।

ਐ ਵਤਨ ਦੇ ਆਸ਼ਕੋ, ਮੰਜ਼ਲ ਬੜੀ ਦੂਰਾਂ ਦੀ ਹੈ ।
ਹਰ ਕਦਮ ਤੇ ਫਾਂਸੀਆਂ, ਹੁਣ ਲੋੜ ਮਨਸੂਰਾਂ ਦੀ ਹੈ ।

ਫ਼ਿਰਕਿਆਂ ਦਾ ਮਾਂਦਰੀ, ਅੱਜ ਫੇਰ ਟੂਣੇ ਕਰ ਰਿਹਾ ।
ਅੱਜ ਕਿਰਤ ਦਾ ਦੇਵਤਾ, ਆਪੋ 'ਚ ਲੜ ਕੇ ਮਰ ਰਿਹਾ ।

ਵਿਹਲੜਾਂ ਦਾ ਵੱਗ ਆ, ਸਾਡੀ ਅੰਗੂਰੀ ਕਿਓਂ ਚਰੇ ।
ਨਫ਼ਰਤਾਂ ਦੇ ਸੇਕ ਨਾਲ, ਸਾਡਾ ਮੁੜ੍ਹਕਾ ਕਿਓਂ ਸੜੇ ।

'ਰੌਣ' ਦੇ ਹੱਥੀਂ ਹੈ 'ਸੀਤਾ', ਫੇਰ ਪਕੜਾਈ ਗਈ ।
ਆਤਮਾ ਦੀ ਲਾਸ਼ ਹੁਣ ਤਾਂ, ਫੇਰ ਦਫ਼ਨਾਈ ਗਈ ।

'ਦਰੋਪਤੀ' 'ਦੁਰਯੋਧਨਾਂ' ਦਾ ਚਿੱਤ ਹੈ ਪਰਚਾ ਰਹੀ ।
ਪਰ ਦੇਖਦੀ ਅਰਜਨ ਦੀ ਅੱਖ, ਅਣਡਿੱਠ ਕਰਦੀ ਜਾ ਰਹੀ ।

ਹਾੜ੍ਹੀਆਂ ਤੇ ਸੌਣੀਆਂ ਦੀ, ਸੌਂਹ ਕਿਸਾਨੋ, ਕਾਮਿਓ ।
ਗੈਂਤੀਆਂ ਤੇ ਤੇਸਿਆਂ ਦੀ, ਸੌਂਹ ਹੱਕਾਂ ਦੇ ਹਾਮੀਓ ।

ਜੁੱਸਿਆਂ ਵਿਚ ਅਣਖ ਦਾ ਸਾਹ, ਭਰਨ ਦੀ ਬੱਸ ਲੋੜ ਹੈ ।
ਤੇ ਤਾਣ ਸੀਨਾ ਜ਼ੁਲਮ ਅੱਗੇ, ਖੜਨ ਦੀ ਬੱਸ ਲੋੜ ਹੈ ।

ਜ਼ੁਲਮ ਨਾ ਸਹਿਣਾ ਇਹ, ਸਚੇ ਰੱਬ ਦੀ ਹੈ ਬੰਦਗੀ ।
ਤੇ ਸਚ ਲਈ ਮਰਕੇ ਹੈ, ਮਿਟ ਜਾਣਾ ਹੀ ਅਸਲੀ ਜ਼ਿੰਦਗੀ ।

55. ਦੁਸਹਿਰਾ

ਵਹਿਮਾਂ ਭਰਮਾਂ ਤੋਂ ਬਚੋ ! ਹਥੀਂ ਤੀਲੀਆਂ ਨੂੰ ਚੁੱਕੋ,
ਏਸ ਯੁੱਗ ਦਿਆਂ ਰਾਵਣਾ ਦੀ ਹਿੱਕ ਸਾੜੀਏ ।

ਐਵੇਂ ਕਾਗਜਾਂ ਦੇ ਰਾਵਣਾ ਨੂੰ ਸਾੜ ਕੀ ਬਣੇ ।
ਤੀਰ ਤੀਲਾਂ ਦੇ ਕਮਾਨ ਵਿਚ ਚਾੜ੍ਹ ਕੀ ਬਣੇ ।
ਕੋਈ ਉੱਠੇ ਹਨੂੰਮਾਨ, ਕਰੇ ਯੁੱਧ ਦਾ ਐਲਾਨ ।
ਮੂਹਰੇ ਆਉਣ ਵਾਲੇ ਸਾਗਰਾਂ ਦੀ ਹਿੱਕ ਪਾੜੀਏ ।
ਏਸ ਯੁੱਗ ਦਿਆਂ ਰਾਵਣਾ ਦੀ ਹਿੱਕ ਸਾੜੀਏ ।

ਅੱਜ ਸੈਂਕੜੇ ਹੀ ਰਾਖਸ਼ਾਂ ਦੀ ਧਾੜ ਆ ਗਈ ।
ਅੱਗ-ਬਰਛੀ ਵੀ ਜਾਤੀਆਂ ਨੂੰ ਸਾੜ ਆ ਗਈ ।
ਅੱਜ ਮੇਘਨਾਥ ਹੱਸੇ, ਕੁੰਭਕਰਨ ਵੀ ਵੱਸੇ ।
ਕਿਓਂ ਨਾਂ ਜਿਉਂਦਿਆਂ ਦੇ ਧੌਲਰਾਂ 'ਚ ਤੀਰ ਮਾਰੀਏ ।
ਏਸ ਯੁੱਗ ਦਿਆਂ ਰਾਵਣਾ ਦੀ ਹਿੱਕ ਸਾੜੀਏ ।

ਫੇਰ 'ਭੀਲਣੀ' ਤੇ 'ਰਾਮ' ਦਾ ਪਿਆਰ ਨਾ ਮੁੜੇ ।
ਵਾਂਗ 'ਬਾਨਰਾਂ' ਦੇ ਕਿਰਤੀ ਕਿਸਾਨ ਜੇ ਜੁੜੇ ।
ਮੁੱਕ ਜਾਣ 'ਬਣਵਾਸ', 'ਸੀਤਾ' ਰਹੇ ਨਾ 'ਉਦਾਸ' ।
ਅਸੀਂ ਵਰਾਂ ਤੇ ਸਰਾਪਾਂ ਦਾ ਅਹਿਦ ਪਾੜੀਏ ।
ਏਸ ਯੁੱਗ ਦਿਆਂ ਰਾਵਣਾ ਦੀ ਹਿੱਕ ਸਾੜੀਏ ।

56. ਵਤਨ ਕਿ ਕੈਦਖ਼ਾਨਾ

ਕਾਗਜ਼ਾਂ ਵਿਚ ਜਾਮ ਹੋਇਆ, ਕਿਰਤੀਆਂ ਦਾ ਮਿਹਨਤਾਨਾ ।
ਇਸ ਤਰ੍ਹਾਂ ਜੰਗਾਲਿਆ ਹੈ, ਦਫ਼ਤਰਾਂ ਦਾ ਕਾਰਖ਼ਾਨਾ ।

ਕਿਸੇ ਨੂੰ ਮਜ਼ਹਬਾਂ ਦੀ ਮਸਤੀ, ਕਿਸੇ ਨੂੰ ਕੁਰਸੀ ਦੀ ਲੋਰ ।
ਕਿਸੇ ਨੂੰ ਧਨ ਦਾ ਨਸ਼ਾ,
ਇਹ ਦੇਸ਼ ਕਿ ਜਾਂ ਸ਼ਰਾਬਖਾਨਾ ।

ਆ ਬਹੋ ਛਾਵੇਂ ਕਿ ਬਣੀਏ ਜ਼ਿੰਦਗੀ ਦੇ ਤਰਜਮਾਨ,
ਬਰਛਿਆਂ 'ਤੇ ਟੰਗਿਆ ਦਿਲ,
ਬਣ ਗਿਆ ਏ ਸ਼ਾਮਿਆਨਾ ।

ਤੇਰੀਆਂ ਸੀਖ਼ਾਂ ਤੋਂ ਬਖ਼ਤਾ ਸਿਰੜ ਸਾਡਾ ਹੈ ਕਿਤੇ,
ਭਾਵੇਂ ਤੇਰੇ ਜਾਲ ਅੰਦਰ,
ਘਿਰ ਗਿਆ ਹੈ ਆਸ਼ਿਆਨਾ ।

ਜੀਭ ਖੋਲ੍ਹੋ ਗਲ 'ਚ ਫਾਹਾ, ਹਥ ਉੱਠਾਓ ਹੱਥਕੜੀ ਹੈ,
ਇਹ ਵਤਨ ਮੇਰਾ ਹੈ ਕਿ ਜਾਂ
ਇਹ ਹੈ ਕੋਈ ਕੈਦਖ਼ਾਨਾ ।

57. ਡੋਲੀ

ਹੱਸ ਹੱਸ ਤੋਰ ਦੇ ਤੂੰ ਡੋਲੀ ਮੇਰੀ ਬਾਬਲਾ ਵੇ,
ਕਿਹੜੀ ਗੱਲੋਂ ਰਿਹਾਂ ਏਂ ਤੂੰ ਝੂਰ ।
ਧਰਤੀ ਤਿਹਾਈ ਜਿਉਂ ਪਸੀਨਾ ਮੰਗੇ ਕਾਮਿਆਂ ਦਾ,
ਮਾਂਗ ਮੇਰੀ ਮੰਗਦੀ ਸੰਧੂਰ ।

ਸੁੱਤੇ ਸੁੱਤੇ ਪਏ ਦੀ ਤਾਂ ਨੀਂਦ ਤੇਰੀ ਟੁੱਟ ਜਾਂਦੀ,
ਹੋਈ ਸੀ ਮੈਂ ਜਿੱਦੇਂ ਦੀ ਜੁਆਨ ।
ਕਿਉਂ ਜੋ ਸਰਮਾਏਦਾਰੀ ਦੌਰ ਵਿਚ ਬੜਾ ਔਖਾ,
ਸਾਂਭਣਾ ਵੇ ਧੀਆਂ ਨੂੰ ਈਮਾਨ ।
ਡੱਕ ਨਾ ਨੀ ਮਾਏ ਸਾਨੂੰ ਸੁੱਚੀਆਂ ਸੁੰਗਧੀਆਂ ਨੂੰ,
ਆਇਆ ਮੇਰੀ ਆਸ ਉੱਤੇ ਬੂਰ ।
ਜਿਵੇਂ ਸਾਡਾ ਸਾਰਿਆਂ ਦਾ ਢਿੱਡ ਰੋਟੀ ਮੰਗਦਾ ਹੈ,
ਮਾਂਗ ਮੇਰੀ ਮੰਗਦੀ ਸੰਧੂਰ ।

ਸੱਚੀ ਸੁੱਚੀ ਚੁੰਨੀ ਤੇਰੀ ਸੁਣ ਮੇਰੀ ਅੰਮੀਏ ਨੀ,
ਸਾਡਾ ਹੈ ਸੀ ਆਲ੍ਹਣਾ ਬਣੀ ।
ਸਾਡੇ ਜਿੰਨਾ ਪਿਆਰ ਨੀ ਹੰਢਾ ਨਾ ਸਕੇ ਮਾਏ ਕੋਈ,
ਹੋਵੇ ਭਾਵੇਂ ਲਖਾਂ ਦਾ ਧਨੀ ।
ਡੱਕੋ ਨਾ ਵੇ ਵੀਰੋ ਸਾਡੀ ਡਾਰ ਵੇ ਉਡਾਰਨਾਂ ਦੀ,
ਸਾਡੀਆਂ ਤੇ ਮੰਜਲਾਂ ਨੇ ਦੂਰ ।
ਜਿਵੇਂ ਸਾਡਾ ਸਾਰਿਆਂ ਦਾ ਢਿੱਡ ਰੋਟੀ ਮੰਗਦਾ ਹੈ,
ਮਾਂਗ ਮੇਰੀ ਮੰਗਦੀ ਸੰਧੂਰ ।

ਜੁੱਗ-ਜੁੱਗ ਜੀਣ ਤੇਰੇ ਪੋਤਰੇ ਤੇ ਪੋਤਰੀਆਂ,
ਖਿੜੀ ਰਹੇ ਵਿਹੜੇ ਦੀ ਬਹਾਰ ।
ਪੂੰਜੀਪਤੀ ਜੁੱਗ ਵਿਚ ਫੁੱਲਾਂ ਤੋਂ ਵੀ ਹੌਲੀ ਕੁੜੀ,
ਜਾਪਦੀ ਏ ਗੱਡੇ ਜਿਨ੍ਹਾ ਭਾਰ ।
ਕੰਡਿਆਂ ਦੇ ਉੱਤੇ ਵੀ ਤਾਂ ਬਦੋ ਬਦੀ ਹੱਸੀ ਜਾਣਾ,
ਫੁੱਲਾਂ ਦੇ ਹੈ ਚਿੱਤਾਂ ਦਾ ਗ਼ਰੂਰ ।
ਜਿਵੇਂ ਸਾਡਾ ਸਾਰਿਆਂ ਦਾ ਢਿੱਡ ਰੋਟੀ ਮੰਗਦਾ ਹੈ,
ਮਾਂਗ ਮੇਰੀ ਮੰਗਦੀ ਸੰਧੂਰ ।

ਇੱਕ ਤਲਵਾਰ ਮੇਰੀ ਡੋਲੀ ਵਿਚ ਰਖ ਦਿਓ,
ਹੋਰ ਵੀਰੋ ਦਿਓ ਨਾ ਵੇ ਦਾਜ ।
ਸਾਡੇ ਵੱਲ ਕੈਰੀ ਅਖ ਝਾਕ ਨਾ ਵੇ ਸਕੇ,
ਸਾਡਾ ਰਸਮੀ ਤੇ ਵਹਿਮੀ ਇਹ ਸਮਾਜ਼ ।
ਰਾਹਾਂ ਵਿਚ ਪਿੰਡ ਦਿਆਂ ਲੰਬੜਾਂ ਨੇ ਘਾਤ ਲਾਈ,
ਜੁਰਮਾਂ ਦਾ ਜਿਨ੍ਹਾਂ ਨੂੰ ਗ਼ਰੂਰ ।
ਜਿਵੇਂ ਸਾਡਾ ਸਾਰਿਆਂ ਦਾ ਢਿੱਡ ਰੋਟੀ ਮੰਗਦਾ ਹੈ,
ਮਾਂਗ ਮੇਰੀ ਮੰਗਦੀ ਸੰਧੂਰ ।

58. ਉੱਠਣ ਦਾ ਵੇਲਾ

ਉੱਠ ਕਿਰਤੀਆ ਉੱਠ ਵੇ ਉੱਠਣ ਦਾ ਵੇਲਾ ।
ਜੜ੍ਹ ਵੈਰੀ ਦੀ ਪੁੱਟ ਵੇ ਪੁੱਟਣ ਦਾ ਵੇਲਾ ।
ਤੇਰੇ ਸਿਰ ਤੇ ਚੋਅ ਚੋਅ ਚਾਨਣ ਗਏ ਨੇ ਤੇਰੇ ਜੁੱਟ ਵੇ ।

ਸੁੱਤਿਆ ਵੇ ਇਹ ਧਰਤ ਹੈ ਕੇਹੀ ਜਿਥੇ ਮਾਂ ਤੇ ਪੁੱਤ ਦਾ ਰਿਸ਼ਤਾ ।
ਕੁਝ ਟੁਕੜੇ ਕੁਝ ਟਕਿਆਂ ਬਦਲੇ, ਮਾਸ ਦੇ ਵਾਂਗੂੰ ਹੱਟੀਏਂ ਵਿਕਦਾ ।
ਲੂਸ ਗਿਆ ਮਜ਼ਦੂਰ ਦਾ ਪਿੰਡਾ ਜੇਠ ਹਾੜ੍ਹ ਦਾ ਹੁੱਟ ਵੇ ।

ਜੇ ਰੋਟੀ ਦੀ ਅੱਗ ਚਾਹੀਦੀ ਤਾਂ ਫਿਰ ਸਾਂਭ ਬਾਰੂਦ ਨਾ ਰੱਖੀਂ ।
ਜੇ ਕੁਝ ਮੁੜ੍ਹਕੇ ਦਾ ਮੋਹ ਹੈਗਾ ਤਾਂ ਫਿਰ ਨੱਪ ਖਰੂਦ ਨਾ ਰੱਖੀਂ ।
ਤੂੰ ਐਟਮ ਦੀ ਧੂੜ ਵਿਚਾਲੇ ਸੁੱਟ ਚਾਨਣ ਦੀ ਮੁੱਠ ਵੇ ।

ਤੇਰੇ ਹਲ ਦੀਆਂ ਰਾਹਲਾਂ ਦਾ ਕੋਈ ਕਾਹਤੋਂ ਸੱਪਣੀ ਲਾਭ ਉੱਠਾਵੇ ।
ਫ਼ੌਜਣ ਕਾਹਤੋਂ ਆਪਣੇ ਢਿੱਡ ਵਿਚ ਸੇਠ ਦਾ ਕੀਤਾ ਪਾਪ ਹੰਢਾਵੇ ।
ਜੋ ਤੇਰੀ ਦਸਤਾਰ ਨੂੰ ਪੈਂਦੇ ਤੋੜ ਦੇਈਂ ਉਹ ਗੁੱਟ ਵੇ ।

ਸਖਣੇ ਜੰਗ ਨੂੰ ਭਰਦਾ ਕੋਈ ਪੁੰਨ ਯੁੱਗਾਂ ਦਾ ਕਿਸੇ ਨੂੰ ਲੱਗਦਾ ।
ਗੋਲੀ ਕਿਸੇ ਦੀ ਹਿੱਕ ਨੂੰ ਵਿੰਨ੍ਹੇ, ਤਗ਼ਮਾ ਕਿਸੇ ਦੀ ਹਿੱਕ 'ਤੇ ਫੱਬਦਾ ।
ਤੂੰ ਖੰਡੇ ਦੀ ਧਾਰ ਦੇ ਵਿਚੋਂ ਲਿਸ਼ਕ ਵਾਂਗਰਾਂ ਫੁੱਟ ਵੇ ।

ਪਿੰਡਾ ਦੀ ਰੌਣਕ ਸਭ ਢੋਈ ਕਿਰਤੀ ਦੇ ਕੰਧਿਆਂ 'ਤੇ ਸ਼ਹਿਰਾਂ ।
ਪਰ ਤੇਰਿਆਂ ਚਾਵਾਂ ਦੇ ਨਿੱਤ ਮੁਰਦੇ ਸਿਰ 'ਤੇ ਢੋਵਣ ਤੇਰੀਆਂ ਲਹਿਰਾਂ ।
ਸਿਰ ਤਾਂ ਬੀਜ਼ ਸਹੀ ਤੂੰ, ਬੱਦਲੀ ਆਪੇ ਪਊ ਤਰੁੱਠ ਵੇ ।

ਮੁੜ ਜੇ ਕਿਤੇ ਨਿਰਾਸ਼ ਨਾ ਕਵਿਤਾ ਤੇਰੇ ਦਰ ਮੂਹਰੇ ਦੇ ਹੋਕਾ ।
ਕਲਮ ਲਹੂ ਵਿਚ ਕੱਢੇ ਕੁਤਕੁਤੀ ਸੁਰਤ ਕਰੀਂ ਵੇ ਸੁੱਤਿਆ ਲੋਕਾ ।
ਖੜ੍ਹੇ ਤਲਾਅ ਵਿਚ ਵਾਂਗ ਕੰਕਰੀ ਲਹਿਰਾਂ ਬਣ ਕੇ ਫੁੱਟ ਵੇ ।
ਉੱਠ ਕਿਰਤੀਆ ਉੱਠ ਵੇ ਉੱਠਣ ਦਾ ਵੇਲਾ ।
ਜੜ੍ਹ ਵੈਰੀ ਦੀ ਪੁੱਟ ਵੇ ਪੁੱਟਣ ਦਾ ਵੇਲਾ ।
ਤੇਰੇ ਸਿਰ ਤੇ ਚੋਅ ਚੋਅ ਚਾਨਣ ਗਏ ਨੇ ਤੇਰੇ ਜੁੱਟ ਵੇ ।

59. ਗੀਤ-ਤੱਤੀ ਤਵੀ, ਤੱਤੀ ਦੇਗ਼, ਤੱਤੀ ਧੁੱਪ

ਤੱਤੀ ਤਵੀ, ਤੱਤੀ ਦੇਗ਼, ਤੱਤੀ ਧੁੱਪ
ਤੱਤੀ ਰੇਤ, ਤੱਤੀਓ ਸੀ ਵਗਦੀ ਹਵਾ,
ਦੁਨੀਆਂ ਦਾ ਸੇਕ ਸਾਰਾ ਤੱਤੀਏ ਨੀ,
ਇੱਕੋ ਦੇ ਨਾਂ ਲਿਖ ਧਰਿਆ ।

ਪੈਰਾਂ 'ਚ ਬਹਾਰਾਂ ਜੀਹਦੇ ਫੁੱਲ ਸੀ ਵਿਛਾਂਦੀਆਂ,
ਮਹਿਕਾਂ ਜੀਹਦੇ ਗੀਤਾਂ 'ਚੋਂ ਨਹਾ ਕੇ ਹੈਸੀ ਜਾਂਦੀਆਂ ।
ਪਿੰਡੇ ਦਿਆਂ ਛਾਲਿਆਂ 'ਚ ਬੁੱਕ ਬੁੱਕ ਪਾਣੀ,
ਤੇਰੀ ਅਜੇ ਠੰਢੀ ਹੋਈ ਨਾ ਨਿਗ੍ਹਾ,
ਦੁਨੀਆਂ ਦਾ ਸੇਕ................

ਹੋਇਆ ਕੀ ਜੇ ਕੋਈ ਉਹ ਤੋਂ ਬਾਗ਼ੀ ਰੋਟੀ ਖਾ ਗਿਆ,
ਕੱਚ ਦੇ ਤਖ਼ਤ ਵਿਚ ਤੇੜ ਤਾਂ ਨੀ ਪਾ ਗਿਆ ।
ਭਾਰੀ ਇਨਸਾਫ਼ਣੇ ਨੀ ਭੁੱਖਿਆਂ ਨੂੰ ਰੋਟੀ ਦੇਣਾ,
ਦੱਸ ਕਿਹੜੀ ਧਾਰਾ ਦਾ ਗੁਨਾਹ,
ਦੁਨੀਆਂ ਦਾ ਸੇਕ ................

ਤੇਰਾ ਸੀ ਪਵੇਹੇ ਵਿਚ ਧੁੰਮਿਆਂ ਹੰਕਾਰ ਨੀ,
ਝੱਲ ਵੀ ਨਾ ਸਕੀ ਸਚੀ ਗੱਲ ਦਾ ਵੀ ਭਾਰ ਨੀ ।
ਨੂਰ ਜਹਾਂ ਰੁਲੂ ਤੇਰੀ ਸੱਥਾਂ ਵਿਚ ਏਦਾਂ,
ਜਿਵੇਂ ਰੁਲੇ ਸਾਡੀ ਮੰਡੀਏਂ ਕਪਾਹ,
ਦੁਨੀਆਂ ਦਾ ਸੇਕ ................

ਨੂਰ ਜਹਾਂ ਉੱਤੇ ਕਿਸੇ ਕਾਮੇ ਨਾ ਪਸੀਜਣਾ,
ਤੱਤੇ ਪਾਣੀ ਵਿਚ ਉਹਨੂੰ ਝੋਨਾ ਪਊ ਬੀਜਣਾ ।
ਪਿੱਠ ਪਿੱਛੇ ਬੰਨ੍ਹਿਆਂ ਖ਼ੁਰਮ ਭੁੱਖਾ ਰੋਵੇ,
ਉਹਨੂੰ ਦੁੱਧ ਵੀ ਉਹ ਸਕੂ ਨਾ ਚੁੰਘਾਅ ।
ਦੁਨੀਆਂ ਦਾ ਸੇਕ ਸਾਰਾ ਤੱਤੀਏ ਨੀ,
ਇੱਕੋ ਦੇ ਨਾਂ ਲਿਖ ਧਰਿਆ ।

60. ਵਾਰਸਾਂ ਦੇ ਨਾਂ

ਸਾਡਾ ਅੰਮੀਓਂ ਜ਼ਰਾ ਨਾ ਕਰੋ ਝੋਰਾ,
ਸਾਨੂੰ ਜ਼ਿੰਦਗੀ ਸੁਰਖੁਰੂ ਕਰਨ ਦੇਵੋ ।
ਅਸੀਂ ਜੰਮੇ ਹਾਂ ਹਾਉਕੇ ਦੀ ਲਾਟ ਵਿਚੋਂ,
ਸਾਨੂੰ ਸੇਕ ਜੁਦਾਈ ਦਾ ਜਰਨ ਦੇਵੋ ।

ਸਾਡੇ ਵੀਰਾਂ ਨੂੰ ਵਰਜ ਕੇ ਘਰਾਂ ਅੰਦਰ,
ਜਿਉਂਦੀ ਮਾਰਿਓ ਨਾ ਸਾਡੀ ਆਬ ਮਾਤਾ ।
ਭਗਤ ਸਿੰਘ ਦੀ ਮਾਂ ਬੇਸ਼ੱਕ ਬਣਿਉਂਂ,
ਹਾੜੇ ਬਣਿਉਂ ਨਾ ਕਿਤੇ ਪੰਜਾਬ ਮਾਤਾ ।

ਸਾਡੇ ਸਿਰਾਂ ਉੱਤੇ ਨਿਹਚਾ ਰੱਖ ਬਾਪੂ,
ਨੰਗੀ ਹੋਣ ਨਾ ਦਿਆਂਗੇ ਕੰਡ ਤੇਰੀ ।
ਤਿੱਪ ਤਿੱਪ ਜਵਾਨੀ ਦੀ ਡੋਲ੍ਹ ਕੇ ਵੀ,
ਹੌਲੀ ਕਰਾਂਗੇ ਗ਼ਮਾਂ ਦੀ ਪੰਡ ਤੇਰੀ ।

ਅਸੀਂ ਸੜਕਾਂ ਤੇ ਡਾਂਗਾਂ ਦੀ ਅੱਗ ਸੇਕੀ,
ਐਪਰ ਹੱਕਾਂ ਨੂੰ ਠੰਡ ਲੁਆਈ ਤਾਂ ਨਹੀਂ ।
ਸਾਡਾ ਕਾਤਿਲ ਹੀ ਕੱਚਾ ਨਿਸ਼ਾਨਚੀ ਸੀ,
ਅਸੀਂ ਗੋਲੀ ਤੋਂ ਕੰਡ ਭੰਵਾਈ ਤਾਂ ਨਹੀਂ ।

ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ,
ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਬਾਪੂ ।
ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ,
ਏਡੀ ਲੰਮੀ ਹੈ ਸਾਡੀ ਕਤਾਰ ਬਾਪੂ ।

ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ,
ਵਿਹਲੜ ਵੱਗ ਨਾ ਖੇਤਾਂ ਵਿਚ ਵੜਨ ਦੇਣਾ ।
ਨਰਮ ਦੋਧਿਆਂ ਦੇ ਸੂਹੇ ਪਿੰਡਿਆਂ ਨੂੰ,
ਅਸੀਂ ਲੁੱਟ ਦਾ ਤਾਪ ਨੀ ਚੜ੍ਹਨ ਦੇਣਾ ।

61. ਮੇਰੇ ਲਾਡਲੇ

ਜਾਗੋ ਮੇਰੇ ਲਾਡਲੇ ! ਜਾਗੋ ਮੇਰੇ ਲਾਡਲੇ !!
ਬਾਪ ਤੇਰੇ ਦੇ ਦੁਸ਼ਮਣ ਫਿਰਦੇ ਕਾਵਾਂ ਵਾਂਗੂੰ ਚਾਂਭਲੇ ।
ਰਾਤ ਸੀ ਤੈਨੂੰ ਬਾਤ ਸੁਣਾਈ, ਜੱਗ ਬੀਤੀ, ਹੱਡ-ਬੀਤੀ ।
ਅੰਮ੍ਰਿਤ ਵੇਲੇ ਚਹਿਕਣ ਵਾਲੀ, ਕਿਵੇਂ ਚਿੜੀ ਬੱਸ ਕੀਤੀ ।
ਨੰਗ-ਧੜੰਗੇ ਉੱਠ ਬੈਠੇ ਸਭ ਆਪਣੇ ਲਾਗੇ ਚਾਗਲੇ ।
ਜਾਗੋ ਮੇਰੇ ਲਾਡਲੇ !.............................

ਬਾਪ ਤੇਰੇ ਦੇ ਹਾਣ ਦੇ ਹਾਲੀ, ਬੰਜਰਾਂ ਦੀ ਹਿੱਕ ਫੋਲ ਰਹੇ ਨੇ ।
ਰਾਤ ਦੇ ਕੀੜੇ ਲੁਕਣ ਲਈ ਥਾਂ ਇੱਕ ਦੂਜੇ ਵਿਚ ਟੋਲ ਰਹੇ ਨੇ ।
ਮੇਰੀ ਮੋਹ-ਮਮਤਾ ਨਾ ਹਰਦੀ, ਜਿਉਂ ਕੈਦੀ ਵਿਚ ਕਾਂਡਲੇ ।
ਜਾਗੋ ਮੇਰੇ ਲਾਡਲੇ !.............................

ਜਿਸ ਪੁਲ 'ਤੇ ਟੋਕਰੀਆਂ ਢੋਅ ਢੋਅ, ਤੇਰੇ ਪਿਓ ਨੇ ਭਰਤ ਸੀ ਪਾਈ ।
ਉਸ ਪੁਲ 'ਤੇ ਤੱਕ ! ਇੱਕ ਛਾਤੀ ਨੇ ਗੋਲੀਆਂ ਸੰਗ ਹੈ ਸੁਰਤ ਗਵਾਈ ।
ਤੇਰੇ ਸੁੱਤਿਆਂ ਕਿਵੇਂ ਤਰਨਗੇ ਸਿਰ ਉਹਦੇ ਜੋ ਮਾਮਲੇ ।
ਜਾਗੋ ਮੇਰੇ ਲਾਡਲੇ !.............................

ਜਿਉਂਂ ਅੰਮ੍ਰਿਤ ਵੇਲੇ ਦਾ ਤਾਰਾ, ਇਉਂ ਆਇਆ ਸੀ ਤੇਰਾ ਪਾਪਾ ।
ਆਪਣੇ ਪਿੰਡ ਸੀ ਮੱਸਿਆ ਤਾਹਿਓਂ, ਤੁਰ ਗਿਆ ਚੰਦਰਾ 'ਚੰਨ' ਇਕਲਾਪਾ ।
ਜਿਸ ਮੱਸਿਆ ਅੰਬਰਾਂ ਦੇ ਰੁਖ ਤੋਂ ਸੀ ਤਾਰੇ ਕੁਝ ਛਾਂਗਲੇ ।
ਜਾਗੋ ਮੇਰੇ ਲਾਡਲੇ !.............................

'ਲੰਡੀ ਚੂਹੀ' ਦੇ ਨਾ ਜਾਵੇ ਤੈਨੂੰ ਲਾਗਲਿਆਂ ਦੀ ਲਾਲੀ ।
ਪਹਿਲਾਂ ਉੱਠ ਕੇ 'ਡੋਅ ਡੋਅ' ਤੈਨੂੰ ਕਰਨਗੇ ਪਿੰਡ ਦੇ ਹਾਲੀ ਪਾਲੀ ।
ਪਹੇ ਭਰੀ ਨੇ ਜਾਂਦੇ ਆਪਣੇ ਖੇਤੀਂ ਕਿਰਤੀ ਕਾਫ਼ਲੇ ।
ਜਾਗੋ ਮੇਰੇ ਲਾਡਲੇ !.............................

62. ਯਾਦ

ਕੀ ਉਹ ਅਸਾਨੂੰ ਯਾਦ ਰਹਿਣਗੇ ?
ਕੀ ਉਹ ਅਸਾਨੂੰ ਯਾਦ ਰਹਿਣਗੇ ?
ਭੁੱਲ ਗਏ ਅਸੀਂ ਤਾਂ ਸਾਨੂੰ ਕੀ ਉਹ ਕਹਿਣਗੇ ।

ਸਿਰ ਪਰਨੇ ਸਿਵਿਆਂ ਦੇ ਰਾਹ 'ਤੇ,
ਜਾਣਦਿਆਂ ਵੀ ਜੋ ਸੀ ਤੁਰਗੇ,
ਅੱਜ ਤੱਕ ਨਾ ਜੋ ਸੀ ਪਰਤੇ
ਕੀ ਉਹ ਅਸਾਨੂੰ ਯਾਦ ਰਹਿਣਗੇ ?

ਉਹ ਜੋ ਜਿਨ੍ਹਾਂ ਨੇ ਸਭ ਦੇ ਵੰਡੇ ਦੀ,
ਪੀ ਲਈ ਵਿਹੁ ਪਰ ਸੀ ਨਾ ਉੱਚਰੀ
ਨਾਲ ਲਹੂ ਦੇ ਮੁਕਤੀ ਉੱਕਰੀ
ਕੀ ਉਹ ਅਸਾਨੂੰ ਯਾਦ ਰਹਿਣਗੇ ?

ਜਦ ਸਾਨੂੰ ਕੋਈ ਛਿੱਕ ਆਵੇਗੀ
ਹਿਚਕੀ ਡਾਹਢਾ ਤੜਫਾਏਗੀ
ਫਰਕ ਫਰਕ ਅੱਖ ਥੱਕ ਜਾਵੇਗੀ
ਕੀ ਉਹ ਅਸਾਨੂੰ ਯਾਦ ਰਹਿਣਗੇ ?

ਕਰਨ ਲਈ ਕੁਝ ਅੱਖੀਆਂ ਠੰਡੀਆਂ
ਜਦ ਆਪਾਂ ਪਾਵਾਂਗੇ ਵੰਡੀਆਂ
ਰੰਗ ਰੰਗ ਕੇ ਬਦਰੰਗੀਆਂ ਝੰਡੀਆਂ
ਕੀ ਉਹ ਅਸਾਨੂੰ ਯਾਦ ਰਹਿਣਗੇ ?

ਜਦ ਜਗੀਰਦਾਰਾਂ ਦੇ ਕਾਕੇ
ਪਾੜਨਗੇ ਇੱਜ਼ਤਾਂ ਦੇ ਖ਼ਾਕੇ
ਕੀ ਉਹੀਓ ਰੋਕਣਗੇ ਆ ਕੇ ?
ਕੀ ਉਹ ਅਸਾਨੂੰ ਯਾਦ ਰਹਿਣਗੇ ?

ਮੋਇਆਂ ਦੇ ਅੱਧਮੋਏ ਮਾਪੇ
ਪੁੱਛਣਗੇ ਜਦ ਕੋਲ ਬਹਾ ਕੇ
'ਪੁੱਤ ! ਮੇਰੇ ਤੂੰ ਪੁੱਤ ਜਿਹਾ ਜਾਪੇਂ
ਕੀ ਉਹ ਅਸਾਨੂੰ ਯਾਦ ਰਹਿਣਗੇ ?
ਭੁੱਲ ਗਏ ਅਸੀਂ ਤਾਂ, ਸਾਨੂੰ ਕੀ ਉਹ ਕਹਿਣਗੇ ।

63. ਬੁਝਾਰਤ

ਇੱਕ ਜਣੇ ਦੀ ਚੀਜ਼ ਗੁਆਚੀ ਭਲਕੇ ਚੇਤਾ ਆਵੇਗਾ ।
ਜਦ ਉਹ ਖਾਲੀ ਖੀਸੇ ਤਾਈਂ ਟੋਹੇਗਾ ਉਲਟਾਵੇਗਾ ।

ਉਹ ਕੋਸੇਗਾ ਕਦੇ ਸੀਰੀ ਨੂੰ, ਕਦੇ ਪਾਲੀ ਨੂੰ ਝਾੜੇਗਾ ।
ਸਿਹਰਿਆਂ ਨਾਲ ਵਿਆਹੀ ਉੱਤੇ ਕਦੇ ਲਾਲੀਆਂ ਤਾੜੇਗਾ ।
ਜੇਬ ਕਤਰਿਆਂ ਤਾਈ ਵੀ ਉਹ ਸੌ ਸੌ ਗਾਲ੍ਹ ਸੁਣਾਏਗਾ ।
ਜਦ ਉਹ ਖਾਲੀ ਖੀਸੇ ਤਾਈਂ ਟੋਹੇਗਾ ਉਲਟਾਵੇਗਾ ।

ਫਿਰ ਉਹ ਖੋਹੀ ਚੀਜ਼ ਦਾ ਟੇਵਾ ਪਾਂਡੇ ਤੋਂ ਲਗਵਾਏਗਾ।
ਸਾੜ੍ਹ-ਸਤੀ ਦਾ ਗੇੜ ਕਹਿ ਪਾਂਡਾ, ਕਰਮ-ਗੇੜ ਪਾਏਗਾ ।
ਉਹੀ ਕਰਮ-ਗੇੜ ਫਿਰ ਉਸ ਨੂੰ ਮ੍ਰਿਗ-ਤ੍ਰਿਸ਼ਨਾ ਦਿਖਲਾਵੇਗਾ ।
ਜਦ ਉਹ ਖਾਲੀ ਖੀਸੇ ਤਾਈਂ ਟੋਹੇਗਾ ਉਲਟਾਵੇਗਾ ।

ਫਿਰ ਉਹ ਖੋਹੀ ਚੀਜ਼ ਨੂੰ ਭਾਲਣ ਵਿਚ ਪ੍ਰਦੇਸਾਂ ਜਾਵੇਗਾ ।
ਉਥੋਂ ਵੀ ਉਹ ਲੈ ਕੁਝ ਸੰਸੇ, ਸੱਖਣੀ ਰੂਹ ਮੁੜ ਆਵੇਗਾ ।
ਕਰਜ਼ ਦਾ ਕੋੜਾ ਉਸ ਦੇ ਮਨ 'ਤੇ ਜਦ ਲਾਸਾਂ ਉਭਰਾਵੇਗਾ ।
ਤਦ ਲਾਸਾਂ ਦੀ ਚੀਸ 'ਚ ਉਸ ਨੂੰ ਚੋਰ ਦਾ ਚੇਤਾ ਆਵੇਗਾ ।
ਜਦ ਉਹ ਖਾਲੀ ਖੀਸੇ ਤਾਈ ਟੋਹੇਗਾ ਉਲਟਾਵੇਗਾ ।

64. ਸੂਰਜ ਕਦੇ ਮਰਿਆ ਨਹੀਂ

ਕਾਲਖ਼ ਦੇ ਵਣਜਾਰਿਓ, ਚਾਨਣ ਕਦੇ ਹਰਿਆ ਨਹੀਂ ।
ਓ ਕਿਰਨਾਂ ਦੇ ਕਾਤਲੋ, ਸੂਰਜ ਕਦੇ ਮਰਿਆ ਨਹੀਂ ।

ਵਿੱਛੜੀਆਂ ਕੁਝ ਮਜਲਸਾਂ 'ਤੇ ਉੱਠ ਗਏ ਕੁਝ ਗਾਉਣ ਹੋ,
ਪਰ ਸਮਾਂ ਹੈ ਸਮਝਦਾ, ਸੱਦ ਸਮੇਂ ਦੀ ਲਾਉਣ ਹੋ,
ਵਿਚ ਝਨਾਂ ਦੇ ਰੂਪ ਖਰਿਆ, ਇਸ਼ਕ ਤਾਂ ਖਰਿਆ ਨਹੀਂ,
ਸੂਰਜ ਕਦੇ ਮਰਿਆ ਨਹੀਂ..................

ਰਾਤ ਨੇ ਭਾਵੇਂ ਕਸਾਈਆਂ ਦੀ ਕਰੀ ਹੈ ਰੀਸ ਹੋ,
ਉਹ ਕੀ ਜਾਣੇ ਤਲੀਆਂ 'ਤੇ ਵੀ ਉੱਗ ਖਲੋਂਦੇ ਸੀਸ ਹੋ,
ਵਰਮੀਆਂ 'ਤੇ ਵਾਸ ਜਿਸ ਦਾ ਨਾਗ ਤੋਂ ਡਰਿਆ ਨਹੀਂ,
ਸੂਰਜ ਕਦੇ ਮਰਿਆ ਨਹੀਂ..................

ਝਾਂਬਿਆਂ ਦੇ ਨਾਲ ਬੇਸ਼ੱਕ ਝੜ ਗਏ ਕੁਝ ਗੀਤ ਹੋ,
ਸੰਗ ਸਿਰਾਂ ਦੇ ਸਿਦਕ ਦੀ ਪਰ ਓੜਕ ਨਿਬਹੀ ਪ੍ਰੀਤ ਹੋ,
ਰਾਤ ਚੰਨ ਦੀ ਮੌਤ ਜਰ ਜੇ, ਸੂਰਜ ਤਾਂ ਜਰਿਆ ਨਹੀਂ,
ਸੂਰਜ ਕਦੇ ਮਰਿਆ ਨਹੀਂ..................

65. ਵੇਦਨਾ

ਲੋਕੋ ਵੇ ! ਅਸੀਂ ਆਪ-ਮੁਹਾਰੇ ਹੋਏ ।
ਹਾਂ ਤਾਹੀਂਉਂ ਅਸੀਂ ਊਣੇ ਊਣੇ, ਜਗਤ ਤਮਾਸ਼ਾ ਹੋਏ ।

ਪਿੰਡਿਆਂ ਦੇ ਵਿੱਚ ਬੜੀ ਗਰੀਬੀ ਹੈ, ਏਦਾਂ ਸੰਨ੍ਹ ਲਾ ਕੇ,
ਜਿਉਂ ਮੱਖਣੀ ਦੇ ਪੇੜੇ ਵਿਚ ਕਊਆ ਚੁੰਝ ਖਭੋਏ ।

ਇੱਕ ਰੋਟੀ ਦੀ ਘੁੰਮਣ ਘੇਰੀ ਚੱਕੀ ਦੇ ਪੁੜ ਵਾਂਗੂੰ,
ਪਤਾ ਨਹੀਂ ਘਰ ਘਰ ਅੰਦਰ ਕਦ ਹੱਸੇ, ਕਦ ਰੋਏ ।

ਕੱਖ ਖੋਤਦੇ ਵੱਜਿਆ ਖੁਰਪਾ ਤੇ ਖ਼ੂਨ ਵਗੇ ਇਉਂ ਧਾਰੀ,
ਜਿਉਂ ਸ਼ਹਿਰਾਂ ਤੋਂ ਡੇਅਰੀ ਵਾਲਾ, ਆ ਕੇ ਮਝੀਆਂ ਚੋਏ ।

ਇੱਕ ਹਰਨੀ ਦੇ ਸਿਰ 'ਤੇ ਨੱਚਦਾ, ਜਿਉਂ ਹੈ ਮੌਤ ਅੰਦੇਸ਼ਾ,
ਕਣਕਾਂ ਦੇ ਘਰ ਆਵਣ ਤਾਈਂ, ਇਉਂ ਰਹੀਏ ਅਧਮੋਏ ।

ਦਿਲ ਦੀ ਗੱਲ ਦਲਾਲਣ ਦਿੱਲੀ, ਇਉਂ ਕਰਦੀ ਅਣਗੌਲੀ
ਜਿਉਂ ਕੋਈ 'ਲੱਖ-ਪਤ' ਮਾਂ ਮੂਹਰੇ ਘੱਟ ਤਨਖਾਹੀਆ ਹੋਏ ।

66. ਵਿਦੇਸ਼ੀ ਹਵਾਵਾਂ ਦੇ ਨਾਂ

ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ ।
ਕਰੇ ਜੋਦੜੀ ਨੀ ਇੱਕ ਦਰਵੇਸ਼ ।

ਮੈਂ ਤਾਂ ਜੀਅ ਹਾਂ ਇੱਕ ਨਰਕਾਂ ਦੇ ਹਾਣਦਾ ।
ਮੈਂ ਨੀ ਸੁਰਗਾਂ ਦੇ ਸੁੱਖਾਂ ਨੂੰ ਸਿਆਣਦਾ ।
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ ।

ਸਾਡੇ ਬੇਲੇ ਨੂੰ ਤੂੰ ਐਵੇਂ ਨਾ ਪਛਾੜ ਨੀ ।
ਸਾਡੇ ਸਿਰਾਂ ਦੇ ਦੁਆਲੇ ਗੱਡੀ ਵਾੜ ਨੀ ।
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ ।

ਮੈਨੂੰ ਮੇਰੀ ਮਾਂ ਦੇ ਵਰਗਾ ਪਿਆਰ ਨੀ ।
ਮਿਲੂ ਕਿਹੜੀਆਂ ਵਲੈਤਾਂ 'ਚੋਂ ਉਧਾਰ ਨੀਂ ।
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ ।

ਮੈਨੂੰ ਜੁੜਿਆ 'ਜੜ੍ਹਾਂ' ਦੇ ਨਾਲ ਰਹਿਣ ਦੇ ।
'ਫੁੱਲ' ਕਹਿਣ ਮੈਨੂੰ 'ਕੰਡਾ' ਚਲੋ ਕਹਿਣ ਦੇ ।
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ ।

ਮੈਨੂੰ ਖਿੜਿਆ ਕਪਾਹ ਦੇ ਵਾਂਗੂੰ ਰਹਿਣ ਦੇ ।
ਘੱਟ ਮੰਡੀ ਵਿੱਚ ਮੁੱਲ ਪੈਂਦੈ ਪੈਣ ਦੇ ।
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ ।

ਤੂੰ ਤਾਂ ਮੇਰੀਆਂ ਹੀ ਮਹਿਕਾਂ ਨੂੰ ਉਧਾਲ ਕੇ ।
ਫੁੱਲੀ ਫਿਰਦੀ ਵਲਾਇਤਾਂ 'ਚ ਖਲਾਰ ਕੇ ।
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ ।

ਮੇਰੇ ਪਿੰਡੇ ਨਾਲ ਕਰੇਂ ਤੂੰ ਚਹੇਡ ਨੀ ।
ਮੇਰੇ ਝੱਗੇ ਦੇ ਲੰਗਾਰਾਂ ਨਾਲ ਖੇਡ ਨੀ ।
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ ।

ਮੈਨੂੰ ਘਿਰਿਆ ਕਸਾਈਆਂ ਵਿਚ ਰਹਿਣ ਦੇ ।
ਮੈਨੂੰ ਐਵੇਂ ਪਛੋਤਾਈਆਂ 'ਚ ਨਾ ਪੈਣ ਦੇ ।
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ ।

ਮੇਰੇ ਵਿਚ ਹੈ ਪਹਾੜ ਜਿੰਨਾ ਭਾਰ ਨੀ ।
ਮੈਨੂੰ ਖੁੱਲ੍ਹੇ, ਡੁੱਲ੍ਹੇ ਪਿਆਰ ਦਾ ਹੰਕਾਰ ਨੀ ।
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ ।

ਜੇ ਤੈਨੂੰ ਕੱਚੇ ਕੋਠਿਆਂ ਦੇ ਵਿਚ ਢੋਈ ਨਾ ।
ਮੇਰੀ ਹੋਣੀ ਦੀ ਦਸੌਰੀਂ ਦਿਲਜੋਈ ਨਾ ।
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ ।
ਕਰੇ ਜੋਦੜੀ ਨੀ ਇੱਕ ਦਰਵੇਸ਼ ।

67. ਉਹਨਾਂ ਦੀ ਜਿੱਤ

ਜਿੱਤੇ ਮੰਤਰੀ ਹਾਰਿਓ ਲੋਕੋ !
ਤਖਤਾਂ ਤੋਂ ਵੀ ਭਾਰਿਓ ਲੋਕੋ !!
ਸੁਣਿਓ ਗੱਲ ਵਿਚਾਰਿਓ ਲੋਕੋ!!!

ਖੁਹਲਕੇ ਕਿਵਾੜ ਰਿਹੋ ਜਾਗਦੇ,
ਆਪਾਂ ਸਾਰੇ ਤੇਲ ਹਾਂ ਚਰਾਗ਼ ਦੇ ।
ਟੀਨਾਂ ਦਿਆਂ ਡੱਬਿਆਂ 'ਚੋਂ ਮਾਰਕੇ ਛੜੱਪੇ,
ਬਣੀ ਜਿਨ੍ਹਾ ਦੀ ਹੈ ਕੁਰਸੀ ਉੱਚੀ ।
ਉਹਨਾਂ ਦਿਆਂ ਰੰਗਲੇ ਪਲੰਘਾਂ ਦੀ ਤਾਂ ਪਰ ਸਾਥੋਂ
ਜਾਏ ਖਾਣੀ ਪੈਂਦ ਨਾ ਛੁੱਟੀ ।
ਧੂਣੀਆਂ ਬਣਕੇ ਸੇਕ ਖਲਾਰੋ,
ਵੇ ਗੜਿਆਂ ਦੇ ਠਾਰਿਓ ਲੋਕੋ ।

ਰੋਟੀ ਵਾਂਗੂੰ ਜਿਸਮ ਤੁੜਾਇਆ,
ਕਿਉਂਕੇ ਸਾਡੀ ਸੋਚ ਸੀ ਸੱਚੀ ।
ਬੱਕਰੇ ਜਿਉਂਂ ਸਾਨੂੰ ਝਟਕਾਇਆ,
ਕਿਉਂਕਿ ਸਾਡੀ ਲੋਚ ਸੀ ਸੱਚੀ ।
ਮਿਸਰੀ ਵਰਗੇ ਹੋਜੋ ਮਿੱਠੇ,
ਵੇ ਆਪਸ ਵਿਚ ਖਾਰਿਓ ਲੋਕੋ ।

ਸੂਰਜ ਆਵਗੇ, ਆਵੇਗਾ,
ਬਹਿ ਕੁੱਲੀਆਂ 'ਤੇ ਕਾਗ ਕੁਲਾਵੇ ।
ਕਿਉਂ ਜੁ ਮੱਚ ਕੇ ਬਣ ਗਏ ਲਾਟਾਂ,
ਚਾਨਣੀਆਂ ਰਾਤਾਂ ਦੇ ਹਾਵੇ ।
ਕਦ ਰੂਹਾਂ ਦਾ ਰੱਜ ਬਣੋਗੇ,
ਵੇ ਥੋੜਾਂ ਦੇ ਮਾਰਿਓ ਲੋਕੋ ।

68. ਗ਼ਜ਼ਲ-ਆਦਮੀ ਜੋ ਹੋ ਗਿਆ ਸ਼ੈਤਾਨ ਹੈ

ਆਦਮੀ ਜੋ ਹੋ ਗਿਆ ਸ਼ੈਤਾਨ ਹੈ ।
ਮੇਮਨੇ ਦੀ ਖੱਲ ਵਿਚੋਂ ਹੈਵਾਨ ਹੈ ।

ਮਜ਼੍ਹਬ ਦੇ ਨਾਂ 'ਤੇ ਦਰਿੰਦਗੀ ਕਰ ਰਿਹੈ,
ਤੁਅਸਬਾਂ ਨੇ ਖਾ ਲਿਆ ਇਨਸਾਨ ਹੈ ।

ਪਿਆਰ ਤੇ ਅਪਣੱਤ ਕਿਧਰੇ ਭੁੱਲ ਗਏ,
ਕਾਫਰਾਂ ਨੇ ਲੁੱਟ ਲਿਆ ਭਗਵਾਨ ਹੈ ।

ਰਹਿਬਰਾਂ ਨੇ ਫੜ ਲਈ ਹੈ ਰਾਹਜ਼ਨੀ,
ਖਾ ਰਿਹਾ ਠੋਹਕਰਾਂ ਈਮਾਨ ਹੈ ।

ਆਦਿ, ਮੱਧ, ਅੰਤ ਕੁੱਝ ਨਾ ਬਦਲਿਆ,
ਕੀ ਹੋਇਆ ਜੇ ਬਦਲਿਆ ਅਨੁਵਾਨ ਹੈ ।

ਜਬਰ ਦਾ ਚੱਕਰ ਨਾ ਮੁੱਕਦਾ ਦਿਸ ਰਿਹਾ,
ਆ ਗਈ ਮੁੱਠੀ 'ਚ ਸਭ ਦੀ ਜਾਨ ਹੈ ।

ਵਧ ਰਹੀ ਹੈ ਗੋਗੜ ਕਾਰੂੰ ਸੇਠ ਦੀ,
ਮਰ ਰਿਹਾ ਮਜ਼ਦੂਰ ਤੇ ਕਿਰਸਾਨ ਹੈ ।

ਕੀ ਹੋਇਆ ਤਲਵਾਰ ਹੈ ਜੰਗਲਾਅ ਗਈ,
ਮਖਮਲਾਂ ਦੇ ਵਿੱਚ ਲਿਪਟੀ ਮਿਆਨ ਹੈ ।

ਕਾਤਲਾਂ ਦੇ ਹੱਥਾਂ 'ਚ ਬਾਈਬਲ ਦੇਖਕੇ,
ਹੋ ਰਿਹਾ ਅੱਜ ਪਾਦਰੀ ਹੈਰਾਨ ਹੈ ।

69. ਵਸੀਅਤ

ਮੈਂ ਕੋਈ 'ਵੱਡਾ ਆਦਮੀ' ਨਹੀਂ
ਜਿਸਦੀ ਵਸੀਅਤ ਪੁਗਾਉਣ ਲਈ ਕਰਨੇ ਪੈਣਗੇ ਤੁਹਾਨੂੰ
ਅੰਤਰ ਰਾਸ਼ਟਰੀ ਅਡੰਬਰ ।

ਮੇਰੀ ਤਾਂ ਰੀਝ ਹੈ ਕਿ ਮੇਰੀ ਕਵਿਤਾ
ਬਣ ਜਾਏ ਸੂਹੀ ਸਵੇਰ ਦਾ ਇੱਕ ਭਾਗ
ਤੇ ਦਿਨ ਚੜ੍ਹਦੇ ਦੀ ਲਾਲੀ ਨੂੰ ਮੇਰੇ ਕਿਰਤੀ ਭਰਾ
ਦੇਖਣ ਲਈ ਹੋ ਹੋ ਖਲੋਣ ਇੱਕ ਦੂਜੇ ਤੋਂ ਮੂਹਰੇ ।

ਮੈਂ ਹਰਗਿਜ਼ ਨਹੀਂ ਚਾਹਾਂਗਾ
ਕਿ ਮੇਰੇ ਗੀਤ ਬਣਨ ਜਣੇਂ ਖਣੇਂ ਦੀ ਪ੍ਰਸ਼ੰਸਕ ਆਲੋਚਨਾ ਦਾ ਵਿਸ਼ਾ
ਕਿਉਂਕਿ ਮੇਰੇ ਦੁਸ਼ਮਣ ਬਹੁਤ ਕਾਹਲੇ ਹਨ ਮੇਰੀ ਪ੍ਰਸ਼ੰਸਾ ਕਰਕੇ
ਮੇਰੇ ਮਿੱਤਰਾਂ ਵਿਚ ਘੁਸੜਨ ਲਈ ।

ਮੇਰੀ ਲੋਥ ਤਾਂ ਸ਼ਾਇਦ ਤੁਹਾਨੂੰ ਨਹੀਂ ਲੱਭਣੀ
ਤੇ ਨਾ ਹੀ ਪਤਾ ਲੱਗੇਗਾ
ਮੇਰੇ ਮਰਨ ਦੀ ਤਾਰੀਖ ਅਤੇ ਬਕੂਏ ਦਾ
ਨਹੀਂ ਤਾਂ ਮੈਂ ਤੁਹਾਨੂੰ
ਅੰਤਮ ਸੰਸਕਾਰ ਬਾਰੇ ਵੀ ਲਿਖਣਾ ਸੀ ਜ਼ਰੂਰ
ਮੈਨੂੰ ਤਾਂ ਬੱਸ ਇਹੀ ਝੋਰਾ ਹੈ
ਕਿ ਮੇਰੀ ਲਾਸ਼ ਤੱਕਦੀ ਰਹੇਗੀ ਅਣਪਛਾਤੇ ਪੁਲ ਦੇ ਲਾਗਲੇ ਵੱਢਾਂ ਵਿਚਕਾਰ
ਜਿਸ ਦੀ ਬੋਅ ਸਦਕਾ ਨਹੀਂ ਆ ਸਕਣਗੀਆਂ ਏਧਰ
'ਬੱਲੀ' ਵਰਗੇ ਪਾਲੀਆਂ ਦੀਆਂ ਚਰਨ ਲਈ ਗਾਈਆਂ
ਤੇ ਏਧਰ ਕੋਈ ਸਿਲ੍ਹੇਹਾਰ ਨਹੀਂ ਆਏਗੀ
ਭਰੇ ਗੱਡਿਆਂ ਤੋਂ ਮਲ੍ਹਿਆਂ ਨਾਲ ਘਸੜਕੇ ਕਿਰੀਆਂ ਬੱਲੀਆਂ ਚੁਗਣ ਲਈ
ਹੋ ਸਕਦਾ ਹੈ ਕਿ ਮੈਨੂੰ ਅੱਜ ਟੁੱਕਿਆ ਜਾਏ
ਮੇਰੇ ਵਿਲਕਦੇ ਬੱਚਿਆਂ ਦੇ ਸਾਹਮਣੇ
ਜਾਂ ਮੈਂ ਖ਼ੁਦ ਵੀ ਕਿਸੇ ਸਾਥੀ ਦੀ ਮਾਂ ਨੂੰ ਘੜੀਸੀ ਜਾਂਦੇ
ਕਪਤਾਨ ਵਿਚ ਟੱਕਰ ਮਾਰ ਕੇ ਮਰ ਸਕਦਾ ਹਾਂ
ਉਸ ਸਮੇਂ ਨਾ ਤਾਂ ਤੁਹਾਨੂੰ ਖੇਚਲ ਹੋਏਗੀ
ਮੇਰੀ ਲੋਥ ਦੀ ਬੇ-ਅਦਬੀ ਰੋਕਣ ਲਈ
ਕਿਉਂਕਿ ਉਦੋਂ ਤੁਸੀਂ ਵੀ ਘਿਰੇ ਹੋਏ ਹੋਵੋਗੇ
ਖੂੰਖਾਰ ਗਿਰਝਾਂ ਅਤੇ ਕੁੱਤਿਆਂ ਵਿਚਕਾਰ
ਹੋ ਸਕੇ ਤਾਂ ਮੇਰਾ 'ਖ਼ੈਰ-ਸੁੱਖ' ਵਾਲਾ ਗੀਤ
ਪਹੁੰਚਾ ਦੇਣਾ ਸ਼ਹੀਦ ਸਾਥੀਆਂ ਦੇ ਪਿੰਡਾਂ ਦੀਆਂ ਸੱਥਾਂ ਵਿਚਕਾਰ

ਮੈਨੂੰ ਪਤਾ ਹੈ ਕਿ ਮੇਰੇ ਕਾਤਲਾਂ ਨੂੰ ਬਰੀ ਕਰਨ ਲਈ
ਬਹੁਤ ਕਾਹਲੀਆਂ ਹੋਣਗੀਆਂ ਸਾਡੇ ਦੁਸ਼ਮਣਾਂ ਦੀਆਂ ਅਦਾਲਤਾਂ
ਪਰ ਤੁਸੀਂ ਇਸ ਦਾ ਕੋਈ ਗ਼ਮ ਨਾ ਕਰਨਾ ।
ਤੁਹਾਡੇ ਵੱਲੋਂ ਉਹਨਾਂ ਨੂੰ ਕੋਈ ਸਜ਼ਾ ਮਿਲਣ ਤੋਂ ਪਹਿਲਾਂ
ਕਦੋਂ ਦੀ ਸਜ਼ਾ ਮਿਲ ਚੁੱਕੀ ਹੈ
ਜਦੋਂ ਕਿ ਮੈਂ ਕਿਰਤੀਆਂ ਦੇ ਗੀਤ ਦੀ ਲਿਖੀ ਸੀ ਪਹਿਲੀ ਸਤਰ ।
(੫-੮-੭੬, ਜ਼ਿਲ੍ਹਾ ਜੇਲ੍ਹ, ਸੰਗਰੂਰ)

70. ਭਗਤ ਰਵਿਦਾਸ ਨੂੰ

ਧੁਰ ਕੀ ਬਾਣੀਏਂ ! ਦਿਲਾਂ ਦੀਏ ਰਾਣੀਏ ਨੀਂ !
ਤੇਰੇ ਮੂੰਹ ਲਗਾਮ ਨਾ ਰਹਿਣ ਦੇਣਾ ।
ਜਿੰਨੀ ਬਾਣੀ ਹੈ ਕਿਰਤ ਦੇ ਫਲਸਫ਼ੇ ਦੀ,
ਨਾਲੇ ਉਹਨੂੰ ਬੇਨਾਮ ਨਾ ਰਹਿਣ ਦੇਣਾ ।

ਇੱਕੋ ਬਾਪ ਤੇ ਇੱਕੋ ਦੇ ਪੁੱਤ ਸਾਰੇ,
ਹੇ ਰਵਿਦਾਸ ਮੈਂ ਫਿਰ ਦੁਹਰਾ ਰਿਹਾਂ ਹਾਂ ।
'ਬੇਗਮਪੁਰੇ' ਬਾਰੇ ਤੇਰੇ ਗੀਤ ਸਾਰੇ,
ਇਸ ਰਚਨਾ ਦੇ ਵਿਚ ਸਮਾ ਰਿਹਾ ਹਾਂ ।

ਇਹ ਨਹੀਂ ਦਰਬਾਰ ਦਿਹੁਰਿਆਂ ਦਾ,
ਕਿਰਤੀ-ਭਗਤ ਦਾ ਜਿਥੇ ਸਨਮਾਨ ਨਹੀਓਂ ।
ਕਿਰਤੀ-ਕਾਮੇ ਨੂੰ ਨੀਚ ਚੰਡਾਲ ਦੱਸੇ,
ਗੁਰੂ ਗ੍ਰੰਥ ਕੋਈ ਵੇਦ- ਪੁਰਾਣ ਨਹੀਓਂ ।

ਕਿਰਤੀ ਬ੍ਰਾਹਮਣ ਦੀ ਜੁੱਤੀ ਨੂੰ ਗੰਢ ਕੇ ਤੂੰ,
ਪੁੰਨ ਲੈ ਲਿਆ ਗੰਗਾ ਦੇ ਨਹਾਉਣ ਵਰਗਾ ।
ਬੇ-ਦੋਸ਼ੀ ਹਰਜੋਟੀ ਛਡਾਉਣ ਖ਼ਾਤਰ,
ਜੇਰਾ ਕਰ ਲਿਆ ਮਰਨ ਮਰਾਉਣ ਵਰਗਾ ।

ਤੇਰੀ ਰੰਬੀ ਨੇ ਭਰਮਾ ਦੇ ਭੇਦ ਪਾੜੇ,
ਤੇਰੀ ਸੂਈ ਨੇ ਲੋਕਾਂ ਦੇ ਫੱਟ ਸੀਤੇ ।
ਤੇਰੇ ਟਾਂਕੜੇ ਨੇ ਲਾਇਆ ਅਜਬ ਟਾਂਕਾ,
ਅੱਡੇ ਰਾਠਾਂ ਦੇ ਚੌੜ-ਚੁਪੱਟ ਕੀਤੇ ।

ਕਿਰਤੀ ਇੱਕ ਜਮਾਤ ਹੈ ਜਾਤ ਨਹੀਓਂ,
ਜਾਤੀ ਭੇਦ ਹੈ ਹੇਜ ਜੰਨੂਨੀਆਂ ਦਾ ।
ਕੁੰਨਾ ਵਿਚ ਘੁਚੱਲ ਕੇ ਸਾਫ਼ ਕੀਤਾ,
ਕਾਲਾ ਚਿੱਤ ਤੂੰ ਮਜ੍ਹਬੀ ਕਾਨੂੰਨੀਆਂ ਦਾ ।

ਤੇਰੇ ਗੀਤਾਂ 'ਚੋਂ ਸਮਿਆਂ ਨੇ ਸੇਧ ਲੈ ਕੇ,
ਸਮਾਂ ਸੋਚਣਾ ਕਿਰਤ ਅਜ਼ਾਦੀਆਂ ਦਾ ।
ਕਦੇ ਹੋਏਗਾ ਹਿੰਦ ਦੀ ਹਿੱਕ ਉੱਤੇ,
ਬੇਗਮਪੁਰਾ ਇੱਕ ਪਿੰਡ ਆਬਾਦੀਆਂ ਦਾ ।

71. ਬਾਜਰੇ ਦਾ ਸਿੱਟਾ

ਬਾਜਰੇ ਦਾ ਸਿੱਟਾ ਉੱਤੇ ਬੂਰ ਚਿੱਟਾ ਚਿੱਟਾ
ਵਿਚ ਪੈਂਦਾ ਜਾਂਦਾ ਦਾਣਾ ਏ ।
ਬਾਜਰੇ ਦਾ ਦਾਣਾ, ਦਾਣਾ ਮੋਤੀ ਬਣ ਜਾਣਾ ਏ ।
ਬਾਜਰੇ ਦੀ ਰੋਟੀ ਨਾਲੇ ਭਾਰੀ ਨਾਲੇ ਮੋਟੀ, ਲਾ ਕੇ ਮਖਣੀ ਪਕਾਈ ਦੀ ।
ਖਾ ਕੇ ਹਿੱਕ ਚੌੜੀ ਹੁੰਦੀ ਜਾਂਦੀ ਮੇਰੇ ਮਾਹੀ ਦੀ ।
ਬਾਜਰੇ ਦਾ ਸਿੱਟਾ ..............................

ਬਾਜਰੇ ਦਾ ਖੇਤ, ਉੱਤੇ ਸੋਨਾ ਥੱਲੇ ਰੇਤ, ਵਿਚ ਡੋਲ੍ਹਿਆ ਪਸੀਨਾ ਏ ।
ਤੇਰਾ ਮੇਰਾ ਲੇਖਾ ਕਦੇ ਦੂਣਾ, ਕਦੇ ਤੀਣਾ ਏ ।
ਬਾਜਰੇ ਦਾ ਸਿੱਟਾ ..............................

ਬਾਜਰੇ ਦਾ ਬੂਰ, ਦੇਖ ਚੜਦਾ ਸਰੂਰ, ਜਿਵੇਂ ਪੌਣ ਨਸ਼ਿਆ ਗਈ ।
ਕੁਦਰਤ ਰਾਣੀ ਐ, ਵਧਾਈ ਦੇਣ ਆ ਗਈ ।
ਬਾਜਰੇ ਦਾ ਸਿੱਟਾ ..............................

72. ਵੀਅਤਨਾਮ

ਦੁਨੀਆਂ ਦੇ ਲੋਕੋ ਵੇ, ਧਰਤੀ ਦੇ ਜਾਇਓ ਵੇ ।
ਇੱਕ ਗੀਤ ਸੁਣਾਵਾਂ ਮੈਂ, ਇੱਕ ਬਾਤ ਸੁਣਾਵਾਂ ਮੈਂ ।
ਜੋ ਦਰਦ ਕਹਾਣੀ ਏ, ਪਰ ਸਭ ਦੀ ਸਾਂਝੀ ਏ ।
ਦੁਨੀਆਂ ਦੇ ਲੋਕੋ ਵੇ, ਧਰਤੀ ਦੇ ਜਾਇਓ ਵੇ ।

ਉਸ ਪਾਰ ਸਮੁੰਦਰ ਵਿੱਚ, ਇੱਕ ਨਾਗ ਵਸੇਂਦਾ ਏ ।
ਜੋ ਬੜਾ ਜ਼ਹਿਰੀਲਾ ਏ, ਜਨਤਾ ਦਾ ਵੈਰੀ ਏ ।
ਉਹ ਪੱਛਮ ਵਿੱਚ ਰਹਿੰਦਾ, ਅਸੀ ਪੂਰਬ ਵਿੱਚ ਰਹਿੰਦੇ ।
ਉਹ ਓਸ ਕਿਨਾਰੇ 'ਤੇ, ਅਸੀਂ ਏਸ ਕਿਨਾਰੇ ਹਾਂ ।
ਪਰ ਫਿਰ ਵੀ ਡਰ ਉਸਦਾ, ਪੂਰਬ ਦੀ ਧਰਤੀ ਨੂੰ ।
ਦੁਨੀਆਂ ਦੇ ਲੋਕੋ ਵੇ……………………

ਉਹ ਓਸ ਕਿਨਾਰੇ 'ਤੇ ਹੈ ਜ਼ਹਿਰਾਂ ਘੋਲ ਰਿਹਾ ।
ਇਸ ਦੁਧੀਏ ਪਾਣੀ ਵਿੱਚ, ਅਮਨਾਂ ਦੇ ਸਾਗਰ ਵਿੱਚ ।
ਤੇ ਘੋਲ-ਘੋਲ ਜ਼ਹਿਰਾਂ ਸਾਡੇ ਵੱਲ ਘੱਲ ਰਿਹਾ ।
ਦੁਨੀਆਂ ਦੇ ਲੋਕੋ ਵੇ, ਜਾਗੋ ਵੇ ਸੰਭਲੋ ਵੇ ।
ਦੁਨੀਆਂ ਦੇ ਲੋਕੋ ਵੇ……………………

ਤੁਹਾਨੂੰ ਸਹੁੰ ਖੇਤਾਂ ਦੀ, ਤੁਹਾਨੂੰ ਸਹੁੰ ਬੱਚਿਆਂ ਦੀ ।
ਤੇ ਸਹੁੰ ਏਸ਼ੀਆ ਦੀ, ਪੂਰਬ ਦੀ ਧਰਤੀ ਦੀ ।
ਇੱਕ ਸੋਟਾ ਏਕੇ ਦਾ, ਆਪਣੇ ਹੱਥ ਫੜੀਏ ਵੇ ।
ਤੇ ਉਸ ਕਿਨਾਰੇ ਜਾ, ਫ਼ਨੀਅਰ ਦੇ ਜੜੀਏ ਵੇ ।
ਦੁਨੀਆਂ ਦੇ ਲੋਕੋ ਵੇ……………………

ਉਸ ਏਸ ਸਮੁੰਦਰ ਵਿੱਚ, ਜੋ ਜ਼ਹਿਰ ਮਿਲਾਈ ਏ ।
ਜੋ ਕਹਿਰ ਮਚਾਇਆ ਏ, ਜੋ ਮੌਤ ਰਲਾਈ ਏ ।
ਪੀ ਅੰਮ੍ਰਿਤ ਏਕੇ ਦਾ, ਜ਼ਹਿਰਾਂ ਸਭ ਚੂਸ ਲਈਏ ।
ਜ਼ਹਿਰਾਂ ਸਭ ਚੂਸ ਲਈਏ, ਪਾਣੀ ਨੂੰ ਧੋ ਸੁਟੀਏ ।
ਦੁਨੀਆਂ ਦੇ ਲੋਕੋ ਵੇ, ਧਰਤੀ ਦੇ ਜਾਇਓ ਵੇ ।

73. ਭਾਈ ਘਨੱਈਏ ਦੀ ਪੇਸ਼ੀ

ਜੂਝਦੇ ਸਿਪਾਹੀਆਂ ਨੂੰ, ਮੌਤ ਦਿਆਂ ਰਾਹੀਆਂ ਨੂੰ,
ਛੱਡ ਆਇਆਂ ! ਆਉਣਾ ਸੀ ਜ਼ਰੂਰ ।
ਪਿੱਛੇ ਵੇਖ ਕਿੰਨੇ ਹੱਥ ਕੱਢਦੇ ਨੇ ਹਾੜੇ,
ਛੇਤੀ ਹਾਜ਼ਰੀ ਲਾ ਮੋੜ ਦੇ ਹਜ਼ੂਰ ।

ਭਰ ਭਰ ਝੋਲੀਆਂ ਤੂੰ ਦਯਾ ਦੀ ਨਜ਼ਰ ਦਿੱਤੀ,
ਇਹਦੇ 'ਚ ਦੁਰੇਜਾ ਪੈ ਨਹੀਂ ਸਕਦਾ ।
ਤੇਰੀ ਦਿੱਤੀ ਦਾਤ ਮੂਹਰੇ ਅੱਡੇ ਜੇ ਵੈਰੀ ਬੁੱਕ,
ਖਾਲੀ ਰਹਿ ਜੇ, ਮੈਂ ਇਹ ਸਹਿ ਨਹੀਂ ਸਕਦਾ ।
ਯਾਰੜੇ ਦੇ ਸੱਥਰਾਂ ਤੋਂ ਸਾਂਭਿਆ ਨੀ ਜਾਂਦਾ,
ਤੇਰੀ ਸੂਲਾਂ ਦੀ ਸੁਰਾਹੀ ਦਾ ਸਰੂਰ ।
ਪਿੱਛੇ ਵੇਖ ਕਿੰਨੇ ਹੱਥ ਕੱਢਦੇ ਨੇ ਹਾੜੇ........

ਇਹਨਾਂ ਨੂੰ ਵੀ ਟੁੱਕ ਉੱਤੇ ਜਾਣਦੇ ਨੇ,
ਜਿੰਨੇ ਵੀ ਔਰੰਗਿਆਂ ਦੇ ਯਾਰ ਨੇ ।
ਕੀਹਦਾ ਚਿੱਤ ਕਰਦੈ ਕਿ ਮਰਾਂ ਪਰ ਇਹ ਮਰਦੇ ਨੇ,
ਕਿਉਂਕਿ ਤੰਗ ਤੇ ਬੇ-ਕਾਰ ਨੇ ।
ਅੰਨ੍ਹੇ ਪਿਉ ਦੀ ਸੋਟੀ, ਧੀਆਂ, ਭੈਣਾਂ ਦੀਆਂ ਇਹ ਤਾਂ,
ਸੱਜ ਵਿਆਂਦੜਾਂ ਦੇ ਮਾਂਗ ਦੇ ਸੰਧੂਰ ।
ਪਿੱਛੇ ਵੇਖ ਕਿੰਨੇ ਹੱਥ ਕੱਢਦੇ ਨੇ ਹਾੜੇ........

ਔਹ ਕੋਈ ਅੱਲਾ ! ਅੱਲਾ !! ਕਰੇ,
ਜੀਹਦੀ ਜ਼ਰ, ਜ਼ੋਰੂ ਉੱਤੇ ਨੀਤ ਹੈ ਕਰੋੜੀਏ ਕਰਾੜ ਦੀ ।
ਨਾਲ ਹੀ ਪਰੇ ਹੈ ਕੋਈ ਵਾਹਿਗੁਰੂ ਬੋਲੇ,
ਜੀਹਦੀ ਸ਼ਾਦੀ ਸੀਗੀ ਪਿਛਲੇ ਹੀ ਹਾੜ ਦੀ ।
ਜਾਤ-ਪਾਤ ਨਾਲੋਂ ਜ਼ਿਆਦਾ ਮਾਣਦਾ ਜਮਾਤ,
ਤੇਰੇ ਖੰਜਰ ਪਿਆਲੇ ਦਾ ਸਰੂਰ ।
ਪਿੱਛੇ ਵੇਖ ਕਿੰਨੇ ਹੱਥ ਕੱਢਦੇ ਨੇ ਹਾੜੇ........

ਇਨ੍ਹਾਂ ਨੂੰ ਜਮਾਤੀ ਯੁੱਧ ਦੀ ਜੇ ਜ਼ਰਾ ਸੂਝ ਹੁੰਦੀ,
ਕਾਹਨੂੰ ਇਹ ਸ਼ਰੀਕਾਂ ਨਾਲ ਖੜ੍ਹਦੇ ।
ਬੁੱਧੂ ਸ਼ਾਹ ਦੇ ਪੀਰਾ ! ਪੀਰ ਜੱਗ ਦਾ ਬਣਾ ਕੇ,
ਤੈਨੂੰ ਵੈਰੀਆਂ ਦੇ ਘੇਰਿਆਂ 'ਚੋਂ ਕੱਢਦੇ ।
ਤੇਰੀ ਹਾਜ਼ਰੀ 'ਚ ਪਾਣੀ ਪਿਆਸੜੇ ਨੂੰ ਦੇਣਾ,
ਮੈਨੂੰ ਏਦੂੰ ਵੱਡਾ ਹੋਣਾ ਕੀ ਗ਼ਰੂਰ ।
ਪਿੱਛੇ ਵੇਖ ਕਿੰਨੇ ਹੱਥ ਕੱਢਦੇ ਨੇ ਹਾੜੇ........

ਕਣਕਾਂ ਨੂੰ ਆਊਗਾ ਪਸੀਨਾ ਡੁੱਲੇ ਖ਼ੂਨ ਦਾ ਜਾ,
ਜੋਰੀ ਜਰਵਾਣੇ ਰਹਿ ਨੀ ਸਕਣੇ ।
ਭਾਈ, ਮੁੱਲਾਂ, ਪਾਦਰੀ, ਦੇ ਫੇਰ ਰਾਜ ਮਹਿਲਾਂ ਵਿੱਚ,
ਫਿਰਕੂ ਠਿਕਾਣੇ ਰਹਿ ਨੀ ਸਕਣੇ ।
ਤੇਰੀ ਦਿੱਤੀ ਅਜੇ ਭਰੀ ਦੀ ਭਰਾਈ,
ਇਹ ਨਾ ਊਣੇ ਅਜੇ, ਨੱਕੋ ਨੱਕ ਨੂਰ ।
ਪਿੱਛੇ ਵੇਖ ਕਿੰਨੇ ਹੱਥ ਕੱਢਦੇ ਨੇ ਹਾੜੇ........

ਜੂਝਦੇ ਸਿਪਾਹੀਆਂ ਨੂੰ, ਮੌਤ ਦਿਆਂ ਰਾਹੀਆਂ ਨੂੰ,
ਛੱਡ ਆਇਆਂ ! ਆਉਣਾ ਸੀ ਜ਼ਰੂਰ ।
ਪਿੱਛੇ ਵੇਖ ਕਿੰਨੇ ਹੱਥ ਕੱਢਦੇ ਨੇ ਹਾੜੇ,
ਛੇਤੀ ਹਾਜ਼ਰੀ ਲਾ ਮੋੜ ਦੇ ਹਜ਼ੂਰ ।

74. ਆਜ਼ਾਦੀ ਦਾ ਦਿਨ

ਮਨਾਇਆ ਤਾਂ ਐਤਕੀਂ ਵੀ ਜਾਏਗਾ ਆਜ਼ਾਦੀ ਦਾ ਦਿਨ
ਉਡਾਏ ਤਾਂ ਐਤਕੀਂ ਵੀ ਜਾਣਗੇ ਗੁਲਾਲ ਨਾਲ ਭਰੇ ਹੋਏ ਜਹਾਜ਼
ਪ੍ਰੇਡ ਕਰਕੇ ਸਿਪਾਹੀਆਂ ਦੀਆਂ ਅੱਡੀਆਂ ਦੀ ਧੂੜ ਨਾਲ
ਭਰ ਜਾਣਗੇ ਪ੍ਰੇਡ ਗਰਾਊਂਡ ਵਿਚ ਬੈਠੇ ਦਰਸ਼ਕਾਂ ਦੇ ਨੱਕ, ਕੰਨ ਤੇ ਅੱਖਾਂ
'ਗਾਂਧੀ' ਫੁਲ ਫੁਲ ਬੈਠੇਗਾ
ਆਪਣੇ ਨਵੇਂ ਸਜੇ ਹੋਏ ਬਾਂਦਰਾਂ ਦੀਆਂ ਸ਼ਕਲਾਂ ਵੇਖ ਕੇ

ਲਿਆਂਦੇ ਜਾਣਗੇ ਦੇਸ਼ ਦੇ ਹਰ ਕੋਨੇ 'ਚੋਂ
ਫੜਕੇ ਮਿੱਟੀ ਦੇ ਬਾਵੇ
ਇੱਕ ਔਂਤਰੀ ਆਣਾਦੀ ਸਜਾਏਗੀ ਉਹਨਾਂ ਦੇ ਗਲ
ਐਮਰਜੈਂਸੀ ਦਾ ਲਹਿੰਗਾ ।
ਟੁਕੜੀਆਂ ਵਿਚ ਵੰਡੇ ਲੋਕ ਸਲਾਮੀ ਦੇਣਗੇ
ਲੁਟੇਰਿਆਂ ਦੀ ਨਵੀਂ ਸਜੀ 'ਡਿਕਟੇਟਰਸ਼ਿਪ' ਨੂੰ
ਮਿੱਟੀ ਦੇ ਬਾਵੇ ਬਹੁਤ ਟੱਪਣਗੇ
ਖੱਸੀ ਲਿਖਾਰੀਆਂ ਦੇ ਗੀਤਾਂ ਦੀ ਫ਼ੌਜੀ ਟਿਊਨ 'ਤੇ
ਮਨਾਇਆ ਤਾਂ ਐਤਕੀਂ ਵੀ ਜਾਏਗਾ ਆਜ਼ਾਦੀ ਦਾ ਦਿਨ

ਐਤਕੀਂ ਤਾਂ ਹੋਰ ਵੀ ਗੂੜ੍ਹੀ ਹੋਏਗੀ ਆਜ਼ਾਦੀ ਦੇ ਦੇ ਦਿਨ ਦੀ ਰੰਗਤ
ਕਿਉਂਕਿ ਹੋਇਆ ਹੈ ਸਫ਼ਲ, ਗ਼ਰੀਬੀ ਹਟਾਉ ਦਾ ਨਾਹਰਾ
ਔਂਤਰੀ-ਆਜ਼ਾਦੀ ਸੁੰਗੜ-ਸੁੰਗੜ ਬੈਠੇਗੀ
ਅੰਤਰ-ਰਾਜੀ ਫੈਲੀ ਹੋਈ ਭੁੱਖ ਦੇ ਸ਼ਿਕਾਰ ਬੱਚਿਆਂ ਕੋਲੋਂ
ਮਨਾਇਆ ਤਾਂ ਐਤਕੀਂ ਵੀ ਜਾਏਗਾ ਆਜ਼ਾਦੀ ਦਾ ਦਿਨ ।

ਐਤਕੀਂ ਤਾਂ ਬਹੁਤ ਲੰਮੀ ਹੋ ਜਾਏਗੀ
ਰਾਸ਼ਟਰਪਤੀ ਅਵਾਰਡਾਂ ਦੀ ਲਿਸਟ
ਤੇ ਓਦੂੰ ਵੀ ਬਹੁਤ ਲੰਮੇ ਹੋ ਜਾਣਗੇ
ਵੱਢੀਆਂ ਲੈਣ ਲਈ ਅਫ਼ਸਰਾਂ ਦੇ ਹੱਥ
ਤੇ ਏਦੂੰ ਵੀ ਸੈਂਕੜੇ ਗੁਣਾਂ ਵਧ ਜਾਏਗੀ
ਜੇਲ੍ਹ ਸੁਪਰਡੈਂਟਾਂ ਨੂੰ ਸਿਆਸੀ ਕੈਦੀਆਂ ਦੇ ਸਾਂਭਣ ਦੀ ਸਿਰਦਰਦੀ
ਪਰ ਬਹੁਤ ਛੋਟੇ ਹੋ ਜਾਣਗੇ ਥਾਣਿਆਂ ਦੇ ਰੋਜ਼ਨਾਮਚੇ
ਕਿਉਂਕਿ ਪੁਲਿਸ ਨੂੰ ਬਹੁਤ ਕਾਹਲ ਹੋਏਗੀ
'ਰੋਟੀ ਮੰਗਦੇ ਸਮਾਜ ਵਿਰੋਧੀ ਅਨਸਰ' ਨਾਲ
ਨਹਿਰ ਦੇ ਪੁਲ 'ਤੇ ਮੁਕਾਬਲਾ ਦਖਾਉਣ ਲਈ
ਮਨਾਇਆ ਤਾਂ ਐਤਕੀ ਵੀ ਜਾਏਗਾ ਆਜ਼ਾਦੀ ਦਾ ਦਿਨ।

ਲਾਏ ਜਾਣਗੇ ਵਿਧਾਨ ਦੀ ਰੱਖਿਆ ਦੇ ਨਾਹਰੇ
ਪਰ ਹਰ ਵੱਡੇ ਨੂੰ ਹੱਕ ਹੋਏਗਾ ਵਿਧਾਨ ਦੀ ਨਾੜ ਮਰੋੜਨ ਦਾ
ਕਿਉਂਕਿ ਇਹ ਕਿਹੜਾ ਗੁਰੁ ਗੋਬਿੰਦ ਸਿੰਘ ਜੀ ਦਾ ਸਿਧਾਂਤ ਹੈ
ਜਾਂ ਇੰਨਟੈਰੋਗੇਸ਼ਨ ਵਿੱਚ ਨਿਭਾਇਆ ਗਿਆ 'ਕਾਮਰੇਡਾਂ ਦਾ ਸਿਦਕ'
ਵਿਧਾਨ ਦੇ ਕਿਸੇ ਵੀ ਅੰਗ ਦੀ ਭੰਨ ਤੋੜ
ਅੱਤ ਜ਼ਰੂਰੀ ਹੈ ਸਾਡੇ 'ਅੱਵਲ ਨੰਬਰ ਦੇ ਲੋਕਰਾਜ' ਦੀ
'ਸਿਹਤ' ਅਤੇ 'ਸੇਧ' ਲਈ।
ਮਨਾਇਆ ਤਾਂ ਐਤਕੀਂ ਵੀ ਜਾਏਗਾ ਆਜ਼ਾਦੀ ਦਾ ਦਿਨ ।
(੧੪-੮-੭੫, ਹਵਾਲਾਤ ਥਾਣਾ, ਸਹਿਣਾ)

75. ਗੀਤਾਂ ਦੇ ਵਾਰਸ

ਆ ਮੇਰੇ ਗੀਤਾਂ ਦੇ ਵਾਰਸ
ਆ ਮੇਰੀ ਕੁਝ ਵਾਟ ਵੰਡਾ ।
ਮੈਂ ਹੰਭ ਚੱਲਿਆ ਹਾਂ ਭੰਵਰਾਂ 'ਚੋਂ,
ਕਿਸ਼ਤੀ ਕੰਢਿਆਂ ਨੇੜ ਲਿਜਾ ।

ਇਸ ਵਿਚ ਸੂਹੇ ਸਾਵਣ ਜਿਹੀਆਂ
ਲੱਦੀਆਂ ਕੁੱਝ ਸੱਧਰਾਂ ।
ਜਾਂ ਕੁੱਝ ਵਿਆਜ ਵੀਰਾਂ ਦੇ ਸਿਰ ਦਾ
ਚਾਅ ਜੇ ਤਾਰ ਸਕਾਂ ।
ਆ ਮੇਰੇ ਗੀਤਾਂ ਦੇ ਵਾਰਸ ।
ਆ ਮੇਰੀ..................

ਇਸ ਵਿਚ ਸ਼ਹਿਦ ਉਹਨਾਂ ਬੱਚਿਆਂ ਲਈ
ਜੋ ਪੱਤਲਾਂ ਚੱਟਦੇ ।
ਉਸ ਬਸਤੀ ਦਾ ਚਾਨਣ ਜਿਸ ਤੋਂ,
ਚੰਨ ਪਾਸਾ ਵੱਟਦੇ ।
ਜਿਸ ਦੀ ਮੱਸਿਆ ਪੂਰਨਮਾਸ਼ੀ ਭਾਲੇ ਖੀਰ ਕੜਾਹ
ਆ ਮੇਰੇ ਗੀਤਾਂ ਦੇ ਵਾਰਸ ।
ਆ ਮੇਰੀ..................

ਖਾਣਾਂ ਵਿਚ ਘਿਰਿਆਂ ਦੀਆਂ ਇਸ ਵਿਚ
ਜਿਊਣ ਦੀਆਂ ਸੱਧਰਾਂ ।
ਉਸ ਚੋਗੀ ਦੀ ਪਤ ਜੁ ਚਾਹੁੰਦੀ
ਬੇਪਤ ਨਾ ਪਰਤਾਂ ।
ਕੁਝ ਮੋਇਆਂ ਦੇ ਖ਼ੂਨ ਦੇ ਦੀਵੇ,
ਇਸ ਵਿਚ ਲਿਆ ਟਿਕਾਅ
ਆ ਮੇਰੇ ਗੀਤਾਂ ਦੇ ਵਾਰਸ ।
ਆ ਮੇਰੀ..................

ਮਗਰਮੱਛਾਂ ਤੇ ਤੰਦੂਆਂ ਹੈ ਸਨ
ਰਾਹ ਵਿਚ ਜਾਲ ਤਣੇ ।
ਪਰ ਕਿਸ਼ਤੀ ਮੈਂ ਸਿਰੜ ਸਹਾਰੇ
ਖਿੱਚ ਲਈ ਜਾਲ ਸਣੇ ।
ਮੇਰੇ ਮਨ ਵਿਚ ਯਾਰਾਂ ਦਾ ਹੈ,
ਸਦੀਆਂ ਤੋਂ ਈ ਸ਼ੁਦਾ
ਆ ਮੇਰੇ ਗੀਤਾਂ ਦੇ ਵਾਰਸ
ਆ ਮੇਰੀ ਕੁਝ ਵਾਟ ਵੰਡਾ ।
ਮੈਂ ਹੰਭ ਚੱਲਿਆ ਹਾਂ ਭੰਵਰਾਂ 'ਚੋਂ,
ਕਿਸ਼ਤੀ ਕੰਢਿਆਂ ਨੇੜ ਲਿਜਾ ।

76. ਫੁੱਲਾ ਵੇ ਬਹਾਰ ਦਿਆ

ਫੁੱਲਾ ਵੇ ਬਹਾਰ ਦਿਆ, ਚੰਗੇ ਲੱਗਦੇ ਨਹੀਂ ਤੇਰੇ ਵੇ ਖਿਲਾਰੇ ।
ਮੁੜਕੇ ਬਸੰਤ ਆ ਗਈ, ਪਰ ਆਇਆ ਨਹੀਂ ਚੀਨੀ ਅਸਵਾਰੇ ।
ਜਿਵੇਂ ਤੇਰੇ ਬੁੱਲ੍ਹਾਂ ਨੂੰ ਤਰੇਲ ਦੀ ਉਡੀਕ ਵੇ,
ਤਿਵੇਂ ਚੀਨੀ ਵਾਲੇ ਕੋਈ ਦੱਸੀ ਨਾ ਤਰੀਕ ਵੇ,
ਸੂਹੇ ਸੂਹੇ ਫੁੱਲ ਜਾਪਦੇ, ਜਿਵੇਂ ਬਾਗ਼ਾਂ ਵਿਚ ਮਘਣ ਅੰਗਾਰੇ ।
ਫੁੱਲਾ ਵੇ ਬਹਾਰ ਦਿਆ.................

ਮੌਸਮਾਂ ਨੇ ਖੇਤਾਂ ਵਿਚ ਮਹਿਕਾਂ ਨੇ ਖਿਲਾਰੀਆਂ ।
ਆ ਕੇ ਵੇਖ ਸਾਡੀਆਂ ਤਾਂ, ਸੁੱਕੀਆਂ ਕਿਆਰੀਆਂ ।
ਰੁੱਤ ਵੀ ਕੁਆਰੀ ਜਾਪਦੀ, ਜਿਵੇਂ ਸਾਡੇ ਹਨ ਚਾਅ ਵੀ ਕੁਆਰੇ ।
ਫੁੱਲਾ ਵੇ ਬਹਾਰ ਦਿਆ.................

ਪੰਜਾਂ ਦਰਿਆਵਾਂ ਦੀਆਂ ਪੱਤਣਾਂ ਹੰਗਾਲੀਆਂ ।
ਪੈੜਾਂ ਉਹਦੀ ਚੀਨੀ ਦੀਆਂ ਲੱਭੀਆਂ ਨਾ ਭਾਲੀਆਂ ।
ਚੰਨ ਤੇ 'ਉਦਾਸੀ' ਜਾਪਦੀ, ਪਏ ਲੱਭਦੇ ਅੰਬਰ ਦੇ ਤਾਰੇ ।
ਫੁੱਲਾ ਵੇ ਬਹਾਰ ਦਿਆ, ਚੰਗੇ ਲੱਗਦੇ ਨਹੀਂ ਤੇਰੇ ਵੇ ਖਿਲਾਰੇ ।

77. ਲੋੜ

ਖ਼ੂਨ ਨੂੰ ਲਲਕਾਰ ਦੀ ਬੱਸ ਲੋੜ ਹੈ ।
ਧੁਖਣ ਨੂੰ ਅੰਗਿਆਰ ਦੀ ਬੱਸ ਲੋੜ ਹੈ ।

ਹੋਏ ਜੁਆਨ ਅਕਲ ਤੇ ਜਜ਼ਬੇ ਜੁਆਨ,
ਤਲਵਾਰ ਹੱਥ ਤਲਵਾਰ ਦੀ ਬੱਸ ਲੋੜ ਹੈ ।

ਹੱਕ ਲਈ ਮਰਦੇ ਨੂੰ ਕੱਫ਼ਨ ਨਾ ਦਿਓ,
ਲੋਥ ਨੂੰ 'ਦਸਤਾਰ ਦੀ ਬੱਸ ਲੋੜ ਹੈ ।

ਲੋੜ ਨਾ ਜੁ ਸਹਿ ਸਕੇ ਫੁੱਲਾਂ ਦੀ ਮਾਰ,
ਰੂਹ 'ਚ ਆਏ ਯਾਰ ਦੀ ਬੱਸ ਲੋੜ ਹੈ ।

ਪਰਖ ਆਪੇ ਹੀ ਕਿਨਾਰੇ ਕਰਨਗੇ,
ਬੇੜੀ ਨੂੰ ਪਤਵਾਰ ਦੀ ਬੱਸ ਲੋੜ ਹੈ ।

ਬੜਾ ਪੀਤਾ ਕੰਡਿਆਂ ਫੁੱਲਾਂ ਦਾ ਖ਼ੂਨ,
ਖਾਰ ਨੂੰ ਹੁਣ ਖਾਰ ਦੀ ਬੱਸ ਲੋੜ ਹੈ ।

78. ਪੂਜਾ

ਮੈਂ ਦੇਵੀ ਤੇ ਦਿਉਤੇ ਤੇ ਮੜ੍ਹੀਆਂ ਨਾ ਪੂਜਾਂ ।
ਵਤਨ ਦੇ ਪਿਆਰੇ ਸ਼ਹੀਦਾਂ ਨੂੰ ਪੂਜਾਂ ।
ਦੁਨੀਆਂ ਦੇ ਸਾਰੇ ਪਾਖੰਡਾਂ ਨੂੰ ਛੱਡ ਕੇ,
ਮੈਂ ਕਿਰਤੀ ਦੇ ਉਜੜੇ ਨਸੀਬਾਂ ਨੂੰ ਪੂਜਾਂ ।

ਅੱਖੀਆਂ ਦੀ ਦੁਨੀਆਂ ਦੇ ਦੀਵੇ ਬਣਾ ਕੇ,
ਤੇ ਛਾਤੀ ਦੀ ਥਾਲੀ ਦੇ ਅੰਦਰ ਟਿਕਾ ਕੇ ।
ਪਰੋ ਕੇ ਮੈਂ ਸਾਹਾਂ ਦੇ ਫੁੱਲਾਂ ਦੀ ਮਾਲਾ,
ਵਤਨ ਦੇ ਪਿਆਰੇ ਮੁਰੀਦਾਂ ਨੂੰ ਪੂਜਾਂ ।

ਕਿਸੇ ਦੀ ਅਮੀਰੀ ਦੀ ਖਿੱਚ ਨਹੀਂ ਹੈ ਮੈਨੂੰ,
ਅਮੀਰਾਂ ਦੇ ਪੱਲੇ ਨੂੰ ਛੋਂਹਦਾ ਨਹੀਂ ਹਾਂ ।
ਜਿਨ੍ਹਾਂ ਦੇ ਆਸਰੇ ਇਹ ਦੁਨੀਆ ਖਲੋਤੀ,
ਮੈਂ ਕਿਰਤੀ ਕਿਸਾਨਾਂ ਗ਼ਰੀਬਾਂ ਨੂੰ ਪੂਜਾਂ ।

ਵਤਨ ਦੀ ਸੇਵਾ 'ਚ ਸਰਸ਼ਾਰ ਹੋ ਕੇ,
ਜਿਨ੍ਹਾਂ ਨੇ ਜੁਆਨੀ ਜੁਆਨੀ ਨਾ ਸਮਝੀ ।
ਜਿਥੇ ਦੇਸ਼ ਵਾਸੀ ਸ਼ਹਾਦਤ ਸੀ ਪਾ ਗਏ,
'ਉਦਾਸੀ' ਮੈਂ ਉਨ੍ਹਾਂ ਦਲ੍ਹੀਜ਼ਾਂ ਨੂੰ ਪੂਜਾਂ ।

79. ਲੋਕ ਰੰਗ

ਅਸੀਂ ਜੜ੍ਹ ਨਾ ਜ਼ੁਲਮ ਦੀ ਛੱਡਣੀ ਤੇ ਸਾਡੀ ਭਾਵੇਂ ਜੜ੍ਹ ਨਾ ਰਹੇ ।
ਲੋਕ ਵੇ ! ਅੱਗ ਵਿਚ ਜਿੰਦੜੀ ਨੂੰ ਦੇਣਾ ਝੋਕ ਵੇ ।

ਮਰ ਜਾਣ ਉਹ ਚੰਦਰੀਆਂ ਮਾਵਾਂ, ਜੀਹਨੇ ਸਾਮਰਾਜ ਜੰਮਿਆਂ ।
ਹਾਲ ਨੀ ! ਹੱਕ ਸੱਚ ਇਨਸਾਫ਼ ਦਾ ਪਾਇਆ ਕਾਲ ਨੀ ।

ਗੱਲ ਰੋਟੀਆਂ ਦੀ ਜਦੋਂ ਵੀ ਚਲਾਈਏ, ਖਾਣ ਨੂੰ ਬਰੂਦ ਮਿਲਦਾ ।
ਵੀਰਨੇ ! ਤਾਹੀਓਂ ਅੱਜ ਸਾਮਰਾਜ ਦੇ ਪੈਂਦੇ ਕੀਰਨੇ ।

ਹੱਕ ਮੰਗਦੇ ਵੀਰ ਹਨ ਮਾਰੇ, ਵੈਰੀਆਂ ਨੂੰ ਸਬਰ ਪਵੇ ।
ਹਾਲ ਨੀ ! ਇਹੋ ਜਿਹੇ ਤੂੰ ਭੂੰਮੀਏਂ ਨਾ ਜੰਮੀ ਲਾਲ ਨੀ ।

ਤੇਰੇ ਬੱਚਿਆਂ ਨੇ ਜੇ ਸੀ ਭੁੱਖੇ ਮਰਨਾ ਤਾਂ ਤੇਰੀ ਏ ਆਜ਼ਾਦੀ ਕਾਸਦੀ ।
ਭਾਰਤੇ ! ਬਿਰਲੇ ਤੇ ਟਾਟਿਆਂ ਨੇ ਕਿਹੜਾ ਤਾਰ ਤੇ ।

ਜਿਹੜੀ ਖ਼ੂਨ ਹੈ ਕਿਰਤ ਦਾ ਪੀਂਦੀ, ਤੋੜ ਦੇਣੀ ਤਨ ਦੇ ਉੱਤੋਂ ।
ਜੋਕ ਵੇ! ਲੋਕੀਂ ਅੱਜ ਨਿਕਲ ਪਏ ਹਿੱਕਾਂ ਠੋਕ ਵੇ ।

80. ਗੁਰੂ ਗੋਬਿੰਦ ਸਿੰਘ ਜੀ ਦਾ ਲੋਕਾਂ ਦੇ ਨਾਂ ਅੰਤਮ ਸੁਨੇਹਾ

ਵਤਨ ਦੇ ਆਸ਼ਕੋ ! ਤੇ ਯੋਧਿਓ ! ਜਾਂ-ਬਾਜ਼ ਸਰਦਾਰੋ ।
ਅਣਖਾਂ ਵਾਲਿਓ ! ਕੁਰਬਾਨੀਆਂ ਦੇ ਅਲੰਬਰਦਾਰੋ ।
ਮੈਂ ਲਾਹ ਕੇ ਫ਼ਰਜ਼ ਆਪਣੇ, ਅੰਤ ਰੁਖ਼ਸਤ ਲੈਣ ਲੱਗਿਆ ਹਾਂ ।
ਤੇ ਰੁਖ਼ਸਤ ਲੈਣ ਤੋਂ ਪਹਿਲਾਂ, ਸੁਣੋ ! ਕੁਝ ਕਹਿਣ ਲੱਗਿਆ ਹਾਂ ।

ਜਦੋਂ ਮਜ਼ਦੂਰ ਦੇ ਹੱਕਾਂ 'ਤੇ ਕੋਈ ਹੱਥ ਉੱਠਦਾ ਏ,
ਜਦੋਂ ਵੀ ਕਾਂਗ ਚੜ੍ਹਦੀ ਏ, ਮਾਸੂਮਾਂ ਦੀ ਕਿਆਮਤ ਦੀ ।
ਜਦੋਂ ਜ਼ੁਲਮਾਂ ਦੀ ਭੱਠੀ ਦੀ ਹੈ ਅਗਨੀ ਤੇਜ਼ ਹੋ ਜਾਂਦੀ,
ਤਦੋਂ ਵਿਸ਼ਵਾਸ ਹੋ ਜਾਂਦੈ ਇਹ ਆਮਦ ਹੈ ਬਗ਼ਾਵਤ ਦੀ ।

ਜਦੋਂ ਹੈ ਦੌਰ ਚੱਲਦਾ ਦੀਨ ਤੇ ਫ਼ਿਰਕਾਪ੍ਰਸਤੀ ਦਾ,
ਜਦੋਂ ਵੀ ਲੋਕ-ਹਿੱਤ ਮਜ਼ਬਾਂ ਦੇ ਨਾਪੇ-ਨਾਪਿਆ ਜਾਂਦਾ ।
ਜਦੋਂ ਮਜ਼ਦੂਰ ਦੇ ਮੁੜ੍ਹਕੇ ਦਾ ਕੋਈ ਮੁੱਲ ਨਾ ਤਾਰੇ,
ਵਤਨ ਹੈ ਕੀਲਿਆ ਜਾਂਦਾ ਅਤੇ ਸਰਾਪਿਆ ਜਾਂਦਾ ।

ਮੈਂ ਜਨਤਾ ਦੇ ਸਮੁੰਦਰ ਵਿੱਚ ਆਪਾ ਖ਼ੋਰ ਦਿੱਤਾ,
ਜ਼ੁਲਮ ਦੇ ਬਾਜ਼ ਜਾ ਲੋਕਾਂ ਨੂੰ ਚਿੜੀਆਂ ਵਾਂਗ ਸੀ ਫੜਦੇ ।
ਬੜਾ ਪ੍ਰਸੰਨ ਹਾਂ ਮੈਂ ਦੇਖ ਕੇ ਸਾਹਵੇਂ ਨਜ਼ਾਰੇ ਨੂੰ,
ਗਿੱਦੜ ਨੂੰ ਜਦ ਦੇਖਦਾ ਹਾਂ ਸ਼ੇਰ ਦੀ ਹਿੱਕ 'ਤੇ ਚੜ੍ਹਦੇ ।

ਮੈਂ ਏਸੇ ਲਈ ਹੀ ਆਪਣੇ ਆਪ ਨੂੰ ਮੰਨਿਆ ਹੈ ਗੁਰ-ਚੇਲਾ,
ਕਿ ਰਿਸ਼ਤਾ ਜੱਗ ਤੋਂ ਮਾਲਕ ਤੇ ਸੇਵਾਦਾਰ ਦਾ ਮੁੱਕ ਜਾਵੇ ।
ਮੈਂ ਏਸੇ ਲਈ ਗੜ੍ਹੀ ਚਮਕੌਰ ਦੀ ਵਿਚ ਜੰਗ ਲੜਿਆ ਸੀ,
ਕਿ ਕੱਚੇ ਕੋਠੜੇ ਮੂਹਰੇ ਮਹਿਲ ਮਿਨਾਰ ਝੁਕ ਜਾਵੇ ।

ਤੇ ਜੇਕਰ ਤੁਸੀਂ ਮੈਨੂੰ ਆਪਣਾ ਸਰਦਾਰ ਮੰਨਿਆ ਸੀ,
ਤਾਂ ਮੈਂ ਫਿਰ ਮੁੱਲ ਵੀ ਸਰਦਾਰੀਆਂ ਦਾ ਤਾਰ ਚੱਲਿਆ ਹਾਂ ।
ਮੈਂ ਦੇਵਣ ਲਈ ਉਦਾਹਰਣ ਜੱਗ ਦੇ ਕੌਮੀ ਨੇਤਾਵਾਂ ਨੂੰ,
ਲੋਕਾਂ ਤੋਂ ਵਾਰ ਪਹਿਲਾਂ ਆਪਣਾ ਪਰਿਵਾਰ ਚੱਲਿਆ ਹਾਂ ।

ਮੇਰਾ ਮਕਸਦ ਤਾਂ ਸਖ਼ਸੀ-ਪੂਜਾ ਦੇ ਉਲਟ ਲੜਨਾ ਸੀ,
ਤੇ ਮਕਸਦ ਹੋਰ ਸੀ ਮੇਰਾ ਕਦੇ ਚੰਡੀ-ਰੀਝਾਵਣ ਦਾ ।
ਕਦੇ ਡਰ ਡਰ ਕੇ ਮਕਸਦ ਆਪਣਾ ਪਾਇਆ ਨਹੀਂ ਜਾਂਦਾ,
ਤੇ ਮਕਸਦ ਹੋਰ ਹੀ ਸੀ ਪੀਰ ਤਾਂ ਉੱਚ ਦਾ ਕਹਾਵਣ ਦਾ ।

ਮੈਂ ਆਪਣੇ ਪੁੱਤ ਨੂੰ ਪਾਣੀ ਦੀ ਨਾ ਸੀ ਬੂੰਦ ਵੀ ਦਿੱਤੀ,
ਮਕਸਦ ਹੋਰ ਸੀ ਘਨੱਈਏ ਦੇ ਪਾਣੀ ਪਿਲਾਵਣ ਦਾ ।
ਲਹਿਜਾ ਹੋਰ ਹੁੰਦਾ ਏ ਨਿਰੇ ਮਿਸਰੀ ਦੇ ਪਾਣੀ ਵਿਚ,
ਤੇ ਮਕਸਦ ਹੋਰ ਹੁੰਦਾ ਸੀ ਮੇਰੇ ਅੰਮ੍ਰਿਤ ਛਕਾਵਣ ਦਾ ।

ਰੰਘਰੇਟੇ ਆਖ ਕੇ ਮੈਂ ਕਿਰਤੀ ਦਾ ਸਤਿਕਾਰ ਕਰਦਾ ਹਾਂ,
ਇਹਨਾਂ ਨੇ ਦਰਸ਼ ਅੰਤਮ ਬਾਪ ਦਾ ਮੈਨੂੰ ਕਰਾਇਆ ਸੀ ।
ਮੈਂ ਨਾਈਆਂ, ਛੀਂਬਿਆਂ, ਝਿਉਰਾਂ ਤੋਂ ਜ਼ੁਲਮੀ ਛੱਟ ਲਾਹੁਣੀ ਸੀ,
ਮੈਂ ਸਾਂਝਾ ਪੰਥ ਸਾਜਣ ਦਾ ਤਾਹੀਓਂ ਕੌਤਕ ਰਚਾਇਆ ਸੀ ।

ਜੇ ਮੈਨੂੰ ਪਿਆਰ ਕਰਨਾ ਏ, ਮੇਰੇ ਲੋਕਾਂ ਦਾ ਦਿਲ ਫੋਲੋ ।
ਮੇਰੇ ਏਕੇ ਦਾ ਸੁਪਨਾ ਵੀ ਤਾਂ ਫਿਰ ਸਾਕਾਰ ਹੋ ਜਾਏ ।
ਮੈਂ ਜਿਸ ਦੇ ਨਾਲ ਲਿਖਿਆ ਏ, ਖ਼ੂਨੀ ਇਤਿਹਾਸ ਦਾ ਵਰਕਾ,
ਮੇਰੀ ਕਲਮ, ਮੇਰੀ ਕਵਿਤਾ ਦਾ, ਬੇੜਾ ਪਾਰ ਹੋ ਜਾਏ ।

81. ਪੰਛੀਆ ! ਨਵੀਂ ਉਡਾਰੀ ਮਾਰ

ਨਵੀਂ ਉਡਾਰੀ ਮਾਰ ਪੰਛੀਆ ! ਨਵੀਂ ਉਡਾਰੀ ਮਾਰ ।

ਜਿਤਨੇ ਛੋਟੇ ਖੰਬ ਨੇ ਤੇਰੇ ।
ਉਤਨੇ ਤੇਰੇ ਪੰਧ ਲੰਮੇਰੇ ।
ਤੇਰਿਆਂ ਰਾਹਾਂ ਵਿਚ 'ਫੰਦਕ' ਨੇ, ਕੀਤਾ ਗ਼ਰਦ ਗ਼ੁਬਾਰ ।
ਪੰਛੀਆ ! ਨਵੀਂ ਉਡਾਰੀ ਮਾਰ ।

ਜਿਸ ਟਾਹਣੀ 'ਤੇ ਵਾਸ ਹੈ ਤੇਰਾ ।
ਉਸ ਟਾਹਣੀ ਦਾ ਹਾਲ ਮੰਦੇਰਾ ।
ਤੇਰੇ ਉੜਣ ਤੋਂ ਪਹਿਲਾਂ ਕਿਧਰੇ, ਉੱਡ ਨਾ ਜਾਏ ਬਹਾਰ ।
ਪੰਛੀਆ ! ਨਵੀਂ ਉਡਾਰੀ ਮਾਰ ।

ਛਣਕ ਛਣਕ ਲੰਘੀਆਂ ਹੱਥਕੜੀਆਂ ।
ਐਪਰ ਤੂੰ ਰਮਜ਼ਾਂ ਨਾ ਪੜ੍ਹੀਆਂ ।
ਤੇਰਿਆਂ 'ਬੋਟਾਂ' ਤੱਕ ਪੱਸਰਿਆ, ਹੈ ਲਗੜਾਂ ਦਾ ਵਾਰ ।
ਪੰਛੀਆ ! ਨਵੀਂ ਉਡਾਰੀ ਮਾਰ ।

ਤੂੰ ਲੋਹੇ ਦੀ ਚੁੰਝ ਮੜ੍ਹਾ ਕੇ ।
ਲਗਰ ਲਗਰ ਤੇ ਪਹਿਰਾ ਲਾ ਕੇ ।
ਵਾਹਨਾਂ ਵਿੱਚ ਖਿਲਰੇ ਚੋਗੇ ਦਾ, ਬਣ ਜਾ ਪਹਿਰੇਦਾਰ ।
ਪੰਛੀਆ ! ਨਵੀਂ ਉਡਾਰੀ ਮਾਰ ।

82. ਗੀਤ-ਹਾੜੀਆਂ ਵੀ ਖਾਧੀਆਂ ਤੇ ਸਾਉਣੀਆਂ ਵੀ ਖਾਧੀਆਂ ਨੇ

ਹਾੜੀਆਂ ਵੀ ਖਾਧੀਆਂ ਤੇ ਸਾਉਣੀਆਂ ਵੀ ਖਾਧੀਆਂ ਨੇ ।
ਗਈ ਨਾ ਪਰ ਸਾਡੀ ਠੰਢ ਵੇ ।
ਜਿੰਦ ਸੋਹਣੀ ਤੇ ਸੁਲੱਖਣੀ ਸਾਡੇ ਲਈ ਬਣ ਗਈ ਏ ਪੰਡ ਵੇ ।

ਸਾਡੇ ਭਾਅ ਦੀ ਹਰ ਵੇਲੇ ਲੱਗੀ ਰਹਿੰਦੀ ਲਾਮ ਹੋ,
ਐਵੇਂ ਸਰਹੱਦਾਂ ਦਾ ਤਾਂ ਨਾਂ ਹੀ ਬਦਨਾਮ ਹੋ ।
ਸਮੇਂ ਦਾ ਕਸਾਈ ਪੁਠੀ ਛੁਰੀ ਨਾਲ ਕੋਹੇ,
ਨਾਲੇ ਫੇਰ ਵੀ ਨਾ ਪਾਉਣ ਦੇਵੇ ਡੰਡ ਵੇ ।
ਜਿੰਦ ਸੋਹਣੀ ਤੇ ਸੁਲੱਖਣੀ...............

ਸਾਡੇ ਮਨਾਂ ਵਿਚ ਮੰਦ ਹਾਲੀਆਂ ਦੀ ਚੀਕ ਹੋ ।
ਝੋਨੇ ਦਾ ਨਦੀਨ ਸਾਡਾ ਜੁੱਸਾ ਗਿਆ ਡੀਕ ਹੋ ।
ਫ਼ਸਲਾਂ ਤੇ ਕਾਮਿਆਂ ਦੇ ਪਿਆਰ ਦੀ ਗਵਾਹੀ,
ਕਦੇ ਦੇਣਗੇ ਕਰੀਰ ਅਤੇ ਜੰਡ ਵੇ ।
ਜਿੰਦ ਸੋਹਣੀ ਤੇ ਸੁਲੱਖਣੀ...............

ਕਿਹੜੇ ਦਰਵੇਸ਼ਾਂ ਦੇ ਸਰਾਪ ਦਾ ਹੈ ਡੰਨ ਵੇ ।
ਵੜੀ ਹੈ ਗਰੀਬੀ ਲਾ ਕੇ ਪਿੰਡਿਆਂ 'ਚ ਸੰਨ੍ਹ ਵੇ ।
ਸੱਪਾਂ ਦਿਓ ਸਿਰੋ ਪੈੜ ਚਾਲ ਦੀ ਪਛਾਣ ਕਰੋ,
ਆਇਆ ਸਾਡੇ ਵੀਰਾਂ ਦਾ ਤਰੰਡ ਵੇ ।
ਜਿੰਦ ਸੋਹਣੀ ਤੇ ਸੁਲੱਖਣੀ...............

ਇੱਕ ਸਾਨੂੰ ਪਿੰਡਾਂ ਦੀਆਂ ਰੌਣਕਾਂ ਦਾ ਝੋਰਾ ਹੈ ।
ਦੂਜਾ ਮੋਏ ਮਿੱਤਰਾਂ ਦਾ ਸਿਰ 'ਤੇ ਨਿਹੋਰਾ ਹੈ ।
ਜਿਨ੍ਹਾਂ ਨੇ ਵਲੂੰਧਰਿਆ ਪੁਲਾਂ ਉੱਤੇ ਵੀਰਾ,
ਨਾਲ ਉਨ੍ਹਾਂ ਹੋਈਏ ਕਿਵੇਂ ਘਿਉ ਖੰਡ ਵੇ ।
ਜਿੰਦ ਸੋਹਣੀ ਤੇ ਸੁਲੱਖਣੀ, ਸਾਡੇ ਲਈ ਬਣ ਗਈ ਏ ਪੰਡ ਵੇ ।

83. ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਦੀ ਦਾਦੀ ਤੋਂ ਵਿਦਾਇਗੀ ਦੇ ਨਾਂ

ਦਾਦੀਏ ! ਅੰਮੀਏ ! !
ਅਸੀਂ ਅੱਜ ਤੇਰੇ ਮਹਿਮਾਨ ।
ਅਸੀਂ ਹਾਂ ਜਗਾਉਣ ਚੱਲੇ ਇੱਟਾਂ ਦਿਆਂ ਦਿਲਾਂ ਵਿਚ,
ਮਮਤਾ ਦਾ ਵਰਦਾਨ ।

ਸਾਂਭੀ ਤਾਂ ਰੱਖਣ ਤੇਰੇ ਬਾਗ਼ ਦੇ ਬਗੀਚੜੇ
ਸਦੀਆਂ ਦੀ ਖੁਸ਼ਬੋ ।
ਬੰਨ੍ਹ ਬੰਨ੍ਹ ਪੰਡਾਂ ਅਸੀਂ ਆਪਣਿਆਂ ਸਿਰਾਂ ਨਾਲ,
ਮਹਿਕਾਂ ਸਭ ਲੈਣੀਆਂ ਨੇ ਢੋਅ ।
ਤੇਰੀਆਂ ਬਰੂਹਾਂ ਉਤੋਂ ਕਵੀਆਂ ਨੂੰ ਲੱਭਣੇ ਨੇ,
ਕਵਿਤਾ ਦੇ ਅਨੁਵਾਨ ।
ਅਸੀਂ ਅੱਜ ਤੇਰੇ ਮਹਿਮਾਨ ।

ਆਪਣਿਆਂ ਪਿੰਡਿਆਂ 'ਤੇ ਵੇਖਣਾ ਪਰਖ ਕੇ ਹੈ,
ਜ਼ਾਲਮਾਂ ਤੇ ਜ਼ੁਲਮਾਂ ਦਾ ਸੇਕ ।
ਕਿਵੇਂ ਤਲਵਾਰਾਂ ਦੀਆਂ ਛਾਵਾਂ ਹੇਠ ਗੂੰਜਦੀ ਹੈ,
ਕਿਸੇ ਕੈਦੀ ਸੂਰਮੇ ਦੀ ਹੇਕ ।
ਕਾਲਿਆਂ ਕੇਸਾਂ ਦੇ ਨਾਲ ਰੱਖ ਕੇ ਵਿਖਾਉਣੀ,
ਤੇਰੇ ਦੁਧ ਚਿੱਟਿਆਂ ਦੀ ਸ਼ਾਨ ।
ਅਸੀਂ ਅੱਜ ਤੇਰੇ ਮਹਿਮਾਨ ।

ਆਏ ਸਾਲ ਕਿਹੜਾ ਤਾਂ ਚੁਰਾਏ ਸਾਡੇ ਖੇਤਾਂ ਵਿਚੋਂ,
ਪੈਲੀਆਂ ਦੇ ਮੱਥੇ ਦਾ ਗ਼ਰੂਰ ।
ਲੋਕਾਂ ਦੀਆਂ ਸਧਰਾਂ ਦਾ ਖ਼ੂਨ ਅਸੀਂ ਰੋਕਣਾ ਏਂ,
ਪਰ ਅਸੀਂ ਖ਼ੂਨ ਡੋਲ੍ਹਣਾ ਜ਼ਰੂਰ ।
ਜ਼ਾਲਮਾਂ ਦੇ ਪੈਰਾਂ ਨਾਲ ਅਸੀਂ ਨਹੀਂ ਹੋਣ ਦੇਣਾ,
ਪੈਹਿਆਂ ਦਾ ਅਪਮਾਨ ।
ਦਾਦੀਏ !ਅੰਮੀਏ ! !
ਅਸੀਂ ਅੱਜ ਤੇਰੇ ਮਹਿਮਾਨ ।
ਅਸੀਂ ਹਾਂ ਜਗਾਉਣ ਚੱਲੇ ਇੱਟਾਂ ਦਿਆਂ ਦਿਲਾਂ ਵਿਚ,
ਮਮਤਾ ਦਾ ਵਰਦਾਨ ।

84. ਕਿਰਨਾਂ ਦਾ ਜਨਮ

ਤੂੰ ਬੇਦਰਦੀ ਹੋ !
ਤੂੰ ਬੇਦਰਦੀ ਹੋ, ਦੁੱਖ ਦਰਦਾਂ ਦਾ, ਕਿਸ ਦੇ ਕੋਲ ਸੁਣਾਵਾਂ ।
ਮੇਰੇ ਮਗਰ ਚਿਰਾਂ ਤੋਂ ਲੱਗਿਆ, ਭੁੱਖ ਦਾ ਇੱਕ ਪ੍ਰਛਾਵਾਂ ।
ਮੈਂ ਮਰ ਜਾਂ ਤਾਂ ਬੇਸ਼ਕ ਮਰ ਜਾਂ, ਨਾ ਮਰਦਾ ਪ੍ਰਛਾਵਾਂ ।
ਤੂੰ ਬੇਦਰਦੀ ਹੋ !

ਤੇਰੇ ਝੂਠੇ ਵਾਅਦੇ ਦੀ ਮੁੱਠ, ਸੱਖਣੇ ਢਿੱਡ ਵਿੱਚ ਪਾਵਾਂ ।
ਢਿੱਡ ਹੈ ਕਿ ਬਸ ਫਿਰ ਵੀ ਨਿਕਲਣ, ਇਸ ਤੋਂ ਹੌਕੇ ਹਾਵਾਂ ।
ਤੂੰ ਬੇਦਰਦੀ ਹੋ !

ਕਰਚ ਲਤੜ ਲਤੜ ਕੇ ਲੰਘੇ, ਪੈਰ ਬਿਆਈਆਂ ਪਾਟੇ ।
ਆ ਕਣਕਾਂ ! ਦੇ ਮੱਥਿਆਂ ਵਿੱਚੋਂ,ਸਿੰਮਦਾ ਖੂਨ ਵਿਖਾਵਾਂ ।
ਤੂੰ ਬੇਦਰਦੀ ਹੋ !

ਸ਼ੌਕ ਮੇਰੇ 'ਤੇ ਦੌਰ ਤੇਰੇ ਦਾ,ਕਦਮ ਕਦਮ 'ਤੇ ਪਹਿਰਾ ।
ਫਿਰ ਬੁੱਕਲ ਵਿੱਚ ਉੱਗਿਆ ਸੂਰਜ ਕਿਹੜੀ ਕੂਟ ਛਿਪਾਵਾਂ ।
ਤੂੰ ਬੇਦਰਦੀ ਹੋ !

ਅੱਟਣਾ ਵਾਲੇ ਮੁੱਕਿਆਂ ਦੀ ਜਦ, ਕੰਧ ਮਹਿਲ ਤੇ ਕੜਕੀ ।
ਫਿਰ ਨਾ ਸੌਂ ਸਕਣ ਬੇ-ਗ਼ਮ ਹੋ, ਤੇਰੀਆਂ ਭੈਣਾਂ, ਮਾਵਾਂ ।
ਤੂੰ ਬੇਦਰਦੀ ਹੋ !

ਹੁਣ ਮੁੜ੍ਹਕੇ ਦੀ ਧੁੱਪ ਮੁੜਗੀ, ਕਰ ਕੇ ਕਤਲ ਹਨੇਰੇ ।
ਤਾਹੀਉਂ ਤਾਂ ਮੈਂ ਆਪਣੀ ਕੁਟੀਆ, ਆਦਰ ਲਈ ਸਜਾਵਾਂ ।
ਤੂੰ ਬੇਦਰਦੀ ਹੋ !

85. ਗੀਤ-ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ

ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ,
ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ।
ਅਸਾਂ ਤੋੜ ਦੇਣੀ,
ਅਸਾਂ ਤੋੜ ਦੇਣੀ ਲਹੂ ਪੀਣੀ ਜੋਕ ਹਾਣੀਆਂ ।

ਸਾਡੀ ਪੈਲੀਆਂ ਦਾ ਨੂਰ, ਚੜ੍ਹੇ ਵੇਖ ਕੇ ਸਰੂਰ
ਤੋੜ ਦਿਆਂਗੇ ਗ਼ਰੂਰ, ਤੇਰਾ ਜ਼ੋਰ ਵੇਹਲੜਾ ।
ਹੁਣ ਚੱਲਣਾ ਨੀ,
ਹੁਣ ਚੱਲਣਾ ਨੀ, ਤੇਰਾ ਕੋਈ ਜ਼ੋਰ ਵੇਹਲੜਾ ।

ਗੱਜਣਗੇ ਸ਼ੇਰ ਜਦੋਂ, ਭੱਜਣਗੇ ਕਾਇਰ ਸਭੇ
ਰੱਜਣਗੇ ਕਿਰਤੀ ਕਿਸਾਨ ਮੁੜ ਕੇ ।
ਜ਼ਰਾ ਹੱਲਾ ਮਾਰੋ,
ਜ਼ਰਾ ਹੱਲਾ ਮਾਰੋ, ਕਿਰਤੀ ਕਿਸਾਨ ਜੁੜ ਕੇ ।

ਰੁੱਸੀਆਂ ਬਹਾਰਾਂ ਅਸੀਂ ਮੋੜ ਕੇ ਲਿਆਉਣੀਆਂ ਨੇ,
ਆਖਦੇ ਨੇ ਲੋਕ ਹਿੱਕਾਂ ਠੋਕ ਹਾਣੀਆਂ ।
ਹੜ੍ਹ ਲੋਕਤਾ ਦਾ,
ਹੜ੍ਹ ਲੋਕਤਾ ਦਾ ਕਿਹੜਾ ਸਕੇ ਰੋਕ ਹਾਣੀਆਂ ।

ਬਣ ਕੇ ਘਟਾਵਾਂ ਅਸੀਂ ਧਰਤੀ 'ਵਸਣਾ ਏ,
ਧੋਆਂਗੇ ਗੁਬਾਰ ਜਿਹੜੇ ਵਿਚ ਪੌਣ ਦੇ ।
ਸਿਰ ਵੱਢਣੇ ਨੇ
ਸਿਰ ਵੱਢਣੇ ਨੇ ਵੀਹਵੀਂ ਸਦੀ ਦੇ ਰੌਣ ਦੇ ।

ਵਿਹਲੜਾਂ ਨੇ ਮਾਣਿਆਂ ਸਵਾਦ ਹੈ ਅਜ਼ਾਦੀਆਂ ਦਾ,
ਕਾਮਿਆਂ ਦੀ ਜਾਨ ਲੀਰੋ ਲੀਰ ਹੋਈ ਏ ।
ਤੇਰੇ ਜ਼ੁਲਮਾਂ ਦੀ,
ਤੇਰੇ ਜ਼ੁਲਮਾਂ ਦੀ, ਜ਼ਾਲਮਾਂ ਅਖੀਰ ਹੋਈ ਏ ।

ਸੁਣ ਲਵੋ ਕਾਗੋ ਅਸੀਂ ਕਰ ਦੇਣਾ ਥੋਨੂੰ ਪੁੱਠੇ,
ਘੁੱਗੀਆਂ ਦੇ ਬੱਚਿਆਂ ਨੂੰ ਕੋਹਣ ਵਾਲਿਓ ।
ਰੋਟੀ ਬੱਚਾਂ ਦੇ,
ਰੋਟੀ ਬੱਚਿਆਂ ਦੇ ਹੱਥਾਂ ਵਿਚੋਂ ਖੋਹਣ ਵਾਲਿਓ ।

ਕਿਰਨਾਂ ਦਾ ਆਲ੍ਹਣਾ ਤਾਂ ਬਣੇਗਾ ਆਕਾਸ਼ ਵਿਚ,
ਭੌਰ ਵੀ ਵਸੇਗਾ ਵਿਚ ਨਵੇਂ ਯੁੱਗ ਦਾ ।
ਸਾਨੂੰ ਸੁਰਗਾਂ ਦਾ,
ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਪੁੱਗਦਾ ।

ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ,
ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ ।
ਅਸਾਂ ਤੋੜ ਦੇਣੀ,
ਅਸਾਂ ਤੋੜ ਦੇਣੀ ਲਹੂ ਪੀਣੀ ਜੋਕ ਹਾਣੀਆਂ ।

86. ਪੰਦਰਾਂ ਅਗਸਤ ਦੇ ਨਾਂ

ਅਸੀਂ ਤੋੜੀਆਂ ਗ਼ੁਲਾਮੀ ਦੀਆਂ ਕੜੀਆਂ,
ਬੜੇ ਹੀ ਅਸੀਂ ਦੁਖੜੇ ਜਰੇ ।
ਆਖਣਾ ਸਮੇਂ ਦੀ ਸਰਕਾਰ ਨੂੰ,
ਉਹ ਗਹਿਣੇ ਸਾਡਾ ਦੇਸ਼ ਨਾ ਧਰੇ ।

ਅੱਜ ਘਾਤ ਲਾਈ ਬੈਠੇ, ਸਾਮਰਾਜੀਏ ਵਪਾਰੀ ।
ਸਿਰੇ ਚੜ੍ਹਦੀ ਨੀ ਹੁੰਦੀ, ਜਿਹੜੀ ਪੈਸਿਆਂ ਦੀ ਯਾਰੀ ।
ਸਾਡੀ ਧੁੱਪ ਨਾਲ ਮੱਸਿਆ ਕਲੇਸ਼ ਨਾ ਕਰੇ ।
ਆਖਣਾ ਸਮੇਂ ਦੀ ਸਰਕਾਰ ਨੂੰ,
ਉਹ ਗਹਿਣੇ ਸਾਡਾ ਦੇਸ਼ ਨਾ ਧਰੇ ।

ਜਿੰਨਾ ਕੀਤਾ ਇਤਬਾਰ, ਓਨਾ ਹੋਏ ਹਾਂ ਖੁਆਰ ।
ਜਿੰਨਾ ਸੋਚਿਆ ਇਲਾਜ, ਓਨਾ ਹੋਏ ਹਾਂ ਬਿਮਾਰ ।
ਅੱਗੋਂ ਇਹੋ ਜਿਹੀ 'ਦਾਰੂ' ਕੋਈ ਪੇਸ਼ ਨਾ ਕਰੇ ।
ਆਖਣਾ ਸਮੇਂ ਦੀ ਸਰਕਾਰ ਨੂੰ,
ਉਹ ਗਹਿਣੇ ਸਾਡਾ ਦੇਸ਼ ਨਾ ਧਰੇ ।

ਉਤੋਂ ਬੁੱਧ ਦੀ ਏ ਚੇਲੀ, ਵਿਚੋਂ ਅੱਗ ਦੀ ਮਸ਼ੀਨ ।
ਕਰੇ ਹੱਕਾਂ ਨੂੰ ਕਤਲ, ਮਹਿੰਦੀ ਲਾਉਣ ਦੀ ਸ਼ੌਕੀਨ ।
ਸਾਡੇ ਲਹੂ ਵਿਚ ਆ ਕੇ ਪ੍ਰਵੇਸ਼ ਨਾ ਕਰੇ ।
ਆਖਣਾ ਸਮੇਂ ਦੀ ਸਰਕਾਰ ਨੂੰ,
ਉਹ ਗਹਿਣੇ ਸਾਡਾ ਦੇਸ਼ ਨਾ ਧਰੇ ।

ਜਾਗ ਉਠਿਆ ਮਜੂਰ, ਜਾਗ ਉਠਿਆ ਕਿਸਾਨ ।
ਤੋੜ ਦਿਆਂਗੇ ਫ਼ਰੇਬ, ਹੋਇਆ ਸਮੇਂ ਦਾ ਐਲਾਨ ।
ਕੋਈ ਹੱਕਾਂ ਦਿਆਂ ਅੱਖਰਾਂ ਨੂੰ ਮੇਸ ਨਾ ਧਰੇ ।
ਆਖਣਾ ਸਮੇਂ ਦੀ ਸਰਕਾਰ ਨੂੰ,
ਉਹ ਗਹਿਣੇ ਸਾਡਾ ਦੇਸ਼ ਨਾ ਧਰੇ ।

ਉੱਚੀ ਕਰਕੇ ਆਵਾਜ਼, ਮਜ਼ਦੂਰ ਨੇ ਹੈ ਕਹਿਣਾ ।
ਹਿੱਸਾ ਦੇਸ਼ ਦੀ ਆਜ਼ਾਦੀ ਵਿਚੋਂ ਅਸੀਂ ਵੀ ਹੈ ਲੈਣਾ ।
ਅੱਜ ਸਾਡੇ ਰਾਹਾਂ ਵਿਚ ਕੋਈ ਠੇਸ ਨਾ ਧਰੇ ।
ਆਖਣਾ ਸਮੇਂ ਦੀ ਸਰਕਾਰ ਨੂੰ,
ਉਹ ਗਹਿਣੇ ਸਾਡਾ ਦੇਸ਼ ਨਾ ਧਰੇ ।

87. ਲੈਨਿਨ ਦੇ ਨਾਂ

ਸੱਜਣਾ ! ਸੂਹਾ ਸੂਹਾ ਤੇਰਾ ਵੇ ਗਰਾਂ ।

ਤੇਰੇ ਪਿੰਡ ਵਿੱਚ ਭੁੱਖੀ ਮਰਦੀ ਨਾ ਵੇਖੀ ਵੇ ਮੈਂ,
ਕਿਸੇ ਬੱਚੜੂ ਦੀ ਅੰਨ੍ਹੀ ਮਾਂ ।
ਮੇਰੇ ਪਿੰਡ ਵਿਚ ਕੋਈ ਕਾਮਿਆਂ ਦੇ ਪਿੰਡਿਆਂ ਤੋਂ,
ਆਰਾਂ ਦਾ ਵੀ ਲਹੂ ਪੂੰਝੇ ਨਾ ।
ਤੇਰੇ ਪਿੰਡ ਬਾਜ ਵੀ ਬਟੇਰਿਆਂ ਦੀ ਡਾਰ ਮੂਹਰੇ,
ਹਾਰ ਗੋਡੇ ਟੇਕਿਆ ਕਰੇ ।
ਮੇਰੇ ਪਿੰਡ ਅੱਗ ਵੇ ਮਚਾ ਕੇ ਸੁਹਲ ਕਲੀਆਂ ਦੀ,
ਸੱਥ ਸਾਰੀ ਸੇਕਿਆ ਕਰੇ ।
ਮੇਰੇ ਪਿੰਡ ਸਾਰੇ ਹੀ ਕਸਾਈ ਰਾਜੇ ਵਸਦੇ ਤੇ,
ਕੁੱਤੇ ਹੈ ਮੁਕੱਦਮਾਂ ਦਾ ਨਾਂ ।

ਸੱਜਣਾ ! ਸੂਹਾ ਸੂਹਾ ਤੇਰਾ ਵੇ ਗਰਾਂ ।

ਤੇਰੇ ਪਿੰਡ ਵਿਚ ਰੱਬ, ਖੇਤਾਂ ਦਿਆਂ ਬੱਚਿਆਂ 'ਤੇ,
ਪਾਹਰੂ ਬਣ ਭੌਂ ਜਾਇਆ ਕਰੇ ।
ਮੇਰੇ ਪਿੰਡ ਬੋਹਲਾਂ ਦੇ ਵਿਚਾਲੇ ਟੋਲਾ ਕਾਮਿਆਂ ਦਾ,
ਭੁੱਖਿਆਂ ਹੀ ਸੌਂ ਜਾਇਆ ਕਰੇ ।
ਮੇਰੇ ਪਿੰਡ ਕਲਾ ਦਿਆਂ ਬੁੱਲ੍ਹਾਂ 'ਤੇ ਮਲ੍ਹਾਰ ਭਾਵੇਂ,
ਢਿੱਡ ਵਿਚ ਰੋਟੀ ਤੇ ਸੁਰਾਂ ।

ਸੱਜਣਾ ! ਸੂਹਾ ਸੂਹਾ ਤੇਰਾ ਵੇ ਗਰਾਂ ।

ਤੇਰੇ ਪਿੰਡ ਇਕ ਦੇ ਜੇ ਸੂਲ ਚੁੱਭੇ ਸਾਰਾ ਪਿੰਡ,
ਡਾਹਢਾ ਚਮਲਾਇਆ ਵੇ ਕਰੇ ।
ਮੇਰੇ ਪਿੰਡ ਪਿੰਡਿਆਂ ਤੇ ਲਾਸ਼ਾਂ ਵੇਖ ਰੱਬ ਨੂੰ ਵੀ,
ਭੋਰਾ ਚੀਸ ਜਾਇਆ ਨਾ ਕਰੇ ।
ਤਾਹੀਉਂ ਮੇਰੇ ਪਿੰਡ ਛਿੜੇ ਖ਼ੂਨ ਦਿਆਂ ਸੁਹਲਿਆਂ 'ਚ,
ਰੱਤ ਦਾ ਮੈਂ ਕੁੰਗੂ ਵੇ ਰਲਾਂ ।

ਸੱਜਣਾ ! ਸੂਹਾ ਸੂਹਾ ਤੇਰਾ ਵੇ ਗਰਾਂ ।

88. ਕਾਲੀ ਕੁੜੀ ਦਾ ਗੀਤ

ਛੇਤੀ ਛੇਤੀ ਉੱਗ, ਲਾਲ ਸਰਘੀ ਦੇ ਸੂਰਜਾ ਵੇ,
ਰੂਪ ਮੇਰਾ ਰੰਗ ਦਾ ਤਿਹਾਇਆ ।
ਅਸੀਂ ਢੋਲਣੇ ਨੂੰ ਦਿਲ ਪਾੜ ਕੇ ਵਿਖਾਇਆ,
ਉਹਨੂੰ ਅਜੇ ਨਾ ਪਿਆਰ ਸਾਡਾ ਆਇਆ ।

ਸੁਹਣਾ ਜਾਂ ਕਸੁਹਣਾ ਹੋਵੇ ਜੱਗ ਦੀ ਕਚਹਿਰੀ ਵਿਚ,
ਰਿਹਾ ਏ ਮਨੁੱਖ ਪ੍ਰਧਾਨ ਵੇ ।
ਕਾਲਾ ਭੂੰਡ ਕਲੀਆਂ ਨੂੰ ਸਕਦਾ ਮਰੋੜ,
ਰੰਗ ਆਪਣੇ ਦੀ ਉਹਨੂੰ ਨਾ ਪਛਾਣ ਵੇ ।
ਪੁੱਛੇ ਕੋਈ ਬਾਬਲੇ ਤੋਂ,
ਸੱਧਰਾਂ ਦਾ ਹਾਣੀ ਉਹਨੂੰ ਹੋਰ ਕੋਈ ਵਰ ਨਾ ਥਿਆਇਆ ?
ਰੂਪ ਮੇਰਾ ਰੰਗ ਦਾ ਤਿਹਾਇਆ ।

ਚਿੱਟੇ ਚੰਮ ਵਿੱਚ ਭਾਵੇਂ ਕਾਲਖ਼ਾਂ, ਲਕੋਈ ਰੱਖੇ,
ਹਰ ਕੋਈ ਉਹਨੂੰ ਹੈ ਪਿਆਰਦਾ ।
ਕਿਉਂ ਸਰਮਾਏਦਾਰੀ ਦੌਰ ਵਿੱਚ ਜੋੜ ਗੂਹੜਾ,
ਪੈਸਿਆਂ ਦਾ ਰੂਪ ਤੇ ਸ਼ਿੰਗਾਰਦਾ ।
ਮਿਹਨਤਾਂ ਦੇ ਅੰਗ ਸੰਗ, ਜੋਬਨੇ ਦਾ ਕਾਲਾ ਰੰਗ,
ਧੁੱਪਾਂ ਵਿੱਚ ਬੈਠ ਮੈਂ ਰੰਗਾਇਆ ।
ਰੂਪ ਮੇਰਾ ਰੰਗ ਦਾ ਤਿਹਾਇਆ ।

ਧੀਆਂ ਦਿਆ ਬਾਬਲਾ ਵੇ, ਪੱਤ ਦੀ ਜਾਗੀਰ ਨਾਲ,
ਖਾਲੀ ਪੱਲੇ ਹੁੰਦਾ ਨੀ ਵਪਾਰ ਵੇ ।
ਪੂੰਜੀਪਤੀ ਯੁੱਗ ਵਿਚ ਮੂੰਹ 'ਚ ਹੱਡ ਦਿੱਤੇ ਬਿਨਾਂ,
ਦੁਨੀਆਂ ਨੂੰ ਆਉਂਦਾ ਨੀ ਡਕਾਰ ਵੇ ।
ਦਾਜ ਦੀ ਹੀ ਭੁੱਖ ਨੇ ਵੇ ਸ਼ਗਨਾਂ ਦੀ ਰਾਤ ਨੂੰ ਹੀ,
ਮੇਰੇ ਨਾਲ ਬਿਰਹਾ ਸੁਆਇਆ ।
ਰੂਪ ਮੇਰਾ ਰੰਗ ਦਾ ਤਿਹਾਇਆ ।

89. ਮਜ਼ਦੂਰ ਕੁੜੀ ਦੀ ਪਹਿਲੀ ਰਾਤ

ਉਮਰਾਂ ਦੇ ਪਿਛਵਾੜੇ ਅੰਦਰ, ਧੁੱਪ ਸਾਡੀ ਹੈ ਮੋਈ,
ਰੂਪ ਦੀਆਂ ਨੇ ਵੈਰੀ ਹੋਈਆਂ, ਆਦਮ ਖੋਰ ਬਲਾਈਆਂ ।

ਇਕ ਸੜਕਾਂ 'ਤੇ ਲੁੱਕ ਪੰਘਰਦੀ, ਦੂਜੇ ਜਿੰਦ ਅਸਾਡੀ,
ਤੀਜੇ ਡਾਲਰ ਦੀਆਂ ਨਿਗਾਹਾਂ, ਹਨ ਲਾਟਾਂ ਬਰਸਾਈਆਂ ।

ਮੇਰਾ ਚੁਟਕੀ ਚੁਟਕੀ ਵਿਕਿਆ, ਮਾਸ ਕਿਰਤ ਦੀ ਮੰਡੀ,
ਹੁਣ ਬਾਲਣ 'ਚੋਂ ਕੀ ਟੋਲੇਂਗਾ, ਮੇਰੀ ਅੱਗ ਦਿਆ ਸਾਈਆਂ ।

ਜਿਸ ਧਰਤੀ 'ਤੇ ਬਾਪ ਮੇਰੇ ਨੇ, ਰਾਠਾਂ ਨੂੰ ਹੱਥ ਜੋੜੇ,
ਉਸ ਧਰਤੀ 'ਚੋਂ ਵੀਰ ਉਗਾਈਆਂ, ਲੱਖ ਮੂੰਹ-ਜ਼ੋਰ ਕਲਾਈਆਂ ।

ਉੱਗੀਆਂ ਬਾਹਾਂ ਦੀ ਬੋਲੀ ਜਦ, ਸੀਸ ਮਹਿਲ ਤੇ ਕੜਕੀ,
ਮਹਿਲਾਂ ਵਿਚਲੇ ਵੈਣ ਅਸਾਨੂੰ, ਤਾਰਨ ਲੱਗੇ ਦਾਈਆਂ ।

ਜਦ ਬੇਲੇ 'ਚ ਚੋਰੀ ਹੋਈ, ਚੂਰੀ ਅਸੀਂ ਛੁਡਾਲੀ,
ਫੇਰ ਰਾਂਝਿਆਂ ਮਹਿਬੂਬਾਂ ਤੋਂ, ਹੱਸ ਹੱਸ ਲਈ ਚੁਰਾਈਆਂ ।

ਜਿਸ ਰੋੜੀ ਨੇ ਸੜਕ ਕਿਨਾਰੇ ਵੰਗ ਮੇਰੀ ਹੈ ਤੋੜੀ,
ਉਸ ਰੋੜੀ 'ਚੋਂ ਅੱਜ ਹਥੌੜੇ, ਕੱਢਣੀਆਂ ਮਨ ਆਈਆਂ ।

ਫੇਰ ਨਾ ਕੋਈ ਪੁੱਤ ਲੰਬੜਾਂ ਦਾ, ਰੂਪ ਕਿਰਤ ਦਾ ਚੂਸੇ,
ਬੱਲੀਆਂ ਚੁਗਣ ਵਾਲੀਆਂ ਬੱਲੀਆਂ, ਬਿਫਰ ਬਰਾਨੇ ਆਈਆਂ ।

90. ਪੂੰਜੀਪਤੀ ਰਾਖਸ਼ਾਂ ਦੀ ਧਾੜ

ਚੂਰੀ ਕੁੱਟ ਕੇ ਮਾਵਾਂ ਨੇ ਪੜ੍ਹਨ ਤੋਰੇ,
ਕਿਸੇ 'ਹੁੱਦੇ' 'ਤੇ ਪੁੱਤਰ ਪਹੁੰਚਾਣ ਖ਼ਾਤਰ ।
ਕਦੀ ਜ਼ਰਾ ਨਾ ਝਿੜਕਿਆ ਬਾਪੂਆਂ ਨੇ,
ਬੁੱਢੇ ਬਾਰੇ ਡੰਗੋਰੀ ਫੜਾਉਣ ਖ਼ਾਤਰ ।

ਭੈਣਾਂ ਹੁੱਬ ਕੇ ਰੱਬ ਤੋਂ ਮੰਗ ਮੰਗੀ,
ਨਾਲ ਭਾਈਆਂ ਦੇ ਸੱਜਦਾ ਜੱਗ ਸੋਚਣ ।
ਪੜ੍ਹੇ ਵੀਰ ਤੋਂ ਸਾਊਆਂ ਦੀ ਸੱਥ ਅੰਦਰ,
ਉੱਚੀ ਹੋਵੇਗੀ ਬਾਪੂ ਦੀ ਪੱਗ ਸੋਚਣ ।

(ਪਰ) ਮਮਤਾ ਵਿਚ ਸੀਨਾ ਸੜਿਆ ਸਾਰਿਆਂ ਦਾ,
ਮੁੜ ਕੇ ਖ਼ੂਨ ਦੀ ਜਦੋਂ ਹਵਾੜ ਆਈ ।
ਅੱਜ ਫੇਰ ਅਹਿੰਸਾ ਦੇ ਨਾਂ ਹੇਠਾਂ,
ਹੋ ਕੇ ਲੈਸ ਬਰੂਦ ਦੀ ਧਾੜ ਆਈ ।

ਏਸ ਧਾੜ ਨੇ ਖਾਧੀਆਂ ਕਈ ਜਿੰਦਾਂ
ਹਲਕ ਏਸ ਦਾ ਜ਼ਰਾ ਵੀ ਝਿੰਮਿਆ ਨਾ ।
ਚੂਏਂ ਵੇਲਾਂ ਦੇ ਨਾਲੋਂ ਤਰੋੜ ਕੇ ਵੀ,
ਏਸ ਪੱਥਰ ਵਿਚੋਂ ਪਾਣੀ ਸਿੰਮਿਆ ਨਾ ।

ਪੂੰਜੀਪਤ 'ਤੇ ਕੋਈ ਜੇ ਹੱਥ ਚੁੱਕੇ,
ਗੂਠਾ ਆਪਣੀ ਘੰਡੀ 'ਤੇ ਸਮਝਦੀ ਇਹ ।
ਫ਼ੌਜ ਪੁਲਸ ਕਾਨੂੰਨ ਤੇ ਧਰਮ ਤਾਈਂ,
ਮੁੱਲ ਲਿਆ ਜੁ ਮੰਡੀ ਤੇ ਸਮਝਦੀ ਇਹ ।

ਅਸੀਂ ਮਾਲੀ ਅਨੋਖੀ ਪ੍ਰਕਾਰ ਦੇ ਹਾਂ,
ਨਹੀਂ ਜਾਣਦੇ ਫੁੱਲਾਂ ਦਾ ਸਵਾਦ ਕੀ ਏ ।
ਏਨਾ ਸਮਾਂ ਹੀ ਕਿਥੇ ਹੈ ਕੋਲ ਇਹਦੇ,
ਸੁਣੇ ਹੱਕਾਂ ਦੀ ਹੁੰਦੀ ਫ਼ਰਿਆਦ ਕੀ ਏ ।

ਪੂੰਜੀਪਤ ਸਟੇਟ 'ਚ ਕਾਨੂੰਨ ਜ਼ੁਲਮ,
ਪੂੰਜੀਪਤੀ ਦੇ ਏ ਨਾਲੋ ਨਾਲ ਰਹਿੰਦਾ ।
ਘਾਟਾ ਦਿਸਦਾ ਨੀ ਕਾਮੇ ਦੀ ਜ਼ਿੰਦਗੀ ਦਾ,
ਸਦਾ ਆਪਣੇ ਨਫ਼ੇ ਦਾ ਖ਼ਿਆਲ ਰਹਿੰਦਾ ।

ਵਿਚ ਦਫ਼ਤਰੀਂ ਸੋਨੇ ਦੇ ਪਟੇ ਵਾਲੇ,
ਕਈ ਕੁੱਤੇ ਵੀ ਡਾਢੇ ਹੀ ਹਲਕ ਜਾਂਦੇ ।
ਲਿਸ਼ਕ ਮੁੜ੍ਹਕੇ ਦੀ ਵੇਖ ਕੇ ਢਾਰਿਆਂ 'ਤੇ,
ਠੂਠੇ ਇਹਨਾਂ ਦੀ ਹਵਸ ਦੇ ਛਲਕ ਜਾਂਦੇ ।

ਸਿਰਫ਼ ਅੱਜ ਹੀ ਨਾ ਮੋਗੇ ਆਸਾਮ ਅੰਦਰ,
ਲਾਏ ਨੇ ਲੋਥਾਂ ਦੇ ਢੇਰ ਲੋਕੋ ।
ਇਹ ਜੰਗ ਹਰ ਖੇਤ ਹਰ ਕਾਰਖ਼ਾਨੇ,
ਲੜੀ ਜਾਂਦੀ ਹੈ ਆਥਣ ਸਵੇਰ ਲੋਕੋ ।

ਪੂੰਜੀਪਤੀ ਤੇ ਅੱਜ ਦਾ ਰਾਜ ਦੋਵੇਂ,
ਦਸਾਂ ਨੌਹਾਂ ਦੀ ਕਿਰਤ ਨੂੰ ਡੰਗਦਾ ਹੈ ।
ਕਾਮਾ ਤੋੜ ਕੇ ਰਾਜੇ ਦਾ ਮੁਕਟ ਜਦ ਵੀ,
ਆਪਣੀ ਕਿਰਤ ਪੰਜਾਲੀ 'ਤੇ ਟੰਗਦਾ ਹੈ ।

ਭਾਰਤ ਵਿਚ ਜੇ ਹੱਕਾਂ ਦੀ ਗੱਲ ਬਦਲੇ,
ਗੋਲੀ ਖਾਣ ਦਾ ਗਰਮ ਰਿਵਾਜ ਹੈ ਇਹ ।
ਦਾਨਸ਼ਮੰਦ ਉਸ ਬੰਦੇ ਨੂੰ ਕਿਵੇਂ ਕਹੀਏ,
ਜਿਹੜਾ ਆਖਦੈ ਕਿ ਲੋਕ ਰਾਜ ਹੈ ਇਹ ।

ਗੱਲ ਸਮੇਂ ਨੇ ਆਪਣੀ ਆਖ ਦਿੱਤੀ,
ਅਰਥ ਕੱਢਣੇ ਫ਼ਰਜ਼ ਜੁਆਨੀਆਂ ਦਾ ।
ਉਸ ਜਨਤਾ ਨੂੰ ਸਮਾਂ ਨਾਂ ਮੁਆਫ਼ ਕਰਦਾ,
ਜਿਹੜੀ ਮੁੱਲ ਨਾ ਤਾਰੇ ਕੁਰਬਾਨੀਆਂ ਦਾ ।

91. ਮੇਰਾ ਪਿਆਰ-ਮੇਰੇ ਲੋਕ

ਹੇ ਜੰਤਾ ! ਤੇਰੇ ਦੁੱਖਾਂ ਦਾ ਕਿੱਸਾ ਹੀ ਨਿਰਾਲਾ ਏ ।
ਜ਼ੁਲਮ ਦੇ ਨਾਲ ਹੋਇਆ ਤੇਰੇ ਹੱਕਾਂ ਦਾ ਉਧਾਲਾ ਏ ।

ਤੇਰੇ ਵਿਚਕਾਰ ਆ ਕੇ ਅੱਜ ਇੰਜ ਮਹਿਸੂਸ ਹੋਇਆ ਏ,
ਕਿ ਸੂਰਜ ਨਿਕਲ ਆਇਆ, ਦਿਲਾਂ ਵਿਚ ਪਹੁ-ਫੁਟਾਲਾ ਏ ।

ਤੇਰੇ ਖ਼ਾਮੋਸ਼ ਘੋਲਾਂ 'ਚੋਂ ਮੈਂ, ਅੱਖਰ ਭੁੱਖ ਦੇ ਪੜ੍ਹਿਆ,
ਤਾਹੀਓਂ ਤਾਂ ਹੈ ਖੋਲ੍ਹੀ ਲੋਹ-ਕਥਾ ਦੀ ਪਾਠਸ਼ਾਲਾ ਏ ।

ਤੇ ਜੇਕਰ ਕਲਮ ਮੇਰੀ ਕੁਝ ਅੱਖਰ ਵਾਰ ਨਾ ਸਕਦੀ,
ਮੈਂ ਕਿੱਦਾਂ ਤਾਰ ਸਕਣਾ ਤੇਰਿਆਂ ਗੀਤਾਂ ਦਾ ਹਾਲਾ ਏ ।

ਹੈ ਤੇਰੀ ਰੂਹ-ਭਰੀ ਬੋਲੀ 'ਤੇ ਮੇਰੀ ਕਲਮ ਦਾ ਪਹਿਰਾ,
ਮੈਂ ਦੇਣਾ ਹੱਸ ਕੇ ਤੇਰੀ ਵਫ਼ਾ ਦਾ ਮੂੰਹ-ਵਖਾਲਾ ਏ ।

ਕੋਈ ਵੀ ਜ਼ੁਲਮ ਹੁਣ ਇਸ ਨੂੰ ਦਬਾ ਕੇ ਰੱਖ ਨਹੀਂ ਸਕਦਾ,
ਦਿਮਾਗ਼ਾਂ ਵਿਚ ਹਰਕਤ ਹੈ ਤੇ ਹਿੱਕਾਂ 'ਚ ਉਬਾਲਾ ਏ ।

ਮੇਰੀ ਜੰਤਾ ! ਤੇਰੇ ਦੁੱਖਾਂ ਦਾ ਕਿੱਸਾ ਹੀ ਨਿਰਾਲਾ ਏ ।
ਜ਼ੁਲਮ ਦੇ ਨਾਲ ਹੋਇਆ ਤੇਰੇ ਹੱਕਾਂ ਦਾ ਉਧਾਲਾ ਏ ।

92. ਮਜ਼ਦੂਰ ਦੀ ਦੇਸ਼-ਸੇਵਾ

ਮੇਰੀ ਕਿਰਤ ਨੂੰ ਲੁੱਟਣ ਵਾਲੜਿਓ, ਕਿਉਂ ਪੀਵੋ ਰੱਤ ਬਹਾਰਾਂ ਦੀ ।
ਇਹ ਧਰਤੀ ਹੈ ਮਜ਼ਦੂਰਾਂ ਦੀ, ਇਹ ਨਹੀਂ ਸਰਮਾਏਦਾਰਾਂ ਦੀ ।

ਮੇਰੇ ਤੇਸੇ ਅਤੇ ਹਥੌੜੇ ਨੇ, ਲੱਖ ਮੰਦਰ ਮਹਿਲ ਉਸਾਰੇ ਹੋ ।
ਪਰ ਮੇਰੀ ਨੀਂਦ ਉਤਾਰਨ ਨੂੰ, ਕੱਖ ਕਾਨਿਆਂ ਦੇ ਹਨ ਢਾਰੇ ਹੋ ।

ਅੱਜ ਮੇਰੀ ਮਿਹਨਤ ਦਾ ਸਦਕਾ, ਕਾਰਾਂ ਤੇ ਕਾਰਾਂ ਆ ਗਈਆਂ ।
ਕਰ ਕਤਲ ਬਸੰਤ ਅਸਾਡੀ ਨੂੰ, ਕਈ ਮਸਤ ਬਹਾਰਾਂ ਆ ਗਈਆਂ ।

ਹੈ ਦੂਣਾ ਠਾਠ ਅਮੀਰਾਂ ਦਾ, ਵਧਿਆ ਚੌਣਾ ਸਰਮਾਇਆ ਏ ।
ਪਰ ਮੇਰੀ ਰੋਟੀ ਦਾ ਟੁਕੜਾ, ਹੁਣ ਖ਼ਤਮ ਹੋਣ 'ਤੇ ਆਇਆ ਏ ।

ਜਦ ਵੀ ਉਪਰਾਲਾ ਕਰਕੇ ਮੈਂ, ਜ਼ੰਜੀਰ ਤੋੜਨੀ ਚਾਹੀ ਏ ।
ਟੁੱਟੀ ਨੂੰ ਟਾਂਕੇ ਲਾ ਲਾ ਕੇ, ਤਕਦੀਰ ਜੋੜਨੀ ਚਾਹੀ ਏ ।

ਧਰਮਾਂ 'ਤੇ ਖ਼ਤਰਾ ਬਣ ਜਾਵੇ, ਕਾਨੂੰਨ 'ਤੇ ਖ਼ਤਰਾ ਆ ਜਾਵੇ ।
ਮਜ਼ਹਬਾਂ ਦੇ ਠੇਕੇਦਾਰਾਂ ਦੇ, ਜਨੂੰਨ 'ਤੇ ਖ਼ਤਰਾ ਆ ਜਾਵੇ ।

ਦੇ ਫ਼ਤਵਾ ਦੇਸ਼-ਧਰੋਹੀ ਦਾ, ਜੇਲ੍ਹਾਂ ਦੇ ਬੂਹੇ ਖੁੱਲ੍ਹ ਜਾਂਦੇ ।
ਅੰਨ੍ਹੇ ਹੋ ਵਿੱਚ ਤਸ਼ੱਦਦ ਦੇ, ਬੰਦੇ ਨੂੰ ਬੰਦਾ ਭੁੱਲ ਜਾਂਦੇ ।

ਹਰ ਸ਼ੈਅ ਵਿਚ ਜ਼ਹਿਰ ਮਲਾਉਂਦੇ ਨੇ ਤੇ ਬਣ ਬਹਿੰਦੇ ਨੇ ਲੱਖਪਤੀ ।
ਪਰ ਸਰਘੀ ਜੰਮਣੋਂ ਨਹੀਂ ਰਹਿੰਦੀ, ਜਦ ਧਰਤੀ ਹੋਵੇ ਗਰਭਵਤੀ ।

ਫਿਰ ਸੀਖਾਂ ਤੋੜ ਮਜੂਰ ਕਹੇ, ਇਹ ਸੱਭੇ ਕੁਝ ਹੀ ਮੇਰਾ ਏ ।
ਜਿਸ ਨੂੰ ਤੂੰ ਆਪਣਾ ਦੇਸ਼ ਕਹੇਂ, ਉਹ ਤੇਰਾ ਨਹੀਂ ਉਹ ਮੇਰਾ ਏ ।

ਇਹ ਫ਼ਸਲਾਂ ਬੰਨੇ ਸੱਪਾਂ ਨੇ, ਮੇਰੇ ਦਾਦੇ ਨੂੰ ਡੰਗਿਆ ਏ ।
ਮੇਰੇ ਵੀਰ ਦੇ ਭੁੱਖੇ ਢਿੱਡ ਵਿਚੋਂ, ਇਕ ਤਪਦਾ ਸਰੀਆ ਲੰਘਿਆ ਏ ।

ਔਹ ਚੱਕਰ ਖਾ ਕੇ ਡਿੱਗਿਆ ਏ ਤੇ ਕਰਦਾ ਗੰਦ ਜੋ ਸਾਫ਼ ਤੇਰਾ ।
ਨਹੀਂ ਤਾਕਤ ਪਾਉਂਦਾ ਵੈਦ ਕੋਈ, ਆਹ ! ਤੜਫ ਰਿਹਾ ਏ ਬਾਪ ਮੇਰਾ ।

ਇਸ ਕਾਰਖ਼ਾਨੇ ਦੇ ਬਾਲਣ ਵਿਚ, ਮੇਰੀ ਮਾਂ ਦਾ ਜਿਸਮ ਹੀ ਬਲਦਾ ਏ ।
ਤੇ ਜੋਬਨ ਮੇਰੀਆਂ ਭੈਣਾਂ ਦਾ, ਸੜਕਾਂ ਦੇ ਕਿਨਾਰੇ ਢਲਦਾ ਏ ।

ਮੇਰੀ ਪਤਨੀ ਦੇ ਵਾਲਾਂ ਦਾ, ਬਿਜਲੀ ਨੇ ਤਾਣਾ ਤਣਿਆ ਏ ।
ਮੇਰਾ ਹੀ ਮੁੜ੍ਹਕਾ ਚੋ ਚੋ ਕੇ, ਇਹ ਝੀਲ-ਭਾਖੜਾ ਬਣਿਆ ਏ ।

ਜੁ ਤੇਰੇ ਬਾਗ਼ੀਂ ਫੁੱਲ ਖਿੜੇ, ਮੇਰੀ ਬੱਚੀ ਦੀਆਂ ਮੁਸਕਾਨਾਂ ਨੇ ।
ਅਸੀਂ ਚੀਰ ਪਹਾੜਾਂ ਦੀ ਹਿੱਕੜੀ, ਵਿਚ ਭਰੀਆਂ ਆਪਣੀਆਂ ਜਾਨਾਂ ਨੇ ।

ਜਦ ਵਿਹਲ ਮਿਲੇ ਰੈਸਤੋਰਾਂ 'ਚੋਂ, ਆ ਨਸ਼ਾ ਅਸਾਡੇ 'ਤੇ ਤਾਰੇ ।
ਝੱਟ ਬੁੱਲ੍ਹਾਂ ਦੇ ਸਿਰਹਾਣੇ ਤੂੰ, ਜੀਪਾਂ ਦੇ ਹਾਰਨ ਆ ਮਾਰੇ ।

ਇਹ ਧਰਤੀ ਸਾਡੀ ਮਾਂ ਵਰਗੀ, ਨਾ ਇਸ ਨੂੰ ਕੁਝ ਵੀ ਭੁੱਲਿਆ ਏ ।
ਇਹ ਸਭੇ ਜਾਣਦੇ ਖੇਤਾਂ ਵਿਚ, ਹੈ ਕਿਸ ਦਾ ਖ਼ੂਨ ਜੁ ਡੁਲ੍ਹਿਆ ਏ ।

ਮੈਂ ਥੱਕ ਗਿਆ ਹਾਂ ਸੁਣ-ਸੁਣ ਕੇ, ਅੱਜ ਕਹਿਣ ਦੀ ਹਿੰਮਤ ਕਰਦਾ ਹਾਂ ।
ਲਹਿਰਾ ਝੰਡਾ ਸੰਗਰਾਮਾਂ ਦਾ, ਅੱਜ ਫੇਰ ਬਗ਼ਾਵਤ ਕਰਦਾ ਹਾਂ ।

ਫਿਰ ਕਿਉਂ ਨਾ ਅੱਜ ਮਜ਼ਦੂਰ ਕਹੇ, ਜੋ ਧਰਤੀ 'ਤੇ ਉਹ ਮੇਰਾ ਏ ।
ਜਿਸ ਨੂੰ ਤੂੰ ਆਪਣਾ ਦੇਸ਼ ਕਹੇਂ, ਉਹ ਤੇਰਾ ਨਹੀਂ ਉਹ ਮੇਰਾ ਏ ।

93. ਬਸੰਤ

ਸੋਹਣੀ ਸੋਹਣੀ ਫੁੱਲਾਂ 'ਤੇ ਬਹਾਰ ।
ਕਈ ਵੇਰ ਮੁੜ ਗਈ ਆਣ ਕੇ ਬਸੰਤ ਤੇਰੀ,
ਪਰ ਤੂੰ ਨਾ ਆਇਓਂ ਇਕ ਵਾਰ ।

ਤੇਰੀਆਂ ਕਹਾਣੀਆਂ ਮੈਂ, ਕਲੀਆਂ ਨੂੰ ਦੱਸੀਆਂ ।
ਮੇਰੇ ਹਾਲ ਉੱਤੇ ਉਹ ਵੀ ਖਿੜ ਖਿੜ ਹੱਸੀਆਂ ।
ਰੋ ਰੋ ਅੱਖਾਂ ਵਿਚੋਂ ਹੰਝੂ ਵੀ ਨੇ ਮੁੱਕੇ,
ਪਰ ਮੁੱਕਿਆ ਨਾ ਤੇਰਾ ਇਕਰਾਰ ।

ਗੱਲਾਂ, ਗੱਲਾਂ ਵਿਚ ਰੁੱਸ ਤੁਰ ਨਹੀਓਂ ਜਾਈਦਾ ।
ਨਿੱਕੀ ਜਿਹੀ ਗੱਲ ਪਿੱਛੇ, ਹਾੜਾ ਨਹੀਂ ਪੁਆਈਦਾ ।
ਵਤਨਾਂ ਤੋਂ ਦੂਰ ਜਾ ਕੇ ਸਾਨੂੰ, ਪੀਆ ਭੁੱਲ ਬੈਠੋਂ,
ਏਦਾਂ ਨਹੀਓਂ ਨਿਭਦੇ ਪਿਆਰ ।

ਪੰਜਾਂ ਦਰਿਆਵਾਂ ਦੀਆਂ ਪੱਤਣਾਂ ਹੰਗਾਲੀਆਂ ।
ਪੈੜਾਂ ਤੇਰੀ ਚੀਨੀ ਦੀਆਂ ਲੱਭੀਆਂ ਨਾ ਭਾਲੀਆਂ ।
ਪਿਆਰ ਦੀ ਗਵਾਹੀ ਇਨ੍ਹਾਂ ਤਾਰਿਆਂ ਤੋਂ ਮੰਗ ਲੈ,
ਜੇ ਮੇਰਾ ਨਹੀਓਂ ਆਉਂਦਾ ਇਤਬਾਰ ।

ਕਾਵਾਂ ਕੋਲੋਂ ਰੋਜ਼ ਐਵੇਂ ਝੂਠ ਨਹੀਂ ਬੁਲਾਈਦਾ ।
ਮਿੱਤਰਾਂ ਪਿਆਰਿਆਂ ਨੂੰ ਛੱਡ ਕੇ ਨਹੀਂ ਜਾਈਦਾ ।
ਤੇਰੀ ਜੇ 'ਉਦਾਸੀ' ਵਿਚ ਮਰ ਗਏ ਪ੍ਰੀਤਮਾ ਵੇ,
ਆ ਕੇ ਫੇਰ ਚੁੰਮੀ ਨਾ ਮਜ਼ਾਰ ।

ਸੋਹਣੀ ਸੋਹਣੀ ਫੁੱਲਾਂ 'ਤੇ ਬਹਾਰ ।
ਕਈ ਵੇਰ ਮੁੜ ਗਈ ਆਣ ਕੇ ਬਸੰਤ ਤੇਰੀ,
ਪਰ ਤੂੰ ਨਾ ਆਇਓਂ ਇਕ ਵਾਰ ।

94. ਚੰਨ ਜਿਵੇਂ ਬੱਦਲਾਂ 'ਚੋਂ

ਆਈ ਏ ਬਸੰਤ ਨੱਚਦੀ, ਲੈ ਕੇ ਖਿੜੇ ਹੋਏ ਫੁੱਲਾਂ ਦੀ ਕਿਆਰੀ ।
ਚੰਨ ਜਿਵੇਂ ਬੱਦਲਾਂ 'ਚੋਂ, ਹੋਵੇ ਉਤਰਿਆ ਮਾਰ ਕੇ ਉਡਾਰੀ ।

ਰੱਬ ਨੇ ਸੁਨੇਹਾ ਸਾਨੂੰ ਫੁੱਲਾਂ ਹੱਥ ਘੱਲਿਆ ।
ਸਤਿਗੁਰੂ ਰਾਮ ਸਿੰਘ ਤੁਸਾਂ ਤਾਈਂ ਘੱਲਿਆ ।
ਆਏ ਜਿਹੜੇ ਰਾਹਾਂ ਤੋਂ, ਉਹਨਾਂ ਰਾਹਾਂ ਤੋਂ ਮੈਂ ਜਾਵਾਂ ਬਲਿਹਾਰੀ ।
ਆਈ ਏ ਬਸੰਤ ਨੱਚਦੀ...................।

ਘੁੰਢ ਚੁੱਕ-ਚੁੱਕ ਉਹਨੂੰ ਕਲੀਆਂ ਨੇ ਤੱਕਿਆ ।
ਕੱਢ ਕੇ ਕਸੀਰ ਉਹਨੂੰ ਬੱਲੀਆਂ ਨੇ ਤੱਕਿਆ ।
ਕੀਤਾ ਏ ਦੀਦਾਰ ਜਿਸ ਨੇ, ਉਹਨੂੰ ਚੜ੍ਹ ਗਈ ਏ ਨਾਮ ਦੀ ਖ਼ੁਮਾਰੀ ।
ਆਈ ਏ ਬਸੰਤ ਨੱਚਦੀ...................।

95. ਸਾਧੂ ਬੂਬਨਾ

ਛੇੜ ਕੇ ਭਰਿੰਡ ਰੰਗੀਆਂ, ਕਿੱਥੇ ਜਾਏਂਗਾ ਬੂਬਨਿਆਂ ਸਾਧਾ ।
ਰਤਾ ਨਾ ਸ਼ਰਮ ਖਾਂਵਦਾ, ਗੱਲਾਂ ਗੱਲਾਂ ਵਿਚ ਕਰੀਂ ਜਾਵੇ ਵਾਧਾ ।

ਤੇਰੇ ਜਿਹੇ ਸਾਧ ਬਣਦੇ, ਜਦੋਂ ਮੁਕਦੇ ਘੜੇ 'ਚੋਂ ਦਾਣੇ ।
ਉਪਰੋਂ ਅਤੀਤ ਜਾਪਦੇ, ਪਰ ਅੱਗੇ ਪਿੱਛੇ ਰੋਂਦੇ ਨੇ ਨਿਆਣੇ ।
ਉਹਨਾਂ ਨੇ ਕੀ ਜੋਗ ਪਾਵਣਾ, ਜਿਨ੍ਹਾਂ ਮੰਗ ਕੇ ਬਗਾਨਿਆਂ ਦਾ ਖਾਧਾ ।
ਛੇੜ ਕੇ ਭਰਿੰਡ ਰੰਗੀਆਂ, ਕਿੱਥੇ ਜਾਏਂਗਾ ਬੂਬਨਿਆਂ ਸਾਧਾ ।

ਜਾਂ ਤਾਂ ਰੱਬ ਮਿਲੇ ਉਨ੍ਹਾਂ ਨੂੰ, ਜਿਹੜੇ ਯਾਦਾਂ 'ਚ ਜਿਊਂਦੇ ਮਰ ਜਾਂਦੇ ।
ਉਨ੍ਹਾਂ ਨੂੰ ਤਾਂ ਝੱਟ ਮਿਲਦਾ, ਜਿਹੜੇ ਸੇਵਾ ਹਨ ਲੋਕਾਂ ਦੀ ਕਮਾਂਦੇ ।
ਤੂੰ ਤਾਂ ਕੋਈ ਠੱਗ ਗਾਲੜੀ, ਹੁੰਦਾ ਸਾਧ ਬਚਨ ਅਟਲਾਧਾ ।
ਛੇੜ ਕੇ ਭਰਿੰਡ ਰੰਗੀਆਂ, ਕਿੱਥੇ ਜਾਏਂਗਾ ਬੂਬਨਿਆਂ ਸਾਧਾ ।

ਮਾਲਾ ਵਿਚ ਕਰਾਮਾਤ ਨਾ, ਨਵੇਂ ਯੁੱਗ ਦੇ ਲੋਕ ਇਹ ਆਂਹਦੇ ।
ਕਰਾਮਾਤ ਕਾਮਿਆਂ ਦੀ, ਜਿਹੜੇ ਮਿੱਟੀ ਵਿਚੋਂ ਸੋਨਾ ਨੇ ਉਗਾਂਦੇ ।
ਜਿਨ੍ਹਾਂ ਨੂੰ ਏ ਝਾਕ ਰੱਬ ਦੀ, ਉਨ੍ਹਾਂ ਵੇਖਣਾ ਪਰਾਇਆਂ ਵੱਲ ਕਾਹਦਾ ।
ਛੇੜ ਕੇ ਭਰਿੰਡ ਰੰਗੀਆਂ, ਕਿੱਥੇ ਜਾਏਂਗਾ ਬੂਬਨਿਆਂ ਸਾਧਾ ।

ਖ਼ਾਕ ਦਰ ਖ਼ਾਕ ਹੋਏ ਤੋਂ ਬਿਨਾਂ, ਤਨ ਉੱਤੇ ਖ਼ਾਕ ਨਹੀਂ ਫੱਬਦੀ ।
ਤੇਰੀ ਤਾਂ 'ਉਦਾਸੀ' ਵਿਚ ਵੇ, ਮੈਨੂੰ ਡਾਹਢੀ ਏ ਸ਼ਰਾਰਤ ਲੱਗਦੀ ।
ਕਾਸੇ ਨੂੰ ਕੀ ਭੱਠ ਪਾਵਣਾ, ਜੀਹਦੇ ਵਿਚ ਨਾ ਲੋਕ-ਮਰਿਯਾਦਾ ।
ਛੇੜ ਕੇ ਭਰਿੰਡ ਰੰਗੀਆਂ, ਕਿੱਥੇ ਜਾਏਂਗਾ ਬੂਬਨਿਆਂ ਸਾਧਾ ।

96. ਆਜ਼ਾਦੀ

ਭੁੱਖੇ ਅਤੇ ਨੰਗੇ ਨੇ ਕਿਸਾਨ, ਮਜ਼ਦੂਰ ਲੋਕੋ,
ਕਾਹਦੀ ਏ ਆਜ਼ਾਦੀ ਅਸੀਂ ਮਾਨਣੀ ।
ਲਾਠੀਆਂ ਤੇ ਗੋਲੀਆਂ ਦੀ ਆਈ ਏ ਬੁਛਾੜ,
ਫਿੱਕੀ ਲੱਗਦੀ ਏ ਰਾਤ ਚੰਨ-ਚਾਨਣੀ ।

ਸਮਝ ਕੇ ਸਾਨੂੰ ਅਨਭੋਲ, ਅਨਜਾਣ,
ਐਵੇਂ ਲਾਰਿਆਂ 'ਤੇ ਲਾਈ ਸਾਨੂੰ ਰੱਖਿਆ ।
ਸਾਡੇ ਸਿਰਾਂ ਉੱਤੇ ਬਣ ਰਾਖਸ਼ ਖਲੋਏ,
ਸਾਡੇ ਖ਼ੂਨ ਦਾ ਸੁਆਦ ਇਹਨਾਂ ਚੱਖਿਆ ।
ਸਾਥੋਂ ਨੀ ਸਹਾਰੇ ਜਾਂਦੇ ਜ਼ਾਲਮਾਂ ਦੇ ਤੀਰ,
ਸਾਥੋਂ ਚਿੱਤ ਨੀ ਕਰਾਇਆ ਜਾਂਦਾ ਛਾਨਣੀ,
ਕਾਹਦੀ ਏ ਆਜ਼ਾਦੀ ਅਸੀਂ ਮਾਨਣੀ ।

ਫਿਰੇ ਕਾਨੂੰਨ ਅਤੇ ਕੌਮ ਦਾ ਜਨੂੰਨ,
ਸਾਡੇ ਰਾਹਾਂ ਵਿੱਚ ਕੰਡੇ ਅਟਕਾਂਵਦਾ ।
ਪੂੰਜੀਪਤੀ ਢਾਂਚਾ, ਨਾਗਾਂ ਤਾਈਂ ਪਾਲ,
ਸਾਡੇ ਲੋਕਾਂ ਵਿੱਚ ਜ਼ਹਿਰ ਉਗਾਂਵਦਾ ।
ਐਨਾ ਚਿਰ ਰਾਜ 'ਤੇ ਬਹਾਇਆ ਏਸ ਤੱਤੜੇ ਨੂੰ,
ਇਹਨੇ ਕੀ ਕਦਰ ਸਾਡੀ ਜਾਨਣੀ ।
ਕਾਹਦੀ ਏ ਆਜ਼ਾਦੀ ਅਸੀਂ ਮਾਨਣੀ ।

ਦਿੱਤਾ ਹੈ ਜਨਮ ਇਹਨੇ ਚੋਰਾਂ ਤੇ ਬਲੈਕੀਆਂ ਨੂੰ,
ਰਾਜੇ ਜਰਵਾਣੇ ਇਹਦੇ ਘਰ ਦੇ ।
ਇਹ ਅਮਰੀਕਾ ਦਿਆਂ ਡਾਲਰਾਂ ਦੀ ਸੇਜ ਸੁੱਤੀ,
ਲਾ ਕੇ ਗਾਂਧੀ ਖੱਦਰ ਦੇ ਪਰਦੇ ।
ਏਸ ਦੀ ਗ਼ਦਾਰੀ ਅਤੇ ਚਾਲ ਸਰਮਾਏਦਾਰੀ,
ਔਖੀ ਹੁਣ ਰਹੀ ਨਾ ਪਛਾਨਣੀ,
ਕਾਹਦੀ ਏ ਆਜ਼ਾਦੀ ਅਸੀਂ ਮਾਨਣੀ ।

ਕਿਰਤੀ, ਕਿਸਾਨ, ਸਾਰੇ ਬਣ ਕੇ ਚਟਾਨ ਖੜੋ,
ਹੁਣ ਬਹੁਤਾ ਸਮਾਂ ਨਹੀਓਂ ਗਾਲਣਾ ।
ਕਿਰਤ-ਲੁਟੇਰਿਆਂ ਦੀ ਚਿੱਪ ਦਿਉ ਸਿਰੀ,
ਅਸੀਂ ਨਾਗ ਨੀ ਬੁਕਲ ਵਿਚ ਪਾਲਣਾ ।
ਫੜ ਕੇ ਚੁਆਤਾ ਅਸੀਂ ਹੱਥ ਵਿਚ ਏਕਤਾ ਦਾ,
ਧਨੀਆਂ ਦੀ ਹਿੱਕੜੀ ਏ ਜਾਲਣੀ,
ਕਾਹਦੀ ਏ ਆਜ਼ਾਦੀ ਅਸੀਂ ਮਾਨਣੀ ।

97. ਰਾਖਿਓ

ਓ ਖੇਤਾਂ ਵਾਲਿਓ ! ਓ ਦੇਸ਼ਾਂ ਵਾਲਿਓ !!
ਸੂਰ ਤੁਹਾਡੀ ਖੇਤੀ ਚਰ ਗਏ ਖੇਤਾਂ ਦੇ ਰਖਵਾਲਿਓ !!!

ਮੈਂ ਚੱਖਿਆ ਏ ਸਾਗ ਬਿਦਰ ਦਾ, ਲੂਣ ਖੁਣੋਂ ਵੀ ਫੋਕਾ ਏ ।
ਪੁੱਤਰ ਲੈ ਲੈ ਭੁੱਖੀ ਮਾਂ ਦਾ ਦਰ ਦਰ ਉੱਤੇ ਹੋਕਾ ਏ ।
ਜੀਵਨ ਦਾ ਮੁੱਲ ਕਿਹੜਾ ਤਾਰੇ, ਅੱਜ ਕੀਮਤਾਂ ਵਾਲਿਓ !
ਓ ਖੇਤਾਂ ਵਾਲਿਓ !

ਅੱਜ ਫ਼ਿਰਕੇਦਾਰੀ ਮਾਣਸ ਖਾਣੀ, ਪਾੜੇ ਵੀਰੋ ਵੀਰ ।
ਕਿਹੜਾ ਲਛਮਣ ਮਾਰੇ ਆ ਕੇ, ਸਰੂਪਨਖਾਂ ਦੇ ਤੀਰ ।
ਧਰਮ ਅਤੇ ਸਰਮਾਇਆ ਇਕੋ, ਸੁਣ ਲੋ ! ਸ਼ਰਧਾ ਵਾਲਿਓ !
ਓ ਖੇਡਾਂ ਵਾਲਿਓ !

ਆ ਮਿਹਨਤ ਦੇ ਸਰਵਰ ਉਪਰੋਂ ਮੁੜਦੇ ਹੰਸ ਪਿਆਸੇ ਨੇ ।
ਦੋ ਪਲ ਵੀ ਕੋਈ ਮਾਣ ਨਾ ਰੱਖਦਾ ਸਖਣੇ ਦਿਲ ਦੇ ਕਾਸੇ ਨੁ ।
ਮਿਹਨਤ ਦਾ ਫਲ ਵਿਹਲੜ ਖਾਂਦੇ, ਸੁਣੋ ਮਿਹਨਤਾਂ ਵਾਲਿਓ !!
ਸੂਰ ਤੁਹਾਡੀ ਖੇਤੀ ਚਰ ਗਏ ਖੇਤਾਂ ਦੇ ਰਖਵਾਲਿਓ !!!

98. ਦੁਨੀਆਂ ਭਰ ਦੇ ਕਾਮਿਓਂ

ਕਿਰਤ ਲੁਟਾਵਣ ਵਾਲਿਓ ਸਾਰੇ ਇੱਕ ਹੋ ਜਾਓ, ਇੱਕ ਹੋ ਜਾਓ !
ਜਿਸਮ ਤੁੜਾਵਣ ਵਾਲਿਓ ਸਾਰੇ ਇੱਕ ਹੋ ਜਾਓ, ਇੱਕ ਹੋ ਜਾਓ !!

ਅੱਗ ਧੁਖੇ ਜਦ ਕਾਂਗੋ ਵਿੱਚ ਤਾਂ, ਭਾਂਬੜ ਵੀਅਤਨਾਮ ਵਿੱਚ ਨਿਕਲੇ ।
ਹੱਡ ਸੜਨ ਜਦ ਫ਼ਲਸਤੀਨਾਂ ਦੇ, ਰੋਹ ਕੰਬੋਡੀਆ ਅੰਦਰ ਬਿਫ਼ਰੇ ।
ਮਰੇ ਜਦੋਂ ਅਮਰੀਕੀ ਕਾਮਾ, ਚੀਨੀ ਮਾਂ ਦੇ ਆਵਣ ਹੰਝੂ ।
ਪਾਕਿਸਤਾਨੀ ਪੜ੍ਹੇ ਨਮਾਜ਼ਾਂ, ਸਜਦੇ ਕਰੇ ਤਿਲਕ ਤੇ ਜੰਝੂ ।
ਪੂੰਜੀਪਤੀ ਦੀ ਪੂੰਜੀ ਅੰਦਰ, ਆਪਣਾ ਮਹਿੰਗਾ ਲਹੂ ਨਾ ਪਾਓ ।
ਇੱਕ ਹੋ ਜਾਓ ! ਇੱਕ ਹੋ ਜਾਓ !!

ਇੰਗਲੈਂਡ ਜਾਂ ਅਮਰੀਕਾ ਹੈ, ਸਾਮਰਾਜ ਦਾ ਇਕ ਖਾਸਾ ।
ਕਰੇ ਕੁਤਕੁਤੀ ਭਾਰਤ ਅੰਦਰ, ਬੰਗਲਾ ਦੇਸ਼ 'ਚ ਪੁੱਜਦਾ ਹਾਸਾ ।
ਧਰਤੀ ਮਾਂ ਦੀ ਹਿੱਕੜੀ ਉੱਤੇ, ਕਿਹੜਾ ਵਾਹੇਗਾ ਅੱਜ ਲੀਕਾਂ ।
ਹੱਦਾਂ ਦੀ ਗੱਲ ਪੱਲੇ ਨਾ ਬੰਨ੍ਹੋ, ਸੁਣੋ ਓਦਰੇ ਦਿਲਾਂ ਦੀਆਂ ਚੀਕਾਂ ।
ਜੱਨਤ ਦੇ ਲਾਰੇ ਦੇ ਉੱਤੇ, ਜ਼ਿੰਦਗੀ ਨੂੰ ਲਾਰਾ ਨਾ ਲਾਓ ।
ਇੱਕ ਹੋ ਜਾਓ ! ਇੱਕ ਹੋ ਜਾਓ !!

ਸਰਹੱਦਾਂ ਦੇ ਖ਼ਤਰੇ ਦੇ ਨਾਂ, ਆਪਣੀ ਨੀਤ ਲੁਕਾਈ ਜਾਂਦੀ ।
ਤੈਨੂੰ ਕੁੱਕੜਾਂ ਵਾਂਗ ਲੜਾ ਕੇ, ਤੇਰੀ ਰੱਤ ਵਗਾਈ ਜਾਂਦੀ ।
ਕੌਮੀਅਤ ਦੇ ਸੌੜੇ ਹਿੱਤ ਦੀ, ਤੈਨੂੰ ਜ਼ਹਿਰ ਪਿਲਾਈ ਜਾਂਦੀ ।
ਤੇਰੇ ਕੈਦ ਲਹੂ ਦੀ ਤੈਥੋਂ, ਹੋਲੀ ਹੈ ਖਿਡਵਾਈ ਜਾਂਦੀ ।
ਕੌਣ ਤੁਹਾਡਾ ਕੌਣ ਪਰਾਇਆ, ਲਛਮਣ ਵਾਂਗੂੰ ਕਾਰ ਲਗਾਓ ।
ਇੱਕ ਹੋ ਜਾਓ ! ਇੱਕ ਹੋ ਜਾਓ !!

ਪੂੰਜੀਪਤੀ ਦੀ ਮਰਜ਼ੀ ਹੈ ਕਿ, ਤੂੰ ਲੜਦਾ ਰਹੇਂ, ਤੂੰ ਮਰਦਾ ਰਹੇਂ ।
ਧਰਮ, ਕਾਨੂੰਨ, ਜ਼ਾਤ ਦਾ ਡੰਡਾ, ਤੂੰ ਚੁੱਕਦਾ ਰਹੇਂ, ਤੂੰ ਧਰਦਾ ਰਹੇਂ ।
ਫੌਜ ਪੁਲਿਸ ਦੇ ਸਾਏ ਹੇਠਾਂ, ਰਹਿਣ ਉਸਰਦੇ ਮਹਿਲ ਮੁਨਾਰੇ ।
ਰਹੇ ਕੜਕਦੀ ਬਿਜਲੀ ਬੇਸ਼ੱਕ, ਪਰ ਨਾ ਕੁਸਕਣ ਕੁੱਲੀਆਂ ਢਾਰੇ ।
ਸਾਂਝਾ ਕਰੋ ਲਹੂ ਤੇ ਮੁੜ੍ਹਕਾ, ਤੇ ਲੋਹੇ ਦਾ ਪਹਿਰਾ ਲਾਓ ।
ਇੱਕ ਹੋ ਜਾਓ ! ਇੱਕ ਹੋ ਜਾਓ !!

ਜਿਸ ਇੱਜ਼ਤ 'ਤੇ ਤੂੰ ਹੱਥ ਚੁੱਕੇਂ, ਉਹ ਤੇਰੇ ਹੀ ਵੀਰ ਜਿਹੀ ਏ ।
ਤੂੰ ਜਿਸ ਦੇ ਰਾਂਝਣ ਨੂੰ ਮਾਰੇਂ, ਉਹ ਤੇਰੀ ਹੀ ਹੀਰ ਜਿਹੀ ਏ ।
ਤੂੰ ਰੋਟੀ ਤੋਂ ਆਤੁਰ ਹੋ ਕੇ, ਜਿਸ ਵੀਰੇ 'ਤੇ ਕਸੀ ਦੁਨਾਲੀ ।
ਢਿੱਡ ਫੋਲ ਕੇ ਵੇਖੀਂ ਉਹਦਾ, ਉਹ ਵੀ ਹੈ ਰੋਟੀ ਤੋਂ ਖ਼ਾਲੀ ।
ਆਪਣੇ ਤੋਂ ਬੰਦੂਕ ਦੀ ਨਾਲੀ, ਛੁਪੇ ਡਾਕੂਆਂ ਵੱਲ ਭੁਆਓ ।
ਇੱਕ ਹੋ ਜਾਓ ! ਇੱਕ ਹੋ ਜਾਓ !!

99. ਗੀਤ

ਲੋਕਤਾ ਤੇ ਸਾਡੀਆਂ ਹੀ ਹਿੰਮਤਾਂ ਦਾ ਜੋੜ ਹੈ ।
ਲੋਕਤਾ ਦੇ ਸਾਂਭਣੇ ਨੂੰ ਏਕਤਾ ਦੀ ਲੋੜ ਹੈ ।

ਦੇਸ਼ ਮਾਂ ਦੀ ਹਿੱਕ 'ਤੇ ਜੋ ਕੌਮੀ ਫ਼ਿਰਕੇਦਾਰੀਆਂ ।
ਸੁਆਰਥਾਂ ਨੇ ਕੀਤੀਆਂ ਜੋ ਵਤਨ 'ਤੇ ਗ਼ਦਾਰੀਆਂ ।
ਨੱਚ ਰਿਹਾ ਜੋ ਦੇਸ਼ 'ਚ ਇਕ ਭੂਤ ਕੌਮੀ ਫੁੱਟ ਦਾ,
ਉਹਨੂੰ ਖਾਰੇ ਸਾਗਰਾਂ 'ਚ ਪਾਵਣੇ ਦੀ ਲੋੜ ਹੈ ।

ਦੁਸ਼ਮਣਾਂ ਦਾ ਵੱਗ ਆ ਸਾਡੀ ਅੰਗੂਰੀ ਕਿਉਂ ਚਰੇ ।
ਦੁਸ਼ਮਣਾਂ ਦੀ ਧੁੱਪ ਨਾਲ ਸਾਡੀ ਚੰਡੂਰੀ ਕਿਉਂ ਸੜੇ ।
ਗ਼ੈਰ ਕਿਉਂ ਦੇਖੇ ਤਮਾਸ਼ਾ ਸਾਡੀ ਅਪੋ ਧਾਪ ਦਾ,
ਮੁਆਮਲੇ ਘਰ ਬੈਠਿਆਂ ਸੁਲਝਾਵਣੇ ਦੀ ਲੋੜ ਹੈ ।

ਹੋ ਚੌਕੰਨਾ ਹਿੰਦੀਆ ਇਹ ਯੁੱਗ ਹੈ ਵਿਗਿਆਨ ਦਾ ।
ਵੈਰੀ ਬਣਾਇਆ ਏਸ ਨੇ ਇਨਸਾਨ ਨੂੰ ਇਨਸਾਨ ਦਾ ।
ਚਾਹੋ ਜੇ ਇਨਸਾਨ 'ਤੇ ਵਿਗਿਆਨ ਨਾ ਭਾਰੂ ਬਣੇ,
ਵਿਗਿਆਨ ਨੂੰ ਵਿਗਿਆਨ ਨਾਲ ਸੁਲਝਾਵਣੇ ਦੀ ਲੋੜ ਹੈ ।

ਵਤਨ ਦੀ ਸਰਹੱਦ 'ਤੇ ਕਿਹੜਾ ਪਿਆ ਲਲਕਾਰਦਾ ।
ਸੁੱਤਿਆਂ ਸ਼ੇਰਾਂ ਦੀ ਕਿਹੜਾ ਅਣਖ ਨੂੰ ਵੰਗਾਰਦਾ ।
ਜੇ ਨਾ ਕੋਈ ਸਮਝਦਾ ਸਾਡੇ ਅਮਨ-ਆਦਰਸ਼ ਨੂੰ,
ਤੇਗ਼ ਫਿਰ ਪਹਿਲੇ ਤਰ੍ਹਾਂ ਚਮਕਾਵਣੇ ਦੀ ਲੋੜ ਹੈ ।

100. ਮਰਦਾਨੇ ਨੂੰ ਮਰਦਾਨਣ ਦਾ ਖ਼ਤ

ਅਜੇ ਹੋਇਆ ਨਾ ਨਜ਼ਾਰਾ ਤੇਰੇ ਦੀਦ ਦਾ ।
ਅਸੀਂ ਮਸਾਂ ਹੈ ਲੰਘਾਇਆ ਚੰਨ ਈਦ ਦਾ ।
ਵੇ ! ਉਹ ਧਨੀਆਂ ਦਾ ਪੁੱਤ, ਪੁੱਟ ਦੇਵੇ ਮੇਰੀ ਗੁੱਤ ।
ਜੇ ਮੈਂ ਆਖਾਂ ਨਾਨਕ ਨੇ ਸਾਨੂੰ ਹੈ ਉਜਾੜਿਆ ।
ਬੇਬੇ ਨਾਨਕੀ ਕੀ ਜਾਣੇ, ਮੈਂ ਤਾਂ ਐਵੇਂ ਉਹਦੇ ਭਾਣੇ,
ਭੁੱਖ ਦੁੱਖ ਦਾ ਉਲਾਂਭਾ ਉਹਦੇ ਸਿਰ ਚਾੜ੍ਹਿਆ ।
ਦਿਲ ਤ੍ਰਿਪਤਾ ਦਾ ਨਹੀਂ ਵੇ ਪਸੀਜਦਾ,
ਅਸੀਂ ਮਸਾਂ ਹੈ ਲੰਘਾਇਆ ਚੰਨ ਈਦ ਦਾ ।

ਮਿਲੇ ਆਟਾ ਨਾ ਉਧਾਰ, ਬਾਬੇ ਕਾਲੂ ਦੇ ਦੁਆਰ ।
ਕੀ ਮੈਂ ਦੱਸਾਂ ਉਹ ਹੈ ਆਖਰਾਂ ਦਾ ਸੂਮ ਵੇ ।
ਕੱਢਾਂ ਜਦੋਂ ਮੈਂ ਭੜਾਸ, ਜਾ ਸੁਲੱਖਣੀ ਦੇ ਪਾਸ,
ਕਹਿੰਦੀ ਕਿਧਰੇ ਨੀ ਜਾਂਦਾ ਤੇਰਾ ਡੂੰਮ ਵੇ ।
ਸਾਡਾ ਲਾਰਿਆਂ ਤੇ ਚਿੱਤ ਨਾ ਪਤੀਜਦਾ,
ਅਸੀਂ ਮਸਾਂ ਹੈ ਲੰਘਾਇਆ ਚੰਨ ਈਦ ਦਾ ।

ਭੁੱਖੀ ਮਾਤਾ ਅਧਮੋਈ, ਅੰਨ੍ਹੀ ਅੱਖੀਆਂ ਤੋਂ ਹੋਈ,
ਤੇਰੇ ਬਾਪ ਦਿਆਂ ਗੋਡਿਆਂ 'ਚ ਪੀੜ ਵੇ,
ਤੇਰੀ ਚੰਨੇ ਜਿੱਡੀ ਭੈਣ, ਮਤੇ ਬਿੱਜਾਂ ਉਹਨੂੰ ਪੈਣ,
ਅਜੇ ਹੋਇਆ ਨਾ ਜੁਆਨ ਤੇਰਾ ਵੀਰ ਵੇ ।
ਪੈਸਾ ਰੂਪ ਨੂੰ ਹੈ ਅੱਜ ਵੇ ਖਰੀਦਦਾ,
ਅਸੀਂ ਮਸਾਂ ਹੈ ਲੰਘਾਇਆ ਚੰਨ ਈਦ ਦਾ ।

ਚੜ੍ਹੇ ਵਿਹੜੇ ਵਿਚ ਚੰਦ, ਲਖਮੀ ਤੇ ਸ਼੍ਰੀ ਚੰਦ,
ਜਦੋਂ ਹੁੰਦੇ ਨੇ ਸੁਲੱਖਣੀ ਦੇ ਕੋਲ ਵੇ ।
ਤੂੰ ਕੀ ਜਾਣੇ ਅਨਜਾਣਾ, ਕੀ ਹੈ ਸੋਚਦਾ ਜ਼ਮਾਨਾ,
ਸੁੰਨੀ ਹੋਵੇ ਬਾਲ ਬਾਝੋਂ ਜਦੋਂ ਝੋਲ ਵੇ ।
ਕਾਸਾ ਭਰਨਾ ਹੈ ਕਦੋਂ ਮੇਰੀ ਰੀਝ ਦਾ,
ਅਸੀਂ ਮਸਾਂ ਹੈ ਲੰਘਾਇਆ ਚੰਨ ਈਦ ਦਾ ।

ਡਿੱਗੇ ਬਾਪ ਹਥੋਂ ਸੋਟੀ, ਮੂੰਹ ਚ ਫੁੱਲ ਜਾਵੇ ਰੋਟੀ,
ਜਦੋਂ ਸੁਣੀਂਦਾ ਤੂੰ ਭੁੱਖਾ ਤੇ ਤਿਹਾਇਆ ਵੇ ।
ਮੇਰੇ ਖੁਲ੍ਹ ਗਏ ਵਾਲ, ਜਾਣੀ ਆ ਗਿਆ ਭੁਚਾਲ,
ਜਦੋਂ ਸੁਣਿਆ ਤੂੰ ਕੌਡੇ ਹੱਥ ਆਇਆ ਵੇ ।
ਟੁੱਟ ਜਾਣਾ ਸੀ ਪਿਆਲਾ ਵੇ ਉਮੀਦ ਦਾ,
ਅਸੀਂ ਮਸਾਂ ਹੈ ਲੰਘਾਇਆ ਚੰਨ ਈਦ ਦਾ ।

ਵੇਖ ਮੇਰੀ ਕੁਰਬਾਨੀ, ਭਾਵੇਂ ਕਿੰਨੀ ਭੁੱਖੀ ਭਾਣੀ,
ਪਰ ਵਧ ਹੈ ਸੁਲੱਖਣੀ ਤੋਂ ਜੇਰਾ ਵੇ ।
ਇਹ ਹੈ ਵੱਡਿਆਂ ਦਾ ਯੁੱਗ, ਤੇਰੀ ਸਕਣੀ ਨਾ ਪੁੱਗ,
ਨਾਉਂ ਲੈਣਾ ਨਹੀਂ ਸ਼ਤਾਬਦੀ ਚ ਤੇਰਾ ਵੇ ।
ਵੇ ਤੂੰ ਰਹੇਂਗਾ ਮੁਥਾਜ ਹਰ ਚੀਜ਼ ਦਾ,
ਅਸੀਂ ਮਸਾਂ ਹੈ ਲੰਘਾਇਆ ਚੰਨ ਈਦ ਦਾ ।

(ਇਸ ਰਚਨਾ 'ਤੇ ਕੰਮ ਜਾਰੀ ਹੈ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਸੰਤ ਰਾਮ ਉਦਾਸੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ