Punjabi Poetry : Ravinder Ravi
ਪੰਜਾਬੀ ਕਵਿਤਾਵਾਂ : ਰਵਿੰਦਰ ਰਵੀ
1. ਮਾਂ ਦਾ ਇਕ ਸਿਰਨਾਵਾਂ
ਅੱਕ ਕੱਕੜੀ ਦੇ ਫੰਬੇ ਖਿੰਡੇ,
ਬਿਖਰੇ ਵਿਚ ਹਵਾਵਾਂ!
ਸਵੈ-ਪਹਿਚਾਣ 'ਚ ਉੱਡੇ, ਭਟਕੇ –
ਦੇਸ਼, ਦੀਪ, ਦਿਸ਼ਾਵਾਂ!
ਬਾਹਰੋਂ ਅੰਦਰ, ਅੰਦਰੋਂ ਬਾਹਰ –
ਭਟਕੇ ਚਾਨਣ, ਚਾਨਣ ਦਾ ਪਰਛਾਵਾਂ!
ਮਾਂ-ਬੋਲੀ 'ਚੋਂ ਮਮਤਾ ਢੂੰਡਣ,
ਤੜਪ ਰਹੇ ਬਿਨ ਮਾਵਾਂ!
ਮੰਗਦੀ ਹੈ ਪਹਿਚਾਣ ਇਨ੍ਹਾਂ ਦੀ,
ਅੱਜ ਜੜ੍ਹ ਦਾ ਸਿਰਨਾਵਾਂ!
ਜੜ੍ਹਾਂ ਵਾਲਿਓ! ਜੜ੍ਹ ਦੇ ਸੁਫਨੇ,
ਲੱਥੇ ਵਿਚ ਖਲਾਵਾਂ!
ਮਾਂ-ਭੋਂ ਬਾਝੋਂ, ਕਿੱਥੇ ਪੱਲ੍ਹਰਣ?
ਸਭ ਬੇਗਾਨੀਆਂ ਥਾਵਾਂ!
ਮੋਹ-ਮਾਇਆ ਦੇ ਕਈ ਸਿਰਨਾਵੇਂ,
ਮਾਂ ਦਾ ਇਕ ਸਿਰਨਾਵਾਂ!!!
2. ਸ਼ੀਸ਼ਾ ਤੇ ਪ੍ਰਸ਼ਨਾਂ ਦੀ ਪਿਆਸ
ਸ਼ੀਸ਼ੇ ਦੇ ਵਿੱਚ ਫੁੱਲ ਵੱਸਦੇ ਹਨ,
ਸ਼ੀਸ਼ੇ ਵਿੱਚ ਹੀ ਹਨ ਅੰਗਿਆਰ।
ਸ਼ੀਸ਼ਾ ਮਨ ਦੀ ਵਿਥਿਆ ਬਣਦਾ,
ਜੋ ਸੋਚੋ, ਉਹ ਲਵੋ ਨਿਹਾਰ।
ਸ਼ੀਸ਼ੇ ਦੇ ਵਿੱਚ ਆਤਮ-ਪੂਜਾ,
ਸ਼ੀਸ਼ੇ ਵਿੱਚ ਆਤਮ-ਅਭਿਮਾਨ।
ਆਪਣੀ ਪ੍ਰਿਥਵੀ, ਆਪਣੇ ਤਾਰੇ,
ਆਪਣਾ ਹੀ ਹੁੰਦਾ ਆਸਮਾਨ।
ਸ਼ੀਸ਼ੇ ਦੇ ਵਿੱਚ ਆਪਣਾ ਚਿਹਰਾ,
ਪਿੰਡ, ਬ੍ਰਹਮੰਡ ਦੇ ਸਾਰੇ ਭੇਦ।
ਕਾਵਿ-ਉਡਾਰੀ ਵੀ ਇਸ ਅੰਦਰ,
ਦਰਸ਼ਨ, ਗਿਆਨ ਤੇ ਸਾਰੇ ਵੇਦ।
ਸ਼ੀਸ਼ੇ ਵਿੱਚ ਮਹਿਬੂਬ ਦਾ ਚਿਹਰਾ,
ਚਿਹਰਾ ਇੱਕ ਤੇ ਰੂਪ ਅਨੇਕ।
ਸ਼ੀਸ਼ੇ ਵਿੱਚ ਹੀ ਮਾਨਵਤਾ ਹੈ,
ਰੇਤ ਸਮੇਂ ਦੀ, ਕੇਰਨ ਛੇਕ।
ਸ਼ੀਸ਼ਾ ਮੇਰੇ ਅੰਗ ਸੰਗ ਵੱਸਦਾ,
ਜਦ, ਜਦ ਹੋਵਾਂ ਮੈਂ ਉਦਾਸ।
ਅੱਖਾਂ ਵਿੱਚ ਅੱਖਾਂ ਪਾ ਬੋਲੇ,
ਤ੍ਰਿਪਤ ਕਰੇ ਪ੍ਰਸ਼ਨਾਂ ਦੀ ਪਿਆਸ।
3. ਆਸਥਾ ਦੀ ਤਲਾਸ਼ ਵਿਚ
ਬਰਫ, ਬਰਖਾ ਬਰਸਦੀ
ਗਿੱਲੀ ਜਿਹੀ, ਠੰਡੀ ਬੜੀ,
ਚੱਲੇ ਹਵਾ!
ਸੂਰਜ ਦਾ ਕੁਝ ਪਤਾ ਨਹੀਂ,
ਚਾਨਣ ਵੀ ਹੈ ‘ਨ੍ਹੇਰਾ ਜਿਹਾ!
ਅੱਖਾਂ ’ਤੇ ਪਰਬਤ-ਟੀਸੀਆਂ ਵਿਚ,
ਢਹਿ ਰਹੇ ਆਕਾਸ਼ ਦਾ ਪਰਦਾ ਰਿਹਾ!
ਠੁਰਕਦੀ ਦੇਹੀ ਤੇ ਕੰਬਦੇ ਮਨ ਨਾਲ,
ਸ਼ੀਸ਼ੇ ਜਿਹੀ ਇਸ ਬਰਫ ਉੱਤੋਂ ਤਿਲ੍ਹਕਦਾ-
ਚਾਰੇ ਚੂਕਾਂ ਸਾਂਭਦਾ, ਫਿਰ ਲੁੜ੍ਹਕਦਾ,
ਹੈ ਕੌਣ ਕਿੱਧਰ ਜਾ ਰਿਹਾ?
ਵਾਦੀ ਦੇ ਘਰਾਂ ’ਚ, ਝਿਲਮਿਲ ਬੱਤੀਆਂ,
ਜੀਵਨ ਵੀ ਹੈ, ਜੁਗਨੂੰ ਵੀ ਹੈ, ਧੁੰਦਲਾ ਜਿਹਾ!
‘ਨ੍ਹੇਰ ਹੈ, ਕੁਝ ਹੋਰ ਸੰਘਣਾ ਹੋ ਗਿਆ!
ਧਰਤ-ਛੂਹ ਤਕ, ਪੈਰ ਨੂੰ ਹੀ ਜਾਪਦਾ,
ਦਿਸ ਰਿਹਾ ਰਸਤਾ ਪਿਆ!
ਪਲਕਾਂ ਤੋਂ ਅਬਰਕ ਝਾੜਦਾ, ਸਿੱਲ੍ਹਾ ਜਿਹਾ-
ਇਹ ਕੌਣ ਜੋ ਇਸ ਠੰਡ ਵਿਚ,
ਵਾਦੀ ਦੇ ਘਰਾਂ ਤੋਂ ਹੋ ਬੇਮੁੱਖ ਰਿਹਾ?
ਇਹ ਕਿਸ ਨੇ ਆਪਾ ਮਾਰਿਆ?
ਤੇ ਬਾਲਿਆ ਖੁਦ ਹੀ ਸਿਵਾ???
ਇਹ ਕੌਣ ਆਪਣੀ ਰੌਸ਼ਨੀ ਵਿਚ,
ਸੜ ਰਿਹਾ ਹੈ,
ਤੱਕ ਰਿਹਾ ਤੇ ਤੁਰ ਰਿਹਾ???
ਇਹ ਕੌਣ ਕਿੱਧਰ ਜਾ ਰਿਹਾ???
4. ਬੁੱਢਾ ਮਾਹੀਗੀਰ
1.
ਬੁੱਢਾ ਮਾਹੀਗੀਰ,
ਕੂਲੀਆਂ ਕੂਲੀਆਂ ਮੱਛੀਆਂ ਪਲੋਸਦਾ,
ਉਨ੍ਹਾਂ ਦੀਆਂ ਅੱਖੀਆਂ ’ਚ ਝਾਕਦਾ,
ਸਮੁੰਦਰਾਂ ਦੀ ਥਾਹ ਪਾ ਰਿਹਾ!
ਆਕਾਸ਼ ਤੋਂ ਪਾਤਾਲ ਤਕ,
ਜ਼ਿੰਦਗੀ ਦਾ ਗੀਤ ਗਾ ਰਿਹਾ!
2.
ਨਵੇਂ ਤੇ ਜਵਾਨ ਮਛੇਰੇ,
ਬਾਰ ਬਾਰ ਦੱਸਦੇ ਹਨ:
ਇਹ ਬੁੱਢਾ ਮਾਹੀਗੀਰ
ਜਾਲ ਤੇ ਜਹਾਜ਼-
ਮੁੱਢ ਕਦੀਮ ਤੋਂ ਹੀ ਏਥੇ ਹਨ!
ਨਾ ਮੱਛੀਆਂ ਮੁੱਕੀਆਂ,
ਨਾ ਪਕੜ!
ਬੁੱਢਾ ਮਾਹੀਗੀਰ,
ਜਵਾਨੀਆਂ ਨੂੰ ਜ਼ਿੰਦਗੀ ਦੀ ਜਾਗ ਲਾ ਰਿਹਾ!
3.
ਬੁੱਢਾ ਮਾਹੀਗੀਰ,
ਸਮੁੰਦਰ ’ਚ ਵੇਖਦਾ-
ਤਾਰੇ ਗਿਣਦਾ,
ਗਿਣਦਾ ਰਿਹਾ ਹੈ!
ਸੂਰਜ ਵਿਖਾਵੇ,
ਕਦੇ ਚੰਦ ਨੂੰ ਛੁਪਾਵੇ!
ਕਦੇ ਆਪ ਭੁੱਲ ਜਾਵੇ,
ਕਦੇ ਸਭ ਨੂੰ ਭੁਲਾਵੇ!
ਬੁੱਢਾ ਮਾਹੀਗੀਰ,
ਲਹਿਰਾਂ ਨੂੰ ਉਛਾਲਦਾ,
ਨਿਖੇੜਦਾ ਤੇ ਜੋੜਦਾ,
ਖੜ੍ਹਨੇ ਤੋਂ ਹੋੜਦਾ-
ਆਪੋਂ ਪਰ੍ਹੇ, ਆਪ ਤਕ,
ਸਫਰਾਂ ਦੇ ਰਾਹ ਪਾ ਰਿਹਾ!
ਬੁੱਢਾ ਮਾਹੀਗੀਰ,
ਜ਼ਿੰਦਗੀ ਦਾ ਗੀਤ ਗਾ ਰਿਹਾ!
5. ਇਕਾਈ ਤੋਂ ਲੋਕਾਈ-1
ਰੇਤ ਲੈ ਤੁਰਦੇ ਰਹੇ,
ਸਾਡੇ ਕਦਮਾਂ ਦੇ ਨਿਸ਼ਾਨ!
ਬਰਫ ਵਿਚ ਜੁੜਦੇ ਰਹੇ,
ਚੰਨ, ਤਾਰੇ, ਆਸਮਾਨ!
ਟੀਸੀ ’ਚੋਂ ਸੂਰਜ ਚਾੜ੍ਹ ਕੇ,
ਗੁੱਡੀ ਬਣਾਈ ਰੌਸ਼ਨੀ,
ਡੋਰ ਇਕ ਅਦਿੱਖ, ਖੁਦ,
ਪਤੰਗ ਜਿਉਂ ਚੜ੍ਹਦ ਰਹੇ!
ਭਟਕਦੀ ਰਹੀ,
ਫੈਲਦੇ ਹੋਏ ਦਾਇਰਿਆਂ ਵਿਚ,
ਕੇਂਦਰ-ਬਿੰਦੂ ਦੀ ਤਲਾਸ਼!
ਅੰਬਰ ਤੋਂ ਸਾਗਰ ਢੱਠਿਆ!
ਸਾਗਰ ’ਚ ਅੰਬਰ ਫੈਲਿਆ!
ਕਿਣਕੇ ’ਚ ਸੂਰਜ ਸਿਮਟਿਆ,
ਬਰਫਾਂ ’ਚ ਆਇਆ, ਜੰਮਿਆ-
ਰੇਤਾਂ, ਥਲਾਂ ਵਿਚ ਅਗਨ-ਬਾਣ
ਲਾਂਬੂਆਂ ਦੇ ਵਾਂਗ,
ਕਿਰਨਾਂ ਦੇ ਨਿਸ਼ਾਨ!
ਆਪ-ਸਨਮੁੱਖ: ਸੱਚ-ਸਨਮੁੱਖ!
ਧਿਆਨ ਬਿਨ, ਕਿਹਾ ਗਿਆਨ?
ਆਪ ਮੰਜ਼ਲ, ਆਪ ਰਸਤਾ, ਆਪ ਰਾਹੀ-
ਆਪ ਬਿਨ, ਅਨਾਪ ਦੀ,
ਕਿੰਜ ਹੋਵੇਗੀ ਪਛਾਣ?
ਰੇਤ ਲੈ ਤੁਰਦੇ ਰਹੇ,
ਸਾਡੇ ਕਦਮਾਂ ਦੇ ਨਿਸ਼ਾਨ!!!
6. ਝੀਲ ਤੇ ਦਰਿਆ
ਝੀਲ ਦੇ ਪਾਣੀ ’ਚ
ਦਰਿਆ ਵਹਿ ਰਿਹਾ ਹੈ!
ਪਰਬਤ ਆਪਣੀ ਚੁੱਪ ਦਾ ਭੇਦ,
ਵਣ ’ਚੋਂ ਤੇਜ਼ ਗਤੀ ’ਤੇ ਲੰਘਦੀ,
ਪਵਨ ਨੂੰ ਕਹਿ ਰਿਹਾ ਹੈ!
ਬਰਫ ਦੇ ਘਰ ’ਚ ਨਿੱਘ ਜਾਗਦਾ ਹੈ,
ਅਸਕੀਮੋਆਂ ਦਾ ਜਗਰਾਤਾ ਚੁਗਣ ਲਈ!
ਇਹ ਵੀ ਬਰਫ,
ਬਾਹਰ,
ਬਰਫ ਦੇ ਘਰਾਂ ਤੋਂ ਬਾਹਰ,
ਧਰਤ ਜਮਾ ਦਿੰਦੀ ਹੈ;
ਅਣ-ਸੁਰੱਖਿਅਤ ਅੰਗਾਂ ਨੂੰ,
ਸੁੱਕੇ ਪੱਤਰਾਂ ਵਾਂਗ ਝੜਨ ਦਾ,
ਰੋਗ ਲਗਾ ਦਿੰਦੀ ਹੈ!
ਉੱਤਰੀ ਤੇ ਦੱਖਣੀ ਧਰੁੱਵ ਦੇ
ਮੁੰਜਮਿਦ
ਸਾਗਰ ਹੀ-
ਹਿੰਦ, ਸ਼ਾਂਤ ਤੇ ਅੰਧ ਮਹਾਂ ਸਾਗਰ ਦਾ ਵਿਸਥਾਰ ਹਨ!
ਪਾਣੀ: ਭਾਫ ਹੈ, ਬੱਦਲ, ਬਰਖਾ ਤੇ ਬਰਫ!
ਇਨਸਾਨ: ਗੁੱਸਾ ਹੈ, ਹਿੰਸਾ ਹੈ, ਅੱਥਰੂ ਤੇ ਮੌਨ!
ਹਰ ਦਰਿਆ ਵਿਚ ਇਕ ਸ਼ਾਂਤ ਝੀਲ ਹੁੰਦੀ ਹੈ,
ਸਮਾਧੀ ਵਾਂਗ
ਖ
ੜੋ
ਤੀ!
ਸੁਰਤੀ,
ਇਕ ਨੁਕਤੇ ਨੂੰ,
ਕਈ ਕੋਨਾਂ ਤੋਂ ਵੇਖਦੀ ਹੈ!
ਝੀਲ ਦੇ ਪਾਣੀ ’ਚ
ਦਰਿਆ ਵਹਿ ਰਿਹਾ ਹੈ!
(ਮੁੰਜਮਿਦ=ਜੰਮਿਆ ਹੋਇਆ)
7. ਇਕ ਨਵੇਂ ਜਿਸਮ ਦੀ ਤਲਾਸ਼
ਇਸ਼ਕ ਤਾਂ ਹਰ ਉਮਰ ਵਿਚ
ਸੰਭਵ ਹੈ!
ਪਹਿਲਾਂ ਜਿਸਮ ਖੋਦ ਕੇ,
ਰੂਹ ਲੱਭਦੇ ਰਹੇ,
ਹੁਣ ਰੂਹ ਖੋਦ ਕੇ,
ਜਿਸਮ ਲੱਭਦੇ ਹਾਂ!
ਉਮਰ, ਉਮਰ ਦਾ ਤਕਾਜ਼ਾ ਹੈ!
ਜਿਸ ਉਮਰ ਵਿਚ,
ਇਹ ਦੋਵੇਂ ਸੁਲੱਭ ਸਨ,
ਸੰਤੁਲਨ ਮੰਗਦੇ ਸਨ,
ਪ੍ਰਸਪਰ ਸਮਝ-ਸਾਲਾਹ ਦਾ –
ਰੂਹ 'ਚੋਂ ਜਿਸਮ,
ਜਿਸਮ 'ਚੋਂ ਰੂਹ,
ਪਿੰਡ. ਬ੍ਰਹਿਮੰਡ
ਵੱਲ ਖੁੱਲ੍ਹਦੇ ਹਰ ਰਾਹ ਦਾ –
ਉਸ ਉਮਰ ਵਿਚ,
ਬੇੜੀਆਂ ਦੇ ਬਾਦਬਾਨ ਤਣ ਗਏ –
ਕੰਢਿਆਂ,
ਟਾਪੂਆਂ ਦੀ ਇਕ-ਰਸੀ ਤੋਂ ਬੋਰ ਹੋਏ,
ਹਵਾਵਾਂ ਦੇ ਰੁਖ,
ਉਲਝਣ, ਸੁਲਝਣ,
ਭਟਕਣ, ਮੰਜ਼ਲ
ਦੇ ਆਤਮ-ਵਿਰੋਧ ਨਾਲ ਜੂਝਦੇ –
ਨਿਰੰਤਰ ਤੁਰੇ ਰਹਿਣ ਦਾ ਹੀ,
ਜੀਵਨ-ਦਰਸ਼ਨ ਬਣ ਗਏ!
ਤੇ ਹੁਣ,
ਧੌਲੀਆਂ ਝਿੰਮਣੀਆਂ 'ਚੋਂ,
ਇਕ ਨਿਰੰਤਰ ਢਲਵਾਨ ਦਿਸਦੀ ਹੈ,
ਦੂਰ ਪਾਤਾਲ ਦੇ,
ਇਕ ਵਿਸ਼ਾਲ
'ਨ੍ਹੇਰ-ਬਿੰਦੂ ਵਿਚ ਸਿਮਟਦੀ!
ਇਸ 'ਨ੍ਹੇਰ-ਬਿੰਦੂ ਦੇ ਸਨਮੁਖ,
ਰੂਹ ਖੋਦਦੇ, ਨਿਸਦਿਨ,
ਇਕ ਨਵਾਂ ਜਿਸਮ ਢੂੰਡਦੇ ਹਾਂ!!!
8. ਜੈਨਸ ਸੋਚ
ਸਾਗਰ ਸਾਰਾ ਚੁੱਕ ਕੇ ਲੈ ਗਏ
ਬੇੜੀਆਂ ਅਤੇ ਮੱਲਾਹ!
ਮੱਛੀਆਂ ਨੂੰ ਤੜਫਣ ਦੀ ਇੱਛਾ
ਤੇ ਜੀਵਨ ਦੀ ਚਾਹ!
ਰਾਹਾਂ ਨੂੰ ਅੰਤਾਂ ਦੀ ਸੀਮਾਂ,
ਨਜ਼ਰਾਂ ਸਦਾ ਬੇਅੰਤ!
ਹੱਦੋਂ ਪਾਰ ਦਿਸਹੱਦੇ ਦਿਸਦੇ
ਤੇ ਕੁਕਨੂਸੀ ਜੰਤ!
ਸ਼ੀਸ਼ੇ ਵਿਚਲਾ ਚਿਹਰਾ ਸਿਰਜੇ,
ਸ਼ੀਸ਼ੇ ਦੇ ਵਿਚ ਜਲ!
ਮੇਰੇ ਅੰਦਰ ਰੇਤ ਕਿਰੇ ਪਈ,
ਉੱਸਰ ਆਇਆ ਥਲ!
ਸ਼ਬਦਾਂ ਵਿਚ ਸੱਭਿਅਤਾ ਦੀ ਵਾਣੀ,
ਅਰਥਾਂ ਵਿਚ ਬਰਬਾਦੀ!
ਵਿਕਾਸ ਵਿਨਾਸ਼ ਦੀ ਟੱਕਰ ਦੇ ਵਿਚ,
ਕੈਸੀ ਸ਼ਾਂਤ ਸਮਾਧੀ!
ਇਕ ਦਰਵਾਜ਼ੇ ਬਰਫ ਦੀ ਬਰਖਾ,
ਦੂਜੇ ਵਰ੍ਹਦੀ ਅੱਗ!
ਵਿਚ ਜਲੇ ਜੈਨਸ ਦੀ ਜੋਤੀ:
ਮੈਂ ਵਿਚ ਮੇਰਾ ਜੱਗ!
(ਜੈਨਸ ਸੋਚ=Genus Thinking,ਰੋਮਨ ਮਿਥਿਹਾਸ ਵਿਚ
ਗੇਟਸ ਤੇ ਡੋਰਜ਼ ਜਾਂ ਅਰੰਭ ਤੇ ਅੰਤ ਦਾ ਦੇਵਤਾ ਤਥਾ ਰੱਬ! ਜੈਨਸ
ਦੇ ਦੋ ਚਿਹਰੇ ਸਨ, ਜਿਨ੍ਹਾਂ 'ਚੋਂ, ਇੱਕੋ ਸਮੇਂ, ਇਕ ਅੱਗੇ ਵਲ ਦੇਖਦਾ
ਸੀ ਤੇ ਦੂਜਾ ਪਿੱਛੇ ਵਲ!)
9. ਖਾਲੀ ਪਿਆਲਾ
ਰਾਤ ਭਰ ਬੈਠੇ ਰਹੇ,
ਮਿੱਤਰ-ਕੁੜੀਆਂ, ਮਿੱਤਰ-ਮੁੰਡੇ,
ਹੱਥੋ ਹੱਥੀਂ ਜਾਮ ਤੁਰੇ!
ਜਿਤਨੀ ਵਿਸਕੀ,
ਜਿਤਨੀ ਵਿਹੁ ਸੀ, ਮੇਰੇ ਹਿੱਸੇ,
ਅੱਖ-ਫੋਰੇ ਵਿਚ ਡੀਕ ਗਿਆ!
ਮੈਂ ਕੱਲਾ, ਮੈਂ ਸੱਖਣਾ,
ਖਾਲੀ ਪਿਆਲਾ,
ਨੁੱਕਰ ਦੇ ਵਿਚ ਪਿਆ ਰਿਹਾ!
ਫਿਰ ਗੱਲਾਂ ਤੁਰੀਆਂ,
ਕੁੜੀਆਂ ਵਰਗੀਆਂ ਗੱਲਾਂ,
ਜ਼ੁਲਫਾਂ ਵਰਗੀਆਂ ਛੱਲਾਂ!
ਸ਼ਹਿਜ-ਗਤੀ 'ਤੇ ਇਕ ਦੂਜੇ ਵਿਚ
ਉਲਝੀਆਂ ਨਜ਼ਰਾਂ!
ਮੈਂ ਵਿਸਰਾਮ ਜਿਹਾ ਸਾਂ,
ਹੂੰ, ਹਾਂ ਕਰਦਾ –
ਵਕਫੇ, ਪ੍ਰਸ਼ਨ,
ਵਿਸਮਿਕ-ਚਿੰਨ੍ਹ ਭਰਦਾ!
ਸਭ ਦੀਆਂ ਨਜ਼ਰਾਂ,
ਕਦੇ, ਕਦੇ, ਮੇਰੇ 'ਤੇ ਪਈਆਂ:
ਸਰਚ-ਲਾਈਟ ਤੇ ਘੁੱਪ ਅਨ੍ਹੇਰਾ –
ਚੋਰ ਜਿਹਾ ਮਨ,
ਸਹਿਮ ਜਿਹੇ ਵਿਚ,
ਆਪਣੇ ਅੰਦਰ ਦੁਬਕ ਗਿਆ!
ਮਿੱਤਰ ਸਮਝੇ,
ਹੁਣ ਇਸਦਾ ਦਿਲ ਬਹਿਲ ਗਿਆ....
..................................
....ਤੇ ਫਿਰ....
ਸਿਗਰਟ ਦਾ ਧੂੰਆਂ, ਆਪਮੁਹਾਰਾ
ਛੱਲਿਆਂ ਦੇ ਵਿਚ ਖੁੱਲ੍ਹ ਪਿਆ!
ਮੌਨ ਜਿਹਾ ਇਕ,
ਜੀਭ ਮੇਰੀ 'ਤੇ ਡੁੱਲ੍ਹ ਗਿਆ;
ਅਣ-ਸੁਲਗੇ ਸਿਗਰਟ ਦੀ ਨਿਆਈਂ,
ਗੁੰਮ ਸੁੰਮ ਠੰਡਾ,
ਬੁੱਲ੍ਹਾਂ 'ਤੇ ਮੈਂ ਪਿਆ ਰਿਹਾ!
ਕੰਨਾਂ 'ਤੇ ਬੋਲਾਂ ਦੀ ਦਸਤਕ,
ਨਜ਼ਰਾਂ ਨੂੰ ਨਜ਼ਰਾਂ ਦਾ ਨਿਉਂਦਾ,
ਅੰਗਾਂ ਨੂੰ ਅੰਗਾਂ ਦੀ ਲੋਚਾ,
ਵੱਖੀ ਚੂੰਢੀ, ਬਗਲੀਂ ਹਾਸਾ –
ਜੋ ਕੱਲਾ,
ਉਹ ਕੱਲਾ ਨੱਚੇ,
ਪਰ ਨਾ ਦੱਸੇ –
ਜੋ ਪਿਆਸਾ,
ਉਹ ਪਿਆਸ ਨੂੰ ਤੱਕੇ -
ਮਹਿਫਲ ਦਾ ਦਸਤੂਰ ਹੀ ਸੀ ਕੁਝ ਇੰਜ ਬਣਿਆਂ!!!
ਓਸ ਕੁੜੀ ਦੀ ਗੱਲ ਜਦ ਚੱਲੀ,
ਮੈਂ ਖੁਰਿਆ ਤੇ ਮੈਂ ਕੁਝ ਭੁਰਿਆ!
ਜਸ਼ਨ ਅਤੇ ਇਹ,
ਯਾਰਾਂ ਦੀ ਹਮਦਰਦੀ,
ਮੈਨੂੰ ਮਿਹਣਾਂ ਜਾਪੇ!
ਮਨੋਰੰਜਨ ਦੀ ਏਸ ਸਿਖਰ 'ਤੇ,
ਅੱਜ ਮੈਂ ਘੁੱਟ ਜ਼ਹਿਰ ਦਾ ਭਰਿਆ!
ਮਿੱਤਰਾਂ ਵਿਚ ਸਰੂਰ ਆਖਿਆ,
ਸ਼ੁਕਰ ਕਿ ਇਸ ਨੂੰ ਕੁਝ ਤਾਂ ਚੜ੍ਹਿਆ!!!
ਮੈਂ ਕੱਲਾ, ਮੈਂ ਸੱਖਣਾ,
ਖਾਲੀ ਪਿਆਲਾ,
ਨੁੱਕਰ ਦੇ ਵਿਚ ਪਿਆ ਰਿਹਾ!
10. ਸਿਰਜਣ ਅਤੇ ਸਰਾਪ
ਮੇਰੀ ਨਫਰਤ ਨਿਖੇੜੋ ਨਾ,
ਮੇਰੀ ਨਫਰਤ 'ਚ ਮੇਰੀ ਹੋਂਦ ਦਾ ਆਕਾਰ ਢਲਿਆ ਹੈ!
ਹਰ ਇਕ ਯੁੱਗ ਵਿਚ ਕਿਸੇ ਆਦਮ ਦੇ ਅੰਦਰ ਦੀ ਹੱਵਾ ਜਾਗੀ,
ਹਰ ਇਕ ਯੁੱਗ ਵਿਚ ਹੱਵਾ ਅੰਦਰ, ਕੋਈ ਆਦਮ ਉਦੈ ਹੋਇਆ!
ਸਰਾਪੀ ਸਿਰਜਣਾ ਦਾ ਵਰ ਪ੍ਰਾਪਤ ਹੋਂਦ ਮੇਰੀ ਨੂੰ,
ਤ੍ਰੀਮਤ ਆਪਣੇ ਅੰਦਰ ਦੀ ਮੈਂ ਬਾਹਰ ਭਾਲਦਾ ਫਿਰਦਾਂ,
ਗੁਨਾਹ ਕਹਿਕੇ ਜੇ ਨਿੰਦਣਾ, ਨਿੰਦ ਲਵੋ ਇਹ ਅਮਲ ਕਰਤਾਰੀ-
ਮੇਰੇ ਅੰਦਰ ਦਾ ਆਦਮ ਫਿਰ ਅੰਜੀਰਾਂ ਖਾਣ ਚੱਲਿਆ ਹੈ!
ਮੇਰੇ ਜੀਵਨ ਦੇ ਮੰਥਨ 'ਚੋਂ ਹੈ ਅੰਮ੍ਰਿਤ ਜਦ ਕਦੇ ਮਿਲਿਆ,
ਮੇਰੇ ਅੰਦਰ ਦੇ ਰਾਖਸ਼ਿਸ਼ ਨੇ ਚੁਰਾ ਕੇ ਸਭ ਦੀਆਂ ਨਜ਼ਰਾਂ,
ਅਸੁਰ ਦੀ ਅਉਧ-ਰੇਖਾ ਖਿੱਚ ਕੇ ਸੁਰ. ਜੇਡੀ ਬਣਾ ਦਿੱਤੀ!
ਮੇਰੇ ਅੰਦਰ ਦੇ ਸ਼ਿਵ ਜੀ ਦਾ ਅਜੇ ਵੀ ਕੰਠ ਨੀਲਾ ਹੈ!
ਮਿੱਤ-ਮੁਖੇ ਦੁਸ਼ਮਣ,
ਅਸੰਗ, ਸੰਗੀ
ਅਤੇ ਦੁਸ਼ਮਣ-ਮੁਖੇ ਮਿੱਤਰ-
ਚੁਫੇਰੇ ਦੇ ਅਨ੍ਹੇਰੇ ਚਾਨਣੇ ਅੰਦਰ,
ਉਮਰ ਦਾ ਜ਼ਹਿਰ ਪਈ ਚੂਸੇ ਮੇਰੇ ਅੰਦਰ ਦੀ ਵਿਸ਼-ਕੰਨਿਆਂ !
ਧਰਮ ਹੈ ਜ਼ਹਿਰ ਦਾ ਆਪਣਾ,
ਧਰਮ ਅੰਮ੍ਰਿਤ ਦਾ ਵੀ ਆਪਣਾ!
ਕੰਵਲ ਨਿਰਲੇਪ ਦੀ ਜੜ੍ਹ ਵੀ ਹੈ ਧੁਰ ਚਿੱਕੜ ਦੇ ਵਿਚ ਰਹਿੰਦੀ!
ਮੇਰੇ ਫੁੱਲ ਦੀ ਮਹਿਕ ਵੀ ਓਸ ਟਹਿਣੀਂ ਤੋਂ ਪ੍ਰਾਪਤ ਹੈ,
ਧਰਮ ਇਸ ਸੂਲ ਮੇਰੀ ਦਾ ਜਿਹੜੀ ਟਹਿਣੀ 'ਤੇ ਪਲਿਆ ਹੈ!
ਮੇਰੀ ਨਫਰਤ ਨਿਖੇੜੋ ਨਾ,
ਮੇਰੀ ਨਫਰਤ 'ਚ ਮੇਰੀ ਹੋਂਦ ਦਾ ਆਕਾਰ ਢਲਿਆ ਹੈ!!!
(ਆਦਮ=ਬਾਬਾ ਆਦਮ(Adam), ਹੱਵਾ=ਮਾਈ ਹੱਵਾ(Eve),
ਅਸੁਰ=ਰਾਖਸ਼ਿਸ਼, ਸੁਰ=ਦੇਵਤਾ, ਵਿਸ਼-ਕੰਨਿਆਂ=ਜ਼ਹਿਰ ਚੂਸਣ ਵਾਲੀ ਕੁੜੀ)
11. ਅਕੱਥ ਕਥਾ
ਸਿਰਜੇ ਜੀ! ਕੋਈ ਸਿਰਜੇ ਕਿਵੇਂ ਖਾਮੋਸ਼ੀ?
ਪਕੜੇ ਜੀ! ਕੋਈ ਪਕੜੇ ਕੀਕੂੰ
ਸ਼ਬਦਾਂ ਦੇ ਵਿਚ ਭਾਵਾਂ ਦੀ ਬੇਹੋਸ਼ੀ?
ਪਾਰੇ ਵਾਂਗ ਡਲ੍ਹਕਦਾ ਛਿਣ, ਛਿਣ,
ਅੱਖੀਆਂ ਨੂੰ ਚੁੰਧਿਆਵੇ!
ਬੇ-ਆਵਾਜ਼, ਆਵਾਜ਼ 'ਚ ਛਿਣ, ਛਿਣ,
ਫੁੱਲ ਵਾਂਗੂੰ ਖਿੜ ਜਾਵੇ!
ਪਕੜੇ ਜੀ! ਕੋਈ ਪਕੜੇ ਕੀਕੂੰ
ਮਹਿਕਾਂ ਦੀ ਸਰਗੋਸ਼ੀ?
ਸ਼ਬਦਾਂ ਦੇ ਦਰ ਸੌੜੇ ਹਨ ਤੇ
ਕੱਦ ਅਰਥਾਂ ਦੇ ਉੱਚੇ!
ਬਹੁ-ਦਿਸ਼ਾਵੀ ਚੇਤੰਨ ਅਨੁਭਵ,
ਕਵਣ ਸੁ ਦਰ, ਜਿਤ ਢੁੱਕੇ?
ਸ਼ਬਦਾਂ ਬਾਝੋਂ ਅਰਥ, ਬੇ-ਅਰਥੇ,
ਮਰਦੇ ਵਿਚ ਨਮੋਸ਼ੀ!
ਕੰਜਕ ਅਉਧ ਤੇ ਨਿਰਛੁਹ ਕਾਇਆ,
ਭਾਵ ਮੇਰੇ ਗਰਭਾਏ!
ਭਰ ਸਰਵਰ 'ਚੋਂ ਸੂਰਜ ਦਾ ਨਾਂ
ਸ਼ੇਕ ਪਕੜਿਆ ਜਾਏ!
ਪਰ-ਖਿਆਲਾਂ ਦੇ ਸਵੈ-ਵਿਚਰਨ ਵਿਚ
ਕਾਮ ਜਿਹੀ ਮਦਹੋਸ਼ੀ!
ਸੂਈਆਂ ਇਕ ਗੇੜੇ ਵਿਚ ਬੱਝੀਆਂ,
ਸਮੇਂ ਨੂੰ ਅੰਕੀ ਜਾਵਣ!
ਪਰ ਨਿਰ-ਅੰਕ ਸਮੇਂ ਦੀਆਂ ਰਮਜ਼ਾਂ,
ਸੂਈਆ 'ਚੋਂ ਲੰਘ ਜਾਵਣ!
ਇਸ ਤ੍ਰੈ-ਕਾਲੀ ਪਰਵਾਹ ਵਿਚ, ਇਕ
ਜਾਣੀ ਹੋਈ ਫਰਾਮੋਸ਼ੀ!
ਕਿਸ ਹਉਮੈਂ ਦੀ ਸਬਲ ਸਾਧਨਾਂ,
ਨਿਰਬਲ ਕਿਸੇ ਨੇ ਕੀਤੀ?
ਕਿਸ ਤ੍ਰਿਪਤੀ ਨੇ, ਰੁੱਤ-ਗੇੜ ਵਿਚ,
ਤ੍ਰਿਸ਼ਨਾਂ ਦੀ ਲੋਅ ਡੀਕੀ?
ਯੁੱਗਾਂ ਦੀ ਅਕੱਥ ਕਥਾ ਹੈ,
ਛਿਣ, ਛਿਣ ਦੀ ਖਾਮੋਸ਼ੀ!
ਕੋਈ ਸਿਰਜੇ ਕਿਵੇਂ ਖਾਮੋਸ਼ੀ???
(ਪਰ-ਖਿਆਲਾਂ=ਦੂਜੇ ਦੇ ਖਿਆਲਾਂ, ਸਵੈ-ਵਿਚਰਨ=ਆਪਣੇ
ਵਿਚ ਵਿਚਰਨ, ਨਿਰ-ਅੰਕ=ਅੰਕਾਂ ਜਾਂ ਨੰਬਰਾਂ ਤੋਂ ਬਿਨਾਂ,
ਤ੍ਰੈ-ਕਾਲੀ=ਤਿੰਨ ਕਾਲੇ ਜਾਂ ਭੂਤ, ਵਰਤਮਾਨ ਤੇ ਭਵਿੱਖ ਵਾਲੇ)
12. ਮੌਨ ਹਾਦਸੇ
ਰੁੰਡ ਬਿਰਛਾਂ ਹੇਠ ਪੱਤੇ ਸਰਸਰਾਏ,
ਕਿਸ ਤਰ੍ਹਾਂ ਹਵਾ ਨੂੰ ਕੋਈ ਬੰਨ੍ਹ ਬਹਾਏ?
ਕੰਨ ਖਾਂਦੇ ਪੱਤਝੜੀ ਸੰਗੀਤ ਦੀ,
ਭੁਰ ਰਹੀ ਇਸ ਰੁੱਤ ਤੋਂ,
ਜਾਂ ਬਚਕੇ ਆਪਣੇ ਆਪ ਤੋਂ,
ਅੱਜ ਕੋਈ ਕਿੱਥੇ ਨੂੰ ਜਾਏ?
ਚਿਮਨੀਆਂ ਦੇ ਨਾਗ-ਵਲ ਖਾਂਦੇ ਹੋਏ ਧੂਏਂ ਤੋਂ ਦੂਰ:
ਇਹ ਨਿਪੱਤਰੇ ਰੁੱਖ,
ਲੁੰਞੀ ਛਾਂ,
ਉਦਾਸੀ ਧੁੱਪ-
ਖੁਸ਼ਕ ਛੱਪੜ 'ਚ ਡੁੱਬਦੀ ਚੁੱਪ ਵਿਚ,
ਸਮੇਂ ਦਾ ਇਕ ਛਿਣ ਹੀ ਜਾਪੇ,
ਫੈਲ ਕੇ ਰੁਕਿਆ ਹੋਇਆ!
ਜ਼ਿਹਨ 'ਤੇ ਪਰਬਤ ਖਲਾਅ ਦਾ,
ਤਣ ਕੇ ਅੱਜ ਝੁੱਕਿਆ ਹੋਇਆ!
ਸਹਿਕਰਮੀਆਂ, ਸਹਿਧਰਮੀਆਂ ਦੀ ਥਿਰ ਗਤੀ,
ਗ਼ਮਜ਼ਦਾ ਹਿਰਦੇ ਤੇ ਉੱਜੜੇ ਨੈਣ ਨਕਸ਼,
ਹੋਠ ਸੁੰਨੇ, ਸੁੰਨ ਖਿਆਲ;
ਖੋਖਲੇ ਮੂੰਹਾਂ ਦੀ ਊਣੀ ਬੋਲ ਚਾਲ-
ਕੌਣ ਨਹੀਂ ਜੁ ਜਜ਼ਬਿਆਂ ਦੀ ਦੇ ਬਲੀ,
ਬਣ ਰਿਹਾ ਅੱਜ ਏਸ ਰੁੱਤ ਦਾ ਹੀ ਭਿਆਲ ?
ਆਪਣੇ ਸਹਿਕਰਮੀਆਂ ਦੇ ਚਿਹਰਿਆਂ ਤੋਂ
ਇਸ ਤਰ੍ਹਾਂ ਲੱਗੇ ਜਿਵੇਂ ਇਕ ਦਿਨ ਹੀ,
ਆਪਣੇ ਆਪੇ ਨੂੰ ਹੈ ਦੁਹਰਾ ਰਿਹਾ!
ਇਕ ਦਿਨ ਦਾ ਇਹ ਸਫਰ ਹੀ ਬਾਰ, ਬਾਰ,
ਉਮਰ ਦੀ ਰੇਖਾ ਨੂੰ ਟੁਕ, ਟੁਕ ਖਾ ਰਿਹਾ
ਤੇ ਹਿਰਾਸੇ ਚਿਹਰਿਆਂ 'ਤੇ,
ਭੈ ਵਿਚ ਤਣਿਆਂ ਹੋਇਆ
ਇਕ ਸਹਿਮ ਜਿਹਾ ਛਾ ਰਿਹਾ!
ਇਸ ਸਮੇਂ,
ਮਾਹੌਲ ਦੀ ਇਕਾਂਗਿਤਾ 'ਚੋਂ ਨਿੰਮਦਾ,
ਮੌਨ ਉੱਤੇ ਮੌਨ ਧਾਰੀ, ਹਾਦਸੇ 'ਤੇ ਹਾਦਸਾ-
ਅੰਦਰੇ ਅੰਦਰ ਹੀ ਜੀਵਨ ਨੂੰ ਜਿਵੇਂ,
ਰੋਗ ਧੀਮੀਂ ਮੌਤ੪. ਦਾ ਹੈ ਲਾ ਰਿਹਾ!
ਏਸ ਰੁੱਤੇ-
ਹਰ ਦ੍ਰਿਸ਼ ਜਦ ਜਾਪਦਾ ਨਜ਼ਰਾਂ ਨੂੰ ਸੂਲ,
ਸ਼ੁਕਰ ਹੈ ਕਿ
ਐ ਮੇਰੀ ਸੱਜਣੀ ਤੂੰ ਮੈਥੋਂ ਦੂਰ ਹੈਂ!
(ਸਹਿਕਰਮੀਆਂ=Colleagues, ਸਹਿਧਰਮੀਆਂ=
ਹਮ-ਖਿਆਲ਼, ਭਿਆਲ=Partner, ਧੀਮੀਂ ਮੌਤ=
Slow Death)
13. ਧੂੰਆਂ
ਹੋਂਦ ਆਪਣੀ ਨੂੰ ਮੈਂ ਸਮਝਣ
ਦਾ ਯਤਨ ਫਿਰ ਕਰ ਰਿਹਾ ਹਾਂ
ਫੇਰ ਧੂੰਆਂ ਫੜ ਰਿਹਾ ਹਾਂ!
ਪਿਛਲੀਆਂ ਪੈੜਾਂ,
ਤੁਰਦੇ ਪੈਰਾਂ,
ਆਉਣ-ਸਮੇਂ ਵਲ ਜਾਂਦੀਆਂ ਨਜ਼ਰਾਂ,
ਇਕ ਚੌਖਟ ਵਿਚ ਜੜ ਰਿਹਾ ਹਾਂ!
ਜੀਵਨ ਤੋਂ ਮੈਂ ਸੱਖਣਾਂ ਵੀ ਨਾਂ,
ਨਾਂ ਹੀ ਮੌਤ-ਵਿਹੂਣਾ ਜਾਪਾਂ,
ਕਿਸ 'ਵਸਥਾ ਨੂੰ ਵਰ ਰਿਹਾ ਹਾਂ?
ਮਿੱਟੀਓਂ ਉੱਸਰੀ ਸਿਖਰ ਦੇ ਉੱਤੋਂ-
ਝਰਨਾਂ ਹਾਂ ਇਕ,
ਝਰ ਰਿਹਾ ਹਾਂ!
ਪਰਬਤ ਹਾਂ ਇਕ,
ਖਰ ਰਿਹਾ ਹਾਂ!
ਕੁਲ ਪ੍ਰਿਥਵੀ ਰੰਗ-ਭੂਮੀਂ ਮੇਰੀ,
ਹਵਾ ਵਾਂਗ ਸਾਹਾਂ ਦੀ ਕਿਰਿਆ,
ਅਣ, ਕਣ 'ਤੇ ਮੈਂ ਧਰ ਰਿਹਾ ਹਾਂ!
ਉਮਰ ਦੀ ਪ੍ਰਕ੍ਰਿਤੀ ਨੂੰ ਸ਼ਾਇਦ,
ਸ਼ਬਨਮ ਦੀ ਹੋਣੀ 'ਚੋਂ ਪਕੜਨ
ਦਾ ਯਤਨ ਵੀ ਕਰ ਰਿਹਾ ਹਾਂ!
ਫੇਰ ਧੂੰਆਂ ਫੜ ਰਿਹਾ ਹਾਂ!!!
(ਹੋਂਦ=ਅਸਤਿਤਵ(Existence),
'ਵਸਥਾ=ਅਵਸਥਾ,ਹਾਲਤ)
14. ਪ੍ਰਕਰਮਾਂ
ਸੱਜਣਾਂ ਜੀ! ਅਸੀਂ ਫੇਰ ਤਿਹਾਏ!
ਹਰ ਪਲ ਬੀਤੇ, ਬੀਤ ਬੀਤ ਕੇ,
ਤੇਹ ਆਪਣੀ ਦੁਹਰਾਏ!
ਤੇਹ ਦੀ ਤ੍ਰਿਪਤੀ ਜੇ ਹੋ ਜਾਵੇ,
ਕੁਲ ਜ਼ਿੰਦਗੀ ਰੁਕ ਜਾਏ!
ਤੇਹ ਵਿਚ ਅਮਲ, ਅਮਲ ਵਿਚ ਤੇਹ ਹੈ,
ਤੇਹ ਤ੍ਰਿਪਤੀ ਭਰਮਾਏ!
ਸ਼ੱਜਣਾ ਜੀ! ਅਸੀਂ ਫੇਰ ਤਿਹਾਏ!
ਆਪਣੀ ਧੁਰੀ ਦੁਆਲੇ ਘੁੰਮ, ਘੁੰਮ,
ਪਵੇ ਨਾਂ ਧਰਤੀ ਮਾਂਦੀ!
ਬੀਤੇ ਰਾਹ 'ਤੇ ਜਿਉਂ ਜਿਉਂ ਜ਼ਿੰਦਗੀ,
ਸੱਜਰੇ ਕਦਮ ਟਿਕਾਂਦੀ,
ਤਿਉਂ, ਤਿਉਂ ਆਪਣੀ ਪ੍ਰਕਰਮਾਂ ਦੇ,
ਅਰਥ ਵੀ ਬਦਲੀ ਜਾਏ!
ਸ਼ੱਜਣਾਂ ਜੀ ਅਸੀਂ ਫੇਰ ਤਿਹਾਏ!
ਦਿਹੁੰ ਰਾਤ ਦੋਏਂ ਕਰਮ 'ਚ ਬੱਝੇ,
ਆਵਣ ਵਾਰੋ ਵਾਰੀ!
ਬਿਣਸ ਬਿਣਸ ਕੇ, ਵਿਗਸ, ਵਿਗਸ ਕੇ,
ਬਣਸਪਤਿ ਨਾਂ ਹਾਰੀ!
ਨਿਸਦਿਨ ਸੂਰਜ-ਰੇਖਾ ਭੋਂ 'ਚੋਂ,
ਭੇਦ ਨਵਾਂ ਕੋਈ ਪਾਏ!
ਸੱਜਣਾ ਜੀ! ਅਸੀਂ ਫੇਰ ਤਿਹਾਏ!
ਇਸ ਬਿੰਦੂ ਤੋਂ ਦੋਵੇਂ ਰੇਖਾਂ,
ਜਿਉਂ ਜਿਉਂ ਵਧਦੀਆਂ ਪਈਆਂ!
ਤਿਉਂ ਤਿਉਂ ਏਸ ਕੋਨ ਦੀਆਂ ਨਜ਼ਰਾਂ,
ਚੌੜੀਆਂ ਹੁੰਦੀਆਂ ਗਈਆਂ!
ਇਸ ਵਿਸ਼ਵਾਸ ਦੀਆਂ ਬਾਹਾਂ ਵਿਚ,
ਸੱਭੇ ਯੁੱਗ ਸਮਾਏ!
ਸ਼ੱਜਣਾ ਜੀ! ਅਸੀਂ ਫੇਰ ਤਿਹਾਏ!!!
15. ਤਸਵੀਰ
ਕਈ ਦਿਨ ਤੋਂ ਇਹ ਚਿੜੀ ਵਿਚਾਰੀ,
ਨਾ ਕੁਝ ਖਾਂਦੀ, ਨਾਂ ਕੁਝ ਪੀਂਦੀ!
ਸ਼ੀਸ਼ੇ ਦੇ ਵਿਚ,
ਅਕਸ ਆਪਣਾ ਵੇਖ, ਵੇਖ ਕੇ,
ਸ਼ੀਸ਼ੇ ਉੱਤੇ ਠੂੰਗੇ ਮਾਰੇ!
ਅਣ-ਛਿੜੀਆਂ ਬਾਤਾਂ ਨੂੰ ਆਪੇ ਭਰੇ ਹੁੰਗਾਰੇ!
ਸ਼ੀਸ਼ਾ ਤਾਂ ਇਕ ਥਲ ਦੀ ਨਿਅਈਂ!
ਚਿੜੀ ਵਿਚਾਰੀ ਇਹ ਕੀ ਜਾਣੇ:
ਅਕਸ ਭਲਾ ਕੀ ਤੇਹ ਮੇਟਣਗੇ?
ਅਕਸ ਭਲਾ ਕੀ ਨਿੱਘ ਦੇਵਣਗੇ?
ਵਿੱਠਾਂ ਦੇ ਨਾਲ ਭਰਿਆ ਸ਼ੀਸ਼ਾ,
ਖੰਡਰਾਂ ਦੀ ਵਿਥਿਆ ਦਾ ਹਾਣੀ ਬਣਿਆਂ ਜਾਪੇ!
ਚਿੜੀ ਵਿਚਾਰੀ,
ਨਾ ਕੁਝ ਖਾਂਦੀ, ਨਾ ਕੁਝ ਪੀਂਦੀ!
ਠੂੰਗੇ ਮਾਰ, ਮਾਰ, ਵਿਚਾਰੀ,
ਅੱਧ-ਮੋਈ ਪਈ ਪਾਸੇ-ਪਰਨੇ!
ਖੁੱਲ੍ਹੀਆਂ ਅੱਖਾਂ ਰੂਪ ਪਛਾਣਨ!
ਚੁੰਜ ਨਾਲ ਚੁੰਜ ਪਰਸਦੀ ਪਈ ਹੈ!
ਮਨ ਦੀ ਹਾਲਤ ਅਜਬ ਜਿਹੀ ਹੈ!
ਸ਼ੀਸ਼ੇ ਕੋਲ ਮੇਰੀ ਪ੍ਰਿਤਮਾਂ ਦੀ,
ਇਕ ਤਾਜ਼ਾ ਤਸਵੀਰ ਪਈ ਹੈ!!!
16. ਅਗਰਬੱਤੀ
ਧੁਖ ਰਹੀ ਹੈ ਅਗਰਬੱਤੀ,
ਫੇਰ ਅੱਜ ਕਮਰੇ ਦੇ ਵਿਚ!
ਮਹਿਕ ਚੰਦਨ ਦੀ,
ਜਿਵੇਂ ਹੈ ਆ ਰਹੀ!
ਸੋਚਦਾਂ, ਕੀ
ਏਸ ਕਮਰੇ ਵਿਚ ਹੈ ਇਸਦਾ ਵਜੂਦ?
ਧੁਖਣ ਹੈ ਜਜ਼ਬਾਤ ਦੀ ਤੇ
ਸੜਨ ਹੈ ਅਹਿਸਾਸ ਦੀ!
ਸ਼ੇਕ ਹੈ ਨਫਰਤ ਜਿਹੀ ਦਾ,
ਏਸ ਚੌਗਿਰਦੇ ਵਿਰੁੱਧ!
ਚਾਰ-ਦੀਵਾਰੀ ਵਿਰੁੱਧ!
ਸਿਸਕ ਰਹੇ ਜਜ਼ਬਾਤ ਇਸਦੇ,
ਵੈਣ ਜਿਹੇ, ਧੂੰਏਂ ਦੇ ਵਿਚ,
ਗੀਤ ਕਹਿ ਲਓ ਇਨ੍ਹਾਂ ਨੂੰ!!!
ਹੋਰ ਕੀ ਹੈ?
"ਬੁਝਣ ਤੋਂ ਚੰਗਾ ਹੈ ਧੁਖਣਾ",
ਹਠ ਇਸ ਦਾ,
ਆਖ ਕੇ, ਧੁਖਦਾ ਪਿਆ ਹੈ!
ਆਖਿਆ ਸੀ, ਤੂੰ ਕਦੇ-
ਸ਼ੱਜਣੀ ਮੇਰੀ,
ਐ ਮੇਰੀ ਪ੍ਰੀਤਮਾਂ :
"ਹੈ ਜ਼ਿੰਦਗੀ ਚੰਦਨ ਦਾ ਰੁੱਖ!"
ਜਾਪਦਾ ਹੈ ਇਸ ਤਰ੍ਹਾਂ,
ਜਿਉਂ ਯਾਦ ਤੇਰੇ ਕਥਨ ਦੀ,
ਧੂੰਏਂ 'ਚ ਘੁਲਦੀ ਜਾ ਰਹੀ!
ਧੁਖ ਰਹੀ ਹੈ ਅਗਰਬੱਤੀ,
ਫੇਰ ਅੱਜ ਕਮਰੇ ਦੇ ਵਿਚ,
ਮਹਿਕ ਚੰਦਨ ਦੀ ਹੈ
ਤਾਂਈਓਂ ਆ ਰਹੀ!!!
17. ਭਟਕਣ-ਮੁਖੀ
ਅੱਜ ਕੇਵਲ ਲੀਕਾਂ ਹੀ ਵਹੀਆਂ,
ਸ਼ਬਦ ਪਕੜ ਨਾ ਹੋਏ!
ਭਾਸ਼ਾ ਦੇ ਦਰ, ਭਾਵਾਂ ਦਾ ਸੱਚ,
ਚੁੱਪ ਚੁਪੀਤਾ ਰੋਏ!
ਮਿਲੇ, ਤਾਂ ਉਦ ਵੀ ਸ਼ਬਦ ਨਹੀਂ ਸਨ,
ਵਿਦਿਆ-ਵੇਲੇ ਫਿਰ ਨਿਰਵਾਣੀ!
ਦਿਲ ਵਿਚ ਸੂਲਾਂ, ਜ਼ਿਹਨ 'ਚ ਫੋੜੇ,
ਅੱਖਾਂ ਪਾਣੀ, ਪਾਣੀ!
ਤੇਰੀ ਵਿਥਿਆ ਅਲਫ ਚਾਨਣੀ,
ਮੇਰੀ ਹੈ ਪਰਛਾਵਾਂ!
ਸੱਟ ਤੇ ਪੀੜ ਦੇ ਰਿਸ਼ਤੇ ਦੇ ਵਿਚ,
ਬੰਨ੍ਹਿਆਂ ਸਾਨੂੰ ਰਾਹਵਾਂ!
ਭਟਕੇ ਸਾਂ, ਕਿ ਫੇਰ ਮਿਲਾਂਗੇ,
ਮਿਲੇ ਹਾਂ, ਫਿਰ ਭਟਕਣ ਲਈ!
ਰਾਹ ਪਾਟਣ ਚਾਹੇ ਉਲਟ ਦਿਸ਼ਾਈਂ,
ਤੁਰਦਾ ਕੌਣ ਰੁਕਣ ਲਈ?
18. ਇਕੱਲ-ਕੈਦ
ਅੰਬਰ ਨੂੰ ਅੱਗ ਲਾ ਕੇ ਤੁਰੀਆਂ,
ਡੁੱਬਦੀਆਂ ਭਾਨ-ਸ਼ੁਆਵਾਂ!
ਜਿੱਧਰ ਵੇਖੋ, ਬਰਫ ਦਾ ਪਹਿਰਾ,
ਵਗਦੀਆਂ ਸੀਤ ਹਵਾਵਾਂ
ਠਾਰ ਅੰਦਰ ਦੀ? ਬਾਹਰ ਦਾ ਮੌਸਮ?
ਭੇਦ ਸਮਝ ਨਾਂ ਆਏ!
ਆਪੇ ਨੂੰ ਭਰਮਾਵਣ ਲਈ, ਮਨ
ਬਰਫ ਨੂੰ ਤੀਲੀ ਲਾਏ!
ਚਿੱਟੀ ਬਰਫ ਤੇ ਕੋਰੇ ਮਨ 'ਤੇ,
ਹਰ ਰੰਗ ਪੈੜ ਬਣੇ!
ਬਰਫ ਦੀ ਰੁੱਤੇ, ਜੋ ਰੁੱਤ ਆਵੇ,
ਸੱਜਰੀ ਪੀੜ ਜਣੇ!
ਅਬਰਕ ਵਾਂਗੂੰ ਝੜਦੀ ਅੰਬਰੋਂ,
ਪੈੜਾਂ ਉੱਤੇ ਪੈਂਦੀ!
ਬਰਫ ਦੀਆਂ ਤਹਿਆਂ ਵਿਚ ਸਾਂਭੀ,
ਪੈੜ ਨਾ ਅੱਜ ਕੱਲ੍ਹ ਢਹਿੰਦੀ!
ਆਵਣ ਵਾਲੇ, ਆਕੇ ਤੁਰ ਗਏ,
ਪੈੜ ਨਾ ਛੱਡਣ 'ਵਾਵਾਂ!
ਯਾਦਾਂ ਵਾਂਗ ਅਨ੍ਹੇਰੀ, ਪਿੱਛੋਂ
ਚੁੱਪ ਦਾ ਸ਼ੋਰ ਦੁਖਾਵਾਂ!
ਕਿਹੜੀਆਂ ਸੋਚਾਂ ਵਿਚ ਜਿੰਦ ਉਲਝੀ?
ਕਿਸ 'ਤੇ ਦੋਸ਼ ਧਰੇ?
ਇਕਲਾਪੇ ਦੀ ਕੈਦ ਹੋਂਦ ਨੂੰ,
ਕਿੱਧਰ ਕੂਚ ਕਰੇ???
19. ਕਤਲ
ਬਰਫ ਨੂੰ ਅੱਗ ਨਹੀਂ ਲੱਗਣੀ,
ਤੀਲ੍ਹੀ ਕਿਉਂ ਬਲਦੀ ਹੈ?
ਪਿੱਠਾਂ ਵਿਚਕਾਰਲਾ ਸੂਰਜ,
ਰੌਸ਼ਨ ਹੈ,
ਰੌਸ਼ਨੀ ਨਹੀਂ ਕਰਦਾ!
ਚਮਗਿੱਦੜ ਨੂੰ ਰਾਤ ਹੀ ਦਿਨ,
ਉੱਲੂ ਨੂੰ ਉਜਾੜ, ਆਬਾਦੀ!
ਪਿੱਠਾਂ ਪਾਟੀਆਂ,
ਚਿਹਰੇ ਬੇਮੁੱਖ ਹੋਏ –
ਰਿਸ਼ਤਿਆਂ ਦੀ ਰੌਸ਼ਨੀ 'ਚ,
ਕਿਸ ਦਾ ਕਤਲ ਹੋਇਆ ਹੈ???
20. ਵਕਤ ਆ ਗਿਆ ਹੈ
ਵਕਤ ਆ ਗਿਆ ਹੈ:
ਪਹੁ ਫਟਣ ਦਾ
ਚਿੜੀਆਂ, ਚਹਿਕਣ ਦਾ
ਕਲੀਆਂ, ਖਿੜਣ ਦਾ
ਪੌਣਾਂ, ਰੁਮਕਣ ਦਾ
ਟਹਿਣੀਆਂ, ਝੂਲਣ ਦਾ
ਕਿਰਨਾਂ, ਮਹਿਕਣ ਦਾ
ਫੁੱਲਾਂ, ਟਹਿਕਣ ਦਾ –
ਹਾਂ, ਵਕਤ ਆ ਗਿਆ ਹੈ:
ਵਕਤ ਰੋਜ਼ ਆਉਂਦਾ ਹੈ,
ਪਰ ਹੁੰਦਾ ਕੁਝ ਵੀ ਨਹੀਂ!!!
21. ਚਲੋ ਚੱਲੀਏ
ਚਲੋ ਚੱਲੀਏ,
ਸ਼ਹਿਰ ਨੂੰ ਅੱਗ ਲਾ ਕੇ,
ਵਣ ਹਰੇ ਕਰੀਏ!
ਇੱਟਾਂ ਪੱਥਰ ਚਿਣੇ ਸਨ,
ਮਨ ਨੂੰ, ਘਰ ਬਨਾਵਣ ਲਈ!
ਬਰਸ ਪਏ,
ਸਾਡੇ 'ਤੇ –
ਚਾਰ ਦੀਵਾਰੀ 'ਚ ਇਹ!
ਦੀਵਾਰਾਂ ਬਾਹਰ ਸਨ,
ਦੀਵਾਰਾਂ ਅੰਦਰ ਹਨ!
ਹਰ ਦੂਜੇ ਦੇ ਮੂੰਹ 'ਤੇ ਹੀ ਨਹੀਂ,
ਹਰ ਆਪਣੇ ਮੂੰਹ 'ਤੇ ਵੀ ਸੰਦੇਹ ਹੈ!
ਹਰ ਆਪਣਾ ਚਿਹਰਾ ਵੀ, ਕੇਵਲ
ਆਪ ਤਕ ਸੀਮਤ!
ਏਸ ਤੋਂ ਪਹਿਲਾਂ ਕਿ ਤਿੜਕੇ ਚਾਰ-ਦੀਵਾਰੀ,
ਨਿਗੂਣੇ ਕੰਕਰਾਂ ਵਿਚ:
ਦੂਰ, ਦੂਰ –
ਕੋਲ, ਕੋਲ –
ਚਲੋ ਚੱਲੀਏ,
ਸ਼ਹਿਰ ਨੂੰ ਅੱਗ ਲਾ ਕੇ,
ਵਣ ਹਰੇ ਕਰੀਏ!!!
(ਵਿਦਿਆ-ਵੇਲੇ=ਵਿਛੜਨ ਸਮੇਂ, ਨਿਰਵਾਣੀ=ਚੁੱਪ,
ਭਾਨ-ਸ਼ੁਆਵਾਂ=ਸੂਰਜ ਦੀਆਂ ਕਿਰਨਾਂ)
22. ਬੋਧ-ਰੁੱਤ
ਬੁਜਕੀ ਚੁੱਕਕੇ ਜਿੱਧਰ ਜਾਵਾਂ,
ਤਨ ਨੂੰ ਟੁੱਕਰ ਮਿਲ ਜਾਂਦਾ ਹੈ,
ਮਨ ਦੀ ਬਾਤ ਨਹੀਂ ਬਣਦੀ!
ਵਾਂਗ ਅਵਾਸੀ ਜੀਵਨ ਬਣਿਆਂ,
ਦੇਸ ਬਦੇਸ ਨਗਰ ਵਣ ਭੰਵਿਆਂ,
ਭੋਂ ਉੱਤੇ ਆਕਾਸ਼ ਦੇ ਹੇਠਾਂ,
ਮੈਂ ਜਿਉਂ ਭਰਮ-ਜਲਾਂ ਦਾ ਜਣਿਆਂ!
ਵਾਟਾਂ ਦੇ ਮੂੰਹ, ਪੈਰ ਗੰਵਾਕੇ,
ਜੂਨ ਬੇਗਾਨੀ, ਜਿੰਦ ਹੰਢਾਕੇ,
ਕੰਨੀਂ ਖਬਰ ਹੈ ਹਾਰੇ ਰਣ ਦੀ!
ਤਨ ਨੇ ਜਿੰਨੇ ਜਿਸਮ ਹੰਢਾਏ,
ਮਨ ਨੇ ਉੰਨੇ ਬੋਝ ਉਠਾਏ!
ਹਰ ਨਾਤਾ ਇਕ ਪਰਬਤ, ਮਨ ਨੂੰ,
ਤਨ ਦੇ ਵਸਤਰ ਮੇਚ ਨਾ ਆਏ!
ਹਰ ਦੇਹ ਵਿਚ ਇਕ ਚੋਲਾ ਲਾਹਕੇ,
ਹਰ ਦੇਹ 'ਚੋਂ ਹੀ ਤ੍ਰਿਸ਼ਨਾ ਪਾ ਕੇ,
ਤਾਣੀ ਉਲਝੀ, ਸੁਲਝੇ ਮਨ ਦੀ!
ਮੈਂ ਬਿਨ, ਮੇਰੀ ਬਾਤ ਨਹੀਂ ਹੈ,
ਮੈਂ ਬਿਨ, ਕੋਈ ਸਾਥ ਨਹੀਂ ਹੈ,
ਮੈਂ ਬਿਨ, ਹਸਤੀ, ਬੇਪ੍ਰਤੀਤੀ-
ਸੂਰਜ ਨਹੀਂ ਹੈ, ਰਾਤ ਨਹੀਂ ਹੈ!
ਮੈਂ ਵਿਚ ਬੋਧ-ਰੁੱਤ ਉਦ ਆਈ,
ਸਗਲੀ ਉਮਰਾ ਖਰਚ ਗੁਆ, ਜਦ
ਬਣਵਾਸੀ ਗੱਲ ਆਪਣੇਪਨ ਦੀ!
ਬੁਜਕੀ ਚੁੱਕਕੇ ਜਿੱਧਰ ਜਾਵਾਂ,
ਤਨ ਨੂੰ ਟੁੱਕਰ ਮਿਲ ਜਾਂਦਾ ਹੈ,
ਮਨ ਦੀ ਬਾਤ ਨਹੀਂ ਬਣਦੀ!
23. ਸ਼ੋਰ
ਸ਼ੋਰ ਹੈ,
ਆਵਾਜ਼ ਸੁਣਾਈ ਨਹੀਂ ਦਿੰਦੀ!
ਦੁਨੀਆਂ ਆਉਂਦੀ ਹੈ,
ਮੇਰੇ 'ਚੋਂ ਰੋਜ਼ ਲੰਘਦੀ ਹੈ,
ਇਕ ਭੀੜ ਜਿਹੀ –
ਐਟਮ ਤੋਂ ਐਟਮ-ਧੂੜ ਤਕ,
ਫੈਲਦੀ, ਫਟਦੀ, ਬਿਖਰ ਜਾਂਦੀ!
ਨਹੀਂ,
ਨਹੀਂ ਮਿਲਦਾ,
ਸਬੂਤਾ ਆਪ ਨਹੀਂ ਮਿਲਦਾ!
ਸ਼ੋਰ ਹੈ,
ਆਵਾਜ਼ ਸੁਣਾਈ ਨਹੀਂ ਦਿੰਦੀ!!!
24. ਨਵਾਂ ਵਰ੍ਹਾ: ਲਾ-ਪਤਾ
ਕੰਨ ਖੜ੍ਹੇ ਹੋ ਜਾਂਦੇ ਹਨ
ਤੀਬਰ ਅਹਿਸਾਸ ਹੇਠ
ਨੀਝ ਲਾਇਆਂ ਵੀ ਕੋਈ ਚਿਹਰਾ
ਵਿਖਾਈ ਨਹੀਂ ਦਿੰਦਾ
ਆਵਾਜ਼ ਨਹੀਂ ਸੁਣਦੀ
ਵਰ੍ਹਿਆਂ ਦੀ ਧੂੜ ਹੇਠ
ਮੰਤਵ, ਦਿਸ਼ਾ, ਅਰਥ, ਸਭ
ਦਬ ਜਾਂਦੇ ਹਨ
ਸਮੇਂ ਤੇ ਸਫਰ ਦੀਆਂ ਖਿੱਚਾਂ ਵਿੱਚ
ਚਿਹਰਾ ਤੇ ਨਕਸ਼
ਝੁਰੜੀ, ਝੁਰੜੀ ਹੋਏ
ਫਟ ਜਾਂਦੇ ਹਨ
ਇਕ ਖਲਾਅ ਜਿਹੀ ਵਿਚ
ਮੇਰਾ ਅੰਧਲਾਪਨ
ਆਪਣੇ ਆਪ ਦੇ ਨਾਲ
ਟੱਕਰਾਂ ਮਾਰਦਾ, ਵੇਖਦਾ ਹੈ:
ਪਹਾੜ ਡਿੱਗ ਪਿਆ ਹੈ
ਦਰਿਆ ਰੁੱਕ ਗਿਆ ਹੈ
ਸਾਗਰ ਸੁੱਕ ਗਿਆ ਹੈ
ਅੰਬਰ ਝੁੱਕ ਗਿਆ ਹੈ
ਏਸ ਵਰੇਸੇ ਹੀ ਕਈ ਵਾਰ
ਯਾਦ ਕੀਤਿਆਂ ਵੀ
ਆਪਣਾ ਨਾਮ,
ਪਤਾ ਤੇ ਫੋਨ ਨੰਬਰ
ਯਾਦ ਨਹੀਂ ਆਉਂਦੇ
ਛਿਣ ਦੀ ਛਿਣ, ਬੰਦਾ
ਤੇ ਉਸਦਾ
ਹਰ ਨਵਾਂ ਵਰ੍ਹਾ,
ਹਵਾ ਵਿੱਚ ਹਵਾ ਹੋ ਜਾਂਦਾ ਹੈ!
ਆਪਣੇ ਆਪ ਅੰਦਰ,
ਲਾ-ਪਤਾ ਹੋ,
ਖੜੋ ਜਾਂਦਾ ਹੈ!!!
25. ਸਟਿੱਲ ਲਾਈਫ ਪੇਂਟਿੰਗ
ਥੋੜ੍ਹਾ ਜਿਹਾ ਮੀਂਹ ਵੱਸਿਆ -
ਤੇ ਹੁਣ ਹੁੰਮਸ ਜਿਹਾ ਹੋ ਗਿਆ ਹੈ!
ਦਮ ਘੁੱਟਦਾ ਹੈ,
ਦਿਲ ਟੁੱਟਦਾ ਹੈ!
ਗਰਦ ਤੇ ਗਹਿਰ
ਧਰਤ, ਅਸਮਾਨ ਇਕ ਕਰੀ ਬੈਠੀ ਹੈ,
ਹਵਾ ਵੀ ਸਾਹ ਤਕ ਨਹੀਂ ਲੈ ਰਹੀ!
ਨੀਮ-ਚਾਨਣੇ ਨੂੰ ਜਿਵੇਂ
ਪੀਲੀਆ ਹੋ ਗਿਆ ਹੋਵੇ!
ਪੱਤਾ ਤਕ ਨਹੀਂ ਹਿੱਲਦਾ -
ਕਿਧਰੇ ਕੋਈ ਬੋਲ,
ਸੁਰ ਸੰਗੀਤ ਨਹੀਂ ਹੈ!
ਇਕ ਅਪਰਿਭਾਸ਼ਤ ਜਿਹੀ
ਜਾਨ-ਲੇਵਾ ਖਾਮੋਸ਼ੀ,
ਸਵੈ-ਵਿਖਾਰੂ ਪਰਬਤ ਵਾਂਗ,
ਚਾਰ ਚੁਫੇਰਿਓਂ
ਬਰਸ ਰਹੀ ਹੈ
ਮਨ, ਦਿਲ, ਦਿਮਾਗ ‘ਤੇ!
ਇਤਨੇ ਪੱਛ ਹਨ ਕਿ ਇਨ੍ਹਾਂ ਦੀ ਪਹਿਚਾਣ ਨਹੀਂ ਹੁੰਦੀ,
ਇਹ ਉਹ ਜ਼ਖਮ ਹਨ ਜੋ ਫੈਲ ਕੇ ਵਜੂਦ ‘ਤੇ,
ਆਪ ਵਜੂਦ ਬਣੀ ਬੈਠੇ ਹਨ!
ਕੋਈ ਆਹ
ਕੋਈ ਸਿਸਕੀ
ਕੋਈ ਰੁਦਨ
ਕੋਈ ਹਉਕਾ -
ਕੁਝ ਨਹੀਂ ਸੁਣਦਾ!
ਤੇਰੀ ਫੋਨ-ਵਿਦਾ ਤੋਂ ਬਾਅਦ
ਜਾਪਦਾ ਹੈ ਇਹ ਹੀ ਇਕ ਨਜ਼ਾਰਾ:
ਹੁੰਮਸ ਦੇ ਸਵੈ-ਵਿਖਾਰੂ
ਬਿੰਬਾਂ ਦੀ ਖਾਮੋਸ਼ ਗੜ੍ਹੇ-ਮਾਰ ਸਹਿ ਰਹੀ
ਸਟਿੱਲ ਲਾਈਫ ਪੇਂਟਿੰਗ ਦਾ -
ਅੱਖਾਂ ਨੂੰ
ਸਦਾ ਲਈ ਚਿਪਕ ਕੇ ਰਹਿ ਗਿਆ ਹੈ!
ਥੋੜ੍ਹਾ ਜਿਹਾ ਮੀਂਹ ਵੱਸਿਆ,
ਤੇ ਹੁਣ ਹੁੰਮਸ ਜਿਹਾ ਹੋ ਗਿਆ ਹੈ!
26. ਉੱਤਰ-ਮਾਰਕਸਵਾਦ
ਸਟਾਲਨ ਦੇ ਘਰ ਨਿਕਸਨ ਜੰਮਿਆਂ ਹੈ
ਤੇ ਮਾਓ ਦੇ ਘਰ ਚਰਚਲ।
ਵਿਸ਼ਵੀਕਰਨ ਦੀ ਕਿਰਿਆ ਵਿਚ,
ਸਭ ਕੁਝ ਗਡ ਮਡ, ਉਲਝ ਗਿਆ ਹੈ।
ਸਮਾਜਵਾਦ ਦੀ ਤਾਸੀਰ ਬਦਲ ਗਈ ਹੈ,
ਸ਼ਾਮਰਾਜਵਾਦ ਵੀ ਉਹ ਨਹੀਂ ਰਿਹਾ।
ਇਹ ਨਵ-ਬਸਤੀਵਾਦੀ ਯੁੱਗ ਹੈ,
ਬਹੁ-ਰਾਸ਼ਟਰੀ ਕੰਪਨੀਆਂ ਦੇ ਹੱਥ,
ਆਰਥਕ ਸੱਤਾ ਦੀ ਡੋਰ ਹੈ।
ਕੱਠਪੁਤਲੀਆਂ ਵਾਂਗ,
ਸਭ ਦੇਸ਼ਾਂ ਦੇ,
ਸੱਤਾਧਾਰੀ ਹਿੱਲਦੇ ਹਨ,
ਚਿਹਰੇ ਮੁਸਕਰਾਉਂਦੇ, ਹੱਥ ਮਿਲਦੇ ਹਨ।
ਚੀਨ ਵਿਚ, ਦਰਜਾ-ਬਦਰਜਾ,
ਉਦਯੋਗਪਤੀ ਜਾਂ ਰਾਸ਼ਟਰ
ਪੂੰਜੀ ਦੀਆਂ ਪੌੜੀਆਂ ਚੜ੍ਹ ਰਿਹਾ ਹੈ।
ਘਟ ਵੇਤਨ, ਵੱਧ ਬੋਝ ਹੇਠ,
ਚੀਨੀ ਮਜ਼ਦੂਰ,
ਪਿਸ ਰਿਹਾ ਹੈ, ਮਰ ਰਿਹਾ ਹੈ।
ਚੀਨ ਵਾਂਗ ਹੀ,
ਰੂਸ ਵਿਚ ਵੀ, ਅਸਾਂਵੀਂ ਵੰਡ ਹੈ।
ਤਸਕਰੀ, ਦੇਹ-ਵਪਾਰ, ਗੈਂਗ-ਯੁੱਧ,
ਘਪਲਾ, ਰਿਸ਼ਵਤ, ਲਿੰਗ-ਰੋਗ,
ਜੁਰਮ ਦਾ ਸਾਮਰਾਜੀ ਦੌਰ ਹੈ।
ਮਾਰਕਸ ਦੇ ਘਰ,
ਮਾਰਕਸਵਾਦ ਜੰਮਿਆਂ ਸੀ:
“ਹਰ ਕਿਸੇ ਨੂੰ ਉਸ ਦੀ ਲੋੜ ਅਨੁਸਾਰ ਦੇਣ, ਤੇ
ਹਰ ਕਿਸੇ ਤੋਂ ਉਸ ਦੀ ਯੋਗਤਾ, ਸਮਰੱਥਾ ਅਨੁਸਾਰ ਲੈਣ ਲਈ।”
ਪਰ ਇੰਜ ਕਦੇ ਵੀ ਨਾਂ ਹੋਇਆ!!!!!!
ਮਾਰਕਸਵਾਦ ਤੋਂ ਬਾਅਦ,
ਸਟਾਲਨ ਤੇ ਮਾਓ, ਉਸ ਦੀ
ਨਾਜਾਇਜ਼ ਔਲਾਦ ਵਰਗੇ ਜਾਪਦੇ ਹਨ।
ਰੂਸ ਤੇ ਚੀਨ ਦੇ ਨਾਬਰਾਬਰੀ ਵਾਲੇ,
ਤਾਨਾਸ਼ਾਹੀ ਰਾਜ-ਪ੍ਰਬੰਧ,
ਮਾਰਕਸ ਦਾ ਸੁਫਨਾਂ ਨਹੀਂ ਸਨ!!!!
27. ਗੰਢਾਂ
ਗੰਢ-ਤੁੱਪ ਦੇ ਵਿਚ ਬੀਤੇ ਜੀਵਨ
ਗੰਢ-ਤੁੱਪ ਵਿਚ ਸਭ ਰਿਸ਼ਤੇ
ਤਨ ਵਿਚ ਗੰਢਾਂ, ਮਨ ਵਿਚ ਗੰਢਾਂ
ਗੰਢਾਂ ਵਸਤਰ, ਗੰਢਾਂ ਵਾਣੀ
ਗੰਢਾਂ ਹੇਠ ਅਲੋਪ ਹੈ ਵਸਤੂ
ਗੰਢੀਂ ਉਲਝੀ ਸਗਲ ਕਹਾਣੀ
ਗੰਢਾਂ ਦੇ ਵਿਚ ਘੁੱਟਿਆ ਆਪਾ
ਗੰਢਾਂ ਵਿਚ ਬੱਝੀ ਹੈ ਆਜ਼ਾਦੀ
ਗਲ ਵਿਚ ਗੰਢਾਂ, ਜੀਭ ‘ਚ ਗੰਢਾਂ
ਦਿਲ ਵਿਚ ਗੰਢਾਂ, ਸੋਚ ‘ਚ ਗੰਢਾਂ
ਗੰਢ ਦੀ ਜੂਨ ਭੁਗਤਦੇ ਪ੍ਰਾਣੀ
ਸੁਫਨੇ ਗੰਢਾਂ, ਹੋਸ਼ ‘ਚ ਗੰਢਾਂ
ਹੁਣ ਜਦ ਤੇਰਾ ਚੇਤਾ ਆਵੇ
ਗੰਢੀਂ ਬੱਝਾ ਜਿਸਮ ਦਿਸੇ ਬੱਸ
ਤੂੰ ਕਿਧਰੇ ਵੀ ਨਜ਼ਰ ਨਾਂ ਆਵੇਂ
ਤੇਰੇ ਅੰਦਰ: ਹੀਰ ‘ਚ ਗੰਢਾਂ
ਪਤਨੀ ਦੇ ਖਮੀਰ ‘ਚ ਗੰਢਾਂ
ਤੇਰੀ ਹਰ ਤਸਵੀਰ ‘ਚ ਗੰਢਾਂ
ਧਰਤੀ ਤੋਂ ਅਸਮਾਨ ਛੂਹ ਰਹੇ
ਸ਼ੀਸ਼ਿਆਂ ਦੇ ਇਸ ਜੰਗਲ ਅੰਦਰ
ਗੰਢ ‘ਚੋਂ ਗੰਢ ਦੇ ਫੁੱਟਣ ਵਾਂਗੂੰ
ਬਿੰਬ ‘ਚੋਂ ਬਿੰਬ ਨਿਕਲਦੇ ਆਵਣ
ਗੰਢੋ ਗੰਢੀ ਤੁਰਦੇ ਜਾਈਏ
ਘੁੱਟਦੇ, ਟੁੱਟਦੇ, ਭੁਰਦੇ ਜਾਈਏ
ਦਰ ਵਿਚ ਵੀ, ਦੀਵਾਰ ‘ਚ ਗੰਢਾਂ
ਮੰਦਰ, ਗੁਰੁ-ਦਵਾਰ ‘ਚ ਗੰਢਾਂ
ਸਿਸਟਮ ਉਲਝੇ, ਉਲਝੀ ਨੀਤੀ
ਵਾਦ ‘ਚ ਵੀ, ਵਿਚਾਰ ‘ਚ ਗੰਢਾਂ
ਹਰ ਪ੍ਰਾਣੀ ਗੰਢਾਂ ਦਾ ਗੁੰਬਦ
ਉਲਝ ਗਿਆ, ਸੰਸਾਰ ‘ਚ ਗੰਢਾਂ!
28. ਖੁੱਲ੍ਹੇ ਅਸਮਾਨ
ਪਿੰਜਰੇ ਬੀਜੋ, ਪਿੰਜਰੇ ਪਾਓ
ਏਧਰ, ਓਧਰ, ਜਿੱਧਰ ਜਾਓ
ਪਿੰਜਰਾ, ਪਿੰਜਰਾ ਕਿਰਦੇ ਜਾਓ
ਪਿੰਜਰਿਆਂ ਅੰਦਰ, ਪਿੰਜਰੇ ਵੱਸਦੇ
ਪਿੰਜਰਿਆਂ ਦਾ ਹਰ ਤਰਫ ਘਿਰਾਓ
ਸੋਚ ‘ਚ ਪਿੰਜਰਾ, ਸ਼ਬਦ ‘ਚ ਪਿੰਜਰਾ
ਹੋਸ਼ ‘ਚ ਪਿੰਜਰਾ, ਅਰਥ ‘ਚ ਪਿੰਜਰਾ
ਖੰਭਾਂ ਦਾ ਸਮ-ਅਰਥ ਨਾਂ ਪਿੰਜਰਾ
ਰਿਸ਼ਤੇ ਵਿਚ ਬੱਝੇ ਨਾਂ ਆਜ਼ਾਦੀ
ਸੱਤ ਰੰਗ ਦੀਵਾਰਾਂ ‘ਤੇ ਕਰ ਲਓ
ਰਿਸ਼ਤੇ ਦਾ ਕੋਈ ਨਾਂ ਧਰ ਲਓ
ਨਾਵਾਂ ਵਿਚ ਬੱਝੇ ਨਾਂ ਆਜ਼ਾਦੀ
ਸਹਿਜ-ਸਮਝ ਦੀ ਬਾਤ ਅਲਹਿਦੀ
ਖੰਭਾਂ ਨੂੰ ਰੰਗ ਨਹੀਂ ਲੋੜੀਦੇ,
ਲੋੜੀਦੇ ਖੁੱਲ੍ਹੇ ਅਸਮਾਨ
ਸੂਰਜ ‘ਚੋਂ ਰੰਗ ਕਿਰ, ਕਿਰ ਪੈਣੇ
ਖੰਭਾਂ ਨੇ ਜਦ ਭਰੀ ਉਡਾਣ
ਮਹਿਕਾਂ ਨੇ ਜਦ ਪੌਣਾਂ ਦੇ ਵਿਚ
ਸ਼ਵਾਸ ਲਿਆ, ਹੋਈਆਂ ਇਕ ਜਾਨ
29. ਟਿਕਾਅ
ਕੁਝ ਬਾਹਰੀ ਨਜ਼ਾਰਿਆਂ ‘ਚ ਖੋਇਆ
ਕੁਝ ਅੰਦਰ ਦੇ ਨਸ਼ੇ ‘ਚ ਮਸਤ
ਉੱਡਦਾ ਉੱਡਦਾ ਪੰਛੀ
ਅਜਾਣੇ ਹੀ
ਡਾਰ ਤੋਂ ਅਲੱਗ ਹੋ ਗਿਆ!
ਦੂਰ ਦੂਰ ਤਕ ਪਰਬਤ ਹਨ
ਖੱਡਾਂ, ਖਾਈਆਂ ਤੇ ਵਾਦੀਆਂ ਹਨ
ਕਦੇ ਨਿਰਮਲ, ਕਦੇ ਘਟਾਟੋਪ ਆਕਾਸ਼ ਹੇਠ
ਚਿੱਟੀਆਂ ਬਰਫਾਂ, ਵਗਦੀਆਂ ਨਦੀਆਂ,
ਥਿਰ ਝੀਲਾਂ ਹਨ!
ਪੰਛੀ ਨੇ ਪਰਬਤ ਦੀ ਉਚਾਈ
ਆਪਣੇ ਅੰਦਰ ਵਸਾ ਲਈ ਹੈ -
ਉਹ ਇਸ ਤੋਂ ਹੇਠਾਂ ਨਹੀਂ ਆਉਣਾ ਚਾਹੁੰਦਾ!
ਉਹ ਬਾਰ, ਬਾਰ ਪਰਬਤ ਵਲੋਂ
ਅਥਾਹ ਅੰਬਰ ਵਲਾਂ ਤਕਦਾ ਹੈ
ਪਰ ਆਪਣੇ ਆਪ ਤੋਂ,
ਉੱਚਾ ਨਹੀਂ ਉੱਠ ਸਕਦਾ!
ਇਕਸਾਰ ਟਿਕਾਅ ਜਿਹੇ ਵਿਚ ਉਸ ਦੀ ਉਡਾਣ
ਨਾਂ ਭੋਂ ਦੀ ਬਣੀ
ਨਾਂ ਆਪੇ ਤੋਂ ਉਚੇਰੇ ਆਕਾਸ਼ ਦੀ!
ਉਹ ਲਗਾਤਾਰ: ਅੰਦਰ ਤੇ ਬਾਹਰ
ਖਲਾਅ ‘ਚ ਵਿਅਸਤ ਹੋ ਰਿਹਾ ਹੈ!!!
30. ਮੁੰਡੇ ਕੁੜੀਆਂ
ਧੁੱਪ ਚੜ੍ਹੀ ਹੈ
ਭੋਂ ਤਪਦੀ ਹੈ
ਮੁੰਡੇ ਕੁੜੀਆਂ
ਝੱਗੇ ਲਾਹੀ
ਦੌੜਨ ਭੱਝਣ
ਇਕ ਦੂਜੇ ‘ਤੇ
ਪਾਣੀ ਸੁੱਟਣ
ਮੰਨਣ, ਰੁੱਸਣ
ਪਰ ਨਾਂ ਘਟਦੀ
ਤਪਸ਼ ਮਨਾਂ ਦੀ
ਜਿਸਮਾਂ ਦੀ ਤੇਹ
ਇਸ ਵਾਦੀ ਦੇ
ਸਿਰ ‘ਤੇ ਪਰਬਤ
ਬਰਫੀਲੀ ਟੀਸੀ ‘ਚੋਂ ਤੱਕੇ:
ਧਰਤੀ, ਸੂਰਜ,
ਮੁੰਡੇ, ਕੁੜੀਆਂ,
ਵਣ, ਤ੍ਰਿਣ,
ਜੰਤ, ਪੰਖੇਰੂ..
ਤੇ ਹੱਸਦਾ ਹੈ!
ਜ਼ਿੰਦਗੀ ਜੇਡਾ
ਜ਼ਿੰਦਗੀ ਨੂੰ ਹੀ
ਭੇਦ ਆਪਣਾਂ,
ਰਾਹ ਦਸਦਾ ਹੈ!
ਬੱਦਲ ਗੱਜੇ
ਨਦੀ ਨਿਰੰਤਰ
ਬਿਫਰੇ ਸਾਗਰ
ਮੁੰਡੇ, ਕੁੜੀਆਂ
ਝੱਗੇ ਲਾਹੀ
ਦੌੜਨ, ਭੱਜਣ
ਇਕ ਦੂਜੇ ‘ਤੇ
ਪਾਣੀ ਸੁੱਟਣ!
31. ਚੇਤਨਾ
ਮਰਨ ਵਾਲੇ ਨੂੰ
ਮਰਨ ਦੀ ਵਿਹਲ ਨਹੀਂ ਸੀ
ਜਿਊਣ ਵਾਲੇ ਨੂੰ ਜਿਊਣ ਦੀ ਚਾਹ ਨਹੀਂ!!!
ਨਾਂ ਮਰ ਕੇ, ਮਰੇ
ਨਾਂ ਜੀ ਕੇ, ਜੀਵੇ!
ਜੀਵਨ, ਮੌਤ ਨਾਲ, ਨਾਲ ਚੁੱਕੀ,
ਸਮਵਿੱਥ,
ਭੋਗਦੇ ਰਹੇ ਕਿਸੇ ਹੋਰ ਦਾ ਜੀਵਨ -
ਭੁਗਤਦੇ ਰਹੇ
ਕਿਸੇ ਹੋਰ ਦੀ ਮੌਤ!
ਵਿਚ ਵਿਚਾਲੇ,
ਖਿੱਚ-ਰਹਿਤ,
ਜ਼ੀਰੋ-ਖੇਤਰ.......
ਚੇਤਨਾਂ!!!
32. ਤੁਪਕਾ, ਪੱਤਾ ਤੇ ਸੂਰਜ
ਜਿਸ ਪੱਤੇ ‘ਤੇ
ਤੁਪਕਾ, ਤੁਪਕਾ
ਟਪਕਦਾ ਸੀ
ਕੁਦਰਤੀ ਸੰਗੀਤ ਦਾ,
ਉਸ ਪੱਤੇ ਉਤੇ
ਇਕ ਤੁਪਕਾ ਅਟਕ ਗਿਆ,
ਪਾਰਦਰਸ਼ੀ
ਅੱਖ ਵਰਗਾ
ਮੀਂਹ ਤੋਂ ਬਾਅਦ, ਨਿਰਮਲ
ਆਕਾਸ਼ ਨੂੰ ਨਿਹਾਰਦਾ,
ਸਮੇਂ ਨੂੰ ਪੁਕਾਰਦਾ!
ਸੂਰਜ ਦੀ ਭਰਵੀਂ ਲੋਅ:
ਵਿਲੱਖਣ.....
ਸ਼ੀਸ਼ੇ ‘ਚ ਉਤਾਰਦਾ!