Punjabi Poetry : Ram Sarup Ankhi

ਚੋਣਵੀਂ ਪੰਜਾਬੀ ਕਵਿਤਾ : ਰਾਮ ਸਰੂਪ ਅਣਖ਼ੀ

1. ਬਲਦੇ ਅੱਖਰਾਂ ਦਾ ਸੁਨੇਹਾ


ਨਿੱਕਾ ਸੂੰ ਰਾਗੀ ਦਾ ਪਤਾ ਲਈਂ
ਪਤਾ ਨਹੀਂ ਜਿਉਂਦਾ ਹੈ ਜਾਂ ਨਹੀਂ
ਉਹ ਜੋ ਰਜਾਦੀਆਣੇ ਟੋਭੇ ਕੋਲ
ਗੁਰੂਦੁਆਰੇ ਸੰਗਰਾਂਦ ਵਾਲੇ ਦਿਨ
ਗੁਰਬਾਣੀ ਦਾ ਕੀਰਤਨ ਕਰਦਾ
ਤੇ ਜਦੋਂ ਕਦੇ
ਗੌੜਾਂ ਦੇ ਘਰਾਂ ਕੋਲ ਸ਼ਿਵਦੁਆਲੇ ਵਿਚ
ਟੱਲੀਆਂ ਵਾਲੇ ਬਾਮ੍ਹਣ ਆਉਂਦੇ
ਤੇ ਸਾਰੀ ਸਾਰੀ ਰਾਤ ਗਾ ਗਾ ਕੇ
ਆਲਾ ਊਧਲ ਦੀ ਕਥਾ ਕਰਦੇ
ਉਹ ਉਹਨਾਂ ਦੀ ਢੋਲਕੀ ਵੀ ਵਜਾ ਆਉਂਦਾ ।


ਪਰਗਾਸੋ ਤਾਂ ਹੁਣ ਤਾਈਂ
ਕਿੱਥੇ ਜਿਉਂਦੀ ਹੋਵੇਗੀ
ਉਹ ਜੋ ਦਰੌਜੇ ਆਈ
ਧੌਂਕਲ ਜੱਟ ਦੇ ਜਾ ਬੈਠੀ ਸੀ
ਕੀ ਕਰਦੀ ਉਹ ?
ਸਿਰੀ ਰਾਮ ਲਾਲ ਪਰਨਾ ਮੋਢੇ ਰੱਖ
ਤੇ ਕੱਛ ਵਿਚ ਪੱਤਰਾ ਲੈ ਕੇ
ਜੱਟਾਂ ਦੇ ਘਰੀਂ ਬੁੜ੍ਹੀਆਂ ਨੂੰ
ਗ੍ਰਹਿ-ਚਾਲ ਦਸਦਾ ਫਿਰਦਾ ਰਹਿੰਦਾ
ਤੇ ਉਹ ਸੱਸ ਦੀਆਂ
ਤੱਤੀਆਂ ਠੰਡੀਆਂ ਸੁਣਦੀ
ਮੰਗਖਾਣੇ ਟੱਬਰ ਵਿਚ ਆ ਕੇ
ਆਪਣੀ ਜੁਆਨੀ ਨੂੰ ਝੂਰਦੀ
ਕੀੜੇ ਪੈਣੇ ਵਿਚੋਲੇ ਦਾ ਸੋਗ ਮਨਾਉਂਦੀ
ਉਹ ਨਹੀਂ ਤਾਂ ਉਹਦੇ ਮੁੰਡੇ ਹੋਣਗੇ
ਸੁਣਿਆ ਸੀ
ਉਹਨੇ ਧੌਨਕਲ ਦੇ ਚਾਰ ਮੁੰਡੇ ਜੰਮੇ ਸੀ
ਪਤਾ ਕਰੀਂ
ਉਹ ਆਪਣੀ ਮਾਂ ਦਾ ਸ਼ਰਾਧ
ਕਰਦੇ ਨੇ ਕਿ ਨਹੀਂ ?

2. ਚਿੱਭੜਾਂ ਦੀ ਚਟਣੀ

ਚਿੱਭੜਾਂ ਦੀ ਚਟਣੀ
ਅੱਜ ਬੜੀ ਸੁਆਦ ਲੱਗੀ ਦੋਸਤੋ !
ਆਲੂ ਬੈਂਗਣ ਮੂਲੀਆਂ
ਤੇ ਚੌਲਿਆਂ ਦੀਆਂ ਫਲੀਆਂ
ਸਭ ਹਨ ਫਿਕਲੀਆਂ
ਰੁਪਈਆ ਕਿਲੋ ਜਿਹਨਾਂ ਦੀਆਂ ਕੀਮਤਾਂ
ਗੋਭੀ ਡੇਢ ਰੁਪਈਆ
ਟਮਾਟਰ ਵੀ
ਹੋਰ ਤਾਂ ਹੋਰ
ਕੱਦੂ ਤੇ ਰਾਮਤੋਰੀਆਂ ਦੀ ਵੀ ਮੜਕ ਭਾਰੀ ਹੈ
ਇਸ ਸ਼ਹਿਰ ਵਿਚ
ਕੋਈ ਵੀ ਸ਼ਬਜੀ ਸੁਆਦ ਨਹੀਂ
ਸਕੂਲ ਵਿਚ ਇਕ ਮੁੰਡੇ ਨੇ
ਚਿੱਭੜ ਲਿਆਂਦੇ ਬਸਤਾ ਭਰਕੇ
ਗੋਲ ਗੋਲ ਲੰਮੇ ਲੰਮੇ ਕਿਰੇ ਕਿਰੇ
ਚਿੱਭੜਾਂ ਦੀ ਚਟਣੀ ਬੜੀ ਸੁਆਦ ਸੀ
ਹੁਣ ਤਾਂ ਨਿੱਤ
ਚਿੱਭੜਾਂ ਦਾ ਹੀ ਕੂੰਡਾ-ਘੋਟਾ ਖੜਕਦਾ ਹੈ
ਚਿੱਭੜ ਉਂਜ ਵੀ ਬੜੇ ਸੁਆਦ ਹੁੰਦੇ ਨੇ
ਆਂਡੇ ਵਾਂਗ
ਚਿੱਭੜ ਵਿਚ ਸਭ ਵਿਟਮਿਨ ਹੁੰਦੇ ਨੇ
ਹੁਣ ਤਾਂ ਸਾਡੇ ਪੱਪੂ ਦਾ ਮੂੰਹ ਵੀ
ਚਿੱਭੜ ਰੰਗਾ ਹੋ ਗਿਆ ਹੈ
ਪੀਲਾ ਪੀਲਾ ਜ਼ਰਦ ਜ਼ਰਦ
ਸਾਡੀ ਛੋਟੀ ਕੁੜੀ ਦਾ ਢਿੱਡ
ਬਸ ਜਿਵੇਂ ਚਿੱਭੜ ਬੰਨ੍ਹਿਆ ਹੋਵੇ
ਸਬਜ਼ੀਆਂ ਦਾ ਤਿਆਗ ਕਰਕੇ
ਚਿੱਭੜਾਂ ਦੀ ਚਟਣੀ
ਇਕ ਉਚੇਚੀ ਬੱਚਤ ਹੈ
ਆਪਣੇ ਦੇਸ਼ ਲਈ ।

3. ਲੱਲ੍ਹਰ

ਸੱਤਰ ਘੁਮਾਂ ਦਾ ਮਾਲਕ ਮੇਰਾ ਬਾਪੂ
ਜਦੋਂ ਅੱਧੀ ਜ਼ਮੀਨ ਗਹਿਣੇ-ਬੈਅ
ਧਰ-ਧਰ ਖਾ ਗਿਆ
ਤਾਂ ਉਹਦੀ ਇਕੋ ਇਕ ਆਸ
ਮੇਰੇ ਉੱਤੇ ਆ ਟਿਕੀ

ਬਾਪੂ ਦੀ ਵੱਡੀ ਛਾਲ
ਉਹਦਾ ਪੁੱਤ ਪੜ੍ਹ-ਲਿਖਕੇ
ਮਾਲ-ਪਟਵਾਰੀ ਬਣੇਗਾ
ਗਹਿਣੇ ਧਰੀ ਪਈ ਸਾਰੀ ਜ਼ਮੀਨ
ਛੁਡਾ ਲਵੇਗਾ
ਤੇ ਫੇਰ...
ਸੱਤਰ ਦੀ ਸੌ ਘੁਮਾਂ ਬਣਾ ਦੇਵੇਗਾ
ਉਹ ਲੰਮਾ ਟੌਰਾ ਛੱਡ ਕੇ
ਤੁਰਲੇ ਵਾਲੀ ਪੱਗ ਬੰਨ੍ਹ
ਹਿੱਕ ਕੱਢਕੇ ਸ਼ਰੀਕਾਂ ਵਿਚ ਬੈਠੈਗਾ

ਪਰ ਮੈਂ ਬਾਰਾਂ ਜਮਾਤਾਂ ਪਾਸ ਕੀਤੀਆਂ
ਤੇ ਸਕੂਲ-ਮਾਸਟਰ ਬਣ ਗਿਆ
ਬਾਪੂ ਦਾ ਸੁਪਨਾ
ਮਿੱਟੀ ਵਿਚ ਮਿਲਕੇ ਰਹਿ ਗਿਆ
ਉਹ ਚੁੱਪ ਚੁੱਪ ਰਹਿੰਦਾ
ਕਦੇ ਮੇਰੇ ਵੱਲ ਘੂਰ ਘੂਰ ਝਾਕਦਾ

ਰਾਤਾਂ ਦੀ ਖਾਮੋਸ਼ੀ ਵਿਚ
ਲਾਲਟੈਣ ਬਾਲਕੇ
ਮੈਂ ਪੜ੍ਹਦਾ ਕਿਤਾਬਾਂ
ਹੋਰ ਜਮਾਤਾਂ ਪਾਸ ਕਰਨ ਲਈ
ਅੱਧੀ ਰਾਤ ਤੱਕ ਬੈਠਦਾ

ਬਾਪੂ ਇਕ ਦਿਨ ਖਿਝਕੇ ਬੋਲਿਆ--
ਕਿਉਂ ਅੱਖਾਂ ਗਾਲ਼ੀਂ ਜਾਨੈਂ ?
ਕਿਉਂ ਐਵੇਂ ਤੇਲ ਫੂਕਦੈਂ ?
ਹੁਣ ਤੂੰ ਹੋਰ ਕਿਹੜਾ ਲੱਲ੍ਹਰ ਲਾ ਦੇਵੇਂਗਾ ?

ਜਮਾਤਾਂ ਤਾਂ ਜਿਹੜੀਆਂ ਮੈਂ
ਪਾਸ ਕੀਤੀਆਂ ਜਾਂ ਨਾ ਕੀਤੀਆਂ
ਪਰ ਲੱਲ੍ਹਰ ਜ਼ਰੂਰ ਲਾ ਦਿੱਤਾ
ਆਖਰ ਇਕ ਲੇਖਕ ਤਾਂ ਬਣਿਆ

ਇਹ ਦੱਸਣ ਲਈ
ਕਿ ਮਾਲ-ਪਟਵਾਰੀ ਬਣਕੇ
ਇਕ ਘਰ ਉੱਠ ਸਕਦੈ
ਪਰ ਮੇਰੀ ਕਲਮ
ਉਸ ਸੁਪਨੇ ਦੀ ਖੋਜ ਵਿਚ ਹੈ
ਕਿ ਥੁੜ੍ਹ-ਟੁੱਟੇ ਸਾਰੇ ਘਰ ਉੱਠ ਸਕਣ ।

4. ਬਾਪੂ ਮੇਰਾ ਸੱਤਰ ਸਾਲ ਦਾ

ਬਾਪੂ ਮੇਰਾ ਸੱਤਰ ਸਾਲ ਦਾ
ਘੁਣ ਦਾ ਖਾਧਾ ਮੁੱਢ ਪੁਰਾਣਾ
ਖੰਘ ਦਾ ਲੋਗੜ ਸੁੱਟਦਾ ਫਿਰਦਾ
ਨਿਰੀ ਬੀਮਾਰੀ
ਜੁਆਨ ਉਮਰ ਤੋਂ ਹੀ
ਉਸ ਦਾ ਸਾਥੀ
ਸ਼ਾਹ ਦਾ ਕਰਜ਼ਾ
ਸੁੱਖ ਕਦੇ ਨਾ ਰੱਜਕੇ ਤੱਕਿਆ

ਪੁੱਤਰ ਹਾਂ ਮੈਂ ਪੜ੍ਹਿਆ ਲਿਖਿਆ
ਸਰਕਾਰੀ ਨੌਕਰ
ਤਨਖਾਹ ਕੀ ਮੇਰੀ
ਦੁੱਧ ਚਾਹ ਗੁੜ
ਲੱਕੜ ਆਟਾ ਦਾਲ
ਨੰਗ ਢਕਣ ਦੇ ਬਿਲ
ਮਸਾਂ ਹੀ ਪੂਰੇ

ਬਾਪੂ ਦੇ ਹੱਥ ਕਦੇ ਨਾ ਥੱਕਿਆ
ਪੁੱਤਰ ਹਾਂ ਮੈਂ ਪੜ੍ਹਿਆ ਲਿਖਿਆ
ਜਦੋਂ ਕਦੇ ਵੀ ਪਿੰਡ ਹਾਂ ਜਾਂਦਾ
ਬਾਪੂ ਮੇਰਾ ਖਿੜ ਖਿੜ ਹਸਦਾ
ਪੁੱਤਰ ਹਾਂ ਮੈਂ ਪੜ੍ਹਿਆ ਲਿਖਿਆ
ਬਾਪੂ ਨੂੰ ਅਭਿਮਾਨ ਬੜਾ

ਉਸ ਦੀਆਂ ਅੱਖਾਂ ਵਿਚ ਬੈਠਾ
ਸ਼ਾਹ ਦਾ ਕਰਜ਼ਾ
ਜਿਹੜਾ ਮੈਂ ਲਾਹੁਣਾ ਹੈ
ਬਾਪੂ ਪੂਰਾ ਆਸਵਾਨ ਹੈ

ਬਾਪੂ ਮੇਰਾ ਨੱਬੇ ਸਾਲ ਦਾ
ਸੱਤਰ ਤਾਂ ਹੈ ਗਿਣਤੀ ਐਂਵੇਂ
ਪੁੱਤਰ ਹਾਂ ਮੈਂ ਪੜ੍ਹਿਆ ਲਿਖਿਆ
ਬਾਪੂ ਨੂੰ ਅਭਿਮਾਨ ਬੜਾ ।

5. ਲਾਲਸਾ

ਆਮ ਮਨੁੱਖ
ਜਿਉਂਦਾ ਹੈ
ਜਾਂ ਮਰਿਆ
ਇਕੋ ਗੱਲ ਹੈ
ਕਿਸੇ ਮਾਲਾ ਦਾ ਵੱਡਾ ਮਣਕਾ
ਮੇਰੀ ਲਾਲਸਾ

ਕੋਈ ਅਜਿਹਾ ਦਿਨ
ਮੈਨੂੰ ਦਿਸਦਾ ਨਹੀਂ
ਜਿਸ ਦਿਨ ਸਵੇਰੇ ਸਵੇਰੇ
ਮੈਂ ਜਾਗਾਂ
ਤਾਂ ਮੇਰੇ ਕੰਨਾਂ ਵਿਚ
ਮੇਰੇ ਹੀ ਨਾਮ ਦੀ ਗੂੰਜ ਹੋਵੇ ।

6. ਅਸੀਂ ਤਾਂ ਕੰਡੇ ਚੁਗਦੇ ਰਹਿਣਾ

ਅਸੀਂ ਤਾਂ ਕੰਡੇ ਚੁਗਦੇ ਰਹਿਣਾ
ਸਾਡੇ ਪੈਰੀਂ ਚੱਕਰ ਲਿਖਿਆ
ਅਸੀਂ ਕਦੇ ਨਾ ਟਿਕ ਕੇ ਬਹਿਣਾ

ਇਕ ਤਾਰਾ ਸਾਡਾ ਅੰਬਰੋਂ ਟੁੱਟਿਆ
ਇਕ ਦਿਲ ਸਾਡਾ ਰੇਤੇ ਰਲਿਆ
ਇਕ ਅੱਗ ਪਹਿਲੀ ਕੋਲ ਰਹੀ ਨਾ
ਕਿੰਜ ਫੜੀਏ ਕੋਈ ਨਵਾਂ ਟਟਹਿਣਾ

ਦਿਲ ਤਾਂ ਸਾਡਾ ਕੱਚ ਦਾ ਟੋਟਾ
ਜੀਭ ਤਾਂ ਸਾਡੀ ਠਾਕੀ ਹੋਈ
ਹੰਝੂ ਸਾਡੇ ਰੱਤ ਜਿਗਰ ਦੀ
ਹੋਰ ਅਸਾਂ ਕੀ ਵਧ ਕੇ ਕਹਿਣਾ

ਅਸੀਂ ਤਾਂ ਮਿੱਟੀ ਛਾਨਣ ਆਏ
ਅਸੀਂ ਤਾਂ ਦਰਦ ਵਿਹਾਜਣ ਆਏ
ਜੀਵਨ ਸਾਡਾ ਹਿਜਰ-ਦਸੌਂਟਾ
ਅਸੀਂ ਤਾਂ ਫੱਟ ਜਿਗਰ 'ਤੇ ਸਹਿਣਾ

7. ਜੰਗਲ

ਹੇ ਮਾਂ !
ਤੂੰ ਮੇਰੀ ਕੁੰਤੀ ਮਾਂ ਹੈਂ !
ਮੈਂ ਤੇਰਾ ਪੁੱਤ
ਭੀਮ ਪੁੱਤ ਹਾਂ

ਇਹ ਸਾਡਾ ਸਾਰਾ ਸੰਸਾਰ
ਇਕ ਜੰਗਲ ਹੈ
ਜੰਗਲ ਜਿਸ ਵਿਚ
ਨਾ ਖਾਣ ਨੂੰ ਕੁਝ ਹੈ
ਨਾ ਪੀਣ ਨੂੰ ਕੁਝ ਹੈ

ਦੂਰ ਕਿਤੇ ਦੂਰ
ਕਿਸੇ ਜਲਚਰ ਪੰਛੀ ਦੀ ਆਵਾਜ਼
ਨਹੀਂ ਸੁਣਦੀ
ਮਾਂ !
ਮੇਰੀ ਤੇਰੀ ਭੁੱਖ-ਤੇਹ
ਮਿਟਾਉਣ ਦੇ ਹੀਲੇ ਵਿਚ ਹਾਂ

ਪਰ ਜੇ ਕਿਧਰੋਂ
ਕੋਈ ਆ ਜਾਵੇ ਹਿਡੰਬਾ
ਤੇ ਉਹ ਤੇਰੇ ਕੋਲੋਂ
ਮੈਨੂੰ ਮੰਗ ਲਵੇ
ਤਾਂ ਮਾਂ ਤੂੰ
ਤੱਥਾਸਤੂ ਕਹਿ ਦੇਈਂ !

ਭਾਵੇਂ ਜੰਗਲ ਵਿਚ ਬੈਠੇ ਹਾਂ
ਭੁੱਖ-ਤੇਹ ਨੇ ਬੜਾ ਸਤਾਇਆ
ਪਰ ਕਿਸੇ ਰਾਖਸ਼ਣੀ ਸੰਗ
ਆਕਾਸ਼ਾਂ ਵਿਚ ਉੱਡਣ ਨੂੰ
ਮੇਰਾ ਭੀਮ-ਤੱਤ ਚਾਹੁੰਦਾ ਹੈ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਰਾਮ ਸਰੂਪ ਅਣਖੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਰਾਮ ਸਰੂਪ ਅਣਖੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ