Punjabi Poetry : Ram Narayan Singh Dardi
ਪੰਜਾਬੀ ਕਵਿਤਾਵਾਂ : ਰਾਮ ਨਰੈਣ ਸਿੰਘ ਦਰਦੀ
1. ਸਤਿਗੁਰੂ ਜੀ ਦਾ ਜਨਮ
ਧੰਨ ਧੰਨ ਹਈ ਪੀਰ ਬਾਬਾ ਨਾਨਕ,
ਜਹਿੰਦਾ ਜਸ ਖਿਲਰਿਆ ਵਿਚ ਸੰਸਾਰ ਦੇ।
ਉੱਭੇ ਤੇ ਲੰਮੇ ਤੋਂ ਨਿਓਂਦੀ ਏ ਖ਼ਲਕਤ,
ਹਰ ਵੇਲੇ ਜਹਿੰਦੇ ਵਿਚ ਦਰਬਾਰ ਦੇ।
ਜਹਿੰਦਾ ਬਾਪੂ ਕਾਲੂ ਤੇ ਅੰਮਾਂ ਤ੍ਰਿਪਤਾ ਏ,
ਜਿਨ੍ਹਾਂ ਪਾਲਿਆ ਹਈ ਨਾਲ ਪਿਆਰ ਦੇ।
ਧਰੋਈ ਫਿਰੀ ਏ ਜਹਿੰਦੀ ਚਹੁੰ ਪਾਸੀਂ,
ਗੱਲਾਂ ਟੁਰੀਆਂ ਹੈਨੀ ਵਿਚ ਸੰਸਾਰ ਦੇ।
ਦਾਈ ਦੌਲਤਾਂ ਆਹੰਦੀ, "ਮੈਨੂੰ ਧਉਲੇ ਆ ਗਏ ਹੈਨੀ,
ਮੇਰੇ ਹੱਥਾਂ ਚੂੰ ਜੰਮੇ ਹੈਨੀ ਛੂਹਰ ਕਈ ਸੰਸਾਰ ਦੇ।
ਈਹੋ ਜੇਹੀ ਲਿਸ਼ਕ ਮੈਂ ਪਰ ਕਹੀਂ ਦੀ ਨਹੀਂ ਡਿੱਠੀ,
ਜਿਹੜੀ ਡਿੱਠੀ ਏ ਮੈਂ ਕਾਲੂ ਦੇ ਬਾਲ ਦੇ।"
ਜਹਿੰਦੇ ਤੇ ਨਜ਼ਰ ਚਾ ਘੱਤੀ ਸੂੰ ਹਿੱਕ ਏਰੀ,
ਸਰਕੜੇ ਤੇ ਕਾਨੇ ਵੀ ਹੋ ਗਏ ਹੈਨੀ ਵਾਂਗ ਗੁਲਜ਼ਾਰ ਦੇ।
ਮੱਝੀਂ ਚਾ ਛਡੀਆਂ ਹੈਸੂੰ ਇੰਞੇ ਸੁੰਞੀਆਂ,
ਤੇ ਆਪ ਸੱਮ ਪਇਓਈ ਵੇਲੇ ਦੁਪਹਰ ਦੇ।
ਦੂਰੋਂ ਡਿਠੋਸ ਤੇ ਆਇਆ ਭੰਨਾ ਸੱਪ ਕਾਲਾ,
ਛਾਂ ਚਾ ਕੀਤੀਓਸ ਨਾਨਕ ਸਰਕਾਰ ਦੇ।
'ਕੋਈ ਔਲੀਆ ਆ ਉਤਰਿਆ ਹਈ ਤਲਵੰਡੀ ਦੀ ਭੋਇੰ ਤੇ',
ਕਹੀਂ ਗੱਲ ਕੰਨੀ ਚਾ ਘੱਤੀ ਏ ਰਾਇ ਬੁਲਾਰ ਦੇ।
ਧੰਮੀ ਵੇਲੇ ਸਿਜਦਾ ਆ ਕਰੇਂਦਾ ਏ ਨਾਨਕ ਨੂੰ,
ਤੇ ਅਰਜ਼ੋਈਆਂ ਕਰੇਂਦਾ ਏ ਸਣੇ ਪਰਵਾਰ ਦੇ।
ਬਗੀ ਦਾੜ੍ਹੀ ਨਾਲ ਪੈਰ ਆ ਛੰਡੇਂਦਾ ਏ ਨਾਨਕ ਦੇ,
ਆਹੰਦੈ, "ਚਾ ਬਖਸ਼ੋ ਗੁਨਾਹ ਗੁਨਹਗਾਰ ਦੇ"।
ਹਰਿਆਨ ਹੋ ਖਲੇ ਬਾਹਮਣ ਤੇ ਮੁੱਲਾਂ ਦੋਵੇਂ,
ਆਹੰਦੇ "ਰੱਬ ਜੇ ਆਣ ਲੱਥਾ ਏ ਵਿਚ ਸੰਸਾਰ ਦੇ।
ਸਦਕੇ ਕਰ ਘੱਤਾਂ ਲੱਖਾਂ ਮਿਲਖ ਉਹੰਦੇ ਕਦਮਾਂ ਤੂੰ,
ਜਹਿੰਦੇ ਕਦਮ ਲੱਖਾਂ ਦੇ ਬੇੜੇ ਨੀ ਤਾਰਦੇ"।
ਬੇਸ਼ਕ 'ਦਰਦੀ' ਢੋਲੇ ਪਇਆ ਅਖੇਂਦਾ ਏ ਦਿਹੁੰ ਰਾਤੀ,
ਫਿਰ ਵੀ ਗੁਣ ਨਹੀਓਂ ਗਿਣੀਂਦੇ ਉਸ ਬੇਸ਼ੁਮਾਰ ਦੇ।
(‘ਰਾਵੀ ਦਾ ਦੇਸ ਤੇ ਰਾਵੀ ਦਾ ਸਾਈਂ’ ਵਿੱਚੋਂ)
2. ਬਾਬਾ ਨਾਨਕ ਮਕਤਬ ਵਿਚ
ਤ੍ਰਿਹੋਂ ਵਰ੍ਹਿਆਂ ਦਾ ਹੋਇਆ ਏ ਨਾਨਕ,
ਤਾਂ ਕਦਮ ਰਖੇਂਦਾ ਏ ਚੁੱਖ ਟਿਕਾ ਕੇ।
ਚਹੂੰ ਵਰ੍ਹਿਆਂ ਦਾ ਪੁੰਨਾ ਏ ਜਦਨ,
ਤਾਂ ਛੂਹਰ ਆਉਂਦੇ ਸੂੰ ਹੁਮ ਹੁਮਾ ਕੇ।
ਪੰਜਵੇਂ ਵਰ੍ਹੇ ਵਿਚ ਅਪੜਿਆ ਜਹਿੰ ਦਿਹਾੜੇ,
ਮਹਤਾ ਕਾਲੂ ਅਖੇਂਦਾ ਏ ਇੰਞ ਸੁਣਾ ਕੇ:
"ਕਿਸੇ ਮੁੱਲਾਂ ਕੋਲ ਪੜ੍ਹਨੇ ਚਾ ਘੱਤੀਏ ਛੂਹਰ ਨੂੰ,
ਕਹੀਂ ਦਿਹਾੜੇ ਰੋਟੀ ਜੋਗਾ ਹੋ ਜਾਸੀਆ ਜਾ ਕੇ"।
ਧੰਮੀ ਵੇਲੇ ਮਾਂ ਉਠ ਕੇ ਚਾ ਨੁਹਾਇਆ ਏ,
ਗਲ ਘੱਤਿਆ ਸੂੰ ਚੋਲਾ ਤੇ ਪਗੜੀ ਚਾ ਬੱਧੀ ਸੂ ਫਬਾ ਕੇ।
ਹਿੱਕ ਹੱਥ ਫੱਧ ਲਈ ਸੂੰ ਲਿਖਣ ਮਸਵਾਣੀ,
ਤੇ ਦੂਏ ਹੱਥ ਫੱਟੀ ਤੁਰ ਪਇਆ ਹਈ ਚਾ ਕੇ।
ਮਹਤਾ ਆਹੰਦੈ, "ਤਾਵਲ ਨ ਕਰ ਤੂੰ,
ਮੈਂ ਆਪ ਆਉਸਾਂ ਤੈਨੂੰ ਤੋੜ ਅਪੜਾ ਕੇ"।
ਬਾਪੂ ਬਾਂਹ ਨੱਪੀਂ ਲਈ ਵੈਂਦਾ ਈ ਅੱਲਾਹ ਦੇ ਨੂਰ ਦੀ,
ਜਿਧਰੂੰ ਚੰਦ ਵੀ ਲੰਘਦੈ ਸ਼ਰਮਾ ਕੇ।
ਮਹਤੇ ਚਾ ਰਖੀ ਏ ਸ਼ਰੀਣੀ ਅੱਗੇ ਮੁੱਲਾਂ ਦੇ,
ਨਾਲੇ ਹਿੱਕ ਛਿੱਲੜ ਚਾ ਰਖਿਆ ਸੂ ਉਤੇ ਟਿਕਾ ਕੇ।
ਤੇਰਾ ਜੀ ਹੋਰ ਚੋਖਾ ਰਾਜ਼ੀ ਕਰੇਸਾਂ ਮੀਆਂ,
ਜਹਿੰ ਦਿਹੁੰ ਬਾਲ ਘਲਿਆ ਤੂੰ ਮੇਰਾ ਪੜ੍ਹਾ ਕੇ।
ਘੱਤੀ ਵਿਹੰਦਾ ਏ ਮੁੱਲਾਂ ਛੂਹਰ ਦੇ ਮੂੰਹ ਵੰਨੇ,
ਝਾਲ ਨ ਝਲੀਂਦੀ ਸੂ ਤੇ ਆਹੰਦੈ ਇੰਞ ਅਲਾ ਕੇ:
"ਤੂੰ ਕੇਹਾ ਫਿਕਰ ਪਇਆ ਕਰੇਨਾ ਏ ਮਹਤਾ,
ਮੈਂ ਛੂਹਰ ਪੜ੍ਹਾਉਸਾਂ ਨਾਲ ਹੁਬ ਦੇ ਕੋਲ ਬਹਾ ਕੇ"।
ਮੁੱਲਾਂ ਹਭਦੂੰ ਪਉਂਦ ਚਾ ਲਿਖਿਆ ਹੈਸੂੰ 'ਅਲਫ਼',
ਆਪ ਕਾਨੀ ਨਾਨਕ ਦੇ ਹੱਥ ਫਧਾ ਕੇ।
'ਬੇ' ਲ਼ਿਖਣ ਤੂੰ ਨਾਬਰ ਹੋ ਖ਼ਲ਼ਾ ਏ ਨਾਨਕ,
ਆਖੇਂਦਾ ਏ, "ਪਹਿਲੂੰ ਮਹਿਨਾ ਅਲਫ਼ ਦਾ ਦਸ ਸਮਝਾ ਕੇ"।
ਮੁਲਾਂ ਆਹੰਦੈ, "ਹਿੱਕ ਦਾ ਤਾਂ ਕੁਝ ਨਹੀਂ ਬਣਦਾ,
ਮਹਿਨਾ ਬਣਸੀਆ ਕੁਝ ਨਾਲ ਰਲਾ ਕੇ"।
ਨਾਨਕ ਆਹੰਦੈ, "ਅਲਫ਼ ਦਾ ਮਹਿਨਾ ਹਿਕ ਅੱਲਾ ਹਈ,
ਜਹਿੰ ਖ਼ਲਕਤ ਰੱਖੀ ਹਈ ਹੱਭ ਬਣਾ ਕੇ।
ਉਸੇ ਹਿੱਕੋ ਦਾ ਪੱਲੂ ਫੱਧੀ ਰਖੀਏ ਮੀਆਂ,
ਤਾਂ ਸੱਤੇ ਖੈਰੀਂ ਕਦਮ ਚੁੰਮੇਦੀਆਂ ਨੀ ਆ ਕੇ।
ਜਹਿੰ ਕਹੀਂ ਓਸ ਹਿੱਕ ਨੂੰ ਕੰਡ ਚਾ ਦਿੱਤੀ ਏ,
ਤਾਂ ਲੱਖਾਂ ਬਲਾਈਂ ਘੇਰਾ ਚਾ ਘੱਤਦੀਆਂ ਨੀ ਆ ਕੇ"।
ਸੁਣਦੇ ਸਾਰ ਹਰਿਆਨ ਹੋ ਖਲਾ ਏ ਮੁੱਲਾਂ,
ਆਹੰਦੈ, "ਡਾਹਡਾ ਘੁੱਥਾਂ ਹਾਂ ਸ਼ਗਿਰਦ ਬਣਾ ਕੇ"।
ਦੀਗਰ ਵੇਲੇ ਬਾਂਹ ਚਾ ਫੱਧੀ ਸੂੰ ਨਾਨਕ ਦੀ,
ਤੇ ਵੜਿਆ ਏ ਵੰਞ ਵਿਹੜੇ ਪਟਵਾਰੀ ਦੇ ਜਾ ਕੇ।
ਆਹੰਦੈ, "ਮਹਤਾ ਮੈਂ ਦਰਦੀ ਰੰਗੇ ਲੱਖਾਂ ਪੜ੍ਹਾਏ ਹੈਨੀ,
ਤੈਧਰੂੰ ਕਿਹੜੀ ਘੁੱਥੀ ਏ ਜੋ ਦਸਾਊਂ ਸੁਣਾ ਕੇ।
ਪਰ ਤੇਰੇ ਛੂਹਰ ਤੇ ਮੈਨੂੰ ਹੈਰਤ ਚਾ ਘੱਤੀ ਏ,
ਇਹ ਤਾਂ ਗੱਲਾਂ ਕਰੇਂਦਾ ਹਈ ਅਗੰਮੀ ਬਣਾ ਕੇ।
ਮੈਂਧਰੂੰ ਇਹ ਨਹੀਂ ਹਈ ਪੜ੍ਹਾਇਆ ਵੈਂਦਾ ਮਹਤਾ,
ਇਹਨੂੰ ਤਾਂ ਅੱਲਾ ਘਲਿਆ ਹਈ ਆਪ ਪੜ੍ਹਾ ਕੇ"।
(‘ਰਾਵੀ ਦਾ ਦੇਸ ਤੇ ਰਾਵੀ ਦਾ ਸਾਈਂ’ ਵਿੱਚੋਂ)
3. ਭਲੇ ਅਮਰਦਾਸ ਗੁਣਿ ਤੇਰੇ
ਅੰਮ੍ਰਿਤ ਵੇਲੇ ਰਬਾਬੀ ਦੀਵਾਨ ਦੇ ਵਿਚ,
ਸੁਹਣੀ 'ਆਸਾ ਦੀ ਵਾਰ' ਲਗਾਈ ਜਾਵੇ।
ਓਧਰ ਮਾਈ ਵਿਚਾਰੀ ਇਕ ਸ਼ਹਿਰ ਅੰਦਰ,
ਡਾਹਢੀ ਰੋਈ ਜਾਵੇ ਤੇ ਕੁਰਲਾਈ ਜਾਵੇ।
ਲੰਮੇ ਹੱਥ ਕਰਕੇ ਕਰਦੀ ਵੈਣ ਉੱਚੇ,
ਪੁੱਟੇ ਵਾਲ ਸਿਰ ਦੇ, 'ਹਾਇ' ਲਾਈ ਜਾਵੇ।
ਲਾਡਾਂ ਪਲੇ ਉਹ ਪੁੱਤ ਦੀ ਲੋਥ ਉੱਤੇ,
ਬਿਹਬਲ ਹੋਈ ਜਾਵੇ, ਗ਼ਸ਼ ਖਾਈ ਜਾਵੇ।
‘ਮੈਥੋਂ ਨਹੀਂ ਵਿਛੋੜਾ ਇਹ ਸਹਿਆ ਜਾਂਦਾ,
ਤੇਰੇ ਨਾਲ ਹੀ ਚਿਖ਼ਾ ਤੇ ਚੜ੍ਹਾਂਗੀ ਮੈਂ।
ਤੇਰੀ ਮਾਂ ਤੋਂ ਨਹੀਂ ਇਹ ਸਬਰ ਹੁੰਦਾ,
ਲਾਡਾਂ ਪਾਲਿਆ ਨਾਲ ਹੀ ਮਰਾਂਗੀ ਮੈਂ।
ਬਲੂ [ ਵਾਸਤਾ ਪਾ ਤੂੰ ਗੁਰੂ ਜੀ ਨੂੰ,
ਮੈਂ ਭਿਖ਼ਾਰਨ ਦੀ ਆਸ ਪੁਜਾ ਛੱਡਣ।
ਇਹ ਤ੍ਰੈਲੋਕ, ਪ੍ਰਲੋਕ ਦੇ ਸ਼ਹਿਨਸ਼ਾਹ ਨੇ,
ਝੋਲੀ ਖ਼ੈਰ ਨਿਮਾਣੀ ਦੇ ਪਾ ਛੱਡਣ।
ਕਰਾਂ ਗੁਰਾਂ ਦੇ ਚਰਨਾਂ ਤੋਂ ਸੀਸ ਸਦਕੇ,
ਮੇਰਾ ਪੁੱਤ ਇਕ ਵਾਰ ਜਿਵਾ ਛੱਡਣ।
ਮੇਰੇ ਤਪਦੇ ਸੀਨੇ ਨੂੰ ਠੰਡ ਪਾਵਣ,
ਮੇਰੀ ਉੱਜੜੀ ਝੁੱਗੀ ਵਸਾ ਛੱਡਣ।
ਨਹੀਂ ਤੇ ਤੱਤੀ ਵੀ ਮਰੇਗੀ ਨਾਲ ਇਸਦੇ,
ਬਿਨਾਂ ਪੁੱਤ ਦੇ ਜੀਣਾ, ਧ੍ਰਿਕਾਰ ਮੈਨੂੰ।
ਮੇਰੇ ਅੱਖਾਂ ਦੇ ਤਾਰੇ, ਹਾਇ ਲਾਲ ਬਾਝੋਂ,
ਸੁੰਞਾ ਦਿਸੇਗਾ ਕੁਲ ਸੰਸਾਰ ਮੈਨੂੰ।'
ਗ਼ਨੀ ਦਿਲਾਂ ਦੇ, ਤੇ ਸੋਮੇ ਰਹਿਮਤਾਂ ਦੇ,
ਆਖ਼ਰ ਬਖ਼ਸ਼ਿਸ਼ ਦੇ ਭਰੇ ਭੰਡਾਰ ਹੀ ਸਨ।
ਇਕ ਫ਼ਕੀਰ ਨੂੰ ਸ਼ਹਿਨਸ਼ਾਹ ਕਰਨ ਵਾਲੇ,
ਦਿਲ ਦਰਿਆ ਆਖ਼ਰ, ਸਿਰਜਨ-ਹਾਰ ਹੀ ਸਨ।
ਮੋਈਆਂ ਰੂਹਾਂ ਨੂੰ ਜ਼ਿੰਦਾ ਬਨਾਣ ਵਾਲੇ,
ਸ਼ਕਤੀ-ਭਰੇ ਇਕ ਨੂਰੀ ਦਾਤਾਰ ਹੀ ਸਨ।
ਲਈ ਕਲਮ ਦਵਾਤ ਮੰਗਵਾ ਸਤਿਗੁਰ,
ਕਿਉਂਕਿ ਰਹਿਮਤ ਦੇ ਭਰੇ ਭੰਡਾਰ ਹੀ ਸਨ।
ਕੌਲੀ ਪਾ ਪਾਣੀ, 'ਜਪੁਜੀ' ਪਾਠ ਕਰਕੇ,
ਗੁਰਾਂ ਲੋਥ ਦੇ ਮੂੰਹ ਵਿਚ ਪਾ ਦਿੱਤਾ।
ਅੰਦਰ ਬੂੰਦ ਪਹੁੰਚੀ ਅੱਖਾਂ ਖੁਲ੍ਹ ਗਈਆਂ,
ਗੁਰਾਂ ਪਕੜ ਕੇ ਬਾਹੋਂ ਉਠਾ ਦਿੱਤਾ।
4. ਭੰਗਾਣੀ ਦਾ ਯੁੱਧ
ਚੜ੍ਹੇ ਪਹਾੜੀ ਸੂਰਮੇ, ਵਰਿਆਮ ਨਿਗੱਲੇ।
ਨਿਮਕ ਹਰਾਮੀ ਖਾਨ ਨਾਲ, ਕੋਈ ਨਹੀਂ ਇਕੱਲੇ।
ਰਾਜੇ ਬਾਈ ਧਾਰ ਦੇ, ਸਭ ਪਾਜੀ ਰੱਲੇ।
ਮਕੜੀ ਦਲ ਆਕਾਸ਼ ਤੋਂ ਜਿਉਂ ਲੱਥਾ ਥੱਲੇ।
ਲੁਟਨਾ ਪਾਉਂਟੇ ਸ਼ਹਿਰ ਨੂੰ, ਇਹ ਕਹਿਣ ਅਵੱਲੇ।
ਕਿਹੜਾ ਪੁੱਤਰ ਮਾਂ ਦਾ, ਜੋ ਸਾਨੂੰ ਝੱਲੇ।
ਮਣ ਮਣ ਪੱਕਾ ਬੱਕਰਾ, ਖਾ ਜਾਣ ਅਕੱਲੇ।
ਪਰ ਤੇਰੇ ਬਾਝ ਗੋਬਿੰਦ ਸਿੰਘ, ਅੱਜ ਕਿਹੜਾ ਥੱਲੇ।
ਫੱਤੂ ਹਰੀਏ ਭੀਮ ਦੇ, ਦਲ ਢੁੱਕੇ ਸਾਰੇ।
ਬਿਜੜ ਦਿਆਲ ਕਟੋਚੀਆ, ਕ੍ਰਿਪਾਲ ਵੰਗਾਰੇ।
ਸੂਰੇ ਖਾਨ ਹਯਾਤ ਦੇ, ਪਏ ਮਾਰ ਬਕਾਰੇ।
ਖਾਨ ਨਜ਼ਾਬਤ ਚੜ੍ਹ ਪਿਆ ਵੱਜ ਪਏ ਨਗਾਰੇ।
ਅੱਖਾਂ ਦਿਸਣ ਲਾਲ ਇਉਂ, ਜਿਉਂ ਭੱਖਨ ਅੰਗਾਰੇ।
ਮੁੱਛਾਂ ਏਦਾਂ ਕੁੰਡੀਆਂ, ਸੱਪ ਕੁੰਡਲ ਮਾਰੇ।
ਪੰਜ ਪੰਜ ਗਿੱਠਾਂ ਛਾਤੀਆਂ, ਜਿਉਂ ਗਾਡਰ ਭਾਰੇ।
ਕੁੱਲੇ ਸਿਰ ਤੇ ਜਾਪਦੇ, ਜਿਉਂ ਕਲਮ ਮੁਨਾਰੇ ।
ਆਖਨ ਖੈਰ ਨਾ ਗੁਰੂ ਦੀ ਮਾਰਨ ਲਲਕਾਰੇ।
(ਪਰ) ਵੇਖ ਤੂੰ ਰੰਗ ਅਕਾਲ ਦੇ, ਕੌਣ ਜਿੱਤੇ ਹਾਰੇ।
ਸੂਰੇ ਗੁਰੂ ਗੋਬਿੰਦ ਸਿੰਘ, ਸਾਰੇ ਬੁਲਵਾਏ,
ਨੰਦ, ਚੰਦ ਤੇ ਦਿਆ ਰਾਮ, ਸੰਗੋ ਚਲ ਆਏ।
ਵੀਰੋ ਜੀ ਦੇ ਲਾਡਲੇ, ਪੰਜੇ ਇਉਂ ਮੰਗਾਏ।
ਜਿਉਂ ਪੰਜੇ ਪਾਂਡਵ ਸੂਰਮੇ, ਵਲ ਕ੍ਰਿਸ਼ਨ ਸਿਧਾਏ।
ਫਿਰ ਉਦਾਸੀ ਸੂਫੀਏ, ਬੈਰਾਗੀ ਬੁਲਵਾਏ।
ਤੁਸਾਂ ਕੁਣਕੇ ਖਾਧੇ ਰੱਜ ਰੱਜ, ਬਹੂੰ ਐਸ਼ ਉੜਾਏ।
ਤੁਸਾਂ ਖੀਰਾਂ ਪੂਰੇ ਖਾ ਖਾ, ਆ ਢਿੱਡ ਵਧਾਏ।
ਅੱਜ ਲਾਹ ਦਿਓ ਸੇਲ੍ਹੀ ਟੋਪੀਆਂ, (ਹੁਣ) ਨਵੇਂ ਜ਼ਮਾਨੇ ਆਏ।
ਵੱਜੀ ਚੋਟ ਰੰਜੀਤ ਤੇ, ਗੁਰ ਸੈਨਾਂ ਚੜ੍ਹੀਆਂ।
ਮੋਢੇ ਧਰੀਆਂ ਰੈਫਲਾਂ. ਹੱਥ ਸਾਂਗਾਂ ਫੜੀਆਂ।
ਸਿਰੀਆਂ ਲਟਕਣ ਲੱਕ ਨਾਲ, ਮੁੱਠ ਹੀਰੇ ਜੜੀਆਂ।
ਜਾਪਨ ਜਿਉਂ ਕੁਈ ਨਾਗਨੀਆਂ, ਖੁੱਡਾਂ ਵਿਚ ਵੜੀਆਂ।
ਚੜ੍ਹੀਆਂ ਘਟਾਂ ਦੋ ਪਾਸਿਓਂ, ਲਾਈਆਂ ਜਾ ਝੜੀਆਂ।
ਡੌਲੇ ਫਰਕਨ ਜੋਸ਼ ਵਿਚ, ਚਾਹਨ ਹੁਣ ਲੜੀਆਂ।
ਧੜਾ ਧੜ ਧੌਂਸੇ ਖੜਕ ਪਏ, ਰਣ ਜੋਧੇ ਜੁੱਟੇ।
ਚਲਨ ਬੰਦੂਕਾਂ ਕੜਾ ਕਾੜ, ਇਕ ਦੂਜੇ ਉੱਤੇ।
ਧੂ ਤਲਵਾਰਾਂ ਪੈ ਗਏ, ਟੋਟੇ ਕਰ ਸੁੱਟੇ।
ਜਿਉਂ ਸੱਥਰ ਲਾਹ ਕਮਾਦ ਦੇ, ਜੱਟਾਂ ਨੇ ਸੁੱਟੇ।
ਡੰਡਾ ਫੜ ਕ੍ਰਿਪਾਲ ਨੇ, ਡਿੱਠੇ ਜਦ ਹੁੱਟੇ।
ਮਾਰਿਆ ਖਾਨ ਹਯਾਤ ਦੇ, ਕੋਪਰ ਦੇ ਉੱਤੇ।
ਡੰਡੇ ਨਾਲ ਪਠਾਨ ਇੰਝ, ਪੁੱਠੇ ਕਰ ਸੁੱਟੇ।
ਜਿਉਂ ਰੁੱਖ ਪੁਰਾਣੇ ਮੁੱਢ ਤੋਂ, ਅੰਧੇਰੀ ਨੇ ਪੁੱਟੇ।
ਡਿੱਠਾ ਗਿਰਵਰ ਰਾਜਿਆਂ, ਸਾਡੇ ਜੋਧੇ ਹੱਲੇ।
ਫਿਰ ਤੀਰ ਹਰੀ ਚੰਦ ਭੂਪ ਦੇ, ਗੁੱਸੇ ਵਿਚ ਚੱਲੇ।
ਖਿਚ ਖਿਚ ਮਾਰੇ ਕੰਨ ਤੋਂ, ਕਿਹੜਾ ਫਿਰ ਝੱਲੇ।
ਵੀਰੋ ਦੇ ਦੋ ਲਾਡਲੇ, ਆ ਡਿੱਗੇ ਥੱਲੇ।
ਡਿੱਠਾ ਗੁਰ ਦਸ਼ਮੇਸ਼ ਨੇ, ਮੇਰੇ ਲਾਡਾਂ ਪੱਲੇ।
ਡਿਗਦੇ ਫਤੇਹ ਗਜਾ, ਅਸੀਂ ਰਹਿ ਗਏ ਕੱਲੇ।
ਗੁੱਸੇ ਵਿਚ ਫੜ ਧਨਸ਼ ਨੂੰ, ਗੁਰ ਤੀਰ ਚੜ੍ਹਾਇਆ।
ਤੂੰ ਸੰਭਲ ਹਰੀਆ ਜੋਧਿਆ, ਮੇਰਾ ਵਾਰਾ ਆਇਆ।
ਖਿੱਚ ਕੇ ਚਿੱਲਾ ਚਾੜ੍ਹਕੇ, ਜਾਂ ਤੀਰ ਚਲਾਇਆ।
ਫ਼ਨੀਅਰ ਗਿਆ ਕੋਈ ਸ਼ੂਕਦਾ, ਜਾਂਦੇ ਉਲਟਾਇਆ।
ਨਾ ਉਸ ਪਾਣੀ ਮੰਗਿਆ, ਨਾ ਕਿਸੇ ਪਿਲਾਇਆ।
ਤੱਕ ਪਹਾੜੀ ਜੋਧਿਆਂ, ਮੂੰਹ ਸਾਹਵੇਂ ਭੱਜੇ।
ਡਰਦੇ ਦੌੜਨ ਲੱਗ ਪਏ, ਸੱਜੇ ਤੇ ਖੱਬੇ।
ਤਿੱਖੇ ਤੀਰ ਦਲੇਰ ਦੇ, ਛਾਤੀ ਵਿਚ ਵੱਜੇ।
ਲਜ ਗਵਾਈ ਸੂਰਿਆਂ, ਕਾਇਰ ਹੋ ਭੱਜੇ।
ਲੱਗੀ ਚੋਟ ਦਮਾਮਿਆਂ, ਵੱਡ ਧੌਂਸੇ ਵੱਜੇ।
ਹੋ ਗਈ ਫਤਹਿ ਗੋਬਿੰਦ ਦੀ, ਰਣ ਜੋਧੇ ਗੱਜੇ।
('ਅਣਖੀ ਜਵਾਨੀਆਂ' ਵਿਚੋਂ)