Punjabi Poetry : Qamar Farid Chishti

ਪੰਜਾਬੀ ਕਲਾਮ/ਗ਼ਜ਼ਲਾਂ : ਕਮਰ ਫ਼ਰੀਦ ਚਿਸ਼ਤੀ

1. ਪੰਜਾਬੀ ਧੀ ਐਂ ਤੂੰ

ਪੰਜਾਬੀ ਧੀ ਐਂ ਤੂੰ
ਭਾਗਭਰੀ ਐਂ ਤੂੰ

ਮਾਂ ਬੋਲੀ ਬੋਲਦੀ
ਚੰਗੀ ਲੱਗਣੀ ਐਂ ਤੂੰ

ਹੀਰ ਤਾਂ ਖ਼ਿਆਲ ਸੀ
ਜਿਉਂਦੀ ਜਾਗਦੀ ਐਂ ਤੂੰ

ਕਿੰਨੀ ਸਿੱਧੀ ਸਾਧੜੀ
ਮੇਰੇ ਨਾਲ਼ ਦੀ ਐਂ ਤੂੰ

ਪੋਹ ਦੀ ਤੂੰ ਚਾਨਣੀ
ਧੁੱਪ ਮਾਂਘ ਦੀ ਐਂ ਤੂੰ

ਪਹਿਲੀ ਪਹਿਲੀ ਰੀਝ ਤੇ
ਸੱਧਰ ਆਖ਼ਰੀ ਐਂ ਤੂੰ

ਕਮਰ ਫ਼ਰੀਦ ਦੀ
ਸਾਰੀ ਸ਼ਾਇਰੀ ਐਂ ਤੂੰ

2. ਛੱਡ ਕੇ ਤੁਰ ਜਾਂ ਨਿੱਘੀਆਂ ਛਾਵਾਂ ਕਿੱਦਾਂ ਮੈਂ

ਛੱਡ ਕੇ ਤੁਰ ਜਾਂ ਨਿੱਘੀਆਂ ਛਾਵਾਂ ਕਿੱਦਾਂ ਮੈਂ।
ਮੰਜੀ ਧੁੱਪੇ ਆਪੇ ਡਾਹਵਾਂ ਕਿੱਦਾਂ ਮੈਂ

ਇਸ਼ਕ ਦੀ ਰਾਹ ਅਵੱਲੀ ਮੁੜ ਜਾ ਜਿੰਦੇ ਨੀ
ਫਾਹਾ ਹੱਥੀਂ ਗੱਲ ਨੂੰ ਪਾਵਾਂ ਕਿੱਦਾਂ ਮੈਂ

ਮਾਂ ਤੇ ਮੇਰੀਆਂ ਅੱਖੀਆਂ ਨੂੰ ਪੜ੍ਹ ਲੈਂਦੀ ਏ
ਦਿਲ ਵਿਚ ਕੀ ਏ ਦੱਸ ਲੁਕਾਵਾਂ ਕਿੱਦਾਂ ਮੈਂ

ਤੂੰ ਤੇ ਚੋਰੀ ਖਾ ਲਈ ਝੂਠਿਆ ਕਾਵਾਂ ਵੇ
ਆਪਣੇ ਸੰਘ ਤੋਂ ਬੁਰਕੀ ਲਾਹਵਾਂ ਕਿੱਦਾਂ ਮੈਂ

ਪੋਹ ਦੀ ਸੀਤ ਹਵਾ ਕਦੀ ਹਾੜ ਦੀ ਲੌ ਵਰਗਾ
‘ਕਮਰ’ ਦੇ ਹੱਥੀਂ ਹੱਥ ਫੜਾਵਾਂ ਕਿੱਦਾਂ ਮੈਂ

3. ਜ਼ੁਲਮ ਨੂੰ ਸਾਵਾਂ ਹੋ ਲੈਨਾ ਵਾਂ

ਜ਼ੁਲਮ ਨੂੰ ਸਾਵਾਂ ਹੋ ਲੈਨਾ ਵਾਂ।
ਮਾੜੇ ਨਾਲ ਖਲੋ ਲੈਨਾ ਵਾਂ ।

ਮੇਰਾ ਭਾਰ ਕਦੇ ਨਹੀਂ ਮੁਕਣਾ,
ਆ ਤੇਰਾ ਵੀ ਢੋ ਲੈਨਾ ਵਾਂ ।

ਕੰਡੇ, ਭਖੜੇ, ਸੂਲਾਂ ਅੱਖਰ
ਲੱਭਦੇ ਹਾਰ ਪਰੋ ਲੈਨਾ ਵਾਂ।

ਲਿੱਖੀ ਰੋਜ਼ੀ ਲੱਭਣ ਕਾਰਨ,
ਸਰਘੀ ਜੋੜੀ ਜੋ ਲੈਨਾ ਵਾਂ।

'ਕਮਰ' ਗ਼ਜ਼ਲ ਏ ਮੋਹਢਾ ਦੇਂਦੀ
ਤਾਂ ਮੈਂ ਸੌਖਾ ਰੋ ਲੈਨਾ ਵਾਂ ।

4. ਕਿਹੜੇ ਪਾਸਿਓਂ ਆਇਆ ਵਾਂ ਤੇ ਕਿਹੜੇ ਪਾਸੇ ਚੱਲਾ ਮੈਂ

ਕਿਹੜੇ ਪਾਸਿਓਂ ਆਇਆ ਵਾਂ ਤੇ ਕਿਹੜੇ ਪਾਸੇ ਚੱਲਾ ਮੈਂ
ਚਾਰ ਚੁਫ਼ੇਰੇ ਖ਼ਲਕਤ ਏਨੀ, ਫ਼ਿਰ ਵੀ ਕਲਮ 'ਕੱਲਾ ਮੈਂ

ਹਾਲ ਮੇਰੇ ਦਾ ਮਹਿਰਮ ਰੱਬਾ ਤੂੰ ਯਾਂ ਮੇਰੀ ਅੰਬੜੀ ਉਹ
ਮੈਨੂੰ ਚੰਨ ਏ ਕਹਿੰਦੀ ਭਾਵੇਂ ਕੋਝਾ, ਕਮਲਾ, ਝੱਲਾ ਮੈਂ

ਛੱਪੜ ਕੰਢੇ ਉੱਗੇ ਦੁੱਬ ਦੇ ਬੂਟੇ ਮੈਨੂੰ ਆਖਿਆ ਇਹ
ਤੂੰ ਨਮਾਜ਼ੀ ਬਣ ਨਾ ਬਣ ਪਰ ਬਣਸਾਂ ਯਾਰ ਮਸੱਲਾ ਮੈਂ

ਡੰਗਰ ਕੋਈ ਚਰ ਚੁਰ ਲੈਂਦਾ ਮੇਰੀ ਜਾਨ ਵੀ ਛੁੱਟ ਜਾਂਦੀ
ਸੜਕੇ ਬੰਨੇ ਉੱਗਿਆ ਹੋਇਆ ਕਾਸ਼ ਕਿ ਹੁੰਦਾ ਤੱਲਾ ਮੈਂ

ਤੂੜੀ ਦੀ ਮੈਂ ਧੜ ਈ ਹੁੰਦਾ ਕੰਮ ਕਿਸੇ ਤੇ ਆ ਜਾਂਦਾ
ਖੇਤਰ ਨੁੱਕਰੇ ਪਿਆ ਪਰਾਲੀ ਦਾ ਈ ਹੁੰਦਾ ਟੱਲਾ ਮੈਂ

ਕੋਈ ਨਾਜ਼ ਉਠਾਵੇ ਕਿਉਂ ਮਿੱਟੀ ਨੂੰ ਗੱਲ ਲਾਵੇ ਕਿਉਂ
ਨਾ ਮੈਂ ਸੋਨਾ, ਚਾਂਦੀ, ਹੀਰਾ, ਨਾ ਮੁੰਦਰੀ ਨਾ ਛੱਲਾ ਮੈਂ

'ਕਮਰ' ਉਹ ਜਿਹੜੇ ਚੋਰਾਂ ਨੂੰ ਦਲਵਾਂਦੇ ਰੁਤਬੇ ਕੁਤਬਾਂ ਦੇ
ਉਨ੍ਹਾਂ ਦੇ ਦਰ ਬਹਿ ਗਿਆਂ ਠੂਠਾ ਲੈ ਕੇ ਮਾਰ ਪਥੱਲਾ ਮੈਂ

5. ਖੁੱਸਿਆ ਯਾਰ ਵਿਸਾਹ ਮਿਲ ਜਾਵੇ

ਖੁੱਸਿਆ ਯਾਰ ਵਿਸਾਹ ਮਿਲ ਜਾਵੇ
ਪਿਆਰ ਵਫ਼ਾ ਤੇ ਚਾਹ ਮਿਲ ਜਾਵੇ

ਦੁੱਖੜੇ ਜਾ ਹੀਰਾਂ ਦੇ ਦੱਸਾਂ
ਕਿਧਰੇ ਵਾਰਿਸ ਸ਼ਾਹ ਮਿਲ ਜਾਵੇ

ਬੰਬ, ਬਰੂਦ, ਧਮਾਕੇ, ਖ਼ਬਰਾਂ
ਕਿੱਥੋਂ ਸੁਖ ਦਾ ਸਾਹ ਮਿਲ ਜਾਵੇ ?

ਬੱਸ ਦੋ ਟਾਈਮ ਦੀ ਰੋਟੀ ਰੱਬਾ
ਬੱਕਰੀ ਲਈ ਮੁਠ ਘਾਹ ਮਿਲ ਜਾਵੇ

ਸੋਚੇ ਮਾਇਆ ਜਾਲ਼ ਇਚ ਫੱਸਿਆ
ਨਿਕਲਣ ਦੀ ਕੋਈ ਰਾਹ ਮਿਲ ਜਾਵੇ

ਜੱਜ, ਵਕੀਲ, ਅਦਾਲਤ ਵਿਕਦੀ
ਝੂਠਾ ਲੱਖ ਗਵਾਹ ਮਿਲ ਜਾਵੇ

ਕ਼ਮਰ ਤੇਰਾ ਤੱਕ ਓਦਰਾ ਫਿਰਦਾ
ਢੋਲਾ ਅੰਨ੍ਹੇ ਵਾਹ ਮਿਲ ਜਾ ਵੇ

6. ਪੰਜਾਬੀ ਵਿਚ ਬੁਲਾਣਾ ਜਾਣਦਾ ਏ

ਪੰਜਾਬੀ ਵਿਚ ਬੁਲਾਣਾ ਜਾਣਦਾ ਏ
ਕੰਨਾਂ ਵਿਚ ਰਸ ਮੁਧਾਣਾ ਜਾਣਦਾ ਏ

ਅਣਖ਼, ਗ਼ੈਰਤ, ਜੁਰਅਤ ਦਾ ਨਾਂ ਪੰਜਾਬੀ
ਇਹ ਸਿਰ ਨਹੀਂ ਪੱਗ ਬਚਾਣਾ ਜਾਣਦਾ ਏ

ਦੁੱਖਾਂ ਨਾਲ਼ ਚਿਰ ਦੀ ਸਾਡੀ ਵਾਕਫ਼ੀਅਤ
ਤੇ ਗ਼ਮ ਸਾਨੂੰ ਪੁਰਾਣਾ ਜਾਣਦਾ ਏ

ਮੰਗਣ ਕਲੀਆਂ ਦੁਆਵਾਂ ਤੋੜੇ ਸਾਨੂੰ
ਪਰ ਉਹ ਫੁੱਲ ਬੂਟੇ ਲਾਣਾ ਜਾਣਦਾ ਏ

ਹੰਝੂ ਕਿੰਨ੍ਹੇ ਲੁਕੋਏ ਸਨ ਦਿਹਾੜੀ
ਇਹ ਬੱਸ ਓਹਦਾ ਸਿਰ੍ਹਾਣਾ ਜਾਣਦਾ ਏ

ਢੋਲਾ ਏਸ ਪਾਰੋਂ ਰੁੱਸਿਆ ਰੋਜ਼ ਰਾਂਹਦਾ
ਕੋਈ ਉਹਨੂੰ ਮਨਾਣਾ ਜਾਣਦਾ ਏ

ਮੇਰਾ ਹੱਥ ਫੜ ਕੇ ਆਪਣੇ ਸਿਰ ਤੇ ਰੱਖਦਾ
ਤੇ ਮੁੜ ਹਰ ਸਹੁੰ ਚਵਾਣਾ ਜਾਣਦਾ ਏ

ਕਮਰ ਹੱਸਦਾ ਬੜਾ ਬੱਸ ਵੇਖਿਆ ਤੂੰ
ਇਹ ਸ਼ਾਇਰ ਬਹੁੰ ਰੁਆਣਾ ਜਾਣਦਾ ਏ

7. ਲੁੱਡਣ ਬੇੜੀ ਪੂਰ ਦੀ ਗੱਲ ਏ

ਲੁੱਡਣ ਬੇੜੀ ਪੂਰ ਦੀ ਗੱਲ ਏ
ਹੀਰ ਸਲੇਟੀ ਹੂਰ ਦੀ ਗੱਲ ਏ

ਝੰਗ ਏ ਸਾਨੂੰ ਨੇੜੇ ਪੈਂਦਾ
ਰੱਬਾ ਜੰਨਤ ਦੂਰ ਦੀ ਗੱਲ ਏ

ਹਿਕ ਤਜੱਲੀ ਗਈ ਨਾ ਝੱਲੀ
ਹਜ਼ਰਤ ਮੂਸਾ ਤੂਰ ਦੀ ਗੱਲ ਏ

ਮੇਰਾ ਹੱਕ ਤੂੰ ਏਥੇ ਰੱਖ ਚਾ
ਮੰਗਤੇ ਨਹੀਂ ਮਜ਼ਦੂਰ ਦੀ ਗੱਲ ਏ

ਨੱਚ ਕੇ ਯਾਰ ਮਨਾ ਲੈ ਤੂੰ ਵੀ
ਤੇਰੇ ਕਮਰ ਕਸੂਰ ਦੀ ਗੱਲ ਏ

8. ਆਦਤ

(ਇੱਕ ਠੰਡੀ ਯਖ ਕਵਿਤਾ)

ਦਿਸੰਬਰ ਦੀ ਇਕੱਤੀ ਨੂੰ
ਗਈ ਆਦਤ ਨਾ ਸ਼ਾਪਿੰਗ ਦੀ
ਖਰੀਦੀ ਓਸ ਲਈ ਜਰਸੀ
ਨਵਾਂ ਅਸਕਾਰਫ਼ ਤੇ ਲੋਈ…
ਹੈਪੀ ਨਿਊ ਯੀਅਰ ਦਾ ਕਾਰਡ
ਨਵੇਂ ਇੱਕ ਸਾਲ ਦੀ ਡਾਇਰੀ
ਕਿਤਾਬਾਂ ਤੇ ਕਲਮ ਦੇ ਲਈ
ਜਦੋਂ ਵੜਿਆ ਦੁਕਾਨ ਅੰਦਰ
ਤੇ ਓਥੇ ਵੇਖਿਆ ਉਸ ਨੂੰ
ਜੀਵਨ ਸਾਥੀ ਨਾਲ ਉਸ ਦੇ
"ਤੁਮਹੀਂ ਮਿਲਤੇ ਤੋ ਅੱਛਾ ਥਾ"
ਸਾਅਦੁੱਲਾ ਸ਼ਾਹ ਜੀ ਦੀ
ਕਿਤਾਬ ਹੱਥਾਂ 'ਚ ਸੀ ਉਸ ਦੇ
ਮੈਂ ਓਥੋਂ ਅੱਖ ਬਚਾ ਕੇ
ਚੁਪ-ਚੁਪੀਤਾ ਬਾਹਿਰ ਟੁਰ ਆਇਆ
ਬੜੀ ਹੀ ਸ਼ਾਮ ਠੰਡੀ ਸੀ
ਤੇ ਐਨੀ ਠੰਡ ਵਿਚ ਬਾਹਿਰ
ਭਿਖਾਰਨ ਇਕ ਕੁੜੀ ਕੋਈ
ਪੁਰਾਣੀ ਪਾਟੀ ਲੋਈ ਨਾਲ
ਮੂੰਹ ਅੱਧਾ ਲੁਕਾਇਆ ਸੀ
ਮੇਰੀ ਖ਼ੈਰ ਮੰਗਦੀ ਨੇ
ਮੇਰੇ ਵੱਲ ਹੱਥ ਵਧਾਇਆ ਸੀ
ਓਹ ਥੈਲਾ ਤੁਹਫ਼ਿਆਂ ਵਾਲਾ
ਮੈਂ ਓਹਦੇ ਹੱਥ ਫੜਾਇਆ ਚਾ
ਤੇ ਬਦਲੇ ਉਸ ਥੈਲੇ ਦੇ
ਇਕ ਗੰਢੜੀ ਦੁਆਵਾਂ ਦੀ
ਮੈਂ ਟੁਰਿਆ ਲੈ ਕੇ ਓਹਦੇ ਤੋਂ
ਮੈਂ ਥੱਕੇ ਟੁੱਟੇ ਕਦਮਾਂ ਨਾਲ
ਅਪਣੀ ਬਾਈਕ ਤਕ ਅੱਪੜਿਆ
ਮਾਰੀ ਕਿੱਕ ਤੇ ਪਿਛਲੇ ਪੈਰੀਂ
ਅਪਣੇ ਪਿੰਡ ਵੱਲ ਮੁੜਿਆ
ਉਸ ਦਿਨ ਤੋਂ ਕਮਰ ਅੱਜ ਤਕ
ਦਿਸੰਬਰ ਦੀ ਇਕੱਤੀ ਨੂੰ
ਮੈਂ ਸ਼ਾਪਿੰਗ ਅੱਜ ਵੀ ਕਰਦਾ ਹਾਂ
ਲੋਈ ਜਰਸੀ ਤੇ ਇਕ ਅਸਕਾਰਫ਼
ਡਾਇਰੀ, ਕਾਰਡ, ਕਲਮ, ਕਿਤਾਬ
ਖਰੀਦਣ ਸ਼ਹਿਰ ਜਾਂਦਾ ਹਾਂ
ਤੇ ਨਵੇਂ ਸਾਲ ਦਾ ਥੈਲਾ
ਓਹ ਸਾਰਾ ਤੁਹਫ਼ਿਆਂ ਵਾਲਾ
ਠੰਡ ਪਾਲੇ 'ਚ ਠਰਦੀ ਹੋਈ
ਕਿਸੇ ਵੀ ਮਾਈ ਬੁੱਢੜੀ ਨੂੰ
ਯਾ ਕਿਸੇ ਛੋਹਰੀ ਛਕਰੀ ਨੂੰ
ਮੈਂ ਦੇ ਕੇ ਘਰ ਆ ਜਾਂਦਾ ਹਾਂ
ਦਿਸੰਬਰ ਦੀ ਇਕੱਤੀ ਨੂੰ
ਮੈਂ ਅੱਜ ਵੀ ਸ਼ਹਿਰ ਜਾਂਦਾ ਹਾਂ

9. ਇੱਕ ਇੱਕ ਸਾਹ ਲਈ ਮੁੱਕਦੀ ਜਾਂਦੀ

ਇੱਕ ਇੱਕ ਸਾਹ ਲਈ ਮੁੱਕਦੀ ਜਾਂਦੀ
ਰੱਤ ਹਯਾਤੀ ਥੁੱਕਦੀ ਜਾਂਦੀ

ਭਰ ਭਰ ਟਿੰਡਾਂ ਅੱਥਰੂ ਗੇੜੇ
ਦਿਲ ਵਿਚ ਬੀਜੀ ਸੁਕਦੀ ਜਾਂਦੀ

ਲਾਟਾਂ, ਲਾਂਬੂ, ਭਾਂਬੜ, ਇਸ਼ਕਾ
ਜਿੰਦ ਨਿਮਾਣੀ ਫੁਕਦੀ ਜਾਂਦੀ

ਚਿੱਥ ਚਿੱਥ ਬੁਲ੍ਹੀਆਂ ਪੀੜਾਂ ਡੱਕੀਆਂ
ਹਿਜਰ ਕੁਹਾੜੀ ਟੁਕਦੀ ਜਾਂਦੀ

ਆਖੋ ਆਣ ਕੇ ਮਾਰੇ ਛਮਕਾਂ
ਕਮਰ ਹਯਾਤੀ ਰੁਕਦੀ ਜਾਂਦੀ

10. ਮੈਂ ਪੈਰਾਂ 'ਚੋਂ ਕੰਡੇ ਵੀ ਨਾ ਕੱਢੇ ਬਹਿ ਵਿਚ ਰਾਹਵਾਂ

ਮੈਂ ਪੈਰਾਂ 'ਚੋਂ ਕੰਡੇ ਵੀ ਨਾ ਕੱਢੇ ਬਹਿ ਵਿਚ ਰਾਹਵਾਂ
ਹਿੱਕ ਦੋ ਪਲ ਦੀ ਦੇਰ ਹੋਈ ਉਸ ਬੰਨ੍ਹ ਲਏ ਗਜਰੇ ਬਾਂਹਵਾਂ

ਸੋਹਣੀ ਸੂਰਤ ਰੱਬ ਚਾ ਦਿੱਤੀ ਲੇਖ ਨਾ ਸੋਹਣੇ ਲਿਖੇ
ਸੋਹਲ ਮਲੂਕ ਕਬੂਤਰੀ ਵਰਗੀ ਡੋਲੇ ਪਾ ਲਈ ਕਾਵਾਂ

ਨਾ ਮੈਂ ਫੜਨ ਦਾ ਸੋਚਿਆ ਨਾ ਉਹ ਤਿਤਲੀ ਹੱਥੀਂ ਆਈ
ਮੇਰੇ ਪੈਰ ਜ਼ਮੀਨ ਤੇ ਰਹੇ ਉਹ ਉੱਡ ਗਈ ਵਿਚ ਹਵਾਵਾਂ

ਝੋਲੇ ਵਾ ਪੁਰੇ ਦੀ ਨੇ ਆ ਖ਼ੁਸ਼ਬੋ ਨੂੰ ਭੁੱਲੀਂ ਪਾਇਆ
ਫੁੱਲ ਵਿਚਾਰਾ ਸੋਚੀ ਜਾਂਦਾ ਮੈਂ ਹੁਣ ਕਿਧਰ ਜਾਵਾਂ

ਇਸ਼ਕ ਨੂੰ ਸਮਝਿਆ ਰੋਗ ਮਮੂਲੀ ਆਪੇ ਈ ਘੁਲ ਜਾਸੀ
ਮੇਰੀਆਂ ਹਾਲੇ ਨਿਕਲਣ ਚੀਕਾਂ ਕਿਹਨੂੰ ਫੱਟ ਵਿਖਾਵਾਂ

ਦੋ ਕਦਮਾਂ ਦੀ ਦੂਰੀ ਨੂੰ ਚਾ ਦੋ ਸੌ ਕੋਹ ਬਣਾਇਆ
ਮੇਰੇ ਸਾਹਵੀਂ ਰੱਖਿਆ ਸੀ ਅੱਜ ਹੋਰ ਕਿਸੇ ਦਾ ਨਾਵਾਂ

ਹੀਰ ਕਿਸੇ ਦੀ ਝੰਗ ਕਿਸੇ ਦਾ ਚੱਲ 'ਕਮਰ' ਟੁਰ ਚੱਲੀਏ
ਬਣ ਕੇ ਰਾਂਝਾ ਚੂਚਕ ਦਾ ਮੈਂ ਚਾਕਰ ਕਿਉਂ ਕਹਾਵਾਂ

11. ਪੁੱਛਿਆ ਹਾਲ ਤੇ ਹਾਲ ਦੁਹਾਈ ਲਿਖਿਆ ਸੂੰ

ਪੁੱਛਿਆ ਹਾਲ ਤੇ ਹਾਲ ਦੁਹਾਈ ਲਿਖਿਆ ਸੂੰ
ਤੈਨੂੰ ਅੱਜ ਤੱਕ ਸਮਝ ਨਾ ਆਈ ਲਿਖਿਆ ਸੂੰ

ਚਾਰ ਚੁਫ਼ੇਰੇ ਬਲਦੇ ਭਾਂਬੜ ਨਫ਼ਰਤ ਦੇ
ਪਿਆਰ ਦੀ ਦੁਸ਼ਮਣ ਕੁੱਲ ਖ਼ੁਦਾਈ ਲਿਖਿਆ ਸੂੰ

ਸੱਤਾਂ ਵਿੱਚੋਂ ਇਕ ਵੀ ਸਾਡੇ ਪਾਸੇ ਨਹੀਂ
ਕੱਲੀ ਰਹਿ ਗਈ ਊ ਸਭ'ਰਾਈ ਲਿਖਿਆ ਸੂੰ

ਹੀਰ ਦਾ ਰਿਸ਼ਤਾ ਖੇੜੇ ਮੰਗਣ ਆਏ ਨੀ
ਤਖ਼ਤ ਹਜ਼ਾਰਿਓਂ ਖ਼ਬਰ ਨਾ ਆਈ ਲਿਖਿਆ ਸੂੰ

ਲਿਖਦੀ ਰਹੀ ਹਰ ਈਦ ਤੇ ਮਹਿੰਦੀ ਨਾਲ 'ਕਮਰ'
ਮਹਿੰਦੀ ਵਾਲੀ ਰਾਤ ਜੁਦਾਈ ਲਿਖਿਆ ਸੂੰ

12. ਕਿੱਥੇ ਮੇਲੇ ਠੇਲੇ ਓਹੋ

ਕਿੱਥੇ ਮੇਲੇ ਠੇਲੇ ਓਹੋ
ਸੋਚੀ ਜਾਵਾਂ ਵੇਲੇ ਓਹੋ

ਜਿਨ੍ਹਾਂ ਵਿਚ ਸੀ ਨੀਂਦਰ ਸਾਡੀ
ਲਏ ਆ ਖੇਸ ਗਦੇਲੇ ਓਹੋ

ਡੰਗਰ ਡਾਂਗ ਇਕ ਵੰਝਲੀ ਤੇ ਮੈਂ
ਸੱਠ ਸਹੇਲੀਆਂ ਬੇਲੇ ਓਹੋ

ਵੇਲੇ ਤੇ ਜੋ ਕੰਮ ਸੀ ਕਰਨੇ
ਆਏ ਯਾਦ ਕੁਵੇਲੇ ਓਹੋ

ਕਮਰ ਜਿਨ੍ਹਾਂ ਨੂੰ ਨਜ਼ਰ ਨਾ ਆਇਆ
ਪਾਅ ਪਾਅ ਦੇ ਸਨ ਡੇਲੇ ਓਹੋ

13. ਕੂੜੇ ਕਾਰੇ ਈ ਹਰ ਵਾਰ ਕੀਤੇ ਸੂੰ

ਕੂੜੇ ਕਾਰੇ ਈ ਹਰ ਵਾਰ ਕੀਤੇ ਸੂੰ
ਪਿਛਲੇ ਸਿਰ ਤੇ ਨਵੇਂ ਉਧਾਰ ਕੀਤੇ ਸੂੰ

ਆਨੇ ਬ੍ਹਾਨੇ ਲਾਂਦਾ ਗੱਲ ਮੁਕਾਂਦਾ ਨਹੀਂ
ਨਾ ਇਕਰਾਰ ਨਾ ਇਨਕਾਰ ਕੀਤੇ ਸੂੰ

ਸਾਨੂੰ ਸ਼ੀਸ਼ੇ ਵਾਂਗਰ ਟੰਗਿਆ ਹੋਇਆ ਏ
ਖ਼ੌਰੇ ਕਿਸ ਲਈ ਹਾਰ ਸ਼ਿੰਗਾਰ ਕੀਤੇ ਸੂੰ

ਕੁੰਡੀ ਹੁਸਨ ਸ਼ਿੰਗਾਰ ਗਡੋਇਆ ਉੱਤੇ ਰੱਖ
ਆਸ਼ਿਕ ਮੱਛੀਆਂ ਵਾਂਗ ਸ਼ਿਕਾਰ ਕੀਤੇ ਸੂੰ

ਡਾਂਗਾਂ, ਸੋਟੇ ਝੱਲੀ ਬੈਠਾ ਨਫ਼ਰਤ ਦੇ
ਪਿਆਰ ਮੁਹੱਬਤ ਦੇ ਪ੍ਰਚਾਰ ਕੀਤੇ ਸੂੰ

ਹਾਲੇ ਪਿਛਲੇ ਫੱਟ ਤਰੋਪੇ ਘੁੱਲੇ ਨਹੀਂ
ਉਨ੍ਹਾਂ ਫੱਟਾਂ ਉੱਤੇ ਵਾਰ ਕੀਤੇ ਸੂੰ

ਜਿਧਰ ਨਹੀਂ ਸੀ ਜਾਣਾ ਟੁਰ ਗਿਆ 'ਕਮਰ ਫ਼ਰੀਦ'
ਨਹੀਂ ਸੀ ਕਰਨੇ ਜੋ ਕੰਮ-ਕਾਰ ਕੀਤੇ ਸੂੰ

14. ਤੇਰੀਆਂ ਯਾਦਾਂ ਦੇ ਵਿਚ ਮੈਨੂੰ

ਤੇਰੀਆਂ ਯਾਦਾਂ ਦੇ ਵਿਚ ਮੈਨੂੰ
ਵੇਖ ਕੇ ਗੁੰਮਸੁੰਮ
ਠੰਡੀ ਸੀਤ ਹਵਾ ਤੇ ਝੋਲੇ
ਮੇਰੀ ਖੁੱਲ੍ਹੀ ਡਾਇਰੀ ਦੇ
ਉਲਟ ਪੁਲਟ ਕੇ ਸਾਰੇ ਪੰਨੇ
ਰੁਕ ਗਏ ਆਣ ਦਸੰਬਰ ਤੇ
ਪੜ੍ਹ ਕੇ ਹੱਸੀ ਸੀਤ ਹਵਾ
ਮੁੜ ਮੈਨੂੰ ਤੱਕ ਕੇ ਰੋਂਦੀ ਰਹੀ
ਕੁੱਝ ਵੀ ਨਹੀਂ ਸੀ ਇਕੋ ਜਿਹਾ
ਮੈਂ ਜੋ ਲਿਖਿਆ ਧਰਤੀ ਤੇ
ਰੱਬ ਜੋ ਲਿਖਿਆ ਅੰਬਰ ਤੇ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ