Punjabi Poetry : Dr. Paul Kaur

ਪੰਜਾਬੀ ਕਵਿਤਾਵਾਂ : ਡਾ. ਪਾਲ ਕੌਰ

1. ਨਾਪ-ਅਨਾਪ

ਪਾਇਆ ਸੀ ਕਦੇ ਚੋਲਾ ਇਕ
ਪਰ ਸੁੰਗੜਦਾ ਰਿਹਾ ਉਸ ਅੰਦਰ ਜਿਸਮ
ਲੈ ਨਾ ਸਕੀ ਖੁਲ੍ਹ ਕੇ ਸਾਹ !

ਮਿਲਿਆ ਕੋਈ
ਤਾਂ ਕਤਰ ਦਿੱਤਾ ਉਸ ਚੋਲੇ ਦਾ ਵਾਫ਼ਰ ਆਕਾਰ
ਕਰ ਦਿਤਾ ਉਸ ਨੂੰ ਮੇਰੇ ਜਿਸਮ ਦੇ ਨਾਪ

ਪਰ ਹਿੱਲ ਗਿਆ ਏ ਹੁਣ ਫਿਰ ਨਾਪ
ਘੁਟ ਰਹੀ ਹਾਂ ਇਸ ਲਿਬਾਸ ਵਿਚ
ਤੇ ਘਿਰ ਗਈ ਹਾਂ ਇਸ ਲਿਬਾਸ
ਤੇ ਆਪਣੀਆਂ ਕਤਰਨਾਂ ਦੇ ਵਿਚਕਾਰ !

ਕਦੇ ਤਾਂ ਜੀ ਕਰਦਾ ਏ
ਚੁੱਕ ਲਵਾਂ ਇਹ ਕਤਰਨਾਂ
ਸੀਅ ਲਵਾਂ ਇਨ੍ਹਾਂ ਨੂੰ ਲਿਬਾਸ ਦੇ ਨਾਲ
ਪਰ ਕੀ ਕਰਾਂਗੀ ਇਹ ਲੀਰੋ-ਲੀਰ ਜੁੜਿਆ ਚੋਲਾ ?

ਹੁਣ ਤਾਂ ਇਹੋ ਜੀਅ ਕਰਦਾ ਏ
ਲਾਹ ਸੁਟਾਂ ਇਹ ਲਿਬਾਸ
ਤੇ ਮਾਰ ਕੇ ਲੋਈ ਦੀ ਬੁੱਕਲ
ਕਰ ਦਿਆਂ ਜਿਸਮ ਨੂੰ
ਕਿਸੇ ਵੀ ਨਾਪ ਤੋਂ ਪਾਰ

2. ਖੱਬਲ

ਸੁਣਿਆ ਏ ਕਿ ਜਦੋਂ ਮੈਂ ਜੰਮੀ ਸਾਂ
ਤਾਂ ਮੈਨੂੰ ਵੇਖ ਕੇ ‘ਕਿਸੇ’ ਨੇ ਮੂੰਹ ਫੇਰ ਲਿਆ ਸੀ
ਤੇ ‘ਕਿਸੇ’ ਨੇ ਪਿੱਠ ਕਰ ਲਈ ਸੀ

ਤੇ ਜਿਵੇਂ ਕਹਿੰਦੇ ਨੇ ਕਿ ਬੱਚਾ ਇੱਕੀ ਦਿਨਾਂ ਵਿਚ
ਪਿਓ ਦੀ ਪੱਗ ਪਛਾਣ ਲੈਂਦਾ ਹੈ
ਮੈਂ ਪਿੱਠ ਪਛਾਣ ਲਈ ਸੀ !

ਉਦੋਂ ਹੀ ਮੈਂ, ਪਿੱਠਾਂ ਨੂੰ ਵੇਖਣ
ਤੇ ਜਰਨ ਦੀ ਆਦੀ ਹੋ ਗਈ
ਤੇ ਜਦੋਂ ਵੀ ਅੱਖਾਂ ’ਚ ਰੋਹ ਭਰਿਆ
ਤਾਂ ਮੈਂ ਉਨ੍ਹਾਂ ਪਿੱਠਾਂ ਉਪਰ
ਆਪਣੀ ਉਦਾਸ ਇਬਾਰਤ ਲਿਖ ਦਿੱਤੀ
ਜਿਸ ਨੂੰ ਉਹ ਪਿੱਠਾਂ ਵਾਲੇ
ਕਦੇ ਵੀ ਪੜ੍ਹ ਨਹੀਂ ਸਕੇ !
ਮੈਂ ਤਾਂ ਕਿਆਰੀ ਵਿਚ, ਹੋਰਨਾਂ ਪੌਦਿਆਂ ਨਾਲ
ਕਿਸੇ ਖੱਬਲ ਵਾਂਗ ਉੱਗ ਪਈ ਸਾਂ
ਤੇ ਖੱਬਲ ਵਾਂਗ ਹੀ ਪਲ ਗਈ ਹਾਂ !

ਮਾਲੀ ਨੇ ਜਦੋਂ ਵੀ ਚਾਹਿਆ,
ਮੈਨੂੰ ਪੁੱਟ ਕੇ ਸੁੱਟਣ ਦੀ ਕੋਈ ਕਸਰ ਨਹੀਂ ਛੱਡੀ !
ਪਰ ਮੈਂ ਉਨ੍ਹਾਂ ਪੌਦਿਆਂ ਦੀਆਂ ਜੜ੍ਹਾਂ ਨਾਲ,
ਮੁੜ ਉੱਗ ਪਈ !

ਪੌਦਿਆਂ ਨੂੰ ਗੋਡੀ ਹੁੰਦੀ
ਮੇਰੇ ਅੰਗ ਜ਼ਖ਼ਮੀ ਵੀ ਹੋ ਜਾਂਦੇ ਤਾਂ ਮੈਂ ਮੂਕ ਰਹਿੰਦੀ,
ਮੇਰੀਆਂ ਬਿਮਾਰ ਤਿੜਾਂ ਪੀੜ ਨਾਲ ਕੁਰਲਾਉਂਦੀਆਂ
ਪਰ ਮੈਂ ਦੰਦਾਂ ਥੱਲੇ ਜੀਭ ਦੇ ਕੇ
ਅੱਥਰੂ ਅੱਥਰੂ ਹੋਈ ਪਈ ਰਹਿੰਦੀ !

ਖੱਬਲ ਵਰਗੀ ਹੋਂਦ ਨੇ
ਪਿਆਰ ਭਰੇ ਹੱਥ ਦੇ ਪੋਟਿਆਂ ਦੀ ਛੋਹ ਲਈ
ਮੇਰੀ ਸਹਿਕ ਨੇ -
ਤੇ ਘਣਛਾਵਾਂ ਬੂਟਾ ਹੁੰਦਿਆਂ ਸੁੰਦਿਆਂ
ਮੇਰੇ ਹਿੱਸੇ ਆਈ ਤਿੱਖੀ ਧੁੱਪ ਦੇ ਅਹਿਸਾਸ ਨੇ
ਮੈਨੂੰ ਮੰਗਤੀ ਬਣਾ ਦਿੱਤਾ ਹੈ।

ਮੈਂ ਛਾਂ ਦੇ ਇਕ ਇਕ ਕਤਰੇ ਲਈ
ਉਡਦੇ ਬਾਜ਼ਾਂ ਮਗਰ ਵੀ ਭੱਜੀ ਹਾਂ
ਤੇ ਦਰੋਂ ਬੇਦਰ ਹੋ ਕੇ
ਕਈ ਵਾਰ ਬੇਆਬਰੂ ਵੀ ਹੋਈ ਹਾਂ !

ਮੈਨੂੰ ਨਹੀਂ ਪਤਾ ਕਿ ਕਦੋਂ ਪਹੁ-ਫੁੱਟੀ ਸੀ
ਕਦੋਂ ਸਵੇਰ ਹੋਈ ਸੀ
ਤੇ ਦੁਪਿਹਰਾ ਕਿਵੇਂ ਢਲ ਗਿਆ
ਮੈਂ ਤਾਂ ਜਦੋਂ ਤੋਂ ਆਪਣਾ ਚਿਹਰਾ
ਸ਼ੀਸ਼ੇ ’ਚ ਤੱਕਿਆ ਹੈ
ਮੈਨੂੰ ਇਸ ਉਪਰ ਝੁਰੜੀਆਂ ਹੀ ਦਿੱਸੀਆਂ ਨੇ !

ਮੈਂ ਖੱਬਲ ਵਾਂਗ
ਮੁੜ ਮੁੜ ਅਤੇ ਬਦੋਬਦੀ ਉੱਗੀ ਹਾਂ
ਤੇ ਬਦੋਬਦੀ ਪਲੀ ਹਾਂ।

3. ਹਾਸਿਲ

ਦੁਖਾਂਤ ਇਹ ਨਹੀਂ ਸੀ ਕਿ ਸਵਾਲ ਔਖੇ ਸਨ
ਤੇ ਉਨ੍ਹਾਂ ਦੇ ਹੱਲ ਨਹੀਂ ਲੱਭੇ
ਦੁਖਾਂਤ ਇਹ ਹੋਇਆ ਏ
ਕਿ ਰਕਮਾਂ ਲਿਖ ਲਿਖ ਕੇ ਵਹੀ ਭਰ ਚੁੱਕੀ ਸੀ
ਉਦੋਂ ਸਮਝ ਆਏ ਫਾਰਮੂਲੇ !

ਕੁਝ ਰਕਮਾਂ ਤਾਂ ਖੌਰੇ ਮੁੱਢੋਂ ਹੀ ਗਲਤ ਸਨ
ਉਨ੍ਹਾਂ ਤੇ ਕੋਈ ਫਾਰਮੂਲਾ ਨਹੀਂ ਲੱਗਦਾ
ਬੱਸ ਵਹੀ ਦੇ ਕਈ ਪੰਨੇ ਮੱਲੀ ਬੈਠੀਆਂ ਨੇ
ਕੁਝ ਰਕਮਾਂ ਲਿਖਣ ਲੱਗੀ ਆਪ ਟਪਲਾ ਖਾ ਗਈ
ਫਾਰਮੂਲਾ ਤਾਂ ਲਗਦਾ ਏ
ਪਰ ਹਾਸਿਲ ਕੁਝ ਨਹੀਂ ਹੁੰਦਾ !

ਬੱਸ ਇਕ ਦੋ ਰਕਮਾਂ ਨੇ
ਜਿਨ੍ਹਾਂ ਸਮਝਾਏ ਨੇ ਕਈ ਫਾਰਮੂਲੇ
ਤੇ ਜਿਨ੍ਹਾਂ ਦਾ ਬੱਸ ਹਾਸਿਲ ਹੀ ਹਾਸਿਲ ਹੈ .

ਜਦੋਂ ਵੀ ਕਦੇ ਖੋਲ੍ਹਦੀ ਹਾਂ ਵਹੀ
ਹਰ ਪੰਨੇ ਤੇ ਰੁਕ ਕੇ ਸੋਚਦੀ ਹਾਂ
ਏਥੇ ਇਹ ਹੁੰਦਾ ਤਾਂ ਇੰਜ ਹੋ ਜਾਂਦਾ
ਏਥੇ ਇੰਜ ਹੀ ਲਿਖਦੀ ਤਾਂ ਇੰਜ ਹੋ ਜਾਂਦਾ

ਤੇ ਹੁਣ ਇਕ ਦੋ ਸਫਿਆਂ ਲਈ
ਚੁੱਕਣਾ ਪੈਂਦਾ ਏ ਐਵੇਂ ਹੀ ਕਾਲੇ ਕੀਤੇ
ਸਫ਼ਿਆਂ ਦੀ ਸਾਰੀ ਵਹੀ ਦਾ ਭਾਰ !

ਬੱਸ ਇਹੀ ਹੈ ਹਾਸਿਲ ਸਾਰੀ ਵਹੀ ਦਾ
ਕਿ ਜਦੋਂ ਲੱਭਦੇ ਨੇ ਫਾਰਮੂਲੇ
ਤਾਂ ਸਵਾਲ ਹੱਲ ਕਰਨ ਲਈ
ਕੋਈ ਸਫ਼ਾ ਖਾਲੀ ਨਹੀਂ ਬਚਦਾ !

4. ਡੁਹਾਗਣ

ਉਹ
ਸਦਾ ਔਗਣਾਂ ਕਰ ਕੇ ਹੀ ਨਹੀਂ ਹੁੰਦੀ ਡੁਹਾਗਣ
ਕਈ ਵਾਰ ਸੁਆਦ ਬਦਲਣ ਲਈ
ਰੱਦ ਦਿੱਤੀ ਜਾਂਦੀ ਹੈ ਉਹ !

ਇਸ ਡੁਹਾਗਣ ਦਾ ਨਹੀਂ ਹੁੰਦਾ
ਕਿਸੇ ਦੂਜੇ ਸੰਗ ਹੇਤ
ਉਹ ਤਾਂ ਸਾਰੀ ਉਮਰ ਪਛਾਣਦੀ ਰਹਿੰਦੀ ਏ
ਆਪਣੇ ਸਿਰ ਉਤਲੀ ਚੁੰਨੀ ਦਾ ਰੰਗ !

ਹਰ ਕਾਰਜ ਵਿਚ ਉਹਨੂੰ ਲੱਗਦਾ ਏ
ਕਿ ਉਹ ਨਹੀਂ ਕਿਸੇ ਦੀ ਕੁਝ ਵੀ
ਉਹ ਤਾਂ ਹੈ ਬੱਸ ਲਾਗਣ-
ਜੋ ਉਹਨੂੰ ਮਿਲਦਾ ਏ
ਸ਼ਗਨਾਂ ਵਾਲਿਆਂ ਦੇ ਸਿਰੋਂ ਵਾਰਿਆ ਹੁੰਦਾ ਏ !

ਡੁਹਾਗਣ ਹੌਲੀ ਹੌਲੀ ਹੋ ਜਾਂਦੀ ਏ ਐਸਾ ਮਕਾਨ !
ਜੋ ਹੈ ਤਾਂ ਸੁਹਣਾ, ਮਜ਼ਬੂਤ, ਕੀਮਤੀ
ਪਰ ਛੱਤਾਂ ਤੇ ਲੱਗ ਜਾਂਦੇ ਨੇ ਜਾਲੇ-
ਚੀਜ਼ਾਂ ਤੇ ਜੰਮ ਜਾਂਦੀ ਏ ਧੂੜ
ਫਿੱਟ ਜਾਂਦੇ ਨੇ ਪਰਦਿਆਂ ਦੇ ਰੰਗ
ਬੱਸ ਨਹੀਂ ਹੁੰਦੀ ਕਦੇ ਸ਼ੁਭ ਪ੍ਰਭਾਤ
ਤੇ ਨਹੀਂ ਆਉਂਦੀ ਕਦੇ ਕੋਈ ਹੁਸੀਨ ਸ਼ਾਮ !
ਕਈ ਵਾਰ ਧਰਮਸ਼ਾਲਾ ’ਚ ਪਿਆ
ਦਾਨਪਾਤਰ ਬਣ ਜਾਂਦੀ ਏ ਉਹ
ਕੋਈ ਉਸ ਵਿਚ ਦਾਨ,
ਕੋਈ ਭਿੱਖਿਆ
ਤੇ ਕੋਈ ਘਟੀਆ ਜੁਮਲਾ ਲਿਖ ਕੇ ਪਾ ਜਾਂਦਾ ਏ

ਕਈ ਵਾਰ ਉਹ ਵੇਖਦੀ ਏ
ਕੋਈ ਫੁੱਲਾਂ ਭਰਿਆ ਬਾਗ
ਤਾਂ ਉੱਗ ਆਉਂਦੀ ਏ
ਆਪਣੇ ਵੀਰਾਨੇ ਵਿਚ ਵੀ
ਭਾਵੇਂ ਹੁੰਦੀ ਏ ਕੋਈ ਕੈਕਟਸ ਉਹ !
ਦੁੱਖ-ਸੁੱਖ ਤੋਂ ਖਾਲੀ
ਦਰਿਆ ’ਚ ਡੁੱਬੀ
ਪਰ ਪਾਣੀ ਦੀ ਛੁਹ ਤੋਂ
ਵਾਂਝੀ ਹੁੰਦੀ ਏ ਡੁਹਾਗਣ !

5. ਵੰਡ

ਕੱਲ ਕਿਸੇ ਕਿਹਾ ਸੀ ਕਿ ਸਾਨੂੰ ਜੋ ਵੋਟ ਨਾ ਪਾਏਗਾ,
ਉਹ ਪਾਕਿਸਤਾਨ ਜਾਏਗਾ
ਅੱਜ ਚੜ੍ਹਾਵੇ ਦੀ ਵੰਡ ਤੇ
ਕਿਸੇ ਨੇ ਕੇਰੇ ਮਗਰਮਛ ਦੇ ਅਥਰੂ !
ਅਥਰੂਆਂ ਵਿਚ ਡੁਬ ਕੇ
ਉਨਾਂ ਕੁਝ ਹਿੱਸਾ ਮੰਗਣ ਵਾਲਿਆਂ ਨੂੰ ਦਿਤਾ ਛੇਕ !
ਕੱਲ ਨੂੰ ਹੁਣ ਉਹ ਇਹ ਵੀ ਕਹਿ ਸਕਦੇ ਨੇ
ਜੋ ਵੋਟ ਨਹੀਂ ਪਾਏਗਾ ਸਾਡੇ ਮਾਲਿਕ ਨੂੰ
ਛੇਕ ਦਿਤਾ ਜਾਵੇਗਾ ਉਹ !
ਤਿਆਰ ਰਹੋ ਧਰਮ ਦੀ ਇਸ ਪਰਿਭਾਸ਼ਾ ਲਈ ......
ਨਹੀਂ ਤਾਂ ਨਾ ਸਾਡਾ ਕੋਈ ਧਰਮ ਤੇ ਨਾ ਸਾਡਾ ਕੋਈ ਦੇਸ਼ !

6. ਰਾਜ ਤਿਲਕ

ਕੱਲ ਤਲਵਾਰ ਦੇ ਜੋਰ 'ਤੇ, ਬਹੁਤ ਸਾਰੇ ਨਰ-ਮੇਧ ਤੋਂ ਬਾਅਦ,
ਲਹੂ ਦਾ ਤਿਲਕ ਲਗਾ ਕੇ, ਅਠਾਰਾਂ ਨਦੀਆਂ ਦੇ ਜਲ ਨਾਲ ਨੁਹਾ ਕੇ,
ਹੁੰਦਾ ਸੀ ਰਾਜ ਅਭਿਸ਼ੇਕ !
ਪਰ ਲੋਕ ਰਾਜ ਹੈ ਅੱਜ,
ਛੋਟੇ ਤਖ਼ਤ ਤੋਂ ਹੁੰਦਾ ਹੈ ਵੱਡੇ ਤਖ਼ਤ ਦਾ ਸਫ਼ਰ !
ਛੋਟੇ ਤਖ਼ਤ ਉਤੇ, ਵੱਡੇ ਬਾਜ਼ਾਰ 'ਚ ਵਿਕਦਾ,
ਉਹ ਭਰਦਾ ਆਪਣੇ ਵਹੀਆਂ-ਖਾਤੇ ....
ਫਿਰ ਤਾਂ ਨਰ-ਮੇਧ ਵੀ ਨਾ ਕਰ ਸਕਦਾ,
ਤਲਵਾਰ ਦੀ ਪਛਾਣ !
ਬੜੇ ਸਲੀਕੇ ਨਾਲ ਵਿਕਦਾ,
ਤੇ ਫਿਰ ਖਰੀਦਦਾ ਉਹ ਸਾਰਾ ਬਾਜ਼ਾਰ !
ਇਕ ਹਥ ਅਤੀਤ ਨੂੰ ਧੁੰਦਲਾਉਂਦਾ,
ਲਿਜਲਿਜੇ ਸ਼ਬਦਾਂ ਨੂੰ ਉਲਝਾਉਂਦਾ --
ਪਹਿਲਾਂ ਨਿੰਦਦਾ,
ਫਿਰ ਖਰੀਦ ਕੇ ਜੇਬ 'ਚ ਪਾਉਂਦਾ......
ਮੋਹਰ-ਬਟਨ ਤਾਂ ਬੱਸ ਛਲਾਵਾ,
ਪਹਿਲਾਂ ਹੀ ਐਲਾਨ ਕਰਾਉਂਦਾ .....
ਹਰ ਢੰਡੋਰਚੀ ਦੀ ਖਰੀਦ ਮੁਨਾਦੀ,
ਲੋਕਾਂ ਦੇ ਕੰਨਾਂ 'ਚ ਸ਼ੀਸ਼ਾ ਹੈ ਪਾਉਂਦਾ,
ਵੰਨ-ਵੰਨ ਦੇ ਚਸ਼ਮੇ ਉਨਾਂ ਦੀਆਂ ਅੱਖਾਂ 'ਤੇ ਚੜ੍ਹਾਉਂਦਾ !
ਬਵੰਜਾ ਦੇ ਬਵੰਜਾ ਪੱਤੇ, ਹੋ ਸ਼ਾਤਰ ਚਲਾਉਂਦਾ ......
ਤੇ ਅਠਾਰਾਂ ਨਦੀਆਂ 'ਚ ਪਹਿਲਾਂ ਹੀ,
ਹਰ ਰੰਗ ਦਾ ਚੋਲਾ ਪਾ ਨਹਾਉਂਦਾ !
ਤੇ ਉਹ ਜਿਨਾਂ ਦੱਸਣਾ ਸੀ
ਸਹੁੰ ਚੁੱਕਣ ਤੇ ਰਾਜ ਤਿਲਕ ਦਾ ਫਰਕ,
ਉਹਦੇ ਖਾਤੇ ਚਰਦੇ,
'ਰਾਜ ਤਿਲਕ' 'ਰਾਜ ਤਿਲਕ' ਕਰਦੇ,
ਕਸੀਦੇ ਗਾਉਂਦੇ ਉਸ ਦੇ,
ਤੇ ਲੋਕ-ਰਾਜ ਦਾ ਮਰਸੀਆ ਪਏ ਪੜ੍ਹਦੇ !

7. ਜੰਗਲ ਦੀ ਚੀਕ

ਸੜਕ ਦੀ ਚੀਕ ਤਾਂ ਸਭ ਨੇ ਸੁਣੀ ਸੀ,
ਤੇ ਖੜਾ ਜਹਾਦ ਵੀ ਕੀਤਾ ਸੀ !
ਮਾਲਕੀ ਦੇ ਇਕ ਇਕ ਬੋਲ ਦਾ, ਬਰਾਬਰ ਹਿਸਾਬ ਵੀ ਕੀਤਾ ਸੀ !
ਪਰ ਇਹ ਜੰਗਲ ਦੀ ਚੀਕ ?
ਕੀ ਜੰਗਲ ਵਿਚ ਹੀ ਦਫ਼ਨ ਹੋ ਜਾਵੇਗੀ ?
ਮਹਾਨ 'ਭਾਰਤ' ਦੀ ਕਲਗੀ ਦੇ, ਨਾ ਕੁਝ ਖੰਭ ਹਿਲਾਵੇਗੀ ?
ਜੰਗਲ ਦੀ ਚੀਕ ਤਾਂ, ਮਾਲਕੀ ਦਾ ਹੋਰ ਘਿਨਾਉਣਾ ਚਿਹਰਾ ਹੈ !
ਬਿਰਛਾਂ ਤੋਂ ਬਣੀਆਂ ਕੁਰਸੀਆਂ ਦਾ, ਇਕ ਸਾਜਿਸ਼ੀ ਹਨੇਰਾ ਹੈ !
ਲੁੱਟਾਂਗੇ, ਕੁੱਟਾਂਗੇ ਤੇ ਨਾਲੇ ਰਾਜ ਕਰਾਂਗੇ,
ਜੇ ਚੂੰ ਕੀਤੀ, ਤੁਹਾਡੇ ਸਿਰ 'ਤੇ, ਨਮੋਸ਼ੀ ਮੌਤ ਦਾ ਇਹ ਤਾਜ ਧਰਾਂਗੇ !
ਤਮਾਸ਼ਾ ਨਹੀਂ ਹੈ ਜੰਗਲ ਦੀ ਚੀਕ, ਜੋ ਚਾਰ ਦਿਨ ਟੀ.ਵੀ. 'ਤੇ ਡੁਗਡੁਗਾਵੇਗੀ !
ਇਹ ਚੀਕ ਹੈ ਮਜਲੂਮ, ਸਾਰੇ ਹਨੇਰੇ ਪਾੜ ਖਾਵੇਗੀ !
ਦਿਸੇ ਨਾ ਦਿੱਸੇ ਮਚਦਾ ਜਹਾਦ ਕੋਈ .
ਇਹ ਚੀਕ ਹੈ ਐਨੀ ਗਹਿਰੀ ਕਿ ਉਠੇਗੀ ਫੂਲਣਾ ਦੀ ਡਾਰ,
ਇਨਾਂ ਮਾਲਕਾਂ ਦੇ ਫਿਰ ਸਥਰ ਵਿਛਾਵੇਗੀ !

8. ਕੁਝ ਚੁਭਦਾ ਹੈ

ਕੁਝ ਚੁਭਦਾ ਹੈ
ਕਾਲਜੇ ’ਚ ਮੇਰੇ
ਬੈਠਾ ਏ ਇਕ ਦਰਦ
ਮੁੜ ਮੁੜ ਸੁਆਂਦੀ ਹਾਂ
ਮੁੜ ਮੁੜ ਉਠਦਾ ਹੈ !

ਦੋਸਤ ਨੇ ਆਖਿਆ ਦਰਦ ਤੇ ਟਿਕੇ ਰਹਿਣਾ
ਨਹੀਂ ਹੈ ਕੋਈ ਯਾਤਰਾ -
ਆਪਣੇ ਅਤੇ ਦਰਦ ਉਤੇ ਪਾ ਕੋਈ ਪੁਲ
ਤੇ ਹੋ ਜਾ ਪਾਰ-
ਉਸਾਰੇ ਪੁਲ ਬਥੇਰੇ
ਪਰ ਪੁਲ ਉਤੋਂ ਲੰਘਦਿਆਂ
ਥ੍ਹੰਮ ਥ੍ਹੰਮ ਹਿਲਦਾ ਹੈ
ਦਰਦ ਫਿਰ ਉਠਦਾ ਹੈ
ਕੁਝ ਚੁਭਦਾ ਹੈ !

ਫਿਰ ਗੁਰ-ਵਾਕ ਮਿਲਿਆ
ਕਿ ਕੁਝ ਨਹੀਂ ਹੁੰਦਾ ਦਰਦ
ਇਹ ਤਾਂ ਆਪਣੇ ਹੀ ਦੁਆਲੇ ਉਣਿਆ
ਜਾਲ ਹੁੰਦਾ ਹੈ ਮਹਿਜ਼,
ਚੁਭਦਾ ਹੈ ਹਉਂ ਦੇ ਯੁਧ ਵਿਚ ਲੱਗਾ ਹਰ ਤੀਰ .
ਹੋਣਾ ਹੈ ਇਸ ਦਰਦ ਤੋਂ ਮੁਕਤ
ਤਾਂ ਨਿਕਲ ਪਹਿਲਾਂ ਇਸ ਜਾਲ ਤੇ ਯੁਧ ’ਚੋਂ ਬਾਹਰ

ਹੁੰਦੀ ਹਾਂ ਮੁੜ ਮੁੜ ਆਪਣੇ ਸਨਮੁੱਖ
ਕਰਦੀ ਹਾਂ ਮੁੜ ਮੁੜ ਕਈ ਕੌਲ
ਪਰ ਪਾਸਾ ਪਰਤਦਿਆਂ ਹੀ
ਫਿਰ ਉਠਦੀ ਏ ਟੀਸ
ਹੁੰਦਾ ਏ ਦਰਦ
ਕੁਝ ਚੁਭਦਾ ਹੈ !

9. ਫੋਕਸ

ਉੱਗ ਤਾਂ ਪਏ ਹਾਂ
ਇੱਕੋ ਕਿਆਰੀ ਵਿਚ
ਪਰ ਪਨੀਰੀ ਤਾਂ ਨਹੀਂ ਰਹਿਣਾ ਅਸਾਂ

ਫਲ਼ਣਾ ਫੁੱਲਣਾ ਹੈ
ਤਾਂ ਦੋ-ਚਾਰ ਹੱਥ ਦੀ ਦੂਰੀ 'ਤੇ ਰਹੀਂ
ਇਕ ਦਾ ਕੱਦ ਵਧ ਜਾਵੇ
ਤਾਂ ਦੂਜਾ ਉਹਦੇ ਪਰਛਾਵੇਂ ਵਿਚ ਹੀ
ਸੜ-ਸੁੱਕ ਜਾਵੇਗਾ

ਵਾਜਿਬ ਦੂਰੀ ਤੋਂ ਹੀ
ਠੀਕ ਬਣਦਾ ਹੈ ਫੋਕਸ
ਧੁੰਦਲ਼ਾ ਜਾਂਦੇ ਨੇ ਨਕਸ਼
ਬਹੁਤ ਕਰੀਬ ਆ ਕੇ

ਹੋਈ ਹਾਂ ਜਿਉਂ ਜਿਉਂ ਵਡੇਰੀ
ਨੇੜੇ ਦੀ ਨਿਗਾਹ ਹੋ ਰਹੀ ਏ ਕਮਜ਼ੋਰ
ਖਲੋਅ ਜ਼ਰਾ ਕੁ ਦੂਰ
ਕਿ ਸਾਫ਼ ਵੇਖ ਸਕਾਂ ਤੈਨੂੰ

10. ਕੁੜੀ ਕਰਦੀ ਏ ਸਵਾਲ

ਕੁੜੀ ਕਰਦੀ ਏ ਸਵਾਲ
ਉਹ ਕਿਉਂ ਨਹੀਂ ਲੈ ਸਕਦੀ
ਉਹ ਚੰਨ...
ਜਿਹੜਾ ਮਾਰਦਾ ਏ ਉਹਨੂੰ ਸੈਨਤਾਂ!

ਕੁੜੀ ਕਰਦੀ ਏ ਸਵਾਲ
ਕੌਣ ਨੇ ਉਹ
ਜੋ ਉਹਦੇ ਤੇ ਚੰਨ ਵਿਚਾਲ਼ੇ
ਖ਼ਲਾਅ ਨੇ ਵਧਾ ਰਹੇ!

ਕੁੜੀ ਕਰਦੀ ਏ ਸਵਾਲ
ਪਰਛਾਵੇਂ ਆਪਣੇ ਨੂੰ!
ਕਰਦੀ ਏ ਸੂਰਜ ਵੱਲ ਮੂੰਹ
ਤਾਂ ਪਰਛਾਵਾਂ ਹੁੰਦਾ ਏ ਮਗਰ
ਕਰਦੀ ਏ ਚੰਨ ਵੱਲ ਮੂੰਹ
ਤਾਂ ਪਰਾਛਾਵਾਂ ਆ ਖਲੋਂਦਾ ਏ ਸਾਹਵੇਂ
ਨਹੀਂ ਫੜਨ ਦੇਂਦਾ ਚੰਨ ਨੂੰ!
ਡੋਬਣ ਲਈ ਪਰਛਾਵਾਂ
ਕੁੜੀ ਗੁਆਚਦੀ ਏ ਹਨੇਰੇ 'ਚ
ਪਰ ਮੱਸਿਆ ਦੀ ਰਾਤੇ
ਕਿਵੇਂ ਵੇਖੇ ਚੰਨ ਦਾ ਮੂੰਹ?

ਕੁੜੀ ਕਰਦੀ ਏ ਸਵਾਲ
ਨਾਂ ਨੂੰ ਆਪਣੇ!
ਕਿਉਂ ਨਹੀਂ ਪੂਰਾ ਹੁੰਦਾ ਨਾਂ ਉਸਦਾ?
ਪਹਿਲਾਂ ਕਿਸੇ ਦੀ ਮੁਹਤਾਜ
ਫਿਰ ਕਿਸੇ ਹੋਰ ਦੀ ਮੁਹਤਾਜ ਹੋਣ ਖ਼ਾਤਿਰ
ਹੋਈ ਫਿਰਦੀ ਹੈ ਅਧੂਰੀ!

ਕੁੜੀ ਕਰਦੀ ਏ ਸਵਾਲ
ਅੰਬਰੀਂ ਉੱਡਦੇ ਪਤੰਗ ਨੂੰ!
ਨਾ ਉਹ ਡੋਰ, ਨਾ ਪਤੰਗ ਨਾ
ਉਹ ਉੱਡਣ ਵਾਲ਼ੀ
ਨਾ ਉਡਾਣ ਵਾਲ਼ੀ
ਫਿਰ ਵੀ ਕੀ ਏ?
ਜੋ ਉਹਦੇ ਅੰਦਰੋਂ ਬਦੋ-ਬਦੀ ਨਿੱਕਲ਼ ਕੇ
ਪਤੰਗ ਵਿਚ ਜਾ ਉੱਡਦਾ!

ਕੁੜੀ ਕਰਦੀ ਏ ਸਵਾਲ
ਚੰਨ ਨੂੰ!
ਜੋ ਨਹੀਂ ਆ ਸਕਦਾ ਛੱਡ ਕੇ
ਆਪਣਾ ਅੰਬਰ
ਆਪਣੇ ਤਾਰੇ ਉਹ-
ਤਾਂ ਕਿਉਂ ਮਾਰਦਾ ਏ ਸੈਨਤਾਂ
ਆਪਣੇ ਰਾਹੀਂ ਤੁਰਦੀ
ਕੁੜੀ ਵਿਚਾਰੀ ਨੂੰ!

ਕੁੜੀ ਕਰਦੀ ਏ ਸਵਾਲ ਖ਼ੁਦ ਨੂੰ
ਕਿਉਂ ਸੱਚ ਮੰਨ ਬਹਿੰਦੀ ਏ
ਉਹ ਚੰਨ ਦੇ ਇਸ਼ਾਰੇ?

ਕੁੜੀ ਕਰਦੀ ਏ ਸਵਾਲ ਖ਼ੁਦ ਨੂੰ
ਕਿਉਂ ਨਹੀਂ ਹੁੰਦੀ ਉਹ
ਸਾਹਵੇਂ ਆਪਣੇ?

11. ਕਬਰਿਸਤਾਨ

ਕਿਉਂ ਭਰ ਦਿੱਤਾ ਏ
ਉਸ ਬਲ਼ਦੇ ਮੱਥੇ ਵਾਲ਼ੀ
ਕੁੜੀ ਦੇ ਜ਼ਿਹਨ 'ਚ ਧੂੰਆਂ
ਮੱਧਮ ਕਰ ਦਿੱਤਾ ਏ
ਅੱਥਰੂਆਂ ਨੇ
ਜਿਹਦੇ ਨੈਣਾਂ ਦਾ ਤੇਜ
ਹਸੂੰ-ਹਸੂੰ ਕਰਦੀ ਸੁਰ ਨੂੰ
ਡੋਬ ਦਿੱਤਾ ਏ, ਗਹਿਰੇ ਨੀਰ ਵਿਚ!

ਕਿਸ ਨੇ ਲਿਖਾਈ ਇਬਾਰਤ
ਕਿਸ ਨੇ ਦਿੱਤੇ ਬੋਲ
ਕਿ ਬੋਲਦੀ ਮੁੜ ਮੁੜ
"ਇਹ ਹੋਣਾ ਚਾਹੀਦਾ
ਇਹ ਨਹੀਂ ਹੋਣਾ ਚਾਹੀਦਾ"
ਘੁੱਟ ਕੇ ਕਾਲ਼ਜਾ ਆਪਣਾ
ਦੱਬ ਲੈਂਦੀ ਅੰਦਰ
ਤੇ ਨਹੀਂ ਕਹਿ ਸਕਦੀ
"ਮੈਨੂੰ ਇਹ ਚਾਹੀਦਾ
ਇਹ ਨਹੀਂ ਚਾਹੀਦਾ"

ਪੀ ਗਈ ਏ
ਹਰ ਮੋਹ-ਭੰਗ ਦਾ ਸਦਮਾ
ਤੇ ਕਰ ਲਿਆ ਏ ਉਸਨੇ
ਅਸ਼ੋਕ ਵਾਟਿਕਾ ਨੂੰ ਹੀ ਘਰ ਆਪਣਾ
ਰੋਜ਼ ਮਰਦੀ ਏ
ਕਦੀ ਕੋਈ ਅੰਗ ਸੌਂਦੈ
ਕਦੀ ਕੋਈ ਨਾੜ ਸੌਂਦੀ ਏ
ਹੋ ਗਈ ਏ ਅਹਿੱਲਿਆ
ਪਤਾ ਨਹੀਂ ਕਿਸ ਰਾਮ ਨੂੰ ਉਡੀਕਦੀ?

ਰਾਮ ਵੀ ਜੇ ਕਿਤੇ ਹੈ
ਤਾਂ ਆਪਣੇ ਦਾਇਰਿਆਂ 'ਚ ਬੱਝਾ
"ਇਹ ਹੋਣਾ ਚਾਹੀਦਾ, ਇਹ ਨਹੀਂ ਹੋਣਾ ਚਾਹੀਦਾ"
ਦਾ ਪਾਠ ਪੜ੍ਹਾਉਂਦਾ
ਨਹੀਂ ਛੂੰਹਦਾ ਇਸ ਬੁੱਤ ਨੂੰ
ਖ਼ੌਰੇ! ਉਹ ਵੀ ਨਹੀਂ ਜਾਣਦਾ
ਕਿ ਕੌਣ ਖੋਲ੍ਹੇਗਾ ਆਖ਼ਿਰ
ਮੱਥਿਆਂ 'ਚ ਪਈਆਂ ਬੇੜੀਆਂ

ਕਿਸਨੇ ਬੀਜ ਦਿੱਤਾ ਇਹ "ਚਾਹੀਦਾ"
ਸਾਡੇ ਲਹੂ ਵਿਚ-
ਕਿ ਔੜਾਂ ਵਿਚ ਘੁਟ-ਘੁਟ ਮਰਦੇ
ਬਾਰਿਸ਼ਾਂ ਤੋਂ ਡਰਦੇ ਰਹਿੰਦੇ ਹਾਂ ਅਸੀਂ
ਆਉਂਦੀ ਏ ਜ਼ਿੰਦਗੀ
ਤਾਂ ਢਾਲ਼ ਲਗਾ ਕੇ
ਖਲੋਅ ਜਾਂਦੇ ਹਾਂ ਅਸੀਂ

ਕਿਆਮਤ ਹੋ ਗਈ ਜ਼ਿੰਦਗੀ
ਫਿਰਦੇ ਨੇ ਉਹ ਮੁਰਦਾ ਜਿਹੇ
ਮੰਗਦੇ ਨੇ ਕਿਉਂ ਹੱਥ ਅੱਡ-ਅੱਡ
ਉਨ੍ਹਾਂ ਘਰਾਂ ਦੀ ਖ਼ੈਰ
ਜੋ ਕਬਰਿਸਤਾਨ ਹੋ ਗਏ

12. ਉਡਾਣ

ਪੈਰ, ਲਛਮਣ-ਰੇਖਾ ਨਾਲ਼ ਸਦਾ ਟਕਰਾਏ ਨੇ!
ਪੈਰ, ਕਦੀ ਰਾਹਾਂ ਤੇ ਲਛਮਣ-ਰੇਖਾਵਾਂ ਵਿਚਾਲ਼ੇ
ਲਮਕ ਕੇ ਰਹਿ ਗਏ ਨੇ-
ਤੇ ਪੈਰ ਮੱਚਦੀਆਂ ਰੇਖਾਵਾਂ 'ਚ ਸੜਦੇ
ਪਾਰ ਵੀ ਗਏ ਨੇ!

ਅੱਖਾਂ ਲਛਮਣ-ਰੇਖਾ ਤੋਂ ਪਾਰ ਖੜ੍ਹੇ
ਰਾਵਣ ਨੂੰ ਨਹੀਂ ਪਛਾਣਦੀਆਂ-
ਦੋ ਮਰਿਯਾਦਾਵਾਂ 'ਚ ਘਿਰੇ ਪੈਰ
ਇਕ ਮਰਿਯਾਦਾ ਨੁੰ ਰੱਦ ਕਰਦੇ
ਬਾਹਰ ਆ ਜਾਂਦੇ ਨੇ-
ਪਰ ਜਦੋਂ ਮੋਹ ਭੰਗ ਹੁੰਦਾ ਹੈ
ਤਾਂ ਪੈਰ ਫਿਰ ਲਛਮਣ-ਰੇਖਾ ਨੂੰ
ਜਾ ਗਲ਼ੇ ਲਾਉਂਦੇ ਨੇ!

ਪਰ ਬੜਾ ਸਾਹ ਘੁੱਟਦਾ ਹੈ ਇਸ ਰੇਖਾ ਦੇ ਅੰਦਰ
ਤਨ ਇਸ ਪਾਰ ਹੁੰਦਾ ਹੈ
ਤੇ ਮਨ ਉਸ ਪਾਰ-
ਦਾਅਵਾ ਇਸ ਪਾਰ ਹੁੰਦਾ ਹੈ
ਤੇ ਉਡਾਣ ਉਸ ਪਾਰ-
ਫਿਰ ਕਦੇ ਤਾਂ ਅਸੀਂ ਪੈਰ ਫੜ ਕੇ ਬਹਿ ਜਾਂਦੇ ਹਾਂ-
ਜੀਣ ਨੂ ਬਚਾਉਂਦੇ ਬਚਾਉਂਦੇ ਰੋਜ਼ ਮਰਦੇ ਹਾਂ-
ਕਦੀ ਵਿਸਾਲ ਆਸਮਾਨ ਸਾਨੂੰ 'ਵਾਜਾਂ ਮਾਰਦਾ ਹੈ-
ਅਸੀਂ ਮਨ ਨੂੰ ਤਨ ਨਾਲ਼ ਜੋੜਦੇ ਹਾਂ
ਤਾਂ ਸਾਡੇ ਪੈਰਾਂ ਵਿਚੋਂ ਵੀ ਖੰਭ ਉੱਗ ਆਉਂਦੇ ਨੇ!

ਪਰ ਕਿਸੇ ਦੇ ਮੋਢਿਆਂ 'ਤੇ ਬਹਿ ਕੇ ਉੱਡਣਾ
ਤੇ ਕਿਸੇ ਦਾ ਹੱਥ ਫੜ ਕੇ ਬਾਹਰ ਆਉਣਾ
ਤਾਂ ਨਵੇਂ ਪਿੰਜਰੇ ਵੱਲ ਦਾ ਸਫ਼ਰ ਹੈ-
ਪੈਰ ਆਪਣੇ ਹੋਣ, ਖੰਭ ਆਪਣੇ ਹੋਣ
ਤੇ ਪਾਰ ਕਿਸੇ 'ਤੇ ਅੱਖ ਨਾ ਹੋਵੇ-
ਉਡਾਰੀ ਤਦ ਹੀ ਹੁੰਦੀ ਹੈ-
ਮਜ਼ਾ ਉੱਡਣ ਦਾ, ਤਾਂ ਹੀ ਆਉਂਦਾ ਹੈ!

13. ਦਹਿਲੀਜ਼ ਦੇ ਇਸ ਪਾਰ

ਜੰਮੀ ਤਾਂ ਦਹਿਲੀਜ਼ ਦੇ ਉਸ ਪਾਰ ਸਾਂ
ਪਰ ਜੀਵੀ ਹਾਂ ਦਹਿਲੀਜ਼ਾਂ ਤੋਂ ਬਾਹਰ!

…………………
ਫਿਰ ਸੜਕਾਂ ਗਲੀਆਂ ਤੇ ਘਰਾਂ-ਦਰਾਂ ਚੋਂ
ਕੱਢੀ ਪਗਡੰਡੀ ਕੋਈ
ਤੇ ਬਣਾ ਲਿਆ ਇਕ ਟਿੱਲਾ ਆਪਣਾ।
ਕਰਦੀ ਹਾਂ ਯਾਤਰਾ ਰੋਜ਼
ਇਸ ਟਿੱਲੇ ਤੋਂ
ਸੜਕਾਂ ਗਲੀਆਂ ਤੇ ਘਰਾਂ-ਦਰਾਂ ਤੀਕ!

………………
ਆਪਣੇ ਸਨ ਕੁਝ
ਦਹਿਲੀਜ਼ ਦੇ ਉਸ ਪਾਰ
ਆਪਣੇ ਸਨ ਕੁਝ
ਦਹਿਲੀਜ਼ ਦੇ ਇਸ ਪਾਰ!

………………
ਕਦੇ ਜਗਦਾ ਹੈ,
ਕਦੇ ਬੁਝਦਾ ਹੈ
ਟਿੱਲਾ ਮੇਰਾ,
ਉਨ੍ਹਾਂ ਦਾ ਡਰ ਵੀ
ਡਰ ਦਾ ਜਵਾਬ ਵੀ!

………………
ਕਰਦੀ ਹਾਂ ਫਿਰ ਵੀ
ਇਸ ਟਿੱਲੇ ਤੋਂ
ਸੜਕਾਂ ਗਲੀਆਂ ਤੇ ਦਰਾਂ ਦਹਿਲੀਜ਼ਾਂ ਦੀ ਯਾਤਰਾ
ਪਰਤਦੀ ਹਾਂ
ਤਾਂ ਸਾਰੀ ਝੋਲੀ ਸਮੇਟਦੀਆਂ
ਮੇਰੇ ਗਲ ਲੱਗੀਆਂ ਹੁੰਦੀਆਂ ਨੇ
ਨਜ਼ਮਾਂ ਮੇਰੀਆਂ!

14. ਤੀਲ੍ਹਾ ਤੀਲ੍ਹਾ

ਨਿੱਕੀ ਹੁੰਦੀ ਸਾਂ
ਤਾਂ ਰੁਸ ਕੇ ਕਿਸੇ ਆੜੀ ਨਾਲ
ਤੋੜ ਦੇਂਦੀ ਸਾਂ ਤੀਲ੍ਹਾ।
ਫਿਰ ਤਿਣਕਾ ਤਿਣਕਾ ਇਕੱਠਾ ਕਰਦੇ
ਅਸੀਂ ਆ ਖਲੋਂਦੇ ਸਾਂ ਸਾਹਵੇਂ
ਵੱਟਦੇ ਘੂਰੀਆਂ
ਮਾਰਦੇ ਮੁੱਕੀਆਂ
ਹੱਥਾਂ ਤੇ ਹੱਥ ਵਜਾਉਂਦੇ
ਪਾ ਲੈਂਦੇ ਗਲਵਕੜੀ
ਫਿਰ ਲੱਭਦੀ ਸਾਂ ਕੋਈ ਚੂੜੀ ਦਾ ਟੋਟਾ
ਉਹਦੀ ਤਲੀ ਤੇ ਭੰਨ ਕੇ ਵੇਖਦੀ
ਟੋਟਾ ਟੁਟਦਿਆਂ
ਜਿੰਨਾਂ ਬਰੀਕ ਕਣ ਭੁਰਦਾ
ਮੰਨਦੇ ਅਸੀਂ ਉਤਨਾ ਡੂੰਘਾ
ਉਤਨਾ ਕਰੀਬੀ ਹੈ ਪਿਆਰ

ਪਰ ਵਰ੍ਹਾ-ਦਰ-ਵਰ੍ਹਾ
ਅਕਲਾਂ ਦੇ ਭਰ ਗਏ ਨੇ ਖੂਹ ਇਸ ਕਦਰ
ਜਮਦੀ ਜਮਦੀ ਹੋ ਗਈ ਹਾਂ ਚਟਾਨ ਇਸ ਤਰ੍ਹਾਂ
ਕਿ ਖਿਲਰ ਜਾਂਦਾ ਏ ਅੰਦਰ ਤੀਲ੍ਹਾ ਤੀਲ੍ਹਾ
ਪਰ ਨਹੀਂ ਤੋੜ ਸਕਦੀ ਮੈਂ ਇਕ ਤੀਲ੍ਹਾ!

ਹੁੰਦੀ ਹੁੰਦੀ ਕੀ ਹੋ ਗਈ ਹਾਂ ਮੈਂ
ਗੁਆ ਬੈਠੀ ਹਾਂ ਝੂਠੀ ਲੜਾਈ
ਤੇ ਸੱਚੀ ਗਲਵਕੜੀ!
ਐਸਾ ਚੀੜ੍ਹਾ ਹੋ ਗਿਆ ਹੈ
ਮੇਰਾ ਚੂੜੀ ਦਾ ਟੋਟਾ
ਕਿ ਟੁਟਦਿਆਂ ਹੋਇਆਂ
ਨਹੀਂ ਭੁਰਦਾ ਜ਼ਰਾ ਜਿਹਾ ਵੀ ਭੋਰਾ!
ਉਠਦੀ ਰਹਿੰਦੀ ਹੈ ਟੀਸ
ਮਿਲਾਉਂਦੀ ਰਹਿੰਦੀ ਹਾਂ ਹੱਥ
ਖਿਲਰਦੀ ਰਹਿੰਦੀ ਹਾਂ ਤੀਲ੍ਹਾ-ਤੀਲ੍ਹਾ

15. ਪਛਾਣ-ਪੱਤਰ

ਬੇਵਸਾਹੀ ਹਾਂ ਬੜੀ
ਜਰੁਰੀ ਦਸਤਾਵੇਜ਼ ਦੀ!
ਪਛਾਣ ਪੱਤਰ, ਡਰਾਈਵਿੰਗ ਲਾਈਸੈਂਸ
ਪੈਨ ਕਾਰਡ, ਵੋਟਰ ਕਾਰਡ
ਅਲਾਣਾ-ਫਲਾਣਾ
ਫੋਟੋ ਕਾਪੀ ਹੋ ਜਾਂਦੀ ਏ ਇੰਨ-ਬਿੰਨ!
ਸੋਚਦੀ ਹਾਂ ਅਸਲ ਘਰ ਸਾਂਭ ਦਿਆ
ਤੇ ਫੋਟੋ ਕਾਪੀ ਨਾਲ ਲਈ ਫਿਰਾਂ।
ਨਹੀਂ ਪਛਾਣ ਆਉਂਦੀ ਪਰ
ਅਸਲ ਨਕਲ ਦੀ!
ਹੁੰਦੀ ਹਾਂ ਰੋਜ਼ ਕਿੰਨੀ ਕਿੰਨੀ ਫੋਟੋ ਸਟੇਟ
ਏਥੇ ਉਥੇ ਵੰਡੀਦੀ!
ਸ਼ਾਮ ਨੂੰ ਫਿਰ ਅੰਦਰ ਵੜ
ਲੱਭਣ ਲੱਗਦੀ
ਅਸਲ ਕਾਪੀ ਆਪਣੀ!

16. ਮੌਲ

ਮੇਰੇ ਸ਼ਹਿਰ 'ਚ ਵੀ ਖੁਲ ਗਿਆ ਹੈ
ਇਕ ਮੌਲ

……………………
ਨਹੀਂ ਕਰਨਾ ਪੈਂਦਾ ਭਾਅ
ਬੰਦ ਲਿਫਾਫੇ
ਟਰਾਲੀ 'ਚ ਧਰਦੀ
ਬਿਲ ਕਟਾਉਣ ਲਈ ਲਾਈਨ 'ਚ ਖੜੀ
ਮੇਰਾ ਥੋੜਾ ਸਮਾਨ ਵੇਖ
ਗੁਆਂਢੀ ਕੱਪੜਾ-ਵਪਾਰੀ ਦੀ ਬੀਵੀ ਦੀਆਂ
ਚਮਕ ਉਠੀਆਂ ਨੇ ਅੱਖਾਂ

…………………………
ਬਾਹਰ ਨਾਹਰਾ ਗੂੰਜ ਉਠਿਆ ਹੈ
'ਜੋਧਾ ਅਕਬਰ' ਨਹੀਂ ਚਲੇਗੀ
ਨਹੀਂ ਚਲੇਗੀ।
ਸੁਰਖਿਅਤ ਦਸਤੇ ਦੜ ਦੜ ਕਰਦੇ
ਫੈਲ ਗਏ ਨੇ ਚਾਰੋਂ ਤਰਫ
ਖਾਲੀ ਕਰਵਾਉਣ ਲੱਗਦੇ ਨੇ ਮੌਲ
ਕੀ ਏਥੇ ਹੈ ਬੰਬ ਦੀ ਖ਼ਬਰ
ਪੈਰ ਸਿਰ ਤੇ ਚੁੱਕ ਕੇ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ