Punjabi Poetry : Paramveer Singh
ਪੰਜਾਬੀ ਕਵਿਤਾਵਾਂ : ਪਰਮਵੀਰ ਸਿੰਘ
ਛੱਲਾਂ ਉਤੇ ਯਾਰ ਦੀ ਤਸਵੀਰ ਬਣਾਈਏ
ਦਰਿਆ ਕੰਢੇ ਬੈਠਕੇ
ਨਾ ਨੀਰ ਵਹਾਈਏ
ਛੱਲਾਂ ਉਤੇ ਯਾਰ ਦੀ
ਤਸਵੀਰ ਬਣਾਈਏ।
ਪਰਬਤ ਕੋਲੇ ਨੀਵੀਆਂ
ਉਂਜ ਘਣੀਆਂ ਛਾਵਾਂ
ਦੁਖਦੇ ਜੂਨੇ ਸਿਮਟੀਆਂ
ਉਹ ਭੋਲੀਆਂ ਮਾਵਾਂ।
ਬੇ-ਵਤਨੇ, ਬੇ-ਆਸਰੇ
ਪੁੱਤ ਮੋੜ ਲਿਆਈਏ।
ਕਲ-ਕਲ ਕਰਦੇ ਨੀਰ ਦੀ
ਕੁਝ ਕਹੇ ਰਵਾਨੀ
ਮਿੱਟੀ ਦੇ ਵਿੱਚ ਰੋਲ਼ ਨਾ
ਮੇਰੀ ਸੁਹਲ ਜੁਆਨੀ।
ਨੈਣਾਂ ਦੇ ਵਣਜਾਰਿਆ
ਪਾ ਪ੍ਰੀਤ ਨਿਭਾਈਏ ।
ਬੋਟਾਂ ਵਾਂਗ ਮਾਸੂਮ ਵੇ
ਮੇਰੀ ਜਿੰਦ ਦਾ ਵੇਹੜਾ
ਭੁੱਲਦਾ ਨਾਹੀ ਸੋਹਣਿਆ
ਇੱਕ ਜਲਵਾ ਤੇਰਾ
ਠੋਕਰ ਮਾਰ ਗ਼ਰੀਬ ਦੀ
ਤਕਦੀਰ ਜਗਾਈਏ।
ਰੁੱਤਾਂ ਵਾਂਗੂੰ ਬਦਲੀਆਂ
ਸੱਜਣਾਂ ਦੀਆਂ ਗੱਲਾਂ
ਦੁੱਖ ਦੇ ਨਿਰੇ ਅੰਬਾਰ ਵੇ
ਵਿੱਚ ਮੇਰਿਆਂ ਝੱਲਾਂ
ਅੱਧਵਾਟੋਂ ਇੰਞ ਛੋੜਕੇ
ਕਿੰਞ ਯਾਰ ਸਦਾਈਏ।
ਡਾਹਢੀ ਸਿਖਰ ਬਹਾਰ ਦੀ
ਕੰਚਨ ਜਹੀ ਦੇਹੀ
ਵੱਖਰੀ ਹੋਈ ਡਾਰ ਤੋਂ
ਕੋਈ ਕੂੰਜ ਅਜੇਹੀ
ਆਪਣਾ ਕਹਿ ਧਰਵਾਸ ਦਾ
ਕੋਈ ਦੀਪ ਜਗਾਈਏ।
ਮਨ ਦੀਆਂ ਘਣੀਆਂ ਤਾਰੀਆਂ
ਲਹਿਰਾਂ ਦੀਆਂ ਬਾਤਾਂ
ਸੁਖ ਤੇ ਦੁਖ ਦੋ ਵੇਸ ਵੇ
ਜਿਉਂ ਦਿਹੁੰ ਤੇ ਰਾਤਾਂ
ਸਾਨੂੰ ਆਪਣਾ ਆਖਦੇਂ
ਅਸੀਂ ਥਾਂ ਮਰ ਜਾਈਏ।
ਛੱਲਾਂ ਉੱਤੇ ਯਾਰ ਦੀ
ਤਸਵੀਰ ਬਣਾਈਏ।
ਖ਼ਾਨਾਬਦੋਸ਼ਾਂ ਦਾ ਕਾਫ਼ਲਾ
ਅਸੀਂ ਤੁਰ ਰਹੇ ਹਾਂ
ਜਿਨ੍ਹਾਂ ਰਾਹਵਾਂ ‘ਤੇ
ਸ਼ਾਇਦ, ਇਹ ਸਾਡੇ
ਬਜ਼ੁਰਗਾਂ ਦੀਆਂ ਪਗਡੰਡੀਆਂ।
ਅਸੀਂ ਜਾ ਰਹੇ ਹਾਂ
ਜਿਨ੍ਹਾਂ ਮੰਜ਼ਿਲਾਂ ਵੱਲ
ਉਹ ਸਾਡੀ ਅੱਖ ‘ਚੋਂ ਟਪਕੇ ਹੰਞ
ਤੇ ਖ਼ਾਕ ਦੇ ਮੇਲੇ।
ਮੰਜ਼ਿਲ ਜੀਣ ਵਿੱਚ ਹੈ
ਮੰਜ਼ਿਲ ਥੀਣ ਵਿੱਚ ਹੈ
ਮੰਜ਼ਿਲ ਸਹਿਰਾ ਦੇ ਵਿਛੇ
ਰੇਤ ਦੇ ਹਰ ਕਣ ਦਾ
ਹੋਣ ਵਿੱਚ ਹੈ।
ਅਸੀਂ ਕਦੀ ਕੋਈ
ਖਲ੍ਹੀ ਮੰਜ਼ਿਲ ਨਹੀਂ ਉਸਾਰਦੇ।
ਸ਼ਾਇਦ, ਇਹ ਤਪਦੇ ਮਾਰੂਥਲ
ਅਗਲੀਆਂ ਚਰਾਦਾਂ ਦੀ
ਸਾਵੀ ਮਲੂਕ ਘਾਹ ਦੀ
ਛੋਹ ਦੇ ਜਲਵੇ ਲਈ ਹਨ।
ਅਸੀਂ ਜਾਣਦੇ ਹਾਂ ਕਿ
ਇਹ ਪੂਰਬ ਦੀ ਰੌਸ਼ਨੀ
ਜੋ ਜਗਦੀ ਹੈ, ਬਲਦੀ ਹੈ, ਲੂੰਹਦੀ ਹੈ,
ਜਾਣਦੀ ਹੈ, ਰੇਤ ਦੇ
ਹਰ ਕਿਣਕੇ ਨੂੰ ਆਪਣਾ ਗੁਲਾਮ
ਬਦਲੇਗੀ ਕਦੀ
ਦਿਸ਼ਾਵਾਂ ਦੇ ਹੇਰ ਫੇਰ ਨਾਲ
ਇਹੀ ਰੇਤ ਜੋ ਸਾਡੇ ਪੈਰਾਂ ਨੂੰ
ਲਹੂ ਲੁਹਾਣ ਕਰ ਰਹੀ ਹੈ
ਇਹੀ ਰੇਤ, ਸਾਡੇ ਪੈਰਾਂ ਨੂੰ
ਮਲੂਕ ਬੋਸਿਆਂ ਨਾਲ ਨਿਵਾਜੇਗੀ
ਸਿਰਫ਼ ਦਿਸ਼ਾਵਾਂ ਹੀ ਬਦਲਣੀਆਂ ਹਨ
ਸਿਰਫ਼ ਘਟਾਵਾਂ ਹੀ ਚੜ੍ਹਨੀਆਂ ਹਨ।
ਹੇ ਹਰਨੋਟਿਓ !
ਤੁਹਾਡੇ ਇਹ ਨਰਤਕੀਆਂ ਵਰਗੇ
ਹਵਾਵਾਂ ‘ਚ ਉੱਡਦੇ ਕਦਮ
ਦੱਸ ਰਹੇ ਹਨ:
ਚਰਾਦਾਂ ਉਡੀਕ ਰਹੀਆਂ ਨੇ
ਸਾਡੇ ਮਾਲ਼ ਨੂੰ
ਸਾਡੇ ਦੁੰਭਿਆਂ ਨੂੰ।
ਸਹਿਰਾ ਦਾ ਹਰ ਕਣ ਸਾਡਾ
ਸਹਿਰਾ ਦਾ ਹਰ ਛਿਣ ਸਾਡਾ
ਅਸੀਂ ਖ਼ਾਨਾਬਦੋਸ਼
ਤੁਰੇ ਜਾ ਰਹੇ ਹਾਂ
ਤੁਰੇ ਜਾ ਰਹੇ ਹਾਂ।
ਮੈਂ ਸਰਘੀ ਦੇ ਚੰਨ੍ਹ ਨੂੰ ਡਿੱਠਾਂ
ਹਾਇ! ਨੀ ਭੈਣੇ ਮੈਂ ਅਲਬੇਲੀ
ਸੱਦਣ ਸੀਤ ਹਵਾਵਾਂ
ਮੈਂ ਸਰਘੀ ਦੇ ਚੰਨ ਨੂੰ ਡਿੱਠਾਂ
ਮੈਂ ਜੋਬਨ ਹੋ ਗਾਵਾਂ
ਆਸਾਂ ਨਿਰੀਆਂ ਸੁਪਨਾ ਜਾਪਣ
ਕਿੰਞ ਹੋਵਾਂ, ਜਿਉਂ ਚਾਅਵਾਂ
ਜਦ ਮੇਰੇ ਹੀ ਚਾਹੁੰਦੇ ਮੇਰਾ
ਮੇਟ ਦੇਣਾ ਸਿਰਨਾਵਾਂ।
ਧੀਆਂ
ਮੀਟੀ ਹੋਈ ਕਲੀ ਦੇ ਯਾਰੋ
ਨੈਣਾਂ ਵਿੱਚ ਉਦਾਸੀ।
ਅਜੇ ਨਾ ਜੱਗ ਦੀ ਸੋਭਾ ਡਿੱਠੀ
ਅਜੇ ਨਾ ਜਿੰਦ ਵਿਗਾਸੀ।
ਕੋਮਲ ਪੱਤੀਆਂ, ਇਸ ਧਰਤੀ ‘ਤੇ
ਬੋਝਲ ਇੰਞ ਹੋ ਜਾਵਣ
ਨੈਣ ਪੁੱਟਣ ਤੋਂ ਪਹਿਲਾਂ ਝੋਲੀ
ਪੈਂਦੀ ਆਣ ਖ਼ਲਾਸੀ।
ਮਾਂ ਦਾ ਅੰਮ੍ਰਿਤ ਵੇਲਾ
ਵੱਡੇ ਵੇਲੇ ਉੱਠ ਕੇ
ਸੁਣੇ ਚਰਖੇ ਦੀ ਘੂਕ
ਦਮ ਦਮ ਨਾਮ ਸਮਾਲਦੀ
ਮਾਂ ਦੀ ਰਸਨਾ ਮੂਕ।
ਅੰਮ੍ਰਿਤ ਵੇਲਾ ਸੱਚ ਦਾ
ਗਾਵਾਂ ਹਰਿ ਦੇ ਗੀਤ
ਏਕ ਘੜੀ, ਆਧੀ ਘੜੀ
ਲੇਖੇ ਲਾਵੇ ਮੀਤ।
ਸੁਣ ਐ ਰਿਜ਼ਕ ਅਨਾਜ ਦੇ
ਸਭ ਨੂੰ ਤੇਰੀ ਲੋੜ
ਜਿਤ ਖਾਵਾ ਤਿਤੁ ਉਪਜਣਾ
ਜਾ ਸਾਈਂ ਨਾਲ ਜੋੜ।
ਭਰ ਭਰ ਲੱਪ ਅਨਾਜ ਦੀ
ਮਸਤਕ ਨਾਲ ਛੁਹਾ
ਆਖੇ ਸਾਹਿਬਾ ਮੇਰਿਆ
ਕਣ ਕਣ ਲੇਖੇ ਲਾ।
ਸਾਹਿਬਾ ਬਖ਼ਸ਼ੀ ਰੈਕੜੀ
ਲਈ ਨੀਂਦਰ ਵਿੱਚ ਖੋ
ਬਖ਼ਸ਼ੀ ਪ੍ਰੀਤਮ ਮੇਰਿਆ
ਚੰਦ ਘੜੀਆਂ ਦੀ ਢੋਅ।
ਪੰਜਾਬ ਲਈ ਅਰਦਾਸ
ਜੁਗ ਜੁਗ ਜੀਣ ਚਨਾਬ ਦੇ ਪਾਣੀ
ਖੈਰ ਰਾਵੀ ਦੀ ਮੰਗਾਂ।
ਪਿੰਡ ਧੁੱਪ ਬਿਆਸਾ ਲਿਸ਼ਕੇ
ਸਤਲੁਜ ਛਣਕਣ ਵੰਗਾਂ।
ਮੁੜ ਖੂਹਾਂ ਤੇ ਭਰਨ ਗਾਗਰਾਂ
ਜਿਹਲਮ ਦੇਸੀਂ ਜਾਈਆਂ,
ਭਰ ਮੱਸਿਆ ਦੇ ਲੱਗਣ ਮੇਲੇ
ਮੁੜਨ ਗੁਆਚੀਆਂ ਸੰਗਾਂ।