Punjabi Poetry : Pandhi Nankanvi
ਪੰਜਾਬੀ ਕਵਿਤਾਵਾਂ : ਪਾਂਧੀ ਨਨਕਾਣਵੀ
1. ਇਹ ਚਮਕੌਰ ਹੈ
ਬਿਫਰੇ ਸ਼ੇਰਾਂ ਵੱਲ ਤੱਕ ਕੇ ਕਿਹਾ ਗੋਬਿੰਦ,
"ਇਹ ਚਮਕੌਰ ਹੈ, ਰਣ ਭਖਾਉਣ ਦੀ ਥਾਂ।
ਆਹੂ ਲਾਹ ਕੇ ਮੁਗ਼ਲ ਚੁਗ਼ੱਤਿਆਂ ਦੇ,
ਨਾਲ ਖ਼ੂਨ ਦੇ ਮਹਿੰਦੀਆਂ ਲਾਉਣ ਦੀ ਥਾਂ।
ਮਾਂਗ ਹਿੰਦ ਦੀ ਲਹੂ ਨਾਲ ਭਰਨ ਦੀ ਥਾਂ,
ਗਾਨੇ ਬੰਨ੍ਹ ਸ਼ਹੀਦੀਆਂ ਪਾਉਣ ਦੀ ਥਾਂ।
ਝੰਡਾ ਖ਼ੁਦੀ ਦਾ ਉੱਚਾ ਝੁਲਾਉਣ ਦੀ ਥਾਂ,
ਨਾਲ ਚਰਬੀ ਦੇ ਸ਼ਮਾਂ, ਜਲਾਉਣ ਦੀ ਥਾਂ।
ਰੱਤ-ਪੀਣੀਆਂ ਬਿਜਲੀਆਂ ਹੱਥ ਤੋਲੋ,
ਦੱਸ ਲੱਖ ਗ਼ੁਲਾਮ ਲਿਤਾੜ ਸੁੱਟੋ।
ਸਿੰਘੋ ਸੂਰਿਉ, ਉੱਠੋ ਤੂਫ਼ਾਨ ਬਣ ਕੇ,
ਮੁਗ਼ਲ ਰਾਜ ਨੂੰ ਜੜ੍ਹੋਂ ਉਖਾੜ ਸੁੱਟੋ।"
"ਤੁਹਾਡੇ ਹੱਥਾਂ ਵਿਚ ਪੱਤ, ਅੱਜ ਖ਼ਾਲਸੇ ਦੀ,
ਅੰਗ ਖ਼ਾਲਸੇ ਦਾ, ਤੁਸਾਂ ਪਾਲਣਾ ਏਂ।
ਭਾਵੇਂ ਚਾਲੀ ਹੋ, ਐਪਰ ਨਿੱਡਰ ਹੋ ਕੇ,
ਤੁਸਾਂ ਤੇਗ਼ ਦਾ, ਜੌਹਰ ਵਿਖਾਲਣਾ ਏਂ।
ਆਏ ਮੌਤ ਤਾਂ ਮੌਤ ਦੇ ਗਲ ਪੈ ਜਾਉ,
ਦੀਵਾ ਸੱਪਾਂ ਦੇ ਸਿਰਾਂ ਤੇ ਬਾਲਣਾ ਏਂ।
ਬੂਟਾ ਸਿੱਖੀ ਦਾ, ਲਾਇਐ ਜੋ ਗੁਰੂ ਨਾਨਕ,
ਵਿਚ ਖ਼ੂਨ ਦੇ ਉਹਨੂੰ ਨੁਹਾਲਣਾ ਏਂ।
ਜਿਦ੍ਹੀ ਖੜਗ ਅਜ ਬਿਜਲੀ ਬਣ ਕੜਕੂ,
ਨਮਸਕਾਰ ਹੈ ਉਹਨੂੰ ਗੋਬਿੰਦ ਸਿੰਘ ਦੀ।
ਹੋਵੇ ਸਿੰਘ ਤੇ ਪਿੱਠ ਤੇ ਖਾਏ ਗੋਲੀ,
ਧ੍ਰਿਕਾਰ ਹੈ ਉਹਨੂੰ, ਗੋਬਿੰਦ ਸਿੰਘ ਦੀ।"
ਟਿੱਡੀ ਦਲ ਵੱਲ ਝਾਕ ਕੇ ਸਿੰਘ ਗਰਜੇ,
"ਅਸੀਂ ਖ਼ਾਲਸੇ ਹਾਂ, ਮਰਨਾ ਜਾਣਦੇ ਹਾਂ।
ਸਵਾ ਲੱਖ ਨਾਲ, ਇਕ ਇਕ ਭਿੜ ਜਾਈਏ,
ਲਾੜੀ ਮੌਤ ਨੂੰ ਵੀ ਵਰਨਾ ਜਾਣਦੇ ਹਾਂ।
ਸਾਡੇ ਦਿਲ, ਕਲੇਜੇ ਫੌਲਾਦ ਦੇ ਨੇ,
ਜ਼ਖ਼ਮ ਖਾ ਕੇ ਵੀ, ਜਰਨਾ ਜਾਣਦੇ ਹਾਂ।
ਨਦੀ ਜ਼ੁਲਮ ਦੀ, ਭਾਵੇਂ ਤੂਫ਼ਾਨ ਬਣ ਜਾਏ,
ਡੁੱਬ ਡੁੱਬ ਕੇ ਵੀ ਤਰਨਾ ਜਾਣਦੇ ਹਾਂ।"
"ਕਲਗੀ ਵਾਲਿਆ, ਤੇਰੀ ਅਸੀਸ ਲੈ ਕੇ,
ਅਸੀਂ ਵਾਂਗ ਹਿਮਾਲਾ ਦੇ ਡੱਟ ਜਾਂਗੇ।
ਅਸਾਂ ਪੰਥ ਗ਼ੁਲਾਮ ਨਹੀਂ ਹੋਣ ਦੇਣਾ,
ਭਾਵੇਂ ਕੱਟਦੇ ਕੱਟਦੇ ਕੱਟ ਜਾਂਗੇ।"
ਹੱਥਾਂ ਵਿਚ ਉਛਾਲ ਕੇ ਨੇਜ਼ਿਆਂ ਨੂੰ,
ਭਬਕਾਂ ਮਾਰਦੇ ਸਿੰਘ ਮੈਦਾਨ ਨਿਕਲੇ।
'ਮੁਹਕਮ ਸਿੰਘ' ਜਿਹੇ 'ਹਿੰਮਤਾਂ' ਬੰਨ੍ਹ ਨਿਕਲੇ,
ਕ੍ਰਿਪਾ 'ਸਾਹਿਬ' ਦੀ ਨਾਲ ਜਵਾਨ ਨਿਕਲੇ।
ਤੇਗ਼ਾਂ ਤੀਰਾਂ ਨੇ, ਐਸੀ ਸੀ ਧੂੜ ਪੁੱਟੀ,
ਖੱਬੀ ਖ਼ਾਨ ਵੀ, ਜਿੰਦਾਂ ਛੁਪਾਣ ਨਿਕਲੇ।
ਉਂਗਲਾਂ ਟੁੱਕ ਟੁੱਕ, ਕਹਿਣ ਪਠਾਣ ਬੱਚੇ,
ਕੌਣ ਖ਼ਾਲਸੇ ਨਾਲ, ਮੱਥਾ ਲਾਣ ਨਿਕਲੇ।
ਕਿਹਾ ਸਤਿਗੁਰੂ, 'ਅਜੀਤ', 'ਜੁਝਾਰ' ਬੇਟਾ,
ਖ਼ਾਤਰ ਧਰਮ ਦੀ, ਯੁੱਧ ਰਚਾਓ ਜਾ ਕੇ।
ਸਾਡੇ ਤਪੇ ਕਲੇਜੇ 'ਚ ਠੰਡ ਪੈ ਜਾਏ,
ਸੈ-ਬਰਛੀਆਂ, ਸੀਨੇ 'ਚ ਖਾਓ ਜਾ ਕੇ।"
ਚੜ੍ਹਿਆ ਖ਼ਾਨ-ਵਜ਼ੀਦ, ਤੂਫ਼ਾਨ ਬਣ ਕੇ,
ਅੱਗੋਂ ਸਿੰਘ ਵੀ, ਵਾਂਗ ਤੂਫ਼ਾਨ ਟੱਕਰੇ।
ਸਿੰਘਾਂ ਪਲਾਂ ਵਿਚ, ਟੁੱਕ ਟੁੱਕ ਔਹ ਮਾਰੇ,
ਜਿਹੜੇ ਜਿਹੜੇ ਵੀ,ਆਕੜਖਾਨ ਟੱਕਰੇ।
'ਨਾਹਰ ਖਾਂ' ਨੂੰ, ਪਾਣੀ ਨਾ ਪੀਣ ਦਿੱਤਾ,
ਐਸੇ ਮਾਰੂ ਦਸ਼ਮੇਸ਼ ਦੇ ਬਾਨ ਟੱਕਰੇ।
'ਜ਼ਫ਼ਰਬੇਗ' ਜਰਨੈਲ ਦੇ ਹੋਸ਼ ਉੱਡੇ,
ਯੋਧੇ 'ਜੀਤ','ਜੁਝਾਰ' ਬਲਵਾਨ ਟੱਕਰੇ।
'ਗੜ੍ਹੀ' ਵਿਚੋਂ ਦਸ਼ਮੇਸ਼ ਲਲਕਾਰ ਉੱਠਿਆ,
ਜਿੱਤਿਆ ਯੁੱਧ ਹੈ ਸਿੰਘਾਂ ਬਲਕਾਰੀਆਂ ਨੇ।
'ਪਾਂਧੀ' ਯੁੱਧ ਨਹੀਂ, ਕਦੇ ਉਹ ਜਿੱਤ ਸਕਦੇ,
ਜਿਹੜੇ ਰੱਖਦੇ, ਜਿੰਦਾਂ ਪਿਆਰੀਆਂ ਨੇ।
2. ਤੇਗ਼ਾਂ ਛਾਵੇਂ ਪਲੀ ਕੌਮ
ਪਲੇ ਕੌਮ ਜੋ ਤੇਗ਼ਾਂ ਦੀ ਛਾਂ ਥੱਲੇ,
ਆਰੇ, ਰੰਬੀਆਂ ਜਿਹਦੀ ਖਿਡਾਲ ਹੋਵੇ।
ਨੇਜ਼ੇ, ਭਾਲੇ ਕਟਾਰਾਂ ਦੀ ਧਾਰ ਉੱਤੇ।
ਪਾ ਕੇ ਭੰਗੜਾ ਕੀਤਾ ਕਮਾਲ ਹੋਵੇ।
ਜ਼ਬਰ, ਜ਼ੁਲਮ ਦੇ ਵਾਰ ਨੂੰ ਰੋਕਣੇ ਲਈ,
ਜਿਨ੍ਹੇ ਛਾਤੀ ਬਣਾਈ ਹੋਈ ਢਾਲ ਹੋਵੇ।
ਉਹਨੂੰ ਕੀ ਨਿਗੂਣੇ ਤੂਫ਼ਾਨ ਕਹਿਣੈ,
ਜਿਦ੍ਹੇ ਜਨਮ ਦਾ ਮੁੱਢ ਪਾਤਾਲ ਹੋਵੇ।
ਬਦਲ ਜ਼ੁਲਮ ਦੇ ਲੱਖਾਂ ਹੀ ਆਣ ਗੱਜਣ,
ਤਾਂ ਵੀ ਉਸਦਾ ਵਿੰਗਾ ਨਾ ਵਾਲ ਹੋਵੇ।
ਉਸ ਕੌਮ ਨੂੰ ਕੌਣ ਜੋ ਮੇਟ ਸਕੇ,
ਜਿਦ੍ਹਾ ਵਾਲੀ ਹੀ ਆਪ ਅਕਾਲ ਹੋਵੇ।
ਅਜੇ ਤੀਕ 'ਗੁਰੂ ਅਰਜਨ' ਦੀ ਅਣਖ਼ ਜ਼ਿੰਦੈ,
ਐਪਰ 'ਚੰਦੂ' ਤੇ ਜ਼ਾਲਮ 'ਜਹਾਂਗੀਰ' ਕਿੱਥੇ?
ਜਿਦ੍ਹੀ ਤੇਗ਼, 'ਗੁਰਤੇਗ਼' ਦਾ ਖੂਨ ਪੀਤੈ,
'ਔਰੰਗਜ਼ੇਬ' ਜਿਹਾ ਆਲਮਗੀਰ ਕਿੱਥੇ?
ਜਿਦ੍ਹੀ ਹੈਂਕੜ ਮਾਸੂਮਾਂ ਦੀ ਬਣੀ ਕਾਤਲ,
ਉਹ ਸਰਹਿੰਦ ਦਾ ਵਹਿਸ਼ੀ 'ਵਜ਼ੀਰ' ਕਿੱਥੇ?
ਜਿਨ੍ਹੇ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ,
ਕਿੱਥੇ 'ਮਨੂੰ' ਤੇ ਉਹਦੀ ਸ਼ਮਸ਼ੀਰ ਕਿੱਥੇ?
ਝੱਲ ਝੱਲ ਕੇ ਲੱਖਾਂ ਤੂਫ਼ਾਨ ਸਿਰ ਤੇ,
ਜਿਹੜੀ ਕੌਮ ਨਾ ਕਦੇ ਨਿਢਾਲ ਹੋਵੇ।
ਉਸ ਕੌਮ ਨੂੰ ਕੌਣ ਜੋ ਮੇਟ ਸਕੇ,
ਜਿਦ੍ਹਾ ਵਾਲੀ ਹੀ ਆਪ ਅਕਾਲ ਹੋਵੇ।
ਅਜਬ ਕੌਮ ਤੇ ਅਜਬ ਹੈ ਅਣਖ਼ ਏਹਦੀ,
ਏਹਦੀ ਖੇਡ ਵੀ, ਅਜਬ ਸੰਸਾਰ ਉੱਤੇ।
ਕਿਤੇ ਖੇਡੇ ਇਹ ਆਰੇ ਦੇ ਦੰਦਿਆਂ ਤੇ,
'ਫਰਖ਼ੁਸੀਅਰ' ਦੀ ਕਿਤੇ ਤਲਵਾਰ ਉੱਤੇ।
ਕਿਤੇ ਅੱਗ ਦੇ ਸ਼ੋਹਲਿਆਂ ਨਾਲ ਖੇਡੇ,
ਕਿਤੇ 'ਖਾਨੂੰ' ਦੀ ਜ਼ੁਲਮੀ ਕਟਾਰ ਉੱਤੇ।
ਕਿਤੇ ਅਣਖ਼ ਦੀ ਦੇਵੀ ਨੂੰ ਵਰਨ ਖ਼ਾਤਰ,
ਖੇਡੇ ਨੇਜ਼ਿਆਂ ਦੀ ਤਿੱਖੀ ਧਾਰ ਉੱਤੇ।
ਵਧੀ ਜਾਏ ਇਹ ਮੰਜ਼ਿਲ ਦੇ ਵੱਲ ਹਰਦਮ,
ਭਾਵੇਂ ਕੜਕਦਾ ਹਾੜ, ਸਿਆਲ ਹੋਵੇ।
ਉਸ ਕੌਮ ਨੂੰ ਕੌਣ ਜੋ ਮੇਟ ਸਕੇ,
ਜਿਦ੍ਹਾ ਵਾਲੀ ਹੀ ਆਪ ਅਕਾਲ ਹੋਵੇ।
ਕੋਈ ਕਹੇ ਇਹ ਸੰਤਾਂ ਦੀ ਕੌਮ ਹੈ ਵੇ,
ਸੱਚ ਪੁੱਛੋ ਤਾਂ ਸਿੰਘਾਂ ਪਰਵਾਨਿਆਂ ਦੀ।
ਸੀਨੇ ਘੁੱਟ ਜੋ ਜੰਡਾਂ ਨੂੰ ਸੜੇ ਜ਼ਿੰਦਾ,
ਲਛਮਣ ਸਿੰਘ ਜਿਹੇ ਧਰਮੀ ਦੀਵਾਨਿਆਂ ਦੀ।
ਗੁਰੂ ਬਾਗ਼ ਨੂੰ ਜਿਨ੍ਹਾਂ ਨੇ ਰੱਤ ਦਿੱਤੀ,
ਉਹੀਓ ਕੌਮ ਹੈ ਓਨ੍ਹਾਂ ਮਰਦਾਨਿਆਂ ਦੀ।
ਜਿਥੇ ਸ਼ਮ੍ਹਾ-ਪਰਵਾਨੇ ਦਾ ਮੇਲ ਹੁੰਦੈ,
ਉਹੀਓ ਸ਼ਾਨ ਇਹ, ਉਹਨਾ ਮੈਖ਼ਾਨਿਆਂ ਦੀ।
ਹੋਵੇ ਸ਼ਾਨ ਜਿਸ ਚਮਨ ਦਾ ਫੁੱਲ ਸਿੱਖੀ,
ਕਿਉਂ ਨਾ ਚਮਨ ਉਹ ਸਦਾ ਖ਼ੁਸ਼ਹਾਲ ਹੋਵੇ।
ਉਸ ਫੁੱਲ ਨੂੰ ਕੌਣ ਜੋ ਮਸਲ ਸਕੇ,
ਜਿਦ੍ਹਾ ਵਾਲੀ ਹੀ ਆਪ ਅਕਾਲ ਹੋਵੇ।
ਕਿਹੜੀ ਕੌਮ ਤੇ ਕਿਹਦੇ ਫ਼ਰਜ਼ੰਦ ਸੀ ਉਹ,
ਖੜੇ ਦੇਸ਼ ਲਈ ਲੋਹ-ਦੀਵਾਰ ਬਣਕੇ।
ਕਿਹੜੇ ਦੇਸ਼ ਨੂੰ ਕਿਹੜੇ ਲੁਟੇਰਿਆਂ ਤੋਂ,
ਕਿਨ੍ਹੇ ਰੱਖਿਆ ਤੇਜ਼-ਤਲ਼ਵਾਰ ਬਣਕੇ।
ਕਿਹੜੇ ਧਰਮ ਦੀ ਡੁੱਬਦੀ ਅਣਖ਼ ਤਾਈਂ,
ਫੜ ਕੇ ਕੱਢਿਆ ਕਿਨ੍ਹੇ ਪਤਵਾਰ ਬਣਕੇ।
ਕੀਹਨੇ ਆਪਣਾ ਸਾਰਾ ਸਰਬੰਸ ਲਾਇਐ,
ਅਣਖ਼ੀ 'ਨੀਲੇ' ਦਾ ਸ਼ਾਹਸਵਾਰ ਬਣਕੇ।
ਉਹੀਓ ਕੌਮ ਇਹ ਗੁਰੂ ਗੋਬਿੰਦ ਦੀ ਏ,
ਜਿਹੜੀ ਦੁਸ਼ਟਾਂ ਲਈ ਸਦਾ ਵਬਾਲ ਹੋਵੇ।
'ਪਾਂਧੀ' ਉਸ ਨੂੰ ਕੌਣ ਜੋ ਮੇਟ ਸਕੇ,
ਜਿਦ੍ਹਾ ਵਾਲੀ ਹੀ ਆਪ ਅਕਾਲ ਹੋਵੇ।
3. ਗੁਰੂ ਅਰਜਨ ਦੇਵ ਜੀ
ਜੀਹਦੇ ਸੀਸ 'ਤੇ ਕਦੇ ਸੀ ਕਲਸ ਝੁਲਦੇ
ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ ।
ਕਈ ਪਹਿਰ ਅੰਗਿਆਰਾਂ ਦੀ ਸੇਜ ਬਹਿ ਕੇ
ਸ਼ਾਂਤਮਈ ਦੇ ਪੂਰਨੇ ਪਾ ਰਿਹਾ ਸੀ ।
ਖਾ ਕੇ ਦੇਗ ਵਿੱਚ ਉਬਾਲਿਆਂ ਨੂੰ
ਫਿਰ ਵੀ ਸਤਨਾਮ ਵਾਹਿਗੁਰੂ ਗਾ ਰਿਹਾ ਸੀ।
ਸੀਨਾ ਤਪਦਾ ਸੰਸਾਰ ਦਾ ਠਾਰਨੇ ਨੂੰ
ਤਨ ਆਪਣਾ ਸਾੜ ਵਿਖਾ ਰਿਹਾ ਸੀ।
ਕਹਿਣਾ ਸੌਖਾ ਤੇ ਸੁਣਨਾ ਵੀ ਬਹੁਤ ਸੌਖਾ
ਔਖੀ ਬਾਤ ਹੈ ਅਮਲ ਕਮਾਣ ਵਾਲੀ।
ਇਹ ਤਾਂ ਆਤਮਾ ਹੀ ਕੇਵਲ ਰੱਬ ਦੀ ਸੀ
ਤੱਤੀ ਤਵੀ 'ਤੇ ਸੁਖਮਨੀ ਗਾਉਣ ਵਾਲੀ ।
(ਅਧੂਰੀ ਰਚਨਾ)