Punjabi Poetry : Navtej Bharati

ਪੰਜਾਬੀ ਕਵਿਤਾਵਾਂ : ਨਵਤੇਜ ਭਾਰਤੀ

1. ਦਸਤਕ ਦੇਣ ਵਾਲੇ ਹੱਥ

ਮੇਰੇ ਦਰ ਤੇ ਬਾਰ ਬਾਰ
ਦਸਤਕ ਹੁੰਦੀ ਹੈ
ਬੂਹੇ ਤੇ ਜਾਂਦਾ ਹਾਂ
ਕੋਈ ਨਹੀਂ ਹੁੰਦਾ
ਸ਼ਾਇਦ ਹਵਾ ਦਰ ਖੜਕਾ ਕੇ
ਤੁਰ ਜਾਂਦੀ ਹੈ
ਜਾਂ ਕੋਈ ਰਮਤਾ ਜੋਗੀ
ਮੇਰੇ ਪਹੁੰਚਣ ਤੋਂ ਪਹਿਲਾਂ
ਕਿਸੇ ਹੋਰ ਦਰ ਤੇ ਚਲਾ ਜਾਂਦਾ ਹੈ
ਦਸਤਕ ਦੇਣ ਵਾਲੇ ਹੱਥ
ਦਸਤਕ ਹੀ ਦੇਂਦੇ ਨੇ
ਜੋ ਉਹਨਾਂ ਹੱਥਾਂ ਨੂੰ ਫੜਨਾ ਚਾਹੁੰਦੇ ਹਨ
ਉਹ ਦਸਤਕ ਦੇ ਭੇਦ ਨੂੰ
ਨਹੀਂ ਸਮਝਦੇ
ਦਸਤਕ ਦੇਣ ਵਾਲੇ ਹੱਥ
ਇਕ ਦਰ ਤੇ ਹੀ ਨਹੀਂ ਖੜ੍ਹਦੇ
ਅਸੀਸ ਦੇਣ ਵਾਲੇ ਹੱਥ
ਇਕ ਹੀ ਸਿਰ ਤੇ ਨਹੀਂ ਟਿਕਦੇ

2. ਕੰਮ ਕਰਦੇ ਹੱਥ

ਕੰਮ ਕਰਦੇ ਹੱਥਾਂ ਵਿਚ
ਕਰਾਮਾਤ ਵਸਦੀ ਹੈ
ਦਰਿਆ ਵਗਦੇ ਹਨ
ਧਰਤੀ ਫੈਲਦੀ ਹੈ
ਅੰਬਰ ਸਿਮਟਦਾ ਹੈ
ਤੇ ਕਵਿਤਾ ਉਗਦੀ ਹੈ

ਕੰਮ ਕਰਦੇ ਹੱਥ ਹੀ
ਕੰਮ ਤੋਂ ਉੱਚਾ ਉਠਦੇ ਹਨ
ਕੰਮ ਕਰਦੇ ਹੱਥ
ਵੇਖਦੇ ਹਨ ਸੁੰਘਦੇ ਹਨ
ਪਿਆਰ ਕਰਦੇ ਹਨ
ਪੌਣਾ ਨੂੰ ਥਾਪੜਦੇ ਹਨ
ਕੇਸਾਂ ਨੂੰ ਛੁੰਹਦੇ ਹਨ
ਸ਼ਿੰਗਾਰ ਲਾਉਂਦੇ ਹਨ

ਕੰਮ ਕਰਦੇ ਹੱਥ
ਦੀਵੇ ਜਗਾਉਂਦੇ ਹਨ
ਜੁਗਨੂੰਆਂ ਨੂੰ
ਰੋਸ਼ਨੀ ਦਿੰਦੇ ਹਨ
ਬਚਿਆਂ ਦੇ
ਪੋਤੜੇ ਬੰਨ੍ਹਦੇ ਹਨ
ਪੰਛੀਆਂ ਨੂੰ
ਚੋਗਾ ਪਾਉਂਦੇ ਹਨ
ਫੁਲਾਂ ਨੂੰ
ਪਾਣੀ ਦਿੰਦੇ ਹਨ

ਕੰਮ ਕਰਦੇ ਹੱਥ ਜਦੋਂ
ਇਕ ਦੂਜੇ ਨਾਲ ਮਿਲਦੇ ਹਨ
ਦੁਨੀਆਂ
ਜਿਉਣ ਜੋਗੀ ਹੋ ਜਾਂਦੀ ਹੈ
ਸਾਡੀ ਧਰਤੀ
ਸੂਰਜ ਦੁਆਲੇ ਨਹੀਂ
ਕੰਮ ਕਰਦੇ ਹੱਥਾਂ ਦੁਆਲੇ
ਘੁੰਮਦੀ ਹੈ
ਇਹ ਸਾਰੀ ਲੀਲ੍ਹਾ
ਕੰਮ ਕਰਦੇ ਹੱਥਾਂ ਦੀ ਹੈ

3. ਸੁੱਚੇ ਹੱਥ

ਮੇਰੇ ਹੱਥਾਂ ਨੂੰ ਇੱਕੋ ਕੰਮ ਆਉਂਦਾ
ਜਾਂ ਲੈਣਾ ਜਾ ਦੇਣਾ
ਕਵਿਤਾ ਲਿਖਣ ਤਾਂ
ਉਹ ਵੀ ਲਾਲ ਵਹੀ ਵਿਚ
ਲੇਖਾ ਪੱਤਾ ਬਣ ਜਾਂਦੀ ਹੈ

ਕਿਸ ਨਦੀ ਵਿਚ
ਹੱਥ ਡੋਬੀਏ
ਜਨਮ ਜਨਮ ਦੀ ਜੂਠ ਉੱਤਰੇ

4. ਸਿਮਰਤੀ

ਕਚੀਆਂ ਪਿੱਲੀਆਂ ਕਵਿਤਾਵਾਂ ਅਗਨਭੇਟ ਕਰਦਿਆਂ
ਕੋਈ ਪੰਕਿਤੀ ਅਧ ਪਚੱਧੀ
ਸ਼ਬਦ ਸੱਜਰਾ, ਅਲੰਕਾਰ ਨਿਆਰਾ
ਸਾਂਭ ਲੈਂਦਾ ਹਾਂ

ਇਹ ਗੁਰ ਮੈਂ ਅਪਣੀ ਮਾਂ ਤੋਂ
ਸਿਖਿਆ ਹੈ
ਉਹ ਹੰਢੇ ਪਾਟੇ ਕੁੜਤੇ ਸਿਟਦੀ
ਉਨ੍ਹਾਂ ਦੇ ਬਟਨ ਸਾਂਭ ਲੈਂਦੀ ਸੀ
ਕਹਿੰਦੀ ਹੁੰਦੀ ਸੀ
ਕੋਈ ਵੀ ਚੀਜ ਸਾਰੀ ਦੀ ਸਾਰੀ
ਸਿਟਣ ਵਾਲੀ ਨਹੀਂ ਹੁੰਦੀ

ਕੁੜਤੇ ਤੋ ਬਟਨ ਗੁਆਚਦਾ
ਅਸੀ ਉਹਦੇ ਅਗੇ ਖੜ੍ਹ ਜਾਂਦੇ
ਉਹ ਸੂਈ ਧਾਗੇ ਵਾਲੇ ਛਿੱਕੂ ਚੋਂ
‘ਗਦਾਮਾਂ’ ਵਾਲੀ ਸ਼ੀਸੀ ਕਢਦੀ
ਥੁਕ ਨਾਲ ਤਿੱਖਾ ਕਰਕੇ ਧਾਗਾ
ਸੂਈ ਦੇ ਨੱਕੇ `ਚ ਪਰੋਂਦੀ ਅਖ ਸੁਕੇੜ ਕੇ
ਬਟਨ ਦੀ ਮੋਰੀ ਚੋ ਸੂਈ ਕਢਦੀ
ਡਰਕੇ ਢਿਡ ਲੱਕੇ ਨਾਲ ਲਗ ਜਾਂਦੇ
ਉਹ ਬਟਨ ਲਾ ਕੇ, ਫਾਲਤੂ ਧਾਗਾ
ਦੰਦਾਂ ਨਾਲ ਟੁਕਦੀ ਕਸੇ ਢਿਡ ਤੇ
ਕੁਤ ਕੁਤੀ ਕਢ ਦਿੰਦੀ ਸੀ।

‘ਮਾਂ ਇਹ ਬਟਨ ਤਾਂ ਨਵਿਆਂ ਨਾਲ ਰਲ਼ਦਾ ਨਹੀਂ’
ਅਸੀਂ ਕਹਿੰਦੇ
‘ਕੋਈ ਨੀ ਪੁਤ, ਨਵਿਆਂ ਦਾ ਵੀ
ਏਹੀ ਰੰਗ ਹੋ ਜਾਣੈ ਦਸ ਦਿਨ ਹੰਢ ਕੇ
ਕੋੲ ਰੰਗ ਸਦਾ ਪੱਕਾ ਨਹੀਂ ਰਹਿੰਦਾ’।

ਮੈਂ ਖਿੰਡੀਆਂ ਕਵਿਤਾਵਾਂ ਚੋਂ
ਸ਼ਬਦ ਚੁਣ ਚੁਣ ਕੇ
ਸ਼ੀਸ਼ੀ ਵਿਚ ਪਾ ਰਿਹਾ ਹਾਂ
ਕਦੇ ਕਦੇ ਕੋਈ ਅਥਰੂ ਵੀ
ਉਨ੍ਹਾਂ ਵਿਚ ਰਲ ਜਾਂਦਾ ਹੈ।

5. ਝੂਠ ਬੋਲਦਾ ਰਹੇਂ

ਤੂੰ ਜਦੋਂ ਆਖਦੈਂ
ਤੇਰੇ ਵਾਲ਼ ਬਹੁਤ ਲੰਬੇ ਹਨ
ਮੈਂ ਸੋਚਦੀ ਹਾਂ
ਇਹ ਵੀ ਕੋਈ ਕਹਿਣ ਵਾਲੀ ਗੱਲ ਐ

ਤੂੰ ਜਦੋਂ ਆਖਦੈਂ
ਤੇਰੇ ਵਾਲ ਏਨੇ ਲੰਬੇ ਹਨ
ਸਿਰੇ ਤਕ ਜਾਂਦੀ ਕੰਘੀ ਦੇ
ਦੰਦੇ ਘਸ ਜਾਂਦੇ ਹਨ
ਓਦੋਂ ਮੇਰਾ ਜੀਅ ਕਰਦੈ
ਤੂੰ ਏਹੋ ਜਿਹਾ ਝੂਠ
ਬੋਲਦਾ ਰਹੇਂ

6. ਕਣੀਆਂ ਦਾ ਪਾਤਰ

ਜੇ ਮੇਰੇ ਬੁੱਕ ਵਿਚ
ਕੋਈ ਕਣੀ ਨਹੀਂ ਕਿਰੀ
ਤਾਂ ਇਸਦਾ ਇਹ ਭਾਵ ਨਹੀਂ
ਕਿ ਬਰਖਾ ਬਰਸੀ ਹੀ ਨਹੀਂ
ਬਰਖਾ ਸਿਰਫ ਮੇਰੇ ਲਈ ਹੀ
ਨਹੀਂ ਪੈਂਦੀ

ਜਦੋਂ ਮੇਰਾ ਬੁੱਕ
ਚਾਤ੍ਰਿਕ ਦੀ ਪਿਆਸ ਵਿਚ ਪੰਘਰ
ਕੇ ਜੁੜੇਗਾ
ਉਦੋਂ ਹੀ ਕਣੀਆਂ ਦਾ ਪਾਤਰ ਬਣੇਗਾ

ਕਣੀਆਂ ਅੰਬਰ ਵਿਚੋਂ ਨਹੀਂ
ਬੁੱਕ ਦੀ ਪਿਆਸ ਵਿਚੋਂ
ਬਰਸਦੀਆਂ ਹਨ

7. ਝਨਾਂ ਦੇ ਕੰਢੇ

ਬੈਠ ਝਨਾਂ ਦੇ ਕੰਢੇ ਰਾਂਝਾ
ਰਮਜ਼ਾਂ ਦੱਸੇ ਜੋਗ ਦੀਆਂ
ਰੰਗਪੁਰ ਮੇਰੇ ਅੰਦਰ ਵਸਦਾ
ਕੂੜੀਆਂ ਗੱਲਾਂ ਭੋਗ ਦੀਆਂ
ਤੂੰ ਦਰਵਾਜ਼ਾ ਖੋਲ੍ਹ ਕੇ ਆ ਜਾ
ਚੱਕ ਦੇ ਸਫ਼ਾਂ ਵਿਜੋਗ ਦੀਆਂ
ਕੋਲ਼ੇ ਬਹਿ ਕੇ ਗੱਲਾਂ ਕਰੀਏ
ਦੋ ਘੜੀਆਂ ਸੰਜੋਗ ਦੀਆਂ
ਇਕ ਦਿਨ ਏਥੋਂ ਉਡ ਜਾਣਾ ਹੈ
ਚੁੰਝਾਂ ਭਰ ਕੇ ਚੋਗ ਦੀਆਂ
ਲਹਿਰਾਂ ਸੁੱਕੀਆਂ, ਪੱਤਣ ਉੱਤੇ
ਲਾਸਾਂ ਪਈਆਂ ਸੋਗ ਦੀਆਂ

8. ਮੇਰੀ ਥਾਂ

“ਅਜ ਇਹ ਚੀਜ਼ਾਂ ਲਿਆਉਣ ਵਾਲੀਆਂ ਹਨ:

ਗੰਢੇ ਲਾਲ ਰੰਗ ਦੇ
ਕੇਲੇ ਚਿਤਰੀ ਵਾਲੇ
ਬ੍ਰੈਡ ਸੂਹੜੇ ਵਾਲੀ
ਖੰਡ ਸ਼ਕਰ ਵਰਗੀ
ਦਾਲਾਂ ਰਲੀਆਂ ਮਿਲੀਆਂ

ਮੈਂ ਏਸ ਕਾਗਦ ਉਤੇ ਲਿਖ ਦਿੱਤੀਐਂ
ਚੇਤਾ ਰਹੂ”

“ਓ ਹੋ . . . ਇਹਦੇ ਉਤੇ
ਤਾਂ ਮੈਂ ਕਵਿਤਾ ਲਿਖਣੀ ਸੀ”

“ਹੇਠਾਂ ਸਾਰਾ ਪੰਨਾ ਖਾਲੀ ਪਿਆ ਹੈ”

“ਖਾਲੀ ਤਾਂ ਹੈ ਪਰ ਦਾਲ ਭਾਜੀ
ਦੀ ਸੂਚੀ ਹੇਠ ਲਿਖੀ ਕਵਿਤਾ
ਸੋਭਦੀ ਨਹੀਂ
ਹਰ ਚੀਜ਼ ਦੀ ਆਪਣੀ ਥਾਂ ਹੁੰਦੀ ਹੈ”

“ਤੈਨੂੰ ਪਤੈ ਮੇਰੀ ਥਾਂ ਕਿਹੜੀ ਹੈ?”

9. ਝੂਠੀਆਂ ਗੱਲਾਂ

ਟਿਕੀ ਰਾਤ
ਸੌਂ ਰਹੇ ਬਿਰਖਾਂ ਵਿਚਦੀ
ਲੰਘ ਰਹੇ ਸੀ ਆਪਾਂ
ਪੈਰਾਂ ਦੀਆਂ ਉੰਗਲਾਂ ਦੇ ਫੁੱਲ ਧਰ ਧਰ
ਸ਼ਬਦਾਂ ਵਿਚਾਲੇ ਚੁਪ ਰਖ ਰਖ
ਕਿਤੇ ਟਲ ਨਾ ਜਾਏ ਨੀਂਦ ਬਿਰਖਾਂ ਦੀ
ਸੁਤੇ ਬਿਰਖ ਦਾ ਹਰ ਪੱਤਾ ਕੰਨ ਹੁੰਦੈ

ਅਜ ਦੀ ਰਾਤ ਆਪਾਂ ਬਿਰਖਾਂ ਦੇ
ਸੁਪਨੇ `ਚ ਪਰਵੇਸ਼ ਕਰ ਜਾਂਦੇ ਹਾਂ
ਗੱਲਾ ਕਰਾਂਗੇ
ਉਹ ਜਾਗਣਗੇ ਨਹੀਂ

“ਪਹਿਲਾਂ ਤੇਰੀ ਵਾਰੀ”
ਤੂੰ ਕਿਹਾ

“ਕਹਿੰਦੇ ਨੇ
ਜਿੰਨਾ ਚਿਰ ਆਹਲਣਿਆਂ ‘ਚ
ਪੰਛੀ ਸੌਂ ਨਹੀਂ ਜਾਂਦੇ
ਬਿਰਛ ਜਾਗਦੇ ਰਹਿੰਦੇ ਨੇ”

“ਸੱਚੀਂ?”

“ਤੇ ਜਿੰਨਾ ਚਿਰ ਅੰਬਾਂ ਤੇ
ਕੋਇਲ ਨਹੀਂ ਕੂਕਦੀ
ਅੰਬ ਮਿੱਠੇ ਨਹੀਂ ਹੁੰਦੇ”

ਕੌਣ ਕਹਿੰਦੈ?
ਤੂੰ ਪੁਛਿਆ

ਕੌਣ? …ਅ ਅ
ਯਾਦ ਨਹੀਂ ਆ ਰਿਹਾ

ਤੈਨੂੰ ਹਾਸਾ ਆ ਗਿਆ

ਇਹੋ ਜਿਹੀਆਂ ਗੱਲਾਂ ਤੂੰ
ਕਿਵੇਂ ਬਣਾ ਲੈਨੈਂ
ਝੂਠੀਆਂ ਜਿਹੀਆਂ

ਜਿਵੇਂ ਤੂੰ ਹਸ ਲੈਨੀ ਐਂ
ਕੰਵਲਾ ਜਿਹਾ

10. ਅਜ ਦੀ ਰਾਤ

ਜੇ ਸੰਗਦੀ ਤੋਂ ਮੈਥੋਂ
ਕਹਿ ਨਹੀਂ ਹੋਇਆ
ਤੂੰ ਆਪ ਹੀ ਰਹਿ ਜਾਂਦਾ
ਅਜ ਦੀ ਰਾਤ

ਇਹ ਤਾਂ ਚਿਤ ਚੇਤੇ ਵੀ ਨਹੀਂ ਸੀ
ਤੇਰੇ ਨਾਲ ਬੋਲਣ ਲਈ ਵੀ
ਬੋਲਣਾ ਪਵੇਗਾ

ਜੋ ਦੇਹ ਆਖਦੀ ਹੈ
ਉਹ ਕਹਿਣ ਜੋਗੇ ਸ਼ਬਦ ਹੁੰਦੇ
ਮੈਂ ਕਹਿ ਦਿੰਦੀ

ਤੂੰ ਮੇਰੀ ਦੇਹ ਦੀ ਬੋਲੀ
ਜਾਣਦਾ ਹੈਂ ਮੈਥੋਂ ਵੀ ਵਧ
ਮੇਰਾ ਅੰਦਰਲਾ ਕਹਿੰਦਾ ਹੈ
ਜਦੋਂ ਜੀਅ ਜਹਾਨ ਸੌਂ ਗਿਆ
ਮੇਰਾ ਬੂਹਾ ਖੜਕੇਗਾ

11. ਅਜ ਆਪਾਂ ਟੀ ਵੀ ਵੇਖਾਂਗੇ

ਅਜ ਸ਼ਾਮ ਆਪਾਂ ਟੀ ਵੀ ਤੇ
ਫਿਲਮ ਵੇਖਾਂਗੇ

ਤੂੰ ਅਰਸਤੂ ਨਹੀਂ ਪੜ੍ਹੇਂਗਾ
ਮੇਜ ਤੇ ਬਹਿਕੇ
ਮੈ ਰਹਿਰਾਸ ਨ੍ਹੀ ਕਰਾਂਗੀ
ਖਿਮਾ ਗੁਰੂ ਤੋਂ ਲੈਕੇ

ਨਾਲ ਨਾਲ ਬੈਠਾਂਗੇ ਸੋਫੇ ਤੇ
ਲੱਤਾਂ ਤੇ ਕੰਬਲ ਲੈਕੇ

ਮੈਂ ਮੱਕੀ ਦੀਆਂ ਖਿੱਲਾਂ ਬਣਾਉਂਦੀ ਹਾਂ
ਤੂੰ ਕਹਿਨੈਂ ਤਾਂ
ਨੂਣ ਤੇ ਮੱਖਣ ਨਹੀਂ ਪਾਉਂਦੀ

ਇਕੋ ਕੌਲੇ ‘ਚੋਂ ਖਾਵਾਂਗੇ
ਕੋਈ ਖਿੱਲ ਬਾਹਰ ਡਿਗੀ
ਚੁਕਾਂਗੇ ਨਹੀਂ

ਜੇ ਡਰੀ
ਅੱਖਾਂ ਮੀਚ ਤੇਰੀ ਵੱਖੀ ਨਾਲ
ਲਗ ਜਾਊਂ
ਚੀਕ ਵੀ ਮਾਰੂੰ ਕੰਨ ਪਾੜਵੀਂ
ਹੱਸੂੰਗੀ ਉਚੀ ਭਾਵੇਂ
ਦੁਖਣ ਪੱਸਲੀਆਂ
ਤੂੰ ਵੀ ਹੱਸੇਗਾ ਮੇਰੇ ਨਾਲ
ਨਹੀਂ ਤਾਂ ਕੁਤਕੁਤਾੜੀਆਂ
ਕੱਢੂੰ ਦੋਹਾਂ ਹੱਥਾਂ ਨਾਲ

ਯਾਦ ਕਰਾਂਗੇ ਉਹ ਦਿਨ
ਚੰਗੀ ਮਾੜੀ ਕੋਈ ਵੀ ਫਿਲਮ
ਵੇਖਣ ਦਾ ਬਹਾਨਾ ਭਾਲਦੇ
ਮੂੰਗਫਲੀ ਦਾ ਲਿਫਾਫਾ ਤੇ
ਗੁੜ ਦੀਆਂ ਰਿਉੜੀਆਂ
ਹੀਰੋ ਨੂੰ ਹੀਰੋਇਨ ਮਗਰ ਟਪਦਾ
ਵੇਖ ਹਸਦੇ

ਮੈਂ ਕਹਿੰਦੀ
ਤੂੰ ਵੀ ਮੇਰੇ ਤੇ ਦਿਲ ਫੈਂਕ ਸਕਦੈਂ
ਟਪੂਸੀ ਮਾਰਕੇ
ਤੂੰ ਕਹਿੰਦਾ
ਹਾਂ, ਜੇ ਪਹਿਲਾਂ ਬਣੇਂ ਉਹੋ ਜਿਹੀ ਬਾਂਦਰੀ

ਅਜ ਸ਼ਾਮ ਆਪਾਂ ਟੀ ਵੀ ਤੇ
ਫਿਲਮ ਵੇਖਾਂਗੇ

12. ਕਬਰ ਦੀ ਮਿੱਟੀ

ਕਬਰ ਦੀ ਲਾਲ ਮਿੱਟੀ ਨਾਲ
ਚੁੱਲ੍ਹਾ ਪੋਚਦੀ ਹੁੰਦੀ ਸੀ ਮਾਂ
ਕਹਿੰਦੀ ਸੀ
ਕਬਰ ਦੀ ਮਿੱਟੀ ਦਾ ਰੰਗ
ਪੱਕਾ ਹੁੰਦਾ ਹੈ

13. ਬੁੱਧ ਦੀ ਮੂਰਤੀ ਤੇ ਭੂਰੀ ਕੀੜੀ

ਅੰਤਰਧਿਆਨ
ਮੂਰਤੀ ਬੁੱਧ ਦੀ
ਨੈਣ ਬੰਦ ਹੱਥ ਗੋਡਿਆਂ ਤੇ
ਅੰਗੂਠੇ ਛੋਂਹਦੇ ਇਕ ਦੂਜੇ ਨਾਲ

ਭੂਰੀ ਕੀੜੀ
ਬੁੱਧ ਜੀ ਦੇ ਹੱਥਾਂ ਤੇ ਫਿਰਦੀ
ਕਿਣਕਾ ਅੰਨ ਦਾ ਭਾਲਦੀ

14. ਮਿਰਤੂ

ਮੈਨੂੰ ਪੈੜਚਾਲ ਸੁਣਦੀ ਹੈ ਉਨ੍ਹਾਂ ਦੀ
ਨਾਲ ਤੁਰਦੇ ਤੁਰਦੇ ਜੋ
ਨਿਖੜ ਗਏ

ਜਾਂ ਇਹ ਮੇਰੇ ਹੀ ਪੈਰਾਂ
ਦੀ ਆਵਾਜ਼ ਹੈ

ਮੈ ਘਰ ਦਾ ਬੂਹਾ ਓੜਕਿਆ ਹੀ ਹੈ
ਭੇੜਿਆ ਨਹੀਂ
ਮੈਨੂੰ ਪਤਾ ਹੈ
ਬੰਦ ਬੂਹੇ ਤੇ ਜੋਗੀ
ਅਲਖ ਨਹੀਂ ਜਗਾਉਂਦੇ

15. ਕਲੀ ਕਿ ਜੋਟਾ

ਕਲੀ ਕਿ ਜੋਟਾ
ਰਬ ਪੁੱਛਦਾ ਹੈ

ਜੋਟਾ, ਮੈਂ ਕਹਿੰਦਾ ਹਾਂ
ਉਹ ਮੁੱਠੀ ਖੋਲ੍ਹਦਾ ਹੈ
ਕਲੀ ਨਿਕਲਦੀ ਹੈ

ਅਗਲੀ ਵਾਰ ਕਲੀ ਕਹਿੰਦਾ ਹਾਂ
ਜੋਟਾ ਨਿਕਲ ਆਉਂਦਾ ਹੈ

ਪਹਿਲੇ ਦਿਨ ਤੋਂ
ਏਹੀ ਹੋ ਰਿਹੈ

ਤੂੰ ਰੌਂਦ ਮਾਰਦੈਂ
ਹਾਰਨ ਤੋਂ ਡਰਦਾ

ਹਾਰਨ ਤੋਂ ਨਹੀਂ
ਮੈਂ ਖੇਡ ਖਤਮ ਹੋਣ ਤੋਂ
ਡਰਦਾ ਹਾਂ

ਕਲੀ ਕਿ ਜੋਟਾ
ਉਹ ਫੇਰ ਮੁੱਠ ਅਗੇ ਕਰਦਾ ਹੈ

16. ਮੇਰੀਐਨ

ਅਜ ਵੀ ਮੇਰੀਐਨ
ਖ਼ਾਕੀ ਫ਼ਾਈਲਾਂ ਵਿਚ ਘਿਰੀ ਬੈਠੀ ਸੀ
ਫ਼ਾਈਲ `ਚੋਂ ਸਿਰ ਚੁਕਦੀ
ਕੰਪਿਊਟਰ ਦੀ ਸਕਰੀਨ ਵਿਚ ਗੁਆਚ ਜਾਂਦੀ

ਮੇਰੀਐਨ
ਮੇਰੇ ਡਾਕਟਰ ਕੁਰੈਸ਼ੀ ਦੀ ਸੈਕਟਰੀ

ਉਹਦੇ ਕਮਰੇ ਦੀਆਂ ਕੰਧਾਂ ਨਾਲ
ਫ਼ਾਈਲਾਂ ਚਿਣੀਆਂ ਹੋਈਆਂ ਹਨ

ਫ਼ਾਈਲਾਂ `ਚ ਚਰਜ ਉਹ ਹਰ ਜਣੇ ਨੂੰ
ਜਾਣਦੀ ਹੈ
ਪਰ ਓਨਾ ਕੁ ਜਿੰਨਾ ਉਹ ਰੋਗੀ ਹੈ
ਮਿਸਜ਼ ਸਮਿੱਥ ਨੂੰ ਉਹਦੀ
ਖੰਘ ਜਿੰਨਾ ਜਾਣਦੀ ਹੈ
ਸਮਰਾ ਮਾਤਾ ਨੂੰ ਦੁਖਦੇ ਗੋਡਿਆਂ ਜਿੰਨਾ
ਉਹਨੂੰ ਨਹੀਂ ਪਤਾ
ਡੈਨੀ ਚਿਤਰ ਵੀ ਬਣਾਉਂਦਾ ਹੈ
ਰੋਜ਼ੀ ਨਾਟਕ ਕਰਦੀ ਹੈ
ਮੈਂ ਕਵਿਤਾ ਲਿਖਦਾ ਹਾਂ

ਮੇਰੀਐਨ ਹਰ ਫ਼ਾਈਲ ਵਿਚ
ਭੋਰਾ ਭੋਰਾ ਵੰਡੀ ਹੋਈ ਹੈ
ਪੰਜ ਹਜ਼ਾਰ ਫ਼ਾਈਲਾਂ ਦੇ
ਪੰਜ ਹਜ਼ਾਰ ਟੋਟਿਆਂ ਵਿਚ
ਮੈਂ ਸਾਬਤ ਸਬੂਤ ਮੇਰੀਐਨ ਨੂੰ
ਕਦੇ ਨਹੀਂ ਵੇਖਿਆ

ਅਜ ਦਾ ਦਿਨ ਵੀ
ਵਖਰਾ ਨਹੀਂ ਸੀ

ਮੇਰੀਐਨ ਦੇ ਸਾਹਮਣੇ ਕਮਰੇ ਵਿਚ
ਬੈਠੇ ਲੋਕ ਆਪਣੀ ਆਪਣੀ ਵਾਰੀ
ਉਡੀਕ ਰਹੇ ਸਨ

ਚਾਰਲੀ ਦੁਖਦੇ ਸਿਰ ਨੂੰ
ਘੁੱਟੀ ਬੈਠਾ ਸੀ
ਕ੍ਰਿਸਟੀਨਾ ਵੀਲ ਚੇਅਰ ਤੇ ਬੈਠੇ
ਪਤੀ ਬ੍ਰੈਡਲੇ ਦੇ ਦਸਤਾਨੇ ਲਾਹ ਰਹੀ ਸੀ
ਮਿਸ਼ੈਲ ਪੁਰਾਣੇ ਰੀਡਰਜ਼ ਡਾਈਜੈਸਟ ਦੇ
ਪੰਨੇ ਫਰੋਲ ਰਹੀ ਸੀ ਤੇ ਉਹਦਾ
ਚਾਰ ਸਾਲ ਦਾ ਬੇਟਾ ਰੈਂਡੀ
ਬੈਟਰੀ ਵਾਲੀ ਕਾਰ ਚਲਾਉਣ ਲਈ
ਜ਼ਿਦ ਕਰ ਰਿਹਾ ਸੀ

ਮੇਰੀਐਨ ਨੇ ਮੈਨੂੰ ਬੁਲਾ ਕੇ
ਆਉਣ ਦੀ ਅਗਲੀ ਤਰੀਕ ਦਿੱਤੀ

ਮੈਂ ਓਥੋਂ ਤੁਰਦਾ ਤੁਰਦਾ ਰੁਕ ਗਿਆ, ਕਿਹਾ
ਮੇਰੀਐਨ ਤੈਨੂੰ ਕਦੇ ਦੱਸਿਐ ਕਿਸੇ ਨੇ
ਤੇਰੇ ਵਾਲ ਕਿੰਨੇ ਸੁਹਣੇ ਐ?

“ਥੈਂਕਯੂ” ਉਹਨੇ ਅਚੰਭੇ ਚ ਮੇਰੇ ਵਲ ਵੇਖਿਆ
ਜਿਵੇਂ ਅੰਗਾਂ ਵਿਚ ਜਾਨ ਪੈ ਗਈ ਹੋਵੇ
ਉਹਦੀ ਮੁਸਕ੍ਰਾਹਟ ਕੰਨਾਂ ਤਕ ਫੈਲ ਗਈ
ਗੱਲ੍ਹਾਂ ਹੋਰ ਸੂਹੀਆਂ ਹੋ ਗਈਆਂ
ਮੱਥੇ ਤੋਂ ਲਿਟ ਪਾਸੇ ਕਰਦੀ ਨੇ ਕਿਹਾ
ਮੈਂ ਅਜ ਕਾਹਲੀ ਵਿਚ ਓਵੇਂ ਈ ਨੱਸ ਆਈ ਸੀ
ਕੰਘੀ ਵੀ ਨਹੀਂ ਕੀਤੀ ਸੀ
ਪੰਨੇ ਫਰੋਲਦੀ ਮਿਸ਼ੈਲ ਦਾ ਹਾਸਾ ਨਿਕਲ ਗਿਆ
ਮਿਸਜ ਬ੍ਰੇਡਲੇ ਦਾ ਵੀ
ਰੈਂਡੀ ਦੀ ਤੇਜ਼ ਕਾਰ ਵੀਲ ਚੇਅਰ ਦੇ ਪਹੀਏ
ਨਾਲ ਵਜ ਕੇ ਦਰ ਵਿਚਦੀ ਬਾਹਰ
ਨਿਕਲ ਗਈ।

17. ਅੱਧੀ ਸਦੀ ਪਹਿਲਾਂ ਦੀ ਕਵਿਤਾ

ਦੂਰ ਦੁਮੇਲੋਂ ਦੂਰ
ਸੰਧਿਆ ਵੇਲੇ
ਰੁੱਖਾਂ ਨਾਲ ਘਿਰੇ ਘਰ ਵਿਚੋਂ
ਬਾਹਰ ਬੂਹੇ ਉਤੇ ਖੜ੍ਹ ਕੇ
ਮੈਨੂੰ ਅਜ ਉਡੀਕੇਂਗੀ ਤੂੰ

"ਨੀ ਕੁੜੀਏ ਕੀ ਕਰਦੀ ਐਂ ਤੂੰ
ਵੇਖ ਅਨ੍ਹੇਰਾ ਉਤਰ ਆਇਆ
ਚੁੱਲ੍ਹੇ ਵਿਚ ਧੁਖਾ ਲੈ ਅਗਨੀ"
ਆਟਾ ਗੁੰਨ੍ਹਦੀ ਮਾਂ ਬੋਲੇਗੀ

ਡੁਬਦੀ ਸੰਧਿਆ ਦਾ ਹੱਥ ਫੜ ਕੇ
ਅੱਖਾਂ ਦੇ ਵਿਚ ਤਾਰੇ ਭਰ ਕੇ
ਮੂੰਹ ਵਿਚ ਚੁੰਨੀ ਦਾ ਲੜ ਫੜ ਕੇ
ਮੂਕ ਬਾਣੀ ਵਿਚ ਤੂੰ ਪੁੱਛੇਂਗੀ
ਦਸ ਅੜੀਏ ਉਹ ਕਿਉਂ ਨਹੀਂ ਆਇਆ

ਤੈਥੋਂ ਹੱਥ ਛੁਡਾ ਕੇ ਸੰਧਿਆ
ਲਹਿੰਦੇ ਸੂਰਜ ਵਲ ਨੱਸੇਗੀ
ਉਹਦੇ ਪਹੁੰਚਣ ਤੋਂ ਪਹਿਲਾਂ ਹੀ
ਸੂਰਜ ਬੂਹਾ ਭੀਚ ਲਵੇਗਾ

ਦਰ ਦੇ ਨਾਲ ਮਾਰ ਕੇ ਮੱਥਾ
ਸੰਧਿਆ ਥੱਲੇ ਕਿਰ ਜਾਵੇਗੀ
ਸਿੰਮ ਸਿੰਮ ਕੇ ਲਹੂ ਦੇ ਤੁਪਕੇ
ਬੱਦਲਾਂ ਨੂੰ ਰੰਗ ਚੜ੍ਹ ਜਾਵੇਗਾ

ਅੱਭੜਵਾਹੇ ਤੂੰ ਦੌੜੇਂਗੀ
ਚੁੱਲ੍ਹੇ ਦੇ ਵਿਚ ਅੱਗ ਬਾਲੇਂਗੀ
ਚੁੱਲ੍ਹੇ ਮੂਹਰੇ ਬੈਠੀ ਬੈਠੀ
ਬੁੱਕਲ ਵਿਚ ਲੁਕਾ ਕੇ ਦੀਵਾ
ਕੱਲਮ ਕੱਲੀ ਤੁਰੇਂ ਗੀ ਭਾਲਣ

18. ਸਿਧਾਰਥ

ਉਹ ਮੂਰਤ ਵਾਹੁਣ ਲਗਦੈ
ਬਾਂਹ ਵਧ ਕੇ ਅਸਮਾਨ ਨਾਲ
ਲਗ ਜਾਂਦੀ ਹੈ
ਗੁੱਛੀ ਮੁੱਛੀ ਹੋਇਆ ਅੰਬਰ ਖੁਲ੍ਹਦਾ ਹੈ
ਖੰਭ ਮਾਰਦਾ ਉਡਣ ਲਗ ਜਾਂਦਾ ਹੈ

19. ਬਰੈਂਪਟਨ ਦੀਆਂ ਗਲੀਆਂ

ਘਰੋਂ ਨਿਕਲੇ ਤਾਂ ਉਹਨੇ ਕਿਹਾ
ਅਜ ਸ਼ਾਮ ਇਹਨਾ ਗਲੀਆਂ ਚ ਘੁੰਮਾਂਗੇ
ਜਿਵੇਂ ਗੁਆਂਢੀ ਚਾਰਲੀ ਘੁੰਮਦਾ ਹੈ
ਫੁਟਪਾਥ ਤੇ ਤੁਰਾਂਗੇ
ਘਰਾਂ ਮੂਹਰੇ ਉਗਿਆ ਘਾਹ ਵੇਖਾਂਗੇ
ਘੁੰਮਦੇ ਫੁਹਾਰੇ ਦੀਆਂ ਕਣੀਆਂ
ਸਾਡੇ ਤੇ ਪੈਣ ਲਗੀਆਂ
ਛੜੱਪਾ ਮਾਰ ਕੇ ਟੱਪ ਜਾਵਾਂਗੇ
ਜਾਂ ਹੇਠਾਂ ਖੜ੍ਹੇ ਰਹਾਂਗੇ ਹਸਦੇ
ਖੇਡਦੇ ਬਚਿਆਂ ਨੂੰ ਹੱਥ ਹਿਲਾਵਾਂਗੇ
ਹਾਏ ਕਹਾਂਗੇ
ਜੇ ਕੋਈ ਕੋਲ ਆਇਆ ਉਹਦਾ
ਨਾਂ ਪੁੱਛਾਂਗੇ
ਗਲੀ ਜਿੱਧਰ ਨੂੰ ਮੁੜੀ ਮੁੜ ਪਵਾਂਗੇ
ਜਿਹੜੀ ਵੀ ਮਿਲੀ ਉਹਦੇ ਤੇ ਪੈ ਜਾਵਾਂਗੇ
ਭੁੱਲ ਗਏ ਤਾਂ ਖੜ੍ਹ ਕੇ ਨਿਸ਼ਾਨੀਆਂ ਵੇਖਾਂਗੇ
ਭੁਲਦੇ ਭੁਲਦੇ ਘਰ ਭਾਲ ਲਵਾਂਗੇ
ਨਹੀਂ ਤਾਂ ਕਿਸੇ ਤੁਰੇ ਜਾਂਦੇ ਤੋਂ ਪੁੱਛ ਲਵਾਂਗੇ
ਲਾਲੀ ਦੀਆਂ ਗੱਲਾਂ ਨਹੀਂ ਕਰਾਂਗੇ
ਨਾ ਕੇਸਰ ਦੀਆਂ
ਪਟਿਆਲੇ ਦੀ ਮਾਲਰੋਡ ਤੇ ਚਲਦੇ
ਫੁਹਾਰੇ ਯਾਦ ਨਹੀਂ ਕਰਾਂਗੇ
ਪਿਛਲੇ ਤੀਹ ਵਰ੍ਹੇ ਭੁੱਲ ਜਾਵਾਂਗੇ
ਚਿਤਵਾਂ ਗੇ ਅਸੀ ਏਥੇ ਅਜ ਆਏ ਹਾਂ
ਜਾਂ ਏਥੇ ਹੀ ਰਹਿੰਦੇ ਰਹੇ ਹਾਂ

20. ਝੂਠ ਬੋਲਦਾ ਸੋਹਣਾ ਲਗਦੈਂ

ਤੈਨੂੰ ਪਤੈ
ਮਲਾਗੀਰੀ ਰੰਗ ਕੋਹੋ ਜਿਹਾ ਹੁੰਦਾ ਹੈ।
ਉਹਨੇ ਪੁੱਛਿਆ
ਤੇਰੇ ਵਰਗਾ
ਮੈਂ ਬੋਲਿਆ।
ਤੇ ਮੈਂ ਕੇਹੋ ਜਿਹੀ ਹਾਂ
ਤੂੰ…. ਤੂੰ ਓਹੋ ਜਿਹੀ ਹੈਂ
ਜੇਹੋ ਜਿਹੀ ਹੈਂ
ਉਹਦਾ ਹਾਸਾ ਨਿਕਲ ਗਿਆ
ਮੈਂ ਵੀ ਹਸ ਪਿਆ
ਤੂੰ ਉਹੀ ਕਿਉਂ ਪੁੱਛਦੀ ਐਂ
ਜੀਹਦਾ ਮੈਨੂੰ ਪਤਾ ਨਹੀਂ ਹੁੰਦਾ?
ਤੂੰ ਝੂਠ ਬੋਲਦਾ
ਸੋਹਣਾ ਲਗਦੈਂ

21. ਕਵਿਤਾ ਦੀ ਨਿਮਾਜ਼

ਸੁਣਿਆ ਹੈ ਸ਼ੇਖ ਫਰੀਦ ਦੇ ਬੋਲ ਸੁਣ ਕੇ
ਤਿੰਨ ਲਖ ਲੋਕ ‘ਮੁਸਲਮਾਨ’ ਹੋ ਗਏ ਸਨ।
ਉਹਨਾਂ ਵਿਚ ਮੈਂ ਵੀ ਹਾਂ।
ਮੈਂ ਫਰੀਦ ਦਾ ਸਹਿ ਧਰਮੀ ਹਾਂ,
ਅਸੀਂ ਦੋਵੇਂ ਕਵਿਤਾ ਦੀ ਨਿਮਾਜ਼ ਪੜ੍ਹਦੇ ਹਾਂ।
ਪੰਜੇ ਵੇਲੇ।
ਮੇਰੇ ਨਾਲ ਕਵਿਤਾ ਦੀ ਨਿਮਾਜ਼ ਪੜ੍ਹਦਾ ਪੜ੍ਹਦਾ
ਉਹ ਮਸੀਤ ਦੀ ਨਿਮਾਜ਼ ਭੁੱਲ ਜਾਂਦਾ ਹੈ।
ਆਪਣੇ ਆਪ ਨੂੰ ਲਾਹਨਤ ਦਿੰਦਾ ਹੈ,
“ਫਰੀਦਾ ਬੇ ਨਿਮਾਜ਼ਾ ਕੁੱਤਿਆ ਇਹ ਨਾ ਭਲੀ ਰੀਤ।
ਕਬਹੀ ਚੱਲ ਨਾ ਆਇਓ ਪੰਜੇ ਵਖਤ ਮਸੀਤ”
ਤੇ ਫੇਰ ਹਸ ਪੈਂਦਾ ਹੈ।

22. ਭਰਮਣ

ਜੇ ਇਕ ਵਾਰ
ਪਿੱਛੇ ਮੁੜ ਕੇ ਵੇਖ ਲੈਂਦਾ
ਪਤਾ ਲਗ ਜਾਂਦਾ
ਤੂੰ ਘਰੋਂ ਇਕੱਲਾ ਹੀ
ਨਹੀਂ ਤੁਰਿਆ ਸੀ
ਤੂੰ ਰਾਹ ਵੇਖ ਵੇਖ ਤੁਰਦਾ
ਮੈਂ ਤੈਨੂੰ ਵੇਖ ਵੇਖ
ਕੰਡੇ ਜੋ ਤੈਨੂੰ ਵਜਣੇ ਸਨ
ਮੈਨੂੰ ਵਜੇ ਹਨ
ਤੂੰ ਕਿੱਥੇ ਕਿੱਥੇ ਭਰਮਦਾ
ਰਿਹਾ ਹੈ ਤੂੰ ਜਾਣੇ
ਤੇਰੇ ਪਿੱਛੇ ਪਿੱਛੇ ਤੁਰਦੀ
ਮੈ ਇਕੋ ਥਾਂ ਟਿਕੀ ਰਹੀ ਹਾਂ

23. ਸਰਦਾ ਸਰੀ ਜਾਂਦੈ

ਮੇਰੀ ਸਾਥਣ ਕਹਿੰਦੀ ਹੈ
ਸੱਠ ਵਰ੍ਹੇ ਹੋ ਗਏ
ਸਬਜੀ ਭਾਜੀ ਬਣਾਉਂਦੀ ਨੂੰ
ਅਜੇ ਵੀ ਲੂਣ ਮਿਰਚਾਂ ਕਦੇ ਘੱਟ
ਕਦੇ ਵਧ ਪੈ ਜਾਂਦੀਆਂ ਹਨ
ਤੂੰ ਕਦੇ ਉਜਰ ਨਹੀਂ ਕੀਤਾ

ਤੂੰ ਵੀ ਇਉਂ ਈ ਕਰਦੀ ਐਂ
ਮੈਂ ਕਿਹਾ
ਕਵਿਤਾ ਵਿਚ ਸ਼ਬਦ
ਕੌੜੇ ਕਸੈਲੇ ਜਾਂ ਵਾਧੂ ਘਾਟੂ ਹੋਣ
ਕਦੇ ਨਹੀਂ ਕਿਹਾ
ਭਲਿਆ ਮਾਣਸਾ ਸਾਰੀ ਲੰਘਾ ਲਈ
ਕੋਈ ਸਲੋਕ ਤਾ ਸਹਿਜ ਭਾਅ ਲਿਖ

“ਬਸ ਇਉਂ ਈ ਸਰੀ ਜਾਂਦੈ”
ਤੂੰ ਬੋਲੀ
“ਊਂ ਕਦੇ ਕਦੇ ਮੇਰਾ ਜੀਅ ਕਰਦੈ
ਜਦੋਂ ਤੇਰੀ ਜੀਭ ਸੜੇ
ਤੂੰ ਕੌਲੀ ਵਗਾਹ ਮਾਰੇ”

ਤੇ ਤੂੰ ਮੇਰੀ ਕਵਿਤਾ
ਰੱਦੀ ਵਿਚ ਸੁਟ ਦੇਵੇਂ

24. ਕ੍ਰਿਸ਼ਮੇ

ਜਦੋਂ ਤੋਂ ਮੈ
ਮੌਤ ਵੇਖੀ ਹੈ
ਹਰ ਹਰਕਤ ਮੈਨੂੰ
ਕ੍ਰਿਸ਼ਮਾ ਲਗਦੀ ਹੈ:
ਹੱਸਣਾ
ਰੋਣਾ
ਜੁੱਤੀ ਪਾਉਣਾ
ਡਰਨਾ
ਝੂਠ ਬੋਲਣਾ

25. ਹਰਿੰਦਰ ਮਹਿਬੂਬ ਦੀ ਯਾਦ ਵਿਚ
ਉਹ ਕੀਹਦੇ ਨਾਲ ਗੱਲਾਂ ਕਰਦਾ ਸੀ

ਮੇਰੇ ਨਾਲ ਗਲਾਂ ਕਰਦਾ ਉਹ
ਕੀਹਦੇ ਨਾਲ ਕਰਦਾ ਸੀ
ਮੈਨੂੰ ਅਜ ਤਕ ਪਤਾ ਨਹੀਂ ਲੱਗਾ

ਬੋਲਦਾ ਬੋਲਦਾ
ਮੈਥੋਂ ਦਸ ਕਦਮ ਅਗੇ ਨਿਕਲ ਜਾਂਦਾ
ਕਦੇ ਪੰਦਰਾਂ ਵੀ
ਓਵੇਂ ਹੁੰਗਾਰੇ ਭਰਦਾ ਇਸ਼ਾਰੇ ਕਰਦਾ
ਹਾਂ ਨਾਂਹ ਵਿਚ ਸਿਰ ਹਿਲਾਉਂਦਾ

ਜਦ ਕਦੇ ਠੇਡਾ ਵਜਦਾ
ਪੈਰ ਟੋਏ ਵਿਚ ਟਿਕਦਾ
ਉਹ ਸਿਰ ਛੰਡਦਾ,
ਪਿੱਛੇ ਮੁੜ ਕੇ ਵੇਂਹਦਾ
ਭੁੱਲੇ ਬੰਦੇ ਵਾਙੂੰ ਮੁਸਕ੍ਰਾਉਂਦਾ
ਮੈਨੂੰ ਨਾਲ ਰਲਾਉਣ ਲਈ
ਖੜ੍ਹ ਜਾਂਦਾ।

ਮੇਰੇ ਨਾਲ ਨਾਲ ਤੁਰਦਾ ਉਹ
ਕੀਹਦੇ ਨਾਲ ਤੁਰਦਾ ਸੀ
ਮੈਨੂੰ ਅਜ ਤਕ ਪਤਾ ਨਹੀਂ ਲੱਗਾ।
ਤੇ ਨਾ ਹੀ ਪਤਾ ਲਗਾ
ਉਹਨੇ ਅਗਲਾ ਕਦਮ
ਕਿਸ ਧਰਤੀ ਤੇ ਰਖਣਾ ਸੀ।
ਪਟਿਆਲੇ ਦੀ ਮਾਲ ਰੋਡ ਤੋ
ਉਠਿਆ ਪੈਰ
ਵਾਲਟ ਵਿਟਮਨ ਦੀ ਖੁੱਲੀ ਸੜਕ ਤੇ ਟਿਕਦਾ
ਦੁਆਬੇ ਦੇ ਬਾਗ ਚੋਂ
ਅੰਬ ਤੋੜਦੇ ਹੱਥ ਵਿਚ
ਅਦਨ ਦੇ ਬਾਗ ਦਾ ਸੇਬ ਹੁੰਦਾ
ਮੈਨੂੰ ਝੂੰਦਾਂ ਦੀ ਰੋਹੀ 'ਚ ਛਡ
ਉਹ ਮਾਛੀਵਾੜੇ ਦੇ ਜੰਗਲ `ਚ
ਕੰਡੇ ਮਿਧਦਾ ਫਿਰਦਾ

ਐਤਕੀਂ ਜਿੱਥੇ ਵੀ ਗਿਆ ਹੈ
ਮੁੜਿਆ ਨਹੀਂ
ਪਰ ਮੈਨੂੰ ਅਜੇ ਵੀ ਲਗਦੈ
ਉਹ ਦਸ ਪੰਦਰਾਂ ਕਦਮ ਦੀ
ਵਿਥ ਤੇ ਖੜ੍ਹ ਜਾਵੇਗਾ
ਤੇ ਪਿੱਛੇ ਮੁੜ ਕੇ ਵੇਖੇਗਾ

ਸਾਡੇ
ਰਾਹਾਂ ਤੇ ਥਾਂ ਥਾਂ ਟੋਏ
ਖਾਈਆਂ, ਰੋੜੇ ਵੱਟੇ ਹਨ
ਉਹਦਾ ਪੈਰ ਜ਼ਰੂਰ ਕਿਸੇ ਟੋਏ ਵਿਚ ਟਿਕੇਗਾ
ਕਿਸੇ ਰੋੜੇ ਨਾਲ ਠੇਡਾ ਵਜੇਗਾ

26. ਹਰਿੰਦਰ ਮਹਿਬੂਬ
ਅਮਰਗੜ ਦਾ ਬਸ ਅੱਡਾ

ਬਸ ਖੜਨ ਲਈ ਹੌਲੀ ਹੋਈ ਹੀ ਸੀ
ਉਹ ਹਥ ਹਿਲਾਉਂਦਾ ਉਹਦੇ ਨਾਲ ਨਾਲ
ਦੌੜ ਪਿਆ।

ਮੈਂ ਉਤਰਿਆ, ਉਹਦਾ
ਸਾਹ ਨਾਲ ਸਾਹ ਨਹੀ ਰਲਦਾ ਸੀ
ਮੈ ਝਿੜਕਣ ਵਾਙੂੰ ਕਿਹਾ’
ਇਕ ਮਿੰਟ ‘ਚ ਕੀ ਪਰਲੋ ਆ ਜਾਣੀ ਸੀ
‘ਬਸ ਨੇ ਹੁਣੇ ਖੜ੍ਹ ਜਾਣਾ ਸੀ”

ਉਹ ਹਸ ਪਿਆ

ਉਹਨੂੰ ਪਤਾ ਸੀ ਮੈਂ ਇਉਂ ਹੀ ਕਹਿਣਾ ਸੀ
ਮੈਨੂੰ ਪਤਾ ਸੀ ਉਹਨੇ ਇਉਂ ਹੀ ਹਸਣਾ ਸੀ

27. ਪਿਆਰ ਦੀ ਕਵਿਤਾ

ਭਾਵੇਂ ਮੇਰੀ ਜੀਭ ਠਾਕੀ ਤੇ
ਕਲਮ ਜਾਵੇ ਭੰਨੀ
ਉਂਗਲਾਂ ਜਾਣ ਤੋੜੀਆਂ
ਮੈਂ ਪਿਆਰ ਦੀ ਕਵਿਤਾ
ਲਿਖਦਾ ਰਹਾਂਗਾ

ਨਹੀਂ ਤਾਂ
ਭੁੱਲ ਜਾਣਗੇ ਬੱਚੇ
ਛਿਲਕਾਂ ਦੇ ਘੋੜੇ ਤੇ ਚੜ੍ਹਨਾ
ਕਾਗਦ ਦੀਆ ਬੇੜੀਆਂ ਤੇ
ਨਵੇਂ ਟਾਪੂ ਲੱਭਣੇ
ਆਥਣੇ ਘਰ ਆਏ ਬਾਪੂ
ਦੀਆਂ ਲੱਤਾਂ ਨੂੰ ਚੰਬੜਨਾ

ਸਹਿਮ ਜਾਣਗੀਆਂ ਕੁੜੀਆਂ
ਅੱਖਾਂ `ਚ ਕੱਜਲ ਬੁਲ੍ਹਾਂ ਤੇ
ਸੁਰਖੀ ਲਾਉਣ ਤੋਂ
ਪਿਆਰ ਦੇ ਖ਼ਤ ਲਿਖਣ ਤੋਂ

ਨਿਰਾਸ ਹੋ ਜਾਣਗੀਆਂ ਔਰਤਾਂ
ਪਿੱਠਾ ਤੇ ਕੋੜੇ ਸਹਿੰਦੀਆਂ
ਬਲਾਤਕਾਰਾਂ ਨਾਲ ਟੁੱਟੀਆਂ
ਅਗਾਂ ਚ ਬਲਦੀਆਂ

ਸੁੱਕ ਜਾਵੇਗਾ ਮਾਂਵਾਂ ਦੀਆਂ ਛਾਤੀਆਂ ਚੋਂ ਦੁੱਧ
ਚਿੰਤਾ ਕਰਦੀਆਂ ਦਾ ਖ਼ਬਰੇ ਬਚਿਆ ਦੇ
ਰੁੜ੍ਹਨ ਲਈ ਵਿਹੜਾ ਮਿਲਣਾ ਕਿ ਨਹੀਂ।

ਤੁਰ ਜਾਣਗੇ ਕਿਰਸਾਨ ਸਿਵਿਆਂ ਵਲ
ਜਿੰਨ੍ਹਾਂ ਬੀਜਣ ਲਈ ਰੱਖੇ ਦਾਣੇ
ਵੀ ਖਾ ਲਏ ਹਨ।

ਇਸ ਮਹਾਂ ਭਾਰਤ ਵਿਚ ਮੈ
ਉਚਰਦਾ ਰਹਾਂਗਾ ਪਿਆਰ ਦੀ ਗੀਤਾ
ਪਿਆਉਂਦਾ ਰਹਾਂਗਾ ਮਸ਼ਕ ਚੋਂ ਪਾਣੀ

28. ਉਡਣੇ ਸੱਪ ਦਾ ਡੰਗ

ਹਰ ਵਸਤ
ਉਡਣੇ ਸੱਪ ਵਾਙੂੰ ਮੇਰੇ ਮੱਥੇ
ਡੰਗ ਮਾਰਦੀ ਹੈ
ਮੈਂ ਹੋਰ ਜਿਉਂ ਉਠਦਾ ਹਾਂ

29. ਸੂਰਜਮੁਖੀ

ਸੂਰਜ ਛਿਪਿਆ
ਸੂਰਜਮੁਖੀ
ਰਿਹਾ ਖਿੜਿਆ

30. ਜੇ ਮੈਂ ਕਵੀ ਹੁੰਦਾ

ਜੇ ਮੈਂ ਕਵੀ ਹੁੰਦਾ
ਰੱਬ ਨਾਲ ਸ੍ਰਿਸ਼ਟੀ ਸਾਜਣ ਵਿਚ
ਹੱਥ ਵਟਾਉਂਦਾ
ਮਿੱਟੀ ਗੁੰਨ੍ਹਦਾ, ਸਬਦ ਪਥਦਾ
ਰੰਗ ਬਣਾ ਕੇ ਦਿੰਦਾ
ਤੇ ਜਦੋਂ ਉਹ ਥਕ ਜਾਂਦਾ
ਉਹਨੂੰ ਚਾਹ ਦਾ ਪਿਆਲਾ ਬਣਾ ਕੇ ਪੇਸ਼ ਕਰਦਾ

ਜੇ ਮੈਂ ਕਵੀ ਹੁੰਦਾ
ਉਸ ਲਈ ਸੁਪਨੇ ਸਾਜ ਸਾਜ ਧਰੀ ਜਾਂਦਾ
ਉਹਦੀਆਂ ਰਚੀਆਂ ਸੂਰਤਾਂ ਦੀ
ਸਿਫਤ ਕਰਦਾ
ਕਦੇ ਕਦੇ ਉਸਦੀ ਲਾਈ ਵਿੰਗ ਤੜਿੰਗੀ ਲੀਕ ਵੀ
ਸਹੀ ਕਰ ਦਿੰਦਾ
ਉਹਦੀ ਬਣਾਈ ਹਰ ਵਸਤ ਦੀ
ਕਵਿਤਾ ਕਰਦਾ
ਤੇ ਕੋਈ ਵੀ ਚੀਜ਼ ਗੁੰਗੀ ਨਾ ਰਹਿੰਦੀ

31. ਕਿਤਾਬੀ ਜਿਹਾ

ਤੂੰ ਜਦੋਂ ਬਹੁਤ ਸੱਚਾ ਜਿਹਾ ਹੋ ਜਾਨੈਂ
ਸ਼ੁੱਧ ਬੋਲਣ ਲਗ ਜਾਨੈਂ, ਫ਼ਿਕਰੇ ਘੜ ਘੜ ਕੇ
ਸਿਹਾਰੀਆਂ ਬਿਹਾਰੀਆਂ, ਵਿਰਾਮ ਚਿੰਨ੍ਹ ਲਾ ਕੇ
ਮੈਂ ਡਰ ਜਾਂਦੀ ਹਾਂ

ਓਦੋਂ ਮੇਰਾ ਜੀਅ ਕਰਦੈ
ਤੇਰੇ ਚਿਹਰੇ ਤੇ ਥੁਹੜੀ ਜਿਹੀ
ਮਿੱਟੀ ਮਲ ਦਿਆਂ
ਨਛੁਹ ਲੀੜਿਆਂ ਤੇ ਛਿੱਟੇ ਪਾ ਦਿਆਂ
ਤੇ ਤੈਨੂੰ ਕਿਤਾਬੀ ਜਿਹੇ ਨੂੰ
ਅਸਲੀ ਬਣਾ ਲਵਾਂ

32. ਵਿਚਾਰਾ ਰੱਬ

ਪਾਠ ਕਰਦੀ ਕਰਦੀ
ਮੈਂ ਤੇਰੇ ਨਾਲ ਗੱਲਾਂ ਕਰਨ
ਲਗ ਜਾਂਦੀ ਹਾਂ
ਤੇ ਪਤਾ ਨਹੀਂ ਲਗਦਾ
ਪਾਠ ਕਦੋਂ ਪੂਰਾ ਹੋ ਜਾਂਦੈ
ਤੂੰ ਰਬ ਨੂੰ ਪੁੱਛੀਂ
ਉਹ ਮੇਰਾ ਪਾਠ
ਮਨਜ਼ੂਰ ਕਰ ਲੈਂਦੈ?

ਮੈਂ ਦੱਸਿਆ
ਰਬ ਕਹਿੰਦੈ
ਸਾਰੇ ਉਹਦਾ ਪਾਠ ਈ ਕਰਦੇ ਐ
ਗਲ ਕੋਈ ਨਹੀਂ ਕਰਦਾ

‘ਵਿਚਾਰਾ’ ਤੇਰੇ ਮੂੰਹੋਂ ਨਿਕਲਿਆ।

33. ਮਾਂ ਦਾ ਭਾਸ਼ਾ ਵਿਗਿਆਨ

ਵਿਹੜਾ ਸੁੰਭਰਦੀ
ਖੇਤ ਰੋਟੀ ਲਜਾਂਦੀ
ਖੂਹੋਂ ਪਾਣੀ ਭਰਦੀ ਮਾਂ ਨੂੰ
ਅੱਖਰਾਂ ਵਾਲੇ ਕਾਗਦ ਦੀ
ਕੋਈ ਵੀ ਪਰਚੀ ਦਿਸਦੀ
ਚੱਕ ਕੇ ਮੱਥੇ ਨਾਲ ਲਾ ਲੈਂਦੀ
ਅੰਗਰੇਜ਼ੀ `ਚ ਛਪੇ
ਮੁੜ ਜਵਾਨ ਹੋਣ ਦੇ ਟੋਟਕੇ ਨੂੰ
ਮੱਥਾ ਟੇਕਦੀ ਵੇਖ ਮੈਂ ਪੁੱਛਿਆ
ਮਾਂ ਪਤੈ
ਇਹ ਅੱਖਰ ਕਿਸ ਬੋਲੀ ਦੇ ਐ?
“ਗੁਰਮੁਖੀ ਦੇ”।
ਤੇ ਏਨ੍ਹਾ ਵਿਚ ਕੀ ਲਿਖਿਐ?
“ਬਾਣੀ”।

34. ਓ…………ਥੋਂ ਤਕ

ਮੈ ਤੇਰੇ ਕੋਲੋਂ ਵਿਛੜਨ ਲਗਦਾ ਹਾਂ
ਤੂੰ ਬਾਂਹ ਚੱਕ ਕੇ ਕਹਿੰਦੀ ਹੈਂ
ਓ……………ਥੋਂ ਤਕ
ਮੇਰੇ ਨਾਲ ਹੋਰ ਚੱਲ

ਓਥੇ ਪਹੁੰਚਦੇ ਹਾਂ
ਤੇਰੀ ਬਾਂਹ ਉਠਦੀ ਹੈ
ਬਸ ਓ……………..ਥੋਂ ਤਕ ਹੋਰ

ਜਨਮ ਜਨਮ ਤੋਂ ਤੇਰੇ ਨਾਲ
ਤੁਰ ਰਿਹਾ ਹਾਂ
ਓ……………ਥੋਂ ਤਕ

35. ਊਂ ਈਂ

ਕਲ੍ਹ ਸੰਧਿਆ ਵੇਲੇ
ਸਰਵਰ ਕੰਢੇ
ਮਿਲਣ ਕਿਉਂ ਨਹੀਂ ਆਇਆ

ਮੈਨੂੰ ਕੀ ਪਤਾ ਸੀ
ਤੂੰ ਓਥੇ ਐਂ

ਤੂੰ ਊਂ ਈਂ ਆ ਜਾਂਦਾ
ਜਿਵੇਂ ਮੈਂ ਆਈ ਸੀ
ਊਂ ਈਂ

36. ਨ੍ਹੇਰੇ ਵਿਚ ਪੜ੍ਹਨ ਵਾਲੀ ਕਿਤਾਬ

ਉਹ ਚੁਪ ਚਾਪ
ਮੇਰੀ ਕੁਰਸੀ ਪਿੱਛੇ ਆ ਖੜ੍ਹੀ
ਤੇ ਮੇਰੇ ਮੋਢਿਆਂ ਤੇ ਹੱਥ ਰੱਖ ਦਿੱਤੇ

ਮੈਂ ਉਹਦੀਆਂ ਅੱਖਾਂ ਵਿਚ ਤੱਕਿਆ
ਹੱਥ ਚੁੰਮਿਆ
ਤੇ ਫੇਰ ਪੜ੍ਹਨ ਲਗ ਪਿਆ

ਥੁਹੜਾ ਚਿਰ ਉਹ ਖੜ੍ਹੀ ਰਹੀ
ਕਦੇ ਕਿਤਾਬ ਕਦੇ ਮੈਨੂੰ ਵੇਖਦੀ
ਫੇਰ ਦੋਹਾਂ ਹੱਥਾਂ ਨਾਲ
ਮੇਰਾ ਚਿਹਰਾ ਘੁੱਟ ਕੇ
ਗਲ ਵਿਚ ਬਾਹਾਂ ਪਾ ਦਿੱਤੀਆਂ
ਉਹਦੇ ਲੰਬੇ ਕੇਸਾਂ ਨੇ
ਮੇਰੀ ਝੋਲ ਭਰ ਦਿੱਤੀ

ਮੈਂ ਇਕ ਹੱਥ ਨਾਲ ਉਹਦਾ
ਚਿਹਰਾ ਪਲੋਸਣ ਲਗ ਪਿਆ
ਦੂਜੇ ਹੱਥ `ਚ ਕਿਤਾਬ ਫੜ੍ਹੀ
ਪੜ੍ਹਦਾ ਰਿਹਾ

ਉਹਨੇ ਬਿਜਲੀ ਦੇ ਲਾਟੂ ਵਲ ਵੇਖਿਆ
“ਜੇ ਦੀਵਾ ਹੁੰਦਾ
ਫੂਕ ਮਾਰ ਕੇ ਬੁਝਾ ਦਿੰਦੀ”

“ਕਿਉਂ?” ਮੈ ਪੁੱਛਿਆ

“ਮੇਰੇ ਪੜ੍ਹਾਕੂ ਅਨਪੜ੍ਹ ਨੂੰ
ਸਮਝ ਆ ਜਾਂਦੀ
ਚਾਨਣ `ਚ ਕਿਹੜੀ ਕਿਤਾਬ
ਪੜ੍ਹੀ ਦੀ ਐ
ਤੇ ਨ੍ਹੇਰੇ ਵਿਚ ਕਿਹੜੀ”

37. ਚੁੱਪ

ਚੁੱਪ ਹੋਣ ਤੋ ਪਹਿਲਾਂ
ਕਵੀ ਚੁੱਪ ਦੇ ਪੈਰਾਂ ਵਿਚ
ਝਾਂਜਰਾਂ ਪਾਉਂਦਾ ਹੈ

38. ਐਨੀ

ਕੀ ਦੁਨੀਆਂ ਸਚਮੁਚ ਈ
ਏਨੀ ਸੁਹਣੀ ਐ
ਜਾਂ ਮੈਨੂੰ ਈ ਲਗਦੀ ਐ?

ਕਿੰਨੀ ਸੁਹਣੀ ਲਗਦੀ ਐ ਤੈਨੂੰ

ਐਨੀ
ਉਸ ਨੇ ਬਾਂਹਾਂ ਫੈਲਾ ਕੇ ਕਿਹਾ

39. ਕੰਨ ਖਜੂਰਾ

ਕੰਨ ਖਜੂਰਾ
ਸੌ ਪੈਰਾਂ ਨਾਲ ਧਰਤੀ ਤੇ ਤੁਰਦਾ ਹੈ
ਸੌ ਕੰਨਾਂ ਨਾਲ ਧਰਤੀ ਨੂੰ ਸੁਣਦਾ ਹੈ
ਸੌ ਜੀਭਾਂ ਨਾਲ ਉਸ ਨਾਲ ਬੋਲਦਾ ਹੈ
ਉਹ ਤੁਰਨ ਲਈ
ਜਰਨੈਲੀ ਸੜਕਾਂ ਨਹੀਂ ਬਣਾਉਂਦਾ
ਜਿਥੋਂ ਦੀ ਲੰਘਦਾ ਹੈ
ਮਿੱਟੀ ਦਾ ਕਿਣਕਾ ਨਹੀਂ ਹਿਲਾਉਂਦਾ
ਘਾਹ ਦਾ ਪੱਤਾ ਨਹੀਂ ਦਰੜਦਾ
ਉਹ ਆਪਣੇ ਸੌ ਪੈਰਾਂ ਦਾ
ਭਾਰ ਵੀ ਆਪ ਹੀ ਚੁਕਦਾ ਹੈ
ਕੰਨ ਖਜੂਰਾ ਬੰਦੇ ਵਾਙੂੰ ਸੋਚਦਾ ਨਹੀਂ
ਉਸਦੇ ਸਿਰ ਅਤੇ ਪੈਰਾਂ ਵਿਚਕਾਰ
ਫ਼ਾਸਿਲਾ ਨਹੀਂ

40. ਸ਼ਾਮਲਾਟ

ਖਾਲੀ ਪੰਨਾ ਸ਼ਾਮਲਾਟ ਹੈ
ਏਥੇ ਮੇਰੀਆਂ ਲਿਖੀਆਂ ਅਣਲਿਖੀਆਂ
ਕਵਿਤਾਵਾਂ ਇਕ ਦੂਜੀ ਦਾ ਹਥ
ਪਕੜ ਕੇ ਟਹਿਲਦੀਆਂ ਨੇ
ਲਿਖੀਆਂ ਸ਼ਬਦਾਂ ਦੀ ਵਲਗਣ ਵਿਚ ਤੜੀਆਂ
ਬਾਹਰ ਆ ਕੇ ਸਾਹ ਲੈਂਦੀਆਂ
ਅਣਲਿਖੀਆਂ ਸ਼ਬਦਾਂ ਦੀਆਂ ਬਾਹਾਂ ਵਿਚ
ਲਿਪਟ ਜਾਣ ਦੇ ਸੁਪਨ ਵੇਂਹਦੀਆਂ।

41. ਪਾਣੀ

ਪਾਣੀ ਵਾਂਗ ਜਿਓਂ ਨੀ ਜਿੰਦੇ
ਪਾਣੀ ਵਾਂਗ ਵਿਹਾ
ਡਿੱਗਣ ਵੇਲੇ ਝਰਨਾ ਬਣਦਾ
ਤੁਰਨ ਵੇਲੇ ਦਰਿਆ

42. ਬਿਰਖ-1

ਇਕ ਰੁੱਤ ਪੱਤੇ ਦੇ ਜਾਂਦੀ ਹੈ
ਦੂਜੀ ਲੈ ਜਾਂਦੀ ਹੈ
ਬਿਰਖ ਕਿਸੇ ਰੁਤ ਦਾ ਹੱਥ ਨਹੀਂ ਫੜਦਾ

43. ਬਿਰਖ-2

ਕੋਈ ਬਿਰਖ ਦੀ
ਛਾਂ ਵਿਚ ਬੈਠਦਾ ਹੈ
ਕੋਈ ਛਾਂ ਉੱਤੇ
ਬਿਰਖ ਦੋਹਾਂ ਨੂੰ ਛਾਂ ਦਿੰਦਾ ਹੈ

44. ਬਿਰਖ-3

ਬਿਰਖ ਦੀ ਛਾਵੇਂ ਜੋ ਜੀਅ ਆਵੇ
ਰਾਜੀ ਜਾਵੇ

45. ਅਸੀਸ

ਧਰਤੀ
ਤੁਰਨ ਵਾਲੇ ਨੂੰ
ਹਰ ਪੈਰ ਤੇ ਅਸੀਸ ਦਿੰਦੀ ਹੈ

46. ਬਿਨਾਂ ਜਿਉਣੋਂ ਜਿਉਣਾ

ਅੱਖਾ ਵੇਖੀ ਜਾਂਦੀਆਂ ਹਨ
ਕੰਨ ਸੁਣੀਂ ਜਾਂਦੇ
ਪੈਰ ਤੁਰੀ ਜਾਂਦੇ
ਹੱਥ ਲਿਖੀ ਜਾਂਦੇ
ਬਿਨਾ ਜਿਉਣੋਂ ਜੀਵੀ ਜਾਂਦਾ ਹਾਂ

47. ਚਾਰ ਪਹਿਰ

ਟੁੱਟੀ ਮੰਜੀ ਵਾਣ ਪੁਰਾਣਾ
ਕਿਸ ਬਿਧ ਰਾਤ ਲੰਘਾਈਏ
ਪਹਿਲੇ ਪਹਿਰ `ਚ ਗੱਲਾਂ ਕਰੀਏ
ਦੂਜੇ ਪਹਿਰ `ਚ ਗਾਈਏ
ਤੀਜੇ ਪਹਿਰ `ਚ ਤਾਰੇ ਗਿਣੀਏ
ਚੌਥੇ ਸੂਰਜ ਧਿਆਈਏ
ਟੁੱਟੀ ਮੰਜੀ ਵਾਣ ਪੁਰਾਣਾ
ਚਕ ਕੇ ਪਾਸੇ ਧਰੀਏ
ਆਪਣਾ ਆਪ ਵਿਛਾ ਧਰਤੀ ਤੇ
ਬਾਂਹ ਸੱਜਣ ਦੀ ਫੜੀਏ

48. ਧੁੱਪ

ਧੁੱਪ ਚੜ੍ਹਦੀ ਕੰਧ ਤੇ ਹੌਲੀ ਹੌਲੀ
ਬੱਦਲ ਆਉਂਦੇ ਡਿਗ ਪੈਂਦੀ
ਚੁੰਨੀ ਝਾੜਦੀ ਫੇਰ ਚੜ੍ਹਨ ਲਗਦੀ

49. ਬਿੱਲੀ

ਘਰ ਦਾ ਬੂਹਾ ਖੋਲ੍ਹਣ ਹੀ ਲਗਦੀ ਹਾਂ
ਉਹ ਮਿਆਓਂ ਮਿਆਓਂ ਕਰਦੀ
ਛਾਲ ਮਾਰਦੀ ਹੈ
ਕੂਲੀ ਜੱਤ ਨਾਲ ਸਿਰ ਤੋਂ ਪੂਛ ਤੱਕ
ਮੇਰੀਆਂ ਲੱਤਾਂ ਨਾਲ ਘਸਰਦੀ ਹੈ
ਖੱਬੀ ਲੱਤ ਨੂੰ ਮੂਹਰਿਓਂ ਅਗਿਓਂ
ਦਬਦੀ ਪਲੋਸਦੀ ਹੈ
ਫੇਰ ਸੱਜੀ ਨੂੰ
ਨਾਲ ਨਾਲ ਬੋਲਦੀ ਰਹਿੰਦੀ ਹੈ
ਮੈਂ ਛੇਤੀ ਛੇਤੀ ਬੂਹਾ ਖੋਲ੍ਹਦੀ ਹਾਂ
ਗੁਆਂਢੀ ਆਪਣੀ ਬਿੱਲੀ ਨੂੰ
ਘੁਰਕ ਨਾ ਦੇਣ।
ਐਵੇਂ ਡਰੀ ਜਾਂਦੀ ਹਾਂ
ਕੀ ਪਤੈ ਗੁਆਂਢੀ ਚੰਗੇ ਭਲੇ ਹੋਣ
ਬਸ ਏਹੀ ਹੈ, ਵਰ੍ਹਿਆਂ ਤੋਂ
ਕਦੇ ਇਕ ਦੂਜੇ ਨੂੰ ਮਿਲੇ ਨਹੀਂ
ਬੋਲੇ ਨਹੀਂ
ਬੂਹਾ ਖੁਲ੍ਹਦਾ ਹੈ
ਮੈਂ ਅੰਦਰ ਜਾਂਦੀ ਹਾਂ
ਉਹ ਆਪਣੇ ਘਰ

50. ਕੁੱਤਾ

ਅਸੀਂ ਦੋਵੇਂ ਇੱਕੋ ਗਲੀ ਵਿਚ ਰਹਿੰਦੇ ਹਾਂ
ਮੈ ਇਕ ਘਰ ਵਿਚ
ਉਹ ਸਾਰੀ ਗਲੀ ਵਿਚ

ਮੈਂ ਨਵਾਂ ਨਵਾਂ ਆਇਆ ਹਾਂ
ਕਿਸੇ ਨੂੰ ਜਾਣਦਾ ਨਹੀਂ
ਮੈਂ ਘਰੋਂ ਨਿਕਲਦਾ ਹਾਂ ਉਹ ਪੂਛ ਹਿਲਾਉਂਦਾ ਆਉਂਦਾ ਹੈ
ਬੱਸ ਅੱਡੇ ਤਕ ਮੇਰੇ ਨਾਲ ਜਾਂਦਾ ਹੈ
ਆਥਣੇ ਬਸ ਤੋਂ ਉਤਰਦਾ ਹਾਂ
ਉਹ ਪੂਛ ਹਿਲਾਉਂਦਾ ਸਾਹਮਣੇ ਖੜ੍ਹਾ ਹੁੰਦਾ ਹੈ
ਘਰ ਤਕ ਮੇਰੇ ਨਾਲ ਆਉਂਦਾ ਹੈ

ਸੈਰ ਵੇਲੇ ਉਹ ਮੇਰੇ ਨਾਲ ਰਲ ਜਾਂਦਾ ਹੈ
ਵਿਥ ਤੇ ਤੁਰਦਾ ਹੈ
ਮੇਰੀ ਇਕੱਲ ‘ਚ ਖ਼ਲਲ ਨਹੀਂ ਪੈਂਦਾ
ਮੈਂ ਇਕੱਲਾ ਵੀ ਨਹੀਂ ਰਹਿੰਦਾ

ਘਰ ਉਸਰਦੇ ਢਹਿੰਦੇ ਰਹਿੰਦੇ ਨੇ
ਬਦਲਦੇ ਰਹਿੰਦੇ ਨੇ
ਘਰਾਂ ਵਾਲੇ ਘਰਾਂ ਵਿਚ ਰਹਿੰਦੇ ਨਹੀਂ
ਰਾਤ ਨੂੰ ਸੌਂਦੇ ਹੀ ਹਨ
ਦਿਨ ਦਫ਼ਤਰਾਂ ਵਿਚ ਕਟਦੇ ਹਨ
ਸਭ ਦੇ ਗਲ ਵਿਚ ਰੋਜ਼ੀ ਦਾ ਪਟਾ ਹੈ
ਕੱਲਾ ਕੁੱਤਾ ਖੁੱਲ੍ਹਾ ਹੈ

ਸਵੇਰ, ਤਿਪਹਿਰ
ਰਿਕਸ਼ਿਆਂ ਵਿਚ ਬੱਚੇ ਸਕੂਲ ਜਾਂਦੇ
ਹਸਦੇ, ਲੜਦੇ, ਚੀਕ ਚਿਹਾੜਾ ਪਾਉਂਦੇ ਹਨ
ਉਹ ਉਨ੍ਹਾਂ ਮਗਰ ਮਗਰ
ਪੂਛ ਹਿਲਾਉਂਦਾ ਦੌੜਦਾ ਹੈ
ਤੇ ਗਲੀ ਵਸਦੀ ਹੈ

51. ਵਿਥਿਆ-1

ਭਰੀ ਅੱਖ ਨਾਲ ਸੱਜਣ ਤੱਕਿਆ
ਕੰਬਦਾ ਕੰਬਦਾ ਦਿਸਿਆ
ਭਰੇ ਕੰਠ ਵਿਚ ਬੋਲ ਉਲਝ ਗਏ
ਰਹੀ ਅਧੂਰੀ ਵਿਥਿਆ

52. ਵਿਥਿਆ-2

ਨੈਣੀਂ ਅਟਕੇ ਅੱਥਰੂ
ਕੰਠ `ਚ ਅਟਕੇ ਬੋਲ
ਆਪੇ ਵਿਥਿਆ ਜਾਣ ਲੈ
ਦੋ ਪਲ ਬਹਿ ਕੇ ਕੋਲ

53. ਦੋ ਕਣੀਆਂ

ਦੋ ਕਣੀਆਂ ਸਵਾਂਤ ਬੂੰਦ ਦੀਆਂ
ਇਕ ਕਿਰੀ ਮਿੱਟੀ ਵਿਚ
ਗੁਆਚ ਗਈ

ਦੂਜੀ ਕਿਰੀ ਸਿੱਪੀ ਵਿਚ
ਮੋਤੀ ਬਣ ਗਈ

ਮਿਟੀ ਵਿਚ ਗੁਆਚੀ
ਫੁੱਲ ਬਣੀ ਖਿੜ ਉਠੀ
ਸਿੱਪੀ ਵਿਚਲੀ ਪੱਥਰ
ਬਣਕੇ ਬੰਦ ਹੋਈ

54. ਅਣਚੁੰਮੇ ਹੋਂਠ

ਅਣਚੁੰਮੇ ਹੋਠਾਂ `ਚੋਂ
ਨਿਕਲਣ ਵੇਲੇ ਸਬਦ
ਗਾਲ੍ਹਾਂ ਬਣ ਜਾਂਦੇ ਹਨ

55. ਪਾਣੀ ਵਿਚ ਮਾਰੀ ਕੀਹਨੇ ਛਾਲ

ਕਿਹੜੇ ਤਾਂ ਵੇਲੇ ਜੀ ਮੈ
ਪੱਤਣ ਤੇ ਆਣ ਲੱਥੀ
ਕਿਹੜੇ ਤਾਂ ਵੇਲੇ ਮਾਰੀ ਛਾਲ
ਲੀੜੇ ਲੱਤੇ ਜੀ ਅਸੀਂ
ਸੌਪ ਦਿਤੇ ਕੰਢਿਆਂ ਨੂੰ
ਦੇਹੀ ਤੋਂ ਲਾਹਿਆ ਜੂਠਾ ਮਾਲ
ਕੱਚਾ ਘੜਾ ਜੀ ਸਾਡਾ
ਸੁੱਚਾ ਸੁੱਚਾ ਹੋ ਗਿਆ
ਲੱਗਾ ਜਾਂ ਪਾਣੀਆਂ ਦੇ ਨਾਲ
ਨਦੀਆ ਦੇ ਅੰਗ ਲੱਗੀ
ਆਪ ਨਦੀ ਹੋ ਗਈ
ਕੰਢਿਆਂ ਦੀ ਮੁੱਕ ਗਈ ਭਾਲ
ਹੁਣ ਤਾਂ ਜੀ ਮੋਹ ਟੁੱਟਾ
ਪਾਰਲੇ ਤੇ ਪਹੁੰਚਣੇ ਦਾ
ਜਿੱਥੇ ਉਡੀਕੇ ਮਹੀਵਾਲ
ਕੱਖਾਂ ਦੀ ਕੁੱਲੀ ਵਿਚੋਂ
ਦੀਵੇ ਦੀ ਲਾਟ ਕੰਬੀ
ਪਾਣੀ ਵਿਚ ਮਾਰੀ ਕੀਹਨੇ ਛਾਲ

56. ਕਵੀ ਆਕਾਸ਼ ਪੀਂਦਾ ਹੈ

ਦੁਨੀਆਂ ਭਰੇ ਪਿਆਲੇ ਚੋਂ
ਚਾਹ ਪੀਂਦੀ ਹੈ
ਕਵੀ ਖਾ਼ਲੀ ਪਿਆਲੇ ਚੋਂ
ਆਕਾਸ ਦੀ ਘੁੱਟ ਭਰਦਾ ਹੈ
ਕਵੀ ਦਾ ਪਿਆਲਾ
ਕਦੇ ਖਾ਼ਲੀ ਨਹੀਂ ਹੁੰਦਾ
ਸੰਸਾਰੀ ਦਾ ਕਦੇ ਭਰਦਾ ਨਹੀਂ

57. ਪੈਰਾਂ ਨੂੰ ਮੱਥਾ ਟੇਕਣਾ

ਆਪਣੇ ਪੈਰਾਂ ਨੂੰ ਟੇਕ ਮੱਥਾ
ਇਹ ਤੈਨੂੰ ਧਰਤੀ ਨਾਲ ਜੋੜੀ ਰਖਦੇ ਹਨ
ਗੁਰੂ ਤਕ ਲੈ ਕੇ ਜਾਂਦੇ ਹਨ

ਆਪਣੇ ਪੈਰਾਂ ਨੂੰ ਟੇਕ ਮੱਥਾ
ਇਹ ਤੈਨੂੰ ਪਿਆਰੇ ਦੇ ਦਰ ਤੇ
ਲੈ ਕੇ ਜਾਂਦੇ ਹਨ

ਆਪਣੇ ਪੈਰਾਂ ਨੂੰ ਟੇਕ ਮੱਥਾ
ਇਹ ਤੈਨੂੰ ਖੜ੍ਹਾ ਕਰਦੇ ਹਨ
ਤੋਰਦੇ ਹਨ

58. ਬਾਜ਼ੀਗਰਨੀ

ਘੱਗਰੀ ਵਾਲੀ ਬਾਜ਼ੀਗਰਨੀ
ਆਲੇ਼ ਭੋਲੇ਼ ਵੇਚਣ ਆਈ
ਬਾਜ਼ੀ ਪਾ ਗਈ
ਘੁੱਗੂ ਅੰਦਰ ਫੂਕ ਮਾਰ ਕੇ
ਗੁੰਗੀ ਮਿੱਟੀ ਬੋਲਣ ਲਾ ਗਈ

ਬੂਹੇ ਬੂਹੇ ਹੋਕਾ ਦਿੰਦੀ
ਘੁੱਗੂ ਘੋੜੇ ਗੇਰੂ ਰੰਗ ਦੇ
ਨਿਆਣੇ ਢਿਲਕੀ ਕੱਛ ਸਾਂਭਦੇ
ਨੱਸੇ ਆਵਣ ਹੱਥ ਲਾਂਵਦੇ ਸੰਗਦੇ ਸੰਗਦੇ
ਜਿਵੇਂ ਪਲੋਸਣ ਨਵੇਂ ਕਤੂਰੇ
ਘੱਗਰੀ ਵਾਲੀ ਬਾਜ਼ੀਗਰਨੀ
ਕ੍ਰਿਸ਼ਮਾ ਕਰ ਗਈ
ਗੇਰੂ ਮਿੱਟੀ ਵਿੱਚ ਸਾਹ ਭਰ ਗਈ

ਉਸਦੀ ਘੱਗਰੀ ਵਿੱਚ ਸਿਉਂਤੀ
ਹਰ ਧਰਤੀ ਦੀ ਟਾਕੀ
ਵੰਨ ਸੁਵੰਨੀ, ਫਿੱਕੀ, ਗੂੜੀ
ਮੈਲੀ ਅਧਮੈਲੀ ਅਧਪਾਟੀ
ਕੁਝ ਰੰਗ ਹੱਸਣ, ਕੁਝ ਰੰਗ ਰੋਵਣ
ਕੁਝ ਰੰਗ ਚੁਪ ਚੁਪੀਤੇ ਬਾਕੀ
ਸਾਰੀਆਂ ਰੁੱਤਾਂ ਲੱਕ ਨਾਲ ਬੰਨ ਕੇ
ਜਾਂਦੀ ਜਾਂਦੀ ਰੰਗ ਖਿੰਡਾ ਗਈ
ਘੱਗਰੀ ਵਾਲੀ ਬਾਜ਼ੀਗਰਨੀ
ਬਾਜ਼ੀ ਪਾ ਗਈ

ਹਵਾ ਵਾਂਗਰਾਂ ਗਲੀਆਂ ਵਿੱਚ ਦੀ
ਕਿੱਥੋਂ ਆਈ ਕਿੱਧਰ ਤੁਰ ਗਈ
ਬੂਹੇ ਬੂਹੇ ਹੋਕਾ ਸੁਣਦਾ
ਨਿੱਕਾ ਜਿਹਾ ਇਕਤਾਰਾ ਵਜਦਾ
ਬਹੁਤੇ ਦੁੱਖ ‘ਚ ਜਿਵੇਂ ਕਿਸੇ ਦੀ
ਲੇਰ ਨਿਕਲ ਜੇ

ਉਹ ਇਸ ਪਿੰਡ ਦੀ ਕੀ ਲਗਦੀ ਹੈ?
ਨਾ ਇਹ ਪੇਕਾ ਨਾ ਇਹ ਸਹੁਰਾ
ਹਵਾ ਬਿਰਖ ਦੀ ਕੀ ਲਗਦੀ ਹੈ
ਯਾਦ ਦਾ ਹੁਣ ਨਾਲ ਕੀ ਰਿਸ਼ਤਾ ਹੈ
ਤੁਰ ਜਾਵਣ ਦਾ ਵੀ ਰਿਸ਼ਤਾ ਹੈ
ਵਿਛੜ ਜਾਣ ਦਾ ਵੀ ਰਿਸ਼ਤਾ ਹੈ

ਪਿੰਡ ਦੀਆਂ ਸੁੰਨੀਆਂ ਰੌੜਾਂ ਵਿੱਚੋਂ
ਗੱਡੀਆਂ ਦੇ ਪਹੀਆਂ ਦੀਆਂ ਲੀਹਾਂ
ਮਿਸ ਗਈਆਂ ਹਨ
ਉਸ ਦੇ ਇਕਤਾਰੇ ਦੀਆਂ ਹੇਕਾਂ
ਅਜੇ ਵੀ ਸੁਲਘਣ ਮਲਬੇ ਹੇਠਾਂ
ਕਿਹੋ ਜਿਹਾ ਰਾਗ ਵਜਾ ਗਈ
ਘੱਗਰੀ ਵਾਲੀ ਬਾਜ਼ੀਗਰਨੀ
ਬਾਜ਼ੀ ਪਾ ਗਈ

59. ਗੁਰੂ ਤੇ ਸ਼ਿਸ਼

ਗੁਰੂ ਸ਼ਿਸ਼ ਨੂੰ ਫ਼ਨਾਹ ਕਰਦਾ ਹੈ ਪਹਿਲਾਂ
ਫ਼ਿਰ ਆਪ ਉਸ ਵਿਚ ਫ਼ਨਾਹ ਹੋ ਜਾਂਦਾ
ਖੜ੍ਹਾ ਰਹਿੰਦਾ ਹੈ
ਜਿੰਨਾ ਚਿਰ ਸ਼ਿਸ਼ ਸੋ ਦਰ ਤਕ ਨਹੀਂ ਪਹੁੰਚਦਾ
ਤੇ ਕਹਿੰਦਾ
“ਗੁਰੂਵਰ ਜਾਓ, ਹੁਣ ਤੁਹਾਡੀ
ਲੋੜ ਨਹੀਂ ਰਹੀ”
ਗੁਰੂ ਸੰਪੂਰਣ ਹੁੰਦਾ
ਜਦੋਂ ਬੇਲੋੜਾ ਹੋ ਜਾਂਦਾ ਹੈ

ਗੁਰੂ ਰੱਬ ਨੂੰ ਚਿੱਥ ਕੇ
ਸ਼ਿਸ਼ ਦੇ ਮੂੰਹ `ਚ ਪਾਉਂਦਾ ਹੈ
ਜਿਵੇਂ ਘਾਹ ਸੂਰਜ ਨੂੰ ਚਿੱਥ ਕੇ
ਖਾਣ ਜੋਗ ਬਣਾਉਂਦਾ
ਜਿਵੇਂ ਕਵੀ
ਦੁਖ ਸੁਖ ਨੂੰ ਸ਼ਬਦਾਂ ਵਿਚ ਲਪੇਟ ਕੇ
ਸਹਿਣਜੋਗ ਕਰਦਾ

ਸ਼ਿਸ਼ ਗੁਰੂ ਦੇ ਚਰਨਾਂ ਤੇ
ਮਥਾ ਟੇਕਦਾ
ਗੁਰੂ ਆਪਣੇ ਚਰਨ ਉਹਨੂੰ ਬਖ਼ਸ਼ਦਾ
ਤੇ ਆਪ ਉਹਨਾਂ ਹੇਠ ਰਾਹ
ਬਣ ਕੇ ਵਿਛਦਾ

ਰੱਬ ਨੂੰ ਜਾਣ ਵਾਲਾ ਰਾਹ
ਗੁਰੂ ਵਿਚਦੀ ਲੰਘਦਾ
ਚਰਨਾਂ ਤੇ ਬੈਠਣ ਵਾਲਾ ਸ਼ਿਸ਼
ਗੁਰੂ ਤੇ ਪੈਰ ਧਰ ਧਰ
ਯਾਤਰਾ ਕਰਦਾ

60. ਤੁਰਦੇ ਰਹੀਏ

ਮੰਗਣ ਮੰਗੀਏ
ਏਹੋ ਮੰਗੀਏ
ਤੁਰਦੇ ਰਹੀਏ

ਪਿੱਛੋਂ ਹਾਕ ਪਏ ਜੇ ਕੋਈ
ਕੰਨਾਂ `ਚੋਂ ਧੂਹ ਦੇਈਏ
ਪਿੱਛੇ ਝਾਕੇ ਸ਼ਾਮਤ ਆਏ
ਪਿੱਛੇ ਮੂੰਹ ਨਾ ਕਰੀਏ
ਤੁਰਦੇ ਰਹੀਏ

ਕੱਲੇ ਪੈਰਾਂ ਨਾਲ ਨਾ ਤੁਰੀਏ
ਸਭ ਅੰਗਾਂ ਨਾਲ ਤੁਰੀਏ
ਸਿਰ ਤੁਰਨੋਂ ਜੇ ਨਾਬਰ ਹੋਵੇ
ਗੁਰ ਚਰਨਾਂ ਤੇ ਧਰੀਏ
ਚਰਨ ਗੁਰੂ ਦੇ ਲਈਏ
ਤੁਰਦੇ ਰਹੀਏ

ਧਰਤੀ ਪਿਆਰ ਦੀ ਚਿੱਠੀ
ਕਿੱਥੋਂ ਆਈ ਕੀਹਨੇ ਪਾਈ
ਜੋ ਤੁਰਦਾ ਸੋ ਪੜ੍ਹਦਾ
ਇਕ ਕਦਮ ਨਾਲ ਅੱਖਰ ਪਾਈਏ
ਦੂਜੇ ਨਾਲ ਉਠਾਈਏ
ਅੱਖਰ ਅੱਖਰ ਤੁਰੀਏ
ਜਿਵ ਜਿਵ ਲਿਖੀਏ ਤਿਵ ਤਿਵ ਪੜ੍ਹੀਏ
ਤੁਰਦੇ ਰਹੀਏ

ਤੁਰਦੇ ਤੁਰਦੇ ਰਾਹ ਭੁੱਲੀਏ
ਜਿੱਥੇ ਨਹੀਂ ਜਾਣਾ ਸੀ, ਜਾਈਏ
ਸੱਭੋ ਥਾਨ ਸੁਹਾਵੇ
ਹਰ ਥਾਂ ਹੋਂਣ ਦਾ ਕੀਰਤਨ ਹੁੰਦਾ
ਹਰ ਗਲੀ `ਚੋਂ ਪਿਆਰਾ ਲੰਘੇ
ਲੰਮੀ ਸੀਟੀ ਮਾਰ ਬੁਲਾਵੇ
ਸੀਟੀ ਅੰਦਰ ਲੁਕਿਆ
ਸੀਟੀ ਮਾਰਨ ਵਾਲਾ
ਲੰਮੀ ਸੀਟੀ ਬਹੁਤੀ ਲੰਮੀ
ਇਹਦਾ ਅੰਤ ਨਾ ਲਈਏ
ਤੁਰਦੇ ਰਹੀਏ

ਰਾਹ ਵਗਦੇ ਤੇ ਵਗਦੇ ਦਰਿਆ
ਧਰਤੀ ਨੂੰ ਨਹੀਂ ਓਦਰਨ ਦਿੰਦੇ
ਕਿਸੇ ਫੁਹਾਰੇ ਹੇਠ ਨਾ ਬਹੀਏ
ਠੰਢੀ ਖੂਹੀ ਕੋਲ ਨਾ ਖੜ੍ਹੀਏ
ਤੁਰਦੇ ਰਹੀਏ

ਜੋ ਮਿਲਦਾ ਸੰਜੋਗੀਂ ਮਿਲਦਾ
ਮਿਲਣ ਲਈ ਹੀ ਆਉਂਦਾ
ਸੰਗ ਸੰਗ ਵਿਚ ਚੁੱਪ ਨਾ ਰਹੀਏ
ਦੁਖ ਸੁਖ ਪੁੱਛੀਏ
ਜੀਅ ਆਏ ਨੂੰ ਕਹੀਏ
ਤਨ ਦੀ ਮੰਜੀ ਡਾਹ ਕੇ
ਕੋਸੇ ਪਾਣੀ ਪੈਰ ਧੁਆਈਏ
ਉਹ ਤੋਂ ਸੁਣਦੇ ਸੁਣਦੇ ਰਹੀਏ
ਆਪੂੰ ਕੁਛ ਨਾ ਕਹੀਏ
ਤੁਰਦੇ ਰਹੀਏ

(ਅਮਰਜੀਤ ਸਾਥੀ ਲਈ)

61. ਦੇਹੀ ਤਿੜਕ ਗਈ

ਡਰਦਾ ਬਾਹਰ ਜਾਣ ਤੋਂ
ਬੂਹਾ ਬੰਦ ਕਰਾਂ
ਦੇਹੀ ਦਰ ਨਾ ਖੋਲ੍ਹਦੀ
ਉਲਟਾ ਦੋਸ ਧਰਾਂ

ਦੇਹੀ ਫੜ ਫੜ ਰੱਖਦੀ
ਬਾਹਰ ਪੈਰ ਨਾ ਧਰ
ਇਕ ਵਾਰ ਜੇ ਨਿਕਲਿਆ
ਫੇਰ ਨਾ ਮਿਲਣਾ ਘਰ

ਦਰ ਦਰ ਅਲਖ ਜਗਾਉਂਦਿਆਂ
ਆਯੂ ਗਈ ਵਿਹਾ
ਭਿਖਸ਼ਾ ਪਈ ਤਾਂ ਦੇਹ ਦਾ
ਠੂਠਾ ਤਿੜਕ ਗਿਆ

62. ਦੇਹੀ ਮਾਂ

ਸੌਣ ਵਾਲਾ ਸੌਂ ਤਾਂ ਸਕਦੈ
ਜਦ ਜੀ ਚਾਹੇ ਜਾਗ ਨਹੀਂ ਸਕਦਾ
ਉਹਦੇ ਵਸ ਵਿਚ ਕੁਝ ਨਹੀਂ ਹੁੰਦਾ
ਉਹ ਹੁੰਦਾ ਹੀ ਨਹੀਂ ਹੈ
ਨੀਂਦ ਤੇ ਮਿਰਤੂ ਸਕੀਆਂ ਭੈਣਾਂ

ਸੁੱਤਾ ਕਦੇ ਨਾ ਜਾਗੇ ਜੇ ਨਾ ਹੋਏ ਜਗਾਉਣ ਵਾਲਾ
ਜੋ ਜਾਗੇ ਜਗਾਵੇ ਓਹੀ
ਬੁਝੇ ਦੀਵੇ ਤੋਂ ਕਦ ਕੋਈ ਦੀਵਾ ਜਗਦਾ

ਮੈਂ ਸੌਵਾਂ ਮੇਰੀ ਦੇਹ ਜਾਗਦੀ ਰਹਿੰਦੀ
ਆਉਂਦੇ ਜਾਂਦੇ ਸੁਪਨੇ ਤੇ ਸਾਹਾਂ ਲਈ
ਬੂਹਾ ਖੋਲ੍ਹ ਕੇ ਰਖਦੀ
ਦਿਲ ਨੂੰ ਸਦਾ ਧੜਕਦਾ ਰੱਖਦੀ
ਵੇਲੇ ਸਿਰ ਜਗਾ ਦਿੰਦੀ ਹੈ

ਮਾਂ ਦੀ ਗੋਦੀ ਡਰ ਨਹੀਂ ਲਗਦਾ
ਨਾ ਸੋਵਣ ਤੋਂ ਨਾ ਜਾਗਣ ਤੋਂ

63. ਕਵੀ ਦਾ ਕੰਮ

ਅਜ ਸੂਰਜ ਦਾ ਦਿਨ
ਸੂਰਜ ਦੇ ਲੇਖੇ ਹੀ ਲਾਉਣਾ
ਓਸ ਗਗਨ ਵਿਚ ਲਾਟੂ ਟੰਗਣਾ
ਜਿੱਥੇ ਜੁਗਾਂ ਜੁਗਾਂ ਤੋਂ
ਰਾਤ ਰਹੀ ਹੈ

ਅੰਬਰ ਅਗੇ ਅੰਬਰ
ਅੰਬਰ ਹੋਰ ਪਰ੍ਹੇ ਪਰ੍ਹੇ ਅੰਬਰ
ਸੂਰਜ ਹਰ ਅੰਬਰ ਨਹੀਂ ਚੜ੍ਹਦਾ
ਹਰ ਰਵੀਵਾਰ ਮੈਂ
ਕਿਸੇ ਅਨ੍ਹੇਰੇ ਅੰਬਰ
ਰਵੀ ਬਾਲਣਾ

ਕਵੀ ਨੂੰ ਏਹੋ ਕੰਮ ਸੋਭਦਾ
ਏਹੀ ਕੰਮ ਉਹ ਕਰਨਾ ਜਾਣੇ

64. ਕਵਿਤਾ ਤੇ ਖ਼ਬਰ

ਅਜ ਕਲ ਉਹੀ ਹੁੰਦਾ ਹੈ
ਜਿਸਦੀ ਖ਼ਬਰ ਬਣਦੀ ਹੈ

ਮੇਰੀ ਲਿਖੀ ਲਿਖਾਈ ਕਵਿਤਾ
ਅਣਲਿਖੀ ਹੋ ਜਾਂਦੀ ਹੈ

ਜਦੋਂ ਖ਼ਬਰ ਬਣਦੀ ਹੈ
ਅਣਜਨਮੀ ਹੀ ਮਰ ਜਾਂਦੀ ਹੈ

ਜਿਵੇਂ ਬਹੁਤ ਸਾਰੀਆਂ
ਕੁੜੀਆਂ ਮਰ ਜਾਂਦੀਆਂ ਹਨ

65. ਅੰਗ ਸੰਗ

ਅਜ ਮੈ ਤੇਰੇ ਨਾਲ ਹੀ ਰਹਿਣਾ
ਖੜ੍ਹੇਂ ਤਾਂ ਖੜ੍ਹਨਾ, ਜੇ ਬੈਠੇਂ
ਤਾਂ ਬਹਿਣਾ

ਜੋ ਬੋਲੇਂ ਉਹ ਸੁਣਨਾ
ਜੋ ਆਖੇਂ ਉਹ ਕਹਿਣਾ

ਚੜ੍ਹਦੇ ਦਿਨ ਵਿਚ ਚੜ੍ਹਨਾ
ਲਹਿੰਦੀ ਸੰਝ `ਚ ਲਹਿਣਾ

ਥਲ ਵਿਚ ਸੜਦਿਆਂ ਸੜਦਿਆਂ ਤੁਰਨਾ
ਜਲ ਵਿਚ ਖੁਰਦਿਆਂ ਖੁਰਦਿਆਂ ਵਹਿਣਾ

66. ਸੁਣ

ਉਹ ਆਉਂਦਿਆਂ ਸਾਰ ਬੋਲੀ
"ਜਿਉਣਾ ਆਪਣੇ ਆਪ ਵਿਚ ਏਡਾ ਅਚੰਭਾ ਹੈ
ਕਿ ਇਹ ਕਿਸੇ ਹੋਰ ਕੰਮ ਲਈ ਵਿਹਲ ਹੀ ਨਹੀਂ ਛਡਦਾ"

ਕਿਉਂ ਹੈ ਨਾ ਕਮਾਲ
ਕਹਿਕੇ ਉਹ ਤੁਰ ਗਈ
ਮੈਨੂੰ ਬੈਠੇ ਬੈਠੇ ਨੂੰ ਚਕ੍ਰਿਤ ਕਰ ਗਈ
ਉਹ ਇਉਂ ਹੀ ਕਰਦੀ ਹੈ
ਕੋਈ ਸੋਹਣੀ ਪੰਕਤੀ ਪੜ੍ਹੇ
ਧੁਨ ਸੁਣੇ
ਜਾਂ ਦ੍ਰਿਸ਼ ਵੇਖੇ
ਉਹ ਝੱਲੀ ਹੋ ਜਾਂਦੀ ਹੈ
ਤੇ ਜਿੰਨਾ ਚਿਰ ਦੱਸ ਨਹੀਂ ਲੈਂਦੀ
ਮੇਰੇ ਮਗਰ ਮਗਰ ਤੁਰੀ ਫਿਰਦੀ ਹੈ

ਉਹ ਪ੍ਰਵਾਹ ਨਹੀਂ ਕਰਦੀ
ਜੇ ਮੈਂ ਕਿਸੇ ਸੱਚ ਦੀ ਭਾਲ ਵਿਚ ਹਾਂ
ਕਵਿਤਾ ਦੀ ਕਲਪਣਾ ’ਚ ਹਾਂ
ਰੋਟੀ ਟੁਕ ਦੇ ਜੰਜਾਲ ’ਚ ਹਾਂ
ਚਾਣਚੱਕ ਉਸ ਅੰਦਰ
ਬਿਜਲੀ ਲਿਸ਼ਕਦੀ ਹੈ
ਤੇ ਉਹ ਮੇਰੇ ਉਤੇ ਡਿਗ ਪੈਂਦੀ ਹੈ
ਪਲਾਂ ਖਿਣਾਂ ਵਿਚ
ਮੇਰਾ ਘੁਰਨਾ ਫਾਕੜਾਂ ਕਰ
ਮੈਨੂੰ ਅਸਮਾਨ ਵਿਚ ਖੜ੍ਹਾ
ਕਰ ਦਿੰਦੀ ਹੈ

ਉਹ ਬਾਰੀ ’ਚ ਖੜ੍ਹੀ ਹਾਕ ਮਾਰਦੀ ਹੈ
ਭਜ ਕੇ ਆਈਂ
ਮੈਂ ਕੰਮ ਛਡ ਉਸ ਵੱਲ ਦੌੜਦਾ ਹਾਂ
ਕਹਿੰਦੀ ਹੁਣ ਤਾਂ ਉਡ ਗਿਆ
ਬਹੁਤ ਹੀ ਸੋਹਣਾ ਪੰਛੀ ਸੀ

ਉਹ ਨਿੱਕੀ ਨਿੱਕੀ ਗੱਲ ਤੇ ਬੱਚਿਆਂ ਵਾਂਗ ਹੱਸਦੀ ਹੈ
ਬਰਫ਼ ਤੇ ਤਿਲ੍ਹਕਦਾ ਕੁੱਤਾ ਵੇਖ ਕੇ
ਮੇਰੇ ਗ਼ਲਤ ਬੰਦ ਕੀਤੇ ਬਟਨ ਵੇਖ ਕੇ
ਸੁੱਤੇ ਪਏ ਦੇ ਢਿੱਡ ਤੇ ਭੜੂਕਾ ਲਾ ਕੇ
ਉਹ ਘੰਟਿਆਂ ਬੱਧੀ ਬੱਦਲਾਂ ਵਿਚ
ਬਣਦੇ ਹਾਥੀ ਘੋੜੇ ਵੈਖ ਸਕਦੀ ਹੈ
ਪੰਜੇ ਚੁੱਕੀ ਖੜ੍ਹੀ ਕਾਟੋ ਨੂੰ ਵੇਖ ਕੇ
ਹੈਰਾਨ ਹੋ ਸਕਦੀ ਹੈ

ਕਵਿਤਾ ਪੜ੍ਹਦੀ ਪੜ੍ਹਦੀ
ਉਹ ਹਵਾ ਦੇ ਬੁੱਲੇ ਵਾਂਗ
ਮੇਰੇ ਕੋਲ ਆਉਂਦੀ ਹੈ
ਤੇ ਮੇਰੇ ਵਿਚ ਸੱਜਰੇ ਸਾਹ
ਭਰ ਜਾਂਦੀ ਹੈ
ਮੇਰੀ ਝੋਲੀ ਵਿਚ ਕਿਸੇ
ਸ਼ਬਦ ਦਾ ਫੁੱਲ ਧਰ ਜਾਂਦੀ ਹੈ
ਕਿਸੇ ਵਾਕ ਦੀ ਧੂਫ
ਜਗਾ ਜਾਂਦੀ ਹੈ
ਐੱਮਿਲੀ ਡਿਕਨਸਨ ਨੂੰ ਕੋਲ ਛਡ ਜਾਂਦੀ ਹੈ
ਜੋ ਕਹਿੰਦੀ ਹੈ
ਜਿਉਣਾ ਕਿੰਨਾ ਅਦਭੁਤ ਹੈ
ਕਿੰਨਾ ਅਦਭੁਤ !

67. ਭਰਿਆ ਖਾਲੀ ਪਿਆਲਾ

ਮੇਰੇ ਨਾਲ ਇਉਂ ਕਿਓਂ ਹੁੰਦਾ ਹੈ

ਖਾਲੀ ਹੋਣ ਤੇ ਸੁਰਤ ਆਉਂਦੀ ਹੈ
ਮਿਲਿਆ ਸੀ ਮੈਨੂੰ ਚਾਹ ਦਾ ਪਿਆਲਾ
ਭਰਿਆ ਭਰਿਆ ਡੁੱਲ੍ਹਦਾ ਡੁੱਲ੍ਹਦਾ
ਪਰ ਪੀਤਾ ਮੈਂ ਅਣਪੀਤਿਆਂ ਵਾਙੂੰ

ਪਰਣ ਕਰਾਂ ਮੈਂ
ਅਗਲਾ ਪਿਆਲਾ ਜੇ ਮਿਲਿਆ ਤਾਂ
ਘੁਟ ਘੁਟ ਵਿੱਚੋਂ ਤਿੱਪ ਤਿੱਪ ਚੋਂ
ਸੁਆਦ ਲਵਾਂਗਾ

ਅਗਲੀ ਵਾਰ ਵੀ ਓਵੇਂ ਹੁੰਦਾ

ਸ਼ਾਇਦ ਮੇਰੇ ਹੱਥ ਸੁੱਤੇ ਹਨ
ਪਿਆਲਾ ਭਰਿਆ ਵੀ ਖਾਲੀ ਹੀ ਰਹਿੰਦੈ

68. ਜਨੀਨ ਪਿੰਡ ਦੀ ਮਾਂ

ਇਜ਼ਰਾਈਲੀ ਟੈਂਕ ਨਾਲ
ਢੱਠੇ ਘਰ ਦੇ ਢੇਰ ਉਤੇ
ਮਾਂ ਖੜ੍ਹੀ
ਬੱਚੇ ਦਾ ਖਿਡਾਉਣਾ ਫੜੀ
ਆਕਾਸ਼ ਵਿਚ ਬਾਂਹ ਚੁਕਦੀ ਬੋਲਦੀ
ਇਸ ਭਰੀ ਦੁਨੀਆਂ ਵਿਚ
ਕਿਸੇ ਨੂੰ ਨਹੀਂ ਦੀਹਦਾ
ਸਾਡੇ ਨਾਲ ਕੀ ਹੋ ਰਿਹਾ ਹੈ?
ਮੈਂ ਤੁਰਤ ਅੱਖਾਂ ਮੀਚ ਲੈਂਦਾ ਹਾਂ
ਕਹਿੰਦਾ ਹਾਂ
ਮੈਂ ਉਹਨੂੰ ਨਹੀਂ ਵੇਖਿਆ
ਫਿਰ ਕਹਿੰਦਾ ਹਾਂ
ਜੋ ਵੇਖਿਆ ਹੈ, ਨਹੀਂ ਵੇਖਿਆ।
ਅੰਦਰ ਦੀ ਕਚਹਿਰੀ ਵਿਚੋਂ
ਹਾਕ ਵਜਦੀ ਹੈ
ਮੈਂ ਧਰਮ ਪੁਸਤਕ ਤੇ ਹੱਥ ਧਰ ਕੇ
ਕਹਿੰਦਾ ਹਾਂ
ਮੈਂ ਮਲਬੇ ਦੇ ਢੇਰ ਤੇ ਖੜ੍ਹੀ
ਫਿੱਸੀ ਗੇਂਦ ਪਲੋਸਦੀ
ਬਾਂਹ ਚੁਕ ਕੇ ਬੋਲਦੀ
ਜਨੀਨ ਪਿੰਡ ਦੀ ਮਾਂ ਨੂੰ
ਨਹੀਂ ਵੇਖਿਆ
ਮੈਂ ਆਪਣੇ ਰਬ ਨੂੰ ਹਾਜ਼ਰ ਨਾਜ਼ਰ ਸਮਝ ਕੇ
ਕਹਿੰਦਾ ਹਾਂ
ਮੈਂ ਉਸ ਦਿਨ ਜੋ ਵੇਖਿਆ ਸੀ
ਉਹ ਨਹੀਂ ਵੇਖਿਆ ਸੀ

69. ਜਗਦੇ ਜਗਦੇ ਜਿਉਣਾ

ਜੁਗਨੂੰ ਜਦ ਵੀ ਦਿਖਦੈ
ਜਗਦਾ ਦਿਸਦੈ

ਹੁਣ ਏਥੇ, ਹੁਣ ਓਥੇ
ਅੰਧਕਾਰ ਵਿਚ ਛਾਲ ਮਾਰਦੈ
ਖੰਭਾਂ ਤੇ ਸੂਰਜ ਚੁਕ ਲਿਆਉਂਦੈ

ਜੁਗਨੂੰ ਜਗਦੈ
ਮਿਰਤੂ ਨੂੰ ਵੀ ਜਗਮਗ ਕਰਦੈ

70. ਖਿਮਾ ਕਰਨਾ

ਅਸਮਾਨ
ਕਿੰਨਾ ਕੁ ਚਿਰ ਸਾਂਭੀ ਜਾਵੇਗਾ ਸਾਡਾ ਸ਼ੋਰ ਸ਼ਰਾਬਾ
ਸੀਮਾ ਹੈ ਇਹਦੀ ਵੀ ਕੋਈ

ਇਕ ਦਿਨ ਇਹਦੇ ਕੰਨਪਾਟ ਜਾਣੇ ਹਨ
ਤੇ ਡੁੱਲ੍ ਜਾਣਾ ਹੈ ਸਾਰਾ ਰੌਲਾ
ਓਦੋਂ ਅਸੀਂ ਬੋਲੇ ਹੋ ਜਾਵਾਂਗੇ ਤੇ ਕੰਵਲੇ ਵੀ

ਸਾਡਾ ਹਰ ਸ਼ਬਦ
ਸਾਡੇ ਕੋਲ ਹੀ ਪਰਤ ਆਉਣਾ ਹੈ
ਤੇ ਜਿਹੜੇ ਤੀਰ ਅਸੀਂ ਨਿਤ ਚਲਾਉਂਦੇ ਹਾਂ
ਜਦੋਂ ਪਰਤੇ ਉਹਨਾਂ ਨੁੰ ਸਾਂਭਣ ਜੋਗੀ
ਸਾਡੀ ਛਾਤੀ ਨਹੀਂ ਹੋਣੀ

ਵਾਹ ਲੱਗੇ ਮੈਂ
ਮਾੜੀ ਗਲ ਕਰਨੋਂ ਸੰਕੋਚ ਕਰਦਾ ਹਾਂ
ਅਜ ਰਿਹਾ ਨਹੀਂ ਗਇਆ
ਖਿਮਾ ਕਰਨਾ

71. ਹੁਣੇ ਹੁਣ ਵੇਲ਼ਾ

ਹੁਣੇ ਹੁਣ ਵੇਲ਼ਾ
ਜਿਉਣ ਦਾ ਵੇਲਾ
ਮਰਨ ਪਿੱਛੋਂ ਤਾਂ
ਮਰਿਆ ਵੀ ਨਹੀਂ ਜਾਣਾ

72. ਦੇਹੀ

ਉਹ ਹਸਦੀ ਹਸਦੀ
ਦੇਹੀ `ਚੋਂ ਬਾਹਰ ਨਿਕਲ ਜਾਂਦੀ ਹੈ
ਜਿਵੇਂ ਕਪਾਹ ਖਿੜਦੀ ਖਿੜਦੀ ਟੀਂਡੇ `ਚੋਂ

73. ਹਰੀ ਅੱਗ

ਘਾਹ ਪਹਿਲਾਂ ਸੂਰਜ ਤੇ ਉਗਦੈ
ਪਿੱਛੋਂ ਧਰਤੀ ਉਤੇ
ਸੂਰਜ ਦੀ ਅੱਗ ਹਰੀਆਂ
ਪੱਤੀਆਂ ਵਿਚ ਪੁੰਗਰਦੀ
ਹਵਾ ਚ ਹਿਲਦੀ ਵੱਡੀ ਹੁੰਦੀ

ਹਰੀ ਹੁੰਦੀ ਹੈ ਛੁਹ ਸ਼ਬਦ ਦੀ
ਲਾਟਾਂ ਛਡਦੇ ਥੰਮ ਤੇ ਕੀੜੀ ਤੁਰ ਪੈਂਦੀ ਹੈ
ਹਰਣਾਖਸ਼ ਦਾ ਪੁੱਤ
ਅੱਗ ਨੂੰ ਜੱਫੀ ਪਾ ਲੈਂਦਾ ਹੈ

74. ਅਧੂਰਾ ਰੱਬ

ਖਿੜਦੇ ਪੁਸ਼ਪ `ਚ ਖਿੜਦਾ
ਵਗਦੀ ਨਦੀ `ਚ ਵਗਦਾ
ਅਣੂ `ਚ ਸਿਮਟਾਂ ਅੰਬਰ ਪਸਰਾਂ
ਜੋ ਵੀ ਹੋਵੇਉਸ ਵਿਚ ਹੋਵਾਂ

ਆਦਿ ਜੁਗਾਦੋਂ
ਤੂੰ ਮੈਨੂੰ ਸਿਰਜਣ ਵਿਚ ਲੱਗਾ
ਮੈ ਤੇਰਾ ਰੱਬ ਹਾਂ
ਕਦੇ ਵੀ ਪੂਰਾ ਨਹੀਂ ਹੋਵਾਂਗਾ
ਸਮੇਂ ਤੋ ਪਹਿਲਾਂ ਵੀ ਹਾਂ ਤੇ ਪਿੱਛੋਂ ਵੀ
ਕੇਵਲ ਹਾਂ
ਨਾ ਪਹਿਲਾਂ ਨਾ ਪਿੱਛੋਂ

75. ਆਓ ਚੋਰੋ

ਆਓ ਚੋਰੋ
ਮੇਰੇ ਘਰ ਨੂੰ ਭੰਨੋਂ
ਸੱਬਲਾਂ ਨਾਲ ਸੰਨ੍ਹ ਲਾਓ
ਰਾਤ ਬਰਾਤੇ ਆਉਣ ਦੀ ਲੋੜ ਨਹੀਂ ਹੈ
ਮੈ ਹਰ ਵੇਲੇ ਸੁੱਤਾ ਹੁੰਦਾਂ
ਲੁੱਟ ਲਵੋ ਘਰ ਮੇਰਾ
ਕਰੋ ਮਲੰਗ ਮੈਨੂੰ ਵੀ
ਘਰ ਨੇ ਮੈਨੂੰ ਲੂਲਾ ਲੰਗੜਾ ਕੀਤਾ
ਨ੍ਹੇਰੇ ਦੇ ਵਿਚ ਨ੍ਹੇਰਾ
ਅੱਖਾਂ ਚਾਨਣ ਨਹੀ ਜਰਦੀਆਂ
ਕੰਧਾਂ ਪੱਕੀਆਂ ਲੋਹੇ ਵਰਗੀਆਂ
ਨਾ ਚਾਨਣ ਨਾ ਹਵਾ ਦਾ ਬੁੱਲਾ ਲੰਘਦਾ
ਹਰ ਜਨਮ ਵਿਚ ਕੰਧਾਂ ਹੋਰ ਪੱਕੀਆਂ ਹੋਵਣ

ਮੈਨੂੰ ਤੁਹਾਡੀ ਪੈੜਚਾਲ ਸੁਣਦੀ ਹੈ
ਇਕ ਦੂਜੇ ਨਾਲ ਕੰਨਾਂ ਦੇ ਵਿਚ ਕਰੋ ਸਲਾਹਾਂ
ਕਿਹੜੀ ਕੰਧ ਚੋਂ ਪਾੜ ਲਾਵਣਾ ਸੌਖਾ
ਫਿਕਰ ਕਰੋ ਨਾ
ਪਹਿਲੀ ਸੱਬਲ ਗੁਰੂ ਨੂੰ
ਚੇਤੇ ਕਰ ਕੇ ਮਾਰੋ
ਮੈਂ ਤਾਂ ਘੂਕ ਸੁੱਤਾ ਪਿਆ ਹਾਂ
‘ਚੋਰ ਚੋਰ‘ ਦਾ ਰੌਲਾ ਕਿਸੇ ਨਹੀਂ ਪਾਉਣਾ

76. ਮੁੜ ਕੇ ਕਦ ਆਵੇਂਗੀ

ਜਾਣ ਲੱਗੀ ਜਵਾਨੀ ਨੂੰ ਮੈਂ ਪੁੱਛਿਆ
ਮੁੜ ਕੇ ਕਦ ਆਵੇਂਗੀ
ਕਹਿੰਦੀ
ਬੁਢਾਪੇ ਤੋ ਪੁੱਛ ਲੈ
ਜਦੋਂ ਚਲਾ ਜਾਵੇਗਾ
ਆ ਜਾਵਾਂਗੀ
ਮੈਂ ਬੁਢਾਪੇ ਨਾਲ ਗੱਲ ਕਰਨ ਲੱਗਾ
ਉਹ ਕੰਨਾਂ ਤੇ ਉਂਗਲ ਧਰ ਕੇ ਕਹਿੰਦਾ
“ਮੈਨੂੰ ਸੁਣਨੋਂ ਹਟ ਗਿਆ ਹੈ”

77. ਬਿਰਖ ਤੇ ਕਵੀ

ਬਿਰਖ ਪੌਣ `ਚੋਂ
ਜ਼ਹਿਰ ਚੂਸਦੇ ਹਨ
ਕਵੀ ਸ਼ਬਦਾਂ `ਚੋਂ ਕਸੈਲ
ਦੋਹਾਂ ਬਾਝੋਂ
ਅਸੀ ਜਿਉਂ ਨਹੀਂ ਸਕਦੇ

78. ਸ਼ਬਦਾਂ ਦੇ ਦੀਪਕ

ਲੱਖਾਂ ਚੰਦ ਉਗ ਪੈਣ
ਹਜ਼ਾਰ ਸੂਰਜ ਉਦੇ ਹੋ ਜਾਣ
ਮੈਨੂੰ ਉਨਾ ਚਿਰ ਚੀਜ਼ਾਂ
ਨਹੀਂ ਦਿਸਦੀਆਂ
ਜਿੰਨਾ ਚਿਰ ਸ਼ਬਦ ਦਾ
ਦੀਪਕ ਨਹੀਂ ਬਲਦਾ

ਮੈਨੂੰ ਦੀਵੇ ਜਗਾਉਣ ਦਾ
ਕੰਮ ਮਿਲਿਆ ਹੈ
ਜਿਸ ਦਿਨ ਦੀਵੇ ਨਹੀਂ ਜਗਦੇ
ਮੈਂ ਅੰਨ੍ਹਾਂ ਹੋ ਜਾਂਦਾ ਹਾਂ

79. ਜਿਉਣਾ

“ਗਈ ਸੀ ਮੈਂ ਗੰਗਾ
ਚੜਾ ਲਿਆਈ ਵੰਗਾਂ”

ਸ਼ਿਵ ਜੀ ਨੇ ਕਿਹਾ ਸੀ
ਜਿੰਨਾ ਚਿਰ ਉਮਰ
ਵੰਗ ਵਾਂਗ ਰਹਿੰਦੀ ਛਣਕਦੀ
ਮੈਲ ਨਹੀਂ ਲਗਦੀ

ਗੰਗਾ ਦੀ ਵੰਗ ਤੇਰੀ
ਵੀਣੀ ਵਿਚ ਵਗਦੀ

80. ਲਾਲ ਸਿੰਘ ਦਿਲ ਨੂੰ

ਇਉਂ ਨਹੀਂ ਮਰਨਾ ਸੀ ਤੂੰ
ਕੋਈ ਤਾਂ ਚਮਤਕਾਰ ਕਰਦਾ
ਨਾ ਫੁੱਲ ਬਣਿਆ ਨਾ ਤਾਰਾ
ਨਾ ਹਿੱਕ `ਚ ਗੋਲੀ ਖਾਧੀ
ਨਾ ਮੱਥੇ ਤੇ ਬੰਨ੍ਹੇ ਸਿਹਰੇ
ਅੰਤ ਵੇਲੇ ਤੇਰੇ ਹੱਥੋਂ
ਕਲਮ ਹੀ ਡਿੱਗ ਪੈਂਦੀ
ਕਵਿਤਾ ਅਧੂਰੀ ਰਹਿ ਜਾਂਦੀ
ਸ਼ਰਧਾਂਜਲੀਕਾਰਾਂ ਦੇ ਕਹਿਣ
ਲਈ ਕੁਝ ਤਾਂ ਬਚ ਜਾਂਦਾ
ਮਿਰਤੂ ਫ਼ਰੋਸ਼ ਜਾਣਦੇ ਹਨ
ਜਿਸ ਭਾ ਸ਼ਿਵ ਪਾਸ ਤੇ ਭਗਤ
ਦੀ ਮਿਰਤੂ ਵਿਕਦੀ ਹੈ
ਤੇਰੀ ਨਹੀਂ ਵਿਕਣੀ
ਉਹ ਮੰਡੀ ਦੇ ਸਭ ਗੁਰ ਜਾਣਦੇ ਹਨ
ਤੇਰੀ ਮੌਤ ਉਤੇ
ਤੇਰੀ ਕੰਗਾਲੀ ਤੇ ਜਾਤ ਦੇ
ਚਾਂਦੀ ਦੇ ਵਰਕ ਚਾੜ੍ਹ ਦੇਣਗੇ

81. ਲਾਲ ਸਿੰਘ ਦਿਲ ਨੂੰ ਵਿਦਾ ਕਰਨ ਵੇਲੇ

ਪਿਆਰੇ
ਤੇਰਾ ਨਾਂ ਮੈਲਾ ਨਹੀਂ ਹੋਣ ਦਿਆਂਗਾ
ਟ੍ਰਸਟ ਨਹੀਂ ਖੋਲ੍ਹਾਂਗਾ
ਨਾਂ ਹੀ ਛਾਪਾਂਗਾ
ਸਿਮਰਤੀ ਗ੍ਰੰਥ
ਸ਼ੋਕ ਸਭਾ ਤੇ
ਭਾਸ਼ਣ ਨਹੀਂ ਕਰਾਂਗਾ ਫਿਕਰੇ ਘੜ ਘੜ

ਸੰਧਿਆ ਹੋ ਗਈ ਹੈ
ਸੂਰਜ ਨੇ ਰੰਗਾਂ ਦੀ ਲੁੱਟ ਪਾ ਦਿੱਤੀ ਹੈ
ਬਿਰਖ ਥੱਲੇ ਖੜ
ਪੰਛੀਆਂ ਦੀਆਂ ਆਵਾਜ਼ਾਂ ਵਿਚ
ਧਰਤੀ ਨਾਲ ਲੱਗ ਰਹੇ ਸੂਰਜ
ਨੂੰ ਹੱਥ ਹਿਲਾਵਾਂਗਾ

ਉਦਾਸ ਨਹੀਂ ਹੋਵਾਂਗਾ
ਕਵਿਤਾ ਲਿਖ ਕੇ
ਜਸ਼ਨ ਮਨਾਵਾਂਗਾ
ਇਕ ਗੱਲ ਦੱਸਣੀ ਨਾ ਭੁੱਲ ਜਾਵਾਂ
ਕਵਿਤਾ ਲਿਖਣ ਵੇਲੇ
ਕਦੇ ਕਦੇ
ਮੇਰੀ ਅੱਖ ਸਿੱਲ੍ਹੀ ਹੋ ਜਾਂਦੀ ਹੈ

82. ਸਾਹ ਕਦੋਂ ਆਉਂਦਾ ਹੈ

ਤੂੰ ਆਖਦੈਂ
ਪਿਆਰ ਵਿਚ ਸਾਹ ਵੀ ਲੈ
ਲੈਣਾ ਚਾਹੀਦਾ ਹੈ
ਪਰ ਮੈਨੂੰ ਤਾਂ ਸਾਹ ਆਉਂਦੈ ਹੀ ਓਦੋਂ ਹੈ
ਜਦੋਂ ਤੂੰ ਪਿਆਰ ਕਰਦੈਂ

83. ਰੁੱਤ ਰੁੱਤ ਦਾ ਮੇਵਾ

ਹਰ ਵੇਲੇ ਦਾ
ਆਪਣਾ ਸੱਚ ਹੁੰਦੈ
ਹਰ ਸੱਚ ਦਾ ਹੁੰਦੈ ਵੇਲਾ

ਲੰਘੇ ਵੇਲਾ
ਸੱਚ ਹੋ ਜਾਏ ਬੇਹਾ
ਬੇਹੇ ਸੱਚ ਦਾ
ਕੋਈ ਨਾ ਵੇਲਾ

ਰੁੱਤ ਰੁੱਤ ਦਾ ਮੇਵਾ
ਹੁਣੇ ਹੁਣ ਵੇਲਾ, ਭਾਅ ਸਵੱਲਾ
ਹੋਕਾ ਦੇਵੇ ਰੇੜ੍ਹੀ ਵਾਲਾ

84. ਮੈਨੂੰ ਕੋਈ ਹੋਰ ਜਿਉਂ ਗਿਆ

ਜਾਗ ਆਈ ਤਾਂ
ਥਾਂ ਥਾਂ ਉਤੋਂ
ਕਾਇਆ ਛਿੱਦੀ ਹੋ ਚੁਕੀ ਸੀ
ਭੁਰ ਭੁਰ ਜਾਂਦੀ
ਟਾਕੀ ਵੀ ਨਾ ਲਗਦੀ

ਮਿਲਣੀ ਵੀ ਸੀ ਨਹੀਂ ਨਾਲ ਦੀ ਟਾਕੀ
ਆਦਿ ਜੁਲਾਹਾ ਦੇਹ ਜਿੰਨਾ ਹੀ ਕਪੜਾ ਉਣਦਾ

ਜਾਗ ਆਈ ਤਾਂ
ਹੱਥਾਂ ਦੇ ਵਿਚ
ਹੰਢੀ ਬੋਦੀ ਦੇਹ ਪਈ ਸੀ

ਚੰਗਾ ਸੀ ਜੇ ਅੱਖ ਨਾ ਖੁਲ੍ਹਦੀ
ਪਤਾ ਨਾ ਚਲਦਾ
ਮੈਨੂੰ ਕੋਈ ਹੋਰ ਪਹਿਨ ਗਿਆ
ਮੈਨੂੰ ਕੋਈ ਹੋਰ ਜਿਉਂ ਗਿਆ

85. ਛੁੱਟੀ

ਕਲ ਮੈਂ
ਸਭ ਕਾਸੇ ਤੋਂ ਛੁੱਟੀ ਕੀਤੀ
ਨਾਲੇ ਸੂਰਜ ਸਮਾਂ ਹਵਾ ਨੂੰ
ਛੁੱਟੀ ਦਿੱਤੀ

ਕਿਹਾ ਰੱਬ ਨੂੰ
ਸਿ੍ਸ਼ਟੀ ਦੀ ਪੰਡ ਲਾਹ ਕੇ
ਘੜੀਆਂ ਦੋ ਘੜੀਆਂ ਸਸਤਾਅ ਲੈ
ਚਿੰਤਾ ਨਾ ਕਰ
ਤੇਰੇ ਬਿਨ ਵੀ ਦੁਨੀਆਂ
ਚਲਦੀ ਰਹਿਣੀ
ਮਾਂ ਦਾ ਥਣ ਛਡ ਕੇ ਵੀ
ਜਾਤਕ ਜਿਉਂਦਾ ਰਹਿੰਦਾ

ਕਲ ਮੈ
ਸਭ ਕਾਸੇ ਤੋਂ ਛੁੱਟੀ ਕੀਤੀ
ਕਲ ਮੈਂ ਕਵਿਤਾ ਨਹੀਂ ਲਿਖੀ ਸੀ

86. ਲੁਕਣਮੀਚੀ

ਓਨਾ ਕੁ ਜੀਵਿਆਂ ਹਾਂ
ਜਿੰਨਾ ਮੈਨੂੰ ਯਾਦ ਹੈ
ਜੇ ਮੈਂ ਸਭ ਕੁਝ ਭੁੱਲ ਜਾਵਾਂ
ਅਣਜੀਵਿਆ ਹੋ ਜਾਵਾਂਗਾ
ਜਿੰਨਾ ਕੁ ਭੁੱਲਦਾ ਹਾਂ
ਓਨਾ ਕੁ ਮਰ ਜਾਂਦਾ ਹਾਂ
ਭੁੱਲੀ ਗੱਲ ਚੇਤੇ ਆਉਂਦੀ ਹੈ
ਓਨਾ ਕੁ ਮਿਰਤੂ ਤੋਂ ਬਾਹਰ ਆ ਜਾਂਦਾ ਹਾਂ
ਮਿਰਤੂ ਤੇ ਜ਼ਿੰਦਗੀ
ਲੁਕਣਮੀਚੀ ਖੇਡਦੀਆਂ ਰਹਿੰਦੀਆਂ ਹਨ

87. ਉਧਾਰੀ ਦੇਹ

ਦੂਜੀ ਭਾਸ਼ਾ ਵਿਚ ਜਾਣ ਵੇਲੇ
ਕਵਿਤਾ ਆਪਣੀ ਦੇਹ
ਤਿਆਗ ਦਿੰਦੀ ਹੈ
ਉਧਾਰੀ ਪਹਿਨ ਲੈਂਦੀ ਹੈ
ਕਵਿਤਾ ਤਾਂ ਹੈ ਹੀ
ਦੇਹ ਦਾ ਜਸ਼ਨ
ਉਧਾਰੇ ਪੈਰਾਂ ਨਾਲ
ਨੱਚਣ ਤੋਂ ਸੰਗਦੀ ਹੈ

88. ਚਾਹ ਦਾ ਪਿਆਲਾ

ਸ਼ਬਦ ਤੇ ਚੀਜ਼ਾਂ ਦੋਵੇਂ
ਇਕ ਦੂਜੇ ਦੀਆਂ ਬਣੀਆਂ
ਪਤਾ ਨਹੀਂ ਚਾਹ ਦੇ ਪਿਆਲੇ ਵਿਚੋਂ
ਮੈਂ ਕਿੰਨੀ ਕੁ ਚਾਹ ਪੀਂਦਾ ਹਾਂ
ਤੇ ਕਿੰਨੀ ਕੁ ਭਾਸ਼ਾ

ਸੰਸਾਰ ਤੇ ਸ਼ਬਦ ਇਕ ਦੂਜੇ ਵਿਚਦੀ ਸਾਹ ਲੈਂਦੇ ਹਨ
ਭਾਸ਼ਾ ਮੈਲੀ ਹੁੰਦੀ ਹੈ ਤਾਂ ਸੰਸਾਰ ਵੀ ਮੈਲਾ ਹੋ ਜਾਂਦਾ ਹੈ

ਮੈਂ ਧੋਬੀ ਹਾਂ
ਸ਼ਬਦ ਧੋਂਦਾ ਹਾਂ
ਸ਼ਬਦ
ਕਦੇ ਏਨੇ ਮੈਲੇ ਨਹੀਂ ਸਨ ਹੋਏ

89. ਘਾਹ ਵਿਚੋਂ ਇਕ ਹੋਰ ਆਵਾਜ਼ ਉਠਦੀ

ਘਾਹ ਵਿਚੋਂ ਇਕ ਹੋਰ ਆਵਾਜ਼ ਉਠਦੀ ਹੈ
ਮੈਂ ਅੰਮੀ ਜੀ ਦੀ ਕਥਾ ਹਾਂ
ਲਾਲੀ ਦੀ ਦਾਦੀ ਦੀ ਕਥਾ
ਮੈਂ ਲਾਲੀ ਦੇ ਲਹੂ ਵਿਚ ਵਗਦੀ ਹਾਂ
ਪਰ ਜਾਣਦੀ ਹਾਂ ਉਹਨੇ ਮੈਨੂੰ ਆਪ ਨਹੀ ਕਹਿਣਾ
ਘਰ ਤਿਆਗਣ ਵੇਲੇ ਉਹਨੇ
ਘਰ ਦੀ ਕਥਾ ਵੀ ਤਿਆਗ ਦਿੱਤੀ ਸੀ
ਅੰਮੀ ਜੀ
ਲਾਲੀ ਨੂੰ ਬੂਹਾ ਖੋਲਣ ਲਈ ਹੀ ਜਿਓਂਦੀ ਸੀ
ਮਿਰਤੂ ਆਉਂਦੀ ਤਾਂ ਉਹਨੂੰ ਕਹਿ ਦਿੰਦੀ
ਮੇਰੇ ਪੁੱਤ ਦਾ ਬੂਹਾ ਕੌਣ ਖੋਲ੍ਹੇਗਾ..
ਜਦੋਂ ਕੰਨ ਬੰਦ ਹੋਏ
ਉਹਨੂੰ ਫੇਰ ਵੀ ਸੁਣਦਾ ਰਿਹਾ
ਹਰ ਮਾਂ ਛਾਤੀਆਂ ਨਾਲ ਸੁਣਦੀ
ਛਾਤੀਆਂ ਨਾਲ ਵੇਖਦੀ ਹੈ....
ਬੂਹੇ 'ਤੇ ਠਕ-ਠਕ ਹੁੰਦੀ ਬਹੁਤ ਮੱਧਮ
ਤੀਜੀ ਟਕੋਰ 'ਤੇ ਉਹ ਮੰਜੀ ਤੋਂ ਉੱਠਦੀ
ਟੋਹਣੀ ਚੁੱਕਦੀ ਤੇ ਬੂਹੇ ਵੱਲ ਤੁਰ ਪੈਂਦੀ
ਟੋਹਣੀ ਕਿਸੇ ਚੀਜ਼ ਨੂੰ ਲਗਦੀ, ਅੰਮੀ ਕਹਿੰਦੀ
ਰਤਾ ਕੁ ਪਾਸੇ ਹੋ ਜਾ, ਮੇਰਾ ਪੁੱਤ ਆਇਐ
ਬੂਹਾ ਖੋਲ੍ਹਦੀ, ਲਾਲੀ ਦੇ ਪੋਲੀ ਜਿਹੀ ਟੋਹਣੀ ਮਾਰਦੀ
ਇਹ ਕੋਈ ਵੇਲਾ ਐ, ਘਰ ਆਉਣ ਦਾ ? ਕਹਿੰਦੀ
ਘਰ ਆਉਣ ਦਾ ਕਿਹੜਾ ਵੇਲਾ ਹੁੰਦੈ, ਅੰਮੀ ਜੀ ?
ਲਾਲੀ ਹੱਸ ਕੇ ਪੁੱਛਦਾ
ਅੰਮੀ ਖਿੱਚ ਕੇ ਉਹਨੂੰ ਛਾਤੀ ਨਾਲ ਲਾ ਲੈਂਦੀ
ਸ਼ਬਦ ਕੰਠ ਵਿਚ ਰੁਕ ਜਾਂਦੇ
ਪੁੱਤਰ, ਜਦੋਂ ਤੂੰ ਆਉਨੈ ਉਹੀ
ਘਰ ਆਉਣ ਦਾ ਵੇਲਾ ਐ
ਬੱਦਲ ਤੇ ਜੋਗੀ ਜਦੋਂ ਵੀ ਆਉਣ
ਵੇਲਾ ਭਲਾ ਹੋ ਜਾਂਦੈ.....

(ਨਵਤੇਜ ਭਾਰਤੀ-'ਲਾਲੀ' 'ਚੋਂ)

90. ਧੁੱਪ ਚੜ੍ਹਦੇ ਚੇਤ ਦੀ

ਧੁੱਪ ਚੜ੍ਹਦੇ ਚੇਤ ਦੀ
ਘਾਹ ‘ਤੇ ਬੈਠੇ ਚਾਹ ਪੀਂਦੇ
ਸਭ ਜਣੇ
ਹੌਲੀ ਹੌਲੀ ਘੁੱਟਾਂ ਭਰਦੇ
ਸਹਿਜੇ ਸਹਿਜੇ ਗੱਲਾਂ ਕਰਦੇ
ਹਰੀ ਗਾਨੀ ਵਾਲੇ ਪਿਆਲਿਆਂ ਵਿੱਚੋਂ
ਸਲੇਟੀ ਭਾਫ ਉਡਦੀ ਵਲ ਖਾਂਦੀ
ਛੱਲੇ ਬਣ ਬਣ ਖੁੱਲ੍ਹਦੇ

ਲਾਲੀ ਪਿਆਲਾ ਉਪਰ ਚੁਕਦਾ ਆਖਦਾ
ਸੂਰਜ ਦੇਵ,
ਸਾਡੀ ਪਹਿਲੀ ਘੁੱਟ ਤੇਰੇ ਨਾਂ
ਤੂੰ ਸਾਨੂੰ ਇੱਕ ਹੋਰ ਦਿਨ ਦਿੱਤਾ ਹੈ
ਜਿਉਣ ਲਈ
ਤੇਰੀ ਧੁੱਪ ਦਾ ਸ਼ੁਕਰ ਕਰਾਂਗੇ
ਆਪਣੇ ਹੋਣ ਦੀ ਕਥਾ ਕਹਾਂਗੇ
ਤੂੰ ਸਾਡੇ ਸਾਹਵੇਂ
ਸ੍ਰਿਸ਼ਟੀ ਦਾ ਮੇਲਾ ਲਾ ਦਿੱਤਾ ਹੈ
ਧਰਤੀ ਵਿਛਾਅ ਨੀਲਾ ਤਾਣਿਆ ਤੰਬੂ
ਤਾਰਿਆਂ ਦੀਆਂ ਭੰਬੀਰੀਆਂ ਘੂਕਦੀਆਂ
ਖੰਡ ਮੰਡਲ ਝੂਟੇ ਲੈਂਦੇ ਚਕਰ ਚੂੰਡਿਆਂ ਉੱਤੇ

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ
ਤਾਰਿਕਾ ਮੰਡਲ ਜਨਕ ਮੋਤੀ
ਧੂਪੁ ਮਲਆਨਲੋ ਪਵਣੁ ਚਵਰੋ ਕਰੇ
ਸਗਲ ਬਨਰਾਇ ਫੂਲੰਤ ਜੋਤੀ

ਰੇੜ੍ਹੀ ਵਾਲਾ ਫਿਰਦਾ ਹੋਕਾ ਦਿੰਦਾ
ਕਾਲੇ ਕਾਲੇ ਰਾਅ ਜਾਮਨੂੰ
ਠੰਢ ਦੇਣਗੇ ਪਾਅ ਜਾਮਨੂੰ
ਲੈ ਲੋ ਸਸਤੇ ਭਾਅ ਜਾਮਨੂੰ
ਕਲ੍ਹ ਨਹੀਂ ਮਿਲਣੇ ਰਾਅ ਜਾਮਨੂੰ

ਤੇਰੇ ਕਰਿਆਨੇ ਦੀ ਹੱਟੀ ‘ਤੇ ਬੈਠਾ ਕੋਈ ਗਾਵੇ
ਕਾਚੂ ਕੈਂਚੀ ਅੱਠ ਆਨੇ
ਸੁਰਮਾ ਸ਼ੀਸ਼ਾ ਅੱਠ ਆਨੇ
ਲਾਲ ਪਰਾਂਦੀ ਅੱਠ ਆਨੇ
ਕੋਈ ਚੀਜ਼ ਚੱਕ ਲੋ ਅੱਠ ਆਨੇ
ਫੇਰ ਨਹੀਂ ਮਿਲਣੀ ਅੱਠ ਆਨੇ

ਥਾਂ ਥਾਂ ਤੇਰੀਆਂ ਬਰਕਤਾਂ ਦੇ ਬੋਹਲ ਲੱਗੇ
ਸਾਡੀਆਂ ਝੋਲੀਆਂ ਨਿੱਕੀਆਂ
ਭਰ ਭਰ ਡੁਲ੍ਹਦੀਆਂ
ਤੂੰ ਲੁੱਟ ਪਾ ਰੱਖੀ ਹੈ ਤੇਰਾ ਤੇਰਾ ਕਹਿ ਕੇ
ਤੇਰੀ ਧੁੱਪ ਨਾਲ ਅਸੀਂ
ਆਪਣੇ ਆਪ ਨੂੰ ਭਰਦੇ, ਖਾਲੀ ਹੁੰਦੇ
ਭਰ ਭਰ ਖਾਲੀ ਹੋਣ ਦੀ ਖੇਡ
ਤੇਰੇ ਨਾਲ ਖੇਡਦੇ
ਜੁਗਾਂ ਜੁਗਾਂ ਤੋਂ ਡੁਲ੍ਹਦਾ ਤੂੰ
ਖਾਲੀ ਨਹੀਂ ਹੋਇਆ
ਥੱਕੇ ਅਸੀਂ ਵੀ ਨਹੀਂ ਜਿਉਣ ਤੋਂ
ਓਸੇ ਮਿੱਟੀ ਦੇ ਬਣੇ ਹਾਂ ਜਿਹੜੀ
ਉਗਣਾ ਹੀ ਜਾਣਦੀ

ਕਹੇ ਹਰਿੰਦਰ
ਤੇਰੀ ਧੁੱਪ ‘ਚ ਸਾਨੂੰ ਦੂਰ ਤਕ ਦਿਸਦਾ
ਰੰਗਾਂ ਦੀ ਬਰਖਾ ਵਿੱਚ ਨ੍ਹਾਤੀਆਂ ਚੀਜ਼ਾਂ
ਸੋਹਣੀਆਂ ਲੱਗਦੀਆਂ
ਧਰਤੀ ਕਪਾਹ ਵਾਂਗੂ ਖਿੜਦੀ
ਤੂੰ ਹਰ ਟੀਂਡੇ ‘ਚੋਂ ਲਮਕਦਾ

ਕਹੇ ਅਮਰਜੀਤ
ਏਨੀ ਸੁਹਣੀ ਹੈ ਇਹ ਦੁਨੀਆਂ
ਸਾਨੂੰ ਸੱਚ ਨਹੀਂ ਆਉਂਦਾ
ਅਸੀਂ ਹੱਥ ਲਾ ਲਾ ਵੇਖਦੇ, ਕੰਨ ਜੋੜ ਜੋੜ ਸੁਣਦੇ
ਸੁੰਘ ਸੁੰਘ ਵੇਖਦੇ
ਜੇ ਇਹ ਮਾਇਆ ਹੈ ਤਾਂ ਵੀ ਧੰਨ ਹੈ
ਅਸੀਂ ਉਸ ਪਰਮ ਸੱਤ ਨੂੰ ਕੀ ਕਰਨਾ ਹੈ
ਜੀਹਦਾ ਨਾ ਰੂਪ ਹੈ ਨਾ ਰੰਗ ਹੈ
ਨਾ ਰੇਖ ਹੈ ਨਾ ਵੇਸ ਹੈ
ਨਾ ਕੋਈ ਸੂਹੀ ਹੁੰਦੀ ਪਹਿਲੀ ਛੁਹ ਨਾਲ
ਨਾ ਰੋਸਾ ਕਰਦੀ:

“ਸ਼ਿੰਗਾਰ ਕਰੇਂਦੀ ਦਾ ਗੁਜ਼ਰ ਗਿਆ ਡੇਹੁੰ ਸਾਰਾ
ਮੁਸਾਗ ਮਲੇਂਦੀ ਦਾ ਗੁਜ਼ਰ ਗਿਆ ਡੇਹੁੰ ਸਾਰਾ”

ਗਰਮ ਘੁੱਟ ਭਰ ਕੇ ਨੂਰ ਆਖੇ
ਤੇਰੀ ਧੁੱਪ, ਘਰ ਦੇ ਬੁਣੇ ਖੱਦਰ ਦੀ ਖੇਸੀ
ਇਹਦੀ ਬੁੱਕਲ ‘ਚ ਸਾਨੂੰ
ਵਗਦੇ ਠੱਕੇ ਤੋਂ ਡਰ ਨਹੀਂ ਲਗਦਾ
ਤੇਰੇ ਧਿਆਨ ‘ਚ ਅਟਕੀ ਸਾਡੀ ਧਰਤ ਘੁੰਮਦੀ
ਤੂੰ ਪਲ ਭਰ ਵੀ ਧਿਆਨ ਟੁਟਣ ਨਹੀਂ ਦਿੰਦਾ
ਮਤੇ ਇਹ ਮਹਾਂ ਸੁੰਨ ਵਿੱਚ ਗਰਕ ਹੋ ਜਾਵੇ
ਤੂੰ ਵੇਖਦੈਂ ਤਾਂ ਖਿੜਦੈ ਸੂਰਜਮੁਖੀ
ਖਿੜਿਆ ਰਹਿੰਦਾ ਜਦ ਤਕ ਤੂੰ ਵੇਖਦਾ ਰਹਿੰਦੈ
ਜੋ ਵੀ ਹੁੰਦੈ ਤੇਰੀ ਅੱਖ ਵਿੱਚ ਹੁੰਦੈ:
ਕੀੜੀ ਤੁਰਦੀ, ਨਦੀ ਵਗਦੀ ਅਸੀਂ ਚਾਹ ਦੀ ਘੁੱਟ ਭਰਦੇ
ਤੂੰ ਅੱਖ ਨਹੀਂ ਝਪਕਦਾ
ਮਤੇ ਜੋ ਹੈ ਉਹ ਖੈ ਹੋ ਜਾਵੇ
ਤੇਰੀ ਸਦਾ ਜਾਗਦੀ ਅੱਖ ਦਾ
ਅਸੀਂ ਅਭਿਨੰਦਨ ਕਰਦੇ ਹਾਂ

ਕਵੀ ਕੁਲਵੰਤ ਆਖੇ
ਤੇਰੇ ਚੱਕ ਤੋਂ ਗਿੜ ਗਿੜ ਲਹਿੰਦੇ
ਬਰਸ ਮਹੀਨੇ ਦਿਵਸ ਪਹਿਰ ਤੇ ਘੜੀਆਂ
ਤੇਰੇ ਕੋਲੋਂ ਵੇਲਾ ਤੁਰਦਾ ਪਾ ਖੜਾਵਾਂ
ਤੇਰੇ ਮੱਟ ‘ਚ ਚੁੰਨੀਆਂ ਰੰਗ ਕੇ
ਰੁਤਾਂ ਫਿਰਨ ਮੇਲਣਾਂ ਵਾਂਙੂ
ਤੇਰੇ ਸਦਕਾ ਇਸ ਧਰਤੀ ਦਾ ਹਰ ਦਿਨ ਸਾਹੇ ਵਰਗਾ

(ਨਵਤੇਜ ਭਾਰਤੀ-'ਲਾਲੀ' 'ਚੋਂ)

91. ਅਹੱਲਿਆ

ਗੌਤਮ ਰਿਖੀ
ਤੁਸੀਂ ਮੈਨੂੰ ਸਰਾਪ ਇਸ ਲਈ ਨਹੀਂ ਦਿੱਤਾ
ਕਿ ਰਾਤੀਂ ਮੈਂ ਇੰਦਰ ਨਾਲ
ਦੇਹ ਸਾਂਝੀ ਕੀਤੀ ਹੈ
ਸਗੋਂ ਇਸ ਲਈ ਕਿ
ਰਾਤੀਂ ਆਪ ਨੂੰ ਪਤਾ ਲੱਗ ਗਿਆ ਹੈ
ਕਿ ਮੈਂ ਵੀ ਜਾਣ ਗਈ ਹਾਂ
ਕਿ ਉਹ ਇੰਦਰ ਕੌਣ ਹੈ
ਉਂਜ ਅਸਲੀ ਇੰਦਰ ਨੂੰ ਪਛਾਣ ਤਾਂ ਮੈਂ
ਪਹਿਲੀ ਰਾਤ ਹੀ ਲਿਆ ਸੀ
ਪਰ ਮੈਂ ਵੇਖ ਕੇ ਅਣਡਿੱਠ ਕਰਦੀ ਰਹੀ
ਮੈਂ ਜਾਣਦੀ ਸੀ ਕਿ
ਮਨੁੱਖ ਨੂੰ ਜਦ ਵੀ ਪਤਾ ਚਲਦਾ ਹੈ
ਕਿ ਨਾਰੀ 'ਵੇਖਣ' ਲੱਗ ਪਈ ਹੈ
ਉਹ ਉਸ ਦੀ ਅੱਖ ਬੰਦ ਕਰ ਦਿੰਦਾ ਹੈ
ਨਾਰੀ ਦਾ ਆਪਣੀ ਅੱਖ ਨਾਲ
ਵੇਖਣਾ ਹੀ ਉਸ ਦਾ ਸਰਾਪ ਹੈ
ਪਰ ਨਾਰੀ ਫੇਰ ਵੀ 'ਵੇਖਦੀ' ਹੈ
ਉਸ ਦੇ ਅੰਗ ਅੰਗ ਤੇ
ਅੱਖਾਂ ਲੱਗੀਆਂ ਹੋਈਆਂ ਹਨ
ਜਦੋਂ ਬੰਦਾ ਉਹਦੇ ਸਰੀਰ ਵਿਚ
ਅੰਨ੍ਹਾ ਹੋ ਜਾਂਦਾ ਹੈ
ਉਹ ਉਦੋਂ ਵੀ ਜਾਗ ਰਹੀ ਹੁੰਦੀ ਹੈ
ਨਾਰੀ ਜਾਗਦੇ ਸਰੀਰ ਵਾਲੀ ਚੇਤਨਾ ਹੈ
ਪਰ ਨਾਰੀ ਲਈ
ਗਿਆਨ ਮੁਕਤੀ ਨਹੀਂ
ਅਭਿਸ਼ਾਪ ਹੈ
ਉਹ ਸਰਾਪ ਤੋਂ ਸਰਾਪ ਤੱਕ
ਜਿਉਂਦੀ ਹੈ
ਜਦੋਂ ਵੀ ਉਸ ਦੀ ਅੱਖ ਖੁੱਲ੍ਹਣ ਲਗਦੀ ਹੈ
ਨਵੇਂ ਸਰਾਪ ਵਿਚ
ਸੁਟੀ ਜਾਂਦੀ ਹੈ
ਮੇਰਾ ਅਪਰਾਧ ਏਹੀ ਹੈ ਕਿ
ਮੈਂ ਰਾਤ ਦੇ ਨ੍ਹੇਰੇ ਵਿਚ ਵੀ
ਵੇਖ ਸਕਦੀ ਹਾਂ ਕਿ ਦਿਨ ਵਾਲਾ ਗੌਤਮ
ਰਾਤ ਨੂੰ ਇੰਦਰ ਕਿਵੇਂ ਬਣਦਾ ਹੈ
ਮੈਂ ਵੇਖ ਸਕਦੀ ਹਾਂ ਕਿ ਤੂੰ
ਦਿਨੇਂ ਵੀ ਅੱਧਾ ਹੈਂ
ਰਾਤ ਨੂੰ ਵੀ ਅੱਧਾ
ਨਾ ਪੂਰਾ ਗੌਤਮ ਤੇ
ਨਾ ਪੂਰਾ ਇੰਦਰ
ਦਿਨੇਂ ਗੌਤਮ, ਰਾਤ ਨੂੰ ਇੰਦਰ
ਪਰ ਮੈਂ ਦਿਨੇਂ ਵੀ ਅਹੱਲਿਆ ਹਾਂ
ਤੇ ਰਾਤ ਨੂੰ ਵੀ ਅਹੱਲਿਆ
ਦਿਨੇਂ ਵੀ ਪੂਰੀ
ਰਾਤ ਨੂੰ ਵੀ ਪੂਰੀ
ਇੰਦਰ ਨਾਲ ਵੀ ਉਹੀ ਅਹੱਲਿਆ
ਗੌਤਮ ਨਾਲ ਵੀ ਉਹੀ ਅਹੱਲਿਆ
ਨਾ ਇੰਦਰ ਨਾਲ ਜੂਠੀ ਹੁੰਦੀ ਹਾਂ
ਨਾ ਗੌਤਮ ਨਾਲ ਸੁੱਚੀ
ਪਰ ਤੂੰ ਅੱਧਾ ਦਿਨ ਵਿਚ ਖੜ੍ਹਾ ਹੈਂ
ਅੱਧਾ ਰਾਤ ਵਿਚ
ਅੱਧਾ ਮੇਰੇ ਵਿਚ
ਅੱਧਾ ਮੈਥੋਂ ਬਾਹਰ
ਰਾਤ ਨੂੰ ਮੇਰੇ ਕੋਲ ਆਉਂਦਾ ਹੈਂ
ਤਾਂ ਤੇਰੇ ਅੰਗ ਅੰਗ ਉਤੇ
ਭਗ ਚੰਬੜੀ ਹੁੰਦੀ ਹੈ
ਤੂੰ ਇਕੋ ਵੇਲੇ
ਸਹੰਸਰ ਭਗਾਂ ਵਿਚ ਗਰਕਦਾ ਹੈਂ
ਦਿਨ ਵੇਲੇ
ਸਾਧਨਾ ਦੀ ਸਹੰਸਰਧਾਰਾ ਹੇਠ ਖੜ੍ਹਾ
ਸੁਰਤ ਤੋਂ ਭਗ ਦੇ ਦਾਗ ਧੋਂਦਾ ਹੈਂ
ਤੇਰੀ ਸਾਰੀ ਪਾਠ ਪੂਜਾ
ਭਗ ਤੋਂ ਬਾਹਰ ਨਿਕਲਣ ਦੀ ਹੈ
ਮੈਂ ਜਾਣਦੀ ਹਾਂ ਕਿ ਮੈਂ
ਕੇਵਲ ਭਗ ਨਹੀਂ
ਨਾ ਹੀ ਭਗ ਤੋਂ ਭਗਵਾਨ ਤੱਕ
ਪਹੁੰਚਣ ਵਾਲੀ ਪੌੜੀ
ਨਾ ਮੇਰੀ ਦੇਹ ਇੰਦਰ ਦੇ ਵਿਲਾਸ ਲਈ ਹੈ
ਨਾ ਗੌਤਮ ਦੇ ਆਤਮਕ ਅਭਿਆਸ ਲਈ
ਨਾ ਮੈਂ ਉਹ ਕੁਰਖੇਤਰ ਹਾਂ
ਜਿੱਥੇ ਖੜ੍ਹ ਕੇ
ਇੰਦਰ ਤੇ ਗੌਤਮ ਲੜਦੇ ਹਨ
ਮੈਂ ਜਾਣਦੀ ਹਾਂ
ਇੰਦਰ ਤੇ ਗੌਤਮ ਇਕੋ ਬੰਦੇ ਦੀਆਂ
ਦੋ ਅੱਖਾਂ ਹਨ
ਇੰਦਰ ਦੀ ਅੱਖ ਕੇਵਲ ਮੇਰੀਆਂ ਛਾਤੀਆਂ
ਤੇ ਹੋਂਠ ਵੇਖਦੀ ਹੈ
ਜਾਂ ਲੱਤਾਂ ਵਿਚਕਾਰਲੀ ਖਾਈ
ਗੌਤਮ ਦੀ ਅੱਖ ਮੈਨੂੰ ਵੇਖਦੀ ਹੀ ਨਹੀਂ
ਇਕ ਕਾਮ ਨਾਲ ਅੰਨ੍ਹੀ
ਦੂਜੀ ਗਿਆਨ ਨਾਲ
ਦੋਹਾਂ ਅੱਖਾਂ ਵਿਚ
ਨਾਰੀ ਵੇਖਣ ਵਾਲੀ ਦ੍ਰਿਸ਼ਟੀ ਨਹੀਂ ਹੈ
ਰਿਖੀਵਰ ਮੈਂ ਕਿਸੇ ਧਰਮ ਕਰਮ ਦਾ
ਵਿਰੋਧ ਨਹੀਂ ਕੀਤਾ
ਨਾ ਹੀ ਕੋਈ ਲਛਮਣ ਰੇਖਾ ਉਲੰਘੀ ਹੈ
ਮੈਂ ਤਾਂ ਬਸ ਇਹੀ
ਵੇਖਣਾ ਚਾਹਿਆ ਸੀ
ਕਿ ਮੇਰਾ ਸਰੀਰ ਕਿੰਨਾ ਕੁ ਮੇਰਾ ਹੈ
ਕਿ ਮੇਰੇ ਹੋਂਠ ਤੈਥੋਂ ਪੁੱਛੇ ਬਿਨਾ
ਮੁਸਕ੍ਰਾ ਸਕਦੇ ਹਨ
ਅੱਖਾਂ ਓਧਰ ਝਾਕ ਸਕਦੀਆਂ ਹਨ
ਜਿਧਰ ਤੂੰ ਨਹੀਂ ਝਾਕਦਾ
ਬਾਹਰੋਂ ਤੁਰਦਾ ਫਿਰਦਾ ਸੁਪਨਾ
ਮੇਰੇ ਨੈਣਾਂ ਵਿਚ ਪਲ ਭਰ
ਅਟਕ ਸਕਦਾ ਹੈ
ਕਿ ਮੇਰੇ ਪੈਰ ਉਸ ਰਾਹ
ਉਤੇ ਤੁਰ ਸਕਦੇ ਹਨ
ਜਿਹੜਾ ਤੇਰੀਆਂ ਪੈੜਾਂ ਨੇ
ਬੇਹਾ ਨਹੀਂ ਕੀਤਾ
ਮੈਂ ਤਾਂ ਇਹੀ ਵੇਖਣਾ ਚਾਹਿਆ ਸੀ
ਕਿ ਮੈਂ ਆਪਣੇ ਹੱਥ ਪੈਰ ਆਪਣੇ ਲਈ
ਵਰਤ ਸਕਦੀ ਹਾਂ
ਆਪਣੇ ਅੰਗਾਂ ਵਿਚੋਂ ਆਉਂਦੀ ਮਹਿਕ
ਸੁੰਘ ਸਕਦੀ ਹਾਂ
ਕਿ ਮੈਂ ਕੁਝ ਚਿਰ ਲਈ
ਇਹ ਭੁੱਲ ਸਕਦੀ ਹਾਂ
ਕਿ ਮੈਂ ਆਪਣੇ ਲੰਬੇ ਕੇਸ
ਕੇਵਲ ਤੇਰੇ ਲਈ ਹੀ ਨਹੀਂ ਗੁੰਦਣੇ
ਤੇਰੇ ਲਈ ਹੀ ਨਹੀਂ
ਸਿੰæਗਾਰ ਲਾਉਣਾ
ਮੈਂ ਤਾਂ ਆਪਣੇ ਸਾਰੇ ਅੰਗਾਂ ਨਾਲ
ਆਪਣੇ ਲਈ ਜਿਉਣ ਦੀ
ਕਾਮਨਾ ਹੀ ਕੀਤੀ ਸੀ
ਜੇ ਮੇਰੇ ਅੰਗ ਮੇਰੇ ਨਹੀਂ
ਤਾਂ ਮੈਂ ਇਨ੍ਹਾਂ ਦਾ
ਭਾਰ ਕਿਉਂ ਚੁਕਦੀ ਹਾਂ
ਜੇ ਇਨ੍ਹਾਂ ਅੰਗਾਂ ਦਾ ਸੁਆਦ ਤੇਰਾ ਹੈ
ਤਾਂ ਇਨ੍ਹਾਂ ਦੀ ਪੀੜ ਕਿਉਂ ਮੇਰੀ ਹੈ
ਟੁੱਟ ਭਜ ਕਿਉਂ ਮੇਰੀ ਹੈ
ਝੁਰੜੀਆਂ ਕਿਉਂ ਮੇਰੀਆਂ ਹਨ
ਤੇਰਾ ਸਰਾਪ ਲੈ ਕੇ
ਮੈਂ ਤੈਥੋਂ ਮੁਕਤ ਹੋ ਗਈ ਹਾਂ
ਮੈਂ ਆਪਣੇ ਸਾਰੇ ਅੰਗ ਤੈਥੋਂ
ਵਾਪਸ ਮੰਗਦੀ ਹਾਂ
ਪੱਥਰ ਦੇ ਹੀ ਸਹੀ
ਪਰ ਹੁਣ ਉਹ ਮੇਰੇ ਹਨ
ਪੱਥਰ ਬਣ ਕੇ ਮੈਂ
ਮਰਦ ਦੇ ਪਥਰੀਲੇ
ਸਦਾਚਾਰ ਵਿਚੋਂ
ਨਿਕਲ ਗਈ ਹਾਂ
ਮੇਰੇ ਜਨਮ ਤੋਂ ਪਹਿਲਾਂ ਹੀ
ਮੈਨੂੰ ਗਹਿਣੇ ਧਰ ਦਿੱਤਾ ਗਿਆ ਸੀ
ਤੇਰੇ ਹੱਥਾਂ ਵਿਚ
ਆਉਣ ਤੋਂ ਪਹਿਲਾਂ
ਮੈਂ ਕਿਸੇ ਹੋਰ ਦੇ ਹੱਥਾਂ ਵਿਚ ਸੀ
ਸਰਾਪ ਪਿੱਛੋਂ
ਮੈਂ ਕਿਸੇ ਹੋਰ ਦੇ ਹੱਥਾਂ ਵਿਚ
ਨਹੀਂ ਹੋਵਾਂਗੀ
ਮੈਂ ਇਸ ਕਰਮ ਰੇਖਾ ਤੋਂ
ਮੁਕਤ ਹੋ ਗਈ ਹਾਂ
ਪੱਥਰ ਬਣ ਕੇ ਮੈਂ
ਵਿਕਾਂਗੀ ਨਹੀਂ।

92. ਕਿਤੇ ਰੱਬ ਧਰ ਕੇ ਭੁੱਲ ਗਿਆ ਹਾਂ

ਜਨਮ ਬੀਤ ਗਿਆ ਹੈ
ਉਹਨੂੰ ਭਾਲਦਿਆਂ
ਊਂ ਸ਼ੁਕਰ ਹੈ
ਉਹਦੇ ਬਿਨਾ ਵੀ
ਸਰੀ ਜਾਂਦਾ ਹੈ
ਐਨਕ ਗੁਆਚ ਜਾਵੇ ਤਾਂ
ਭਾ ਦੀ ਬਣ ਜਾਂਦੀ।

93. ਮਨ ਜੀ

ਜੋ ਤੇਰੇ ਸੀਨੇ ਲਗ
ਰੋਈ ਹੈ
ਰੋਣ ਹੀ ਆਈ ਹੈ
ਸਿੱਖਿਆ ਨਾ ਦੇਹ
ਭਰੀਆਂ ਅੱਖਾਂ ਨੂੰ ਰਾਹ
ਨਹੀਂ ਦਿਸਣਾ
ਵਰ੍ਹ ਜਾਣ ਦੇ ਵਰ੍ਹਦੀ
ਬਦਲੀ
ਤੂੰ ਵੀ ਜਲ ਥਲ ਜਲਥਲ
ਹੋ ਜਾ
ਆਪੇ ਦਰਿਆ ਬਣ ਜਾਵੇਗਾ
ਦਰਿਆ ਨੂੰ ਰਾਹ ਵੀ
ਮਿਲ ਜਾਵੇਗਾ

94. ਮੈਂ ਬੂਹਾ ਖੁੱਲ੍ਹਾ ਰਖਦਾ ਹਾਂ

ਚੋਰ ਅੰਦਰ ਨਹੀਂ ਆਉਂਦੇ
ਉਹ ਜਾਣਦੇ ਹਨ
ਖੁਲ੍ਹਾ ਘਰ ਖ਼ਾਲੀ ਹੁੰਦਾ ਹੈ
ਘਰ ਭਰਨ ਲਗਦਾ ਹੈ
ਮੈਂ ਖਾਲੀ ਕਰ ਦਿੰਦਾ ਹਾਂ
ਨਾ ਜਿੰਦਾ ਲਾਉਣ ਦਾ ਝੰਜਟ
ਨਾ ਕੁੰਜੀ ਗੁਆਚਣ ਦਾ ਸੰਸਾ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ