Punjabi Poetry : Munir Niazi
ਪੰਜਾਬੀ ਕਵਿਤਾਵਾਂ : ਮੁਨੀਰ ਨਿਆਜ਼ੀ
1. ਦਿਲ ਨੂੰ ਅਪਣੀ ਹਸਤੀ ਦਾ ਚਾਰਗਰ ਬਣਾ ਲੈਂਦੇ
ਦਿਲ ਨੂੰ ਅਪਣੀ ਹਸਤੀ ਦਾ ਚਾਰਗਰ ਬਣਾ ਲੈਂਦੇ।
ਮੈਂ ਤੇ ਉਹ ਜੇ ਮਿਲ ਜਾਂਦੇ ਇਕ ਨਗਰ ਬਣਾ ਲੈਂਦੇ।
ਦਰ ਬਦਰ ਨਾ ਮੈਂ ਫਿਰਦਾ, ਦਰ ਬਦਰ ਨਾ ਉਹ ਹੁੰਦਾ,
ਇਕ ਜਗ੍ਹਾ 'ਤੇ ਮਿਲਕੇ ਜੇ ਅਪਣਾ ਦਰ ਬਣਾ ਲੈਂਦੇ।
ਖ਼ਾਬ ਜੇ ਨਾ ਬਣ ਜਾਂਦੇ ਮੈਕਦੇ ਦੀ ਦੁਨੀਆਂ ਵਿਚ,
ਇਹ ਅਜ਼ਾਬ ਦੁਨੀਆਂ ਦੇ ਦਿਲ 'ਚ ਘਰ ਬਣਾ ਲੈਂਦੇ।
ਹੁਣ ਖ਼ਿਆਲ ਆਉਂਦਾ ਏ ਮੰਜ਼ਿਲਾਂ ਦੀ ਸਖ਼ਤੀ ਦਾ,
ਕੋਈ ਯਾਰ ਤੇ ਆਪਣਾ ਹਮਸਫ਼ਰ ਬਣਾ ਲੈਂਦੇ।
ਰਹਿਬਰਾਂ ਬਿਨਾਂ ਚਲਣਾਂ, 'ਮੁਨੀਰ' ਔਖਾ ਸੀ,
ਪਰ ਗਵਾਚ ਜਾਂਦੇ ਜੇ ਰਾਹਬਰ ਬਣਾ ਲੈਂਦੇ।
2. ਬੇਖ਼ਿਆਲ ਹਸਤੀ ਨੂੰ ਕੰਮ ਦਾ ਧਿਆਨ ਲਾ ਦਿੱਤਾ
ਬੇਖ਼ਿਆਲ ਹਸਤੀ ਨੂੰ ਕੰਮ ਦਾ ਧਿਆਨ ਲਾ ਦਿੱਤਾ।
ਹਿਜਰ ਦੀ ਉਦਾਸੀ ਨੇ ਸ਼ਾਮ ਨੂੰ ਸਜਾ ਦਿੱਤਾ।
ਇਸ਼ਕ ਦੇ ਸ਼ਜ਼ਰ ਏਥੇ, ਹੰਝੂਆਂ ਥੀਂ ਉਗਦੇ ਨੇ,
ਹੁਸਨ ਨੇ ਜ਼ਮਾਨੇ ਨੂੰ ਗ਼ਮ ਦਾ ਵਣ ਬਣਾ ਦਿੱਤਾ।
ਬੇਯਕੀਨ ਲੋਕਾਂ ਵਿਚ ਬੇਯਕੀਨ ਹੋ ਜਾਂਦੇ,
ਸਾਨੂੰ ਖ਼ੁਦਪਰਸਤੀ ਨੇ ਸ਼ਹਿਰ ਤੋਂ ਬਚਾ ਦਿੱਤਾ।
ਦੇਰ ਬਾਅਦ ਮਿਲਿਆ ਉਹ ਹੋਰ ਇਕ ਜ਼ਮਾਨੇ ਵਿਚ,
ਮੈਂ ਇਹ ਖ਼ਾਬ ਮੁੱਦਤ ਦਾ ਜਾਗ ਕੇ ਗਵਾ ਦਿੱਤਾ।
ਸ਼ਾਇਰੀ 'ਮੁਨੀਰ' ਅਪਣੀ ਬਾਗ਼ ਹੈ ਉਜਾੜ ਅੰਦਰ,
ਮੈਂ ਜਿਵੇਂ ਹਕੀਕਤ ਨੂੰ ਵਹਿਮ ਵਿਚ ਲੁਕਾ ਦਿੱਤਾ।
3. ਹੈ ਸ਼ਕਲ ਤੇਰੀ ਗੁਲਾਬ ਵਰਗੀ
ਹੈ ਸ਼ਕਲ ਤੇਰੀ ਗੁਲਾਬ ਵਰਗੀ।
ਨਜ਼ਰ ਏ ਤੇਰੀ ਸ਼ਰਾਬ ਵਰਗੀ।
ਸਦਾ ਏ ਇਕ ਦੂਰੀਆਂ ਦੇ ਉਹਲੇ,
ਮੇਰੀ ਸਦਾ ਦੇ ਜਵਾਬ ਵਰਗੀ।
ਉਹ ਦਿਨ ਸੀ ਦੋਜ਼ਖ਼ ਦੀ ਅੱਗ ਵਰਗਾ,
ਉਹ ਰਾਤ ਡੂੰਘੇ ਅਜ਼ਾਬ ਵਰਗੀ।
ਇਹ ਸ਼ਹਿਰ ਲਗਦਾ ਏ ਦਸ਼ਤ ਵਰਗਾ,
ਚਮਕ ਏ ਇਹਦੀ ਸਰਾਬ ਵਰਗੀ।
ਹਵਾ ਏ ਅਜਕਲ ਸਵੇਰ ਵੇਲੇ,
ਬਦਲਦੇ ਮੌਸਮ ਦੇ ਖ਼ਾਬ ਵਰਗੀ।
'ਮੁਨੀਰ' ਤੇਰੀ ਗ਼ਜ਼ਲ ਅਜੀਬ ਏ,
ਕਿਸੇ ਸਫ਼ਰ ਦੀ ਕਿਤਾਬ ਵਰਗੀ।
4. ਕਿਸੇ ਨੂੰ ਅਪਣੇ ਅਮਲ ਦਾ ਹਿਸਾਬ ਕੀ ਦਈਏ
ਕਿਸੇ ਨੂੰ ਅਪਣੇ ਅਮਲ ਦਾ ਹਿਸਾਬ ਕੀ ਦਈਏ।
ਸਵਾਲ ਸਾਰੇ ਗ਼ਲਤ ਨੇ ਜਵਾਬ ਕੀ ਦਈਏ।
ਉਨੀਂਦਰੇ ਕਈ ਸਦੀਆਂ ਦੇ ਖ਼ਾਲੀ ਅੱਖਾਂ ਵਿਚ,
ਇਨ੍ਹਾਂ ਬੇਅੰਤ ਖ਼ਲਾਵਾਂ 'ਚ ਖ਼ਾਬ ਕੀ ਦਈਏ।
ਹਵਾਵਾਂ ਵਾਂਗ ਮੁਸਾਫ਼ਿਰ ਨੇ ਦਿਲਬਰਾਂ ਦੇ ਦਿਲ,
ਇਨ੍ਹਾਂ ਨੂੰ ਇੱਕੋ ਜਗ੍ਹਾ ਅਜ਼ਾਬ ਕੀ ਦਈਏ।
ਅਜੇ ਸਮਝ ਨਹੀਂ ਹਰਫ਼ਾਂ ਦੀ ਰਮਜ਼ ਦੀ ਉਹਨੂੰ,
ਤੇ ਏਸ ਉਮਰੇ ਉਂਹਦੇ ਹੱਥ 'ਚ ਕਿਤਾਬ ਕੀ ਦਈਏ।
ਸ਼ਰਾਬ ਮੰਗਦਾ ਏ ਜੀ ਅਜ ਸ਼ਰਆ ਦੇ ਪਹਿਰੇ ਵਿਚ,
ਪਰ ਏਡੀ ਤੰਗੀ 'ਚ ਇਹਨੂੰ ਸ਼ਰਾਬ ਕੀ ਦਈਏ।
5. ਪੁੱਜਣਾ ਚਾਹੁੰਦਾ ਹਾਂ ਮੰਜ਼ਿਲਾਂ 'ਤੇ ਲਗਨ ਏ ਏਡੀ
ਪੁੱਜਣਾ ਚਾਹੁੰਦਾ ਹਾਂ ਮੰਜ਼ਿਲਾਂ 'ਤੇ ਲਗਨ ਏ ਏਡੀ।
ਕਦਮ ਵੀ ਮੈਥੋਂ ਨਾ ਪੁੱਟਿਆ ਜਾਏ ਥਕਨ ਏ ਏਡੀ।
ਹਰੇ ਸ਼ਜਰ ਸਨ ਜਦੋਂ ਮੈਂ ਏਥੇ ਉਹ ਖ਼ਾਬ ਤੱਕਿਆ,
ਚਮਨ ਇਹ ਜਿਸਦੇ ਉਜੜਾਪਨ ਦੀ ਚੁਭਨ ਏ ਏਡੀ।
ਹਜ਼ਾਰਾਂ ਕੋਹਾਂ 'ਤੇ ਰਹਿ ਗਏ ਨੇ ਉਹ ਸ਼ਹਿਰ ਸਾਰੇ,
ਜਿਨ੍ਹਾਂ ਦੀ ਯਾਦਾਂ ਦੀ ਦਿਲ ਦੇ ਅੰਦਰ ਜਲਨ ਏ ਏਡੀ।
ਚਰਾਗ਼ ਸੂਰਜ ਤਰ੍ਹਾਂ ਦਾ ਲੱਗੇ ਹਨੇਰ ਏਡਾ,
ਹਵਾ ਬਹਿਸ਼ਤਾਂ ਦੀ 'ਵਾ ਜਹੀ ਲੱਗੇ ਘੁਟਨ ਏ ਏਡੀ।
'ਮੁਨੀਰ' ਤੌਬਾ ਦੀ ਸ਼ਾਮ ਹੈ ਪਰ ਇਹ ਜੀ ਨਈਂ ਮੰਨਦਾ,
ਘਟਾ ਦੀ ਰੰਗਤ ਫ਼ਲਕ 'ਤੇ ਤੌਬਾ ਸ਼ਿਕਨ ਏ ਏਡੀ।
6. ਹੋਣੀ ਦੇ ਹੀਲੇ
ਕਿਸ ਦਾ ਦੋਸ਼ ਸੀ ਕਿਸ ਦਾ ਨਈਂ ਸੀ
ਇਹ ਗੱਲਾਂ ਹੁਣ ਕਰਨ ਦੀਆਂ ਨਈਂ
ਵੇਲੇ ਲੰਘ ਗਏ ਹਨ ਤੌਬਾ ਵਾਲੇ
ਰਾਤਾਂ ਹੁਣ ਹੌਕੇ ਭਰਨ ਦੀਆਂ ਨਈਂ
ਜੋ ਹੋਇਆ ਓਹ ਤੇ ਹੋਣਾ ਈ ਸੀ
ਤੇ ਹੋਣੀ ਰੋਕਿਆਂ ਰੁਕਦੀ ਨਈਂ
ਇੱਕ ਵਾਰੀ ਜਦੋਂ ਸ਼ੁਰੂ ਹੋ ਜਾਵੇ
ਗੱਲ ਫ਼ਿਰ ਐਂਵੇਂ ਮੁੱਕਦੀ ਨਈਂ
ਕੁਝ ਸ਼ੌਕ ਸੀ ਯਾਰ ਫ਼ਕੀਰੀ ਦਾ
ਕੁਝ ਇਸ਼ਕ ਨੇ ਦਰ ਦਰ ਰੋਲ਼ ਦਿੱਤਾ
ਕੁਝ ਸੱਜਣਾਂ ਕਸਰ ਨਾ ਛੱਡੀ ਸੀ
ਕੁਝ ਜ਼ਹਿਰ ਰਕੀਬਾਂ ਘੋਲ਼ ਦਿੱਤਾ
ਕੁਝ ਹਿਜਰ ਫ਼ਿਰਾਕ ਦਾ ਰੰਗ ਚੜ੍ਹਿਆ
ਕੁਝ ਦਰਦ ਮਾਹੀ ਅਨਮੋਲ ਦਿੱਤਾ
ਕੁਝ ਸੜ ਗਈ ਕਿਸਮਤ ਮੇਰੀ
ਕੁਝ ਪਿਆਰ ਵਿਚ ਯਾਰਾਂ ਰੋਲ਼ ਦਿੱਤਾ
ਕੁੱਝ ਉਂਝ ਵੀ ਰਾਹਵਾਂ ਔਖੀਆਂ ਸਨ
ਕੁੱਝ ਗੱਲ ਵਿਚ ਗ਼ਮ ਦਾ ਤੌਕ ਵੀ ਸੀ
ਕੁੱਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ
ਕੁੱਝ ਮੈਨੂੰ ਮਰਨ ਦਾ ਸ਼ੌਕ ਵੀ ਸੀ
7. ਆਪਣੇ ਆਪ ਨਾਲ਼ ਗੱਲਾਂ
ਸੁਣ ਨੀ ਕੁੜੀਏ
ਰੰਗਾਂ ਦੀਏ ਪੁੜੀਏ
ਮੈਂ ਟੁਰ ਜਾਵਾਂਗਾ
ਮੁੜ ਕੇ ਨਈਂ ਆਵਾਂਗਾ
ਫ਼ਿਰ ਪਛਤਾਏਂਗੀ
ਹੱਸ ਕੇ ਬੁਲਾਏਂਗੀ
ਰੋ ਕੇ ਬੁਲਾਏਂਗੀ
ਫ਼ਿਰ ਵੀ ਨਈਂ ਆਵਾਂਗਾ
ਉੱਚੇ ਅਸਮਾਨ ਦਾ
ਤਾਰਾ ਬਣ ਜਾਵਾਂਗਾ
ਦੂਰ ਦੂਰ ਰਵਾਂਗਾ
ਤੇ ਤੈਨੂੰ ਤੜਫ਼ਾਵਾਂਗਾ
8. ਪੁੱਠੀਆਂ ਸਿੱਧੀਆਂ ਸੋਚਾਂ
ਹੁਣ ਜੇ ਮਿਲੇ ਤੇ ਰੋਕ ਕੇ ਪੁਛਾਂ
ਵੇਖਿਆ ਈ ਅਪਣਾ ਹਾਲ
ਕਿੱਥੇ ਗਈ ਉਹ ਰੰਗਤ ਤੇਰੀ
ਸੱਪਾਂ ਵਰਗੀ ਚਾਲ
ਗੱਲਾਂ ਕਰਦੀਆਂ ਗੁੱਝੀਆਂ ਅੱਖਾਂ
’ਵਾ ਨਾਲ਼ ਉੱਡਦੇ ਵਾਲ਼
ਕਿੱਥੇ ਗਿਆ ਉਹ ਠਾਠਾਂ ਮਾਰਦੇ
ਲਹੂ ਦਾ ਅੰਨ੍ਹਾ ਜ਼ੋਰ
ਸਾਹਵਾਂ ਵਰਗੀ ਗਰਮ ਜਵਾਨੀ
ਲੈ ਗਏ ਕਿਹੜੇ ਚੋਰ
9. ਅੱਲ੍ਹਾ ਦੀ ਮਖ਼ਲੂਕ
ਉੱਚੇ ਉੱਚੇ ਮਹਿਲ ਬਣਾ ਕੇ ਸ਼ੀਸ਼ਿਆਂ ਉਹਲੇ ਹੱਸਦੇ ਵੀ
ਆਪਣੇ ਦਿਲ ਦੇ ਭੇਦ ਨਾ ਦਸਦੀਆਂ ਵਾਵਾਂ ਪਿੱਛੇ ਨੱਸਦੇ ਵੀ
ਇਸ ਖ਼ੁਦਾ ਨੇ ਸਭ ਦੇ ਮੁਕੱਦਰ ਇਕੋ ਰੰਗ ਚ ਰੰਗੇ ਨੇਂ
ਜੋ ਵੀ ਨੇਂ ਏਸ ਦੁਨੀਆ ਅੰਦਰ ਸਾਰੇ ਲੋਕੀ ਚੰਗੇ ਨੇਂ
ਉਹ ਵੀ ਜਿਹੜੇ ਰਾਤ ਨੂੰ ਲੁਕ ਕੇ ਘਰਾਂ ਚ ਸੰਨ੍ਹਾਂ ਲਾਂਦੇ ਨੇਂ
ਉਹ ਵੀ ਜਿਹੜੇ ਓਨ੍ਹਾਂ ਨੂੰ ਫੜ ਕੇ ਜੇਲਾਂ ਵਿਚ ਲੈ ਜਾਂਦੇ ਨੇਂ
10. ਲਾਹੌਰ ਵਿਚ ਅਪ੍ਰੈਲ ਦੇ ਪਹਿਲੇ ਦਿਨ
ਅਜੀਬ ਰੁੱਤ ਦੇ ਅਜੀਬ ਦਿਨ ਨੇਂ
ਨਾਂ ਧੁੱਪ 'ਚ ਸੁੱਖ ਏ
ਨਾਂ ਛਾਂ 'ਚ ਸੁੱਖ ਏ
ਜੇ ਛਾਂ 'ਚ ਬੈਠੋ ਤੇ ਜੀ ਹੀ ਨਾ ਲੱਗੇ
ਤਪਸ਼ ਵੀ ਧੁੱਪ ਦੀ ਨਾ ਝੱਲੀ ਜਾਵੇ
ਇਹ ਛਾਵਾਂ ਕੈਦਾਂ, ਜੋ ਇਸ ਬਨ ਨੇਂ
ਸੁਫ਼ੈਦ ਧੁੱਪਾਂ ਸੁਫ਼ੈਦ ਜਿਨ ਨੇਂ
ਅਜੀਬ ਰੁੱਤ ਦੇ ਅਜੀਬ ਦਿਨ ਨੇਂ
11. ਇਕ ਪੱਕੀ ਰਾਤ
ਘਰ ਦੀਆਂ ਕੰਧਾਂ ਉੱਤੇ ਦਿਸਣ, ਛਿੱਟਾਂ ਲਾਲ਼ ਫੁਹਾਰ ਦੀਆਂ
ਅੱਧੀ ਰਾਤੀ ਬੂਹੇ ਖੜਕਣ, ਡੈਣਾਂ ਚੀਕਾਂ ਮਾਰਦਿਆਂ
ਸੱਪ ਦੀ ਸ਼ੂਕਰ ਗੂੰਜੇ, ਜਿਵੇਂ ਗੱਲਾਂ ਗੁੱਝੇ ਪਿਆਰ ਦੀਆਂ
ਏਧਰ ਓਧਰ ਲੁਕ ਲੁਕ ਹੱਸਣ, ਸ਼ਕਲਾਂ ਸ਼ਹਿਰੋਂ ਪਾਰ ਦੀਆਂ
ਰੂਹਾਂ ਵਾਂਗੂੰ ਕੋਲੋਂ ਲੰਘਣ, ਮਹਿਕਾਂ ਬਾਸੀ ਹਾਰ ਦੀਆਂ
ਕਬਰਸਤਾਨ ਦੇ ਰਸਤੇ ਦੱਸਣ, ਕੂਕਾਂ ਪਹਿਰੇਦਾਰ ਦੀਆਂ
12. ਰਸਤੇ
ਇਹ ਰਸਤੇ
ਇਹ ਲੰਮੇ ਰਸਤੇ
ਕਿਹੜੇ ਪਾਸੇ ਜਾਂਦੇ ਨੇ
ਬਹੁਤ ਪੁਰਾਣੇ ਮਹਿਲਾਂ ਅੰਦਰ
ਵਿਛੜੇ ਯਾਰ ਮਿਲਾਂਦੇ ਨੇ
ਉਚਿਆਂ ਡੂੰਘਿਆਂ ਜੰਗਲਾਂ ਅੰਦਰ
ਸ਼ੇਰਾਂ ਵਾਂਗ ਡਰਾਂਦੇ ਨੇ
ਯਾ ਫਿਰ ਐਵੇਂ
ਘੁਮ ਘੁਮਾ ਕੇ
ਵਾਪਸ ਮੋੜ ਲਿਆਂਦੇ ਨੇ
13. ਮੇਰੀ ਆਦਤ
ਥਾਂ ਲੈ ਕੇ ਈ ਵਾਪਸ ਮੁੜਿਆਂ
ਜਿੱਧਰ ਦਾ ਰੁੱਖ ਕੀਤਾ ਮੈਂ
ਜ਼ਹਿਰ ਸੀ ਜਾਂ ਉਹ ਅੰਮ੍ਰਿਤ ਸੀ
ਸਭ ਅੰਤ ਤੇ ਜਾ ਕੇ ਪੀਤਾ ਮੈਂ
ਮੈਨੂੰ ਜਿਹੜੀ ਧੁਨ ਲੱਗ ਜਾਂਦੀ
ਫੇਰ ਨਾ ਓਹਤੋਂ ਹਟਦਾ ਮੈਂ
ਰਾਤਾਂ ਵਿਚ ਵੀ ਸਫਰ ਹੈ ਮੈਨੂੰ
ਦਿਨ ਵੀ ਤੁਰਦਿਆਂ ਕਟਦਾ ਮੈਂ
ਕਦੇ ਨਾ ਰੁਕ ਕੇ ਕੰਡੇ ਕੱਢੇ
ਜ਼ਖ਼ਮ ਕਦੇ ਨਾ ਸੀਤਾ ਮੈਂ
ਕਦੇ ਨਾ ਪਿੱਛੇ ਮੁੜਕੇ ਤਕਿਆ
ਕੂਚ ਜਦੋਂ ਵੀ ਕੀਤਾ ਮੈਂ
14. ਘੁੱਪ ਹਨ੍ਹੇਰੀਆਂ ਸੋਚਾਂ
ਵਾ ਚੱਲੇ ਤੇ ਘਰ ਵਿੱਚ ਬੈਠੀਆਂ ਕੁੜੀਆਂ ਦਾ ਦਿਲ ਡਰਦਾ ਏ
ਉੱਚਿਆਂ-ਉੱਚਿਆਂ ਰੁੱਖਾਂ ਹੇਠਾਂ ਪਤਰਾਂ ਦਾ ਮੀਂਹ ਵਰ੍ਹਦਾ ਏ
ਲੰਮੀਆਂ ਸੁੰਞੀਆਂ ਗਲੀਆਂ ਦੇ ਵਿੱਚ ਸੂਰਜ ਹੌਂਕੇ ਭਰਦਾ ਏ
ਆਪਣੇ ਵੇਲੇ ਤੋਂ ਵੀ ਪਹਿਲੇ ਤਾਰੇ ਟਿਮਕਣ ਲੱਗੇ ਨੇ
ਘੁੱਪ ਹਨ੍ਹੇਰੀਆਂ ਸੋਚਾਂ ਅੰਦਰ ਦੁੱਖ ਦੇ ਦੀਵੇ ਜੱਗੇ ਨੇ
ਦਰਿਆਵਾਂ ਤੇ ਢੱਲਦੇ ਦਿਨ ਦਾ ਪਰਛਾਂਵਾਂ ਪਿਆ ਤਰਦਾ ਏ
ਏਸ ਵੇਲੇ ਤਾਂ ਪੱਥਰਾਂ ਦਾ ਵੀ ਦਿਲ ਰੋਵਣ ਨੂੰ ਕਰਦਾ ਏ
15. ਪੁਰਾਣੀਆਂ ਗਲੀਆਂ
ਉੱਚਿਆਂ ਮਕਾਨਾਂ ਦੀਆਂ ਰੰਗਲੀਆਂ ਬਾਰੀਆਂ ਨੇ
ਰਾਤ ਦੇ ਸ਼ਿਕਾਰੀਆਂ ਨੇ ਜ਼ੁਲਫ਼ਾਂ ਸੰਵਾਰੀਆਂ ਨੇ
ਰਹਿੰਦਾ ਏ ਜ਼ਮੀਨ ਉਤੇ ਚੰਨ ਨਾਲ਼ ਯਾਰੀਆਂ ਨੇ
ਦਿਲ ਬੇਈਮਾਨ ਦੀਆਂ ਲੰਮੀਆਂ ਉਡਾਰੀਆਂ ਨੇ
16. ਮੈਨੂੰ ਰਸਤਾ ਦੱਸਣ ਵਾਲੇ ਤਾਰੇ
ਦੋ ਤਾਰੇ ਮੇਰੇ ਸੱਜੇ ਖੱਬੇ
ਇੱਕ ਤਾਰਾ ਮੇਰੇ ਅੱਗੇ
ਅੱਗੇ ਵਾਲਾ ਤਾਰਾ ਮੈਨੂੰ
ਇੱਕ ਦੀਵਾ ਜਿਹਾ ਲੱਗੇ
ਇੱਕ ਤਾਰਾ ਮੇਰੇ ਹੋਸ਼ ਤੋਂ
ਪਿਛਲਿਆਂ ਕਾਲਕਾਂ ਅੰਦਰ ਜਗੇ।
17. ਜੰਗਲ ਦੇ ਜਾਦੂ ਨਾਂ
ਸਾਹਮਣੇ ਜ਼ਖੀਰੇ ਵਿੱਚ
ਸੱਪ ਪਏ ਛੂਕ ਦੇ
ਪਪਈਏ ਪਏ ਕੂਕਦੇ
ਹਰੇ ਹਰੇ ਰੁੱਖਾਂ ਉਹਲੇ ਨੰਗੀਆਂ ਚੁੜੇਲਾਂ ਦੀਆਂ
ਅੱਖਾਂ ਦੇ ਖੁਮਾਰ ਨੇ।
18. ਕੁਝ ਕਰੋ
ਸਿਰ ਤੇ ਘੁੱਪ ਹਨੇਰਾ ਤੇ ਧਰਤੀ ਉੱਤੇ ਕਾਲ਼
ਪੈਰੀਂ ਕੰਡੇ ਜ਼ਹਿਰ ਦੇ ਲਹੂ ਵਿਚ ਭਿੱਜੇ ਵਾਲ਼
ਜਤਨ ਕਰੋ ਕੁਝ ਦੋਸਤੋ, ਤੋੜੋ ਮੌਤ ਦਾ ਜਾਲ਼
ਫੜ ਮੁਰਲੀ ਓਏ ਰਾਂਝਿਆ, ਕੱਢ ਕੋਈ ਤਿੱਖੀ ਤਾਨ
ਮਾਰ ਕੋਈ ਤੀਰ ਓਏ ਮਿਰਜ਼ਿਆ, ਖਿੱਚ ਕੇ ਵੱਲ ਅਸਮਾਨ
19. ਭੁੱਲ ਗਏ ਉਹ ਮੁਖੜੇ ਖ਼ਾਬ ਵਰਗੇ
ਭੁੱਲ ਗਏ ਉਹ ਮੁਖੜੇ ਖ਼ਾਬ ਵਰਗੇ
ਕੋਈ ਗੱਲ ਨਈਂ ਯਾਦ ਉਨ੍ਹਾਂ ਦਿਲਬਰਾਂ ਦੀ
ਕਦੀ ਬਾਰੀਆਂ ਵਿਚ ਕਦੀ ਮਹਿਫ਼ਿਲਾਂ ਵਿਚ
ਉਹਨਾਂ ਅੱਖਾਂ ਦੇ ਜਲਵੇ ਵੀ ਯਾਦ ਨਈਂ ਰਹੇ
ਇਹ ਵੀ ਸਾਲ ਨੇ ਅਜਬ ਮੁਹੱਬਤਾਂ ਦੇ
ਅਸੀਂ ਭੁੱਲ ਗਏ ਉਹ ਵੀ ਭੁੱਲ ਗਿਆ
ਗਿਲੇ ਓਸ ਦੇ ਕੌਲ ਕਰਾਰ ਦੇ ਕੀ
ਸਾਨੂੰ ਅਪਣੇ ਹੀ ਵਾਅਦੇ ਯਾਦ ਨਹੀਂ ਰਹੇ
20. ਸ਼ੌਂਕ ਫ਼ਕੀਰੀ ਦਾ
ਕੁਝ ਸ਼ੌਂਕ ਸੀ ਯਾਰ ਫ਼ਕੀਰੀ ਦਾ
ਕੁਝ ਇਸ਼ਕ ਨੇ ਦਰ ਦਰ ਰੋਲ ਦਿੱਤਾ
ਕੁਝ ਸੱਜਣਾ ਕਸਰ ਨਾ ਛੱਡੀ ਸੀ
ਕੁਝ ਜ਼ਹਿਰ ਰਕੀਬਾਂ ਘੋਲ ਦਿੱਤਾ
ਕੁਝ ਹਿਜਰ ਫ਼ਿਰਾਕ ਦਾ ਰੰਗ ਚੜ੍ਹਿਆ
ਕੁਝ ਦਰਦ ਮਾਹੀ ਅਨਮੋਲ ਦਿੱਤਾ
ਕੁਝ ਸੜ੍ਹ ਗਈ ਕਿਸਮਤ ਬਦਕਿਸਮਤ ਦੀ
ਕੁਝ ਪਿਆਰ ਵਿਚ ਜੁਦਾਈ ਰੋਲ ਦਿੱਤਾ
ਕੁਝ ਉਂਝ ਵੀ ਰਾਹਵਾਂ ਔਖੀਆਂ ਸਨ
ਕੁਝ ਗਲ ਵਿੱਚ ਗ਼ਮਾਂ ਦਾ ਤੌਕ ਵੀ ਸੀ
ਕੁਝ ਸ਼ਹਿਰ ਦੇ ਲੋਕ ਵੀ ਜ਼ਾਲਿਮ ਸਨ
ਕੁਝ ਸਾਨੂੰ ਮਰਨ ਦਾ ਸ਼ੌਂਕ ਵੀ ਸੀ
(ਇਸ ਰਚਨਾ 'ਤੇ ਕੰਮ ਜਾਰੀ ਹੈ)