Punjabi Poetry : Ustad Muhammad Ramzan Hamdam

ਪੰਜਾਬੀ ਕਵਿਤਾ/ਕਲਾਮ : ਉਸਤਾਦ ਮੁਹੰਮਦ ਰਮਜ਼ਾਨ ਹਮਦਮ

1. ਹੀਰ ਤੇ ਰਾਂਝਾ

ਅੜਿਆ ਬੋਲੀਆਂ ਨਾ ਮਾਰ ਸਾਨੂੰ ਤੀਰ ਲਗਦੇ।
ਨਾ ਦੇ ਖੇੜਿਆਂ ਦਾ ਮੇਹਣਾ ਸਾਡੇ ਵੀਰ ਲਗਦੇ।
ਤੇਰੀ ਹੀਰ ਹੈ ਜਾਗੀਰ ਕੈਂਹਦੇ ਪੀਰ ਜਗਦੇ।
ਅੜਿਆ ਬੋਲੀਆਂ ਨਾ ਮਾਰ ਸਾਨੂੰ ਤੀਰ ਲਗਦੇ।

ਹੀਰੇ ਮਝੀਆਂ ਚਰਾਈਆਂ,
ਤੇ ਵਛਾਈਆਂ ਵੀ ਵਿਛਾਈਆਂ।
ਪਾਈਆਂ ਅੰਤ ਨੂੰ ਜੁਦਾਈਆਂ ਭਾਂਬੜ ਬਾਲ ਅਗਦੇ।
ਤੇਰੀ ਖਾਤਰ ਅਸੀਂ ਝਲੇ ਤਾਹਨੇ ਸਾਰੇ ਜਗਦੇ।
ਅਸੀਂ ਵਾਕਫ ਹੋਏ ਹੀਰੇ ਤੇਰੀ ਰਗ ਰਗਦੇ।
ਖੇੜੇ ਜਾ ਵਸ ਹੀਰੇ ਅਸੀਂ ਤੇਰੇ ਕੀ ਲਗਦੇ।

ਵੇ ਮੈਂ ਨੌਕਰ ਬੀਬਾ ਤੇਰੀ,
ਸਚੀ ਅਰਜ ਸੁਣੀ ਇਕ ਮੇਰੀ।
ਵੇ ਮੈਂ ਰਾਂਝਾ ਤੇਰੀ ਚੇਰੀ ਧੁਮੀ ਵਿੱਚ ਜਗਦੇ।
ਅੜਿਆ ਬੋਲੀਆਂ ਨਾ ਮਾਰ ਸਾਨੂੰ ਤੀਰ ਲਗਦੇ।
ਨਾ ਦੇ ਖੇੜਿਆਂ ਦਾ ਮੇਹਣਾ ਸਾਡੇ ਵੀਰ ਲਗਦੇ।
ਤੇਰੀ ਹੀਰ ਹੈ ਜਾਗੀਰ ਕੈਂਹਦੇ ਪੀਰ ਜਗਦੇ।
ਅੜਿਆ ਬੋਲੀਆਂ ਨਾ ਮਾਰ ਸਾਨੂੰ ਤੀਰ ਲਗਦੇ।

ਨੀ ਮੈਂ ਛਡਿਆ ਹਜ਼ਾਰਾ,
ਹੋਇਆ ਜਗ ਤੇ ਆਵਾਰਾ।
ਢੂੰਢਣ ਮਹਲ ਨ ਚੁਬਾਰਾ ਚਾਰੂ ਤੇਰੇ ਵਗ ਦੇ।
ਖੇੜੀਂ ਜਾ ਵਸ ਹੀਰੇ ਅਸੀਂ ਤੇਰੇ ਕੀ ਲਗਦੇ।
ਅਸੀਂ ਵਾਕਫ ਹੋਏ ਹੀਰੇ ਤੇਰੀ ਰਗ ਰਗਦੇ।
ਤੇਰੀ ਖਾਤਰ ਅਸੀਂ ਝਲੇ ਤਾਹਨੇ ਸਾਰੇ ਜਗਦੇ।
ਖੇੜੀਂ ਜਾ ਵਸ ਹੀਰੇ ਅਸੀਂ ਕੀ ਨੀ ਲਗਦੇ।

ਵੇ ਮੈਂ ਤੇਰੇ ਤੋਂ ਕੁਰਬਾਨ,
ਤੈਥੋਂ ਵਾਰੀ ਮੇਰੀ ਜਾਨ।
ਮੇਰਾ ਤੇਰੇ ਤੇ ਇਮਾਨ ਅੰਦਰ ਦੀਵੇ ਜਗਦੇ।
ਅੜਿਆ ਬੋਲੀਆਂ ਨਾ ਮਾਰ ਸਾਨੂੰ ਤੀਰ ਲਗਦੇ।
ਨਾ ਦੇ ਖੇੜਿਆਂ ਦਾ ਮੇਹਣਾ ਸਾਡੇ ਵੀਰ ਲਗਦੇ।
ਤੇਰੀ ਹੀਰ ਹੈ ਜਾਗੀਰ ਕੈਂਹਦੇ ਪੀਰ ਜਗਦੇ।
ਅੜਿਆ ਬੋਲੀਆਂ ਨਾ ਮਾਰ ਸਾਨੂੰ ਤੀਰ ਲਗਦੇ।

ਮੇਰੇ ਵੈਰੀ ਤੇਰੇ ਮਾਪੇ,
ਕੀਤੇ ਕੌਲ ਮੁਕਰੇ ਆਪੇ।
ਮੈਨੂੰ ਹੀਰੇ ਏਹੋ ਜਾਪੇ ਅਸੀਂ ਨਾਯੋਂ ਤਕਦੇ।
ਖੇੜੀਂ ਜਾ ਵਸ ਹੀਰੇ ਅਸੀਂ ਕੀ ਨੀ ਲਗਦੇ।
ਅਸੀਂ ਵਾਕਫ ਹੋਏ ਹੀਰੇ ਤੇਰੀ ਰਗ ਰਗਦੇ।
ਤੇਰੀ ਖਾਤਰ ਅਸੀਂ ਝਲੇ ਤਾਹਨੇ ਸਾਰੇ ਜਗਦੇ।
ਖੇੜੀਂ ਜਾ ਵਸ ਹੀਰੇ ਅਸੀਂ ਕੀ ਨੀ ਲਗਦੇ।

ਵੇ ਮੈਂ ਰੋਂਦੀ ਤੇ ਕੁਰਲਾਂਦੀ,
ਮੇਰੀ ਪੇਸ਼ ਕੋਈ ਨਹੀਂ ਜਾਦੀ।
ਕੀਤੀ ਇਸ਼ਕ ਤੇਰੇ ਨੇ ਮਾਂਦੀ ਅੰਦਰ ਗੋਲੇ ਦਗਦੇ।
ਅੜਿਆ ਬੋਲੀਆਂ ਨਾ ਮਾਰ ਸਾਨੂੰ ਤੀਰ ਲਗਦੇ।
ਨਾ ਦੇ ਖੇੜਿਆਂ ਦਾ ਮੇਹਣਾ ਸਾਡੇ ਵੀਰ ਲਗਦੇ।
ਤੇਰੀ ਹੀਰ ਹੈ ਜਾਗੀਰ ਕੈਂਹਦੇ ਪੀਰ ਜਗਦੇ।
ਅੜਿਆ ਬੋਲੀਆਂ ਨਾ ਮਾਰ ਸਾਨੂੰ ਤੀਰ ਲਗਦੇ।

ਨੀ ਤੂੰ ਸਚੀ ਹੀਰੇ ਜਾਨ,
ਮੈਂ ਵੀ ਖੜੀ ਪਹੁੰਚਾ ਆਨ।
ਰਖੀਂ ਮੌਲਾ ਦਾ ਧਿਆਨ ਲੋਕੀ ਜਾਨਾਂ ਠਗਦੇ।
ਖੇੜੀਂ ਜਾ ਵਸ ਹੀਰੇ ਅਸੀਂ ਕੀ ਨੀ ਲਗਦੇ।
ਅਸੀਂ ਵਾਕਫ ਹੋਏ ਹੀਰੇ ਤੇਰੀ ਰਗ ਰਗਦੇ।
ਤੇਰੀ ਖਾਤਰ ਅਸੀਂ ਝਲੇ ਤਾਹਨੇ ਸਾਰੇ ਜਗਦੇ।
ਖੇੜੀਂ ਜਾ ਵਸ ਹੀਰੇ ਅਸੀਂ ਕੀ ਨੀ ਲਗਦੇ।

ਜਲਦੀ ਆਵੀਂ ਖੇੜੀਂ ਰਾਂਝਾ,
ਵੇ ਤੂੰ ਦੁਖ ਦਰਦ ਦਾ ਸਾਂਝਾ।
ਬੈਠੇ ਛਡ ਦਨੀਆਂ ਦਾ ਲਾਂਝਾ ਰਾਂਝਾ ਹੀਰ ਲਗਦੇ।
ਅੜਿਆ ਬੋਲੀਆਂ ਨਾ ਮਾਰ ਸਾਨੂੰ ਤੀਰ ਲਗਦੇ।
ਨਾ ਦੇ ਖੇੜਿਆਂ ਦਾ ਮੇਹਣਾ ਸਾਡੇ ਵੀਰ ਲਗਦੇ।

2. ਹੀਰ ਦੇ ਵੈਣ

ਮੈਨੂੰ ਖੇੜਿਆਂ ਦੇ ਨਾਲ ਨਾ ਹੁਣ ਟੋਰ ਬਾਬਲਾ।
ਹੋਵੇ ਰਾਂਝਣੇ ਦੇ ਨਾਲ ਕਠੀ ਗੋਰ ਬਾਬਲਾ।

ਮੁਢੋਂ ਪਾਲੀ ਨ ਬਣਾਂਦੋਂ,
ਰਾਂਝਾ ਚਾਕ ਨ ਰਖਾਂਦੋਂ।
ਏਹੋ ਕਦੋਂ ਚਾ ਸੁਣਾਂਦੋਂ ਸੀਨੇ ਜ਼ੋਰ ਬਾਬਲਾ।
ਮੈਨੂੰ ਖੇੜਿਆਂ ਦੇ ਨਾਲ ਨਾ ਹੁਣ ਟੋਰ ਬਾਬਲਾ।
ਹੋਵੇ ਰਾਂਝਣੇ ਦੇ ਨਾਲ ਕਠੀ ਗੋਰ ਬਾਬਲਾ।

ਪਹਿਲੇ ਰਾਂਝਣੇ ਨੂੰ ਝਲ,
ਝਲਿਆ ਕਰਨਾ ਈ ਵਲਛਲ।
ਤੇ ਹੁਣ ਖੇੜਿਆਂ ਦੇ ਵਲ ਦੇਵੇਂ ਜ਼ੋਰ ਬਾਬਲਾ।
ਮੈਨੂੰ ਖੇੜਿਆਂ ਦੇ ਨਾਲ ਨਾ ਹੁਣ ਟੋਰ ਬਾਬਲਾ।
ਹੋਵੇ ਰਾਂਝਣੇ ਦੇ ਨਾਲ ਕਠੀ ਗੋਰ ਬਾਬਲਾ।

ਫਿਰਦਾ ਮਾਹੀਆਂ ਦੇ ਵਿਚ ਮਾਹੀ,
ਓਹਨੇ ਪਗ ਸਿਰੋਂ ਚਾ ਲਾਹੀ।
ਬਾਹੋਂ ਪਕੜ ਤੇਰੀ ਗੁਮਰਾਹੀ ਦਿਤਾ ਟੋਰ ਬਾਬਲਾ।
ਮੈਨੂੰ ਖੇੜਿਆਂ ਦੇ ਨਾਲ ਨਾ ਹੁਣ ਟੋਰ ਬਾਬਲਾ।
ਹੋਵੇ ਰਾਂਝਣੇ ਦੇ ਨਾਲ ਕਠੀ ਗੋਰ ਬਾਬਲਾ।

ਤੇਰੇ ਹਥ ਮੇਰੀ ਹੈ ਲਜ,
ਪਰਦਾ ਰਾਂਝਣੇ ਦਾ ਕਜ।
ਏਹ ਨਹੀਂ ਜੀਵਨੇ ਦਾ ਹਜ ਪਾਇਓ ਸ਼ੋਰ ਬਾਬਲਾ।
ਮੈਨੂੰ ਖੇੜਿਆਂ ਦੇ ਨਾਲ ਨਾ ਹੁਣ ਟੋਰ ਬਾਬਲਾ।
ਹੋਵੇ ਰਾਂਝਣੇ ਦੇ ਨਾਲ ਕਠੀ ਗੋਰ ਬਾਬਲਾ।

ਤੇਰਾ ਰਾਂਝਾ ਕੀ ਗਵਾਵੇ,
ਫਜਰੇ ਜਾਵੇ ਸ਼ਾਮੀ ਆਵੇ।
ਸਾਰਾ ਮੰਗੂ ਚਾਰ ਲਿਆਵੇ ਸਿਧਾ ਢੋਰ ਬਾਬਲਾ।
ਮੈਨੂੰ ਖੇੜਿਆਂ ਦੇ ਨਾਲ ਨਾ ਹੁਣ ਟੋਰ ਬਾਬਲਾ।
ਹੋਵੇ ਰਾਂਝਣੇ ਦੇ ਨਾਲ ਕਠੀ ਗੋਰ ਬਾਬਲਾ।

ਵੇ ਮੈਂ ਮਰ ਜਾਂ ਭਾਈਆਂ ਖਾਣੀ,
ਤੂੰ ਤੇ ਕਦਰ ਮੇਰੀ ਨਾ ਜਾਣੀ।
ਵੇ ਮੈਂ ਤੇਰੀ ਧੀ ਧਿਆਣੀ ਮੈਂ ਨਹੀਂ ਹੋਰ ਬਾਬਲਾ।
ਮੈਨੂੰ ਖੇੜਿਆਂ ਦੇ ਨਾਲ ਨਾ ਹੁਣ ਟੋਰ ਬਾਬਲਾ।
ਹੋਵੇ ਰਾਂਝਣੇ ਦੇ ਨਾਲ ਕਠੀ ਗੋਰ ਬਾਬਲਾ।

ਮੇਰੀ ਤੇਰੇ ਤੇ ਫਰਿਯਾਦ,
ਕਰਲੈ ਕੌਲ ਜਵਾਨੀ ਯਾਦ।
ਤੈਨੂੰ ਰਬ ਰਖੇ ਦਿਲਸ਼ਾਦ ਨ ਕਰ ਹੋਰ ਬਾਬਲ਼ਾ।
ਮੈਨੂੰ ਖੇੜਿਆਂ ਦੇ ਨਾਲ ਨਾ ਹੁਣ ਟੋਰ ਬਾਬਲਾ।
ਹੋਵੇ ਰਾਂਝਣੇ ਦੇ ਨਾਲ ਕਠੀ ਗੋਰ ਬਾਬਲਾ।

ਵੇ ਮੈਂ ਖੇੜਿਆਂ ਨੂੰ ਅਗ ਲਾਵਾਂ,
ਕਿਉਂ ਨਾ ਬੈਠੀ ਤਖਤ ਹੰਢਾਵਾਂ।
ਤਾਂ ਮੈਂ ਦਿਲੀ ਮੁਰਾਦਾਂ ਪਾਵਾਂ ਜ਼ੋਰ ਬਾਬਲਾ।
ਮੈਨੂੰ ਖੇੜਿਆਂ ਦੇ ਨਾਲ ਨਾ ਹੁਣ ਟੋਰ ਬਾਬਲਾ।
ਹੋਵੇ ਰਾਂਝਣੇ ਦੇ ਨਾਲ ਕਠੀ ਗੋਰ ਬਾਬਲਾ।

ਸੁਣ ਲੈ ਹਮਦਮ ਦੀ ਅਰਜ਼ੋਈ,
ਵੇ ਮੈਂ ਇਸ਼ਕੋਂ ਵੈਹਸ਼ਨ ਹੋਈ।
ਮੇਰਾ ਰਾਂਝੇ ਬਾਝ ਨਾ ਕੋਈ ਸੁਣ ਲੈ ਸ਼ੋਰ ਬਾਬਲਾ।
ਮੈਨੂੰ ਖੇੜਿਆਂ ਦੇ ਨਾਲ ਨਾ ਹੁਣ ਟੋਰ ਬਾਬਲਾ।
ਹੋਵੇ ਰਾਂਝਣੇ ਦੇ ਨਾਲ ਕਠੀ ਗੋਰ ਬਾਬਲਾ।

3. ਹੁਸਨ ਦਾ ਗਰੂਰ

ਐਡਾ ਹੁਸਨ ਦਾ ਗਰੂਰ ਨਹੀਂ ਹਜੂਰ ਚਾਹੀਦਾ।
ਹੈ ਏਹ ਤਬਾ ਦਾ ਫਤੂਰ ਰੈਹਨਾ ਦੂਰ ਚਾਹੀਦਾ।
ਐਡਾ ਹੁਸਨ ਦਾ ਗਰੂਰ ਨਹੀਂ ਹਜੂਰ ਚਾਹੀਦਾ।

ਆਸ਼ਕ ਬਾਝ ਦਮਾਂ ਦੇ ਬਰਦਾ,
ਰੈਹਿੰਦਾ ਜੁਲਮ ਸਿਤਮ ਤੋਂ ਡਰਦਾ।
ਏਹ ਨਹੀਂ ਆਜਿਜਾਂ ਦੇ ਨਾਲ ਦਸਤੂਰ ਚਾਹੀਦਾ।
ਐਡਾ ਹੁਸਨ ਦਾ ਗਰੂਰ ਨਹੀਂ ਹਜੂਰ ਚਾਹੀਦਾ।
ਹੈ ਏਹ ਤਬਾ ਦਾ ਫਤੂਰ ਰੈਹਨਾ ਦੂਰ ਚਾਹੀਦਾ।
ਐਡਾ ਹੁਸਨ ਦਾ ਗਰੂਰ ਨਹੀਂ ਹਜੂਰ ਚਾਹੀਦਾ।

ਜਿਸਦੇ ਨਾਲ ਹੋਵਨ ਮੁੜ ਚਾਰ,
ਦਈਏ ਉਸਨੂੰ ਦਿਦਾਰ।
ਦਿਲਾਂ ਟੁਟਿਆਂ ਨੂੰ ਕਰਨਾ ਨਹੀਂ ਚੂਰ ਚਾਹੀਦਾ।
ਐਡਾ ਹੁਸਨ ਦਾ ਗਰੂਰ ਨਹੀਂ ਹਜੂਰ ਚਾਹੀਦਾ।
ਹੈ ਏਹ ਤਬਾ ਦਾ ਫਤੂਰ ਰੈਹਨਾ ਦੂਰ ਚਾਹੀਦਾ।
ਐਡਾ ਹੁਸਨ ਦਾ ਗਰੂਰ ਨਹੀਂ ਹਜੂਰ ਚਾਹੀਦਾ।

ਜੇਹੜਾ ਰਖੇ ਮਿਨਤ ਜਾਰੀ,
ਓਥੋਂ ਤੋੜੀਏ ਨਾ ਯਾਰੀ।
ਪਾਣਾ ਦੋਸਤੀ ਦੇ ਵਿਚ ਨਹੀਂ ਫਤੂਰ ਚਾਹੀਦਾ।
ਐਡਾ ਹੁਸਨ ਦਾ ਗਰੂਰ ਨਹੀਂ ਹਜੂਰ ਚਾਹੀਦਾ।
ਹੈ ਏਹ ਤਬਾ ਦਾ ਫਤੂਰ ਰੈਹਨਾ ਦੂਰ ਚਾਹੀਦਾ।
ਐਡਾ ਹੁਸਨ ਦਾ ਗਰੂਰ ਨਹੀਂ ਹਜੂਰ ਚਾਹੀਦਾ।

ਜੇਹੜਾ ਦੋਸਤੀ ਨੂੰ ਪਾਲੇ,
ਓਹਨੂੰ ਜਾਣਦੇ ਅਲਾ ਵਾਲੇ।
ਰੈਹਨਾਂ ਦੋਸਤੀ ਦਾ ਖਯਾਲ ਹੈ ਜਰੂਰ ਚਾਹੀਦਾ।
ਐਡਾ ਹੁਸਨ ਦਾ ਗਰੂਰ ਨਹੀਂ ਹਜੂਰ ਚਾਹੀਦਾ।
ਹੈ ਏਹ ਤਬਾ ਦਾ ਫਤੂਰ ਰੈਹਨਾ ਦੂਰ ਚਾਹੀਦਾ।
ਐਡਾ ਹੁਸਨ ਦਾ ਗਰੂਰ ਨਹੀਂ ਹਜੂਰ ਚਾਹੀਦਾ।

ਹਮਦਮ ਵਰਗੇ ਭੋਲੇ ਭਾਲੇ,
ਮਿਲਦੇ ਮੁਸ਼ਕਿਲ ਚਾਹਨ ਵਾਲੇ।
ਇਹੋ ਜਿਹਾ ਨਹੀਂ ਕਦਮਾਂ ਤੋਂ ਦੂਰ ਚਾਹੀਦਾ।
ਐਡਾ ਹੁਸਨ ਦਾ ਗਰੂਰ ਨਹੀਂ ਹਜੂਰ ਚਾਹੀਦਾ।
ਹੈ ਏਹ ਤਬਾ ਦਾ ਫਤੂਰ ਰੈਹਨਾ ਦੂਰ ਚਾਹੀਦਾ।
ਐਡਾ ਹੁਸਨ ਦਾ ਗਰੂਰ ਨਹੀਂ ਹਜੂਰ ਚਾਹੀਦਾ।

4. ਲੈ ਗਏ ਦੀਨ ਈਮਾਨ ਗਿਆਨ ਸਾਡਾ

ਲੈ ਗਏ ਦੀਨ ਈਮਾਨ ਗਿਆਨ ਸਾਡਾ,
ਲੈ ਗਏ ਰਾਜ ਸਾਡਾ ਪਾਈ ਪਾਈ ਲੈ ਗਏ ।
ਅੰਨ ਧਨ ਲੈ ਗਏ ਦੁਧ ਦਹੀਂ ਲੈ ਗਏ,
ਦੁਸ਼ਮਨ ਹੂੰਝ ਕੇ ਸਾਰੀ ਖੁਦਾਈ ਲੈ ਗਏ ।
ਕਣਕ ਚੌਲ ਕਪਾਹ ਨਾ ਘਾਹ ਛੱਡਿਆ,
ਖੱਲਾਂ ਤੀਕ ਵੀ ਲਾਹ ਕੇ ਕਸਾਈ ਲੈ ਗਏ ।
ਦੇਸੀ ਕਫ਼ਨ ਨਹੀਂ ਹੁੰਦਾ ਨਸੀਬ ਹਮਦਮ,
ਕੰਬਲ ਸੁੱਟ ਗਏ, ਲੇਫ ਤਲਾਈ ਲੈ ਗਏ ।

(ਅਧੂਰੀ ਰਚਨਾ)

5. ਕਲਮ ਤੇ ਤਲਵਾਰ

ਉੱਠੀ ਫੇਰ ਕਲਮ, ਉੱਠੀ ਨ੍ਹਾ ਕੇ ਦਵਾਤ ਵਿਚੋਂ,
ਛਿਣਕ ਛੰਡ, ਪੂੰਝ ਕੇ ਤੇ ਪਿੰਡੇ ਨੂੰ ਸਵਾਰਦੀ ।
ਲੀਕ ਉਤੇ ਲੀਕ ਮਾਰੀ, ਲੀਕਾਂ ਲਾਈਆਂ ਪੁੱਜ ਕੇ ਤੇ,
ਪਾਣ ਪੱਤ ਲਾਹੀ ਸਾਰੀ ਤੜੀ ਤਲਵਾਰ ਦੀ ।
ਕਹਿਣ ਲੱਗੀ, 'ਵਿੰਗ ਚਿੱਬੀ, ਉਚੀ ਨੀਵੀਂ ਬੋਲਨੀ ਏ,
ਅਦਬ ਤੇ ਲਿਹਾਜ਼ ਸਾਰ ਨਹੀਂ ਗੁਫ਼ਤਾਰ ਦੀ ।
ਦਫ਼ਤਰਾਂ ਦੇ ਦਫ਼ਤਰਾਂ ਨੇ ਆਣ ਕੇ ਗਵਾਹੀ ਦਿੱਤੀ,
ਕਲਮ ਪਹਿਲੇ ਰੋਜ਼ ਤੋਂ ਹੈ ਆਂਵਦੀ ਨ ਸਾਹਮਣੇ ਤੂੰ,
ਚੱਲੀ ਜਿੱਥੇ ਕਲਮ, ਨਹੀਂ ਜਾ ਤਲਵਾਰ ਦੀ ।'

(ਅਧੂਰੀ ਰਚਨਾ)

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ