Punjabi Kavita
  

Punjabi Poetry Lala Kirpa Sagar

ਪੰਜਾਬੀ ਕਵਿਤਾ ਲਾਲਾ ਕਿਰਪਾ ਸਾਗਰ

1. ਵਗਦੀ ਏ ਰਾਵੀ, ਮਾਹੀ ਵੇ

ਵਗਦੀ ਏ ਰਾਵੀ, ਮਾਹੀ ਵੇ, ਵਿਚ ਪੈਣ ਉਛਾਲੇ, ਢੋਲਾ
ਲੋਕਾਂ ਫੜ ਲਏ, ਮਾਹੀ ਵੇ, ਹੁਣ ਉਲਟੇ ਚਾਲੇ, ਢੋਲਾ
ਭਾਈਆਂ ਭਾਈਆਂ, ਮਾਹੀ ਵੇ, ਵਿਚ ਪਿਆ ਦੋਫੇੜਾ, ਢੋਲਾ
ਵੈਰ ਨਾ ਘਰ ਘਰ, ਮਾਹੀ ਵੇ, ਕੋਈ ਜਿਹਾ ਨਾ ਵਿਹੜਾ, ਢੋਲਾ
ਆਪੋੜਤਾਂ, ਮਾਹੀ ਵੇ, ਹੁਣ ਰਿਹਾ ਨਾ ਕਾਈ, ਢੋਲਾ
ਨਵਿਆਂ ਪੋਚਾਂ, ਮਾਹੀ ਵੇ, ਗੱਲ ਸਗੋਂ ਗਵਾਈ, ਢੋਲਾ
ਆਪਣੀ ਬੋਲੀ, ਮਾਹੀ ਵੇ, ਕੋਈ ਬੋਲ ਨਾ ਜਾਣੇ, ਢੋਲਾ
ਸਵਾਦ ਨਾ ਲਗਦੇ, ਮਾਹੀ ਵੇ, ਵਰਤਾਰ ਪੁਰਾਣੇ, ਢੋਲਾ
ਠਾਠ ਕਦੀਮੀ, ਮਾਹੀ ਵੇ, ਹੋਏ ਢੈ ਢੇਰੀ, ਢੋਲਾ
ਨਵੀਂ ਪਨੀਰੀ, ਮਾਹੀ ਵੇ, ਹੁਣ ਸ਼ਾਨ ਵਧੇਰੀ, ਢੋਲਾ
ਸਜੇ ਅਰਾਕੀ, ਮਾਹੀ ਵੇ, ਪਾ ਛੱਟ ਪਲਾਣੇ, ਢੋਲਾ
ਚਾਲ ਬੇਤਾਲੀ, ਮਾਹੀ ਵੇ, ਦਿਲ ਮਨੋਹਾਣੇ, ਢੋਲਾ
ਕਹਿਣ ਜੁਆਨੀ, ਮਾਹੀ ਵੇ, ਹੁਣ ਜ਼ੋਰ ਧਿੰਗਾਣੇ, ਢੋਲਾ
ਨਾ ਉਹ ਸੌਂਚੀ, ਮਾਹੀ ਵੇ, ਨਾ ਬੁਗਦਰ ਚਾਣੇ, ਢੋਲਾ
ਨਵੇਂ ਪੜ੍ਹਾਕੂ, ਮਾਹੀ ਵੇ, ਕਿਹਾ ਛੈਲ ਛਬੀਲੇ ! ਢੋਲਾ
ਅੱਖੀਂ ਐਣਕ, ਮਾਹੀ ਵੇ, ਰੰਗ ਸਾਵੇ ਪੀਲੇ, ਢੋਲਾ
ਬਾਹਵਾਂ ਤੀਲੇ, ਮਾਹੀ ਵੇ, ਗੱਲ੍ਹਾਂ ਵਿਚ ਟੋਏ, ਢੋਲਾ
ਸਾਹ ਸਤ ਹੈ ਨਹੀਂ, ਮਾਹੀ ਵੇ, ਪਰ ਬੋਲ ਨਰੋਏ, ਢੋਲਾ
ਪੁਤ ਗਿਠ-ਮੁਠੀਏ, ਮਾਹੀ ਵੇ, ਹੁਣ ਜੰਮਣ ਮਾਵਾਂ, ਢੋਲਾ
ਸੁਖੀਏ ਭੋਗਣ, ਮਾਹੀ ਵੇ, ਮੋਠਾਂ ਦੀਆਂ ਛਾਵਾਂ, ਢੋਲਾ
ਹੱਥ ਹਿਲਾ ਕੇ, ਮਾਹੀ ਵੇ, ਕਿਸ ਬੁਰਕੀ ਲੈਣੀ, ਢੋਲਾ
ਸਦਾ ਮੁਥਾਜੀ, ਮਾਹੀ ਵੇ, ਗੱਲ ਭੈੜੀ-ਏਨੀ, ਢੋਲਾ
ਹਰੀ ਸਿੰਘ ਨਲੂਏ, ਮਾਹੀ ਵੇ, ਸੁਣ ਮੁਹਕਮ ਚੰਦਾ, ਢੋਲਾ
ਦਿਸੇ ਨਾ ਮੈਨੂੰ, ਮਾਹੀ ਵੇ, ਤੇਰੇ ਜਿਹਾ ਬੰਦਾ, ਢੋਲਾ
ਲਹਿਣਾ ਸਿੰਘਾ ! ਮਾਹੀ ਵੇ, ਤੂੰ ਕਲਾਂ ਬਣਾਈਆਂ, ਢੋਲਾ
ਕਿਥੇ ਗਈਆਂ, ਮਾਹੀ ਵੇ, ਉਹ ਅਕਲ ਦਨਾਈਆਂ, ਢੋਲਾ
ਇਲਾਹੀ ਬਖ਼ਸ਼ਾ ! ਮਾਹੀ ਵੇ, ਤੇਰੀ ਜਰਨੈਲੀ, ਢੋਲਾ
ਹਾਏ ! ਮੇਰੀ ਕਿਸਮਤ, ਮਾਹੀ ਵੇ, ਕਿਉਂ ਹੋ ਗਈ ਮੈਲੀ, ਢੋਲਾ ?
ਗਈਆਂ ਹਿੰਮਤਾਂ, ਮਾਹੀ ਵੇ, ਤੇ ਹਿੰਮਤਾਂ ਵਾਲੇ, ਢੋਲਾ
ਨਾ ਉਹ ਸ਼ਕਲਾਂ, ਮਾਹੀ ਵੇ, ਨਾ ਸ਼ਕਲਾਂ ਵਾਲੇ, ਢੋਲਾ।

2. ਵਤਨ ਦਾ ਪਿਆਰ ਜੀਵਨ ਹੈ

ਵਤਨ ਦਾ ਪਿਆਰ ਜੀਵਨ ਹੈ, ਵਤਨ ਤ੍ਰੇਹ ਕਰਮ ਹੈ ਅਪਣਾ ।
ਵਤਨ ਲਈ ਜਾਨ ਦੇ ਦੇਣਾ, ਬਸ ਇਕੋ ਧਰਮ ਹੈ ਅਪਣਾ ।

ਢੰਡੋਰਾ ਦੇ ਦਿਓ ਹਰ ਥਾਂ, ਵਤਨ ਦਿਆਂ ਸਿਰਫ਼ਰੋਸ਼ਾਂ ਨੂੰ,
ਆਓ ਲੈ ਲਓ ਸੁਤੰਤਰਤਾ, ਬਜ਼ਾਰ ਹੁਣ ਗਰਮ ਹੈ ਅਪਣਾ ।

ਪਵਿਤ੍ਰ ਲਹੂ ਵਗਾ ਧੋ ਲਓ, ਦਿਲੋਂ ਆਧੀਨਗੀ ਮੈਲੀ,
ਛੁਟੇਗਾ ਫਿਰ ਮੁਥਾਜੀ ਦਾ, ਜੋ ਦਿਲ ਤੇ ਵਰਮ ਹੈ ਅਪਣਾ ।

ਸਵਰਗ ਦੀ ਲੋੜ ਨਹੀਂ ਮੈਨੂੰ, ਮੁਥਾਜੀ ਤੋਂ ਜੋ ਮਿਲਦੀ ਹੈ,
ਸੁਤੰਤਰ ਜੀ ਲਈ ਦੋਜ਼ਖ਼, ਵੀ ਬਾਗ਼ੇ ਅਰਮ ਹੈ ਅਪਣਾ ।

3. ਹਰਣਾ ! ਫਿਰਨਾ ਏਂ ਸਿੰਙ ਉਛਾਲਦਾ

ਹਰਣਾ ! ਫਿਰਨਾ ਏਂ ਸਿੰਙ ਉਛਾਲਦਾ ।
ਏਥੇ ਸੰਗ ਨਹੀਓਂ ਤੇਰੇ ਨਾਲ ਦਾ ।

ਜਾ ਬੀਬਾ ਹਰਣਾ ਤੂੰ ਪਰ੍ਹੇ ਵੇ ਪ੍ਰੇਰੇ,
ਫਿਰਨਾ ਏਂ ਭੌਂਦਾ ਤੂੰ ਵੈਰੀ ਦੇ ਡੇਰੇ,
ਲਗੀਆਂ ਨੇ ਫਾਹੀਆਂ ਤੂੰ ਜਾਹ ਨਾ ਅਗੇਰੇ,
ਰਾਖਾ ਤੂੰ ਆਪਣੇ ਹਾਲ ਦਾ ।

ਭਜ ਸੋਹਣਿਆਂ ਹਰਣਾ ਤੂੰ ਇਕ ਚੁੰਗੀ ਲਾ ਕੇ,
ਮਾਰਿਆ ਬੇਦੋਸ਼ਾ ਨਾ ਜਾਏਂ ਧੋਖਾ ਖਾ ਕੇ,
ਵੈਰੀ ਖਲੇ ਰਾਹੀਂ ਸ਼ਗਨ ਮਨਾ ਕੇ,
ਵੇਖੋ ਕੀ ਬਣਦਾ ਈ ਫਾਲ ਦਾ ।

ਜੀਉ ਵੇ ਤੂੰ ਹਰਣਾ ਤੂੰ ਮਾਣ ਜਵਾਨੀ,
ਫੱਟੀ ਹੋਈ ਹਰਣੀ ਦੀ ਸੁਣ ਵੇ ਕਹਾਣੀ,
ਦੱਸਦੀ ਆਂ ਗੱਲ ਜਿਹੜੀ ਹੱਡ ਵਰਤਾਨੀ,
ਵੈਰੀ ਫਿਰੇ ਤੈਨੂੰ ਭਾਲਦਾ ।

ਜੀਉ ਬੀਬਾ ਹਰਣਾ ਮੈਂ ਦਿਆਂ ਵੇ ਅਸੀਸਾਂ,
ਜੀਓ ਸੁਖੀਂ-ਲਧਿਆ ਤੂੰ ਲੱਖ ਬਰੀਸਾਂ,
ਤੇਰੇ ਬਾਂਕੇ ਨੈਣਾਂ ਦੀਆਂ ਨਹੀਉਂ ਵੇ ਰੀਸਾਂ,
ਡਾਰਾਂ ਦਾ ਤੂੰ ਅੰਗ ਪਾਲਦਾ ।

ਭਜ ਜਾ ਵੇ ਭਜ ਜਾ ਤੂੰ ਹੋ ਜਾ ਵੇ ਰਾਹੀ,
ਭੌਂਕਣ ਪਏ ਕੁੱਤੇ ਤੂੰ ਦੇਵੀਂ ਨਾ ਡਾਹੀ,
ਮਰਨ ਸ਼ਿਕਾਰੀ ਤੇ ਸੜ ਜਾਏ ਫਾਹੀ,
ਲਹਿ ਜਾਏ ਪਾਲਾ ਸਿਆਲ ਦਾ ।

ਜਾ ਵੇ ਸੰਭਾਲੀਂ ਹਰਨਾਂ ਆਪਣੀਆਂ ਡਾਰਾਂ,
ਜੂਹਾਂ ਨੀ ਖੁਲ੍ਹੀਆਂ ਤੇ ਖਲੀਆਂ ਜਵਾਰਾਂ,
ਰੋ ਕੇ ਨੀ ਰਾਹ ਤੇਰੇ ਚੋਰਾਂ ਚਕਾਰਾਂ,
ਵੈਰੀ ਫਿਰੇ ਅੱਗ ਬਾਲਦਾ ।

ਫਿਰਦੇ ਸ਼ਿਕਾਰੀ ਨੀ ਛੁਰੀਆਂ ਘੜਾਂਦੇ,
ਸਾਂਗਾਂ ਨੂੰ ਮਾਂਜਣ, ਕਮਾਨਾਂ ਕਸਾਂਦੇ,
ਖੋਟੀਆਂ ਨੀਤਾਂ ਮਾਸੂਮਾਂ ਨੂੰ ਫਾਂਹਦੇ,
ਧੋਖਾ ਨਾ ਖਾਈਂ ਤੂੰ ਜਾਲ ਦਾ ।

ਵੜ ਖੱਡੀਂ ਦਿਨ ਨੂੰ ਨਵੇਕਲੇ ਘੁਰਨੇ,
ਹਰਨਾਂ ਨੂੰ ਪੈਂਦੇ ਤਰਕਾਲੀਂ ਵੇ ਟੁਰਨੇ,
ਹੱਛੇ ਨ ਲਗਦੇ ਜਵਾਨਾਂ ਨੂੰ ਝੁਰਨੇ,
ਬਹਿ ਜਾਣਾ ਦਾਰੂ ਭੁਚਾਲ ਦਾ ।

ਵੇਖ ਚੁਫੇਰੇ ਰੱਬ ਦਿੱਤੀਆਂ ਨੀ ਅੱਖਾਂ,
ਨੱਸ ਫਾਹੀਆਂ ਛੱਡ ਤੈਨੂੰ ਸਾਈਂ ਦੀਆਂ ਰੱਖਾਂ,
ਉੱਦਮ ਨਾ ਛੱਡੀਂ ਤੇ ਰਸਤੇ ਨੀ ਲੱਖਾਂ,
ਰੰਗ ਵਖਾਈਂ ਆਪਣੀ ਚਾਲ ਦਾ ।

ਵਾਹ ! ਸੋਹਣਿਆਂ ਹਰਨਾ ਤੂੰ ਚੁਸਤ ਸਰੀਰੋਂ,
ਸਿੰਗਾਂ ਨੂੰ ਅੜਨ ਦਾ ਖੌਫ਼ ਕਰੀਰੋਂ,
ਅੜਥਾਂ ਨੂੰ ਜਿਤੀਏ ਨਾ ਬਿਨ ਤਦਬੀਰੋਂ,
ਆਸਰਾ ਓਸ ਅਕਾਲ ਦਾ ।

ਹੱਸੋ ਸ਼ਿਕਾਰੀਓ, ਲਵੋ ਵੇ ਵਧਾਈਆਂ,
ਹਰਨਾਂ ਨੂੰ ਰਾਹ ਜਾਂਦੇ ਪਾਵੋ ਵੇ ਫਾਹੀਆਂ,
ਜ਼ੁਲਮਾਂ ਤੁਹਾਡਿਆਂ ਨੇ ਅੱਤਾਂ ਵੇ ਚਾਈਆਂ,
ਪੈ ਜਾਵੇ ਵੇ ਸਬਰ ਕੰਗਾਲ ਦਾ ।

4. ਵਾਹ ਪਾਣੀ ਜਿਹਲਮੇ ਦਾ ਵਗਦਾ ਹੋ !

ਵਾਹ ਪਾਣੀ ਜਿਹਲਮੇ ਦਾ ਵਗਦਾ ਹੋ !
ਵਗਦਾ ਰਗਦਾ ਵਾਹਵਾ ਸੋਹਣਾ ਲਗਦਾ,
ਪੀਲੜੇ ਵਹਿਣ ਦਾ ਛਣਕਣਾ ਛੋਹ ।

ਸ਼ਾਂ ਸ਼ਾਂ ਸ਼ੂੰ ਸ਼ੂੰ, ਠਾਂ ਠਾਂ ਠੂੰ ਠੂੰ, ਫਾਂ ਫਾਂ ਫੂੰ ਫੂੰ, ਘਾਂ ਘਾਂ ਘੂੰ ਘੂੰ,
ਡਿਗ ਡਿਗ ਘੰਮ ਘੰਮ, ਕਰੇ ਪਿਆ ਝਮ ਝਮ,
ਥਮ ਥਮ ਛਮ ਛਮ ਭਰਦਾ ਚੌ;
ਰਮ ਰਮ ਸੰਮ ਸੰਮ ਕਰੇ ਪਿਆ ਹਮ ਹਮ,
ਜਮ ਜਮ ਦਮ ਦਮ ਬਦਲੇ ਰੌ;
ਵਾਹ ਪਾਣੀ ਜਿਹਲਮੇ ਦਾ ਵਗਦਾ ਹੋ !

ਉਠ ਉਠ ਬਹਿ ਬਹਿ, ਟੁਰ ਟੁਰ ਰਹਿ ਰਹਿ,
ਕੰਢਿਆਂ ਤੇ ਖਹਿ ਖਹਿ, ਕਰੇ ਓ ਗਰਾਹ,
ਤ੍ਰੈਹ ਤ੍ਰੈਹ ਛੈਹ ਛੈਹ, ਰਾਤ ਦਿਨ ਵਹਿ ਵਹਿ,
ਹਡ-ਬੀਤੀ ਕਹਿ ਕਹਿ, ਬੇਪਰਵਾਹ,
ਰੇੜ੍ਹਵਾਂ ਖੇੜਵਾਂ, ਗੜ ਗੜ ਗੇੜਵਾਂ, ਧਰਤ-ਉਚੇੜਵਾਂ ਵੇੜ੍ਹਵਾਂ ਹੋ
ਭੇੜਵਾਂ ਛੇੜਵਾਂ ਕਲਹਿ ਸਹੇੜਵਾਂ, ਤਰ੍ਹੇੜਵਾਂ ਬੜਾ ਦੁਫੇੜਵਾਂ ਹੋ
ਵਾਹ ਪਾਣੀ ਜਿਹਲਮੇ ਦਾ ਵਗਦਾ ਹੋ !

5. ਮੇਰਾ ਬਾਜ਼ ਖਲੋਤਾ ਈ ਥਕਿਆ

ਮੇਰਾ ਬਾਜ਼ ਖਲੋਤਾ ਈ ਥਕਿਆ,
ਕੁੱਤਾ ਰੋਟੀ ਨਾ ਖਾਂਦਾ ਈ ਅਕਿਆ,
ਦਿਲ ਵਿਚ ਫੋੜਾ ਦੁਖਾਂ ਦਾ ਈ ਪਕਿਆ,
ਅੱਲੇ ਦੁੱਖਦੇ ਨੀ ਘਾਹ ਚੀਸਾਂ ਮਾਰ ।

ਘੋੜਾ ਬੱਧਾ ਤਬੇਲੇ ਦੇ ਵਿਚ ਜੇ,
ਪਠੇ ਖਾਵੇ ਨਹੀਂ ਡਾਹਡਾ ਜਿਚ ਜੇ,
ਸਿਰ ਤੇ ਹੋਣੀ ਖਲੀਂ ਵਾਗਾਂ ਖਿਚ ਜੇ,
ਕੀਕਣ ਲਾਹਵਾਂ ਮੈਂ ਦਿਲ ਦਾ ਬੁਖਾਰ ।

ਪੰਛੀ ਮੰਗਲ ਕਰਨ ਵਿਚ ਜੰਗਲਾਂ,
ਮੈਨੂੰ ਦਿਲ ਵਿਚ ਪੈਣ ਉਦੰਗਲਾਂ,
ਵੇਖਾਂ ਟੁਟਣ ਕਦੋਂ ਮੇਰੀਆ ਸੰਗਲਾਂ,
ਮੁੜਕੇ ਵੇਖਾਂ ਮੈਂ ਉਹੋ ਬਹਾਰ ।

ਅੰਮ੍ਰਿਤ ਮਯ ਜੂਹਾਂ ਹਰੀਆਂ ਸੁਹਾਣੀਆਂ,
ਪਿਆਰੀਆਂ ਮੋਰਾਂ ਚਕੋਰਾਂ ਦੀਆਂ ਬਾਣੀਆਂ
ਦਿਲ ਦੀਆਂ ਹਰ ਲੈਣ ਪਾਪ ਗਲਾਨੀਆਂ,
ਦੇਵਣ ਮਾਨਸ ਜਨਮ ਸੁਧਾਰ ।