Punjabi Poems/Geet Lal : Chand Yamla Jatt

ਪੰਜਾਬੀ ਕਵਿਤਾਵਾਂ/ਗੀਤ : ਲਾਲ ਚੰਦ ਯਮਲਾ ਜੱਟ

1. ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ

ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ
ਨੀਝਾਂ ਲਾ ਲਾ ਵੇਂਹਦੀ ਦੁਨੀਆਂ ਸਾਰੀ ਏ

ਭੁਲ ਭੁਲੇਖੇ ਮੁੜਕੇ ਫੇਰਾ ਪਾ ਜਾਵੀਂ
ਚਾਰੇ ਕੂਟ ਹਨੇਰਾ ਜੋਤ ਜਗਾ ਜਾਵੀਂ
ਬਾਣੀ ਦੇ ਥਾਂ ਫ਼ੈਸ਼ਨ ਚੜ੍ਹੀ ਖ਼ੁਮਾਰੀ ਏ
ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ

ਕੌਡੇ ਨਾਲੋਂ ਵਧ ਕੇ ਹੁਣ ਵੀ ਰਾਖਸ਼ ਨੇ
ਕੂੜ ਕਮਾਂਦੇ ਫਿਰਦੇ ਝੂਠੇ ਆਸ਼ਕ ਨੇ
ਛੱਡ ਜਾਣਾ ਨਿਹੁੰ ਲਾ ਕੇ ਕੀ ਦਿਲਦਾਰੀ ਏ ?
ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ

ਤੇਰੇ ਲੇਖੇ ਬੰਦੇ ਆਦਮ ਖਾਣੇ ਨੇ
ਸੱਜਣ ਨਾਲੋਂ ਵਧ ਕੇ ਠੱਗ ਸਿਆਣੇ ਨੇ
ਸਧਨੇ ਦੇ ਹੱਥ ਮੁੜਕੇ ਫੜੀ ਕਟਾਰੀ ਏ
ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ

ਭਾਗੋ ਵਰਗਿਆਂ ਲੋਕਾਂ ਲੁੱਟ ਮਚਾਈ ਏ
ਹੱਕ ਬਿਗਾਨਾ ਖਾਣਾ ਕੀ ਵਡਿਆਈ ਏ
ਅੱਜ ਉਹ ਮੌਜ ਉਡਾਵੇ ਜੋ ਹੰਕਾਰੀ ਏ
ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ

ਤੂੰ ਸੁਖੀਆਂ ਦੀ ਖੇਤੀ ਹੱਲ ਚਲਾਂਦਾ ਸੈਂ
ਦਸਾਂ ਨਵ੍ਹਾਂ ਦੀ ਕਿਰਤ ਕਮਾਈ ਖਾਂਦਾ ਸੈਂ
ਤਾਹੀਉਂ ਤੇਰੀ ਸ਼ੋਭਾ ਹਰ ਥਾਂ ਭਾਰੀ ਏ
ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ

'ਜੱਟ' ਦੀ ਤਾਰ ਦੀਵਾਨੀ ਪਈ ਕੁਰਲਾਂਦੀ ਏ
ਆ ਦੁਨੀਆਂ ਦੇ ਵਾਲੀ ਤਰਲੇ ਪਾਂਦੀ ਏ
ਵਿਚ ਵਿਛੋੜੇ ਤੇਰੇ ਇਹ ਦੁਖਿਆਰੀ ਏ
ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ

ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ
ਨੀਝਾਂ ਲਾ ਲਾ ਵੇਂਹਦੀ ਦੁਨੀਆਂ ਸਾਰੀ ਏ

2. ਸਤਿਗੁਰ ਨਾਨਕ ਆ ਜਾ ਸੰਗਤ ਪਈ ਪੁਕਾਰਦੀ

ਸਤਿਗੁਰ ਨਾਨਕ ਆ ਜਾ ਸੰਗਤ ਪਈ ਪੁਕਾਰਦੀ
ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ

ਜੇਲ੍ਹਾਂ ਵਿੱਚ ਜਾ ਕੇ ਦੁਖੀਆਂ ਦਾ ਤੂੰ ਦੁੱਖ ਨਿਵਾਰਿਆ
ਤੂੰ ਕਰਮ ਕਮਾਇਆ ਐਸਾ ਡੁੱਬਿਆਂ ਨੂੰ ਤਾਰਿਆ
ਤੂੰ ਆਕੜ ਭੰਨੀਂ ਦਾਤਾ ਬਾਬਰ ਸਰਕਾਰ ਦੀ
ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ

ਪਰਬਤ ਨੂੰ ਪੰਜਾ ਲਾ ਕੇ ਤੂੰ ਡਿਗਦਾ ਅਟਕਾ ਲਿਆ
ਵਲੀਆਂ ਦੇ ਵਲ ਛਲ ਕੱਢ ਕੇ ਤੂੰ ਰਾਹੇ ਪਾ ਲਿਆ
ਤੇਰੀ ਬਾਣੀ ਦੇ ਵਿਚ ਬਾਬਾ ਹਰ ਬਾਤ ਵਿਚਾਰ ਦੀ
ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ

ਔਹ ਪੰਜਾ ਤੇ ਨਨਕਾਣਾ ਨਜ਼ਰਾਂ ਤੋਂ ਦੂਰ ਨੇ
ਤੇਰੀ ਦੀਦ ਦੀ ਖ਼ਾਤਿਰ ਬਾਬਾ ਅੱਖੀਆਂ ਮਜ਼ਬੂਰ ਨੇ
'ਯਮਲੇ ਜੱਟ' ਦੀ ਤੂੰ ਬੀ ਤੈਨੂੰ ਵਾਜਾਂ ਮਾਰਦੀ
ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ

ਸਤਿਗੁਰ ਨਾਨਕ ਆ ਜਾ
ਦੁਨੀਆਂ ਨੂੰ ਦੀਦ ਦਿਖਾ ਸੰਗਤ ਪਈ ਪੁਕਾਰਦੀ
ਤੇਰੇ ਹੱਥ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ

3. ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ

ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ
ਨਾਨਕੀ ਨੂੰ ਮਾਣ ਤੇਰਾ ਤ੍ਰਿਪਤਾ ਨੂੰ ਚਾਅ ਵੇ

ਬੁੱਢੇ ਜੇਹੇ ਬਾਪ ਤੈਨੂੰ ਚਾਅਵਾਂ ਨਾਲ ਪਾਲਿਆ
ਸੁੰਦਰ ਜੁਆਨੀ ਵਿਚ ਬਚਪਨ ਢਾਲਿਆ
ਪਿਤਾ ਦੇ ਕਲੇਜੇ ਨੂੰ ਵੀ ਠੋਕਰਾਂ ਨਾ ਲਾ ਵੇ
ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ

ਅੰਮੀਂ ਦੀਆਂ ਸੱਧਰਾਂ ਹੋਈਆਂ ਨਹੀਂਉਂ ਪੂਰੀਆਂ
ਭੈਣ ਦੀਆਂ ਆਸਾਂ ਅਜੇ ਪਈਆਂ ਨੀ ਅਧੂਰੀਆਂ
ਪਾ ਨਾ ਵਿਛੋੜਾ ਮੇਰਾ ਦਿਲ ਨਾ ਦੁਖਾ ਵੇ
ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ

ਵੇ ਛੋਟੇ ਛੋਟੇ ਬਾਲ ਤੇਰੇ ਹੰਝੂ ਪਏ ਨੀ ਡੋਲ੍ਹਦੇ
ਪਿਤਾ ਕਿੱਥੇ ਚੱਲਿਆ ਏ ਅੰਮੀਂ ਤਾਈਂ ਬੋਲਦੇ
ਲਿਖੀ ਏ ਜੋ ਲੇਖਾਂ ਵਿਚ ਕਰਦਾ ਖ਼ੁਦਾ ਵੇ
ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ

ਹੱਸ ਮੁੱਖੋਂ ਬਾਬਾ ਜੀ ਸਭ ਨੂੰ ਉਚਾਰਦੇ
ਝੂਠੇ ਨੇ ਪਿਆਰ ਏਥੇ ਕੁੱਲ ਸੰਸਾਰ ਦੇ
ਸੁਣ ਕੇ ਸੁਲੱਖਣੀ ਨੂੰ ਹੋ ਗਿਆ ਸ਼ੁਦਾ ਵੇ
ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ

ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ
ਨਾਨਕੀ ਨੂੰ ਮਾਣ ਤੇਰਾ ਤ੍ਰਿਪਤਾ ਨੂੰ ਚਾਅ ਵੇ

4. ਮੇਰਿਆ ਵੀਰਾ ਸ਼ਾਹੀ ਫ਼ਕੀਰਾ ਨਾਨਕ ਵੀਰਾ ਵੇ

ਭੈਣ ਨਾਨਕੀ ਵੀਰ ਦੀ ਤਾਂਘ ਅੰਦਰ
ਹੋ ਗਈ ਸੁੱਕ ਕੇ ਵਾਂਗਰਾਂ ਲੱਕੜੀ ਏ
ਮੋਤੀ ਹੰਝੂਆਂ ਦੇ ਅੱਖੋਂ ਕਿਰਨ ਲੱਗ ਪਏ
ਛਲਕੀ ਦਿਲੋਂ ਪਿਆਰ ਦੀ ਸੱਚਰੀ ਏ

ਬੰਦੇ ਬੰਦੇ ਦੀ ਜੇਹੜੀ ਪੁਆ ਗਿਆ ਸੈਂ
ਵੇ ਗਈ ਖੁਲ੍ਹ ਅੱਜ ਉਹ ਗਲਵੱਕੜੀ ਏ
ਉਜੜੇ ਖੇਤ ਵਸਾਵਣੇ ਵਾਲਿਆ ਵੇ
ਕਿ ਧਰਤੀ ਫੇਰ ਪੁਕਾਰਦੀ ਰੱਕੜੀ ਏ

ਅੱਖੀਆਂ ਦੇ ਵਿਚ ਨਚਦੇ ਫਿਰਦੇ ਤੇਰੇ ਚੋਜ ਨਿਰਾਲੇ
ਨੂਰੀ ਮੁੱਖੜਾ ਫੇਰ ਵਿਖਾ ਜਾ ਕਹਿੰਦੇ ਨਾਗ ਨੇ ਕਾਲੇ
ਦਿਲ ਤੇ ਪਿਆਰ ਦੀਆਂ ਜੋਤਾਂ ਫੇਰ ਜਗਾ
ਮੇਰਿਆ ਵੀਰਾ ਸ਼ਾਹੀ ਫ਼ਕੀਰਾ ਨਾਨਕ ਵੀਰਾ ਵੇ
ਕਦੀ ਤੇ ਫੇਰਾ ਪਾ ਆ ਜਾ ਵੀਰਾ ਵੇ ਕਦੀ ਤੇ ਫੇਰਾ ਪਾ

ਅੱਜ ਤੇਰੀ ਤਲਵੰਡੀ ਵੀਰਾ ਤੈਨੂੰ ਪਈ ਪੁਕਾਰੇ
ਮੱਝੀਂ ਵੇਖਣ ਚੁਕ ਚੁਕ ਬੂਥੇ ਸਾਨੂੰ ਕਿਹੜਾ ਚਾਰੇ
ਦਿਲ ਦਿਆਂ ਜ਼ਖ਼ਮਾਂ ਤੇ ਆ ਪਿਆਰ ਦੀਆਂ ਮਰ੍ਹਮਾਂ ਲਾ
ਮੇਰਿਆ ਵੀਰਾ ਸ਼ਾਹੀ ਫ਼ਕੀਰਾ ਨਾਨਕ ਵੀਰਾ ਵੇ
ਕਦੀ ਤੇ ਫੇਰਾ ਪਾ ਆ ਜਾ ਵੀਰਾ ਵੇ ਕਦੀ ਤੇ ਫੇਰਾ ਪਾ

ਸੱਚੇ ਸੌਦੇ ਕਰਦਾ ਫਿਰਦੈਂ (ਫਿਰਨੈਂ) ਰਲ ਕੇ ਨਾਲ ਫ਼ਕੀਰਾਂ
ਭੁੱਖਿਆਂ ਤਾਈਂ ਫੇਰ ਖਲਾ ਜਾ ਪੂਰੇ ਹਲਵੇ ਖੀਰਾਂ
ਮੋਦੀ ਖਾਨੇ ਨੂੰ ਆ ਕੇ ਫੇਰ ਲੁਟਾ
ਮੇਰਿਆ ਵੀਰਾ ਸ਼ਾਹੀ ਫ਼ਕੀਰਾ ਨਾਨਕ ਵੀਰਾ ਵੇ
ਕਦੀ ਤੇ ਫੇਰਾ ਪਾ ਆ ਜਾ ਵੀਰਾ ਵੇ ਕਦੀ ਤੇ ਫੇਰਾ ਪਾ

5. ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ

ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ
ਜੋ ਅੱਲੜ੍ਹਪੁਣੇ ਵਿਚ ਲਾਈਆਂ ਤੋੜ ਨਿਭਾਵੀਂ ਵੇ

ਹੰਸ ਹੰਸਣੀ ਵਾਂਗੂੰ ਚੰਨਾਂ ਤੇਰਾ ਮੇਰਾ ਜੋੜਾ
ਤੇਰੇ ਬਾਝੋਂ ਸੁਹਲ ਚਕੋਰੀ ਕੀਕੂੰ ਸਹਾਂ ਵਿਛੋੜਾ
ਚੰਨ ਹੋ ਅੱਖੀਆਂ ਤੋਂ ਉਹਲੇ ਨਾ ਤੜਪਾਵੀਂ ਵੇ
ਜੋ ਅੱਲੜ੍ਹਪੁਣੇ ਵਿਚ ਲਾਈਆਂ ਤੋੜ ਨਿਭਾਵੀਂ ਵੇ

ਮੈਂ ਤੇਰੀ ਤੂੰ ਮੇਰਾ…
ਪਿਆਰ ਤੇਰੇ ਵਿਚ ਸੁਣ ਵੇ ਜੱਟਾ ਮੈਂ ਹੋ ਗਈ ਦੀਵਾਨੀ
ਅੱਗੇ ਜ਼ਖ਼ਮ ਬਥੇਰੇ ਦਿਲ ਤੇ ਹੋਰ ਨਾ ਮਾਰੀਂ ਕਾਨੀ
ਮੈਨੂੰ ਜ਼ਖ਼ਮ ਵਿਛੋੜਾ ਤੇਰਾ ਮਰ੍ਹਮਾਂ ਲਾਵੀਂ ਵੇ
ਜੋ ਅੱਲੜ੍ਹਪੁਣੇ ਵਿਚ ਲਾਈਆਂ ਤੋੜ ਨਿਭਾਵੀਂ ਵੇ
ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ
ਜੋ ਅੱਲੜ੍ਹਪੁਣੇ ਵਿਚ ਲਾਈਆਂ ਤੋੜ ਨਿਭਾਵੀਂ ਵੇ

6. ਦੱਸ ਮੈਂ ਕੀ ਪਿਆਰ ਵਿਚੋਂ ਖੱਟਿਆ

ਦੱਸ ਮੈਂ ਕੀ ਪਿਆਰ ਵਿਚੋਂ ਖੱਟਿਆ
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ

ਇਸ਼ਕ ਵਾਲੇ ਪਾਸੇ ਦੀਆਂ ਨਰਦਾਂ ਖਲਾਰ ਕੇ
ਜਿੱਤ ਗਈ ਏਂ ਤੂੰ ਅਸੀਂ ਬਹਿ ਗਏ ਬਾਜ਼ੀ ਹਾਰ ਕੇ
ਮੈਨੂੰ ਵੇਖ ਕਮਜ਼ੋਰ ਤੇਰਾ ਚੱਲ ਗਿਆ ਜ਼ੋਰ
ਤਾਹੀਂ ਮੂੰਹ ਤੂੰ ਸੱਜਣ ਤੋਂ ਵੱਟਿਆ
ਦੱਸ ਮੈਂ ਕੀ ਪਿਆਰ ਵਿਚੋਂ ਖੱਟਿਆ

ਆਸ਼ਕਾਂ ਦਾ ਕੰਮ ਹੁੰਦੈ ਲਾ ਕੇ ਨਿਭਾਣ ਦਾ
ਜਿਹੜਾ ਜਾਵੇ ਛਡ ਉਹਨੂੰ ਮਿਹਣਾ ਏਂ ਜਹਾਨ ਦਾ
ਨੀ ਤੂੰ ਰੋਸ਼ਨੀ ਵਿਖਾ ਕੇ ਮੈਨੂੰ ਦੁਖਾਂ ਵਿਚ ਪਾ ਕੇ
ਨਾਲੇ ਲਹੂ ਤੂੰ ਸਰੀਰ ਵਿਚੋਂ ਚੱਟਿਆ
ਦੱਸ ਮੈਂ ਕੀ ਪਿਆਰ ਵਿਚੋਂ ਖੱਟਿਆ

ਸੱਸੀ ਸੋਹਣੀ ਸ਼ੀਰੀਂ ਵਾਂਗੂੰ ਤੂੰ ਵੀ ਕੁਝ ਸੋਚ ਨੀ
ਲੇਲਾਂ ਵਾਂਗੂੰ ਤੱਤੀਏ ਨਾ ਮਾਸ ਸਾਡਾ ਨੋਚ ਨੀ
ਪਰ੍ਹਾਂ ਛਡ ਇਹ ਅਦਾਵਾਂ ਤੈਨੂੰ ਅੱਖਾਂ 'ਚ ਬਹਾਵਾਂ
ਤੇਰੇ ਰੂਪ ਦੀ ਕਟਾਰੀ ਮੈਨੂੰ ਫੱਟਿਆ
ਦੱਸ ਮੈਂ ਕੀ ਪਿਆਰ ਵਿਚੋਂ ਖੱਟਿਆ

ਉਹ ਗੱਲ ਕਰ ਲੋਕੀ ਗਾਉਣ ਨੀ ਕਹਾਣੀਆਂ
ਠੋਕਰਾਂ ਨਾ ਮਾਰ ਮੈਥੋਂ ਸਹੀਆਂ ਨਹੀਓਂ ਜਾਣੀਆਂ
ਮੈਨੂੰ ਤੇਰੀ ਨੀ ਜੁਦਾਈ ਕਰ ਛੱਡਿਆ ਸ਼ੁਦਾਈ
ਨਾਲੇ 'ਯਮਲਾ' ਬਣਾ ਕੇ ਪਰ੍ਹਾਂ ਸੱਟਿਆ
ਦੱਸ ਮੈਂ ਕੀ ਪਿਆਰ ਵਿਚੋਂ ਖੱਟਿਆ

7. ਸਖੀਆ ਨਾਮ ਸਾਈਂ ਦਾ ਈ ਬੋਲ

ਜੰਗਲ ਦੇ ਵਿਚ ਖੂਹਾ ਲਵਾ ਦੇ ਉੱਤੇ ਪਵਾ ਦੇ ਡੋਲ
ਸਖੀਆ ਨਾਮ ਸਾਈਂ ਦਾ ਈ ਬੋਲ

ਛੱਡ ਦੇ ਚੋਰੀ ਯਾਰੀ ਠੱਗੀ ਦਗ਼ਾ ਫ਼ਰੇਬ ਕਮਾਉਣਾ
ਇਹ ਇਨਸਾਨੀ ਜਾਮਾ ਮੁੜਕੇ ਤੇਰੇ ਹੱਥ ਨਹੀਂ ਆਉਣਾ
ਨਹੀਂ ਮਿਲਣੇ ਤੈਨੂੰ ਪਲੰਘ ਨਵਾਰੀ ਬਿਸਤਰ ਹੋਣਾ ਈ ਗੋਲ
ਸਖੀਆ ਨਾਮ ਸਾਈਂ ਦਾ ਈ ਬੋਲ

ਆਪਣਾ ਕੀਤਾ ਸਭਨੇ ਪਾਣੈ ਜੋ ਦੁਨੀਆਂ ਤੇ ਆਇਆ
ਖਾਲੀ ਹੱਥੀਂ ਜਾਊ ਨਿਮਾਣਾ ਜਿਸਨੇ ਵਕਤ ਗੁਵਾਇਆ
ਵਕਤ ਗੁਵਾਚਾ ਹੱਥ ਨਹੀਂ ਆਉਣਾ ਕਿਉਂ ਬਣਿਆ ਅਣਭੋਲ
ਸਖੀਆ ਨਾਮ ਸਾਈਂ ਦਾ ਈ ਬੋਲ

ਮਾਸ ਬਿਗਾਨਾ ਖਾ ਖਾ ਪਲਣਾ ਲਾਲਚ ਲੱਗ ਨਾ ਜਰ ਦੇ
ਜਿਨ੍ਹਾਂ ਵਾਸਤੇ ਪਾਪ ਕਮਾਨੈਂ ਨਹੀਂ ਬਣਨੇ ਤੇਰੇ ਘਰ ਵੇ
ਤੇਰੇ ਨਾਲ ਕਿਸੇ ਨਹੀਂ ਜਾਣਾ ਜਿਨ੍ਹਾਂ ਨਾਲ ਕਰੇਂ ਕਲੋਲ
ਸਖੀਆ ਨਾਮ ਸਾਈਂ ਦਾ ਈ ਬੋਲ

ਨਾ ਕਰ ਨੀਂਦ ਪਿਆਰੀ ਏਨੀ ਇਸ ਨਹੀਂ ਪਾਰ ਲੰਘੌਣਾ
ਦੇਖੀਂ ਤੈਨੂੰ ਜਾਗ ਨਹੀਂ ਆਉਣੀ ਇਕ ਦਿਨ ਐਸਾ ਸੌਣਾ
ਏਸ ਮਿੱਟੀ ਨੇ ਫਿਰ ਨਹੀਂ ਸੁਣਨੇ ਵੱਜਣ ਕੰਨਾਂ ਵਿਚ ਢੋਲ
ਸਖੀਆ ਨਾਮ ਸਾਈਂ ਦਾ ਈ ਬੋਲ

ਦਾਹ ਦੁਨੀਆ ਤੇ ਸਤਰ ਆਖ਼ਰ ਏਜ਼ਕ ਨੇ ਫ਼ੁਰਮਾਇਆ
ਆਇ ਸਵਾਲੀ ਮੋੜ ਨਾ ਖ਼ਾਲੀ ਜੋ ਤੇਰੇ ਦਰ ਆਇਆ
ਪਾਕ ਹੱਥਾਂ ਨਾਲ ਕਰੀਂ ਖ਼ਰੈਤਾਂ ਜੋ ਕੁਛ ਤੇਰੇ ਕੋਲ
ਸਖੀਆ ਨਾਮ ਸਾਈਂ ਦਾ ਈ ਬੋਲ

8. ਠੰਡੀ ਠੰਡੀ ਵਾਅ ਚੰਨਾਂ ਪੈਂਦੀਆਂ ਫੁਹਾਰਾਂ ਵੇ

ਠੰਡੀ ਠੰਡੀ ਵਾਅ ਚੰਨਾਂ ਪੈਂਦੀਆਂ ਫੁਹਾਰਾਂ ਵੇ
ਆ ਜਾ ਮੇਰੇ ਚੰਨਾਂ ਜਿੰਦ ਤੇਰੇ 'ਤੋਂ ਦੀ ਵਾਰਾਂ ਵੇ

ਸੁੰਨੀਆਂ ਬਹਾਰਾਂ ਮੈਨੂੰ ਵੱਢ ਵੱਢ ਖਾਂਦੀਆਂ
ਤੈਂਡੀਆਂ ਜੁਦਾਈਆਂ ਮੈਥੋਂ ਸਹੀਆਂ ਨਹੀਂਉਂ ਜਾਂਦੀਆਂ
ਤੇਰਾ ਮੈਂ ਵਿਛੋੜਾ ਹੁਣ ਪਲ ਨਾ ਸਹਾਰਾਂ ਵੇ
ਆ ਜਾ ਮੇਰੇ ਚੰਨਾਂ ਜਿੰਦ ਤੇਰੇ ਤੋਂ ਦੀ ਵਾਰਾਂ ਵੇ
ਠੰਡੀ ਠੰਡੀ ਵਾਅ…

ਸ਼ੀਹਣੀ ਮੈਂ ਪੰਜਾਬ ਦੀ ਤੂੰ ਏਂ ਦੂਲਾ ਸ਼ੇਰ ਵੇ
ਤੇਰੇ ਜਿਹਾ ਮਾਹੀ ਮੈਨੂੰ ਲੱਭਣਾ ਨਹੀਂ ਫੇਰ ਵੇ
ਦਿਨ ਰਾਤੀਂ ਰਹਿਣ ਮੈਨੂੰ ਇਹੋ ਈ ਵਿਚਾਰਾਂ ਵੇ
ਆ ਜਾ ਮੇਰੇ ਚੰਨਾਂ ਜਿੰਦ ਤੇਰੇ ਤੋਂ ਦੀ ਵਾਰਾਂ ਵੇ
ਠੰਡੀ ਠੰਡੀ ਵਾਅ…

ਇਕ ਇਕ ਕਣੀ ਚੰਗਿਆੜੇ ਵਾਂਗੂੰ ਲੱਗਦੀ
ਅੱਗ ਵੇ ਜੁਦਾਈ ਤੇਰੀ ਦੂਣੀ ਸਗੋਂ ਮੱਘਦੀ
ਸੀਨਾ ਮੇਰਾ ਸੱਲੀ ਜਾਣ ਬਣ ਕੇ ਕਟਾਰਾਂ ਵੇ
ਆ ਜਾ ਮੇਰੇ ਚੰਨਾਂ ਜਿੰਦ ਤੇਰੇ ਤੋਂ ਦੀ ਵਾਰਾਂ ਵੇ
ਠੰਡੀ ਠੰਡੀ ਵਾਅ…

ਛੁੱਟੀ ਆ ਕੇ ਮਾਹੀਆ ਮੈਨੂੰ ਭਰਤੀ ਕਰਾ ਲੈ ਵੇ
ਕੱਸ ਕੇ ਨਿਸ਼ਾਨਾ ਲਾਣਾ ਮੈਨੂੰ ਵੀ ਸਿਖਾ ਲੈ ਵੇ
ਮਾਰਾਂ ਤੇਰੇ ਵੈਰੀ ਕਰਾਂ ਰੰਡੀਆਂ ਹਜ਼ਾਰਾਂ ਵੇ
ਆ ਜਾ ਮੇਰੇ ਚੰਨਾਂ ਜਿੰਦ ਤੇਰੇ ਤੋਂ ਦੀ ਵਾਰਾਂ ਵੇ
ਠੰਡੀ ਠੰਡੀ ਵਾਅ…

ਮੁੱਕਦੀ ਨਾ ਤੱਤੀ ਅੱਜ ਗ਼ਮਾਂ ਵਾਲੀ ਰਾਤ ਵੇ
ਦੂਣੀ ਲੰਮੀ ਹੋਈ ਜਾਵੇ ਸਗੋਂ ਕਮਜ਼ਾਤ ਵੇ
ਡੋਲੇ ਮਨ 'ਜੱਟਾ' ਦੇ ਦੇ ਥੰਮ੍ਹੀਆਂ ਖਲਾਰਾਂ ਵੇ
ਆ ਜਾ ਮੇਰੇ ਚੰਨਾਂ ਜਿੰਦ ਤੇਰੇ ਤੋਂ ਦੀ ਵਾਰਾਂ ਵੇ
ਠੰਡੀ ਠੰਡੀ ਵਾਅ…

9. ਸੁੰਨੀਆਂ ਸੁੰਨੀਆਂ ਗਲੀਆਂ ਨੀ ਔਹ ਮੇਰੇ ਯਾਰ ਬਿਨਾ

ਸੁੰਨੀਆਂ ਸੁੰਨੀਆਂ ਗਲੀਆਂ ਨੀ ਔਹ ਮੇਰੇ ਯਾਰ ਬਿਨਾ
ਦਿਲ ਪਿਆ ਗੋਤੇ ਖਾਂਦਾ ਏ ਦਿਲਦਾਰ ਬਿਨਾ

ਜਿਸ ਦਿਨ ਦਾ ਉਹ ਟੁਰ ਗਿਆ ਏਥੋਂ ਮੇਰਾ ਜੀਅ ਨਹੀਂ ਲਗਦਾ
ਸਾਵਣ ਵਾਂਗੂੰ ਅੱਖੀਆਂ ਵਿਚੋਂ ਪਾਣੀ ਛਮਛਮ ਵਗਦਾ
ਸੀਨਾ ਸੁਕਦਾ ਜਾਵੇ ਨੀ ਉਸਦੇ ਪਿਆਰ ਬਿਨਾ
ਦਿਲ ਪਿਆ ਗੋਤੇ ਖਾਂਦਾ ਏ ਦਿਲਦਾਰ ਬਿਨਾ
ਸੁੰਨੀਆਂ ਸੁੰਨੀਆਂ ਗਲੀਆਂ ਨੀ ਔਹ ਮੇਰੇ ਯਾਰ ਬਿਨਾ
ਦਿਲ ਪਿਆ ਗੋਤੇ ਖਾਂਦਾ ਏ ਦਿਲਦਾਰ ਬਿਨਾ

ਚਾਰ ਦਿਹਾੜੇ ਰੂਪ ਜਵਾਨੀ ਇਹ ਨਹੀਂ ਮੁੜਕੇ ਆਉਣੀ
ਟਿੱਕਾ ਟੋਲ੍ਹੇ ਥਾਂ ਬਥੇਰੇ ਲਭ ਲਭ ਥੱਕੀ ਦਾਉਣੀ
ਜਿਉਂ ਗਲ ਖਾਲੀ ਜਾਪੇ ਨੀਂ ਕੈਂਠੇ ਹਾਰ ਬਿਨਾ
ਦਿਲ ਪਿਆ ਗੋਤੇ ਖਾਂਦਾ ਏ ਦਿਲਦਾਰ ਬਿਨਾ
ਸੁੰਨੀਆਂ ਸੁੰਨੀਆਂ ਗਲੀਆਂ ਨੀ ਔਹ ਮੇਰੇ ਯਾਰ ਬਿਨਾ
ਦਿਲ ਪਿਆ ਗੋਤੇ ਖਾਂਦਾ ਏ ਦਿਲਦਾਰ ਬਿਨਾ

ਉਸ 'ਯਮਲੇ' ਨੂੰ ਕੌਣ ਸੁਣਾਵੇ ਮੇਰੀ ਦਰਦ ਕਹਾਣੀ
ਉਹ ਹੈ ਮੇਰੇ ਦਿਲ ਦਾ ਰਾਜਾ ਮੈਂ ਉਹਦੀ ਪਟਰਾਣੀ
ਤੂੰਬਾ ਕੌਣ ਵਜਾਵੇ ਨੀ ਇਕਤਾਰ ਬਿਨਾ
ਦਿਲ ਪਿਆ ਗੋਤੇ ਖਾਂਦਾ ਏ ਦਿਲਦਾਰ ਬਿਨਾ
ਸੁੰਨੀਆਂ ਸੁੰਨੀਆਂ ਗਲੀਆਂ ਨੀ ਔਹ ਮੇਰੇ ਯਾਰ ਬਿਨਾ
ਦਿਲ ਪਿਆ ਗੋਤੇ ਖਾਂਦਾ ਏ ਦਿਲਦਾਰ ਬਿਨਾ

10. ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਜ਼ੁਬਾਨੀ

ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਜ਼ੁਬਾਨੀ
ਤੱਕੇ ਜੋ ਸਹਾਰਾ ਉਹਦੀ ਕੀ ਏ ਜ਼ਿੰਦਗਾਨੀ

ਪਿਆਰ ਦੀ ਖ਼ਾਤਿਰ ਦਰ ਦਰ ਫਿਰਦੈ ਲੋਕੀ ਕਹਿਣਾ ਅਵਾਰਾ
ਸ਼ਹੁ ਡੂੰਘੇ ਵਿਚ ਗੋਤੇ ਖਾਂਦੈ ਮਿਲੇ ਨਾ ਕੋਈ ਸਹਾਰਾ
ਕੱਚਿਆਂ ਨਾ' ਲਾ ਕੇ ਮਿਲੀ ਦੁੱਖਾਂ ਦੀ ਨਿਸ਼ਾਨੀ
ਤੱਕੇ ਜੋ ਸਹਾਰਾ ਉਹਦੀ ਕੀ ਏ ਜ਼ਿੰਦਗਾਨੀ
ਕਹਿੰਦੇ ਨੇ ਸਿਆਣੇ…

ਸੁਣਿਐਂ ਲੋਕੀ ਸੁਘੜ ਸਿਆਣੇ ਐਵੇਂ ਨਹੀਂ ਵਕਤ ਗਵਾਂਦੇ
ਬਿਨਾ ਕੰਮ ਤੋਂ ਇੱਜ਼ਤ ਵਾਲੇ ਘਰੋਂ ਬਾਹਰ ਨਹੀਂ ਜਾਂਦੇ
ਛੱਡੇ ਜੋ ਠਿਕਾਣਾ ਉਹਦੀ ਹਰ ਥਾਂ ਤੇ ਹਾਨੀ
ਤੱਕੇ ਜੋ ਸਹਾਰਾ ਉਹਦੀ ਕੀ ਏ ਜ਼ਿੰਦਗਾਨੀ
ਕਹਿੰਦੇ ਨੇ ਸਿਆਣੇ…

ਘੋੜੇ ਥਾਨੀ ਮਰਦ ਮੁਕਾਮੀ ਦੂਣਾ ਮੁੱਲ ਪਵਾਂਦੇ
ਓਦੋਂ ਸਮਝੋ ਕੀਮਤ ਘਟ ਗਈ ਜਦੋਂ ਵਿਕਣ ਲਈ ਜਾਂਦੇ
ਦੂਣਾ ਮੁੱਲ ਪੈਂਦੈ ਬੈਠੇ ਆਪਣੇ ਮਕਾਨੀ
ਤੱਕੇ ਜੋ ਸਹਾਰਾ ਉਹਦੀ ਕੀ ਏ ਜ਼ਿੰਦਗਾਨੀ
ਕਹਿੰਦੇ ਨੇ ਸਿਆਣੇ…

ਸਤਿਜੁਗ ਦੇ ਵਿਚ ਪਿਆਰ ਸੱਚਾ ਸੀ ਕਲਿਜੁਗ ਦੇ ਵਿਚ ਐਸਾ
ਉਹਦਾ ਕੋਈ ਨਹੀਂ ਸਾਥੀ ਜੱਗ ਤੇ ਜਿਸ ਕੋਲ ਹੈ ਨਹੀਂ ਪੈਸਾ
ਦੁਖੀਆਂ ਨੂੰ ਦੇਵੇ ਨਾ ਕੋਈ ਪੱਲਿਓਂ ਦਵਾਨੀ
ਤੱਕੇ ਜੋ ਸਹਾਰਾ ਉਹਦੀ ਕੀ ਏ ਜ਼ਿੰਦਗਾਨੀ
ਕਹਿੰਦੇ ਨੇ ਸਿਆਣੇ…

ਆਸ਼ਿਕ ਬੱਕਰੇ ਵਾਂਗੂੰ 'ਜੱਟਾ' ਤੂੰ ਹੈਂ ਸ਼ੋਖ਼ ਕਸਾਈ
ਦੋ ਖਤ ਫੁੱਟ ਹਰਿਆਵਲ ਅੱਗੇ ਹੈ ਸੀ ਛੁਰੀ ਚਲਾਈ
ਪੇਟ ਦੇ ਪੁਜਾਰੀ ਗਾਲੀ ਕਿਸੇ ਦੀ ਜਵਾਨੀ
ਤੱਕੇ ਜੋ ਸਹਾਰਾ ਉਹਦੀ ਕੀ ਏ ਜ਼ਿੰਦਗਾਨੀ
ਕਹਿੰਦੇ ਨੇ ਸਿਆਣੇ…

(ਇਸ ਰਚਨਾ 'ਤੇ ਕੰਮ ਜਾਰੀ ਹੈ)

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ