Punjabi Poetry : Kehar Sharif

ਪੰਜਾਬੀ ਕਵਿਤਾਵਾਂ : ਕੇਹਰ ਸ਼ਰੀਫ਼

1. ਬੰਦ ਦਰਵਾਜ਼ਿਆਂ ਵਾਲੇ ਘਰਾਂ ਵਿਚ ਬੋਲਦੇ ਲੋਕੀ

ਬੰਦ ਦਰਵਾਜ਼ਿਆਂ ਵਾਲੇ ਘਰਾਂ ਵਿਚ ਬੋਲਦੇ ਲੋਕੀ ।
ਪ੍ਰਛਾਵੇਂ ਆਪਣੇ ਵਿਚੋਂ ਹੀ ਧੁੱਪ ਨੂੰ ਟੋਲ਼ਦੇ ਲੋਕੀ ।

ਕਦੇ ਉੱਚੀ, ਕਦੇ ਨੀਵੀਂ ਕਿ ਸੁਰ ਹੁੰਦੀ ਹੈ ਲੋਕਾਂ ਦੀ
ਸਿਰੋਂ ਜਦ ਪਾਣੀ ਟੱਪ ਜਾਵੇ ਤਾਂ ਫਿਰ ਹਨ ਖੌਲ਼ਦੇ ਲੋਕੀ ।

ਜ਼ਮਾਨਾ ਬਦਲ ਜਾਂਦੈ, ਬਦਲ ਜਾਂਦੀ ਹੈ ਤਾਸੀਰ ਆਪੇ
ਦਿਲਾਂ ਵਿਚ ਪੈ 'ਗੀਆਂ ਘੁੰਡੀਆਂ ਕਿਉਂ ਨਹੀਂ ਖੋਲ੍ਹਦੇ ਲੋਕੀ ?

ਬਿਠਾ ਕੇ ਕੋਲ਼ ਗੈਰਾਂ ਨੂੰ ਤੇ ਸਿਜਦੇ ਕਰਨ ਬਹਿ ਜਾਂਦੇ
ਕਿਉਂ ਆਪਣੇ ਭਰਾਵਾਂ ਨਾਲ ਨਹੀਂ ਦਿਲ ਫੋਲਦੇ ਲੋਕੀ ?

ਤਕਦੀਰਾਂ ਦੇ ਸੰਗਲਾਂ ਵਿਚ ਖੁਦ ਹੀ ਕੈਦ ਹੋ ਜਾਂਦੇ
ਕਿਸਮਤ ਹੱਥੀਂ ਘੜ੍ਹ ਸਕਦੇ ਹਾਂ ਕਿਉਂ ਨਹੀਂ ਗੌਲ਼ਦੇ ਲੋਕੀ ?

ਦਰਖ਼ਤਾਂ ਨੂੰ ਨਿਕਲ ਆਵਣ ਨਵੇਂ ਪੱਤੇ ਤਾਂ ਰੰਗ ਬਦਲੇ
ਖ਼ਿਜ਼ਾਂ ਦੇ ਬੀਤ ਜਾਵਣ 'ਤੇ ਵੀ ਕਿਉਂ ਨਹੀਂ ਮੌਲ਼ਦੇ ਲੋਕੀ ?

ਸਿਰ ਵੀ ਕਾਇਮ ਕਹਿੰਦੇ ਨੇ 'ਤੇ ਜੀਭਾਂ ਵੀ ਸਲਾਮਤ ਨੇ
ਜ਼ੁਲਮ ਹੁੰਦਾ ਹੈ ਹਰ ਪਾਸੇ ਕਿਉਂ ਨਹੀਂ ਬੋਲਦੇ ਲੋਕੀ ?

2. ਉਹ ਤਾਂ ਬਸ ਉਸਦੀ ਕਜ਼ਾ ਕਰਦਾ ਰਿਹਾ

ਉਹ ਤਾਂ ਬਸ ਉਸਦੀ ਕਜ਼ਾ ਕਰਦਾ ਰਿਹਾ
ਫੇਰ ਵੀ ਉਸਦੀ ਸਜ਼ਾ ਜਰਦਾ ਰਿਹਾ

ਪੀਲ਼ਿਆਂ ਪੱਤਿਆਂ ਦੀ ਥੋੜ੍ਹੀ ਉਮਰ ਸੀ
ਬਿਨ ਪਲੱਤਣ ਦੇ ਵੀ ਫਿਰ ਸਰਦਾ ਰਿਹਾ

ਨਾ ਉਡੀ ਸੀ ਧੂੜ ਨਾ ਕੂੰਜਾਂ ਕਿਤੇ
ਮੇਘਲ਼ਾ ਬਿਨ ਬੱਦਲ਼ੋਂ ਵਰ੍ਹਦਾ ਰਿਹਾ

ਹਰ ਸੁਬਹ ਕੀਤਾ ਓਹਨੇ ਮੈਨੂੰ ਕਤਲ
ਮੈਂ ਰਿਹਾ ਜੀਊਂਦਾ ਉਹ ਪਰ, ਮਰਦਾ ਰਿਹਾ

ਮੌਤ ਨੂੰ ਮਾਸੀ ਸਦਾ ਕਹਿੰਦਾ ਸੀ ਜੁ
ਉਮਰ ਭਰ ਉਹ ਮੌਤ ਤੋਂ ਡਰਦਾ ਰਿਹਾ

ਤੋੜ ਕੇ ਹੱਥੀਂ ਕਲੀਰੇ ਭੈਣ ਦੇ
ਜੋਰਾਵਰੀ ਦਾ ਝੂਠਾ ਦਮ ਭਰਦਾ ਰਿਹਾ

ਅਮਲ ਨੇ ਕਰਨੈ ਨਿਬੇੜਾ ਸਿਦਕ ਦਾ
ਝੂਠ 'ਤੇ ਕਦ ਤੱਕ ਭਲਾਂ ਪਰਦਾ ਰਿਹਾ?

ਸ਼ੌਕ ਸੀ ਹੱਡ ਸੇਕਣੇ ਦਾ ਅੱਗ ਬਿਨਾ
ਕੜਕਦੀ ਪਰ ਧੁੱਪ ਵਿਚ ਠਰਦਾ ਰਿਹਾ

ਬੀਜ ਕੇ ਜਿਸਮਾਂ 'ਤੇ ਕੰਡੇ ਜ਼ਹਿਰ ਦੇ
ਦੱਸ ਭ?? ਕੀ ਮੂਰਖਾ ਕਰਦਾ ਰਿਹਾ?

ਨ੍ਹੇਰਿਆਂ ਨੂੰ ਪਾੜ ਜੁਗਨੂੰ ਤੁਰ ਗਿਐ
ਚਾਨਣਾਂ ਇਕ ਲੀਕ ਬਣ ਤਰਦਾ ਰਿਹਾ

3. ਗਜ਼ਾਂ ਨਾਲ ਮਿਣਦਿਆਂ ਵੀ ਗ਼ਜ਼ਲ ਵਿੰਗੀ ਹੋ ਈ ਜਾਂਦੀ ਐ

ਗਜ਼ਾਂ ਨਾਲ ਮਿਣਦਿਆਂ ਵੀ ਗ਼ਜ਼ਲ ਵਿੰਗੀ ਹੋ ਈ ਜਾਂਦੀ ਐ।
ਸੋਹਲੇ ਜੋ ਲਿਖਦੈਂ ਹਾਕਮ ਦੇ ਤਾਂ ਹੀ ਤਾਂ ਤੇਰੀ ਚਾਂਦੀ ਐ।

ਸਿਰੇ ਦਾ ਢੀਠ ਹੋਣਾ ਚਾਹੀਦਾ ਬੰਦੇ ਨੂੰ ਕੁੱਝ ਨਹੀਂ ਹੁੰਦਾ,
ਬੋਲਦੈ ਜਦੋਂ ਪਰ ਪਰ੍ਹਿਆ ਵਿਚ ਫਿਰ ਜੀਭ ਗੋਤੇ ਖਾਂਦੀ ਐ।

ਇਹ ਜੋ ਜਾਲ਼ ਮਾਇਆ ਦਾ ਚੁਫੇਰੇ ਪਸਰਿਆ ਦਿਸਦੈ,
ਇਸ ਦੇ ਲੋਭ ਲਾਲਚ ਵਿਚ ਜ਼ਿੰਦਗੀ ਡੁੱਬਦੀ ਜਾਂਦੀ ਐ।

ਕਿਸੇ ਦੇ ਮਗਰ ਜਾਣੇ ਦੀ ਮ੍ਰਿਗ-ਤ੍ਰਿਸ਼ਨਾ ਨਹੀਂ ਮੁੱਕਦੀ,
ਪਹਿਲਾਂ ਸੋਚ ਲੈਣਾ ਚਾਹੀਦੈ ਇਹ ਪਿੱਤਲ ਹੈ ਜਾਂ ਚਾਂਦੀ ਐ।

ਹਕੂਮਤ ਦੀ ਨੀਤ ਤੇ ਨੀਤੀ ਦੋਹਾਂ ਨੇ ਘਾਣ ਕਰ ਦਿੱਤੈ,
ਬੇਸ਼ਰਮੀ ਫੇਰ ਵੀ ਦੇਖੋ ਕਿ ਗੁਣ ਆਪਣੇ ਹੀ ਗਾਂਦੀ ਐ।

ਬੰਦਾ ਗੁੰਮ-ਸੁੰਮ ਹੋਇਆ ਨਾ ਹੱਸਦਾ ਹੈ ਨਾ ਰੋਂਦਾ ਹੈ,
ਗੁਆਂਢੀ ਸਮਝਦਾ ਏਹੋ ਕਿ ਵਸਦਾ ਸੁੱਖੀਂ-ਸਾਂਦੀ ਐ।

ਮੌਤ ਮਾਰੇ ਕਦੇ ਉਸਨੂੰ ਨਾ ਜੀਹਦੇ ’ਚ ਜੁੱਸਾ ਤੇ ਦਮ ਹੋਵੇ,
ਮਰਨ ਤੋਂ ਮਗਰੋਂ ਵੀ ਦੁਨੀਆਂ ਉਸਦੀ ਬਾਤ ਪਾਂਦੀ ਹੈ।

4. ਸੱਜਣ ਜੀ!-ਤੁਰਿਆ ਰਹੁ ਤੂੰ ਬਣਕੇ ਇਨਸਾਨ ਸੱਜਣ ਜੀ

ਤੁਰਿਆ ਰਹੁ ਤੂੰ ਬਣਕੇ ਇਨਸਾਨ ਸੱਜਣ ਜੀ।
ਆਊਗਾ ਕੋਈ ਭਲ਼ਕੇ ਮਹਿਮਾਨ ਸੱਜਣ ਜੀ।

ਬੰਦਾ ਤਾਂ ਬੰਦੇ ਦਾ ਦਾਰੂ ਅਜ਼ਲਾਂ ਤੋਂ ਹੈ,
ਲੋਕੀ ਪੂਜਣ ਫਿਰ ਕਾਹਤੋਂ ਭਗਵਾਨ ਸੱਜਣ ਜੀ।

ਮਾਣ ਕਿਸੇ ਬੇਗਾਨੇ ਦਾ ਦੱਸ ਕਾਹਦਾ ਹੁੰਦਾ,
ਭਾਈ ਹੀ ਭਾਈਆਂ ਦੀ ਹੁੰਦੇ ਜਾਨ ਸੱਜਣ ਜੀ।

ਬੰਦਾ ਤਾਂ ਬੰਦੇ ’ਚੋਂ ਲੱਭਿਆ ਲੱਭਦਾ ਨਹੀਂ,
ਜੇ ਲੱਭਦਾ ਹੈ ਤਾਂ ਲੱਭਦਾ ਹੈ ਸ਼ੈਤਾਨ ਸੱਜਣ ਜੀ।

ਰੌਣਕ ਬਾਬਲ ਵਿਹੜੇ ਦੀ ਸਹੁਰੇ ਘਰ ਜਾਂਦੀ ਹੈ,
ਬਾਬਲ ਵਿਹੜਾ ਲਗਦਾ ਹੈ ਸੁੰਨਸਾਨ ਸੱਜਣ ਜੀ।

ਹੱਕ ਹਲਾਲ ਦਾ ਹੋਕਾ ਕਿਧਰੇ ਗੁੰਮ ਗਿਆ,
ਮਾੜੇ ਕੰਮੀ ਬਣ ਜਾਂਦੇ ਧਨਵਾਨ ਸੱਜਣ ਜੀ।

ਧੁੱਪਾਂ-ਛਾਵਾਂ ਰੁੱਸੀਆਂ ਵਿਹੜੇ ਰੁੱਸ ਜਾਣੇ,
ਰੋਸੇ ਕਰਕੇ ਮਨ ਹੋਇਆ ਬੇਜਾਨ ਸੱਜਣ ਜੀ।

ਮਿਹਨਤੀ ਲਾਲੋ ਚੁੱਕੀ ਫਿਰਦਾ ਸੁੱਕੇ ਟੁੱਕਰ,
ਮਲਕ ਭਾਗੋ ਦੇ ਖੂਨੀ ਨੇ ਪਕਵਾਨ ਸੱਜਣ ਜੀ।

ਦੱਸ ਸ਼ਰਾਫਤ ਕੰਮ ਕਿਹੜੇ ਹੁਣ ਏਥੇ ਹੈ,
ਲੰਡੀ-ਬੁੱਚੀ ਹੀ ਕਰ ਜਾਂਦੀ ਅਪਮਾਨ ਸੱਜਣ ਜੀ।

5. ਇਕਰਾਰ-ਇਹ ਸਾਡਾ ਇਕਰਾਰ, ਜ਼ਮਾਨਾ ਬਦਲਾਂਗੇ

ਇਹ ਸਾਡਾ ਇਕਰਾਰ, ਜ਼ਮਾਨਾ ਬਦਲਾਂਗੇ।
ਪੱਕਾ ਲਿਆ ਹੈ ਧਾਰ, ਜ਼ਮਾਨਾ ਬਦਲਾਂਗੇ।

ਜਿੰਦ ਜਾਂਦੀ ਤਾਂ ਜਾਵੇ ਸਿਦਕ ਨਾ ਹਾਰਾਂਗੇ,
ਜੇਰਾ ਸਾਡਾ ਯਾਰ, ਜ਼ਮਾਨਾ ਬਦਲਾਂਗੇ।

ਜਿੱਤੀਏ ਭਾਵੇਂ ਨਾ ਜਿੱਤੀਏ, ਕੋਈ ਫਿਕਰ ਨਹੀਂ,
ਮੰਨਣੀ ਨਹੀਉਂ ਹਾਰ, ਜ਼ਮਾਨਾ ਬਦਲਾਂਗੇ।

ਬਿਨ ਲੜਿਆਂ ਮਰ ਜਾਣਾ ਇਹ ਵੀ ਠੀਕ ਨਹੀਂ,
ਕਰਕੇ ਹੱਥ ਦੋ-ਚਾਰ, ਜ਼ਮਾਨਾ ਬਦਲਾਂਗੇ।

ਜਿੱਤ ਜਾਂਦੇ ਨੇ ਚੋਰ ਤੇ ਲੋਕੀ ਹਰ ਜਾਂਦੇ,
ਕਿਉਂ ਹੋਵੇ ਹਰ ਵਾਰ, ਜ਼ਮਾਨਾ ਬਦਲਾਂਗੇ।

ਕੋਈ ਕੁੱਝ ਵੀ ਸੋਚੇ ਅਸੀਂ ਤਾਂ ਹੋਵਾਂਗੇ,
ਸਮਿਆਂ ’ਤੇ ਅਸਵਾਰ ਜ਼ਮਾਨਾ ਬਦਲਾਂਗੇ।

ਰੰਗ ਨਸਲ ਦੇ ਸਾਰੇ ਪਾੜੇ ਮੁੱਕ ਜਾਣੇ,
ਬਦਲੂ ਜਗਤ ਨੁਹਾਰ, ਜ਼ਮਾਨਾ ਬਦਲਾਂਗੇ।

ਚਾਨਣ ਦੇ ਸੰਗ ਯਾਰੀ ਉੱਡਣਾ ਸਿੱਖ ਲਿਆ,
’ਨੇਰੇ ਕਰਨ ਖੁਆਰ, ਜ਼ਮਾਨਾ ਬਦਲਾਂਗੇ।

ਕਾਫਲਿਆਂ ਬਿਨ ਬੇੜੀ ਬੰਨੇ ਨਹੀਂ ਲੱਗਣੀ,
ਬੰਨ੍ਹਣੀ ਪਊ ਕਤਾਰ, ਜ਼ਮਾਨਾ ਬਦਲਾਂਗੇ।

6. ਨਮਾਜ਼-ਅਸੀਂ ਹੋਣਾ ਕੀ ਬੇਗਾਨਿਆਂ ਨਰਾਜ਼ ਤੇਰੇ ਨਾਲ

ਅਸੀਂ ਹੋਣਾ ਕੀ ਬੇਗਾਨਿਆਂ ਨਰਾਜ਼ ਤੇਰੇ ਨਾਲ।
ਸਾਡੀ ਜ਼ਿੰਦਗੀ ਦਾ ਵੱਜਦਾ ਹੈ ਸਾਜ਼ ਤੇਰੇ ਨਾਲ।

ਉਹੋ ਪਲ ਚੇਤੇ ਆਉਂਦੇ ਫੇਰ ਝੂਰੀਏ ਉਨ੍ਹਾਂ ਨੂੰ,
ਬਹਿ ਕੇ ਜਦੋਂ ਕੀਤੇ ਸਾਂਝੇ ਸਭ ਰਾਜ਼ ਤੇਰੇ ਨਾਲ।

ਤੇਰੀ ਤੋਰ ਦੀ ਰਵਾਨੀ ਦਾ ਸੀ ਬਹੁਤ ਉੱਚਾ ਸ਼ੋਰ,
ਪਰ ਅਸੀਂ ਤਾਂ ਤੁਰੇ ਸਾਂ ਬੇ-ਆਵਾਜ਼ ਤੇਰੇ ਨਾਲ।

ਰੰਗ ਦੋਸਤੀ ਦਾ ਸਕਿਆ ਪਛਾਣ ਨਾ ਕਦੇ,
ਸਾਡਾ ਇਹੋ ਰਹਿਣਾ ਸਦਾ ਇਤਰਾਜ਼ ਤੇਰੇ ਨਾਲ।

ਬੋਲ ਮਨ ਦੇ ਸੀ ਗੂੰਗੇ, ਡੂੰਘੇ ਪਾਣੀਆਂ ਦੇ ਵਾਂਗ,
ਪਰ ਫੇਰ ਵੀ ਨਾ ਹੋਏ ਬੇ-ਲਿਹਾਜ਼ ਤੇਰੇ ਨਾਲ।

ਮੋਹ ਦੀ ਤੰਦ ਨਹੀਉਂ ਟੁੱਟੀ ਜੀਵੇ ਹਓਕਿਆਂ ਦੇ ਵੱਸ,
ਤੂਹੀਉਂ ਮੱਕਾ ਸਾਡਾ, ਸਾਡੀ ਤਾਂ ਨਮਾਜ਼ ਤੇਰੇ ਨਾਲ।

7. ਵਫ਼ਾ-ਮੈਂ ਤਾਂ ਉਸ ਨਾਲ ਮੋਹ ਦਿਲੋਂ ਕਰਦਾ ਰਿਹਾ

ਮੈਂ ਤਾਂ ਉਸ ਨਾਲ ਮੋਹ ਦਿਲੋਂ ਕਰਦਾ ਰਿਹਾ।
ਫੇਰ ਵੀ ਉਸਦੀ ਸਜ਼ਾ ਜਰਦਾ ਰਿਹਾ।

ਪੀਲ਼ਿਆਂ ਪੱਤਿਆਂ ਦੀ ਥੋੜ੍ਹੀ ਉਮਰ ਸੀ,
ਬਿਨ ਪਲੱਤਣ ਦੇ ਵੀ ਫਿਰ ਸਰਦਾ ਰਿਹਾ।

ਨਾ ਉਡੀ ਸੀ ਧੂੜ ਨਾ ਕੂੰਜਾਂ ਕਿਤੇ,
ਮੇਘਲ਼ਾ ਬਿਨ ਬੱਦਲ਼ੋਂ ਵਰ੍ਹਦਾ ਰਿਹਾ।

ਹਰ ਸੁਬਹ ਕੀਤਾ ਓਨ੍ਹੇ ਮੈਨੂੰ ਕਤਲ,
ਮੈਂ ਰਿਹਾ ਜੀਊਂਦਾ ਉਹ ਪਰ, ਮਰਦਾ ਰਿਹਾ।

ਮੌਤ ਨੂੰ ਮਾਸੀ ਸਦਾ ਕਹਿੰਦਾ ਸੀ ਜੁ,
ਉਮਰ ਭਰ ਉਹ ਮੌਤ ਤੋਂ ਡਰਦਾ ਰਿਹਾ।

ਤੋੜ ਕੇ ਹੱਥੀਂ ਕਲੀਰੇ ਭੈਣ ਦੇ,
ਜੋਰਾਵਰੀ ਦਾ ਝੂਠਾ ਦਮ ਭਰਦਾ ਰਿਹਾ।

ਅਮਲ ਨੇ ਕਰਨੈ ਨਿਬੇੜਾ ਸਿਦਕ ਦਾ,
ਝੂਠ 'ਤੇ ਕਦ ਤੱਕ ਭਲਾਂ ਪਰਦਾ ਰਿਹਾ?

ਸ਼ੌਕ ਸੀ ਹੱਡ ਸੇਕਣੇ ਦਾ ਅੱਗ ਬਿਨਾ,
ਕੜਕਦੀ ਪਰ ਧੁੱਪ ਵਿਚ ਠਰਦਾ ਰਿਹਾ।

ਬੀਜ ਕੇ ਜਿਸਮਾਂ 'ਤੇ ਕੰਡੇ ਜ਼ਹਿਰ ਦੇ,
ਦੱਸ ਭਲਾਂ ਕੀ ਮੂਰਖਾ ਕਰਦਾ ਰਿਹਾ?

ਨ੍ਹੇਰਿਆਂ ਨੂੰ ਪਾੜ ਜੁਗਨੂੰ ਤੁਰ ਗਿਐ,
ਚਾਨਣਾਂ ਇਕ ਲੀਕ ਬਣ ਤਰਦਾ ਰਿਹਾ।

8. ਪੌਣ-ਪਾਣੀ ਧਰਤ ਨੂੰ ਹੈ ਕੌਣ ਲਾਂਬੂ ਲਾ ਰਿਹਾ

ਪੌਣ ਪਾਣੀ ਧਰਤ ਨੂੰ ਹੈ ਕੌਣ ਲਾਂਬੂ ਲਾ ਰਿਹਾ।
ਕਿਉਂ ਅਸਾਡੇ ਵਿਹੜਿਆ ਵਿਚ ਫੇਰ ਮਾਤਮ ਛਾ ਰਿਹਾ।

ਪਾਣੀਆਂ ਵਿਚ ਜ਼ਹਿਰ ਘੁਲ਼ਿਆ ਹਵਾ ਵਿਚ ਦੁਰਗੰਧ ਹੈ,
ਕੌਣ ਸਾਡੇ ਸੁਪਨਿਆਂ ਦਾ ਮਹਿਲ ਬਣਦਾ ਢਾਹ ਰਿਹਾ।

ਇਹ ਮੁਨਾਫੇਖੋਰ ਜੁ ਬ੍ਰਹਿਮੰਡ ਕਾਲ਼ਾ ਕਰ ਰਹੇ,
ਏਨ੍ਹਾਂ ਨੂੰ ਸੰਸਾਰ ਸਾਡਾ ਕਿਉਂ ਨਹੀਂ ਸੋਹਣਾ ਭਾਅ ਰਿਹਾ।

ਇਨਸਾਨ ਤੇ ਇਨਸਾਨੀਅਤ ਦੋਵੇਂ ਹੀ ਜ਼ਿੰਦਾ ਰਹਿਣਗੇ,
ਏਸ ਸੁੱਚੇ ਦੁੱਧ ਵਿਚ ਦੁਸ਼ਮਣ ਕੋਈ ਕਾਂਜੀ ਪਾ ਰਿਹਾ।

ਕੋਸ਼ਿਸ਼ ਕਰਨ ਵਾਲੇ ਸਦਾ ਹੁੰਦੇ ਸਮੇਂ ਦੇ ਹਾਣ ਦੇ,
ਕੌਣ ਹੈ ਦੱਸੀਂ ਉਹ ਜੋ ਬੇਦਾਵਾ ਲਿਖ ਸਮੇਂ ਨੂੰ ਜਾ ਰਿਹਾ।

ਇਹ ਲੁੱਟ ਵਾਲਾ ਪ੍ਰਬੰਧ ਹੈ ਲੋਟੂ ਹੀ ਸਾਰੇ ਚੌਧਰੀ,
ਕਿਰਤੀ ਨੂੰ ਪਿੱਛੇ ਸੁੱਟ ਕੇ ਵਿਹਲੜ ਹੀ ਸਭ ਕੁੱਝ ਖਾ ਰਿਹਾ।

9. ਮੱਥਾ

ਮੱਥੇ ਦੀ ਹੈ ਕਥਾ ਪੁਰਾਣੀ ।
ਮੱਥਾ ਜੋ ਸਮਿਆਂ ਦਾ ਹਾਣੀ ।

ਹਰ ਮੱਥੇ ਦੀ ਸੋਚ ਬੁਰੀ ਨਹੀਂ
ਹਰ ਮੱਥੇ ਦੀ ਲੋਚ ਬੁਰੀ ਨਹੀਂ ।

ਹਰ ਮੱਥੇ ਦੇ ਅੰਦਰ ਕੀੜਾ
ਹਰ ਮੱਥੇ ਦੀ ਵੱਖਰੀ ਕ੍ਰੀੜਾ ।

ਹਰ ਮੱਥਾ ਕੁੱਝ ਤਾਂ ਕਹਿੰਦਾ ਹੈ
ਹਰ ਮੱਥਾ ਦੁਖ-ਸੁਖ ਸਹਿੰਦਾ ਹੈ ।

ਮੱਥੇ ਅੰਦਰ ਧੁਖਦੀ ਧੂਣੀ
ਮੱਥਾ ਕੱਤੇ ਜਿੰਦ ਦੀ ਪੂਣੀ ।

ਮੱਥੇ ਵਿਚ ਚਿੰਤਨ ਦਾ ਵਾਸਾ
ਮੱਥੇ ਵਿਚ ਰੋਣਾ 'ਤੇ ਹਾੱਸਾ ।

ਜੋ ਵੀ ਮੱਥਾ ਤਰਕਹੀਣ ਹੈ
ਭਾਵਨਾ ਪੱਖੋਂ ਉਹ ਹੀ ਹੀਣ ਹੈ ।

ਮੱਥੇ ਦਾ ਇਹੋ ਸਰਮਾਇਆ
ਮੱਥੇ ਨੇ ਹੀ ਯੁੱਗ ਪਲਟਾਇਆ ।

ਮੱਥੇ ਅੰਦਰ 'ਰਾਮ-ਰਾਜ' ਹੈ
ਮੱਥੇ ਵਿਚ ਹੀ ਸਾਮਰਾਜ ਹੈ ।

ਮੱਥੇ ਨੇ ਕੁੱਝ ਕਹਿਣਾ ਹੁੰਦਾ
ਮੱਥੇ ਨੇ ਸਭ ਸਹਿਣਾ ਹੁੰਦਾ ।

ਮੱਥਾ ਨਾ ਕਰਦਾ ਰੁਸਵਾਈ
ਮੱਥੇ ਨੇ ਹਰ ਬਣਤ ਬਣਾਈ ।

ਮੱਥਾ ਵਾਂਗੂ ਕਿਰਨ ਸੁਨਿਹਰੀ
ਮੱਥਾ ਨੱਚੇ ਬਣ ਮੋਰ ਕੁਲਿਹਰੀ ।

ਮੱਥੇ ਦਾ ਹਰ ਵੇਲ਼ੇ ਹੋਕਾ
ਜਾਗ-ਜਾਗ ਤੂੰ ਭਲਿਆ ਲੋਕਾ ।

ਮੱਥੇ ਨੂੰ ਇਹੋ ਧਰਵਾਸਾ
ਮੱਥਾ ਵੇਖੇ ਜਗਤ ਤਮਾਸਾ

10. ਪੰਜਾਬ ਹੁਣ

ਫਾਹਾ ਕਿਰਸਾਨ ਲੈ ਗਿਆ।
ਮਰ ਗਿਆ ਮਜ਼ਦੂਰ ਵਿਚਾਰਾ।

ਦੱਸਣ ਨਾ ਢੌਂਗੀ ਲੀਡਰ,
ਮੁੱਕਣਾ ਕਦੋਂ ਇਹ ਵਰਤਾਰਾ।

ਪੱਗਾਂ ਰੁਲ਼ੀਆਂ, ਚੁੰਨੀਆਂ ਪਾਟੀਆਂ,
ਦੇਖੇ ਕੁੱਲ ਆਲਮ ਸਾਰਾ।

ਹਵਾ ਵਿਚ ਘੁਲ਼ੀਆਂ ਜ਼ਹਿਰਾਂ,
ਪਾਣੀ ਵੀ ਹੋਇਆ ਖ਼ਾਰਾ।

ਗੁਰੂਆਂ ਦੀ ਧਰਤੀ ਉੱਤੇ,
ਕੂੜ ਦਾ ਹੋਇਆ ਪਸਾਰਾ।

ਨਸਲਾਂ ਵਿਚ ਪਾੜਾ ਪੈ ਗਿਆ,
ਕਲ੍ਹ ਦਾ ਕੌਣ ਬਣੂ ਸਹਾਰਾ।

ਲੋਕੀਂ ਪਏ ਰੌਲ਼ਾ ਪਾਉਂਦੇ,
ਪੰਜਾਬ ਤਾਂ ਹੋਇਆ ਬੇਸਹਾਰਾ।

ਭਗਤ ਸਿੰਘ, ਸਰਾਭੇ ਦੇ ਵਾਰਸੋ ,
ਉੱਠੋ! ਤੁਸੀਂ ਮਾਰੋ ਲਲਕਾਰਾ।

11. ਗੀਤ ਦੀ ਹੂਕ

ਨਫਰਤ ਦੀ ਅੱਗ ਦੇ ਅੰਗਿਆਰੇ
ਕਈ ਪਾਸਿਉਂ ਵਰ੍ਹਦੇ
ਦਿਲ ਦੇ ਜਜ਼ਬੇ ਲੂਹੇ ਜਾਵਣ
ਚੈਨ ਨਾ ਰਹਿੰਦੇ ਸਿਰ ਦੇ

ਅਗਨੀ ਮਹਿਜ਼ ਭੁਲੇਖਾ ਹੋ ਗਈ
ਜਿੰਦ ਬਣੀ ਕਲਬੂਤ
ਵਕਤ ਦੇ ਮੋਢੇ ਸੂਲ਼ੀ ਟੰਗੀ
ਮੱਥੇ ਵਿਚ ਤਾਬੂਤ ।

ਪਿੰਡ ਮੇਰੇ ਦੀਆਂ ਗਲ਼ੀਆਂ ਅੰਦਰ
ਰਾਤੀਂ ਭੌਂਕਣ ਕੁੱਤੇ
ਕੰਨੀਉਂ ਪਾਟੀਆਂ ਚਿੱਠੀਆਂ ਆਵਣ
ਰੋਈਏ ਸੋਗ ਵਿਗੁੱਤੇ ।

ਬੁੱਲ੍ਹ ਹਿੱਲਦੇ ਪਰ ਬੋਲ ਨਾ ਨਿਕਲੇ਼
ਸਾਡੇ ਮੂੰਹੋਂ ਕੋਈ
ਪਿੰਡ ਦੇ ਬਾਹਰ ਬਸੀਂਵਿਉਂ ਹੋ ਗਏ
ਇਹ ਅਨਹੋਣੀ ਹੋਈ ।

ਹੁਣ ਤਾਂ ਦੇਖ ਉਦਾਸੀ ਵਾਲੇ
ਲੰਮੇ ਹੋਏ ਪ੍ਰਛਾਵੇਂ
ਪਿੰਡ ਦੀਆਂ ਜੂਹਾਂ ਸੁਪਨਾ ਬਣਕੇ
ਘੁੰਮਣ ਅੱਖਾਂ ਸਾਹਵੇਂ ।

ਪੈਣ ਜਦੋਂ ਪੱਛੋਂ ਦੀਆਂ ਕਣੀਆਂ
ਤਨ , ਮਨ ਨਾ ਮਹਿਕਾਵੇ
ਨਾ ਕਿਧਰੇ ਕੋਈ ਕੋਇਲ ਬੋਲੇ
ਮੋਰ ਨਾ ਪੈਲਾਂ ਪਾਵੇ ।

ਹਰ ਪਲ ਨੱਚਦਾ ਹਰ ਪਲ ਗਾਉਂਦਾ
ਫੇਰ ਵੀ ਤਾਲ ਅਧੂਰੇ
ਜਿੰਦ ਸੋਨੇ ਦੀ ਕਿੱਲੀ ਟੰਗਕੇ
ਭਰਮ ਪਾਲ਼ੀਏ ਪੂਰੇ ।

ਨਾ ਅੰਬੀਆਂ ਦੀ ਮਹਿਕ ਸੰਧੂਰੀ
ਨਾ ਹੀ ਦੇਸ ਦੁਆਬਾ
ਬੱਚਿਆਂ ਲਈ ਹਟਕੋਰੇ ਬਣ ਗਏ
ਆਪਣੇ ਦਾਦੀ, ਬਾਬਾ ।

ਤਿੜਕੀਆਂ ਸੋਚਾਂ ’ਤੇ ਲੱਖ ਪਰਦੇ
ਪੂਰੇ ਲੱਭਣ ਟਾਵੇਂ
ਗ਼ਮ ਦੀ ਬੁੱਕਲ਼ ਮਾਰੀ ਬੈਠੇ
ਲੋਕੀ ਨਿਰੇ ਨਿਥਾਵੇਂ ।

ਕਿੰਝ ਜੀਊਂਦੇ ਹਾਂ ਕੋਲ਼ ਪਰਾਇਆਂ
ਪੱਲੇ ਬੰਨ੍ਹ ਉਦਾਸੀ
ਏਥੇ ਜੀਵੀਏ , ਏਥੇ ’ਈ ਮਰੀਏ
ਰਹੀਏ ਪਰ ਪਰਵਾਸੀ ।

ਕਾਲ਼ੇ ਸਮਿਆਂ ਦੀ ਨਗਰੀ ਵਿਚ
ਦਿਨ ਵੀ ਜਾਪੇ ਰਾਤ
ਮਨ ਵਿਚ ਵਸਦੀ ਹਾੜ ਦੀ ਗਰਮੀ
ਨੈਣਾਂ ਵਿਚ ਬਰਸਾਤ ।

ਪਿੰਡ ਬੇਗਾਨੇ ਕੀ ਐ ਚੰਗਾ
ਜਲ਼ੇ ਜੀਊਂਦਾ ਮਾਸ
ਫੁੱਲ ਵਰਗੀ ਜਿੰਦ ਸੁਹਲ ਸੜ ਗਈ
ਫਿਰੇ ਤੜਪਦੀ ਆਸ ।

12. ਪਿੰਡ ਦਾ ਸਿਰਨਾਵਾਂ

(ਜਿੱਥੇ) ਗਦਰੀ ਬਾਬੇ ਦੇਸ਼ ਕੌਮ ‘ਤੋਂ
ਹੋ ਜਾਵਣ ਕੁਰਬਾਨ
ਉਹ ਪਿੰਡ ਮਿੱਤਰਾਂ ਦਾ ।

ਗਲ਼ ਪਾ ਫਾਂਸੀ ਲਾਹੁਣ ਗੁਲਾਮੀ
ਅਤੇ ਭਗਤ ਸਿੰਘ ਅਖਵਾਉਣ
ਉਹ ਪਿੰਡ ਮਿੱਤਰਾਂ ਦਾ ।

ਸੂਰਬੀਰ ਬੰਨ੍ਹ ਸਿਰ ‘ਤੇ ਕੱਫਣ
ਸਾਮਰਾਜ ਨੂੰ ਢਾਉਣ
ਉਹ ਪਿੰਡ ਮਿੱਤਰਾਂ ਦਾ ।

ਕਿਰਤੀਆਂ ਦੇਸ਼ ਉਸਾਰੀ ਕੀਤੀ
ਪਰ ਨਾ ਮਿਲਿਆ ਮਾਣ
ਉਹ ਪਿੰਡ ਮਿੱਤਰਾਂ ਦਾ ।

ਅੰਨ ਉਗਾਵੇ ਅਤੇ ਦੇਸ ਨੂੰ ਪਾਲ਼ੇ
ਜਿੱਥੇ ਭੁੱਖਾ ਮਰੇ ਕਿਸਾਨ
ਉਹ ਪਿੰਡ ਮਿੱਤਰਾਂ ਦਾ ।

ਅੱਠੇ ਪਹਿਰ ਕਮਾਈਆਂ ਕਰਦੈ
ਨਾ ਪਹਿਨਣ – ਨਾ ਖਾਣ
ਉਹ ਪਿੰਡ ਮਿੱਤਰਾਂ ਦਾ ।

ਬੱਚੇ ਦੁੱਧ ਦੀ ਤਿੱਪ ਨੂੰ ਤਰਸਣ
ਜਿੱਥੇ ਦੁੱਧ ਪੀਵੇ ‘ਭਗਵਾਨ’
ਉਹ ਪਿੰਡ ਮਿੱਤਰਾਂ ਦਾ ।

ਨਾਂਗੇ ‘ਸਾਧ’ ਦਾ ਇੰਟਰਨੈਟ ’ਤੇ
ਹੁੰਦਾ ਹੈ ਸਨਮਾਨ
ਉਹ ਪਿੰਡ ਮਿੱਤਰਾਂ ਦਾ ।

ਚੂਹਾ, ਬਿੱਲੀ , ਪਿੱਪਲ਼ , ਪੱਥਰ
ਜਿੱਥੇ ਬਾਂਦਰ ਵੀ ਭਗਵਾਨ
ਉਹ ਪਿੰਡ ਮਿੱਤਰਾਂ ਦਾ ।

ਇਕ ਦੂਜੇ ਨੂੰ ਮੱਤਾਂ ਦਿੰਦੇ
ਧਰਮਾਂ ਦਾ ਘਸਮਾਣ
ਉਹ ਪਿੰਡ ਮਿੱਤਰਾਂ ਦਾ ।

ਉਹਲੇ ਬਹਿ ਲੜਾਉਂਦੇ ਦੋਖੀ
ਜਿੱਥੇ ਗੀਤਾ ਨਾਲ ਕੁਰਾਨ
ਉਹ ਪਿੰਡ ਮਿੱਤਰਾਂ ਦਾ ।

ਮਹਿਲਾਂ ਵਾਲੇ ਨਿੱਤ ਕਰਦੇ ਜਿੱਥੇ
ਝੁੱਗੀਆਂ ਦਾ ਅਪਮਾਨ
ਉਹ ਪਿੰਡ ਮਿੱਤਰਾਂ ਦਾ ।

ਅੰਧ-ਵਿਸ਼ਵਾਸੀ ਅਜ ਦੇ ਯੁੱਗ ਵੀ
ਜਿੱਥੇ ਪੱਥਰੀਂ ਤਿਲਕ ਲਗਾਉਣ
ਉਹ ਪਿੰਡ ਮਿੱਤਰਾਂ ਦਾ ।

ਰਿਸ਼ਵਤਖੋਰ ਮੁਕੱਦਮ ਜਿੱਥੇ
ਅਤੇ ਹਾਕਮ ਬੇਈਮਾਨ
ਉਹ ਪਿੰਡ ਮਿੱਤਰਾਂ ਦਾ ।

ਰਿਸ਼ਵਤ ਲੈਂਦੇ ਫੜੇ ਜਾਣ ’ਤੇ
ਜਿੱਥੇ ਭੋਰਾ ਨਾ ਸ਼ਰਮਾਉਣ
ਉਹ ਪਿੰਡ ਮਿੱਤਰਾਂ ਦਾ ।

ਜ਼ੋਰਾਵਰ ਮੁਲਕ ਨੂੰ ਵੇਚਣ
ਫਿਰ ਵੀਆਈਪੀ ਅਖਵਾਉਣ
ਉਹ ਪਿੰਡ ਮਿੱਤਰਾਂ ਦਾ ।

ਝੂਠ ਦੇ ਪੁੱਤਰ ਬਹਿ ਕੇ ਗੱਦੀਏਂ
ਜਿੱਥੇ ਸੱਚ ਦਾ ਕਤਲ ਕਰਾਉਣ
ਉਹ ਪਿੰਡ ਮਿੱਤਰਾਂ ਦਾ ।

‘ਬੁੱਧੀ-ਜੀਵੀ’ ਬੁੱਧੀ ਬਾਝ੍ਹੋਂ
ਰਲ਼-ਮਿਲ਼ ਖੇਹ ਉਡਾਉਣ
ਉਹ ਪਿੰਡ ਮਿੱਤਰਾਂ ਦਾ ।

ਮੁੱਲ ਲੈ ਕੇ ਜਿੱਥੇ ਥੀਸਿਜ਼ ਬੰਦਿਆ
‘ਡਾਕਟਰ’ ਜਿਹਾ ਅਖਵਾਉਣ
ਉਹ ਪਿੰਡ ਮਿੱਤਰਾਂ ਦਾ ।

ਕਿਸੇ ਦਾ ਲਿਖਿਆ ਪੜ੍ਹ ਕੇ ਪਰਚਾ
ਜਿੱਥੇ ਬਣ ਜਾਂਦੇ ‘ਵਿਦਵਾਨ’
ਉਹ ਪਿੰਡ ਮਿੱਤਰਾਂ ਦਾ ।

ਸਾਢ੍ਹੇ ਸੱਤ ਕਵਿਤਾਵਾਂ ਪੜ੍ਹਕੇ
ਬਣ ‘ਆਲੋਚਕ’ ਜਾਣ
ਉਹ ਪਿੰਡ ਮਿੱਤਰਾਂ ਦਾ ।

ਪੱਲਿਉਂ ਦੇ ਕੇ ‘ਗੁੜ ਦੀ ਰੋੜੀ’
ਫਿਰ ! ਸਨਮਾਨ ਕਰਾਉਣ
ਉਹ ਪਿੰਡ ਮਿੱਤਰਾਂ ਦਾ ।

ਝੂਠੇ ‘ਧਰਮੀ’ ਬੜ੍ਹਕਾਂ ਮਾਰਨ
ਜਿੱਥੇ ਘੱਟ ਮਿਲਦੇ ਇਨਸਾਨ
ਉਹ ਪਿੰਡ ਮਿੱਤਰਾਂ ਦਾ ।

ਜੀਊਂਦੇ ਜੀਅ ਜਿੱਥੇ ਕਦਰ ਨਾ ਕੋਈ
ਪਿਛੋਂ ਪੂਜਣ ਮੜ੍ਹੀ-ਮਸਾਣ
ਉਹ ਪਿੰਡ ਮਿੱਤਰਾਂ ਦਾ ।

‘ਕਿਰਤ ਕਰੋ ਪਰ ਫਲ਼ ਨਾ ਮੰਗੋ’
ਜਿੱਥੇ ਕਹਿੰਦੇ ਫਿਰਨ ਸ਼ੈਤਾਨ
ਉਹ ਪਿੰਡ ਮਿੱਤਰਾਂ ਦਾ ।

ਜਾਤ-ਪਾਤ ਦਾ ਅਜ ਵੀ ਨਾਅਰਾ
ਜਿੱਥੇ ਚੁੱਕੀ ਫਿਰਨ ਹੈਵਾਨ
ਉਹ ਪਿੰਡ ਮਿੱਤਰਾਂ ਦਾ ।

ਪੁੱਤ ਜੰਮੇ ਤੋਂ ਮਿਲਣ ਵਧਾਈਆਂ
ਲੋਕੀਂ ਧੀ ਜੰਮਿਆਂ ਘਬਰਾਉਣ
ਉਹ ਪਿੰਡ ਮਿੱਤਰਾਂ ਦਾ ।

ਧੀਆਂ ਭੈਣਾਂ ‘ਰਸਮਾਂ’ ਹੱਥੋਂ
ਜਿੱਥੇ ਹੁੰਦੀਆਂ ਲਹੂ-ਲੁਹਾਣ
ਉਹ ਪਿੰਡ ਮਿੱਤਰਾਂ ਦਾ ।

ਔਰਤ ਜੰਮੇ ਮਰਦਾਂ ਤਾਈਂ
(ਪਰ) ਮਰਦ ਕਰਨ ਅਪਮਾਨ
ਉਹ ਪਿੰਡ ਮਿੱਤਰਾਂ ਦਾ ।

ਰੁਕਮਣੀ ਫਿਰਦੀ ਅੱਖਾਂ ਪੂੰਝਦੀ
ਰਾਧਾ ਦੇ ਸੰਗ ‘ਸਿ਼ਆਮ’
ਉਹ ਪਿੰਡ ਮਿੱਤਰਾਂ ਦਾ

ਧਰਮ-ਕਰਮ ਦੀਆਂ ਖਿੱਲਾਂ ਪਾ ਕੇ
ਜਿੱਥੇ ਲੋਕਾਂ ਨੂੰ ਭਰਮਾਉਣ
ਉਹ ਪਿੰਡ ਮਿੱਤਰਾਂ ਦਾ ।

ਪਾਪ ਕਮਾਉਂਦੇ ਬਹਿ ਧਰਮ ਦੁਆਰੀਂ
ਨਾਲੇ ਜੋਰੀਂ ਮੰਗਦੇ ਦਾਨ
ਉਹ ਪਿੰਡ ਮਿੱਤਰਾਂ ਦਾ ।

ਧਰਮ ਦੇ ਨਾਂ ’ਤੇ ਦੰਗੇ ਹੁੰਦੇ
‘ਧਰਮੀ’ ਹੀ ਕਰਵਾਉਣ
ਉਹ ਪਿੰਡ ਮਿੱਤਰਾਂ ਦਾ ।

ਜਿੱਥੇ ਲੱਖਾਂ ਵਿਹਲੜ ‘ਸਾਧੂ’ ਫਿਰਦੇ
ਜਿਹੜੇ ਕਿਰਤ ਕਰਨੋਂ ਕਤਰਾਉਣ
ਉਹ ਪਿੰਡ ਮਿੱਤਰਾਂ ਦਾ ।

ਹੱਡ ਹਰਾਮੀ ਗਲੀਏਂ ਫਿਰਦੇ
ਮੰਗ-ਚੁੰਗ ਕੇ ਖਾਣ
ਉਹ ਪਿੰਡ ਮਿੱਤਰਾਂ ਦਾ ।

ਭਲਿਆਂ ਨੂੰ ਜਿੱਥੇ ਕੋਈ ’ਨੀ ਪੁੱਛਦਾ
ਪਰ ਲੰਡੀ– ਬੁਚੀ ਪਰਧਾਨ
ਉਹ ਪਿੰਡ ਮਿੱਤਰਾਂ ਦਾ ।

ਸ਼ਰਮ-ਹਯਾ ਦਾ ਮੁੱਲ ਨਹੀਂ ਕੋਈ
ਜਿੱਥੇ ਬੇਸ਼ਰਮੀ ਬਲਵਾਨ
ਉਹ ਪਿੰਡ ਮਿੱਤਰਾਂ ਦਾ ।

ਰਾਜਨੀਤੀ ਜਿੱਥੇ ਮੁੱਲ ਵਿਕਦੀ ਹੈ
ਅਤੇ ਬਣ ਗਈ ਇਕ ਦੁਕਾਨ
ਉਹ ਪਿੰਡ ਮਿੱਤਰਾਂ ਦਾ ।

ਲੀਡਰ ਫੋਕੇ ਲਾਰੇ ਵੰਡਦੇ
ਬਣਦੇ ਆਪ ਮਹਾਨ
ਉਹ ਪਿੰਡ ਮਿੱਤਰਾਂ ਦਾ ।

ਵੋਟਾਂ ਖਾਤਿਰ ਖਚਰੇ ਆਗੂ
ਵੇਚਣ ਦੀਨ ਈਮਾਨ
ਉਹ ਪਿੰਡ ਮਿੱਤਰਾਂ ਦਾ ।

ਅਨਪੜ੍ਹਤਾ ਨੂੰ ਲੀਡਰ ਸਮਝਣ
ਜਿੱਥੇ ਵੋਟਾਂ ਲਈ ਵਰਦਾਨ
ਉਹ ਪਿੰਡ ਮਿੱਤਰਾਂ ਦਾ ।

ਪਾਪ ਲਾਹੁਣ ਲਈ ਗੰਦੇ ਜਲ ਵਿਚ
ਗੰਗਾ ਡੁਬਕੀਆਂ ਲਾਉਣ
ਉਹ ਪਿੰਡ ਮਿੱਤਰਾਂ ਦਾ ।

ਲੀਡਰ ਪੱਲਿਉਂ ਦੇ ਕੇ ਪੈਸੇ
ਆਪਣੀ ਜਿ਼ੰਦਾਬਾਦ ਕਰਾਉਣ
ਉਹ ਪਿੰਡ ਮਿੱਤਰਾਂ ਦਾ ।

ਪੁੱਤ-ਭਤੀਜੇ ਵੀ ਲੀਡਰ ਬਣ ਜਾਣ
ਸਭ ਲੀਡਰ ਇਹ ਚਾਹੁਣ
ਉਹ ਪਿੰਡ ਮਿੱਤਰਾਂ ਦਾ ।

ਪਾਰਲੀਮੈਂਟ ’ਚ ਜਾ ਕੇ ਸੌਣਾਂ
ਜਿੱਥੇ ‘ਕਾਕਿਆਂ’ ਦਾ ਅਰਮਾਨ
ਉਹ ਪਿੰਡ ਮਿੱਤਰਾਂ ਦਾ ।

‘ਧਰਤੀ ਹਿੱਲੇ’ ਤਾਂ ਤੰਬੂ ਹੈ ਨਹੀਂ
ਫਿਰ ਬੰਬ ਦਾ ਕਾਹਦਾ ਮਾਣ ?
ਉਹ ਪਿੰਡ ਮਿੱਤਰਾਂ ਦਾ ।

ਲੋਕ ਰਾਜ ਦੇ ਨਾਂ ਦੇ ਉੱਤੇ
(ਨੇਤਾ) ਲੋਕਾਂ ਨੂੰ ਪਤਿਆਉਣ
ਉਹ ਪਿੰਡ ਮਿੱਤਰਾਂ ਦਾ ।

ਗੋਡੇ ਦੁਖਦੇ , ਤੁਰ ’ਨੀ ਹੁੰਦਾ
ਫੇਰ ਵੀ ਗੱਦੀਆਂ ਨੂੰ ਲਲਚਾਉਣ
ਉਹ ਪਿੰਡ ਮਿੱਤਰਾਂ ਦਾ ।

ਸੂਲ਼ੀ ਚੜ੍ਹਦੇ ਨੂੰ ਦੇਣ ਅਸੀਸਾਂ
ਅਖੇ ! ਭਲੀ ਕਰੂ ‘ਭਗਵਾਨ’
ਉਹ ਪਿੰਡ ਮਿੱਤਰਾਂ ਦਾ ।

ਧੱਕੇ ਨਾਲ ਪ੍ਰਣਾਉਂਦੈ ਜਿੱਥੇ
ਲੂਣਾ ਨੂੰ ਸਲਵਾਨ
ਉਹ ਪਿੰਡ ਮਿੱਤਰਾਂ ਦਾ ।

ਹਰ ਸ਼ਾਖ ’ਤੇ ਉੱਲੂ ਬੈਠਾ
ਅਤੇ ਸ਼ਾਖਾਵਾਂ ਸ਼ਰਮਾਉਣ
ਉਹ ਪਿੰਡ ਮਿੱਤਰਾਂ ਦਾ ।

ਵਿਚ ਤੰਦੂਰ ਦੇ ਔਰਤ ਸਾੜੇ
ਜਿੱਥੇ ਕੋਈ ਲੁੱਚਾ ਧਨਵਾਨ
ਉਹ ਪਿੰਡ ਮਿੱਤਰਾਂ ਦਾ ।

ਰਾਂਝੇ ਤਾਂ ਮੈਕਡੋਨਲਡ ਬੈਠੇ
ਹੁਣ ਨਾ ਚੂਰੀ ਖਾਣ
ਉਹ ਪਿੰਡ ਮਿੱਤਰਾਂ ਦਾ ।

ਮਿਰਜ਼ੇ ਨੇ ‘ਸੰਤਾਲ਼ੀ’ ਲੈ ਲਈ
ਕਹਿੰਦਾ ਕੰਮ ਨਹੀਂ ਤੀਰ-ਕਮਾਨ
ਉਹ ਪਿੰਡ ਮਿੱਤਰਾਂ ਦਾ ।

ਪੈਲਾਂ ਪਾਉਣ ’ਤੇ ਨੱਚਣ ਫਸਲਾਂ
ਜਿੱਥੇ ਲੁੱਟ ਲੈਂਦੇ ਧਨਵਾਨ
ਉਹ ਪਿੰਡ ਮਿੱਤਰਾਂ ਦਾ ।

ਕਿਉਂ ਸੋਨਿਉਂ ਚਿੜੀ ਮਿੱਟੀ ਦੀ ਬਣਿਆਂ
ਪੁਛਦੈ ਕੁੱਲ ਜਹਾਨ
ਉਹ ਪਿੰਡ ਮਿੱਤਰਾਂ ਦਾ ।

‘ਰੱਬ’ ਦਾ ਦੂਜਾ ਰੂਪ ਹੈ ਹੁੰਦਾ
ਜਿੱਥੇ ਘਰ ਆਇਆ ਮਹਿਮਾਨ
ਉਹ ਪਿੰਡ ਮਿੱਤਰਾਂ ਦਾ ।

“ਸਭੈ ਸਾਂਝੀਵਾਲ ਸਦਾਇਣ”
ਜਿੱਥੇ ਗੁਰੂਆਂ ਦਾ ਫੁਰਮਾਨ
ਉਹ ਪਿੰਡ ਮਿੱਤਰਾਂ ਦਾ ।

ਲਾਲੋ ਦੇ ਘਰ ਚੱਲ ਕੇ ਆਉਂਦੈ
ਜਿੱਥੇ ਨਾਨਕ ਆਪ ਮਹਾਨ
ਉਹ ਪਿੰਡ ਮਿੱਤਰਾਂ ਦਾ ।

ਭਾਈਆਂ ਖਾਤਿਰ ਭਾਈ ਜਿੱਥੇ
ਵਾਰਨ ਆਪਣੀ ਜਾਨ
ਉਹ ਪਿੰਡ ਮਿੱਤਰਾਂ ਦਾ ।

ਬੁੱਲਾ , ਬਾਹੂ , ਵਾਰਿਸ ਜਿੱਥੇ
ਸਦ ਪ੍ਰੇਮ ਦੀ ਲਾਉਣ
ਉਹ ਪਿੰਡ ਮਿੱਤਰਾਂ ਦਾ ।

ਬਾਝ ਭਰਾਵਾਂ , ਮਰਦੈ ’ਕੱਲਾ
ਜਿੱਥੇ ਮਿਰਜ਼ਾ ਖ਼ਾਨ
ਉਹ ਪਿੰਡ ਮਿੱਤਰਾਂ ਦਾ ।

ਧਰਮ ਦੇ ਠੇਕੇਦਾਰ ਹੀ ਕਰਦੇ
ਜਿੱਥੇ ਧਰਮਾਂ ਦਾ ਅਪਮਾਨ
ਉਹ ਪਿੰਡ ਮਿੱਤਰਾਂ ਦਾ ।

‘ਰੱਬ’ ਦੇ ਭਗਤ ਹੀ ਕੱਠੇ ਹੋ ਕੇ
‘ਰੱਬ’ ਦੇ ਘਰ ਨੂੰ ਢਾਹੁਣ
ਉਹ ਪਿੰਡ ਮਿੱਤਰਾਂ ਦਾ ।

ਧਰਮ ਦੇ ਨਾਂ ’ਤੇ ਖੋਲ੍ਹਣ ਹੱਟੀਆਂ
ਜਿੱਥੇ ਰੱਬ ਨੂੰ ਵੇਚਣ , ਖਾਣ
ਉਹ ਪਿੰਡ ਮਿੱਤਰਾਂ ਦਾ ।

ਬਾਲਾ ਤੇ ਮਰਦਾਨਾ ਜਿੱਥੇ
ਨਾਨਕ ਨਾਲ ਇਕ ਜਾਨ
ਉਹ ਪਿੰਡ ਮਿੱਤਰਾਂ ਦਾ ।

ਸ਼ੇਖ ਫ਼ਰੀਦ ਤੇ ਬਾਬਾ ਨਾਨਕ
ਸਾਡਾ ਸਭ ਦਾ ਮਾਣ
ਉਹ ਪਿੰਡ ਮਿੱਤਰਾਂ ਦਾ ।

ਰਿਸ਼ਵਤ ਲੈ ਕੇ ਕ੍ਰਿਕਟ ਖੇਡਣ
ਅਤੇ ਜਿੱਤ ਦੀ ਹਾਰ ਕਰਾਉਣ
ਉਹ ਪਿੰਡ ਮਿੱਤਰਾਂ ਦਾ ।

ਊੜਾ-ਐੜਾ ਭੁੱਲ ਜਾਉ ਕਾਕਾ
ਜਿੱਥੇ ‘ਤੋਤਿਆਂ’ ਦਾ ਫੁਰਮਾਨ
ਉਹ ਪਿੰਡ ਮਿੱਤਰਾਂ ਦਾ ।

ਲੁੱਚਾ ਜਿੱਥੇ ਸਭ ਤੋਂ ਉੱਚਾ
‘ਲੋਕ’ ਕਰਨ ਪ੍ਰਣਾਮ
ਉਹ ਪਿੰਡ ਮਿੱਤਰਾਂ ਦਾ ।

ਜਿੰਦ-ਜਾਨ ਤੋਂ ਵੱਧ ਪਿਆਰਾ
ਭਾਰਤ ਦੇਸ ਮਹਾਨ
ਉਹ ਪਿੰਡ ਮਿੱਤਰਾਂ ਦਾ ।

13. ਨਦੀਉਂ ਪਾਰ

ਅਸੀਂ ਵਸਦਿਆਂ ਨਦੀਉਂ ਪਾਰ ਪਰਾਏ ਹੋ ਜਾਣਾ।
ਦੁੱਖ ਆਪਣੇ ਦਿਲ ਦਾ ਮਹਿਰਮ ਕੋਲ ਲੁਕੋ ਜਾਣਾ।
ਅਸੀਂ ਵਸਦਿਆਂ ਨਦੀਉਂ ਪਾਰ

ਲੋਹੇ ਦੇ ਜੰਗਲ਼ ਵਿਚ ਜਦ ਵੀ ਅੱਗ ਭੜਕੇ
ਪਲ ਹੱਥੋਂ ਕਿਰ ਜਾਂਦੇ ਹੋਣ ਸੁਆਹ ਸੜਕੇ
ਦਾਗ ਹਿਜ਼ਰ ਦਾ ਆਪਣੇ ਹੱਥੀਂ ਧੋ ਜਾਣਾ।
ਅਸੀਂ ਵਸਦਿਆਂ ਨਦੀਉਂ ਪਾਰ

ਉੱਠਣ ਮੁੜ ਮੁੜ ਬਾ-ਵਰੋਲ਼ੇ ਯਾਦਾਂ ਦੇ
ਸੁਣਦਾ ਕੋਈ 'ਨੀ ਬੋਲ ਕਦੇ ਫਰਿਆਦਾਂ ਦੇ
ਸੋਚਿਆ ਨਹੀਂ ਸੀ ਹੱਥੀਂ ਬੂਹਾ ਢੋਅ ਜਾਣਾ।
ਅਸੀਂ ਵਸਦਿਆਂ ਨਦੀਉਂ ਪਾਰ

ਯਾਦਾਂ ਦੇ ਵਿਹੜੇ ਵਿਚ ਖਿਲਰੀ ਮਹਿਕ ਜਹੀ
ਖੂਨ ਜਿਗਰ ਦਾ ਚੋਵੇ ਨਾਲੇ ਸਹਿਕ ਰਹੀ
ਏਸ ਮਹਿਕ ਨੇ ਵੱਖਰੀ ਵਿਚ ਸਮੋ ਜਾਣਾ।
ਅਸੀਂ ਵਸਦਿਆਂ ਨਦੀਉਂ ਪਾਰ

ਹਾਦਸਿਆਂ ਦੀ ਨਗਰੀ ਦਾ ਦਸਤੂਰ ਕਿਹਾ
ਰੁਲ਼ ਜਾਂਦਾ ਹੈ ਆਪਾ ਕੋਹਿਨੂਰ ਜਿਹਾ
ਆਖਰ ਸਮਿਆਂ ਨੇ ਹੈ ਜ਼ਖ਼ਮ ਲਕੋ ਜਾਣਾ।
ਅਸੀਂ ਵਸਦਿਆਂ ਨਦੀਉਂ ਪਾਰ

ਚਿਹਰੇ ਆਪਣੇ ਵਰਗੇ ਹੁਣ ਅਣਜਾਣ ਬਣੇ
ਦੇਵਤਿਆਂ ਦੀ ਧਰਤੀ 'ਤੇ ਸ਼ੈਤਾਨ ਬਣੇ
ਪਤਾ ਨਹੀਂ ਸੀ ਏਦਾਂ ਵੀ ਕਦੇ ਹੋ ਜਾਣਾ।
ਅਸੀਂ ਵਸਦਿਆਂ ਨਦੀਉਂ ਪਾਰ

ਕੀ ਖੱਟਿਆਂ ਅਸੀਂ ਦੱਸ ਸ਼ਰਾਫਤ ਰੱਖ ਪੱਲੇ
ਏਸ ਜਹਾਨੋਂ ਐਵੇਂ ਹੀ ਬੱਸ ਤੁਰ ਚੱਲੇ
ਕੌੜਾ ਮਨ ਫੇਰ ਆਪਣਿਆਂ ਦਾ ਹੋ ਜਾਣਾ।

ਅਸੀਂ ਵਸਦਿਆਂ ਨਦੀਉਂ ਪਾਰ ਪਰਾਏ ਹੋ ਜਾਣਾ।
ਦੁੱਖ ਆਪਣੇ ਦਿਲ ਦਾ ਮਹਿਰਮ ਕੋਲ ਲੁਕੋ ਜਾਣਾ।

14. ਸੱਚ ਦਾ ਗੀਤ

ਧਰਤੀ ਦੀ ਅੱਖ ਜਦ ਰੋਈ ਸੀ
ਤੂੰ ਸੱਚ ਦਾ ਦੀਵਾ ਬਾਲ ਦਿੱਤਾ
ਪਾਇਆ 'ਨੇਰ ਪਾਖੰਡੀਆਂ ਸੀ ਏਥੇ
ਤੂੰ ਤਰਕ ਦਾ ਰਾਹ ਸੀ ਭਾਲ਼ ਦਿੱਤਾ
ਤੇਰੀ ਬੇਗਮਪੁਰਾ ਹੀ ਮੰਜ਼ਿਲ ਸੀ
ਤਾਹੀਉਂ ਉਸਤਤ ਕਰੇ ਜਹਾਨ ਸਾਰਾ
ਤੇਰੀ ਬਾਣੀ ਨੂੰ ਜਿਸ ਲੜ ਬੰਨ੍ਹਿਆਂ
'ਨ੍ਹੇਰੇ ਦਾ ਕੱਟ ਜੰਜਾਲ ਦਿੱਤਾ

ਜੱਗ ਵਿੱਚ ਆਇਆ ਜਦੋਂ ਸੱਚ ਦਾ ਪੁਜਾਰੀ
ਉਦੋਂ ਝੂਠ ਨੂੰ ਤਾਂ ਫਿਕਰ ਪਿਆ
ਇੱਕੋ ਨੂਰ, ਇੱਕੋ ਰੂਪ ਸਭ ਦੀ ਹੈ ਤੰਦ ਸਾਂਝੀ
ਵੱਖੋ ਵੱਖ ਕੀਹਨੇ ਐ ਕਿਹਾ
ਚਾਨਣੇ ਦੀ ਲੀਕ ਜਦੋਂ ਜੱਗ ਵਿੱਚ ਖਿਲਰੀ ਤਾਂ
'ਨੇਰਾ ਉਦੋਂ ਤਿੜਕ ਗਿਆ
ਕਿਰਤਾਂ ਦੇ ਸੱਚੇ-ਸੁੱਚੇ ਥੜ੍ਹੇ ਉੱਤੇ ਬਹਿ ਕੇ
ਆਪ ਅਕਲਾਂ ਨੂੰ ਰਿੜਕ ਗਿਆ
ਜੱਗ ਵਿੱਚ ਆਇਆ ਜਦੋਂ ..........

ਧਰਮਾਂ ਦਾ ਨਾਂ ਲੈਂਦੇ ਕੰਮ ਨੇ ਕਸਾਈਆਂ ਵਾਲੇ
ਬੁੱਤ, ਬੰਦਿਆਂ ਦੇ ਵਿੱਚੋਂ ਹੋਰ ਨੇ
ਪੱਖਪਾਤ, ਜਾਤਪਾਤ ਵਾਲਾ ਜੋ ਨੇ ਰੌਲ਼ਾ ਪਾਉਂਦੇ
ਕੰਮ ਮੰਦੇ ਉੱਚੀ ਪਾਉਂਦੇ ਸ਼ੋਰ ਨੇ
ਮਾਸ ਵਾਲੇ ਲੋਥੜੇ ਹਾਂ ਇੱਕੋ ਲਹੂ ਨਾੜਾਂ ਵਿੱਚ
ਵੰਡੀਆਂ ਜੋ ਪਾਉਂਦੇ ਉਹੋ ਚੋਰ ਨੇ
ਜਿੰਦ-ਜਾਨ ਜਿਹੜੀ ਐ ਮਨੁੱਖਤਾ ਦੇ ਲੇਖੇ ਲੱਗੇ
ਉੱਚੇ ਥੜ੍ਹੇ ਖੜ੍ਹ ਕੇ ਕਿਹਾ
ਜੱਗ ਵਿੱਚ ਆਇਆ ਜਦੋਂ ..........

ਕੌਣ ਕਰੇ ਫੈਸਲਾ ਇਹ ਕੌਣ ਛੋਟਾ, ਕੌਣ ਵੱਡਾ
ਸ਼ਕਲਾਂ ਦੇ ਪੱਖੋਂ ਸਭ ਇਕ ਨੇ
ਹਰ ਕਿਸੇ ਮਨ ਵਿੱਚ ਪਿਆਰ ਦੀ ਚਿਣਗ ਲਾਉਣੀ
ਫੇਰ ਹੋਣੇ ਸਭ ਇੱਕ ਮਿੱਕ ਨੇ
ਕਦੇ ਵੀ ਨਾ ਰਾਗ ਦੂਜ-ਤੀਜ ਵਾਲਾ ਗਾਉਣ ਦੇਣਾ
ਏਦਾਂ ਹੀ ਤਾਂ ਪੈਂਦੇ ਸਾਰੇ ਫਿੱਕ ਨੇ
ਜੱਗ ਵਿੱਚ ਦੇ ਕੇ ਸਾਰੇ ਹੋਕਾ ਤੂੰ ਬਰਾਬਰੀ ਦਾ
ਸਾਰਿਆਂ ਨੂੰ ਬਾਹਾਂ 'ਚ ਲਿਆ
ਜੱਗ ਵਿੱਚ ਆਇਆ ਜਦੋਂ ..........

ਅੰਧਕਾਰ ਸਮਿਆਂ 'ਚ ਹੌਸਲੇ ਦਾ ਰੂਪ ਸੀ ਤੂੰ
ਪੂਰਾ ਅਖਵਾਇਆ ਵਿੱਚ ਜੱਗ ਦੇ
ਸਾਰੀਆਂ ਸੁਗੰਧੀਆਂ ਨੂੰ ਹਵਾ ਵਿੱਚ ਘੋਲ ਦਿੱਤਾ
ਬੇਗਮਪੁਰੇ ਵਾਲੇ ਉੱਚੇ ਸੁਰ ਬੱਜਦੇ
ਬੰਦੇ ਤੋਂ ਬੰਦੇ ਨਾਲ ਵਿਤਕਰਾ ਨਾ ਹੋਵੇ ਕੋਈ
ਰਹਿਣ ਇਹੋ ਨਾਅਰੇ ਸਦਾ ਗੱਜਦੇ
ਛੱਡ ਬੁੱਤ ਪੂਜਣੇ ਤੂੰ ਝੂਠੇ ਧਰਵਾਸ ਇਹੋ
ਕੀ ਐ ਧਰਵਾਸਾਂ 'ਚ ਪਿਆ
ਜੱਗ ਵਿੱਚ ਆਇਆ ਜਦੋਂ ..........

15. ਕੰਙਣ

ਮਨ ਦੇ ਵਿਹੜੇ ਕੰਙਣ ਖਿਲਰੇ
ਕੰਙਣ ਖਿਲਰੇ ਚਾਵਾਂ ਦੇ,
ਮੈਂ ਨਾ ਤੱਕਾਂ ਧਰਮ ਦੁਆਰੇ
ਮੁੱਖ ਤੱਕਾਂ ਮੈਂ ਮਾਵਾਂ ਦੇ।

ਲੱਖ ਆਖੋ ਤੇ ਲੱਖ ਸਮਝਾਵੋ
ਮੇਰਾ ਮਨ ਇਹ ਮੰਨਦਾ ਨਹੀਂ,
ਕਦੇ ਵੀ ਨਹੀਂਉਂ ਢੱਗੇ ਮਰਦੇ
ਲੱਖ ਆਖਿਆਂ ਕਾਵਾਂ ਦੇ।

ਬੰਦੇ ਦੀ ਹੈ ਅਓਧ ਨਿਗੂਣੀ
ਫੇਰ ਵੀ ਚੇਤੇ ਰੱਖਦਾ ਨਹੀਂ,
ਕੀ ਖੱਟੇਂਗਾ ਕਰਕੇ ਬਦੀਆਂ
ਕਿੰਨੇ ਪਲ ਨੇ ਸਾਹਵਾਂ ਦੇ?

ਇੱਥੇ ਫਿਰਦੇ ਲੋਕ ਨਿਤਾਣੇ
ਏਨ੍ਹਾਂ ਵੱਲੇ ਨਜ਼ਰ ਕਰੇਂ,
ਕਰਕੇ ਦੇਖ ਦੁਖੀ ਦੀ ਸੇਵਾ
ਅੰਤ ਨਹੀਂ ਰਹਿਣੇ ਚਾਵਾਂ ਦੇ।

ਮਰਦਾਂ ਦੀ ਸਰਦਾਰੀ ਏਥੇ
ਏਸ ਸਮਾਜੀ ਢਾਂਚੇ 'ਤੇ,
ਆਪ ਕਰਨ ਧੀਆਂ ਦੀ ਹੱਤਿਆ
ਨਾਂ ਲਾ ਦੇਂਦੇ ਮਾਵਾਂ ਦੇ।

ਪਾਕੇ ਭਗਵੇਂ ਸੰਤ ਕਹਾਵਣ
ਰੀਤ ਸਮਾਜੀ ਜਾਨਣ ਨਾਂ,
ਬੇ-ਗਮ ਪੁਰੇ ਇਹ ਕਿੰਜ ਪੁੱਜਣਗੇ
ਵਾਕਿਫ ਨਹੀਂ ਜਦ ਰਾਹਵਾਂ ਦੇ।

ਬਾਝ ਭਰਾਵਾਂ ਕੋਈ ਨੀ ਪੁੱਛਦਾ
ਸਮਿਆਂ ਦਾ ਸੱਚ ਹੁੰਦਾ ਸੀ,
ਹੁਣ ਤਾਂ ਆਪੇ ਲੜਨਾ ਪੈਂਦੈ
ਜ਼ੋਰ ਆਪਣੀਆਂ ਬਾਹਵਾਂ ਦੇ।

ਸੁੱਖ ਮਿਲਦਾ ਹੈ ਨੇਕੀ ਬਦਲੇ
ਜੇ ਮਨ ਸੱਚਾ ਹੋਵੇ ਤਾਂ,
ਕੋਈ ਕਿਧਰੇ ਵੀ ਵਸ ਜਾਵੇ
ਫਰਕ ਨਹੀਂ ਪੈਦੇ ਥਾਵ੍ਹਾਂ ਦੇ।

16. ਗੋਰਖ

ਹੁਣ ਟਿੱਲੇ 'ਤੇ ਨਹੀਂ ਰਹਿੰਦਾ
ਨਾ ਹੀ ਵੰਡਦਾ ਹੈ
ਜੋਗ ਦੀ ਦੱਛਣਾਂ
ਤੇ
ਕੰਨਾਂ ਦੀਆਂ ਮੁੰਦਰਾਂ।
ਨਾ ਹੀ ਭੇਜਦਾ ਹੈ
ਕਿਸੇ ਪੂਰਨ ਨੂੰ
ਸੁੰਦਰਾਂ ਦੇ ਮਹਿਲੀਂ
ਖੈਰ ਮੰਗਣ ਦੇ ਬਹਾਨੇ
ਤੇ ਰਾਂਝੇ ਨੂੰ
ਖੇੜਿਆਂ ਦੇ ਦਰ 'ਤੇ।
ਗੋਰਖ ਹੁਣ ਰਾਜਧਾਨੀ ਦੀਆਂ
ਵੱਡੀਆਂ ਕੋਠੀਆਂ ਵਿਚ
ਰਿਹਾਇਸ਼ ਰੱਖਦਾ ਹੈ
ਨਿੱਤ ਮਾਰਦਾ ਹੈ ਗੇੜਾ
ਲੋਕ ਰਾਜ ਦੇ ਵੱਡੇ ਹਾਲ
ਪਾਰਲੀਮੈਂਟ 'ਚ
ਵੰਡਦਾ ਹੈ ਟਿਕਟਾਂ
ਭਾਂਤ-ਸੁਭਾਂਤੀਆਂ
ਉਹਦੀ ਜੇਬ 'ਚ ਹਨ
ਵਿਧਾਇਕ ਤੇ ਵਜ਼ੀਰ
ਬਣਨ ਦੇ ਲਾਇਸੰਸ
ਵੰਡਦਾ ਹੈ ਕੋਟੇ
ਵੱਡੀਆਂ ਫਰਮਾਂ ਦੇ
ਬਾਹਰਲੇ ਮੁਲਕਾਂ ਨਾਲ
ਖੁੱਲ੍ਹੇ ਵਪਾਰ ਦੇ
ਆਯਾਤ, ਨਿਰਯਾਤ ਦੇ
ਇੰਪੋਰਟ, ਐਕਸਪੋਰਟ ਦੇ।
ਆਪਣਾ ਦਿਲ ਰਾਜ਼ੀ ਰੱਖਣ ਵਾਸਤੇ
ਵੇਸਵਾਗਮਨੀ ਨੂੰ
ਸਰਕਾਰੀ ਕਰਨ ਦਾ
ਐਲਾਨ ਵੀ ਕਰਦਾ ਹੈ।
ਜੁਆਨ ਕੰਨਿਆਵਾਂ ਲਈ
ਕਾਲਜ ਖੋਲ੍ਹਣ ਵਾਸਤੇ, ਟਿੱਲ ਲਾਉਂਦਾ ਹੈ
ਮਾਡਰਨ ਹੋਸਟਲ ਦਾ ਨੀਂਹ ਪੱਥਰ ਰੱਖਦਾ ਹੈ
ਹੋਸਟਲ ਦੀ ਵਾਰਡਨ ਤੋਂ
ਵੇਲੇ/ਕੁਵੇਲੇ ਕੰਨਿਆਵਾਂ ਦਾ ਹਾਲ ਪੁੱਛਦਾ ਹੈ
ਗੋਰਖ ਹੁਣ ਟਿੱਲੇ 'ਤੇ ਨਹੀਂ ਰਹਿੰਦਾ
ਸਮੇਂ ਮੁਤਾਬਿਕ
ਉਹ ਥੋੜਾ ਜਿਹਾ
ਰੋਮਾਂਟਿਕ ਹੋ ਗਿਐ ।
ਗੋਰਖ ਹੁਣ ਟਿੱਲੇ 'ਤੇ ਨਹੀਂ ਰਹਿੰਦਾ

17. ਲਾਰਿਆਂ ਦੀ ਰੁੱਤ

ਆਈ ਲਾਰਿਆਂ ਦੀ ਰੁੱਤ
ਲੋਕੋ ਬਚ ਕੇ ਰਿਹੋ
ਪਹਿਲਾਂ ਦੱਸਿਆ ਕਿਉਂ ਨਾ
ਤੁਸੀਂ ਫੇਰ ਨਾ ਕਿਹੋ ।

ਬਹੁਤੀ ਲੋਟੂਆਂ ਦੀ ਢਾਣੀ
ਨਿਰਾ ਕੂੜ ਤੇ ਕਬਾੜ
ਸਾਰਾ ਈ ਖੂਨ ਚੂਸੀ ਜਾਂਦੇ
ਨਿਰੀ ਛੱਡਦੇ ਹਵਾੜ
ਤੁਸੀਂ ਸੱਚੇ ਸੁੱਚੇ ਲੋਕ
ਬਸ! ਸੱਚ ਹੀ ਕਿਹੋ।

ਇਹ ਲੁਟੇਰਿਆਂ ਦਾ ਟੋਲਾ
ਜਿਨ੍ਹਾਂ ਲੁੱਟਿਆਂ ਪੰਜਾਬ
ਖਾਨ ਜ਼ਕਰੀਏ ਦੇ ਚੇਲੇ
ਜਿਨ੍ਹਾਂ ਕੁੱਟਿਆ ਪੰਜਾਬ
ਹੁਣ ਹੋਰ ਬਹੁਤਾ ਚਿਰ
ਨਾ ਉਡੀਕ 'ਚ ਬਿਹੋ।

ਬੰਦ ਕਰੋ ਰਲ਼ ਸਾਰੇ
ਖੁਲ੍ਹੇ ਲਾਸ਼ਾਂ ਦੇ ਬਾਜ਼ਾਰ
ਫੜੋ ਚੱਜ ਦਾ ਕੋਈ ਰਾਹ
ਕਿਉਂ ਹੋਏ ਅਵਾਜ਼ਾਰ
ਜਿਹੜਾ ਮਰਨੇ ਨੂੰ ਫਿਰੇ
ਓਹਨੂੰ ਜੀਊਣ ਨੂੰ ਕਿਹੋ।

ਇਹ ਬਹਾਦਰਾਂ ਨੂੰ ਹੋਕਾ
ਦੱਸੋ ਕੀ ਹੈ ਹੋਈ ਜਾਂਦਾ
ਭਾੱਜੀ ਮੋੜਨੀ ਕਿਉਂ ਭੁੱਲੇ
ਕਿਉਂ ਪੰਜਾਬ ਰੋਈ ਜਾਂਦਾ
ਹਰ ਵਾਰ ਲੁੱਟੇ ਜਾਉ
ਇਸ ਵਾਰ ਨਾ ਸਿਹੋ।

ਸਿਰਲੱਥਾਂ ਦੀ ਹੈ ਧਰਤੀ
ਨਾਮ ਜਿਸਦਾ ਪੰਜਾਬ
ਕਿਹਨੇ ਖੋਹੀ ਹੈ ਅਣਖ
ਕੀਹਨੇ ਲੁੱਟਿਆ ਸ਼ਬਾਬ
ਦੁੱਲੇ ਭਗਤ ਸਰਾਭਿਆਂ ਨੂੰ
ਸਦਾ ਚੇਤੇ ਕਰਦੇ ਰਿਹੋ ।

ਆਈ ਲਾਰਿਆਂ ਦੀ ਰੁੱਤ
ਲੋਕੋ ਬਚ ਕੇ ਰਿਹੋ
ਪਹਿਲਾਂ ਦੱਸਿਆ ਕਿਉਂ ਨਾ
ਤੁਸੀਂ ਫੇਰ ਨਾ ਕਿਹੋ ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ