Punjabi Poetry : Karamjit Singh Gathwala

ਪੰਜਾਬੀ ਕਵਿਤਾਵਾਂ ਤੇ ਗੀਤ : ਕਰਮਜੀਤ ਸਿੰਘ ਗਠਵਾਲਾ

ਜੱਗ ਹੀ ਉਹਦੀ ਜਾਗੀਰ ਬਣਿਆਂ

ਬਾਬਾ ਨਾਨਕ ਜੰਮਿਆਂ ਜਿਸ ਵੇਲੇ
ਆਪਣੇ ਮਾਂ ਤੇ ਪਿਉ ਦੀ ਧੀਰ ਬਣਿਆਂ ।
ਭੈਣ ਨਾਨਕੀ ਲਈ ਪਰ ਉਹੋ ਨਾਨਕ
ਸੁਹਣਾ ਨਿੱਕੜਾ ਜਿਹਾ ਸੀ ਵੀਰ ਬਣਿਆਂ ।
ਉਹਨੇ ਮੁੱਖੋਂ ਉਚਾਰਿਆ ਸ਼ਬਦ ਜਿਹੜਾ
ਜ਼ੁਲਮ ਮੇਟਣੇ ਲਈ ਸ਼ਮਸ਼ੀਰ ਬਣਿਆਂ ।
ਬਣਿਆਂ ਹਿੰਦੂਆਂ ਦਾ ਉਹ ਗੁਰੂ ਸੱਚਾ
ਸਿਦਕੀ ਮੋਮਨਾਂ ਦਾ ਕਾਮਲ ਪੀਰ ਬਣਿਆਂ ।
'ਨਜ਼ੀਰ' ਵਾਸਤੇ ਬਣਿਆਂ ਉਹ 'ਸ਼ਾਹ ਨਾਨਕ'
ਲੋਕਾਂ ਲਈ ਪਰ ਬੇਨਜ਼ੀਰ ਬਣਿਆਂ ।
'ਇਕਬਾਲ' ਸਮਝਿਆ ਹੋਕਾ ਤੌਹੀਦ ਉਹਦਾ
ਭਟਕੇ ਲੋਕਾਂ ਲਈ ਆਪ ਰਾਹਗੀਰ ਬਣਿਆਂ ।
ਘਰ ਛੱਡ ਟੁਰਿਆ ਦੁਨੀਆਂ ਸੋਧਣੇ ਨੂੰ
ਲੋਕਾਂ ਸੋਚਿਆ ਨਾਨਕ ਫ਼ਕੀਰ ਬਣਿਆਂ ।
ਚੱਕਰ ਲਾ ਮੁੜਿਆ ਲੋਕਾਂ ਵੇਖਿਆ ਇਹ
ਸਾਰਾ ਜੱਗ ਹੀ ਉਹਦੀ ਜਾਗੀਰ ਬਣਿਆਂ ।

('ਨਜ਼ੀਰ'= ਉਰਦੂ ਦੇ ਪ੍ਰਸਿੱਧ ਕਵੀ ਨਜ਼ੀਰ
ਅਕਬਰਾਬਾਦੀ, 'ਇਕਬਾਲ'= ਉਰਦੂ ਦੇ
ਪ੍ਰਸਿੱਧ ਕਵੀ ਅੱਲਾਮਾ ਇਕਬਾਲ, ਸ਼ਮਸ਼ੀਰ=
ਤਲਵਾਰ, ਬੇਨਜ਼ੀਰ=ਜਿਸ ਵਰਗਾ ਕੋਈ ਹੋਰ
ਨਾਂ ਹੋਵੇ , ਤੌਹੀਦ=ਇੱਕ ਰੱਬ ਦਾ ਸਿਧਾਂਤ)

ਨਾਨਕ ਨਾਨਕ ਦੁਨੀਆਂ ਕਰਦੀ

ਨਾਨਕ ਨਾਨਕ ਦੁਨੀਆਂ ਕਰਦੀ ਨਾਨਕ ਦੀ ਪਰ ਕੋਈ ਨਾ ਸੁਣਦਾ
ਜਿੱਦਾਂ ਜੀਦ੍ਹਾ ਜੀਅ ਪਿਆ ਚਾਹੇ ਆਪਣਾ-ਆਪਣਾ ਤਾਣਾ ਬੁਣਦਾ

ਬਾਬਰ ਦਾ ਜਾਂ ਜ਼ੁਲਮ ਵੇਖਿਆ ਨਾਨਕ ਬਾਬਰਵਾਣੀ ਆਖੀ
ਰੱਬ ਨੂੰ ਉਨ੍ਹਾਂ ਉਲਾਹਮਾ ਦਿੱਤਾ ਗੁਰੂ ਗ੍ਰੰਥ ਹੈ ਜਿਸਦਾ ਸਾਖੀ
ਦਿਨ ਦੀਹਵੀਂ ਅੱਜ ਜ਼ੁਲਮ ਹੋ ਰਹੇ ਕੌਣ ਜ਼ੁਲਮ ਦੇ ਕੰਡੇ ਚੁਣਦਾ

'ਮਾਣਸ ਖਾਣੇ' ਕਰਨ ਨਿਵਾਜਾਂ ਨਾਲੇ ਵੇਖੇ ਸੰਖ ਪੂਰਦੇ
ਹੱਕ ਸੱਚ ਦੀ ਗੱਲ ਜੇ ਆਖੋ ਅੱਖਾਂ ਕੱਢ ਕੱਢ ਪਏ ਘੂਰਦੇ
ਚਾਪਲੂਸਾਂ ਦੀ ਜੈ ਜੈ ਹੋਵੇ ਗਾਹਕ ਦਿੱਸੇ ਨਾ ਕੋਈ ਗੁਣ ਦਾ

'ਪਤ ਲੱਥੀ' ਤੇ ਫੇਰ ਕੀ ਹੋਇਆ ਪਿੱਠ ਝਾੜ ਕੇ ਦਾਅਵਤ ਖਾਂਦੇ
ਪੱਗ ਲਾਹ ਕੇ ਪਰ੍ਹਾਂ ਸੁੱਟ ਦਿੱਤੀ ਆਪਣੀ ਦਾੜ੍ਹੀ ਆਪ ਮੁਨਾਂਦੇ
ਕਿਸੇ ਦੀ ਭੱਠੀ, ਕਿਸੇ ਦਾ ਝੋਕਾ, ਬੈਠਾ ਜਾਬਰ ਦਾਣੇ ਭੁੰਨਦਾ

ਗੁਰੂ ਨਾਨਕ ਦੇਵ ਜੀ

ਕੋਈ ਖਿੱਚ ਸੀ ਤੈਨੂੰ ਲਈਂ ਫਿਰਦੀ,
ਕਦੇ ਜੰਗਲਾਂ ਅਤੇ ਪਹਾੜਾਂ ਦੇ ਵਿੱਚ ।
ਕਿਸੇ ਧੂਹ ਦਾ ਧੂਹਿਆ ਜਾਂਵਦਾ ਸੀ,
ਭੱਜ ਭੱਜ ਕੇ ਵਣਾਂ ਉਜਾੜਾਂ ਦੇ ਵਿੱਚ ।

ਕਾਹਦੇ ਵਾਸਤੇ ਸਾਗਰ ਤੂੰ ਗਾਹੇ,
ਕਾਹਦੇ ਵਾਸਤੇ ਤਪਦੇ ਰੇਤ ਲੰਘੇ ।
ਪੋਹ ਮਾਘ ਦੀ ਠੰਢ ਨਾ ਤੂੰ ਵੇਖੀ,
ਸਿਰੋਂ ਵੇਖੇ ਨਾ ਹਾੜ੍ਹ ਤੇ ਜੇਠ ਲੰਘੇ ।

ਭੀਲਾਂ ਨਾਲ ਦੱਸ ਤੇਰਾ ਸੀ ਕੀ ਰਿਸ਼ਤਾ,
ਮਿਲਿਆ ਕੌਡੇ ਨੂੰ ਜੀਹਦੇ ਵਾਸਤੇ ਤੂੰ ।
ਜਿਨ੍ਹਾਂ ਉੱਤੋਂ ਸੀ ਲੰਘਣਾ ਬਹੁਤ ਮੁਸ਼ਕਿਲ,
ਸਾਰੇ ਗਾਹ ਮਾਰੇ ਉਹ ਰਾਸਤੇ ਤੂੰ ।

ਜਿਸਦੀ ਹਉਮੈ ਸੀ ਚੜ੍ਹੀ ਪਹਾੜ ਉੱਤੇ,
ਉਹਨੂੰ ਪਾਣੀ ਜਿਉਂ ਹੇਠਾਂ ਲਾਹ ਲਿਆ ।
ਜਿਹੜਾ ਔਝੜੇ ਔਝੜੇ ਜਾਂਵਦਾ ਸੀ,
ਉਹਨੂੰ ਮੋੜ ਸਿੱਧੇ ਰਾਹੇ ਪਾ ਲਿਆ ।

ਕੁਲ੍ਹੀ ਲਾਲੋ ਦੀ ਸੋਹਣਾ ਮਹਿਲ ਦਿੱਸੀ,
ਧੌਲਰ ਭਾਗੋ ਦੇ ਰੜੇ ਮੈਦਾਨ ਦਿੱਸੇ ।
ਹਿੰਦੂ, ਮੁਸਲਿਮ, ਨਾ ਕੋਈ ਜੈਨ, ਬੋਧੀ,
ਤੈਨੂੰ ਲੋਕ ਸਭ ਰੱਬੀ ਇਨਸਾਨ ਦਿੱਸੇ ।

ਲੱਗੇ ਰੋਗ ਕੋਈ ਤਾਂ ਇਲਾਜ ਖਾਤਰ,
ਰੋਗੀ ਵੈਦ ਕੋਲ ਚੱਲ ਕੇ ਆਂਵਦੇ ਨੇ ।
ਨਾਨਕ ਵੈਦ ਵਰਗੇ ਹੋਰ ਵੈਦ ਕਿੱਥੇ ?
ਜਿਹੜੇ ਰੋਗੀਆਂ ਕੋਲ ਖੁਦ ਜਾਂਵਦੇ ਨੇ ।

ਸਾਹਿਬਜ਼ਾਦਾ ਜੋਰਾਵਰ ਸਿੰਘ ਵਜ਼ੀਦ ਖਾਂ ਨੂੰ

ਮਾਰੇਂ ਦਮਗਜ਼ੇ ਗੁਰਾਂ ਨੂੰ ਕੈਦ ਕੀਤਾ
ਉਹ ਤਾਂ ਪਰਗਟੇ 'ਤੇਗ਼' ਦੀ ਧਾਰ ਵਿੱਚੋਂ ।
ਉਹਨੂੰ ਛੱਲਾਂ ਨੇ ਭਲਾ ਹੈ ਰੋਕਣਾ ਕੀ
ਬੇੜੇ ਕੱਢਣੇ ਜਿਨ੍ਹੇ ਮੰਝਧਾਰ ਵਿੱਚੋਂ ।

ਜੱਟ ਕਿਰਤੀ ਸ਼ੇਰ ਬਣਾਏ ਉਨ੍ਹਾਂ
ਪਾ ਰਹੇ ਧਰਮ ਲਈ ਜੋ ਸ਼ਹੀਦੀਆਂ ਨੇ ।
ਸਿੱਧੇ ਲੜਨ ਤੋਂ ਘੇਰਾ ਜੋ ਘੱਤ ਬੈਠੇ
ਫੜਨੇ ਗੁਰੂ ਕੀ ਤੇਰੇ ਜਹੇ ਗੀਦੀਆਂ ਨੇ ।

ਸਾਡੇ ਵੀਰ ਤੂੰ ਕਹੇਂ ਹਨ ਖੇਤ ਰਹੇ,
ਅਪਣਾ ਫ਼ਰਜ਼ ਉਹ ਕਰ ਅਦਾ ਗਏ ਨੇ ।
ਦਾਦੇ ਸਾਡੇ ਨੇ ਸਿਰਰੁ ਦੀ ਗੱਲ ਕੀਤੀ,
ਸਿਰ ਦੇ ਉਹ ਸਿਦਕ ਨਿਭਾ ਗਏ ਨੇ ।

ਪਿੱਛੇ ਆਉਂਦਿਆਂ ਨੂੰ ਨ੍ਹੇਰੀ ਰਾਤ ਅੰਦਰ,
ਦੀਵੇ ਧਰਮ ਦੇ ਉਹ ਜਗਾ ਗਏ ਨੇ ।
ਸਵਾ ਲੱਖ ਨਾਲ ਇੱਕ ਲੜਾਉਣ ਵਾਲਾ,
ਪਿਤਾ ਵਾਲੜਾ ਵਚਨ ਪੁਗਾ ਗਏ ਨੇ ।

ਮੌਤ ਕੋਲੋਂ ਨਹੀਂ ਅਸੀਂ ਹਾਂ ਡਰਨ ਵਾਲੇ
ਆਏ ਜਿੱਥੋਂ ਫਿਰ ਜਾਣ ਦਾ ਡਰ ਕਾਹਦਾ ।
ਨਾ ਤੂੰ ਨਾ ਤੇਰਾ ਦਰਬਾਰ ਰਹਿਣਾ
ਫ਼ੋਕਾ ਦਮ ਐਵੇਂ ਰਿਹੈਂ ਭਰ ਕਾਹਦਾ ।

ਡਰਨ ਕਾਲ ਤੋਂ ਨੀਵੇਂ ਜੋ ਕੰਮ ਕਰਦੇ
ਕਾਲ ਕਰੇ ਸਿਜਦੇ ਕੰਮਾਂ ਉੱਚਿਆਂ ਨੂੰ ।
ਉਹ ਉਨ੍ਹਾਂ ਨੂੰ ਇੰਜ ਸੰਭਾਲਦਾ ਏ
ਮਾਲੀ ਸਾਂਭੇ ਜਿਉਂ ਫੁੱਲਾਂ ਸੁੱਚਿਆਂ ਨੂੰ ।

ਬਹਿਸ਼ਤਾਂ ਜਿਹੜਿਆਂ ਦੀ ਤੂੰ ਗੱਲ ਕਰਦਾ
ਅਸੀਂ ਉਨ੍ਹਾਂ ਨੂੰ ਨਹੀਂ ਸਿਆਣਦੇ ਹਾਂ ।
ਜਿੱਥੇ ਰੂਹ ਸਭਦੀ ਤਪਦੀ ਸ਼ਾਂਤ ਹੋਵੇ
ਅਸੀਂ ਬਹਿਸ਼ਤ ਬਣਾਉਣੇ ਜਾਣਦੇ ਹਾਂ ।

ਜਿਹੜੀ ਮਾਇਆ ਨਾਲ ਸਾਨੂੰ ਭਰਮਾ ਰਿਹਾ
ਸਤਿਲੁਜ ਵਿੱਚ ਉਹ ਸਤਿਗੁਰਾਂ ਰੋੜ੍ਹ ਦਿੱਤੀ ।
ਅਸੀਂ ਉਨ੍ਹਾਂ ਦੇ ਘਰ ਹਾਂ ਹੋਏ ਪੈਦਾ
ਜਿੱਥੇ ਰੱਬ ਨੇ ਕੋਈ ਨਾ ਥੋੜ੍ਹ ਦਿੱਤੀ ।

ਤੂੰ ਕਹੇਂ ਇਸਲਾਮ ਹੈ ਬਹੁਤ ਉੱਚਾ
ਕਾਂਗਿਆਰੀ ਹੋ ਜਾਂਦੀ ਏ ਖੇਤ ਅੰਦਰ।
ਮੰਦੇ ਬੰਦਿਆਂ ਨੂੰ ਮੰਦੇ ਕਰਮ ਬਦਲੇ
ਸਮੇਂ ਦੇਣਾ ਰਲਾ ਏ ਰੇਤ ਅੰਦਰ ।

ਜੋ ਤੂੰ ਕਰਨਾ ਉਹ ਤਾਂ ਤੂੰ ਕਰਨਾ
ਅਸਾਂ ਆਪਣਾ ਤੈਨੂੰ ਜਵਾਬ ਦਿੱਤਾ।
ਭਾਣਾ ਮੰਨਣਾ ਪੁਰਖ ਅਕਾਲ ਕਹਿਕੇ
ਸਾਨੂੰ ਜੋ ਵੀ ਤੂੰ ਅਜਾਬ ਦਿੱਤਾ ।

ਚਾਂਦਨੀ ਚੌਕ

ਮੈਨੂੰ ਅੱਜ ਵੀ ਯਾਦ ਹੈ ਉਹ ਵੇਲਾ,
ਇਕ ਗ਼ਾਜ਼ੀ ਮਰਦ ਮੈਦਾਨ ਅੰਦਰ।
ਜਿਹਦਾ ਸਿਰ ਉੱਚਾ, ਜਿਹਦੇ ਬੋਲ ਉੱਚੇ,
ਖੜ੍ਹਾ ਦਿੱਸਦਾ ਏ ਨੂਰੀ ਸ਼ਾਨ ਅੰਦਰ।

ਤੇਗ਼ ਜ਼ੁਲਮ ਦੀ ਜ਼ਾਲਮਾਂ ਸਾਣ ਲਾਈ,
ਉਹਦੀ ਧਾਰ ਨੂੰ ਖੁੰਢਿਆਂ ਕਰਨ ਖ਼ਾਤਰ।
ਦੀਵਾ ਧਰਮ ਦਾ ਆਖ਼ਰੀ ਸਾਹ ਗਿਣਦਾ,
ਖ਼ੂਨ ਤੇਲ ਦੀ ਥਾਂ ਤੇ ਭਰਨ ਖ਼ਾਤਰ।

ਸਾਹ-ਹੀਣ ਹਿੰਦ ਜਿਹੜੀ ਹੋ ਰਹੀ ਸੀ,
ਦੇ ਕੇ ਸਾਹ ਅਪਣੇ ਸਾਹ ਪਾ ਗਿਆ ਉਹ।
ਸਿਰਲੱਥ ਯੋਧੇ ਜਿਹਦੇ ਬਣੇ ਰਾਹੀ,
ਐਸਾ ਰਾਹ ਅਨੋਖਾ ਬਣਾ ਗਿਆ ਉਹ ।

ਸਾਰੇ ਦੇਸ਼ ਨੂੰ ਠੰਢੜੀ ਵਾਅ ਆਵੇ,
ਬਣ ਰਹਿਮਤਾਂ ਦਾ ਬੱਦਲ ਵੱਸਿਆ ਉਹ।
ਬੁਲ੍ਹੀਂ ਹਾਸੇ ਮਜ਼ਲੂਮਾਂ ਦੇ ਰਹਿਣ ਸਦਾ,
ਮੌਤ ਵੇਖ ਕੇ ਸਾਹਮਣੇ ਹੱਸਿਆ ਉਹ ।

ਸਿੱਖ ਸਾਮ੍ਹਣੇ ਜਦੋਂ ਸ਼ਹੀਦ ਕੀਤੇ,
ਭਾਣਾ ਮੰਨਿਆਂ ਮੂੰਹੋਂ ਨਾ ਬੋਲਿਆ ਉਹ ।
ਭਾਵੇਂ ਲੱਖਾਂ ਡਰਾਬੇ ਔਰੰਗ ਦਿੱਤੇ,
ਰਿਹਾ ਸ਼ਾਂਤ ਤੇ ਮਨੋਂ ਨਾ ਡੋਲਿਆ ਉਹ ।

ਜਿਸ ਤੋਂ ਲੱਖਾਂ ਪਤੰਗ ਸ਼ਹੀਦ ਹੋਏ,
ਐਸਾ ਦੀਵਾ ਸਤਿਗੁਰੂ ਜੀ ਬਾਲ ਗਏ ।
ਬੂਟਾ ਧਰਮ ਦਾ ਸਦਾ ਹੀ ਟਹਿਕਦਾ ਰਹੇ,
ਸਿੰਜ ਖ਼ੂਨ ਅਪਣਾ ਉਹਨੂੰ ਪਾਲ ਗਏ ।

ਗੁਰੂ ਤੇਗ ਬਹਾਦੁਰ ਜੀ

ਤੇਗ਼ ਜ਼ੁਲਮ ਦੀ ਹੋਈ ਜਾਂ ਹੋਰ ਤਿੱਖੀ,
ਸਿਰ ਲਟਕੀ ਆ ਪੰਡਿਤ ਕਸ਼ਮੀਰੀਆਂ ਦੇ।
ਦਿਲ ਸੋਚਦਾ ਤੇ ਗੋਤੇ ਖਾਣ ਲਗਦਾ,
ਤਾਰੇ ਘੁੰਮਦੇ ਵਾਂਗ ਭੰਬੀਰੀਆਂ ਦੇ ।
ਰਾਤੀਂ ਨੀਂਦ ਆਵੇ ਸੁਪਨੇ ਵਿੱਚ ਦਿੱਸਣ,
ਦਰਿਆ ਵਹਿਣ ਸਭ ਲਹੂ-ਤਤੀਰੀਆਂ ਦੇ ।
ਧਰਮ ਛੱਡਣਾ ਜਾਪਦਾ ਬਹੁਤ ਔਖਾ,
ਪੈਂਡੇ ਲੱਗਦੇ ਨੇੜੇ ਅਖੀਰੀਆਂ ਦੇ ।

ਕੱਠੇ ਹੋਏ ਸੱਭੇ ਹੁਣ ਕੀ ਕਰੀਏ,
ਹਿੰਦੂ-ਰਾਜਿਆਂ ਵੱਲ ਨਿਗਾਹ ਕੀਤੀ ।
ਜਿਸ ਜਿਸ ਦਾ ਬੁਲ੍ਹਾਂ ਤੇ ਨਾਂ ਆਵੇ,
ਜਾਪੇ ਘੋਲ ਕੇ ਉਸੇ ਨੇ ਸ਼ਰਮ ਪੀਤੀ ।
ਕੋਈ ਸੂਰਮਾ ਕਿਧਰੇ ਦਿਸਦਾ ਨਾ,
ਗੁੜ੍ਹਤੀ ਅਣਖ ਦੀ ਜਿਸਨੇ ਹੋਏ ਲੀਤੀ ।
ਪਾਣੀ ਮਰ ਗਿਆ ਸਭਨਾਂ ਅੱਖੀਆਂ ਦਾ,
ਪਈ ਸਭ ਦੀ ਦਿੱਸੇ ਜ਼ੁਬਾਨ ਸੀਤੀ ।

ਦੂਰ ਦੂਰ ਤੋੜੀ ਸਭਨਾਂ ਨਜ਼ਰ ਮਾਰੀ,
ਜ਼ੁਲਮੀ-ਰਾਤ-ਕਾਲੀ ਦਿੱਸ ਆਂਵਦੀ ਏ ।
ਕੋਈ ਤਾਰਾ ਵੀ ਕਿਧਰੇ ਦਿਸਦਾ ਨਾ,
ਬਦਲੀ ਗ਼ਮਾਂ ਦੀ ਸਭ ਲੁਕਾਂਵਦੀ ਏ ।
ਕੀਹਦੇ ਘਰੋਂ ਜਾ ਰੋਸ਼ਨੀ ਮੰਗ ਲਈਏ,
ਕਿਧਰੇ ਬੱਤੀ ਨਾ ਟਿਮ-ਟਿਮਾਂਵਦੀ ਏ ।
ਬਾਬੇ ਨਾਨਕ ਦੀ ਚਮਕਦੀ ਜੋਤ ਵੱਲੇ,
ਆਸ ਉਂਗਲੀ ਫੜ ਲੈ ਜਾਂਵਦੀ ਏ ।

ਆਖ਼ਿਰ ਸਿਆਣਿਆਂ ਸੋਚ ਵਿਚਾਰ ਕਰਕੇ,
ਕੁਝ ਬੰਦੇ ਆਨੰਦਪੁਰ ਵੱਲ ਘੱਲੇ ।
ਕਿਤੇ ਬੈਠ ਨਾ ਉਨ੍ਹਾਂ ਆਰਾਮ ਕੀਤਾ,
ਵਾਹੋਦਾਹੀ ਉਹ ਪੈਂਡਾ ਮੁਕਾ ਚੱਲੇ ।
ਪਹੁੰਚ ਪੁਰੀ ਆਨੰਦ ਹੀ ਦਮ ਲਿਆ,
ਮਨ ਡਰ ਆਉਂਦਾ ਕਰ ਕਰ ਹੱਲੇ ।
ਨੌਵੇਂ ਨਾਨਕ ਦੇ ਵਿਚ ਦਰਬਾਰ ਆਏ,
ਕਰਨ ਬੇਨਤੀ ਖੜੇ ਉਹ ਅੱਡ ਪੱਲੇ ।

ਸੁਣ ਬੇਨਤੀ ਗੁਰੂ ਗੰਭੀਰ ਹੋਏ,
ਮਨ ਵਿਚ ਖ਼ਿਆਲ ਦੁੜਾਂਵਦੇ ਨੇ ।
ਨੱਥ ਜ਼ੁਲਮ ਨੂੰ ਕਿਸ ਤਰ੍ਹਾਂ ਪਾਈ ਜਾਵੇ,
ਕਈ ਤਰ੍ਹਾਂ ਦੇ ਹੱਲ ਅਜਮਾਂਵਦੇ ਨੇ ।
ਸੰਗਤ ਸੋਚਦੀ, ਗੁਰੂ ਕੀ ਸੋਚਦੇ ਨੇ,
ਆਪੋ ਆਪਣੇ ਕਿਆਸ ਲਗਾਂਵਦੇ ਨੇ ।
ਥੋੜ੍ਹਾ ਸਮਾਂ ਲੰਘਾ ਚਿਹਰਾ ਸ਼ਾਂਤ ਦਿੱਸੇ,
ਗੁਰੂ ਸੰਗਤ ਨੂੰ ਇਉਂ ਫ਼ੁਰਮਾਂਵਦੇ ਨੇ ।

"ਅਸਾਂ ਸੋਚ ਵਿਚਾਰ ਕੇ ਵੇਖ ਲਿਆ,
ਜ਼ੁਲਮੀ-ਨਦੀ ਸਾਹਵੇਂ ਠਾਠਾਂ ਮਾਰ ਰਹੀ ਏ ।
ਕੋਈ ਆਕੇ ਇੱਥੇ ਕੁਰਬਾਨ ਹੋਵੇ,
ਚਿਹਰਾ ਲਾਲ ਕਰ ਮੂੰਹੋਂ ਲਲਕਾਰ ਰਹੀ ਏ ।
ਇਹਨੇ ਸਾਰਾ ਹੀ ਮੁਲਕ ਹੜੱਪ ਜਾਣਾ,
ਨਿੱਤ ਡੈਣ ਜਿਉਂ ਮੂੰਹ ਪਸਾਰ ਰਹੀ ਏ ।
ਦਿੱਲੀ ਜਾ ਕੇ ਅਸਾਂ ਨੇ ਸਿਰ ਦੇਣਾ,
ਸਾਨੂੰ ਦਿੱਸੇ ਸ਼ਹੀਦੀ ਪੁਕਾਰ ਰਹੀ ਏ ।"

ਧਰਮ ਵਾਲੀ ਚਾਦਰ ਤਾਣ ਦਿੱਤੀ

ਪੂਰੇ ਸਤਿਗੁਰਾਂ ਪੂਰੇ ਹਿੰਦ ਉੱਤੇ
ਹੈਸੀ ਧਰਮ ਵਾਲੀ ਚਾਦਰ ਤਾਣ ਦਿੱਤੀ
ਸਬਰ, ਨਿਡਰਤਾ ਦੇ ਹਥਿਆਰ ਦਿੱਤੇ
ਸਿਦਕ ਵਾਲੜੀ ਚਾੜ੍ਹ ਕੇ ਪਾਣ ਦਿੱਤੀ

ਜ਼ੁਲਮ ਧਾਰਿਆ ਰੂਪ ਔਰੰਗਸ਼ਾਹ ਦਾ,
ਜਿੱਥੇ ਜੀਅ ਕਰਦਾ ਜ਼ੁਲਮ ਢਾਹੀ ਜਾਂਦਾ
ਹਿੰਦੀ ਭੋਲੜੇ ਭਾਲੜੇ ਪੰਛੀਆਂ ਨੂੰ,
ਸਖ਼ਤ ਪਾ ਫਾਹੀਆਂ ਵਿੱਚ ਫਾਹੀ ਜਾਂਦਾ
ਜੇ ਕੋਈ ਖੰਭ ਫੈਲਾਉਣ ਦੀ ਕਰੇ ਹਿੰਮਤ,
ਬੇਦਰਦ ਹੋ ਖੰਭੜੇ ਲਾਹੀ ਜਾਂਦਾ
ਜਿੱਧਰ ਜਾਂਦਾ ਉਹ ਹੜ੍ਹ ਦੇ ਵਾਂਗ ਜਾਂਦਾ,
ਕੰਢੇ ਤੋੜ ਕੇ ਕਰੀ ਤਬਾਹੀ ਜਾਂਦਾ

ਸਤਿਗੁਰਾਂ ਸਰੀਰ ਦਾ ਬੰਨ੍ਹ ਲਾ ਕੇ,
ਕੰਧ ਧਰਮ ਦੀ ਉਹਨੂੰ ਨਾ ਢਾਣ ਦਿੱਤੀ
ਪੂਰੇ ਸਤਿਗੁਰਾਂ ਪੂਰੇ ਹਿੰਦ ਉੱਤੇ
ਹੈਸੀ ਧਰਮ ਵਾਲੀ ਚਾਦਰ ਤਾਣ ਦਿੱਤੀ

ਜਿਹਾ ਰਾਜਾ ਤੇ ਤਿਹੇ ਵਜ਼ੀਰ ਹੁੰਦੇ,
ਉਨ੍ਹਾਂ ਓਦੂੰ ਵੀ ਹੱਦ ਮੁਕਾ ਦਿੱਤੀ
ਸ਼ਾਹ ਆਪਣੇ ਨੂੰ ਖ਼ੁਸ਼ ਕਰਨ ਖ਼ਾਤਿਰ,
ਭੈੜੇ ਲੂਤੀਆਂ ਨੇ ਲੂਤੀ ਲਾ ਦਿੱਤੀ
ਰਲਕੇ ਕਾਜ਼ੀਆਂ ਬਹੁਤ ਬਣਾਏ ਮਸਲੇ
ਅੱਗ ਸੁਲਗਦੀ ਹੋਰ ਮਘਾ ਦਿੱਤੀ
ਬੇੜੀ ਹਿੰਦ ਦੀ ਪਹਿਲਾਂ ਹੀ ਡੋਲਦੀ ਸੀ
ਉਨ੍ਹਾਂ ਵੱਲ ਮੰਝਧਾਰ ਵਹਾਅ ਦਿੱਤੀ

ਸਤਿਗੁਰਾਂ ਨੇ ਸਿਰੜ ਪਤਵਾਰ ਕੀਤਾ
ਬੇੜੀ ਵੱਲ ਡੂੰਘਾਣ ਨਾ ਜਾਣ ਦਿੱਤੀ
ਪੂਰੇ ਸਤਿਗੁਰਾਂ ਪੂਰੇ ਹਿੰਦ ਉੱਤੇ
ਹੈਸੀ ਧਰਮ ਵਾਲੀ ਚਾਦਰ ਤਾਣ ਦਿੱਤੀ

ਮੀਰੀ-ਪੀਰੀ ਦੀਆਂ ਤਲਵਾਰਾਂ

ਮੀਰੀ-ਪੀਰੀ ਦੀਆਂ ਤਲਵਾਰਾਂ ਸਤਿਗੁਰ ਪਾ ਲਈਆਂ
ਧਾਰਾਂ ਸ਼ਾਂਤ ਤੇ ਬੀਰ ਰਸ ਦੀਆਂ ਦਿਲੀਂ ਵਸਾ ਲਈਆਂ

ਤੱਤੀ ਤਵੀ ਦਾ ਸੇਕ ਫੈਲਿਆ ਚਾਰ ਚੁਫੇਰੇ ਸੀ
ਜਬਰ-ਜ਼ੁਲਮ ਨੇ ਸੱਚ-ਧਰਮ ਨੂੰ ਪਾ ਲਏ ਘੇਰੇ ਸੀ
ਮਜ਼ਲੂਮਾਂ ਦੀਆਂ ਸਾਰਾਂ ਕਿਸੇ ਨੇ ਆ ਕੇ ਨਾ ਲਈਆਂ

ਸ਼ਾਂਤ ਰਸ ਵਿੱਚ ਲਾਲੀ ਗੂੜ੍ਹੀ ਪਾਈ ਸ਼ਹੀਦੀ ਨੇ
ਬੀਰ ਰਸ ਦੀ ਮੋਹੜੀ ਆ ਫਿਰ ਲਾਈ ਸ਼ਹੀਦੀ ਨੇ
ਬਿਧੀ ਚੰਦ ਹੋਰਾਂ ਦੀਆਂ ਬਾਹਾਂ ਫਰਕਣ ਲਾ ਲਈਆਂ

ਸ਼ਾਂਤ ਰਸ ਹੈ ਬਲ ਬਖ਼ਸ਼ਦਾ ਰੂਹਾਂ ਖਰੀਆਂ ਨੂੰ
ਬੀਰ ਰਸ ਡੋਲ੍ਹ ਹੈ ਦਿੰਦਾ ਜ਼ਹਿਰਾਂ ਭਰੀਆਂ ਨੂੰ
ਡੌਲ਼ਿਆਂ ਦੀ ਤਾਕਤ ਨੇ ਹੱਥ ਸ਼ਮਸ਼ੀਰਾਂ ਚਾ ਲਈਆਂ

ਗਵਾਲੀਅਰੋਂ ਕਰੀ ਤਿਆਰੀ ਸਤਿਗੁਰ ਆਵਣ ਦੀ
ਆਸ ਕੈਦੀ ਰਾਜਿਆਂ ਦੀ ਟੁੱਟੀ ਮੁਕਤੀ ਪਾਵਣ ਦੀ
ਜਿੱਦਾਂ ਕਿਸੇ ਪਤੰਗਾਂ ਅੱਧ ਅਸਮਾਨੋਂ ਲਾਹ ਲਈਆਂ

‘ਸਤਿਗੁਰਾਂ ਦਾ ਚੋਲਾ ਫੜਕੇ ਜੋ ਬਾਹਰ ਲੰਘ ਜਾਵੇਗਾ’
ਜਹਾਂਗੀਰ ਆਖਿਆ ‘ਉਹੀਓ ਕੈਦੋਂ ਛੱਡਿਆ ਜਾਵੇਗਾ’
ਸਤਿਗੁਰਾਂ ਚੋਲੇ ਤਾਈਂ ਬਵੰਜਾ ਤਣੀਆਂ ਲਾ ਲਈਆਂ

ਕੋਈ ਭੇਜ 'ਬੰਦਾ'

ਬਾਜਾਂ ਵਾਲਿਆ ਤੇਰੇ ਉਹ ਤੀਰ ਕਿੱਥੇ ?
ਜਿਨ੍ਹਾਂ ਜ਼ੁਲਮ ਨੂੰ ਨੱਥ ਵਿਖਾਇਆ ਸੀ।
ਕਲਗੀ ਵਾਲਿਆ ਤੇਰੀ ਸ਼ਮਸ਼ੀਰ ਕਿੱਥੇ ?
ਜਿਨ੍ਹੇ ਧਰਮ ਦਾ ਬੇੜਾ ਬਚਾਇਆ ਸੀ ।

ਅੰਮ੍ਰਿਤ ਵਾਲਿਆ ਅੰਮ੍ਰਿਤ ਦੇ ਘੁੱਟ ਕਿੱਥੇ ?
ਜਿਨ੍ਹਾਂ ਚਿੜੀਉਂ ਬਾਜ਼ ਤੁੜਾਇਆ ਸੀ ।
ਨੀਲੇ ਵਾਲਿਆ ਤੇਰੀ ਉਹ ਨਜ਼ਰ ਕਿੱਥੇ ?
ਜਿਨ੍ਹੇ ਸੈਦ ਖਾਂ ਬੰਨ੍ਹ ਬਹਾਇਆ ਸੀ ।

ਤੇਰੇ ਮਾਖਿਉਂ ਮਿੱਠੜੇ ਬੋਲ ਕਿੱਥੇ
ਜਿਹੜੇ ਦਿਲਾਂ ਦੀ ਮੈਲ ਸਭ ਧੋਂਵਦੇ ਸਨ ।
ਨਿੱਕੇ ਵੱਡਿਆਂ ਖਿਲਰਿਆਂ ਹੋਇਆਂ ਨੂੰ
ਇੱਕੋ ਲੜੀ ਦੇ ਵਿੱਚ ਪਰੋਂਵਦੇ ਸਨ ।

ਤੇਰੀ ਢਾਲ ਸੀ ਓਟ ਨਿਹੱਥਿਆਂ ਦੀ
ਤੇਰਾ ਛਾਇਆ ਸੀ 'ਹੁਮਾ' ਦੀ ਛਾਂ ਵਰਗਾ ।
ਜੇ ਅਨਾਥ ਕੋਈ ਤੇਰੇ ਲੜ ਆ ਲੱਗਾ
ਉਹਨੂੰ ਪਿਆਰ ਮਿਲਿਆ ਸਕੀ ਮਾਂ ਵਰਗਾ ।

ਆਕੇ ਵੇਖ ਤੇਰੇ ਤੈਨੂੰ ਕਹਿਣ ਵਾਲੇ
ਇੱਕ ਦੂਜੇ ਤੇ ਚਿੱਕੜ ਸੁੱਟਦੇ ਨੇ ।
ਤੇਰੇ ਨਾਂ ਤੇ ਭੋਲਿਆਂ ਭਾਲਿਆਂ ਨੂੰ
ਬੇਤਰਸ ਹੋ ਕਿਦਾਂ ਇਹ ਲੁੱਟਦੇ ਨੇ ।

ਇੱਜਤ ਗ਼ੈਰਾਂ ਦੀ ਜੋ ਬਚਾਉਣ ਵਾਲੇ
ਇੱਜਤ ਆਪਣੀ ਪੈਰਾਂ ਵਿੱਚ ਰੋਲ ਰਹੇ ਨੇ ।
ਭਰੇ ਮੋਤੀਆਂ ਦੇ ਸਾਗਰ ਛੱਡ ਅਪਣੇ
ਮੋਤੀ ਹੋਰਾਂ ਦੇ ਘੜੇ ਵਿੱਚ ਟੋਲ੍ਹ ਰਹੇ ਨੇ ।

ਤੁਸਾਂ ਤਲੇ ਮਸੰਦ ਜਾਂ ਤੇਲ ਦੇ ਵਿੱਚ
ਹੋਊ ਸੋਚਿਆ ਖਤਮ ਇਹ ਜੱਦ ਹੋ ਗਈ ।
ਰਕਤ ਬੀਜ ਵਾਂਗੂੰ ਕਿੰਨੇ ਹੋਏ ਪੈਦਾ
ਵੇਖ ਹੱਦ ਹੋ ਗਈ ! ਇਹ ਤਾਂ ਹੱਦ ਹੋ ਗਈ !!

'ਗੁਰੂ ਗ੍ਰੰਥ' ਦੀ ਗੱਲ ਇਹ ਸਮਝਦੇ ਨਹੀਂ
ਗੱਲਾਂ ਹੋਰ ਦੀਆਂ ਹੋਰ ਹੀ ਜੜੀ ਜਾਂਦੇ ।
ਕਹਿੰਦੇ ਖੋਲ੍ਹ ਕੇ ਅਰਥ ਸਮਝਾਂਵਦੇ ਹਾਂ
ਮਨਘੜਤ ਕਹਾਣੀਆਂ ਘੜੀ ਜਾਂਦੇ ।

ਬੀਰ ਰਸ ਤੇ ਅਣਖ ਸਭ ਭੁੱਲ ਗਏ ਨੇ
ਝੂਠ ਬੋਲਣ ਨੂੰ ਇਹ ਦਾਨਾਈ ਕਹਿੰਦੇ ।
ਦਾਨ ਖਾ ਖਾ ਫੁੱਲੀਂ ਇਹ ਜਾਂਵਦੇ ਨੇ
ਹੈ ਵੱਡੀ ਇਹ ਲੋਕ ਭਲਾਈ ਕਹਿੰਦੇ ।

ਮੈਨੂੰ ਪਤੈ ਤੁਹਾਨੂੰ ਨਹੀਂ ਵਿਹਲ ਹੋਣੀ
ਅਰਬਾਂ ਹੋਰ ਵੀ ਖੰਡ ਬ੍ਰਹਿਮੰਡ ਤੇਰੇ ।
ਕੋਈ ਭੇਜ 'ਬੰਦਾ' ਜਿਹੜਾ ਕਰੇ ਸਿੱਧੇ
ਉਲਟੇ ਹੋ ਰਹੇ ਏਥੇ ਪਾਖੰਡ ਜਿਹੜੇ ।

੧੬੯੯ ਦੀ 'ਵਿਸਾਖੀ' ਸ਼ਾਮ ਨੂੰ
(ਖਾਲਸੇ ਦਾ ਜਨਮ ਦਿਨ)

ਰੋਜ਼ ਵਾਂਗ ਜਾਂ ਨਵਾਂ ਦਿਨ ਚੜ੍ਹਿਆ,
ਤਿੱਥ ਬਦਲੀ ਤੇ ਅੱਖਾਂ ਖੋਲ੍ਹੀਆਂ ਮੈਂ ।
ਪੰਛੀ ਆਪੋ ਆਪਣੇ ਸੁਰ ਕੱਢਣ,
ਸਮਝਾਂ ਉਨ੍ਹਾਂ ਦੀਆਂ ਪਿਆਰੀਆਂ ਬੋਲੀਆਂ ਮੈਂ ।
ਕੋਇਲ ਅੰਬ ਦੀ ਟਹਿਣੀ ਤੇ ਕੂਕ ਰਹੀ ਸੀ,
ਬੁਲਬੁਲ ਗਾਵੇ ਗੁਲਾਬ ਦੇ ਕੋਲ ਬੈਠੀ ।
ਪਿੰਡ ਤੱਕੇ ਤਾਂ ਸਭ ਥਾਂ ਦਿਸ ਪਈ,
ਕੋਈ ਸਵਾਣੀ ਵੀ ਚਾਟੀ ਦੇ ਕੋਲ ਬੈਠੀ ।

ਸੋਨ-ਰੰਗੀਆਂ ਕਣਕਾਂ ਝੂਮ ਰਹੀਆਂ,
ਵੇਖ ਵੇਖ ਜੱਟ ਖੀਵਾ ਹੋਈ ਜਾਵੇ ।
ਆਉਣੀ ਫ਼ਸਲ ਤੇ ਏਸਦਾ ਕੀ ਕਰਨਾ,
ਬੈਠਾ ਸੱਧਰਾਂ ਹਾਰ ਪਰੋਈ ਜਾਵੇ ।
ਬੱਚੇ ਖ਼ੁਸ਼ ਸਨ ਮੇਲੇ ਜਾਵਣਾ ਏਂ,
ਘਰ ਹੋਰ ਵੀ ਕਿੰਨਾਂ ਸਾਮਾਨ ਬਣਨਾ ।
ਬੱਸ ਖਾਣ ਦੀਆਂ ਡੰਝਾਂ ਲਾਹਣੀਆਂ ਨੇ,
ਕੋਈ ਕੰਮ ਨਹੀਂ ਅੱਜ ਹੋਰ ਕਰਨਾ ।

ਜਾਂ ਪੁਰੀ ਅਨੰਦ ਨੂੰ ਵੇਖਿਆ ਮੈਂ,
ਕੱਠ ਲੋਕਾਂ ਦਾ ਅਪਰ ਅਪਾਰ ਦਿੱਸੇ ।
ਬੜੇ ਗਹੁ ਨਾਲ ਤੱਕਿਆ ਸਭ ਪਾਸੇ,
ਮੇਲੇ ਵਾਲਾ ਨਾ ਇੱਥੇ ਕੋਈ ਆਹਰ ਦਿੱਸੇ ।
ਮੈਂ ਵੀ ਸੋਚਿਆ ਚਲੋ ਮੈਂ ਸੁਣ ਆਵਾਂ,
ਲੋਕ ਕੀ ਕੁਝ ਕਹਿ ਕਹਾ ਰਹੇ ਨੇ ।
ਕੋਈ ਕੰਮ ਦੀ ਗੱਲ ਵੀ ਕਰ ਰਹੇ ਨੇ,
ਜਾਂ ਐਵੇਂ ਕਾਵਾਂ ਰੌਲੀ ਪਾ ਰਹੇ ਨੇ ।

ਇੱਕ ਆਖਦਾ, 'ਧਰਮਿਆਂ ਦੱਸ ਤਾਂ ਸਹੀ,
ਗੁਰਾਂ ਕਿਸ ਕੰਮ ਸਾਨੂੰ ਬੁਲਾਇਆ ਏ ?
ਮੈਨੂੰ ਲੱਗਦਾ ਅੱਜ ਤਾਂ ਏਸ ਥਾਂ 'ਤੇ,
ਸਾਰਾ ਮੁਲਕ ਹੀ ਚੱਲਕੇ ਆਇਆ ਏ ।'
ਧਰਮਾਂ ਬੋਲਿਆ, 'ਮੈਨੂੰ ਵੀ ਪਤਾ ਕੁਝ ਨਹੀਂ,
ਚਲੋ ਵਿੱਚ ਦਰਬਾਰ ਦੇ ਚੱਲਦੇ ਹਾਂ ।
ਗੁਰੂ ਕਹਿਣ ਜੋ ਅਸੀਂ ਵੀ ਸੁਣ ਲਈਏ,
ਨੇੜੇ ਤਖਤ ਦੇ ਜਗ੍ਹਾ ਕੋਈ ਮੱਲਦੇ ਹਾਂ ।'

ਨਿਕਲ ਤੰਬੂਓਂ ਗੁਰੂ ਜੀ ਬਾਹਰ ਆਏ,
ਹੱਥ ਤੇਗ਼ ਨੰਗੀ ਮੱਥੇ ਤੇਜ਼ ਦਗਦਾ ।
ਗੁਰਾਂ ਵੱਲ ਜਦ ਸਭਨਾਂ ਨਿਗਾਹ ਕੀਤੀ,
ਵੇਖਣ ਚਿਹਰੇ 'ਤੇ ਸੂਹਾ ਦਰਿਆ ਵਗਦਾ ।
ਫਤਿਹ ਕਰ ਸਾਂਝੀ ਕਿਹਾ ਗੁਰੂ ਜੀ ਨੇ,
'ਸਿੱਖੋ ! ਜ਼ੁਲਮ ਦੀ ਕਾਂਗ ਚੜ੍ਹ ਆ ਰਹੀ ਏ ।
ਇਹ ਭੂਤਰੇ ਪਸ਼ੂ ਦੇ ਵਾਂਗ ਹੋਈ,
ਬੇਦੋਸ਼ੇ-ਮਜ਼ਲੂਮ ਇਹ ਖਾ ਰਹੀ ਏ ।

ਜੇਕਰ ਏਸ ਨੂੰ ਕਿਸੇ ਨਾ ਨੱਥ ਪਾਈ,
ਇਹਨੇ ਧਰਮ ਦਾ ਰੁੱਖ ਮਰੁੰਡ ਜਾਣਾ ।
ਫਲ, ਫੁੱਲ, ਪੱਤੇ ਇਹਨੇ ਖਾ ਜਾਣੇ,
ਬਾਕੀ ਬਚਿਆ ਮੁਲਕ ਰਹਿ ਟੁੰਡ ਜਾਣਾ ।
ਇਹ ਤਲਵਾਰ ਹੀ ਇਹਨੂੰ ਬਚਾ ਸਕਦੀ,
ਅਸਾਂ ਏਸਦੇ ਨਾਲ ਵਿਚਾਰ ਕੀਤੀ ।
ਨੱਕ ਜ਼ੁਲਮ ਦਾ ਏਸਨੇ ਵੱਢਣੇ ਲਈ,
ਪਹਿਲਾਂ ਆਪ ਹੈ ਸਿਰ ਦੀ ਮੰਗ ਕੀਤੀ ।

ਉੱਠੋ ਸੂਰਮਾ ਕੋਈ ਕਰੋ ਮੰਗ ਪੂਰੀ,
ਨੱਕਾ ਜ਼ੁਲਮ ਦੇ ਹੜ੍ਹ ਤੇ ਲਾਵਣੇ ਲਈ ।
ਪਹਿਲਾਂ ਤਲੀ 'ਤੇ ਸਿਰ ਤਾਂ ਰੱਖ ਲਈਏ,
ਫੇਰ ਲੜਾਂਗੇ ਧਰਮ ਬਚਾਵਣੇ ਲਈ ।'
ਗੁਰਾਂ ਮੰਗ ਕੀਤੀ ਸਾਰੇ ਚੁੱਪ ਛਾਈ,
ਭਰਿਆ ਪੰਡਾਲ ਜਾਪੇ ਭਾਂ-ਭਾਂ ਕਰਦਾ ।
ਧਰਮੀ-ਰੁੱਖ ਸੜ ਰਿਹਾ ਦੁਪਹਿਰ ਤਿੱਖੀ,
ਵੇਖੋ ਕੌਣ ਹੈ ਸਿਰ ਦੀ ਛਾਂ ਕਰਦਾ ।

ਘੜੀ ਲੰਘੀ ਤਾਂ ਸਿੱਖ ਇੱਕ ਖੜਾ ਹੋਇਆ,
ਉਹਨੂੰ ਤੰਬੂ ਵਿੱਚ ਗੁਰੂ ਲਿਜਾਂਵਦੇ ਨੇ ।
ਲਹੂ ਨੁੱਚੜਦੀ ਹੱਥ ਤਲਵਾਰ ਲੈ ਕੇ,
ਉਹਨੀਂ ਪੈਰੀਂ ਫਿਰ ਪਰਤਕੇ ਆਂਵਦੇ ਨੇ ।
ਗੁਰਾਂ ਦੂਸਰੇ ਸਿਰ ਦੀ ਮੰਗ ਕੀਤੀ,
ਕਈ ਖਿਸਕ ਕੇ ਮਹਿਲਾਂ ਨੂੰ ਜਾਣ ਲੱਗੇ ।
ਕਈ ਉੱਥੇ ਹੀ ਨੀਵੀਆਂ ਪਾਈ ਬੈਠੇ,
ਵਿੱਚ ਹੱਥਾਂ ਦੇ ਮੂੰਹ ਲੁਕਾਣ ਲੱਗੇ ।

ਕਈ ਸੋਚਦੇ ਪਿਆਰਿਆਂ ਪੁੱਤਰਾਂ ਤੋਂ,
ਕਿਉਂ ਸਿੱਖਾਂ ਨੂੰ ਗੁਰੂ ਮੁਕਾ ਰਹੇ ਨੇ ।
ਤੇਗ਼ ਉਨ੍ਹਾਂ ਨੂੰ ਕਾਲੀ ਦੀ ਜੀਭ ਲੱਗੇ,
ਗੁਰੂ ਜਿਸਦੀ ਪਿਆਸ ਬੁਝਾ ਰਹੇ ਨੇ ।
ਪੰਜ ਵਾਰ ਇੰਜ ਗੁਰਾਂ ਨੇ ਮੰਗ ਕੀਤੀ,
ਪੰਜ ਸਿੱਖ ਕੁਰਬਾਨੀ ਲਈ ਖੜੇ ਹੋਏੇ ।
ਇਹੋ ਜਿਹਾ ਕੌਤਕ ਮੈਂ ਵੀ ਵੇਖਿਆ ਨਾ,
ਭਾਵੇਂ ਜੱਗ ਵਿੱਚ ਕੌਤਕ ਬੜੇ ਹੋਏ ।

ਥੋੜ੍ਹਾ ਸਮਾਂ ਲੰਘਾ ਗੁਰੂ ਪਏ ਨਜ਼ਰੀਂ,
ਪੰਜੇ ਸਿੱਖ ਪਿੱਛੇ ਟੁਰੇ ਆਂਵਦੇ ਨੇ ।
ਉਨ੍ਹਾਂ ਸਭਨਾਂ ਹਥਿਆਰ ਸਜਾ ਰੱਖੇ,
ਦਸਤਾਰੇ ਵੀ ਸਿਰੀਂ ਸੁਹਾਂਵਦੇ ਨੇ ।
ਜਲ ਬਾਟੇ ਦੇ ਵਿੱਚ ਪਵਾ ਸਤਿਗੁਰ,
ਉਹਨੂੰ ਖੰਡੇ ਦੇ ਨਾਲ ਹਿਲਾਂਵਦੇ ਨੇ ।
ਨੂਰੋ-ਨੂਰ ਚਿਹਰਾ ਪਿਆ ਚਮਕ ਮਾਰੇ,
ਮੁੱਖੋਂ ਆਪਣੇ ਬਾਣੀ ਅਲਾਂਵਦੇ ਨੇ ।

ਏਨੇ ਚਿਰ ਨੂੰ ਮਾਤਾ ਜੀ ਪਹੁੰਚ ਗਏ,
ਪਾਣੀ ਵਿੱਚ ਪਤਾਸੇ ਮਿਲਾਂਵਦੇ ਨੇ ।
ਗੁਰਾਂ ਨਜ਼ਰ ਭਰ ਤੱਕਿਆ ਉਹਨਾਂ ਵੱਲੇ,
ਚਿਹਰੇ ਉੱਤੇ ਮੁਸਕਾਨ ਲਿਆਂਵਦੇ ਨੇ ।
ਅੰਮ੍ਰਿਤ ਤਿਆਰ ਹੋਇਆ ਸਤਿਗੁਰੂ ਜੀ ਨੇ,
ਪੰਜਾਂ ਸਿੱਖਾਂ ਨੂੰ ਅੰਮ੍ਰਿਤ ਛਕਾ ਦਿੱਤਾ ।
ਭਾਵੇਂ ਕੋਈ ਕਿਸੇ ਦੇਸ਼-ਭੇਖ ਦਾ ਸੀ,
ਸਭਨੂੰ ਖਾਲਸੇ ਸਿੰਘ ਬਣਾ ਦਿੱਤਾ ।

ਫੇਰ ਪੰਜਾਂ ਨੂੰ ਗੁਰੂ ਜੀ ਆਪ ਕਿਹਾ,
'ਮੈਨੂੰ ਖਾਲਸੇ ਵਿੱਚ ਰਲਾਓ ਸਿੰਘੋ ।
ਭੇਦ ਗੁਰੂ ਤੇ ਚੇਲੇ ਦਾ ਮੇਟ ਦੇਈਏ,
ਤੁਸੀਂ ਮੈਨੂੰ ਵੀ ਅੰਮ੍ਰਿਤ ਛਕਾਓ ਸਿੰਘੋ ।'
ਸਾਰਾ ਦਿਨ ਹੀ ਅੰਮ੍ਰਿਤ ਦੀ ਹੋਈ ਵਰਖਾ,
ਚੜ੍ਹੀਆਂ ਲਾਲੀਆਂ ਸਭਨਾਂ ਚੇਹਰਿਆਂ 'ਤੇ ।
ਗੁਰਾਂ ਸਭਨਾਂ ਤਾਈਂ ਸਮਝਾ ਦਿੱਤਾ,
ਜ਼ੁਲਮ ਰੁਕੇ ਨਾ ਅੱਥਰੂ ਕੇਰਿਆਂ 'ਤੇ ।

ਚਿੜੀਆਂ ਬਾਜ਼ਾਂ ਦਾ ਰੂਪ ਧਾਰ ਲਿਆ,
ਗਿੱਦੜ ਸ਼ੇਰ ਬਣ ਭਬਕਾਂ ਮਾਰਦੇ ਨੇ ।
ਮੇਰੇ ਮਨ ਨੂੰ ਇਹ ਯਕੀਨ ਹੋਇਆ,
ਹੁਣ ਨਾ ਸੂਰਮੇ ਜ਼ੁਲਮ ਤੋਂ ਹਾਰਦੇ ਨੇ ।
ਜਦੋਂ ਆਪਣੇ ਬਾਰੇ ਸੋਚਿਆ ਮੈਂ,
ਮੇਰੀ ਛਾਤੀ ਵੀ ਮਾਣ ਦੇ ਨਾਲ ਤਣ ਗਈ ।
ਪਹਿਲਾਂ ਰੁੱਤ ਦਾ ਇਕ ਤਿਉਹਾਰ ਸਾਂ ਮੈਂ,
ਹੁਣ ਖਾਲਸੇ ਦਾ ਜਨਮ-ਦਿਨ ਬਣ ਗਈ ।

ਵਿਸਾਖੀ ਯਾਦ ਆਉਂਦੀ ਏ

ਵਿਸਾਖੀ ਯਾਦ ਆਉਂਦੀ ਏ, ਵਿਸਾਖੀ ਯਾਦ ਆਉਂਦੀ ਏ ।

ਜਦੋਂ ਕੋਈ ਗੱਲ ਕਰਦਾ ਏ ਸਿਰਲੱਥੇ ਵੀਰਾਂ ਦੀ,
ਜਦੋਂ ਕੋਈ ਗੱਲ ਕਰਦਾ ਏ ਛਾਤੀ ਖੁੱਭੇ ਤੀਰਾਂ ਦੀ,
ਜਦੋਂ ਕੋਈ ਗੱਲ ਕਰਦਾ ਏ ਨੰਗੀਆਂ ਸ਼ਮਸ਼ੀਰਾਂ ਦੀ,
ਅੱਖਾਂ ਲਾਲ ਹੋ ਜਾਵਣ, ਦਿਲੀਂ ਰੋਹ ਲਿਆਉਂਦੀ ਏ ।
ਵਿਸਾਖੀ ਯਾਦ ਆਉਂਦੀ ਏ, ਵਿਸਾਖੀ ਯਾਦ ਆਉਂਦੀ ਏ ।

ਜਦੋਂ ਕੋਈ ਗੱਲ ਕਰਦਾ ਏ ਤੇਗ਼ ਨਚਦੀ ਜਵਾਨੀ ਦੀ,
ਜਦੋਂ ਕੋਈ ਗੱਲ ਕਰਦਾ ਏ ਗੁਰੂ ਲਈ ਕੁਰਬਾਨੀ ਦੀ,
ਜਦੋਂ ਕੋਈ ਗੱਲ ਕਰਦਾ ਏ ਪੁੱਤਰਾਂ ਦੇ ਦਾਨੀ ਦੀ ।
ਸਿਰ ਸ਼ਰਧਾ 'ਚ ਝੁਕਦਾ ਏ, ਗੁਣ ਜ਼ੁਬਾਨ ਗਾਉਂਦੀ ਏ ।
ਵਿਸਾਖੀ ਯਾਦ ਆਉਂਦੀ ਏ, ਵਿਸਾਖੀ ਯਾਦ ਆਉਂਦੀ ਏ ।

ਜਦੋਂ ਕੋਈ ਗੱਲ ਕਰਦਾ ਏ ਜ਼ੁਲਮਾਂ ਦੇ ਵੇਲੇ ਦੀ,
ਜਦੋਂ ਕੋਈ ਗੱਲ ਕਰਦਾ ਏ ਸ਼ਹੀਦੀ ਦੇ ਮੇਲੇ ਦੀ,
ਜਦੋਂ ਕੋਈ ਗੱਲ ਕਰਦਾ ਏ ਸੱਚੇ ਗੁਰ-ਚੇਲੇ ਦੀ ।
ਦਿਲ ਫੜਫੜਾਉਂਦਾ ਏ, ਰੂਹੀਂ ਜਾਨ ਪਾਉਂਦੀ ਏ ।
ਵਿਸਾਖੀ ਯਾਦ ਆਉਂਦੀ ਏ, ਵਿਸਾਖੀ ਯਾਦ ਆਉਂਦੀ ਏ ।

ਜਦੋਂ ਕੋਈ ਗੱਲ ਕਰਦਾ ਏ ਬਾਗ਼ ਚੱਲੀ ਗੋਲੀ ਦੀ,
ਜਦੋਂ ਕੋਈ ਗੱਲ ਕਰਦਾ ਏ ਖੇਡੀ ਖ਼ੂਨੀ ਹੋਲੀ ਦੀ,
ਜਦੋਂ ਕੋਈ ਗੱਲ ਕਰਦਾ ਏ ਕਿਦਾਂ ਜਿੰਦ ਘੋਲੀ ਦੀ ।
ਸੂਰੇ ਕੁਰਬਾਨ ਹੁੰਦੇ ਨੇ ਆਜ਼ਾਦੀ ਹੀਰ ਆਉਂਦੀ ਏ।
ਵਿਸਾਖੀ ਯਾਦ ਆਉਂਦੀ ਏ, ਵਿਸਾਖੀ ਯਾਦ ਆਉਂਦੀ ਏ ।

ਵਿਸਾਖੀ ! ਤੇਰੀ ਬੁੱਕਲ ਦੇ ਵਿਚ

ਵਿਸਾਖੀ ! ਤੇਰੀ ਬੁੱਕਲ ਦੇ ਵਿਚ,
ਛੁਪੀਆਂ ਹੋਈਆਂ ਕਈ ਗੱਲਾਂ ਨੀ ।
ਕਿਤੇ ਗੱਭਰੂ ਪਾਉਂਦੇ ਭੰਗੜੇ ਨੇ,
ਕਿਤੇ ਕੁਰਬਾਨੀ ਦੀਆਂ ਛੱਲਾਂ ਨੀ ।

ਖੜਾ ਗੋਬਿੰਦ ਸਾਨੂੰ ਦਿਸਦਾ ਏ,
ਗੱਲ ਜਿਸਦੀ ਨੂੰ ਕੰਨ ਸੁਣ ਰਹੇ ਨੇ ।
ਖਿੰਡਰੇ-ਪੁੰਡਰੇ ਹੋਏ ਪੰਥ ਵਿੱਚੋਂ,
ਕੁਝ ਲਾਲ ਅਮੋਲਕ ਚੁਣ ਰਹੇ ਨੇ ।
ਜਿਨ੍ਹਾਂ ਰੁੜ੍ਹਦੇ ਜਾਂਦੇ ਧਰਮ ਤਾਈਂ,
ਪਾ ਦਿੱਤੀਆਂ ਸਨ ਠੱਲਾਂ ਨੀ ।

ਯਾਦ ਆਵੇ ਬਾਗ਼ ਜੱਲ੍ਹਿਆਂਵਾਲਾ,
ਜਿੱਥੇ ਹੜ੍ਹ ਸਨ ਖ਼ੂਨ ਵਗਾ ਦਿੱਤੇ ।
ਆਜ਼ਾਦੀ ਦੇ ਸ਼ੋਲੇ ਹੋਰ ਸਗੋਂ,
ਉਸ ਖ਼ੂਨ ਦੀ ਲਾਲੀ ਮਘਾ ਦਿੱਤੇ ।
ਖ਼ੂਨ ਡੁਲ੍ਹਿਆ ਜੋ ਪਰਵਾਨਿਆਂ ਦਾ,
ਉਸਨੇ ਪਾਈਆਂ ਤਰਥੱਲਾਂ ਨੀ ।

ਅੱਜ ਵੱਜਦੇ ਕਿਧਰੇ ਢੋਲ ਸੁਣਨ,
ਕਿਸਾਨ ਪਏ ਭੰਗੜੇ ਪਾਉਂਦੇ ਨੇ ।
ਮੁਟਿਆਰਾਂ ਦੇ ਗਿੱਧੇ ਲੋਕਾਂ ਦੇ,
ਸੋਹਲ ਦਿਲਾਂ ਤਾਈਂ ਹਿਲਾਉਂਦੇ ਨੇ ।
ਇਸ ਖੁਸ਼ੀ ਦੀ ਲੋਰ ਮੇਰਾ ਜੀਅ ਕਰਦਾ,
ਅੱਜ ਨੀਰ ਵਾਂਗ ਵਹਿ ਚੱਲਾਂ ਨੀ ।

(੧੯੭੦)

ਮਾਲੀ-ਗੁਰੂ ਅਰਜਨ ਦੇਵ ਜੀ

ਗੁਰੂ ਅਰਜਨ ਗੁਲਦਸਤਾ ਬਣਾਉਣ ਲੱਗੇ,
ਪਹਿਲਾਂ ਆਪਣੇ ਬਾਗ਼ ਵਿੱਚ ਜਾਂਵਦੇ ਨੇ ।
ਤਰ੍ਹਾਂ-ਤਰ੍ਹਾਂ ਦੀ ਖਿੜੀ ਗੁਲਜ਼ਾਰ ਸਾਰੇ,
ਫੁੱਲ ਓਸਦੇ ਚੁਣ ਕੇ ਲਿਆਂਵਦੇ ਨੇ ।
ਸਾਰੇ ਹਿੰਦ ਵਿੱਚ ਉਨ੍ਹਾਂ ਫਿਰ ਨਜ਼ਰ ਮਾਰੀ,
ਫੁੱਲ ਹੋਰ ਵੀ ਬੜੇ ਕਮਾਲ ਦਿੱਸੇ ।
ਬਾਗ਼ਾਂ ਵੱਲ ਜਾਂ ਗਹੁ ਨਾਲ ਤੱਕਿਆ ਤਾਂ,
ਬਾਗ਼ ਉਨ੍ਹਾਂ ਨੂੰ ਕਈ ਬੇਹਾਲ ਦਿੱਸੇ ।

ਘੱਲੇ ਗੁਰਾਂ ਸੁਨੇਹੇ ਸਭ ਪਾਸੇ,
ਕਹਿੰਦੇ ਇੱਕ ਗੁਲਦਸਤਾ ਬਣਾਵਣਾ ਏਂ ।
ਫੁੱਲ ਜੋ ਵੀ ਸੁਹਣਾ ਤੇ ਰਸ-ਭਿੰਨਾਂ,
ਓਹਨੂੰ ਓਸਦੇ ਵਿੱਚ ਸਜਾਵਣਾ ਏਂ ।
ਸਾਰੇ ਦੇਸ਼ ਵਿਚੋਂ ਮਾਲੀ ਆਣ ਪੁੱਜੇ,
ਫੁੱਲ ਜਿਨ੍ਹਾਂ ਦੇ ਮਹਿਕਾਂ ਖਿੰਡਾ ਰਹੇ ਸਨ ।
ਆਪੋ ਆਪਣੇ ਫੁੱਲਾਂ ਦੀ ਸਭ ਮਾਲੀ,
ਗੁਰਾਂ ਸਾਹਮਣੇ ਸਿਫ਼ਤ ਸੁਣਾ ਰਹੇ ਸਨ ।

ਕਈ ਬਾਗ਼ਾਂ ਵਿਚੋਂ ਸਤਿਗੁਰੂ ਜੀ ਨੇ,
ਸਿੱਖ ਭੇਜ ਕੇ ਫੁੱਲ ਮੰਗਵਾ ਲਏ ।
ਫੇਰ ਪਿਆਰ, ਉਮਾਹ ਦੇ ਨਾਲ ਸਾਰੇ,
ਗੁਰਾਂ ਆਪਣੇ ਪਾਸ ਰਖਵਾ ਲਏ ।
ਫੁੱਲ ਹਰ ਇੱਕ ਨੀਝ ਦੇ ਨਾਲ ਵਿੰਹਦੇ,
ਫਿਰ ਰੰਗ-ਸੁਗੰਧ ਆਕਾਰ ਵੇਖਣ ।
ਭਾਈ ਗੁਰਦਾਸ ਜੀ ਨੂੰ ਫੜਾ ਦਿੰਦੇ,
ਜਿਸ ਫੁੱਲ ਦਾ ਉੱਚਾ ਮਿਆਰ ਵੇਖਣ ।

ਕਾਂਟ ਛਾਂਟ ਦੀ ਜਿੱਥੇ ਕੋਈ ਲੋੜ ਜਾਪੇ,
ਸਤਿਗੁਰੂ ਜੀ ਉਹ ਵੀ ਕਰੀ ਜਾਂਦੇ ।
ਜਿਸ ਫੁੱਲ ਵਿਚ ਕਿਤੇ ਕੋਈ ਕਸਰ ਲੱਗੇ,
ਉਹਨੂੰ ਇੱਕ ਪਾਸੇ ਚੁੱਕ ਧਰੀ ਜਾਂਦੇ ।
ਇਸ ਤਰ੍ਹਾਂ ਸਤਿਗੁਰਾਂ ਨੇ ਫੁੱਲ ਸਾਰੇ,
ਨਿਗਾਹ ਆਪਣੀ ਵਿਚੋਂ ਲੰਘਾ ਦਿੱਤੇ ।
ਭਾਈ ਗੁਰਦਾਸ ਨੂੰ ਕਹਿ ਫਿਰ ਚੁਣੇ ਹੋਏ,
ਕਰੀਨੇ ਨਾਲ ਸਭ ਫੁੱਲ ਸਜਾ ਦਿੱਤੇ ।

ਜਦ ਪੂਰਾ ਗੁਲਦਸਤਾ ਤਿਆਰ ਹੋਇਆ,
ਸੁਹਣੇ ਵਸਤਰਾਂ ਹੇਠ ਲੁਕਾ ਲਿਆ ।
ਬਾਬਾ ਬੁੱਢਾ ਜੀ ਨੂੰ ਬੜੇ ਅਦਬ ਸੇਤੀ,
ਫੇਰ ਆਪਣੇ ਕੋਲ ਬੁਲਾ ਲਿਆ ।
ਬੜੇ ਪਿਆਰ ਨਾਲ ਚੁੱਕ ਕੇ ਗੁਲਦਸਤਾ,
ਫਿਰ ਵਿੱਚ ਦਰਬਾਰ ਲਿਜਾਂਵਦੇ ਨੇ ।
ਬਾਬਾ ਬੁੱਢਾ ਜੀ ਉਪਰੋਂ ਲਾਹ ਵਸਤਰ,
ਦੀਦਾਰ ਸੰਗਤਾਂ ਤਾਈਂ ਕਰਾਂਵਦੇ ਨੇ ।

ਸੰਗਤ ਵੇਖ ਗੁਲਦਸਤਾ ਨਿਹਾਲ ਹੋਈ,
ਖ਼ੁਸ਼ਬੂ ਫੈਲ ਗਈ ਨਜ਼ਰਾਂ ਮਖ਼ਮੂਰ ਹੋਈਆਂ ।
ਇੰਞ ਜਾਪਿਆ ਜਿਸ ਤਰ੍ਹਾਂ ਮਨਾਂ ਉੱਤੋਂ,
ਸਭ ਕਾਲਖਾਂ ਲੱਗੀਆਂ ਦੂਰ ਹੋਈਆਂ ।

ਹਕੀਮ ਅੱਲ੍ਹਾ ਯਾਰ ਖਾਂ ਜੋਗੀ ਨੂੰ

ਵਾਹ ਓਏ ਜੋਗੀਆ ! ਆਪਣੇ ਨਾਂ ਤਾਈਂ,
ਹਰ ਪਾਸਿਓਂ ਠੀਕ ਠਹਿਰਾਇਆ ਤੂੰ ।
'ਅੱਲ੍ਹਾ ਯਾਰ' ਸੀ ਅੱਲ੍ਹਾ ਦਾ ਯਾਰ ਬਣਿਓਂ,
ਭੇਦ ਦੂਈ-ਦਵੈਤ ਮਿਟਾਇਆ ਤੂੰ ।

ਤੇਰੀ ਰੂਹ ਨੂੰ ਕੋਈ ਨਾ ਫ਼ਰਕ ਲੱਗਾ,
ਹਜ਼ਰਤ ਸਾਹਿਬ 'ਤੇ ਗੁਰੂ ਗੋਬਿੰਦ ਦੇ ਵਿੱਚ ।
ਪੂਜਣ ਲੱਗਿਆਂ ਤੂੰ ਨਾ ਫ਼ਰਕ ਪਾਇਆ,
'ਚਮਕੌਰ' 'ਕਰਬਲਾ' ਅਤੇ 'ਸਰਹਿੰਦ' ਦੇ ਵਿੱਚ ।

ਹਜ਼ਰਤ ਅਲੀ ਦੇ ਹਸਨ-ਹੁਸੈਨ ਦਾ ਸੀ,
ਤੇਰੀ ਨਜ਼ਰ ਵਿੱਚ ਮਰਤਬਾ ਬਹੁਤ ਉੱਚਾ ।
ਅਜੀਤ-ਜੁਝਾਰ, ਜ਼ੋਰਾਵਰ-ਫ਼ਤਹਿ ਦਾ ਵੀ,
ਤੂੰ ਸਮਝਿਆ ਓਨਾਂ ਹੀ ਨਾਂ ਸੁੱਚਾ ।

ਵੱਡੇ ਪਾਪੀਆਂ ਦੀ ਕਤਾਰ ਅੰਦਰ,
ਖੜੇ ਕੀਤੇ ਤੂੰ ਜ਼ਿਆਦ ਯਜ਼ੀਦ ਦੋਵੇਂ ।
ਉਨ੍ਹਾਂ ਨਾਲ ਹੀ ਤੂੰ ਮਿਲਾ ਦਿੱਤੇ,
ਸੁੱਚਾ ਨੰਦ ਤੇ ਸੂਬਾ ਵਜ਼ੀਦ ਦੋਵੇਂ ।

ਤੇਰੀ ਕਲਮ ਨੇ ਉਹ ਤਸਵੀਰ ਖਿੱਚੀ,
ਸਾਹਵੇਂ ਅੱਖਾਂ ਦੇ ਜੰਗ ਘਮਸਾਨ ਹੋਵੇ ।
ਸੁੱਤੇ ਸਿੰਘਾਂ ਨੂੰ ਤੱਕ ਕੇ ਗੁਰੂ ਸੋਚਣ,
ਜਿਵੇਂ ਪੁੱਤਾਂ ਤੋਂ ਪਿਤਾ ਕੁਰਬਾਨ ਹੋਵੇ ।

ਹਰ ਇੱਕ ਸ਼ਿਅਰ ਹੈ ਪੁਰ ਤਾਸੀਰ ਤੇਰਾ,
ਪੱਥਰ ਦਿਲ ਵੀ ਮੋਮ ਬਣਾਈ ਜਾਵੇ ।
ਦਰਦ ਕਿੰਨਾ ਵੀ ਭਾਵੇਂ ਮਹਿਸੂਸ ਹੋਵੇ,
ਮੱਲ੍ਹਮ ਸ਼ਰਧਾ ਦੀ ਓਸ ਤੇ ਲਾਈ ਜਾਵੇ ।


ਕਾਜ਼ੀ ਆਖਿਆ, "ਜੋਗੀਆ ਕਰ ਤੌਬਾ,
ਕੁਫ਼ਰ ਛੱਡ ਈਮਾਨ ਦੀ ਗੱਲ ਕਰ ਤੂੰ ।
ਤੈਨੂੰ ਬਹਿਸ਼ਤਾਂ ਵਿਚ ਵਾਸਾ ਮਿਲ ਜਾਣਾ,
'ਕੇਰਾਂ ਮੂੰਹ ਮਸੀਤ ਦੇ ਵੱਲ ਕਰ ਤੂੰ ।

ਕਾਹਤੋਂ ਲਿਖ ਲਿਖ ਕਾਲੇ ਕਰੇਂ ਕਾਗ਼ਜ਼,
ਐਵੇਂ ਕਾਫ਼ਰਾਂ ਦੇ ਸੋਹਿਲੇ ਗਾਈ ਜਾਂਦਾ ।
ਬਹਿਸ਼ਤ ਉਡੀਕਦੇ ਪਏ ਨੇ ਮੋਮਨਾਂ ਨੂੰ,
ਕਿਉਂ ਤੂੰ ਦੋਜ਼ਖ਼ਾਂ ਵੱਲ ਨੂੰ ਜਾਈ ਜਾਂਦਾ ।"

"ਕਾਜ਼ੀ ! ਕੁਫ਼ਰ ਕੀ ਏ ਅਤੇ ਈਮਾਨ ਕੀ ਏ,
ਇਹਦਾ ਤੂੰ ਕੋਈ ਫ਼ਰਕ ਨਹੀਂ ਕਰ ਸਕਦਾ ।
ਸਾਗਰ ਵਹਿਦਤ ਦੇ ਟੁੱਭੀਆਂ ਮੈਂ ਲਾਵਾਂ,
ਤੇਰੇ ਜਿਹਾ ਅਣਜਾਣ ਨਹੀਂ ਤਰ ਸਕਦਾ ।

ਪੱਲਾ ਸੱਚ ਦਾ ਫੜਿਆ ਮੈਂ ਸੱਚ ਲਿਖਿਆ,
ਤੇਰੇ ਵਰਗਿਆਂ ਨੂੰ ਕੁਫ਼ਰ ਲੱਗਦਾ ਏ ।
ਮੇਰੇ ਅੰਦਰ ਗੁਰੂ ਦੇ ਨਾਂ ਵਾਲਾ,
ਸਾਗਰ ਵੇਖ ਕਿੰਨਾਂ ਸੁਹਣਾ ਵਗਦਾ ਏ ।

ਮੈਂ ਜਦੋਂ ਵੀ ਵਿੱਚ ਧਿਆਨ ਤੱਕਾਂ,
ਅੰਗ ਸੰਗ ਹੀ ਜਾਪਣ ਹਮੇਸ਼ ਸਤਿਗੁਰ ।
ਅੱਡ ਬਾਹਾਂ ਗਲਵੱਕੜੀ ਪਾਣ ਲਈ,
ਮੈਨੂੰ ਉਡੀਕਦੇ ਪਏ ਦਸਮੇਸ਼ ਸਤਿਗੁਰ ।"

ਹਸੂਏ ਖੁਸ਼ੀਏ ਦਾ ਘੋਲ

ਮੈਨੂੰ ਇਸਦਾ ਪਤਾ ਨਹੀਂ ਇਹ ਗੱਲ ਏ ਜਾਂ ਕਹਾਣੀ ।
ਕਿਸ ਬੋਲੀ ਦੀ ਗੱਲ ਏ ਮੈਥੋਂ ਇਹ ਵੀ ਅਣਜਾਣੀ ।
ਚਲੋ ਆਪਾਂ ਮੰਨ ਲਈਏ ਗੱਲ ਨਹੀਂ ਇਹ ਕਹਾਣੀ ।
ਕਿਸੇ ਪਿੰਡ ਵਿੱਚ ਰਹਿੰਦੇ ਸਨ ਦੋ ਬੰਦੇ ਜੋ ਹਾਣੀ ।
ਉਨ੍ਹਾਂ ਦੇ ਕਈ ਕਿੱਸੇ ਹੋਏ ਲੋਕਾਂ ਵਿਚ ਮਸ਼ਹੂਰ ।
ਕੱਠੇ ਰਹਿਣਾ ਕੱਠੇ ਹੀ ਘੁੰਮਣਾ ਉਨ੍ਹਾਂ ਦਾ ਦਸਤੂਰ ।
ਚਿਹਰੇ ਦੇਣ ਉਦਾਸ ਵਿਖਾਈ ਰਹਿ ਜਾਂਦੇ ਜਦ 'ਕੱਲੇ ।
ਤੰਗੀ ਤੋਂ ਤੰਗੀ ਦੇ ਦਿਨ ਆਏ ਉਹ ਵੀ ਖ਼ੁਸ਼ ਹੋ ਝੱਲੇ ।
ਆਪਾਂ ਇਨ੍ਹਾਂ ਦੇ ਨਾਂ ਵੀ ਦੱਸੀਏ ਜੋ ਸੀ ਸਾਰੇ ਲੈਂਦੇ ।
ਇਕ ਖੁਸ਼ੀਆ ਤੇ ਦੂਜਾ ਹਸੂਆ ਇਹੋ ਲੋਕੀ ਕਹਿੰਦੇ ।

ਬਜ਼ੁਰਗ ਦੱਸਦੇ ਦੋਵਾਂ ਸੋਚਿਆ ਮਨ ਅਪਣੇ ਇਕ ਵਾਰੀ ।
ਘਰੋਂ ਬਾਹਰ ਜਾ ਕੇ ਘੁੰਮਣ ਦੀ ਕੀਤੀ ਉਨ੍ਹਾਂ ਤਿਆਰੀ ।
ਬਹੁਤ ਨਗਰ ਪਿੰਡ ਕਸਬੇ ਦੋਵਾਂ ਦੂਰ ਦੂਰ ਤੱਕ ਤੱਕੇ ।
ਫਿਰਦੇ ਫਿਰਾਂਦੇ ਆਣ ਪੁਜੇ ਉਹ ਇਕ ਪਿੰਡ ਦੀ ਸੱਥੇ ।
ਸੱਥ ਦੇ ਵਿਚ ਇਕੱਠ ਬੜਾ ਸੀ ਉਮੜੀ ਫਿਰੇ ਲੁਕਾਈ ।
'ਕਾਹਦਾ ਇਕੱਠ ? ਆਪਾਂ ਤੱਕੀਏ', ਜੀ ਉਨ੍ਹਾਂ ਦੇ ਆਈ ।
ਅੱਗੇ ਅਖਾੜਾ ਪੁੱਟਿਆ ਹੋਇਆ, ਘੋਲ ਦੀ ਹੋ ਰਹੀ ਤਿਆਰੀ ।
ਬਾਘੇ-ਸ਼ੇਰੇ ਦਾ ਘੋਲ ਤੱਕਣ ਲਈ ਆਈ ਸੀ ਖ਼ਲਕਤ ਸਾਰੀ ।
ਦੋਵਾਂ ਦਾ ਘੋਲ ਸ਼ੁਰੂ ਹੋ ਗਿਆ ਦੋਵੇਂ ਭਲਵਾਨ ਸੀ ਭਾਰੇ ।
ਭੀੜ ਵਿਚੋਂ ਵੀ ਕਈ ਲੋਕੀ ਮਾਰਨ ਲੱਗ ਪਏ ਲਲਕਾਰੇ ।
ਜਦੋਂ ਕੋਈ ਦਾਉ ਵਿਖਾਏ, ਭੀੜ ਵਿਚੋਂ ਕੋਈ ਤਾੜੀ ਮਾਰੇ ।
ਉਸਦੇ ਪਿੱਛੇ ਤਾੜੀਆਂ ਦਾ ਫਿਰ ਮੀਂਹ ਬਰਸਾਵਣ ਸਾਰੇ ।
ਜਦੋਂ ਇਕ ਦੂਜੇ ਦਾ ਦਾਉ ਬਚਾਵੇ ਤਾਂ ਵੀ ਰੌਲਾ ਪੈਂਦਾ ।
ਬੜਾ ਚਿਰ ਘੋਲ ਇਵੇਂ ਚੱਲਿਆ ਲੱਗੇ ਨਾ ਕੋਈ ਢਹਿੰਦਾ ।
ਬੜੀ ਜ਼ੋਰ ਅਜਮਾਈ ਪਿੱਛੋਂ ਸ਼ੇਰੇ ਨੂੰ ਬਾਘੇ ਨੇ ਢਾਹਿਆ ।
ਲੋਕਾਂ ਨੇ ਰੌਲਾ ਪਾ ਪਾ ਕੇ ਸਾਰਾ ਆਕਾਸ਼ ਗੁੰਜਾਇਆ ।
ਬਾਘਾ ਖੁਸ਼ੀ ਵਿਚ ਥਾਪੀਆਂ ਮਾਰੇ ਲੋਕਾਂ ਮੋਢੀਂ ਚੁੱਕਿਆ ।
ਸ਼ੇਰਾ ਉਦਾਸ ਹੋ ਪਾਸੇ ਬੈਠਾ ਉਸ ਵੱਲ ਨਾ ਕੋਈ ਢੁੱਕਿਆ ।

ਹਸੂਏ ਉੱਠ ਵੇਖਿਆ ਇਕ ਬੰਦਾ ਜੋ ਜਾਪੇ ਪਿੰਡ ਦਾ ਮੋਹਰੀ ।
ਉਸ ਕੋਲ ਪੁੱਜਿਆ ਫਿਰ ਉਸਨੇ ਅਪਣੀ ਗੱਲ ਇਉਂ ਤੋਰੀ,
'ਅਸੀਂ ਤੁਹਾਨੂੰ ਘੋਲ ਵਿਖਾਈਏ, ਇਤਰਾਜ ਤਾਂ ਨਹੀਂ ਤੁਹਾਨੂੰ ?'
ਖੁਸ਼ ਹੋ ਕੇ ਬੋਲਿਆ ਮੋਹਰੀ, 'ਨਹੀਂ ਕੋਈ ਇਤਰਾਜ ਅਸਾਂ ਨੂੰ ।'
ਬੰਨ੍ਹ ਲੰਗੋਟ ਖੁਸ਼ੀਆ ਤੇ ਹਸੂਆ ਵਿਚ ਅਖਾੜੇ ਆਏ ।
ਕਾਫ਼ੀ ਦੇਰ ਆਪੋ ਵਿਚ ਦੋਵਾਂ ਵਧ ਵਧ ਹੱਥ ਵਿਖਾਏ ।
ਲੋਕ ਉਨ੍ਹਾਂ ਦੇ ਦਾਉ-ਪੇਚਾਂ ਤੇ ਤਾੜੀਆਂ ਪਏ ਵਜਾਵਣ ।
ਬਾਘਾ-ਸ਼ੇਰਾ ਵੀ ਦੋਵੇਂ ਲੱਗੇ ਘੋਲ ਦਾ ਅਨੰਦ ਉਠਾਵਣ ।
ਹਰ ਇਕ ਬੰਦਾ ਘੋਲ ਵੇਖਣ ਲਈ ਦੂਜੇ ਤੋਂ ਅੱਗੇ ਖਲੋਵੇ ।
ਇੰਞ ਜਾਪੇ ਜਿਵੇਂ ਦੋਵਾਂ ਰਲਕੇ ਮੇਲਾ ਲੁੱਟ ਲਿਆ ਹੋਵੇ ।
ਬੜੇ ਚਿਰਾਂ ਦੇ ਬਾਦ ਜਾਂ ਖੁਸ਼ੀਏ ਹਸੂਏ ਤਾਈਂ ਹਰਾਇਆ ।
ਲੋਕਾਂ ਇਕ ਦੂਜੇ ਤੋਂ ਵਧ ਵਧ ਅੱਗੇ ਹੋ ਰੌਲਾ ਪਾਇਆ ।
ਹਸੂਏ ਮੂੰਹ ਮਲਾਲ ਨਾ ਦਿੱਸੇ ਉਹ ਲੱਗਾ ਖੁਸ਼ ਹੋ ਨੱਚਣ ।
ਸ਼ੇਰਾ ਤੇ ਬਾਘਾ ਉਸ ਵੱਲ ਦੋਵੇਂ ਬਿਟ ਬਿਟ ਲੱਗੇ ਤੱਕਣ ।

ਟੱਪੇ

1
ਬੁਲਬੁਲ ਫੁੱਲਾਂ ਕੋਲ ਆਉਂਦੀ ਏ,
ਉਨ੍ਹਾਂ ਕੋਲੋਂ ਮਹਿਕ ਲਏ ਗੀਤ ਉਨ੍ਹਾਂ ਨੂੰ ਸੁਣਾਉਂਦੀ ਏ ।
2
ਵਾਅ ਪੱਤਰੇ ਝਾੜ ਗਈ,
ਤੇਰੀ ਵੇ ਜੁਦਾਈ ਚੰਦਰੀ ਜਿਉਂਦੇ ਜੀਅ ਸਾੜ ਗਈ ।
3
ਮਾਲੀ ਹੌਕੇ ਭਰਦਾ ਏ,
ਫੁੱਲਾਂ ਨੂੰ ਗੜੇ ਝਾੜ ਗਏ ਰੱਬ ਕੀ ਕੀ ਕਰਦਾ ਏ ।
4
ਬਾਗ਼ ਚੰਨਣ ਦਾ ਲਾ ਬੈਠੇ,
ਪਤਾ ਸਾਨੂੰ ਪਿਛੋਂ ਲੱਗਿਆ ਸਾਥੀ ਨਾਗ ਬਣਾ ਬੈਠੇ ।
5
ਪੰਛੀ ਗੀਤ ਸੁਣਾਉਂਦੇ ਨੇ,
ਬਿਰਹੁੰ ਵਿੱਚ ਸੜਿਆਂ ਨੂੰ ਲੱਗੇ ਕੀਰਨੇ ਪਾਉਂਦੇ ਨੇ ।
6
ਫੁੱਲ ਖਿੜੇ ਗੁਲਮੋਹਰਾਂ ਨੂੰ,
ਕਹਿੰਦੇ ਇਹੋ ਰੁੱਤ ਭਾਂਵਦੀ ਸਭ ਦਿਲ ਦਿਆਂ ਚੋਰਾਂ ਨੂੰ ।
7
ਇਹਨਾਂ ਨੈਣਾਂ ਦੇ ਰੰਗ ਵੇਖੋ,
ਸੱਜਣ ਜਦੋਂ ਦੂਰ ਹੁੰਦੇ ਰੋਂਦੇ ਬਦਲੀਆਂ ਸੰਗ ਵੇਖੋ ।
8
ਪੱਤ ਪੀਲੇ ਹੋ ਗਏ ਨੇ,
ਯਾਦ ਤੇਰੀ ਡੰਗ ਮਾਰਿਆ ਬੁਲ੍ਹ ਨੀਲੇ ਹੋ ਗਏ ਨੇ ।
9
ਵੇਖੋ ਕਲੀਆਂ ਖਿਲੀਆਂ ਨੇ,
ਦਿਲ ਬਾਗੋ-ਬਾਗ ਹੋ ਗਿਆ ਸੂਹਾਂ ਤੇਰੀਆਂ ਮਿਲੀਆਂ ਨੇ ।
10
ਕਾਲਾ ਤਿੱਤਰ ਹੈ ਬੋਲ ਰਿਹਾ,
ਲੋਕੀਂ ਕਹਿੰਦੇ ਰੱਬ ਆਖਦਾ, ਸਾਥੀ ਆਪਣਾ ਟੋਲ੍ਹ ਰਿਹਾ ।
11
ਕਾਵਾਂ ਰੌਲੀ ਛੱਡ ਕਾਵਾਂ,
ਯਾਰ ਜੇ ਨਹੀਂ ਮੇਲ ਸਕਦਾ ਬੱਸ ਲਿਆਦੇ ਸਿਰਨਾਵਾਂ ।
12
ਮੋਰ ਸਾਉਣ 'ਚ ਕੂਕਦੇ ਨੇ,
ਸਭਨਾਂ ਨੂੰ ਖ਼ੁਸ਼ ਕਰਦੇ, ਦਿਲ ਆਪਣਾ ਫੂਕਦੇ ਨੇ ।
13
ਨ੍ਹੇਰੀ ਥਲ ਵੱਲੋਂ ਆਈ ਏ,
ਅੱਖਾਂ ਭਾਵੇਂ ਬੰਦ ਹੋ ਗਈਆਂ, ਯਾਦ ਸੱਸੀ ਦੀ ਲਿਆਈ ਏ ।
14
ਸੋਹਣੇ ਮਾਲਾ ਪ੍ਰੋਤੀ ਏ,
ਸਿੱਪੀ ਆਪਾ ਵਾਰ ਗਈ, ਤਾਹੀਂ ਬਣਿਆਂ ਮੋਤੀ ਏ ।
15
ਤਿੱਖੜੇ ਮੂੰਹ ਰੋੜਾਂ ਦੇ,
ਕੀਹਦੀ-ਕੀਹਦੀ ਗੱਲ ਕਰੀਏ, ਮਾਂ-ਪਿਉ ਵੀ ਲੋੜਾਂ ਦੇ ।
16
ਪਿੱਛੇ ਪੈਰ ਹਟਾਇਓ ਨਾ,
ਸਿਰ ਤੇ ਜੇ ਆ ਹੀ ਪਈ, ਪਿੱਠ ਦੇ ਕੇ ਜਾਇਓ ਨਾ ।
17
ਸਾਡੀ ਗ਼ਲਤੀ ਮਾਫ਼ ਕਰੋ,
ਸੱਚ ਪਰ ਤਾਂ ਦਿੱਸਣਾ, ਸ਼ੀਸ਼ਾ ਦਿਲ ਦਾ ਸਾਫ਼ ਕਰੋ ।
18
ਰੋਂਦੇ ਕੌਣ ਵਰਾਉਂਦਾ ਏ?
ਜੀਹਦੇ ਦਿਲੋਂ ਰੁੱਗ ਭਰਦਾ, ਓਹੀ ਛਾਤੀ ਨਾਲ ਲਾਉਂਦਾ ਏ ।
19
ਚੰਨ ਬੂਹੇ ਚੜ੍ਹ ਆਇਆ,
ਅੱਖਾਂ ਦੇ ਵੀ ਬੰਨ੍ਹ ਟੁੱਟ ਗਏ, ਐਸਾ ਦਿਲ ਵਿੱਚ ਹੜ੍ਹ ਆਇਆ ।

ਕਲੀ

ਸਾਡੀ ਉਮਰ ਬੀਤਦੀ ਜਾਂਦੀ ਛੇਤੀ ਮਿਲਜਾ ਤੂੰ ;
ਕੀ ਪਤਾ ਹੈ ਆਉਣਾ ਜਾਂ ਨਹੀਂ ਫੇਰ ਦੁਬਾਰਾ ।

ਅਸੀਂ ਤਾਂ ਜੰਮ ਪਏ ਸੀ ਸੱਜਣਾਂ ਝੰਗ ਸਿਆਲਾਂ ਦੇ ;
ਤੈਥੋਂ ਅਜੇ ਤੱਕ ਨਾ ਬਣਿਆਂ ਵਤਨ ਹਜਾਰਾ ।

ਰਾਤ ਸੀ ਕਾਲੀ ਬੋਲੀ ਬਿਜਲੀ ਚਮਕੀ ਤੱਕੀ ਜਾਂ ;
ਲੋਕੀ ਆਖਣ ਤੇਰੇ ਹਾਸੇ ਦਾ ਲਿਸ਼ਕਾਰਾ ।

ਕੱਲ੍ਹ ਸੀ ਪੰਡਤ ਕੋਈ ਰਾਹ ਦਸਦਾ ਰੱਬ ਮਿਲਣੇ ਦਾ ।
ਰਮਜ਼ਾਂ ਇਸ਼ਕ ਦੀਆਂ ਕੀ ਜਾਣੇ ਉਹ ਵਿਚਾਰਾ ।

ਖੁਲ੍ਹੇ ਵਾਲ ਅੱਖਾਂ ਤੋਂ ਆਪੇ ਚੁੱਕੇ ਜਾਂਦੇ ਨੇ ;
ਹੁੰਦਾ ਆਸ ਤੇਰੀ ਦਾ ਮੈਨੂੰ ਜਦੋਂ ਇਸ਼ਾਰਾ ।

ਘੁੰਮਣਘੇਰੀਆਂ ਆ ਕੇ ਗ਼ਮ ਦੀਆਂ ਮੈਨੂੰ ਘੇਰਦੀਆਂ ;
ਤਾਰਾ ਯਾਦ ਤੇਰੀ ਦਾ ਦੱਸੇ ਆ ਕਿਨਾਰਾ ।

ਤੇਰੇ ਸ਼ਹਿਰ ਵੱਲੋਂ ਜੋ ਰਾਹ ਏਧਰ ਨੂੰ ਆਉਂਦੇ ਨੇ ;
ਤੱਕ ਕੇ ਉਨ੍ਹਾਂ ਵੱਲੇ ਵਕਤ ਲੰਘਾਂਵਾਂ ਸਾਰਾ ।

ਮਹੀਆਂ ਰੋਜ ਚਰਦੀਆਂ ਬੰਨੇਂ ਬੰਨੇਂ ਵੇਖਾਂ ਜਾਂ ;
ਸਾਹਵੇਂ ਆਵੇ ਤੱਕਿਆ ਹੋਇਆ ਕੋਈ ਨਜ਼ਾਰਾ ।

ਤੇਰੇ ਸ਼ਹਿਰ ਦੀਆਂ ਗਲੀਆਂ ਕਿੱਦਾਂ ਭੁੱਲ ਜਾਵਾਂ ਮੈਂ ;
ਪਾਣੀ ਡੁਲ੍ਹਿਆ ਸੀ ਜਿੱਥੇ ਅੱਖਾਂ ਦਾ ਖਾਰਾ ।

ਕਲੀ

ਤੈਨੂੰ ਭੁੱਲਣਾਂ ਹੁੰਦਾ ਭੁੱਲ ਜਾਂਦੇ ਕਈ ਜਨਮਾਂ ਦੇ,
ਤੇਰੀ ਖਾਤਰ ਮੁੜ ਮੁੜ ਜਿੰਦਗੀ ਏਥੇ ਆਵੇ ।

ਕਿਹਦੇ ਹੱਥ ਸੁਨੇਹਾ ਭੇਜਾਂ ਤੈਨੂੰ ਸੱਜਣਾਂ ਵੇ ;
ਐਸਾ ਕਾਸਿਦ ਕੋਈ ਮੈਨੂੰ ਨਜ਼ਰ ਨਾ ਆਵੇ ।

ਤੈਨੂੰ ਅਜੇ ਪਤਾ ਨਾ ਲੱਗਿਆ ਸਾਡੇ ਮਰਨੇ ਦਾ ;
ਸਾਡੀ ਆਸ ਕਬਰ ਤੇ ਬੈਠ ਪਈ ਕੁਰਲਾਵੇ ।

ਮਨ ਨੂੰ ਜਿੱਤਿਆ ਜਾਂਦਾ ਜਿੱਤ ਲੈਂਦੇ ਕਈ ਯੁੱਗਾਂ ਦੇ ;
ਗੇੜੇ ਲੱਖ ਚੌਰਾਸੀ ਸੋਚ ਅਸਾਂ ਦੀ ਖਾਵੇ ।

ਤੂੰ ਵੀ ਲੈ ਜਾ ਕੁਝ ਖ਼ੁਸ਼ਬੋਈ ਜੇ ਲੈ ਜਾਣੀ ਏਂ ;
ਔਹ ਤੱਕ ਦੂਰ ਫੁਲੇਰਾ ਕੋਈ ਟੁਰਿਆ ਆਵੇ ।

ਜਦ ਵੀ ਪੰਛੀ ਉਡਦੇ ਜਾਂਦੇ ਤੱਕੀਏ ਸੱਜਣਾਂ ਵੇ ;
ਮੱਲੋ ਮੱਲੀ ਕੋਈ ਸੁਨੇਹਾ ਮੂੰਹ ਤੇ ਆਵੇ ।

ਖ਼ਬਰੇ ਯੱਗ ਕਦੋਂ ਕੁ ਤੇਰਾ ਪੂਰਾ ਹੋਣਾ ਏਂ,
ਸਾਡੀ ਰੱਤ ਅਹੂਤੀਆਂ ਅੰਦਰ ਮੁਕਦੀ ਜਾਵੇ ।

ਖਿੜਦੇ ਬੰਜਰਾਂ ਦੇ ਵਿੱਚ ਫੁੱਲ ਖ਼ਿਜਾਂ ਦੇ ਵੇਲੇ ਨੇ ;
ਜਿੱਥੇ ਸਿਦਕਾਂ ਵਾਲੀ ਬਦਲੀ ਮੀਂਹ ਬਰਸਾਵੇ ।

ਪਿਛਲੇ ਜਨਮੀਂ ਪਾਣੀ ਜਮੁਨਾ ਤੋਂ ਲਿਆਉਂਦੇ ਸਾਂ ;
ਹੁਣ ਤੇ ਜਮੁਨਾ ਮੇਰੀਆਂ ਅੱਖਾਂ ਵਿੱਚ ਸਮਾਵੇ ।

ਬੱਦਲ ਗਰਜ ਗਰਜ ਕੇ ਹਾਕਾਂ ਕਿਹਨੂੰ ਮਾਰ ਰਹੇ ;
ਕੀਹਦੀ ਖ਼ਾਤਰ ਬਿਜਲੀ ਚਮਕਾਂ ਇਹ ਦਿਖਲਾਵੇ ।

ਕੁਝ ਤਾਂ ਦੱਸਦਾ ਜੇ ਨਹੀਂ ਸੀ ਆਉਣਾ ਮੁੜਕੇ ਤੂੰ ;
ਮੇਰੀ ਆਸ ਰਾਹਾਂ ਤੇ ਬੈਠ ਝਾਤੀਆਂ ਪਾਵੇ ।

ਤੇਰੇ ਚਰਨ ਛੁਹਣ ਨੂੰ ਜੀ ਤੇ ਮੇਰਾ ਕਰਦਾ ਹੈ ;
ਐਡਾ ਕਿਹੜਾ ਦਰਦੀ ਜੋ ਸਾਨੂੰ ਪਥਰਾਵੇ ।

ਅਸੀਂ ਤਾਂ ਰੋਜ ਰਾਤ ਨੂੰ ਬੂਹੇ ਖੁਲ੍ਹੇ ਰਖਦੇ ਹਾਂ ;
ਕਿਤੇ ਉਹ ਭੁੱਲ ਭੁਲੇਖੇ ਆ ਕੇ ਪਰਤ ਨਾ ਜਾਵੇ ।

ਚਿੱਠੀ ਪਹਿਲੜੀ ਵਿਚ ਕੀ ਲਿਖਾਂ ਤੈਨੂੰ

ਚਿੱਠੀ ਪਹਿਲੜੀ ਵਿਚ ਕੀ ਲਿਖਾਂ ਤੈਨੂੰ,
ਦੇਵਾਂ ਕੀ ਮੈਂ ਏਸ ਨੂੰ ਨਾਂ ਚੰਨਾਂ ।
ਸੁੰਞੇ ਸੁੰਞੇ ਸੱਭੇ ਸ਼ਹਿਰ ਜਾਪਦੇ ਨੇ,
ਜਾਪਣ ਉਜੜਦੇ ਸਭ ਗਿਰਾਂ ਚੰਨਾਂ ।
ਤੇਰੇ ਗੀਤ ਸੱਭੇ ਤੇਰੇ ਕੋਲ ਰਹੇ,
ਕਿਸ ਤੋਂ ਲੈ ਉਧਾਰ ਹੁਣ ਗਾਂ ਚੰਨਾਂ ।
ਜਾਣ ਵੇਲੇ ਮੈਂ ਫੜੀ ਨਾ ਘੁੱਟ ਵੀਣੀ,
ਏਸੇ ਭੁੱਲ ਤੇ ਹੁਣ ਪਛਤਾਂ ਚੰਨਾਂ ।

ਐਵੇਂ ਉਲਝ ਜੇ ਗਏ ਹਾਂ ਬਿਨਾਂ ਗੱਲੋਂ,
ਕੀ ਸੋਚੀਏ ਕੁਝ ਨਾ ਸੁੱਝਦਾ ਏ ।
ਜਦ ਜਦ ਵੀ ਦੀਵੇ ਨੂੰ ਬਾਲਦੇ ਹਾਂ,
ਖਾਰੇ ਪਾਣੀਆਂ ਦੇ ਨਾਲ ਬੁੱਝਦਾ ਏ ।

ਤੂੰ ਤੇ ਆਖਿਆ ਸੀ ਛੇਤੀ ਫੇਰ ਆਵਾਂ

ਤੂੰ ਤੇ ਆਖਿਆ ਸੀ ਛੇਤੀ ਫੇਰ ਆਵਾਂ,
ਅਜੇ ਤੱਕ ਨਹੀਂ ਆਇਆ ਪੈਗ਼ਾਮ ਤੇਰਾ ।
ਤੈਨੂੰ ਨੀਂਦ ਵੇਲੇ ਆਉਂਦੀ ਚੈਨ ਹੋਣੀ,
ਏਥੇ ਜ਼ਿਕਰ ਛੇੜੇ ਆ ਕੇ ਸ਼ਾਮ ਤੇਰਾ ।
ਸੀਤਾ ਵਾਂਗ ਕੈਦੀ ਮੈਂ ਤੇ ਹੋ ਰਹੀਆਂ,
ਲੋਕੀ ਪੁੱਛਦੇ, 'ਕਿੱਥੇ ਹੈ ਰਾਮ ਤੇਰਾ' ।
ਆ ਕੇ ਦਰਸ਼ ਦਾ ਘੁੱਟ ਤਾਂ ਪਾ ਜਾ ਤੂੰ,
ਖਾਲੀ ਵੇਖ ਲੈ ਪਿਆ ਹੈ ਜਾਮ ਮੇਰਾ ।

ਆ ਕੇ ਵੇਖ ਸ਼ਰੀਰ ਦਾ ਹਾਲ ਕੀ ਹੈ,
ਕੀ ਹੈ ਮੇਰੇ ਦਿਮਾਗ਼ ਦਾ ਹਾਲ ਚੰਨਾਂ ।
ਲਹਿਰ ਲੱਗੀ ਸੀ ਵਾਂਗ ਕਿਨਾਰਿਆਂ ਦੇ,
ਭੁੱਲ ਮਾਰ ਬੈਠੇ ਉਪਰ ਛਾਲ ਚੰਨਾਂ ।

ਚੀਰ ਲਹਿਣ ਲੱਗੇ ਸ਼ਾਮ ਪਹੁੰਚ ਗਿਆ

ਚੀਰ ਲਹਿਣ ਲੱਗੇ ਸ਼ਾਮ ਪਹੁੰਚ ਗਿਆ,
ਤੂੰ ਤੇ ਆਇਆ ਵੀ ਨਹੀਂ ਕਰਾਰ ਕਰਕੇ ।
ਕਿਹੜਾ ਦਿਨ ਆਇਆ ਕਿਹੜਾ ਲੰਘ ਗਿਆ,
ਇਹ ਪਤਾ ਨਹੀਂਉਂ ਇੰਤਜ਼ਾਰ ਕਰਕੇ ।
ਘੇਰਾ ਗ਼ਮਾਂ ਦੀ ਫ਼ੌਜ ਆ ਘੱਤਿਆ ਏ,
ਪਹਿਰਾ ਦੇਂਵਦੀ ਆਸ ਤਲਵਾਰ ਫੜਕੇ ।
ਹਵਾ ਨਾਲ ਜਾਂ ਬੂਹਾ ਖੜਕਾਰ ਕਰਦਾ,
ਮੇਰਾ ਦਿਲ ਧੜਕੇ ਖ਼ੁਸ਼ੀ ਜ਼ਾਹਰ ਕਰਕੇ ।

ਆਸਾਂ ਕਦੋਂ ਦੀਆਂ ਮੇਰੀਆਂ ਸੁੱਕ ਗਈਆਂ,
ਪਰ ਸੁੱਕੀ ਨਾ ਬਿਰਹੁੰ ਦੀ ਵੇਲ ਮੇਰੀ ।
ਉਡਦੇ ਜਾ ਰਹੇ ਹਾਂ ਵਾਅ ਵਰੋਲਿਆਂ ਜਿਉਂ,
ਕੋਈ ਹੋਵੇਗੀ ਇਹ ਵੀ ਖੇਲ ਤੇਰੀ ।

ਰੁੱਖ ਝੂਮ ਪਏ ਯਾਦ ਦੇ ਆਏ ਬੁੱਲੇ

ਰੁੱਖ ਝੂਮ ਪਏ ਯਾਦ ਦੇ ਆਏ ਬੁੱਲੇ,
ਖਿੜੇ ਫੁੱਲ ਤੇ ਭੌਰਾਂ ਗੁੰਜਾਰ ਪਾਈ ।
ਨਾਲ ਪੱਤਿਆਂ ਚਿਮਟਕੇ ਬੈਠ ਗਏ ਸਨ,
ਕਤਰੇ ਸ਼ਬਨਮੀ ਆ ਫੁਹਾਰ ਪਾਈ ।
ਦੂਰੋਂ 'ਵਾਜ਼ ਪਈ ਤੇਰੇ ਨਾਂ ਵਾਲੀ,
ਅਸੀਂ ਸਮਝ ਗਏ ਮੁੜ ਬਹਾਰ ਆਈ ।
ਇੱਕ ਉੱਡ ਪੱਤੀ ਆਈ ਤੇਰੇ ਵੱਲੋਂ,
ਚੁੱਕ ਵੇਖਿਆ ਹੋ ਤਾਰ ਤਾਰ ਆਈ ।

ਤੇਰੇ ਲਈ ਲਿਖਕੇ ਮੈਂ ਤਾਂ ਰੱਖ ਲਈ ਸੀ,
ਚਿੱਠੀ ਉੱਡ ਗਈ ਹਵਾ ਦੇ ਨਾਲ ਕਿਧਰੇ ।
ਤੇਰੇ ਲਈ ਸੰਭਾਲ ਕੇ ਰੱਖ ਲਏ ਸਨ,
ਉੱਡ ਗਏ ਨੇ ਮੇਰੇ ਖ਼ਿਆਲ ਕਿਧਰੇ ।

ਚੰਨ ਝੁਕ ਗਿਆ ਚਾਨਣੀ ਨਾਲ ਝੁਕ ਗਈ

ਚੰਨ ਝੁਕ ਗਿਆ ਚਾਨਣੀ ਨਾਲ ਝੁਕ ਗਈ,
ਝੁਕ ਗਏ ਨੇ ਅਸਾਂ ਦੇ ਨੈਣ ਚੰਨਾਂ ।
ਭਾਵੇਂ ਪਤਾ ਆਵਾਜ਼ ਏ ਬੁਲਬੁਲਾਂ ਦੀ,
ਫਿਰ ਵੀ ਤੇਰੇ ਭੁਲੇਖੇ ਹੀ ਪੈਣ ਚੰਨਾਂ ।
ਸਾਨੂੰ ਪਤਾ ਤੇਰੇ ਤੱਕ ਪਹੁੰਚਣਾ ਨਹੀਂ,
ਤਾਂ ਵੀ ਗੀਤ ਅੰਗੜਾਈਆਂ ਲੈਣ ਚੰਨਾਂ ।
ਦਿਨ ਲੰਘਦੇ ਸੱਭੇ ਕਟਾਰ ਬਣਕੇ,
ਹਰ ਰਾਤ ਬਣਦੀ ਆ ਕੇ ਡੈਣ ਚੰਨਾਂ ।

ਬਿਨਾਂ ਪਤੇ ਕੋਈ ਹੌਲੀ ਜਿਹੇ ਲੰਘ ਗਿਆ,
ਉਹ ਤੇ ਤੂੰ ਸੈਂ ਲੋਕ ਹੁਣ ਕਹਿਣ ਚੰਨਾਂ ।
ਆਉਣ ਕਾਫ਼ਲੇ ਯਾਦਾਂ ਦੇ ਰੋਜ਼ ਕਿਧਰੋਂ,
ਕੋਈ ਪਤਾ ਨਾ ਕਿੱਥੇ ਇਹ ਰਹਿਣ ਚੰਨਾਂ ।

ਪਿੰਜਰਾ ਖੋਲ੍ਹ ਤਾਂ ਦੇਵਾਂ ਮੈਂ ਰੂਹ ਵਾਲਾ

ਪਿੰਜਰਾ ਖੋਲ੍ਹ ਤਾਂ ਦੇਵਾਂ ਮੈਂ ਰੂਹ ਵਾਲਾ,
ਇਹ ਜਾਣਦੀ ਨਹੀਂ ਤੇਰੀ ਥਾਂ ਕਿੱਥੇ ?
ਖ਼ਿਆਲਾਂ ਵਿਚ ਤਾਂ ਆਵੇ ਆਵਾਜ਼ ਆਜਾ,
ਦਿਮਾਗ਼ ਪੁੱਛਦਾ ਹੁਣ ਮੈਂ ਜਾਂ ਕਿੱਥੇ ?
ਤੇਰੇ ਵਾਸਤੇ ਸਾਂਭ ਕੇ ਰੱਖੀ ਹੋਈ ਏ,
ਬਾਤ ਆਪਣੀ ਜਾ ਕੇ ਇਹ ਪਾਂ ਕਿੱਥੇ ?
ਜਿਹਨੂੰ ਸੁਣਦਿਆਂ ਮਨ ਨੂੰ ਸ਼ਾਂਤ ਆਵੇ,
ਲੋਕ ਹੈਣ ਲੈਂਦੇ ਉਹ ਨਾਂ ਕਿੱਥੇ ?

ਆ ਕੇ ਦਰਦ ਦਾ ਵੇਖ ਤੂਫ਼ਾਨ ਉਠਦਾ,
ਆ ਕੇ ਵੇਖ ਜਾ ਜਿਗਰ ਦਾ ਖ਼ੂਨ ਹੁੰਦਾ ।
ਤੂੰ ਕਿੱਥੇ ਹੈਂ, ਕੀ ਹੈ ਪਤਾ ਤੇਰਾ ?
ਕਾਸ਼ ! ਇਹੋ ਹੀ ਸਾਨੂੰ ਮਾਲੂਮ ਹੁੰਦਾ ?

ਤੇਰਾ ਖੇਤ ਮੇਰਾ ਖੇਤ

ਤੇਰਾ ਖੇਤ ਮੇਰਾ ਖੇਤ
ਤੇਰੇ ਤੇ ਮੇਰੇ ਖੇਤ ਦੀ
ਵੱਟ ਨਾਲ ਵੱਟ ਸਾਂਝੀ ।
ਤੇਰੇ ਖੇਤ ਵਿੱਚ ਮੱਕੀ ਦੀ ਖੇਤੀ
ਮੇਰਾ ਖੇਤ ਖ਼ਾਲੀ ।
ਮੱਕੀ ਨੂੰ ਲੱਗੀਆਂ ਛੱਲੀਆਂ
ਗਜ ਗਜ ਲੰਮੀਆਂ ।
ਜਿਸਮ ਉਨ੍ਹਾਂ ਦੇ ਐਦਾਂ ਗੁੰਦੇ
ਵੇਖੀ ਜਾਵੋ ਦਿਲ ਨਹੀਂ ਰਜਦਾ ।
ਤੇਰੇ ਖੇਤ ਕੋਈ ਪਸ਼ੂ ਵੜਦਾ
ਤੇ ਮੈਂ ਉਸ ਪਸ਼ੂ ਨੂੰ ਹੁਰਕਦਾ
ਤੇ ਪਸ਼ੂ ਟਲ ਜਾਂਦਾ ।

ਫਿਰ ਖੇਤੋਂ ਛੱਲੀਆਂ ਟੁੱਟੀਆਂ
ਸੱਥ ਵਿੱਚ ਇਕੱਠ ਹੋਇਆ
ਸਿਆਣੇ ਸਿਆਣੇ ਬੰਦੇ ਆਖਣ,
ਕੋਈ ਨਹੀਂ ਜੇ ਪੱਕੀਆਂ ਛੱਲੀਆਂ
ਤੋੜ ਕਿਸੇ ਨੇ ਲਈਆਂ
ਆਪਣੇ ਚੱਬਣ ਲਈ
ਤਾਂ ਫਿਰ ਕੀ ਹੋਇਆ ?'
ਪਰ੍ਹਾ ਵਿਝੜ ਗਿਆ ।

ਅੱਜ ਫਿਰ ਇਕੱਠ ਸੀ
ਪੰਚਾਇਤ ਦਾ ।
ਕਿਸੇ ਨੇ ਕੰਮੀਆਂ ਦੀ
ਕਿਆਰੀ ਵਿੱਚੋਂ
ਕੁਝ ਦੋਧੇ ਤੋੜ ਲਏ ।
ਸਿਆਣਿਆਂ ਕਿਹਾ,
'ਤਾਂ ਕੀ ਹੋਇਆ
ਚਾਬੂ ਹੋ ਚੱਲੀਆਂ ਸਨ,
ਹੋਰ ਦੋ ਚਹੁੰ ਦਿਨਾਂ ਤੱਕ
ਇਹ ਵੀ ਮੱਕੀ ਪੱਕ ਜਾਵੇਗੀ ।'

ਮੈਂ ਕਈ ਵਾਰੀ
ਬੈਠਾ ਬੈਠਾ ਸੋਚਦਾਂ
ਇਹ ਕਿਦਾਂ ਦੇ ਇਕੱਠ ਨੇ,
ਛੱਲੀਆਂ ਟੁੱਟੀਆਂ-
'ਕੋਈ ਗੱਲ ਨਹੀਂ ਚਾਬੂ ਸਨ ।'
ਦੋਧੇ ਟੁੱਟੇ-
'ਚਾਬੂ ਹੋਣ ਵਾਲੇ ਸਨ ।'
ਇੰਜ ਕਿੰਨਾਂ ਕੁ ਚਿਰ
ਹੋਰ ਹੁੰਦਾ ਰਹੇਗਾ ?

ਵਿਹੁਲਾ-ਰੁੱਖ

(ਇਹ ਕਵਿਤਾ ਅੰਗ੍ਰੇਜ਼ੀ ਕਵੀ ਵਿਲੀਅਮ ਬਲੇਕ ਦੀ
ਰਚਨਾ ‘A Poison Tree’ ਦਾ ਅਨੁਵਾਦ ਹੈ)

ਮੈਨੂੰ ਆਪਣੇ ਦੋਸਤ ਉੱਤੇ ਗੁੱਸਾ ਬਹੁਤ ਸੀ ਆਇਆ ।
ਮੈਂ ਉਸ ਤਾਈਂ ਗੁੱਸੇ ਹੋਕੇ ਇਸਨੂੰ ਸੀਤ ਕਰਾਇਆ ।
ਮੈਨੂੰ ਆਪਣੇ ਦੁਸ਼ਮਣ ਉੱਤੇ ਇਕ ਨਾਰਾਜ਼ਗੀ ਹੋਈ ।
ਉਸਤੋਂ ਮੈਂ ਲੁਕਾਈ ਰੱਖੀ ਇਹ ਰੁੱਖ ਜਿਉਂ ਵੱਡੀ ਹੋਈ ।

ਮੈਂ ਸਾਂ ਇਸਨੂੰ 'ਡਰ' ਦਾ ਪਾਣੀ ਦਿੰਦਾ ਹੀ ਰਹਿੰਦਾ ।
ਸੁਬਹ ਸ਼ਾਮ ਨੂੰ ਇਸਨੂੰ ਮਿਲਦਾ ਜੋ ਹੰਝੂ ਅੱਖੋਂ ਵਹਿੰਦਾ ।
ਮਨ ਦੀਆਂ ਗੁੱਝੀਆਂ ਬੇਈਮਾਨੀਆਂ ਤੇ ਫੋਕੀ ਮੁਸਕਾਣ ।
ਇਸ ਰੁੱਖ ਉੱਤੇ ਲੱਗੇ ਰਹਿੰਦੇ ਆਪਣੀ ਧੁੱਪ ਬਿਖਰਾਣ ।

ਹੋਰ ਉਚੇਰਾ ਹੋਰ ਉਚੇਰਾ ਦਿਨੇ-ਰਾਤ ਰੁੱਖ ਵਧਿਆ,
ਜਦ ਤੱਕ ਇਸ ਦੇ ਉੱਤੇ ਰੱਤਾ ਸਿਉ ਨਾ ਲੱਗਿਆ ।
ਮੇਰੇ ਦੁਸ਼ਮਣ ਨੇ ਡਿੱਠਾ ਜੋ ਫਲ ਚਮਕ ਰਿਹਾ ਸੀ ।
ਉਸਨੂੰ ਇਹ ਪਤਾ ਸੀ ਕਿ ਇਹ ਸਿਉ ਮੇਰਾ ਸੀ ।

ਉਹ ਫਿਰ ਚੋਰੀ-ਚੋਰੀ ਮੇਰੇ ਬਾਗ਼ 'ਚ ਆਇਆ,
ਜਦੋਂ ਰਾਤ ਦਾ ਘੁੱਪ ਹਨੇਰਾ ਸਾਰੇ ਪਾਸੀਂ ਛਾਇਆ ।
ਸੁਬਹ ਉੱਠਿਆ ਬਾਹਰ ਤੱਕਿਆ ਮਨ ਖੁਸ਼ੀ ਨਾ ਝੱਲੇ ।
ਚਿੱਤ ਪਿਆ ਸੀ ਦੁਸ਼ਮਣ ਮੇਰਾ ਸਿਉ ਦੇ ਰੁੱਖ ਥੱਲੇ ।

Punjabi Geet ਪੰਜਾਬੀ ਗੀਤ

1. ਰਹੀਂ ਗੀਤ ਸੁਣਾਉਂਦਾ ਤੂੰ

ਰਹੀਂ ਗੀਤ ਸੁਣਾਉਂਦਾ ਤੂੰ, ਰਹੀਂ ਗੀਤ ਸੁਣਾਉਂਦਾ ਤੂੰ ।
ਦੁੱਖ ਦਰਦ ਜ਼ਮਾਨੇ ਦੇ, ਰਹੀਂ ਗਾ ਕੇ ਘਟਾਉਂਦਾ ਤੂੰ ।

ਇਹ ਦੁਨੀਆਂ ਬਹੁ-ਰੰਗੀ ਪਰ ਏਥੇ ਵੀ ਤੰਗੀ ।
ਕੁੱਝ ਆਪ ਸਹੇੜੀ ਏ ਕੁਝ ਮਿਲੀ ਬਿਨਾਂ ਮੰਗੀ ।
ਦੋਹਾਂ ਤੋਂ ਬਚਣ ਲਈ ਰਹੀਂ ਜ਼ੋਰ ਲਗਾਉਂਦਾ ਤੂੰ।

ਸੁੱਖਾਂ ਦੇ ਦਿਨ ਬਹੁਤੇ ਤੂੰ ਆਪ ਘਟਾ ਲਏ ਨੇ ।
ਦੁੱਖਾਂ ਦੇ ਦਿਨ ਥੋੜ੍ਹੇ ਤੂੰ ਆਪ ਵਧਾ ਲਏ ਨੇ ।
ਜਿੱਥੋਂ ਮਿਲੇ ਖ਼ੁਸ਼ੀ ਕੋਈ ਰਹੀਂ ਛਾਤੀ ਲਾਉਂਦਾ ਤੂੰ ।

ਦੁੱਖ ਦਰਦ ਕਿਸੇ ਦਾ ਜੇ ਥੋੜ੍ਹਾ ਤੂੰ ਘਟਾ ਜਾਵੇਂ ।
ਤੂੰ ਆਪੇ ਵੇਖ ਲਈਂ ਕਿੰਨਾਂ ਸੁੱਖ ਪਾ ਜਾਵੇਂ ।
ਉਸ ਸੁੱਖ ਦੇ ਵਾਧੇ ਲਈ ਰਹੀਂ ਢੰਗ ਬਣਾਉਂਦਾ ਤੂੰ ।

ਇਹ ਪੰਛੀ ਗਾਉਂਦੇ ਨੇ ਇਹ ਹਵਾ ਵੀ ਗਾਉਂਦੀ ਏ ।
ਇਹ ਬੱਦਲ ਗਾਉਂਦੇ ਨੇ ਇਹ ਨਦੀ ਵੀ ਗਾਉਂਦੀ ਏ ।
ਇਹਨਾਂ ਦੇ ਗੀਤਾਂ ਸੰਗ ਰਹੀਂ ਗੀਤ ਰਲਾਉਂਦਾ ਤੂੰ ।

ਜਿਹੜੇ ਆਪਣੇ ਛੱਡ ਗਏ ਨੇ ਸੀ ਗਰਜਾਂ ਦੇ ਸਾਥੀ ।
ਸਭ ਸੁੱਖ ਦੇ ਸਾਥੀ ਸੀ ਨਾ ਸੀ ਮਰਜਾਂ ਦੇ ਸਾਥੀ ।
ਜੋ ਰਾਹ ਵਿੱਚ ਮਿਲ ਗਏ ਨੇ ਰਹੀਂ ਹਿੱਕ ਨਾਲ ਲਾਉਂਦਾ ਤੂੰ ।

ਇਹ ਨਿੱਕੇ ਬੱਚੇ ਜੋ ਹਾਸੇ ਪਏ ਵੰਡਦੇ ਨੇ ।
ਬੁੱਲ੍ਹਾਂ ਤੇ ਖ਼ੁਸ਼ੀ ਲਿਆ ਦੁੱਖਾਂ ਨੂੰ ਛੰਡਦੇ ਨੇ ।
ਇਨ੍ਹਾਂ ਦੇ ਹਾਸੇ ਲਈ ਰਹੀਂ ਖ਼ੁਸ਼ੀ ਖਿੰਡਾਉਂਦਾ ਤੂੰ ।

ਕਿਸੇ ਕੰਡੇ ਜੇ ਦਿੱਤੇ ਕਲੀਆਂ ਵੀ ਦਿੱਤੀਆਂ ਨੇ ।
ਜੇ ਹਾਰਾਂ ਨੇ ਮਿੱਲੀਆਂ ਜਿੱਤਾਂ ਵੀ ਜਿੱਤੀਆਂ ਨੇ ।
ਇਨ੍ਹਾਂ ਕਲੀਆਂ ਜਿੱਤਾਂ ਲਈ ਰਹੀਂ ਸ਼ੁਕਰ ਮਨਾਉਂਦਾ ਤੂੰ ।

ਇਹ ਜੋ ਕੁਝ ਤੇਰਾ ਏ ਤੇਰਾ ਤੇ ਕੁਝ ਵੀ ਨਹੀਂ ।
ਉਸ ਦਾਤੇ ਨੇ ਦਿੱਤਾ ਇਹ ਯਾਦ ਤੂੰ ਰਖਦਾ ਰਹੀਂ ।
ਇਸ ਯਾਦ ਨੂੰ ਰੱਖਣ ਲਈ ਰਹੀਂ ਦਿਲ 'ਚ ਵਸਾਉਂਦਾ ਤੂੰ ।

2. ਦਿਲ ਖਿੱਚ ਲਿਆ ਮੇਰਾ ਤੂੰ

ਦਿਲ ਖਿੱਚ ਲਿਆ ਮੇਰਾ ਤੂੰ, ਦਿਲ ਖਿੱਚ ਲਿਆ ਮੇਰਾ ਤੂੰ
ਇਹ ਉਮਲ ਉਮਲ ਪੈਂਦਾ ਜਿੱਦਾਂ ਲਹਿਰਾਂ ਚੰਨ ਵੱਲ ਨੂੰ

ਮੈਂ ਕੁਝ ਵੀ ਸੋਚਾਂ ਜਾਂ ਤੇਰੀ ਯਾਦ ਆ ਜਾਂਦੀ ਏ
ਡਾਰੋਂ ਵਿਛੜੇ ਪੰਛੀ ਜਿਉਂ ਮੈਨੂੰ ਕਲਪਾਂਦੀ ਏ
ਪੱਤਝੜ ਵੇਲੇ ਰੁੱਖ ਜਿੱਦਾਂ ਬਣ ਜਾਂਦਾ ਮੇਰਾ ਮੂੰਹ
ਦਿਲ ਖਿੱਚ ਲਿਆ ਮੇਰਾ ਤੂੰ……

ਸਭ ਲੋਕੀ ਵਿੰਹਦੇ ਨੇ ਜਿੱਦਾਂ ਅਸੀਂ ਝੱਲੇ ਹਾਂ
ਭਾਵੇਂ ਸਭ ਕੁਝ ਓਵੇਂ ਹੈ ਪਰ ਲਗਦੇ ਕੱਲੇ ਹਾਂ
ਜਦ ਕੋਈ ਕੁਝ ਪੁੱਛਦਾ ਮੂੰਹੋਂ ਬਸ ਨਿਕਲੇ ਹੂੰ

ਦਿਲ ਖਿੱਚ ਲਿਆ ਮੇਰਾ ਤੂੰ……

ਕੋਈ ਕੁੰਡੀ ਦਿਸਦੀ ਨਹੀਂ ਕੁੰਡੀਆਂ ਦਾ ਜਾਲ ਪਿਆ
ਅੱਗ ਬਲਦੀ ਦਿਸਦੀ ਨਹੀਂ ਦਿਲੋਂ ਉੱਠੇ ਉਬਾਲ ਪਿਆ
ਲਾਟਾਂ ਬਲ ਬਲ ਨਿਕਲਦੀਆਂ ਜਿੱਦਾਂ ਬਲਦਾ ਏ ਰੂੰ
ਦਿਲ ਖਿੱਚ ਲਿਆ ਮੇਰਾ ਤੂੰ……

3. ਸ਼ੀਸ਼ੇ ਦੇ ਸ਼ਹਿਰ ਦੇ ਵਾਸੀ ਕਿਉਂ ਖੇਡੇਂ ਪੱਥਰਾਂ ਨਾਲ

ਸ਼ੀਸ਼ੇ ਦੇ ਸ਼ਹਿਰ ਦੇ ਵਾਸੀ ਕਿਉਂ ਖੇਡੇਂ ਪੱਥਰਾਂ ਨਾਲ ।
ਯੁੱਗਾਂ ਦੇ ਪੁਜਾਰੀ ਦੱਸ ਕਿਉਂ ਰੁਸਦੈਂ ਹੁਣ ਮੰਦਰਾਂ ਨਾਲ ।

ਇਹ ਤਰੇਲ ਜਿਹਨੂੰ ਕਹਿਨੈਂ ਤੂੰ ਮੋਤੀ ਕੋਈ ਅੱਖਾਂ ਦਾ ।
ਜਿਹਨੂੰ ਸਮਝ ਅਵਾਰਾ ਸੁੱਟਦਾ ਇਹ ਦਿਲ ਕੋਈ ਲੱਖਾਂ ਦਾ ।
ਕਲੀ ਆਸ ਵਾਲੀ ਨਾ ਤੋੜੀਂ ਪਾਲੀ ਏ ਸੱਧਰਾਂ ਨਾਲ ।

ਇਹ ਸਾਨੂੰ ਪਤਾ ਏ ਸਾਰਾ ਨਾ ਸਾਡੀ ਕੋਈ ਹਸਤੀ ।
ਨਾ ਗਗਨ ਦਿਲਾਸਾ ਦੇਵੇ ਨਾ ਦਰਦ ਵੰਡਾਵੇ ਧਰਤੀ ।
ਬੇਹਾਲ ਮੈਂ ਕਿਉਂ ਨਾ ਹੋਵਾਂ ਲਾ ਕੇ ਬੇਕਦਰਾਂ ਨਾਲ ।

ਲਿਵ ਤੇਰੀ ਸੰਗ ਸੀ ਜੋੜੀ ਤੂੰ ਵੀ ਏ ਏਦਾਂ ਕਰਨਾ ।
ਡੁੱਬਣਾਂ ਤੇ ਕੱਠਿਆਂ ਡੁੱਬਣਾਂ ਤਰਨਾ ਤੇ ਕੱਠਿਆਂ ਤਰਨਾ ।
ਕੀ ਸਾਡੇ ਨਾਲ ਏ ਬੀਤੀ ਤੱਕ ਆਪਣੀਆਂ ਨਜ਼ਰਾਂ ਨਾਲ ।

ਲੱਖ ਚੋਰ ਭਲਾਈਆਂ ਦੇ ਲੈ ਯਾਦ ਤੈਨੂੰ ਮੈਂ ਰਹਿਣਾ ।
ਜੇ ਮੌਤ ਬਾਅਦ ਕਿਸੇ ਪੁੱਛਿਆ ਤੂੰ ਮੇਰਾ ਇਹ ਮੈਂ ਕਹਿਣਾ ।
ਇਹ ਵਾਅਦਾ ਏ ਮੈਂ ਲਿਖਿਆ ਨੈਣਾਂ ਦੇ ਅੱਖਰਾਂ ਨਾਲ ।

4. ਦਿਲਾ ਮੇਰਿਆ ਸੁਣਾਵੇਂ ਕੀਹਨੂੰ ਹਾਲ

ਦਿਲਾ ਮੇਰਿਆ ਸੁਣਾਵੇਂ ਕੀਹਨੂੰ ਹਾਲ ?
ਸਭਨਾਂ ਦੇ ਕੰਨ ਬੰਦ ਨੇ ।
ਆਪੇ ਹੋਈ ਜਾਵੇਂ ਹਾਲ ਤੋਂ ਬੇਹਾਲ,
ਸਭਨਾਂ ਦੇ ਕੰਨ ਬੰਦ ਨੇ ।

ਇਹ ਜੁ ਮਹਫ਼ਿਲਾਂ ਦੇ ਬੰਦੇ ਤੱਕੇਂ ਰੰਗਾ ਰੰਗਦੇ ।
ਦਿਲ ਤੋੜਨੋਂ ਕਿਸੇ ਦਾ ਭੈੜੇ ਨਹੀਂਉਂ ਸੰਗਦੇ ।
ਸ਼ਮਾਂ ਨਿੱਤ ਨਵੀਂ ਰੱਖਦੇ ਕੋਈ ਬਾਲ,
ਸਭਨਾਂ ਦੇ ਕੰਨ ਬੰਦ ਨੇ ।

ਅੱਖਾਂ ਇਨ੍ਹਾਂ ਦੀਆਂ ਮੋਤੀਆ ਬਿੰਦ ਹੋ ਗਿਆ ।
ਤੇਰੇ ਜਿਹਾ ਇੱਥੇ ਲੱਖਾਂ ਆ ਕੇ ਜਿੰਦ ਖੋ ਗਿਆ ।
ਕਾਹਨੂੰ ਹੰਝੂਆਂ ਦੇ ਭਰਨੈਂ ਤੂੰ ਤਾਲ,
ਸਭਨਾਂ ਦੇ ਕੰਨ ਬੰਦ ਨੇ ।

ਤੇਰੇ ਕੱਪੜੇ ਲੀਰਾਂ 'ਤੇ ਹਾਲਤ ਫ਼ਕੀਰਾਂ ;
ਸਭਨਾਂ ਪਾ ਕੇ ਲਕੀਰਾਂ, ਡੇਗੀਆਂ ਜ਼ਮੀਰਾਂ ;
ਜਿੱਥੋਂ ਵਗਦਾ ਪਿਆ ਏ ਖੂਨ ਲਾਲ ।
ਸਭਨਾਂ ਦੇ ਕੰਨ ਬੰਦ ਨੇ ।

ਮਾਰ ਮਹਫ਼ਿਲਾਂ ਨੂੰ ਲੱਤ, ਹੈਣ ਭਲੇ ਚੰਗੇ ਸੱਥ ;
ਤੇਰਾ ਖਿੱਚ ਰਹੇ ਰੱਤ, ਇਹ ਪਛਾਣ ਲੈ ਤੂੰ ਹੱਥ ;
ਨਹੀਂ ਤਾਂ ਬਚਣਾ ਹੋ ਜਾਣਾ ਏਂ ਮੁਹਾਲ ।
ਸਭਨਾਂ ਦੇ ਕੰਨ ਬੰਦ ਨੇ ।

5. ਆਜਾ ਵੇ ਸੱਜਣਾਂ ਯਾਦ ਤੇਰੀ ਹੰਝੂ ਲਿਆ ਦਿੱਤੇ

ਆਜਾ ਵੇ ਸੱਜਣਾਂ ਯਾਦ ਤੇਰੀ ਹੰਝੂ ਲਿਆ ਦਿੱਤੇ
ਲੰਬੀ ਚੁੱਪ-ਨੀਂਦ ਮੈਂ ਸੌਂ ਗਿਆ ਸੁਫ਼ਨੇ ਜਗਾ ਦਿੱਤੇ

ਮੈਂ ਹੱਸਦਾ ਹੱਸਦਾ ਰੋ ਪਿਆ ਤੇਰੀ ਯਾਦ ਆਈ ਜਾਂ
ਮੈਂ ਮਾਰੂਥਲ ਦਾ ਵਾਸੀ ਸਾਂ ਉਹਨੇ ਕਰ ਦਿੱਤੀ ਆ ਛਾਂ
ਚਿੱਟੇ ਦੁੱਧ ਦਿਨ ਦੇ ਅੰਦਰ ਵੀ ਤਾਰੇ ਟਿਮਕਾ ਦਿੱਤੇ
ਆਜਾ ਵੇ ਸੱਜਣਾਂ ਯਾਦ ਤੇਰੀ ਹੰਝੂ ਲਿਆ ਦਿੱਤੇ
ਲੰਬੀ ਚੁੱਪ-ਨੀਂਦ ਮੈਂ ਸੌਂ ਗਿਆ ਸੁਫ਼ਨੇ ਜਗਾ ਦਿੱਤੇ

ਕਲੀਆਂ ਨੇ ਖਿੜਨਾ ਖਿੜ ਪਈਆਂ ਪੱਤੀਆਂ ਹੱਸ ਪਈਆਂ
ਉਹਨਾਂ ਦੇ ਹਾਸੇ ਵਿੱਚੋਂ ਹੀ ਦੋ ਬੂੰਦਾਂ ਵੱਸ ਪਈਆਂ
ਉਹ ਤ੍ਰੇਲ ਉਨ੍ਹਾਂ ਦੇ ਨੈਣਾਂ ਦੀ ਹੱਥ ਵੀ ਜਲਾ ਦਿੱਤੇ
ਆਜਾ ਵੇ ਸੱਜਣਾਂ ਯਾਦ ਤੇਰੀ ਹੰਝੂ ਲਿਆ ਦਿੱਤੇ
ਲੰਬੀ ਚੁੱਪ-ਨੀਂਦ ਮੈਂ ਸੌਂ ਗਿਆ ਸੁਫ਼ਨੇ ਜਗਾ ਦਿੱਤੇ

ਕਿਉਂ ਨੇ ਦੂਰ ਮੈਥੋਂ ਜਾ ਰਹੇ ਮੇਰੇ ਖ਼ਿਆਲ ਵੀ
ਇਹ ਤਾਂ ਤੂੰ ਦੱਸ ਜਾ ਆਕੇ ਕੀਤੀ ਸਾਡੇ ਨਾਲ ਕੀ
ਕਿਉਂ ਗ਼ਮ ਦੇ ਬੁਝੇ ਹੋਏ ਦੀਵੇ ਆ ਫੇਰ ਜਗਾ ਦਿੱਤੇ
ਆਜਾ ਵੇ ਸੱਜਣਾਂ ਯਾਦ ਤੇਰੀ ਹੰਝੂ ਲਿਆ ਦਿੱਤੇ
ਲੰਬੀ ਚੁੱਪ-ਨੀਂਦ ਮੈਂ ਸੌਂ ਗਿਆ ਸੁਫ਼ਨੇ ਜਗਾ ਦਿੱਤੇ

6. ਲੈਲਾ ਦੇ ਘਰ ਦੇ ਗਿਰਦੇ ਆਸ਼ਕਾਂ ਪਾਇਆ ਘੇਰਾ

ਲੈਲਾ ਦੇ ਘਰ ਦੇ ਗਿਰਦੇ ਆਸ਼ਕਾਂ ਪਾਇਆ ਘੇਰਾ
ਘਰ ਉਹਨੂੰ ਕੋਈ ਕੀ ਆਖੇ ਬਣਿਆਂ ਉਹ ਆਸ਼ਿਕ ਡੇਰਾ

ਮਾਂ ਪਈ ਲੈਲਾ ਨੂੰ ਪੁਛਦੀ, 'ਕਿੰਨੇ ਨੇ ਆਸ਼ਿਕ ਤੇਰੇ
ਜਿਧਰ ਮੈਂ ਮੂੰਹ ਨੂੰ ਫੇਰਾਂ ਮਜਨੂੰ ਨੇ ਘਰ ਵਿੱਚ ਮੇਰੇ
ਮੈਨੂੰ ਤੂੰ ਆਪ ਦੱਸ ਦੇ ਕਿਹੜਾ ਏ ਮਜਨੂੰ ਤੇਰਾ'
ਲੈਲਾ ਦੇ ਘਰ ਦੇ ਗਿਰਦੇ ਆਸ਼ਕਾਂ ਪਾਇਆ ਘੇਰਾ
ਘਰ ਉਹਨੂੰ ਕੋਈ ਕੀ ਆਖੇ ਬਣਿਆਂ ਉਹ ਆਸ਼ਿਕ ਡੇਰਾ

ਸੋਚਾਂ ਵਿੱਚ ਲੈਲਾ ਪੈ ਗਈ ਸੁਝਦੀ ਨਾ ਗੱਲ ਕੋਈ
ਖਹਿੜਾ ਛੁਡਾਉਣੇ ਵਾਲਾ ਲਭਦਾ ਨਾ ਵੱਲ ਕੋਈ
ਕੰਨ ਵਿੱਚ ਗੱਲ ਮਾਂ ਨੂੰ ਕਹਿੰਦੀ ਵੇਖ ਕੇ ਚਾਰ ਚੁਫੇਰਾ
ਲੈਲਾ ਦੇ ਘਰ ਦੇ ਗਿਰਦੇ ਆਸ਼ਕਾਂ ਪਾਇਆ ਘੇਰਾ
ਘਰ ਉਹਨੂੰ ਕੋਈ ਕੀ ਆਖੇ ਬਣਿਆਂ ਉਹ ਆਸ਼ਿਕ ਡੇਰਾ

'ਲੈਲਾ ਹੈ ਖ਼ੂਨ ਮੰਗਦੀ' ਮਾਂ ਆ ਕੇ ਸੁਣਾਉਂਦੀ ਐ
ਝੂਠੀ ਸਭ ਆਸ਼ਿਕ ਟੋਲੀ ਚਾਲੇ ਪਈ ਪਾਉਂਦੀ ਐ
ਮਜਨੂੰ ਹੋ ਅੱਗੇ ਕਹਿੰਦਾ, 'ਖ਼ੂਨ ਹੈ ਹਾਜ਼ਰ ਮੇਰਾ'
ਲੈਲਾ ਦੇ ਘਰ ਦੇ ਗਿਰਦੇ ਆਸ਼ਕਾਂ ਪਾਇਆ ਘੇਰਾ
ਘਰ ਉਹਨੂੰ ਕੋਈ ਕੀ ਆਖੇ ਬਣਿਆਂ ਉਹ ਆਸ਼ਿਕ ਡੇਰਾ

7. ਆ ਗਈਆਂ ਕਣੀਆਂ

ਆ ਗਈਆਂ ਕਣੀਆਂ, ਸਹੀਓ ਆ ਗਈਆਂ ਕਣੀਆਂ ।
ਇੰਦਰ ਹੱਥੋਂ ਕਾਹਲੀ ਦੇ ਵਿਚ ਖਿੰਡ ਗਈਆਂ ਮਣੀਆਂ ।

ਜੱਟ ਵਿੰਹਦਾ ਸੀ ਬੱਦਲਾਂ ਵੱਲੇ,
ਜਿੱਦਾਂ ਸੋਚਣ ਜੋਗੀ ਝੱਲੇ,
ਕਦੀ ਬੋਲੇ ਕਦੀ ਅੱਡੇ ਪੱਲੇ,
ਨੈਣੀਂ ਸਾਗਰ ਹੰਝੂਆਂ ਮੱਲੇ ।
ਤਾਂਘੀਂ ਫੁੱਲ ਖਿੜਾ ਗਈਆਂ ਕਣੀਆਂ ।

ਲੂ ਕਰਦੀ ਏ ਮਾਰੋ-ਮਾਰਾਂ,
ਪਪੀਹਾ ਲੋਚੇ ਪੈਣ ਫੁਹਾਰਾਂ,
ਜੇਠ-ਹਾੜ ਵਿਚ ਆਣ ਬਹਾਰਾਂ,
ਤੀਆਂ ਯਾਦ ਕਰਨ ਮੁਟਿਆਰਾਂ,
ਤਪਦੀ ਅਗਨ ਬੁਝਾ ਗਈਆਂ ਕਣੀਆਂ ।

ਬੱਚੇ ਕਿਧਰੇ ਗੁੱਡੀਆਂ ਫੂਕਣ,
ਤੱਤੀ ਵਾਅ ਦੇ ਝੋਕੇ ਸ਼ੂਕਣ,
ਪਸ਼ੂ-ਪੰਛੀ ਵੀ ਪਏ ਕੂਕਣ,
ਵਾਅ-ਵਰੋਲੇ ਕਿਧਰੇ ਘੂਕਣ,
ਸਭਨਾਂ ਤਾਈਂ ਸੁਲਾ ਗਈਆਂ ਕਣੀਆਂ ।

ਮੱਲੋਮੱਲੀ ਪਸੀਨਾ ਚੋਵੇ,
ਪਿੰਡਾ ਪਾਣੀ ਬਾਝੋਂ ਧੋਵੇ,
ਕੋਈ ਦੱਸੋ ਕੰਮ ਕੀ ਹੋਵੇ,
ਰੁੱਖਾਂ ਦਾ ਵੀ ਸਾਹ ਬੰਦ ਹੋਵੇ,
ਸਭ ਵਿਚ ਜ਼ਿੰਦਗੀ ਪਾ ਗਈਆਂ ਕਣੀਆਂ ।

ਵੀਰ ਵਹੁਟੀਆਂ ਨਿਕਲ ਆਈਆਂ,
ਕੁੜੀਆਂ ਨੇ ਵੀ ਪੀਂਘਾਂ ਪਾਈਆਂ,
ਮੋਰਾਂ ਨੇ ਵੀ ਹੇਕਾਂ ਲਾਈਆਂ,
ਸਭ ਪਾਸੇ ਖ਼ੁਸ਼ੀਆਂ ਨੇ ਛਾਈਆਂ,
ਸੁੱਕੇ ਚਮਨ ਖਿੜਾ ਗਈਆਂ ਕਣੀਆਂ ।

8. ਚੁੱਪ ਰਹਿਣ ਨਾ ਦੇਵੇ, ਮੇਰੇ ਗੀਤਾਂ ਦਾ ਪਰਿੰਦਾ

ਚੁੱਪ ਰਹਿਣ ਨਾ ਦੇਵੇ, ਮੇਰੇ ਗੀਤਾਂ ਦਾ ਪਰਿੰਦਾ ।
ਟਿਕ ਬਹਿਣ ਨਾ ਦੇਵੇ, ਮੇਰੇ ਗੀਤਾਂ ਦਾ ਪਰਿੰਦਾ ।

ਕਦੀ ਕੋਈ ਗੱਲ ਪੁੱਛੇ, ਕਦੀ ਕੋਈ ਗੱਲ ਦੱਸੇ ।
ਕਦੀ ਬੁੱਕੀਂ ਹੰਝੂ ਰੋਵੇ, ਕਦੀ ਖਿੜ ਖਿੜਕੇ ਹੱਸੇ ।
ਬ੍ਰਿਹੁੰ-ਭੱਠੀ ਵਿਚ ਤਪ ਕੇ, ਰਿਹਾ ਫਿਰ ਵੀ ਇਹ ਜਿੰਦਾ ।

ਤਪਦੇ ਥਲਾਂ 'ਤੇ ਉੱਡੇ ਗੱਲਾਂ ਸੱਸੀ ਦੀਆਂ ਕਰਦਾ ।
ਜਾ ਖਲੋ ਝਨਾਂ ਦੇ ਕੰਢੇ ਕੱਚੇ ਘੜੇ ਨਾਲ ਲੜਦਾ ।
ਇਹ ਦੂਤੀਆਂ ਦਾ ਵੈਰੀ, ਪਰ ਪ੍ਰੀਤ ਦਾ ਕਰਿੰਦਾ ।

ਇਹ ਸਾਗਰਾਂ ਤੇ ਜਾ ਕੇ ਉਨ੍ਹਾਂ ਦੀ 'ਵਾਜ਼ ਸੁਣਦਾ ।
ਚੁਕ ਚੁਕ ਵਣਾਂ 'ਚੋਂ ਤੀਲੇ, ਆਲ੍ਹਣਾ ਕੋਈ ਬੁਣਦਾ ।
ਸੁਹਣੀ ਰੁੱਤ ਘੁੰਡ ਲਾਹੇ, ਬਣ ਜਾਂਦਾ ਇਹ ਸਾਜ਼ਿੰਦਾ ।

ਬਿਜਲੀ ਦੀ ਚਮਕ ਤੱਕੇ ਇਹ ਉਹਦੇ ਕੋਲ ਜਾਵੇ ।
ਬੱਦਲਾਂ ਦੀ ਗਰਜ ਕੋਲੋਂ ਲੈ ਕੇ ਸੁਨੇਹੇ ਆਵੇ ।
ਪੈਂਦੀ ਫੁਹਾਰ ਜਦ ਵੀ, ਇਹ ਰੂਹ ਨੂੰ ਖੋਲ੍ਹ ਦਿੰਦਾ ।

Poems for children

ਬੱਚਿਆਂ ਲਈ ਕਵਿਤਾਵਾਂ

1. ਬਸੰਤ

ਬਸੰਤ ਆਈ ਤਾਂ ਹਵਾ ਹੋਈ ਮਹਿਕ ਭਿੰਨੀ,
ਕੋਇਲ ਕੂਕ ਕੇ ਅੰਬਾਂ 'ਤੇ ਸ਼ਹਿਦ ਘੋਲੇ ।
ਬੈਠੀ ਖ਼ੁਸ਼ੀ ਦੇ ਗੀਤ ਉਹ ਗਾਂਵਦੀ ਏ,
ਭਾਵੇਂ ਸਮਝੇ ਨਾ ਕੋਈ ਕੀ ਬੋਲ ਬੋਲੇ ।

ਬੂਰ ਨਿਕਲਕੇ ਟਾਹਣੀਓਂ ਬਾਹਰ ਆਇਆ,
ਆਈਆਂ ਮੱਖੀਆਂ ਸ਼ਹਿਦ ਲੈ ਜਾਵਣੇ ਨੂੰ ।
ਤਿਤਲੀ ਉੱਡਦੀ ਘੁੰਮ ਘੁੰਮ ਪਾਏ ਪੈਲਾਂ,
ਆਈ ਫੁੱਲਾਂ ਦੇ ਰੰਗ ਵਧਾਵਣੇ ਨੂੰ ।

ਉਪਰ ਵੱਲ ਅਸਮਾਨ ਜਾਂ ਨਜ਼ਰ ਕਰੀਏ,
ਆਈ ਪਤੰਗਾਂ ਦੀ ਕੋਈ ਬਹਾਰ ਦਿੱਸੇ ।
ਰੰਗ-ਬਰੰਗੇ ਪਤੰਗ ਇਉਂ ਮਨ-ਮੋਂਹਦੇ,
ਉਡਦੇ ਪੰਛੀਆਂ ਦੀ ਜਿੱਦਾਂ ਡਾਰ ਦਿੱਸੇ ।

ਛੋਟੇ ਬੱਚੇ ਗੁਬਾਰੇ ਉਡਾ ਰਹੇ ਨੇ,
ਉਨ੍ਹਾਂ ਘਰ ਹੀ ਮੇਲੇ ਲਗਾਏ ਹੋਏ ਨੇ
ਹੱਥੋਂ ਛੁਟ ਗੁਬਾਰੇ ਜਾ ਛੱਤ ਲੱਗਦੇ,
ਜਿਵੇਂ ਕਿਸੇ ਨੇ ਆਪ ਸਜਾਏ ਹੋਏ ਨੇ

2. ਆਈ ਵਿਸਾਖੀ

ਆਈ ਵਿਸਾਖੀ ਆਈ ਵਿਸਾਖੀ
ਖ਼ੁਸ਼ੀਆਂ ਨਾਲ ਲਿਆਈ ਵਿਸਾਖੀ
ਸੋਨੇ ਰੰਗੀਆਂ ਕਣਕਾਂ ਹੋਈਆਂ
ਜੱਟਾਂ ਖ਼ੁਸ਼ੀਆਂ ਦਿਲੀਂ ਸਮੋਈਆਂ
ਜਦ ਕੋਈ ਢੋਲ ਤੇ ਡੱਗਾ ਲਾਵੇ
ਖ਼ੁਸ਼ੀ ਨਿਕਲ ਕੇ ਬਾਹਰ ਆਵੇ
ਗੱਭਰੂ ਲਗਦੇ ਭੰਗੜੇ ਪਾਵਣ
ਬੱਚੇ ਵੀ ਖ਼ੁਸ਼ ਹੋ ਹੋ ਜਾਵਣ
ਮੇਲੇ ਜਾ ਝੂਟੇ ਪਏ ਲੈਂਦੇ
ਨਾ ਥੱਕਣ ਤੇ ਨਾ ਹੀ ਬਹਿੰਦੇ
ਸਾਰਾ ਦਿਨ ਕਰਦੇ ਮਨ ਆਈਆਂ
ਖਾਣ ਪੀਣ ਦੀਆਂ ਰੀਝਾਂ ਲਾਹੀਆਂ
ਬੱਚਿਆਂ ਦਾ ਮਨ ਤਾਂ ਇਹ ਚਾਹਵੇ
ਵਿਸਾਖੀ ਛੇਤੀ ਕਿਉਂ ਨਾ ਆਵੇ ?

3. ਚੰਨ ਨਾਲ ਦੌੜ

ਇਕ ਦਿਨ ਥੋੜ੍ਹੀ ਰਾਤ ਗਈ ਤੇ ਮੈਂ ਉਪਰ ਵੱਲ ਤੱਕਿਆ
ਚੰਨ ਚਮਕਦਾ ਵੇਖ ਕੇ ਮੈਨੂੰ ਜੋਰ ਜੋਰ ਦੀ ਹੱਸਿਆ ।
ਮੈਂ ਉਸ ਵੱਲ ਤੱਕਾਂ ਤੇ ਖੁਸ਼ ਹੋਵਾਂ ਉਹ ਵੀ ਖੁਸ਼ ਖੁਸ਼ ਦਿੱਸੇ
ਮੇਰੇ ਤੋਂ ਵੀ ਬਹੁਤੀ ਖੁਸ਼ੀ ਜਾਪਦੀ ਆਈ ਉਸਦੇ ਹਿੱਸੇ
ਮੈਂ ਤੁਰਾਂ ਤੇ ਉਪਰ ਚੰਨ ਵੀ ਨਾਲ ਨਾਲ ਮੇਰੇ ਟੁਰਦਾ
ਮੈਂ ਰੁਕ ਵੇਖਾਂ ਜਾਂ ਉਸ ਵੰਨੇ ਉਸੇ ਵੇਲੇ ਉਹ ਰੁਕਦਾ
ਮੇਰੇ ਮਨ ਆਈ ਕਿਉਂ ਨਾ ਇਸ ਨਾਲ ਦੌੜ ਲਗਾਵਾਂ
ਇਹ ਤੇ ਬਹੁਤ ਹੀ ਹੌਲੀ ਤੁਰਦਾ ਇਹਨੂੰ ਹੁਣੇ ਹਰਾਵਾਂ
ਵਿਹੜੇ ਵਿਚ ਮੈਂ ਸ਼ੂਟ ਵੱਲ ਲਈ ਉਹ ਵੀ ਭੱਜੀਂ ਜਾਵੇ
ਥੋੜ੍ਹੇ ਚਿਰ ਨੂੰ ਮੈਂ ਤਾਂ ਥੱਕੀ ਪਰ ਉਹ ਹੱਸੀਂ ਜਾਵੇ
ਮੈਂ ਦਾਦੀ ਮਾਂ ਕੋਲ ਗਈ ਤੇ ਉਹਨੂੰ ਇਹ ਗੱਲ ਦੱਸੀ
ਮੈਨੂੰ ਕੋਈ ਸਮਝ ਪਈ ਨਾ ਉਹ ਕਿਉਂ ਅੱਗੋਂ ਹੱਸੀ ?

4. ਤਾਰੇ

ਨਿੱਕੇ ਨਿੱਕੇ ਪਿਆਰੇ ਪਿਆਰੇ ।
ਚਮਕਣ ਵਿਚ ਅਸਮਾਨੀ ਤਾਰੇ ।
ਦਿਨ ਵੇਲੇ ਕਿਧਰੇ ਲੁਕ ਜਾਂਦੇ ।
ਰਾਤੀਂ ਆ ਫਿਰ ਟਿਮਟਿਮਾਂਦੇ ।
ਜਦ ਜ਼ਰਾ ਕੁ ਬੱਦਲ ਹੋਵਣ ।
ਉਹਨਾਂ ਪਿੱਛੇ ਮੂੰਹ ਲੁਕੋਵਣ ।
ਬੱਦਲ ਜਦ ਪਰ੍ਹਾਂ ਹੋ ਜਾਵਣ ।
ਫਿਰ ਲਗਦੇ ਝਾਤੀਆਂ ਪਾਵਣ ।
ਜੀ ਕਰੇ ਇਨ੍ਹਾਂ ਕੋਲ ਜਾਵਾਂ ।
ਇਹਨਾਂ ਨਾਲ ਦੋਸਤੀ ਪਾਵਾਂ ।
ਮੰਮੀ ਨੂੰ ਮੈਂ ਜਾ ਸੁਣਾਇਆ ।
ਮੰਮੀ ਮੈਨੂੰ ਇਹ ਸਮਝਾਇਆ ।
'ਦੁੱਧ ਪੀ ਕੇ ਵੱਡਾ ਹੋ ਜਾਵੀਂ ।
ਉਨ੍ਹਾਂ ਨਾਲ ਦੋਸਤੀ ਪਾਵੀਂ' ।

5. ਕੋਇਲ

ਅੰਬਾਂ ਉੱਤੇ ਬੂਰ ਆ ਗਿਆ
ਕੋਇਲ ਨੂੰ ਸਰੂਰ ਆ ਗਿਆ
ਸਾਰਾ ਦਿਨ ਕੂ ਕੂ ਪਈ ਕਰਦੀ
ਸਭਨਾਂ ਦੇ ਮਨ ਖ਼ੁਸ਼ੀਆਂ ਭਰਦੀ
ਰੰਗ ਇਸਦਾ ਭਾਵੇਂ ਹੈ ਕਾਲਾ
ਬੋਲ ਇਦ੍ਹਾ ਪਰ ਮਿੱਠਾ ਬਾਹਲਾ
ਆਪਣਾ ਆਲ੍ਹਣਾ ਨਹੀਂ ਬਣਾਉਂਦੀ
ਕਾਂ-ਆਲ੍ਹਣੇ ਆਂਡੇ ਦੇ ਆਉਂਦੀ
ਜਦ ਬੱਚੇ ਹੋ ਜਾਣ ਉਡਾਰ
ਮਾਂ ਸੰਗ ਜਾਣ ਉਡਾਰੀ ਮਾਰ
ਪਰ ਜਦ ਰੁੱਤ ਸਰਦੀ ਆਵੇ
ਲੱਗੇ ਬਾਹਰ ਪੰਜਾਬੋਂ ਜਾਵੇ

6. ਤੋਤਾ

ਸਾਵਾ ਹਰਾ ਰੰਗ ਹੈ ਇਸਦਾ
ਬਾਹਰੋਂ ਕਿੰਨਾ ਸੁੰਦਰ ਦਿਸਦਾ
ਬੈਠੇ ਜਦ ਆ ਅੰਬਾਂ ਉੱਤੇ
ਕੱਚੀਆਂ ਹੀ ਅੰਬੀਆਂ ਟੁੱਕੇ
ਢਿੱਡ ਵਿਚ ਉਨੇ ਫਲ ਨਹੀਂ ਪਾਂਦਾ
ਜਿੰਨੇ ਟੁਕ ਟੁਕ ਸੁਟਦਾ ਜਾਂਦਾ
ਇਹੋ ਇਸਦੀ ਗੱਲ ਹੈ ਮਾੜੀ
ਜਾਂਦਾ ਸਾਰੀ ਫਸਲ ਉਜਾੜੀ
ਕਈ ਲੋਕੀ ਘਰ ਇਸ ਨੂੰ ਪਾਲਣ
ਆਪਣੀ ਬੋਲੀ ਇਹਨੂੰ ਸਿਖਾਲਣ
ਮਿਠੂ ਬਣ ਮਨ ਸਭਦਾ ਮੋਹੇ
ਚੂਰੀ ਖਾਵੇ ਤੇ ਖ਼ੁਸ਼ ਹੋਵੇ
ਬੱਚਿਆਂ ਨਾਲ ਰਿਚ-ਮਿਚ ਜਾਵੇ
ਗੱਲਾਂ ਉਨ੍ਹਾਂ ਤਾਈਂ ਸੁਣਾਵੇ

7. ਬੁਲਬੁਲ

ਬੁਲਬੁਲ ਫੁੱਲਾਂ ਕੋਲ ਆ ਕੇ ਜਾਂ ਬਹਿੰਦੀ ਏ ।
ਮਿੱਠੀਆਂ ਗੱਲਾਂ ਰੋਜ਼ ਉਨ੍ਹਾਂ ਨੂੰ ਕਹਿੰਦੀ ਏ ।
ਉਹ ਗਾਉਂਦੀ ਤਾਂ ਫੁੱਲ ਹੋਰ ਵੀ ਖਿੜ ਜਾਂਦੇ।
ਮਹਿਕ ਵੰਡਕੇ ਅਪਣੀ ਜਗ ਨੂੰ ਮਹਿਕਾਂਦੇ ।
ਬੁਲਬੁਲ ਬਹੁਤਾ ਪੱਕਿਆ ਫਲ ਹੀ ਖਾਂਦੀ ਏ ।
ਤੋਤੇ ਵਾਂਗ ਨਾ ਟੁਕ ਟੁਕ ਢੇਰ ਲਗਾਂਦੀ ਏ ।
ਜਦ ਵੀ ਗੀਤ ਸੁਣਾਵੇ ਮਨ ਮੋਹ ਲੈਂਦੀ ਏ ।
ਹਰ ਵੇਲੇ ਨਾ ਰੌਲਾ ਪਾਉਂਦੀ ਰਹਿੰਦੀ ਏ ।
ਕੀਟ-ਪਤੰਗੇ ਜੋ ਰੋਗ ਲਗਾਉਂਦੇ ਫੁੱਲਾਂ ਨੂੰ ।
ਰਸ ਉਨ੍ਹਾਂ ਦਾ ਪੀ ਪੀ ਮੁਰਝਾਉਂਦੇ ਫੁੱਲਾਂ ਨੂੰ ।
ਬੁਲਬੁਲ ਉਨ੍ਹਾਂ ਨੂੰ ਖਾ ਕੇ ਬਚਾਵੇ ਫੁੱਲਾਂ ਨੂੰ ।
ਟਹਿਕੇ ਆਪ ਸਦਾ ਟਹਿਕਾਵੇ ਫੁੱਲਾਂ ਨੂੰ ।

  • ਮੁੱਖ ਪੰਨਾ : ਸੰਪੂਰਣ ਕਾਵਿ ਰਚਨਾਵਾਂ, ਕਰਮਜੀਤ ਸਿੰਘ ਗਠਵਾਲਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ