Punjabi Poetry : Kamaljit Neelon

ਪੰਜਾਬੀ ਕਵਿਤਾਵਾਂ : ਕਮਲਜੀਤ ਨੀਲੋਂ

1. ਪਿਆਰੇ ਬੱਚੇ

ਆਪਣੀ ਸਾਰੀ ਨੀਂਦਰ ਲਾਹ ਕੇ,
ਐਤਵਾਰ ਵੀ ਉਠਦਾ ਆਪੇ ।
ਬੁਰਸ਼ ਉਹ ਕਰਦਾ ਆਪ ਨਹਾਉਂਦਾ,
ਸੋਹਣੇ-ਸੋਹਣੇ ਕੱਪੜੇ ਪਾਉਂਦਾ ।
ਮੰਮੀ ਤੋਂ ਪਟਕਾ ਬੰਨ੍ਹਵਾ ਕੇ,
ਆਪਣੀ ਪੂਰੀ ਟੌਹਰ ਬਣਾ ਕੇ ।
ਸ਼ਾਨ ਨਾਲ ਉਹ ਤੁਰਿਆ ਜਾਵੇ,
ਧਰਤੀ ਉੱਪਰ ਪੈਰ ਨਾ ਲਾਵੇ ।
ਕਿੰਨਾ ਲਗਦਾ ਪਿਆਰਾ ਪਿਆਰਾ,
ਮੋਹ ਰਿਹਾ ਏ ਆਪਮੁਹਾਰਾ ।
ਬੱਚੇ ਜੋ ਟੈਂਸ਼ਨ ਨਹੀਂ ਦੇਂਦੇ,
ਸਭਨਾਂ ਦਾ ਦਿਲ ਮੋਹ ਨੇ ਲੈਂਦੇ ।

2. ਬੱਚਿਆਂ ਦੇ ਦਿਲ

ਬੱਦਲ ਮੀਂਹ ਬਰਸਾ ਰਹੇ ਨੇ,
ਬੱਚੇ ਖੁਸ਼ੀ ਮਨਾ ਰਹੇ ਨੇ ।
ਨੰਗ-ਮੁਨੰਗੇ ਨਾਹ ਰਹੇ ਨੇ,
ਖੂਬ ਦੁੜੰਗੇ ਲਾ ਰਹੇ ਨੇ ।
ਬੱਚਿਆਂ ਦਾ ਦਿਲ ਕਿੰਨਾ ਸਾਫ਼,
ਦੇਰੀ ਨੂੰ ਕਰ ਦਿੱਤਾ ਮਾਫ਼ ।

3. ਚਿਤਾਵਨੀ

ਦੇਖ ਭੂਰੂ ਗੰਦੀਆਂ ਤੂੰ
ਥਾਵਾਂ ਉੱਤੇ ਜਾਵੇਂ ।
ਉਨ੍ਹਾਂ ਪੈਰਾਂ ਨਾਲ ਫੇਰ,
ਮੁੜ ਘਰ ਆਵੇਂ ।
ਪੈਰਾਂ ਨਾਲ ਕਿੰਨੇ ਹੀ,
ਕੀਟਾਣੂ ਤੂੰ ਲਿਆਵੇਂ ।
ਕਿੰਨਾ ਸਮਝਾਇਆ ਪਰ,
ਬਾਜ ਨਾ ਤੂੰ ਆਵੇਂ ।
ਸੁਣ ਮੇਰੀ ਗੱਲ ਜੇ ਤੂੰ,
ਮੰਨਣਾ ਨਹੀਂ ਕਹਿਣਾ ।
ਤੈਨੂੰ ਦੇਖੀਂ ਕਿਸੇ ਨੇ,
ਪਿਆਰ ਨਹੀਂ ਦੇਣਾ ।

4. ਗੁੱਡੀ

ਦੇਖੋ ਪਾਪਾ ਗੁੱਡੀ,
ਪਿਆਰੀ ਪਿਆਰੀ ਗੁੱਡੀ ।
ਬਟਨ ਦਬਾਇਆਂ ਬੋਲਦੀ,
ਆਪਣਾ ਮੰੂਹ ਹੈ ਖੋਲ੍ਹਦੀ ।
ਬਾਹਾਂ ਨੂੰ ਹਿਲਾਉਂਦੀ,
ਹੁੰਦੀ ਜਿਵੇਂ ਬੁਲਾਉਂਦੀ ।
ਮਾਸੀ ਜੀ ਅੱਜ ਆਏ,
ਮੇਰੇ ਲਈ ਲਿਆਏ ।

5. ਭਲਾ

ਕੁੱਤਿਆਂ ਨੇ ਕਲੱਬ ਬਣਾਇਆ
ਸਾਰਿਆਂ ਬਹਿ ਕੇ ਮਤਾ ਪਕਾਇਆ।
ਜਿਹੜੇ ਭਾਰ ਵਧਾਈ ਜਾਂਦੇ,
ਰੋਗਾਂ ਨੂੰ ਬੁਲਾਈ ਜਾਂਦੇ।
ਉਨ੍ਹਾਂ ਦਾ ਇੰਜ ਭਾਰ ਘਟਾਈਏ,
ਮਗਰ ਪੈ ਜਾਈਏ ਖੂਬ ਭਜਾਈਏ।

6. ਪਿਆਰਾ ਮਿੱਤਰ

ਮੇਰਾ ਹੈ ਇਕ ਮਿੱਤਰ ਪਿਆਰਾ,
ਉਸ ਦਾ ਮੈਨੂੰ ਬਹੁਤ ਸਹਾਰਾ ।
ਜਦ ਮੈਂ ਘਰ ਵਿਚ ਹੁੰਦਾ 'ਕੱਲਾ,
ਮੇਰੇ ਕੋਲ ਆ ਬਹਿੰਦਾ ਝੱਲਾ ।
ਚਊਾ-ਚਊਾ ਬੈਠ ਕਰਦਾ ਰਹਿੰਦਾ,
ਜਿਵੇਂ ਹੁੰਗਾਰਾ ਭਰਦਾ ਰਹਿੰਦਾ ।
ਕਦੇ ਉਹ ਮੇਰੇ ਮੂਹਰੇ ਆਵੇ,
ਕਦੇ ਮੇਰੇ ਪਿੱਛੇ ਲੁਕ ਜਾਵੇ ।
ਕਦੇ ਮੇਰੀ ਗੋਦੀ ਵਿਚ ਬਹਿੰਦਾ,
ਹੱਥ ਮੇਰੇ ਨੂੰ ਚੱਟਦਾ ਰਹਿੰਦਾ ।
ਸਾਨੂੰ ਕਿੰਨਾ ਪਿਆਰ ਨੇ ਦੇਂਦੇ,
ਫਿਰ ਵੀ ਕਿਉਂ ਹਾਂ 'ਕੁੱਤੇ' ਕਹਿੰਦੇ?

7. ਸੁਣੋ ਬੱਚਿਓ ਇਨਾਮ ਉਹ ਹੀ ਪਾਉਣਗੇ

ਪੜ੍ਹ ਕੇ ਪੜ੍ਹਾਈ ਚੰਗੇ ਨੰਬਰ ਜੋ ਲਿਆਉਣਗੇ,
ਸੁਣੋ ਬੱਚਿਓ ਇਨਾਮ ਉਹ ਹੀ ਪਾਉਣਗੇ ।
ਰੋਜ਼ ਹੀ ਸਵੇਰੇ ਜਿਹੜੇ ਸਾਜ੍ਹਰੇ ਨੇ ਉੱਠਦੇ,
ਆਲਸਾਂ ਨੂੰ ਜਿਹੜੇ ਨੇ ਵਗ੍ਹਾ ਕੇ ਪਰੇ ਸੁੱਟਦੇ ।
ਪੂਰਾ ਉਤਸ਼ਾਹ ਜੋ ਪੜ੍ਹਾਈ 'ਚ ਦਿਖਾਉਣਗੇ,
ਸੁਣੋ ਬੱਚਿਓ ਇਨਾਮ ਉਹ ਹੀ ਪਾਉਣਗੇ ।
ਘੋਟ ਘੋਟ ਰੱਟਾ ਜੋ ਜਵਾਬਾਂ ਉੱਤੇ ਲਾਉਂਦੇ ਨੇ,
ਜਾਣਬੁੱਝ ਖੁਦ ਨਾਲ ਦਗਾ ਉਹ ਕਮਾਉਂਦੇ ਨੇ ।
ਪੜ੍ਹ ਕੇ ਸਮਝ ਕੇ ਜੋ ਮਨਾਂ 'ਚ ਵਸਾਉਣਗੇ,
ਸੁਣੋ ਬੱਚਿਓ ਇਨਾਮ ਉਹ ਹੀ ਪਾਉਣਗੇ ।
ਕਹੇ 'ਨੀਲੋਂ' ਗੱਲ ਹੁਣ ਲੱਗਿਆ ਮੁਕਾਉਣ ਬਈ,
ਸੂਝ ਅਤੇ ਮਿਹਨਤ ਦੇ ਨਾਲ ਨੰਬਰ ਆਉਣ ਬਈ ।
ਮਾਪਿਆਂ ਦੀ ਕਰੀ ਹੋਈ ਕਮਾਈ ਨਾ ਉਡਾਉਣਗੇ,
ਸੁਣੋ ਬੱਚਿਓ ਇਨਾਮ ਉਹ ਹੀ ਪਾਉਣਗੇ ।

8. ਸੁਆਦਾਂ ਦਾ ਪੱਟਿਆ ਮੋਟੂ

ਸੁਆਦਾਂ ਦਿਆ ਪੱਟਿਆ,
ਦੱਸ ਕੀ ਹੈ ਖੱਟਿਆ?
ਪੇਟ ਨੂੰ ਵਧਾਇਆ,
ਬਿਪਤਾ 'ਚ ਪਾਇਆ ।
ਕਿੰਨੀਆਂ ਬਿਮਾਰੀਆਂ,
ਬਾਦ ਪਈਆਂ ਸਾਰੀਆਂ ।
ਖਾਣਾ ਜੇ ਘਟਾਵੇਂ,
ਸੈਰ ਲਈ ਜਾਵੇਂ ।
ਬੜਾ ਸੁੱਖ ਪਾਏਾਗਾ,
ਢੋਲੇ ਦੀਆਂ ਲਾਏਾਗਾ ।

9. ਕਸਰਤ

ਕਦੇ ਬਾਬਾ ਜੀ ਕਹਿੰਦੇ ਮੋਟੋ,
ਕਦੇ ਬਾਬਾ ਜੀ ਕਹਿੰਦੇ ਕੱਦੂ ।
ਹੁਣ ਮੈਂ ਰੋਜ਼, ਸੈਰ ਨੂੰ ਜਾਵਾਂ,
ਕਸਰਤ ਕਰਕੇ ਘਰ ਨੂੰ ਆਵਾਂ ।
ਫਰਕ ਦਿਨਾਂ ਵਿਚ ਪੈਣ ਹੈ ਲੱਗਿਆ,
ਮੈਨੂੰ ਹੌਸਲਾ ਰਹਿਣ ਹੈ ਲੱਗਿਆ ।
ਖਾਣ-ਪੀਣ ਮੈਂ ਬਹੁਤ ਘਟਾਇਆ,
ਉਸ ਨੇ ਵੀ ਹੈ ਰੰਗ ਦਿਖਾਇਆ ।
ਨਾ ਕੱਦੂ ਨਾ ਮੋਟੋ ਰਹਿਣਾ,
ਫੇਰ ਗੁਲਗੁਲਾ ਕਿਸ ਨੇ ਕਹਿਣਾ?
ਮੰਨਿਆ ਹਿੰਮਤ ਕਰਨੀ ਪੈਣੀ,
ਫਿਰ ਮੋਟੋ ਨਹੀਂ ਮੋਟੋ ਰਹਿਣੀ ।

10. ਕੁੱਤੇ

ਘਰ ਦਾ ਮਾਲਕ ਘਰ ਨਹੀਂ ਹੁੰਦਾ,
ਚੋਰਾਂ ਨੂੰ ਕੋਈ ਡਰ ਨਹੀਂ ਹੁੰਦਾ ।
ਚੋਰ ਕਦੇ ਵੀ ਬਾਜ਼ ਨਹੀਂ ਆਉਂਦੇ,
ਚੋਰੀ-ਚੋਰੀ ਦਾਅ ਲਗਾਉਂਦੇ ।
ਸਾਡੇ ਜਦ ਉਹ ਨਜ਼ਰੀਂ ਪੈਂਦੇ,
ਅਸੀਂ ਤਾਂ ਸਾਰੇ ਟੁੱਟ ਕੇ ਪੈਂਦੇ ।
ਚੋਰ ਪਾਉਂਦੇ ਨੇ ਹਾਲ ਦੁਹਾਈ
ਹਾਏ ਓ ਮਰਗੇ ਹਾਈ ਹਾਈ ।

11. ਬੁਲਬੁਲੇ

ਪਾਪਾ ਤੋਂ ਮੰਗਵਾਏ ਬੁਲਬੁਲੇ
ਭਰ ਕੇ ਹਵਾ ਫੁਲਾਏ ਬੁਲਬੁਲੇ ।
ਸੋਹਣੇ-ਸੋਹਣੇ ਰੰਗ-ਬਿਰੰਗੇ,
ਮੈਨੂੰ ਲੱਗੇ ਬਹੁਤ ਹੀ ਚੰਗੇ ।
ਦਿਲ ਕਰਦਾ ਮੈਂ ਦੇਖੀ ਜਾਵਾਂ,
ਆਪਣੀ ਨਜ਼ਰ ਨਾ ਪਰੇ ਹਟਾਵਾਂ ।
ਏਨੇ ਮਨ ਨੂੰ ਭਾਏ ਬੁਲਬੁਲੇ,
ਪਾਪਾ ਤੋਂ ਮੰਗਵਾਏ ਬੁਲਬੁਲੇ ।
ਭਰ ਕੇ ਹਵਾ ਫੁਲਾਏ ਬੁਲਬੁਲੇ ।

12. ਕਰਨੀ ਦਾ ਫਲ

ਮਾੜੇ-ਧੀੜੇ ਨੂੰ ਉਹ ਅਕਸਰ,
ਕੁੱਟਦਾ ਰਹਿੰਦਾ ਸੀ ।
ਧੌਣ ਤੋਂ ਫੜ ਕੇ, ਧਰਤੀ ਉੱਪਰ,
ਸੁੱਟਦਾ ਰਹਿੰਦਾ ਸੀ ।
'ਕੱਲਾ-'ਕੱਲਾ ਜਾਣਾ ਉਸ ਤੋਂ,
ਡਰਦਾ ਰਹਿੰਦਾ ਸੀ ।
ਡਰਦੇ ਮਾਰੇ ਉਸ ਦੇ ਅੱਗੇ,
ਚੰੂ ਨਾ ਕਹਿੰਦਾ ਸੀ ।
ਐਨਾ ਹੋਇਆ ਬਿਮਾਰ ਕਿ ਮੁੜ ਕੇ,
ਉੱਠ ਨਾ ਸਕਿਆ ਉਹ ।
ਕਦਮ ਕੋਈ ਵੀ ਘਰ ਦੇ ਅੰਦਰੋਂ,
ਪੁੱਟ ਨਾ ਸਕਿਆ ਉਹ ।
ਮਰਨ ਤੋਂ ਪਹਿਲਾਂ ਉੱਬੜਵਾਹੇ,
ਉੱਠ-ਉੱਠ ਬਹਿੰਦਾ ਸੀ ।
ਆਪਣੇ ਹੀ ਪ੍ਰਛਾਵੇਂ ਕੋਲੋਂ,
ਡਰਦਾ ਰਹਿੰਦਾ ਸੀ ।
ਤੜਫ-ਤੜਫ ਕੇ ਆਖਰ ਉਹ,
ਜਿਸ ਮੌਤੇ ਮਰਿਆ ਸੀ ।
ਬਾਬਾ ਜੀ ਨੇ ਜ਼ਿਕਰ ਉਹਦਾ,
ਕਈ ਵਾਰਾਂ ਕਰਿਆ ਸੀ ।

13. ਉਡੀਕ

ਵੈਨ ਕਿਉਂ ਹੋ ਗਈ ਏਨੀ ਲੇਟ?
ਮੈਂ ਕਦੋਂ ਦੀ ਕਰਦੀ ਵੇਟ ।
ਚਾਲਕ ਗੱਡੀ ਤੇਜ਼ ਚਲਾਉਂਦਾ,
ਏਧਰ-ਓਧਰ ਰਹੇ ਘੁੰਮਾਉਂਦਾ ।
ਮੈਨੂੰ ਅੰਦਰੋਂ ਫਿਕਰ ਇਹ ਖਾਵੇ,
ਰਸਤੇ ਵਿਚ ਕੁਝ ਹੋ ਨਾ ਜਾਵੇ ।

14. ਪੜ੍ਹਾਈ

ਤੂਤ ਦੇ ਹੇਠਾਂ ਦਾਦੀ ਬਹਿ ਕੇ
ਹੱਥਾਂ ਵਿਚ ਅਖਬਾਰ ਉਹ ਲੈ ਕੇ
ਦਾਦੀ ਖ਼ਬਰਾਂ ਰੋਜ਼ ਸੁਣਾਵੇ
ਬੁੱਢੀਆਂ ਮਾਈਆਂ ਦਾ ਦਿਲ ਲਾਵੇ
ਦਾਦੀ ਮਾਂ ਦੀ ਕਰੀ ਪੜ੍ਹਾਈ
ਦੇਖੋ ਕਿੰਨੇ ਰੰਗ ਲਿਆਈ!

15. ਨਿੱਕੀ ਕਹਾਣੀ

ਮੇਰੇ ਪਾਪਾ ਕਿੰਨੇ ਸਾਰੇ ਗਮਲੇ ਲਿਆਏ।
ਫੁੱਲਾਂ ਵਾਲੇ ਬੂਟੇ, ਅਸੀਂ ਉਨ੍ਹਾਂ 'ਚ ਲਗਾਏ।
ਹਰ ਰੋਜ਼ ਉਨ੍ਹਾਂ ਵਿਚ, ਪਾਣੀ ਰਿਹਾ ਪਾਉਂਦਾ,
ਪਾਣੀ ਪਾ ਕੇ ਉਨ੍ਹਾਂ ਦੀ, ਪਿਆਸ ਨੂੰ ਬੁਝਾਉਂਦਾ।
ਡੋਡੀਆਂ ਨਿਕਲੀਆਂ ਤਾਂ, ਚਾਅ ਸੀ ਚੜ੍ਹਾਇਆ,
ਖੁਸ਼ੀ ਦਾ ਨਾ ਮੇਰੇ ਤੋਂ, ਅੰਦਾਜ਼ਾ ਜਾਵੇ ਲਾਇਆ।
ਫੁੱਲ ਜਦੋਂ ਨਿਕਲੇ ਤਾਂ, ਹੋ ਗਈ ਕਮਾਲ,
ਮੈਂ ਵੀ ਖਿੜ ਗਿਆ, ਫੇਰ ਉਨ੍ਹਾਂ ਫੁੱਲਾਂ ਨਾਲ।
ਮਿਹਨਤ ਜੇ ਕਰੀਏ, ਤਾਂ ਰੰਗ ਇਹ ਲਿਆਵੇ,
ਡੋਡੀਆਂ ਖਿੜਾ ਕੇ, ਫੇਰ ਫੁੱਲ ਇਹ ਬਣਾਵੇ।
ਨਿੱਕੀ ਜਿਹੀ ਕਹਾਣੀ, ਸਾਨੂੰ ਬੜਾ ਕੁਝ ਕਹਿੰਦੀ,
ਬੁੱਝੋ ਬੁੱਝੋ 'ਨੀਲੋਂ' ਜੋ, ਸੁਨੇਹਾ ਸਾਨੂੰ ਦਿੰਦੀ।

16. ਮਾਂ

ਕਮਰੇ ਦੇ ਵਿਚ ਖੇਡ ਰਹੀ ਸੀ,
ਸਾਡੀ ਬੱਚੀ ਪਿਆਰੀ ।
ਖੜਕਾ ਹੋਇਆ ਨਾਲੇ ਉੱਚੀ,
ਚੀਕ ਸੀ ਉਸ ਨੇ ਮਾਰੀ ।
ਮੰਮੀ ਵੀ ਸੀ ਕੰਬ ਗਈ ਨਾਲੇ,
ਦਿਲ ਘਬਰਾਇਆ ਮੇਰਾ ।
ਮੰਮੀ ਆਏ ਭੱਜੇ ਅੰਦਰ,
ਦੇਖਿਆ ਚਾਰ-ਚੁਫੇਰਾ ।
ਰੋਂਦੀ ਨੂੰ ਸੀ ਆ ਕੇ ਉਸ ਨੇ,
ਝਟਪਟ ਉਨ੍ਹਾਂ ਚੁੱਕਿਆ ।
ਖੇਲ੍ਹਦੀ-ਖੇਲ੍ਹਦੀ ਕੋਲੋਂ ਉਸ ਤੋਂ,
ਫੁੱਲਦਾਨ ਸੀ ਟੁੱਟਿਆ ।
ਕਹਿੰਦੇ ਪੁੱਤਰੀ ਰੋ ਨਾ,
ਤੇਰਾ ਪਾਪਾ ਹੋਰ ਲਿਆਊ ।
ਫੁੱਲਦਾਨ ਦਾ ਕੀ ਆ,
ਇਹ ਤਾਂ ਸ਼ਹਿਰੋਂ ਵੀ ਮਿਲ ਜਾਊ ।
ਤੈਨੂੰ ਜੇ ਕੁਝ ਹੋ ਜਾਂਦਾ,
ਤਾਂ ਕਿਹੜਾ ਧੀਰ ਧਰਾਉਂਦਾ?
ਕਿਸ ਬਾਜ਼ਾਰੋਂ ਪਾਪਾ ਤੇਰਾ,
ਸਾਡੀ ਧੀ ਲਿਆਉਂਦਾ ।

17. ਪ੍ਰੇਰਨਾ ਤੇ ਪਿਆਰ

ਮੇਰਾ ਵੀਰ ਰੋਜ਼ ਬਹਾਨੇ ਲਾਉਂਦਾ ਸੀ,
ਸੈਰ ਕਰਨ ਤੋਂ ਕੰਨੀ, ਉਹ ਕਤਰਾਉਂਦਾ ਸੀ।
ਪਿਆਰ ਨਾਲ ਮੈਂ ਉਹਨੂੰ, ਨਿੱਤ ਸਮਝਾਉਂਦੀ ਸੀ,
ਪੰਛੀਆਂ ਦੀਆਂ ਗੱਲਾਂ, ਰੋਜ਼ ਸੁਣਾਉਂਦੀ ਸੀ।
ਇਕ ਦਿਨ ਉਹ ਭੁੱਲ ਗਿਆ ਬਹਾਨੇ ਸਾਰੇ ਜੀ,
ਸੈਰ ਲਈ ਤੁਰ ਪਿਆ ਉਹ ਆਪਮੁਹਾਰੇ ਜੀ।
ਉਹ ਦਿਨ ਮੈਨੂੰ ਅਕਸਰ ਚੇਤੇ ਆਉਂਦਾ ਏ,
ਛੋਟਾ ਵੀਰਾ ਸੈਰ ਲਈ ਜਦੋਂ ਜਗਾਉਂਦਾ ਏ।
ਪ੍ਰੇਰਨਾ ਅਤੇ ਪਿਆਰ ਦੋਵੇਂ ਕੰਮ ਆਉਂਦੇ ਨੇ,
ਅਕਸਰ ਹੀ 'ਨੀਲੋਂ' ਜ਼ਿੰਦਗੀ ਚਮਕਾਉਂਦੇ ਨੇ।

18. ਕਸਰਤ

ਰੱਸੀ ਟੱਪ ਕੇ ਆਪਣਾ ਭਾਰ ਘਟਾਉਂਦੀ ਹਾਂ,
ਕਸਰਤ ਕਰਕੇ ਆਪਣੀ ਸਿਹਤ ਬਣਾਉਂਦੀ ਹਾਂ।
ਮੇਰੇ ਮਨ ਵਿੱਚ ਚੁਸਤੀ ਫੁਰਤੀ ਆਉਂਦੀ ਹੈ,
ਆਲਸ ਨੂੰ ਜੋ ਮੀਲਾਂ ਦੂਰ ਭਜਾਉਂਦੀ ਹੈ।
ਸਮਝ ਆਉਂਦਾ ਅਧਿਆਪਕ ਜੋ ਸਮਝਾਉਂਦੇ ਨੇ,
ਮੇਰੇ ਨੰਬਰ ਇਸ ਕਰਕੇ ਵੱਧ ਆਉਂਦੇ ਨੇ।
ਮੈਂ ਸਹੇਲੀਆਂ ਆਪਣੇ ਕੋਲ ਬੁਲਾਉਂਦੀ ਹਾਂ,
ਔਖੋ ਜੋ ਸਵਾਲ ਮੈਂ ਸਭ ਸਮਝਾਉਂਦੀ ਹਾਂ।
ਔਖੇ ਜੋ ਸਵਾਲ ਮੈਂ ਸਭ ਸਮਝਾਉਂਦੀ ਹਾਂ,
ਮਾਣ ਨਾਲ ਅਧਿਆਪਕ ਮੈਨੂੰ ਕਹਿੰਦੇ ਨੇ,
ਚੰਗੇ ਬੱਚੇ ਦਿਲ ਸਭ ਦਾ ਜਿੱਤ ਲੈਂਦੇ ਨੇ।

19. ਇਨਸਾਨ

ਪਾਣੀ ਵਿੱਚੋਂ ਛਾਲ ਮਾਰ ਕੇ
ਮੱਛੀ ਅਰਜ਼ ਗੁਜ਼ਾਰੇ,
ਪਾਣੀ ਦੇ ਵਿੱਚ ਦੁਨੀਆਂ ਰਹਿੰਦੀ,
ਸੁਣ ਲੋ ਮੇਰੀ ਸਾਰੇ।
ਫੈਕਟਰੀਆ ਦਾ ਗੰਧਲਾ ਪਾਣੀ,
ਨਦੀਆਂ ਵਿੱਚ ਮਿਲਾਉਂਦੇ।
ਸਾਡਾ ਜਿਊਣਾ ਦੁੱਭਰ ਕਰਦੇ,
ਕੂੜਾ ਰਹਿਣ ਗਿਰਾਉਂਦੇ।
ਦੂਜੇ ਦਾ ਦੁੱਖ ਸਮਝਣ ਜਿਹੜੇ,
ਉਹ ਇਨਸਾਨ ਕਹਾਉਂਦੇ।
ਬਾਕੀ ਤਾਂ ਇਸ ਦੁਨੀਆਂ ਉੱਤੇ,
ਗਿਣਤੀ ਨੇ ਵਧਾਉਂਦੇ।

20. ਸਭ ਦੇ ਪਾਪਾ

ਸ਼ਾਮੀ ਕੰਮ ਤੋਂ ਆਉਂਦੇ ਪਾਪਾ,
ਵਾਜਾਂ ਮਾਰ ਬੁਲਾਉਂਦੇ ਪਾਪਾ।
ਦੇਖ ਉਨ੍ਹਾਂ ਨੂੰ ਭੱਜੀ ਜਾਵਾਂ,
ਜਾ ਕੇ ਘੁੱਟ ਕੇ ਚਿੰਬੜ ਜਾਵਾਂ।
ਪਾਪਾ ਗੋਦੀ ਚੁੱਕ ਨੇ ਲੈਂਦੇ,
ਮੈਨੂੰ ਬਹੁਤ ਪਿਆਰ ਨੇ ਦੇਂਦੇ।
ਮੇਰੇ ਪਾਪਾ ਜੀ ਦੇ ਵਰਗੇ,
ਹੋਵਣ ਪਾਪਾ ਹਰ ਇੱਕ ਘਰ ਦੇ।

21. ਵੱਡਾ ਵੀਰ

ਵੱਡਾ ਵੀਰ ਬਹੁਤ ਪਿਆਰਾ
ਮੈਨੂੰ ਰੋਜ਼ ਖਿਡਾਉਂਦਾ ਹੈ
ਮੋਢਿਆਂ ਉੱਪਰ ਬਿਠਾ ਕੇ ਮੈਨੂੰ
ਵਿਹੜੇ ਵਿੱਚ ਘੁੰਮਾਉਂਦਾ ਹੈ
ਜਦੋਂ ਕਹਾਣੀਆਂ ਵਾਲਾ ਕਿਤੋਂ
ਰਸਾਲਾ ਲੈ ਕੇ ਆਉਂਦਾ ਹੈ
ਕਦੇ ਗੀਤ ਕਦੇ ਕਵਿਤਾਵਾਂ
ਮੈਨੂੰ ਆਪ ਸੁਣਾਉਂਦਾ ਹੈ
ਪਿਆਰ ਬਹੁਤ ਹੀ ਆਉਂਦਾ ਉਸ ਦਾ
ਪਿਆਰ ਬਹੁਤ ਹੀ ਆਉਂਦਾ ਹੈ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ