Punjabi Poetry : Javed Zaki

ਪੰਜਾਬੀ ਕਲਾਮ/ਕਵਿਤਾ : ਜਾਵੇਦ ਜ਼ਕੀ

1. ਗੁਰੂ ਨਾਨਕ ਜੀ

ਨਾਨਕ ਰੂਪ ਸੁਬਾ ਦੀ ਲਾਲੀ
ਰੁਤਬਾ ਆਲੀ ਆਲੀ
ਮੁੱਖ ਰਿਸ਼ਮਾਂ ਦਾ ਧੋਤਾ ਹੋਇਆ
ਸੂਰਤ ਕਰਮਾਂ ਵਾਲੀ

ਤੇਰੀ ਮਹਿਕ ਝੱਲੀ ਜੱਗ ਸਾਰੇ
ਗਲ਼ੀਆਂ ਦਵਾਰੇ ਦਵਾਰੇ
ਇਕ ਦੁਨੀਆ 'ਤੇ ਚਾਨਣ ਕੀਤਾ
ਤੇਰੇ ਮੁੱਖ ਲਸ਼ਕਾਰੇ
ਸਾਡੇ 'ਤੇ ਵੀ ਕਰਮ ਕਰੀਂ ਚਾ
ਮੁੱਕ ਜਾਵੇ ਬਦ ਹਾਲੀ

ਆ ਵੰਜ ਮਾਹੀ ਅੰਦਰ ਵੱਸ ਚਾ
ਲੂੰ ਲੂੰ ਦੇ ਵਿੱਚ ਰੱਸ ਚਾ
ਮੰਨ ਥੀਵੇ ਚਾ ਹਰਿਆ ਭਰਿਆ
ਕਿਧਰੋਂ ਨਿੰਮਾ ਹੱਸ ਚਾ
ਪ੍ਰੇਮ ਜੋਤ ਦੀ ਰੰਗਲੀ ਜੋਤ ਜਗਾ ਦੇ
ਦੁਨੀਆ ਥੈ ਸੁਖਾਲ਼ੀ

ਮੈਂ ਔਗਣ ਮੇਰਾ ਸੀਨਾ ਭਰ ਚਾ
ਅੰਦਰ ਨੂਰੀ ਕਰ ਚਾ
ਮੁੱਕ ਜਾਵਣ ਸਭ ਰੌਲ਼ੇ ਗੌਲ਼ੇ
ਰੂਹ ਨੂੰ ਅੰਮ੍ਰਿਤ ਕਰ ਚਾ
ਤੂੰ ਪੰਜਾਬ ਦਾ ਸੁਰਜਨ ਤਾਰਾ
ਪੰਜ ਨਦੀਆਂ ਦਾ ਵਾਲੀ

2. ਨਾਬਰ ਤੇ ਨਿਰਵਾਰ

(ਦਾਦਾ ਅਮੀਰ ਹੈਦਰ ਦੇ ਨਾਵੇਂ)

ਤੂੰ ਕਾਲ਼ਾ ਬੱਦਲ ਸਾਵਣ ਦਾ
ਤੂੰ ਚੇਤ ਨਰੋਈ ਰੁੱਤ
ਨਾਬਰ ਪੁੱਤ

ਤੂੰ ਸਾਂਝ ਸੁਨੇਹਾ ਖ਼ਲਕਤ ਲਈ
ਤੂੰ ਮੁਨਸਿਫ਼ ਤੂੰ ਨਿਰਵਾਰ
ਤੂੰ ਸਰਦਾਰ

ਤੂੰ ਰੁੱਤ ਕੰਬਦੇ ਬਾਰਾਂ ਦੇ ਵਿੱਚ
ਜ਼ੁਲਮ ਅੱਗੇ ਦੀਵਾਰ
ਤੂੰ ਜੀ ਦਾਰ

ਤੇਰੇ ਨਾਂ ਦੀਆਂ ਟਾਹਰਾਂ ਚਾਰੇ ਜੂਹਾਂ
ਤੂੰ ਸਾਂਵਲ ਦਿਲਦਾਰ
ਮਿਠੜਾ ਯਾਰ

ਤੂੰ ਢੋਲਿਆਂ ਵਿੱਚ ਗਵੀਂਦਾ ਐਂ
ਤੂੰ ਅਹਿਮਦ ਖਰਲ, ਭਗਤ ਸੱਜਣ
ਤੂੰ ਰਾਜਗੁਰੂ, ਸੁਖਦੇਵ ਅਮਰ
ਤੂੰ ਦੁੱਲਾ ਰਾਠ ਸਦੀਂਦਾ ਐਂ

ਤੂੰ ਖ਼ਲਕਤ ਮੰਨ ਵਸਨੀਂਦਾ ਐਂ
ਤੂੰ ਖ਼ਲਕਤ ਮੰਨ ਵਸਨੀਂਦਾ ਐਂ

3. ਰੱਤੀਆਂ ਸੂਝਾਂ

ਝੁੱਲ ਪਈ ਲਾਲ ਹਨ੍ਹੇਰੀ
ਝੋਕਾਂ ਕੂਕਦੀਆਂ
ਦੱਬ ਰੱਤੀਆਂ ਸੂਝਾਂ ਸ਼ੂਕਦੀਆਂ
ਰੱਤ ਸੂਰਜ ਥਈ, ਸਮੇ ਸਿੱਲ੍ਹੇ ਦੀ
ਜੱਗ ਝੱਲੇ ਦੀ
ਸੱਤ ਲਾਂਘੇ ਥੈ ਆਬਾਦ
ਰੁੱਤ ਨਾਬਰ ਥਈ ਚਾਰੇ ਜੂਹਾਂ
ਮਨ ਸੱਧਰਾਂ ਥੱਈਆਂ ਸ਼ਾਦ

4. ਇਨਕਾਰ

ਭਾਂਵੇਂ ਸੀਖਾਂ ਵਿੰਨ੍ਹ ਕੇ ਸਾੜੋ
ਛੌਡੇ ਤਨ ਦੇ ਵਾਰੋ ਵਾਰੀ
ਲੱਖ ਲੱਖ ਵਾਰੀ

ਬਾਘ ਬਘੇਲੇ ਭੁੱਖੇ ਛੱਡੋ
ਪਿੰਡਾ ਛਾਂਗਣ ਲਈ ਲੱਖ ਭਾਂਵੇਂ
ਧੁਧਲ ਥੀਵਣ ਮੇਰੇ ਤਨ ਦੇ
ਅੰਗ ਅੰਗ ਭਾਂਵੇਂ
ਦੁੱਸਰ ਕਰ ਕੇ ਨੇਜ਼ੇ ਤਿੱਖੇ
ਟੰਗੋ ਮੈਨੂੰ ਅੱਧ ਅਸਮਾਨੇ
ਬਲਦੇ ਭਖਦੇ ਸੂਰਜ ਨੇੜੇ
ਦੇਹੀ ਮੇਰੀ ਨੂੰ ਪੁੱਠਿਆਂ ਕਰ ਕੇ
ਭਾਂਵੇਂ ਦੇਵੋ ਕੋਹਲੂ ਗੇੜੇ
ਮੈਂ ਨਾ ਲਾਸਾਂ ਥੋਹਰ ਸੂਝੀਂ

5. ੧੯੮੩

ਕਾਲ ਬੁਲੇਂਦੀ
ਨਾਦਰ ਝੰਢ ਖਲਾਰੀ
ਜੰਡ ਜੰਡੋਲੇ ਬਾਰ ਦੇ
ਕੁਝ ਸ਼ਹਿ ਅਸਵਾਰਾਂ
ਮਾਣੀ ਛਿੰਜ ਵੰਗਾਰ
ਬੰਨ੍ਹ ਮੰਡਾਸੇ ਕੇਸਰੀ
ਹੱਥ ਟਕਵੇ ਚੱਕੇ
ਰੱਖ ਮੋਢੇ ਤੇ ਬਰਛੀਆਂ
ਲੱਕ ਤਰਕਸ਼ ਸੱਟੇ
ਮੁਸ਼ਕੀ ਅੱਥਰੇ ਘੋੜਿਆਂ
ਨੱਚ ਨੱਚ ਕਿੱਲੇ ਪੱਟੇ
ਵਾਹਰਾਂ ਚੜ੍ਹੀਆਂ ਚੜ੍ਹਦੇ ਲਹਿੰਦੇ
ਚਾਰੇ ਜੂਹਾਂ ਨ੍ਹੇਰੀ ਘੱਟੇ
ਵਿੱਚ ਕੂਕੇਂਦੇ ਨਾਬਰ
ਅਸਾਂ ਲੁਕਣਾ ਰਾਵਲ ਡੇਰੇ
ਕੋਈ ਤੁਰੱਟ ਨਾ ਪਏ ਸ਼ਾਲਾ ਹਿੰਮਤਾਂ ਨੂੰ
ਰੱਬ ਦਿਨ ਚਾ ਫੇਰੇ

6. ਸਾਂਦਲ ਬਾਰ ਦੀ ਸਿੱਕ

ਡੀਂਹ ਰਾਤੀਂ ਮੇਰੇ ਅੰਦਰ ਸ਼ੂਕਣ
ਸਾਵੀ ਰੁੱਤ ਦੇ ਬੇਲੇ
ਧੁਰ ਤਬੇਲੇ
ਸੂਝਾਂ ਦੀ ਵਾਟਾਂ ਤੇ ਪੁੰਘਰਨ
ਸੰਘਣੇ ਜੰਡ ਜੰਡੋਲੇ
ਝੁੱਲਣ ਵਾ ਵਰੋਲ਼ੇ
ਵਿੱਚ ਚੰਗਰੀਂਦੇ ਨਿੱਘਰ ਜੁੱਸੇ
ਝੁੰਮਰ ਪਾਊਂਦੇ
ਵਾਰਾਂ ਨਾਬਰ ਖਰਲਾਂ, ਭੱਟੀਆਂ ਜਹੇ
ਰਾਠਾਂ ਦੀਆਂ ਗਾਓਂਦੇ
ਨਿੱਤ ਖੜ ਖੜ ਖੜਕਣ ਢੋਲ
ਮੇਰਾ ਅੰਗ ਅੰਗ ਨੱਚੇ ਲੁੱਡੀ
ਜੁੱਸਾ ਥੀਵੇ ਨਰਮ ਨਰੋਲ

7. ਦੁੱਲੇ ਭੱਟੀ ਦੀ ਵਾਰ

ਢੋਲ ਵਜੇਂਦਾ ਢੋਲ
ਢੋਲ ਵਜੇਂਦਾ ਦੁੱਲੇ ਦਾ
ਤੇ ਨੱਚਦੇ ਨਿੱਗਰ ਕੰਮੀਂ ਕਾਮੇ
ਨੱਚਦੇ ਰਾਠ ਮਸੱਲੀ
ਸੱਚ ਸੁਰਤ ਦੀ ਜਲੀ
ਸਿਰ ਤੇ ਪੱਗੜ ਰੱਤੜੇ ਸੂਹੇ
ਰੰਗ ਬਸੰਤੀ ਚੋਲੇ
ਝੁੰਮਰ ਘੁੰਮਰ ਨਾਚ ਨਚੇਂਦੇ
ਕੇਸਰ ਰੰਗੇ ਚੋਲੇ
ਨਾਰਦ ਉਠਦਾ ਕਾਵੜ ਵਟ ਕੇ
ਝੁੱਲਣ ਵਾ ਵਰੋਲ਼ੇ
ਢੋਲ ਵਜੇਂਦਾ ਢੋਲ

ਢੋਲ ਵਜੇਂਦਾ ਢੋਲ ਨਾਬਰ ਦਾ
ਤੇ ਨਿੱਤ ਵਜੇਂਦਾ ਸਾਂਦਲ ਬਾਰ
ਆਓ ਨੱਚੀਏ ਅੱਡੀ ਮਾਰ
ਨਾਬਰ ਰੰਗ ਜਮਾਈਏ
ਪਿੱਤਲ਼ ਕੋਕੇ ਵਿੰਨ੍ਹੀ ਡਾਂਗ ਘੁਮਾਈਏ
ਲਾਂਗੇ ਲਾਹੀਏ

8. ਗ਼ਜ਼ਲ-ਕੁਝ ਤਦਬੀਰਾਂ ਚੱਲੀਆਂ ਨਾ

ਕੁਝ ਤਦਬੀਰਾਂ ਚੱਲੀਆਂ ਨਾ
ਸੁੱਖ ਤਕਦੀਰਾਂ ਫਲ਼ੀਆਂ ਨਾ

ਉਹੋ ਹਿਜਰ ਵਿਰਾਗ ਦਾ ਮੌਸਮ
ਵਸਲ ਬਰਾਤਾਂ ਵਲ਼ੀਆਂ ਨਾ

ਜਿਹਨੇ ਚਾਵਾਂ ਦਾ ਮੁੱਲ ਭਰਿਆ
ਉਹਦੀਆਂ ਰਾਤਾਂ ਢਲ਼ੀਆਂ ਨਾ

ਕਿੰਨੇ ਆਏ ਲੰਘ ਗਏ ਮੌਸਮ
ਸਾਡੀਆਂ ਰਾਹਵਾਂ ਰਲ਼ੀਆਂ ਨਾ

ਵੇਲ਼ਾ ਸੁਰਤ ਸੁਹਾਗਣ ਵੱਸੇ
ਰੁੱਤਾਂ ਹੋਵਣ ਝੱਲੀਆਂ ਨਾ

ਸ਼ਾਲਾ ਵੱਸਣ ਰਾਵੀ ਝੋਕਾਂ
ਸੁੰਝੀਆਂ ਹੋਵਣ ਗਲ਼ੀਆਂ ਨਾ

9. ਨਾਬਰ ਸਿੱਕ

ਮੈਨੂੰ ਸਿੱਕ ਨਹੀਂ ਰਹੀ
ਉਹਨਾਂ ਇਲਮਾਂ-ਇਲਮ ਕਿਤਾਬਾਂ ਦੀ
ਜਿਹੜੇ ਚੁੱਪ ਕੜਿੱਕੀ ਲਾਂਦੇ ਮੂੰਹੇਂ
ਹੱਥੀਂ ਪੈਰੀਂ ਸੌਖਾ
ਉਹਨਾਂ ਇਲਮਾਂ- ਇਲਮ ਕਿਤਾਬਾਂ ਦੀ
ਮੈਨੂੰ ਸਿੱਕ ਨਹੀਂ ਰਹੀ
ਮੈਨੂੰ ਸਿੱਕ ਏ ਨਾਬਰ ਲੋਕਾਂ ਦੀ
ਜਿਹੜੇ ਜ਼ੁਲਮ ਨੂੰ ਜ਼ੁਲਮ ਅਖੀਂਦੇ ਨੇਂ
ਜਿਹੜੇ ਮੌਤ ਕੁੜੀ ਪਰਨੀਂਦੇ ਨੇਂ
ਅੱਜ ਕਾਲ ਬੁਲੇਂਦੀ ਗਭਰੂ ਸਾਂਦਲ ਬਾਰ ਦਿਓ
ਕੋਈ ਉੱਠੇ ਦਰਦਮੰਦਾਂ ਦਾ ਦਰਦੀ
ਉੱਠੇ ਦੁੱਲਾ ਵੀਰ
ਅੱਜ ਸਾਵੀਆਂ ਰੁੱਤਾਂ ਡੁਸਕਦੀਆਂ
ਅੱਜ ਇਕ ਇਕ ਰੁੱਖ ਦਿਲਗੀਰ
ਕੋਈ ਅਹਿਮਦ ਖਰਲ ਚੜ੍ਹੇ ਨੀਲੀ
ਵੱਗ ਅੱਗੇ ਲਾਏ ਬਾਘੜ ਬਿੱਲੇ ਹਾਕਮਾਂ ਦਾ
ਤੇ ਕਰ ਦੈ ਸਿੱਧਾ ਤੀਰ
ਜਿਨ੍ਹਾਂ ਘਰ ਘਰ ਵੈਣ ਪਵਾਏ ਹਨ
ਇਹ ਕਾਤਲ ਸੱਧਰਾਂ ਸਾਰਾਂ ਦੇ
ਇਹ ਬਾਝ ਸੰਗੀਨਾਂ ਬਲਮਾਂ ਦੇ ਕੁਝ ਕਾਰ ਨਾਹੀਂ
ਇਹ ਮੁਲਖਾਂ ਦੇ ਸਰਦਾਰ ਨਾਹੀਂ

10. ਲੰਘੀ ਰੁੱਤ ਦਾ ਗਾਉਣ

ਅੱਜ ਡੀਂਹ ਵੀ ਸੱਖਣਾ ਲੰਘਿਆ
ਕੁਝ ਵੀ ਕਾਰ ਨਾ ਕੀਤਾ
ਨਾ ਮੈਂ ਭਾਂਬੜ ਲਾਏ - ਨਾਬਰ ਸੋਚਾਂ ਦੇ
ਨਾ ਮੈਥੋਂ ਕੋਈ ਅੱਲ ਪਵੀਚੀ
ਨਾ ਮੈਂ ਡੌਂਡੀ ਪਿੱਟੀ ਕੜਮੇ ਮੁਲਖਾਂ ਦੀ
ਜਿਹਨਾਂ ਸੂਲ਼ੀਆਂ ਟੰਗੇ ਗਭਰੂ
ਮਾਣ ਤਰੋੜੇ ਮਾਂਵਾਂ ਭੈਣਾਂ ਦੇ
ਇਹ ਹੱਕ ਏ
ਇਹ ਸੱਚ ਏ
ਮੈਂ ਦੁੱਲੇ ਵਰਗਾ ਨਾਬਰ ਤਾਂ ਨਹੀਂ
ਪਰ ਮੈਂ ਵੀ ਸਾਂਦਲ ਬਾਰ ਦਾ ਜੰਮ ਆਂ
ਮੇਰੀ ਅੱਖੀਂ ਹਸ਼ਰ ਦੇ ਸੋਮੇ
ਮੇਰੇ ਰਾਵੀ ਛੱਲ
ਮੇਰੀ ਸ਼ੂਕਰ ਦੀ ਥਰਥਲ
ਜੰਗਲ ਬੇਲੇ, ਸ਼ਹਿਰ ਤਬੇਲੇ

11. ਗੀਤ-ਤੇਰੇ ਨਾਲ਼ ਚਾ ਅੱਖੀਆਂ ਲਾਈਆਂ

ਤੇਰੇ ਨਾਲ਼ ਚਾ ਅੱਖੀਆਂ ਲਾਈਆਂ
ਪਈਆਂ ਰਾਤਾਂ ਜਾਗ ਲੰਘਾਈਆਂ

ਯਾਰ ਸੱਜਣ ਤੇਰੇ ਝੌਲ਼ੇ ਪੈਂਦੇ
ਕੰਨ ਵੱਜਦੇ ਤੇਰੇ ਬੋਲ ਸੁਣੀਂਦੇ
ਖਿੱਲੀਆਂ ਹਾਸੇ ਚੇਤੇ ਆਉਂਦੇ
ਕੀਹ ਜਿੰਦੜੀ ਈ ਬਿਨ ਸਾਈਆਂ

ਤੂੰ ਵੱਸਦਾ ਮੇਰੇ ਅੰਦਰ ਬਾਹਿਰ
ਤੂੰ ਐਂ ਮੇਰਾ ਅਜ਼ਲ ਤੇ ਆਖ਼ਰ
ਤੂੰ ਐਂ ਕਲਮਾ ਸਜਦਾ ਦਿਲਬਰ
ਨਿੱਤ ਤੇਰੀਆਂ ਮਾਲਾਂ ਪਾਈਆਂ

ਮੈਂ, ਮੈਂ ਨਹੀਂ ਬੱਸ ਮੈਂ ਤੂੰ ਹੋਈ
ਤੇਰੀ ਜ਼ਾਤ ਇੱਚ ਜ਼ਾਤ ਲਕੋਈ
ਮੈਨੂੰ ਮੈਂ ਦੀ ਲੋੜ ਨਾ ਕੋਈ
ਜਦ ਤੇਰੇ ਸੰਗ ਅਸ਼ਨਾਈਆਂ

12. ਅੱਖੀਂ ਬੰਦ ਕਰੋ ਨਾ ਲੋਕੋ

ਅੱਖੀਂ ਬੰਦ ਕਰੋ ਨਾ ਲੋਕੋ
ਅੰਨ੍ਹੇ ਥੀਸੋ
ਅੱਖੀਂ ਕੱਜਲ਼ ਪਾਓ
ਪੈਰੀਂ ਘੁੰਘਰੂ ਬੰਨ੍ਹੋ
ਹੱਥਾਂ ਵਿੱਚ ਪਾ ਕੇ
ਘੁੰਮਣ ਘੇਰੇ ਦੇ ਵਿੱਚ ਨੱਚੋ
ਧਰਤੀ ਕੱਟੋ, ਚੀਕਾਂ ਮਾਰੋ
ਰੌਲ਼ਾ ਪਾਓ - ਸੁੱਤੇ ਲੋਕ ਜਗਾਓ
ਆਪਣੇ ਚਾਰ ਚੁਫੇਰੇ ਤੱਕੋ
ਰਾਹੀਂ ਰਾਹੀਂ ਖ਼ੂਨੀ ਛਿੱਟੇ
ਲਾਲ ਹਨ੍ਹੇਰੀ ਉਹ ਅਸਮਾਨੇ
ਕਿੰਨੇ ਨਿੱਗਰ ਨਿੱਗਰ ਜੁੱਸੇ
ਜ਼ੁਲਮ ਦੀ ਸੂਲ਼ੀ ਚੜ੍ਹਦੇ
ਵਿੱਚੋਂ ਰੋਂਦੇ - ਉੱਤੋਂ ਹੱਸਦੇ
ਲੋਕੀ ਭੈੜੇ ਥੋੜ੍ਹ-ਦਿਲੇ ਨੇਂ
ਸਾਥ ਨਹੀਂ ਦੇਂਦੇ
ਇੰਜ ਤੇ ਭੈੜਿਓ ਜ਼ੁਲਮ ਨਾ ਮੁੱਕਸੀ
ਗੱਲ ਨਾ ਬਣਸੀ
ਆਓ ਰਲ਼ ਮਿਲ਼ ਢੋਲੇ ਗਾਈਏ
ਮੋਢੇ ਮੋਢਾ ਲਾ ਕੇ
ਅਪਣਾ ਪੰਧ ਮੁਕਾਈਏ
ਜ਼ੁਲਮ ਦੇ ਸੀਨੇ ਲਾਂਬੂ ਲਾਈਏ

13. ਮਜ਼ਦੂਰਾਂ ਦੇ ਆਲਮੀ ਦਿਨ ਦੇ ਹਵਾਲੇ ਨਾਲ

ਧਰੋਈ ਆ ਮੁਲਖਾ ਧਰੋਈ
ਅਣਖ ਸ਼ੁਦਾ ਦਾ ਸੂਰਜ ਡੁੱਬਿਆ
ਜਿੰਦ ਭੈੜੀ ਅੱਧ ਮੋਈ
ਧਰੋਈ ਆ ਮੁਲਖਾ ਧਰੋਈ

ਆਸ ਉਮੀਦ ਦਾ ਚਾਨਣ ਗੰਧਲਾ
ਖ਼ੌਰੇ ਕਿਹੜੇ ਕਾਰ ਦਾ ਬਦਲਾ
ਰੱਤ ਸਾਥੋਂ ਪਈ ਮੰਗੇ
ਖ਼ਲਕਤ ਝੂਰੇ ਮੋਢੇ ਚਾ ਕੇ
ਮੂੰਹ ਤੇ ਸੋਚ ਨੂੰ ਜੰਦਰੇ ਲਾ ਕੇ
ਨੀਵੀਂ ਪਾ ਪਾ ਲੰਘੇ
ਸਿਰ ਨਾ ਚਾਵੇ ਕੋਈ
ਧਰੋਈ ਆ ਮੁਲਖਾ ਧਰੋਈ

ਸੋਚਾਂ ਦੀ ਲੌ ਮਟਿਆਲੀ ਜਹੀ
ਸੁਰਤ ਚਾਨਣੀ ਧੁਰ ਕਾਲ਼ੀ ਜਹੀ
ਸ਼ਾਲਾ ਸੂਰਜ ਉੱਗੇ
ਪੈਰਾਂ ਦੇ ਵਿੱਚ ਘੁੰਘਰੂ ਪਾ ਕੇ
ਭੰਗੜੇ ਗਿੱਧੇ ਨਾਚ ਨਚਾ ਕੇ
ਹਰ ਕੋਈ ਪਿਆ ਪੁੱਗੇ
ਜਾਗੇ ਖ਼ਲਕਤ ਸੋਈ
ਧਰੋਈ ਆ ਮੁਲਖਾ ਧਰੋਈ

ਭਾਂਵੇਂ ਰਾਤ ਤਵੇ ਦੀ ਕਾਲ਼ਕ
ਚੰਨ ਕਾਂਵਾਂ ਦੇ ਆਲ੍ਹਣੇ
ਝੁਲ੍ਹੇ ਲਾਲ ਹਨ੍ਹੇਰੀ
ਅੱਖਾਂ ਦੇ ਵਿੱਚ ਜੁਗਨੂ ਭਰ ਕੇ
ਦੀਵੇ ਥਾਂ ਥਾਂ ਬਾਲ਼ਨੇ
ਇਹ ਸਿੱਕ ਤੇਰੀ ਮੇਰੀ
ਇਹਦੇ ਬਾਝ ਨਾ ਢੋਈ
ਧਰੋਈ ਆ ਮੁਲਖਾ ਧਰੋਈ

14. ਬਸੰਤ ਬਹਾਰ

ਆਈ ਏ ਬਸੰਤ ਬਹਾਰ
ਰੁੱਤ ਰੰਗਲੀ ਸਾਡਾ ਮਨ ਮਧੁਰਾਏ
ਅੱਖੀਆਂ ਅਤ ਖ਼ੁਮਾਰ

ਨੀਲੀਆਂ ਪੀਲ਼ੀਆਂ ਉੱਡਦੀਆਂ ਗੁੱਡੀਆਂ
ਅੱਲ੍ਹੜ ਹੀਰਾਂ ਪਾਵਣ ਲੁੱਡੀਆਂ
ਅੱਖੀਆਂ ਛਲਕੇ ਪਿਆਰ

ਤਿੱਤਲੀਆਂ ਨੱਚਦਿਆਂ ਫਿਰਦੀਆਂ ਥਾਂ ਥਾਂ
ਸੱਤ ਰੰਗੀ ਏ ਫੁੱਲਾਂ ਦੀ ਛਾਂ
ਝਰਨੇ ਗਾਣ ਮਲਹਾਰ

ਨਾਜ਼ੁਕ ਜੱਟੀਆਂ ਮਸਤ ਫਰੇਂਦੀਆਂ
ਭਰ ਭਰ ਬੁੱਕਾਂ ਹੁਸਨ ਲੁਟੇਂਦੀਆਂ
ਗੱਭਰੂਆਂ ਦੇ ਮਨ ਠਾਰ

ਕੋਸੀ ਕੋਸੀ ਧੁੱਪ ਦੀ ਚਾਦਰ
ਨਿੱਘੀ, ਮਾਂ ਦੀ ਬੁੱਕਲ਼ ਵਾਂਗਰ
ਤਨ ਮਨ ਚੈਨ ਕਰਾਰ

ਮਨ ਵਿੱਚ ਮੇਲੇ ਸੱਜਦੇ ਰਹਿੰਦੇ
ਉੱਚੀ ਉੱਚੀ ਵਜਦੇ ਰਹਿੰਦੇ
ਢੋਲਾਂ ਦੇ ਖੜਕਾਰ

ਪੰਜ ਦਰਿਆਵਾਂ ਦਾ ਰੱਬ ਵਾਲੀ
ਵੱਸਦੀ ਰਹੇ ਹਰ ਥਾਂ ਹਰਿਆਲੀ
ਜੀਵੇ ਸਾਂਦਲ ਬਾਰ

15. ਕਰੜੀ ਰੁੱਤ ਦਾ ਵੈਣ

ਉਹੋ ਕਰੜੀ ਰੁੱਤ ਦਾ ਮੌਸਮ
ਉਹੋ ਰੁੱਤ ਕਬੁਧੀ
ਜਿਹੜੀ ਕਈ ਵਰ੍ਹਿਆਂ ਤੋਂ ਲੱਗੀ
ਹਰ ਬੰਦੇ ਦੇ ਚਾਰ ਦਵਾਲੇ
ਚੁੱਪ ਤੇ ਖੌਫ਼ ਦੀ ਵਲ਼ਗਣ
ਚਿੱਤੂ ਸੱਚ ਬੋਲਣ ਤੋਂ ਅਝਕਣ
ਪਿੰਡਾ ਟੁੱਟੇ, ਸੂਝਾਂ ਸੁਲਗਣ
ਏਡਾ ਖੌਫ਼ ਦੀ ਠੰਡ ਦਾ ਝੱਖੜ
ਬੁੱਲ੍ਹਾਂ ਦੀ ਦਹਿਲੀਜ਼ਾਂ ਪਿੱਛੇ
ਜੰਮ ਜੰਮ ਜਾਵਣ ਅੱਖਰ
ਵੇਲ਼ਾ ਖੱਖਰ

ਉੱਚੇ ਟਿੱਬੇ ਗਿੱਧਾਂ ਮੱਲੇ
ਸ਼ੀਹਾਂ ਮੱਲੇ ਝਿਕ
ਜਡੀ ਥੀ ਗਈ ਨਾਬਰ ਸਿੱਕ
ਧਰੋਈ ਜੇ ਨਾਬਰ ਪੱਤ ਦੀ ਆਓ ਗੱਜੀਏ ਚੁੱਪ ਦੇ ਬੇਲੇ
ਨਾਦਾਂ ਵੱਜਣ ਸ਼ਹਿਰ ਤਬੇਲੇ
ਵ੍ਹਾਰਾਂ ਕੂਕਣ ਚੜ੍ਹਦੇ ਲਹਿੰਦੇ

16. ਕਾਫ਼ੀ-ਜਦੋਂ ਦੀਦ ਜਮਾਲ ਮਹਾਲ ਹੋਈ

ਜਦੋਂ ਦੀਦ ਜਮਾਲ ਮਹਾਲ ਹੋਈ
ਤਦੋਂ ਜਿੰਦੜੀ ਦਰਦ ਵਬਾਲ ਹੋਈ

ਤੇਰਾ ਖ਼ਾਬਾਂ ਵਿਚ ਦੀਦਾਰ ਹੋਵੇ
ਕਦੇ ਮਿਲਣ ਦਾ ਨਾ ਇਕਰਾਰ ਹੋਵੇ
ਇਨਕਾਰ ਤੇ ਬਸ ਇਨਕਾਰ ਹੋਵੇ
ਸਾਡੀ ਪਿਆਰ 'ਚ ਜਿੰਦ ਵਬਾਲ ਹੋਈ
ਜਦੋਂ ਦੀਦ ਜਮਾਲ ਮਹਾਲ ਹੋਈ

ਸਾਨੂੰ ਸ਼ੌਕ ਜਨੂੰਨ ਅਤਾੱ ਹੋਇਆ
ਤੇਰਾ ਵਿਰਦ ਕਰਨ ਦਾ ਸ਼ੁਦਾੱ ਹੋਇਆ
ਚਲੋ ਇਸ਼ਕ ਦਾ ਫ਼ਰਜ਼ ਅਦਾੱ ਹੋਇਆ
ਕੁਝ ਕੀਤੀ ਕਾਰ ਹਲਾਲ ਹੋਈ
ਜਦੋਂ ਦੀਦ ਜਮਾਲ ਮਹਾਲ ਹੋਈ

ਰਹਿ ਰਹਿ ਕੇ ਯਾਦਾਂ ਆਂਦੀਆਂ ਨੇ
ਸਾਡੇ ਮਨ ਦੀ ਝੋਕ ਵਸਾਂਦੀਆਂ ਨੇ
ਐਂਵੇਂ ਅੱਖੀਆਂ ਰੋਜ਼ ਰੁਵਾਂਦੀਆਂ ਨੇ
ਤੇਰੀ ਯਾਦ ਜੇ ਸਾਡੇ ਨਾਲ ਹੋਈ
ਜਦੋਂ ਦੀਦ ਜਮਾਲ ਮਹਾਲ ਹੋਈ

ਕ੍ਹਿਦਾ ਜ਼ੋਰ ਨਜੀਬ 'ਤੇ ਚਲਦਾ ਏ
ਜ੍ਹਿੜਾ ਆਉਣੈ ਵਕਤ ਉਹ ਟਲਦਾ ਏ?
ਉਹਦੇ ਵੱਸ ਲਿਖਿਆ ਪਲ ਪਲ ਦਾ ਏ
ਸਾਨੂੰ ਢਿਲ ਤੇ ਉਹਦੀ ਢਾਲ ਹੋਈ
ਜਦੋਂ ਦੀਦ ਜਮਾਲ ਮਹਾਲ ਹੋਈ

17. ਵੰਗਾਰ

ਕਾਲੂ ਮੁਛਲਾ
ਉੱਠ ਓਏ ਭੈੜਿਆ
ਮਾਰ ਓਏ ਬਬਲੀ
ਕੰਬ ਜਾਨ ਬੱਦਲ ਗਜਦੇ
ਢੈਅ ਪੈਣ ਪਹਾੜ ਖਲੋਤੇ
ਕਾਲੂ ਮੁਛਲਾ-ਤੇਰੀ ਚਾਂਗਰ

ਅਸਮਾਨਾਂ ਥੀਂ ਭੋਏਂ ਤੀਕਰ
ਪਾਉਣੀ ਏ ਤਰਥੱਲ
ਜਿੰਨੇ ਪਿੱਪਲ ਟੀਸੀ ਬੈਠੇ, ਸਾਰੇ ਗਿੱਧ ਉਡਾਣੇ
ਤੇ-ਚਿੜੀਆਂ, ਕਾਵਾਂ ਭੈੜਿਆ ਤੇਰਾ ਦਿੱਤਾ ਖਾਣਾ
ਇਹਨਾਂ ਨੂੰ ਸ਼ਸ਼ਕਾਰੀ ਨਾ ਤੂੰ
ਤੈਨੂੰ ਦੁੱਲੇ ਰਾਠ ਦੀ ਸ਼ਾਵਾ
ਤੂੰ ਬਾਜ਼, ਸਹਿਬਾਜ਼ਾਂ ਦੀ ਜੂਹ ਦਾ ਵਸਨੀਕ
ਤੂੰ ਆਪੇ ਰਾਠ ਝਨਾਅ, ਰਾਵੀ ਤੇ ਜਿਹਲਮ ਦਾ
ਤੇਰੇ ਸੰਘਣੇ ਬੇਲੇ
ਕਾਲੂ ਮੁਛਲਾ
ਉੱਠ ਓਏ ਭੈੜਿਆ
ਮਾਰ ਓਏ ਚਾਂਗਰ

ਸ਼ੇਰ ਕਛਾਰੋਂ ਉੱਠ ਕੇ ਭੱਜਣ
ਸੁੰਜੇ ਬੇਲੈ ਭੌਂ ਕੇ ਵੱਸਣ
ਧਰਤੀ ਗੁੰਝਲ ਪੈ ਜਾਏ
ਹੇਠਲੀ ਉੱਤੇ ਆ ਪਏ
ਤੇ ਲੋਕੀ ਗਾਵਣ

ਵਾ ਵਰੋਲਾ ਝੱਖੜ ਝੋਲਾ
ਹੇਠ ਕੁਨਾਲੀ ਉੱਤੇ ਡੋਲਾ

18. ਕਾਫ਼ੀ-ਸਭ ਫਿਕੇ ਚੋਲੇ ਲਾਹ ਅੜੀਏ

ਸਭ ਫਿਕੇ ਚੋਲੇ ਲਾਹ ਅੜੀਏ
ਰੰਗ ਰਤੜੇ ਮਨ ਰੰਗਵਾ ਅੜੀਏ

ਰੁਤ ਸਾਵਨ ਮੇਘ ਮਲਹਾਰਾਂ ਦੀ
ਹਰੀਅਲ ਹਰੀਅਲ ਸ਼ਹਿਕਾਰਾਂ ਦੀ
ਸਿਕ ਚਾ ਕੇ ਸਜਣ ਯਾਰਾਂ ਦੀ
ਜ਼ਾਹਰ ਬਾਤਨ ਭੁਲ ਜਾ ਅੜੀਏ
ਰੰਗ ਰਤੜੇ ਮਨ ਰੰਗਵਾ ਅੜੀਏ

ਰੰਗ ਇਸ਼ਕ ਨਮਾਜ਼ ਸਵਲੜੇ ਨੇ
ਤਨ ਦਰਦ ਹਜ਼ਾਰ ਅਵਲੜੇ ਨੇ
ਬਿਨ ਇਸ਼ਕ ਦੇ ਰਾਹ ਕਵਲੜੇ ਨੇ
ਮੱਦ ਨੈਣਾਂ ਦਾ ਛੜਕਾ ਅੜੀਏ
ਰੰਗ ਰਤੜੇ ਮਨ ਰੰਗਵਾ ਅੜੀਏ

ਹਦ ਇਸ਼ਕ ਦੀ ਅੰਤ ਅਥਾਹ ਕਾਈ ਨਹੀਂ
ਰਾਹ ਟੁਰਦਿਆਂ ਮੁਕਦੀ ਰਾਹ ਕਾਈ ਨਹੀਂ
ਜਗ ਵਸਦੇ ਨੂੰ ਪ੍ਰਵਾਹ ਕਾਈ ਨਹੀਂ
ਪਰ ਇਹ ਵੀ ਭਾਰਾ 'ਚਾ ਅੜੀਏ
ਰੰਗ ਰਤੜੇ ਮਨ ਰੰਗਵਾ ਅੜੀਏ

19. ਇਕ ਨਾਬਰ ਸ਼ਹੀਦ ਦਾ ਢੋਲਾ

ਕਾਲ ਬੁਲੇਂਦੀ
ਨਾਰਦ ਉਠਿਆ ਗਾ ਕੇ ਨਾਬਰ ਛਿੰਜ ਚਾ ਪਾਈ
ਕੰਮੀਆਂ ਕਾਮਿਆਂ ਦਾ ਸਰਬਾਲਾ।
ਚੜ੍ਹਿਆ ਖਾਰੇ

ਢੁੱਕੀ ਜੰਝ ਕਿਲੇ-ਖ਼ਲਕਤ ਵਾਰੀ ਵਾਰੀ
ਅਧ ਅਸਮਾਨੀ ਸ਼ਮਲਾ
ਹੱਥੀਂ ਵਾ ਦੀਆਂ ਵਾਗਾਂ
ਸ਼ਾਹ ਤੇ ਸ਼ਾਹ ਦੇ ਲੋਗੜੂਆਂ ਨੂੰ
ਦੇਂਦਾ ਲਾਗਾਂ

ਤਖ਼ਤ ਲਹੌਰ ਪਈ ਤੜਥਲ
ਗਭਰੂ ਸਾਨਾਂ ਦੀ ਬਲ ਬਲ
ਲਹੂ ਜਿਨ੍ਹਾਂ ਦੀ ਅਖ ਦਾ ਲਾਲੀ ਸੂਰਜ ਦੀ
ਛੱਲ ਘਮਕਾਰ ਝਨਾਂ ਦੀ ਸਾਹ
ਕਰੜੇ ਹੱਡ

ਚੌਂੜੀ ਕਾਠੀ ਸੀਨੇ ਸਾਨ
ਪੈਰਾਂ ਹੇਠਾਂ ਪੱਥਰ ਗਾਣ
ਹੱਕ ਏ ਮੁਲਖਾ
ਸੱਚ ਏ ਮੁਲਖਾ
ਜੰਮਣਾ ਜੀਣਾ ਰਾਠਾਂ ਦਾ
ਜਿਨ੍ਹਾਂ ਪਿੰਜ ਚਾ ਕਢੀ ਸ਼ਾਹਾਂ ਦੀ।

20. ਕਾਫ਼ੀ-ਮੈਨੂੰ ਰਤੜੀ ਰੁਤ ਦੀ ਸਿਕ ਬਲਾ

ਮੈਨੂੰ ਰਤੜੀ ਰੁਤ ਦੀ ਸਿਕ ਬਲਾ
ਮੈਨੂੰ ਰਤੜੀ ਰੁਤ ਦੀ ਸਿਕ

ਰਤੜੀ ਚੁੰਨੀ ਸਧਰਾਂ ਪੁੰਨੀ
ਚੁਮ ਚੁਮ ਲਾਵਾਂ ਹਿਕ ਬਲਾ
ਮੈਨੂੰ ਰਤੜੀ ਰੁਤ ਦੀ ਸਿਕ ਬਲਾ

ਰਤੜੀ ਰੁਤ ਦੀ ਸਿਕ ਸਹੇਂਦੇ
ਤਨ ਮਨ ਹੋਇਆ ਇਕ ਬਲਾ
ਮੈਨੂੰ ਰਤੜੀ ਰੁਤ ਦੀ ਸਿਕ ਬਲਾ

ਲੋਭਾਂ ਪੁੰਨੀਆਂ ਸੂਝਾਂ ਸਿਕਾਂ
ਜਗ ਭੈੜੇ ਦੀ ਝਿਕ ਬਲਾ
ਮੈਨੂੰ ਰਤੜੀ ਰੁਤ ਦੀ ਸਿਕ ਬਲਾ

ਸੁੱਚੇ ਰੰਗ ਰਤੇ ਵਿਚ ਭਿਜੇ
ਰੰਗ ਸਮੇ ਦੀ ਫਿਕ ਬਲਾ
ਮੈਨੂੰ ਰਤੜੀ ਰੁਤ ਦੀ ਸਿਕ ਬਲਾ

21. ਸੁੰਝਾਪ

ਜਿਹੜਾ ਮੈਨੂੰ ਮਿੱਟੀ ਦਾ ਇਕ ਬੁਤ ਅਖੇਂਦਾ
ਕੂੜ ਮਰੇਂਦਾ
ਮੈਂ ਬੰਦਾ ਹਾਂ
ਮੇਰੇ ਅੰਦਰ ਢੋਲ ਵਜੇਂਦੇ
ਨਾਬਰ ਸੂਝਾਂ ਸਿੱਕਾਂ ਦੇ
ਨਾੜਾਂ ਅੰਦਰ ਵਗਦਾ ਰਤੜਾ ਸੂਹਾ ਲਹੂ
ਔਖੇ ਅਥਰੇ ਹੜ੍ਹ ਦੇ ਵਾਂਗੂੰ
ਠਾਠਾਂ ਮਾਰੇ।

ਮੈਂ ਬੰਦਾ ਹਾਂ
ਬੰਦਾ ਜਿਹੜਾ
ਅੰਦਰ ਬਾਹਰ ਦੇ ਪਾੜਾਂ ਦੀ ਜ਼ਿੱਦਲ ਨਹੀਂ
ਭਾਵੇਂ ਵੱਖੋ ਵੱਖ ਵਖਾਲੀ
ਮੇਰੀ ਕੰਡ ਕਲਬੂਤ ਤੇ ਮੇਰੀ ਅੰਦਰ ਵਸੋਂ
ਇਕ ਦੂਜੇ ਦਾ ਸਾਵਾ ਘਾ
ਇਕ ਦੂਜੇ ਦੇ ਸਿਕਾਂ ਦਾ ਸੁਚਲ ਸੁਰਜੀਤ
ਦੋਹਾਂ ਵਿਚ ਕਾਈ ਵਖਰਪ ਨਾਹੀਂ
ਕਰਤ ਸੁਭਾ ਤੇ ਅੰਗ ਦੇ ਰੰਗ ਦੀ
ਮੇਰੀ ਦੇਹੀ ਮੇਰੀ ਰੂਹ ਏ।

22. ਇਕਰਾਰ

ਮੈਂ ਤੇ ਤੂੰ ਇਕ ਰਲਕੇ ਪਿਆਰ ਦਾ ਬੂਟਾ ਲਾਇਆ
ਸੋਹਣਾ ਬੂਟਾ
ਸੋਹਣੇ ਫੁੱਲਾਂ ਵਾਲਾ ਬੂਟਾ

ਜਿਸ ਦੀ ਛਾਵੇਂ
ਇਕ ਦੂਜੇ ਦੀਆਂ ਬਾਂਹਵਾਂ ਦੇ ਵਿਚ
ਇਕ ਦੂਜੇ ਦੀ ਝੋਲੀ ਦੇ ਵਿਚ
ਕਿੰਨੇ ਕਿੰਨੇ ਪਹਿਰ ਗੁਜ਼ਾਰੇ
ਇਕ ਦੂਜੇ ਦੇ ਚਾਂਦੀ ਵਰਗੇ
ਜਿਸਮ ਦੀ ਧੁੱਪੇ
ਸੋਨੇ ਵਰਗੇ ਉਚੇ ਨੀਵੇਂ ਥਾਵਾਂ ਉੱਤੇ
ਕੋਸੇ ਕੋਸੇ ਸ੍ਹਾਵਾਂ ਦੇ ਨਾਲ
ਕਿੰਨੀਆਂ ਪਿਆਰ ਕਥਾਵਾਂ ਲਿਖੀਆਂ
ਕਿੰਨੇ ਪਿਆਰ ਦੇ ਦੀਵੇ ਬਾਲੇ
ਮੈਨੂੰ ਪਲ ਪਲ ਯਾਦ ਏ ਜਾਨੇ
ਤੂੰ ਵੀ ਬੈਠ ਕੇ ਲੀਕਾਂ ਮਾਰ।

23. ਇਕਲਾਪਾ

ਮੈਂ ਕੱਲਾ ਤੇ ਮੇਰੇ ਜ਼ਿਹਨ ਦੀ ਜੰਗਲ ਜੂਹ
ਵਿਚ ਗ਼ਮ ਦੇ ਬੱਦਲਾਂ ਦੀ ਲੱਸ
ਇਕੋ ਥਾਂ 'ਚੋਂ ਲੰਘ ਲੰਘ ਭੁਲਿਆ
ਮੇਰੇ ਅੰਦਰ ਛਾਲੇ ਪੈ ਗਏ
ਆਸ ਦੇ ਧੁੱਦਲ ਦੇ ਵਿਚ ਨੱਸ ਨੱਸ
ਹੁਣ ਮੈਂ ਕਿਹੜੀ ਧੁੱਪ ਤੋਂ ਨੱਸਾਂ
ਕਿਹੜੀ ਛਾਂ ਤੇ ਕੁੰਡੀ ਸੁੱਟਾਂ
ਕਿਹੜੀ ਕੰਧ ਦੇ ਸਿੱਲ੍ਹੇ ਮੂੰਹ ਤੇ
ਲੀਕਾਂ ਮਾਰਾਂ

ਲੰਮੇ ਵੇਲੇ ਦੀ ਵੰਡ ਪਾਵਾਂ
ਕਿਹੜੀ ਆਸ ਦੇ ਸੁੰਝੇ ਵਿਹੜੇ
ਦੀਵੇ ਬਾਲਾਂ
ਫੁੱਲ ਵਿਛਾਵਾਂ
ਕਿਧਰ ਜਾਵਾਂ।

24. ਮਿਲਾਪ

ਦੂਰ ਦੁਰਾਡੇ
ਕੱਚੇ ਲਾਂਘੇ

ਧੂੜ ੳੁਡੀ ਤੇ
ਮਨ ਰਾਂਝੇ ਨੇ ਝੁੰਮਰ ਪਾਇਆ
ਠੰਡ ਤ੍ਰੇਲ ਦੇ ਧੋਤੇ ਮੁਖੜੇ
ਫੇਰਾ ਪਾਇਆ

ਮਨ ਵਿਹੜੇ ਸੁਖ ਸੱਧਰਾਂ ਢੁਕੀਆਂ
ਰੱਤ ਅੱਖੀਂ ਦਾ ਮਾਣ ਵਧਾਇਆ
ਠੰਡ ਤ੍ਰੇਲ ਦੇ ਧੋਤੇ ਮੁਖੜੇ
ਫੇਰਾ ਪਾਇਆ

25. ਗ਼ਜ਼ਲ-ਅੱਖ ਸਮੁੰਦਰ ਪਾਣੀ ਵਗ ਵਗ ਮੁੱਕੇ ਨਾ

ਅੱਖ ਸਮੁੰਦਰ ਪਾਣੀ ਵਗ ਵਗ ਮੁੱਕੇ ਨਾ
ਸ਼ਾਲਾ ਚੋਰ ਨਿਹੁੰ ਦਾ ਦਿਲ ਵਿਚ ਲੁੱਕੇ ਨਾ

ਲੀਰਾਂ ਲੀਰਾਂ ਜੁੱਸਾ ਸੋਚ ਨਮਾਣੀ ਦਾ
ਦਰਦ ਜੁਦਾਈ ਵਾਲਾ ਪੈਂਡਾ ਮੁੱਕੇ ਨਾ

ਸਧਰਾਂ ਰੰਗ ਰੰਗੀਲੜੀਆਂ ਦਾ ਚਾਅ ਮੈਨੂੰ
ਤੇਰੀ ਯਾਦ ਦਾ ਅੱਲ੍ਹੜ ਦਰਿਆ ਸੁੱਕੇ ਨਾ

ਮੇਘ ਮਲ੍ਹਾਰਾਂ ਚੜ੍ਹੀਆਂ ਅੱਖੀਆਂ ਦੇ ਵੇਹੜੇ
ਹੰਝੂ ਵਗਦੇ ਨਾਪੇ ਜਾਵਣ ਬੁੱਕੇ ਨਾ।

26. ਹੁੱਸੜ

ਰਤ ਸ਼ਹਿਰਾਂ ਦੀ ਮੂਲ ਨ ਸੂਹੀ
ਲੋਭ ਲੋਭਾ ਦੀ ਲੂਹੀ
ਰੰਗ ਝੋਕਾਂ ਦੇ ਧੁਰ ਬਦਰੰਗੇ
ਸਿਕ ਮੈਲੀ ਥੀਂ ਮੈਲੇ
ਤੁਰਤ ਕੁਸੈਲੇ

ਤੇ ਅਣਖ ਸ਼ੁਦਾ ਹੁੱਸੜ ਦੇ ਬੇਲੇ
ਡੀਗਰ ਵੇਲੇ
ਕੱਲਮ ਕੱਲੀ

ਨਾ ਕੋਈ ਸੰਗੀ ਸਾਥੀ ਹਾਸੇ
ਬਿਟ ਬਿਟ ਤਕਦੀ ਚਾਰੇ ਪਾਸੇ
ਸੁਰਤ ਦੀ ਬੇੜੀ ਕਿਥੇ ਠਿੱਲੇ
ਪੀਰ ਝਨ੍ਹਾਂ ਤੇ ਜਿਹਲਮ ਸਿੰਧੂ
ਜ਼ਿੱਲ੍ਹੇ ਜ਼ਿੱਲ੍ਹੇ

ਰਾਵੀ ਦੇ ਮੁੱਖ ਕਾਈ
ਧਰੋਈ ਮੁਲਕਾ ਕਿਨੂੰ ਦੇਈਏ
ਅੱਤ ਚਾਵਣ ਦੀ ਸਾਈ।

27. ਕਾਫ਼ੀ-ਮਨ ਮੂੰਝਾਂ ਨਹੀਂ ਮੁੱਕੀਆਂ ਸਾਂਵਲ

ਮਨ ਮੂੰਝਾਂ ਨਹੀਂ ਮੁੱਕੀਆਂ ਸਾਂਵਲ
ਰਹਿ ਵੰਝ ਇਕ ਦੋ ਰਾਤਾਂ ਹੋਰ

ਮਨ ਵਿਹੜੇ ਰੁੱਤ ਸਾਵੀ ਸਾਵੀ
ਸੁੱਖ ਸੱਧਰਾਂ ਚੰਨ ਚਾਨਣ ਰਾਵੀ
ਲੰਘ ਨਾ ਜਾਵੇ ਸਾਵਣ ਆਹ ਵੀ
ਸ਼ੋਰ ਕਰੇ ਦਿਲ ਦਰਿਆ ਸ਼ੋਰ
ਰਹਿ ਵੰਝ ਇਕ ਦੋ ਰਾਤਾਂ ਹੋਰ

ਰੁੱਤ ਰਾਹੀ ਸੰਗ ਨਿਤ ਦੇ ਝੇੜੇ
ਬੇਦਰਦੀ ਨ ਵੜਦਾ ਵਿਹੜੇ
ਜਿੰਦੜੀ ਦੁੱਖ ਦਾ ਕੋਹਲੂ ਗੇੜੇ
ਕਦ ਹੋਸੀ ਮਨ ਮਿੱਠੜੀ ਲੋਰ
ਰਹਿ ਵੰਝ ਇਕ ਦੋ ਰਾਤਾਂ ਹੋਰ

ਮੱਧ ਜੋਬਨ ਦਾ ਚੜ੍ਹਿਆ
ਇਕ ਇਕ ਲੂੰ ਦੇ ਲੁਢੀਂ ਕੜ੍ਹਿਆ
ਆ ਵੱਸ ਨੇੜੇ ਨੇੜੇ ਅੜਿਆ
ਤਨ ਝੱਲੇ ਨ ਰੱਤ ਦਾ ਜ਼ੋਰ
ਰਹਿ ਵੰਝ ਇਕ ਦੋ ਰਾਤਾਂ ਹੋਰ।

28. ਸੁਰਤ ਸੁਹਾਗਣ

ਸੁਰਤ ਸੁਹਾਗਣ ਥਈਆਂ-ਜਿਹੜੀਆਂ
ਵਸਲ ਦੇ ਰ੍ਹਾ ਦੀ ਬੇੜੀ ਠਿੱਲ੍ਹ ਕੇ
ਸ਼ੌਹ ਦਰਿਆਉਂ ਲੰਘ ਲੰਘ ਗਈਆਂ
ਓੜਕ ਜਿਨ੍ਹਾਂ
ਨਿਹੁੰ ਪੱਤਣਾ ਦੇ ਭਾਰੇ ਚਾਏ

ਮਨ ਵਿਹੜੇ ਚੰਨ ਚਾਨਣ ਭਰਿਆ
ਸਿੱਕ ਸੱਧਰਾਂ ਦੇ ਅੰਬਰ ਚਾਏ
ਮਾਣ ਵਧਾਏ

ਜਿਨ੍ਹਾਂ ਰੱਤੜੀ ਲੋਰ ਲਗਣ ਥੀਂ
ਲੋਰ ਸ਼ਗਣ ਥੀਂ
ਤਨ ਦੇ ਲੂੰ ਲੂੰ ਸੁਖ ਸਜਣਾ ਦੇ
ਨਾਂ ਲਿਖਵਾਏ
ਸਾਂਝ ਸਭਾਏ

ਸੁਖ ਸਜਣਾਂ ਸੰਗ ਟੋਰ ਨੀ ਮਾਏ
ਟੋਰ ਨੀ ਮਾਏ।

29. ਕਾਫ਼ੀ-ਨਿਹੁੰ ਲਾ ਕੇ ਰੱਤ ਰੰਗ ਲਏ ਪੈਰ

ਨਿਹੁੰ ਲਾ ਕੇ ਰੱਤ ਰੰਗ ਲਏ ਪੈਰ
ਰਾਂਝਣ ਤੇਰੇ ਦਮ ਦੀ ਖ਼ੈਰ

ਲਾਲ ਅੰਗਾਰਾ ਜੋਬਨ ਥੱਆ
ਲੋਰ ਲੱਗਣ ਥੀਂ ਰਾਂਝਣ ਥੱਆ
ਤਨ ਮਨ ਸੁਰਤ ਸੁਹਾਗਣ ਥੱਆ
ਚੰਨ ਚਾਨਣ ਜਹੇ ਮੁਖ ਦੀ ਖ਼ੈਰ
ਨਿਹੁੰ ਲਾ ਕੇ ਰੱਤ ਰੰਗ ਲਏ ਪੈਰ

ਅਖੀਆਂ ਮੇਘ ਮਲ੍ਹਾਰਾਂ ਦੀ ਰੁਤ
ਸੀਨੇ ਦਰਦ ਹਜ਼ਾਰਾਂ ਦੀ ਰੁਤ
ਕਦ ਹੋਸੀ ਸੁਖ ਸਾਰਾਂ ਦੀ ਰੁਤ
ਝੋਕ ਸਜਣ ਦੀ ਦਿਸਦੀ ਗ਼ੈਰ
ਨਿਹੁੰ ਲਾ ਕੇ ਰੱਤ ਰੰਗ ਲਏ ਪੈਰ

ਚ੍ਹਾਵਾਂ ਦਾ ਮੁੱਲ ਕਿਹੜਾ ਭਰਸੀ
ਜਿਹੜਾ ਭਰਸੀ ਉਹੋ ਮਰਸੀ
ਜਿੰਦੜੀ ਲੂਹਾ ਲੂਹਾ ਕਰਸੀ
ਆਪਣੇ ਸੁੱਖ ਨਾਲ ਆਪਣਾ ਵੈਰ
ਨਿਹੁੰ ਲਾ ਕੇ ਰੱਤ ਰੰਗ ਲਏ ਪੈਰ

30. ਵੱਖਰੱਪ

ਧਰੋਈ ਸਾਈਂ ਦੀ
ਧਰੋਈ ਆ ਮੁਲਖਾ
ਕੀ ਰੁਤ ਚੜ੍ਹੀ ਕੁਚੱਜੀ
ਵੱਖਰੱਪ ਉਸਰੀ-ਕੰਡ ਕਲਬੂਤ ਤੇ
ਅੰਦਰ ਵਸੀ
ਸਤ ਬੁੱਤ ਸੁਰਤ ਅਕਾਈ ਭੱਜੀ
ਹਿਕ ਧਰਤੀ 'ਤੇ ਨੱਚਦੇ ਵਾਹਰੇ ਬਾਘ ਬਘੇਲੇ
ਜ਼ੋਰ ਜਫਾੱ ਦੇਰੇ

ਤਕ ਤਕ ਓੜਕ
ਅੱਖ ਪੁਤਲੀ ਦਾ ਨਿਰਮਲ ਸ਼ੀਸ਼ਾ
ਧੁੱਧਲ ਥੀਵੇ
ਭੁੱਬਲ ਥੀਵੇ

ਪਰ ਹੱਥੀਂ ਰਤ ਕਾਂਗ ਨਾ ਸ਼ੂਕੇ
ਅੰਦਰ ਵਸੋਂ ਗੁੰਗਾ ਵੇਲੇ
ਸੁੰਝ ਮੁਸਾਣ ਥਲਾਂ ਦਾ ਵੇਲਾ
ਨਾਬਰ ਵਾਜ ਨ ਕੂਕੇ
ਰਤੀਂ ਕਾਂਗ ਨਾ ਸ਼ੂਕੇ।

31. ਹਿਰਕ

ਧਰੋਈ ਆ ਧਰਤੀ ਬਾਰ ਦੀਏ
ਤੇਰੇ ਅੱਥਰੇ ਪੰਜ ਦਰਿਆਵਾਂ ਨੇ
ਦਸ ਕਾਨੂੰ ਪਾ ਲਈ ਧੁਰ ਨੀਵੀਂ
ਸ਼ਾਲਾ ਗੱਜਣ ਵੱਸਣ ਕਾਲੇ
ਵਾਛੜ ਲੱਗੇ

ਹੜ੍ਹ ਦਾ ਮੁਢ ਚਾ ਬਝੇ
ਰੁਤ-ਥਲਾਂ ਦੇ ਭਾਂਬੜ ਪਾਈ
ਅਨ੍ਹੀਂ ਸੱਜੇ ਖੱਬੇ

ਨਾਲ ਧਰਮ ਦੇ ਜਾ ਵਾਂਧੀ ਰੋ
ਤਿਖੀਏ ਮੱਥੇ ਲਿਖੀਏ
ਤੇਰਾ ਡੁਬੇ ਸੰਗ ਸੁਹਾਗ
ਤੇਰੇ ਚੱਜ ਨ ਚੰਗੇ
ਕੀ ਲਿਖਿਆ ਈ
ਉੱਧਲ ਗਈਆਂ ਨਾਬਰ ਰੀਤਾਂ
ਲੋਭਾਂ ਅੱਤ ਮਚਾਏ
ਉਹ ਗੱਭਰੂ ਜਿੰਨ੍ਹਾਂ ਭੰਨੇ ਥਾਣੇ
ਲਾਂਗੇ ਲਾਹੇ

ਭੈ ਨਾ ਜੰਮੇਂ
ਪਰਤ ਨ ਆਏ
ਧਰੋਈ ਆ ਧਰਤੀ ਬਾਰ ਦੀਏ

32. ਕਾਫ਼ੀ-ਵੇ ਢੋਲਾ ਮੈਨੂੰ ਤੇਰੇ ਦੀਦ ਦੀਆਂ ਸਿੱਕਾਂ

ਵੇ ਢੋਲਾ ਮੈਨੂੰ ਤੇਰੇ ਦੀਦ ਦੀਆਂ ਸਿੱਕਾਂ

ਦਰਦ ਅਵੱਲੜਾ ਚੋਰ ਅਖੀਂ ਦਾ
ਅੰਗ ਅੰਗ ਖਿਲਦਾ ਸ਼ੋਖ ਸਖੀਂ ਦਾ
ਜੈਂ ਸੰਗ ਲਾਈਏ ਨਾਲ ਰਖੀਂ ਦਾ
ਰਾਹ ਤਕਦੀਆਂ ਚਾ ਚਾ ਚਿੱਕਾਂ
ਵੇ ਢੋਲਾ ਮੈਨੂੰ ਤੇਰੇ ਦੀਦ ਦੀਆਂ ਸਿੱਕਾਂ

ਰੁਤ ਜੋਬਨ ਤੇ ਆਈ ਰਜ ਕੇ
ਤੂੰ ਨ ਆਇਉਂ ਢੋਲਾ ਸਜ ਕੇ
ਮੈਂ ਬੈਠੀ ਰਹੀ ਜੋਬਨ ਕਜ ਕੇ
ਰੰਗ ਰਤੜੇ ਰੰਗਾ ਦੇ ਫਿੱਕਾਂ
ਵੇ ਢੋਲਾ ਮੈਨੂੰ ਤੇਰੇ ਦੀਦ ਦੀਆਂ ਸਿੱਕਾਂ

ਮੈਂ ਅੱਖੀਆਂ ਦੇ ਬੂਹੇ ਢੋ ਕੇ
ਜਦ ਬਹਿੰਦੀ ਆਂ ਕਲਿਆਂ ਹੋ ਕੇ
ਤੂੰ ਹਸਨਾਂ ਏਂ ਕੋਲ ਖਲੋ ਕੇ
ਅਸੀਂ ਦੋ ਤੰਨ ਇੱਕਾਂ ਮਿੱਕਾਂ
ਵੇ ਢੋਲਾ ਮੈਨੂੰ ਤੇਰੇ ਦੀਦ ਦੀਆਂ ਸਿੱਕਾਂ।

33. ਕਾਫ਼ੀ-ਸਭ ਥੀਏ ਅਲਫ਼ ਅਕਾਈ

ਸਭ ਥੀਏ ਅਲਫ਼ ਅਕਾਈ
ਫਿਰ ਦੂਜੀ ਲੋੜ ਨਾ ਕਾਈ

ਸਭੇ ਕਾਰ ਅਕਾਰਥ ਵੇਸਨ
ਤਨ ਦੇ ਲੂੰ ਲੂੰ ਭਾਂਬੜ ਲੇਸਨ
ਜੈਂ ਨ ਸੁਰਤ ਖ਼ੁਦਾਈ
ਸਭ ਥੀਏ ਅਲਫ਼ ਅਕਾਈ

ਜੱਗ ਇਕ ਬੁੱਲਾ ਤਤੜੀ ਵਾ ਦਾ
ਕੀ ਭਰਵਾਸਾ ਸਾਹ-ਦੇ-ਸਾਹ ਦਾ
ਕਤਣਾ ਵਟਣਾ ਕਿਹੜੇ ਭਾਅ ਦਾ
ਜੈਂ ਇਹ ਤੰਦ ਨ ਪਾਈ
ਸਭ ਥੀਏ ਅਲਫ਼ ਅਕਾਈ

ਮਨ ਮੈਲਾ ਤੇ ਸਭ ਤਨ ਰੋਗੀ
ਜਿੰਦ ਭੈੜੀ ਨਿਤ ਹੌਕਿਆਂ ਜੋਗੀ
ਉਂਜ ਭੋਗੀ ਪਰ ਉਂਜ ਨ ਭੋਗੀ
ਐਵੈਂ ਫਿਰਦੇ ਚਾਈ
ਸਭ ਥੀਏ ਅਲਫ਼ ਅਕਾਈ

34. ਮਹਿਗਨ ਮਾਣੂੰ ਦਾ ਢੋਲਾ
(੧੯੮੩)

ਵੇਲਾ ਸੁਰਤ ਸੁਹਾਗਣ ਸਾਈਂ
ਵੇਲਾ ਸੁਰਤ ਸੁਹਾਗਣ

ਅੱਖਾਂ ਦੇ ਵਿਚ ਚਾਨਣ ਭਰ ਕੇ
ਮੰਦਾ ਚੰਗਾ ਸਭੇ ਜਰ ਕੇ
ਆਪਣੀ ਸੂਲੀ ਮੋਢੇ ਧਰਕੇ
ਬੰਦੇ ਸਾਹ ਸਾਹ ਜਾਗਣ ਸਾਈਂ
ਵੇਲਾ ਸੁਰਤ ਸੁਹਾਗਣ ਸਾਈਂ

ਜਿਹੜੀਆਂ ਅੰਦਰੋਂ ਬਾਹਰੋਂ ਇੱਕੇ
ਸਾਂਝ ਸਭਾਈਆਂ ਇੱਕੋ ਮਿੱਕੇ
ਉਹਨਾਂ ਦੇ ਸੰਗ ਡਿੱਕਮ-ਡਿੱਕੇ
ਉਹੋ ਨਿਤ ਦੀਆਂ ਭਾਗਣ ਸਾਈਂ
ਵੇਲਾ ਸੁਰਤ ਸੁਹਾਗਣ ਸਾਈਂ

ਸ਼ਾਹ ਲਤੀਫ਼ ਸੁਨੇਹੇ ਘੱਲੇ
ਵਾਰ੍ਹੇ ਸ਼ੀਹਾਂ ਪੱਤਣ ਮੱਲੇ
ਸਜਣ ਬੇਲੀ ਸਾਥ ਨਾ ਚੱਲੇ
ਤਨ ਮਨ ਸਾੜੇ ਆਗਨ ਸਾਈਂ
ਵੇਲਾ ਸੁਰਤ ਸੁਹਾਗਣ ਸਾਈਂ ।

35. ਕਾਫ਼ੀ-ਅਸਾਂ ਰਤੜੇ ਆਪ ਰੰਗਾਈ

ਅਸਾਂ ਰਤੜੇ ਆਪ ਰੰਗਾਈ
ਰੰਗਾਂ ਦੀ ਸਾਨ੍ਹੂੰ ਥੋੜ ਨਾ ਕਾਈ

ਚਾਰ ਚੁਫੇਰੇ ਰਾਂਝਣ ਡੇਰੇ
ਅਜ਼ਲਾਂ ਦੀ ਅਸ਼ਨਾਈ
ਰੰਗਾਂ ਦੀ ਸਾਨ੍ਹੂੰ ਥੋੜ ਨਾ ਕਾਈ

ਸਾਰ ਸਹੇਸਾਂ ਰੰਗੀ ਵੇਸਾਂ
ਸਾਂਵਲ ਸੁਰਤ ਜਗਾਈ
ਰੰਗਾਂ ਦੀ ਸਾਨ੍ਹੂੰ ਥੋੜ ਨਾ ਕਾਈ

ਚੋਗ ਚੁਗਾਂਦੀ ਆਪ ਨਾ ਖਾਂਦੀ
ਇਹਾ ਅੰਤ ਸਚਾਈ
ਰੰਗਾਂ ਦੀ ਸਾਨ੍ਹੂੰ ਥੋੜ ਨਾ ਕਾਈ

ਸੁਚਲ ਸਾਹੇ ਖਲਕਤ ਰਾਹੇ
ਜਿੰਦੜੀ ਸਾਂਝ ਸਭਾਈ
ਰੰਗਾਂ ਦੀ ਸਾਨ੍ਹੂੰ ਥੋੜ ਨਾ ਕਾਈ

ਸੁਰਤ ਸੁਹਾਗਨ ਸਹੀਆਂ ਭਾਗਨ
ਦੇਵਣ ਆਣ ਵਧਾਈ
ਰੰਗਾਂ ਦੀ ਸਾਨ੍ਹੂੰ ਥੋੜ ਨਾ ਕਾਈ

36. ਲੋਕ-ਰਾਜ ਦਾ ਪੰਧ

ਕਾਲ ਬੁਲੇਂਦੀ
ਖ਼ਲਕਤ ਲਲਕਰ ਮਾਰ ਕੇ ਉੱਠੀ
ਭਾਜੜ ਪੈ ਗਈ ਹਾਕਮੀਆਂ 'ਤੇ
ਮੌਤ ਨਸੇਂਦੀ ਪੁੱਠੀ
ਅੱਖ ਰਾਠਾਂ ਚੀ ਸੂਰਜ ਮੱਥੇ
ਅੰਬਰ ਬਾਣਾਂ ਚਾਈਆਂ
ਰੋਵਣ ਦੇਣ ਦੁਹਾਈਆਂ
ਓੜਕ ਧਾੜਵੀਆਂ ਦੇ ਜੱਥੇ
ਵੱਤ ਨਾਬਰ ਬੇਲੇ ਲੱਥੇ
ਰੁਤ ਭਾਗਣ ਥਈ ਰੰਗਲੀ ਰੰਗਲੀ
ਬੇ-ਸੁਰਤੇ ਥੈ-ਸੁਰਤੇ
ਕੰਧਾਂ ਕੋਠਿਆਂ ਤੇ ਬੁੱਕਾਂ ਵਿਚ
ਲੱਥੇ ਸੂਰਜ ਚੰਨ
ਬੇਲੇ ਬਾਰਾਂ-ਅਣਖ ਸ਼ੁਦਾ ਤੇ
ਨਾਬਰ ਪਤ ਦੀ ਸਿਕ ਮਾਨਣ

ਧਾਰ ਚੁਧਾਰ ਥੀਆ ਚਾਨਣ
ਸੁਧ ਵੇਲੇ ਦਾ ਸੂਹਾ ਮੱਲ ਕੇ
ਕੱਲਰ ਭੁਏਂ ਰਤੜੀ ਲਾਲ
ਕਾਂਗ ਜਲਾਲ।

37. ਕਾਫ਼ੀ-ਨੱਚਦਾ ਮਾਧੋ ਲਾਲ

ਮੈਂ ਮਨ ਵਿਹੜੇ ਮੱਚ ਮਚਾਇਆ ਨੱਚਦਾ ਮਾਧੋ ਲਾਲ
ਨੱਚਦਾ ਮਾਧੋ ਲਾਲ।

ਚੌਕ ਚੁਬਾਰੇ ਖ਼ਲਕਤ ਲੱਥੀ
ਡੇਖਣ ਮੇਰਾ ਹਾਲ
ਨੱਚਦਾ ਮਾਧੋ ਲਾਲ ਨੱਚਦਾ ਮਾਧੋ ਲਾਲ

ਸੋਵਣ ਜੁੱਸੇ ਕਾਂਗਾਂ ਚੜ੍ਹੀਆਂ
ਅੰਦਰ ਖੂਨ ਉਬਾਲ
ਨੱਚਦਾ ਮਾਧੋ ਲਾਲ ਨੱਚਦਾ ਮਾਧੋ ਲਾਲ

ਮੇਰੀ ਅੱਖੀਂ ਸੂਰਜ ਉਸਰੇ
ਕਿਹੜਾ ਝੱਲੇ ਝਾਲ
ਨੱਚਦਾ ਮਾਧੋ ਲਾਲ ਨੱਚਦਾ ਮਾਧੋ ਲਾਲ

ਅੰਦਰ ਜੁਰਤ ਸੁਹਾਗਣ ਥੀਆ
ਬਾਹਰ ਜ਼ੋਰ ਜਲਾਲ
ਨੱਚਦਾ ਮਾਧੋ ਲਾਲ ਨੱਚਦਾ ਮਾਧੋ ਲਾਲ

ਆਖੇ ਸ਼ਾਹ ਹੁਸੈਨ ਸਾਈਂ ਦਾ
ਅੱਖਾਂ ਦੀਏ ਬਾਲ
ਨੱਚਦਾ ਮਾਧੋ ਲਾਲ ਨੱਚਦਾ ਮਾਧੋ ਲਾਲ

38. ਆਪਣੇ ਹੱਕਾਂ ਲਈ ਲੜਨ ਵਾਲੀਆਂ
ਨਾਬਰ ਔਰਤਾਂ ਦਾ ਗਾਵਣ

ਅੱਜ ਚਿੜੀਆਂ ਖੰਭ ਖਿਲਾਰੇ
ਇਹਨਾਂ ਉੱਡਣਾ ਏਂ
ਰੱਜ ਉੱਡਣਾ ਏਂ
ਜਾ ਬਹਿਣ ਅਰਸ਼ ਕਿਨਾਰੇ
ਅੱਜ ਚਿੜੀਆਂ ਖੰਭ ਖਿਲਾਰੇ

ਜੀਵਨ ਰੋਗ ਸਦਾ ਨਹੀਂ ਸਹਿਣਾ
ਜਿੰਦੜੀ ਗਾਲਣ ਲਈ ਨਹੀਂ ਬਹਿਣਾ
ਜਿੰਦ ਮਲੂਕ ਮਲੂਕ ਨਹੀਂ ਰਹਿਣਾ
ਚਾਣੇ ਅਪਣੇ ਭਾਰੇ
ਅੱਜ ਚਿੜੀਆਂ ਖੰਭ ਖਿਲਾਰੇ

ਸਾਂਝ ਬਣੇ ਤ੍ਰਿੰਜਨ ਦੀ ਬੋਲੀ
ਨਾ ਕੋਈ ਰਾਣੀ ਨਾ ਕੋਈ ਗੋਲੀ
ਆਪਣੇ ਹੱਥ ਸਧਰਾਂ ਦੀ ਡੋਲੀ
ਭਾਵੇਂ ਸ਼ੌਹ ਵਿਚਕਾਰੇ
ਅੱਜ ਚਿੜੀਆਂ ਖੰਭ ਖਿਲਾਰੇ

ਰਿਸ਼ਮਾਂ ਧੋਤੇ ਪਿੰਡੇ ਭਾਗਨ
ਜਂੈ ਅੱਖਾਂ ਨਿਤ ਸੁਰਤ ਸੁਹਾਗਣ
ਜੀਵਨ ਸ਼ਾਲਾ ਸੁਰਤ ਸੁਹਾਗਣ
ਜਿੰਨ੍ਹਾਂ ਪਾੜ ਵੰਗਾਰੇ
ਅੱਜ ਚਿੜੀਆਂ ਖੰਭ ਖਿਲਾਰੇ

39. ਕਾਲ ਤੇ ਨਾਰਦ (੧੯੭੭-੧੯੮੮)

ਕਾਲ ਬੁਲੇਂਦੀ
ਧੂੜਾਂ ਚੇਂਦੀ
ਨਾਰਦ ਰਤ ਖਿਲਾਰੀ
ਛੌ ਨਾ ਭਰਦਾ ਕੜਮੇਂ ਦਾ
ਤੇ ਕਰਦਾ ਮਾਰੋ ਮਾਰੀ
ਹੱਥੀਂ ਪੈਰੀਂ ਲੂਹਾ ਲੱਗਾ
ਗਲ ਵਿਚ ਖੂਨੀ ਝੱਗਾ
ਅੱਖੀਂ ਕਹਿਰ ਅੰਗਾਰੇ
ਸਿਰ ਤੇ ਲੱਥਾ ਇਹ ਬਦਰੰਗਾ
ਕਰੜਾ ਵੇਲਾ
ਕੌਣ ਵੰਗਾਰੇ
ਸਖਣੇ ਚੌਕ ਚੁਬਾਰੇ

ਲੋਕੀ ਭੈੜੇ ਜਿੰਦ ਮਾਨਣ ਦੇ
ਲੋਭ ਲੁਭਾ ਵਿਚ ਰੁੱਝੇ
ਸੂਝਾਂ ਸੂਰਜ ਬੁੱਝੇ
ਰਾਤ ਨੇ ਡੀਂਹ ਦੇ ਚਾਨਣ ਵਿਹੜੇ
ਸੰਨ੍ਹਾਂ ਲਾਈਆਂ

ਵਾਹਰੀਆਂ ਫਿਰਦੀਆਂ ਕਾਲਖ਼ ਜਾਈਆਂ
ਬੌਹੜ ਓ ਸਾਈਆਂ
ਬੌਹੜ ਓ ਸਾਈਆਂ

40. ਅੰਤ ਵਿਛੋੜਾ

ਅੱਖ ਝਮਕਣ ਤਾਈਂ ਖੌਰੇ ਕਿੰਨੇ ਰੂਪ ਸਰੂਪ ਵਟਾਵੇਂ
ਦੁੱਖ ਮਿੱਤਰਾਂ ਦੀ ਝੋਲੀ ਪਾ ਕੇ ਕਿਹੜੀ ਥਾਂ ਛੁਪ ਜਾਵੇਂ
ਕਿਹੜੀ ਝੋਕ ਵਸਾਵੇਂ

ਚਾਰ ਚੁਫੇਰੇ ਤੇਰੀਆਂ ਯਾਦਾਂ ਦਾ ਚਾਨਣ ਤੇਰੀ ਲੋ
ਰਤ ਦਿਆ ਸਜਣਾ ਇਕ ਵਾਰੀ ਤੇ ਨੇੜੇ ਆਣ ਖਲੋ
ਸੋਚਾਂ ਦੇ ਸ਼ੀਸ਼ੇ ਵਿਚ ਹੱਸਦਾ ਆਵੇਂ ਹੱਸਦਾ ਜਾਵੇਂ
ਕਿਹੜੀ ਝੋਕ ਵਸਾਵੇਂ
ਅੱਖ ਝਮਕਣ ਤਾਈਂ ਖੌਰੇ ਕਿੰਨੇ ਰੂਪ ਸਰੂਪ ਵਟਾਵੇਂ

ਜਾ ਤਕਦੀਰੇ ਭੈੜੀਏ ਸਾਡੇ ਵਸਦੇ ਬਾਗ਼ ਉਜਾੜੇ
ਜੰਜਾਂ ਬੈਠੀਆਂ ਰਹਿ ਗਈਆਂ ਤੇ ਰੁਸ ਕੇ ਟੁਰ ਗਏ ਲਾੜੇ
ਬਿਰਹੋਂ ਦੇ ਫੁਲ ਚੁਣ ਚੁਣ ਮਾਏ ਕਿਸ ਦੀ ਝੋਲੀ ਪਾਵੇਂ
ਕਿਸ ਨੂੰ ਪਈ ਪਰਨਾਵੇਂ
ਅੱਖ ਝਮਕਣ ਤਾਈਂ ਖੌਰੇ ਕਿੰਨੇ ਰੂਪ ਸਰੂਪ ਵਟਾਵੇਂ

41. ਕਾਫ਼ੀ-ਮਾਏ ਨੀ ਸਾਨੂੰ ਡਾਢੇ ਰੋਗ ਅਵੱਲੇ ਨੀ

ਮਾਏ ਨੀ ਸਾਨੂੰ ਡਾਢੇ ਰੋਗ ਅਵੱਲੇ ਨੀ
ਸੱਜਣ ਦੂਰ ਦੁਰਾਡੇ ਟੁਰ ਗਏ
ਕਰ ਕੇ ਸਾਨੂੰ ਝੱਲੇ ਨੀ
ਸਾਨੂੰ ਡਾਢੇ ਰੋਗ ਅਵੱਲੇ ਨੀ

ਲੇਕੀ ਹੱਸ ਹੱਸ ਖ਼ੁਸ਼ੀਆਂ ਮਾਨਣ
ਰੋਂਦੇ ਹਾਂ ਅਸੀਂ ਕੱਲੇ ਨੀ
ਸਾਨੂੰ ਡਾਢੇ ਰੋਗ ਅਵੱਲੇ ਨੀ

ਅੰਤ ਵਿਛੋੜਾ ਅੰਦਰ ਸਾੜੇ
ਫੱਟ ਵਿਰਹੋਂ ਦੇ ਅੱਲੇ ਨੀ
ਸਾਨੂੰ ਡਾਢੇ ਰੋਗ ਅਵੱਲੇ ਨੀ

ਲੱਪ ਸਾਹਾਂ ਦੀ ਛਾਨਣੀ ਛਾਨਣੀ
ਜੁਸੇ ਰੱਤ ਨਾ ਚੱਲੇ ਨੀ
ਸਾਨੂੰ ਡਾਢੇ ਰੋਗ ਅਵੱਲੇ ਨੀ

ਸੱਜਣ ਸਾਕ ਨਾ ਸਾਰ ਵਲੇਂਦੇ
ਤੋੜ ਸੁਨੇਹੇ ਘੱਲੇ ਨੀ
ਸਾਨੂੰ ਡਾਢੇ ਰੋਗ ਅਵੱਲੇ ਨੀ

ਤੇਥੇ ਹੱਥ ਵਿਚ ਜੋਤ ਸ਼ਫ਼ਾ ਦੀ
ਸਾਡੇ ਦੱਸ ਕੀ ਪੱਲੇ ਨੀ
ਸਾਨੂੰ ਡਾਢੇ ਰੋਗ ਅਵੱਲੇ ਨੀ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ