Punjabi Poetry : Hazara Singh Mushtaq

ਪੰਜਾਬੀ ਕਵਿਤਾਵਾਂ : ਹਜ਼ਾਰਾ ਸਿੰਘ ਮੁਸ਼ਤਾਕ

1. ਵਾਰ ਗੁਰੂ ਗੋਬਿੰਦ ਸਿੰਘ ਜੀ

(ਪੀਰ ਬੁਧੂ ਸ਼ਾਹ ਦੀ ਜ਼ਬਾਨੀ)

ਜਦੋਂ ਵੇਖਿਆ ਬੁੱਧੂ ਸ਼ਾਹ ਨੇ ਚਿਹਰਾ ਨੂਰਾਨੀ
ਉਸ ਆਖਿਆ ਦੁਨੀਆਂ ਵਾਲਿਓ ਇਹ ਜੋਤ ਰੱਬਾਨੀ
ਇਹ ਪੁਤਰ ਗੁਜਰੀ ਮਾਤ ਦਾ ਪੁਤਰਾਂ ਦਾ ਦਾਨੀ
ਇਹ ਚੁਣ ਚੁਣ ਮਾਰ ਮੁਕਾਏਗਾ ਜ਼ਾਲਮ ਅਭਿਮਾਨੀ
ਇਸ ਕਰਨੀ ਏਂ ਸੰਸਾਰ ਤੇ ਏਨੀ ਕੁਰਬਾਨੀ
ਇਹਦਾ ਸਾਨੀ ਕੋਈ ਨਾ ਹੋਏਗਾ ਇਹ ਪੀਰ ਲਾਸਾਨੀ
ਇਸ ਹੋਣ ਨਹੀਂ ਦੇਣੀ ਜੱਗ ਤੇ ਜਨਤਾ ਦੀ ਹਾਨੀ
ਇਕ ਸਾਂਝਾ ਧਰਮ ਚਲਾਏਗਾ ਇਹ ਧਰਮ ਦਾ ਬਾਨੀ
ਇਹਦੀ ਤੇਗ ਦਾ ਪਾਣੀ ਭਰੇਗੀ ਬਿਜਲੀ ਅਸਮਾਨੀ
ਤੇ ਗਰਦਸ਼ ਘੇਰਾ ਖਾਏਗੀ ਇਹਦੀ ਵੇਖ ਰਵਾਨੀ
ਹੁਣ ਤੀਰਾਂ ਦੇ ਸਾਹ ਸੂਤਣੇ ਇਹਦੀ ਕੋਮਲ ਕਾਨੀ
ਇਹ ਜਲਵਾ ਨਾਨਕ ਗੁਰੂ ਦਾ ਪਰਤੱਖ ਨਿਸ਼ਾਨੀ

ਇਸ ਅੰਮ੍ਰਿਤ ਘੁਟ ਪਿਆਲ ਕੇ ਕੌਤਕ ਵਰਤਾਣੇ
ਕਈ ਜੀਵਣ ਜੋਗੇ ਮਰਨਗੇ ਫਿਰ ਹਾਸੇ ਭਾਣੇ
ਉਹ ਹੱਸ ਹੱਸ ਗੋਲੀਆਂ ਖਾਣਗੇ ਜਿਉਂ ਖੰਡ ਮਖਾਣੇ
ਇਹ ਤੇਗ ਬਹਾਦਰ ਪਿਤਾ ਦੇ ਹਨ ਹੁਕਮ ਬਜਾਣੇ
ਇਸ ਤੇਗ ਚਲਾ ਕੇ ਜੁਲਮ ਦੇ ਅੰਧੇਰ ਮਿਟਾਣੇ
ਇਹਦੀ ਤੇਗ ਦਾ ਪਾਣੀ ਭਰਨਗੇ ਕਈ ਰਾਜੇ ਰਾਣੇ
ਤੇ ਭੀਖਮ ਸ਼ਾਹ ਵੀ ਏਸ ਦੇ ਹਨ ਸੋਹਲੇ ਗਾਣੇ
ਇਹਨੂੰ ਉੱਚ ਦਾ ਪੀਰ ਬਣਾਣਗੇ ਪਾ ਨੀਲੇ ਬਾਣੇ

ਇਸ ਪੰਜ ਪਿਆਰੇ ਸਾਜ ਕੇ ਪੰਚਾਇਤ ਸਜਾਣੀ
ਇਸ ਪੰਜ ਤੱਤ ਦੇ ਪੁਤਲੇ ਦੀ ਸ਼ਾਨ ਵਧਾਣੀ
ਇਸ ਹੱਥ ਦੇ ਪੰਜੇ ਵਾਂਗਰਾਂ ਹੈ ਸਾਂਝ ਬਣਾਣੀ
ਇਹਨੇ ਭਾਣੇ ਦੇ ਵਿਚ ਰਹਿੰਦਿਆਂ ਕਰਨੀ ਮਨਭਾਣੀ
ਇਸ ਅੱਥਰੀ ਗਰਦਸ਼ ਚਲਦੀ ਪਿਛੇ ਪਰਤਾਣੀ
ਇਸ ਯੋਧੇ ਆਪਣੇ ਖੂਨ ਦੀ ਹੈ ਨਦੀ ਵਗਾਣੀ
ਹੈ ਆਉਣਾ ਇਸ ਮਲਾਹ ਦੇ ਫਿਰ ਗਲ ਗਲ ਪਾਣੀ
ਪਰ ਅੱਖੀਆਂ ਦੇ ਵਿਚ ਏਸਦੇ ਨਹੀਂ ਆਉਣਾਂ ਪਾਣੀ
ਇਸ ਰਣ ਵਿਚ ਹੱਥੀਂ ਤੋਰਨੇ ਪੁਤਰ ਬਿਨ ਪਾਣੀ
ਪਰ ਖੂਨ ਦੇ ਪਿਆਸੇ ਵੈਰੀਆਂ ਮੂੰਹ ਚੋਣਾ ਪਾਣੀ
ਇਸ ਜ਼ੁਲਮ ਪਾਪ ਦੀ ਜੱਗ ਚੋਂ ਹੈ ਅਲਖ ਮੁਕਾਣੀ
ਪਰ ਲਹੂ ਨਾਲ ਇਹ ਲਿਖ਼ੇਗਾ ਇਕ ਅਮਰ ਕਹਾਣੀ

ਇਸ ਪਿਆਰ ਨਾਲ ਹਨ ਪੂਰਨੇ ਮਜ਼ਹਬ ਦੇ ਪਾੜੇ
ਇਸ ਇਕੋ ਜਗ੍ਹਾ ਬਿਠਾਲਨੇ ਤਕੜੇ ਤੇ ਮਾੜੇ
ਇਸ ਪੈਣ ਨਹੀਂ ਦੇਣੇ ਦਿਲਾਂ ਤੇ ਡਾਕੇ ਤੇ ਧਾੜੇ
ਇਹ ਠੰਡ ਦਿਲਾਂ ਵਿਚ ਪਾਏਗਾ ਸਾੜੇਗਾ ਸਾੜੇ
ਹੁਣ ਲੱਖਾਂ ਚੋਂ ਨਹੀਂ ਭੜਕਦੇ ਖੂਨੀ ਚੰਗਿਆੜੇ
ਹੁਣ ਬਿਜਲੀ ਸਾੜ ਨਹੀਂ ਸਕਣੇ ਜੱਟ ਦੇ ਖਲਵਾੜੇ
ਹੁਣ ਹੀਰੇ ਲੁੱਟ ਨਹੀਂ ਸਕਣੇ ਕਿਸੇ ਭੰਗ ਦੇ ਭਾੜੇ
ਹੁਣ ਸ਼ੀਹਾਂ ਪਾੜ ਨਹੀਂ ਸਕਣੇ ਭੇਡਾਂ ਦੇ ਵਾੜੇ

ਇਸ ਚਾਰਾਗਰ ਬੇਚਾਰਿਆਂ ਦੇ ਕਰਨੇ ਚਾਰੇ
ਇਸ ਇਕੋ ਜਿਹੇ ਬਨਾਵਨੇ ਇਹ ਵਰਨ ਜੋ ਚਾਰੇ
ਇਸ ਕਹਿਣਾ 'ਪਸ਼ੂਆਂ ਵਾਂਗ ਕੋਈ ਬੰਦੇ ਨਾ ਚਾਰੇ'
ਇਹ ਨੂਰੋ ਨੂਰ ਬਣਾਏਗਾ ਫਿਰ ਕੂਟਾਂ ਚਾਰੇ
ਜਾਂ ਮਰਦੇ ਵੇਖੇ ਇਸਨੇ ਬੇਬੱਸ ਬੇਚਾਰੇ
ਇਸ ਹੀਰੇ ਪੁਤਰ ਵਾਰਨੇ ਚਾਰੇ ਦੇ ਚਾਰੇ

ਇਸ ਬੇਪਰਵਾਹ ਤੇ ਆਏਗਾ ਇਕ ਐਸਾ ਵੇਲਾ
ਇਹਦੇ ਗਿਰਦੇ ਕੁਲ ਮੁਸੀਬਤਾਂ ਨੇ ਲਾਣਾ ਮੇਲਾ
ਇਹ ਬਾਨੀ ਇਨਕਲਾਬ ਦਾ ਇਹ ਸੱਜਣ ਸੁਹੇਲਾ
ਇਹ ਵੀਰ ਦਿਲਾਂ ਦੀ ਫਸਲ ਤੋਂ ਲਾਹੇਗਾ ਤੇਲਾ
ਇਹ ਪਿਆਰ ਨਾਲ ਮਹਿਕਾਏਗਾ ਕੁਲ ਜੰਗਲ ਬੇਲਾ
ਇਹ ਮੌਲਾ ਪਾਕ ਹਬੀਬ ਹੈ ਬਾਂਕਾ ਅਲਬੇਲਾ
ਇਹ ਪੀਰਾਂ ਦਾ ਵੀ ਪੀਰ ਹੈ ਇਹਦਾ ਨੂਰ ਨਵੇਲਾ
'ਮੁਸ਼ਤਾਕ' ਜ਼ਮਾਨਾ ਗਾਏਗਾ ਆਣਾ ਉਹ ਵੇਲਾ
ਵਾਹ ਪ੍ਰਗਟਿਉ ਮਰਦ ਅਗੰਮੜਾ ਵਰਿਆਮ ਇਕੇਲਾ
ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ

2. ਬਾਜਾਂ ਵਾਲਾ ਗੁਰੂ

ਬਾਜਾਂ ਵਾਲਿਆ ਬੜਾ ਹੈਰਾਨ ਹਾਂ ਮੈ,
ਖੇਡਾਂ ਵੇਖ ਕੇ ਤੇਰੇ ਪਿਆਰ ਦੀਆਂ।
ਕਿਧਰੇ ਤੀਰ ਤੇਰੇ ਜੀਵਨ ਦੇਂਦੇ,
ਤੇਗਾਂ ਤੇਰੀਆਂ ਨੇ ਕਿਧਰੇ ਮਾਰ ਦੀਆਂ।
ਤੇਰੇ ਦਿਲ ਦਰਿਆ ਦੀਆਂ ਦਰਦ ਲਹਿਰਾਂ,
ਕਿਧਰੇ ਡੋਬ ਦੀਆਂ ਕਿਧਰੇ ਤਾਰ ਦੀਆਂ।
ਚੰਨ ਪਿਆਰ ਦਾ ਤੇ ਸੂਰਜ ਬੀਰਤਾ ਦਾ,
ਜਾਪੇ ਡਲ੍ਹਕਦੇ ਨੂਰ ਦੀ ਛੱਬ ਮੈਨੂੰ,
ਜਿਹੜੇ ਰੂਪ ਅੰਦਰ ਤੈਨੂੰ ਵੇਖਿਆ ਮੈ,
ਓਸੇ ਰੂਪ ਅੰਦਰ ਦਿਸਿਓਂ ਰੱਬ ਮੈਨੂੰ।
ਮੇਰੇ ਪਾਤਸ਼ਾਹ! ਤੇਰੀਆਂ ਕਰਨੀਆਂ ਨੇ,
ਹੈਰਤ ਵਿੱਚ ਸਾਰੀ ਦੁਨੀਆਂ ਪਾ ਦਿੱਤੀ।
ਦੱਸੀ ਬੀਰਤਾ ਬੇਮਿਸਾਲ ਦੱਸੀ,
ਦੱਸਿਆ ਪਿਆਰ ਤੇ ਹੱਦ ਮੁਕਾ ਦਿੱਤੀ।
ਘੋਰ ਯੁੱਧ ਅੰਦਰ ਲੜਦੇ ਲੜਦਿਆਂ ਤੂੰ,
ਜਿਹੜੇ ਵੈਰੀ ਤੇ ਤੇਗ ਚਲਾ ਦਿੱਤੀ,
ਓਹਦੇ ਮੂੰਹ ਵਿੱਚ ਪਾਣੀ ਵੀ ਚੋ ਦਿਤਾ,
ਓਹਦੇ ਫੱਟਾਂ ਤੇ ਮਰ੍ਹਮ ਵੀ ਲਾ ਦਿੱਤੀ।
ਪਰ ਜੇ ਮੰਗਿਆ ਪਾਣੀ ਜੁਝਾਰ ਆ ਕੇ,
ਓਹਦੀ ਆਸ ਦਾ ਲੱਕ ਤਰੋੜ ਦਿੱਤਾ।
ਦੋਜ਼ਖ਼ ਜੇਹੀ ਉਸ ਭੜਕਦੀ ਅੱਗ ਅੰਦਰ,
ਹਾਏ ਪੁੱਤਰ ਤ੍ਰਿਹਾਇਆ ਹੀ ਮੋੜ ਦਿੱਤਾI
ਪੁੱਜੀ ਜਦੋਂ ਖਦਰਣਿਓਂ ਖ਼ਬਰ ਤੈਨੂੰ,
ਮਹਾਂ ਸਿੰਘ ਦੀ ਆਸ ਪੁਜਾਈ ਜਾ ਕੇ,
ਬੁਝਦੀ ਵੇਖ ਓਹਦੀ ਸ਼ਮ੍ਹਾ ਜ਼ਿੰਦਗੀ ਦੀ,
ਡਲ੍ਹਕ ਨੈਣਾਂ ਦੀ ਨੈਣਾਂ ‘ਚ ਪਾਈ ਜਾ ਕੇ।
ਤਲੀਆਂ ਝੱਸ ਕੇ ਹੋਸ਼ ਪਰਤਾਏ ਓਹਦੇ,
ਕਦਮਾਂ ਵਿੱਚ ਜਾ ਧਰੀ ਖੁਦਾਈ ਜਾ ਕੇ,
ਡੱਕੇ ਹੋਏ ਚਮਕੌਰ ਸਰਹੰਦ ਵਾਲੇ
ਓਸ ਥਾਂ ਤੂੰ ਹੰਝੂ ਵਗਾਏ ਜਾ ਕੇ।
ਬਾਜ ਛੱਡਿਆ ਤਖ਼ਤ ਤੇ ਤਾਜ ਛੱਡਿਆ,
ਕਿਧਰੇ ਮਾਤ ਛੱਡੀ ਕਿਧਰੇ ਮਹਿਲ ਛੱਡੇ,
ਫਤਿਹ, ਜ਼ੋਰ, ਅਜੀਤ, ਜੁਝਾਰ ਛੱਡਿਆ,
ਧੁਰ ਦੀ ਸਾਂਝ ਤੇ ਸੁੱਖਾਂ ਦੀਂ ਆਸ ਛੱਡੀ,
ਮੁੱਦਾ ਕੀ ਤੂੰ ਸਾਰਾ ਸੰਸਾਰ ਛੱਡਿਆ
ਸੱਭ ਕੁੱਝ ਛੱਡਿਆ ਏਦਾਂ ਤਿਆਗੀਆ ਤੂੰ,
ਪੈਰੋਂ ਜੋੜਾ ਵੀ ਕਿਧਰੇ ਤਿਆਗ ਛੱਡਿਆ।
ਓਸ ਥਾਂ ਤੋਂ ਪੁੱਟੇ ਨਾ ਪੈਰ ਮੁੜਕੇ,
ਇਕ ਵਾਰ ਜਿਸ ਥਾਂ ਤੇ ਖਲੋਅ ਗਿਓਂ ਤੂੰ,
ਰਤਾ ਡੋਲਿਆ ਨਾ ਸਾਬਤ ਦਿਲ ਤੇਰਾ,
ਬੇਸ਼ਕ ਡੱਕਰੇ ਡੱਕਰੇ ਹੋ ਗਿਓਂ ਤੂੰ
ਤੈਨੂੰ ਪੰਜਾਂ ਪਿਆਰਿਆਂ ਹੁਕਮ ਦਿੱਤਾ
ਜਦੋਂ ਪੰਥ ਪਿਆਰ ਦੇ ਨਾਂ ਥੱਲੇ,
ਸੱਭ ਕੁੱਝ ਛੱਡ ਕੇ ਕਿਲੇ ‘ਚੋਂ ਤੁਰ ਪਿਓਂ ਤੂੰ,
ਚਾਈਂ ਚਾਈਂ ਤਲਵਾਰਾਂ ਦੀ ਛਾਂ ਥੱਲੇ।
ਸ਼ਾਨਾਂ ਮੇਟੀਆਂ, ਮੇਟ ਨਿਸ਼ਾਨ ਦਿੱਤੇ,
ਐਪਰ ਪੰਥ ਦੀ ਸ਼ਾਨ ਚਮਕਾਨ ਖਾਤਰ,
ਜਿਉਂਦੀ ਜਾਨ ਮੁਸ਼ਤਾਕ ਤੂੰ ਰਿਹਾ ਮਰਦਾ,
ਕੌਮੀ ਅਣਖ ਬਦਲੇ ਕੌਮੀ ਆਨ ਖਾਤਰ।

3. ਗੁਰੂ ਗੋਬਿੰਦ ਸਿੰਘ ਜੀ

ਸੋਹਲ ਕਲੀਆਂ ਜਿਹੇ ਪੁੱਤ ਕੋਹਾ ਸਕਦਾਂ,
ਝੜਦਾ ਫੁੱਲਾਂ ਦਾ ਬੂਰ ਨਹੀਂ ਵੇਖ ਸਕਦਾ,
ਮਾਛੀਵਾੜੇ ਵਿੱਚ ਭੁੱਖਾ ਤਾਂ ਰਹਿ ਸਕਦਾਂ,
ਪਰ ਮੈਂ ਭੁੱਖਾ ਮਜ਼ਦੂਰ ਨਹੀਂ ਵੇਖ ਸਕਦਾ ।
ਜੇ ਮਜ਼ਦੂਰ ਦਾ ਸਬਰ ਬੇਤਾਬ ਹੋਇਆ,
ਇਹਦੀ ਤਾਬ ਨੂੰ ਕਿਸੇ ਨਹੀਂ ਰੋਕ ਸਕਣਾ,
ਚਾਲ ਸਮੇਂ ਦੀ ਠਲੀ ਨਹੀਂ ਜਾ ਸਕਣੀ,
ਇੰਕਲਾਬ ਨੂੰ ਕਿਸੇ ਨਹੀਂ ਰੋਕ ਸਕਣਾ ।

4. ਸ਼ਹੀਦ ਊਧਮ ਸਿੰਘ ਦੇ ਬਲੀਦਾਨ ਦਿਵਸ ਤੇ

"ਓ ਲਾਰਡ ਉਡਵਾਇਰ ਤੂੰ ਵੇਖ ਆ ਕੇ,
ਗੱਲ ਇਸ਼ਕ ਦੀ ਟਾਲੀ ਨਹੀਂ ਜਾ ਸਕਦੀ।
ਖੂਨ ਆਸ਼ਕਾਂ ਦਾ ਓੜਕ ਰੰਗ ਲਾਂਦਾ,
ਬਿਰਥਾ ਘਾਲਣਾ ਘਾਲੀ ਨਹੀਂ ਜਾ ਸਕਦੀ।
ਜਿਹੜੇ ਬਾਗ਼ ਨੂੰ ਜਾਲਮਾ ਅੱਗ ਲਾਈ,
ਖੁਸ਼ਬੂ ਓਹਦੀ ਸੰਭਾਲੀ ਨਹੀਂ ਜਾ ਸਕਦੀ।
ਬੂਟੇ ਫੁੱਲਾਂ ਦੇ ਲੂਹੇ ਤਾਂ ਜਾ ਸਕਦੇ,
ਮਹਿਕ ਫੁੱਲਾਂ ਦੀ ਬਾਅਲੀ ਨਹੀਂ ਜਾ ਸਕਦੀ।"

"ਫੁੱਲ ਹੱਸਦੇ ਕਲੀਆਂ ਮੁਸਕਾਂਦੀ ਆਂ ਨੇ,
ਸਾਡੇ ਬਾਗ਼ ਵਿੱਚ ਫੇਰ ਬਹਾਰ ਆਈ।
ਸਾਡੇ ਗੱਲ ਵਿੱਚ ਜਿੱਤ ਨੇ ਹਾਰ ਪਾਏ,
ਤੇਰੇ ਫੇਰ ਨਸੀਬਾਂ ਨੂੰ ਹਾਰ ਆਈ।
ਊਧਮ ਸਿੰਘ ਤੂੰ ਅਮਰ ਹੈਂ ਜੱਗ ਅੰਦਰ,
ਅਸੀਂ ਰੱਜ ਕੇ ਤੈਨੂੰ ਪਿਆਰ ਦੇਈਏ।
ਤੂੰ ਇੱਕ ਵੈਰੀ ਵੰਗਾਰ ਕੇ ਮਾਰਿਆ ਸੀ,
ਅਸੀਂ ਤੇਰੇ ਤੋਂ ਜਿੰਦੜੀਆਂ ਵਾਰ ਦੇਈਏ।"

"ਤੇਰੇ ਪੈਰਾਂ ਦੀ ਛੋਹ ਨੂੰ ਤਰਸਦੀ ਏ
ਜਲਿਆਂ ਵਾਲੇ ਦੇ ਬਾਗ਼ ਦੀ ਖ਼ਾਕ ਬੀਬਾ,
ਤੂੰ ਮੁਸ਼ਤਾਕ ਸੀ ਵਤਨ ਦਾ ਦਰਦਮੰਦਾ
ਤੇਰਾ ਵਤਨ ਹੈ ਤੇਰਾ ਮੁਸ਼ਤਾਕ ਬੀਬਾ।"

5. ਗੁਰੂ ਨਾਨਕ

ਇਕ ਓਂਕਾਰੀਆ ਤੂੰ ਤੇਰਾਂ ਤੋਲਿਆ ਸੀ,
ਚਾਰ ਕੌਡਾਂ ਤੋਂ ਵਿਕਦਾ ਈਮਾਨ ਏਥੇ ।
ਏਥੇ ਚਾਰ ਵੀਹ ਲੱਖ ਪਤੀ ਬਣ ਗਏ,
ਜੀਵਣ ਸਤ ਦਾ ਮੌਤ ਸਮਾਨ ਏਥੇ ।
ਵਿਹਲੜ ਖੂਨ ਪੀਂਦੇ ਭੁੱਖੇ ਕਿਰਤੀਆਂ ਦਾ,
ਏਥੇ ਭੁਖਿਆਂ ਦੀ ਗਲਦੀ ਦਾਲ ਕੋਈ ਨਹੀਂ ।
ਜਿਸ ਦੇ ਦਿਲ ਵਿੱਚ ਪਿਆਰ ਦੀ ਭੁੱਖ ਹੋਵੇ,
ਏਥੇ ਭੁਖਿਆਂ ਦਾ ਭਾਈਵਾਲ ਕੋਈ ਨਹੀਂ ।
ਭੁੱਖੇ ਨੀਤ ਦੇ ਓਵੇਂ ਜਹਾਨ ਅੰਦਰ,
ਢਿੱਡੋਂ ਭੁਖਿਆਂ ਦਾ ਲਹੂ ਪੀ ਰਹੇ ਨੇ ।
ਇਥੇ ਜੀਣ ਜੋਗੇ ਮਾਰੇ ਜਾ ਰਹੇ ਨੇ,
ਐਪਰ ਮਰਨ ਜੋਗੇ ਏਥੇ ਜੀ ਰਹੇ ਨੇ

6. ਨਾ ਕੋਈ ਤਖ਼ਤ ਰਹਿਣਾ ਨਾ ਕੋਈ ਤਾਜ ਰਹਿਣਾ

ਨਾ ਕੋਈ ਤਖ਼ਤ ਰਹਿਣਾ ਨਾ ਕੋਈ ਤਾਜ ਰਹਿਣਾ,
ਰਹਿਣਾ ਸਮਾਂ ਨਹੀ ਲੁਟਾਂ ਤੇ ਧਾੜਿਆਂ ਦਾ,
ਬਣਨਾ ਤਾਜ ਮਜ਼ਦੂਰ ਦੀ ਟੋਕਰੀ ਨੇ
ਖੁਰਾ ਖੋਜ ਮਿਟ ਜਾਣਾ ਰਜਵਾੜਿਆਂ ਦਾ।

ਜੇ ਮਜਦੂਰ ਦਾ ਸਬਰ ਬੇਤਾਬ ਹੋਇਆ
ਇਹਦੀ ਤਾਬ ਨੂੰ ਕਿਸੇ ਨਹੀ ਰੋਕ ਸਕਣਾ।
ਚਾਲ ਸਮੇਂ ਦੀ ਠਲੀ ਨਹੀਂ ਜਾ ਸਕਣੀ,
ਇੰਕਲਾਬ ਨੂੰ ਕਿਸੇ ਨਹੀਂ ਰੋਕ ਸਕਣਾ

7. ਤੇਰੀ ਮਹਿਫ਼ਲ ਦੇ ਰੰਗ ਵੇਖੇ ਨੇ

ਤੇਰੀ ਮਹਿਫ਼ਲ ਦੇ ਰੰਗ ਵੇਖੇ ਨੇ,
ਤੇਰੀ ਮਹਿਫ਼ਲ ਬੇਰੰਗ ਹੋਵੇਗੀ।
ਹੁਸਨ ਤੇ ਇਸ਼ਕ ਦਾ ਜੇ ਮੇਲ ਨਹੀਂ,
ਤੇਰੀ ਮਹਿਫ਼ਲ ਚ ਜੰਗ ਹੋਵੇਗੀ।

ਸੂਲੀ ਉਤੇ ਵੀ ਹੱਕ ਦੀ ਖਾਤਰ,
ਆਸ਼ਕਾਂ ਦਾ ਜਨੂੰਨ ਬੋਲੇਗਾ
ਮਰਨ ਵਾਲਾ ਜੇ ਬੋਲ ਨਾ ਸਕਿਆ,
ਮਰਨ ਵਾਲੇ ਦਾ ਖ਼ੂਨ ਬੋਲੇਗਾ

ਹਰ ਪਿਆਕਲ ਦੇ ਤੜਫਦੇ ਦਿਲ ਚੋਂ
ਹਾਓਕਾ ਪਰਲੋ ਸਮਾਨ ਉਠੇਗਾ,
ਹਰ ਪਿਆਲੀ ਚੋਂ ਅੱਗ ਭੜਕੇਗੀ,
ਅੱਗ ਦਾ ਇਕ ਤੂਫ਼ਾਨ ਉੱਠੇਗਾ।

ਜ਼ੁਲਮ ਦੀ ਰਾਤ ਮੁੱਕ ਜਾਣੀ ਏ,
ਹੋਣਾ ਹਰ ਹਾਲ ਚ ਸਵੇਰਾ ਏ।
ਤੇਰਾ "ਮੁਸ਼ਤਾਕ " ਸੱਚ ਕਹਿੰਦਾ ਏ,
ਅੱਜ ਤੇਰਾ ਏ ਕਲ੍ਹ ਮੇਰਾ ਏ।

8. ਮਹਿਫਲ ਵਿਚ ਆਪਾ ਧਾਪੀ ਏ

ਮਹਿਫਲ ਵਿਚ ਆਪਾ ਧਾਪੀ ਏ,
ਰੌਲਾ ਰੱਪਾ ਤੇ ਚੀਕਾਂ ਨੇ,
ਜਿਓਂ ਸੇਹ ਦਾ ਤੱਕਲਾ ਗੱਡ ਦਿੱਤਾ,
ਇਸ ਵਿਹੜੇ ਵਿੱਚ ਸ਼ਰੀਕਾਂ ਨੇ।

ਬੇਦੰਮ ਹਾਂ ਪਰ ਮੈਂ ਬੇਦਿਲ ਨਹੀਂ,
ਅਖਾਂ ਵਿੱਚ ਅਜੇ ਉਡੀਕਾਂ ਨੇ,
ਓ ! ਹੁਸਨ ਦੇ ਮਾਲਕ ਵੇਖ ਰਤਾ,
ਇਹ ਇਸ਼ਕ ਦੀਆਂ ਤੋਫੀਕਾਂ ਨੇ।

ਹਥਾਂ ਦੀ ਸਫ਼ਾਈ ਦੱਸਦਾ ਜੋ
ਚਲਾਕ ਨਜੂਮੀ ਕੀ ਜਾਣੇ,
ਹਥਾਂ ਦੀਆਂ ਰੇਖਾ ਮਿਟ ਗਈਆਂ,
ਮੇਰੇ ਦਿਲ ਉਤੇ ਲੀਕਾਂ ਨੇ।

ਰੰਗੀਨ ਮੁਹੱਬਤ ਵਾਲੇ ਦੇ
ਲਾਰੇ ਵੀ ਰੰਗ ਰੰਗੀਲੇ ਨੇ,
ਮਿਲਣ ਵਾਅਦੇ ਕਾਇਮ ਨੇ
ਪਰ ਜੂਨਾਂ ਜੇਡ ਉਡੀਕਾਂ ਨੇ।

ਸੁਣਿਆ ਉਸਦੀ ਦਰਗਾਹ ਅੰਦਰ
ਸਭ ਪਾਪੀ ਬਖਸ਼ੇ ਜਾਂਦੇ ਨੇ,
ਰੱਬ ਉਸ ਕਾਫਰ ਨੂੰ ਬਖਸ਼ੇ ਨਾ,
ਜਿਸ ਇਸ਼ਕ ਨੂੰ ਲਾਈਆਂ ਲੀਕਾਂ ਨੇ।

ਗੈਰਾਂ ਦੇ ਸਾਹਵੇਂ ਮਹਿਫਲ ਵਿੱਚ
ਝਿੜਕਾਂ ਖਾ ਕੇ ਮਹਿਬੂਬ ਦੀਆਂ,
ਮੈਂ ਖੂਨ ਜ਼ਿਗਰ ਦਾ ਪੀਤਾ ਏ
ਪੀਤੇ ਨੇ ਜਾਮ ਸ਼ਰੀਕਾਂ ।

ਹਰ ਮੁਸ਼ਕਿਲ ਸਮੇਂ ਬਚਾਇਆ ਏ,
ਸਾਨੂੰ ਮੌਲਾ ਦੀ ਬਖਸ਼ਿਸ਼ ਨੇ,
ਹਰ ਮੁਸ਼ਕਿਲ ਵਿੱਚ ਫਸਾਇਆ ਏ,
ਸਾਨੂੰ "ਹਮਦਰਦ " ਰਫੀਕਾਂ ਨੇ।

ਮੁਸ਼ਤਾਕ ਅਜ਼ਲ ਤੋਂ ਵੇਖ ਰਿਹਾ
ਮੌਲਾ ਤੇਰੇ ਇਸ ਗੁਲਸ਼ਨ ਵਿੱਚ,
ਫੁਲਾਂ ਦੇ ਓਵੇਂ ਹਾਸੇ ਨੇ
ਬੁਲਬੁਲ ਦੀਆਂ ਓਵੇਂ ਚੀਕਾਂ ਨੇ।

9. ਕਿਸੇ ਕਾਫ਼ਰ ਦੇ ਉਹ ਰੰਗੀਨ ਲਾਰੇ ਯਾਦ ਆਉਂਦੇ ਨੇ

ਕਿਸੇ ਕਾਫ਼ਰ ਦੇ ਉਹ ਰੰਗੀਨ ਲਾਰੇ ਯਾਦ ਆਉਂਦੇ ਨੇ,
ਕਿ ਮਰ-ਜਾਣੇ ਨੂੰ ਜੀਊਣ ਦੇ ਸਹਾਰੇ ਯਾਦ ਆਉਂਦੇ ਨੇ

ਜਿਨ੍ਹਾਂ ਨੇ ਪਹਿਲੀ ਵਾਰੀ ਜਾਗ ਲਾਈ ਸੀ ਮੁਹੱਬਤ ਦੀ,
ਬੜੇ ਚੰਗੇ ਗਵਾਂਢੀ ਸਨ, ਵਿਚਾਰੇ ਯਾਦ ਆਉਂਦੇ ਨੇ

ਮੇਰੇ ਹਰ ਕਦਮ ਤੇ, ਗਰਦਸ਼ ਨੂੰ ਮੰਜ਼ਿਲ ਨਜ਼ਰ ਆਂਉਂਦੀ ਸੀ,
ਮੇਰੇ ਕਦਮਾਂ ਨੂੰ ਮੰਜ਼ਿਲ ਦੇ ਇਸ਼ਾਰੇ ਯਾਦ ਆਉਂਦੇ ਨੇ

10. ਰੱਬ ਵਰਗੇ ਕਾਫ਼ਿਰ ਮਾਹੀ ਨੇ

ਰੱਬ ਵਰਗੇ ਕਾਫ਼ਿਰ ਮਾਹੀ ਨੇ ਮੂੰਹ ਤੋਂ ਜਾਂ ਘੁੰਡ ਸਰਕਾਇਆ ਏ,
ਮੁਲਾਂ ਨੂੰ ਮਸਲੇ ਭੁੱਲ ਗਏ,ਪੰਡਤ ਨੇ ਹੋਸ਼ ਭੁਲਾਇਆ ਏ।

ਗੁਲਫਾਮ ਨੇ ਆ ਕੇ ਗੁਲਸ਼ਨ ਵਿੱਚ ਖਬਰੇ ਕੀ ਗੁਲ ਖਿਲਾਇਆ ਏ,
ਸਾਹ ਸੁਕ ਗਏ ਨੇ ਫੁੱਲਾਂ ਦੇ, ਕਲੀਆਂ ਨੂੰ ਪਸੀਨਾ ਆਇਆ ਏ।

ਮੈਂ ਅਪਣਾਇਆ, ਤੂੰ ਠੁਕਰਾਇਆ, ਮੈਂ ਦਿਲ ਦਿੱਤਾ, ਤੂੰ ਗ਼ਮ ਦਿੱਤੇ,
ਮੈਂ ਅਪਣਾ ਫ਼ਰਜ਼ ਨਿਭਾਇਆ ਏ, ਤੂੰ ਅਪਣਾ ਫ਼ਰਜ਼ ਨਿਭਾਇਆ ਏ

ਮੈਂ ਬੈਠਾ ਹਾਂ ਮੈਖ਼ਾਨੇ ਵਿੱਚ, ਰੱਬ ਮੇਰੇ ਦਿਲ ਵਿੱਚ ਬੈਠਾ ਏ,
ਵਾਅਜ਼ ਨੇ ਐਵੇਂ ਮਸਜ਼ਿਦ ਵਿੱਚ, ਸਿਰ ਤੇ ਅਸਮਾਨ ਉਠਾਇਆ ਏ।

ਹੰਝੂਆਂ ਦੀ ਜ਼ਬਾਨੀ ਮਹਿਫ਼ਿਲ ਵਿੱਚ ਦੁੱਖਾਂ ਦੀ ਕਥਾ ਸੁਣਾ ਕੇ ਮੈਂ,
ਦਿਲਬਰ ਨੂੰ ਵੀ ਤੜਫਾਇਆ ਏ, ਗੈਰਾਂ ਨੂੰ ਵੀ ਤੜਫਾਇਆ ਏ।

ਜ਼ਾਲਮ ਅਸਮਾਨ ! ਤੂੰ ਸੰਭਲ ਜ਼ਰਾ, ਮੈਂ ਤੇਰਾ ਕਲੇਜਾ ਸਾੜਨ ਲਈ,
ਬਿਜਲੀ ਦੀ ਹਿੱਕ ਤੇ ਚਿੱਟੇ ਦਿਨ, ਹੁਣ ਆਪਣਾ ਆਲ੍ਹਣਾ ਪਾਇਆ ਏ।

ਤੂੰ ਅੱਖੀਆਂ ਫੇਰ ਕੇ ਵੇਖ ਲਿਆ, ਮੈਂ ਜ਼ਿਗਰਾ ਕਰਕੇ ਵੇਖ ਲਿਆ,
ਤੈਨੂੰ ਵੀ ਚੈਨ ਨਾ ਆਇਆ ਏ, ਮੈਨੂੰ ਵੀ ਚੈਨ ਨਾ ਆਇਆ ਏ।

ਮੈਂ ਥਲ ਦੇ ਵਿੱਚ ਜਲਦਾ ਵੀ ਹਾਂ, ਤੇ ਹਰ ਪਾਸੇ ਜਲ ਥਲ ਵੀ ਹੈ,
ਅੱਖੀਆਂ ਦਾ ਪਾਣੀ ਸੁੱਕ ਗਿਆ, ਪਰ ਗਲ ਗਲ ਪਾਣੀ ਆਇਆ ਏ।

ਓ ਪੱਥਰ ਦਿਲ ! ਤੂੰ ਕੀ ਸਮਝੇਂ, ਮੈਂ ਠੰਢੀਆਂ ਆਹਾਂ ਭਰ ਭਰ ਕੇ,
ਪੱਥਰ ਵੀ ਪਾਣੀ ਕੀਤੇ ਨੇ, ਪਾਣੀ ਨੂੰ ਲਾਂਬੂ ਲਾਇਆ ਏ।

ਤੂੰ ਹੁਸਨ ਦੀ ਦੌਲਤ ਪਾਈ ਏ, ਮੈਂ ਗ਼ਮ ਦੀ ਦੌਲਤ ਪਾਈ ਏ,
ਤੇਰਾ ਵੀ ਇਹ ਸਰਮਾਇਆ ਏ, ਮੇਰਾ ਵੀ ਇਹ ਸਰਮਾਇਆ ਏ।

ਦਿਲ ਉਤੇ ਪੱਥਰ ਧਰ ਕੇ ਮੈਂ, ਉਸ ਪੱਥਰ ਦਿਲ ਦੀਆਂ ਜਰਦਾ ਹਾਂ,
ਆਪਣਾ ਦਿਲ ਉਸਦੇ ਦਿਲ ਵਰਗਾ ਮੈਂ ਮੁਸ਼ਕਿਲ ਨਾਲ ਬਣਾਇਆ ਏ।

ਇਹ ਦਿਲ ਦਿਲਬਰ ਦਾ ਬਣਿਆ ਏ, ਦਿਲਬਰ ਗੈਰਾਂ ਦਾ ਬਣਿਆ ਏ,
ਇਸ ਦੁੱਖਾਂ ਮਾਰੀ ਜਿੰਦੜੀ ਦਾ ਪਰ ਗ਼ਮ ਨੇ ਸਾਥ ਨਿਭਾਇਆ ਏ।

ਮੈਂ ਹੁਸਨ ਸ਼ਮਾ ਦਾ ਪਰਵਾਨਾ ਪਰ ਸ਼ਮਾ ਵਾਂਗ ਹੀ ਸੜਦਾ ਹਾਂ,
"ਮੁਸ਼ਤਾਕ " ਇਸ਼ਕ ਦੀ ਅੱਗ ਵਿੱਚੋਂ ਮੈਂ ਹੁਸਨ ਜਲਾਲੀ ਪਾਇਆ ਏ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ