Punjabi Poetry : Hazara Singh Gurdaspuri
ਪੰਜਾਬੀ ਕਵਿਤਾਵਾਂ/ਗੀਤ : ਹਜ਼ਾਰਾ ਸਿੰਘ ਗੁਰਦਾਸਪੁਰੀ
1. ਪੈਂਡੇ ਬੜੇ ਨਸ਼ੀਲੇ ਵੋ
ਥੋਰਾਂ ਦੇ ਸਿਰ ਕੇਸਰ ਲੱਗਾ, ਥੋਰਾਂ ਦੇ ਫੁੱਲ ਪੀਲੇ ਵੋ ।
ਚਾਨਣੀਆਂ ਨੇ ਪਿੱਪਲੀ ਧੋਤੀ, ਰਾਤੀਂ ਕਰ ਕਰ ਹੀਲੇ ਵੋ ।
ਵਗਦੇ ਪਾਣੀ ਚੁੰਮਣ ਆਏ, ਅੰਬਰਾਂ ਦੇ ਰੰਗ ਨੀਲੇ ਵੋ ।
ਕੰਕਰ ਚੁਗਣ ਗਏ ਥਲ ਪੰਛੀ, ਰਿਜ਼ਕਾਂ ਦੂਰ ਵਸੀਲੇ ਵੋ ।
ਸੱਭੇ ਚੀਜ਼ਾਂ ਜਾਦੂ ਕੀਲੇ, ਵੈਲ ਜਾਣ ਨ ਕੀਲੇ ਵੋ ।
ਕਿਸ ਬਿਧ ਜ਼ੁਲਫ਼-ਰਿਸ਼ਮ ਨੂੰ ਛੋਹੀਏ, ਪੈਂਡੇ ਬੜੇ ਨਸ਼ੀਲੇ ਵੋ ।
2. ਰੰਗ ਰੰਗੀਲਾ ਚਰਖਾ ਸਾਡਾ
ਰੰਗ ਰੰਗੀਲਾ ਚਰਖਾ ਸਾਡਾ, ਕੂੰਜ ਵਾਂਗ ਕੁਰਲਾਏ ।
ਜਾਓ ਜਗਾਵੋ ਫਜਰਾਂ ਦਾ ਤਾਰਾ, ਪੂਣੀ ਮੁਕਦੀ ਜਾਏ ।
ਜੋਟੇ ਵੀ ਮੁੱਕ ਗਏ, ਛੋਪੇ ਵੀ ਮੁੱਕ ਗਏ, ਗੋੜਿਆਂ ਦੇ ਮੁੱਕ ਗਏ ਢੇਰ ।
ਅਜੇ ਨਾ ਮੁੱਕੀਆਂ ਕਾਲੀਆਂ ਰਾਤਾਂ, ਅਜੇ ਨਾ ਡੁੱਬੇ ਹਨੇਰ ।
ਕਿਰਨਾਂ ਨਾਲ ਖੇਡਦਾ ਰਾਂਝਾ, ਕਿਰਨ ਕੋਈ ਲਮਕਾਏ ।
ਰੰਗ ਰੰਗੀਲਾ ਚਰਖਾ ਸਾਡਾ, ਕੂੰਜ ਵਾਂਗ ਕੁਰਲਾਏ ।
ਕੱਢ ਕੱਢ ਮੁਕ ਗਈਆਂ ਲੰਮੀਆਂ ਤੰਦਾਂ, ਗੌਂ ਗੌਂ ਮੁਕ ਗਏ ਗੀਤ ।
ਮੁਕ ਨਾ ਜਾਵੇ ਗ਼ਮ ਜਿੰਦੜੀ ਦਾ, ਜਿੰਦੜੀ ਦੀ ਕੀ ਪ੍ਰਤੀਤ ।
ਜਿਸਨੇ ਲੰਮੀਆਂ ਰਾਤਾਂ ਦਿੱਤੀਆਂ, ਗ਼ਮ ਵੀ ਲੰਮੇ ਲਾਏ ।
ਰੰਗ ਰੰਗੀਲਾ ਚਰਖਾ ਸਾਡਾ, ਕੂੰਜ ਵਾਂਗ ਕੁਰਲਾਏ ।
ਹੰਭ ਗਈ ਚਰਖੇ ਦੀ ਹੱਥੀ, ਡਿਗ ਡਿਗ ਪੈਂਦੀ ਮਾਲ੍ਹ ।
ਟੁੱਟ ਟੁੱਟ ਪੈਂਦੀਆਂ ਮੁੜਕਾ ਕਣੀਆਂ, ਦੇ ਦੇ ਲਿਸ਼ਕ ਰਵਾਲ ।
ਜੀਊਣ ਮਰਨ ਇਹ ਆਸ਼ਾ ਲਿਸ਼ਕਾਂ, ਜਿਉਂ ਥਲ ਰਾਹਾਂ ਸਾਏ ।
ਰੰਗ ਰੰਗੀਲਾ ਚਰਖਾ ਸਾਡਾ, ਕੂੰਜ ਵਾਂਗ ਕੁਰਲਾਏ ।
ਗੇੜੋ ਵੇ ਅੜਿਓ, ਗੇੜੋ ਨੈਣੋਂ, ਖੂਹ ਹੰਝੂਆਂ ਦਾ ਗੇੜੋ ।
ਟਿੰਡਾਂ ਭਰ ਭਰ ਚਾਨਣ ਕੱਢੋ, ਕਾਲਖਾਂ ਧੋ ਨਬੇੜੋ ।
ਕਿਰਨ ਊਸ਼ਾ ਦੀ, ਵਿਹੜਾ ਸਾਡਾ, ਕਿਧਰੇ ਆਣ ਖਿੜਾਏ ।
ਰੰਗ ਰੰਗੀਲਾ ਚਰਖਾ ਸਾਡਾ, ਕੂੰਜ ਵਾਂਗ ਕੁਰਲਾਏ ।
3. ਹਿਜਰ ਕਿਸੇ ਦਾ ਜਿੰਦ ਵਿਚ ਘੁਲਿਆ
ਰੁੱਤਾਂ ਦੇ ਵਿੱਚ ਚੰਨਣ ਵਗਦੇ, ਚੰਨਣ ਵਿਚ ਹੁਲਾਰੇ ਓ ।
ਫੁੱਲ ਖਿੜੇ ਵਣਸ਼ੀਟੀ ਫੁੱਲੀ, ਟਾਹਣਾ ਦੇ ਲਕ ਕਾਹਰੇ ਓ ।
ਧਰਤੀ ਦੇ ਵਿਚ ਕਿਰਨਾਂ ਉਗੀਆਂ, ਕਣਕ ਅੰਗੂਰੀ ਮਾਰੇ ਓ ।
ਕੱਤੇ ਦਾ ਚੰਨ ਕਣਕ 'ਚ ਘੁਲ ਗਿਆ, ਫੁੱਲਾਂ 'ਚ ਘੁਲ ਗਏ ਤਾਰੇ ਓ ।
ਨੀਲਮ ਸਿਮ ਸਿਮ ਪਾਣੀ ਆਵੇ, ਹੀਰਿਆਂ ਭਰੇ ਕਿਨਾਰੇ ਓ ।
ਪੌਣਾਂ ਦੇ ਮੂੰਹ ਮਾਖਿਓਂ ਲੱਗਾ, ਪੈਰ ਪੌਣਾਂ ਦੇ ਭਾਰੇ ਓ ।
ਖਿਲਰੀ ਚੋਗ ਚੁਗਿੰਦੜੇ ਫਿਰਦੇ, ਕੂੰਜਾਂ ਦੇ ਵਣਜਾਰੇ ਓ ।
ਹਿਜਰ ਕਿਸੇ ਦਾ ਜਿੰਦ ਵਿਚ ਘੁਲਿਆ, ਪਾਣੀ 'ਚ ਅੱਥਰੂ ਖਾਰੇ ਓ ।
4. ਖਿੜ ਖਿੜ ਫੁੱਲਾ ਕਚਨਾਰ ਦਿਆ
ਕੂਲਾਂ ਵਗਦੀਆਂ ਓ, ਖਿੜ ਖਿੜ ਫੁੱਲਾ ਕਚਨਾਰ ਦਿਆ ।
ਅਸੀਂ ਅੱਥਰੂ ਵੀ ਬੀਜੇ, ਅਸੀਂ ਮੁੜ੍ਹਕਾ ਵੀ ਬੀਜਿਆ ।
ਤੇਰੀਆਂ ਰੁੱਤਾਂ ਦਾ ਹਾਲਾਂ, ਚਿੱਤ ਨਹੀਂ ਰੀਝਿਆ ।
ਸਾਡੇ ਖ਼ਾਬਾਂ ਵਿਚ ਓ, ਸਾਡੇ ਖ਼ਾਬਾਂ ਵਿਚ ਸੈਨਤਾਂ ਮਾਰਦਿਆ ।
ਕੂਲਾਂ ਵਗਦੀਆਂ ਓ……
ਫੁੱਲਾਂ ਦੇ ਵੈਰੀਆਂ, ਅੰਗ ਧਰਤੀ ਦੇ ਕਰ ਦਿੱਤੇ ਕਿਤੇ ਕਿਤੇ ਬਾਂਝ ।
ਤਾਂ ਵੀ ਧਰਤੀ ਫੁੱਲਾਂ ਨੂੰ ਲੋਚਦੀ, ਧਰਤੀ ਦੀ ਫੁੱਲਾਂ ਨਾਲ ਸਾਂਝ ।
ਸਾਡੀ ਭੋਂ ਵਿਚ ਚੜ੍ਹ ਜਾਨੀਆਂ, ਰੰਗ ਪੋਲੇ ਪੋਲੇ- ਮਿੱਟੀ ਤੇ ਖਲਾਰਦਿਆਂ ।
ਕੂਲਾਂ ਵਗਦੀਆਂ ਓ……
ਧਰਤੀ ਨੂੰ ਦੇ ਜਾ, ਰੰਗ ਰੂਪ ਆਪਣਾ, ਤੇ ਪੌਣਾਂ ਨੂੰ ਦੇ ਜਾ ਛੋਹ ।
ਜਿੰਦੜੀ ਨੂੰ ਦੇ ਜਾ, ਤਰੇਲਾਂ ਦਾ ਰੋਣਾਂ, ਸਮਿਆਂ ਦੀ ਧੁਲ ਜਾਏ ਵਿਓ ।
ਓ ਸਜਣਾਂ ਦੀ-ਮਿੱਠੀ ਮਿੱਠੀ ਨੁਹਾਰ ਦਿਆ ।
ਕੂਲਾਂ ਵਗਦੀਆਂ ਓ……
ਅਸੀਂ ਤਾਂ ਲਾਇਆ ਬਾਗੀਂ ਕੇਵੜਾ, ਦੂਤੀਆਂ ਨੇ ਕਾਲਖਾਂ ਦੇ ਬੂਟੇ ।
ਕਾਲਖਾਂ ਦੇ ਬੂਟਿਆਂ ਨੇ ਕਾਲਖਾਂ ਖਲਾਰੀਆਂ, ਪਤ੍ਰ ਜਿਨ੍ਹਾਂ ਦੇ ਕਲੂਟੇ ।
ਕਾਲਖਾਂ ਦੇ ਵਿਚ ਸਾਡੇ, ਨਕਸ਼ ਗਵਾਚ ਗਏ, ਫੁੱਲਾ ਬਲੰਬਰੀ ਧਾਰਦਿਆ ।
ਕੂਲਾਂ ਵਗਦੀਆਂ ਓ, ਖਿੜ ਖਿੜ ਫੁੱਲਾ ਕਚਨਾਰ ਦਿਆ ।
5. ਗੁਲਬਾਸ਼ੀਆਂ
ਜਿਹੜੀਆਂ ਤੂੰ ਲਾ ਗਿਆ ਸੈਂ, ਢੋਲਾ ਗੁਲਬਾਸ਼ੀਆਂ,
ਗੋਡੇ ਗੋਡੇ ਗਈਆਂ ਨੇ ਉਹ ਹੋ ।
ਸਾਰੀ ਸਾਰੀ ਰਾਤ, ਅਸੀਂ ਨੈਣਾਂ ਦੀਆਂ ਕੂਲਾਂ,
ਸਿੰਜੀਆਂ ਨੇ ਨਿੱਕਾ ਨਿੱਕਾ ਰੋ ।
ਕੋਈ ਕੋਈ ਪੱਤਾ ਜਦੋਂ, ਕਦੇ ਕਦੇ ਫੁੱਟਿਆ,
ਜਿੰਦ ਵਿਚ ਜਾਗ ਪਿਆ ਮੋਹ ।
ਸਾਡੇ ਵਿਹੜੇ ਵੇਖ ਅੱਜ, ਰੱਤੇ ਰੱਤੇ ਫੁੱਲਾਂ ਨਾਲ,
ਤਾਰਿਆਂ ਦੀ ਖੇਡਦੀ ਹੈ ਲੋਅ ।