Punjabi Poetry : Habib Jalib
ਪੰਜਾਬੀ ਕਵਿਤਾਵਾਂ : ਹਬੀਬ ਜਾਲਿਬ
1. ਮਾਂ ਬੋਲੀ
ਪੁੱਤਰਾਂ ਤੇਰੀ ਚਾਦਰ ਲਾਹੀ ।
ਹੋਰ ਕਿਸੇ ਦਾ ਦੋਸ਼ ਨਾ ਮਾਈ ।
ਗ਼ੈਰਾਂ ਕਰੋਧ ਦੀ ਉਹ ਅੱਗ ਬਾਲੀ ।
ਸੀਨੇ ਹੋ ਗਏ ਪਿਆਰ ਤੋਂ ਖ਼ਾਲੀ ।
ਪੁੱਤਰਾਂ ਨੂੰ ਤੂੰ ਲੱਗੇਂ ਗਾਲੀ ।
ਤੈਨੂੰ ਬੋਲਣ ਤੋਂ ਸ਼ਰਮਾਵਣ ।
ਗ਼ੈਰਾਂ ਐਸੀ 'ਵਾ ਵਗਾਈ,
ਪੁੱਤਰਾਂ ਤੇਰੀ ਚਾਦਰ ਲਾਹੀ ।
ਇਨ੍ਹਾਂ ਕੋਲ ਜ਼ਮੀਨਾਂ ਵੀ ਨੇ,
ਇਨ੍ਹਾਂ ਹੱਥ ਸੰਗੀਨਾਂ ਵੀ ਨੇ ।
ਦੌਲਤ ਬੈਂਕ ਮਸ਼ੀਨਾਂ ਵੀ ਨੇ ।
ਨਾ ਇਹ ਤੇਰੇ ਨਾ ਇਹ ਮੇਰੇ,
ਇਹ ਲੋਕੀਂ ਯੂਸੁਫ਼ ਦੇ ਭਾਈ ।
ਪੁੱਤਰਾਂ ਤੇਰੀ ਚਾਦਰ ਲਾਹੀ ।
ਹੋਰ ਕਿਸੇ ਦਾ ਦੋਸ਼ ਨਾ ਮਾਈ ।
(ਯੂਸੁਫ਼ ਦੇ ਦਸ ਮਤਰੇਏ ਭਾਈਆਂ
ਨੇ ਉਸਨੂੰ ਈਰਖਾ ਵਸ ਹੋ ਕੇ ਬਹੁਤ
ਤਸੀਹੇ ਦਿੱਤੇ ਸਨ)
2. ਰਾਤ ਕੁਲਹਿਣੀ
ਦੁਨੀਆਂ ਭਰ ਦੇ ਕਾਲੇ ਚਿੱਟੇ ਚੋਰ ਲੁਟੇਰੇ
ਸੋਚੀਂ ਪੈ ਗਏ - ਕੀ ਹੋਇਆ ਰਾਤ ਜੇ ਮੁੱਕ ਗਈ
ਜੇ ਧਰਤੀ ਦੇ ਕਾਮਿਆਂ ਅੱਗੇ ਗਰਦਨ ਝੁੱਕ ਗਈ
ਕੀ ਹੋਵੇਗਾ ?
ਰਾਤ ਨੂੰ ਰੋਕੋ
ਰੋਸ਼ਨੀਆਂ ਦੇ ਹੜ੍ਹ ਦੇ ਅੱਗੇ
ਉੱਚੀਆਂ ਉੱਚੀਆਂ ਕੰਧਾਂ ਚੁੱਕੋ
ਰਾਤ ਨੂੰ ਰੋਕੋ
ਹੜ੍ਹ ਦੀ ਗੂੰਜ ਤੇ ਘੂਕਰ ਸੁਣ ਕੇ
ਤਾਜਾਂ ਤੇ ਤਖ਼ਤਾਂ ਦੀ ਦੁਨੀਆਂ ਕੰਬ ਉੱਠੀ ਏ
ਇੱਕ ਮੁੱਠੀ ਏ
ਜਦੋਂ ਇਨ੍ਹਾਂ ਦੀ ਲੁੱਟਖਸੁੱਟ ਨੂੰ ਖ਼ਤਰਾ ਪੈਂਦਾ
ਰੱਬ ਰਸੂਲ ਨੂੰ ਖ਼ਤਰੇ ਦੇ ਵਿਚ ਪਾ ਦੇਂਦੇ ਨੇ
ਰੱਬ ਰਸੂਲ ਦੇ ਹੁਕਮ ਨਾਲ਼ ਇਹ ਰਹਿਣ ਨਹੀਂ ਲੱਗੇ
ਖ਼ੂਨੀ ਕਾਤਿਲ ਚੋਰ ਲੁਟੇਰੇ ਕਾਲ਼ੇ ਬੱਗੇ
'ਜਾਲਿਬ' ਭਾਵੇਂ ਲੱਖ ਇਕੱਠੇ ਹੋ ਹੋ ਬਹਿਵਣ
ਨਹੀਂ ਹੁਣ ਰਹਿਣੀ
ਰਾਤ ਕੁਲਹਿਣੀ
ਨਹੀਂ ਹੁਣ ਰਹਿਣੀ
ਰਾਤ ਕੁਲਹਿਣੀ
3. ਸ਼ਹਿਨਸ਼ਾਹੀ ਦਾ ਜਸ਼ਨ ਮਨਾਓ
ਸ਼ਹਿਨਸ਼ਾਹੀ ਦਾ ਜਸ਼ਨ ਮਨਾਓ, ਆਇਆ ਏ ਫ਼ਰਮਾਨ
ਦੇਖੋ ਹੁਣ ਵੀ ਸਦੀਆਂ ਪਿੱਛੇ, ਏਥੇ ਦਾ ਇਨਸਾਨ
ਮਰ ਜਾਂਦਾ ਜੇ ਮੇਰੇ ਹੱਥੋਂ ਜਾਂਦੀ ਇਕ ਵੀ ਜਾਨ
ਇਹ ਜੀਉਂਦੇ ਅਧਮੋਇਆ ਕਰਕੇ ਮੇਰਾ ਪਾਕਿਸਤਾਨ
ਉਹੋ ਪਿੰਜਰਾ, ਉਹੋ ਈ ਮੈਂ, ਉਹੋ ਈ ਸੱਈਆਦ
ਉਹੋ ਪਹਿਰੇ ਹੰਝੂਆਂ ਉੱਤੇ, ਸਹਿਮੀ ਏ ਫ਼ਰਿਆਦ
ਜ਼ਬਤ ਏ ਹੁਣ ਤੱਕ, ਇਕ ਸ਼ਿਅਰਾਂ ਵਿਚ ਲਿਖੀ ਸੀ ਰੂਦਾਦ
ਅੰਗਰੇਜ਼ਾਂ ਨੂੰ ਕੱਢ ਕੇ ਵੀ ਮੈਂ ਹੋਇਆ ਨਹੀਂ ਆਜ਼ਾਦ
4. ਵਿਛੜੇ ਦਿਲ ਵੀ ਮਿਲ ਸਕਦੇ ਨੇ
ਦਿਲ ਦੀ ਕਾਲਖ
ਹੰਝੂਆਂ ਨਾਲ਼ ਈ ਧੁਲ਼ ਸਕਦੀ ਏ
ਜ਼ਖ਼ਮ ਜਿਗਰ ਦੇ ਧੋ ਆਈਂ
ਹੰਝੂਆਂ ਨਾਲ਼ ਈ ਸਿਲ ਸਕਦੇ ਨੇ
ਵਿਛੜੇ ਦਿਲ ਵੀ ਮਿਲ ਸਕਦੇ ਨੇ
ਰੋ ਆਈਂ
ਨਫ਼ਰਤ ਦੀ ਅੱਗ
ਹੰਝੂਆਂ ਨਾਲ਼ ਈ ਬੁਝ ਸਕਦੀ ਏ
ਅੱਖੀਆਂ ਦੇ ਵਿਚ ਹੰਝੂ ਭਰ ਕੇ ਪਿਆਰ ਦੀ ਠੰਢਕ
ਬੋ ਆਈਂ
ਦਿਲ ਦੀ ਕਾਲਖ
ਹੰਝੂਆਂ ਨਾਲ਼ ਈ ਧੁਲ਼ ਸਕਦੀ ਏ
ਜ਼ਖ਼ਮ ਜਿਗਰ ਦੇ ਧੋ ਆਈਂ
5. ਧੀ ਕੰਮੀ ਦੀ
ਧੀ ਕੰਮੀ ਦੀ
ਵੱਡੇ ਘਰ ਵਿਚ ਬੁੱਤੀਆਂ ਕਰਦੀ ।
ਹੰਝੂ ਪੀਂਦੀ, ਹਉਕੇ ਭਰਦੀ
ਨਾ ਏ ਜੀਂਦੀ ਨਾ ਇਹ ਮਰਦੀ ।
ਬੁੱਢੇ ਖ਼ਾਨ ਦਾ ਹੁੱਕਾ
ਦਿਨ ਵਿਚ ਸੌ ਸੌ ਵਾਰੀ ਤਾਜ਼ਾ ਕਰਦੀ ।
ਖ਼ਾਨ ਦਾ ਪੁੱਤਰ
ਬੈਠਕ ਦੇ ਵਿਚ ਹਾਸੇ ਭਾਣੇ
ਬਾਂਹ ਫੜ ਲੈਂਦਾ
ਐਵੇਂ ਐਵੇਂ ਖਹਿੰਦਾ
ਕੀ ਦੱਸਾਂ ਉਹ ਕੀ ਕੀ ਕਹਿੰਦਾ
ਅੱਧੀਂ ਰਾਤੀਂ ਛੋਟੀ ਬੀਬੀ ਕਹਿੰਦੀ-
ਉਠ ਤਕੀਏ ਵਲ ਚਲੀਏ ।
ਜੇ ਕੰਮੀ ਨੇ ਪਿੰਡ ਵਿਚ ਰਹਿਣਾ
ਫਿਰ ਇਹ ਸਭ ਕੁਝ ਕਰਨਾ ਪੈਣਾ ।
6. ਮਜ਼ਬੂਰ ਔਰਤ ਦਾ ਗੀਤ
ਇਹ ਘੁੰਗਰੂ ਨਹੀਂ ਜ਼ੰਜੀਰਾਂ ਨੇ
ਦੁਨੀਆਂ ਨੇ ਪੈਰੀਂ ਪਾਈਆਂ ।
ਇਹ ਛਣਕਦੀਆਂ ਰੁਸਵਾਈਆਂ
ਨਹੀਂ ਸੁਣਦਾ ਕੋਈ ਦੁਹਾਈਆਂ ।
ਦਿਲ ਸਾਥ ਨਾ ਦਏ ਤਾਂ ਹੱਸਣਾ ਕੀ ?
ਬਸਤੀ ਵਿਚ ਜ਼ੁਲਮ ਦੀ ਵੱਸਣਾ ਕੀ ?
ਹਾਲ ਅਪਣਾ ਕਿਸੇ ਨੂੰ ਦੱਸਣਾ ਕੀ ?
ਚੁੱਪ ਰਹਿਣਾ ਈ ਤਕਦੀਰਾਂ ਨੇ
ਇਹ ਘੁੰਗਰੂ ਨਹੀਂ ਜ਼ੰਜੀਰਾਂ ਨੇ ।
ਕਈ ਕਹਿੰਦੇ ਨਚ ਬਾਜ਼ਾਰਾਂ ਵਿਚ
ਕਈ ਚਿਣਦੇ ਰਹੇ ਦੀਵਾਰਾਂ ਵਿਚ
ਰਹੀ ਸ਼ਰਮ ਨਾ ਰਾਂਝਣ ਯਾਰਾਂ ਵਿਚ
ਹੋਈਆਂ ਬੇਬਸ ਲੱਖਾਂ ਹੀਰਾਂ ਨੇ
ਇਹ ਘੁੰਗਰੂ ਨਹੀਂ ਜ਼ੰਜੀਰਾਂ ਨੇ ।
7. ਢੋਲ ਸਿਪਾਹੀ
ਇੱਕੋ ਕੋਠਾ ਉਹ ਵੀ ਚੋਵੇ
ਟਿਪ ਟਿਪ ਟਿਪ ਟਿਪ ਟਿਪ ਟਿਪ ਰੋਵੇ
ਦੁਖੀਆ ਜਾਗੇ, ਕਿਸਮਤ ਸੋਵੇ
ਪਿਆਰ ਨਿਸ਼ਾਨੀ ਸੀਨੇ ਲਾ ਕੇ
ਯਾਦਾਂ ਦੇ ਦਰਵਾਜ਼ੇ ਉੱਤੇ
ਵਹੁਟੀ ਬਣ ਕੇ ਆਣ ਖਲੋਵੇ
ਅੱਜ ਤੋੜੀ ਆਇਆ ਨਾ ਮਾਹੀ
ਦਿਲ ਦਾ ਜਾਨੀ ਢੋਲ ਸਿਪਾਹੀ
8. ਬੂਟਾਂ ਦੀ ਸਰਕਾਰ
ਡਾਕੂਆਂ ਦਾ ਜੇ ਸਾਥ ਨਾ ਦਿੰਦਾ, ਪਿੰਡ ਦਾ ਪਹਿਰੇਦਾਰ
ਅੱਜ ਪੈਰੀਂ ਜ਼ੰਜੀਰ ਨਾ ਹੁੰਦੀ, ਜਿੱਤ ਨਾ ਬਣਦੀ ਹਾਰ
ਪੱਗਾਂ ਅਪਣੇ ਗਲ਼ ਵਿਚ ਪਾ ਲਓ, ਟੁਰੋ ਪੇਟ ਦੇ ਭਾਰ
ਚੜ੍ਹ ਜਾਏ ਤੇ ਮੁਸ਼ਕਿਲ ਲਹਿੰਦੀ ਬੂਟਾਂ ਦੀ ਸਰਕਾਰ
9. ਬਾਜ਼ ਆ ਜਾਓ
ਹੁਣ ਵੀ ਬਾਗ਼ ਚੁਫੇਰਿਓਂ ਲੂਸਦਾ ਏ
ਕਾਲ਼ਾ ਸੱਪ ਸਾਡਾ ਲਹੂ ਚੂਸਦਾ ਏ
ਆਪ ਸਾੜ ਕੇ ਅਪਣੇ ਆਲ੍ਹਣੇ ਨੂੰ
ਅਸਾਂ ਆਖਣਾ ਦੋਸ਼ ਇਹ ਰੂਸ ਦਾ ਏ
10. ਨਜ਼ਮ
ਏਧਰ ਘੋੜਾ ਓਧਰ ਗਾਂ
ਦਸ ਬੰਦਿਆ ਮੈਂ ਕਿਧਰ ਜਾਂ
ਏਧਰ ਮੁੱਲਾਂ ਦੀ ਛਾਉਣੀ ਏਂ
ਓਧਰ ਪੰਡਿਤ ਦੀ ਤੌਣੀ ਏਂ
ਏਧਰ ਹਾਲ ਅਗਰ ਮੰਦਾ ਏ
ਓਧਰ ਵੀ ਤੇ ਭੁੱਖ ਚੌਣੀ ਏਂ
ਆਵੇ ਕਿਤੇ ਨਾ ਸੁੱਖ ਦਾ ਸਾਂਹ
ਦਸ ਬੰਦਿਆ ਮੈਂ ਕਿਧਰ ਜਾਂ
11. ਗੱਲ ਸੁਣ ਚੱਪਣਾ
ਗੱਲ ਸੁਣ ਚੱਪਣਾ
ਰਾਜ ਲਿਆ ਅਪਣਾ
ਵੱਡਿਆਂ ਵਡੇਰਿਆਂ ਦਾ
ਜ਼ਾਲਮ ਲੁਟੇਰਿਆਂ ਦਾ
ਛੱਡ ਨਉਂ ਜੱਪਣਾ
ਗੱਲ ਸੁਣ ਚੱਪਣਾ
ਰਾਜ ਲਿਆ ਅਪਣਾ
ਸਰਾਂ ਦਿਆਂ ਪੋਤਿਆਂ ਨੇ
ਪੋਤਿਆਂ ਪੜੋਤਿਆਂ ਨੇ
ਰੀਗਨਾਂ ਦੇ ਤੋਤਿਆਂ ਨੇ
ਕੁਛ ਤੈਨੂੰ ਦਿੱਤਾ ਵੀ
ਐਵੇਂ ਪਿਆਂ ਟੱਪਨਾਂ
ਗੱਲ ਸੁਣ ਚੱਪਣਾ
ਰਾਜ ਲਿਆ ਅਪਣਾ
ਬੰਦੇ ਨਹੀਂ ਇਹ ਪਿਆਰ ਦੇ
ਐਵੇਂ ਤੈਨੂੰ ਚਾਰਦੇ
ਝੂਠ ਪਏ ਮਾਰਦੇ
ਹੋਸ਼ ਕਰ ਪਾਗਲਾ
ਚੱਲ, ਪਾ ਖੱਪ ਨਾ
ਗੱਲ ਸੁਣ ਚੱਪਣਾ
ਰਾਜ ਲਿਆ ਅਪਣਾ
ਗੋਰੇ ਚਿੱਟੇ ਸਾਹਬਾਂ ਕੋਲ਼ੋਂ
ਕਾਲ਼ਿਆਂ ਨਵਾਬਾਂ ਕੋਲ਼ੋਂ
ਬਚ ਇਨ੍ਹਾਂ ਅਜ਼ਾਬਾਂ ਕੋਲ਼ੋਂ
ਨਹੀਂ ਤਾਂ ਤੈਨੂੰ ਮੁੱਦਤਾਂ
ਪਏਗਾ ਕਲਪਣਾ
ਗੱਲ ਸੁਣ ਚੱਪਣਾ
ਰਾਜ ਲਿਆ ਅਪਣਾ
12. ਚੁੱਪ ਕਰ ਮੁੰਡਿਆ
ਚੁੱਪ ਕਰ ਮੁੰਡਿਆ, ਨਾ ਮੰਗ ਰੋਟੀਆਂ
ਖਾਏਂਗਾ ਜ਼ਮਾਨੇ ਹੱਥੋਂ ਨਹੀਂ ਤੇ ਸੋਟੀਆਂ
ਦੜ ਵੱਟ ਕੇ ਤੂੰ ਕੱਟ ਏਥੇ ਦਿਨ ਚਾਰ
ਸਦੀਆਂ ਤੋਂ ਭੁੱਖੇ ਲੋਕੀਂ ਖਾਂਦੇ ਆਏ ਮਾਰ
ਇੱਕ ਮੁੱਕੀ ਚੁੱਕ ਲੈ, ਦੂਸਰੀ ਤਿਆਰ
ਦਿਲਾਂ ਵਿਚ ਜਿਨ੍ਹਾਂ ਦੇ ਮੁਹੱਬਤਾਂ ਦਾ ਨੂਰ
ਜਾਣ ਠੁਕਰਾਏ ਬਿਨਾਂ ਕੀਤਿਆਂ ਕਸੂਰ
ਰਹਿਣ ਸੁਖੀ ਵਾਜਿਦਾਂ ਵਲੀਕਿਆਂ ਦੇ ਯਾਰ
ਸਦੀਆਂ ਤੋਂ ਭੁੱਖੇ ਲੋਕੀਂ ਖਾਂਦੇ ਆਏ ਮਾਰ
13. ਜਿੰਦ ਵਾਂਙ ਸ਼ਮ੍ਹਾ ਦੇ ਮੇਰੀ ਏ
ਜਿੰਦ ਵਾਂਙ ਸ਼ਮ੍ਹਾ ਦੇ ਮੇਰੀ ਏ
ਰਾਤਾਂ ਨੂੰ ਜਲਾਇਆ ਜਾਂਦਾ ਏ
ਦਿਨ ਚੜ੍ਹਿਆ ਬੁਝਾਇਆ ਜਾਂਦਾ ਏ
ਇੰਜ ਜਸ਼ਨ ਮਨਾਇਆ ਜਾਂਦਾ ਏ ।
ਇਹ ਖੇਡ ਏ ਸਾਰੀ ਦੌਲਤ ਦੀ
ਦੱਸੋ ਕੀ ਖ਼ਤਾ ਏ ਔਰਤ ਦੀ
ਇਕ ਮਹਿਲਾਂ ਦੇ ਵਿਚ ਰਾਜ ਕਰੇ
ਇਕ ਨੂੰ ਨਚਵਾਇਆ ਜਾਂਦਾ ਏ
ਇੰਜ ਜਸ਼ਨ ਮਨਾਇਆ ਜਾਂਦਾ ਏ ।
14. ਲੰਦਨ ਵਸਦੇ ਪਾਕਿਸਤਾਨੀ ਸਿਆਸੀ ਜਲਾਵਤਨ
ਪੀ ਲੈਂਦੇ ਨੇ, ਖਾ ਲੈਂਦੇ ਨੇ, ਸੌਂ ਲੈਂਦੇ ਨੇ
ਯਾਰਾਂ ਖ਼ੁਦ ਨੂੰ ਵਤਨੋਂ ਦੂਰ ਸੁਖੀ ਰੱਖਿਆ ਏ
15. ਨਾ ਜਾਹ ਅਮਰੀਕਾ ਨਾਲ਼ ਕੁੜੇ
ਨਾ ਜਾਹ ਅਮਰੀਕਾ ਨਾਲ਼ ਕੁੜੇ,
ਇਹ ਗੱਲ ਨਾ ਦੇਵੀਂ ਟਾਲ਼ ਕੁੜੇ ।
ਇਹ ਰੂਸ ਦੇ ਨਾਲ ਲੜਾਉਂਦਾ ਏ,
ਐਂਵੇ ਲੋਕਾਂ ਨੂੰ ਮਰਵਾਉਂਦਾ ਏ ।
ਸਾਨੂੰ ਤੇਰਾ ਬਹੁਤ ਖ਼ਿਆਲ ਕੁੜੇ ।
ਗ਼ਜ਼ਲਾਂ
1. ਜਾਲਿਬ ਸਾਈਂ ਕਦੀ ਕਦਾਈਂ
ਜਾਲਿਬ ਸਾਈਂ ਕਦੀ ਕਦਾਈਂ ਚੰਗੀ ਗੱਲ ਕਹਿ ਜਾਂਦਾ ਏ ।
ਲੱਖ ਪੂਜੋ ਚੜ੍ਹਦੇ ਸੂਰਜ ਨੂੰ, ਆਖ਼ਿਰ ਇਹ ਲਹਿ ਜਾਂਦਾ ਏ ।
ਬਾਝ ਤੇਰੇ ਓ ਦਿਲ ਦੇ ਸਾਥੀ, ਦਿਲ ਦੀ ਹਾਲਤ ਕੀ ਦੱਸਾਂ,
ਕਦੀ ਕਦੀ ਇਹ ਥੱਕਿਆ ਰਾਹੀ ਰਸਤੇ ਵਿੱਚ ਬਹਿ ਜਾਂਦਾ ਏ ।
ਸਾਂਦਲ ਬਾਰ ਵਸੇਂਦੀਏ ਹੀਰੇ ਵੱਸਦੇ ਰਹਿਣ ਤੇਰੇ ਹਾਸੇ,
ਦੋ ਪਲ ਤੇਰੇ ਗ਼ਮ ਦਾ ਪਰਾਹੁਣਾ ਅੱਖੀਆਂ ਵਿਚ ਰਹਿ ਜਾਂਦਾ ਏ ।
ਹਾਏ ਦੁਆਬੇ ਦੀ ਉਹ ਦੁਨੀਆਂ ਜਿਥੇ ਮੁਹੱਬਤ ਵੱਸਦੀ ਸੀ,
ਹੰਝੂ ਬਣ ਕੇ ਦੁੱਖ ਵਤਨਾਂ ਦਾ ਅੱਖੀਆਂ 'ਚੋਂ ਵਹਿ ਜਾਂਦਾ ਏ ।
ਫ਼ਜਰੇ ਉਹ ਚਮਕਾਂਦਾ ਡਿੱਠਾ 'ਜਾਲਿਬ' ਸਾਰੀ ਦੁਨੀਆਂ ਨੂੰ,
ਰਾਤੀਂ ਜਿਹੜਾ ਸੇਕ ਦੁੱਖਾਂ ਦੇ ਹੱਸ ਹੱਸ ਕੇ ਸਹਿ ਜਾਂਦਾ ਏ ।
2. ਜ਼ਿੰਦਾਨਾਂ ਦੇ ਦਰ ਨਹੀਂ ਖੁਲ੍ਹਦੇ
ਜ਼ਿੰਦਾਨਾਂ ਦੇ ਦਰ ਨਹੀਂ ਖੁਲ੍ਹਦੇ ਹੰਝੂਆਂ ਹਾਵਾਂ ਨਾਲ਼
ਸੱਜਣਾਂ ਇਹ ਤਾਂ ਖੁਲ੍ਹਣਗੇ ਲੋਹੇ ਦੀਆਂ ਬਾਹਵਾਂ ਨਾਲ਼
ਵੇਖ ਜ਼ਮਾਨਾ ਗੱਲ ਕਰਦਾ ਏ ਅੱਜ ਹਵਾਵਾਂ ਨਾਲ਼
ਮੰਜ਼ਿਲ ਤੇਰੇ ਹੱਥ ਨਹੀਂ ਆਉਣੀ ਸਿਰਫ਼ ਦੁਆਵਾਂ ਨਾਲ਼
ਨਾ ਭੁੱਲ ਸਕਿਆਂ ਨਾ ਭੁੱਲ ਸਕਦਾਂ ਬਿਆਸ ਦੇ ਕੰਢਿਆਂ ਨੂੰ
ਸਦਾ ਰਵ੍ਹੇਗੀ ਯਾਦ ਇਨ੍ਹਾਂ ਦੀ ਮੇਰਿਆਂ ਸਾਹਵਾਂ ਨਾਲ਼
ਇੱਕੋ ਰੁਖ ਹਵਾ ਵਿਚ ਵੱਸਿਆ, ਕੋਈ ਨਾ ਦਿਸਿਆ ਫੇਰ
ਸਾਡਾ ਰਾਹ ਬਦਲ ਸਕਦਾ ਏ ਕੌਣ ਅਦਾਵਾਂ ਨਾਲ਼
ਖ਼ੌਫ਼ ਦਾ ਸਾਇਆ ਜ਼ਿਹਨ ਅਪਣੇ ਦੇ ਆਉਣ ਨਾ ਦਿੱਤਾ ਕੋਲ਼
ਧੰਨ ਜਿਗਰਾ ਸਾਡਾ ਵੀ 'ਜਾਲਿਬ' ਰਹੇ ਬਲਾਵਾਂ ਨਾਲ਼
((ਜ਼ਿੰਦਾਨਾਂ=ਜੇਲ਼)
3. ਉੱਚੀਆਂ ਕੰਧਾਂ ਵਾਲਾ ਘਰ ਸੀ
ਉੱਚੀਆਂ ਕੰਧਾਂ ਵਾਲਾ ਘਰ ਸੀ, ਰੋ ਲੈਂਦੇ ਸਾਂ ਖੁਲ੍ਹ ਕੇ ।
ਐਸੀ 'ਵਾ ਵਗਾਈ ਓ ਰੱਬਾ ਰਹਿ ਗਈ ਜਿੰਦੜੀ ਰੁਲ ਕੇ ।
ਚਾਰ ਚੁਫ਼ੇਰੇ ਦਰਦ ਅੰਨ੍ਹੇਰੇ, ਹੰਝੂ ਡੇਰੇ ਡੇਰੇ,
ਦੁਖਿਆਰੇ ਵਣਜਾਰੇ ਆ ਗਏ ਕਿਧਰ ਰਸਤਾ ਭੁੱਲ ਕੇ ।
ਯਾਦ ਆਈਆਂ ਕੁਛ ਹੋਰ ਵੀ ਤੇਰੇ ਸ਼ਹਿਰ ਦੀਆਂ ਬਰਸਾਤਾਂ,
ਹੋਰ ਵੀ ਚਮਕੇ ਦਾਗ਼ ਦਿਲਾਂ ਦੇ ਨਾਲ ਅਸ਼ਕਾਂ ਦੇ ਧੁਲ ਕੇ ।
ਅਪਣੀ ਗੱਲ ਨਾ ਛੱਡੀਂ 'ਜਾਲਿਬ' ਸ਼ਾਇਰ ਕੁਝ ਵੀ ਆਖਣ,
ਅਪਣੀ ਰੰਗਤ ਖੋ ਦੇਂਦੇ ਨੇ, ਰੰਗ ਰੰਗਾਂ ਵਿਚ ਘੁਲ ਕੇ ।