Punjabi Poetry/Ghazlan : Gurdip
ਪੰਜਾਬੀ ਕਵਿਤਾ/ਗ਼ਜ਼ਲਾਂ : ਗੁਰਦੀਪ
1. ਖੋਹ ਲਈ ਹੈ ਦਰਦ ਨੇ ਮੇਰੀ ਜ਼ੁਬਾਨ
ਖੋਹ ਲਈ ਹੈ ਦਰਦ ਨੇ ਮੇਰੀ ਜ਼ੁਬਾਨ।
ਕਹਿ ਨਹੀਂ ਜ਼ਖ਼ਮਾਂ ਦੀ ਹੋਈ ਦਾਸਤਾਨ।
ਦਿਲ ਰਿਹਾ ਏ ਧੜਕਦਾ ਇਨਸਾਨ ਦਾ,
ਅਜ਼ਲ ਤੋਂ ਖੁਸ਼ੀਆਂ ਗ਼ਮਾਂ ਦੇ ਦਰਮਿਆਨ।
ਇਕ ਅਮੀਰੀ ਹੈ ਤੁਹਾਡੀ ਦਾਗਦਾਰ,
ਇਸਦੇ ਦਾਮਨ 'ਤੇ ਨੇ ਭੁੱਖਾਂ ਦੇ ਨਿਸ਼ਾਨ।
ਇਸ ਤਰ੍ਹਾਂ ਬਦਲੀ ਹੈ ਸੂਰਤ ਸ਼ਹਿਰ ਦੀ,
ਲੱਭਣਾ ਮੁਸ਼ਕਿਲ ਹੈ ਯਾਰਾਂ ਦਾ ਮਕਾਨ।
ਮੇਰੀ ਰੁਸਵਾਈ ਦਾ ਕਾਰਨ ਹੀ ਸਹੀ,
ਖ਼ਵਾਬ ਹੀ ਮੇਰੇ ਨੇ ਮੇਰੇ ਰਾਜ਼ਦਾਨ।
ਸ਼ੇਖ ਤੇਰੀ ਏਸ ਜੰਨਤ ਤੋਂ ਪਰੇ,
ਹੋਰ ਹੈ ਇੱਕ ਆਰਜ਼ੂਆਂ ਦਾ ਜਹਾਨ।
ਦੇਖਿਆ ਹੈ ਛਲਕਦੇ ਹਰ ਜਾਮ 'ਤੇ,
ਅਰਸ਼ ਹੋ ਜਾਂਦਾ ਹੈ ਅਕਸਰ ਮਿਹਰਬਾਨ।
ਸੱਚ ਬੋਲਣ ਦੀ ਕਸਮ ਖਾਂਦੇ ਰਹੇ,
ਅੱਜ ਤੀਕਰ ਝੂਠ ਦੇ ਸਭ ਤਰਜ਼ਮਾਨ।
2. ਲੈ ਲਈ ਜੱਫੀ ਦੇ ਵਿਚ ਸਾਰੀ ਹਯਾਤ
ਲੈ ਲਈ ਜੱਫੀ ਦੇ ਵਿਚ ਸਾਰੀ ਹਯਾਤ।
ਪਾ ਲਈ ਬੇਗਾਨਗੀ ਤੋਂ ਮੈਂ ਨਜ਼ਾਤ।
ਜਾਨ ਦੀ ਕੀਮਤ ਹੀ ਕੋਈ ਨਾ ਰਹੀ,
ਸਰਫਰੋਸ਼ੀ ਖਾ ਗਈ ਦਹਿਸ਼ਤ ਤੋਂ ਮਾਤ।
ਕੇਰਦੀ ਜਾਂਦੀ ਹੈ ਹੰਝੂ ਸ਼ਬਨਮੀ,
ਦਰਦ ਮੇਰੇ ਤੋਂ ਮੁਤਾਸਰ ਹੋ ਕੇ ਰਾਤ।
ਹਸ਼ਰ ਦੀ ਬੁਨਿਆਦ ਸਹਿਜੇ ਧਰ ਗਈ,
ਅੱਖਾਂ-ਅੱਖਾਂ ਵਿਚ ਹੋਈ ਵਾਰਦਾਤ।
ਰੁੱਤ ਵਿਚ ਰਹਿੰਦੀ ਹੈ ਤਲਖ਼ੀ ਹੀ ਬਣੀ,
ਪਲ ਦੋ ਪਲ ਹੀ ਮੁਸਕੁਰਾਉਂਦੀ ਹੈ ਹਯਾਤ।
ਆ ਕਦੀ ਮੇਰੀ ਹਨੇਰੀ ਰਾਤ ਵਿਚ,
ਚੌਦ੍ਹਵੀਂ ਦੇ ਚੰਦ ਦੀ ਲੈ ਕੇ ਸੁਗਾਤ।
3. ਵਣਜ ਵਿਚੋਂ ਜੋ ਕਮਾਉਣਾ ਹੈ ਕਮਾ
ਵਣਜ ਵਿਚੋਂ ਜੋ ਕਮਾਉਣਾ ਹੈ ਕਮਾ।
ਖ਼ਵਾਬ ਨੂੰ ਨਾ ਜਿਣਸ ਮੰਡੀ ਦੀ ਬਣਾ।
ਧੁੱਪ ਪਾਸਾ ਬਦਲਦੀ ਜੋ ਵੀ ਰਹੀ,
ਸਾਡੇ ਵਿਹੜੇ ਵਿਚ ਪਰਛਾਵਾਂ ਰਿਹਾ।
ਜ਼ਿੰਦਗੀ ਨੂੰ ਰਾਸ ਆ ਸਕਦੀ ਨਹੀਂ,
ਤੰਗਦਿਲੀਆਂ ਪਾਲਦੀ ਆਬੋਹਵਾ।
ਕੱਲੇ-ਕੱਲੇ ਪਾਂਧੀਆਂ ਦੀ ਭੀੜ ਇਹ,
ਕਦ ਤੁਰੇਗੀ ਬਣ ਕੇ ਇੱਕੋ ਕਾਫ਼ਲਾ।
ਆਸ਼ਿਆਨੇ ਦਾ ਹੈ ਦਾਅਵਾ ਧਰਤ 'ਤੇ,
ਅੰਬਰਾਂ 'ਤੇ ਹੱਕ ਹੈ ਪਰਵਾਜ਼ ਦਾ।
ਰੰਗ, ਖੁਸ਼ਬੂ, ਮੁਸਕਰਾਹਟ ਦਾ ਵਜੂਦ,
ਫੁੱਲ ਬਣ ਕੇ ਸ਼ਾਖ਼ ਉਤੇ ਖਿੜ੍ਹ ਪਿਆ।
ਆਲ੍ਹਣਾ ਅੰਬਰ 'ਚ ਮੈਨੂੰ ਪਾਉਣ ਦੇ,
ਬਿਜਲੀਆਂ ਤੋਂ ਐਵੇਂ ਨਾ ਏਨਾ ਡਰਾ।
ਯਾਰ ਆਏ ਸਾਂਝ ਯਾਦਾਂ ਦੀ ਜਗੀ,
ਵਕਤ ਮੁੜ ਆਇਆ ਚਿਰੋਕਾ ਗੁਜ਼ਰਿਆ।
ਲੋੜ ਹੈ ਇਸ ਪੀੜ ਨੂੰ ਪਹਿਚਾਣ ਦੀ,
ਆਪਣੇ ਜ਼ਖਮਾਂ 'ਚ ਨਾ ਇਸ ਨੂੰ ਲੁਕਾ।
4. ਟਾਲ੍ਹੀਆਂ ਚੇਤਰ ਮਹੀਨੇ ਝੂਮੀਆਂ ਓਦਾਂ ਨਹੀਂ
ਟਾਲ੍ਹੀਆਂ ਚੇਤਰ ਮਹੀਨੇ ਝੂਮੀਆਂ ਓਦਾਂ ਨਹੀਂ।
ਐਤਕੀਂ ਇਸ ਤਰਫ ਜੂਹਾਂ ਮਹਿਕੀਆਂ ਓਦਾਂ ਨਹੀਂ।
ਮੇਰੀ ਦਰਦਾਂ ਨਾਲ ਡੂੰਘੀ ਸਾਂਝ ਹੋਈ ਹੈ ਜ਼ਰੂਰ,
ਰਾਸ ਆਈਆਂ ਪਰ ਅਜੇ ਵੀ ਤਲਖ਼ੀਆਂ ਓਦਾਂ ਨਹੀਂ।
ਕਲਪਨਾ ਵਿਚ ਮੋਰ ਪੈਲਾਂ ਪਾ ਹੀ ਜਾਂਦੇ ਨੇ ਕਦੀ,
ਘਿਰਦੀਆਂ ਇਸ ਤਰਫ ਭਾਵੇਂ ਬੱਦਲੀਆਂ ਓਦਾਂ ਨਹੀਂ।
ਸ਼ੌਕ ਦਾ ਕੂਚਾ ਤੇ ਹਾਲੀ ਵੀ ਹੈ ਕੂਚਾ ਸ਼ੌਕ ਦਾ,
ਹਸਰਤਾਂ ਦਿਲ ਨਾਲ ਢੁਕ-ਢੁਕ ਬਹਿੰਦੀਆਂ ਉਦਾਂ ਨਹੀਂ।
ਭੇਜਦੀ ਜੋ ਤੂੰ ਰਹੀ ਸਰਘੀ ਦੇ ਹੱਥ ਰੰਗਨੀਆਂ,
ਮੇਰੇ ਤੀਕਰ ਉਹ ਕਦੀ ਵੀ ਪਹੁੰਚੀਆਂ ਓਦਾਂ ਨਹੀਂ।
ਦੇਖ ਲੈ ਆਦਤ ਮੁਤਾਬਕ ਕਰਕੇ ਸੌਦੇਬਾਜ਼ੀਆਂ,
ਜਾਨ ਵੱਟੇ ਮੁਸਕੁਰਾਣਾਂ ਮਹਿੰਗੀਆਂ ਓਦਾਂ ਨਹੀਂ।
5. ਜਸ਼ਨ, ਇਹ ਮਹਿਫ਼ਲ, ਇਹ ਰੌਣਕ, ਇਹ ਸ਼ਰਾਬ
ਜਸ਼ਨ, ਇਹ ਮਹਿਫ਼ਲ, ਇਹ ਰੌਣਕ, ਇਹ ਸ਼ਰਾਬ।
ਅੰਦਰੋਂ ਖ਼ਾਲੀ ਨੇ ਸਭ ਖਾਨਾ ਖ਼ਰਾਬ।
ਦਰਦ ਦੀ ਸਰਹੱਦ ਤੇ ਕੱਠੇ ਹੋ ਗਏ,
ਅੱਗੋਂ ਪਿੱਛੋਂ ਤੁਰਨ ਵਾਲੇ ਸਭ ਖ਼ਵਾਬ।
ਜ਼ਖ਼ਮ ਦਿਲ ਦੇ ਬਿਨ ਗਿਣੇ ਹੀ ਰਹਿ ਗਏ,
ਕੌਣ ਸੀ ਵੇਹਲਾ ਜੋ ਕਰਦਾ ਇਹ ਹਿਸਾਬ।
ਲੈ ਕੇ ਔਂਦੇ ਨੇ ਪੁਰਾਣੇ ਖਾਰ ਨਾਲ,
ਵੱਖਰੀ ਪਹਿਚਾਣ ਵਾਲੇ ਸਭ ਗੁਲਾਬ।
ਰਾਤ ਦਿਨ ਦੇ ਸੁਪਨਿਆਂ ਵਿਚ ਫ਼ਰਕ ਹੈ,
ਉਂਝ ਮੈਂ ਕਰਦਾ ਹਾਂ ਦੋਨਾਂ ਨੂੰ ਖ਼ਤਾਬ।
ਤੁਰ ਰਹੇ ਨੇ ਰਹਿਬਰੀ ਵਿਚ ਗ਼ੈਰ ਦੀ,
ਏਸ ਪਾਸੇ ਔਣ ਵਾਲੇ ਇਨਕਲਾਬ।
6. ਬੰਦੇ ਦਾ ਜੀਵਨ 'ਚ ਜੋ ਇਤਕਾਦ ਹੈ
ਬੰਦੇ ਦਾ ਜੀਵਨ 'ਚ ਜੋ ਇਤਕਾਦ ਹੈ।
ਮਾਂ ਦੀ ਸ਼ਫਕਤ ਮਾਂ ਦਾ ਆਸ਼ੀਰਵਾਦ ਹੈ।
ਸਰਫ਼ਰਾਜ਼ੀ ਇਸਦੇ ਪੈਰਾਂ ਹੇਠ ਹੈ,
ਇਸ ਜ਼ਮੀਂ ਤੇ ਅਰਸ਼ ਦੀ ਬੁਨਿਆਦ ਹੈ।
ਦੋਸਤੀ ਦੇ ਇਸ ਤੇ ਸੀ ਪੱਤੇ ਝੜੇ,
ਇਹ ਖ਼ਰਾਬਾ ਅੱਜ ਵੀ ਆਬਾਦ ਹੈ।
ਬੇਨਿਆਜ਼ੀ ਵੀ ਹੈ ਮੁਜਰਮ ਨੇੜ ਵੀ,
ਹਰ ਖੁਸ਼ੀ ਦੇ ਲਬ ਤੇ ਇਕ ਫ਼ਰਿਆਦ ਹੈ।
ਜਗਣ ਵਾਲੇ ਜਾਗਦੇ ਨੇ ਰਾਤ ਭਰ,
ਅੱਜ ਵੀ ਦੀਵੇ ਦਾ ਇਹ ਇਤਕਾਦ ਹੈ।
ਗੱਲ ਖੁਸ਼ੀਆਂ ਨਾਲ ਤੋਰੇਗਾ ਉਹੀ,
ਜਿਸ ਨੂੰ ਹਾਸਲ ਦਰਦ ਦਾ ਇਤਮਾਦ ਹੈ।
7. ਧੜਕਣਾਂ ਛੱਜੀਂ ਉਡਾਈਏ ਆ ਕਦੀ
ਧੜਕਣਾਂ ਛੱਜੀਂ ਉਡਾਈਏ ਆ ਕਦੀ।
ਬੋਹਲ ਖੁਸ਼ਬਖਤੀ ਦੇ ਲਾਈਏ ਆ ਕਦੀ।
ਸ਼ਾਂਝ ਤਾਜ਼ਾ ਨਾਲ ਕਰੀਏ ਰੰਗ ਦੇ,
ਝਾਤ ਮੁੜ ਜ਼ਖ਼ਮਾਂ 'ਤੇ ਪਾਈਏ ਆ ਕਦੀ।
ਜਿਸ ਦੀ ਗਹਿਰਾਈ ਜੁੜੀ ਹੈ ਦਰਦ ਨਾਲ,
ਹਾਥ ਉਸ ਸਾਗਰ ਦੀ ਪਾਈਏ ਆ ਕਦੀ।
ਭੋਗ ਚੁੱਕੇ ਹਾਂ ਬਹੁਤ ਬੇਗਾਨਗੀ,
ਜ਼ਿੰਦਗੀ ਗਲ ਨਾਲ ਲਾਈਏ ਆ ਕਦੀ।
ਬਦਲੀਏ ਅੰਦਾਜ਼ ਇਸ ਮੁਸਕਾਣ ਦਾ,
ਅਸ਼ਕ ਅੱਖਾਂ 'ਚੋਂ ਸੁਕਾਈਏ ਆ ਕਦੀ।
ਸ਼ਿਕਵਿਆਂ ਦੀ ਹੱਦ ਤੋਂ ਬਾਹਰ ਕਿਤੇ,
ਆਪਣੀ ਦੁਨੀਆ ਵਸਾਈਏ ਆ ਕਦੀ।
ਛਾਂ ਹੀ ਕਰਨਾ ਜਾਣਦੇ ਨੇ ਮੇਘ ਜੋ,
ਵਰ੍ਹਨਾ ਇਨ੍ਹਾਂ ਨੂੰ ਸਿਖਾਈਏ ਆ ਕਦੀ।
8. ਪੈੜ ਜਦ ਅਵਾਰਗੀ ਦੀ ਫੜ ਲਈ
ਪੈੜ ਜਦ ਅਵਾਰਗੀ ਦੀ ਫੜ ਲਈ।
ਮਾਰਦੇ 'ਵਾਜਾਂ ਨੇ ਮੈਨੂੰ ਰਾਹ ਕਈ।
ਮੈਂ ਗਿਆ ਲਹਿਰਾਂ 'ਚ ਕੁਝ ਏਦਾਂ ਗਵਾਚ,
ਵਿਸਰੀ ਕੰਢੇ 'ਤੇ ਬੇੜੀ ਰਹਿ ਗਈ।
ਹੋਂਦ ਮੈਂ ਜਿਸ ਵਾਸਤੇ ਰੱਖੀ ਸੰਭਾਲ,
ਓਸ ਨੂੰ ਇਸ ਦੀ ਜ਼ਰੂਰਤ ਨਾ ਪਈ।
ਇਸ ਚਮਨ ਦੀ ਭੋਂ ਨੂੰ ਕੋਈ ਬਖਸ਼ ਹੈ,
ਰੁੱਖ ਬੂਟੇ ਉੱਗ ਔਂਦੇ ਨੇ ਸਈ।
ਜਾਨ ਮੈਂ ਮੁੱਠੀ 'ਚ ਲੈ ਕੇ ਬਹਿ ਗਿਆ,
ਆ ਕੇ ਸਿਰ ਉੱਤੇ ਕਿਆਮਤ ਰੁਕ ਗਈ।
9. ਧੜਕਣਾਂ ਵਿਚ ਨਗਮਗੀ ਬਾਕੀ ਨਹੀਂ
ਧੜਕਣਾਂ ਵਿਚ ਨਗਮਗੀ ਬਾਕੀ ਨਹੀਂ।
ਮਹਿਫ਼ਲਾਂ ਵਿਚ ਦਿਲਲਗੀ ਬਾਕੀ ਨਹੀਂ।
ਬਦਲਿਆ ਰਿਸ਼ਤਾ ਨਜ਼ਰ ਤੇ ਚੰਦਾ ਦਾ,
ਸੁਪਨਿਆਂ ਵਿਚ ਚਾਂਦਨੀ ਬਾਕੀ ਨਹੀਂ।
ਕਿਸਦੀ ਹਿੰਮਤ ਹੈ ਨਜ਼ਰ ਨੂੰ ਕਹਿਣ ਦੀ,
ਰੰਗ ਅੰਦਰ ਪੁਖਤਗੀ ਬਾਕੀ ਨਹੀਂ।
ਜ਼ਹਿਰ ਪੀ ਕੇ ਆ ਰਹੀ ਹੈ ਸ਼ਹਿਰ ਤੋਂ,
ਇਸ ਨਦੀ ਵਿਚ ਜ਼ਿੰਦਗੀ ਬਾਕੀ ਨਹੀਂ।
ਅਰਸ਼ 'ਤੇ ਟੰਗੀ ਸ਼ਹਿਰ ਦੀ ਰੁੱਤ ਵਿਚ,
ਛੋਹ ਕੋਈ ਧਰਤ ਦੀ ਬਾਕੀ ਨਹੀਂ।
ਰੋਜ਼ ਉਚਾ ਹੋ ਰਹੇ ਮੀਨਾਰ ਦੇ,
ਢਹਿਣ ਵਿਚ ਕੋਈ ਕਮੀ ਬਾਕੀ ਨਹੀਂ।
10. ਮਾਰੂਥਲ ਦੇ ਸਿਰ 'ਤੇ ਕੋਈ ਛਾਂ ਕਰੋ
ਮਾਰੂਥਲ ਦੇ ਸਿਰ 'ਤੇ ਕੋਈ ਛਾਂ ਕਰੋ।
ਦਰਦ ਦੀ ਬਖਸ਼ਿਸ਼ ਦਾ ਤਾਜ਼ਾ ਨਾਂ ਕਰੋ।
ਸਿਰ ਲਵੋ ਇਲਜ਼ਾਮ ਜਿਹੜਾ ਹੱਕ ਹੈ,
ਬਹਿ ਕੇ ਨਾ ਮਜਬੂਰੀਆਂ ਗਿਣਿਆਂ ਕਰੋ।
ਜਿਸ ਦੇ ਬੁੱਲ੍ਹਾਂ 'ਤੇ ਪਏ ਨੇ ਅੱਥਰੂ,
ਇਸ ਉਦਾਸੀ ਦਾ ਕੋਈ ਦਰਮਾਂ ਕਰੋ।
ਬਣ ਗਈ ਹੈ ਸਿਤਮ ਦੀ ਦਹਿਸ਼ਤ ਵੰਗਾਰ,
ਯਾਰ ਦੇ ਕੂਚੇ ਦੀ ਪਰਿਕਰਮਾ ਕਰੋ।
ਕਸਮ ਹੈ ਮੈਨੂੰ ਸ਼ਿਕਾਇਤ ਜੇ ਕਰਾਂ,
ਦਰਦਮੰਦੋ ਉਚੀਆਂ ਨਜ਼ਰਾਂ ਕਰੋ।
ਫੇਰ ਅਹਿਸਾਸਾਂ 'ਤੇ ਸ਼ਬਨਮ ਉਤਰੇ,
ਆ ਕੇ ਹਰੀਆਂ ਸੁੱਕੀਆਂ ਯਾਦਾਂ ਕਰੋ।
ਧੁਖ ਲਿਆ ਦਿਲ ਨੇ ਬਹੁਤ ਚਿਰ ਧੁਖ ਲਿਆ,
ਦਰਦ ਪਾ ਕੇ ਉਚੀਆਂ ਲਾਟਾਂ ਕਰੋ।
11. ਕਿਉਂ ਜ਼ਖਮੀ ਹੈ ਇਸ ਦਰਜਾ ਰੰਗਾਂ ਦਾ ਜਿਗਰ ਯਾਰੋ
ਕਿਉਂ ਜ਼ਖਮੀ ਹੈ ਇਸ ਦਰਜਾ ਰੰਗਾਂ ਦਾ ਜਿਗਰ ਯਾਰੋ।
ਕਿਉਂ ਪੀੜ-ਗ੍ਰਸਿਆ ਏ ਫੁੱਲਾਂ ਦਾ ਨਗਰ ਯਾਰੋ।
ਪਹਿਚਾਣ ਦੇ ਨੇੜੇ ਹੈ ਜਾਂ ਨੇੜੇ ਤਗਾਫ਼ਲ ਦੇ,
ਇਹ ਖਲਸ਼ ਜਿਹੀ ਦਿਲ ਦੀ ਇਹ ਦਰਦੇ ਜਿਗਰ ਯਾਰੋ।
ਕੀ ਬਣਿਆ ਤਮੰਨਾ ਦਾ ਕੋਈ ਤੇ ਪਤਾ ਦੇਵੋ,
ਉਸ ਜਾਨ ਦੀ ਬਸਤੀ ਤੋਂ ਆਈ ਨਾ ਖਬਰ ਯਾਰੋ।
ਕੁਛ ਅਜਬ ਤਣਾਅ ਅੰਦਰ ਦਿਨ ਮੇਰੇ ਗੁਜ਼ਰਦੇ ਨੇ,
ਇਕਰਾਰ ਦੀ ਬੇਚੈਨੀ ਇਨਕਾਰ ਦਾ ਡਰ ਯਾਰੋ।
ਕੁਛ ਦਾਦ ਤਲਬ ਨਜ਼ਰਾਂ ਕੁਛ ਖੌਫ਼ਜ਼ਦਾ ਚਿਹਰੇ,
ਇਸ ਬਜ਼ਮ ਦਾ ਏਹੀ ਹੈ ਅੰਦਾਜ਼ੇ-ਨਜ਼ਰ ਯਾਰੋ।
ਜੇ ਟੋਟ-ਗ੍ਰਸਿਆਂ ਤੋਂ ਕੁਝ ਆਖ ਨਹੀਂ ਹੋਣਾ,
ਆਪਾਂ ਹੀ ਖੁਲਾ ਲਈਏ ਮੁਸਕਾਨ ਦਾ ਦਰ ਯਾਰੋ।
ਕੀ ਅਦਲ ਕਰੇ ਏਥੇ ਕਾਨੂੰਨ ਦੀ ਕੀ ਚੱਲੇ,
ਦੋਸ਼ੀ ਹੈ ਸ਼ਹਿਰ ਸਾਰਾ ਬੇਦੋਸ਼ ਬਸ਼ਰ ਯਾਰੋ।
(ਤਗਾਫ਼ਲ=ਲਾਪ੍ਰਵਾਹੀ)
12. ਜ਼ਿੰਦਗੀ ਸੀ ਖ਼ਵਾਬ ਸੀ ਜਾਂ ਇਕ ਖਿਆਲ ਸੀ
ਜ਼ਿੰਦਗੀ ਸੀ ਖ਼ਵਾਬ ਸੀ ਜਾਂ ਇਕ ਖਿਆਲ ਸੀ।
ਉਹ ਜੋ ਵੀ ਸੀ ਸਾਡੇ ਦਮਾਂ ਦੇ ਨਾਲ ਨਾਲ ਸੀ।
ਆਇਆ ਲਬਾਂ ਤੇ ਜੋ ਮੇਰੇ ਸ਼ਿਕਵਾ ਨਹੀਂ ਸੀ ਉਹ
ਅੱਖਾਂ 'ਚ ਜੋ ਤੂੰ ਦੇਖਿਆ ਦਿਲ ਦਾ ਉਬਾਲ ਸੀ।
ਸਿਰ 'ਤੇ ਹੁਮਾ ਦੀ ਛਾਂ ਪਈ ਜਾਂਦੇ ਫਕੀਰ ਦੇ
ਬਾਰੀ 'ਚ ਝੁਕ ਕੇ ਦੇਖਦੀ ਫੁੱਲਾਂ ਦੀ ਡਾਲ ਸੀ।
ਉਸ ਪਿੱਛੋਂ ਕੀ ਕੀ ਗੁਜ਼ਰਿਆ ਕੋਈ ਪਤਾ ਨਹੀਂ
ਉਸ ਨਾਲ ਅੱਖਾਂ ਮਿਲਣ ਤੱਕ ਮੈਨੂੰ ਸੰਭਾਲ ਸੀ।
ਤਨਹਾਈਆਂ ਦੇ ਸ਼ਹਿਰ ਦਾ ਮਾਲਕ ਰਿਹਾ ਹਾਂ ਮੈਂ
ਕੋਈ ਮੇਰਾ ਸ਼ਰੀਕ ਸੀ ਤੇ ਨਾ ਭਿਆਲ ਸੀ।
ਮਰਜ਼ੀ ਖਿਲਾਫ ਭੀੜ ਵਿਚ ਸ਼ਾਮਲ ਤਮਾਮ ਲੋਕ
ਤੇਰੇ ਸ਼ਹਿਰ ਵਿਚ ਰੌਣਕਾਂ ਦਾ ਅਜਬ ਹਾਲ ਸੀ।
ਸ਼ਿਕਵੇ ਸ਼ਿਕਾਇਤਾਂ ਦੇ ਲਈ ਹਾਲਾਤ ਸੀ ਬੁਰੇ
ਦਰਦਾਂ ਦੀ ਫਸਲ ਵਾਸਤੇ ਇਹ ਖੂਬ ਸਾਲ ਸੀ।
13. ਹੰਸ ਜਿਹੜੇ ਕਹਿਕਸ਼ਾਂ ਦੇ ਕੰਢਿਆਂ ਤੇ ਲਹਿਣਗੇ
ਹੰਸ ਜਿਹੜੇ ਕਹਿਕਸ਼ਾਂ ਦੇ ਕੰਢਿਆਂ ਤੇ ਲਹਿਣਗੇ।
ਸਹਰ ਤੋੜੀ ਤਾਰਿਆਂ ਦੀ ਚੋਗ ਚੁਗਦੇ ਰਹਿਣਗੇ।
ਲੱਗਿਆ ਹੈ ਆਪਣੀ ਪਹਿਚਾਣ ਭੁੱਲਣ ਦਾ ਆਰੋਪ
ਜ਼ਖ਼ਮ ਦਿਲ ਦੇ ਇਕ ਵਾਰੀ ਫੇਰ ਗਿਣਨੇ ਪੈਣਗੇ।
ਆਰਜ਼ੂ ਦੇ ਪੰਛੀਆਂ ਦੇ ਪਰ ਬੜੇ ਰੰਗੀਨ ਨੇ
ਇਹ ਖਿੜਾਉਂਦੇ ਜਾਣਗੇ ਜਿਸ ਸ਼ਾਖ ਉਤੇ ਬਹਿਣਗੇ।
14. ਖ਼ੁਦਕੁਸ਼ੀ ਤਕ ਅੰਤ ਖੇਤਾਂ ਦੀ ਸਿਆਸਤ ਆ ਗਈ
ਖ਼ੁਦਕੁਸ਼ੀ ਤਕ ਅੰਤ ਖੇਤਾਂ ਦੀ ਸਿਆਸਤ ਆ ਗਈ।
ਕਰਜ਼ਿਆਂ ਦੀ ਅਹਿਰਣ ਫ਼ਸਲਾਂ ਮੁੱਢ ਤੀਕਰ ਖਾ ਗਈ।
ਕੱਲਾ ਕੱਲਾ ਕਰ ਗਿਆ ਸਭ ਨੂੰ ਤਰੱਕੀ ਦਾ ਖ਼ਿਆਲ,
ਸਾਂਝਿਆਂ ਹੱਕਾਂ ਨੂੰ ਨਿੱਜੀ ਤਾਂਘ ਗਹਿਣੇ ਪਾ ਗਈ।
ਦੇਖਣਾ ਚਾਹੁੰਦੀ ਸੀ ਮੇਰਾ ਪਿੰਡ ਆਜ਼ਾਦੀ ਜ਼ਰੂਰ,
ਪਰ ਉਹ ਭੀੜੇ ਕੂਚਿਆਂ 'ਚੋਂ ਲੰਘਣੋਂ ਘਬਰਾ ਗਈ।
ਪਹੁ ਫੁਟਾਲਾ ਲੁੱਟਿਆ ਜਾਣਾ ਸੀ ਏਸੇ ਹੀ ਤਰ੍ਹਾਂ,
ਅੱਖ ਜਦ ਸੂਰਜ ਦੀ ਚੜ੍ਹਦੇ ਸਾਰ ਹੀ ਪਥਰਾ ਗਈ।
ਸਿਤਮ ਦੇ ਸ਼ਹਿਰਾਂ 'ਚੋਂ ਜਿਹੜਾ ਗ਼ੁਜ਼ਰ ਆਇਆ,
ਉਸ ਦੀਆਂ ਪੈੜਾਂ ਨੂੰ ਉਡਦੀ ਧੂੜ ਰਾਹ ਦੀ ਖਾ ਗਈ।
15. ਜੰਗ ਦੇ ਮੈਦਾਨ, ਨਾ ਦਰਬਾਰ ਵਿਚ
ਜੰਗ ਦੇ ਮੈਦਾਨ, ਨਾ ਦਰਬਾਰ ਵਿਚ।
ਫ਼ੈਸਲੇ ਹੁੰਦੇ ਨੇ, ਹੁਣ ਬਾਜ਼ਾਰ ਵਿਚ।
ਦਰਦ ਸਾਡਾ ਇਸ ਤੋਂ ਪਾਸੇ ਰਹਿ ਗਿਆ,
ਦਾਸਤਾਂ ਪਰ ਛਪ ਗਈ ਅਖ਼ਬਾਰ ਵਿਚ।
ਭੁੱਲ ਜਾਂਦੇ ਨੇ ਉਹ ਜ਼ਖ਼ਮਾਂ ਦੀ ਸਿਆਣ,
ਰਲ ਗਏ ਜੋ ਸਿਤਮ ਦੇ ਪਰਵਾਰ ਵਿਚ।
ਲੁੱਟ ਜੋ ਹੁੰਦੇ ਨੇ ਅੱਡੋ ਅੱਡ ਨੇ,
ਨੇੜ ਹੈ ਚੋਰਾਂ ਤੇ ਪਹਿਰੇਦਾਰ ਵਿਚ।
16. ਦਰਦ ਦਾ ਅਪਮਾਨ ਸਹਿ ਹੋਣਾ ਨਹੀਂ
ਦਰਦ ਦਾ ਅਪਮਾਨ ਸਹਿ ਹੋਣਾ ਨਹੀਂ।
ਜਜ਼ਬਿਆਂ ਤੋਂ ਚੁੱਪ ਰਹਿ ਹੋਣਾ ਨਹੀਂ।
ਬਦਲ ਚੁਕੀ ਹੈ ਹਕੀਕਤ ਦਰਦ ਦੀ,
ਬਣ ਕੇ ਹੰਝੂ ਇਸ ਤੋਂ ਵਹਿ ਹੋਣਾ ਨਹੀਂ।
ਸ਼ਿਕਵਿਆਂ ਨੂੰ ਲੱਭਣਾ ਪੈਣਾ ਹੈ ਰਾਹ,
ਚੁੱਪ ਕਰਕੇ ਹੋਰ ਬਹਿ ਹੋਣਾ ਨਹੀਂ।
ਮੁਸਕਰਾ ਕੇ ਵੀ ਕਹਿਣ ਜੇ ਦਿਲ ਦਾ ਹਾਲ,
ਹੰਝੂਆਂ ਤੋਂ ਝੂਠ ਕਹਿ ਹੋਣਾ ਨਹੀਂ।
ਹਾਕਮਾਂ ਦੇ ਹੁਕਮ ਦਾ ਇਹ ਅੰਤ ਹੈ,
ਮੈਥੋਂ ਹੇਠਾਂ ਹੋਰ ਲਹਿ ਹੋਣਾ ਨਹੀਂ।
ਇਸ ਦੇ ਪਾਣੀ ਵਿਚ ਕੋਈ ਤੜਪ ਹੈ,
ਇਸ ਨਦੀ ਤੋਂ ਟਿਕ ਕੇ ਵਹਿ ਹੋਣਾ ਨਹੀਂ।
17. ਕਾਗ਼ਜ਼ੀ ਫੁੱਲਾਂ ਦੇ ਇਸ ਗੁਲਜ਼ਾਰ ਵਿਚ
ਕਾਗ਼ਜ਼ੀ ਫੁੱਲਾਂ ਦੇ ਇਸ ਗੁਲਜ਼ਾਰ ਵਿਚ।
ਆ ਗਏ ਬੁਲਬੁਲ ਦੇ ਨਗ਼ਮੇ ਮਾਰ ਵਿਚ।
ਪਰਤ ਆਇਆ ਏਂ ਤੂੰ ਖਾਲੀ ਝੋਲ ਕਿਉਂ,
ਬਹੁਤ ਕੁਝ ਵਿਕਦਾ ਹੈ ਇਸ ਬਾਜ਼ਾਰ ਵਿਚ।
ਨੇੜ ਦਿਲ ਦਾ ਦੂਰ ਵੱਸਦੀ ਚੀਜ਼ ਹੈ,
ਦੂਰੀਆਂ ਸ਼ਾਮਲ ਨੇ ਇਕ ਰਫ਼ਤਾਰ ਵਿਚ।
ਆਪਣਾ ਰਾਹ ਢੂੰਡ ਅੰਦਰ ਜਾਣ ਦਾ,
ਲੱਭ ਨਾ ਪਹਿਚਾਣ ਪਹਿਰੇਦਾਰ ਵਿਚ।
ਝੂਠ ਕੱਲੇ ਦੀ ਗਵਾਹੀ 'ਤੇ ਸਦਾ,
ਸੱਚ ਚਿਣ ਹੁੰਦਾ ਰਿਹਾ ਦੀਵਾਰ ਵਿਚ।
ਅੰਬਰਾਂ ਦੀ ਖੁੱਲ੍ਹ ਦੇ ਪਰਤਾਪ ਨਾਲ,
ਸਿੱਖਿਆ ਉਡਣਾ ਖ਼ਿਆਲ ਡਾਰ ਵਿਚ।
ਹਮਸਫ਼ਰ ਯਾਰਾਂ ਬਣਾਇਆ ਮਹਿਕ ਨੂੰ,
ਮੁਸਕੁਰਾਹਟਾਂ ਗੁੰਦ ਲਈਆਂ ਹਾਰ ਵਿਚ।
18. ਭਰ ਲਏ ਨੈਣਾਂ 'ਚ ਜੀਨ੍ਹੇ ਆਬਸ਼ਾਰ
ਭਰ ਲਏ ਨੈਣਾਂ 'ਚ ਜੀਨ੍ਹੇ ਆਬਸ਼ਾਰ।
ਹੋ ਗਿਆ ਵਹਿਣਾਂ 'ਤੇ ਉਸ ਦਾ ਅਖ਼ਤਿਆਰ।
ਅੱਥਰੂ ਪੀਤੇ ਬਹੁਤ ਇਸ ਧਰਤ ਨੇ,
ਰੰਗ ਵੀ ਇਸ ਨੇ ਖਿੜਾਏ ਬੇਸ਼ਮਾਰ।
ਨਾ ਕਿਹਾ ਜਿਨ੍ਹਾਂ ਨੂੰ ਆਪਣਾ ਦਰਦ ਨੇ,
ਰਹਿ ਗਏ ਬਦਨਾਮ ਹੋ ਕੇ ਜਾਂਨਿਸਾਰ।
ਮੈਂ ਬੜੇ ਮੌਸਮ ਹੰਢਾਏ ਦਰਦ ਦੇ,
ਉਸ ਗਲੀ 'ਚੋਂ ਲੰਘਿਆ ਹਾਂ ਬਾਰ ਬਾਰ।
ਕੌਣ ਏਥੇ ਭਾਲਦਾ ਇੱਜ਼ਤ ਫਿਰੇ,
ਕੌਣ ਹੋਵੇ ਉਮਰ ਭਰ ਵਾਧੂ ਖ਼ਵਾਰ।
ਦੱਸਦੇ ਨੇ ਰੋਜ਼ ਮੈਨੂੰ ਮੇਹਰਬਾਨ,
ਹੁਣ ਤੇ ਖ਼ੁਸ਼ਹਾਲੀ ਵੀ ਮਿਲਦੀ ਹੈ ਉਧਾਰ।
ਉਹ ਨਹੀਂ ਪੈਣਾ ਕਦੀ ਫਿਰ ਜਾਮ ਵਿਚ,
ਟੁੱਟ ਕੇ ਖਿਲਰ ਗਿਆ ਜਿਹੜਾ ਖ਼ੁਮਾਰ।
19. ਮੈਂ ਮਸ਼ੀਨਾਂ ਦੇ ਪਤੇ 'ਤੇ ਧੜਕਣਾਂ ਨੂੰ ਖ਼ਤ ਲਿਖੇ
ਮੈਂ ਮਸ਼ੀਨਾਂ ਦੇ ਪਤੇ 'ਤੇ ਧੜਕਣਾਂ ਨੂੰ ਖ਼ਤ ਲਿਖੇ।
ਦਰਦ ਦੇ ਨਾਜ਼ਕ ਵਿਸ਼ੇ ਤੇ ਕਾਤਲਾਂ ਨੂੰ ਖ਼ਤ ਲਿਖੇ।
ਇਕ ਗਵਾਚੀ ਲਹਿਰ ਨੂੰ ਲੱਭੀ ਗਿਆ ਦਿਲ ਨਾਮੁਰਾਦ
ਕੰਢਿਆਂ ਦੀ ਮਾਰਫਤ ਮੈਂ ਸਾਗਰਾਂ ਨੂੰ ਖ਼ਤ ਲਿਖੇ।
(ਅਧੂਰੀ ਰਚਨਾ)