Punjabi Poetry : Gurdas Ram Alam

ਪੰਜਾਬੀ ਕਵਿਤਾਵਾਂ : ਗੁਰਦਾਸ ਰਾਮ ਆਲਮ

1. ਆਜ਼ਾਦੀ

ਕਿਓਂ ਬਈ ਨਿਹਾਲਿਆ ਆਜ਼ਾਦੀ ਨਹੀਂ ਵੇਖੀ,
ਨਾ ਬਈ ਭਰਾਵਾ ਨਾ ਖਾਧੀ ਨਾ ਦੇਖੀ।
ਮੈਂ ਜੱਗੂ ਤੋਂ ਸੁਣਿਆ ਅੰਬਾਲੇ ਖੜ੍ਹੀ ਸੀ,
ਬੜੀ ਭੀੜ ਉਸਦੇ ਦੁਆਲੇ ਖੜ੍ਹੀ ਸੀ।

ਆਈ ਨੂੰ ਤਾਂ ਭਾਵੇਂ ਤੀਆ ਸਾਲ ਬੀਤਾ,
ਅਸੀਂ ਤਾਂ ਅਜੇ ਤੱਕ ਦਰਸ਼ਣ ਨਹੀਂ ਕੀਤਾ।
ਦਿੱਲੀ ’ਚ ਆਉਂਦੀ ਹੈ ਸਰਦੀ ਦੀ ਰੁੱਤੇ,
ਤੇ ਹਾੜਾਂ ’ਚ ਰਹਿੰਦੀ ਪਹਾੜਾਂ ਦੇ ਉੱਤੇ।

ਗ਼ਰੀਬਾਂ ਨਾਲ ਲਗਦੀ ਲੜੀ ਹੋਈ ਆ ਖ਼ਬਰੇ,
ਅਮੀਰਾਂ ਦੇ ਹੱਥੀਂ ਚੜ੍ਹੀ ਹੋਈ ਆ ਖ਼ਬਰੇ।
ਅਖ਼ਬਾਰਾਂ ’ਚ ਪੜ੍ਹਿਆ ਜਰਵਾਣੀ ਜਿਹੀ ਏ,
ਕੋਈ ਸੋਹਣੀ ਤਾਂ ਨਹੀਂ ਐਵੇਂ ਕਾਣੀ ਜਿਹੀ ਏ।

ਮੰਨੇ ਜੇ ਉਹ ਕਹਿਣਾ ਅਸੀਂ ਵੀ ਮੰਗਾਈਏ,
ਛੰਨਾਂ ਤੇ ਢਾਰਿਆਂ ’ਚ ਭੁੰਜੇ ਸਵਾਈਏ।
ਪਰ ਏਨਾ ਪਤਾ ਨਹੀਂ ਕੀ ਖਾਂਦੀ ਹੁੰਦੀ ਏ,
ਕਿਹੜੀ ਚੀਜ਼ ਤੋਂ ਦਿਲ ਚੁਰਾਂਦੀ ਹੁੰਦੀ ਏ।

ਸ਼ਿਮਲੇ ਤਾਂ ਓਸ ਅੱਗੇ ਆਂਡੇ ਹੁੰਦੇ ਨੇ,
ਬਈ ਸਾਡੀ ਤਾਂ ਖੁਰਲੀ ’ਚ ਟਾਂਡੇ ਹੁੰਦੇ ਨੇ।

2. ਨੀ ਅਜ਼ਾਦੀਏ ਡੱਬ ਖੜੱਬੀਏ ਨੀ

ਨੀ ਅਜ਼ਾਦੀਏ ਡੱਬ ਖੜੱਬੀਏ ਨੀ,
ਕਿਉਂ ਨਹੀਂ ਦਿਲ ਮਜ਼ਲੂਮਾਂ ਨੂੰ ਲਾਉਣ ਦਿੰਦੀ।
ਕੰਨ ਬੰਦ ਕਰ ਲੈ ਜੇ ਤੈਨੂੰ ਬੁਰਾ ਲਗਦਾ,
ਨਾ ਤੂੰ ਰੋਣ ਦੇਵੇਂ ਨਾ ਤੂੰ ਸੌਣ ਦਿੰਦੀ।

ਲੱਖਾਂ ਲਾਲ ਲੈ ਕੇ ਮੂੰਹ ਵਿਖਾਈ ਸਾਥੋਂ,
ਨੇੜੇ ਆਪਣੇ ਅਜੇ ਨਹੀਂ ਆਉਣ ਦਿੰਦੀ।
ਆਪ ਖ਼ੁਦਮੁਖਤਾਰੀ ਦੀ ਚੱਕੀ ਹੋਈਂ ਏਂ
ਸਾਨੂੰ ਛੱਪੜ ਦੇ ਵਿਚ ਵੀ ਨਹੀਂ ਨ੍ਹਾਉਣ ਦਿੰਦੀ।

ਤੈਨੂੰ ਟੋਹ ਲਿਆ ਏ ਤੂੰ ਵੱਡਿਆਂ ਘਰਾਂ ਦੀ ਏਂ,
ਤੇਰੇ ਬਿਰਲਾ, ਮਮਦੋਟ ਨਿਜ਼ਾਮ ਨੇ ਪੁੱਤ।
ਅਸੀਂ ਕਿਸੇ ਵੀ ਮੁਲਕ ਵਿਚ ਨਹੀਂ ਸੁਣਿਆ,
ਪਿਓ ਅਜ਼ਾਦ ਤੇ ਜੀਹਦੇ ਗ਼ੁਲਾਮ ਨੇ ਪੁੱਤ।

ਚਾਹੇ ਸਾਬਤ ਕਰ ਕਿ ਮੈਂ ਹਿੰਦੋਸਤਾਨ ਦਾ ਨਹੀਂ,
ਲੈਂਦਾ ਫੇਰ ਮੈਂ ਕਿਸੇ ਕੋਲ ਨਾਂ ਕੋਈ ਨਹੀਂ।
ਇਕ ਬਾਪ ਦੇ ਅਸੀਂ ਹਾਂ ਪੁੱਤ ਸਾਰੇ,
ਵੱਖੋ ਵੱਖਰਾ ਸਾਡਾ ਗਿਰਾਂ ਕੋਈ ਨਹੀਂ।

ਦੇਖਣ ਵਾਲਾ ਮੁਸੱਵਰ ਤੇ ਕਰੂ ਗੁੱਸਾ,
ਇਸ ਤਸਵੀਰ ਦਾ ਮੂੰਹ ਤੇ ਬਾਂਹ ਕੋਈ ਨਹੀਂ।
ਹਿੰਦੁਸਤਾਨ ਵਿਚ ਇਕ ਆਜ਼ਾਦ ਹਿੰਦੀ,
ਰੂੜੀ ਸੁਟਣ ਨੂੰ ਜੀਹਦੇ ਕੋਲ ਥਾਂ ਕੋਈ ਨਹੀਂ।

3. ਲੰਬੜਾਂ ਦੀ ਕੰਧ ਟੱਪ ਕੇ-ਗੀਤ

ਲੰਬੜਾਂ ਦੀ ਕੰਧ ਟੱਪ ਕੇ, ਮੁੰਡਾ ਕੰਡਿਆਂ 'ਚੋਂ ਬੇਰ ਲਿਆਇਆ।
ਤਲੀ ਉੱਤੇ ਜਾਨ ਰੱਖ ਕੇ, ਉਹਨੇ ਬੇਰੀ ਦੇ ਪਿੰਡੇ ਨੂੰ ਹੱਥ ਪਾਇਆ।

ਜਿਸ ਵੇਲੇ ਰੋਕ ਨਾ ਸਕੀ, ਨਵੇਂ ਪੈਰਾਂ ਨੂੰ ਦੀਵਾਰ ਪੁਰਾਣੀ।
ਨੱਸ ਕੇ ਅੰਦਰ ਲੁਕ ਗਈ, ਕੁੰਡਾ ਮਾਰ ਕੇ ਵੱਡੀ ਚੁਧਰਾਣੀ।
ਮੁੱਛਾਂ ਉੱਤੇ ਹੱਥ ਫੇਰ ਕੇ, ਨਾਲੇ ਖੰਘਿਆ ਤੇ ਨਾਲੇ ਮੁਸਕਾਇਆ।

ਲੰਮੇਂ ਪੈ ਗਏ ਪੈਰ ਸੁੰਘਕੇ, ਕੁੱਤਾ ਭੌਂਕਿਆ ਨਾ ਕੋਈ ਵੀ ਸਿ਼ਕਾਰੀ।
ਬਿੱਟ ਬਿੱਟ ਝਾਕਦੇ ਰਹੇ, ਚੌਕੀਦਾਰ ਤੇ ਲੰਬੜ ਪਟਵਾਰੀ।
ਦੂਰੋਂ ਵਿਸ ਘੋਲਦੇ ਰਹੇ, ਉਹਦੇ ਕੋਲ ਨਾ ਕੋਈ ਵੀ ਆਇਆ।
ਲੰਬੜਾਂ ਦੀ ਕੰਧ ਟੱਪ ਕੇ, ਮੁੰਡਾ ਬੇਰੀਆਂ 'ਚੋਂ ਬੇਰ ਲਿਆਇਆ।

4. ਮਜ਼ਦੂਰ ਦਾ ਗੀਤ

ਮਾਹੀ ਮੇਰਾ ਕਾਲੇ ਰੰਗ ਦਾ
ਵਿਹੜੇ ਵੜਦਾ ਤੇ ਚੰਨ ਚੜ੍ਹ ਜਾਂਦਾ
ਜੱਗ ਦੀ ਭਲਾਈ ਵਾਸਤੇ
ਬੇਹੀਆਂ ਰੋਟੀਆਂ ਮਿਰਚ ਨਾਲ ਖਾਂਦਾ

’ਕੱਲਾ ਉਹ ਕਮਾਊ ਘਰ ’ਚੋਂ
ਚੌਂਹ ਜੀਆਂ ਦੀ ਖਿੱਚੇ ਹਰਨਾੜੀ,
ਲੂਣ ਤੇਲ ਚਾਹ ਨਾ ਚੁੱਕੇ
ਉਹਦੀ ਚਾਰ ਪੰਜ ਦਮੜੇ ਦਿਹਾੜੀ
ਜੁਆਕਾਂ ਨੂੰ ਪੜ੍ਹੌਣ ਬਦਲੇ,
ਘਾਹ ਖੋਤ ਕੇ ਦਿਹਾੜੀ ਜਾਂਦਾ।
ਮਾਹੀ ਮੇਰਾ ਕਾਲੇ ਰੰਗ ਦਾ

ਕਣਕਾਂ ਦੇ ਝਾੜ ਵਧ ਗਏ,
ਉਹਤੋਂ ਵੱਧ ਵਧ ਗਈ ਮਹਿੰਗਾਈ।
ਔਖਾ ਹੋਇਆ ਢਿੱਡ ਤੋਰਨਾ,
ਦੱਸੋ ਕਿੱਥੋਂ ਮੈਂ ਭਰਾ ਦਿਆਂ ਰਜਾਈ।
ਉੱਤੇ ਲੈ ਕੇ ਸੌਂਦਾ ਚਾਦਰੀ,
ਹੇਠਾਂ ਬੋਰੀਆਂ ਦੇ ਤੱਪੜ ਵਿਛਾਂਦਾ।
ਮਾਹੀ ਮੇਰਾ ਕਾਲੇ ਰੰਗ ਦਾ

ਜਦੋਂ ਮੈਂ ਵਿਆਹੀ ਆਈ ਸੀ,
ਦੋ ਹਜ਼ਾਰ ਦਾ ਸੀ ਢੋਲ ਪਥੇਰਾ।
ਰਾਜ ਸੀ ਫਰੰਗੀਆਂ ਦਾ,
ਕਦੇ ਮੁੱਕਾ ਨਹੀਂ ਸੀ ਘਰ ਚੋਂ ਲਵੇਰਾ।
ਦੋਂਹ ਮੋਹਰੇ ਗਾਰਾ ਸੁੱਟਕੇ,
ਘਾਣੀ ਪੁੱਟ ਕੇ ਇੱਟਾਂ ਸੀ ਲਾਂਦਾ।
ਮਾਹੀ ਮੇਰਾ ਕਾਲੇ ਰੰਗ ਦਾ
ਮੈਨੂੰ ਕਹਿੰਦਾ ਮੇਰੇ ਹੁੰਦਿਆਂ,
ਨੀ ਤੂੰ ਕਿਓਂ ਤਕਲੀਫ਼ ਉਠਾਵੇਂ।
ਹੱਸ ਹੱਸ ਰੋਜ਼ ਦੱਸਦਾ,
ਗੱਲਾਂ ਬੈਠ ਤਾਰਿਆਂ ਦੀ ਛਾਵੇਂ।
ਆ ਜਾਣਾ ਰਾਜ ਆਪਣਾ,
ਸਾਨੂੰ 'ਆਲਮ' ਐਲਾਨ ਸੁਣਾਂਦਾ।
ਮਾਹੀ ਮੇਰਾ ਕਾਲੇ ਰੰਗ ਦਾ

5. ਕੀਤਾ ਹਿੰਦ ਦਾ ਤੇ ਗਿਲਾ ਨਹੀਂ ਮੈਂ

ਕੀਤਾ ਹਿੰਦ ਦਾ ਤੇ ਗਿਲਾ ਨਹੀਂ ਮੈਂ।
ਸਾਡੇ ਪਿੰਡ ਦੀ ਜਾਂ ਪੰਚੈਤ ਆਖੇ,
ਕਿ ਵੱਡੇ ਵੀਰ ਦਾ ਛੋਟਾ ਭਰਾ ਨਹੀਂ ਮੈਂ।
ਗੱਲਾਂ ਜੇ ਇਹ ਸਾਰੀਆਂ ਸੱਚੀਆਂ ਨੇ
ਤਾਂ ਮਨ ਮਾਰ ਕੇ ਫਾਹਾ ਨਹੀਂ ਵੱਢ ਹੁੰਦਾ।
ਭਾਵੇਂ ਪਿੰਡ ਵਿੱਚੋਂ ਆਵੇ ਇਕ ਮਰਲ਼ਾ,
ਹਿੱਸਾ ਆਪਣਾ ਕਦੇ ਨਹੀਂ ਛੱਡ ਹੁੰਦਾ।

6. ਆਜ਼ਾਦੀ ਨੂੰ

ਹੱਥੀਂ ਚੜ੍ਹੀ ਹੋਈਂ ਏਂ ਜਿਨ੍ਹਾਂ ਵਿਹਲੜਾਂ ਦੇ,
ਉਹ ਤਾਂ ਨਾਲ ਚਲਾਕੀ ਦੇ ਅੱਗੇ ਹੋਏ ਨੇ।
ਤੈਨੂੰ ਲਿਆਉਣ ਉੱਤੇ ਜਿਹੜਾ ਖ਼ਰਚ ਹੋਇਆ,
ਦੰਮ ਸਾਡੀ ਕਮਾਈ ਦੇ ਵੀ ਲੱਗੇ ਹੋਏ ਨੇ।

7. ਨੂਰਪੁਰੀ ਲਈ ਵਿਰਲਾਪ

ਪੰਜਾਬੀ ਗੀਤਾਂ ਦੇ ਸ਼ਹਿਨਸ਼ਾਹ ਨੂਰਪੁਰੀਆ,
ਅੱਖਾਂ ਮੀਟ ਕੇ ਕਹਿਰ ਗੁਜ਼ਾਰ ਗਿਓਂ
ਹਮਦਮ, ਸ਼ਰਫ਼, ਸ਼ਹੀਦ, ਖੁਸ਼ਨੀਦ ਪਿੱਛੇ,
ਚਾਤਰਿਕ ਵਾਂਗ ਉਡਾਰੀਆਂ ਮਾਰ ਗਿਓਂ
ਸਾਡੇ ਗਿੱਧੇ ਸਿਆਪਿਆਂ ਵਿਚ ਬਦਲੇ,
ਹਾਸੇ ਖੋਹ ਕੇ ਗ਼ਮੀਆਂ ਖਿਲਾਰ ਗਿਓਂ

ਤੇਰੇ ਹੁੰਦਿਆਂ ਸਾਰੇ ਪੰਜਾਬ ਅੰਦਰ,
ਜਣਾ ਖਣਾ ਹੀ ਭੰਗੜੇ ਪਾ ਰਿਹਾ ਸੀ,
ਸ਼ੌਕਣ ਮੇਲੇ ਦੀ ਜਦੋਂ ਤਿਆਰ ਹੋਈ,
ਕੈਂਠੇ ਵਾਲਾ ਪਰਾਹੁਣਾ ਵੀ ਆ ਰਿਹਾ ਸੀ।
ਮੈਨੂੰ ਗ਼ਿਲਾ ਹੈ ਵਕਤ ਦੇ ਹਾਕਮਾਂ ਤੇ,
ਜਿਹਨਾਂ ਦੁਸ਼ਮਣੀ ਖਾਹ ਮਖਾਹ ਕੀਤੀ
ਤੇਰੇ ਮਰੇ ਤੇ ਮੱਦਤਾਂ ਦੇਣ ਆਏ,
ਤੇਰੇ ਜੀਉਂਦੇ ਦੀ ਨਹੀਂ ਪ੍ਰਵਾਹ ਕੀਤੀ।

8. ਭੀਮ ਰਾਓ ਅੰਬੇਡਕਰ

ਬੜਾ ਸ਼ੋਰ ਪੈਂਦਾ ਗ਼ਰੀਬਾਂ ਦੇ ਵਿਹੜੇ
ਇਹ ਅੱਜ ਕੌਣ ਆਇਆ ਸਵੇਰੇ ਸਵੇਰੇ
ਨਵੀਂ ਇਹਦੀ ਥਿਊਰੀ ਨਵਾਂ ਇਹਦਾ ਖਾਸਾ
ਇਹ ਜਿੰਦਗ਼ੀ ਦਾ ਚਾਹੁੰਦਾ ਬਦਲ ਲੈਣਾ ਪਾਸਾ
ਲੁਕ ਲੁਕ ਰੋਂਦੇ ਸਿਆਸੀ ਲੁਟੇਰੇ
ਛੰਨਾਂ ਤੇ ਢਾਰਿਆਂ ਦਾ ਦਸਦਾ ਉਜਾਲਾ
ਆਲਮ ’ਚ ਹੈ ਹੁਣ ਕੁਛ ਹੋਣ ਵਾਲਾ
ਲੱਖਾਂ ਲੋਕ ਬਹਿੰਦੇ ਜੁੜ ਕੇ ਚੁਫੇਰੇ

9. ਉਲ੍ਹਾਮਾ

ਕਿਓਂ ਮੁਘੜ ਮਾਰੀ ਬੈਠਾ ਏਂ, ਉਠ ਦਲਿਤ ਭਰਾਵਾ ਚੱਜ ਕਰ ਲੈ।
ਕੰਮ ਤੈਨੂੰ ਕਰਨਾ ਪੈਣਾ ਏ, ਚਾਹੇ ਕੱਲ ਕਰ ਲਈ, ਚਾਹੇ ਅੱਜ ਕਰ ਲੈ।

ਤੇਰੇ ਗਵਾਂਢੀ ਅੱਗੇ ਲੰਘ ਗਏ ਨੇ, ਤੂੰ ਪਿਛੇ ਬੈਠਾ ਹੱਸਦਾ ਏਂ।
ਤੂੰ ਵੀ ਬੰਦਿਆਂ ਵਰਗਾ ਬੰਦਾ ਏਂ, ਜੇ ਬੰਦਾ ਏਂ ਤਾਂ ਲੱਜ ਕਰ ਲੈ।
ਕੰਮ ਤੈਨੂੰ ਕਰਨਾ ਪੈਣਾ ਏ, ਚਾਹੇ ਕੱਲ ਕਰ ਲਈ, ਚਾਹੇ ਅੱਜ ਕਰ ਲੈ।

ਜੋ ਕਰਨਾ ਸੀ ਓਹ ਕੀਤਾ ਨਹੀਂ, ਜੋ ਕੀਤਾ ਤੈਂ ਕਿਸੇ ਕੰਮ ਦਾ ਨਹੀਂ।
ਕਰ ਲੈਣ ਦੀ ਤੇਰੇ ਚ ਤਾਕਤ ਹੈ, ਭਾਵੇਂ ਨਾ -ਮੁਮਕਿਨ ਦਾ ਪੱਜ ਕਰ ਲੈ।
ਕੰਮ ਤੈਨੂੰ ਕਰਨਾ ਪੈਣਾ ਏ, ਚਾਹੇ ਕੱਲ ਕਰ ਲਈ, ਚਾਹੇ ਅੱਜ ਕਰ ਲੈ।

ਤੂੰ ਕਹਿੰਦਾ ਪੀਰ ਪੈਗੰਬਰ ਹੀ, ਤੇਰੀ ਕਿਸਮਤ ਆ ਬਦਲਣਗੇ।
ਤੇਰੀ ਮਦਦ ਕਿਸੇ ਨੇ ਆਉਣਾ ਨਹੀਂ, ਚਾਹੇ ਕਾਂਸ਼ੀ ਜਾ ਚਾਹੇ ਹੱਜ ਕਰ ਲੈ।
ਕੰਮ ਤੈਨੂੰ ਕਰਨਾ ਪੈਣਾ ਏ, ਚਾਹੇ ਕੱਲ ਕਰ ਲਈ, ਚਾਹੇ ਅੱਜ ਕਰ ਲੈ।

ਜਿਨ ਪੁਰਸ਼ ਬਣਾਏ ਡੰਗਰਾਂ ਤੋਂ, ਪੁਰਸ਼ਾਂ ਤੋਂ ਮਨਿਸਟਰ ਕੀਤੇ ਨੇ।
ਤੇਰਾ ਭੀਮ ਰਾਓ ਬਿਨ ਸਰਨਾ ਨਹੀਂ, ਜਿਥੇ ਜੀ ਕਰਦਾ ਨਠ ਭੱਜ ਕਰ ਲੈ।
ਕੰਮ ਤੈਨੂੰ ਕਰਨਾ ਪੈਣਾ ਏ, ਚਾਹੇ ਕੱਲ ਕਰ ਲਈ, ਚਾਹੇ ਅੱਜ ਕਰ ਲੈ।

ਤੋੜ ਜਾਲ ਇਹ ਜਾਤਾਂ ਪਾਤਾਂ ਦੇ, ਕੰਧ ਢਾਹ ਸੁੱਟ ਰਸਮਾਂ ਰੀਤਾਂ ਦੀ।
ਹਥਾਂ ਵਿਚ ਲੈ ਕੇ ਰਾਜ ਸੱਤਾ, ਕੁੱਲ ਆਲਮ ਉੱਤੇ ਬੱਜ ਕਰ ਲੈ।
ਕਿਓਂ ਮੁਘੜ ਮਾਰੀ ਬੈਠਾ ਏਂ, ਉਠ ਦਲਿਤ ਭਰਾਵਾ ਚੱਜ ਕਰ ਲੈ।
ਕੰਮ ਤੈਨੂੰ ਕਰਨਾ ਪੈਣਾ ਏ, ਚਾਹੇ ਕੱਲ ਕਰ ਲਈ, ਚਾਹੇ ਅੱਜ ਕਰ ਲੈ।

10. ਸੋਸ਼ਲਿਜ਼ਮ

ਆਵੋ ਅਸਲੀ ਸੋਸ਼ਲਿਜ਼ਮ ਨੂੰ ਇੱਕ ਹੋ ਕੇ ਲੈ ਆਈਏ।
ਲੱਟ ਖਸੁੱਟ ਬੇਕਾਰੀ ਹੱਥੋਂ, ‘ਆਲਮ’ ਮੁਕਤ ਕਰਾਈਏ।

11. ਡਾ. ਅੰਬੇਦਕਰ

ਪੈਰ ਫੇਰ ਕੇ ਲੀਹਾਂ ਪੁਰਾਣੀਆਂ ’ਤੇ।
ਰੁਲਦੇ-ਖੁਲਦੇ ਬੇਘਰੇ ਲਾਵਾਰਸਾਂ ਨੂੰ,
ਫੜਦੇ ਬੰਦਿਆਂ ਵਿੱਚ ਬਿਠਾ ਗਿਆ ਉਹ।
ਬੁਝੇ ਹੋਏ ਅਛੂਤਾਂ ਦੇ ਦਿਲਾਂ ਅੰਦਰ,
ਆਲਮ ਜੋਤ ਅਹਿਸਾਸ ਜਗਾ ਗਿਆ ਉਹ।

12. ਇਲੈਕਸ਼ਨ

ਇਲੈਕਸ਼ਨ ਜਾਲ ਹੈ ਟਾਟਿਆਂ ਬਿਰਲਿਆਂ ਦਾ,
ਜਿਹਦੇ ਵਿੱਚ ਗ਼ਰੀਬਾਂ ਨੂੰ ਸਿੱਟਦੇ ਨੇ।
ਵੋਟਾਂ ਲੈਣ ਮਜ਼ਦੂਰ ਕਿਰਸਾਣ ਬਣ ਕੇ,
ਜਦੋਂ ਜਿੱਤ ਜਾਂਦੇ ਉਦੋਂ ਫਿੱਟਦੇ ਨੇ।
ਕੁੱਕੜਾਂ ਵਾਂਗ ਬਾਹਰੋਂ ਵੱਖ-ਵੱਖ ਲੜਦੇ,
ਅੰਦਰ ਸਾਂਝੀਆਂ ਗਿਣਤੀਆਂ ਸਿੱਟਦੇ ਨੇ।
ਕੋਈ ਪਾਰਟੀ, ਕੋਈ ਮਨੁੱਖ ਭਾਵੇਂ,
ਆਪੋ ਆਪਣੇ ਢਿੱਡਾਂ ਲਈ ਪਿੱਟਦੇ ਨੇ।
ਗੁਰਬਤ ਤੰਗੀ, ਬੇਕਾਰੀ ਨਹੀਂ ਰਹਿਣ ਦੇਣੀ,
ਐਸੀ ਰੇਖ ਅੰਦਰ ਮੇਖ ਮਾਰਨੀ ਏ।
ਕਹਿੰਦੇ ਏਸੇ ਵਿਧਾਨ ਦੇ ਵਿੱਚ ਰਹਿ ਕੇ,
ਹੁਣ ਬਘਿਆੜ ਨੇ ਬੱਕਰੀ ਚਾਰਨੀ ਏ।

13. ਖ਼ਾਨਾਬਦੋਸ਼

ਪੁੰਨ ਪਾਪ ਨਸੀਬਾਂ ਦਾ ਨਸ਼ਾ ਦੇ ਕੇ,
ਕੀਤਾ ਡਾਢਿਆਂ ਭਾਵੇਂ ਬੇਹੋਸ਼ ਮੈਨੂੰ।
ਮੇਰਾ ਕੌਣ ਦੁਸ਼ਮਣ ਅਤੇ ਕੌਣ ਦੋਸਤ,
ਏਸ ਗੱਲ ਦੀ ਸਾਰੀ ਏ ਹੋਸ਼ ਮੈਨੂੰ।

ਮੇਰੀ ਲੁੱਟ ਕੇ ਪੱਤ ਪਤਵੰਤਿਆਂ ਨੇ,
ਪਿੱਛੋਂ ਆਖਿਆ ਇੱਜ਼ਤਫ਼ਰੋਸ਼ ਮੈਨੂੰ।
ਮੇਰੀ ਝੁੱਗੀਆਂ ਢਾਹ ਕੇ ਮਹਿਲ ਪਾ ਲਏ,
ਕਰ ਛੱਡਿਆ ਖ਼ਾਨਾਬਦੋਸ਼ ਮੈਨੂੰ।

ਪਰ ਮੈਂ ਹੌਸਲਾ ਅਜੇ ਵੀ ਹਾਰਦਾ ਨਹੀਂ,
ਟੋਏ ਪੂਰਨ ਲਈ ਟਿੱਬੇ ਢਾਹਵਾਂਗਾ ਮੈਂ।
'ਆਲਮ' ਖ਼ਾਨਾਬਦੋਸ਼ਾਂ ਦਾ ’ਕੱਠ ਕਰਕੇ,
ਆਪਣਾ ਨਵਾਂ ਇਤਿਹਾਸ ਬਣਾਵਾਂਗਾ ਮੈਂ।

14. ਜੱਟ

ਜੇਠ ਹਾੜ੍ਹ ਦੀ ਗਰਮੀ ਝੱਲਾਂ, ਪੋਹ ਮਾਘ ਦਾ ਪਾਲਾ।
ਬੋਹਲ ਬਣੇ ਤਾਂ ਛੇਈਂ ਮਹੀਨੀ, ਚੁੱਕ ਲਿਜਾਵੇ ਲਾਲਾ।

ਲੋਕੀ ਕਹਿੰਦੇ ਜਨਮ ਮਨੁੱਖ ਦਾ, ਹੈ ਦੁਰਲੱਭ ਅਣਮੁੱਲਾ।
ਸੱਚ ਪੁੱਛੋ ਤਾਂ ਦੁਨੀਆਂ ਅੰਦਰ ਮੈਂ ਤੇ ਜੰਮ ਕੇ ਭੁੱਲਾ।

15. ਭਾਰਤੀ ਸੋਧਵਾਦੀ ਨੂੰ

ਇਹ ਕੀ ਥੀਊਰੀ ਤੇ ਕੀ ਏ ਸਿਧਾਂਤ ਤੇਰਾ,
ਕਦਮ ਪੁੱਟਣਾ ਪਿੱਛੇ ਪਰਤਾਈ ਜਾਣਾ।
ਨਿਕਲੀ ਮੋਕ ਤੇ ਗਊ ਦਾ ਜਾਇਆ ਬਣਨਾ,
ਬੜ੍ਹਕ ਮਾਰ ਕੇ ਸਾਹਨ ਅਲਾਈ ਜਾਣਾ।

ਚੱਪਾ ਟੁੱਕ ਤੇ ਮੰਜੀ ਦੀ ਥਾਂ ਬਦਲੇ,
ਆਸਾ ਰਾਗ ਤਿਰਕਾਲਾਂ ਨੂੰ ਗਾਈ ਜਾਣਾ।
ਨਾਲੇ ਜਿਹਲ ਜੁਰਮਾਨੇ ਤੋਂ ਬਚੇ ਰਹਿਣਾ,
ਕਮਿਊਨਿਸਟ ਵੀ ਨਾਲੇ ਕਹਾਈ ਜਾਣਾ।

ਤੂੰ ਨਹੀਂ ਜਾਣਦਾ ਥੋਹੜਿਆਂ ਦਿਨਾਂ ਤੀਕਰ,
ਆਲਮ ਤੈਥੋਂ ਹਿਸਾਬ ਵੀ ਮੰਗਣਾ ਏ।
ਚੁੱਕ ਕੇ ਟਿੰਡ-ਫਹੁੜੀ ਰਾਹ ’ਚੋਂ ਪਰ੍ਹੇ ਹੋ ਜਾ,
ਏਥੋਂ ਲੋਕਾਂ ਦਿਆਂ ਲੀਡਰਾਂ ਲੰਘਣਾ ਏ।

16. ਮੈਂ ਲੈ ਕੇ ਕਰਦ ਕਵਿਤਾ ਦੀ

ਮੈਂ ਲੈ ਕੇ ਕਰਦ ਕਵਿਤਾ ਦੀ, ਹਿੱਸਾ ਆਪਣਾ ਵੀ ਪਾਵਾਂਗਾ।
ਤਸੱਲੀ ਰੱਖ ਮੇਰੀ ਸੱਜਣੀ, ਮੈਂ ਛੇਤੀ ਪਰਤ ਆਵਾਂਗਾ।

17. ਮੇਰਾ ਕੰਮ

ਮੇਰਾ ਕੰਮ ਹੈ ਜਨਤਾ ‘ਚ ਜਾਨ ਪਾਉਣਾ
'ਆਲਮ‘ ਸ਼ਾਇਰ ਹਾਂ, ਭੰਡ ਮਰਾਸੀ, ਨਹੀਂ ਮੈਂ।

18. ਮੈਂ ਸ਼ਾਇਰ ਹਾਂ

ਮੈਂ ਸ਼ਾਇਰ ਹਾਂ ਇਕ ਸ਼੍ਰੇਣੀ ਦਾ, ਸੰਸਾਰ ਨੂੰ ਖੁਸ਼ ਨਹੀਂ ਕਰ ਸਕਦਾ।
ਮੈਂ ਲਿਖਦਾ ਹਾਂ ਮਜ਼ਦੂਰਾਂ ਲਈ, ਜ਼ਰਦਾਰ ਨੂੰ ਖੁਸ਼ ਨਹੀਂ ਕਰ ਸਕਦਾ।

ਸੱਚ ਝੂਠ ਤੇ ਦੁਸ਼ਮਨ ਦੋਸਤ ਨੂੰ, ਜਦ ਲੱਭ ਲਿਆ ਮੇਰੀਆਂ ਨਜ਼ਰਾਂ ਨੇ,
ਮੇਰੀ ਸੋਚ ਤੇ ਸੂਝ ਜਮਾਤੀ ਹੈ, ਗੁਨਾਹਗਾਰ ਨੂੰ ਖੁਸ਼ ਨਹੀਂ ਕਰ ਸਕਦਾ।

ਸੱਚ ਕਹਿਣ ਦੀ ਮੇਰੀ ਆਦਤ ਹੈ, ਮੈਂ ਵਲ ਪਾ ਕੇ ਗੱਲ ਕਰਦਾ ਨਹੀਂ
ਆਸ਼ਕ ਹਾਂ ਜੁਗ ਪਲਟਾਊ ਦਾ, ਗੱਦਾਰ ਨੂੰ ਖੁਸ਼ ਨਹੀਂ ਕਰ ਸਕਦਾ।

19. ਸ਼ਾਇਰ

ਸ਼ਾਇਰ ਓਹੀ ਜਹਾਨ ‘ਤੇ ਹੋ ਸਕਦਾ, ਜੋ ਸੋਨਾ ਸੋਨੇ ਨੂੰ, ਕੱਚ ਨੂੰ ਕੱਚ ਆਖੇ।
ਕਰੇ ਲੋਕਾਂ ਦੇ ਦਿਲਾਂ ਦੀ ਤਰਜਮਾਨੀ, ਠੀਕ ਠੀਕ ਤੇ ਖੱਚ ਨੂੰ ਖੱਚ ਆਖੇ।
ਜੋ ਕੁਝ ਕਹਿਣਾ ਉਹ ਕਵ੍ਹੇ ਨਿਧੜਕ ਹੋ ਕੇ, ਟੱਪ-ਟੱਪ ਆਖੇ, ਨੱਚ-ਨੱਚ ਆਖੇ।
'ਆਲਮ' ਓਸੇ ਦੀ ਰਹੇਗੀ ਅਮਰ ਕਵਿਤਾ, ਜੋ ਝੂਠ ਨੂੰ ਝੂਠ, ਤੇ ਸੱਚ ਨੂੰ ਸੱਚ ਆਖੇ।

20. ਔਖਾ ਏ

ਤਲਵਾਰ ਦਾ ਫੱਟ ਸੀ ਹੋ ਸਕਦਾ, ਫੱਟ ਬੋਲ ਦਾ ਸੀਣਾ ਔਖਾ ਏ,
ਸੱਜਣਾਂ ਵਿਚ ਬਹਿਕੇ ਸਾਕੀ ਤੋਂ, ਦੁਸ਼ਮਣ ਨੂੰ ਪਰੀਹਣਾ ਔਖਾ ਏ।
ਇਕ ਲੋਕ ਸਨੇਹੀ ਅਣਖੀ ਨੂੰ, ਤੰਗ ਆ ਕੇ ਬੇਇਨਸਾਫੀ ਤੋਂ,
ਜਿ਼ੰਦਗੀ ਲਈ ਮਰਨਾ ਮੁਸ਼ਕਲ ਨਹੀਂ, ਪਰ ਮੌਤ ਲਈ ਜੀਣਾ ਔਖਾ ਏ।

21. ਨੌਜਵਾਨ ਨੂੰ

ਤੇਰੇ ਸਾਹਵੇਂ ਦੇਸ਼ ਦੀਆਂ, ਹੋਰ ਵੀ ਸਮੱਸਿਆਵਾਂ
ਸਭ ਤੋਂ ਜੋ ਅਹਿਮ ਹੈਨ, ਮਸਲੇ ਮੁਹਾਲ ਤਿੰਨ।
ਭੁੱਖਿਆਂ ਨੂੰ ਰੋਟੀ, ਅਤੇ ਵਿਹਲਿਆਂ ਨੂੰ ਕੰਮ ਮਿਲੇ
ਸਭ ਲਈ ਮਕਾਨ, ਕੋਈ ਔਖੇ ਨਹੀਂ ਸਵਾਲ ਤਿੰਨ।

22. ਸਾਡਾ ਘਰ

ਹਰ ਘਰ ਦੀ ਅਣਲਿੱਪੀ ਕੰਧ ਹੈ, ਅੰਦਰ ਵਿਹੜੇ ਕੋਠੇ ਗੰਦ ਹੈ।
ਮੰਜੇ ਹੇਠ ਅਲਾਣੇ ਸਭ ਦੇ, ਉਪਰ ਜੁੱਲ ਪੁਰਾਣੇ ਸਭ ਦੇ।
ਵਿੰਗ ਚਿੱਬੇ ਬਰਤਣ ਭਾਂਡੇ, ਕੋਠੀਆਂ ਦੇ ਵਿਚ ਪਾਥੀਆਂ ਟਾਂਡੇ।
ਤੇੜ ਪਜਾਮੇ ਹੰਢੇ ਹੋਏ ਨੇ, ਝੱਗੇ ਸਭ ਦੇ ਗੰਢੇ ਹੋਏ ਨੇ।
ਬੂਹਿਆਂ ਮੁੱਢ ਸੁਆਹ ਦੀ ਢੇਰੀ, ਗੰਦ ਬੱਚਿਆਂ ਦਾ ਵੱਖਰੀ ਢੇਰੀ।
ਡੰਗ ਦੇ ਡੰਗ ਲਿਆਉਣ ਦਾਣੇ, ਰੁਲਣ ਅਵਾਰਾ ਅਨਪੜ੍ਹ ਨਿਆਣੇ।
ਬੁੜ੍ਹੇ ਬੁੜ੍ਹੀਆਂ ਕਮਾਈਆਂ ਕਰਕੇ, ਕਦੇ ਨਹੀਂ ਸੌਂਦੇ ਢਿੱਡ ਨੂੰ ਭਰ ਕੇ।

23. ਅਛੂਤ ਦਾ ਇਲਾਜ

ਨਾ ਕੋਈ ਊਚ ਹੈ ਤੇ ਨਾ ਕੋਈ ਨੀਚ ਏਥੇ,
ਛੂਤ ਛਾਤ ਸਭ ਤੇਰੀ ਕਮਜ਼ੋਰੀ ਦੀ ਏ।
ਤੂੰ ਵੀ ਹੋਰਨਾਂ ਜਿਹਾ ਇਨਸਾਨ ਹੀ ਹੈਂ,
ਮਤਲਬ ਪ੍ਰਸਤੀਆਂ ਵਿਤਕਰੇ ਪਾਏ ਹੋਏ ਨੇ।
‘ਆਲਮ‘ ਮੰਦਰ ਮਸੀਤਾਂ ਦੇ ਬੌਰ ਲਾ ਕੇ।
ਤੇਰੇ ਜਿਹੇ ਵਿਚ ਬੁੱਧੂ ਫਸਾਏ ਹੋਏ ਨੇ।

24. ਮੈਂ ਰੋਜ਼ ਸੋਚਦਾ ਆਂ

ਕਣਕਾਂ, ਜੁਆਰਾਂ, ਛੋਲੇ, ਅੱਜ ਕੌਣ ਖਾ ਗਿਆ ਏ?
ਲੱਖਾਂ ਮਿੱਲਾਂ ਦਾ ਕੱਪੜਾ, ਕਿਹੜਾ ਖਪਾ ਗਿਆ ਏ?
ਹੱਥੀਂ ਬਣਾਏ ਜਿੰਨ੍ਹਾਂ ਮੰਦਰ ਬਥੇਰਿਆਂ ਦੇ,
ਤੌੜੀ, ਕੁਨਾਲੀ, ਆਟਾ, ਭਿਜਦੇ ਪਥੇਰਿਆਂ ਦੇ।
ਬਰਖਾ ‘ਚ ਚੋਂਦੀ ਛੱਪਰ, ਅੱਥਰੂ ਮੈਂ ਪੋਚਦਾ ਆਂ।
ਬਹਿ ਕੇ ਝੁੱਗੀ ‘ਚ ਰਾਤ ਨੂੰ, ਮੈਂ ਰੋਜ਼ ਸੋਚਦਾ ਆਂ।

25. ਮਜ਼ਦੂਰ

ਲੋਹੜਾ ਰੱਬ ਦਾ ਨਹਿਰਾਂ ਭੀ ਮੈਂ ਪੁੱਟਾਂ,
ਜੇ ਕਰ ਸੜਕਾਂ ਬਣਾਵਾਂ ਤੇ ਤਾਂ ਵੀ ਮੈਂ।
ਸੌ ਸੌ ਲੈਣ ਵਾਲੇ ਬੈਠਣ ਕੁਰਸੀਆਂ ‘ਤੇ,
ਜੇਕਰ ਮਿੱਲਾਂ ਚਲਾਵਾਂ ਤੇ ਤਾਂ ਵੀ ਮੈਂ।
ਇੱਟਾਂ ਪੱਥਾਂ ਵੀ ਮੈਂ ਤੇ ਢੋਵਾਂ ਵੀ ਮੈਂ,
ਜੇਕਰ ਕੰਧਾਂ ਬਣਾਵਾਂ ਤੇ ਤਾਂ ਵੀ ਮੈਂ।
ਰੱਖਾਂ ਧਨੀ ਨੂੰ ਲਾਲੇ ਪੁੱਤ ਵਾਂਗੂੰ,
ਜੇਕਰ ਪੀਹਵਾਂ ਪਕਾਵਾਂ ਤੇ ਤਾਂ ਵੀ ਮੈਂ।

26. ਬਦਲੀ ਜਾਂਦੇ ਨਾਮ ਨਿਸ਼ਾਨ

ਇਕ ਦਰ ਰਾਜੇ, ਇਕ ਦਰ ਕਾਮੇ,
ਦੋ ਧੜਿਆਂ ਵਿਚ ਜੁੜਦੇ ਜਾਣ।
ਦੱਸ ਦਿੱਤੀ ਗੱਲ ਸਮੇਂ ਨੇ ਸਭ ਨੂੰ,
ਰਹਿਣ ਦਿੱਤਾ ਨਹੀਂ ਕੋਈ ਅਣਜਾਣ।

27. ਨਵੇਂ ਵਿਆਹੇ ਜੋੜੇ ਨੂੰ

ਔਰਤ ਹੁਣ ਪੈਰ ਦੀ ਜੁੱਤੀ ਨਹੀਂ, ਤੇ ਮਰਦ ਸੀਸ ਦਾ ਤਾਜ ਭੀ ਨਹੀਂ।
ਔਰਤ ਹੁਣ ਘਰ ਦੀ ਨੌਕਰ ਨਹੀਂ, ਪਤੀ ਮਾਲਕ ਤੇ ਮਹਾਰਾਜ ਭੀ ਨਹੀਂ।
ਔਰਤ ਹੁਣ ਅਮਨ ਦੀ ਘੁੱਗੀ ਨਹੀਂ, ਤੇ ਮਰਦ ਭੀ ਮਾਰੂ ਬਾਜ ਨਹੀਂ।
ਹਰ ਸੂਝਵਾਨ ਦੀਆਂ ਨਜ਼ਰਾਂ ਵਿਚ, ਵੱਡ-ਛੋਟ ਦਾ ਕੋਈ ਲਿਹਾਜ਼ ਭੀ ਨਹੀਂ।
ਸਾਥੀ ਨੇ ਦੋਵੇਂ ਜੀਵਨ ਦੇ, ਕੱਠਿਆਂ ਨੇ ਉਮਰ ਲੰਘਾਣੀ ਏਂ।
ਮੁੰਡਿਆਂ ਤੂੰ ਦੇਸ਼ ਦਾ ਰਾਜਾ ਏਂ, ਕੁੜੀਏ ਤੂੰ ਦੇਸ਼ ਦੀ ਰਾਣੀ ਏਂ।

28. ਇਨਕਲਾਬੀ ਆਗੂ

ਉਹਨੇ ਕਿਹਾ ਲੋਕਾਂ ਦੱਬਿਆ ਕੁਚਲਿਆਂ ਨੂੰ,
ਮਿਹਨਤਕਸ਼ੋ ਇਕ ਹੋ ਜਾਉ ਜਹਾਨ ਸਾਡਾ।
ਧੋਖੇ ਨਾਲ ਬ੍ਰਾਹਮਣ ਕਬਜ਼ਾ ਕਰੀ ਬੈਠਾ,
ਪਰਬਤ, ਜੰਗਲ, ਸਾਗਰ, ਸਭ ਸਾਮਾਨ ਸਾਡਾ!
ਫਾਣੀ, ਪਉਣ, ਜ਼ਮੀਨ, ਦਿਨ, ਰਾਤ ਸਾਡੀ,
ਸੂਰਜ, ਚੰਦ, ਸਿਤਾਰੇ, ਅਸਮਾਨ ਸਾਡਾ।
ਮਾਲਕ ਅਸੀਂ ਹਾਂ ਸਾਰੀ ਸਮੱਗਰੀ ਦੇ,
ਕਿਸਮਤ, ਭਾਵੀ ਤੇ ਭਾਗ ਭਗਵਾਨ ਸਾਡਾ।

29. ਫੈਸਲਾ

ਇਕ ਨੂੰ ਫ਼ਖਰ ਹੈ ਸ਼ਾਹੀ ਖਜ਼ਾਨਿਆਂ 'ਤੇ,
ਇਕ ਨੂੰ ਮਾਣ ਹੈ ਹੱਥਾਂ ਦੀ ਕਿਰਤ ਉਤੇ।
ਇਕ ਧਿਰ ਛੱਡਣੀ ਪਊ ਜ਼ਰੂਰ ਸਾਨੂੰ,
ਦਾਅਵਤ ਆਈ ਹੋਈ ਏ ਦੋਹਾਂ ਪਾਸਿਆਂ ਤੋਂ।

ਭੈੜੇ ਦਿਸਣ ਧਨਾਢ ਦੇ ਮਾਹਲ – ਪੂੜੇ,
ਮਿਹਨਤਕਸ਼ ਦਿਆਂ ਟੁਕੜਿਆਂ ਬਾਸਿਆਂ ਤੋਂ।
ਚਾਂਦੀ ਸੋਨੇ ਦੇ ਥਾਲ, ਗਲਾਸ ਮੈਨੂੰ,
ਲਗਦੇ ਬੁਰੇ ਮਜ਼ਦੂਰ ਦੇ ਕਾਸਿਆਂ ਤੋਂ।

30. ਇਲੈਕਸ਼ਨ

ਆਉਂਦਾ ਸਮਝ ਨਹੀਂ ਕੁਝ ਇਨ੍ਹਾਂ ਲੀਡਰਾਂ ਦਾ, ਕਈ ਤਰ੍ਹ ਦੇ ਭੇਸ ਵਟਾਉਂਦੇ ਨੇ ਇਹ।
ਸੁਬ੍ਹਾ ਟੋਪੀ, ਦੁਪਿਹਰ ਨੂੰ ਪੱਗ ਚਿੱਟੀ, ਸ਼ਾਮੀਂ ਨੀਲੀਆਂ ਬੰਨ੍ਹ ਕੇ ਆਉਂਦੇ ਨੇ ਇਹ।
ਫਸੇ ਰਹੇ ਜੇ ਵੋਟਾਂ ਦੇ ਜਾਲ ਅੰਦਰ, 'ਆਲਮ' ਪੰਧ ਗੁਲਾਮੀ ਦਾ ਮੁੱਕਣਾ ਨਹੀਂ।
ਕੋਈ ਮੈਂਬਰ ਤੇ ਕੋਈ ਵਜ਼ੀਰ ਬਣ ਜਾਏ, ਗਾਰਾ ਆਪਣੀ ਗਲੀ ਦਾ ਸੁੱਕਣਾ ਨਹੀਂ।

31. ਕਵੀ ਨੂੰ

ਉਏ ਕਵੀਆ ਮੇਰੀ ਕਲਾਸ ਦਿਆ,
ਛੱਡ ਆਦਤ ਨੱਚਣ ਗਾਣੇ ਦੀ।
ਜਾਂ ਬੈਠਾ ਰਹੁ ਮੂੰਹ ਬੰਦ ਕਰ ਕੇ,
ਜਾਂ ਗੱਲ ਕਰ ਕਿਸੇ ਟਿਕਾਣੇ ਦੀ।

ਕੀ ਲਿਖਦਾ, ਕਿਸ ਲਈ ਲਿਖਦਾ ਏਂ,
ਇਸ ਗੱਲ ਨੂੰ ਗਹੁ ਨਾਲ ਸੋਚ ਜ਼ਰਾ।
ਤੇਰੀ ਲਿਖਤ ਸਹਾਇਤਾ ਕਰਦੀ ਏ,
ਜਾਂ ਲਿੱਸੇ ਜਾਂ ਜਰਵਾਣੇ ਦੀ।

32. ਆਜ਼ਾਦ ਹੋ ਗਏ ਹਾਂ

ਸੁਣਿਆ ਤੇ ਹੈ ਕਈ ਵਾਰ ਮੈਂ, ਕਿ ਅਸੀਂ ਆਜ਼ਾਦ ਹੋ ਗਏ ਹਾਂ।
ਜਦ ਵੇਖਦਾ ਹਾਂ ਘਰ ਵੱਲ, ਬਰਬਾਦ ਹੋ ਗਏ ਹਾਂ।

ਚਾਟੀ 'ਚ ਚਿੱਟੀ ਛਿੱਟ ਨਹੀਂ, ਕੀਲੇ 'ਤੇ ਬੂਰੀ ਮੱਝ ਨਹੀਂ।
ਹੁਣ ਜੀਣ ਦਾ ਕੋਈ ਸੁਆਦ ਨਹੀਂ, ਤੇ ਮਰਨ ਦਾ ਕੋਈ ਹੱਜ ਨਹੀਂ।

ਘੜਿਆਂ 'ਚ ਪਾਣੀ ਘੁੱਟ ਨਹੀਂ, ਚੁੱਲ੍ਹੇ 'ਚ ਬਲਦੀ ਅੱਗ ਨਹੀਂ।
ਅੰਮੀ ਦੇ ਲਹਿੰਗਾ ਤੇੜ ਨਹੀਂ, ਬਾਪੂ ਦੇ ਸਿਰ 'ਤੇ ਪੱਗ ਨਹੀਂ।

ਨਿੱਕੀ ਜਿਹੀ ਹੈ ਕੋਠੜੀ, ਰਾਵਣ ਜਿੱਡਾ ਪਰਿਵਾਰ ਹੈ।
ਆਟਾ ਨਹੀਂ ਘਰ ਡੰਗ ਦਾ, ਸਾਰਾ ਟੱਬਰ ਬੇਕਾਰ ਹੈ।

33. ਕਾਫਲੇ ਦਾ ਗੀਤ

ਆਦਮੀ ਨੂੰ ਆਦਮੀ, ਦਬਾਵੇ ਕੋਈ ਹੋਰ ਨਾ।
ਖਾਵੇ ਕੋਈ ਹੋਰ ਨਾ, ਕਮਾਵੇ ਕੋਈ ਹੋਰ ਨਾ।
ਇਹ 'ਆਲਮ' ਅਸਾਡਾ, ਸਾਡੇ ਸਾਰੇ ਸਾਂਝੀਵਾਲ ਆ।
ਸਿੱਧੇ ਤੁਰੇ ਜਾਨੇ ਸਾਡੀ, ਤਿੱਖੀ ਤਿੱਖੀ ਚਾਲ ਆ।

34. ਨਿਆਂ

ਉਠ ਬੈਠਾ ਏ ਮਹੱਲਾ, ਜਾਗ ਚੁੱਕਾ ਏ ਗਿਰਾਂ।
ਮੇਰਾ ਤੇ ਪੂੰਜੀਦਾਰ ਦਾ, ਅੱਜ ਕਰਨਗੇ ਲੋਕੀਂ ਨਿਆਂ।

35. ਜਾਗ ਪਏ ਮਜ਼ਦੂਰ

ਜਾਗ ਪਏ ਇਸ ਜੁੱਗ ਦੇ ਯੋਧੇ, ਜਾਗ ਪਏ ਮਜ਼ਦੂਰ
ਹੁਣ ਦੁਨੀਆਂ ਦੇ ਦੁੱਖ, ਤਕਲੀਫਾਂ ਹੋ ਰਹੇ ਦੂਰੋ ਦੂਰ।

36. ਆਵਾਜ਼

ਹੁਣ ਸਾਧਾਂ ਤੇ ਚੋਰਾਂ ਦਾ, ਏਥੇ ਇਨਸਾਫ ਹੋਵੇਗਾ।
ਤੇ ਲੋਕਾਂ ਦੀ ਕਚਿਹਰੀ ਵਿਚ, ਇਹ ਮਸਲਾ ਸਾਫ ਹੋਵੇਗਾ।

ਨਾਲੇ ਕਰੋ ਮੂਲ ਦਾ ਲੇਖਾ, ਤੇ ਨਾਲੇ ਵਿਆਜ ਨੂੰ ਸਮਝੋ।
ਵਕਤ ਦੇ ਗੀਤ ਨੂੰ ਪਰਖੋ, ਸਮੇਂ ਦੇ ਸਾਜ਼ ਨੂੰ ਸਮਝੋ।

37. ਉਡਦੀਆਂ ਧੂੜ੍ਹਾਂ

ਆਪਣੇ ਹੱਕ ਤੇ ਲੜਨ ਮਰਨ ਨੂੰ, ਤੁਰਿਆ ਏ ਇਨਸਾਨ।

ਸੱਚ ਦੀ ਕਹਿੰਦੇ ਜਿੱਤ ਹੋਵੇਗੀ, ਕੂੜ ਦੀ ਕਿਸ਼ਤੀ ਚਿੱਤ ਹੋਵੇਗੀ,
ਕਿਸੇ ਕੀਮਤ ਤੋਂ ਗਲਤ ਨਹੀਂ ਹੋਣਾ, 'ਆਲਮ' ਦਾ ਅਨੁਮਾਨ।
ਉਡਦੀਆਂ ਧੂੜਾਂ, ਚਾ ਚੁਫੇਰੇ, ਆਉਂਦਾ ਇਕ ਤੂਫਾਨ।

38. ਇਨਸਾਨ

ਮੈਂ ਇਕ ਹੱਥ ਫੜ ਲਈ ਦਾਤਰੀ ਤੇ ਦੂਜੇ ਹੱਥ ਵਿਦਾਨ।
ਮੈਂ ਕੱਠੇ ਕਰ ਲਏ ਮਿਹਨਤੀ, ਕੁੱਲ ਕਾਮੇ ਤੇ ਕਿਰਸਾਨ।
ਮੈਂ ਸੱਭੇ ਫਾਹੀਆ ਤੋੜੀਆਂ, ਫਿਰ ਮੈਂ ਜੋੜੇ ਲੋਕ ਮਹਾਨ।
ਮੈਂ ਪਉਣ ਨੂੰ ਗੰਢਾਂ ਮਾਰ ਕੇ, ਕੀਤੇ ਪਿਛਲੇ ਰੱਦ ਅਖਾਣ।

39. ਗਲੀ 'ਚੋਂ ਅੱਜ ਕੋਣ ਲੰਘਿਆ

ਉਹੀ ਇਥੇ ਰੱਜ ਖਾਊਗਾ, ਜਿਹੜਾ ਕਰੇਗਾ ਹੱਥੀਂ ਮਜ਼ਦੂਰੀ।
ਸ਼ਾਂਤੀ ਤੇ ਸੁੱਖ ਵਾਸਤੇ, ਨਾਮ ਜਪਣਾ ਸਮਾਧੀ ਨਹੀਂ ਜ਼ਰੂਰੀ।

40. ਮੇਰੀ ਕਵਿਤਾ

ਮੇਰੀ ਕਵਿਤਾ ਸਾਥਣ ਮੇਰੀ ਜਿ਼ੰਦਗੀ ਦੀ,
ਹੈ ਅਲਹਾਮ ਤੇ ਭਾਵੇਂ ਜਨੂੰਨ ਮੇਰਾ।
ਹਰ ਇਕ ਲਾਈਨ ਵਿਚ ਬੋਲਦੀ ਰੂਹ ਮੇਰੀ,
ਅੱਖਰ ਅੱਖਰ ਦੇ ਵਿਚ ਹੈ ਖੂਨ ਮੇਰਾ।
ਹਰ ਤਸਵੀਰ ਵਿਚ ਹੁੰਦੀ ਮੇਰੀ ਹੱਡ ਬੀਤੀ,
ਨਿਰਾ ਗੁੰਨਿਆ ਹੁੰਦਾ ਨਹੀਂ ਲੂਣ ਮੇਰਾ
ਵੱਖੋ ਵੱਖਰੇ ਹੋਣ ਸਿਰਲੇਖ ਭਾਵੇਂ,
ਹੁੰਦਾ ਸਭਨਾਂ ‘ਚ ਇਕੋ ਮਜ਼ਮੂਨ ਮੇਰਾ।

ਕਿਸੇ ਨਾਲ ਨਹੀਂ ਲੁੱਬੇ ਲਵਾਬ ਰਲਦਾ,
ਲੱਖਾਂ ਵਿਚੋਂ ਵੀ ਜਾਣਿਆ ਜਾਨਾਂ ਹਾਂ ਮੈਂ।
ਪੇਂਡੂ ਬੋਲੀ, ਮੁਹਾਵਰੇ ਮੰਜਕੀ ਦੇ,
ਹਰ ਜਗਾਹ ਪਛਾਣਿਆ ਜਾਨਾਂ ਹਾਂ ਮੈਂ ।

41. ਬਿਮਾਰੀ ਹੋਰ ਹੈ ਮੈਨੂੰ

ਬਿਮਾਰੀ ਹੋਰ ਹੈ ਮੈਨੂੰ, ਸਿਆਣੇ ਹੋਰ ਦੱਸਦੇ ਨੇ,
ਇਹ ਪੰਡਤ ਹੋਰ ਦੱਸਦੇ ਨੇ, ਮੁਲਾਣੇ ਹੋਰ ਦੱਸਦੇ ਨੇ।

ਜਦੋਂ ਪੁੱਛਦਾ ਤਬੀਬਾਂ ਨੂੰ, ਮੈਂ ਮੁੱਲ ਦਿਲ ਦੀ ਦਵਾਈ ਦਾ,
ਨਵੇਂ ਕੁਝ ਹੋਰ ਦੱਸਦੇ ਨੇ, ਪੁਰਾਣੇ ਹੋਰ ਦੱਸਦੇ ਨੇ।

ਅਜੇ ਮੇਰੇ ਮਸੀਹਾ ਨੂੰ, ਮਹੂਰਤ ਦਿਨ ਨਹੀਂ ਲੱਭਦਾ,
ਪੁਆਂਦੀ ਹੋਰ ਦੱਸਦੇ ਨੇ, ਸਰਾਹਣੇ ਹੋਰ ਦੱਸਦੇ ਨੇ।

ਮੇਰੀ ਜ਼ਿੰਦਗੀ ਬਚਾਵਣ ਲਈ, ਕਈਆਂ ਨੇ ਹਾਂ ਜਦੋ' ਕੀਤੀ,
ਉਹ ਟਿਕਦੇ ਹੋਰ ਕਿਧਰੇ ਨੇ, ਟਿਕਾਣੇ ਹੋਰ ਦੱਸਦੇ ਨੇ।

ਮੇਰੀ ਕਿਸਮਤ ਦੀ ਕਿਸ਼ਤੀ ਨੇ, ਖ਼ਬਰ ਨਹੀਂ ਕਿੱਧਰ ਨੂੰ ਜਾਣਾ,
ਇਹ ਸਾਗਰ ਹੋਰ ਦੱਸਦੇ ਨੇ, ਮੁਹਾਣੇ ਹੋਰ ਦੱਸਦੇ ਨੇ।

ਕਰੇ ਇਤਬਾਰ ਕੀ 'ਆਲਮ', ਇਹਨਾਂ ਵਾਅਦੇ ਬਿਆਨਾਂ ਦਾ,
ਕਚਹਿਰੀ ਹੋਰ ਦੱਸਦੇ ਨੇ, ਤੇ ਥਾਣੇ ਹੋਰ ਦੱਸਦੇ ਨੇ।


(ਰਾਹੀਂ: ਰਸ਼ਪਾਲ ਭੁੱਲਰ)
(ਇਸ ਰਚਨਾ ਦੀਆਂ ਬਹੁਤੀਆਂ ਰਚਨਾਵਾਂ ਅਧੂਰੀਆਂ ਹਨ,
ਜੇਕਰ ਕਿਸੇ ਪਾਠਕ ਨੂੰ ਕੋਈ ਪੂਰੀ ਰਚਨਾ ਮਿਲਦੀ ਹੈ ਤਾਂ ਕ੍ਰਿਪਾ
ਕਰਕੇ ਸਾਨੂੰ ਭੇਜ ਦਿਉ; ਧੰਨਵਾਦੀ ਹੋਵਾਂਗੇ)

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ