Punjabi Poetry : Faqir Chand Tuli

ਪੰਜਾਬੀ ਕਵਿਤਾਵਾਂ : ਫ਼ਕੀਰ ਚੰਦ ਤੁਲੀ

1. ਵਾਹਗੇ ਪਾਰ ਦੀ ਖ਼ੁਸ਼ਬੂ

ਚੋਲਾ ਰਿਹਾ ਨਾ ਚੋਲ੍ਹਾਂ ਨੇ ਚਾਲ ਖੇਡੀ,
ਜੀਵਨ ਚੂਲੀਆਂ ਵਿੱਚ ਗੁਜ਼ਾਰ ਦਿੱਤਾ
ਸੰਘੋਂ ਹੇਠ ਨਾ ਵਸਲ ਦਾ ਘੁੱਟ ਲੰਘੇ,
ਸਾਨੂੰ ਵਾਹਗੇ ਦੀ ਲੀਕ ਨੇ ਮਾਰ ਦਿੱਤਾ

ਇੱਕੋ ਸਾਹ ਤੇ ਇੱਕੋ ਪ੍ਰਾਣ ਸਾਡੇ,
ਗੱਲਾਂ ਹੋਈਆਂ ਤੇ ਬੀਤੀਆਂ ਕੱਲ੍ਹ ਦੀਆਂ ਨੇ
ਤਾਰ ਕੰਡਿਆਂ ਦੀ ਰਗਾਂ ਵਿੱਚ ਫ਼ਿਰਦੀ,
ਭਾਵੇਂ ਦੋਵਾਂ ਪਾਸੇ ਨਬਜ਼ਾਂ ਚੱਲਦੀਆਂ ਨੇ

ਨਿੱਤ ਸੂਲੀਆਂ ਉੱਤੇ ਵਿਸ਼ਰਾਮ ਸਾਡਾ,
ਤੇ ਆਰਾਮ ਹੈ ਸਾਡਾ ਬਰੂਦ ਉੱਤੇ
ਸਾਨੂੰ ਹੱਕ ਲਏ ਆਜੜੀ ਜਦੋਂ ਮਰਜ਼ੀ,
ਢਾਂਗਾ ਓਹਦਾ ਹੈ ਸਾਡੇ ਵਜੂਦ ਉੱਤੇ

ਖੁਰਚ-ਖੁਰਚ ਕੇ ਤੇਰਿਆਂ ਅੱਖਰਾਂ ਨੂੰ,
ਐ ਸਲੀਮ ਤੇਰੇ ਨਕਸ਼ ਟੋਲਦਾ ਹਾਂ
ਕਦੇ ਤੇਰਿਆਂ ਬੋਲਾਂ ’ਚ ਚੁੱਪ ਹੋਵਾਂ,
ਕਦੇ ਤੇਰੀਆਂ ਚੁੱਪਾਂ ’ਚੋਂ ਬੋਲਦਾ ਹਾਂ

ਤੈਨੂੰ ਕੀ ਪਤਾ ਕਿੰਨੇ ਫ਼ਕੀਰ ਤੇਰੇ,
‘ਚੰਦ’ ਤੇਰੇ ਨੂੰ ਚੁੰਮਣਾ ਤਰਸਦੇ ਨੇ
ਤੈਨੂੰ ਕੀ ਪਤਾ ਹੈ ਬੇਬਸ ਮੇਘ ਕਿੰਨੇ,
ਨਾ ਓਹ ਗਰਜਦੇ ਨੇ, ਨਾ ਓਹ ਬਰਸਦੇ ਨੇ

ਗੋਡਾ ਧੌਣ ਦੇ ਵਾਹਗੇ ਨੇ ਰੱਖਿਆ ਹੈ,
ਖੌਰੇ ਕਿਸ ਤਰ੍ਹਾਂ ਲੈਂਦੀ ਹੈ ਸਾਹ ਰਾਵੀ
ਤਿੱਖੜ ਧੁੱਪ ਤਿਖੇਰੇ ਨੇ ਸਾਹ ਇਹਦੇ,
ਤੇਰੇ ਪੱਲੂ ਦੀ ਲੋੜੇ ਹਵਾ ਰਾਵੀ

2. ਚਾਂਦਨੀ

ਚਾਂਦਨੀ ਨੂੰ ਵਰਾ ਕੇ ਆਇਆ ਹਾਂ
ਬੜੀ ਮੁਸ਼ਕਲ ਮਨਾ ਕੇ ਆਇਆ ਹਾਂ

ਰਾਤ ਭਰ ਕਰਵਟਾਂ ਬਦਲਦੀ ਨੂੰ
ਬੜੀ ਮੁਸ਼ਕਲ ਸੁਲਾ ਕੇ ਆਇਆ ਹਾਂ

ਨੀਂਦ ਵਿੱਚ ਹੀ ਗੁਆਚ ਨਾ ਜਾਵੇ
ਚਾਂਦਨੀ ਨੂੰ ਜਗਾ ਕੇ ਆਇਆ ਹਾਂ

ਚਾਂਦਨੀ ਓਦਰੇ ਨਾ, ਸੰਗ ਉਸ ਦੇ
ਚੰਦ ਗ਼ਜ਼ਲਾਂ ਬਿਠਾ ਕੇ ਆਇਆ ਹਾਂ

ਚੈਨ ਦੀ ਨੀਂਦ ਚੰਨ ਸੌਂ ਜਾਵੇ
ਚਾਂਦਨੀ ਨੂੰ ਵਿਛਾ ਕੇ ਆਇਆ ਹਾਂ

ਸ਼ਾਇਦ ਤੇਰੀ ਨਜ਼ਰ ’ਚ ਆ ਜਾਵਾਂ
ਚਾਂਦਨੀ ਵਿੱਚ ਨਹਾ ਕੇ ਆਇਆ ਹਾਂ

3. ਸੱਧਰਾਂ ਦੀਆਂ ਬਲੀਆਂ

ਜ਼ਹਿਰਾਂ ਵਿੱਚੋਂ ਟੋਲ ਰਿਹਾ ਹਾਂ ਮੈਂ ਮਿਸਰੀ ਦੀਆਂ ਡਲੀਆਂ
ਮੇਰੇ ਪਾਗਲਪਣ ’ਤੇ ਡੁਸਕਣ ਮੇਰੇ ਪਿੰਡ ਦੀਆਂ ਗਲੀਆਂ

ਦਰਦਾਂ ਦੇ ਵਿੱਚ ਗਿੱਲਾ ਬਾਲਣ, ਧੂੰਆਂ-ਧੂੰਆਂ ਹੋਇਆ
ਇਸ ਧੂੰਏਂ ਵਿੱਚ ਕੁਝ ਕੁ ਲੱਕੜਾਂ ਧੂ-ਧੂ ਕਰ ਕੇ ਬਲੀਆਂ

ਤਨ ਬਾਲਣ, ਮਨ ਚੁੱਲ੍ਹਾ, ਬੁੱਲਿਆ ਤੁੱਲਾ ਤੇਰਾ ਬਲਦਾ
ਬੁੱਲਿਆ ਤੇਰੇ ਹਿਜਰ ਨੇ ਲਈਆਂ, ਹਰ ਸੱਧਰ ਦੀਆਂ ਬਲੀਆਂ

ਮੇਰੀਆਂ ਤਲੀਆਂ ਉੱਤੇ ਜਿਹੜੇ ਤਿੱਤਰ ਚੁਗਦੇ ਹੈਸਨ
ਓਹਨਾਂ ਮੇਰੀ ਧੌਣ ਦੁਆਲੇ ਕੱਸ-ਕੱਸ ਫਾਹੀਆਂ ਵਲੀਆਂ

ਮੇਰੇ ਸ਼ਹਿਰ ’ਚੋਂ ਲੰਘਣਾ ਛੱਡਿਆ, ਸਭ ਮੇਰੇ ਹਮਦਰਦਾਂ
ਮੇਰੇ ਸੜਦੇ ਰੇਤ ਥਲਾਂ ਤੋਂ, ਯਾਰ ਬਚਾਵਣ ਤਲੀਆਂ

4. ਲੋਰੀ

ਉੱਠ ਵੇ ਕੁੱਤਿਆ ਜੰਗਲ ਸੁੱਤਿਆ
ਵੇਖ ਚੜ੍ਹਾਇਆ ਚੰਨ
ਆਪਣੇ ਘਰ ਨੂੰ ਆਪਣਿਆਂ ਨੇ
ਆਪੇ ਲਾਈ ਸੰਨ੍ਹ

ਉੱਠ ਵੇ ਕੁੱਤਿਆ ਜੰਗਲ ਸੁੱਤਿਆ
ਏਥੇ ਤੇਰਾ ਕੌਣ
ਤੇਰੇ ਬਾਝੋਂ ਤੇਰੇ ਘਰ ਨੂੰ
ਟੱਕਰਾਂ ਮਾਰੇ ਪੌਣ

ਉੱਠ ਵੇ ਕੁੱਤਿਆ ਜੰਗਲ ਸੁੱਤਿਆ
ਬੱਦਲ ਖੜ੍ਹਾ ਵਰਾਊ
ਕੰਬਣੀ-ਕੰਬਣੀ ਹੋਏ ਨੂੰ ਤੈਨੂੰ
ਕਿਹੜਾ ਅੱਗ ਸਕਾਊ

ਉੱਠ ਵੇ ਕੁੱਤਿਆ ਜੰਗਲ ਸੁੱਤਿਆ
ਮਚੀ ਹਵੇਲੀ ਅੱਗ
ਦੱਸ ਵੇ ਕਿਹੜੇ ਕਿੱਲੇ ਬੰਨ੍ਹਾਂ
ਚਰ ਕੇ ਆਇਆ ਵੱਗ

ਉੱਠ ਵੇ ਕੁੱਤਿਆ ਜੰਗਲ ਸੁੱਤਿਆ
ਪਿੰਡ ਵਿੱਚ ਲੱਗੀ ਅੱਗ
ਆਪਣਿਆਂ ਤੋਂ ਬਾਪ ਤੇਰੇ ਦੀ
ਕੌਣ ਬਚਾਊ ਪੱਗ

ਪੱਗ ਬਚਾਉਣ ਨੂੰ ਮਾਈ ਤੇਰੀ,
ਰਾਹ ਤੇਰੇ ਨੂੰ ਵੇਖੇ
ਜੇ ਪੁੱਤਾ ਨੂੰ ਸੁੱਤਾ ਰਹਿਸੋਂ,
ਕੌਣ ਮੁਕਾਊ ਲੇਖੇ?

5. ਭਾਈ ਨੰਦ ਲਾਲ ਜੀ 'ਗੋਇਆ'

ਸਰਸਾ ਨਦੀ ਦੇ ਕੰਢੇ 'ਤੇ ਖੜ੍ਹਾ ਹੋ ਕੇ,
ਨੰਦ ਲਾਲ ਦਸਮੇਸ਼ ਨੂੰ ਵੇਖਦਾ ਹੈ।
ਸਰਸਾ ਨਦੀ 'ਤੇ ਦਿੱਲੀ ਦੇ ਕਹਿਰ ਅੱਗੇ,
ਬਾਦਸ਼ਾਹ ਦਰਵੇਸ਼ ਨੂੰ ਵੇਖਦਾ ਹੈ।

ਆਨੰਦਪੁਰੀ ਸੁੰਨੀ ਕਰਕੇ ਜਾ ਰਿਹਾ ਹੈ,
ਸਾਨੂੰ ਤੀਰ ਵਿਛੋੜੇ ਦੇ ਮਾਰ ਚੱਲਿਆ।
ਰਚਿਆ ਮਹਿਲ ਇਤਿਹਾਸ ਜੋ ਪਾਤਸ਼ਾਹ ਨੇ,
ਉਸ ਦੀਆਂ ਮੰਮਟੀਆਂ ਹੋਰ ਉਸਾਰ ਚੱਲਿਆ।

ਅੱਗੇ-ਅੱਗੇ ਨੇ ਜਾ ਰਹੇ ਮਾਤ ਗੁਜਰੀ,
ਖੰਡੇ ਰਾਖੇ ਨੇ ਪੰਜਾਂ ਪਿਆਰਿਆਂ ਦੇ।
ਨੰਦ ਲਾਲ ਦੇ ਅੱਥਰੂ ਵੇਖ ਕੇ ਤੇ,
ਅੱਥਰੂ ਡਿੱਗਦੇ ਅੰਬਰ ਦੇ ਤਾਰਿਆਂ ਦੇ।

ਤੋੜ-ਤੋੜ ਕੇ ਕਸਮਾਂ ਕੁਰਾਨ ਦੀਆਂ,
ਸਰਸਾ ਕੰਢੇ 'ਤੇ ਯੁੱਧ ਘਮਸਾਨ ਹੋਇਆ।
ਝੂਠ ਵੇਖ ਕੇ ਗੀਤਾ ਨੇ ਧਾਹ ਮਾਰੀ,
ਤੇ ਕੁਰਾਨ ਵੀ ਲਹੂ-ਲੁਹਾਨ ਹੋਇਆ।

ਸਾਹਿਤ-ਗ੍ਰੰਥ ਖਜ਼ਾਨਾ ਜੋ ਡੁੱਬ ਰਿਹਾ ਸੀ,
ਨੰਦ ਲਾਲ ਦੀ ਤੱਕ ਕੇ ਆਹ ਨਿਕਲੀ।
ਸਰਸਾ ਵਿਚ ਡੁੱਬਦੇ ਜਾਂਦੇ ਕਵੀ ਸਾਰੇ,
ਤੇ ਬਚਾਓ ਦੀ ਕੋਈ ਨਾ ਰਾਹ ਨਿਕਲੀ।

ਡੁੱਬਦੇ ਸਾਹਿਤ-ਗ੍ਰੰਥ ਦੇ ਬੁਲਬੁਲੇ ਤੋਂ,
ਨੰਦ ਲਾਲ ਨੂੰ ਖੂਨੀ ਇਤਿਹਾਸ ਦਿੱਸਿਆ।
ਸ਼ਹਿਨਸ਼ਾਹ-ਦੋ-ਆਲਮ ਦਸਮੇਸ਼ ਜੀ ਦਾ,
ਉਹਨੂੰ ਕੰਡਿਆਂ ਦੇ ਉੱਤੇ ਵਾਸ ਦਿੱਸਿਆ।

ਨੰਦ ਲਾਲ ਪੁੱਛੇ ਸਰਸਾ ਕਮਲੀਏ ਨੀ,
ਤੈਨੂੰ ਦਾਤੇ ਦੀ ਹੋਈ ਪਛਾਣ ਕਿਉਂ ਨਹੀਂ?
ਪਵਣ, ਪਾਣੀ, ਅਕਾਸ਼, ਪਤਾਲ ਜਿਸ ਦਾ,
ਉਹਦਾ ਕਮਲੀਏ ਰੱਖਿਆ ਮਾਣ ਕਿਉਂ ਨਹੀਂ?

ਨੀ ਤੂੰ ਬੇਖ਼ਬਰੇ, ਕਰ ਕੇ ਜ਼ੁਲਮ ਕਿੰਨਾ,
ਕਿੰਨੀ ਫੌਜ ਅਕਾਲ ਦੀ ਰੋੜ੍ਹ ਦਿੱਤੀ!
ਨੀ ਤੂੰ ਇਕ ਵੀ ਝੂਠੇ ਨੂੰ ਡੋਬਿਆ ਨਾ,
ਤੂੰ ਤਾਂ ਰੀਤ ਇਨਸਾਫ਼ ਦੀ ਤੋੜ ਦਿੱਤੀ।

ਤੂੰ ਬੇਜਾਨ ਤੇ ਜਾਨਾਂ ਦਾ ਓਹ ਮਾਲਿਕ,
ਖਸਮੇ ਨਾਲ ਬਰਾਬਰੀ ਕਰ ਰਹੀ ਏਂ?
ਇਹ ਹੈ ਹਉਮੈ ਕਿ ਤੇਰੀ ਢੀਠਾਈ ਸਾਰੀ,
ਆਪਣਾ ਆਪ ਤੂੰ ਜੂਏ ਵਿਚ ਹਰ ਰਹੀ ਏਂ।

ਜਿਹੜੇ ਛੱਡ ਕੁਰਾਨ ਨੂੰ ਹੋਏ ਕਾਫ਼ਰ,
ਤੈਨੂੰ ਸਾਰੇ ਉਹ ਡੋਬਣੇ ਚਾਹੀਦੇ ਸੀ!
ਜਿਨ੍ਹਾਂ ਕਸਮ ਕੁਰਾਨ ਦੀ ਤੋੜ ਦਿੱਤੀ,
ਤੈਨੂੰ ਸਾਰੇ ਉਹ ਸੋਧਣੇ ਚਾਹੀਦੇ ਸੀ!

ਨੰਦ ਲਾਲ ਆਖੇ ਸਰਸਾ ਬੇਖ਼ਬਰੇ,
ਗੋਬਿੰਦ ਸਿੰਘ ਉਹ ਕੌਤਕ ਵਿਖਾ ਸਕਦਾ।
ਇੱਕੋ ਤੀਰ ਮੇਰੇ ਗੋਬਿੰਦ ਪਾਤਸ਼ਾਹ ਦਾ,
ਤੈਨੂੰ ਰੇਤਾ ਦਾ ਢੇਰ ਬਣਾ ਸਕਦਾ।

6. ਬੁੱਲ੍ਹੇਸ਼ਾਹ ਦਾ ਤੁੱਲਾ ਸ਼ਾਹ ਫਕੀਰ

ਹਰ ਹਸਰਤ ਵਿਚ ਬੁੱਲ੍ਹਾ ਵਸੇ, ਬੁੱਲ੍ਹੇ ਦੇ ਵਿਚ ਤੁੱਲਾ
ਤੁੱਲਾ ਕਮਲਾ ਬੁੱਲ੍ਹੇ ਸ਼ਾਹ ਦੀ ਕਾਫ਼ੀ ਦੇ ਵਿਚ ਡੱਲ੍ਹਾ
ਜਦ ਤੁੱਲੇ ਨੇ ਬੁੱਲ੍ਹਾ ਤੱਕਿਆ, ਅਲਫ਼ ਅੱਲਾ ਨੂੰ ਭੱਲਾ
ਤਨ ਮਨ ਕਾਟ ਕੇ ਅਰਪੇ, ਫਿਰ ਵੀ, ਬੁੱਲ੍ਹਾ ਪਿਆ ਸਵੱਲਾ
ਬੁੱਲ੍ਹੇ ਨੂੰ ਤੁੱਲ੍ਹਾ ਅੱਲ੍ਹਾ ਆਖੇ, ਇਸ਼ਕ ਨਚਾਵੇ ਝੱਲਾ
ਬੋਲੇ ਅੱਲ੍ਹਾ ਅੱਲ੍ਹਾ.......

ਬੁੱਲ੍ਹਾ ਮੁਰਸ਼ਦ ਤਖ਼ਤ ਸੁਹਾਵੇ, ਮੈਂ ਤਖਤਾਂ ਦਾ ਪਾਵਾ
ਅੱਲ੍ਹਾ ਦੇ ਸੰਗ ਅੱਲ੍ਹਾ ਹੋਇਆ, ਮੈਂ ਮਿੱਟੀ ਦਾ ਬਾਵਾ
ਨਾਲ ਨਾਲ ਮੇਰੇ ਬੁੱਲ੍ਹਾ ਚੱਲੇ, ਜਿਉਂ ਲੀਤਾ ਮੁਕਲਾਵਾ
ਪੱਲੇ ਤੈਂਡੇ ਲਾਗੀ ਵੇ ਬੁੱਲ੍ਹਿਆ,ਫੜ ਸ੍ਵਰਗਾਂ ਦਾ ਪੱਲਾ
ਬੁੱਲ੍ਹੇ ਨੂੰ ਤੁੱਲ੍ਹਾ ਅੱਲ੍ਹਾ ਆਖੇ, ਇਸ਼ਕ ਨਚਾਵੇ ਝੱਲਾ
ਬੋਲੇ ਅੱਲ੍ਹਾ ਅੱਲ੍ਹਾ.......

ਸ਼ੇਖ ਫਰੀਦਾ! ਅੱਲ੍ਹਾ ਦੇ ਸੰਗ, ਹੋਇਆ ਜਦੋਂ ਮਿਲਾਣਾ
ਥਈਆ ਥਈਆ ਨੱਚ ਕੇ ਤੁੱਲਾ, ਮਚ ਮਚ ਬਣਿਆ ਆਵਾ
ਆਵੇ ਵਿਚ ਇਕ ਘੜਾ ਨਾ ਪੱਕਿਆ, ਕੱਚਾ ਰਹਿ ਗਿਆ ਆਵਾ
ਕੱਚੇ ਘੜੇ ਨੂੰ ਸੋਹਣੀ ਲੈ ਗਈ, ਹੋਇਆ ਕੰਮ ਅਵੱਲਾ
ਤੁੱਲਾ ਨਦੀਂਓਂ ਪਾਰ ਹੋ ਗਿਆ-ਫੜ ਬੁੱਲ੍ਹੇ ਦਾ ਪੱਲਾ
ਬੁੱਲ੍ਹੇ ਨੂੰ ਤੁੱਲ੍ਹਾ ਅੱਲ੍ਹਾ ਆਖੇ, ਇਸ਼ਕ ਨਚਾਵੇ ਝੱਲਾ
ਬੋਲੇ ਅੱਲ੍ਹਾ ਅੱਲ੍ਹਾ.......

ਨਦੀਓਂ ਪਾਰ ਰਾਂਝਣ ਦਾ ਠਾਣਾ, ਹੁਕਮ ਚਲਾਵਣ ਹੀਰਾਂ
ਰਾਂਝਣ ਖਾਵੇ ਬੈਂਤ ਹੀਰ ਦੇ,ਜਾਮਾਂ ਲੀਰਾਂ ਲੀਰਾਂ
ਲਾਸ਼ਾਂ ਪਈਆਂ ਤਖ਼ਤ ਹਜ਼ਾਰੇ, ਜ਼ਹਿਰ ਝਨਾਂ ਨੂੰ ਚੜ੍ਹਿਆ
ਓਹ ਲਾਸ਼ਾਂ ਤੋਂ ਵਾਰਸ਼ ਸ਼ਾਹ ਨੂੰ, ਨਾਗ ਇਸ਼ਕ ਦਾ ਲੜਿਆ
ਓਹ ਬੈਂਤਾਂ ਤੋਂ, ਓਹ ਲਾਸ਼ਾਂ ਤੋਂ, ਰੱਤ ਬੁੱਲ੍ਹੇ ਦੀ ਚੋਈ
ਬੁੱਲ੍ਹਾ ਕਵੇ ਮੈਨੂੰ ਰਾਂਝਣ ਆਖੋ, ਬੁੱਲ੍ਹਾ ਕਵੋ ਨਾ ਕੋਈ
ਚੌਦਾਂ ਤਬਕ ਬੁੱਲ੍ਹੇ 'ਚੋਂ ਵੇਖੇ, ਖੜ੍ਹਾ ਫ਼ਕੀਰਾ ਕੱਲਾ
ਬੁੱਲ੍ਹੇ ਨੂੰ ਤੁੱਲ੍ਹਾ ਅੱਲ੍ਹਾ ਆਖੇ, ਇਸ਼ਕ ਨਚਾਵੇ ਝੱਲਾ
ਬੋਲੇ ਅੱਲ੍ਹਾ ਅੱਲ੍ਹਾ.......

ਬੁਲ੍ਹਿਆ ਤੇਰਾ ਚੁੱਲ੍ਹਾ ਮਾੜਾ, ਚੁੱਲ੍ਹਾ ਪਾਏ ਪਵਾੜੇ
ਇਕ ਰੋਟੀ, ਇਕ ਗੁੜ ਦੀ ਪੇਸੀ, ਲੱਖ ਕਢਾਵੇ ਹਾੜੇ
ਰੋਟੀ ਕਦੇ ਚਜੂਰ ਚੜ੍ਹਾਵੇ, ਕਦੀ ਇਹ ਪਿੰਜਰੇ ਤਾੜੇ
ਤਾੜ ਤਾੜ ਕਰ ਚਾਂਟਾ ਮਾਰੇ, ਭੱਠੀਆਂ ਦੇ ਵਿਚ ਸਾੜੇ
ਇਸ ਰੋਟੀ ਨੇ ਖਵਰੇ ਮੇਰੇ, ਕਿੰਨੇ ਗੀਤ ਉਜਾੜੇ
ਮੇਰੀ ਕਵਿਤਾ ਸਹਿ ਸਹਿ ਮਰ ਗਈ ਇਸ ਰੋਟੀ ਦਾ ਹੁੱਲ੍ਹਾ
65 ਸਾਲ ਰੋਟੀ ਨੇ ਲੁੱਟੇ-ਲੁੱਟਿਆ ਸਾਰਾ ਗੱਲਾ
ਮੇਰੀ ਅੱਲ੍ਹਾ, ਅੱਲ੍ਹਾ.......

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ