Punjabi Poetry : Dr. Jagtar
ਪੰਜਾਬੀ ਗ਼ਜ਼ਲਾਂ/ਕਵਿਤਾਵਾਂ : ਡਾਕਟਰ ਜਗਤਾਰ
1. ਤੇਰਾ ਮਿਲਣਾ ਹਵਾ ਜਿਹਾ ਲਗਦੈ
ਤੇਰਾ ਮਿਲਣਾ ਹਵਾ ਜਿਹਾ ਲਗਦੈ ।
ਤੇਰਾ ਜਾਣਾ ਕਜ਼ਾ ਜਿਹਾ ਲਗਦੈ ।
ਹਰ ਕਦਮ 'ਤੇ ਬਦਲ ਰਿਹਾ ਮੌਸਮ,
ਐਨ ਤੇਰੇ ਸੁਭਾ ਜਿਹਾ ਲਗਦੈ।
ਤੇਰਾ ਦਿੱਤਾ ਸਰਾਪ ਵੀ ਹੁਣ ਤਾਂ,
ਮੈਨੂੰ ਅਕਸਰ ਦੁਆ ਜਿਹਾ ਲਗਦੈ।
ਝਲਕ ਜਿਸ ਵਿਚ ਵੀ ਤੇਰੀ ਹੈ ਦਿਸਦੀ,
ਓਹੀ ਚਿਹਰਾ ਭਲਾ ਜਿਹਾ ਲਗਦੈ ।
ਜ਼ਰਦ ਮੌਸਮ 'ਚ ਵੀ ਹਰੇ ਰਹਿਣਾ,
ਜ਼ਖ਼ਮ ਦਾ ਮੁਅਜਜ਼ਾ ਜਿਹਾ ਲਗਦੈ।
2. ਇਸ ਪਹਾੜੀ ਸ਼ਹਿਰ ਵਿਚ 'ਜਗਤਾਰ' ਤੇਰਾ ਹੈ ਉਦਾਸ
ਇਸ ਪਹਾੜੀ ਸ਼ਹਿਰ ਵਿਚ 'ਜਗਤਾਰ' ਤੇਰਾ ਹੈ ਉਦਾਸ ।
ਨਾ ਹਵਾ ਤੇ ਨਾ ਫ਼ਜਾ ਨਾ ਰੰਗ ਹੀ ਆਏ ਨੇ ਰਾਸ।
ਜਿੰਦਗੀ ਨੂੰ ਮੁੜ ਕੇ ਤੇਰੇ ਬਾਝ ਨਾ ਮਿਲਿਐ ਨਿਘਾਸ।
ਹੋ ਕੇ ਆਤਸ਼ਦਾਨ ਸ੍ਹਾਵੇਂ ਬੈਠ ਕੇ ਪਤਨੀ ਦੇ ਪਾਸ।
ਹੁਣ ਕਿਸੇ ਹੀਲੇ ਵਸੀਲੇ ਬੁਝ ਨਹੀਂ ਸਕਣੀ ਪਿਆਸ।
ਠੁਰਕ ਚੁੱਕੀ ਹੈ ਸੁਰਾਹੀ, ਤਿੜਕ ਚੁੱਕਾ ਹੈ ਗਿਲਾਸ।
ਇਕ ਨਾ ਇਕ ਦਿਨ ਜਿਸਮ ਦਾ ਵੀ ਬਣ ਹੀ ਜਾਏਗੀ ਲਿਬਾਸ।
ਹਾਲ ਤਾਂ ਮੌਸਮ 'ਚ ਪਹਿਲੀ ਵਾਰ ਹੱਸੀ ਹੈ ਕਪਾਸ।
ਗੋਰੀਆਂ ਨਦੀਆਂ ਨੇ ਚੰਚਲਹਾਰੀਆਂ ਤੇ ਖਾਰੀਆਂ,
ਨਾ ਬੁਝੇ ਅਗਨੀ ਬਦਨ ਦੀ ਨਾ ਮਰੇ ਮਨ ਦੀ ਪਿਆਸ।
ਕਿਸ ਤਰ੍ਹਾਂ ਦੀ ਹੈ ਇਹ ਵਰਖਾ ਸੜ ਗਏ ਫਸਲਾਂ ਤੇ ਖੇਤ,
ਕਿਸ ਤਰ੍ਹਾਂ ਦਾ ਹੈ ਇਹ ਕੌਤਕ, ਉੱਗ ਪਈ ਬਿਰਛਾਂ 'ਤੇ ਘਾਸ।
ਕੌਣ ਦਿਸਹੱਦੇ ਤਰ੍ਹਾਂ ਨਸਦਾ ਹੈ ਮੈਥੋਂ ਦੂਰ ਦੂਰ,
ਕੌਣ ਪਰਛਾਵੇਂ ਤਰ੍ਹਾਂ ਰਹਿੰਦਾ ਹੈ ਮੇਰੇ ਆਸ ਪਾਸ।
ਵੇਖੀਏ ਇਸ ਸ਼ਹਿਰ ਕੀ 'ਜਗਤਾਰ' ਨੂੰ ਮਿਲਦੀ ਸਜ਼ਾ,
ਕਹਿ ਰਿਹਾ ਹੈ ਲਾ-ਇਲਾ ਤੇ ਫਿਰ ਰਿਹਾ ਹੈ ਬੇਲਿਬਾਸ।
(ਸ਼ੀਸ਼ੇ ਦਾ ਜੰਗਲ)
3. ਤੇਰਿਆਂ ਨੈਣਾਂ 'ਚ ਸਰਘੀ ਮੇਰੀਆਂ ਅੱਖਾਂ 'ਚ ਸ਼ਾਮ
ਤੇਰਿਆਂ ਨੈਣਾਂ 'ਚ ਸਰਘੀ ਮੇਰੀਆਂ ਅੱਖਾਂ 'ਚ ਸ਼ਾਮ।
'ਨ੍ਹੇਰ ਤੇ ਚਾਨਣ ਦਾ ਹੋਵੇ ਕਿਸ ਤਰ੍ਹਾਂ ਇਕ ਥਾਂ ਮੁਕਾਮ।
ਜਿਸ ਨੂੰ ਦੇਣਾ ਉਸ ਨਹੀਂ ਲੈਣਾ ਕਦੇ ਮੇਰਾ ਪਿਯਾਮ,
ਇਸ ਲਈ ਤੂੰ ਸ਼ਹਿਰ ਸਾਰੇ ਨੂੰ ਕਹੀਂ ਮੇਰਾ ਸਲਾਮ।
ਮੇਰਿਆਂ ਖ਼ਾਬਾਂ ਦਾ ਤੂੰ, ਅੰਜਾਮ ਲਿਖ ਦਿੱਤਾ ਹੈ ਵੇਖ,
ਸਹਿ-ਸੁਭਾ ਖੰਡਰਾਤ 'ਤੇ ਲਿਖ ਕੇ ਮਿਰਾ 'ਕੱਲੇ ਦਾ ਨਾਮ ।
ਤਿਤਲੀਆਂ, ਰੰਗਾਂ, ਸੁਗੰਧਾਂ, ਜੁਗਨੂੰਆਂ ਨੂੰ ਵੇਖਿਆ ਕਰ,
ਤੂੰ ਅਜੇ ਖੰਡਰਾਤ, ਡੁੱਬਦਾ ਦਿਨ, ਨਾ ਤਕਿਆ ਕਰ ਮਦਾਮ ।
ਮੈਂ ਹਾਂ ਪਰਬਤ ਦੀ ਸਿਖ਼ਰ 'ਤੇ ਉੱਜੜੇ ਮੰਦਰ ਦੇ ਵਾਂਗ,
ਜਿਸ ਦੀ ਹਰ ਸਰਘੀ ਉਦਾਸੀ ਬੇ-ਚਰਾਗ਼ੀ ਜਿਸ ਦੀ ਸ਼ਾਮ।
ਦਿਲ ਜਿਹਾ ਹਰ ਘਰ ਸੀ ਜਿਸਦਾ ਮਾਂ ਜਿਹੀ ਸੀ ਹਰ ਗਲੀ,
ਹੁਣ ਤਾਂ ਦੁਸ਼ਮਣ ਜਾਪਦਾ ਹੈ ਉਸ ਗਰਾਂ ਦਾ ਹਰ ਮਕਾਮ ।
ਰਾਤ ਤੇਰੀ ਯਾਦ ਸ਼ਾਇਦ ਆ ਕੇ ਹੋਵੇ ਮੁੜ ਗਈ,
ਰਾਤ ਮੇਰਾ ਦਰਦ ਮੇਰੇ ਨਾਲ ਹੈ ਸੀ ਹਮਕਮਾਲ।
ਹੁਣ ਤਾਂ ਅਪਣਾ ਸ਼ਹਿਰ ਵੀ ਲੱਗਦਾ ਹੈ ਕਿੰਨਾਂ ਓਪਰਾ,
ਨਾ ਰਹੇ ਰਸਤੇ ਪੁਰਾਣੇ, ਨਾ ਰਹੇ ਪਹਿਲੇ ਮਕਾਮ ।
ਥਹੁ ਪਤਾ ਕੋਈ ਨਹੀਂ, ਕੋਈ ਨਹੀਂ 'ਜਗਤਾਰ' ਦਾ,
ਨਾ ਹੀ ਦਰਵੇਸ਼ਾਂ ਦੇ ਘਰ ਹੁੰਦੇ ਨਾ ਪੌਣਾਂ ਦੇ ਗਰਾਮ ।
(ਸ਼ੀਸ਼ੇ ਦਾ ਜੰਗਲ)
4. ਲੱਥੀ ਕਿਸੇ ਦੀ ਮਹਿੰਦੀ ਕੋਈ ਕਿਵੇਂ ਲਗਾਏ
ਲੱਥੀ ਕਿਸੇ ਦੀ ਮਹਿੰਦੀ ਕੋਈ ਕਿਵੇਂ ਲਗਾਏ।
ਜੁਠਿਆਏ ਚੰਦ ਤਾਈਂ ਹੁਣ ਅਰਘ ਕੀ ਚੜ੍ਹਾਏ।
ਹੰਝੂਆਂ ਦੇ ਹੀ ਸਹਾਰੇ, ਕਿੰਨਾ ਕੁ ਤੁਰ ਸਕਾਂਗੇ,
ਜੁਗਨੂੰ, ਚਰਾਗ, ਤਾਰਾ ਕਿਧਰੇ ਨਜ਼ਰ ਨਾ ਆਏ।
ਪੱਥਰਾਂ ਦੇ ਸ਼ਹਿਰ ਅੰਦਰ ਪਿੱਤਲ ਦੇ ਲੋਕ ਅੰਨ੍ਹੇ,
ਸ਼ੀਸ਼ੇ ਜਿਹਾ ਇਹ ਦਿਲ ਹੈ ਕਿਸ ਨੂੰ ਕੋਈ ਵਿਖਾਏ।
ਬਾਕੀ ਤਾਂ ਭਾਰ ਹੀ ਸੀ ਜਾਂ ਸੀ ਵਗਾਰ ਜੀਵਨ,
ਬਸ ਜ਼ਿੰਦਗੀ ਸੀ ਏਨੀ ਰਲ ਕੇ ਜੋ ਪਲ ਬਿਤਾਏ ।
ਕਿੰਨਾ ਅਜੀਬ ਰਿਸ਼ਤਾ, ਕਿੰਨੀ ਅਜੀਬ ਦੂਰੀ,
ਨਾ ਹੋ ਸਕੇ ਉਹ ਅਪਣੇ ਨਾ ਬਣ ਸਕੇ ਪਰਾਏ।
ਉਸ ਵਕਤ ਦਿਲ ਜਲੇ ਕਿਉਂ ,ਕਿਉਂ ਇੰਤਜ਼ਾਰ ਜਾਗੇ,
ਸੌਂ ਜਾਣ ਜਦ ਕਿ ਰਸਤੇ ਦੀਵਾ ਨਜ਼ਰ ਨਾ ਆਏ।
ਸੂਰਜ ਦੇ ਗਿਰਦ ਘੁੰਮਦਾ ਹੋਇਆ ਬਲੌਰ ਹੈ ਉਹ,
ਉਸ ਦੇ ਸੁਭਾ ਦਾ ਕੋਈ ਆਖ਼ਰ ਕੀ ਭੇਤ ਪਾਏ।
'ਜਗਤਾਰ' ਉਹ ਗਜ਼ਲ ਦੇ ਉਸਤਾਦ ਬਣ ਰਹੇ ਨੇ,
ਜੋ ਲੋਕ ਤੂੰ ਕਦੇ ਸੀ ਤੋਤੇ ਤਰ੍ਹਾਂ ਪੜ੍ਹਾਏ।
(ਸ਼ੀਸ਼ੇ ਦਾ ਜੰਗਲ)
5. ਜੇ ਬਦਨ ਤੇਰੇ 'ਚ ਹਾਲੇ ਪਿਆਸ ਦਾ ਬਾਕੀ ਸਮੁੰਦਰ
ਜੇ ਬਦਨ ਤੇਰੇ 'ਚ ਹਾਲੇ ਪਿਆਸ ਦਾ ਬਾਕੀ ਸਮੁੰਦਰ।
ਗੁਟਕਦੇ ਮੇਰੇ ਲਹੂ ਵਿਚ ਵੀ ਅਜੇ ਤਾਈਂ ਕਬੂਤਰ।
ਆਖਰੀ ਲਾਰੀ ਵੀ ਗੁਜ਼ਰੀ, ਊਂਘਦੇ ਵੇਲਾਂ ਤੇ ਛੱਪਰ।
ਐਦਕੀ ਵੀ ਤੇਰੇ ਬਿਨ ਗੁਜ਼ਰੇਗਾ ਇਹ 'ਕੱਤੀ ਦਸੰਬਰ।
ਜਨਵਰੀ ਦੀ ਰਾਤ, ਕਕਰੀਲੀ ਹਵਾ, ਸੁੰਨਸਾਨ ਘਰ, ਪਰ,
ਕਾਲੀਆਂ ਬੋਹੜਾਂ 'ਤੇ ਗੁਟਕਣ, ਸਬਜ਼ ਅਲਬੇਲੇ ਕਬੂਤਰ।
ਇਸ ਵਰ੍ਹੇ ਵੀ ਜ਼ਰਦ ਠੰਡੇ ਪੈ ਕੇ ਪੱਤੇ ਝੜ ਗਏ ਨੇ,
ਪਰ ਇਹ ਤੇਰਾ ਗਿਫ਼ਟ, ਓਵੇਂ ਗਰਮ ਹਘ ਧਾਨੀ ਸਵੈਟਰ।
ਲਾਲ ਮਿੱਟੀ ਨਾਲ ਲਿੰਬੇ ਘਰ ਬੜੇ ਨਿੱਕੇ ਜਹੇ ਸਨ,
ਪਰ ਉਨ੍ਹਾਂ ਦੇ ਦਿਲ ਕਿ ਅੰਬਰ ਵੀ ਨਹੀਂ ਜਿਸ ਦੇ ਬਰਾਬਰ ।
ਸ਼ਾਮ ਜਦ 'ਜਗਤਾਰ' ਚੜ੍ਹਦੀ ਹੈ ਪਹਾੜੀ-ਤੰਗ-ਡੰਡੀ,
ਇਸ ਪਰਾਏ ਸ਼ਹਿਰ ਦੇ ਤਦ ਚੁਭਣ ਲੱਗ ਪੈਂਦੇ ਨੇ ਪੱਥਰ।
(ਸ਼ੀਸ਼ੇ ਦਾ ਜੰਗਲ)
6. ਜੰਗਲ ਦੇ ਪੱਤੇ ਉਡ ਕੇ ਬਸਤੀ ਵਿਚ ਆਏ
ਜੰਗਲ ਦੇ ਪੱਤੇ ਉਡ ਕੇ ਬਸਤੀ ਵਿਚ ਆਏ।
ਮੇਰੀ ਬੀਤੀ ਗਾਥਾ ਅਪਣੇ ਨਾਲ ਲਿਆਏ।
ਲੋਕੀ ਉਸ ਨੂੰ ਰਸਤਾ ਦੱਸਣ ਕਿਸ ਘਰ ਦਾ।
ਅਜਨਬੀਆਂ ਵਾਂਗੂੰ ਜੋ ਅਪਣਾ ਦਰ ਖੜਕਾਏ।
ਦੇਖਣ ਨੂੰ ਤਾਂ ਮੇਰਾ ਚਿਹਰਾ ਮਾਰੂਥਲ ਹੈ,
ਪਰ ਮੇਰੇ ਅੰਦਰ ਸਾਵਾ ਜੰਗਲ ਲਹਿਰਾਏ ।
ਅਪਣੇ ਅਪਣੇ ਘਰ ਵਿਚ ਰਖ ਕੇ ਅਪਣਾ ਚਿਹਰਾ,
ਮੇਰੇ ਘਰ ਵਿਚ ਲੋਕੀ ਮੈਨੂੰ ਦੇਖਣ ਆਏ।
ਉਸ ਤੋਂ ਮੇਰਾ ਇੱਕੋਈ ਭੇਤ ਨਾ ਛੁਪ ਸਕਿਆ,
ਜਿਸ ਦੇ ਐਬ ਤੇ ਭੇਤ ਬੜੇ 'ਜਗਤਾਰ' ਛੁਪਾਏ।
(ਸ਼ੀਸ਼ੇ ਦਾ ਜੰਗਲ)
7. ਜ਼ਿੰਦਗੀ ਕੁਛ ਗ਼ਮ ਨਾ ਕਰ, ਇਹ ਕੁਝ ਵੀ ਕਰ ਜਾਵਾਂਗਾ ਮੈਂ
ਜ਼ਿੰਦਗੀ ਕੁਛ ਗ਼ਮ ਨਾ ਕਰ, ਇਹ ਕੁਝ ਵੀ ਕਰ ਜਾਵਾਂਗਾ ਮੈਂ।
ਤੂੰ ਜਦੋਂ ਚ੍ਹਾਵੇਂ, ਤਿਰੇ ਕੋਲੋਂ ਗੁਜ਼ਰ ਜਾਵਾਂਗਾ ਮੈਂ।
ਹਰ ਕਦਮ 'ਤੇ ਨਾਲ ਹਸਦੀ ਜਾ ਰਹੀ ਹੈ ਚਾਂਦਨੀ,
ਪਰ ਹਨੇਰਾ ਨਾਲ ਜਾਵੇਗਾ, ਜਾਂ ਘਰ ਜਾਵਾਂਗਾ ਮੈਂ।
ਮੈਂ ਕਿਸੇ ਵੀ ਹਾਦਸੇ ਕੋਲੋਂ ਕਦੇ ਡਰਿਆ ਨਾ ਸਾਂ,
ਕੀ ਪਤਾ ਸੀ ਵੇਖ ਕੇ ਸ਼ੀਸ਼ੇ 'ਚ ਡਰ ਜਾਵਾਂਗਾ ਮੈਂ।
ਚਿਪਕਿਆ ਹੋਵੇਗਾ ਪਿਠ 'ਤੇ ਨਿੰਦਿਆ ਦਾ ਇਸ਼ਤਿਹਾਰ ,
ਉੱਠ ਕੇ ਜਿਗਰੀ ਦੋਸਤਾਂ 'ਚੋਂ ਜਦ ਵੀ ਘਰ ਜਾਵਾਂਗਾ ਮੈਂ।
ਕੀ ਪਤਾ ਸੀ ਲਾਲ ਬੱਤੀ ਵਾਂਗ ਰਾਹ ਰੋਕੇਗੀ ਉਹ,
ਛਡ ਕੇ ਜਾਂ ਉਸ ਦਾ ਨਗਰ ਆਪਣੇ ਨਗਰ ਜਾਵਾਂਗਾ ਮੈਂ।
ਜਦ ਵੀ ਮੈਂ ਤੇਰੇ ਬਦਨ ਵਿਚ ਰਚ ਗਿਆ ਖ਼ੁਸ਼ਬੂ ਤਰ੍ਹਾਂ,
ਖ਼ੁਦ-ਬਖ਼ੁਦ ਪੌਣਾਂ 'ਚ ਫੁਲ ਵਾਂਗੂੰ ਬਿਖ਼ਰ ਜਾਵਾਂਗਾ ਮੈਂ।
ਜ਼ਿੰਦਗੀ ! ਕਦ ਤਕ ਛੁਪੇਂਗੀ ਤੇ ਰਹੇਂਗੀ ਦੂਰ ਦੂਰ,
ਮੌਤ ਦੇ ਘਰ ਤੀਕ ਵੀ ਤੇਰੇ ਮਗਰ ਜਾਵਾਂਗਾ ਮੈਂ।
ਜੇ ਪਲਕ 'ਤੇ ਆਇਆ ਤਾਂ ਚਮਕਾਂਗਾ ਤਾਰੇ ਦੀ ਤਰ੍ਹਾਂ,
ਹੁਸਨ ਬਣ ਜਾਵਾਂਗਾ ਜਦ ਚਿਹਰੇ 'ਤੇ ਠਰ ਜਾਵਾਂਗਾ ਮੈਂ ।
ਹੋ ਕੇ ਤੇਰੇ ਤੋਂ ਜ਼ੁਦਾ ਟੁੱਟੇ ਹੋਏ ਪੱਤੇ ਤਰ੍ਹਾਂ,
ਕੀ ਪਤਾ ਸੀ ਖਾਕ ਹੋ ਕੇ ਦਰ-ਬ-ਦਰ ਜਾਵਾਂਗਾ ਮੈਂ।
ਲੋਕ ਇਨ੍ਹਾਂ ਨਾਲ ਭਰਿਆ ਕਰਨਗੇ ਅਪਣੇ ਖ਼ਲਾ,
ਦਰਦ ਤੇ ਆਪਣਾ ਲਹੂ ਸ਼ਿਅਰਾਂ 'ਚ ਭਰ ਜਾਵਾਂਗਾ ਮੈਂ।
( 23-3-1976-ਸ਼ੀਸ਼ੇ ਦਾ ਜੰਗਲ)
8. ਜ਼ਿੰਦਗੀ ਦੇ ਵਰਕਿਆਂ ਵਿਚ ਪਰ ਨਾ ਖ਼ਾਬਾਂ ਦੇ ਸਜਾ
ਜ਼ਿੰਦਗੀ ਦੇ ਵਰਕਿਆਂ ਵਿਚ ਪਰ ਨਾ ਖ਼ਾਬਾਂ ਦੇ ਸਜਾ।
ਸਬਜ਼ ਰੁੱਖਾਂ ਵਿਚ ਛੁਪੀ ਬੈਠੀ ਅਜੇ ਕਾਲੀ ਹਵਾ ।
ਮੈਂ ਤਾਂ ਅਪਣੇ ਆਪ ਤੋਂ ਵੀ ਦੂਰ ਆ ਚੁੱਕਾਂ ਬੜਾ ।
ਜਾਣ ਦੇ ਹੁਣ ਤੂੰ ਨਾ ਦੇ, ਹੁਣ ਤੂੰ ਨਾ ਦੇ ਮੈਨੂੰ ਸਦਾ।
ਅੰਦਰੋਂ ਅੰਦਰ ਹੀ ਧੁਖ ਧੁਖ ਕੇ ਇਹ ਜੰਗਲ ਸੜ ਗਿਆ।
ਫਿਰ ਘਟਾਵਾਂ ਲਖ ਯਤਨ ਕੀਤੇ ਨਾ ਹੋ ਸਕਿਆ ਹਰਾ।
ਜਿੰਦਗੀ ਕਨਿਆਨ ਦੇ ਖੂਹ ਵਿਚ ਵਿਲਕਦੀ ਹੈ ਪੲੀ ,
ਪਰਤ ਕੇ ਆਇਆ ਨਾ ਕੋਈ ਮਿਸਰ ਵਿਚੋਂ ਕਾਫ਼ਲਾ।
ਠਹਿਰ ਜਾ ਨਾ ਖੋਲ੍ਹ ਹਾਲੇ ਕਿਸ਼ਤੀਆਂ ਦੇ ਬਾਦਬਾਨ,
ਸਾਹਿਲਾਂ 'ਤੇ ਹਰ ਤਰਫ਼ ਹੀ ਤੇਜ਼ ਹੈ ਹਾਲੇ ਹਵਾ।
ਮੋਰ-ਖੰਭਾ ਹੈ ਸਮੁੰਦਰ, ਸਬਜ਼- ਗਹਿਰੇ ਨਾਰੀਅਲ,
ਤੇਰਿਆਂ ਨੈਣਾਂ ਦਾ ਨਕਸ਼ਾ, ਨਕਲ ਹੈ ਕੀਤਾ ਗਿਆ।
ਇਸ ਮਕਾਮ ਉਤੇ ਕੀ ਆਖਾਂ ਆਪਣਾ ਰਿਸ਼ਤਾ ਹੈ ਕੀ ?
ਸਿਲਸਿਲਾ ਟੁਟ ਕੇ ਦੁਬਾਰਾ ਆ ਕੇ ਕਿੱਥੇ ਜੁੜ ਗਿਆ।
ਬਰਫ਼ਬਾਰੀ ਵਿਚ ਵੀ ਸੀ ਗਰਮੈਸ਼ ਤੂੰ ਜਦ ਨਾਲ ਸੀ,
ਹੁਣ ਤਾ ਆਤਸ਼ਦਾਨ ਸਾਵ੍ਹੇਂ ਵੀ ਤਿਰੇ ਬਿਨ ਠਰ ਗਿਆ ।
ਕੁਰਸੀਆਂ ਨੂੰ ਅਜਕਲ੍ਹ ਪੂਜਦੇ 'ਜਗਤਾਰ' ਜੀ,
ਕੌਣ ਸ਼ਾਇਰ ਨੂੰ ਤੇ ਕਿਹੜਾ ਸ਼ਿਅਰ ਨੂੰ ਹੈ ਪਰਖਦਾ।
( ਦਸੰਬਰ 1977-ਸ਼ੀਸ਼ੇ ਦਾ ਜੰਗਲ)
9. ਤਹਿਜ਼ੀਬ ਹੈ ਨਵੀਂ ਪਰ ਇਹ ਸ਼ਹਿਰ ਹੈ ਪੁਰਾਣਾ
ਤਹਿਜ਼ੀਬ ਹੈ ਨਵੀਂ ਪਰ ਇਹ ਸ਼ਹਿਰ ਹੈ ਪੁਰਾਣਾ ।
ਜਾਂ ਹਮ-ਖ਼ਿਆਲ ਹੋ ਜਾ, ਜਾਂ ਛੋੜਦੇ ਟਿਕਾਣਾ।
ਤੂੰ ਬੰਦ ਕਰ ਨਾ ਇਸ ਦਾ ਕਮਰੇ 'ਚ ਆਣਾ ਜਾਣਾ।
ਆਖ਼ਰ ਕਬੂਤਰੀ ਨੇ ਕਿਧਰੇ ਤਾਂ ਘਰ ਬਨਾਣਾ।
ਹੁਣ ਕਾਲਰਾਂ ਦੇ ਫੁਲ ਨਾ, ਤਿਤਲੀ ਕੋਈ ਵੀ ਗੌਲੇ,
ਜਦ ਕੋਟ ਹੋ ਗਿਆ ਹੈ, ਬਦਰੰਗ ਤੇ ਪੁਰਾਣਾ।
ਛਾਤੀ ਦੇ ਕਰਵ ਦੇਖੋ, ਰੰਗਾਂ ਦੀ ਜ਼ਰਬ ਦੇਖੋ,
ਉਸ ਵਕਤ ਕੀ ਬਣੇਗਾ ਜਦ ਵਕਤ ਬੀਤ ਜਾਣਾ।
ਜਿਸ 'ਤੇ ਕਦੀ ਸੀ ਲਿਖਿਆ , ਤੂੰ ਨਾਂ ਮਿਰਾ ਤੇ ਅਪਣਾ,
ਹੁਣ ਬਣ ਗਿਆ ਹੈ ਮਲਬਾ ਉਹ ਮਕਬਰਾ ਪੁਰਾਣਾ।
ਜੇ ਦਸਤਕਾਂ ਵੀ ਸੁਣ ਕੇ, ਤੂੰ ਖੋਲ੍ਹਿਆ ਨਾ ਬੂਹਾ,
ਉਸ ਸਾਂਵਰੀ ਘਟਾ ਨੇ ਬਾਹਰ ਹੀ ਬਰਸ ਜਾਣਾ।
ਤੂੰ ਦਿਲ ਨਾ ਸਮਝ ਮੇਰਾ, ਐ ਦਰਦ ਘਰ ਹੈ ਤੇਰਾ,
ਹੰਝੂ ਤਾਂ ਹੈ ਮੁਸਾਫ਼ਰ, ਉਸ ਨੇ ਚਲੇ ਹੀ ਜਾਣਾ।
ਭਾਵੇਂ ਹੈ ਖ਼ੂਬਸੂਰਤ ਸ਼ੀਸ਼ੇ ਦਾ ਸ਼ਹਿਰ ਹੈ ਪਰ,
'ਜਗਤਾਰ' ਜੁਰਮ ਹੈ ਇਕ, ਇਸ ਸ਼ਹਿਰ ਲੜਖੜਾਣਾ।
(ਅਕਤੂਬਰ 1977-ਸ਼ੀਸ਼ੇ ਦਾ ਜੰਗਲ)
10. ਹੋ ਜਾਏ ਮੇਰਾ ਦਰਦ ਨਾ ਮੇਰਾ ਹੀ ਆਸ਼ਨਾ
ਹੋ ਜਾਏ ਮੇਰਾ ਦਰਦ ਨਾ ਮੇਰਾ ਹੀ ਆਸ਼ਨਾ ।
ਹੋ ਕੇ ਤੇ ਆਸ਼ਨਾ ਕੋਈ ਮੇਰਾ ਨਹੀਂ ਰਿਹਾ।
ਮੈਨੂੰ ਗੁਬਾਰੇ ਵਾਂਗ ਉਡਾਈ ਫਿਰੇ ਹਵਾ,
ਅੰਦਰ ਵੀ ਹੈ ਖ਼ਲਾ ਮੇਰੇ ਬਾਹਰ ਵੀ ਹੈ ਖ਼ਲਾ ।
ਪੈਛੜ ਹੀ ਸੁਣ ਸਕੀ ਨਾ ਕੋਈ ਵੀ ਨਜ਼ਰ ਪਿਆ,
ਚੁਪ ਚਾਪ ਮੇਰੇ ਜਿਸਮ ਅੰਦਰ ਕੌਣ ਆ ਗਿਆ ।
ਏਦਾਂ ਹੈ ਪਰਬਤਾਂ ਦਾ ਇਹ ਇਕ ਸਾਰ ਸਿਲਸਿਲਾ,
ਮੇਰੇ ਹਰੇਕ ਪੈਰ 'ਤੇ ਜਿਉਂ ਹਾਦਸਾ ਖੜ੍ਹਾ।
ਕਾਲੇ ਸਮੁੰਦਰਾਂ 'ਚੋਂ ਵੀ ਜੋ ਪਾਰ ਉਤਰਿਆ,
ਉਹ ਡੁਬ ਗਿਆ ਤਾਂ ਚਾਂਦਨੀ ਦੇ ਹੜ੍ਹ 'ਚ ਡੁਬ ਗਿਆ।
(ਸ਼ੀਸ਼ੇ ਦਾ ਜੰਗਲ)
11. ਜਿਸ ਨੂੰ ਵੀ ਸ਼ਹਿਰ ਵਿਚ ਅਸੀਂ ਪੁੱਛਿਆ ਤਿਰਾ ਪਤਾ
ਜਿਸ ਨੂੰ ਵੀ ਸ਼ਹਿਰ ਵਿਚ ਅਸੀਂ ਪੁੱਛਿਆ ਤਿਰਾ ਪਤਾ ।
ਉਸ ਆਦਮੀ ਦਾ ਰੰਗ ਹੀ ਝਟ ਜਰਦ ਪੈ ਗਿਆ ।
ਤਨਹਾ ਭਰੇ ਨਗਰ 'ਚ ਮੈਂ ਸਾਂ ਰਾਤ ਇਸ ਤਰ੍ਹਾਂ,
ਵਰਕਾ ਜਿਵੇਂ ਤੂਫ਼ਾਨ 'ਚ ਖੁੱਲ੍ਹੀ ਕਿਤਾਬ ਦਾ ।
ਗੁਜ਼ਰੇ ਉਹ ਮੇਰੇ ਕੋਲ ਦੀ ਆਵਾਜ ਵਾਂਗਰਾਂ,
ਮੈਂ ਗਰਦ ਵਾਂਗ ਦੂਰ ਤਕ ਉਨ੍ਹਾਂ ਮਗਰ ਗਿਆ।
ਮੇਰੇ ਬਦਨ 'ਚ ਦੌੜਦਾ ਸੀ ਖ਼ੂਨ ਵਾਂਗ ਜੋ,
ਅਜ ਓਹੀ ਮੇਰੇ ਖੂਨ ਦਾ ਪਿਆਸਾ ਹੈ ਫਿਰ ਰਿਹਾ ।
ਤੇਰੇ ਲਈ ਮੈਂ ਰਾਹ ਦਾ ਇਕ ਪੈਰ-ਚਿੰਨ੍ਹ ਹਾਂ,
ਮਿਟ ਜਾਏਗਾ ਜਦੋਂ ਵੀ ਕੋਈ ਹੋਰ ਆ ਗਿਆ ।
ਕੰਡਿਆ ਦੇ ਨਾਲ ਜਿਸ ਲਈ ਲੜਿਆ ਸਾਂ ਬਾਰ ਬਾਰ,
ਕਿਸ ਨੂੰ ਕਹਾਂ ਉਹ ਮਹਿਕ ਹੀ ਕੰਡਾ ਹੈ ਨਿਕਲਿਆ।
ਔੜਾਂ ਦੇ ਮਾਰੇ ਬਿਰਛ ਦਾ ਤਾਂ ਕੁਝ ਇਲਾਜ ਹੈ,
ਉਸਦਾ ਇਲਾਜ ਕੀ ਹੈ ਜੋ ਵਰਖਾ 'ਚ ਸੜ ਗਿਆ।
(ਸ਼ੀਸ਼ੇ ਦਾ ਜੰਗਲ)
12. ਦਿਸਦੈ ਨਾ ਕਿਤੇ ਸੂਰਜ ਤੇ ਠੰਢ ਬੜੀ ਹੈ
ਦਿਸਦੈ ਨਾ ਕਿਤੇ ਸੂਰਜ ਤੇ ਠੰਢ ਬੜੀ ਹੈ ।
ਇਕ ਦਰਦ ਦਾ ਮੌਸਮ ਹੈ ਸਿਰ ਰਾਤ ਖੜ੍ਹੀ ਹੈ ।
ਧੁੱਪਾਂ ਤੋਂ ਰਹੇ ਵਿਰਵੇ, ਵਰਖਾ ਤੋਂ ਰਹੇ ਵਾਂਝੇ,
ਵਸਦੀ ਹੈ ਨਾ ਹਟਦੀ ਹੈ, ਘਟ ਕੇਹੀ ਚੜ੍ਹੀ ਹੈ।
ਦਿਲਦਾਰ ਨੇ ਸਭ ਗਲੀਆਂ, ਘਰ ਸਾਰੇ ਪਰਾਏ ਨੇ,
ਜਿਸ ਦਰ 'ਤੇ ਜਾਈਏ, ਮਾਯੂਸੀ ਖੜ੍ਹੀ ਹੈ।
ਫਿਰ ਚੰਨ ਦੇ ਦੁਆਲੇ ਅਜ, ਇਕ ਗਿਰਝ ਪਈ ਭਾਉਂਦੀ,
ਇਹ ਮੇਰੀ ਤਬਾਹੀ ਦੀ, ਇਕ ਹੋਰ ਕੜੀ ਹੈ।
ਉਸ ਵੇਲੇ ਤੁਸੀਂ ਆਏ, ਜਦ ਬੀਤ ਗਿਆ ਮੌਸਮ,
ਮਾਤਮ ਤੇ ਖੁਸ਼ੀ 'ਕੱਠਿਆਂ ਬ੍ਹਾਂ ਮੇਰੀ ਫੜੀ ਹੈ।
ਇਸ ਸ਼ਹਿਰ ਦਾ ਹਰ ਚਿਹਰਾ, ਮੈਨੂੰ ਹੈ ਪਛਾਣ ਰਿਹਾ,
ਹਰ ਦਰ 'ਚ ਖੜ੍ਹੀ ਮੂਰਤ, ਹੈਰਾਨ ਬੜੀ ਹੈ ।
ਮੈਂ ਵੀ ਸੀ ਲਏ ਸੁਪਨੇ, ਗਗਨਾਂ ਦੇ ਸਿਤਾਰਿਆਂ ਦੇ,
ਪਾਗਲ ਹੈ ਜੋ ਅੰਬਰ ਨੂੰ, ਅਜ ਗਹਿਰ ਚੜ੍ਹੀ ਹੈ।
ਇਹ ਪੰਧ ਮੁਕਾ ਲੈਂਦਾ, ਮੈਂ ਹੁਣ ਨੂੰ ਚਿਰੋਕਾ ਹੀ,
ਹਰ ਪੈਰ 'ਤੇ ਫ਼ਰਜ਼ਾਂ ਦੀ, ਦੀਵਾਰ ਖੜ੍ਹੀ ਹੈ।
ਆ ਕੇ ਤੇ ਦੁਰਾਹੇ 'ਤੇ, ਲੱਗੇ ਨੇ ਗਲੇ ਰਸਤੇ,
ਵਿਛੜਨ ਦਾ ਸਮਾਂ ਹੈ ਕਿ ਮਿਲਨੀ ਦੀ ਘੜੀ ਹੈ।
(1962-ਸ਼ੀਸ਼ੇ ਦਾ ਜੰਗਲ)
13. ਹਾਦਸੇ ਤੇ ਹਾਦਸਾ ਭਾਵੇਂ ਬਰਾਬਰ ਆਏਗਾ
ਹਾਦਸੇ ਤੇ ਹਾਦਸਾ ਭਾਵੇਂ ਬਰਾਬਰ ਆਏਗਾ।
ਗ਼ਮ ਦਾ ਸਾਇਆ ਤਕ ਮਿਰੇ ਚਿਹਰੇ ਤੇ ਨਾ ਪਰ ਆਏਗਾ।
ਥਲ 'ਚੋਂ ਜੇ ਲੰਘ ਵੀ ਗਿਆ ਨਜ਼ਰਾਂ ਗੁਆ ਬੈਠੇਂਗਾ, ਜਦ,
ਤੇਰੇ ਸ੍ਹਾਵੇਂ ਤੇਰੇ ਉਜੜੇ ਘਰ ਦਾ ਮੰਜਰ ਆਏਗਾ ।
ਬੀਤਿਆ ਮੌਸਮ ਤੇ ਨਾ ਸੁਟ ਥਾਂ-ਬ-ਥਾਂ ਹੁਣ ਕੋਟ ਤੂੰ,
ਯਾਦ ਰਖ ਕਿ ਇਕ ਨਾ ਇਕ ਦਿਨ ਫਿਰ ਦਸੰਬਰ ਆਏਗਾ।
ਸੋਚ ਦੀ ਮਛਲੀ ਦਿ ਬੂ ਫੈਲੇਗੀ ਤੇਰੇ ਜ਼ਿਹਨ ਵਿਚ,
ਯਾਦ ਤੈਨੂੰ ਜਦ ਵੀ ਕ੍ਰਿਸ਼ਨਾ ਦਾ ਸੁਅੰਬਰ ਆਏਗਾ।
ਉਹ ਬੜੇ ਸਾਹਿਬ ਲਈ ਫੜਦਾ ਹੈ ਅਕਸਰ ਮਛਲੀਆਂ,
ਉਸਦਾ ਕੀ ਹੈ ਉਹ ਜਦੋਂ ਚਾਹੇਗਾ ਦਫ਼ਤਰ ਆਵੇਗਾ।
ਜਿਸ ਨੂੰ ਤੇਰੇ ਜਿਸਮ ਦੀ ਜ਼ੰਜੀਰ ਨਾ ਅਟਕਾ ਸਕੀ,
ਵਹਿਮ ਹੈ ਤੇਰਾ ਕਿ ਮੁੜ ਕੇ ਉਹ ਮੁਸਾਫ਼ਰ ਆਏਗਾ ।
ਮੁੱਦਤਾਂ ਤੋਂ ਉਹ ਖ਼ਲਾ ਦੇ ਵਾਗਰਾਂ ਖ਼ਾਮੋਸ਼ ਹੈ,
ਹੁਣ ਕਿਸੇ ਆਵਾਜ਼ ਤੇਰੀ ਦਾ ਨਾ ਉੱਤਰ ਆਏਗਾ।
ਜ਼ਿੰਦਗੀ ਵਿਚ ਕਿਹੜੇ ਕਿਹੜੇ ਵਰਕ ਪਾੜੇਂਗੀ ਭਲਾ,
ਹਰ ਕਿਸੇ ਪੁਸਤਕ 'ਚ ਮੇਰੇ ਨਾਂ ਦਾ ਅੱਖਰ ਆਏਗਾ ।
ਸ਼ਾਮ ਵੇਲੇ, ਵੇਖ ਕੇ ਖੰਡਰਾਤ ਖ਼ਾਮੋਸ਼ੀ 'ਚ ਡੁੱਬੇ,
ਕੀ ਪਤਾ ਸੀ ਤੇਰਾ ਦਿਲ, ਇਹ ਤੇਰਾ ਦਿਲ ਭਰ ਆਏਗਾ?
ਜਿਸ 'ਚ ਤੇਰੇ ਜਿਸਮ ਦੀ ਖ਼ੁਸ਼ਬੂ ਅਜੇ ਤਕ ਹੈ ਰਚੀ
ਯਾਦ ਰਹਿ ਰਹਿ ਡਾਕ ਬੰਗਲਾ ਤੇ ਉਹ ਬਿਸਤਰ ਆਏਗਾ।
ਲੰਘ ਗਿਆ ਪਰਲੋ ਜਿਹਾ ਜਦ ਕਿ ਪੰਝਤਰਵਾ ਵਰ੍ਹਾ,
ਕੀ ਭਲਾ ਜਗਤਾਰ ਇਸ ਤੋਂ ਬਾਅਦ ਛਿਅੱਤਰ ਆਏਗਾ ।
(ਕ੍ਰਿਸ਼ਨਾ=ਦਰੋਪਤੀ ਦਾ ਪਹਿਲਾ ਨਾਂ, ਪੰਝਤਰ=1975
ਵਿਚ ਕਵੀ ਦੇ ਨਿੱਕੇ ਭਰਾ ਦਾ ਕਤਲ ਕਰ ਦਿੱਤਾ ਗਿਆ
ਸੀ: 31-12-1975-ਸ਼ੀਸ਼ੇ ਦਾ ਜੰਗਲ)
14. ਸਿਖ਼ਰ ਦੁਪਹਿਰਾ, ਬਿਰਛ ਕੋਈ ਨਾ, ਕਾਲੇ ਪਰਬਤ, ਕਿੱਧਰ ਜਾਵਾਂ
ਸਿਖ਼ਰ ਦੁਪਹਿਰਾ, ਬਿਰਛ ਕੋਈ ਨਾ, ਕਾਲੇ ਪਰਬਤ, ਕਿੱਧਰ ਜਾਵਾਂ?
ਤੁਰਾਂ ਤਾਂ ਪੱਥਰ ਕਹਿੰਦੇ ਜਾਪਣ, ਛਡ ਜਾ ਤੂੰ ਆਪਣਾ ਪਰਛਾਵਾਂ।
ਮੈਂ ਮਕਤਲ ਵਲ ਆਪਣੀ ਸੂਲੀ, ਆਪਣੇ ਮੋਢੇ ਚੁਕ ਕੇ ਤੁਰਿਆ,
ਉਸ ਮੌਸਮ ਵਿਚ ਨਜ਼ਰੀਂ ਆਇਆ, ਸ਼ਹਿਰ 'ਚ ਆਦਮ ਟਾਵਾਂ ਟਾਵਾਂ।
ਹਰ ਇਕ ਘਰ ਦਾ ਬੂਹਾ ਢੁੱਕਾ, ਗੁਲਦਾਨਾਂ 'ਤੇ ਮੌਤ ਝੁਕੀ ਹੈ,
ਜਿਸ ਰੁਖ 'ਤੇ ਰਾਤੀਂ ਫੁਲ ਖਿੜਦੇ, ਉਸ ਰੁਖ ਉੱਤੇ ਰਹਿਣ ਬਲਾਵਾਂ।
ਡਿਗਦੇ ਅਥਰੂ, ਟੁਟਦੇ ਤਾਰੇ, ਕੰਬਦੇ ਸਾਏ, ਚੇਤੇ ਆਏ,
ਸੁਣੀਆਂ ਸਨ ਅਜ ਅੱਖੀਂ ਡਿੱਠੀਆਂ, ਰ੍ਹਾਵਾਂ ਵਿਚ ਰਹਿ ਜਾਂਦੀਆਂ ਰ੍ਹਾਵਾਂ ।
ਮੁੱਦਤ ਹੋਈ ਜਿਨ੍ਹਾਂ ਮਕਾਨਾਂ ਅੰਦਰ, ਸਦਾ ਹਨੇਰਾ ਰਹਿੰਦੈ,
ਰਾਤ ਉਨ੍ਹਾਂ ਵਿਚ ਫਿਰਦਾ ਦਿਸਦਾ, ਨਗਨ ਚਾਨਣੀ ਦਾ ਪਰਛਾਵਾਂ ।
ਸਿਪ ਦੀ ਐਸ਼-ਟਰੇ ਵਿਚ ਸਿਗਰਟ ਰਖ ਕੇ ਸੋਚਾਂ ਚੇਤ ਮਹੀਨੇ,
ਕੀ ਬੀਤੇ ਸਾਗਰ 'ਤੇ ਜਿਸ ਤੋਂ, ਲੰਘ ਜਾਵਣ ਚੁਪ ਚਾਪ ਘਟਾਵਾਂ।
ਖ਼ੂਨੀ ਸ਼ਾਮ, ਡਰਾਉਣੇ ਬੱਦਲ, ਕਿੱਥੇ ਰਹਿ ਕੇ ਰਾਤ ਬਿਤਾਈਏ,
ਹਰ ਇਕ ਘਰ ਦਾ ਦਰ ਖੜਕਾ ਕੇ, ਮੁੜੀਆਂ ਨੇ ਮਾਯੂਸ ਹਵਾਵਾਂ।
ਨਾ ਮਨਸੂਰ ਤੇ ਨਾ ਮੈਂ ਈਸਾ, ਮੈਨੂੰ ਤੂੰ ਗ਼ੁਮਨਾਮ ਰਹਿਣ ਦੇ,
ਸੂਲੀ ਨਾਲ ਨਾ ਜੋੜ ਪਿਆ ਤੂੰ, ਐਵੇਂ ਹੀ 'ਜਗਤਾਰ' ਦਾ ਨਾਵਾਂ।
(1963-ਸ਼ੀਸ਼ੇ ਦਾ ਜੰਗਲ)
15. ਰਾਤ ਦਿਨ ਮੈਨੂੰ ਹੈ ਭਾਵੇਂ ਉਹ ਪਈ ਸੁਲਗਾ ਰਹੀ
ਰਾਤ ਦਿਨ ਮੈਨੂੰ ਹੈ ਭਾਵੇਂ ਉਹ ਪਈ ਸੁਲਗਾ ਰਹੀ ।
ਆਪ ਵੀ ਪਰ ਹੈ ਪਹਾੜੀ ਬਰਫ਼ ਖੁਰਦੀ ਜਾ ਰਹੀ ।
ਉਹ ਨਹੀਂ ਕੋਠੇ 'ਤੇ ਆਉਂਦੀ ਹੁਣ ਕਦੇ ਲੈ ਕੇ ਕਿਤਾਬ,
ਆਪਣੇ ਕਮਰੇ 'ਚ ਸ਼ਾਇਦ ਤਜਰਬੇ ਦੁਹਰਾ ਰਹੀ।
ਨਾਰੀਅਲ ਦੇ ਵਾਂਗ ਪੀਡਾ, ਸਖ਼ਤ ਸੀ ਜਿਸ ਦਾ ਬਦਨ,
ਘੁਣ-ਭਰੀ-ਕੁਰਸੀ ਤਰ੍ਹਾਂ ਅੱਜ ਕੱਲ੍ਹ ਉਹ ਕਿਰਦੀ ਜਾ ਰਹੀ।
ਓਪਰਾ ਸੀ ਸ਼ਹਿਰ, ਦੋਵੇਂ ਅਜਨਬੀ ਸਾਂ ਮਿਲ ਪਏ,
ਹਰ ਸਫ਼ਰ ਵਿਚ ਉਹ ਪਹਾੜੀ ਰਾਤ ਚੇਤੇ ਆ ਰਹੀ।
ਉਸ ਦਾ ਪੁਲ-ਓਵਰ ਉਨਾਬੀ, ਜ਼ਰਦ ਮਫ਼ਲਰ, ਸਬਜ਼ ਕੋਟ,
ਉਹ ਕੁੜੀ ਅਖ਼ਬਾਰ ਦੀ ਸੁਰਖ਼ੀ ਹੈ ਬਣਦੀ ਜਾ ਰਹੀ।
ਉਹ ਚਿੜੀ ਹੁਣ ਦਾਣੇ-ਦੁਣਕੇ 'ਤੇ ਨਹੀਂ ਹੈ ਠਹਿਰਦੀ,
ਉਹ ਤਾਂ ਹੁਣ ਬਾਦਾਮ ਪਿਸਤਾ ਤੇ ਮੁਨੱਕਾ ਖਾ ਰਹੀ।
ਮਹਿਕ ਤੋਂ ਵਿਛੜਨ ਦਾ ਗ਼ਮ ਘਟਿਆ ਤਾਂ ਪਰਤੀ ਹੋਸ਼ ਕੁਝ,
ਰੰਗ ਜੋ ਬਾਕੀ ਹੈ ਉਸ ਦੀ ਆਬ ਉਡਦੀ ਜਾ ਰਹੀ।
ਕੀ ਨਵੀਂ ਤਹਿਜ਼ੀਬ ਇਹ ਹੈ ! ਸਿਰ ਤੋਂ ਪੈਰਾਂ ਤਕ ਨਗਨ,
ਵੇਖ ਕੇ ਆਦੀ ਕੁੜੀ ਵੀ ਜਿਸ ਨੂੰ ਹੈ ਸ਼ਰਮਾ ਰਹੀ।
ਨਾਂ ਪਤਾ ਲਿਖੇ ਨਾ ਲਿਖੇ, ਖ਼ਤ ਤਾਂ ਮੈਂ ਪਹਿਚਾਣਦਾਂ,
'ਜੋ' ਮੁਬਾਰਕਬਾਦ ਦਾ ਹਰ ਸਾਲ ਹੈ ਖ਼ਤ ਪਾ ਰਹੀ ।
ਅਜ਼ਨਬੀ ਬਣ ਕੇ ਜਦੋਂ 'ਜਗਤਾਰ' ਲੰਘ ਚੱਲਿਆ ਹੈ ਆਪ,
ਉਹ ਕਿਸੇ ਦੇ ਨਾਲ ਬੈਠੀ ਹੈ ਕਿਉਂ ਘਬਰਾ ਰਹੀ ।
(ਸ਼ੀਸ਼ੇ ਦਾ ਜੰਗਲ)
16. ਗਿਰਝ ਕੋਈ ਆ ਬੈਠੇ ਜੀਕੂੰ ਖੰਡਰ 'ਤੇ
ਗਿਰਝ ਕੋਈ ਆ ਬੈਠੇ ਜੀਕੂੰ ਖੰਡਰ 'ਤੇ।
ਯਾਰੋ ਕੇਹੀ ਸ਼ਾਮ ਪਈ ਮੇਰੇ ਘਰ 'ਤੇ।
ਕੀ ਪਾਣੀ ਦੇ ਨਕਸ਼ਾਂ ਦਾ ਇਤਬਾਰ ਭਲਾ,
ਨਕਸ਼ ਕੋਈ ਛਡਣਾ ਤਾਂ ਛਡੀਏ ਪੱਥਰ 'ਤੇ।
ਦੀਵਾਰਾਂ 'ਤੇ ਘ੍ਹਾ ਕਬੁਤਰ ਗੁਟਕ ਰਹੇ,
ਇਸ ਤੋਂ ਵਧ ਕਿਹੜੀ ਰੁੱਤ ਆਊ ਇਸ ਘਰ 'ਤੇ।
ਦੂਰ ਪਰੇ ਪਾਣੀ ਕਿ ਮੌਤ ਹੈ ਕੀ ਕਹੀਏ,
ਪੰਛੀ ਉਡਦੇ ਲਾਸ਼ਾਂ ਤੇ ਕਿ ਸਾਗਰ 'ਤੇ ।
ਮੇਰੇ ਉੱਤੇ ਬਿਰਛ ਸਮਝ ਕੇ ਬੈਠ ਗਏ,
ਸ਼ਾਮ ਪਈ 'ਤੇ ਵਣ ਵਿਚ ਜੋ ਪੰਛੀ ਪਰਤੇ।
ਮਿੱਟੀ ਵਿੱਚੋਂ ਤਾਹੀਂ ਮਹਿਕਾਂ ਆ ਰਹੀਆਂ,
ਤੇਰੀ ਸੂਰਤ ਸੀ ਹਰ ਡਿੱਗੀ ਅੱਥਰ 'ਤੇ।
(1966-ਸ਼ੀਸ਼ੇ ਦਾ ਜੰਗਲ)
17. ਲਗਦਾ ਹੈ ਸੰਝ ਨੂੰ ਰਵੀ ਇੰਜ ਆਸਮਾਨ 'ਤੇ
ਲਗਦਾ ਹੈ ਸੰਝ ਨੂੰ ਰਵੀ ਇੰਜ ਆਸਮਾਨ 'ਤੇ।
ਜੀਕੂੰ ਨਿਸ਼ਾਨ ਖ਼ੂਨ ਦਾ ਕਾਲੀ ਚਟਾਨ 'ਤੇ।
ਅੱਜਕਲ੍ਹ ਜ਼ਰਾ ਵੀ ਸਿਰ ਕਿਤੇ ਚੁਕਦੀ ਹੈ ਲਾਟ ਜੇ,
ਹੱਲਾ ਹਨੇਰ ਬੋਲਦੈ, ਝਟ ਉਸ ਮਕਾਨ 'ਤੇ।
ਅਪਣੇ ਸੁਭਾ ਦੇ ਉਲਟ ਉਹ ਅਜ ਮੁਸਕਰਾ ਪਏ,
ਵੇਖੋ ਗੁਲਾਬ ਖਿੜ ਪਿਐ, ਆਖ਼ਿਰ ਚਟਾਨ 'ਤੇ।
ਪੱਤਾਂ ਦੇ ਵਾਂਗ ਉਡ ਗਏ ਸਾਰੇ ਹੁਸੀਨ ਖ਼ਾਬ ,
ਬਿਰਹੋਂ ਦਾ ਸ਼ੀਹ ਜਾਂ ਝਪਟਿਆ ਦਿਲ ਦੇ ਮਚਾਨ 'ਤੇ।
ਮੇਰੇ ਪਰਾਂ ਨੂੰ ਬੰਨ੍ਹਣਾ ਚਾਹੁੰਦੇ ਕਿਸੇ ਤਰ੍ਹਾਂ,
ਜੋ ਲੋਕ ਨੇ ਖ਼ਫ਼ਾ ਮਿਰੀ ਉੱਚੀ ਉਡਾਨ 'ਤੇ।
(1974-ਸ਼ੀਸ਼ੇ ਦਾ ਜੰਗਲ)
18. ਡੁਬ ਗਿਆ ਜਾ ਕੇ ਜੰਗਲ 'ਚ ਸੂਰਜ ਜਦੋਂ
ਡੁਬ ਗਿਆ ਜਾ ਕੇ ਜੰਗਲ 'ਚ ਸੂਰਜ ਜਦੋਂ,
ਰੰਗ ਉਡ ਜਾਣਗੇ ਮੂੰਹ ਉਤਰ ਜਾਣਗੇ।
ਜੋ ਹਨ੍ਹੇਰੇ 'ਚ ਤੁਰਨੇ ਦੇ ਆਦੀ ਨਹੀਂ,
ਸੁਣ ਕੇ ਅਪਣੀ ਹੀ ਪੈਛੜ ਉਹ ਡਰ ਜਾਣਗੇ।
ਗ਼ਮ ਦੇ ਦਰਿਆ ਚੜ੍ਹੇ ਜੋ ਉਤਰ ਜਾਣਗੇ,
ਜ਼ਖ਼ਮ ਸਾਰੇ ਵਿਛੋੜੇ ਦੇ ਭਰ ਜਾਣਗੇ।
ਦਿਲ ਦੇ ਸਹਿਰਾ 'ਚੋਂ ਇਹ ਦਰਦ ਦੇ ਕਾਫ਼ਲੇ,
ਹੌਲੀ ਹੌਲੀ ਗੁਜ਼ਰਦੇ ਗੁਜ਼ਰ ਜਾਣਗੇ।
ਸੋਨ ਚਿੜੀਆਂ ਸੁਰੰਗੇ ਪਰਾਂ ਵਾਲੀਆਂ,
ਆ ਗਈ ਰੁਤ ਪਹਾੜਾਂ ਤੋਂ ਪਰਤਣਗੀਆਂ,
ਹੋਸਟਲ ਦੇ ਜੋ ਕਮਰੇ ਨੇ ਖ਼ਾਲੀ ਪਏ,
ਕੁਝ ਦਿਨਾਂ ਵਿਚ ਹੀ ਸਾਰੇ ਇਹ ਭਰ ਜਾਣਗੇ।
ਸਰਦ ਮੌਸਮ ਗੁਲਾਬੀ ਗੁਲਾਬੀ ਸਮਾਂ,
ਆਉ ਕੁਝ ਪਲ ਤਾਂ ਧੁੱਪਾਂ ਦਾ ਨਿੱਘ ਮਾਣੀਏਂ,
ਪੁਸਤਕਾਂ ਪੜ੍ਹਦਿਆਂ ਪੜ੍ਹਦਿਆਂ ਹੀ ਨਹੀਂ,
ਵਰਕਿਆਂ ਦੀ ਤਰ੍ਹਾਂ ਦਿਨ ਗੁਜ਼ਰ ਜਾਣਗੇ।
ਜਿੰਦਗੀ ਭਾਵੇਂ ਮੈਨੂੰ ਤੂੰ ਉਲਝਾਈ ਜਾ,
ਮੈਂ ਸੁਆਰਾਂਗਾ ਫਿਰ ਵੀ ਲਿਟਾਂ ਤੇਰੀਆਂ,
ਯਾਦ ਰਖ ਇਕ ਨਾ ਇਕ ਦਿਨ, ਕਦੇ ਨਾ ਕਦੇ,
ਵਾਲ ਤੇਰੇ ਮਿਰੇ ਰਾਹ ਸੰਵਰ ਜਾਣਗੇ।
ਸ਼ਾਮ ਉਤਰੀ ਸਲੇਟੀ ਹਨ੍ਹੇਰਾ ਪਿਐ,
ਕੁਝ ਚਿਰਾਂ ਨੁੰ ਜਾਂ ਦਰਦਾਂ ਦੇ ਪੰਛੀ ਮੁੜੇ,
ਦਿਲ ਦੇ ਸੁਨਸਾਨ ਉਜੜੇ ਜਜ਼ੀਰੇ ਨੂੰ ਫਿਰ,
ਰਾਤ ਦੀ ਰਾਤ ਆਬਾਦ ਕਰ ਜਾਣਗੇ ।
ਰਖ ਕੇ ਹਥ ਲਾਟ 'ਤੇ ਖਾ ਕੇ ਸੌਂਹ ਅੱਗ ਦੀ,
ਸਾਥ ਜੀਆਂ ਮਰਾਂਗੇ ਕਿਹਾ ਸੀ ਜਿਨ੍ਹਾਂ,
ਕੀ ਪਤਾ ਸੀ ਮੁਖ਼ਾਲਿਫ ਹਵਾ ਜਾਂ ਵਗੀ,
ਇਸ ਤਰ੍ਹਾਂ ਬਰਫ਼ ਦੇ ਵਾਂਗ ਠਰ ਜਾਣਗੇ।
ਜਿੰਦਗੀ ਹੈ ਅਜਬ ਖੇਡ ਸ਼ਤਰੰਜ ਦੀ,
ਕਿਉਂ ਨਾ ਹਰ ਚਾਲ 'ਤੇ ਮਾਤ ਖਾਂਦੇ ਅਸੀਂ
ਸੀ ਭਰੋਸਾ ਜਿਨ੍ਹਾਂ ਮੁਹਰਿਆਂ 'ਤੇ ਬੜਾ,
ਕੀ ਪਤਾ ਸੀ ਕਿ ਉਹ ਚਾਲ ਕਰ ਜਾਣਗੇ।
ਤੂੰ ਜੇ 'ਜਗਤਾਰ' ਹੁਸ਼ਿਆਰਪੁਰ ਆ ਗਇਓਂ,
ਹਾਦਸੇ ਕੋਈ ਕੂੰਜਾਂ ਦੇ ਬੱਚੇ ਨਹੀਂ,
ਹਾਦਸੇ ਤਾਂ ਤਿਰੇ ਨਾਲ ਸਾਏ ਤਰ੍ਹਾਂ,
ਥਾਂ-ਬ-ਥਾਂ ਹਰ ਗਰਾਂ, ਹਰ ਨਗਰ ਜਾਣਗੇ।
(1976-ਸ਼ੀਸ਼ੇ ਦਾ ਜੰਗਲ)
19. ਸ਼ਾਮ ਦਾ ਘੁਸਮੁਸਾ ਸੁਰਮਈ ਸੁਰਮਈ
ਸ਼ਾਮ ਦਾ ਘੁਸਮੁਸਾ ਸੁਰਮਈ ਸੁਰਮਈ।
ਵੇਖ ਰੁੱਖਾਂ ਦੇ ਗਲ ਆ ਕੇ ਛਾਂ ਲਗ ਗਈ।
ਇਸ ਸਮੇਂ ਮਿਲ ਰਹੇ ਵੇਖ ਕੇ ਰਾਤ ਦਿਨ,
ਬੇਬਸੀ ਮੇਰੇ ਗਲ ਲਗ ਕੇ ਹੈ ਰੋ ਪਈ।
ਉਡ ਰਹੇ ਨੇ ਹਜ਼ਾਰਾਂ ਹੀ ਪਟ-ਬੀਜਣੇ,
ਜਾਂ ਚਰਾਗ਼ਾਂ ਨੂੰ ਪਰ ਲਗ ਗਏ ਨੇ ਕਿਤੋਂ,
ਡਾਰ ਤੇ ਡਾਰ ਯਾਦਾਂ ਦੀ ਹੈ ਆ ਰਹੀ,
ਰੌਸ਼ਨੀ ਦਾ ਜਿਵੇਂ ਇਕ ਸਮੁੰਦਰ ਲਈ।
ਚਾਨਣੀ ਰਾਤ ਵਿਚ ਬੇਖ਼ਬਰ ਤੂੰ ਪਈ,
ਤੇਰੇ ਚਿਹਰੇ 'ਤੇ ਪਈਆਂ ਲਿਟਾਂ ਇਸ ਤਰ੍ਹਾਂ,
ਚਮਕਦੀ ਬਰਫ਼ ਤੇ ਟ੍ਹਾਣੀਆਂ ਦੀ ਜਿਵੇਂ,
ਸਾਰੀਆਂ ਸ਼ੋਖ਼ੀਆਂ ਭੁਲ ਕੇ ਛਾਂ ਸੌ ਰਹੀ।
ਨਾ ਹਵਾ, ਨਾ ਘਟਾ ਕਹਿਰ ਦਾ ਟਾਟਕਾ,
ਜਿਸਮ ਦੀ ਸੁਕ ਕੇ ਮਿੱਟੀ ਵੀ ਹੈ ਕਿਰ ਰਹੀ,
ਮੈਂ ਖ਼ਲਾਵਾਂ ਦੇ ਅੰਦਰ ਭਟਕਦਾ ਰਹੂੰ,
ਹੋਰ ਦੋ ਛਿਣ ਹੀ ਤੇਰੀ ਜੇ ਛਾਂ ਨਾ ਮਿਲੀ।
ਵਗ ਰਹੇ ਪਾਣੀਆਂ ਦਾ ਬੜੀ ਦੂਰ ਤੋਂ,
ਸ਼ੋਰ ਸੀ ਸੁਣ ਰਿਹਾ, ਲਿਸ਼ਕ ਸੀ ਦਿਸ ਰਹੀ,
ਜਾਂ ਕਿਨਾਰੇ ਗਏ ਰੇਤ ਹੀ ਰੇਤ ਸੀ,
ਸ਼ੋਰ ਸੀ ਡੁਬ ਗਿਆ, ਲਿਸ਼ਕ ਸੀ ਮਰ ਗਈ।
ਤੇਰੇ ਹੱਥਾਂ ਦੀਆਂ ਉਹ ਮਸ਼ਾਲਾਂ ਨਹੀਂ,
ਨਾ ਤਿਰੇ ਰੂਪ ਦੀ ਚਾਨਣੀ ਹੀ ਦਿਸੇ,
ਜੰਗਲਾਂ ਦਾ ਸਫ਼ਰ ਹੈ ਲੰਮੇਰਾ ਬੜਾ,
ਜ਼ਿੰਦਗੀ ਹੈ ਹਨੇਰੀ ਗੁਫ਼ਾ ਬਣ ਗਈ।
ਤੂੰ ਤਾਂ ਅਪਣੀ ਕੋਈ ਕਸਰ ਛੱਡੀ ਨਹੀਂ,
ਹਰ ਗਲੀ ਮੋੜ 'ਤੇ ਮੌਤ ਬਣ ਕੇ ਮਿਲੀ,
ਜ਼ਿੰਦਗੀ ਭਾਲਦੀ ਭਾਲਦੀ ਜ਼ਿੰਦਗੀ,
ਮੌਤ ਦੀ ਵਾਦੀਓਂ ਬਚ ਕੇ ਪਰ ਆ ਗਈ।
(1972-ਸ਼ੀਸ਼ੇ ਦਾ ਜੰਗਲ)
20. ਛਾਂ ਨੂੰ ਮਿਲਣ ਦੀ ਖ਼ਾਤਿਰ ਹਰ ਹਾਲ ਚਲ ਰਿਹਾ ਹਾਂ
ਛਾਂ ਨੂੰ ਮਿਲਣ ਦੀ ਖ਼ਾਤਿਰ ਹਰ ਹਾਲ ਚਲ ਰਿਹਾ ਹਾਂ ।
ਸੂਰਜ ਦੇ ਨਾਲ ਭਾਵੇਂ, ਪਲ ਪਲ ਪਿਘਲ ਰਿਹਾ ਹਾਂ ।
ਭਾਵੇਂ ਘਣਾ ਹਨੇਰਾ ਹੈ ਜ਼ਿੰਦਗੀ 'ਚ ਮੇਰੇ,
ਬਣ ਕੇ ਚਰਾਗ਼ ਤੇਰੇ ਰਾਹਾਂ 'ਚ ਜਲ ਰਿਹਾ ਹਾਂ।
ਹਰ ਹਾਦਸੇ 'ਚੋਂ ਮੈਨੂੰ ਇਕ ਰੌਸ਼ਨੀ ਮਿਲੀ ਹੈ,
ਤੇਰੀ ਨਜ਼ਰ 'ਚੋਂ ਡਿੱਗ ਕੇ ਤਾਹੀਂ ਸੰਭਲ ਰਿਹਾ ਹਾਂ ।
ਚਿਹਰੇ ਮਿਰੇ ਤੋਂ ਸ਼ਾਇਦ, ਨਫ਼ਰਤ ਹੈ ਜ਼ਿੰਦਗੀ ਨੂੰ,
ਉਸ ਨੂੰ ਮਿਲਣ ਲਈ ਹੁਣ, ਚਿਹਰਾ ਬਦਲ ਰਿਹਾ ਹਾਂ।
ਮਿਲ ਨਾ ਹਵਾ ਤਰ੍ਹਾਂ ਤੂੰ, ਵਰ੍ਹਦੀ ਘਟਾ ਤਰ੍ਹਾਂ ਮਿਲ,
ਪਿਛਲੇ ਜਨਮ ਤੋਂ ਹੀ ਮੈਂ ਦਿਨ ਰਾਤ ਜਲ ਰਿਹਾ ਹਾਂ ।
ਵਾਕਿਫ਼ ਹਾਂ ਇਸ ਨਗਰ ਦੀ ਹਰ ਰਸਮ ਹਰ ਸਜ਼ਾ ਤੋਂ,
ਇਕ ਦਿਲ ਤੇ ਸ਼ਹਿ ਹੈ ਤੇਰੀ, ਅਡਰਾ ਹੀ ਚਲ ਰਿਹਾ ਹਾਂ।
ਯਾਰਾਂ ਨੁੰ ਸੂਲ ਵਾਗੂੰ ਚੁਭਦੀ ਸੀ ਹੋਂਦ ਮੇਰੀ,
ਚੁਪ ਚਾਪ ਆਹ ਵਾਂਗੂੰ ਸ਼ਹਿਰੋਂ ਨਿਕਲ ਰਿਹਾ ਹਾਂ।
'ਜਗਤਾਰ' ਤੂੰ ਕਦੀ ਨਾ ਇਸ ਗਲ ਦੀ ਦਾਦ ਦਿੱਤੀ,
'ਸਬਜ਼ਾ' ਹਾਂ ਪੱਥਰਾਂ ਦੇ ਸੀਨੇ 'ਚ ਪਲ ਰਿਹਾ ਹਾਂ ।
(1976-ਸ਼ੀਸ਼ੇ ਦਾ ਜੰਗਲ)
21. ਸ਼ਹਿਰ ਦੇ ਓੁੱਚੇ ਘਰ ਵਿਚ ਰੌਸ਼ਨੀ ਚੁੰਧਿਆ ਰਹੀ
ਸ਼ਹਿਰ ਦੇ ਓੁੱਚੇ ਘਰ ਵਿਚ ਰੌਸ਼ਨੀ ਚੁੰਧਿਆ ਰਹੀ ।
ਨਾਲ ਦੀ ਬਸਤੀ ਚ ਪਰ ਹੈ ਰਾਤ ਕਾਲੀ ਛਾ ਰਹੀ ।
ਨੰਗੀਆਂ ਸ਼ਾਖਾਂ, ਹਵਾ ਪੀਲੀ, ਸਿਆਹ ਮੌਸਮ ਅਜੇ ,
ਨਾ ਕਿਤੇ ਫੁੱਟਦੀ ਪਪੀਸੀ, ਨਾ ਕਲੀ ਮੁਸਕਾ ਰਹੀ ।
ਆ ਗਏ ਹਾਂ ਬਚਕੇ ਸ, ਪਰ ਹਾਲਤ ਨਾ ਪੁੱਛੋ ਦੋਸਤੋ
ਰਾਹ ਵਿਚ ਸੀ ਪੱਥਰਾਂ ਤਾਈਂ ਉਦਾਸੀ ਖਾ ਰਹੀ ।
ਹਰ ਕਿਸੇ ਦਾ ਜਿਸਮ ਪੱਥਰ ਦਾ ਸੀ ਸ਼ੀਸ਼ੇ ਦਾ ਮਕਾਨ
ਦੋਸਤ ਤੇ ਦੁਸ਼ਮਣ ਦੀ ਵੀ ਇਸ ਸ਼ਹਿਰ ਨਿਭਦੀ ਜਾ ਰਹੀ ।
ਰਾਤ ਦੀ ਕਾਲੀ ਨਦੀ, ਕਹਿਰੀ ਹਵਾ ਹੈ ਦੋਸਤੋ,
ਕੁਝ ਓੁਪਾ ਸੋਚੋ ਕਿਸੇ ਘਰ ਲੋ ਨਜ਼ਰ ਨਾ ਆ ਰਹੀ ।
ਮਕਬਰੇ ਢਾਹ ਕੇ ਵਸਾ ਦਿੱਤੀਆਂ ਨੇ ਭਾਵੇਂ ਬਸਤੀਆਂ,
ਰੂਹ ਸ਼ਾਹਾਂ ਦੀ ਅਜੇ ਪਰ ਜਿਉਂਦਿਆਂ ਨੂੰ ਖਾ ਰਹੀ ।
ਆਸਰਾ ਦੇਵੋ ਜਾਂ ਇਸ ਦਾ ਜ਼ਹਿਰ ਪੀਵੋ ਦੋਸਤੋ,
ਜ਼ਿੰਦਗੀ ਇਸ ਦੌਰ ਦੀ ਕਿਓੁਂ ਡਗਮਗਾਓੁਂਦੀ ਜਾ ਰਹੀ ।
ਹਰ ਗ਼ਜ਼ਲ ਵਿਚ ਧੜਕਦਾ ਹੈ ਮੇਰਾ ਦਿਲ, ਮੇਰਾ ਲਹੂ,
ਮੇਰਿਆਂ ਸ਼ਬਦਾਂ ਨੂੰ ਹੈ ਤੇਰੀ ਹਿਨਾ ਰੁਸ਼ਨਾ ਰਹੀ ।
ਬਰਫ਼ ਡਿਗਦੀ ਵਿਚ ਵੀ ਇਹ 'ਜਗਤਾਰ' ਹੋਣੈ, ਇਸ ਸਮੇਂ
ਲੜਖੜਾਓੁਂਦੇ ਓੁਸਦੇ ਕਦਮਾਂ ਦੀ ਸਦਾ ਹੈ ਆ ਰਹੀ ।
(1977-ਸ਼ੀਸ਼ੇ ਦਾ ਜੰਗਲ)
22. ਗੱਡੀ ਦੇ ਵਿਚ ਫੜ ਲਈ, ਘਰ ਭੁਲ ਆਈ ਪਾਸ
ਗੱਡੀ ਦੇ ਵਿਚ ਫੜ ਲਈ, ਘਰ ਭੁਲ ਆਈ ਪਾਸ।
ਉੱਤੋਂ ਤੀਹ ਤਰੀਕ ਸੀ, ਖ਼ਾਲੀ ਪਰਸ ਉਦਾਸ ।
ਬਾਬੇ ਨੂੰ ਕੀ ਸੀ ਪਤਾ, ਅਗਿਆਨੀ ਤੇ ਮੂੜ੍ਹ,
ਕੁਰਸੀ ਖ਼ਾਤਿਰ ਰਟਣਗੇ ਜਪੁਜੀ ਤੇ ਰਹਿਰਾਸ।
ਮੁੰਡੇ ਕੁੜੀਆਂ ਸਮਝਦੇ, ਉਸ ਨੂੰ ਇਕ ਕਲਾੳੁਨ,
ਉਹ ਸਮਝੇ ਲਮਦਾੜ੍ਹੀਆ, ਮੈਂ ਹਾਂ ਕਾਲੀ ਦਾਸ।
ਨਾ ਜਮਨਾ ਨਾ ਕਾਨ੍ਹ ਜੀ, ਪਰ ਹਰ ਦਫ਼ਤਰ ਵਿਚ,
ਤਰ੍ਹਾਂ ਤਰ੍ਹਾਂ ਦੀਆਂ ਗੋਪੀਆਂ, ਭਾਂਤ ਭਾਂਤ ਦੀ ਰਾਸ।
ਚੁਪ ਦਾ ਪਹਿਰਾ ਲੱਗਿਆ, ਹੋੜੇ ਹਟਕੇ ਕੌਣ,
ਕੁੱਤੇ ਆਟਾ ਚੱਟਦੇ, ਵਗਦਾ ਪਿਆ ਖਰਾਸ।
ਆਖ਼ਰ ਸਬਜ਼ ਕਬੂਤਰੀ, ਛਤਰੀ ਬੈਠੀ ਆ,
ਪੈਂਦੀ ਪੈਂਦੀ ਪੈ ਗਈ, ਪੱਥਰ ਉਤੇ ਘਾਸ।
ਚਾਰ ਕੁ ਦੋਹੇ ਜੋੜ ਕੇ,ਚੰਡੀਗੜ੍ਹ ਵਿਚ ਬੈਠ,
ਇਕ ਜੱਟਾਂ ਦਾ ਛੋਕਰਾ, ਬਣਿਆ ਤੁਲਸੀ ਦਾਸ।
'ਰਾਜਗੁਮਾਲੋਂ' ਆ ਗਿਐ, ਮੈਲਾ ਖ਼ਤ ਬੇਰੰਗ,
ਲਿਖਿਆ ਕਦ 'ਜਗਤਾਰ' ਜੀ, ਮੁਕਣਾ ਹੈ ਬਨਵਾਸ ।
(ਸ਼ੀਸ਼ੇ ਦਾ ਜੰਗਲ)
23. ਇਹ ਦਿਲ ਜਗਦਾ ਕਦੀ ਬੁਝਦਾ ਹੈ ਮੇਰਾ
ਇਹ ਦਿਲ ਜਗਦਾ ਕਦੀ ਬੁਝਦਾ ਹੈ ਮੇਰਾ ।
ਹੈ ਅੰਗਿਆਰਾ ਕਿ ਜੁਗਨੂੰ ਦਰਦ ਤੇਰਾ ।
ਅਜੇ ਨਾ ਜਾ ਅਜੇ ਕੁਝ ਠਹਿਰ ਜਾ ਤੂੰ,
ਚਿੜੀ ਚੂਕੀ ਨਾ ਹੋਇਆ ਹੈ ਸਵੇਰਾ।
ਇਹ ਕੈਸੀ ਈਦ ਚੰਨ ਚੜ੍ਹਿਆ, ਨਾ ਦਿਸਿਆ,
ਬਨੇਰਾ ਸੱਖਣਾ ਆਂਙਣ ਹਨੇਰਾ ।
ਮਿਰੇ ਹੰਝੂਆਂ 'ਚ ਡੁੱਬ ਕੇ ਹਾਥ ਨਾ ਲੈ,
ਹੈ ਮੇਰਾ ਦਰਦ ਇਸ ਨਾਲੋਂ ਡੂੰਘੇਰਾ ।
ਨਾ ਉੱਡ ਜਾਏ ਕਿਤੇ ਰਸਤੇ 'ਚ ਹੀ ਇਹ,
ਹੈ ਅਜ ਕਲ੍ਹ ਰੰਗ ਯਾਰੀ ਦਾ ਕਚੇਰਾ ।
ਪੁਰਾਣੇ ਗ਼ਮ ਹੀ ਰਾਹ ਵਿਚ ਮਿਲ ਪਏ ਸਨ,
ਨਾ ਕਰ ਸ਼ਕ ਹੋ ਗਿਐ ਤਾਹੀਂ ਅਵੇਰਾ ।
ਬੜੇ ਜੁਗਨੂੰ ਮਿਰੇ ਰਸਤੇ 'ਚ ਚਮਕੇ,
ਨਾ ਹੋਇਐ ਦਰ ਤੇਰੇ ਬਿਨ ਹਨੇਰਾ ।
(੧੯੭੭-ਸ਼ੀਸ਼ੇ ਦਾ ਜੰਗਲ )
24. ਜਿਸ ਦਿਨ ਦਾ ਲਿਖਵਾ ਬੈਠੇ ਹਾਂ ਅਪਣੀ ਬ੍ਹਾਂ 'ਤੇ ਤੇਰਾ ਨਾਂ
ਜਿਸ ਦਿਨ ਦਾ ਲਿਖਵਾ ਬੈਠੇ ਹਾਂ ਅਪਣੀ ਬ੍ਹਾਂ 'ਤੇ ਤੇਰਾ ਨਾਂ ।
ਉਸ ਦਿਨ ਦਾ ਭੁਲ ਬੈਠੇ ਅਪਣਾ ਪਤਾ, ਟਿਕਾਣਾ, ਸ਼ਹਿਰ ਗਰਾਂ ।
ਪੱਤਾ ਡਿੱਗਿਆ ਵੀ ਕੁੰਡਲ ਬਣ ਜਾਣ ਖੜੋਤੇ ਪਾਣੀ 'ਤੇ,
ਸ਼ੂਕਦੀਆਂ ਨਦੀਆਂ ਵਿਚ ਪੱਥਰ ਦੀ ਆਵਾਜ਼ ਵੀ ਉਭਰੇ ਨਾਂ।
ਸਿਖ਼ਰ ਦੁਪਹਿਰੇ, ਸੜਦੀ ਰੁੱਤੇ, ਇਹਨਾਂ ਤੋਂ ਤੁਰ ਬਚ ਬਚਕੇ,
ਬੜੀ ਛਲਾਵੀ ਤੇ ਠਗਣੀ ਹੈ, ਉੱਚੀਆਂ ਦੀਵਾਰਾਂ ਦੀ ਛਾਂ।
ਲੋਕੀ ਕਹਿੰਦੇ ਰਾਤੀਂ ਉਸ ਵਿਚ ਰੂਹਾਂ ਰੋਂਦੀਆਂ ਸੁਣਦੀਆਂ ਨੇ,
ਜਿਸ ਖੰਡਰ ਵਿਚ ਇਕ ਦਿਨ ਆਪਾਂ, ਬਹਿ ਕੇ ਦੋਵੇਂ ਰੋਏ ਸਾਂ ।
ਅਪਣਾ ਅਪਣਾ ਬੂਹਾ ਲਾ ਕੇ, ਲੋਕੀਂ ਅੰਦਰ ਬੈਠੇ ਰਹੇ,
ਇਸ ਮੌਸਮ ਦੇ ਸਰਦ-ਵਤੀਰੇ ਦੀ ਗੱਲ ਕਿਸ ਦੇ ਨਾਲ ਕਰਾਂ।
ਗ਼ਮ ਨਾ ਕਰ ਵੇਲਾ ਲੰਘਣ 'ਤੇ, ਲੋਕੀ ਸਭ ਕੁਝ ਭੁਲ ਜਾਂਦੇ,
ਏਸ ਨਗਰ ਵਿਚ ਮੈਂ ਵੀ ਇਕ ਦਿਨ, ਘਰ ਘਰ ਕਿੱਸਾ ਬਣਿਆ ਸਾਂ।
ਇਕ ਵੇਲਾ ਸੀ ਮੈਂ ਤੈਨੂੰ ਹਰ ਗੱਲ ਪੁਛਦਾ ਤੇ ਦਸਦਾ ਸਾਂ,
ਹੁਣ ਤੇਰੀ ਖੁਣਸੀ ਆਦਤ ਤੋਂ, ਹਰ ਵੇਲੇ 'ਜਗਤਾਰ' ਡਰਾਂ।
(੧੯੬੮-ਸ਼ੀਸ਼ੇ ਦਾ ਜੰਗਲ )
25. ਇਸ ਸ਼ਾਮ ਘਣੀ ਕਹਿਰ ਬਣੀ, ਡਸ ਰਹੇ ਸਾਏ
ਇਸ ਸ਼ਾਮ ਘਣੀ ਕਹਿਰ ਬਣੀ, ਡਸ ਰਹੇ ਸਾਏ।
ਨੈਣਾਂ 'ਚ ਜਗੇ ਦੀਪ ਤਾਂ ਦਿਲ ਬੁਝਦਾ ਈ ਜਾਏ।
ਵਲਦਾਰ ਡਗਰ, ਰਾਤ, ਸਫ਼ਰ, ਦਰਦ, ਵਿਛੋੜਾ,
ਦਿਲ ਰਹਿ ਹੀ ਗਿਆ ਤੂੰ ਤਾਂ ਬੜੇ ਵੇਸ ਵਟਾਏ।
ਪਰਬਤ ਦੀ ਗੁਫ਼ਾ, ਬੰਦ ਹਵਾ, ਕੰਧ ਚੁਫ਼ੇਰੇ,
ਆਵਾਜ਼ ਕਿਤੋਂ ਆਏ ਨਾ ਪਰ ਕੋਈ ਬੁਲਾਏ ।
ਸਾਵਨ ਦੀ ਘਟਾ, ਰੰਗ, ਹਵਾ ਸ਼ਾਮ ਦੀ ਰਿਮ ਝਿਮ ,
ਇਹ ਦਿਨ ਵੀ ਜੇ ਆਏ ਤਾਂ ਅਸੀਂ ਸ਼ਹਿਰ ਪਰਾਏ ।
ਖੰਡਰਾਤ ਹੀ ਖੰਡਰਾਤ, ਘਣੀ ਰਾਤ, ਖ਼ਮੋਸ਼ੀ,
ਅਪਣੇ ਹੀ ਜਿਵੇਂ ਦਿਲ ਦੇ ਨਗਰ ਪਰਤ ਹਾਂ ਆਏ।
ਜੰਗਲ ਦੀ ਜਿਵੇਂ ਸ਼ਾਮ ਡਰਾਉਣੀ ਤੇ ਲੁਭਾਉਣੀ,
ਇਉਂ ਯਾਦ ਤੇਰੀ ਆ ਕੇ ਕਈ ਰੰਗ ਵਖਾਏ।
ਗੁਜ਼ਰੇ ਉਹ ਮੇਰੇ ਕੋਲ ਦੀ ਇਉਂ ਝਿਜਕ ਸਿਮਟ ਕੇ,
ਜੰਗਲ ਦੀ ਜਿਵੇਂ ਮੂਨ ਕੋਈ ਸ਼ਹਿਰ 'ਚ ਆਏ।
(੧੯੬੪- ਮੂਨ=ਹਿਰਨੀ)
26. ਪੱਤਾ ਪੱਤਾ ਹੋ ਕੇ ਪੀਲਾ ਰੁੱਖ ਹੈ ਝੜਦਾ ਰਿਹਾ
ਪੱਤਾ ਪੱਤਾ ਹੋ ਕੇ ਪੀਲਾ ਰੁੱਖ ਹੈ ਝੜਦਾ ਰਿਹਾ ।
ਫੇਰ ਵੀ ਕਾਲੀ ਹਵਾ ਦੇ ਨਾਲ ਹੈ ਲੜਦਾ ਰਿਹਾ ।
ਜ਼ਿੰਦਗੀ ਦੀ ਕੰਧ ਕਲਰਾਠੀ ਸੀ ਜੋ ਕਿਰਦੀ ਗਈ,
ਰਾਂਗਲੇ ਸ਼ੀਸ਼ੇ ਮੈਂ ਇਸ 'ਤੇ ਫੇਰ ਵੀ ਜੜਦਾ ਰਿਹਾ ।
ਸੋਚ ਦਾ ਪਾੜਾ ਨਜ਼ਰ ਦੀ ਮਾਰ ਤਾਈਂ ਫੈਲਿਆ,
ਜਦ ਤਿਰੇ ਮੇਰੇ ਵਿਚਾਲੇ ਕੋਈ ਨਾ ਪੜਦਾ ਰਿਹਾ ।
ਜ਼ਿੰਦਗੀ ਜਦ ਵੀ ਮਿਲੀ ਹੈ ਅਜਨਬੀ ਵਾਂਗੂੰ ਮਿਲੀ,
ਦੋਸਤਾਂ ਵਾਂਗੂੰ ਮੈਂ ਉਸ ਦਾ ਹਥ ਸਦਾ ਫੜਦਾ ਰਿਹਾ ।
ਬਣਦੀ ਬਣਦੀ ਝੀਲ ਆਖ਼ਰ ਰੇਤ ਦਾ ਥਲ ਬਣ ਗਈ,
ਮੈਂ ਕਿਨਾਰੇ ਬੈਠ ਕੇ ਤੇ ਪੁਸਤਕਾਂ ਪੜ੍ਹਦਾ ਰਿਹਾ।
(੧੯੭੫-ਸ਼ੀਸ਼ੇ ਦਾ ਜੰਗਲ)
27. ਦਿਨ ਢਲੇ ਮਹਿਕੀ ਹੋਈ ਵਣ ਦੀ ਹਵਾ ਵਾਂਗੂੰ ਨਾ ਮਿਲ
ਦਿਨ ਢਲੇ ਮਹਿਕੀ ਹੋਈ ਵਣ ਦੀ ਹਵਾ ਵਾਂਗੂੰ ਨਾ ਮਿਲ।
ਮਿਲ, ਖ਼ਲਾ ਵਿਚ ਭਟਕਦੀ ਹੋਈ ਸਦਾ ਵਾਂਗੂੰ ਨਾ ਮਿਲ।
ਰਹਿ ਮੇਰੇ ਸੀਨੇ 'ਚ ਰਹਿ ਭਾਵੇਂ ਤੂੰ ਬਣ ਕੇ ਦਰਦ ਰਹਿ,
ਧਾਰ 'ਤੇ ਪਰ ਥਰਕਦੀ ਹੋਈ ਸ਼ੁਆ ਵਾਂਗੂੰ ਨਾ ਮਿਲ।
ਬਹੁਤ ਚਿਰ ਤੋਂ ਜਲ ਰਿਹੈ ਮੇਰਾ ਬਦਨ, ਮੇਰਾ ਬਦਨ,
ਤੂੰ ਹਮੇਸ਼ਾ ਇਸ ਤਰ੍ਹਾਂ ਮੈਨੂੰ ਹਵਾ ਵਾਂਗੂੰ ਨਾ ਮਿਲ।
ਤੂੰ ਮਿਰੇ ਮੱਥੇ 'ਤੇ ਭਾਵੇਂ ਬਣ ਕੇ ਰਹਿ ਸਜਦੇ ਦਾ ਦਾਗ਼,
ਪਰ ਕਿਸੇ ਦਰਗਾਹ 'ਚ ਬੇਵੱਸ ਦੀ ਦੁਆ ਵਾਗੂੰ ਨਾ ਮਿਲ ।
ਮੈਂ ਸਮੂੰਦਰ ਹਾਂ, ਤੂੰ ਮੈਨੂੰ ਡੀਕ ਜਾ, ਜਾਂ ਵਿਚ ਸਮਾ,
ਇਸ ਤਰ੍ਹਾਂ ਉਡਦੀ ਹੋਈ ਨਟਖਟ ਘਟਾ ਵਾਂਗੂੰ ਨਾ ਮਿਲ ।
(੧੯੭੪ਸ਼ੀਸ਼ੇ ਦਾ ਜੰਗਲ)
28. ਕੋਈ ਤਾਂ ਹੈ ਜ਼ਰੂਰ ਬਦਨ ਦੇ ਮਕਾਨ ਵਿਚ
ਕੋਈ ਤਾਂ ਹੈ ਜ਼ਰੂਰ ਬਦਨ ਦੇ ਮਕਾਨ ਵਿਚ।
ਮੈਨੂੰ ਅਵਾਜ਼ ਦੇ ਰਿਹੈ ਮੇਰੀ ਜ਼ਬਾਨ ਵਿਚ।
ਪਾਇਆਂ ਹੈ ਕਿਸ ਦੀ ਜੋ ਭਲਾ ਮੈਨੂੰ ਹਿਲਾ ਸਕੇ,
ਮੇਰੇ ਪਤਾਲ ਪੈਰ ਨੇ, ਸਿਰ ਆਸਮਾਨ ਵਿਚ।
ਕਰਕੇ ਸਫ਼ਰ ਬਦਨ ਤੇਰੇ ਦਾ ਵੀ ਮੈਂ ਸੋਚਦਾਂ,
ਹਾਲੇ ਵੀ ਕੋਈ ਫ਼ਾਸਲਾ ਹੈ ਦਰਮਿਆਨ ਵਿਚ।
ਟਕਰਾ ਕੇ ਮੇਰੇ ਨਾਲ ਹਰ ਇਕ ਹਾਦਸਾ ਹੈ ਚੂਰ,
ਕੀ ਹੋਰ ਕੋਈ ਤੀਰ ਹੈ ਤੇਰੀ ਕਮਾਨ ਵਿਚ?
ਬੈਠੇ ਤਾਂ ਬੈਠੇ ਕਿਸ ਤਰ੍ਹਾਂ ਤਿਤਲੀ ਭਲਾ ਕੋਈ,
ਹਰ ਫੁਲ ਹੀ ਕਾਗਜ਼ੀ ਹੈ ਤੇਰੇ ਫੂਲਦਾਨ ਵਿਚ।
ਖੰਡਰ ਦਾ ਦਰ ਹਾਂ, ਪਰ ਹਾਂ ਮੈਂ ਖੁੱਲ੍ਹਾ ਉਡੀਕਵਾਨ,
ਗੁੰਬਦ ਜਿਹੀ ਹੈ ਜ਼ਿੰਦਗੀ ਤੇਰੇ ਜਹਾਨ ਵਿਚ।
(ਮਾਰਚ,੧੯੭੫-ਸ਼ੀਸ਼ੇ ਦਾ ਜੰਗਲ)
29. ਸੁਣਨਾ ਨਹੀਂ ਗਵਾਰਾ, ਜਿਨਹਾਂ ਨੂੰ ਨਾਮ ਤੇਰਾ
ਸੁਣਨਾ ਨਹੀਂ ਗਵਾਰਾ, ਜਿਨਹਾਂ ਨੂੰ ਨਾਮ ਤੇਰਾ।
'ਜਗਤਾਰ' ਉਹ ਕਬੂਲਣ ਕੀਕੂੰ ਸਲਾਮ ਤੇਰਾ।
ਕੈਫ਼ੇ 'ਚ ਬੈਠ ਰਹਿਨੈਂ, ਸੰਧਿਆ ਸਮੇਂ ਤੂੰ ਆ ਕੇ,
ਘਰ ਇੰਤਜ਼ਾਰ ਕਰਦੀ ਰਹਿੰਦੀ ਹੈ ਸ਼ਾਮ ਤੇਰਾ।
ਥਾਂ ਥਾਂ 'ਤੇ ਐ ਹਿਯਾਤੀ ! ਤੇਰੀ ਤਲਾਸ਼ ਕੀਤੀ,
ਤੇਰਾ ਪਤਾ ਨਾ ਕਿਧਰੇ ਮਿਲਿਆ ਮਕਾਮ ਤੇਰਾ ।
ਅਜ ਕਲ੍ਹ ਲਬਾਸ ਪਾਵੇ, ਅਕਸਰ ਉਹ ਸ਼ਾਮ ਰੰਗਾ,
ਜਿਸ ਨੂੰ ਜ਼ਰਾ ਨਾ ਭਾਵੇ ਇਹ ਰੰਗ ਸ਼ਾਮ ਤੇਰਾ।
ਚਿੜੀਆਂ ਫੜੇਂ ਤੇ ਰੰਗੇਂ, ਫਿਰ ਪਰ ਕਤਰ ਕੇ ਛੱਡੇਂ,
ਅਜਕਲ੍ਹ ਹੈ ਸ਼ਹਿਰ ਅੰਦਰ, ਚਰਚਾ ਇਹ ਆਮ ਤੇਰਾ ।
ਮਹਿੰਦੀ ਦੀ ਮਹਿਕ ਆਵੇ, ਉਸ ਨੇ ਨਾ ਹੋਵੇ ਲਿਖਿਆ,
ਉਜੜੇ ਕਿਲ੍ਹੇ ਦੇ ਮੱਥੇ 'ਜਗਤਾਰ' ਨਾਮ ਤੇਰਾ ।
(੧੯੭੭-ਸ਼ੀਸ਼ੇ ਦਾ ਜੰਗਲ)
30. ਮੈਂ ਤਿਰੇ ਦਿਲ ਤੋਂ ਹਾਂ ਭਾਵੇਂ, ਗਰਦ ਵਾਗੂੰ ਲਹਿ ਗਿਆ
ਮੈਂ ਤਿਰੇ ਦਿਲ ਤੋਂ ਹਾਂ ਭਾਵੇਂ, ਗਰਦ ਵਾਗੂੰ ਲਹਿ ਗਿਆ।
ਤੂੰ ਮੇਰੇ ਦਿਲ 'ਤੇ ਸਦੀਵੀਂ, ਲੀਕ ਵਾਂਗੂੰ ਵਹਿ ਗਿਆ।
ਰਾਤ ਸੀ ਮੇਰੇ ਚੁਫ਼ੇਰੇ, ਬਰਫ਼ ਦਾ ਪਰਬਤ ਖੜ੍ਹਾ,
ਧੁੱਪ ਕੜਕੀ ਤਾਂ ਕਿਤੇ, ਤਿਪ ਵੀ ਨਾ ਪਾਣੀ ਰਹਿ ਗਿਆ।
ਮੇਰੀਆਂ ਅੱਖਾਂ 'ਚ ਸੂਰਜ, ਲਿਸ਼ਕਿਆ ਹੈ ਕਿਸ ਸਮੇਂ,
ਰਾਤ ਦਾ ਖੰਜ਼ਰ ਜਦੋਂ, ਸੀਨੇ 'ਚ ਮੇਰੇ ਲਹਿ ਗਿਆ।
ਮੌਲ ਆਇਐ, ਮੁੜਕੇ ਭਾਵੇਂ, ਸ਼ਾਖ਼ 'ਤੇ ਪੱਤਾ ਨਵਾਂ,
ਝੜ ਗਏ ਦਾ ਗ਼ਮ, ਸਦੀਵੀਂ ਜ਼ਖ਼ਮ ਬਣ ਕੇ ਰਹਿ ਗਿਆ।
ਔੜ ਅੰਦਰ ਨਾ ਉਮੀਦੀ, ਵਿਚ ਸੀ ਹਰ ਇਕ ਡੁੱਬਿਆ
ਜਦ ਝੜੀ ਲੱਗੀ ਤਾਂ ਹਰ ਇਕ, ਗ਼ਮ ਦੇ ਖੂਹ ਵਿਚ ਲਹਿ ਗਿਆ।
ਤਣ ਕੇ ਪਰਬਤ ਵਾਂਗ, ਹਰ ਇਕ ਸਾਮ੍ਹਣੇ ਸੀ ਜੋ ਖੜਾ,
ਤੇਰੇ ਸ੍ਹਾਵੇਂ ਰੇਤ ਦੀ, ਦੀਵਾਰ ਵਾਂਗੂੰ ਬਹਿ ਗਿਆ।
ਜਾਂ ਚਿੜੀ ਚੂਕੀ, ਬਸੰਤੀ ਧੁੱਪ ਦੇ ਫੁਲ ਖਿੜ ਪਏ,
ਕਾਂ ਮੁੜੇ ਤਾਂ 'ਨ੍ਹੇਰ ਦਾ ਛਾਪਾ ਚਮੁਟ ਕੇ ਰਹਿ ਗਿਆ।
ਰਾਹ ਵਿਚ ਚੁਪਚਾਪ, ਬਣਕੇ ਰੋਕ ਸੀ ਜਿਹੜਾ ਖੜਾ
ਸ਼ੂਕਦਾ ਪਾਣੀ 'ਚ ਪੱਥਰ, ਝੱਗ ਵਾਂਗੂੰ ਬਹਿ ਗਿਆ
(੧੯੭੫-ਸ਼ੀਸ਼ੇ ਦਾ ਜੰਗਲ)
31. ਮੇਰੇ ਅੰਦਰ ਵਗ ਰਿਹਾ ਇਕ ਕਾਲਾ ਦਰਿਆ
ਮੇਰੇ ਅੰਦਰ ਵਗ ਰਿਹਾ ਇਕ ਕਾਲਾ ਦਰਿਆ।
ਜੇ ਤੂੰ ਸੂਰਜ, ਆਪਣੇ ਰੰਗ ਲੁਕਾ ਕੇ ਆ ।
ਹਰ ਇਕ ਦੇ ਸਿਰ ਕੂਕਦੀ, ਅਜ ਕਲ੍ਹ ਜ਼ਰਦ ਹਵਾ।
ਯਤਨ ਕਰੋ ਕੁਝ ਦੋਸਤੋ, ਸੋਚੋ ਕੋਈ ਉਪਾ।
ਬੰਦ ਕਿਲ੍ਹੇ 'ਚੋਂ ਸ਼ੂਕਦੀ, ਗੁਜ਼ਰੀ ਜਦੋਂ ਹਵਾ ।
ਖ਼ਬਰੇ ਢੱਠਾ ਬੁਰਜ ਕਿਉਂ, ਇਕ ਦਮ ਚੀਕ ਪਿਆ।
ਕੁਝ ਕੁਝ ਲੱਗਿਆ ਆਪਣਾ, ਕੁਝ ਕੁਝ ਗ਼ੈਰ ਜਿਹਾ।
ਕੌਣ ਗਲੀ 'ਚੋਂ ਇਸ ਤਰ੍ਹਾਂ, ਤਕਦਾ ਲੰਘ ਗਿਆ ।
ਝਾੜ ਪੂੰਝ ਕੇ ਓਸਨੂੰ, ਟੰਗਿਆ ਫੇਰ ਸਲੀਬ,
ਜਿਸ ਨੂੰ ਸੰਕਟ ਕਾਲ ਵਿਚ, ਡਰਦਿਆਂ ਲਿਆ ਲੁਕਾ।
ਮੁੜ ਕੇ ਉਸ ਨਾ ਪਰਤਣਾ, ਨਾ ਆਉਣਾ ਇਸ ਸ਼ਹਿਰ,
ਰਾਤੀਂ ਦੇ ਦੇ ਦਸਤਕਾਂ ਜਿਹੜਾ ਪਰਤ ਗਿਆ ।
ਨਾ ਅੰਬਾਂ ਦੀ ਛਾਂ ਮਿਲੀ, ਨਾ ਧੁੱਪ ਦਾ ਸਾਥ,
ਕੀ ਖੱਟਿਆ 'ਜਗਤਾਰ' ਤੂੰ ਇਸ ਨਗਰੀ ਵਿਚ ਆ।
(ਸ਼ੀਸ਼ੇ ਦਾ ਜੰਗਲ)
32. ਏਸ ਰੁਤ ਦੇ ਜਿਸਮ ਤੇ ਬੀਤੀ ਦਾ ਹਾਲੇ ਡੰਗ ਹੈ
ਏਸ ਰੁਤ ਦੇ ਜਿਸਮ ਤੇ ਬੀਤੀ ਦਾ ਹਾਲੇ ਡੰਗ ਹੈ ।
ਹਰ ਲਗਰ ਦੇ ਜ਼ਖ਼ਮ ਦਾ ਤਾਹੀਂ ਤਾਂ ਨੀਲਾ ਰੰਗ ਹੈ ।
ਜਾਣ ਦੇ ਮੈਨੂੰ ਉਡਣ ਦੇ ਤੂੰ ਸੁਨੇਹਾ ਨਾ ਭੇਜ,
ਤੇਰੇ ਦਿਲ ਵਾਂਗੂੰ ਤਿਰਾ ਆਕਾਸ਼ ਡਾਢ੍ਹਾ ਤੰਗ ਹੈ ।
ਮੇਰੇ ਅੰਦਰ ਜੇ ਰਚੀ ਹਰਿਆਵਲੇ ਜੰਗਲ ਦੀ ਬਾਸ,
ਬਸਤੀਆਂ ਦੇ ਪੱਥਰਾਂ ਦੀ ਦਾਸਤਾਂ ਹਰ ਅੰਗ ਹੈ ।
ਵੇਖ ਮੇਰੀ ਥਿਅਲੀ 'ਤੇ ਸਮੁੰਦਰ ਕੰਬਦਾ,
ਮੇਰਿਆਂ ਪੈਰਾਂ 'ਚ ਵਿਛਿਆ ਥਲ ਬੜਾ ਹੀ ਦੰਗ ਹੈ ।
ਮੇਰਾ ਦਿਲ ਤਾਂ ਸਾਫ਼ ਹੈ, ਸ਼ੀਸ਼ੇ ਦੇ ਵਾਂਗੂੰ ਸਾਫ਼ ਹੈ,
ਹੋਈ ਬੀਤੀ ਦਾ ਤੇਰੇ ਅੰਦਰ ਅਜੇ ਪਰ ਜ਼ੰਗ ਹੈ ।
ਉਡਦਿਆਂ ਪੰਖੇਰੂਆਂ ਦੇ ਪਰ-ਚਿਤਰ ਹੁੰਦੇ ਨਹੀਂ,
ਕੌਣ ਕਹਿ ਸਕਦੈ ਹਵਾ ਦਾ ਕਿਸ ਤਰ੍ਹਾਂ ਦਾ ਰੰਗ ਹੈ ?
ਮੈਂ ਤਾਂ ਹੁਣ ਤਾਈਂ ਬਦਨ ਤੇਰੇ 'ਚ ਲਹਿ ਜਾਂਦਾ ਜ਼ਰੂਰ,
ਮੁੱਦਤਾਂ ਤੋਂ ਹੋਰ ਵੀ ਇਕ ਸ਼ਖਸ ਮੇਰੇ ਸੰਗ ਹੈ ।
(੧੯੭੨-ਸ਼ੀਸ਼ੇ ਦਾ ਜੰਗਲ)
33. ਕੀ ਵਰਖਾ 'ਤੇ ਆਸਾਂ ਰੱਖੀਏ, ਬੱਦਲ ਫੁੱਟੀ ਫੁੱਟੀ
ਕੀ ਵਰਖਾ 'ਤੇ ਆਸਾਂ ਰੱਖੀਏ, ਬੱਦਲ ਫੁੱਟੀ ਫੁੱਟੀ ।
ਗਰਦਾ ਸਿਰ ਨੂੰ ਚੜ੍ਹ ਚੜ੍ਹ ਪੈਂਦਾ, ਅੰਬਰ ਕਣੀ ਨਾ ਸੁੱਟੀ ।
'ਵਾਵਾਂ ਵਿਚ ਮਹਿਕਾਂ ਤੇ ਧੂੰਆਂ, ਲਹਿੰਦੀ ਗੁੱਠੋਂ ਆਇਐ,
ਖ਼ਬਰੇ ਕਿਸ ਚੰਦਨ ਦੇ ਵਣ ਵਿਚ, ਹੈ ਚੰਗਿਆੜੀ ਸੁੱਟੀ।
ਵੇਖ ਮੁਕੱਦਰ ਉਸ ਗੁੱਡੀ ਦਾ, ਜੋ ਤਾਰਾਂ ਫਾਥੀ,
ਨਾ 'ਵਾਵਾਂ ਵਿਚ ਉੱਡੀ ਉੱਚੀ, ਨਾ ਛੁਹਰਾਂ ਨੇ ਲੁੱਟੀ।
ਕਹਿੰਦੇ ਨੇ ਇਕ ਰੁੱਤ ਫਿਰੀ, ਪਰ ਵਣ ਨਾ ਕਿਧਰੇ ਮੌਲੇ,
ਹਰ ਇਕ ਰੁੱਖ ਉਦਾਸ ਖੜੋਤੈ, ਟ੍ਹਾਣੀ ਘੁੱਟੀ ਘੁੱਟੀ।
ਭਾਵੇਂ ਡੰਗ ਟਪਾਉਣੈ ਔਖਾ, ਚਾਰੇ ਕੰਨੀਆਂ ਖ਼ਾਲੀ,
'ਬੁੱਲੇ ਸ਼ਾਹ ਪਰ ਹਾਲੇ ਤੋੜੀ, ਕਾਗ ਮਰੇਂਦਾਈ ਝੁੱਟੀ'।
ਬੁੱਢੀਆਂ ਗ਼ਜ਼ਲਾਂ ਦੇ ਸਿਰ ਲੋਕੀ, ਪਾਵਣ ਲਾਲ ਪਰਾਂਦੇ,
ਚੂਨੇ ਨਾਲ ਨਵੀਂ ਨਾ ਹੁੰਦੀ, ਕੰਧ ਪੁਰਾਣੀ ਟੁੱਟੀ ।
ਬੀਹੀ ਦਾ ਦਰਵਾਜ਼ਾ ਖੁੱਲ੍ਹਾ, ਵਿਹੜੇ ਬੱਤੀ ਬਲਦੀ,
ਇੰਜ ਲਗਦੈ 'ਜਗਤਾਰ' ਨੇ ਜੀਕੂੰ, ਅਜ ਆਉਣਾ ਹੈ ਛੁੱਟੀ।
(੧੯੭੩-ਸ਼ੀਸ਼ੇ ਦਾ ਜੰਗਲ)
34. ਮੈਂ ਸਦਾ ਚਾਹੁਨਾਂ ਫੜਾਂ ਕੁਝ ਸੁਹਲ ਅੰਗੀਆਂ ਤਿਤਲੀਆਂ
ਮੈਂ ਸਦਾ ਚਾਹੁਨਾਂ ਫੜਾਂ ਕੁਝ ਸੁਹਲ ਅੰਗੀਆਂ ਤਿਤਲੀਆਂ ।
ਪਰ ਝਕਾਨੀ ਮਾਰ ਜਾਵਣ ਸੋਨ-ਰੰਗੀਆਂ ਤਿਤਲੀਆਂ ।
ਬੌਸ ਦੇ ਕਮਰੇ 'ਚ ਹਰ ਮੌਸਮ 'ਚ ਹਨ ਮੰਡਰਾਉਂਦੀਆਂ,
ਪਰ ਮੇਰੇ ਕੋਲੋਂ ਕਦੇ ਨਾ ਭੁਲਕੇ ਲੰਘੀਆਂ ਤਿਤਲੀਆਂ ।
ਸ਼ਾਮ ਤੋਂ ਦਿਲ ਬੁਝ ਗਿਆ ਹੈ, ਟੁਟ ਗਏ ਤਾਰੇ ਦੇ ਵਾਂਗ,
ਇਹ ਕਿਆਮਤ ਸੀ ਜਾਂ ਮੇਰੇ ਕੋਲੋਂ ਲੰਘੀਆਂ ਤਿਤਲੀਆਂ ।
ਜੂਨ ਦੇ ਤਿੱਖੜ ਦੁਪਹਿਰੇ ਝੁਲਸਦੇ ਜਾਂਦੇ ਬਦਨ,
ਫੇਰ ਵੀ ਉੱਡਣ ਚੁਫ਼ੇਰੇ ਫੁੱਲ-ਅੰਗੀਆਂ ਤਿਤਲੀਆਂ।
ਇਹ ਸਦਾ ਹੀ ਕੰਡਿਆਂ ਤੋਂ ਡਰਦੀਆਂ ਬੈਠਣ ਪਰੇ,
ਪਰ ਜਦੋਂ ਵੀ ਡੰਗੀਆਂ ਫੁੱਲਾਂ ਨੇ ਡੰਗੀਆਂ ਤਿਤਲੀਆਂ ।
ਕੋਟ ਫਰ ਦੇ ਪਾ ਕੇ ਏਥੇ ਫਿਰਦੀਆਂ ਨੇ 'ਸ਼ਾਰਕਾਂ',
ਬਰਫ਼ਬਾਰੀ ਵਿਚ ਵੀ ਸ਼ਿਮਲੇ ਫਿਰਨ ਨੰਗੀਆਂ ਤਿਤਲੀਆਂ ।
ਝੀਲ ਹੈ ਮਹਿਕਾਂ ਦੀ ਜਾਂ ਰੰਗਾਂ ਦੀ ਹੈ ਡੂੰਘੀ ਨਦੀ,
ਬੰਸਰੀ ਦੇ ਸੁਰ ਨੇ ਜਾ, ਇਹ ਰੰਗ-ਰੰਗੀਆਂ ਤਿਤਲੀਆਂ।
ਜਾਂ ਸਵੇਰੇ ਵੇਖੀਆਂ ਤਾਂ ਰੰਗ ਸਨ ਸਭ ਦੇ ਉਡੇ,
ਰਾਤ ਪਰ ਹੋਟਲ 'ਚ ਸੀ ਰੰਗਾਂ 'ਚ ਰੰਗੀਆਂ ਤਿਤਲੀਆਂ।
ਕੀ ਇਨ੍ਹਾਂ ਭੰਬੀਰੀਆਂ ਦਾ ਮਾਣ ਕਰਦੈਂ ਦੋਸਤਾ,
ਮੇਰੀਆਂ ਵਾਕਿਫ਼ ਨੇ ਅਜਕਲ੍ਹ ਬਹੁਤ ਚੰਗੀਆਂ ਤਿਤਲੀਆਂ ।
ਤੂੰ 'ਜਲੰਧਰ' ਵੇਖੀਆਂ, ਸ਼ਰਮੀਲੀਆਂ ਸ਼ਰਮੀਲੀਆਂ,
ਵੇਖ ਦਿੱਲੀ, ਸ਼ੋਖ, ਚੰਚਲ, ਅਰਧ-ਨੰਗੀਆਂ ਤਿਤਲੀਆਂ।
(੧੯੭੧-ਸ਼ੀਸ਼ੇ ਦਾ ਜੰਗਲ)
35. ਰੰਗ ਕਾਲਾ ਹੈ ਕਿ ਪੀਲਾ ਦਰਦ ਦਾ
ਰੰਗ ਕਾਲਾ ਹੈ ਕਿ ਪੀਲਾ ਦਰਦ ਦਾ ।
ਤੂੰ ਜੇ ਤਕਣਾ ਹੈ ਮਿਰੇ ਅੰਦਰ ਤਾਂ ਆ ।
ਦਰਦ ਦਾ ਸੀ ਚੰਦ ਪੂਰੀ ਰਾਤ ਦਾ,
ਤੂੰ ਮਿਲੀ ਸੂਰਜ ਦੇ ਸ੍ਹਾਵੇਂ ਮਿਟ ਗਿਆ ।
ਤੂੰ ਏਂ ਸ਼ਾਇਦ ਰੰਗ ਮੇਰੇ ਦਰਦ ਦਾ,
ਇਸ ਲਈ ਮੁੜ ਮੁੜ ਮੈਂ ਤੈਨੂੰ ਵੇਖਦਾ।
ਰਾਤ ਇਕ ਐਸਾ ਪਰਿੰਦਾ ਚੀਕਿਆ,
ਦਿਲ ਦੇ ਸ਼ੀਸ਼ੇ 'ਤੇ ਲਕੀਰਾਂ ਪਾ ਗਿਆ।
ਪਰਤ ਕੇ ਆਈ ਹੈ ਕਿਉਂ ਕ੍ਹਾਲੀ ਹਵਾ,
ਵਣ 'ਚ ਪਿੱਛੇ ਪੱਤ ਕਿਹੜਾ ਰਹਿ ਗਿਆ?
ਤੇਰੀ ਹੈ ਰੰਗਾਂ-ਸੁਗੰਧਾਂ ਦੀ ਵਰੇਸ,
ਤੂੰ ਕੀ ਖੰਡਰਾਤਾਂ ਤੋਂ ਲੈਣਾ ਹੈ ਭਲਾ ।
ਮੈਂ ਤਾਂ ਹਾਂ ਟੁੱਟੇ ਹੋਏ ਗੁਲਦਾਨ ਵਾਂਗ,
ਜਿਸ 'ਚ ਫੁਲ ਸਜਦੇ ਨਾ ਪਾਣੀ ਠਹਿਰਦਾ।
ਹੁਣ ਕਿਸੇ ਆਉਣਾ ਨਹੀਂ ਜਾਣਾ ਨਹੀਂ,
ਰਾਤ ਭਰ ਨਾ ਜਾਗ ਨਾ ਦੀਵੇ ਜਗਾ ।
ਜ਼ਿੰਦਗੀ ਦੇ ਸ਼ੋਰ ਕੋਲੋਂ ਦੌੜ ਕੇ,
ਮੈਂ ਬਦਨ ਦੀ ਚੁੱਪ ਅੰਦਰ ਡੁੱਬ ਗਿਆ।
ਦੋਸਤੀ ਇਸ ਸ਼ਹਿਰ ਤੇਰੀ ਦਫ਼ਨ ਹੈ,
ਬਾਅਦਬ 'ਜਗਤਾਰ' ਏਥੋਂ ਲੰਘ ਜਾ।
(ਸ਼ੀਸ਼ੇ ਦਾ ਜੰਗਲ)
36. ਚਿੱਟਾ ਘ੍ਹਾ, ਧੁਆਖੀਆਂ ਧੁੱਪਾਂ, ਪੀਲੇ ਪੱਤਰ ਰੁੱਖਾਂ ਦੇ
ਚਿੱਟਾ ਘ੍ਹਾ, ਧੁਆਖੀਆਂ ਧੁੱਪਾਂ, ਪੀਲੇ ਪੱਤਰ ਰੁੱਖਾਂ ਦੇ ।
ਕਿਹੜੇ ਕਿਹੜੇ ਰੰਗ ਗਿਣਾਵਾਂ, ਯਾਰੋ ਅਪਣੇ ਦੁੱਖਾਂ ਦੇ।
ਰਿਸ਼ਮ ਜਿਹੀ ਇਕ ਸ਼ੋਖ ਕੁੜੀ ਨੇ, ਮੈਨੂੰ ਸਹਿਜ-ਸੁਭਾ ਪੁਛਿਆ,
ਤੇਰੇ ਹਰ ਇਕ ਚਿਤਰ 'ਚ ਲੋਕੀ, ਕਿਉਂ ਮਾਰੇ ਹੋਏ ਭੁੱਖਾਂ ਦੇ ।
ਹਾਦਸਿਆਂ ਦੀ ਪਾਲ ਮਿਲਣ ਨੂੰ, ਸੀਖਾਂ ਦੇ ਉਸ ਪਾਰ ਖੜੀ,
ਯਾਰੋ ਪਲ ਦੀ ਪਲ ਭੁੱਲ ਜਾਵੇ, ਚਿਹਰੇ ਅਪਣੇ ਦੁੱਖਾਂ ਦੇ।
ਤਨਹਾਈ ਵਿਚ ਰਾਤ ਬਲੂੰਗਾ, ਰੋਂਦਾ ਵੀ ਚੰਗਾ ਲਗਦੈ,
ਕਾਂ ਕਰਲਾਉਂਦਾ ਵੀ ਨਾ ਭਾਉਂਦਾ, ਜਾਂ ਦਿਨ ਹੁੰਦੇ ਸੁੱਖਾਂ ਦੇ।
ਸਾਡੀ ਬਸਤੀ ਹਰ ਇਕ ਸ਼ਹਿਰ 'ਚ, ਲਭਣੀ ਡਾਢੀ ਸੌਖੀ ਹੈ,
ਟੁਟੀਆਂ ਗਲੀਆਂ, ਖੋਲੇ ਈ ਖੋਲੇ, ਰੰਗ ਉਡੇ ਹੋਏ ਮੁੱਖਾਂ ਦੇ।
ਗ਼ਮ ਨਾ ਕਰਿਆ ਕਰ ਤੂੰ ਅੈਵੇਂ, ਹੱਸਿਆ ਕਰ 'ਜਗਤਾਰ' ਤਰ੍ਹਾਂ,
ਸੁੱਖਾਂ ਦੇ ਦਿਨ ਬੀਤ ਗਏ ਜੋ, ਬੀਤ ਜਾਣਗੇ ਦੁੱਖਾਂ ਦੇ ।
(ਸ਼ੀਸ਼ੇ ਦਾ ਜੰਗਲ)
37. ਤੇਰਾ ਮੇਰਾ ਇਕ ਰਿਸ਼ਤਾ ਹੈ, ਪਰ ਇਹ ਰਿਸ਼ਤਾ, ਕੀ ਰਿਸ਼ਤਾ
ਤੇਰਾ ਮੇਰਾ ਇਕ ਰਿਸ਼ਤਾ ਹੈ, ਪਰ ਇਹ ਰਿਸ਼ਤਾ, ਕੀ ਰਿਸ਼ਤਾ।
ਭਟਕ ਰਹੀ ਆਵਾਜ਼ ਹਾਂ ਮੈਂ ਇਕ, ਤੂੰ ਇਕ ਘੋਰ ਅਸੀਮ ਖ਼ਲਾ।
ਜਿੰਨੀ ਦੇਰ ਰਹੇ ਹਾਂ ਨੰਗੇ, ਸੂਰਜ ਧਰਤੀ ਨੇੜ ਰਿਹੈ,
ਸਾਨੂੰ ਕੀ ਜੇ ਸਾਡੇ ਪਿੱਛੋ, ਰੰਗ ਬਦਲਿਆ ਧੁੱਪਾਂ ਦਾ।
ਸ਼ਬਦਾਂ, ਰੰਗਾਂ, ਆਵਾਜ਼ਾਂ ਦੇ, ਸਾਰੇ ਹੀਲੇ ਅਸਫ਼ਲ ਨੇ,
ਦਿਲ ਦੇ ਹਾਦਸਿਆਂ ਦੀ ਕਿਹੜਾ, ਸਕਦਾ ਹੈ ਤਸਵੀਰ ਬਣਾ।
ਖ਼ਬਰੇ ਲੋਕੀ ਸਹਿਰਾਵਾਂ ਵਿਚ, ਕੀਕੂੰ ਚਸ਼ਮੇ ਲਭ ਲੈਂਦੇ
ਸਾਨੂੰ ਤਾਂ ਦਰਿਆਵਾਂ ਵਿਚ ਵੀ ਰੇਤਾ ਹੀ ਰੇਤਾ ਮਿਲਿਆ।
ਤੇਰੀ ਹੋਂਦ ਹਨੇਰੇ ਅੰਦਰ, ਗੁੰਮਦੀ ਗੁੰਮਦੀ ਗੁੰਮ ਹੋਈ,
ਤੇਰਾ ਹਰ ਇਕ ਪਗ-ਚਿੰਨ੍ਹ ਹੈ ਪਰ, ਸੂਰਜ ਵਾਂਗੂੰ ਚਮਕ ਰਿਹਾ।
ਹੁਣ ਇਸ ਗੱਲ ਤੋਂ ਡਰਦੇ ਹਾਂ ਕਿ, ਘ੍ਹਾ ਵਿਚ ਕਿਧਰੇ ਸੱਪ ਨਾ ਹੋਵੇ,
ਇਕ ਵੇਲਾ ਸੀ ਦੂਰ ਦੂਰ ਤੱਕ, ਘ੍ਹਾ ਦਾ ਨਾ ਸੀ ਅਤਾ ਪਤਾ।
(1965-ਸ਼ੀਸ਼ੇ ਦਾ ਜੰਗਲ)
38. ਪੱਤੇ ਉਡ ਉਡ ਕੇ ਜਾ ਮਿਲੇ, ਹਵਾਵਾਂ ਵਿਚ
ਪੱਤੇ ਉਡ ਉਡ ਕੇ ਜਾ ਮਿਲੇ, ਹਵਾਵਾਂ ਵਿਚ ।
ਹੁਣ ਨਾ ਰਹੀਆਂ ਛਾਵਾਂ, ਤੇਰੀਆਂ ਰ੍ਹਾਵਾਂ ਵਿਚ।
ਥਲ ਤੋਂ ਵਧ ਕੇ ਜੰਗਲ ਵਿਚ ਤਨਹਾਈ ਹੈ,
ਅਪਣਾ ਸਾਯਾ ਗੁੰਮ ਕਰ ਬੈਠਾਂ, ਛਾਵਾਂ ਵਿਚ।
ਖ਼ੰਜਰ ਵਾਂਗੂੰ ਦਿਨੇ ਥਕੇਵਾਂ, ਰੜਕ ਰਿਹੈ,
ਧਾਰ ਜਿਹੀ ਸੂਰਤ ਸੀ ਰਾਤੀਂ, ਬ੍ਹਾਵਾਂ ਵਿਚ ।
ਤੂੰ ਕਿਹੜੀ ਹੋਣੀ ਨੂੰ, ਅਣਹੋਣੀ ਸਮਝੇਂ,
ਤੋਤੇ ਵੀ ਹੁਣ ਉਡਦੇ ਰਲ ਕੇ ਕਾਵਾਂ ਵਿਚ।
ਸਿਰ ਤੋਂ ਪੈਰਾਂ ਤੀਕਰ ਅੱਖਾਂ ਬਣ ਜਾਵਾਂ,
ਧੂੜ ਜਿਹੀ ਜਦ ਉਡਦੀ ਵੇਖਾਂ ਰ੍ਹਾਵਾਂ ਵਿਚ।
( ਅਕਤੂਬਰ,1966-ਸ਼ੀਸ਼ੇ ਦਾ ਜੰਗਲ)
39. ਸ਼ੀਸ਼ਿਆਂ ਵਾਲੇ ਘਰਾਂ ਵਿਚ ਰੌਸ਼ਨੀ ਜੋ ਦਿਸ ਰਹੀ
ਸ਼ੀਸ਼ਿਆਂ ਵਾਲੇ ਘਰਾਂ ਵਿਚ ਰੌਸ਼ਨੀ ਜੋ ਦਿਸ ਰਹੀ।
ਦਰਅਸਲ ਹੈ ਦੋਸਤੋ ਖ਼ੂਨੀ ਨਦੀ ਵਗਦੀ ਪਈ।
ਥ੍ਹੋਰ ਸਾਰੀ ਫੂਲਦਾਨਾਂ ਗ਼ਮਲਿਆਂ ਅੰਦਰ ਸਜੀ।
ਹੁਣ ਤਾਂ ਵਾੜਾਂ ਦੀ ਜਗ੍ਹਾ ਖੇਤਾਂ ਨੂੰ ਖੇਤੀ ਖਾ ਰਹੀ।
ਹੁਣ ਕਦੇ ਆ ਕੇ ਹਵਾ ਛੇੜੇ ਤਾਂ ਇਕਦਮ ਚੀਕਦੀ।
ਇਕ ਸਮਾਂ ਸੀ ਜ਼ਿੰਦਗੀ ਸੀ ਇਕ ਸੁਰੀਲੀ ਬੰਸਰੀ ।
ਯਾਦ ਮਹਿਕੀ, ਦਰਦ ਜਾਗੇ, ਅਲ਼ਵਿਦਾ ਹੰਝੂਆਂ ਕਹੀ।
ਰਾਤ ਇਕ ਸੁਨਸਾਨ ਥਾਂ 'ਤੇ ਰੁਕ ਕੇ ਜਾ ਗੱਡੀ ਤੁਰੀ।
ਕਬਰ ਦੇ ਗਿਰਦੇ ਹੈ ਲਾਇਆ ਕਿਸ ਨੇ ਇਹ ਕਾਲਾ ਗ਼ੁਲਾਬ,
ਇਹ ਕਿਸੇ ਦੀ ਸੁੱਖਣਾ ਹੈ ਜਾਂ ਕਿਸੇ ਦੀ ਰੀਝ ਸੀ।
ਜਦ ਵੀ ਗਹਿਰੇ ਪਾਣੀਆਂ ਵਿਚ ਲਾਈ ਹੈ ਕੁੰਡੀ ਕਦੇ,
ਮਾਲ ਖਾ ਕੇ, ਹੋਰ ਕਿਧਰੇ ਜਾ ਕੇ ਮਛਲੀ ਫਸ ਗਈ।
ਸ਼ਾਖ਼ ਕੋਈ ਰੀਝ ਮੇਰੀ ਦੀ ਭਲਾ ਕੀ ਮੌਲਰੇ,
ਬਰਫ਼ ਤੇਰੀ ਚੁੱਪ ਦੀ ਜਦ ਕਿ ਨਿਰੰਤਰ ਪੈ ਰਹੀ।
ਸੰਧਿਆ ਵੇਲੇ ਹਨੇਰੇ ਬੈਠਣਾ ਹੈ ਬਦਸ਼ਗਨ,
ਜ਼ਿੰਦਗੀ ਦੀਵਾ ਜਗਾ, ਉਠ ਸੁਖ ਮਨਾ 'ਜਗਤਾਰ' ਦੀ।
(1976-ਸ਼ੀਸ਼ੇ ਦਾ ਜੰਗਲ)
40. ਹੋਠ ਕਚ ਦੇ ਤੇ ਅੱਖਾਂ ਸੀ ਪੱਥਰ ਦੀਆਂ
ਹੋਠ ਕਚ ਦੇ ਤੇ ਅੱਖਾਂ ਸੀ ਪੱਥਰ ਦੀਆਂ,
ਜਿਸ ਲਈ ਇਕ ਤਮਾਸ਼ਾ ਸੀ ਹਰ ਹਾਦਸਾ।
ਘਰ ਦਾ ਇਕ ਬਿਰਛ ਹੀ ਖਾ ਗਿਐ ਵੇਲ ਨੂੰ
ਇਹ ਖ਼ਬਰ ਸੁਣਦਿਆਂ ਹੀ ਉਹ ਅਜ ਰੋ ਪਿਆ।
ਭੂਰਾ ਖ਼ਰਗੋਸ਼ ਦਿਨ ਦੌੜ ਕੇ ਲੁਕ ਗਿਐ,
ਸ਼ਾਮ ਉਤਰੀ ਹੈ ਗੋਲੇ ਕਬੂਤਰ ਜਿਹੀ,
ਤੂੰ ਤੇ ਮੈਂ ਵੀ ਦੁਰਾਹੇ 'ਤੇ ਹਾਂ ਆ ਗਏ,
ਰਾਤ ਦਾ ਬਾਜ਼ ਸਿਰ 'ਤੇ ਹੈ ਮੰਡਰਾ ਰਿਹਾ।
ਹਰ ਕੋਈ ਸਮਝਦੈ ਭਾਰ ਮੈਨੂੰ ਅਜੇ,
ਮੈਂ ਨਿਥਾਵਾ ਸਹੀ, ਬੇਪਰਾ ਤੇ ਨਹੀਂ,
ਮੈਨੂੰ ਅਪਣਾ ਜਦੋਂ ਵੇਲ ਸਮਝੀ ਕੋਈ,
ਓਸ ਦਿਨ ਚਾਰ ਤੀਲੇ ਲਵਾਂਗਾ ਟਿਕਾ।
ਸਾਂਵਲੀ ਸ਼ੋਖ਼ ਅੰਜ਼ੀਰ ਦਾ ਭਰ ਬਦਨ,
ਸਾਰੀ ਬਸਤੀ ਲਈ ਇਕ ਕਿਆਮਤ ਬਣੀ,
ਆ ਕੇ ਸੂਰਜ ਵੀ ਦਿਨ ਭਰਾ ਖੜੋਤਾ ਰਹੇ,
ਆਦਮੀ ਤਾਂ ਭਲਾ ਆਦਮੀ ਹੈ ਭਲਾ।
'ਜ਼ੋਕ' ਤੇ 'ਦਾਗ਼' ਦੇ ਪਾਲੇ ਤੋਤੇ ਕਈ,
ਬਹਿ ਕੇ ਖੰਡਰਾਤ 'ਤੇ ਕਰ ਰਹੇ ਮਸ਼ਵਰਾ,
ਇਸ ਪਰਿੰਦੇ ਦੇ ਪਰ ਨੋਚ ਕੇ ਸੁਟ ਦਿਓ,
ਏਸ ਨੂੰ ਕੀ ਪਤੈ ਬਹਿਰ ਦਾ ਤਾਲ ਦਾ।
(1975-ਸ਼ੀਸ਼ੇ ਦਾ ਜੰਗਲ)