Punjabi Poetry : Dr. Naresh
ਪੰਜਾਬੀ ਗ਼ਜ਼ਲਾਂ/ਕਵਿਤਾਵਾਂ : ਡਾ. ਨਰੇਸ਼
1. ਸੱਚ ਕਹਿਣੋਂ ਨਹੀਂ ਡਰੇ ਫ਼ਕੀਰ
ਸੱਚ ਕਹਿਣੋਂ ਨਹੀਂ ਡਰੇ ਫ਼ਕੀਰ।
ਰੱਬ ਲਗਦੀ ਗੱਲ ਕਰੇ ਫ਼ਕੀਰ।
ਰੋਜ਼ੇ ਫ਼ਾਕੇ ਕਰੇ ਫ਼ਕੀਰ।
ਨਿੱਤ ਜੀਵੇ ਨਿੱਤ ਮਰੇ ਫ਼ਕੀਰ।
ਹਰ ਹੰਝੂ ਵਿੱਚ ਉਸ ਦਾ ਅਕਸ,
ਜਿਸ ਦਾ ਪਾਣੀ ਭਰੇ ਫ਼ਕੀਰ।
ਚੜ੍ਹ ਮੁਰਸ਼ਿਦ ਦੀ ਕਿਸ਼ਤੀ ’ਤੇ,
ਭਵ ਸਾਗਰ ਨੂੰ ਤਰੇ ਫ਼ਕੀਰ।
ਕਰ ਕੇ ਨਫ਼ਸ ਨੂੰ ਪੈਰਾਂ ਹੇਠ,
ਅੱਲਾ ਹੂ ਸਿਰ ਧਰੇ ਫ਼ਕੀਰ।
ਦੋਵਾਂ ਦਾ ਨਹੀਓਂ ਕੋਈ ਮੇਲ,
ਖੋਟੀ ਦੁਨੀਆਂ ਖਰੇ ਫ਼ਕੀਰ।
ਮੰਦੇ ਕੌੜੇ ਬੋਲ ‘ਨਰੇਸ਼’
ਜਰੇ ਕੋਈ ਤਾਂ ਜਰੇ ਫ਼ਕੀਰ।
2. ਚਰਖਾ ਟੁੱਟਣ ’ਤੇ ਨਾ ਐਵੇਂ ਖ਼ੁਸ਼ ਹੋ ਤੂੰ
ਚਰਖਾ ਟੁੱਟਣ ’ਤੇ ਨਾ ਐਵੇਂ ਖ਼ੁਸ਼ ਹੋ ਤੂੰ।
ਕੱਤਣੀ ਕਿਸ ਨੇ ਤੇਰੇ ਹਿੱਸੇ ਦੀ ਰੂੰ।
ਪੰਛੀ ਵੀ ਕਰਦੇ ਨੇ ਅੱਲਾ ਹੂ ਦਾ ਵਿਰਦ,
ਸੁਣ ਕਿਸੇ ਦਿਨ ਗੋਲਿਆਂ ਦੀ ਗੁਟਰ-ਗੂੰ।
ਉਥੇ ਅਮਲਾਂ ’ਤੇ ਨਿਬੇੜਾ ਹੋਏਗਾ,
ਉਥੇ ਚੱਲੇਗੀ ਜ਼ਰਾ ਤੇਰੀ ਨਾ ਚੂੰ।
ਸੀ ਪੁਆੜਾ ਸਾਰਾ ਇਸ ਇੱਕ ਮੈਂ ਦਾ ਹੀ,
ਮੈਂ ਗਈ ਤਾਂ ਰਹਿ ਗਿਆ ਬੱਸ ਤੂੰ ਹੀ ਤੂੰ।
ਕੋਈ ਤਾਂ ਰੱਦੇ-ਅਮਲ ਦੇ ਐ ‘ਨਰੇਸ਼’,
ਸੁਣ ਲਈ ਸਾਰੀ ਕਹਾਣੀ ਹਾਂ ਨਾ ਹੂੰ।
3. ਇਲਮ ਦਾ ਰਾਹ ਘਰ ਤੋਂ ਘਰ ਤਕ
ਇਲਮ ਦਾ ਰਾਹ ਘਰ ਤੋਂ ਘਰ ਤਕ।
ਇਸ਼ਕ ਦਾ ਰਾਹ ਉਸ ਦੇ ਦਰ ਤਕ।
ਮੇਰੀ ਵਾਰੀ ਆਈ ਤਾਂ,
ਖੁੰਢੇ ਹੋ ਗਏ ਖੰਜਰ ਤਕ।
ਯਾਰਾ ਤੇਰੇ ਬੋਲ ਕਬੋਲ,
ਧੂਹ ਪਾਉਂਦੇ ਨੇ ਅੰਦਰ ਤਕ।
ਉਹ ਆਇਆ ਮੈਂ ਭੁੱਲ ਗਈ,
ਰੋਟੀ-ਟੁੱਕ ਦਾ ਆਹਰ ਤਕ।
ਬਦਲੇ ਦਾ ਦਰਿਆ ਵਗਦੈ,
ਜ਼ਖ਼ਮ ਤੋਂ ਲੈ ਕੇ ਖੰਜਰ ਤਕ।
ਚਾਰ-ਚੁਫ਼ੇਰੇ ਤੂੰ ਹੀ ਤੂੰ,
ਇਸ ਧਰਤੀ ਤੋਂ ਅੰਬਰ ਤਕ।
ਮੇਰੀ ਅਣਬੁੱਝ ਪਿਆਸ ‘ਨਰੇਸ਼’
ਮਾਰੂਥਲ ਤੋਂ ਸਾਗਰ ਤਕ।
4. ਧਰਤੀ ਮੇਰੀ ਅੰਬਰ ਮੇਰਾ
ਧਰਤੀ ਮੇਰੀ ਅੰਬਰ ਮੇਰਾ ।
ਸਾਰੀ ਸਿ੍ਸ਼ਟੀ ਹੀ ਘਰ ਮੇਰਾ ।
ਸਾਰੇ ਪਿੰਡ ਦਾ ਫੇਰਾ ਪਾ ਗਏ,
ਹਾਸੇ ਛੱਡ ਗਏ ਘਰ ਮੇਰਾ ।
ਹੋਵੇਗਾ ਸਾਰੇ ਜਗ ਦਾ ਉਹ,
ਹੋ ਸਕਿਆ ਨਹੀਂ ਐਪਰ ਮੇਰਾ ।
ਮਾਂ ਦੀ ਕੁੱਖਤੋਂ ਸਿਵਿਆਂ ਤੱਕ ਦਾ,
ਮੁੱਕਦਾ ਹੀ ਨਹੀਂ ਚੱਕਰ ਮੇਰਾ ।
ਮੈਨੂੰ ਆਪ ਸਮਝ ਨਹੀਂ ਪੈਂਦੀ,
ਸਬਰ ਉੜ ਗਿਆ ਕਿੱਧਰ ਮੇਰਾ ।
ਪੱਬਾਂਭਾਰ ਖਲੋ ਕੇ ਬੌਣੇ,
ਮਾਪ ਰਹੇ ਹਨ ਪੱਧਰ ਮੇਰਾ ।
ਹੱਕ ਤਾਂ 'ਨਰੇਸ਼' ਉਸ 'ਤੇ ਮੇਰਾ ਸੀ,
ਛਲ ਕਰ ਗਿਆ ਮੁਕੱਦਰ ਮੇਰਾ ।
5. ਚੰਗੀ ਹੈ ਜਾਂ ਮਾੜੀ ਹੈ
ਚੰਗੀ ਹੈ ਜਾਂ ਮਾੜੀ ਹੈ।
ਲੜ ਲੱਗੀ ਸੋ ਲਾੜੀ ਹੈ।
ਉਹ ਵੀ ਕਿਤੇ ਨਹੀਂ ਵੱਸੇਗਾ,
ਬਸਤੀ ਜਿਨ੍ਹੇ ਉਜਾੜੀ ਹੈ।
ਯਾਰਾ ਉਸ ਦੀ ਗੱਲ ਨਾ ਛੇੜ,
ਉਹ ਮੇਰੀ ਦੁਖਦੀ ਨਾੜੀ ਹੈ।
ਤਾਲ ਮਿਲੇ ਤਾਂ ਗਿੱਧਾ ਹੈ,
ਉੱਘੜ-ਦੁੱਘੜ ਤਾੜੀ ਹੈ।
ਜਿਸ ਨੂੰ ਗ਼ਜ਼ਲ ਕਹਿੰਦੇ ਹਨ ਲੋਕ,
ਜ਼ਖ਼ਮਾਂ ਦੀ ਫੁਲਵਾੜੀ ਹੈ।
ਕੰਡੇ ਵੱਧ ਤੇ ਥੋੜ੍ਹੇ ਬੇਰ,
ਇਹ ਜਗ ਐਸੀ ਝਾੜੀ ਹੈ।
ਵਸਲ ਹੈ ਵਾਕਿਫ ਜਿਹਾ ‘ਨਰੇਸ਼’
ਇਸ਼ਕ ਅਸਾਂ ਦਾ ਆੜੀ ਹੈ।
6. ਕਵਿਤਾ
ਧੁਖਦੀਆਂ- ਯਾਦਾਂ,
ਕਲੇਜਾ -ਚੀਰਦੀ ਪੀੜ,
ਸਿਸਕਦਾ- ਤੜਫਦਾ ਜੋਬਨ,
ਕਿਸੇ ਵਿਧਵਾ–ਸਤੀ ਦੇ ਸਰਾਪ ਤੋਂ,
ਬੇਚੈਨ, ਰੋਂਦਾ ਧਾਹਾਂ ਮਾਰਕੇ ਕਵੀ,
ਜਦ ਜ਼ਿੰਦਗੀ ਦੀ ਹੋਂਦ ਤੋਂ ਮਾਯੂਸ ਹੋ ਕੇ ਟੁੱਟਿਆ,
ਤਾਂ ਕਲੇਜੇ ਦੇ ਹੇਠਲੇ ਪੱਤਨ ਚੋਂ,
ਜੋ ਵੀ ਨਿਕਲਿਆ,
ਉਹ ‘ਕਵਿਤਾ’ਸੀ ।
7. ਤਰਲਾ
ਬਰੀਆ!
ਤੂੰ ਹਰ ਵਰ੍ਹੇ ਆਪਣਾ ਨਵਾਂ ਘਰ ਬਣਾ ਲੈਂਦਾ ਏਂ
ਨਾ ਤੂੰ ਢਿੱਡ ਨੂੰ ਗੰਢ ਮਾਰ ਕੇ ਪੈਸੇ ਬਚਾਉਂਦਾ ਏਂ
ਨਾ ਕਿਸੇ ਪਾਸੋਂ ਉਧਾਰ ਮੰਗਦਾ ਏਂ
ਨਾ ਕਿਸੇ ਬੈਂਕ ਤੋਂ ਕਰਜ਼ਾ ਲੈਂਦਾ ਏਂ
ਤੇ ਘਰ ਵੀ ਅਜਿਹਾ ਮਜ਼ਬੂਤ ਬਣਾ ਲੈਂਦਾ ਏਂ
ਨਾ ਨ੍ਹੇਰੀ ਉਸ ਨੂੰ ਤੋੜ ਸਕਦੀ ਹੈ
ਨਾ ਬਾਰਿਸ਼ ਉਸ ਦੀ ਛੱਤ ਵਿੱਚੋਂ ਦੀ ਚੋਅ ਸਕਦੀ ਹੈ
ਨ੍ਹੇਰੀ ਚੱਲਦੀ ਹੈ ਤਾਂ ਤੂੰ ਅੰਦਰ ਬੈਠਾ
ਮਜ਼ੇ ਨਾਲ ਝੂਟੇ ਲੈਦਾ ਏਂ
ਮੀਂਹ ਵਰ੍ਹਦਾ ਹੈ ਤਾਂ ਤੂੰ ਮਸਤੀ ਨਾਲ ਝੂਮਦਾ ਏਂ।
ਯਾਰਾ!
ਮੈਂ ਤਾਂ ਸਾਰੀ ਉਮਰ ਵਿਹਾਅ ਲਈ
ਕੌਡੀ-ਕੌਡੀ ਜੋੜਦਿਆਂ
ਮਿੱਤਰਾਂ ਦੇ ਨਖਰੇ ਝੱਲਦਿਆਂ
ਬੈਂਕਾਂ ਦੇ ਗੇੜੇ ਮਾਰਦਿਆਂ
ਪਰ ਮੈਥੋਂ ਘਰ ਨਹੀਂ ਬਣਾ ਹੋਇਆ।
ਗੁਰੂ!
ਮੈਨੂੰ ਆਪਣੀ ਸ਼ਾਗਿਰਦੀ ਵਿੱਚ ਲੈ ਕੇ ਦੀਕਸ਼ਾ ਦੇ ਦੇ
ਅਤੇ ਘਰ ਬਣਾਉਣ ਦੀ ਆਪਣੀ ਕਲਾ ਸਿਖਾ ਦੇ
ਮੈਂ ਤੇਰੇ ਸਦਕੇ
ਮੈਂ ਤੇਰੇ ਵਾਰੀ।
8. ਬਗਾਨੀ ਬਜ਼ਮ 'ਚ ਸਵੀਕਾਰ ਵੀ ਕਿਵੇਂ ਕਰਦਾ
ਬਗਾਨੀ ਬਜ਼ਮ 'ਚ ਸਵੀਕਾਰ ਵੀ ਕਿਵੇਂ ਕਰਦਾ ।
ਮੈਂ ਉਸ ਦੇ ਇਸ਼ਕ ਦਾ ਇਕਰਾਰ ਵੀ ਕਿਵੇਂ ਕਰਦਾ ।
ਉਹ ਮੈਥੋਂ ਰੁੱਸ ਕੇ ਰਲਿਆ ਸੀ ਦੁਸ਼ਮਨਾਂ 'ਚ ਮਗਰ,
ਰਿਹਾ ਸੀ ਯਾਰ ਕਦੀ ਵਾਰ ਵੀ ਕਿਵੇਂ ਕਰਦਾ ।
ਹਰੇਕ ਜ਼ੁਲਮ ਸਿਹਾ ਭਾਣਾ ਮੰਨ ਕੇ ਉਸ ਨੇ,
ਉਹ ਬੇਜ਼ਬਾਨ ਸੀ ਤਕਰਾਰ ਵੀ ਕਿਵੇਂ ਕਰਦਾ ।
ਪਤਾ ਸੀ ਹਸ਼ਰ ਜੋ ਹੋਣਾ ਸੀ ਸੱਚ ਦਾ ਐਪਰ,
ਮੈਂ ਉਸ ਦੇ ਪਿਆਰ ਤੋਂ ਇਨਕਾਰ ਵੀ ਕਿਵੇਂ ਕਰਦਾ ।
ਨਜ਼ਰ ਦੀ ਭਾਸ਼ਾ ਪੜ੍ਹੀ ਹੀ ਨਹੀਂ ਸੀ ਉਸ ਨੇ 'ਨਰੇਸ਼',
ਮੈਂ ਅਪਣੇ ਇਸ਼ਕ ਦਾ ਇਜ਼ਹਾਰ ਵੀ ਕਿਵੇਂ ਕਰਦਾ ।