Punjabi Kavita
  

Punjabi Poetry Dial Chand Miglani

ਪੰਜਾਬੀ ਕਵਿਤਾ ਦਿਆਲ ਚੰਦ ਮਿਗਲਾਨੀ

1. ਨੌਵੇਂ ਗੁਰੂ ਦੀ ਸ਼ਹਾਦਤ

ਕੋਈ ਭੁੱਲ ਕੇ ਵੀ ਨਹੀਂ ਭੁੱਲ ਸਕਦਾ, ਨੌਵੇਂ ਗੁਰੂ ਦੇ ਉਪਕਾਰਾਂ ਨੂੰ।
ਜਿਸ ਸਾਵਾ ਕੀਤਾ ਸਿਰ ਦੇ ਕੇ, ਸੁੱਕੀਆਂ ਵੀਰਾਨ ਬਹਾਰਾਂ ਨੂੰ।

ਉਹ ਚਾਨਣ ਚਮਕਿਆ ਚੌਕ ਅੰਦਰ, ਧੁੰਧ ਮੇਟੀ ਜਿਸਨੇ ਬਦੀਆਂ ਦੀ,
ਉਹ ਰੱਤ ਡੁੱਲ੍ਹੀ, ਜਿਸ ਠਾਰ ਦਿੱਤੀ, ਭਖ਼ਦੇ ਜ਼ੁਲਮੀ ਅੰਗਿਆਰਾਂ ਨੂੰ।

ਦੁਨੀਆ ਵਿਚ ਬਹੁਤ ਨਜ਼ੀਰਾਂ ਨੇ, ਹੱਕ ਲੈਣ ਲਈ ਸਭ ਲੜਦੇ ਰਹੇ,
ਪਰ ਨੌਵੇਂ ਗੁਰੂ ਸ਼ਹੀਦ ਹੋਏ, ਹੱਕ ਦੇਣ ਲਈ ਹੱਕਦਾਰਾਂ ਨੂੰ।

ਕੀ ਹਸਤੀ ਤੇਗ਼ ਵਿਚਾਰੀ ਦੀ, ਕੱਟ ਸਕਦੀ ਤੇਗ਼ ਬਹਾਦਰ ਨੂੰ,
ਸਿਰ ਦਿੱਤਾ ਖੁੰਢਿਆਂ ਕਰਨ ਲਈ, ਉਸ ਜ਼ੁਲਮ ਦੀਆਂ ਤਲਵਾਰਾਂ ਨੂੰ।

ਕੋਈ ਅਣਖ਼ੀ ਸੀਸ ਸਿੱਤਮ ਅੱਗੇ, ਝੁਕ ਸਕਦਾ ਨਹੀਂ, ਕੱਟ ਸਕਦਾ ਹੈ,
ਉਸ ਪਾਠ ਪੜ੍ਹਾਇਆ ਜੁੱਰਤ ਦਾ, ਮਜ਼ਲੂਮਾਂ ਨੂੰ, ਲਾਚਾਰਾਂ ਨੂੰ।

ਹਥਿਆਰ ਸਬਰ ਦਾ ਹੱਥ ਫੜਕੇ, ਮੂੰਹ-ਜ਼ੋਰ ਜਬਰ ਦਾ ਮੂੰਹ ਭੰਨਿਆ,
ਉਸ ਨਫ਼ਰਤ ਤਾਈਂ ਗਲ੍ਹ ਲਾਇਆ, ਜਿਸ ਨਫ਼ਰਤ ਕੋਹਿਆ ਪਿਆਰਾਂ ਨੂੰ।

ਇਹ ਲਾਲੀ ਭਾ ਉਸ ਖ਼ੂਨ ਦੀ ਹੈ, ਜੋ ਚਾਂਦਨੀ ਚੌਂਕ 'ਚ ਡੁੱਲ੍ਹਾ ਸੀ,
ਦੇਵੇਗਾ ਗਵਾਹੀ 'ਲਾਲ-ਕਿਲ੍ਹਾ',ਕੋਈ ਪੁੱਛ ਵੇਖੇ ਦੀਵਾਰਾਂ ਨੂੰ।

ਨਹੀਂ ਭੁੱਲਦੇ ਗੀਤ ਉਸ ਬੁਲਬੁਲ ਦੇ,ਨਿਤ ਸੁਣ ਸੁਣ ਕੇ ਮਨ ਦ੍ਰਵਦਾ ਏ,
ਫੁੱਲਾਂ ਤੋਂ ਸਦਕੇ ਹੋਣ ਲਈ, ਜਿਸ ਚੁੰਮ ਲਿਆ ਸੀ ਖ਼ਾਰਾਂ ਨੂੰ।

ਕੀ ਜਾਨਣ ਅੱਜ ਦੇ ਫੁੱਲ-ਚੋਣੇ, ਫੁੱਲਾਂ ਨੂੰ ਰੰਗਣ ਕਿਸ ਦਿੱਤੀ,
ਕਿਸ ਨਾਲ ਲਹੂ ਦੇ ਸਿੰਜਿਆ ਸੀ, ਸੁੱਕੀਆਂ ਵੀਰਾਨ ਬਹਾਰਾਂ ਨੂੰ।

2. ਅਧੂਰੀਆਂ ਰਚਨਾਵਾਂ

1
ਜਦੋਂ ਤੀਕ ਹਨ ਜ਼ਿੰਮੀ ਅਸਮਾਨ ਕਾਇਮ
ਜਦੋਂ ਤੀਕ ਜਹਾਨ ਆਬਾਦ ਰਹਿਸੀ
ਓਹ ਸ਼ਹੀਦੇ-ਆਜ਼ਮਾ ਤੇਰੀ ਤਦੋਂ ਤੀਕਰ
ਭਾਰਤ ਵਾਸੀਆ ਦੇ ਦਿਲਾਂ 'ਚ ਯਾਦ ਰਹਿਸੀ

(ਸ਼ਹੀਦ ਭਗਤ ਸਿੰਘ ਦੇ ਪੰਜਾਹਵੇਂ ਸ਼ਹੀਦੀ ਦਿਨ
'ਤੇ ਕਹੀਆਂ ਗਈਆਂ ਸਤਰਾਂ)

2
ਇਸ਼ਕ ਦੇ ਅਸਲ ਰਾਣੇ ਉਹ ਫਰਿਹਾਦ ਨੇ,
ਜਿਨ੍ਹਾਂ ਹੱਥਾਂ ਚ ਤੇਸ਼ੇ ਅਮਲ ਦੇ ਫੜੇ।
ਮਜਨੂੰਆਂ ਨਾਲ ਦੁਨੀਆਂ ਦਾ ਕੀ ਸੌਰਿਆ,
ਖੂਨ ਪੀਂਦੇ ਰਹੇ ਜਿਗਰ ਖਾਂਦੇ ਰਹੇ।