Punjabi Poetry : Chatar Singh Bir

ਪੰਜਾਬੀ ਕਵਿਤਾਵਾਂ : ਚਤਰ ਸਿੰਘ ਬੀਰ

1. ਅਸੀਂ ਕੌਣ ਹਾਂ ?

ਜਿੱਥੇ ਮੁਕਦੀ ਮਜਨੂੰਆਂ, ਰਾਂਝਿਆਂ ਦੀ,
ਉਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ।
ਸਾਡੇ ਲੜਦਿਆਂ ਲੜਦਿਆਂ ਸਿਰ ਲਹਿ ਗਏ,
ਸਾਡੇ ਜਿਸਮ ਚੋਂ ਗਈ ਨਾ ਜਾਨ ਸਾਡੀ।
ਮਰਨ ਵਾਸਤੇ ਆਪਣੀ ਅਣਖ ਪਿੱਛੇ,
ਰੀਝ ਰਹੀ ਏ ਸਦਾ ਜਵਾਨ ਸਾਡੀ।
ਹੁੰਦਾ ਰਿਹਾ ਏ ਡੱਕਰੇ ਜਿਸਮ ਸਾਡਾ,
ਐਪਰ ਸੀ ਨਾ ਕਿਹਾ ਜ਼ਬਾਨ ਸਾਡੀ।

ਤਰਦੇ ਰਹੇ ਨੇ ਲੋਕ 'ਝਨਾਂ' ਅੰਦਰ,
ਅਸੀਂ ਲਹੂ ਅੰਦਰ ਲਾਈਆਂ ਤਾਰੀਆਂ ਨੇ।
ਸਾਡੇ ਪਿਆਰ ਨੂੰ ਪਰਖਿਆ ਰੰਬੀਆਂ ਨੇ,
ਸਾਡੇ ਇਸ਼ਕ ਨੂੰ ਪਰਖਿਆ ਆਰੀਆਂ ਨੇ।

ਕਰਨ ਵਾਸਤੇ ਦੂਰ ਪਿਆਸ ਆਪਣੀ,
ਅਸੀਂ ਖੂਹ ਕੁਰਬਾਨੀ ਦਾ ਗੇੜਦੇ ਰਹੇ।
ਲੱਭਣ ਲਈ ਅਸੀਂ ਸੋਮਾ ਜ਼ਿੰਦਗੀ ਦਾ,
ਮੌਤ ਆਪਣੀ ਆਪ ਸਹੇੜਦੇ ਰਹੇ।
ਸਾਨੂੰ ਕਿਸੇ ਨਾ ਦੱਸੀ ਸੁਆਹ ਮੱਲਣੀ,
ਜੁੱਸੇ ਲਹੂ ਦੇ ਵਿਚ ਲਬੇੜਦੇ ਰਹੇ।
ਜੋਗ ਅਸਾਂ ਦਸ਼ਮੇਸ਼ ਤੋਂ ਲਿਆ ਐਸਾ,
ਜਾਣ ਬੁੱਝ ਕੇ ਸੱਪਾਂ ਨੂੰ ਛੇੜਦੇ ਹੈ।

ਸਾਨੂੰ ਪਿੰਜਰੇ ਵਿਚ, ਜੇ ਕਿਸੇ ਪਾਇਆ,
ਖੋਲ੍ਹੇ ਖੰਭ ਤੇ ਪਿੰਜਰੇ ਤੋੜ ਛੱਡੇ।
ਅਸੀਂ ਉਹ ਹਾਂ, ਜਿਨ੍ਹਾਂ ਦੇ ਸੀਨਿਆਂ ਨੇ,
ਤਿੱਖੇ ਨੇਜ਼ਿਆਂ ਦੇ ਮੂੰਹ ਮੋੜ ਛੱਡੇ।

ਸਾਡਾ ਮੂੰਹ ਮੁਹਾਂਦਰਾ ਵੱਖਰਾ ਹੈ,
ਸਾਡਾ ਰੂਪ ਵੱਖਰਾ, ਸਾਡਾ ਰੰਗ ਵੱਖਰਾ।
ਸਾਡੀ ਮੌਤ ਜਹਾਨ ਤੋਂ ਵੱਖਰੀ ਹੈ,
ਸਾਡੀ ਜ਼ਿੰਦਗੀ ਜੀਣ ਦਾ ਢੰਗ ਵੱਖਰਾ।
ਕਿਸੇ ਹੋਰ ਦੇ ਨਾਲ ਨਹੀਂ ਮੇਲ ਖਾਂਦਾ,
ਤੁਰਿਆ ਆਉਂਦਾ ਏ, ਸਾਡਾ ਪ੍ਰਸੰਗ ਵੱਖਰਾ।
ਸਾਡੀ ਆਤਮਾ ਦੇ, ਲੱਛਣ ਵੱਖਰੇ ਨੇ,
ਸਾਡੇ ਜਿਸਮ ਦਾ ਏ, ਹਰ ਇਕ ਅੰਗ ਵੱਖਰਾ।

ਸਦਾ ਸਾਡੇ ਨਸੀਬਾਂ 'ਚ ਜਿੱਤ ਹੁੰਦੀ,
ਕਦੀ ਕਿਸੇ ਨੇ ਦਿੱਤੀ ਨਾ ਹਾਰ ਸਾਨੂੰ।
ਸਿਰ ਤਲੀ ਤੇ ਰੱਖ ਕੇ ਤੁਰੇ ਜਾਈਏ,
ਦੁਨੀਆ ਆਖਦੀ, ਸਦਾ ਸਰਦਾਰ ਸਾਨੂੰ।

ਤੇਲ ਬਾਲਕੇ ਰੋਸ਼ਨੀ ਕਰਨ ਲੋਕੀਂ,
ਚਰਬੀ ਨਾਲ ਬਲਦੇ ਸ਼ਮਾਂਦਾਨ ਸਾਡੇ।
ਜੋੜ ਜੋੜ ਤੋਂ ਜਿਸਮ ਕਟਵਾ ਕੇ ਵੀ,
ਰਹਿ ਗਏ ਦਿਲਾਂ ਦੇ ਵਿਚ ਅਰਮਾਨ ਸਾਡੇ।
ਬੇਸ਼ੱਕ ਝੁੱਲਦੇ ਰਹੇ ਤੂਫ਼ਾਨ ਲੱਖਾਂ,
ਫਿਰ ਵੀ ਝੁੱਲਦੇ ਰਹੇ ਨਿਸ਼ਾਨ ਸਾਡੇ।
ਮੀਂਹ ਵੱਸਦਾ ਰਿਹਾ ਜੇ ਗੋਲੀਆਂ ਦਾ,
ਫਿਰ ਵੀ ਬੁੱਕਦੇ ਰਹੇ ਜਵਾਨ ਸਾਡੇ।

ਝੂਟੇ ਲਏ ਨੇ ਕਿਸ ਤਰ੍ਹਾਂ ਚਰਖੀਆਂ ਤੇ,
ਲਹਿੰਦੀ ਰਹੀ ਏ, ਕਿਸ ਤਰ੍ਹਾਂ ਖੱਲ ਸਾਡੀ।
ਲੋਕ ਉਂਗਲਾਂ ਮੂੰਹ ਵਿਚ ਪਾ ਲੈਂਦੇ,
ਤੁਰਦੀ ਮਹਿਫ਼ਲਾਂ ਵਿਚ ਜਦ ਗੱਲ ਸਾਡੀ।

ਛੋਟੀ ਉਮਰ ਦੇ ਵਿਚ ਹੀ ਮੋਢਿਆਂ ਤੇ,
ਚੁੱਕ ਲਿਆ ਮੁਸੀਬਤਾਂ ਵੱਡੀਆਂ ਨੂੰ।
ਕਰਨ ਵਾਸਤੇ ਕੌਮ ਦੀ ਨੀਂਹ ਪੱਕੀਂ,
ਪਾਇਆ ਰੋੜੀ ਦੀ ਥਾਂ ਤੇ ਹੱਡੀਆਂ ਨੂੰ।
ਅਸੀਂ ਮੌਤ ਮੁਟਿਆਰ ਦੇ ਘਰ ਜਾ ਕੇ,
ਰਹੇ ਖੇਡਦੇ ਕੌਡ-ਕਬੱਡੀਆਂ ਨੂੰ।
ਅਸੀਂ ਉਹ ਹਾਂ, ਜਿਨ੍ਹਾਂ ਨੇ ਹਿੱਕ ਡਾਹ ਕੇ,
ਰੋਕ ਛੱਡਿਆ ਚੱਲਦੀਆਂ ਗੱਡੀਆਂ ਨੂੰ।

ਅਸੀਂ ਅਣਖ਼ ਨੂੰ ਜੀਊਂਦਿਆਂ ਰੱਖਣਾਂ ਏਂ,
ਸਭੋ ਕੁਝ ਆਪਣਾ ਹਾਜ਼ਰ ਕਰ ਦਿਆਂਗੇ।
ਲੋੜ ਪਈ ਤੇ ਸਿਰਾਂ ਦੇ ਨਾਲ ਮੁੜਕੇ,
ਝੋਲੀ ਦੇਸ਼ ਤੇ ਕੌਮ ਦੀ ਭਰ ਦਿਆਂਗੇ ।

2. ਬੁਲਬੁਲ ਉਦਾਸ ਕਿਉਂ ਹੈ?

ਚਮਨ ਗ਼ਮਗੀਨ ਕਿਉਂ ਹੈ ਬੁਲਬੁਲ ਉਦਾਸ ਕਿਉਂ ਹੈ?
ਗੁਲਸ਼ਨ ਦੇ ਹਰ ਇੱਕ ਫੁੱਲ ਦਾ ਫਟਿਆ ਲਿਬਾਸ ਕਿਉਂ ਹੈ?

ਕੋਈ ਤਾਂ ਮੈਨੂੰ ਦੱਸੋ ਰੋਂਦਾ ਬਿਆਸ ਕਿਉਂ ਹੈ?
ਸਤਲੁਜ ਦੇ ਵਹਿਣ ਵਿੱਚੋਂ ਉੱਠਦੀ ਭੜਾਸ ਕਿਉਂ ਹੈ?

ਰੌਣਕ ਹਵੇਲੀਆਂ ਦੀ ਕਿੱਦਾਂ ਗਈ ਸਰਾਪੀ ਆ?
ਮੁੜ-ਮੁੜ ਕੇ ਭੀੜ ਜੁੜਦੀ ਮੜ੍ਹੀਆਂ ਦੇ ਪਾਸ ਕਿਉਂ ਹੈ?

ਯਾਰਾਂ ਤੋਂ ਹੁੰਦੀਆਂ ਨੇ ਯਾਰਾਂ ਨੂੰ ਬਹੁਤ ਆਸਾਂ,
ਹਰ ਯਾਰ ਮੇਰਾ ਬਣਿਆ ਮੌਕਾ ਸ਼ਨਾਸ ਕਿਉਂ ਹੈ?

ਮੈਂ ਦਿਲ ’ਚ ਸੋਚਦਾ ਹਾਂ ਅੱਜ-ਕੱਲ੍ਹ ਦੇ ਆਦਮੀ ਨੂੰ,
ਪਾਣੀ ਦੀ ਥਾਂ ਲਹੂ ਦੀ ਲੱਗਦੀ ਪਿਆਸ ਕਿਉਂ ਹੈ?

ਹਰ ਦਿਲ ’ਚੋਂ ਦੋਸਤੀ ਦੀ ਕਿਉਂ ਮਹਿਕ ਖ਼ਤਮ ਹੋਈ?
ਨਜ਼ਰਾਂ ਦੇ ਸ਼ਹਿਦ ਵਿੱਚੋਂ, ਮੁੱਕੀ ਮਿਠਾਸ ਕਿਉਂ ਹੈ?

ਹੈ ਜਸ਼ਨ ਕਿਸ ਤਰ੍ਹਾਂ ਦਾ ਕੁਝ ਤਾਂ ਜਵਾਬ ਦੇਵੋ?
ਹਰ ਸ਼ਖ਼ਸ ਨੇ ਜ਼ਹਿਰ ਦਾ ਫੜਿਆ ਗਿਲਾਸ ਕਿਉਂ ਹੈ?

ਪਿਛਲੇ ਵਰ੍ਹੇ ਵੀ ਮੇਰਾ ਹੀ ਆਹਲਣਾ ਸੀ ਸੜਿਆ,
ਹੁਣ ਫਿਰ ਇਸ ’ਤੇ ਬਿਜਲੀ ਦੀ ਨਜ਼ਰ ਖ਼ਾਸ ਕਿਉਂ ਹੈ?

ਮਾਲੀ ਦਾ ਫ਼ਰਜ਼ ਬਣਦਾ ਕੋਸ਼ਿਸ਼ ਕਰੇ ਤੇ ਸਮਝੇ
ਪੈ ਗਈ ਹਰ ਕਲੀ ਦੇ ਪਿੰਡੇ ’ਤੇ ਲਾਸ ਕਿਉਂ ਹੈ?

ਇੱਕ ਡਾਰ ਤੋਤਿਆਂ ਦੀ ਪੁੱਛਦੀ ਕਬੂਤਰਾਂ ਨੂੰ,
ਬੈਠਾ ਬੰਦੂਕ ਵਾਲਾ ਹਰ ਘਰ ਦੇ ਪਾਸ ਕਿਉਂ ਹੈ?

ਰਿਸ਼ੀਆਂ ਦੀ ਧਰਤ ਉੱਤੇ ਹੈ ਅੱਗ ਕਿਸ ਨੇ ਬਾਲੀ?
ਚੁੱਲ੍ਹੇ ’ਤੇ ਰੋਜ਼ ਚੜ੍ਹਦਾ ਬੰਦੇ ਦਾ ਮਾਸ ਕਿਉਂ ਹੈ?

3. ਪਰਖ

ਜੇ ਦਿਲ ਦੇ ਜ਼ਖ਼ਮ ਮੈਂ ਸ਼ਿੰਗਾਰੇ ਨਾ ਹੁੰਦੇ।
ਇਹ ਅੰਬਰ ਨਾ ਹੁੰਦਾ ਇਹ ਤਾਰੇ ਨਾ ਹੁੰਦੇ।

ਮੇਰੇ ਹੌਸਲੇ ਦੀ ਪਰਖ ਫੇਰ ਹੁੰਦੀ,
ਜੇ ਸਾਗਰ ਤੇਰੇ ਦੇ ਕਿਨਾਰੇ ਨਾ ਹੁੰਦੇ।

ਜੇ ਹੁੰਦੀ ਨਾ ਮੇਰੀਆਂ ਨਿਗਾਹਾਂ ’ਚ ਖ਼ੂਬੀ,
ਤੇਰੇ ਧੋਖਿਆਂ ਵਿੱਚ ਨਜ਼ਾਰੇ ਨਾ ਹੁੰਦੇ।

ਖਿਲਾਰੇ ਨਾ ਹੁੰਦੇ ਜੇ ਤੂੰ ਚਾਰ ਦਾਣੇ,
ਤਾਂ ਕੀ ਪੰਛੀਆਂ ਦੇ ਗੁਜ਼ਾਰੇ ਨਾ ਹੁੰਦੇ।

ਮੇਰੇ ਸੀਨੇ ਵਿੱਚ ਤੜਪ ਸੀ ਨਹੀਂ ਤਾਂ,
ਬਿਜਲੀਆਂ ਦੇ ਮੈਨੂੰ ਇਸ਼ਾਰੇ ਨਾ ਹੁੰਦੇ।

ਮੇਰਾ ਬਾਗ਼ ਬਣਦਾ ਸਵਰਗਾਂ ਤੋਂ ਚੰਗਾ,
ਜੇ ਤੇਰੇ ਸਵਰਗਾਂ ਦੇ ਲਾਰੇ ਨਾ ਹੁੰਦੇ।

ਜੇ ਚੰਨ ਦੇ ਸਿਦਕ ਵਿੱਚ ਜ਼ਰਾ ਫ਼ਰਕ ਹੁੰਦਾ,
ਤਾਂ ਲਹਿਰਾਂ ਨੇ ਸੀਨੇ ਉਭਾਰੇ ਨਾ ਹੁੰਦੇ।

ਚਲਾ ਜਾਂਦਾ ਤੂੰ ਵੀ ਅਗਾਂਹ ਮੰਜ਼ਿਲਾਂ ਤੋਂ
ਜੇ ਕਿਸਮਤ ਦੇ ਤੈਨੂੰ ਸਹਾਰੇ ਨਾ ਹੁੰਦੇ।

4. ਮੇਰੀ ਪਛਾਣ

ਪਿਆਰ ਮੇਰੇ ਦੀ ਅਨੋਖੀ ਸ਼ਾਨ ਹੈ।
ਹੰਝੂਆਂ ਦੇ ਵਿੱਚ ਵੀ ਮੁਸਕਾਨ ਹੈ।

ਹੁਸਨ ਹੁਣ ਪਹਿਲਾਂ ਜਿਹਾ ਮਾਸੂਮ ਨਹੀਂ,
ਇਸ਼ਕ ਹਾਲੀਂ ਵੀ ਬੜਾ ਨਾਦਾਨ ਹੈ।

ਇੱਕ ਤਾਰਾ ਹੋਰ ਜੇਕਰ ਚੜ੍ਹ ਪਿਆ,
ਕੀ ਕਿਸੇ ਦਾ ਏਸ ਵਿੱਚ ਨੁਕਸਾਨ ਹੈ।

ਦੋ ਹੀ ਚੀਜ਼ਾਂ ਨੇ ਜਿਸਮ ਵਿੱਚ ਦੋਸਤਾ,
ਗ਼ਮ ਕਿਸੇ ਦਾ ਹੈ ਤੇ ਆਪਣੀ ਜਾਨ ਹੈ।

ਹੋਰ ਹੋਵੇਗਾ ਸਵਰਗਾਂ ਦਾ ਖ਼ੁਦਾ,
ਏਸ ਧਰਤੀ ਦਾ ਖ਼ੁਦਾ ਇਨਸਾਨ ਹੈ।

ਮੇਰੇ ਦਿਲ ’ਤੇ ਦੋਸਤਾਂ ਦਾ ਹੀ ਨਹੀਂ,
ਦੁਸ਼ਮਣਾਂ ਦਾ ਵੀ ਬੜਾ ਅਹਿਸਾਨ ਹੈ।

ਚੁੱਪ ਕੀਤੇ ਰਹਿਣ, ਉਨ੍ਹਾਂ ਦੀ ਰਜ਼ਾ,
ਉਂਜ ਉਨ੍ਹਾਂ ਨੂੰ ਮੇਰੀ ਪਛਾਣ ਹੈ।

5. ਸਿਫਤ ਸਲਾਹ

ਜਿਹਨਾਂ ਰਾਹਾਂ ਤੇ ਧਰੇਂ ਤੂੰ ਕਦਮ ਆਪਣੇ
ਉਹਨਾਂ ਰਾਹਾਂ ਦੇ ਮੌਲਦੇ ਰੁੱਖ ਸਾਹਿਬਾ ।
ਜਿਹਨਾ ਸਿਰਾਂ ਤੇ ਧਰੇਂ ਤੂੰ ਹੱਥ ਆਪਣਾ,
ਚਤਰ ਬਣਦੇ ਨੇ ਮੂੜ ਮਨੁੱਖ ਸਾਹਿਬਾ।

ਤੇਰੀ ਮਿਹਰ ਦਾ ਵਸਦਾ ਮੀਂਹ ਜਿੱਥੇ,
ਦੂਰ ਦੌੜ ਜਾਂਦੇ ਉਸਦੇ ਦੁੱਖ ਸਾਹਿਬਾ।
ਤੇਰੇ ਲੰਗਰ ਚੋਂ ਮਿਲੇ ਜੇ ਇੱਕ ਕਿਣਕਾ,
ਲਹਿ ਜਾਂਦੀ ਏ ਜਨਮਾਂ ਦੀ ਭੁੱਖ ਸਾਹਿਬਾ ।

ਸੂਰਜ ਚੜਨ ਤੋਂ ਪਹਿਲਾਂ ਸਵੇਰ ਵੇਲੇ,
ਚਿੜੀਆਂ ਲੈਂਦੀਆਂ ਨੇ ਤੇਰਾ ਨਾਮ ਸਾਹਿਬਾ।
ਤੇਰੀ ਯਾਦ ਅੰਦਰ ਤਾਰੇ ਜਾਗਦੇ ਨੇ,
ਸਾਰੀ ਰਾਤ ਨਾ ਕਰਦੇ ਆਰਾਮ ਸਾਹਿਬਾ।

ਸਭੋ ਤੇਰੀ ਸਮਾਧੀ 'ਚ ਜੁੜੇ ਹੋਏ ਨੇ,
ਪਰਬਤ, ਰੁੱਖ, ਦਰਿਆ ਤਮਾਮ ਸਾਹਿਬਾ।
ਸਭੋ ਦੇਵੀਆਂ ਤੇਰੀਆਂ ਦਾਸੀਆਂ ਨੇ,
ਸਭੋ ਦੇਵਤੇ ਤੇਰੇ ਗੁਲਾਮ ਸਾਹਿਬਾ।

ਤੇਰੇ ਬੰਗਲੇ ਦੀ ਸ਼ਾਨ ਬੜੀ ਉੱਚੀ,
ਤੇਰਾ ਪਾਇਆ ਨਾ ਭੇਦ ਕਿਸੇ ਸਾਹਿਬਾ।
ਤੇਰੀ ਨਜਰ ਸੁਵੱਲੀ ਜੋ ਹੋ ਜਾਵੇ,
ਮੋਤੀ ਉਗਲਦੇ ਨੇ ਬੰਜਰ ਖੇਤ ਸਾਹਿਬਾ।

ਜਿਹੜਾ ਤੇਰੇ ਸਰੋਵਰ 'ਚ ਲਾਏ ਚੁਭੀ,
ਪਾਪੀ ਤਰੇ ਪਰਿਵਾਰ ਸਮੇਤ ਸਾਹਿਬਾ।
ਤੇਰਾ ਨਾਮ ਸੁਣਕੇ ਤੇਰੀ ਜੂਹ ਵਿੱਚੋਂ,
ਨੱਸ ਜਾਂਦੇ ਨੇ ਭੂਤ ਪ੍ਰੇਤ ਸਾਹਿਬਾ।

ਕਰਾਂ ਕਿਸ ਤਰਾਂ ਸਿਫਤ ਸਲਾਹ ਤੇਰੀ?
ਹਰ ਇੱਕ ਬਾਤ ਹੈ ਤੇਰੀ ਕਮਾਲ ਸਾਹਿਬਾ।
ਤੱਤੀ ਹਵਾ ਨਾ ਉਸਨੂੰ ਕਦੇ ਲੱਗੇ,
ਜਿਸਦੀ ਤੂੰ ਕਰਦਾ ਦੇਖਭਾਲ ਸਾਹਿਬਾ।

ਜਿਹੜਾ ਤੇਰੇ ਦਰਬਾਰ ਦੀ ਭਰੇ ਚੌਂਕੀ,
ਵਿੰਗਾ ਹੁੰਦਾ ਨਹੀਂ ਉਸਦਾ ਵਾਲ ਸਾਹਿਬਾ।
ਸਦਾ ਹੁੰਦੀਆਂ ਉਸਦੀਆਂ ਪੌਂ ਬਾਰਾਂ,
ਜਿਹੜੇ ਉੱਤੇ ਤੂੰ ਹੁੰਦਾ ਦਿਆਲ ਸਾਹਿਬਾ।

ਉਹਨਾਂ ਰੂਹਾਂ ਤੇ ਚੜ੍ਹਦਾ ਹੈ ਰੰਗ ਸੂਹਾ,
ਲੱਗੇ ਜਿਨਾਂ ਨੂੰ ਭਗਤੀ ਦੀ ਭੁੱਖ ਸਾਹਿਬਾ।
ਜੇ ਤੂੰ ਚਾਹੇਂ ਤਾਂ ਅੱਖ ਦੇ ਫ਼ੋਰ ਅੰਦਰ,
ਬਦਲ ਦਏਂ ਦਰਿਆਵਾਂ ਦੇ ਰੱਖ ਸਾਹਿਬਾ।

ਜਿਹੜਾ ਚੌਂਕੜੀ ਮਾਰ ਕੇ ਬਹਿ ਜਾਵੇ,
ਥੋੜੀ ਦੇਰ ਲਈ ਤੇਰੇ ਸਨਮੁੱਖ ਸਾਹਿਬਾ।
ਓਸ ਭਗਤ ਨੂੰ ਏਸੇ ਜਹਾਂ ਅੰਦਰ,
ਮਿਲਦੇ ਸਾਰੇ ਸ੍ਵਰਗ ਦੇ ਸੁਖ ਸਾਹਿਬਾ।

ਜਿਹਨਾਂ ਰਾਹਾਂ ਤੇ ਧਰੇਂ ਤੂੰ ਕਦਮ ਆਪਣੇ
ਉਹਨਾਂ ਰਾਹਾਂ ਦੇ ਮੌਲਦੇ ਰੁੱਖ ਸਾਹਿਬਾ |
ਜਿਹਨਾ ਸਿਰਾਂ ਤੇ ਧਰੇਂ ਤੂੰ ਹੱਥ ਆਪਣਾ,
ਚਤਰ ਬਣਦੇ ਨੇ ਮੂੜ ਮਨੁੱਖ ਸਾਹਿਬਾ।

6. ਦਸਮੇਸ਼ ਪਿਤਾ

ਉਹਨੇ ਤੇਗ ਚੋਂ ਤੀਸਰੀ ਕੌਮ ਸਾਜੀ,
ਸੋਚਾਂ ਵਿਚ ਪਾਇਆ ਸਾਰਾ ਜੱਗ ਉਹਨੇ ।
ਜ਼ਾਲਮ ਨਾਲ ਮੁਕਾਬਲਾ ਕਰਨ ਵਾਲੇ,
ਕੀਤੇ ਭੇਡਾਂ 'ਚੋਂ ਸ਼ੇਰ ਅਲੱਗ ਉਹਨੇ ।
ਅੱਗ ਅਣਖ਼ ਦੀ ਬਾਲ ਕੇ ਸੇਕ ਦਿਤਾ,
ਕੀਤਾ ਲਹੂ ਸਭ ਦਾ ਝੱਗੋ ਝੱਗ ਉਹਨੇ
ਆਪਣੇ ਸਾਰੇ ਪ੍ਰਵਾਰ ਦੇ ਸਿਰ ਦੇ ਕੇ,
ਹਿੰਦੁਸਤਾਨ ਦੀ ਰਖ ਲਈ ਪੱਗ ਉਹਨੇ ।

……………………
ਉਹਦੇ ਦੋਖੀਆਂ ਦੇ ਪੱਤੇ ਝੜੇ ਰਹਿੰਦੇ,
ਰਹਿੰਦੀ ਉਹਦੇ ਤੇ ਰੁੱਤ ਬਹਾਰ ਦੀ ਸੀ ।
ਚੜ੍ਹੇ ਹੋਏ ਦਰਿਯਾ ਦੀ ਕਾਂਗ ਵਾਂਗੂੰ,
ਹਰ ਦਮ ਅਣਖ ਉਹਦੀ ਠਾਠਾਂ ਮਾਰਦੀ ਸੀ ।
ਉਹਦੀ ਤੇਗ ਜਦ ਖਾਂਦੀ ਸੀ ਇਕ ਝਟਕਾ,
ਗਰਦਨ ਲੱਥਦੀ ਕਈ ਹਜ਼ਾਰ ਦੀ ਸੀ ।
ਉਹਦਾ ਘੋੜਾ ਮੈਦਾਨ 'ਚ ਹਿਣਕਦਾ ਸੀ,
ਕੰਧ ਕੰਬਦੀ ਮੁਗ਼ਲ ਦਰਬਾਰ ਦੀ ਸੀ ।

7. ਸਤਵਾਰਾ

ਐਤਵਾਰ ਅੱਖਾਂ ਅਸਾਂ ਕੀ ਲਾਈਆਂ,
ਬੱਝ ਗਏ ਹਾਂ ਬਿਨਾਂ ਕਸੂਰ ਮੀਆਂ ।
ਬਿਨਾਂ ਪਰਾਂ ਦੇ ਸਾਡੇ ਪਿਆਰ ਦੀਆਂ,
ਗੱਲਾਂ ਉੱਡ ਗਈਆਂ ਦੂਰ ਦੂਰ ਮੀਆਂ।
ਨਾੜ ਨਾੜ ਦੇ ਵਿਚ ਹੈ ਨਸ਼ਾ ਤੇਰਾ,
ਹੱਡੀ ਹੱਡੀ ਦੇ ਵਿਚ ਸਰੂਰ ਮੀਆਂ।
ਜਿਹੜੀ ਗਲੀ ਥਾਣੀਂ ਅਸੀਂ ਲੰਘਦੇ ਹਾਂ,
ਦੁਨੀਆਂ ਵੇਖਦੀ ਹੈ ਘੂਰ ਘੂਰ ਮੀਆਂ।
ਤੜਪ ਤੜਪ ਕੇ ਤੇਰੇ ਵਿਯੋਗ ਅੰਦਰ,
ਰਾਤਾਂ ਮਾਣੀਆਂ ਅਸਾਂ ਜ਼ਰੂਰ ਮੀਆਂ।
ਇਸ਼ਕ ਪੇਚੇ ਦੀ ਵੇਲ ਨੂੰ ਫੁਲ ਲੱਗੇ,
ਸਾਡੇ ਇਸ਼ਕ ਨੂੰ ਪਿਆ ਨਾ ਬੂਰ ਮੀਆਂ।

('ਸਤਵਾਰਾ' ਵਿੱਚੋਂ)

8. ਬਰਸਾਤ

ਕਾਲੇ ਸ਼ਾਹ ਬਦਲਾਂ ਵਿਚ
ਬਿਜਲੀ ਇਉਂ ਲੰਘਾਰੇ ਪਾਵੇ,
ਜਿਉਂ ਆਸ਼ਕ ਦੇ ਸੀਨੇ ਅੰਦਰ
ਯਾਦ ਸਜਨ ਦੀ ਆਵੇ।

ਸਤ ਰੰਗੇ ਪਾਣੀ ਦੇ ਤੁਪਕੇ
ਏਦਾਂ ਨਜ਼ਰੀਂ ਆਂਦੇ,
ਜਿਉਂ ਪਰੀਆਂ ਦੇ ਖੰਭ
ਪਿਘਲਦੇ ਹੇਠਾਂ ਚੋਂਦੇ ਜਾਂਦੇ।

ਨਦੀ ਪਹਾੜੋਂ ਏਦਾਂ ਦੌੜੀ
ਪਥਰਾਂ ਤੋਂ ਟਕਰਾ ਕੇ,
ਜਿਵੇਂ ਦੌੜਦੀ ਜ਼ਖਮੀ
ਸਪਨੀ ਵਿੰਗ ਵਲੇਵੇਂ ਪਾ ਕੇ।

ਚਿੱਟਾ ਬਦਲ ਘਟਾ 'ਚ
ਏਦਾਂ ਜਾਪੇ ਖੁਰਦਾ ਜਾਂਦਾ,
ਕੱਚਾ ਘੜਾ ਝਨਾਂ ਵਿਚ
ਜਿਦਾਂ ਆਪੇ ਭੁਰਦਾ ਜਾਂਦਾ।

ਛੋਟੇ ਬਦਲ-ਖੰਭੇ
ਏਦਾਂ ਕੇਲਾਂ ਕਰਦੇ ਜਾਂਦੇ,
ਜਿਉਂ ਵਾਰਿਸ ਤੇ
ਭਾਗ ਭਰੀ ਦੇ ਸੁਪਨੇ ਤਰਦੇ ਜਾਂਦੇ।

9. ਪੰਜਾਬੀ ਬੋਲੀ

ਨਿਕਲੀ ਹੈ ਬਚਪਨ ਦੇ, ਸਾਂਭੇ ਹੋਏ ਚਾਵਾਂ ’ਚੋਂ।
ਨਿਕਲੀ ਹੈ ਹੁਸਨ ਦੀਆਂ, ਮਾਸੂਮ ਅਦਾਵਾਂ ’ਚੋਂ।

ਪੁੰਨਿਆਂ ਦੀ ਰਾਤ ਦੀਆਂ, ਰੰਗੀਨ ਹਵਾਵਾਂ ’ਚੋਂ।
ਨਿਕਲੀ ਪੰਜਾਬ ਦਿਆਂ, ਪੰਜਾਂ ਦਰਿਆਵਾਂ ’ਚੋਂ।

ਕਿਸੇ ਗਾਉਂਦੇ ਵਾਗੀ ਦੀ, ਇਹ ਹੇਕ ’ਚੋਂ ਨਿਕਲੀ ਹੈ।
ਉਭਰੀ ਹੋਈ ਛਾਤੀ ਦੇ, ਇਹ ਸੇਕ ’ਚੋਂ ਨਿਕਲੀ ਹੈ।

ਨਿਕਲੀ, ਕਿਸੇ ਅਲੜ੍ਹ ਦੇ, ਅਲੜ੍ਹ ਅਰਮਾਨਾਂ ’ਚੋਂ।
ਦੂਰ ਕਿਤੇ ਵਜਦੇ ਅਲਗੋਜ਼ੇ, ਦੀਆਂ ਤਾਨਾਂ ’ਚੋਂ।

ਹਲ ਵਾਹੁੰਦੇ ਹਾਲੀ ਦੇ, ਇਹ ਲੋਰ ’ਚੋਂ ਨਿਕਲੀ ਹੈ।
ਬਲਦਾਂ ਦੇ ਘੁੰਗਰੂਆਂ, ਦੇ ਸ਼ੋਰ ’ਚੋਂ ਨਿਕਲੀ ਹੈ।

ਨਿਕਲੀ ਹੈ ਵੰਝਲੀ ਤੇ, ਮਿਰਜ਼ੇ ਦਿਆਂ ਬੋਲਾਂ ’ਚੋਂ।
ਪੈ ਰਹੇ ਵਸਾਖੀ ਤੇ, ਭੰਗੜੇ ਦਿਆਂ ਢੋਲਾਂ ’ਚੋਂ।

ਚਾਟੀ ਤੇ ਮਧਾਣੀ ਦੀ, ਘੁਮਕਾਰ ’ਚੋਂ ਨਿਕਲੀ ਹੈ।
ਮੁਟਿਆਰ ਦੇ ਚੂੜੇ ਦੀ, ਛਣਕਾਰ ’ਚੋਂ ਨਿਕਲੀ ਹੈ।

ਪੱਤਿਆਂ ਦੀ ਖੜ ਖੜ ’ਚੋਂ, ਪੀਂਘਾਂ ਦੀ ਸ਼ੂਕਰ ’ਚੋਂ।
ਲੱਗੇ ਹੋਏ ਤ੍ਰਿੰਞਣ ਵਿਚ, ਚਰਖੀ ਦੀ ਘੂਕਰ ’ਚੋਂ।

ਨਿਕਲੀ ਹੈ ਗਿੱਧੇ ਵਿਚ, ਸਖੀਆਂ ਦੇ ਗੀਤਾਂ ’ਚੋਂ।
ਸ਼ਰਮਾਕਲ ਅਖੀਆਂ ਦੇ, ਘੁੰਡਾਂ ਦੀਆਂ ਝੀਤਾਂ ’ਚੋਂ।

ਕਿਸੇ ਯਾਦ ਪੁਰਾਣੀ ਦੇ, ਰੜਕਣ ’ਚੋਂ ਨਿਕਲੀ ਹੈ।
ਸੀਨੇ ਦੀ ਮੱਧਮ ਜਿਹੀ, ਧੜਕਣ ’ਚੋਂ ਨਿਕਲੀ ਹੈ।

ਨਿਕਲੀ, ‘ਤਲਵੰਡੀ’ ਦੀ, ਸੋਹਣੀ ਜਹੀ ਜੂਹ ਵਿਚੋਂ।
‘ਗੋਰਖ’ ਦੇ ਟਿੱਲੇ ਤੋਂ, ‘ਪੂਰਨ’ ਦੇ ਖੂਹ ਵਿਚੋਂ।

ਕਿਸੇ ਛੈਲ ਛਬੀਲੀ ਦੇ, ਦਿਲ ਪੈਂਦੀ ਧੂਹ ਵਿਚੋਂ।
‘ਮਹੀਂਵਾਲ’ ਦੇ ਮਨ ਵਿਚੋਂ, ‘ਰਾਂਝੇ’ ਦੀ ਰੂਹ ਵਿਚੋਂ।

ਨਖਰੇ ’ਚੋਂ ਨਿਕਲੀ ਹੈ, ਹੈ ਨਿਕਲੀ ਲਾਰੇ ’ਚੋਂ।
ਕਿਸੇ ਲਵੀ ਜਵਾਨੀ ਦੇ, ਇਕ ਇਕ ਲਚਕਾਰੇ ’ਚੋਂ।

ਨਿਕਲੀ ਹੈ ਜ਼ੁਲਫਾਂ ਦੇ, ਡਰਪੋਕ ਇਸ਼ਾਰੇ ’ਚੋਂ।
ਪਲਕਾਂ ਦੇ ਸਹਿਮੇ ਹੋਏ, ਖਾਮੋਸ਼ ਹੁੰਗਾਰੇ ’ਚੋਂ।

ਨਿਕਲੀ ਹੈ ਨੈਣਾਂ ਦੇ, ਕੋਸੇ ਜਿਹੇ ਪਾਣੀ ’ਚੋਂ।
ਰੁੱਸੇ ਹੋਏ ਪਿਆਰਾਂ ਦੀ, ਗ਼ਮਗੀਨ ਕਹਾਣੀ ’ਚੋਂ।

ਪ੍ਰੀਤਮ ਦੇ ਹੱਸੇ ਗਏ, ਨਕਲੀ ਜਿਹੇ ਹਾਸੇ ’ਚੋਂ।
ਨਿਕਲੀ ਹੈ ਪ੍ਰੇਮੀ ਦੇ, ਤਿੜਕੇ ਹੋਏ ਕਾਸੇ ’ਚੋਂ।

ਇਹ ਸਚੀਆਂ ਪ੍ਰੀਤਾਂ ਦੀ, ਮਸਤੀ ’ਚੋਂ ਨਿਕਲੀ ਹੈ।
ਇਹ ਇਸ਼ਕ ਰੰਗੀਲੇ ਦੀ, ਹਸਤੀ ’ਚੋਂ ਨਿਕਲੀ ਹੈ।

ਕਿਸੇ ‘ਹੀਰ’ ਸਲੇਟੀ ਦੇ, ਵਾਹੇ ਹੋਏ ਵਾਲਾਂ ’ਚੋਂ।
‘ਕੈਦੋ’ ਦੀ ਘੂਰੀ ’ਚੋਂ, ‘ਚੂਚਕ’ ਦੀਆਂ ਗਾਲ੍ਹਾਂ ’ਚੋਂ।

ਡੁਬਦੀ ਹੋਈ ‘ਸੋਹਣੀ’ ਦੇ,ਕੁਝ ਗਿਣਵੇਂ ਸਾਹਾਂ ’ਚੋਂ।

ਇਹ ਪਿਆਰ ਦੇ ਪੈਂਡੇ ਦੀ, ਕਿਸੇ ਸ਼ਾਖ ’ਚੋਂ ਨਿਕਲੀ ਹੈ।
ਸੜ ਚੁਕੀਆਂ ਸਧਰਾਂ ਦੀ, ਇਹ ਰਾਖ ’ਚੋਂ ਨਿਕਲੀ ਹੈ।

ਏਹਨੂੰ ‘ਗੁਰੂ ਅੰਗਦ’ ਨੇ, ਅੱਖਰਾਂ ਵਿਚ ਧਰ ਦਿੱਤਾ।
‘ਅਰਜਨ’ ਨੇ ਇਹਦੇ ਵਿਚ, ਜਾਦੂ ਜਿਹਾ ਭਰ ਦਿੱਤਾ।

‘ਬੁਲ੍ਹੇ’ ਦਿਆਂ ਬੋਲਾਂ ਵਿਚ, ਹੈ ਸ਼ਾਨ ਪੰਜਾਬੀ ਦੀ।
‘ਜਲ੍ਹਣ’ ਦੇ ਟੋਟਕਿਆਂ, ਵਿਚ ਜਾਨ ਪੰਜਾਬੀ ਦੀ।

ਝੱਲੇ ਹਨ ‘ਕਾਦਰ’ ਨੇ, ਕਈ ਨਾਜ਼ ਪੰਜਾਬੀ ਦੇ।
ਖੋਹਲੇ ਹਨ ‘ਪੂਰਨ’ ਨੇ, ਕਈ ਰਾਜ਼ ਪੰਜਾਬੀ ਦੇ।

‘ਹਾਸ਼ਮ’ ਨੇ ਸੌਂਪ ਦਿੱਤਾ, ਸਭ ਪਿਆਰ ਪੰਜਾਬੀ ਨੂੰ।
‘ਵਾਰਸ’ ਨੇ ਬਖਸ਼ ਦਿੱਤਾ, ਸ਼ੰਗਾਰ ਪੰਜਾਬੀ ਨੂੰ।

ਹੱਡਾਂ ਵਿਚ ਰਚ ਗਈ ਇਹ, ਇਹ ਖੂਨ ’ਚ ਘੁਲ ਗਈ ਹੈ।
ਸ਼ਾਇਰ ਤੇ ਮੁਸੱਵਰ ਦੇ, ਮਜ਼ਮੂਨ ’ਚ ਘੁਲ ਗਈ ਹੈ।

ਇਹ ਦਾਤ ਹੈ ਦਾਤੇ ਦੀ, ਨਹੀਂ ਮੋੜੀ ਜਾ ਸਕਦੀ।
ਇਹ ਸਾਂਝ ਕੁਵੱਲੀ ਹੈ, ਨਹੀਂ ਤੋੜੀ ਜਾ ਸਕਦੀ।

ਪਧਰੇ ਮੈਦਾਨਾਂ ਤੋਂ, ਉਡਦੀ ਅਸਮਾਨਾਂ ਤਕ।
ਜੰਮਣ ਤੋਂ ਲੈ ਕੇ ਇਹ, ਜਾਂਦੀ ਸ਼ਮਸ਼ਾਨਾਂ ਤਕ।

ਸਾਡੇ ਜਜ਼ਬਾਤਾਂ ਦੇ, ਤੂਫਾਨ ਦੀ ਬੋਲੀ ਹੈ।
ਨਹੀਂ ਨਹੀਂ ਮੈਂ ਭੁਲਦਾ ਹਾਂ, ਭਗਵਾਨ ਦੀ ਬੋਲੀ ਹੈ।

10. ਅਧੂਰੀਆਂ ਗ਼ਜ਼ਲਾਂ

1.
ਵੇਖ ਲਈ ਰੌਣਕ ਮਸੀਤਾਂ ਮੰਦਰਾਂ ਵਿਚ ਬੈਠ ਕੇ,
ਆ ਜ਼ਰਾ ਮੈਖਾਨੇ ਵਿਚ ਵੀ ਪੈਰ ਪਾ ਕੇ ਵੇਖੀਏ।

ਪਿਛਲੀਆਂ ਬਰਬਾਦੀਆਂ ਦਾ ਜ਼ਿਕਰ ਛਡ ਕੇ ਦੋਸਤਾ,
ਚਲ ਕਿਸੇ ਟਹਿਣੀ ਤੇ ਫਿਰ ਤੀਲੇ ਟਕਾ ਕੇ ਵੇਖੀਏ।

ਆਸ ਛਡ ਕੇ ਬੈਠ ਚੁਕੇ ਸਾਥੀਓ ਉਠੋ ਜ਼ਰਾ,
ਬੇੜੀ ਨੂੰ ਤੂਫਾਨ ਦੇ ਸਿਰ ਤੇ ਨਚਾ ਕੇ ਵੇਖੀਏ।

2.
ਹੁਸਨ ਦੇ ਮਾਲਕਾਂ ਤੋਂ ਹਰ ਘੜੀ ਡਰਨਾ ਈ ਪੈਂਦਾ ਏ।
ਇਸ਼ਕ ਦੇ ਹਰ ਸਿਤਮ ਨੂੰ ਹਸ ਕੇ ਜਰਨਾ ਈ ਪੈਂਦਾ ਏ।

ਜੇ ਜੱਨਤ ਫੂਕ ਦਿਤੀ ਗਈ, ਕਿਸੇ ਨਾਰਾਜ਼ ਨਾ ਹੋਣਾ,
ਸਤੇ ਹੋਏ ਆਦਮੀ ਨੂੰ ਕੁਝ ਨ ਕੁਝ ਕਰਨਾ ਈ ਪੈਂਦਾ ਏ।

3.
ਜ਼ੁਲਮ ਤੇਰਾ ਸੀ ਜੋ ਸਾਥੀ ਉਮਰ ਦਾ ਬਣਿਆ ਰਿਹਾ,
ਅੱਖ ਮੇਰੀ ਸੀ ਜੋ ਸਾਰੇ ਰਾਹ ਕਿਤੇ ਰੋਈ ਨਹੀਂ।

ਮੁਸਕਰਾ ਕੇ ਬੁਲ ਖੋਲ੍ਹੋ ਫੁਲ ਕਿਰਦੇ ਨੇ ਜ਼ਰੂਰ,
ਪਰ ਅਜੇ ਇਨਸਾਨ ਦੇ ਸੀਨੇ 'ਚ ਖੁਸ਼ਬੋਈ ਨਹੀਂ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ